ਲੇਖਕ ਨੂੰ ਕਦੇ ਕਦੇ ਖ਼ਾਮੋਸ਼ ਵੀ ਰਹਿਣਾ ਚਾਹੀਦੈ : ਨਰਿੰਜਨ ਤਸਨੀਮ/ ‘ਹੁਣ’ ਦੇ 31ਵੇਂ ਅੰਕ ‘ਚੋਂ

ਪ੍ਰੋ. ਨਰਿੰਜਨ ਤਸਨੀਮ ਦਾ ਨਾਂਅ ਪੰਜਾਬੀ ਨਾਵਲਕਾਰੀ ਵਿਚ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ।  ਦਸ ਪੰਜਾਬੀ, ਦੋ ਉਰਦੂ ਅਤੇ ਤਿੰਨ ਅੰਗਰੇਜ਼ੀ ਨਾਵਲ ਲਿਖ ਕੇ ਨਾਵਲਕਾਰੀ ਵਿਚ ਵਿਲੱਖਣ ਮੁਕਾਮ ‘ਤੇ ਪਹੁੰਚਣ ਲਈ ਉਨ੍ਹਾਂ ਸਖ਼ਤ ਘਾਲਣਾ ਘਾਲੀ ਹੈ। ਨਿਰੰਤਰ ਅਧਿਐਨ ਅਤੇ ਸਾਧਨਾ ਸਦਕਾ ਉਨ੍ਹਾਂ ਦੀ ਆਪਣੇ ਪਾਠਕਾਂ ਤਕ ਰਸਾਈ ਬਿਲਕੁਲ ਵਖਰੀ ਭਾਂਤ ਦੀ ਹੈ। ਮੁੱਖ ਧਾਰਾ ਤੋਂ ਉਲਟ ਪੰਜਾਬੀ ਨਾਵਲਕਾਰੀ ਵਿਚ ਉਨ੍ਹਾਂ ਕੁਝ ਅਜਿਹੀਆਂ ਵਿਧੀਆਂ ਲਿਆਂਦੀਆਂ ਜਿਹੜੀਆਂ ਉਨ੍ਹਾਂ ਤੋਂ ਪਹਿਲਾਂ ਕਿਸੇ ਨੇ ਨਹੀਂ ਸੀ ਵਰਤੀਆਂ। ਅੰਗਰੇਜ਼ੀ ਸਾਹਿਤ ਅਤੇ ਨਾਵਲ ਨੂੰ ਜਿਸ ਸ਼ਿੱਦਤ ਅਤੇ ਸੂਖ਼ਮ ਤਰੀਕੇ ਨਾਲ ਉਨ੍ਹਾਂ ਸਮਝਿਆ; ਉਹਦੇ ਝਲਕਾਰੇ ਉਨ੍ਹਾਂ ਦੇ ਨਾਵਲਾਂ ਵਿਚ ਆਮ ਹਨ। ਉਹ ਖ਼ੁਦ ਕਹਿੰਦੇ ਹਨ ਕਿ ਉਨ੍ਹਾਂ ਦੇ ਨਾਵਲਾਂ ਵਿਚ ਕੁਝ ਨਾ ਕੁਝ ਅਜਿਹਾ ਹੁੰਦਾ ਹੀ ਹੈ, ਜਿਹੜਾ ਵਰਤਮਾਨ ਤੋਂ ਪਾਰ ਜਾਂਦਾ ਹੈ; ਇਸ ਕਾਰਨ ਹੀ ਅਕਸਰ ਪਾਠਕਾਂ ਦੀ ਤੁਰਤ ਪ੍ਰਤੀਕਿਰਿਆ ਨਹੀਂ ਮਿਲਦੀ। ਪਰ ਸਮੇਂ ਦੇ ਨਾਲ-ਨਾਲ ਪਾਠਕਾਂ ਨੇ ਨਰਿੰਜਨ ਤਸਨੀਮ ਦੀ ਇਸ ਪ੍ਰਾਪਤੀ ਅਤੇ ਕਾਬਲੀਅਤ ਨੂੰ ਉਚੇਚਾ ਮਾਣ-ਸਤਿਕਾਰ ਬਖ਼ਸ਼ਿਆ ਹੈ।
ਨਰਿੰਜਨ ਤਸਨੀਮ ਦੀ ਪੰਜਾਬੀ ਨਾਵਲ ਨੂੰ ਇਸ ਅਮੁੱਲੀ ਦੇਣ ਸਦਕਾ ਹੀ ਉਨ੍ਹਾਂ ਨੂੰ ਪੰਜਾਬੀ ਦੇ ਸਰਵੋਤਮ ਸਾਹਿਤਕਾਰ ਵਜੋਂ ਭਾਸ਼ਾ ਵਿਭਾਗ ਪੰਜਾਬ ਨੇ ਸਤਿਕਾਰਿਆ ਅਤੇ ਫੇਰ ਭਾਰਤੀ ਸਾਹਿਤ ਅਕਾਦਮੀ ਨੇ ਆਪਣਾ ਸਰਵੋਤਮ ਪੁਰਸਕਾਰ ਉਨ੍ਹਾਂ ਦੀ ਝੋਲੀ ਵਿਚ ਪਾਇਆ। ਨਾਵਲਕਾਰੀ ਦੇ ਨਾਲ-ਨਾਲ ਹੀ ਪੰਜਾਬੀ ਅਤੇ ਅੰਗਰੇਜ਼ੀ ਦੀ ਆਲੋਚਨਾ ਵਿਚ ਕੀਤਾ ਨਿੱਗਰ ਕੰਮ ਉਨ੍ਹਾਂ ਦੀ ਹਾਸਲੀਅਤ ਹੈ। ਨਰਿੰਜਨ ਤਸਨੀਮ ਆਪਣੇ ਨਿੱਜੀ ਜੀਵਨ ਵਿਚ ਬੇਹੱਦ ਖ਼ੁੱਦਾਰ ਕਿਸਮ ਦੇ ਵਿਅਕਤੀ ਹਨ। ਜੁਗਾੜਬੰਦੀਆਂ ਦੇ ਝੱਖੜ ਵਿਚ ਵੀ ਉਨ੍ਹਾਂ ਆਪਣੇ ਆਪ ਨੂੰ ਬਚਾਈ ਰੱਖਿਆ ਹੈ। ਸਾਰੀ ਉਮਰ ਅੰਗਰੇਜ਼ੀ ਅਧਿਆਪਨ ਨਾਲ ਜੁੜੇ ਰਹੇ ਨਰਿੰਜਨ ਤਸਨੀਮ ਨੇ ਪੰਜਾਬੀ ਨਾਵਲਕਾਰ ਵਜੋਂ ਆਪਣੀ ਵਿਲੱਖਣ ਜਗ੍ਹਾ ਬਣਾਈ ਹੈ ਤੇ ਨਾਲ ਹੀ ਉਰਦੂ ਅਦਬ ਨਾਲ ਵੀ ਧੁਰ ਅੰਦਰੋਂ ਜੁੜੇ ਹੋਏ ਹਨ। ਅੱਜਕਲ੍ਹ ਨਰਿੰਜਨ ਤਸਨੀਮ ਆਪਣੇ ਬੇਟੇ, ਨੂੰਹ ਅਤੇ ਪੋਤੇ-ਪੋਤੀ ਨਾਲ ਪੱਕੇ ਤੌਰ ‘ਤੇ ਲੁਧਿਆਣਾ ਵਿਚ ਬੇਹੱਦ ਸਲੀਕੇ ਅਤੇ ਖ਼ੁਸ਼ਨੁਮਾ ਤਰੀਕੇ ਨਾਲ ਜ਼ਿੰਦਗੀ ਨੂੰ ਮਾਣ ਰਹੇ ਹਨ। ਇਸ ਵਾਰ ‘ਹੁਣ’ ਦੇ ਪਾਠਕਾਂ ਦੀ ਨਜ਼ਰ ਹਨ ਉਨ੍ਹਾਂ ਨਾਲ ਕੀਤੀਆਂ ‘ਗੱਲਾਂ’।-ਸੁਸ਼ੀਲ ਦੁਸਾਂਝ


 

ਨਿੱਜ ਅਤੇ ਅਨਿੱਜ
ਹੁਣ : ਆਪਣੇ ਦਸਾਂ ਨਾਵਲਾਂ ਵਿਚੋਂ ਕਿਹੜੇ ਨਾਵਲ ਨਾਲ ਤੁਹਾਨੂੰ ਅੰਤਾਂ ਦਾ ਮੋਹ ਹੈ। ਜਿਹਦੇ ਬਾਰੇ ਤੁਸੀਂ ਸੋਚਦੇ ਹੋਵੋਂ ਕਿ- ‘ਜੇ ਮੈਂ ਇਹ ਨਾਵਲ ਨਾ ਲਿਖਦਾ ਤਾਂ ਜ਼ਿੰਦਗੀ ਭਰ ਚੈਨ ਈ ਨਹੀਂ ਸੀ ਆਉਣਾ
ਤਸਨੀਮ- ਆਪਣੇ ਨਾਵਲ, ‘ਰੇਤ ਛਲ’ ਵਿਚ ਮੈਂ ਸ਼ਿਮਲੇ ਵਿਚ 1951 ਤੋਂ 1961 ਤਕ ਬਿਤਾਏ ਦਸ ਸਾਲਾਂ ਦੇ ਜੀਵਨ ਦੀ ਸੰਖੇਪ ਝਲਕ ਪੇਸ਼ ਕੀਤੀ ਹੈ। ਮੈਂ ਉਸ ਹਿੱਲ ਸਟੇਸ਼ਨ ਦਾ ਪ੍ਰਭਾਵ ਜ਼ਰੂਰ ਕਬੂਲ ਕੀਤਾ, ਪਰ ਅੰਮ੍ਰਿਤਸਰ ਵਿਚ ਆਪਣੇ ਜੀਵਨ ਦੇ ਮੁਢਲੇ ਵੀਹ ਬਾਈ ਸਾਲਾਂ ਦੇ ਤਲਖ਼ ਤਜਰਬੇ ਨਾ ਭੁੱਲ ਸਕਿਆ। ਸੋ, ਇਸ ਨਾਵਲ ਵਿਚ ਜਿੱਥੇ ਖ਼ੁਸ਼ਗਵਾਰ ਮਾਹੌਲ ਵਿਚ ਵਾਪਰੀਆਂ ਰੁਮਾਂਟਿਕ ਗੱਲਾਂ ਹਨ, ਉਥੇ ਆਰਥਕ ਪੱਖੋਂ ਆਪਣੇ ਸ਼ਹਿਰ ਦੀਆਂ ਖੱਟੀਆਂ-ਮਿੱਠੀਆਂ ਯਾਦਾਂ ਵੀ ਹਨ। ਇਹੀ ਕਾਰਨ ਹੈ ਕਿ ਇਸ ਨਾਵਲ ਦਾ ਨਾਇਕ ਦਿਲਜੀਤ ‘ਮੋਨਾਲਿਜ਼ਾ’ ਦੀ ਮੁਸਕਾਨ ਦਾ ਰਹੱਸ ਜਾਣਨ ਲਈ ਤੱਤਪਰ ਰਿਹਾ ਹੈ।
ਇਹਦੇ ਨਾਲ ਹੀ ‘ਜਦੋਂ ਸਵੇਰ ਹੋਈ’ ਵਿਚ ਮੇਰੇ ਬਚਪਨ, ਸਗੋਂ ਲੜਕਪਣ ਦੀ ਬੜੀ ਦਿਲਕਸ਼ ਕਹਾਣੀ ਹੈ। ਮੇਰੇ ਦਾਦਾ ਜੀ (ਭਾਈਆ ਜੀ) ਦੀ ਪ੍ਰਭਾਵਸ਼ਾਲੀ ਸ਼ਖ਼ਸੀਅਤ ਨੇ ਮੈਨੂੰ ਆਪਣੇ ਹੱਥੀਂ ਕੰਮ ਕਰਨ ਦੀ ਸੋਝੀ ਪ੍ਰਦਾਨ ਕੀਤੀ। ਜੀਵਨ ਵਿਚ ਖ਼ੁਸ਼ੀ ਦਾ ਮਹੱਤਵ ਉਦੋਂ ਹੀ ਪ੍ਰਤੱਖ ਹੁੰਦਾ ਹੈ, ਜਦੋਂ ਦੂਸਰਿਆਂ ਦੀਆਂ ਮੁਸ਼ਕਲਾਂ ਦਾ ਹੱਲ ਲੱਭਣ ਲਈ ਉਪਰਾਲਾ ਕੀਤਾ ਜਾਏ। ਨਾਵਲਕਾਰ ਆਪਣੇ ਹਰ ਨਾਵਲ ਵਿਚ ਕਿਸੇ ਨਾ ਕਿਸੇ ਰੂਪ ਵਿਚ ਹਾਜ਼ਰ ਹੁੰਦਾ ਹੈ। ਉਸ ਦੀ ਕਲਾ ਦਾ ਕਮਾਲ ਇਹੀ ਹੁੰਦਾ ਹੈ ਕਿ ਉਹ ਆਪਣੇ ਨਾਵਲ ਵਿਚ ਆਪਣੀ ਕਲਪਨਾ ਦੇ ਸਹਾਰੇ ਨਿੱਜ ਅਤੇ ਅਨਿੱਜ ਨੂੰ ਅਭੇਦ ਕਰ ਦੇਵੇ। ‘ਜਦੋਂ ਸਵੇਰ ਹੋਈ’ ਵਿਚ ਬੀਰੀ ਜਦੋਂ ਸਲਮਾ ਦੇ ਸੰਪਰਕ ਵਿਚ ਆਉਂਦਾ ਹੈ ਤਾਂ ਦੇਸ਼ ਦੀ ਵੰਡ ਤੋਂ ਪਹਿਲਾਂ ਦੇ ਸਮਾਜਕ ਵਰਤਾਰੇ ਅਤੇ ਰਾਜਨੀਤਕ ਹਾਲਾਤ ਪ੍ਰਤੀ ਜਾਗਰੂਕ ਹੋ ਜਾਂਦਾ ਹੈ। ਗੱਲ ਅੱਗੇ ਵਧਦੀ ਵਧਦੀ ‘ਲੇਕੇ ਰਹੇਂਗੇ ਪਾਕਿਸਤਾਨ’ ਤਕ ਪਹੁੰਚ ਜਾਂਦੀ ਹੈ। ਇਸ ਤੋਂ ਬਾਅਦ ਪਾਰਟੀਸ਼ਨ ਦੀ ਗਾਥਾ ਹੈ ਅਤੇ ਮਨੁੱਖੀ ਭਾਵਨਾਵਾਂ ਦੇ ਮੁੜ ਉਤਪਨ ਹੋਣ ਦਾ ਸਿਲਸਿਲਾ। ਬੇਸ਼ੱਕ, ਇਨ੍ਹਾਂ ਦੋ ਨਾਵਲਾਂ ਦੀ ਸਿਰਜਣਾ ਨੇ ਮੈਨੂੰ ਜ਼ਿਹਨੀ ਸਕੂਨ ਦਿੱਤਾ ਹੈ।
ਹੁਣ : ਤੁਹਾਡੇ ਕਿਸੇ ਨਾਵਲ ਦਾ ਕੋਈ ਅਜਿਹਾ ਪਾਤਰ ਜਿਸ ਤੋਂ ਬਿਨਾਂ ਤੁਹਾਡਾ ਗੁਜ਼ਾਰਾ ਹੀ ਨਹੀਂ ਸੀ ਹੋਣਾ
ਤਸਨੀਮ- ਈਸ਼ਵਰ ਚਿਤਰਕਾਰ ਬਾਰੇ ਜੀਵਨਾਤਮਕ ਨਾਵਲ ਲਿਖਣਾ ਮੇਰੇ ਲਈ ਜ਼ਰੂਰੀ ਹੋ ਗਿਆ। ਮੇਰੀ ਨਜ਼ਰ ਵਿਚ ਇਹ ਵਿਅਕਤੀ ਇਕ ਚੰਗਾ ਕਵੀ ਅਤੇ ਇਕ ਚੰਗਾ ਕਲਾਕਾਰ ਹੋਣ ਤੋਂ ਪਹਿਲਾਂ ਇਕ ਵਧੀਆ ਇਨਸਾਨ ਸੀ। ਇਸ ਨਾਲ ਮੇਰਾ ਸੰਪਰਕ ਸ਼ਿਮਲੇ ਵਿਚ ਅਕਤੂਬਰ 1951 ਤੋਂ ਅਪ੍ਰੈਲ 1954 ਤਕ ਰਿਹਾ। ਪਹਿਲੀ ਮੁਲਾਕਾਤ ਸਮੇਂ ਮੇਰੀ ਉਮਰ 22 ਕੁ ਸਾਲ ਦੀ ਸੀ, ਜਦਕਿ ਉਹ ਚਾਲੀਆਂ ਨੂੰ ਢੁਕਣ ਵਾਲਾ ਸੀ। ਇਸ ਲਈ ਮੈਂ ਉਹਦੇ ਕੋਲੋਂ ਜੀਵਨ ਜਾਚ ਸਿੱਖੀ ਅਤੇ ਆਉਂਦੇ ਸਾਲਾਂ ਵਿਚ ਉਸ ਦੀ ਪ੍ਰੇਰਣਾ ਸਦਕਾ ਵਿਸ਼ਵ ਸਾਹਿਤ ਦੀਆਂ ਪ੍ਰਤੀਨਿਧ ਪੁਸਤਕਾਂ ਨਾਲ ਮੇਰਾ ਰਾਬਤਾ ਕਾਇਮ ਹੋਇਆ। ਬੇਸ਼ੱਕ ਉਹ ਮੇਰਾ ਆਦਰਸ਼ ਸੀ ਪਰ ਮੈਂ ਆਪਣੇ ਨਾਵਲ ‘ਜੁਗਾਂ ਤੋਂ ਪਾਰ’ ਨੂੰ ਆਦਰਸ਼ਿਆਣ ਦੀ ਕੋਸ਼ਿਸ਼ ਨਹੀਂ ਕੀਤੀ। ਮੇਰਾ ਇਹ ਨਾਵਲ ਛਪਣ ‘ਤੇ ਡਾ. ਹਰਿਭਜਨ ਸਿੰਘ ਦੀ ਮਾਸਿਕ ‘ਆਰਸੀ’, ਨਵੀਂ ਦਿੱਲੀ ਵਿਚ ਚਿੱਠੀ ਛਪੀ ਜਿਸ ਵਿਚ ਉਸ ਨੇ ਲਿਖਿਆ ਸੀ-‘ਤੂੰ ਕਿਹਾ ਹੈ  ਕਿ ਮੇਰਾ ਇਸ ਕਵੀ-ਚਿਤਰਕਾਰ ਨਾਲ ਜਜ਼ਬਾਤੀ ਲਗਾਓ ਹੈ ਪਰ ਮੈਂ ਇਸ ਦੇ ਚਰਿਤਰ ਨੂੰ ਆਦਰਸ਼ਿਆਣ ਦੀ ਕੋਸ਼ਿਸ਼ ਨਹੀਂ ਕੀਤੀ। ਵੀਰ ਤਸਨੀਮ ਕੋਸ਼ਿਸ ਤਾਂ ਭਾਵੇਂ ਨਾ ਕੀਤੀ ਹੋਵੇ ਪਰ ‘ਜਜ਼ਬਾਤੀ ਲਗਾਓ’ ਤੇ ‘ਆਦਰਸ਼’ ਵਿਚਕਾਰ ਵਿੱਥ ਕਿੰਨੀ ਕੁ ਹੈ?’
ਅਸਲ ਵਿਚ ਮੇਰਾ ਨੁਕਤਾ ਇਹ ਸੀ ਕਿ ਜੇਕਰ ਮੈਂ ਉਸ ਦੀ ਮਹਿਮਾ ਗਾਉਣੀ ਹੁੰਦੀ ਤਾਂ ਉਸ ਦੀ ਜੀਵਨੀ ਲਿਖਦਾ। ਪਰ ਮੈਂ ਆਪਣੀ ਰਚਨਾ ਨੂੰ ਨਾਵਲ ਦੀ ਸ਼ਕਲ ਇਸ ਲਈ ਦਿੱਤੀ ਤਾਂ ਜੋ ਮੈਂ ਆਪਣੀ ਕਲਪਨਾ ਦੇ ਸਹਾਰੇ ਉਹ ਕੁਝ ਵੀ ਦੱਸ ਸਕਾਂ ਜੋ ਕੁਝ ਉਹ ਨਹੀਂ ਸੀ। ਮੇਰੇ ਅੰਦਰ ਇਹ ਉਲਝਣ ਸੀ ਕਿ ਜੀਵਨ ਦੀਆਂ ਔਕੜਾਂ ਨਾਲ ਬੜੇ ਹੌਸਲੇ ਨਾਲ ਲੜਨ ਵਾਲਾ ਵਿਅਕਤੀ ਆਖ਼ਰਕਾਰ ਆਪਣੇ ਅਵੇਸਲੇਪਣ ਕਾਰਨ ਵਿਪਰੀਤ ਹਾਲਾਤ ਤੋਂ ਮਾਤ ਖਾ ਗਿਆ।
ਹੁਣ : ਤੁਹਾਡੀ ਨਜ਼ਰ ਵਿਚ ਪੰਜਾਬੀ ਨਾਵਲ ਦਾ ਮੁੱਢ ਕਿਸ ਨਾਵਲ ਨੇ ਬੰਨ੍ਹਿਆ ਤੇ ਇਸ ਨਾਵਲਕਾਰ ਦੀ ਪ੍ਰਰੇਨਾ ਦੀ ਬੁਨਿਆਦ ਕੀ ਸੀ।
ਤਸਨੀਮ- ਪੰਜਾਬੀ ਨਾਵਲ ਦਾ ਮੁੱਢ ਨਾਨਕ ਸਿੰਘ ਦੇ ਨਾਵਲ ‘ਚਿੱਟਾ ਲਹੂ’ (1932) ਨਾਲ ਬੱਝਾ। ਉਨ੍ਹਾਂ ਮੁਨਸ਼ੀ ਪ੍ਰੇਮ ਚੰਦ ਅਤੇ ਦੂਸਰੇ ਬੰਗਾਲੀ ਗਲਪਕਾਰਾਂ ਦੀਆਂ ਰਚਨਾਵਾਂ ਦਾ ਵੀ ਅਸਰ ਕਬੂਲਿਆ। ਅਸਲ ਵਿਚ ਨਾਨਕ ਸਿੰਘ ਦੀ ਪ੍ਰਤਿਭਾ ਨੂੰ ਜ਼ਰਾ ਕੁ ਜਿੰਨੇ ਹੁਲਾਰੇ ਦੀ ਲੋੜ ਹੁੰਦੀ ਸੀ, ਜਿਵੇਂ ਕਿ ਮਿਰਜ਼ਾ ਗ਼ਾਲਿਬ ਨੇ ਕਿਹਾ ਹੈ-
‘ਪੁਰ ਹੂੰ ਜੈਸੇ ਆਵਾਜ਼ ਸੇ ਬਾਜਾ
ਇਕ ਜ਼ਰ੍ਹਾ ਛੇੜੀਏ ਫਿਰ ਦੇਖੀਏ ਕਿਆ ਹੋਤਾ ਹੈ।’
ਹੁਣ : ਪਰ ਆਮ ਧਾਰਨਾ ਹੈ ਕਿ ਪੰਜਾਬੀ ਦਾ ਪਹਿਲਾ ਨਾਵਲ ਭਾਈ ਵੀਰ ਸਿੰਘ ਦਾ ‘ਸੁੰਦਰੀ’ ਹੈ ਪਰ ਖੁਦ ਭਾਈ ਵੀਰ ਸਿੰਘ ‘ਸੁੰਦਰੀ’ ਨੂੰ ਨਾਵਲ ਦੀ ਥਾਂ ‘ਸਿੱਖ ਸਮਾਚਾਰਾਂ ਦਾ ਸੱਚਾ ਸੰਗ੍ਰਿਹ’ ਕਹਿੰਦੇ ਰਹੇ। ਉਨ੍ਹਾਂ ਇਹ ਗੱਲ ‘ਸੁੰਦਰੀ’ ਦੀ ਭੂਮਿਕਾ ਵਿਚ ਲਿਖੀ। ਤੁਹਾਡਾ ਕੀ ਕਹਿਣਾ ਹੈ।
ਤਸਨੀਮ- ਭਾਈ ਵੀਰ ਸਿੰਘ ਦੀ ਰਚਨਾ ‘ਸੁੰਦਰੀ’ ਦਾ ਪੰਜਾਬੀ ਸਾਹਿਤ ਵਿਚ ਬੜਾ ਉੱਚਾ ਸਥਾਨ ਹੈ। ਆਮ ਤੌਰ ‘ਤੇ ਅਸੀਂ ਕਹਿੰਦੇ ਆ ਰਹੇ ਹਾਂ ਕਿ ਪੰਜਾਬੀ ਨਾਵਲ ‘ਸੁੰਦਰੀ’ (1898) ਤੋਂ ਸ਼ੁਰੂ ਹੋਇਆ ਹੈ, ਜਿਹੜੀ ਗੱਲ ਠੀਕ ਨਹੀਂ ਹੈ। ਇਸ ਰਚਨਾ ਵਿਚ ਭਾਈ ਵੀਰ ਸਿੰਘ ਨੇ ਇਕ ਕਲਪਿਤ ਇਤਿਹਾਸਕ ਘਟਨਾ ਨੂੰ ਨਾਵਲ ਦੇ ਰੂਪ ਵਿਚ ਨਹੀਂ, ਬਲਿਕ ‘ਰੁਮੈਂਸ’ (ਮੁਹਿੰਮ) ਦੀ ਸੂਰਤ ਵਿਚ ਪੇਸ਼ ਕੀਤਾ ਹੈ। ਅੰਗਰੇਜ਼ੀ ਗਲਪ ਸਾਹਿਤ ਵਿਚ ਮੋਢੀ ਨਾਵਲਕਾਰ ਦੇ ਤੌਰ ‘ਤੇ ਹੈਨਰੀ ਫੀਲਡਿੰਗ ਜਾਂ ਸੈਮੂਅਲ ਰਿਚਰਡਸਨ ਦਾ ਨਾਂ ਲਿਆ ਜਾਂਦਾ ਹੈ, ਜਦਕਿ ਉਨ੍ਹਾਂ ਤੋਂ ਕਈ ਸਾਲ ਪਹਿਲਾਂ ਡੇਨੀਅਲ ਡੇਫ਼ੋ ਨੇ ‘ਰਾਬਿਨਸਨ ਕਰੂਸੋ’, ‘ਮੋਲ ਫ਼ਲੈਂਡਰਜ਼’ ਅਤੇ ‘ਰੋਕਸਾਨਾ’ ਵਰਗੇ ‘ਰੁਮੈਂਸ’ ਰਚੇ, ਜਿਨ੍ਹਾਂ ਵਿਚ ਨਾਵਲ ਵਾਲੇ ਅੰਸ਼ ਨਹੀਂ ਸਨ।

ਮੈਂ, ਸਮਕਾਲੀ ਅਤੇ ਪਾਠਕ
ਹੁਣ : ਭਾਰਤੀ ਸਾਹਿਤ ਅਕਾਦਮੀ ਦਾ ਇਨਾਮ 1999 ਵਿਚ ਮਿਲਣ ਤੋਂ ਬਾਅਦ ਸਾਲ 2000 ਵਿਚ ਤੁਹਾਡਾ ਆਖਰੀ ਨਾਵਲ ‘ਤਲਾਸ਼ ਕੋਈ ਸਦੀਵੀ’ ਛਪਦਾ ਹੈ। ਇਸ ਤੋਂ ਬਾਅਦ 15 ਸਾਲ ਲੰਘ ਗਏ, ਤੁਹਾਡਾ ਕੋਈ ਨਾਵਲ ਨਹੀਂ ਆਇਆ। ਕਿਤੇ ਤੁਹਾਡੇ ਲਿਖਣ ਸੋਮੇ ਸੁੱਕ ਈ ਤਾਂ ਨਹੀਂ ਗਏ ਜਾਂ ਕੋਈ ਹੋਰ ਕਾਰਨ।
ਤਸਨੀਮ- ਭਾਰਤੀ ਸਾਹਿਤ ਅਕਾਦਮੀ ਵਲੋਂ ਮੇਰੇ ਨਾਵਲ ‘ਗਵਾਚੇ ਅਰਥ’ ਨੂੰ ਦਸੰਬਰ 1999 ਵਿਚ ਐਵਾਰਡ ਮਿਲਿਆ ਸੀ। ਉਦੋਂ ਮੇਰਾ ਅਗਲਾ ਨਾਵਲ ‘ਤਲਾਸ਼ ਕੋਈ ਸਦੀਵੀਂ’ ਛਪ ਰਿਹਾ ਸੀ ਜੋ ਜਨਵਰੀ 2000 ਵਿਚ ਪਾਠਕਾਂ ਤਕ ਪਹੁੰਚ ਗਿਆ। ਇਸ ਤੋਂ ਬਾਅਦ ਅਗਲੇ ਦਸ ਸਾਲਾਂ ਤਕ ਮੈਂ ਰਚਨਾਤਮਕ ਕਾਰਜ ਦੀ ਥਾਵੇਂ ਆਲੋਚਨਾਤਮਕ ਕਾਰਜ ਵਿਚ ਰੁਝਾ ਰਿਹਾ। ਇੰਡੀਅਨ ਇੰਸਟੀਚਿਊਟ ਆਫ਼ ਐਡਵਾਂਸਡ ਸਟੱਡੀ, ਸ਼ਿਮਲਾ ਵਿਚ ਮੈਂ ਬਤੌਰ ਫੈਲੋ 1998-99 ਵਿਚ ‘ਪੰਜਾਬੀ ਨਾਵਲ ਦੀਆਂ ਬਿਰਤਾਂਤਕ ਵਿਧੀਆਂ’  ‘ਤੇ ਕੰਮ ਕੀਤਾ ਸੀ। ਉਸ ਕੰਮ ਨੂੰ ਸੰਪੂਰਨ ਰੂਪ ਮੈਂ ਲੁਧਿਆਣੇ ਆ ਕੇ 2000 ਵਿਚ ਦਿੱਤਾ ਅਤੇ ਬਾਅਦ ਵਿਚ ਐਡਵਾਂਸਡ ਸਟੱਡੀ ਸ਼ਿਮਲਾ ਵਲੋਂ ਮੇਰੀ ਅੰਗਰੇਜ਼ੀ ਵਿਚ ਲਿਖੀ ਪੁਸਤਕ, ‘ਨੈਰੇਟਿਵ ਮੋਡਜ਼ ਇਨ ਪੰਜਾਬੀ ਨਾਵਲ’ ਪ੍ਰਕਾਸ਼ਤ ਹੋਈ। ਇਤਫ਼ਾਕ ਨਾਲ ‘ਦਿ ਟ੍ਰਿਬਿਊਨ, ਚੰਡੀਗੜ੍ਹ’ ਵਲੋਂ ਪਹਿਲੀ ਜੂਨ 2000 ਤੋਂ ‘ਲੁਧਿਆਣਾ ਟ੍ਰਿਬਿਊਨ’ ਪ੍ਰਕਾਸ਼ਤ ਹੋਣਾ ਸ਼ੁਰੂ ਹੋ ਗਿਆ। ਇਸ ਦੇ ਪਹਿਲੇ ਈਸ਼ੂ ਤੋਂ ਹੀ ਮੇਰਾ ਹਫ਼ਤਾਵਾਰੀ ਕਾਲਮ ‘ਐਟ ਦਿ ਕਰਾਸਰੋਡਜ਼’ ਸ਼ੁਰੂ ਹੋ ਗਿਆ ਜੋ ਦਸੰਬਰ 2010 ਤਕ ਚਲਦਾ ਰਿਹਾ। ਇਨ੍ਹਾਂ ਸਾਲਾਂ ਵਿਚ ਹੀ ਮੇਰੀਆਂ ਅੰਗਰੇਜ਼ੀ ਅਤੇ ਪੰਜਾਬੀ ਵਿਚ ਕੁਝ ਪੁਸਤਕਾਂ ਜਿਵੇਂ ਕਿ ‘ਦਿ ਫੈਸਿਟਸ ਆਫ਼ ਹਿਊਮਨ ਲਾਈਫ਼ (2003) ‘ਆਈਨੇ ਦੇ ਰੂਬਰੂ’, ‘ਦਿ ਕੰਟੂਰਜ਼ ਆਫ਼ ਪੰਜਾਬੀ ਪੋਇਟਰੀ’ (2005), ‘ਆਧੁਨਿਕ ਪ੍ਰਵਿਰਤੀਆਂ ਅਤੇ ਪੰਜਾਬੀ ਨਾਵਲ’ (2005), ‘ਐਟ ਦਿ ਕਰਾਸਰੋਡਜ਼’ (2006), ‘ਸਮਕਾਲੀ ਸਾਹਿਤਕ ਸੰਦਰਭ’ (2006), ‘ਲੇਖਾ ਜੋਖਾ’ (2007), ‘ਸਪਲੈਂਡਿਡ ਮਿਰਰ ਆਫ਼ ਲਾਈਫ਼’ (2008), ‘ਸਾਹਿਤਕ ਸਵੈ-ਜੀਵਨੀ’ (2011) ਅਤੇ ‘ਸਾਹਿਤਕਾਰੀ ਅਤੇ ਸਾਹਿਤਕ ਪਰਿਪੇਖ’ (2014) ਪ੍ਰਕਾਸ਼ਤ ਹੋਈਆਂ। ਇਨ੍ਹਾਂ ਤੋਂ ਇਲਾਵਾ ਮੈਂ ਆਪਣੇ ਦੋ ਪੰਜਾਬੀ ਨਾਵਲਾਂ ‘ਜਦੋਂ ਸਵੇਰ ਹੋਈ’ ਅਤੇ ‘ਗਵਾਚੇ ਅਰਥ’ ਦਾ ਅੰਗਰੇਜ਼ੀ ਵਿਚ ਅਨੁਵਾਦ ਵੀ ਕੀਤਾ। ਸੋ, ਮੈਂ ਕਹਿ ਸਕਦਾ ਹਾਂ ਕਿ ਭਾਵੇਂ ਮੈਂ ‘ਤਲਾਸ਼ ਕੋਈ ਸਦੀਵੀ’ ਤੋਂ ਬਾਅਦ ਕੋਈ ਪੰਜਾਬੀ ਨਾਵਲ ਨਹੀਂ ਲਿਖਿਆ, ਪਰ ਮੈਂ ਸਾਹਿਤ ਦੇ ਖੇਤਰ ਵਿਚ ਪੂਰੀ ਸ਼ਿੱਦਤ ਨਾਲ ਕਾਰਜਸ਼ੀਲ ਰਿਹਾ ਹਾਂ ਤੇ ਮੈਂ ਅਗਲਾ ਨਾਵਲ ਲਿਖਣ ਦੀ ਵੀ ਉਮੀਦ ਨਹੀਂ ਛੱਡੀ।
ਹੁਣ : ਆਪਣੇ ਸਮਕਾਲੀਆਂ ਨਾਲ ਆਪਣੇ ਆਪ ਨੂੰ ਕਦੇ ਮੇਚਣ ਦੀ ਕੋਸ਼ਿਸ਼ ਕੀਤੀ। ਜਾਂ ਕਿਸੇ ਨਾਲ ਈਰਖਾ ਹੋਈ ਹੋਵੇ ਕਿ- ‘ਫਲਾਣੇ ਨੇ ਇਹ ਰਚਨਾ ਕਿਵੇਂ ਕਰ ਦਿੱਤੀ, ਇਹ ਮੈਂ ਕਿਉਂ ਨਹੀਂ ਲਿਖ ਸਕਿਆ।
ਤਸਨੀਮ- ਆਪਣੇ ਸਮਕਾਲੀਆਂ ਨਾਲ ਮੈਂ ਕਦੀ ਆਪਣੇ ਆਪ ਨੂੰ ਮੇਚਣ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਸ਼ੁਰੂ ਤੋਂ ਮੇਰਾ ਜੀਵਨ ਅਨੁਭਵ ਅਲੱਗ ਭਾਂਤ ਦਾ ਸੀ ਅਤੇ ਆਪਣੀਆਂ ਰਚਨਾਵਾਂ ਵਿਚ ਵੀ ਮੈਂ ਵੱਖਰੀ ਸ਼ੈਲੀ ਦੀ ਵਰਤੋਂ ਕੀਤੀ ਸੀ। ਏਨਾ ਜ਼ਰੂਰ ਅਹਿਸਾਸ ਹੁੰਦਾ ਰਿਹਾ ਕਿ ਕੁਝ ਸਾਹਿਤਕਾਰ ਬੜੇ ਸਲੀਕੇ ਨਾਲ ਪਾਠਕਾਂ ਨਾਲ ਸਿੱਧਾ ਸੰਪਰਕ ਕਾਇਮ ਕਰ ਲੈਂਦੇ ਹਨ ਜਿਸ ਕਰ ਕੇ ਉਹ ਉਨ੍ਹਾਂ ਦੀਆਂ ਰਚਨਾਵਾਂ ਦੀ ਉਡੀਕ ਕਰਨ ਲੱਗ ਜਾਂਦੇ ਹਨ। ਮੈਂ ਚਾਹੁੰਦਾ ਸੀ ਕਿ ਮੈਂ ਆਪਣੇ ਵਲੋਂ ਪਾਠਕਾਂ ਕੋਲ ਜਾਣ ਦੀ ਬਜਾਏ ਆਪਣੀਆਂ ਲਿਖਤਾਂ ਰਾਹੀਂ ਉਨ੍ਹਾਂ ਨੂੰ ਆਪਣੇ ਵੱਲ ਆਕਰਸ਼ਤ ਕਰਨ ਦੀ ਕੋਸ਼ਿਸ਼ ਕਰਾਂ। ਮੈਂ ਸੁਖਬੀਰ ਨੂੰ ਲਿਖਿਆ ਸੀ ਕਿ ਮੈਂ ਚਾਹੁੰਦਾ ਹਾਂ ਕਿ ਉਸ ਦੇ ਨਾਵਲ ‘ਸੜਕਾਂ ਤੇ ਕਮਰੇ’ ਵਰਗੀ ਕੋਈ ਰਚਨਾ ਮੈਂ ਵੀ ਕਰ ਸਕਾਂ। ਉਸ ਦਾ ਜਵਾਬ ਸੀ ਕਿ ਤੁਸੀਂ ਕਰ ਰਹੇ ਹੋ।
ਹੁਣ : ਤੁਸੀਂ ਸਮਕਾਲੀ ਪੰਜਾਬੀ ਨਾਵਲ ਨੂੰ ਬਿਰਤਾਂਤਕ ਜੁਗਤਾਂ ਅਤੇ ਤਕਨੀਕੀ ਵਿਧੀਆਂ ਰਾਹੀਂ ਨਵੀਂ ਦਿਸ਼ਾ ਤੇ ਸੇਧ ਦਿੱਤੀ ਪਰ ਫੇਰ ਵੀ ਤੁਹਾਡੇ ਨਾਵਲ ਗੁਰਦਿਆਲ ਸਿੰਘ, ਜਸਵੰਤ ਸਿੰਘ ਕੰਵਲ ਜਾਂ ਹੋਰ ਸਮਕਾਲੀ ਨਾਵਲਕਾਰਾਂ ਵਾਂਗ ਚਰਚਾ ਵਿਚ ਨਹੀਂ ਰਹੇ। ਤੁਸੀਂ ਇਹਦਾ ਕਾਰਨ ਕੀ ਮੰਨਦੇ ਹੋ?
ਤਸਨੀਮ- ਪਹਿਲੀ ਗੱਲ ਤਾਂ ਇਹ ਹੈ ਕਿ ਮੇਰਾ ਆਪਣਾ ਪਾਠਕ ਵਰਗ ਹੈ ਜੋ ਮੇਰੇ ਨਾਵਲਾਂ ਨੂੰ ਪਸੰਦ ਕਰਦਾ ਹੈ। ਪਰੰਪਰਾਗਤ ਲੀਹੀਂ ‘ਤੇ ਰਚੇ ਜਾ ਰਹੇ ਨਾਵਲ ਪਾਠਕਾਂ ਨੂੰ ਦਿਲਚਸਪ ਲਗਦੇ ਹਨ ਕਿਉਂਕਿ ਉਨ੍ਹਾਂ ਵਿਚ ਕਹਾਣੀ ਰਸ ਹੁੰਦਾ ਹੈ, ਬਣੇ ਬਣਾਏ ਪਾਤਰ ਹੁੰਦੇ ਹਨ ਅਤੇ ਪ੍ਰਵਾਨਤ ਨੈਤਿਕ ਕਦਰਾਂ-ਕੀਮਤਾਂ ਦੀ ਪੁਸ਼ਟੀ ਕੀਤੀ ਗਈ ਹੁੰਦੀ ਹੈ। ਚੇਤਨਤਾ-ਪ੍ਰਵਾਹ ਤਕਨੀਕ ਪਾਠਕ ਨੂੰ ਨਾਵਲ ਵਿਚ ਇਕ ਪਾਤਰ ਵਜੋਂ ਵਿਚਰਨ ਲਈ ਪ੍ਰੇਰਦੀ ਹੈ। ਨਵੀਂ ਵਿਚਾਰਧਾਰਾ ਦੀ ਹਾਮੀ ਭਰਦਾ ਹੋਇਆ ਉਹ ਪਾਠਕ ਨਾਵਲ ਦੇ ਰੂਪ ਵਿਧਾਨ ਦੀ ਕਦਰ ਕਰਦਾ ਹੈ। ਬਾਕੀ ਜਿਹੜੇ ਨਾਵਲਕਾਰ ‘ਮੇਨ-ਸਟਰੀਮ’ (ਮੁੱਖ ਧਾਰਾ) ਦੇ ਹਨ, ਉਨ੍ਹਾਂ ਨੂੰ ਚੌਖਾ ਪਾਠਕ ਵਰਗ ਮਿਲ ਜਾਂਦਾ ਹੈ। ਆਧੁਨਿਕ ਪ੍ਰਵਿਰਤੀਆਂ ਨੂੰ ਦਰਸਾਉਣ ਵਾਲੇ ਨਾਵਲਕਾਰਾਂ ਨੂੰ ਹੁੰਗਾਰਾ ਜ਼ਰਾ ਦੇਰ ਨਾਲ ਮਿਲਦਾ ਹੈ। ਦੇਖਣਾ ਇਹ ਹੁੰਦਾ ਹੈ ਕਿ ਕਿਹੜੀ ਰਚਨਾ ਆਪਣੇ ਵਕਤ ਤੋਂ ਕਿੰਨਾ ਕੁ ਅਗਾਂਹ ਜਾਂਦੀ ਹੈ।
ਹੁਣ : ਇਸ ਦਾ ਕਾਰਨ ਇਹ ਤਾਂ ਨਹੀਂ ਕਿ ਤੁਹਾਡਾ ਸਾਧਾਰਨ ਮਨੁੱਖ ਦੀਆਂ ਜ਼ਰੂਰਤਾਂ ਨਾਲੋਂ ਪੱਛਮ ਦੇ ਸਾਹਿਤ ਵੱਲ ਜ਼ਿਆਦਾ ਝੁਕਾਅ ਰਿਹਾ?
ਤਸਨੀਮ- ਪਾਠਕਾਂ ਨਾਲ ਨਾਵਲਕਾਰ ਦੀ ਨੇੜਤਾ ਉਦੋਂ ਬਣਦੀ ਹੈ, ਜਦੋਂ ਉਹ ਉਹੀ ਕੁਝ ਲਿਖੇ ਜਿਸ ਦੀ ਉਹ ਤਵੱਕੋ ਰੱਖਦੇ ਹਨ। ਇੰਜ ਕਹਾਣੀ ਰਸ ਅਤੇ ਦੇਖੇ ਭਾਲੇ ਪਾਤਰਾਂ ਦੇ ਚਿਤਰਣ ਸਦਕਾ, ਨਾਵਲਕਾਰ ਅਤੇ ਪਾਠਕ ਵਿਚ ਰਾਬਤਾ ਕਾਇਮ ਹੋ ਜਾਂਦਾ ਹੈ। ਦੂਸਰੇ ਪਾਸੇ ਜੇਕਰ ਨਾਵਲਕਾਰ ਸਮੇਂ ਦੀ ਅਸਥਿਰਤਾ ਅਤੇ ਸਥਾਨ ਦੀ ਸਥਿਰਤਾ ਨੂੰ ਸਮੇਂ ਦੀ ਸਥਿਰਤਾ ਅਤੇ ਸਥਾਨ ਦੀ ਤਰਲਤਾ ਵਿਚ ਬਦਲ ਦੇਵੇ ਤਾਂ ਪਾਠਕ ਕੁਝ ਸਮੇਂ ਲਈ ਨਾਵਲਕਾਰ ਤੋਂ ਦੂਰੀ ਅਨੁਭਵ ਕਰਨ ਲੱਗ ਜਾਂਦੇ ਹਨ। ਸਮਾਂ ਰੁਕ ਵੀ ਜਾਂਦਾ ਹੈ, ਜਦੋਂ ਕੋਈ ਪਾਤਰ ਵਿਸਮਾਦ ਜਾਂ ਵਿਸ਼ਾਦ (ਖ਼ੁਸ਼ੀ ਅਤੇ ਗ਼ਮੀ) ਦੀ ਹਾਲਤ ਵਿਚ ਹੋਵੇ। ਸਮੇਂ ਅਤੇ ਸਥਾਨ ਦੀ ਅਦਲਾ ਬਦਲੀ ਨਾਲ ਪਾਤਰਾਂ ਦਾ ਜ਼ਿਹਨੀ ਵਾਤਾਵਰਣ ਵੀ ਬਦਲ ਜਾਂਦਾ ਹੈ। ਇਕ ਵਕਤ ਪਾਠਕ ਉਕਤਾ ਵੀ ਜਾਂਦਾ ਜਦੋਂ ਉਸ ਨੂੰ ਮਨ ਪਸੰਦ ਦੀ ਵਸਤੂ ਨਹੀਂ ਮਿਲਦੀ। ਪਰ ਹੌਲੀ ਹੌਲੀ ਉਹ ਨਵੀਂ ਵਿਚਾਰਧਾਰਾ ਅਤੇ ਨਵੇਂ ਵਰਣਨ ਢੰਗ ਵਿਚਲੇ ਰਹੱਸ ਨੂੰ ਸਮਝਣ ਲੱਗ ਜਾਂਦਾ ਹੈ।

ਹਰਮਨ ਪਿਆਰਤਾ ਦਾ ਰਾਜ਼
ਹੁਣ : ਪੰਜਾਬੀ ਦੇ ਸਭ ਤੋਂ ਜ਼ਿਆਦਾ ਪੜ੍ਹੇ ਗਏ ਅਤੇ ਸ਼ਾਇਦ ਹੁਣ ਵੀ ਸਭ ਤੋਂ ਜ਼ਿਆਦਾ ਪੜ੍ਹੇ ਜਾ ਰਹੇ ਨਾਵਲਕਾਰਾਂ ਦੀ ਜਦੋਂ ਗੱਲ ਤੁਰਦੀ ਹੈ ਤਾਂ ਨਾਨਕ ਸਿੰਘ ਅਤੇ ਜਸਵੰਤ ਸਿੰਘ ਕੰਵਲ ਦੇ ਨਾਂਅ ਬੋਲਦੇ ਹਨ। ਇਨ੍ਹਾਂ ਦੋਵਾਂ ਦੀ ਏਨੀ ਹਰਮਨ ਪਿਆਰਤਾ ਦੇ ਪਿੱਛੇ ਕੀ ਕਾਰਣ ਲੱਭਦੇ ਹੋ।
ਤਸਨੀਮ- ਨਾਨਕ ਸਿੰਘ ਅਤੇ ਜਸਵੰਤ ਸਿੰਘ ਕੰਵਲ ਦੇ ਨਾਵਲਾਂ ਨੂੰ ਪਾਠਕਾਂ ਵਲੋਂ ਚੰਗਾ ਹੁੰਗਾਰਾ ਮਿਲਦਾ ਰਿਹਾ ਹੈ। ਉਨ੍ਹਾਂ ਦੀ ਹਰਮਨ ਪਿਆਰਤਾ ਦਾ ਰਾਜ਼ ਇਹੀ ਹੈ ਕਿ ਉਨ੍ਹਾਂ ਦੀਆਂ ਰਚਨਾਵਾਂ ਰੋਚਕ ਹੋਣ ਤੋਂ ਇਲਾਵਾ ਸਮਾਜੀ ਯਥਾਰਥ ਦੀ ਬਹੁ-ਪੱਖੀ ਤਸਵੀਰ ਪੇਸ਼ ਕਰਦੀਆਂ ਹਨ। ਭਾਸ਼ਾ ਸੌਖੀ ਹੈ ਜੋ ਪਾਠਕ ਦੀ ਬਿਰਤੀ ਨੂੰ ਕੀਲ ਕੇ ਰੱਖ ਦਿੰਦੀ ਹੈ। ਉਂਜ ਵੀ ਪੰਜਾਬੀ ਪਾਠਕ ਇਕ ਤੋਰ ਚੱਲਣ ਵਾਲੀ ਅਤੇ ਥਾਂ ਪਰ ਥਾਂ ਨਾਵਲਕਾਰ ਵਲੋਂ ਸੁਝਾਅ ਦੇਣ ਵਾਲੀ ਕਹਾਣੀ ਨੂੰ ਪਸੰਦ ਕਰਦਾ ਹੈ।
ਹੁਣ : ਹਰਮਨ ਪਿਆਰਤਾ ਦੇ ਮਾਮਲੇ ਵਿਚ ਤਾਂ ਬੂਟਾ ਸਿੰਘ ਸ਼ਾਦ ਵੀ ਕਾਫ਼ੀ ਅੱਗੇ ਹੈ। ਬੂਟਾ ਸਿੰਘ ਸ਼ਾਦ ਨੂੰ ਤੁਸੀਂ ਪੰਜਾਬੀ ਨਾਵਲਕਾਰਾਂ ਦੀ ਕਿਹੜੀ ਸ਼੍ਰੇਣੀ ਵਿਚ ਰੱਖਣਾ ਚਾਹੋਗੇ ਤੇ ਕਿਉਂ?
ਤਸਨੀਮ- ਬੂਟਾ ਸਿੰਘ ਸ਼ਾਦ ਦੀਆਂ ਰਚਨਾਵਾਂ ਇਸ ਦੌਰ ਦੇ ਪਾਠਕਾਂ ਦਾ ਮਨੋਰੰਜਨ ਕਰਨ ਤਕ ਹੀ ਸੀਮਤ ਹਨ। ਕੋਈ ਸਮਾਂ ਸੀ ਜਦੋਂ ਸ਼ਾਦ ਨੇ ਮਾਸਿਕ ‘ਆਰਸੀ’ ਵਿਚ ਪ੍ਰਕਾਸ਼ਤ ਹੋਈ ‘ਮੋਰਨੀ’ ਵਰਗੀਆਂ ਕਹਾਣੀਆਂ ਲਿਖੀਆਂ ਸਨ ਅਤੇ ‘ਅੱਧੀ ਰਾਤ, ਪਹਿਰ ਦਾ ਤੜਕਾ’ ਵਰਗਾ ਨਾਵਲ ਲਿਖਿਆ ਸੀ। ਇਤਫ਼ਾਕ ਨਾਲ, 1972 ਜਾਂ 1973 ਵਿਚ ਮੈਂ ਇਸ ਨਾਵਲ ਬਾਰੇ ਆਲ ਇੰਡੀਆ ਰੇਡੀਓ, ਜਲੰਧਰ ਤੋਂ ਪੰਜਾਬੀ ਪੁਸਤਕਾਂ ਦੀ ਆਲੋਚਨਾ ਦੇ ਪ੍ਰੋਗਰਾਮ ਵਿਚ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਸੀ ਕਿ ਇਹ ਨਾਵਲ ਨਵੇਂ ਪੰਜਾਬੀ ਨਾਵਲ ਦੀ ਨਿਸ਼ਾਨਦੇਹੀ ਕਰਦਾ ਹੈ। ਬਾਅਦ ਵਿਚ ਬੂਟਾ ਸਿੰਘ ਸ਼ਾਦ ਫ਼ਿਲਮੀ ਸੰਸਾਰ ਵਿਚ ਚਲਾ ਗਿਆ ਜਿੱਥੇ, ਕੁਝ ਵਕਫ਼ੇ ਤੋਂ ਬਾਅਦ, ਉਸ ਨੇ ਜਿਹੜੇ ਨਾਵਲ ਲਿਖੇ ਉਨ੍ਹਾਂ ਦੀ ਬੁੱਕ-ਸਟਾਲ ਵੈਲੀਊ ਤਾਂ ਬਹੁਤ ਸੀ ਪਰ ਸਾਹਿਤਕ ਖੇਤਰ ਵਿਚ ਇਹ ਬਹੁਤਾ ਗੌਲੇ ਨਾ ਗਏ। ਨਾਵਲ ਦੀ ਤਕਨੀਕ ਪ੍ਰਤੀ ਉਹ ਪੂਰੀ ਤਰ੍ਹਾਂ ਸੁਚੇਤ ਹੈ, ਵਿਉਂਤਬੰਦੀ ਦਾ ਵੀ ਮਾਹਰ ਹੈ ਪਰ ਵਿਸ਼ੇ ਦੀ ਚੋਣ ਉਹ ਪਾਠਕਾਂ ਨੂੰ ਗੁਦਗੁਦਾਣ ਵਾਲੀ ਕਰਦਾ ਹੈ।
ਹੁਣ : ਆਪਣੇ ਸ਼ੁਰੂਆਤੀ ਸਾਹਿਤਕ ਸਫ਼ਰ ਵਿਚ ਤੁਸੀਂ ਮੁਸ਼ਾਇਰਿਆਂ ਵਿਚ ਜਾਂਦੇ ਰਹੇ, ਖੁਦ ਕਾਵਿ-ਮਹਿਫ਼ਲਾਂ ਦੇ ਪ੍ਰਬੰਧ ਕਰਦੇ ਰਹੇ। ਕਿਹੋ ਜਿਹਾ ਸੀ ਉਹ ਦੌਰ ਜਦੋਂ ਸੈਂਕੜੇ ਲੋਕ ਕਵੀਆਂ ਨੂੰ ਸੁਣਨ ਆ ਜਾਂਦੇ ਸਨ ਤੇ ਅੱਜ ਕਵਿਤਾ ਸੁਣਨ-ਸੁਨਾਉਣ ਦਾ ਉਹ ਮਾਹੋਲ ਕਿਉਂ ਨਹੀਂ ਹੈ?
ਤਸਨੀਮ- ਉਹ ਜ਼ਮਾਨਾ ਸੀ, 1950 ਦੇ ਦਹਾਕੇ ਦਾ, ਜਦੋਂ ਅੰਮ੍ਰਿਤਸਰ ਅਤੇ ਸ਼ਿਮਲੇ ਵਿਚ ਮੁਸ਼ਾਇਰੇ ਅਤੇ ਕਵੀ ਦਰਬਾਰ ਸਾਡੀ ਕਲਚਰ ਦਾ ਅਣਿਖੜਵਾਂ ਭਾਗ ਹੁੰਦੇ ਸਨ। ਹਿੰਦੂ ਕਾਲਜ, ਅੰਮ੍ਰਿਤਸਰ ਵਿਚ ਹਰ ਸਾਲ ਮੁਸ਼ਾਇਰਾ ਕਰਵਾਇਆ ਜਾਂਦਾ ਸੀ। ਮੇਰੇ ਉਥੇ ਹੁੰਦੇ 1949 ਵਿਚ ਜਿਹੜਾ ਮੁਸ਼ਾਇਰਾ ਹੋਇਆ ਉਸ ਵਿਚ ਧਨੀ ਰਾਮ ਚਾਤ੍ਰਿਕ ਨੂੰ ਉਚੇਚੇ ਤੌਰ ‘ਤੇ ਬੁਲਾਇਆ ਗਿਆ ਸੀ। ਸ਼ਿਮਲੇ ਜਾ ਕੇ ਤਾਂ ਕਈ ਸਾਲ ਮੁਸ਼ਾਇਰਿਆਂ ਦਾ ਦੌਰ ਚਲਦਾ ਰਿਹਾ। ਉਥੇ ਪੰਜਾਬੀ ਕਵੀਆਂ ਦੀ ਵੀ ਇਕ ਸਭਾ ਸੀ, ਜੋ ‘ਕਵੀ ਗੁਲਜ਼ਾਰ’ ਨਾਂ ਵਜੋਂ ਜਾਣੀ ਜਾਂਦੀ ਸੀ। ਇਸ ਨੇ ਵੀ ਸ਼ਿਮਲੇ ਵਿਚ ਕੌਮੀ ਪੱਧਰ ਦੇ ਸਾਲਾਨਾ ਕਵੀ ਦਰਬਾਰ ਕਰਵਾਉਣ ਦਾ ਸਿਲਸਿਲਾ ਕਾਇਮ ਰੱਖਿਆ ਹੋਇਆ ਸੀ। ਹੌਲੀ ਹੌਲੀ ਇਸ ਪੱਖੋਂ ਸਰੋਤਿਆਂ ਦੀ ਰੁਚੀ ਘਟਦੀ ਚਲੀ ਗਈ। ਨਤੀਜੇ ਵਜੋਂ ਮੁਸ਼ਾਇਰੇ ਅਤੇ ਕਵੀ ਦਰਬਾਰ ਕਦੀ ਕਦਾਈਂ ਹੀ ਕਰਵਾਏ ਜਾਣ ਲੱਗੇ।

ਚੜ੍ਹਦੀ ਜਵਾਨੀ ਦਾ ਪਿਆਰ
ਹੁਣ : ਚੜ੍ਹਦੀ ਜਵਾਨੀ ਦੀਆਂ ਕੁਝ ਦੋਸਤੀਆਂ ਤਾਂ ਉਮਰ ਭਰ ਨਿਭਦੀਆਂ ਨੇ ਤੇ ਕੁਝ ਨਹੀਂ ਵੀ ਨਿਭਦੀਆਂ। ਆਪਣੇ ਉਸ ਸਮੇਂ ਦੇ ਮਿੱਤਰਾਂ ਬੇਲੀਆਂ ਦੀਆਂ ਕੁਝ ਬਾਤਾਂ ਪਾਓ ਤਸਨੀਮ ਜੀ?
ਤਸਨੀਮ- ਚੜ੍ਹਦੀ ਜਵਾਨੀ ਵਿਚ ਉਹ ਕੁਝ ਤਾਂ ਨਹੀਂ ਸੀ ਹੋਇਆ, ਜਿਸ ਵੱਲ ਸ਼ਾਇਦ ਤੁਹਾਡਾ ਇਸ਼ਾਰਾ ਹੈ, ਕਿਉਂਕਿ ਸਾਡੇ ਵਕਤਾਂ ਵਿਚ ਬਹੁਤ ਬੰਦਸ਼ਾਂ ਹੁੰਦੀਆਂ ਸਨ ਅਤੇ ਅਸੀਂ ਨੱਕ ਦੀ ਸੇਧ ‘ਤੇ ਚੱਲਦੇ ਸੀ। ਬੱਸ ਇੰਜ ਸਮਝ ਲਵੋ ਕਿ ਚੜ੍ਹਦੀ ਜਵਾਨੀ ਵਿਚ ਸਾਹਿਤ ਨਾਲ ਪਿਆਰ ਹੋ ਗਿਆ। ਇਸ ਕਾਰਨ ਸਾਹਿਤਕਾਰਾਂ ਨਾਲ ਦੋਸਤੀਆਂ ਪੈ ਗਈਆਂ। ਮਹਿੰਦਰ ਬਾਵਾ ਨੇ 1949 ਵਿਚ ਅੰਮ੍ਰਿਤਸਰ ਤੋਂ ਉਰਦੂ ਮਾਸਿਕ ‘ਪਗਡੰਡੀ’ ਜਾਰੀ ਕੀਤਾ ਤਾਂ ਮੈਂ ਉਸ ਪਰਚੇ ਵਾਸਤੇ ਲਿਖਣ ਲੱਗ ਪਿਆ। ਉਦੋਂ ਹੀ ਮੇਰੇ ਸਹਿਪਾਠੀ ਇੰਦਰ ਕੁਮਾਰ ਸਾਗਰ ਅਤੇ ਸ਼ਰਵਨ ਕੁਮਾਰ ਵਰਮਾ ਨਾਲ ਮੇਰੀ ਨੇੜਤਾ ਵੱਧ ਗਈ। ਸ਼ਿਮਲੇ ਜਾ ਕੇ ਈਸ਼ਵਰ ਚਿਤਰਕਾਰ ਅਤੇ ਰਣਜੀਤ ਸਿੰਘ ਖੜਗ ਨਾਲ ਸੰਪਰਕ ਕਾਇਮ ਹੋਇਆ। ਪਰ ਉਦੋਂ ਪੰਜਾਹਵਿਆਂ ਵਿਚ ਮੇਰਾ ਵਧੇਰੇ ਉਠਣਾ-ਬੈਠਣਾ ਉਰਦੂ ਸ਼ਾਇਰਾਂ ਜਿਵੇਂ ਕਿ ਬਿਮਲ ਕ੍ਰਿਸ਼ਨ ਅਸ਼ਕ, ਪ੍ਰਕਾਸ਼ ਨਾਥ ਪਰਵੇਜ਼ ਅਤੇ ਰਾਜਿੰਦਰ ਨਾਥ ਰਾਹਬਰ ਨਾਲ ਹੀ ਰਿਹਾ। ਪੰਜਾਬੀ ਵੱਲ ਜਦੋਂ ਆਇਆ ਕਾਲਜ ਲੈਕਚਰਾਰ ਬਣਨ ਤੋਂ ਬਾਅਦ ਤਾਂ ਪ੍ਰੋ. ਜਗਜੀਤ ਸਿੰਘ ਛਾਬੜਾ, ਸੋਹਣ ਸਿੰਘ ਮੀਸ਼ਾ ਅਤੇ ਸੁਰਿੰਦਰ ਸਿੰਘ ਜੌਹਰ ਨਾਲ ਸੰਪਰਕ ਪੈਦਾ ਹੋ ਗਿਆ। ਬਾਅਦ ਵਿਚ ਸੁਰਜੀਤ ਸਿੰਘ ਸੇਠੀ, ਕੁਲਬੀਰ ਸਿੰਘ ਕਾਂਗ, ਜਸਵੰਤ ਸਿੰਘ ਵਿਰਦੀ, ਮਹੀਪ ਸਿੰਘ, ਅਮਰੀਕ ਸਿੰਘ ਪੂਨੀ ਅਤੇ ਕਰਮਜੀਤ ਸਿੰਘ ਫ਼ਰੀਦਕੋਟ ਨੇ ਮਿੱਤਰਤਾ ਦਾ ਮਾਣ ਦਿੱਤਾ। ਲੁਧਿਆਣੇ 1982 ਵਿਚ ਆਉਣ ਤੋਂ ਬਾਅਦ ਮੈਂ ਸਾਹਿਤਕਾਰਾਂ ਦੇ ਵਿਸ਼ਾਲ ਘੇਰੇ ਵਿਚ ਆਪਣੇ ਆਪ ਨੂੰ ਆਨੰਦਤ ਹੋਇਆ ਮਹਿਸੂਸ ਕਰ ਰਿਹਾ ਹਾਂ। ਪੰਜਾਬੀ ਭਵਨ, ਲੁਧਿਆਣਾ ਵਿਚ ਪੰਜਾਬੀ ਸਾਹਿਤ ਅਕਾਦਮੀ ਦੇ ਉੱਦਮ ਨਾਲ ਸਾਹਿਤਕ ਮਿਲਣੀਆਂ ਹੁੰਦੀਆਂ ਰਹਿੰਦੀਆਂ ਹਨ।
ਹੁਣ : ਆਪਣੇ ਭੈਣਾਂ ਭਰਾਵਾਂ ਨਾਲ ਕਿਵੇਂ ਨਿੱਭਦੀ ਸੀ, ਕੁਝ ਖਾਸ ਜੋ ਅੱਜ ਤੱਕ ਤੁਸੀਂ ਭੁਲਾ ਨਹੀਂ ਸਕੇ?
ਤਸਨੀਮ- ਆਪਣੇ ਭਰਾਵਾਂ ਅਤੇ ਭੈਣਾਂ ਵਿਚ ਮੈਂ ਸਭ ਤੋਂ ਵੱਡਾ ਹਾਂ, ਇਸ ਲਈ ਵਕਤ ਆਉਣ ‘ਤੇ ਮੈਂ ਇਨ੍ਹਾਂ ਦੀ ਪੜ੍ਹਾਈ ਲਿਖਾਈ ਵੱਲ ਉਚੇਚਾ ਧਿਆਨ ਦਿੱਤਾ। ਇਨ੍ਹਾਂ ਦੇ ਵਿਆਹਾਂ ‘ਤੇ ਮੈਂ ਵਿਤੋਂ ਬਾਹਰ ਹੋ ਕੇ ਬਾਊ ਜੀ ਦੀਆਂ ਆਰਥਕ ਲੋੜਾਂ ਪੂਰੀਆਂ ਕੀਤੀਆਂ। ਨਤੀਜੇ ਵਜੋਂ ਇਨ੍ਹਾਂ ਸਾਰਿਆਂ ਵਲੋਂ ਮੈਨੂੰ ਪਿਆਰ ਤੇ ਆਦਰ ਮਿਲਿਆ ਹੈ। ਇਕ ਭੈਣ ਸਾਡਾ ਸਾਥ ਛੱਡ ਗਈ ਹੈ, ਬਾਕੀ ਦੋ ਭੈਣਾਂ ਤੇ ਤਿੰਨ ਭਰਾ ਆਪਣੇ ਆਪਣੇ ਘਰੀਂ ਖ਼ੁਸ਼ੀਆਂ ਮਾਣ ਰਹੇ ਹਨ। ਅਜੇ ਵੀ ਮੇਰੀ ਕੋਈ ਰਚਨਾ, ਅੰਗਰੇਜ਼ੀ ਜਾਂ ਪੰਜਾਬੀ ਵਿਚ ਜਦੋਂ ਛਪਦੀ ਹੈ ਤਾਂ ਮੈਂ ਉਸ ਦੀਆਂ ਕਾਪੀਆਂ ਭੈਣਾਂ-ਭਰਾਵਾਂ ਨੂੰ ਭੇਜਦਾ ਹਾਂ।
ਹੁਣ : ਤਸਨੀਮ ਜੀ, ਸਾਡੇ ਪਾਠਕਾਂ ਨਾਲ ਤੁਸੀਂ ਆਪਣੀ ਮੁਢਲੀ ਜ਼ਿੰਦਗੀ ਦੀਆਂ ਗੱਲਾਂ ਸਾਂਝੀਆਂ ਕਰੋ।
ਤਸਨੀਮ- ਬਚਪਨ ਭੋਲਪਣ ਵਿਚ ਗੁਜ਼ਰਿਆ, ਜਿਸ ਦਾ ਅਕਸ ਅਜੇ ਤੀਕ ਬਾਕੀ ਹੈ। ਘਰ ਵਿਚ ਸਭ ਬੱਚਿਆਂ ਤੋਂ ਵੱਡਾ ਹੋਣ ਕਰ ਕੇ ਵਿਸ਼ੇਸ਼ ਸਹੂਲਤਾਂ ਮਿਲੀਆਂ। ਸਕੂਲ ਦੀ ਪੜ੍ਹਾਈ ਤੀਕ ਰਾਹ ਪੱਧਰਾ ਹੀ ਰਿਹਾ। ਪੜ੍ਹਾਈ ਵਿਚ ਚੰਗਾ ਸੀ ਮੈਂ, ਪਰ ਹਿਸਾਬ ਤੋਂ ਡਰ ਲਗਦਾ ਸੀ। ਨੱਕ ਦੀ ਸੇਧ ‘ਤੇ ਚਲਣ ਵਾਲਾ ਲੜਕਾ ਸੀ ਮੈਂ। ਊਲ-ਜਲੂਲ ਕੁਝ ਨਹੀਂ। ਬਹੁਤੀਆਂ ਸ਼ਰਾਰਤਾਂ ਨਹੀਂ, ਬਲਕਿ ਚੁੱਪ-ਚਾਪ ਆਪਣੇ ਕੰਮ ਵਿਚ ਮਗਨ। ਗਲੀ ਵਿਚੋਂ ਨਜ਼ਰਾਂ ਨੀਵੀਆਂ ਪਾ ਕੇ ਲੰਘਣਾ, ਇਸ ਲਈ ਆਪਣੇ ਘਰਾਂ ਦੇ ਥੜ੍ਹਿਆਂ ਉਤੇ (ਗਰਮੀਆਂ ਦੇ ਦਿਨਾਂ ਵਿਚ) ਬੈਠਣ ਵਾਲੀਆਂ ਜ਼ਨਾਨੀਆਂ ਮੇਰੀ ਮਾਂ ਨੂੰ ਮੁਬਾਰਕ ਦਿੰਦੀਆਂ ਕਿ ਤੇਰਾ ਪੁੱਤਰ ਬੜਾ ਸ਼ਰੀਫ਼ ਏ। ਪਤਾ ਨਹੀਂ, ਸ਼ਰੀਫ਼ ਦਾ ਮਤਲਬ ‘ਸਿੱਧਾ’ ਸੀ ਜਾਂ ਕੁਝ ਹੋਰ। ਉਂਜ ਮੇਰਾ ਜੀ ਕਰਦਾ ਸੀ ਕਿ ਇਧਰ-ਉਧਰ ਝਾਕਾਂ, ਪਰ ਸੰਕੋਚ ਬਹੁਤ ਸੀ। ਪਹਿਲੀ ਜਮਾਤ ਤੋਂ ਦਸਵੀਂ ਤਕ ਦਾ ਸਮਾਂ ਨਿਰਵਿਘਨ ਸਮਾਪਤ ਹੋ ਗਿਆ। ਕੱਪੜੇ ਲੱਤੇ ਬਾਰੇ ਬੇਪ੍ਰਵਾਹ, ਬਲਕਿ ਅਣਜਾਣ। ਅਸਲ ਵਿਚ ਮੈਂ ਆਪਣੇ ਪਹਿਰਾਵੇ ਬਾਰੇ ਘੱਟ ਸੋਚਦਾ ਸਾਂ। ਪੱਗ ਵੀ ਜਿੱਦਾਂ ਦੀ ਬੱਝ ਗਈ, ਬੱਝ ਗਈ। ਕਹਿ ਸਕਦਾ ਹਾਂ ਕਿ ਉਦੋਂ ਨਿਰਾ ਨਰਿੰਜਨ ਸੀ, ਜੋ ਅੱਜ ਤਕ ਨਿਰੰਜਨ ਸਿੰਘ ਨਹੀਂ ਬਣ ਸਕਿਆ।
ਹੁਣ : ਨਿੱਕੇ ਹੁੰਦਿਆਂ ਕੀ ਤੁਹਾਡੇ ਮਾਹੌਲ ਵਿਚ ਸਾਹਿਤ ਹੁੰਦਾ ਸੀ? ਜਾਂ ਫਿਰ ਉਦੋਂ ਹੀ ਸੋਚ ਲਿਆ ਸੀ ਕਿ ਲੇਖਕ ਬਣਨਾ ਹੈ?
ਤਸਨੀਮ- ਉਦੋਂ ਇਹ ਤਾਂ ਨਹੀਂ ਸੀ ਸੋਚਿਆ ਕਿ ਲੇਖਕ ਬਣਨਾ ਹੈ, ਪਰ ਘਰ ਦੇ ਮਾਹੌਲ ਵਿਚ ਸਾਹਿਤਕਾਰੀ ਜ਼ਰੂਰ ਸੀ। ਮੇਰੇ ਪਿਤਾ ਜੀ ਤਾਂ ਬਹੁਤੇ ਪੜ੍ਹੇ ਲਿਖੇ ਨਹੀਂ ਸਨ, ਥੋੜ੍ਹੀ ਜਿਹੀ ਪੰਜਾਬੀ ਅਤੇ ਇਸ ਤੋਂ ਵੀ ਘੱਟ ਉਰਦੂ ਜਾਣਦੇ ਸਨ। ਪਰ ਮੇਰੇ ਦਾਦਾ ਜੀ, ਭਾਈ ਰਾਮ ਜੀ ਸਿੰਘ, ਮਹਾਂ-ਗਿਆਨੀ ਸਨ-ਧਾਰਮਕ ਪੱਖੋਂ ਵੀ ਅਤੇ ਜੋਤਿਸ਼ ਵਿਦਿਆ ਵਜੋਂ ਵੀ। ਫੇਰ, ਮੇਰੇ ਤਾਇਆ ਜੀ, ਸ਼ ਪੂਰਨ ਸਿੰਘ ਹੁਨਰ, ਉਰਦੂ ਦੇ ਨਾਮਵਰ ਸ਼ਾਇਰ ਸਨ ਤੇ ਇਨ੍ਹਾਂ ਨੂੰ ਭਾਸ਼ਾ ਵਿਭਾਗ, ਪੰਜਾਬ ਵਲੋਂ ਸ਼੍ਰੋਮਣੀ ਉਰਦੂ ਸਾਹਿਤਕਾਰ ਦੇ ਪੁਰਸਕਾਰ ਨਾਲ ਨਿਵਾਜਿਆ ਗਿਆ ਸੀ। ਮੇਰੇ ਚਾਚਾ ਜੀ, ਸ਼ ਮਹਿੰਦਰ ਸਿੰਘ ਕੌਸਰ ਨੇ ਖ਼ਾਲਸਾ ਕਾਲਜ, ਅੰਮ੍ਰਿਤਸਰ ਤੋਂ 1942 ਵਿਚ ਐਮ.ਏ. (ਇੰਗਲਿਸ਼) ਕੀਤੀ ਸੀ। ਸੁਰਿੰਦਰ ਸਿੰਘ ਨਰੂਲਾ ਉਨ੍ਹਾਂ ਦੇ ਸਹਿਪਾਠੀ ਸਨ। ਇਹ ਦੋਵੇਂ ਪ੍ਰਿੰਸੀਪਲ ਤੇਜਾ ਸਿੰਘ ਅਤੇ ਪ੍ਰੋ. ਸੰਤ ਸਿੰਘ ਸੇਖੋਂ ਦੇ ‘ਵਿਸ਼ੇਸ਼’ ਵਿਦਿਆਰਥੀ ਰਹਿ ਚੁੱਕੇ ਸਨ। ਇਸ ਮਾਹੌਲ ਵਿਚ ਹੀ ਮੇਰੇ ਅੰਦਰ ਸਾਹਿਤ ਦੇ ਅਧਿਐਨ ਦੀ ਰੁਚੀ ਪੈਦਾ ਹੋਈ ਜੋ ਬਾਅਦ ਵਿਚ ਸਾਹਿਤਕਾਰ ਬਣਨ ਵਿਚ ਮੇਰੀ ਮਦਦਗਾਰ ਬਣੀ।
ਹੁਣ : ਬਚਪਨ ਦੀ ਕੋਈ ਹੋਰ ਦਿਲਚਸਪ ਅਭੁੱਲ ਯਾਦ, ਜਿਹੜੀ ਹੁਣ ਵੀ ਯਾਦ ਆਉਂਦੀ ਹੈ ਤਾਂ ਤੁਹਾਡੇ ਬੁੱਲਾਂ ‘ਤੇ ਮੁਸਕਰਾਹਟ ਫੈਲ ਜਾਂਦੀ ਹੈ ?
ਤਸਨੀਮ- ਛੋਟੇ ਹੁੰਦਿਆਂ ਹੀ ਮੈਨੂੰ ਘਰ ਵਿਚ ਅਦਬੀ ਮਾਹੌਲ ਮਿਲਿਆ। ਤਾਇਆ ਜੀ, ਪੂਰਨ ਸਿੰਘ ਹੁਨਰ, ਉਰਦੂ ਦੇ ਪ੍ਰਸਿੱਧ ਸ਼ਾਇਰ ਸਨ ਜਿਨ੍ਹਾਂ ਦੀ ਸ਼ਖ਼ਸੀਅਤ ਦਾ ਮੇਰੇ ‘ਤੇ ਬੜਾ ਪ੍ਰਭਾਵ ਸੀ। ਮੈਂ ਅਠਵੀਂ ਜਮਾਤ ਵਿਚ ਸਾਂ ਜਦੋਂ ਚਾਚਾ ਜੀ, ਮਹਿੰਦਰ ਸਿੰਘ ਕੌਸਰ, ਖਾਲਸਾ ਕਾਲਜ ਅੰਮ੍ਰਿਤਸਰ ਵਿਚ ਐਮ.ਏ. (ਇੰਗਲਿਸ਼) ਕਰ ਰਹੇ ਸਨ। ਉਹ ਵੀ ਉਰਦੂ ਵਿਚ ਗ਼ਜ਼ਲਾਂ ਲਿਖਦੇ ਸਨ। ਇਕ ਵਾਰ ਮੈਂ ਦੇਖੋ-ਦੇਖੀ ਉਰਦੂ ਵਿਚ ਕੁਝ ਲਿਖ ਕੇ ਲੈ ਗਿਆ ਅਤੇ ਕੌਸਰ ਸਾਹਿਬ ਨੂੰ ਦਿਖਾਇਆ। ਉਹ ਕਹਿਣ ਲੱਗੇ-ਇਹ ਨਾ ਤਾਂ ਨਜ਼ਮ ਹੈ ਤੇ ਨਾ ਹੀ ਨਸਰ। ਉਸ ਵੇਲੇ ਉਨ੍ਹਾਂ ਕੋਲ ਇਕ ਦੋਸਤ ਬੈਠਾ ਸੀ, ਉਹ ਕਹਿਣ ਲੱਗਾ-‘ਕੋਈ ਗੱਲ ਨਹੀਂ, ਇਸ ਨੇ ਜੋ ਵੀ ਲਿਖਿਆ ਹੈ, ਉਹ ਠੀਕ ਕਰ ਦਿੰਦੇ ਹਾਂ ਪਰ ਇਹਦਾ ਤਖ਼ੱਲਸ ਕੀ ਹੈ?’ ਮੈਂ ਹੈਰਾਨ ਹੋ ਕੇ ਪੁਛਿਆ, ‘ਤਖ਼ੱਲਸ ਕੀ ਹੁੰਦਾ ਹੈ?’ ਉਨ੍ਹਾਂ ਦਾ ਜਵਾਬ ਸੀ, ‘ਤੇਰਾ ਤਖ਼ੱਲਸ ‘ਤਸਨੀਮ’ ਹੋ ਸਕਦਾ ਹੈ ਕਿਉਂਕਿ ਉਰਦੂ ਸ਼ਾਇਰੀ ਵਿਚ ਕੌਸਰੋ-ਤਸਨੀਮ ਦਾ ਬਹੁਤ ਜ਼ਿਕਰ ਆਉਂਦੈ।’ ਬਾਅਦ ਵਿਚ ਪਤਾ ਲੱਗਾ ਕਿ ਬਹਿਸ਼ਤ (ਸਵਰਗ) ਵਿਚ ਤਿੰਨ ਨਹਿਰਾਂ ਹਨ-‘ਕੌਸਰ, ਤਸਨੀਮ ਅਤੇ ਸਲਸਬੀਲ। ‘ਤਸਨੀਮ’ ਦੁੱਧ ਦੀ ਨਹਿਰ ਹੈ।

ਤੁਮ ਨਾ ਹੋਤੇ ਤੋ ਹਮ ਕਿਧਰ ਜਾਤੇ
ਹੁਣ : ਤੁਹਾਡਾ ਵਿਆਹ ਕਿਵੇਂ ਹੋਇਆ, ਮਾਪਿਆਂ ਨੇ ਕਹਿ ਦਿੱਤਾ ਤੇ ਤੁਸੀਂ ਵਿਆਹ ਕਰਵਾ ਲਿਆ ਜਾਂ ਕੋਈ ਦੇਖ ਦਿਖਾਇਆ ਵੀ ਹੋਇਆ ਅਤੇ ਵਿਆਹ ਤੋਂ ਪਹਿਲਾਂ ਕੋਈ ਮੁਲਾਕਾਤ ਵੀ ਹੋਈ?
ਤਸਨੀਮ- ਇਹ ਤਾਂ ਪਤਾ ਸੀ ਕਿ ਇਕ ਦਿਨ ਵਿਆਹ ਕਰਵਾਉਣਾ ਹੈ ਪਰ ਇਹਦੇ ਬਾਰੇ ਕੋਈ ਵਿਉਂਤਬੰਦੀ ਨਹੀਂ ਸੀ ਕੀਤੀ। ਅੰਮ੍ਰਿਤਸਰ ਵਿਚ ਇਕ ਦੋ ਥਾਂ ‘ਤੇ ਨਜ਼ਰ ਟਿਕੀ ਪਰ ਸੁਪਨਮਈ ਅਵਸਥਾ ਵਿਚ। ਸ਼ਿਮਲੇ ਜਾ ਕੇ ਪਹਿਲਾਂ ਤਾਂ ‘ਦੇਖ ਲੇਤੇ ਹੈਂ ਆਹ ਕਰਤੇ ਹੈਂ, ਯਿਹ ਭੀ ਕਈ ਗੁਨਾਹ ਕਰਤੇ ਹੈਂ’ ਵਾਲਾ ਆਲਮ ਰਿਹਾ। ਫੇਰ ਇਕ ਲੜਕੀ ਪਸੰਦ ਆ ਗਈ, ਕੁਝ ਮੁਲਾਕਾਤਾਂ ਹੋਈਆਂ, ਗੱਲ ਜਦੋਂ ਅੱਗੇ ਵਧਣ ਲੱਗੀ ਤਾਂ ਕਈ ਔਕੜਾਂ ਦਾ ਸਾਹਮਣਾ ਕਰਨਾ ਪਿਆ। ਅਖ਼ੀਰ ਮੈਂ ਉਸ ਨੂੰ ਕਹਿ ਦਿੱਤਾ-
ਤੁਮ ਮੇਂ ਹਿੰਮਤ ਹੈ ਤੋ ਦੁਨੀਆ ਸੇ ਬਗ਼ਾਵਤ ਕਰ ਦੋ
ਵਰਨਾ ਮਾਂ ਬਾਪ ਜਹਾਂ ਕਹਿਤੇ ਹੈਂ ਸ਼ਾਦੀ ਕਰ ਲੋ।
ਉਹਦਾ ਤਾਂ ਪਤਾ ਨਹੀਂ ਕੀਤਾ ਬਾਅਦ ਵਿਚ ਪਰ ਮੈਂ ਆਪਣੇ ਮਾਂ-ਬਾਪ ਦੇ ਕਹਿਣ ‘ਤੇ ਸ਼ਾਦੀ ਕਰ ਲਈ। ਸ਼ਾਦੀ ਤੋਂ ਪਹਿਲਾਂ ਮੈਂ ਕੁੜੀ ਦੇਖਣ ਦੀ ਜ਼ਿੱਦ ਕੀਤੀ ਤਾਂ ਘਰ ਦੇ ਕਹਿਣ ਲੱਗੇ ਕਿ ਕੁੜੀ ਤੈਨੂੰ ਦਰਬਾਰ ਸਾਹਿਬ ਵਿਚ ਦੂਰੋਂ ਦਿਖਾ ਦੇਵਾਂਗੇ ਪਰ ਗੱਲਬਾਤ ਦਾ ਮੌਕਾ ਨਹੀਂ ਮਿਲੇਗਾ। ਮੈਂ ਇਹ ਗੱਲ ਵੀ ਮੰਨ ਲਈ, ਇਹ ਸੋਚ ਕੇ ਕਿ ਜੇਕਰ ਨਾ ਚੰਗੀ ਲੱਗੀ ਤਾਂ ਨਾਂਹ ਕਰ ਦਿਆਂਗਾ। ਪਰ ਜਦੋਂ ਮੈਂ ਤਿਆਰ ਹੋ ਕੇ ਦਰਬਾਰ ਸਾਹਿਬ ਜਾਣ ਲੱਗਾ ਤਾਂ ਬਾਊ ਜੀ ਕਹਿਣ ਲੱਗੇ, ‘ਕੁੜੀ ਅਸੀਂ ਦੇਖੀ ਹੋਈ ਹੈ, ਤੇਰੇ ਝਾਈ ਜੀ ਨੂੰ ਬਹੁਤ ਪਸੰਦ ਹੈ ਪਰ ਤੂੰ ਜ਼ਿੱਦ ਕਰ ਰਿਹਾ ਏਂ ਦੇਖਣ ਦੀ, ਦੇਖ ਆ ਪਰ ਨਾਂਹ ਨਾ ਕਰੀਂ। ਇਹ ਸਾਥੋਂ ਬਰਦਾਸ਼ਤ ਨਹੀਂ ਹੋਣੀ।’
ਦਰਬਾਰ ਸਾਹਿਬ ਮੈਂ ਚਲਾ ਗਿਆ। ਮੌਕਾ ਸੰਭਾਲ ਕੇ ਮੈਂ ਉਸ ਕੁੜੀ ਨੂੰ ਦੇਖ ਤਾਂ ਲਿਆ ਪਰ ਮੇਰੇ ਲਈ ਕੋਈ ਵੀ ਫ਼ੈਸਲਾ ਲੈਣਾ ਸੰਭਵ ਨਹੀਂ ਸੀ, ਕਿਉਂਕਿ ਮੇਰੇ ਕੰਨਾਂ ਵਿਚ ਲਗਾਤਾਰ ਇਹ ਆਵਾਜ਼ ਆ ਰਹੀ ਸੀ ਕਿ ‘ਨਾਂਹ ਨਾ ਕਰੀਂ’ ‘ਨਾਂਹ ਨਾ ਕਰੀਂ’। ਸੋ, ਮੈਂ ਨਾਂਹ ਨਾ ਕਰ ਸਕਿਆ। ਨਤੀਜਾ ਇਹ ਹੋਇਆ ਕਿ ਮੈਂ ਹੁਣ ਤਕ ਉਹਦੀ ਹਾਂ ਵਿਚ ਹਾਂ ਮਿਲਾਉਣ ਦੀ ਖ਼ੁਸ਼ੀ ਪ੍ਰਾਪਤ ਕਰ ਰਿਹਾ ਹਾਂ। ਚੰਗੇ ਭਾਗੀਂ ਘਰ ਦਿਆਂ ਦੀ ਪਸੰਦ ਮੇਰੀ ਪਸੰਦ ਵੀ ਸਾਬਤ ਹੋਈ। ਹੁਣ ਤਾਂ ਇੰਜ ਲਗਦਾ ਹੈ-‘ਤੁਮ ਨਾ ਹੋਤੇ ਤੋ ਹਮ ਕਿਧਰ ਜਾਤੇ।’
ਹੁਣ : ਵਿਆਹੁਤਾ ਜੀਵਨ ਦਾ ਕੁਝ ਸਮਾਂ ਤੁਸੀਂ ਸ਼ਿਮਲੇ ਦੀਆਂ ਵਾਦੀਆਂ ਵਿਚ ਗੁਜ਼ਾਰਿਆ। ਨੌਕਰੀ, ਘਰ ਪਰਿਵਾਰ ਦੇ ਨਾਲ ਨਾਲ ਆਪਣੇ ਸਾਹਿਤਕ ਸਫ਼ਰ ਨੂੰ ਜਾਰੀ ਰੱਖਣ ਵਿਚ ਕੁਝ ਤਕਲੀਫ਼ਾਂ ਵੀ ਆਈਆਂ ਹੋਣਗੀਆਂ?
ਤਸਨੀਮ- ਵਿਆਹੁਤਾ ਜੀਵਨ ਕਾਫ਼ੀ ਹੱਦ ਤੀਕ ਸੁਖਾਲਾ ਰਿਹਾ। ਸ਼ਿਮਲੇ ਪਹੁੰਚ ਕੇ ਖ਼ੁਸ਼ਗਵਾਰ ਮੌਸਮ ਵਿਚ ਜੀਵਨ ਦੇ ਆਨੰਦਮਈ ਹੋਣ ਦਾ ਅਹਿਸਾਸ ਹੋਇਆ। ਹੌਲੀ ਹੌਲੀ ਕੁਝ ਆਰਥਕ ਮਜਬੂਰੀਆਂ ਪੇਸ਼ ਆਈਆਂ ਪਰ ਅਸੀਂ ਖਿੜੇ ਮੱਥੇ ਆਪਣੇ ਜੀਵਨ ਪੰਧ ‘ਤੇ ਚਲਦੇ ਰਹੇ। ਵਿਆਹ 1955 ਵਿਚ ਹੋਇਆ ਅਤੇ ਤਿੰਨਾਂ ਸਾਲਾਂ ਵਿਚ ਸਾਡੇ ਘਰ ਦੋ ਬੇਟੀਆਂ ਹੋ ਗਈਆਂ। ਇਸ ਤੋਂ ਬਾਅਦ ਸਾਨੂੰ ਦੋਹਾਂ ਨੂੰ ਆਹਰ ਮਿਲ ਗਿਆ ਕਿ ਇਨ੍ਹਾਂ ਦੇ ਪਾਲਣ ਪੋਸਣ ਵੱਲ ਪੂਰਾ ਧਿਆਨ ਦੇਈਏ। ਜ਼ਿੰਦਗੀ ਜਿਵੇਂ ਛੋਟੀ ਲਾਈਨ ਤੋਂ ਵੱਡੀ ਲਾਈਨ ‘ਤੇ ਆ ਗਈ ਹੋਵੇ ਅਤੇ ਸਾਡੀ ਜ਼ਿੰਮੇਵਾਰੀ ਵੱਧ ਗਈ ਹੋਵੇ। ਉਦੋਂ ਜ਼ਿਹਨੀ ਤੌਰ ‘ਤੇ ਮੈਨੂੰ ਸੰਤੁਸ਼ਟੀ ਵੀ ਮਿਲੀ। ਫਲਸਵਰੂਪ ਮੈਂ ਪਹਿਲਾਂ ਉਰਦੂ ਨਾਵਲ ‘ਸੋਗਵਾਰ’ (1959) ਦੀ ਰਚਨਾ ਕੀਤੀ ਅਤੇ ਇਸ ਦੀ ਪ੍ਰਸ਼ੰਸਾ ਹੋਣ ਮਗਰੋਂ ਮੈਂ ਦੂਸਰਾ ਉਰਦੂ ਨਾਵਲ ‘ਮੋਨਾਲਿਜ਼ਾ’ (1961) ਲਿਖਿਆ।
ਮੇਰੀ ਇਹ ਪੁਰਾਣੀ ਖਾਹਿਸ਼ ਸੀ ਕਿ ਮੈਂ ਐਮ.ਏ. (ਇੰਗਰਲਿਸ਼) ਕਰ ਕੇ ਕਾਲਜ ਲੈਕਚਰਾਰ ਬਣ ਜਾਵਾਂ। ਉਦੋਂ ਮੇਰੀ ਪਤਨੀ ਇਸ ਗੱਲ ਦੇ ਹੱਕ ਵਿਚ ਨਹੀਂ ਸੀ ਕਿ ਮੈਂ ਸਰਕਾਰੀ ਸਰਵਿਸ ਛੱਡ ਕੇ ਨਵੇਂ ਸਿਰਿਓਂ ਕੋਈ ਹੋਰ ਕਿੱਤਾ ਅਖ਼ਤਿਆਰ ਕਰਾਂ। ਪਰ ਮੇਰੇ ਜਜ਼ਬੇ ਦੀ ਕਦਰ ਕਰਦਿਆਂ ਉਹ ਮੇਰੇ ਫ਼ੈਸਲੇ ਪ੍ਰਤੀ ਰਜ਼ਾਮੰਦ ਹੋ ਗਈ। ਐਮ.ਏ. (ਇੰਗਲਿਸ਼) ਮੈਂ 1961 ਵਿਚ ਕਰ ਲਈ ਅਤੇ ਉਸੇ ਸਾਲ ਸਾਡੇ ਘਰ ਵਿਚ ਬੇਟੇ ਨੇ ਜਨਮ ਲਿਆ।
ਬਹੁਤ ਵੱਡਾ ਫ਼ੈਸਲਾ ਸੀ ਮੇਰਾ ਕਿ ਮੈਂ ਸੈਂਟਰਲ ਗੌਰਮਿੰਟ ਦੀ ਦਸ ਸਾਲ ਦੀ ਸਰਵਿਸ ਛੱਡ ਕੇ ਇਕ ਪ੍ਰਾਈਵੇਟ ਕਾਲਜ ਵਿਚ ਲੈਕਚਰਾਰ ਲੱਗ ਗਿਆ ਸੀ। ਮੈਨੂੰ ਹਾਲੀ ਤਕ ਉਹ ਸਵੇਰ ਯਾਦ ਹੈ ਜਦੋਂ ਆਪਣੇ ਪਰਿਵਾਰ ਸਮੇਤ ਮੈਂ ਸ਼ਿਮਲੇ ਤੋਂ ਅੰਮ੍ਰਿਤਸਰ ਜਾਣ ਵਾਲੀ ਕਾਲਕਾ ਮੇਲ ਵਿਚੋਂ ਫਗਵਾੜਾ ਸਟੇਸ਼ਨ ‘ਤੇ ਉਤਰਿਆ ਸੀ। ਉਦੋਂ ਫੁਟਕਲ ਘਰੇਲੂ ਸਾਮਾਨ ਤੋਂ ਇਲਾਵਾ, ਮੇਰੇ ਨਾਲ ਮੇਰੀ ਪਤਨੀ, ਤਿੰਨ ਬੱਚੇ ਅਤੇ ਦੋ ਉਰਦੂ ਨਾਵਲ ਸਨ। ਇਹ ਵੱਖਰੀ ਗੱਲ ਹੈ ਕਿ ਰਾਮਗੜ੍ਹੀਆ ਆਰਟਸ ਕਾਲਜ, ਫਗਵਾੜਾ ਵਿਚ ਸਿਰਫ਼ ਇਕ ਸਾਲ ਪੜ੍ਹਾਇਆ ਅਤੇ ਅਗਲੇ ਸਾਲ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵਲੋਂ ਬਤੌਰ ਲੈਕਚਰਾਰ-ਇਨ-ਇੰਗਲਿਸ਼ ਸਿਲੈਕਟ ਹੋਣ ਮਗਰੋਂ ਸਰਕਾਰੀ ਕਾਲਜ ਮੁਕਤਸਰ ਵਿਚ ਜੁਆਇਨਿੰਗ ਰਿਪੋਰਟ ਦੇ ਦਿੱਤੀ। ਇਸ ਤੋਂ ਬਾਅਦ ਮੈਂ ਅੰਗਰੇਜ਼ੀ ਦੇ ਨਾਲ ਨਾਲ ਪੰਜਾਬੀ ਵਿਚ ਵੀ ਲਿਖਣਾ ਸ਼ੁਰੂ ਕਰ ਦਿੱਤਾ। ਉਰਦੂ ਨਾਲ ਮੇਰਾ ਮੋਹ ਰਿਹਾ, ਉਸ ਨੂੰ ਪੜ੍ਹਦੇ ਰਹਿਣ ਤਕ ਪਰ ਉਸ ਵਿਚ ਲਿਖਣ ਦਾ ਕਾਰਜ ਸਮਾਪਤ ਹੋ ਗਿਆ।

ਆਲੋਚਨਾ ਦਾ ਜੁਆਬ
ਹੁਣ : ਕੁਝ ਪੰਜਾਬੀ ਕਵੀਆਂ ਬਾਰੇ ਤੁਸੀਂ ਅੰਗਰੇਜ਼ੀ ਵਿਚ ਆਲੋਚਨਾਤਮਕ ਲੇਖ ਵੀ ਲਿਖੇ, ਜਿਹੜੇ ਤੁਸਾਂ ਆਪਣੀਆਂ ਪੁਸਤਕਾਂ ‘ਦਿ ਕੰਟੂਰਜ਼ ਆਫ਼ ਪੰਜਾਬੀ ਪੋਇਟਰੀ’ ਅਤੇ ‘ਐਟ ਦਿ ਕਰਾਸਰੋਡਜ਼’ ਵਿਚ ਛਾਪੇ। ਕਿਹੜੇ ਕਿਹੜੇ ਕਵੀ ਹਨ ਉਹ ਅਤੇ ਉਨ੍ਹਾਂ ਦੀ ਚੋਣ ਦਾ ਆਧਾਰ ਕੀ ਸੀ। ਕੀ ਕੁਝ ਦੋਸਤੀਆਂ ਵੀ ਪਾਲ਼ੀਆਂ?
ਤਸਨੀਮ- ਹੋਇਆ ਇੰਜ ਕਿ ਸ਼ ਮੁਬਾਰਕ ਸਿੰਘ ਹੋਰਾਂ ਨੇ ਅੰਮ੍ਰਿਤਸਰ ਤੋਂ ‘ਆਰਟ ਆਫ਼ ਲਿਵਿੰਗ’ ਨਾਂ ਦਾ ਅੰਗਰੇਜ਼ੀ ਵਿਚ ਮਾਸਿਕ ਜਾਰੀ ਕੀਤਾ। ਮੈਂ 1974 ਵਿਚ ਗੌਰਮਿੰਟ ਕਾਲਜ, ਫ਼ਰੀਦਕੋਟ ਤੋਂ ਗੌਰਮਿੰਟ ਕਾਲਜ, ਕਪੂਰਥਲੇ ਆ ਗਿਆ ਤਾਂ ਮੁਬਾਰਕ ਸਿੰਘ ਦੀ ਫ਼ਰਮਾਇਸ਼ ‘ਤੇ ਉਸ ਪਰਚੇ ਲਈ ਮੈਂ ਪੰਜਾਬੀ ਦੇ ਉੱਘੇ ਕਵੀਆਂ ਜਿਵੇਂ ਕਿ ਪ੍ਰੋ. ਮੋਹਨ ਸਿੰਘ ਅਤੇ ਅੰਮ੍ਰਿਤਾ ਪ੍ਰੀਤਮ ਬਾਰੇ ਲੇਖ ਲਿਖੇ ਜੋ ਬਹੁਤ ਪਸੰਦ ਕੀਤੇ ਗਏ। ਆਉਂਦੇ ਅੰਕਾਂ ਵਿਚ ਮੈਂ ਈਸ਼ਵਰ ਚਿਤਰਕਾਰ, ਪ੍ਰਭਜੋਤ ਕੌਰ, ਸ਼ਿਵ ਕੁਮਾਰ, ਸ਼ਸ਼ ਮੀਸ਼ਾ ਅਤੇ ਅਮਰੀਕ ਸਿੰਘ ਪੂਨੀ ਬਾਰੇ ਲਿਖਿਆ। ਇਸ ਤੋਂ ਬਾਅਦ ਪੰਜਾਬੀ ਦੇ ਕੁਝ ਕਵੀਆਂ ਦੇ ਗਿਲੇ ਸ਼ਿਕਵੇ ਆਉਣੇ ਸ਼ੁਰੂ ਹੋ ਗਏ ਕਿ ਮੈਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਰਿਹਾ ਹਾਂ। ਏਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ, ਉਨ੍ਹਾਂ ਬਾਰੇ ਮੈਂ ਵਾਰੀ ਸਿਰ ਲਿਖਣਾ ਸੀ। ਦੋਸਤੀਆਂ ਏਨੀਆਂ ਕੁ ਪਾਲੀਆਂ ਕਿ ਉਨ੍ਹਾਂ ਦੋ ਤਿੰਨਾਂ ਕਵੀਆਂ ਬਾਰੇ ਪਹਿਲਾਂ ਲਿਖ ਦਿੱਤਾ, ਉਂਜ ਕਿਸੇ ਕਿਸਮ ਦਾ ਲਿਹਾਜ਼ ਨਹੀਂ ਸੀ ਕੀਤਾ। ‘ਆਰਟ ਆਫ਼ ਲਿਵਿੰਗ’ ਤੋਂ ਇਲਾਵਾ ਵੀ ਮੇਰੇ ਪੰਜਾਬੀ ਕਵੀਆਂ ਬਾਰੇ ਲੇਖ ‘ਦਿ ਟ੍ਰਿਬਿਊਨ’ ਅਤੇ ‘ਦਿ ਇੰਡੀਅਨ ਐਕਸਪ੍ਰੈੱਸ’ ਵਿਚ ਛਪਦੇ ਰਹੇ। ਉਨ੍ਹਾਂ ਵਿਚੋਂ ਕੁਝ ਕਵੀ ਹਨ-ਸੂਬਾ ਸਿੰਘ, ਡਾ. ਦਲਜੀਤ ਸਿੰਘ, ਸੁਰਜੀਤ ਪਾਤਰ, ਇੰਦਰਜੀਤ ਹਸਨਪੁਰੀ, ਸੁਖਵਿੰਦਰ ਅੰਮ੍ਰਿਤ, ਅਮਰ ਜਿਯੋਤੀ, ਗੁਰਭਜਨ ਗਿੱਲ, ਜਸਵੰਤ ਜ਼ਫ਼ਰ, ਵਰਿੰਦਰ ਪਰਿਹਾਰ, ਸ਼ਰਨ ਮੱਕੜ, ਮਨਜੀਤ ਟਿਵਾਣਾ, ਕੁਲਦੀਪ ਕਲਪਨਾ ਆਦਿ।
ਹੁਣ : ਤੁਹਾਡਾ ਨਾਵਲ ‘ਇਕ ਹੋਰ ਨਵਾਂ ਸਾਲ’ ਰਿਕਸ਼ਾ ਚਾਲਕ ਬਾਰੇ ਹੈ। ਇਸ ਨਾਵਲ ਦੀ ਵਿਉਂਤਬੰਦੀ ਪਿੱਛੇ ਕੀ ਸੋਚ ਕੰਮ ਕਰ ਰਹੀ ਸੀ। ਕੀ ਉਨ੍ਹੀਂ ਦਿਨੀਂ ਤੁਸੀਂ ਆਪਣੀ ਹੋ ਰਹੀ ਤਿੱਖੀ ਕਿਸਮ ਦੀ ਆਲੋਚਨਾ ਦਾ ਜੁਆਬ ਦੇਣ ਦੇ ਤਰਦਦ ਵਜੋਂ ਤਾਂ ਇਹ ਨਾਵਲ ਨਹੀਂ ਲਿਖਿਆ?
ਤਸਨੀਮ- ਤੁਹਾਡੇ ਸਵਾਲ ਦੇ ਦੂਸਰੇ ਹਿੱਸੇ ਦਾ ਜਵਾਬ ਪਹਿਲਾਂ ਦੇ ਰਿਹਾ ਹਾਂ। ਅਖੌਤੀ, ‘ਤਿੱਖੀ ਕਿਸਮ ਦੀ ਆਲੋਚਨਾ’ ਦਾ ਜੇਕਰ ਮੈਂ ਕੋਈ ਜਵਾਬ ਦਿੱਤਾ ਤਾਂ ਆਪਣੇ ਨਾਵਲ ‘ਜਦੋਂ ਸਵੇਰ ਹੋਈ’ ਵਿਚ। ਉਦੋਂ ਤਕ ਮੈਂ ਪੰਜ ਨਾਵਲ ਲਿਖ ਚੁੱਕਾ ਸੀ ਜਦੋਂ ਮੈਨੂੰ ਇਸ ਗੱਲ ਦਾ ਤੀਬਰ ਅਹਿਸਾਸ ਹੋਇਆ ਕਿ ਪੰਜਾਬੀ ਦੇ ਬਹੁਤੇ ਪਾਠਕ ਇਕ ਤੋਰ ਚੱਲਣ ਵਾਲੀ ਕਹਾਣੀ ਪਸੰਦ ਕਰਦੇ ਹਨ। ਸੋ, ਮੈਂ ‘ਜਦੋਂ ਸਵੇਰ ਹੋਈ’ ਵਿਚ ਇਕ ਤੋਰ ਚੱਲਣ ਵਾਲੀ ਕਹਾਣੀ ਪੇਸ਼ ਕੀਤੀ। ਇਹ ਨਾਵਲ 1977 ਵਿਚ ਛਪਿਆ ਅਤੇ ਉਸੇ ਸਾਲ ਗਿਆਨੀ ਵਿਚ ਲੱਗ ਗਿਆ। ਆਉਂਦੇ ਸਾਲਾਂ ਵਿਚ ਮੇਰਾ ਇਹ ਨਾਵਲ ਬੀ.ਏ. ਫਾਈਨਲ ਲਾਜ਼ਮੀ ਪੰਜਾਬੀ ਅਤੇ ਐਮ.ਏ. (ਪੰਜਾਬੀ) ਵਿਚ ਕਈ ਸਾਲ ਨਿਰਧਾਰਤ ਹੁੰਦਾ ਰਿਹਾ। ਏਥੋਂ ਤਕ ਕਿ ਦਿੱਲੀ ਯੂਨੀਵਰਸਿਟੀ ਨੇ ਇਸ ਨਾਵਲ ਨੂੰ ਬੀ.ਏ. (ਪਾਰਟ ਟੂ) ਅਤੇ ਬਾਅਦ ਵਿਚ ਬੀ.ਕਾਮ (ਪਾਰਟ ਟੂ) ਦੇ ਸਿਲੇਬਸਾਂ ਵਿਚ ਕਈ ਦਹਾਕੇ ਸ਼ਾਮਲ ਰੱਖਿਆ।
‘ਇਕ ਹੋਰ ਨਵਾਂ ਸਾਲ’ ਦੀ ਦਾਸਤਾਨ ਵੱਖਰੀ ਹੈ। ਇਹ ਦਸੰਬਰ 1973 ਦੇ ਆਖ਼ਰੀ ਦਿਨਾਂ ਦੀ ਗੱਲ ਹੈ। ਬ੍ਰਿਜਿੰਦਰਾ ਕਾਲਜ, ਫ਼ਰੀਦਕੋਟ ਵਿਚ ਵਿੰਟਰ-ਬਰੇਕ ਹੋਣ ਕਰ ਕੇ ਮੈਂ ਆਪਣੇ ਘਰ ਅੰਮ੍ਰਿਤਸਰ ਆ ਗਿਆ ਸੀ। ਉਨ੍ਹੀਂ ਦਿਨੀਂ ਸਵੇਰ ਤੋਂ ਹੀ ਸੰਘਣੀ ਧੁੰਦ ਹੋਣ ਕਰ ਕੇ ਸੂਰਜ ਨਜ਼ਰ ਨਹੀਂ ਸੀ ਆਉਂਦਾ। ਏਥੋਂ ਤਕ ਕਿ ਅਕਸਰ ਇਸ ਦੀ ਰੌਸ਼ਨੀ ਦੁਪਹਿਰੇ ਇਕ-ਦੋ ਵਜੇ ਤੋਂ ਬਾਅਦ ਫੈਲਦੀ। ਸ਼ਾਮੀਂ ਚਾਰ ਵਜੇ ਸੰਘਣੀ ਧੁੰਦ ਫੇਰ ਛਾ ਜਾਂਦੀ। ਨਤੀਜੇ ਵਜੋਂ ਹੋਰਨਾਂ ਤੋਂ ਇਲਾਵਾ, ਰਿਕਸ਼ਾ ਚਾਲਕ ਖ਼ਾਸ ਕਰ ਕੇ ਮੁਸੀਬਤ ਵਿਚ ਫੱਸ ਗਏ ਕਿਉਂਕਿ ਸਵਾਰੀਆਂ ਨਹੀਂ ਸਨ ਮਿਲਦੀਆਂ ਅਤੇ ਫ਼ਾਕੇ ਕੱਟਣੇ ਪੈ ਰਹੇ ਸਨ।
ਪਹਿਲੀ ਜਨਵਰੀ 1974 ਨੂੰ ਮੈਂ ਸਵੇਰੇ ਬਾਰ੍ਹਾਂ ਕੁ ਵਜੇ ਆਪਣੀ ਗਲੀ ਵਿਚੋਂ ਨਿਕਲ ਕੇ ਹਾਥੀ ਗੇਟ ਵੱਲ ਚਲ ਪਿਆ ਤਾਂ ਜੋ ਮੈਂ ਨੇੜੇ ਹੀ ਪੌੜੀਆਂ ਵਾਲੇ ਪੁਲ ਕੋਲ ਆਪਣੇ ਮਿੱਤਰ ਨੂੰ ਮਿਲ ਆਵਾਂ। ਹਾਥੀ ਗੇਟ ਦੇ ਮੈਂ ਜਦੋਂ ਨੇੜੇ ਪੁੱਜਾ ਤਾਂ ਅੱਠ-ਦੱਸ ਰਿਕਸਾ ਵਾਲੇ ਆਪਣੇ ਰਿਕਸੇ ਖਿੱਚਦੇ ਹੋਏ ਮੇਰੇ ਲਾਗੇ ਆਣ ਖਲੋਤੇ। ਮੈਂ ਬਹੁਤ ਨੇੜੇ ਜਾਣਾ ਸੀ, ਇਸ ਲਈ ਰਿਕਸ਼ੇ ਦੀ ਮੈਨੂੰ ਉੱਕਾ ਹੀ ਲੋੜ ਨਹੀਂ ਸੀ। ਮੈਂ ਉਸ ਘੇਰੇ ਵਿਚੋਂ ਨਿਕਲ ਕੇ ਜਦੋਂ ਹਾਥੀ ਗੇਟ ਦੇ ਬਾਹਰ-ਵਾਰ ਆਇਆ ਤਾਂ ਦਸ-ਪੰਦਰਾਂ ਰਿਕਸ਼ੇ ਵਾਲੇ, ਆਪਣੇ ਆਪਣੇ ਰਿਕਸ਼ੇ ਇਕ ਲੰਮੀ ਕਤਾਰ ਵਿਚ ਲਗਾ ਕੇ ਹੈਂਡਲਾਂ ਕੋਲ ਖੜੇ ਸਨ। ਮੈਂ ਜਿਉਂ ਜਿਉਂ ਉਨ੍ਹਾਂ ਦੇ ਅੱਗੋਂ ਲੰਘਦਾ ਗਿਆ, ਮੇਰੇ ਮਨ ਵਿਚ ਖਲਬਲੀ ਮਚਦੀ ਗਈ। ਉਥੋਂ ਨਿਕਲ ਕੇ ਮੈਂ ਪੌੜੀਆਂ ਵਾਲੇ ਪੁਲ ਨੂੰ ਹੋ ਗਿਆ। ਉਥੇ ਪਹੁੰਚਣ ਵਿਚ ਮੈਨੂੰ ਪੈਦਲ ਦਸ ਕੁ ਮਿੰਟ ਹੀ ਲਗਣੇ ਸਨ। ਉਸ ਥੋੜ੍ਹੇ ਸਮੇਂ ਵਿਚ ਹੀ ਇਸ ਨਾਵਲ ਦਾ ਖ਼ਾਕਾ ਮੇਰੇ ਮਨ ਵਿਚ ਉਲੀਕਿਆ ਗਿਆ। ਅਗਲੇ ਦਿਨ 2 ਜਨਵਰੀ 1974 ਨੂੰ ਫ਼ਰੀਦਕੋਟ ਜਾ ਕੇ ਮੈਂ ਆਪਣਾ ਨਾਵਲ ‘ਇਕ ਹੋਰ ਨਵਾਂ ਸਾਲ’ ਹਫ਼ਤੇ ਦਸਾਂ ਦਿਨਾਂ ਵਿਚ ਹੀ ਮੁਕੰਮਲ ਕਰ ਲਿਆ। ਉਸੇ ਸਾਲ ਸਤੰਬਰ ਵਿਚ ਇਹ ਮਾਸਿਕ ‘ਦ੍ਰਿਸ਼ਟੀ’ ਜਲੰਧਰ ਵਿਚ ਪ੍ਰਕਾਸ਼ਤ ਹੋ ਗਿਆ ਅਤੇ ਭਾਅ ਜੀ ਗੁਰਸ਼ਰਨ ਨੇ ਦਸੰਬਰ ਵਿਚ ਇਸ ਨੂੰ ਕਿਤਾਬੀ ਸੂਰਤ ਵਿਚ ਪੇਸ਼ ਕਰ ਦਿੱਤਾ।
ਹੁਣ : ਤੁਸੀਂ ਨਾਵਲ ਵੀ ਲਿਖੇ ਤੇ ਆਲੋਚਨਾਤਮਕ ਲੇਖ ਵੀ। ਤੁਹਾਨੂੰ ਦੋਹਾਂ ਵਿਚੋਂ ਕਿਹੜਾ ਕਾਰਜ ਸੌਖਾ ਲਗਦੈ?
ਤਸਨੀਮ- ਮੂਲ ਰੂਪ ਵਿਚ ਮੈਂ ਨਾਵਲਕਾਰ ਹੀ ਹਾਂ। ਮੇਰੇ ਨਾਵਲਾਂ ਨੂੰ ਚੰਗਾ ਹੁੰਗਾਰਾ ਬੇਸ਼ੱਕ ਕੁਝ ਸਮਾਂ ਪਾ ਕੇ ਮਿਲਿਆ ਪਰ ਜਦੋਂ ਮਿਲਿਆ ਤਾਂ ਮੇਰੇ ਨਾਵਲ ਜਿਵੇਂ ਕਿ ‘ਰੇਤ ਛਲ’, ‘ਇਕ ਹੋਰ ਨਵਾਂ ਸਾਲ’, ‘ਜਦੋਂ ਸਵੇਰ ਹੋਈ’ ਅਤੇ ‘ਗਵਾਚੇ ਅਰਥ’, ਸਕੂਲਾਂ ਅਤੇ ਕਾਲਜਾਂ ਵਿਚ ਪੜ੍ਹਾਏ ਜਾਣ ਲੱਗੇ। ਸਿਰਫ਼ ਪੰਜਾਬ ਵਿਚ ਹੀ ਨਹੀਂ, ਸਗੋਂ ਦਿੱਲੀ, ਕੁਰਕੂਸ਼ੇਤਰਾ ਅਤੇ ਜੰਮੂ ਦੀਆਂ ਯੂਨੀਵਰਸਿਟੀਆਂ ਨੇ ਵੀ ਇਨ੍ਹਾਂ ਦੀ ਕਦਰ ਪਾਈ। ਮੇਰੇ ਨਾਵਲਾਂ ਬਾਰੇ ਅਨੇਕਾਂ ਖੋਜ ਪ੍ਰਬੰਧ ਲਿਖੇ ਜਾ ਚੁੱਕੇ ਹਨ ਅਤੇ ਲਿਖੇ ਜਾ ਰਹੇ ਹਨ। ਭਾਰਤੀ ਸਾਹਿਤ ਅਕਾਦਮੀ, ਨਵੀਂ ਦਿੱਲੀ ਵਲੋਂ ਸਨਮਾਨਤ ਨਾਵਲ ‘ਗਵਾਚੇ ਅਰਥ’ ਭਾਰਤ ਦੀਆਂ ਸੱਤ ਅੱਠ ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕਾ ਹੈ ਅਤੇ ਬਾਕੀ ਦੀਆਂ 24 ਪ੍ਰਮਾਣਤ ਭਾਸ਼ਾਵਾਂ ਵਿਚ ਅਨੁਵਾਦ ਹੋ ਰਿਹਾ ਹੈ। ਇੰਜ ਹੀ ਨੈਸ਼ਨਲ ਬੁੱਕ ਟਰੱਸਟ, ਇੰਡੀਆ ਨੇ ਮੇਰੇ ਨਾਵਲ, ‘ਤਲਾਸ਼ ਹੋਈ ਸਦੀਵੀ’, ਨੂੰ ਹਿੰਦੀ, ਉਰਦੂ ਅਤੇ ਕੁਝ ਹੋਰ ਭਾਸ਼ਾਵਾਂ ਵਿਚ ਅਨੁਵਾਦ ਕਰਵਾ ਲਿਆ ਹੈ ਅਤੇ ਕੁੱਲ 18 ਭਾਰਤੀ ਭਾਸ਼ਾਵਾਂ ਵਿਚ ਇਸ ਦਾ ਅਨੁਵਾਦ ਹੋਏਗਾ। ਨਾਵਲਕਾਰੀ ਨੇ ਹੀ ਮੈਨੂੰ ਨਾਵਲ ਪ੍ਰਤੀ ਆਲੋਚਕ ਬਣਾਇਆ ਹੈ, ਇਸ ਸਿਲਸਿਲੇ ਵਿਚ ਵੀ ਮੇਰਾ ਯੋਗਦਾਨ ਅਣਗੌਲਿਆ ਨਹੀਂ ਹੈ।
ਹੁਣ : ਤੁਸੀਂ ਨਾਵਲਕਾਰ ਵੀ ਹੋ ਤੇ ਆਲੋਚਕ ਵੀ। ਤੁਹਾਡੇ ਨਾਵਲਾਂ ਦੀ ਵੀ ਆਲੋਚਨਾ ਹੁੰਦੀ ਰਹੀ ਹੈ, ਤੁਸੀਂ ਉਸ ਨੂੰ ਕਿਸ ਰੂਪ ਵਿਚ ਲਿਆ?
ਤਸਨੀਮ- ਪੰਜਾਬੀ ਆਲੋਚਕ ਕਿਸੇ ਸਾਹਿਤਕਾਰ ਨੂੰ ਬਹੁਤਾ ਨਿੰਦਦੇ ਨਹੀਂ, ਉਂਜ ਉਹ ਆਪਣੀ ਪਸੰਦ ਦੇ ਲੇਖਕਾਂ ਅਤੇ ਕਵੀਆਂ ਦੀ ਲੋੜੋਂ ਵੱਧ ਤਾਰੀਫ਼ ਕਰ ਜਾਂਦੇ ਹਨ। ਆਪਣੀ ਗੱਲ ਕਰਾਂ ਤਾਂ ਮੇਰੇ ਨਾਵਲਾਂ ਦੀ ਆਲੋਚਨਾ ਹੁੰਦੀ ਰਹੀ ਹੈ, ਸਿਰਫ਼ ਇਸ ਕਰ ਕੇ ਕਿ ਮੈਂ ਸ਼ਹਿਰੀ ਮੱਧ ਵਰਗ ਦੀਆਂ ਸਮੱਸਿਆਵਾਂ ਨੂੰ ਆਪਣੇ ਨਾਵਲਾਂ ਦਾ ਵਿਸ਼ਾ ਬਣਾਇਆ ਹੈ। ਜਾਂ ਫਿਰ ਇਸ ਕਰ ਕੇ ਕਿ ਮੈਂ ਪੰਜਾਬੀ ਨਾਵਲ ਦੀ ਬਿਰਤਾਂਤਕ ਪਰੰਪਰਾ ਤੋਂ ਹਟ ਕੇ ਆਪਣੇ ਬਿਰਤਾਂਤ ਵਿਚ ਚੇਤਨਤਾ ਪ੍ਰਵਾਹ ਤਕਨੀਕ ਦੀ ਵਰਤੋਂ ਕੀਤੀ ਹੈ। ਉਦੋਂ ਮੈਂ ਮਹਿਸੂਸ ਕੀਤਾ ਕਿ ਮੈਨੂੰ ਆਧੁਨਿਕ ਪ੍ਰਵਿਰਤੀਆਂ ਬਾਰੇ ਪੰਜਾਬੀ ਪਾਠਕਾਂ ਅਤੇ ਆਲੋਚਕਾਂ ਨਾਲ ਸੰਵਾਦ ਰਚਾਉਣਾ ਚਾਹੀਦਾ ਹੈ ਤਾਂ ਜੋ ਕੁਝ ਭੁਲੇਖੇ ਦੂਰ ਹੋ ਜਾਣ। ਇਸ ਮਨੋਰਥ ਨਾਲ ਮੈਂ ਦੋ ਆਲੋਚਨਾਤਮਕ ਲੇਖ ਜਿਵੇਂ ਕਿ ‘ਪਰੰਪਰਾਗਤ ਨਾਵਲ ਤੋਂ ਚੇਤਨਤਾ-ਪ੍ਰਵਾਹ ਨਾਵਲ ਤਕ’ ਅਤੇ ‘ਨਾਵਲ ਦਾ ਰੂਪ-ਵਿਧਾਨ ਅਤੇ ਤਕਨੀਕ’ ਲਿਖੇ ਜੋ ਫ਼ਰੀਦਕੋਟ ਤੋਂ ਪ੍ਰਕਾਸ਼ਤ ਹੁੰਦੇ ਤ੍ਰੈਮਾਸਿਕ ‘ਸੁਚੇਤਨਾ’ ਵਿਚ ਕ੍ਰਮਵਾਰ 1971 ਅਤੇ 1972 ਵਿਚ ਛਪੇ। ਇਨ੍ਹਾਂ ਨਾਲ ਪਤਾ ਨਹੀਂ ਕਿੰਨਾ ਕੁ ਫ਼ਰਕ ਪਿਆ ਪਰ ਮੈਂ ਨਾਵਲਕਾਰ ਹੋਣ ਦੇ ਨਾਲ ਆਲੋਚਕ ਬਣਨ ਦਾ ਭਰਮ ਪਾਲ ਲਿਆ।
ਹੁਣ : ਕਦੇ ਕਿਸੇ ਆਲੋਚਕ ਨਾਲ ਸਿੰਗ ਵੀ ਫਸੇ?
ਤਸਨੀਮ- ਹਾਂ, ਇਕ ਆਲੋਚਕ ਨਾਲ ਬਦੋਬਦੀ ਸਿੰਗ ਫਸ ਗਏ। ਫ਼ਰੀਦਕੋਟ ਰਹਿੰਦੇ ਹੋਏ, ਪ੍ਰੋæ ਕਰਮਜੀਤ ਸਿੰਘ ਨਾਲ ਮੇਰੀ ਨੇੜਤਾ ਹੋ ਗਈ। ਉਹਦੇ ਨਾਲ ਮੈਂ ਇਕ ਵਾਰ ਜੋਗਿੰਦਰ ਸਿੰਘ ਰਾਹੀ ਨੂੰ 1969 ਵਿਚ ਅੰਮ੍ਰਿਤਸਰ ਵਿਚ ਉਸ ਦੇ ਘਰ ਮਿਲਿਆ। ਉਹ ਉਦੋਂ ਡੀæਏæਵੀæ ਕਾਲਜ ਵਿਚ ਪੰਜਾਬੀ ਦਾ ਲੈਕਚਰਾਰ ਸੀ। ਗੱਲਾਂ ਗੱਲਾਂ ਵਿਚ ਪ੍ਰੋæ ਕਰਮਜੀਤ  ਨੇ ਪ੍ਰੋæ ਰਾਹੀ ਨੂੰ ਸੁਝਾਅ ਦਿੱਤਾ ਕਿ ਉਹ ਪੰਜਾਬੀ ਨਾਵਲ ਦੀ ਆਲੋਚਨਾ ਵਿਚ ਦਿਲਚਸਪੀ ਲਵੇ ਕਿਉਂਕਿ ਇਸ ਖੇਤਰ ਵਿਚ ਆਲੋਚਕਾਂ ਦੀ ਘਾਟ ਹੈ। ਪ੍ਰੋæ ਰਾਹੀ ਨੇ ਪੁੱਛਿਆ, ‘ਕਿਸ ਨਾਵਲਕਾਰ ਤੋਂ ਸ਼ੁਰੂ ਕਰਾਂ?’ ਪ੍ਰੋæ ਕਰਮਜੀਤ ਸਿੰਘ ਨੇ ਜਵਾਬ ਦਿੱਤਾ, ‘ਇਹ ਤੁਹਾਡੇ ਕੋਲ ਬੈਠੇ ਹੋਏ ਨੇ, ਨਰਿੰਜਨ ਤਸਨੀਮ, ਇਨ੍ਹਾਂ ਦਾ ਚੌਥਾ ਨਾਵਲ ‘ਰੇਤ ਛਲ’ ਹੁਣੇ ਹੁਣੇ ਪ੍ਰਕਾਸ਼ਤ ਹੋਇਆ ਹੈ। ਇਸ ਨਾਵਲ ਬਾਰੇ ਆਲਚੋਨਾਤਮਕ ਲੇਖ ਲਿਖ ਦਿਓ।’ ਸੋ, ਦਿਨਾਂ ਵਿਚ ਹੀ ਉਸ ਨੇ ਲੇਖ ਲਿਖ ਦਿੱਤਾ ਜੋ ‘ਸੁਚੇਤਨਾ’ ਵਿਚ ਪ੍ਰਕਾਸ਼ਤ ਹੋ ਗਿਆ। ਡੀæਏæਵੀæ ਕਾਲਜ, ਅੰਮ੍ਰਿਤਸਰ ਤੋਂ ਪ੍ਰੋæ ਰਾਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਆ ਗਿਆ ਅਤੇ ਐਮæਏæ (ਪੰਜਾਬੀ) ਦੀਆਂ ਕਲਾਸਾਂ ਪੜ੍ਹਾਉਣ ਲੱਗ ਗਿਆ। ਉਦੋਂ ਕਿਤੇ ਉਸ ਦੀ ਨਜ਼ਰ ਗੁਰਦਿਆਲ ਸਿੰਘ ਦੇ ਨਾਵਲਾਂ ‘ਤੇ ਟਿਕ ਗਈ ਅਤੇ ਉਸ ਨੇ ਮੈਨੂੰ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ। ਕਈ ਸਾਲ ਬੀਤ ਗਏ। ਮੇਰੇ ਨੌਵੇਂ ਨਾਵਲ ‘ਗਵਾਚੇ ਅਰਥ’ (1993) ਦੇ ਛਪਣ ‘ਤੇ ਮੈਂ ਪ੍ਰੋæ ਰਾਹੀ ਨਾਲ ਸੰਪਰਕ ਪੈਦਾ ਕੀਤਾ ਅਤੇ ਉਸ ਨੂੰ ਪੰਜਾਬੀ ਭਵਨ, ਲੁਧਿਆਣਾ ਵਿਚ ਇਸ ਨਾਵਲ ਬਾਰੇ ਹੋ ਰਹੇ ਸੈਮੀਨਾਰ (ਮਾਰਚ 1994) ਵਿਚ ਮੁੱਖ ਭਾਸ਼ਣ ਦੇਣ ਲਈ ਕਿਹਾ। ਇਸ ਸੈਮੀਨਾਰ ਵਿਚ ਉਸ ਨੇ ਜਿਹੜਾ ਪੇਪਰ ਇਸ ਨਾਵਲ ਬਾਰੇ ਪੜ੍ਹਿਆ ਉਸ ਦੀ ਬਹੁਤ ਪ੍ਰਸੰਸਾ ਹੋਈ। ਇਸ ਤੋਂ ਬਾਅਦ ਫੇਰ ਲੰਮੀ ਖ਼ਾਮੋਸ਼ੀ। ਹੌਲੀ ਹੌਲੀ ਉਹਦੇ ਮਨ ਵਿਚ ਇਹ ਖ਼ਿਆਲ ਆ ਗਿਆ ਕਿ ਜ਼ਾਤੀ ਤੌਰ ‘ਤੇ ਮੈਂ ਉਸ ਦੇ ਖ਼ਿਲਾਫ਼ ਹਾਂ। ਮੈਂ ਬੜੀ ਕੋਸ਼ਿਸ਼ ਕੀਤੀ ਕਿ ਇਹ ਵਹਿਮ ਉਹਦੇ ਮਨ ਵਿਚੋਂ ਨਿਕਲ ਜਾਏ, ਪਰ ਮੈਨੂੰ ਇਸ ਸਿਲਸਿਲੇ ਵਿਚ ਸਫਲਤਾ ਨਾ ਹਾਸਲ ਹੋ ਸਕੀ।
ਹੁਣ : ਕੀ ਤੁਸੀਂ ਪੰਜਾਬੀ ਨਾਵਲ ਪ੍ਰਤੀ ਅਜੋਕੀ ਆਲੋਚਨਾ ਨੂੰ ਸਹੀ ਸਮਝਦੇ ਹੋ?
ਤਸਨੀਮ- ਬਹੁਤੇ ਪੰਜਾਬੀ ਆਲੋਚਕ ਨਾਵਲ ਦੀ ਥੀਮ ਦੇ ਵਿਕਾਸ ਦੀ ਬਜਾਏ, ਉਸ ਦੇ ਵਿਸ਼ਾ ਵਸਤੂ ਪ੍ਰਤੀ ਵਿਚਾਰ ਪ੍ਰਗਟ ਕਰਨਾ ਜ਼ਰੂਰੀ ਸਮਝਦੇ ਹਨ। ਸਿਧਾਂਤ ਦੀ ਗੱਲ ਵਧੇਰੇ ਕਰਦੇ ਹਨ, ਵਿਹਾਰਕ ਆਲੋਚਨਾ ਘੱਟ ਕਰਦੇ ਹਨ। ਨਾਵਲ ਦਾ ਰੂਪ (ਆਕਾਰ) ਉਸ ਦੇ ਥੀਮ ਦੇ ਵਿਕਾਸ ਦਾ ਸੂਚਕ ਹੁੰਦਾ ਹੈ। ਪਾਠਕ ਵਰਗ ਦੇ ਸੁਹਜ-ਸਵਾਦ ਨੂੰ ਵੀ ਸਨਮੁੱਖ ਰੱਖਣਾ ਜ਼ਰੂਰੀ ਹੈ। ਇੰਜ ਚੰਗਾ ਸਾਹਿਤ ਪੜ੍ਹਨ ਲਈ ਪ੍ਰੇਰਣਾ ਮਿਲਦੀ ਹੈ। ਪੇਂਡੂ ਜਾਂ ਸ਼ਹਿਰੀ ਜੀਵਨ ਦੀ ਨੱਕਾਸ਼ੀ (ਨਕਸ਼ ਉਘੇੜਨਾ) ਕਰਨਾ ਹੀ ਕਾਫ਼ੀ ਨਹੀਂ, ਇਸ ਵਿਚਲੇ ਵਿਰੋਧਭਾਸ ਨੂੰ ਨਿਖੇੜਨਾ ਵੀ ਜ਼ਰੂਰੀ ਹੈ। ਆਲੋਚਨਾ ਦਾ ਦਰਜਾ ਰਚਨਾਕਾਰੀ ਤੋਂ ਬਾਅਦ ਦਾ ਹੈ, ਪਰ ਏਥੇ ਉਲਟਾ ਚੱਕਰ ਚਲ ਰਿਹਾ ਹੈ।

ਕੈਨਵਸ ਦਾ ਫ਼ਰਕ
ਹੁਣ : ਚਲੋ ਹੁਣ ਕੁਝ ਬੁਨਿਆਦੀ ਸਵਾਲਾਂ ਵਲ ਪਰਤਦੇ ਹਾਂ। ਐਂ ਦੱਸੋ, ਬਈ ਲੰਬੀ ਕਹਾਣੀ ਅਤੇ ਨਾਵਲ ਵਿਚਾਲੇ ਬੁਨਿਆਦੀ ਫ਼ਰਕ ਕੀ ਹੈ? ਕੋਈ ਸੌ ਸਫ਼ਿਆਂ ਦੀ ਰਚਨਾ ਨੂੰ ਵੀ ਨਾਵਲ ਕਹਿੰਦਾ ਹੈ ਤੇ ਕੋਈ ਸੌ ਸਫ਼ਿਆਂ ਵਿਚ ਫੈਲੀ ਆਪਣੀ ਰਚਨਾ ਨੂੰ ਲੰਬੀ ਕਹਾਣੀ ਕਹਿ ਦਿੰਦਾ ਹੈ।
ਤਸਨੀਮ- ਲੰਬੀ ਕਹਾਣੀ ਅਤੇ ਨਾਵਲ ਵਿਚ ਬੁਨਿਆਦੀ ਫ਼ਰਕ ਕੈਨਵੱਸ ਦਾ ਹੈ। ਲੰਬੀ ਕਹਾਣੀ ਵਿਚ ਕੈਨਵੱਸ ਛੋਟਾ ਹੁੰਦਾ ਹੈ, ਯਾਨੀ ਕਹਾਣੀਕਾਰ ਨੇ ਸੀਮਤ ਦਾਇਰੇ ਵਿਚ ਗੱਲ ਕਰਨੀ ਹੁੰਦੀ ਹੈ ਅਤੇ ਦੋ ਤਿੰਨ ਪਾਤਰਾਂ ਦੇ ਹਾਵ-ਭਾਵ ਬਿਆਨ ਕਰਨੇ ਹੁੰਦੇ ਹਨ। ਨਾਵਲ ਵਿਚ ਕੈਨਵੱਸ ਵੱਡਾ ਹੁੰਦਾ ਹੈ, ਯਾਨੀ ਸਮੇਂ ਅਤੇ ਸਥਾਨ ਦਾ ਵਿਸ਼ਾਲ ਚਿਤਰਣ। ਅਰਨੈਸਟ ਹੈਮਿੰਗਵੇ ਦਾ ਨਾਵਲ ‘ਦਿ ਓਲਡ ਮੈਨ ਐਂਡ ਦੀ ਸੀ’ (ਬੁੱਢਾ ਅਤੇ ਸਮੁੰਦਰ) ਉਂਜ ਤਾਂ ਸਵਾ ਸੌ ਸਫ਼ਿਆਂ ਦਾ ਹੈ, ਪਰ ਇਕ ਪਾਤਰ ਸਦਕਾ ਹੀ ਇਸ ਵਿਚ ਮਨੁੱਖੀ ਜੀਵਨ ਦਾ ਵਿਸ਼ਾਲ ਦ੍ਰਿਸ਼ ਪੇਸ਼ ਕੀਤਾ ਗਿਆ ਹੈ। ਦੂਸਰੇ ਪਾਸੇ ਸਾਮਰਸੈੱਟ ਮਾਮ੍ਹ ਦੀ ਕਹਾਣੀ ‘ਦਿ ਰੇਨ’ (ਬਾਰਸ਼) ਕਹਾਣੀ ਹੀ ਰਹਿੰਦੀ ਹੈ, ਭਾਵੇਂ ਉਹ ਕਾਫ਼ੀ ਲੰਮੀ ਹੈ। ਪੰਜਾਬੀ ਵਿਚ ਦਲਜੀਤ ਸਿੰਘ (ਉਦੋਂ ਕਥੂਆ ਵਿਚ) ਨੇ ਲੰਬੀ ਕਹਾਣੀ ਲਿਖੀ ‘ਦੁੱਕੀ, ਤਿੱਕੀ, ਪੰਜੀ’ ਜੋ ਛੋਟੇ ਨਾਵਲ ਦਾ ਭੁਲੇਖਾ ਪਾਉਂਦੀ ਹੋਈ ਵੀ ਕਹਾਣੀ ਹੀ ਰਹਿੰਦੀ ਹੈ। ਏਦਾਂ ਈ ਜਗਜੀਤ ਸਿੰਘ ਬਰਾੜ ਦਾ ਨਾਵਲ ਹੈ, ‘ਧੁੱਪ, ਦਰਿਆ ਦੀ ਦੋਸਤੀ’, ਜੋ ਆਕਾਰ ਵਿਚ ਛੋਟਾ ਹੁੰਦਾ ਹੋਇਆ ਵੀ ਨਾਵਲ ਹੀ ਰਹਿੰਦਾ ਹੈ, ਲੰਬੀ ਕਹਾਣੀ ਨਹੀਂ ਕਿਹਾ ਜਾ ਸਕਦਾ। ਇਤਫ਼ਾਕ ਨਾਲ ਪੰਜਾਬੀ ਸਾਹਿਤ ਵਿਚ ਨਾਵਲਿਟ (ਨਾਵਲੈਟ) ਸ਼ਬਦ ਪ੍ਰਚੱਲਤ ਨਹੀਂ ਹੋ ਸਕਿਆ ਜਦਕਿ ਹੋਰ ਭਾਸ਼ਾਵਾਂ, ਖ਼ਾਸ ਕਰ ਕੇ ਫ਼ਰੈਂਚ, ਵਿਚ ਇਹ ਵਿਧੀ ਬਹੁਤ ਪ੍ਰਚੱਲਤ ਰਹੀ ਹੈ। ਮੋਪਾਸਾਂ ਨੇ ਬਹੁਤ ਸਾਰੀਆਂ ਕਹਾਣੀਆਂ ਰਚੀਆਂ ਹਨ ਅਤੇ ਕੁਝ ਨਾਵਲੈਟ ਵੀ। ਏਸੇ ਤਰ੍ਹਾਂ ਚੈਖ਼ੋਵ ਦਾ ਵੀ ਇਕ ਬਹੁਤ ਹੀ ਸ਼ਲਾਘਾਯੋਗ ਨਾਵਲੈਟ ਹੈ-‘ਆਪ ਬੀਤੀ’।
ਹੁਣ : ਨਾਵਲ ਦੇ ਮੂਲ ਤੱਤਾਂ ਵਿਚੋਂ ਪਾਤਰ ਅਤੇ ਕਥਾ ਵਸਤੂ ਦੇ ਨਾਲ ਹੀ ਸਭ ਤੋਂ ਮਹੱਤਨਪੂਰਨ ਭਾਸ਼ਾ ਅਤੇ ਸ਼ੈਲੀ ਹੈ। ਕਿਹੜੇ ਨਾਵਲਕਾਰ ਹਨ, ਜਿਨ੍ਹਾਂ ਦੀ ਭਾਸ਼ਾ ਅਤੇ ਸ਼ੈਲੀ ਦੇ ਤੁਸੀਂ ਮੁਰੀਦ ਓ। ਕੀ ਤੁਸੀਂ ਆਪਣੇ ਤੋਂ ਪਹਿਲੇ ਕਿਸੇ ਨਾਵਲਕਾਰ ਦੀ ਸ਼ੈਲੀ ਦੇ ਪ੍ਰਭਾਵ ਵਿਚ ਰਹੇ ਓ?
ਤਸਨੀਮ-ਬਿਲਕੁਲ ਠੀਕ ਹੈ ਤੁਹਾਡੀ ਗੱਲ ਕਿ ਨਾਵਲ ਦੇ ਮੂਲ ਤੱਤਾਂ ਵਿਚੋਂ ਭਾਸ਼ਾ ਅਤੇ ਸ਼ੈਲੀ ਬਹੁਤ ਮਹੱਤਵਪੂਰਨ ਹਨ। ਸਭ ਤੋਂ ਪਹਿਲਾਂ ਮੈਂ ਕਰਤਾਰ ਸਿੰਘ ਦੁੱਗਲ ਦੇ ਨਾਵਲਾਂ, ਖ਼ਾਸ ਕਰ ਕੇ ‘ਇਕ ਦਿਲ ਵਿਕਾਊ ਹੈ’ ਅਤੇ ‘ਮੇਰਾ ਦਿਲ ਮੋੜ ਦੇ’, ਦੀ ਭਾਸ਼ਾ ਅਤੇ ਸ਼ੈਲੀ ਤੋਂ ਪ੍ਰਭਾਵਤ ਹੋਇਆ ਸੀ। ਕਾਵਿਮਈ ਸ਼ੈਲੀ ਪਾਠਕ ਦੀ ਕਲਪਨਾ ਨੂੰ ਟੁੰਬਦੀ ਹੈ ਅਤੇ ਸ਼ਬਦਾਂ ਦਾ ਜਲ-ਤਰੰਗ ਉਸ ਦੇ ਦਿਲ ਨੂੰ ਮੋਹ ਲੈਂਦਾ ਹੈ। ਸੁਖਬੀਰ ਦੇ ਨਾਵਲ ‘ਰਾਤ ਦਾ ਚਿਹਰਾ’ ਨੇ ਪੰਜਾਬੀ ਨਾਵਲ ਨੂੰ ਨਵੇਂ ਦਿਸਹੱਦਿਆਂ ਤੋਂ ਜਾਣੂ ਕਰਵਾਇਆ। ਇੰਜ ਹੀ ਦਲੀਪ ਕੌਰ ਟਿਵਾਣਾ ਦੇ ਨਾਵਲਾਂ ਜਿਵੇਂ ਕਿ ‘ਲੰਘ ਗਏ ਦਰਿਆ’ ਅਤੇ ‘ਪੀਲੇ ਪੱਤਿਆਂ ਦੀ ਦਾਸਤਾਨ’ ਨੇ ਪੰਜਾਬੀ ਗਲਪ ਵਿਚ ਸੂਖ਼ਮ ਭਾਵਨਾਵਾਂ ਦਾ ਸੰਚਾਰ ਕੀਤਾ। ਇਸ ਦੌਰ ਦੇ ਨਾਵਲਕਾਰਾਂ ਵਿਚ ਨਛੱਤਰ ਦਾ ਨਾਂ ਉਭਰ ਕੇ ਸਾਹਮਣੇ ਆਉਂਦਾ ਹੈ । ਉਸ ਦੇ ਨਾਵਲ ‘ਸਲੋਅ ਡਾਉਣ’ ਵਿਚ ਬਿਰਤਾਂਤ ਦੀ ਜਾਦੂਗਰੀ ਕਾਰਨ ‘ਨਵੀਂ ਤਰ੍ਹਾਂ ਦਾ ਸਭਿਆਚਾਰ ਅਤੇ ਨਵੀਂ ਤਰ੍ਹਾਂ ਦੀਆਂ ਕਦਰਾਂ ਕੀਮਤਾਂ ਹੋਂਦ ਵਿਚ ਆਉਂਦੀਆਂ ਹਨ।’ ਇਸ ਗੱਲ ਦਾ ਖ਼ਿਆਲ ਰੱਖਣਾ ਵੀ ਜ਼ਰੂਰੀ ਹੈ ਕਿ ਭਾਸ਼ਾ ਅਤੇ ਸ਼ੈਲੀ ਕਥਾ-ਵਸਤੂ ਨੂੰ ਅਣਗੌਲਿਆ ਨਾ ਕਰ ਦੇਵੇ, ਨਾਵਲ ਦਾ ਆਕਾਰ ਥੀਮ ਦੇ ਵਿਕਸਤ ਹੋਣ ਵਜੋਂ ਹੋਂਦ ਵਿਚ ਆਉਂਦਾਂ ਹੈ, ਨਾ ਕਿ ਭਾਸ਼ਾ ਅਤੇ ਸ਼ੈਲੀ ਦੀ ਜਾਦੂਗਰੀ ਕਾਰਨ।

ਸਾਹਿਤ ਤੇ ਸਿਆਸਤ
ਹੁਣ : ਵਿਸ਼ਾ-ਵਸਤੂ ਦੇ ਆਧਾਰ ‘ਤੇ ਪੰਜਾਬੀ ਨਾਵਲ ਦੀ ਮੂਲ ਪ੍ਰਕਿਰਤੀ ਕੀ ਮਿਥਦੇ ਓ?
ਤਸਨੀਮ- ਵਿਸ਼ਾ-ਵਸਤੂ ਦੇ ਆਧਾਰ ‘ਤੇ ਪੰਜਾਬੀ ਨਾਵਲ ਵਧੇਰੇ ਕਰ ਕੇ ਨਿਮਨ ਵਰਗ ਦਾ ਜੀਵਨ ਦਰਸਾਉਣ ਵੱਲ ਰੁਚਿਤ ਰਿਹਾ ਹੈ। ਨਾਵਲਕਾਰ ਦੀ ਹਮਦਰਦੀ ਹਾਸ਼ੀਆਗ੍ਰਸਤ ਵਿਅਕਤੀਆਂ ਨਾਲ ਰਹੀ ਹੈ, ਜੋ ਪਿੰਡਾਂ ਵਿਚ ਵੀ ਹਨ ਅਤੇ ਸ਼ਹਿਰਾਂ ਵਿਚ ਵੀ। ਨਾਨਕ ਸਿੰਘ ਨੇ ਆਪਣੇ ਨਾਵਲਾਂ ਵਿਚ ਸ਼ਹਿਰੀ ਮੱਧ ਵਰਗ ਦੀ ਤਸਵੀਰ ਪੇਸ਼ ਕੀਤੀ, ਜਦਕਿ ਜਸਵੰਤ ਸਿੰਘ ਕੰਵਲ ਨੇ ਪਿੰਡਾਂ ਵਿਚ ਵੱਸਦੇ ਮਿਹਨਤੀ ਬੰਦਿਆਂ ਦੇ ਜੀਵਨ ਦੀ ਰੂਪ-ਰੇਖਾ ਉਲੀਕੀ। ਅੱਗੇ ਚੱਲ ਕੇ ਵਿਸ਼ਾ-ਵਸਤੂ ਵਿਚ ਕੁਝ ਤਬਦੀਲੀਆਂ ਆਈਆਂ ਪਰ ਮੂਲ ਰੂਪ ਵਿਚ ਇਹ ਪੇਂਡੂ ਤੇ ਸ਼ਹਿਰੀ ਜੀਵਨ ਦੇ ਦੋ ਦਾਇਰਿਆਂ ਵਿਚ ਹੀ ਸੀਮਤ ਰਿਹਾ। ਇਕ ਵਕਤ ਐਸਾ ਆਇਆ ਜਦੋਂ ਫ਼ੈਸ਼ਨ ਦੇ ਤੌਰ ‘ਤੇ ਪੇਂਡੂ ਜੀਵਨ ਬਾਰੇ ਲਿਖਣਾ ਹੀ ਮਨੋਰਥ ਬਣ ਗਿਆ। ਇਹਦੇ ਨਾਲ ਉਲਾਰ ਪੈਦਾ ਹੋ ਗਿਆ। ਇਹ ਰੁਚੀ ਵੀ ਮਾੜੀ ਹੀ ਕਹੀ ਜਾਏਗੀ ਜਦੋਂ ਪੰਜਾਬੀ ਦੇ ਕੁਝ ਆਲੋਚਕਾਂ ਨੇ ਸ਼ਹਿਰੀ ਜੀਵਨ ਨੂੰ ਆਪਣੇ ਨਾਵਲਾਂ ਦਾ ਵਿਸ਼ਾ-ਵਸਤੂ ਬਣਾਉਣ ਵਾਲੇ ਨਾਵਲਕਾਰਾਂ ਨੂੰ ਭੰਡਣਾ ਸ਼ੁਰੂ ਕਰ ਦਿੱਤਾ। ਨਤੀਜਾ ਇਹ ਹੋਇਆ ਕਿ ਪੰਜਾਬੀ ਨਾਵਲ ਦਾ ਸੰਤੁਲਨ ਵਿਗੜ ਗਿਆ। ਪੰਜਾਬੀ ਪਾਠਕ ਸ਼ਹਿਰੀ ਜੀਵਨ ਨੂੰ ਦਰਸਾਉਣ ਵਾਲੇ ਨਾਵਲਾਂ ਤੋਂ ਕੰਨੀਂ ਕਤਰਾਉਣ ਲੱਗ ਗਏ। ਹੁਣ ਕੁਝ ਸਾਵਾਂਪਣ ਕਾਇਮ ਹੋਇਆ ਹੈ।
ਹੁਣ : ਆਮ ਧਾਰਨਾ ਹੈ ਕਿ ਸਾਹਿਤ ਸਮਾਜ ਦਾ ਦਰਪਣ ਹੁੰਦੈ। ਸਮਾਜ ਨੂੰ ਸਿੱਧੇ-ਅਸਿੱਧੇ ਸਿਆਸਤ ਕਾਬੂ ਵਿਚ ਰੱਖਣ ਦੇ ਆਹਰ ਵਿਚ ਰਹਿੰਦੀ ਹੈ। ਅਜਿਹੇ ਵਾਤਾਵਰਣ ਵਿਚ ਸਾਹਿਤ ਅਤੇ ਸਿਆਸਤ ਵਿਚਾਲੇ ਕੀ ਕੋਈ ਸਬੰਧ ਬਣਦਾ ਹੈ?
ਤਸਨੀਮ- ਸਾਹਿਤ ਦੀ ਦੁਨੀਆ ਨਿਵੇਕਲੀ ਦੁਨੀਆ ਹੈ। ਸਾਹਿਤਕਾਰ ਸਮਾਜ ਤੋਂ ਪ੍ਰਭਾਵ ਕਬੂਲ ਕਰਦਾ ਹੈ ਅਤੇ ਆਪਣੇ ਤੌਰ ‘ਤੇ ਸਮਾਜ ਨੂੰ ਪ੍ਰਭਾਵਤ ਵੀ ਕਰਦਾ ਹੈ। ਲੋੜ ਅਨੁਸਾਰ ਇਹ ਸਿਆਸਤ ਦੀਆਂ ਗ਼ਲਤ ਚਾਲਾਂ ਨੂੰ ਨਿੰਦਦਾ ਵੀ ਹੈ। ਇਹੀ ਕਾਰਨ ਹੈ ਕਿ ਸਿਆਸਤਦਾਨ, ਸਿੱਧੇ ਜਾਂ ਅਸਿੱਧੇ ਤਰੀਕੇ ਨਾਲ, ਸਾਹਿਤਕਾਰ ਨੂੰ ਆਪਣੇ ਰਸੂਖ਼ ਅਧੀਨ ਰੱਖਣਾ ਚਾਹੁੰਦੇ ਹਨ। ਕੁਝ ਸਾਹਿਤਕਾਰ ਵਿਕ ਵੀ ਜਾਂਦੇ ਹਨ ਅਤੇ ਗ਼ਲਤ ਸਿਆਸੀ ਚਾਲਾਂ ਪ੍ਰਤੀ ਜਾਂ ਤਾਂ ਮੌਨ ਧਾਰਨ ਕਰ ਲੈਂਦੇ ਹਨ ਜਾਂ ਫਿਰ ਉਨ੍ਹਾਂ ਦੀ ਪੁਸ਼ਟੀ ਕਰਨ ਲੱਗ ਜਾਂਦੇ ਹਨ। ਮਿਰਜ਼ਾ ਗ਼ਾਲਿਬ ਆਪਣੇ ਵਕਤ ਦੇ ਹੁਕਮਰਾਨ ਬਹਾਦਰ ਸ਼ਾਹ ਜ਼ਫ਼ਰ ਦੇ ਬਹੁਤ ਨੇੜੇ ਸੀ। ਇਸ ਬਾਰੇ ਉਹ ਆਪ ਹੀ ਆਪਣੇ ਆਪ ‘ਤੇ ਫਬਤੀ ਕੱਸਦਾ ਹੈ ਕਿ ਉਂਜ ਉਸ ਦੀ ਆਪਣੀ ਵੁੱਕਤ ਹੀ ਕੀ ਹੈ-
ਹੂਵਾ ਹੈ ਸ਼ਾਹ ਕਾ ਮੁਸਾਹਿਬ, ਫਿਰੇ ਹੈ ਇਤਰਾਤਾ
ਵਗਰਨਾ ਸ਼ਹਿਰ ਮੇਂ ਗ਼ਾਲਿਬ ਕੀ ਆਬਰੂ ਕਿਆ ਹੈ।
ਹੁਣ : ਸਾਹਿਤ, ਸਮਾਜ ਅਤੇ ਸਿਆਸਤ ਦੇ ਬਣਦੇ, ਵਿਗੜਦੇ ਰਿਸ਼ਤਿਆਂ ਦੌਰਾਨ ਪੰਜਾਬੀ ਵਿਚ ਕੀ ਕਦੇ ਰਾਜਸੀ ਨਾਵਲ ਲਿਖੇ ਜਾਣ ਲਈ ਜ਼ਮੀਨ ਤਿਆਰ ਹੋਈ ਹੈ ਜਾਂ ਭਵਿੱਖ ਵਿਚ ਇਹਦੀ ਕਿੰਨੀ ਕੁ ਸੰਭਾਵਨਾ ਹੈ?
ਤਸਨੀਮ- ਪੰਜਾਬੀ ਵਿਚ ਨਿਰੋਲ ਰਾਜਸੀ ਨਾਵਲ ਨਹੀਂ ਲਿਖਿਆ ਗਿਆ ਅਤੇ ਨਾ ਹੀ ਨੇੜਲੇ ਭਵਿੱਖ ਵਿਚ ਇਸ ਕਿਸਮ ਦੀ ਰਚਨਾ ਦੀ ਕੋਈ ਸੰਭਾਵਨਾ ਨਜ਼ਰ ਆਉਂਦੀ ਹੈ। ਉਂਜ ਰਾਜਸੀ ਅਤਿਆਚਾਰ ਦੇ ਵਿਰੋਧ ਵਿਚ ਕਰਾਂਤੀਕਾਰੀ ਵਿਚਾਰਾਂ ਨੂੰ ਪ੍ਰਗਟ ਕਰਨ ਵਾਲੇ ਕੁਝ ਚੰਗੇ ਨਾਵਲ ਜ਼ਰੂਰ ਹੋਂਦ ਵਿਚ ਆਏ ਹਨ। ਜਾਰਜ ਆਰਵਲ ਨੇ ਆਪਣੇ ਦੋ ਨਾਵਲਾਂ, ‘ਨਾਈਨਟੀਨ ਏਟੀਫ਼ੋਰ’ ਅਤੇ ‘ਐਨੀਮਲ ਫ਼ਾਰਮ’ ਵਿਚ ਭਰਪੂਰ ਸਿਆਸੀ ਤਬਸਰੇ ਕੀਤੇ ਹਨ, ਕੁਝ ਇਸ ਤਰ੍ਹਾਂ ਦੀ ਗੱਲ ਪ੍ਰੇਮ ਪ੍ਰਕਾਸ਼ ਨੇ ਵੀ ਕੀਤੀ ਸੀ, ਪਰ ਸੀਮਤ ਦਾਇਰੇ ਵਿਚ।

ਲਿਖਣ ਦਾ ਮਨੋਰਥ
ਹੁਣ : ਨਰਿੰਜਨ ਤਸਨੀਮ ਕਿਉਂ, ਕਿਵੇਂ ਤੇ ਕੀਹਦੇ ਲਈ ਲਿਖਦੇ ਨੇ। ਤੁਹਾਡਾ ਲਿਖਣ ਦਾ ਅਸਲ ਮਨੋਰਥ ਹੈ ਕੀ?
ਤਸਨੀਮ- ਮਨੁੱਖੀ ਮਨ ਦੀ ਸੰਵੇਦਨਸ਼ੀਲਤਾ ਨੂੰ ਰੂਪਮਾਨ ਕਰਨਾ ਹੀ ਮੇਰੀ ਰਚਨਾ ਦਾ ਮਨੋਰਥ ਹੈ। ਉਹ ਸਚਾਈ ਜਿਹੜੀ ਅਨੁਭਵੀ ਗਿਆਨ ਰਾਹੀਂ ਹਾਸਲ ਹੁੰਦੀ ਹੈ, ਕਿਸੇ ਹੋਰ ਤਰੀਕੇ ਨਾਲ ਗ੍ਰਹਿਣ ਨਹੀਂ ਕੀਤੀ ਜਾ ਸਕਦੀ। ਲੇਖਕ ਲਈ ਆਪਣੇ ਮਨ ਅੰਦਰ ਝਾਕਣਾ ਬਹੁਤ ਜ਼ਰੂਰੀ ਹੈ ਤਾਂ ਜੋ ਉਹ ਆਪਣੇ ਅੰਤ੍ਰੀਵ ਭਾਵਾਂ ਨੂੰ ਸਮਝ ਸਕੇ। ਘਟਨਾਵਾਂ ਦਾ ਬੇਲੋੜਾ ਜਾਲ ਵਿਛਾਉਣ ਦੀ ਬਜਾਏ, ਪਾਤਰਾਂ ਨਾਲ ਸੰਵਾਦ ਰਚਾਉਣਾ ਵਧੇਰੇ ਲਾਹੇਵੰਦ ਹੁੰਦਾ ਹੈ। ਨਾਵਲਕਾਰ ਦੇ ਹਰ ਨਾਵਲ ਵਿਚ ਸਵੈ-ਜੀਵਨਾਤਮਕ ਅੰਸ਼ ਕਿਸੇ ਨਾ ਕਿਸੇ ਮਾਤਰਾ ਵਿਚ ਥੋੜ੍ਹੇ ਲੁਕਵੇਂ ਢੰਗ ਨਾਲ ਮੌਜੂਦ ਹੁੰਦਾ ਹੈ। ਮੇਰੇ ਨਾਵਲਾਂ ਵਿਚ ਯਥਾਰਥ ਅਤੇ ਕਲਪਨਾ ਦਾ ਸੁਮੇਲ ਹੈ। ਯਾਨੀ ਜੋ ਕੁਝ ਬੀਤਿਆ ਹੈ ਅਤੇ ਜੋ ਕੁਝ ਬੀਤਣਾ ਚਾਹੀਦਾ ਸੀ। ਆਪਣੇ ਨਾਵਲ ‘ਹਨੇਰਾ ਹੋਣ ਤਕ’ ਤੋਂ ਬਾਅਦ, ਆਪਣੀਆਂ ਹੋਰ ਰਚਨਾਵਾਂ ਵਿਚ ਮੈਂ ਆਪਣੇ ਆਪ ਨੂੰ ਅਜਨਬੀ ਦੀ ਬਜਾਏ ਸਮਾਜ ਵਿਚ ਵਿਚਰਦੇ ਇਕ ਸੁਹਿਰਦ ਵਿਅਕਤੀ ਦੇ ਰੂਪ ਵਿਚ ਚਿਤਵਿਆ ਹੈ। ਨਤੀਜੇ ਵਜੋਂ ‘ਇਕ ਹੋਰ ਨਵਾਂ ਸਾਲ’, ‘ਜਦੋਂ ਸਵੇਰ ਹੋਈ’ ਅਤੇ ‘ਗਵਾਚੇ ਅਰਥ’ ਵਰਗੇ ਨਾਵਲ ਹੋਂਦ ਵਿਚ ਆਏ। ਆਪਣੇ ਹੁਣ ਤਕ ਦੇ ਆਖ਼ਰੀ ਨਾਵਲ ‘ਤਲਾਸ਼ ਕੋਈ ਸਦੀਵੀ’ ਵਿਚ ਮੈਂ ਸਮੇਂ ਦੀ ਤਰਲਤਾ ਅਤੇ ਸਥਾਨ ਦੀ ਸਥਿਰਤਾ ਵਿਚਲੇ ਵਿਰੋਧਾਭਾਸ ਨੂੰ ਪੇਸ਼ ਕੀਤਾ ਹੈ।
ਹੁਣ : ਅੱਜ ਕੋਈ ਵੀ ਲੇਖਕ ਯਥਾਰਥ ਤੋਂ ਬੇਮੁਖ ਹੋ ਕੇ ਨਹੀਂ ਲਿਖ ਸਕਦਾ ਤੇ ਯਥਾਰਥ ਇਹ ਹੈ ਕਿ ਮਨੁੱਖ ਨੂੰ ਮਸ਼ੀਨ ਵਿਚ ਤਬਦੀਲ ਕੀਤਾ ਜਾ ਰਿਹੈ। ਮਨੁੱਖੀ ਹਸਤੀ ਨੂੰ ਬਚਾਉਣ ਦੀ ਅਹਿਮ ਜ਼ਿੰਮੇਵਾਰੀ ਲੇਖਕ ਦੀ ਹੈ। ਕੀ ਪੰਜਾਬੀ ਲੇਖਕ ਇਹ ਭੂਮਿਕਾ ਨਿਭਾਉਣ ਦੇ ਸਮਰਥ ਹੈ?
ਤਸਨੀਮ- ਬਿਲਕੁਲ ਠੀਕ ਹੈ ਇਹ ਗੱਲ ਕਿ ਮਨੁੱਖ ਹੁਣ ‘ਆਟੋਮੇਟਨ’ (ਸਵੈਚਾਲਤ) ਬਣ ਕੇ ਰਹਿ ਗਿਆ ਹੈ। ਉਹ ਅਸਲ ਵਿਚ ਤਕਨੀਕੀ ਤੰਤਰ, ਉਪਭੋਗਤਾਵਾਦ ਅਤੇ ਵਿਸ਼ਵੀਕਰਨ ਦੇ ਗ਼ਲਬੇ ਅਧੀਨ ਬੇਬੱਸ ਹੋ ਗਿਆ ਹੈ। ਉਸ ਦਾ ਜੀਵਨ ਦਿਨ ਪ੍ਰਤੀ ਦਿਨ ਭਾਵਨਾ ਰਹਿਤ ਹੁੰਦਾ ਜਾ ਰਿਹਾ ਹੈ। ਪੰਜਾਬੀ ਲੇਖਕ ਕਾਫ਼ੀ ਹੱਦ ਤਕ ਇਸ ਗੱਲ ਬਾਰੇ ਸੁਚੇਤ ਹਨ ਕਿ ਇਸ ਦੌਰ ਦੇ ਆਰਥਕ, ਰਾਜਨੀਤਕ ਅਤੇ ਸਭਿਆਚਾਰਕ ਸੰਕਟਾਂ ਤੋਂ ਪੈਦਾ ਹੋਈਆਂ ਸਥਿਤੀਆਂ ਨਾਲ ਕਿਵੇਂ ਨਜਿੱਠਿਆ ਜਾਏ। ਇਸ ਮੁਸ਼ਕਲ ਦਾ ਕੋਈ ਫੌਰੀ ਹੱਲ ਨਜ਼ਰ ਨਹੀਂ ਆਉਂਦਾ। ਸਾਡੇ ਕੁਝ ਨਾਵਲਕਾਰਾਂ ਨੇ ਡਾਇਸਪੋਰਾ (ਬਦੇਸ਼ਾਂ ਵਿਚ ਵਸਦੇ ਪੰਜਾਬੀ) ਦੀ ਜ਼ਿਹਨੀ ਕਸ਼ਮਕਸ਼ ਦਾ ਨਕਸ਼ਾ ਆਪਣੇ ਨਾਵਲਾਂ ਵਿਚ ਦਰਸਾਇਆ ਹੈ। ਆਪਣੇ ਮੁਲਕ ਵਿਚ ਰਹਿ ਰਹੇ ਕਈ ਵਿਅਕਤੀ ਪਰਵਾਸੀ ਬਣਨ ਦੀ ਲਾਲਸਾ ਵਿਚ ਅਨੇਕਾਂ ਪ੍ਰਕਾਰ ਦੇ ਕਸ਼ਟ ਭੋਗ ਰਹੇ ਹਨ। ਇਹ ਸਥਿਤੀ ਅਨੇਕਾਂ ਟੱਬਰਾਂ ਨੂੰ ਹਾਲੋਂ ਬੇਹਾਲ ਕਰ ਰਹੀ ਹੈ। ਇਸ ਬਾਰੇ ਬਚਿੰਤ ਕੌਰ ਨੇ ਆਪਣੇ ਨਾਵਲ ‘ਦਿ ਲਾਸਟ ਪੇਜ’ ਵਿਚ ਬੜੇ ਮਾਰਮਿਕ ਢੰਗ ਨਾਲ ਲਿਖਿਆ ਹੈ।
ਮੇਰੀ ਜਾਚੇ ਮਨੁੱਖੀ ਹੋਂਦ ਲਈ ਖ਼ਤਰਾ ਬਣੀ, ਬਦੇਸ਼ਾਂ ਵਿਚ ਜਾਣ ਦੀ ਇਹ ਹੋੜ, ਸਮਾਂ ਪਾ ਕੇ ਹੀ ਸ਼ਾਂਤ ਹੋਏਗੀ।

ਇਕਲਵਿਆ ਦਾ ਅੰਗੂਠਾ
ਹੁਣ : ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਸਾਹਿਤ ਦੀ ਅਮੀਰੀ ਹਨ ਪਰ ਕੀ ਸਾਹਿਤ ਨੂੰ ਖਾਨਿਆਂ ਵਿਚ ਵੀ ਵੰਡਿਆ ਜਾ ਸਕਦੈ। ਜਿਵੇਂ ਨਾਰੀ ਸਾਹਿਤ, ਦਲਿਤ ਸਾਹਿਤ ਵਗੈਰਾ-ਵਗੈਰਾ।
ਤਸਨੀਮ- ਸਾਹਿਤ ਨੂੰ ਖ਼ਾਨਿਆਂ ਵਿਚ ਵੰਡਣਾ ਠੀਕ ਨਹੀਂ। ਪਰ ਆਪਣੀ ਸਹੂਲਤ ਲਈ ਕੁਝ ਸਕਾਲਰ ਅਤੇ ਖੋਜਾਰਥੀ ਇੰਜ ਕਰ ਲੈਂਦੇ ਹਨ। ਇਸ ਤਰ੍ਹਾਂ ਕਰਨ ਨਾਲ ਜੋ ਪਹਿਲਾਂ ਬਣਿਆ ਬਿੰਬ ਹੁੰਦਾ ਹੈ, ਕਿਸੇ ਸਮੇਂ ਦੇ ਸਾਹਿਤ ਦਾ, ਉਹ ਖੰਡਿਤ ਹੋ ਜਾਂਦਾ ਹੈ ਅਤੇ ਸਾਹਿਤਕਾਰਾਂ ਬਾਰੇ ਪਹਿਲਾਂ ਬਣੇ ਅਤੇ ਪ੍ਰਵਾਨ ਹੋਏ ਫੋਕਸ ਵਿਚ ਅਦਲਾ ਬਦਲੀ ਕਰਨੀ ਪੈਂਦੀ ਹੈ। ਕਿਸੇ ਰਚਨਾ ਦੀ ਸਾਹਿਤ ਪੱਖੋਂ ਪਰਖ ਹੋਣੀ ਚਾਹੀਦੀ ਹੈ, ਪਰ ਨਾਰੀ ਸਾਹਿਤ ਜਾਂ ਦਲਿਤ ਸਾਹਿਤ ਨੂੰ ਵਖਰਿਆ ਕੇ ਦ੍ਰਿਸ਼ਟੀਗੋਚਰ ਕਰਨਾ ਵਾਜਬ ਨਹੀਂ ਹੈ।
ਹੁਣ : ਪੰਜਾਬੀ ਕਹਾਣੀ, ਕਵਿਤਾ ਅਤੇ ਆਲੋਚਨਾ ਵਿਚ ਦਲਿਤ ਅਤੇ ਨਾਰੀ ਸਾਹਿਤ ਦੀ ਖੂਬ ਚਰਚਾ ਹੈ। ਕੀ ਤੁਸੀਂ ਨਾਵਲ ਵਿਚ ਵੀ ਕੋਈ ਅਜਿਹਾ ਮਾਹੌਲ ਦੇਖ ਰਹੇ ਓ?
ਤਸਨੀਮ- ਪੰਜਾਬੀ ਨਾਵਲ ਵਿਚ ਅਜੇ ਤਕ ਦਲਿਤ ਅਤੇ ਨਾਰੀ ਰਚਨਾਵਾਂ ਦਾ ਨਿਖੇੜ ਨਹੀਂ ਕੀਤਾ ਗਿਆ। ਉਂਜ ਢੇਰ ਸਾਰੇ ਨਾਵਲ ਦਲਿਤ ਵਰਗ ਬਾਰੇ ਹਨ ਅਤੇ ਨਾਰੀਆਂ ਬਾਰੇ ਵੀ ਬਹੁਤ ਕੁਝ ਲਿਖਿਆ ਗਿਆ ਹੈ ਕਿ ਕਿਵੇਂ ਸਾਡੇ ਸਮਾਜ ਵਿਚ ਉਨ੍ਹਾਂ ਦਾ ਸੋਸ਼ਣ ਹੋ ਰਿਹਾ ਹੈ। ਨਾਵਲ ਦਾ ਕੈਨਵਸ ਵੱਡਾ ਹੁੰਦਾ ਹੈ, ਇਸ ਲਈ ਨਾਵਲਕਾਰ ਪੂਰੇ ਸਮਾਜ ਦੀ ਝਲਕ ਪੇਸ਼ ਕਰਦੇ ਹੋਏ, ਕਈ ਦ੍ਰਿਸ਼ਟੀਕੋਣਾਂ ਦੀ ਸਿਰਜਣਾ ਕਰ ਲੈਂਦਾ ਹੈ। ਪਿਛਲੇ ਦਿਨੀਂ ਪੀæ ਸਿਵਾਕਾਮੀ ਦੇ ਤਾਮਿਲ ਨਾਵਲ ‘ਕੁਰੁੱਕੂ ਵੱਟੂ’ ਦਾ ਅੰਗਰੇਜ਼ੀ ਅਨੁਵਾਦ ‘ਕਰਾਸ ਸੈਕਸ਼ਨ’ 2014 ਪੜ੍ਹਨ ਦਾ ਇਤਫ਼ਾਕ ਹੋਇਆ। ਇਸ ਦੀ ਭੂਮਿਕਾ ਵਿਚ ਲਿਖਿਆ ਹੋਇਆ ਹੈ ਕਿ ਇਸ ਨਾਵਲ ਵਿਚ ਦਲਿਤ ਔਰਤਾਂ ਦੀ ਦੁਰਦਸ਼ਾ ਨੂੰ ਚਿਤਰਿਆ ਗਿਆ ਹੈ। ਏਦਾਂ ਦੀ ਗੱਲ ਅਜੇ ਪੰਜਾਬੀ ਵਿਚ ਨਹੀਂ ਕਹੀ ਜਾਣ ਲੱਗੀ। ਉਂਜ ਸਵੈਜੀਵਨੀਆਂ ਵਿਚ ਇਨ੍ਹਾਂ ਦੇ ਦਲਿਤ ਹੋਣ ਦੀ ਛਾਪ ਪ੍ਰਤੱਖ ਕੀਤੀ ਜਾਂਦੀ ਹੈ।
ਹੁਣ : ਉਂਜ ਤੁਹਾਡੀ ਨਜ਼ਰ ਵਿਚ ਦਲਿਤ ਸਾਹਿਤ ਹੈ ਕੀ, ਉਹ ਜਿਹੜਾ ਦਲਿਤ ਲੇਖਕ ਲਿਖ ਰਿਹਾ ਹੈ ਜਾਂ ਕਿਸੇ ਵੀ ਲੇਖਕ ਦੀ ਉਹ ਰਚਨਾ ਜਿਹੜੀ ਦਲਿਤ, ਦਮਿਤ ਜਾਂ ਕਿਸੇ ਵੀ ਤਰ੍ਹਾਂ ਦੇ ਸੋਸ਼ਣ ਦੇ ਸ਼ਿਕਾਰ ਬੰਦੇ ਦੇ ਹੱਕ ਵਿਚ ਖਲੋਂਦੀ ਹੋਵੇ।
ਤਸਨੀਮ- ਦਲਿਤ ਸਾਹਿਤ ਉਹ ਹੈ ਜੋ ਦਲਿਤਾਂ ਬਾਰੇ ਲਿਖਿਆ ਜਾ ਰਿਹਾ ਹੈ, ਭਾਵੇਂ ਉਹ ਕਿਸੇ ਵੀ ਵਰਗ ਦੇ ਸਾਹਿਤਕਾਰ ਦੀ ਉਪਜ ਹੋਵੇ। ਉਂਜ ਵਧੇਰੇ ਕਰ ਕੇ ਦਲਿਤ ਵਰਗ ਹੀ ਦਲਿਤਾਂ ਬਾਰੇ ਲਿਖ ਰਿਹਾ ਹੈ। ਇਹ ਸਭ ਕੁਝ ਇਕ ਤਰ੍ਹਾਂ ਨਾਲ ਦੁਖੀ ਹਿਰਦਿਆਂ ਦੀ ਚੀਸ ਦੇ ਰੂਪ ਵਿਚ ਹੈ। ਹੁਣ ਤਕ ਅਣਗੌਲੇ ਕੀਤੇ ਗਏ ਦਲਿਤ ਵਿਅਕਤੀਆਂ ਵਿਚ ਬਦਲੇ ਦੀ ਭਾਵਨਾ ਵੀ ਹੈ। ਉਹ ਪੁੱਛ ਰਹੇ ਹਨ ਕਿ ਆਦਿ ਵਾਸੀ ਇਕਲਵਿਆ ਦਾ ਅੰਗੂਠਾ ਕਿੱਥੇ ਹੈ? ਇਸ ਭਾਂਤ ਦੇ ਮਾਹੌਲ ਵਿਚ ਜਦੋਂ ਕੁਝ ਤਬਦੀਲੀ ਆਈ ਤਾਂ ਦੂਸਰੇ ਵਰਗਾਂ ਵਲੋਂ ਦਲਿਤਾਂ ਬਾਰੇ ਰਚੇ ਗਏ ਸਾਹਿਤ ਦਾ ਵੀ ਜਾਇਜ਼ਾ ਲਿਆ ਜਾਏਗਾ। ਵੈਸੇ ਦਲਿਤਾਂ ਬਾਰੇ ਬੜੀ ਸੁਹਿਰਦਤਾ ਨਾਲ ਲਿਖਿਆ ਹੈ ਸਾਡੇ ਬਹੁਤ ਸਾਰੇ ਸਾਹਿਤਕਾਰਾਂ ਨੇ। ਇਹ ਕੰਮ ਦਿਖਾਵੇ ਵਜੋਂ ਨਹੀਂ ਹੋਇਆ। ਸਗੋਂ ਦੂਸਰੀਆਂ ਸ਼੍ਰੇਣੀਆਂ ਦੇ ਹਾਸ਼ੀਏ ਵਿਚ ਵਿਚਰ ਰਹੇ ਲੋਕ ਵੀ ਦਲਿਤ ਹਨ।

ਪ੍ਰਚਾਰ ਦਾ ਸਾਹਿਤ
ਹੁਣ : ਸਾਹਿਤ ਦੀਆਂ ਵੱਖ ਧਾਰਾਵਾਂ ਦੇ ਚਲਦਿਆਂ ਪੰਜਾਬੀ ਕਵਿਤਾ, ਕਹਾਣੀ ਅਤੇ ਨਾਵਲ ‘ਤੇ ਸਭ ਤੋਂ ਵਧੇਰੇ ਪ੍ਰਭਾਵ ਪ੍ਰਗਤੀਵਾਦ ਦਾ ਰਿਹੈ। ਤੁਸੀਂ ਇਸ ਪ੍ਰਭਾਵ ਨੂੰ ਕਿਸ ਹੱਦ ਤਕ ਕਬੂਲਿਆ?
ਤਸਨੀਮ- ਪ੍ਰਗਤੀਵਾਦੀ ਸਾਹਿਤ ਦੇ ਅਧਿਐਨ ਦੇ ਮਗਰੋਂ ਹੀ ਮੈਂ ਸਾਹਿਤ ਦੀ ਰਚਨਾ ਵੱਲ ਪ੍ਰੇਰਤ ਹੋਇਆ ਸੀ। ਪਰੰਪਰਾਗਤ ਰੁਚੀਆਂ ਵਾਲੇ ਸਾਹਿਤ ਵਿਚ ਖੜੋਤ ਆ ਚੁੱਕੀ ਸੀ, ਉਦੋਂ ਪ੍ਰਗਤੀਵਾਦੀ ਸਾਹਿਤਕਾਰਾਂ ਨੇ ਨਵੀਆਂ ਲੀਹਾਂ ਪਾਈਆਂ। ਪਿਛਲੀ ਸਦੀ ਦੇ ਚਾਲੀਵਿਆਂ ਵਿਚ ਉਰਦੂ ਅਤੇ ਪੰਜਾਬੀ ਵਿਚ ਜਿਨ੍ਹਾਂ ਕਵੀਆਂ ਨੇ ਪ੍ਰਗਤੀਵਾਦ ਦੀ ਹਮਾਇਤ ਕੀਤੀ, ਉਨ੍ਹਾਂ ਵਿਚ ਫ਼ੈਜ਼ ਅਹਿਮਦ ਫ਼ੈਜ਼, ਸਾਹਿਰ ਲੁਧਿਆਣਵੀ, ਕੈਫ਼ੀ ਆਜ਼ਮੀ, ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਬਾਵਾ ਬਲਵੰਤ, ਈਸ਼ਵਰ ਚਿਤਰਕਾਰ ਅਤੇ ਪ੍ਰੀਤਮ ਸਿੰਘ ਸਫ਼ੀਰ ਸ਼ਾਮਲ ਸਨ। ਨਾਵਲਕਾਰਾਂ ਵਿਚ ਸੁਰਿੰਦਰ ਸਿੰਘ ਨਰੂਲਾ, ਸੰਤ ਸਿੰਘ ਸੇਖੋਂ, ਸੋਹਣ ਸਿੰਘ ਸੀਤਲ, ਜਸਵੰਤ ਸਿੰਘ ਕੰਵਲ, ਨਰਿੰਦਰਪਾਲ ਸਿੰਘ ਅਤੇ ਕਰਤਾਰ ਸਿੰਘ ਦੁੱਗਲ ਪ੍ਰਮੁੱਖ ਸਨ। ਕਹਾਣੀਕਾਰਾਂ ਵਿਚ ਸੁਜਾਨ ਸਿੰਘ, ਸੰਤ ਸਿੰਘ ਸੇਖੋਂ, ਸੰਤੋਖ ਸਿੰਘ ਧੀਰ ਅਤੇ ਕੁਲਵੰਤ ਸਿੰਘ ਵਿਰਕ ਅਗਵਾਈ ਕਰ ਰਹੇ ਸਨ। ਉਰਦੂ ਵਿਚ ਤਰੱਕੀ ਪਸੰਦ ਅਦਬ ਦਾ ਕਈ ਦਹਾਕੇ ਬੋਲ ਬਾਲਾ ਰਿਹਾ। ਇੰਜ ਹੀ ਪੰਜਾਬੀ ਵਿਚ ਪ੍ਰਗਤੀਵਾਦੀ ਸਾਹਿਤ ਨੇ ਕਰਾਂਤੀਕਾਰੀ ਰੁਚੀਆਂ ਦਾ ਸੰਚਾਰ ਕੀਤਾ। ਨਤੀਜਾ ਇਹ ਹੋਇਆ ਕਿ ਨਰੋਏ ਸਾਹਿਤ ਦੀ ਸਿਰਜਣਾ ਲਈ ਮਾਹੌਲ ਬਣ ਗਿਆ। ਉਸ ਵਕਤ ਦੀਆਂ ਰਚਨਾਵਾਂ ਅੱਜ ਵੀ ਸਾਹਿਤਕਾਰਾਂ ਨੂੰ ਟੁੰਬਦੀਆਂ ਹਨ।
ਹੁਣ : ਪ੍ਰਗਤੀਵਾਦੀਆਂ ‘ਤੇ ਆਮ ਇਲਜ਼ਾਮ ਇਹੀ ਲਗਦੈ ਕਿ ਇਨ੍ਹਾਂ ਨੇ ਸਾਹਿਤ ਨੂੰ ‘ਪ੍ਰਚਾਰ ਦੀ ਸਮੱਗਰੀ’ ਬਣਾ ਕੇ ਰੱਖ ਦਿੱਤਾ, ਤੁਹਾਡਾ ਇਹਦੇ ਬਾਰੇ ਕੀ ਕਹਿਣਾ ਹੈ?
ਤਸਨੀਮ- ਤੁਹਾਡੀ ਗੱਲ ਠੀਕ ਹੈ, ਇਕ ਵਕਤ ਐਸਾ ਆ ਗਿਆ ਸੀ ਜਦੋਂ ਪ੍ਰਗਤੀਵਾਦੀ ਸਾਹਿਤ ਪ੍ਰਚਾਰ ਦੀ ਸਮਗਰੀ ਬਣ ਕੇ ਰਹਿ ਗਿਆ। ਉਂਜ ਤਾਂ ਸ਼ੁਰੂ ਤੋਂ ਹੀ ਪ੍ਰਗਤੀਵਾਦੀ ਸਾਹਿਤ ‘ਤੇ ਮਾਰਕਸਵਾਦੀ ਵਿਚਾਰਧਾਰਾ ਦਾ ਪ੍ਰਭਾਵ ਸੀ ਪਰ ਇਹ ਪ੍ਰਭਾਵ ਸੰਤੁਲਤ ਰੂਪ ਵਿਚ ਸੀ। ਹੌਲੀ ਹੌਲੀ ਪ੍ਰਗਤੀਵਾਦੀ ਸਾਹਿਤ ਪ੍ਰਤੀਬੱਧ ਸਿਆਸਤ ਦੇ ਪਰਛਾਵੇਂ ਥੱਲੇ ਆ ਗਿਆ ਅਤੇ ਨਿਰੋਲ ਸਾਹਿਤ ਵਜੋਂ ਇਸ ਦਾ ਪ੍ਰਭਾਵ ਘੱਟ ਗਿਆ। ਉਂਜ ਦੇਖਿਆ ਜਾਵੇ ਤਾਂ ਪ੍ਰਗਤੀਵਾਦੀ ਵਿਚਾਰਧਾਰਾ ਮੂਲ ਰੂਪ ਵਿਚ ਅੱਜ ਵੀ ਸੁਰਜੀਤ ਹੈ ਅਤੇ ਨਵੇਂ ਸਾਹਿਤਕਾਰਾਂ ਨੂੰ ਕਿਸੇ ਨਾ ਕਿਸੇ ਰੂਪ ਵਿਚ ਪ੍ਰਭਾਵਤ ਕਰ ਰਹੀ ਹੈ।
ਹੁਣ : ਕੁਝ ਸਮਾਂ ਪਹਿਲਾਂ ਪੰਜਾਬੀ ਸਾਹਿਤ ਵਿਚ ਉਤਰਆਧੁਨਿਕਤਾ ਦਾ ਵੀ ਬੜਾ ਰੌਲਾ ਰਿਹੈ। ਕੀ ਕਦੇ ਪੰਜਾਬੀ ਨਾਵਲ ਵਿਚ ਇਸ ਉਤਰਆਧੁਨਿਕਤਾ ਦੀ ਗੂੰਜ ਤੁਹਾਨੂੰ ਸੁਣਾਈ ਦਿੱਤੀ ਜਾਂ ਫਿਰ ਇਹ ਸਿਰਫ਼ ਸਾਡੇ ਕੁਝ ਆਲੋਚਕਾਂ ਦਾ ਹੀ ਸ਼ੁਗਲ ਰਿਹਾ ਹੈ?
ਤਸਨੀਮ- ਕਹਿਣ ਵਾਲੇ ਤਾਂ ਕਹਿੰਦੇ ਹਨ ਕਿ ਆਧੁਨਿਕਤਾ ਵਿਚ ਹੀ ਉਤਰਆਧੁਨਿਕਤਾ ਦੇ ਅੰਸ਼ ਸ਼ਾਮਲ ਸਨ। ਪੰਜਾਬੀ ਨਾਵਲ ਵਿਚ ਉਤਰਆਧੁਨਿਕਤਾ ਦੇ ਪ੍ਰਭਾਵ ਪ੍ਰਤੱਖ ਹਨ। ਬਹੁਤਿਆਂ ਨੇ ਤਾਂ ਉਤਰਆਧੁਨਿਕਤਾ ਨੂੰ ਯਥਾਰਥ ਦਾ ਵਿਰੋਧ ਸਮਝ ਲਿਆ ਸੀ, ਜਿਹੜੀ ਗੱਲ ਸਹੀ ਨਹੀਂ ਹੈ। ਸਮਾਂ ਜਦੋਂ ਕਰਵਟ ਬਦਲਦਾ ਹੈ ਤਾਂ ਇਸ ਦਾ ਪ੍ਰਭਾਵ ਸਾਹਿਤਕ ਰਚਨਾਵਾਂ ‘ਤੇ ਪੈਂਦਾ ਹੈ, ਦ੍ਰਿਸ਼ਟੀਕੋਣ ਬਦਲਦੇ ਹਨ ਅਤੇ ਰਚਨਾਤਮਕ ਪ੍ਰਕਿਰਿਆ ਬਦਲਦੀ ਹੈ। ਸ਼ਬਦਾਵਲੀ ਬਦਲਦੀ ਹੈ ਅਤੇ ਸ਼ੈਲੀ ਵਿਚ ਵੀ ਪਰਿਵਰਤਨ ਆਉਂਦਾ ਹੈ।
ਹੁਣ : ਉਂਜ ‘ਹੁਣ’ ਦੇ ਪਾਠਕਾਂ ਨੂੰ ਥੋੜ੍ਹਾ ਸੌਖੇ ਲਫ਼ਜ਼ਾਂ ਵਿਚ ਸਮਝਾਓ ਕਿ ਇਹ ਉਤਰਆਧੁਨਿਕਤਾ ਹੈ ਕੀ ਤੇ ਪੰਜਾਬੀ ਸਾਹਿਤ ‘ਤੇ ਇਹਦੇ ਕੀ-ਕੀ ਅਸਰ ਪਏ ਨੇ?
ਤਸਨੀਮ- ਉਤਰ-ਆਧੁਨਿਕਤਾ ਬਾਰੇ ਗੱਲ ਕਰਨ ਤੋਂ ਪਹਿਲਾਂ ਆਧੁਨਿਕਤਾ ਦੀ ਗੱਲ ਕਰਨੀ ਜ਼ਰੂਰੀ ਹੈ। ਫ਼ਰੈਡਰਿਕ ਨੀਤਸ਼ੇ, ਕਾਰਲ ਮਾਰਕਸ ਅਤੇ ਸਿਗਮੰਡ ਫ਼ਰਾਇਡ ਦੀਆਂ ਰਚਨਾਵਾਂ ਨੇ ਸਾਹਿਤਕਾਰਾਂ ਅਤੇ ਕਲਾਕਾਰਾਂ ਨੂੰ ਮਨੁੱਖੀ ਜੀਵਨ ਦੇ ਰਹੱਸ ਨੂੰ ਸਮਝਣ ਲਈ ਨਵੀਂ ਸੋਝੀ ਪ੍ਰਦਾਨ ਕੀਤੀ। ਪਹਿਲੀ ਵਿਸ਼ਵ ਜੰਗ (1914-19) ਦੇ ਸਮੇਂ ਕੁਝ ਐਸਾ ਵਾਪਰਿਆ ਕਿ ਵਿਅਕਤੀਗਤ ਅਤੇ ਸਮਾਜਕ ਪੱਧਰ ‘ਤੇ ਮਨੁੱਖੀ ਵਤੀਰੇ ਵਿਚ ਹੈਰਾਨੀਜਨਕ ਤਬਦੀਲੀ ਆ ਗਈ। ਇਸ ਕਰ ਕੇ ਸਾਹਿਤਕਾਰ ਅਤੇ ਕਲਾਕਾਰ ਨਵੇਂ ਵਿਸ਼ਿਆਂ, ਨਵੇਂ ਆਕਾਰਾਂ, ਨਵੇਂ ਸੰਕਲਪਾਂ ਅਤੇ ਨਵੇਂ ਵਰਣਨ-ਢੰਗਾਂ ਦੀ ਤਲਾਸ਼ ਕਰਨ ਲੱਗੇ। ਇਸ ਦਾ ਨਤੀਜਾ ਇਹ ਹੋਇਆ ਕਿ ਸਮਾਜਕ, ਧਾਰਮਕ, ਨੈਤਿਕ ਅਤੇ ਸਭਿਆਚਾਰਕ ਖੇਤਰਾਂ ਵਿਚ ਪ੍ਰਮਾਣਤ ਧਾਰਾਵਾਂ ਦਾ ਖੰਡਨ ਕੀਤਾ  ਜਾਣ ਲੱਗਾ।
ਸਮਾਂ ਬੀਤਣ ਨਾਲ ਆਧੁਨਿਕਤਾ ਵਿਚ ਵੀ ਕੁਝ ਵਿਸ਼ੇ ਅਤੇ ਕੁਝ ਢੰਗ ਰੂੜੀਬੱਧ ਹੁੰਦੇ ਗਏ ਅਤੇ ਆਪਣੀ ਨਵੀਨਤਾ ਗੁਆ ਬੈਠੇ। ਦੂਸਰੀ ਵਿਸ਼ਵ ਜੰਗ (1939-45) ਦੇ ਖ਼ਾਤਮੇ ਤੀਕ ਮਨੁੱਖ ਆਪਣੀ ਹੋਂਦ ਨਾਲ ਸਬੰਧਤ ਨਵੀਆਂ ਘੁੰਮਣਘੇਰੀਆਂ ਵਿਚ ਫਸ ਗਿਆ। ਉਦੋਂ ਉਤਰਆਧੁਨਿਕਤਾ ਜਿਹੜੀ ਪਹਿਲਾਂ ਹੀ ਆਧੁਨਿਕਤਾ ਵਿਚ ਮੌਜੂਦ ਸੀ, ਪ੍ਰਤੱਖ ਹੋ ਗਈ। ਉਤਰਆਧੁਨਿਕ ਲੇਖਕ ਇਤਿਹਾਸ ਦਾ ਅਪ੍ਰਮਾਣਕ ਵਿਵਰਣ ਪੇਸ਼ ਕਰਨ ਵੱਲ ਰੁਚਿਤ ਹੋ ਗਏ। ਪੱਛਮੀ ਸਾਹਿਤ ਵਿਚ ਇਹ ਪ੍ਰਥਾ ਪ੍ਰਬਲ ਹੈ ਕਿ ਬਿਰਤਾਂਤ ਦੇ ਕਾਰਜ ਵਿਚ ਰਚਨਾਕਾਰ ਜਾਂ ਉਸ ਦਾ ਨਾਇਕ ਇਸ ਗੱਲ ਬਾਰੇ ਚੇਤੰਨ ਹੋ ਜਾਂਦਾ ਹੈ ਕਿ ਉਸ ਦੀ ਆਪਣੀ ਕਹਾਣੀ ਕਿਵੇਂ ਰਚੀ ਜਾ ਰਹੀ ਹੈ। ਅਸਲ ਵਿਚ ਬਿਰਤਾਂਤਕਾਰ ਅਤੇ ਬਿਰਤਾਂਤ ਦੋਵੇਂ ਹੀ ਰਚਨਾ ਦੇ ਕਥਾਨਕ ਦੀ ਅਗਰ-ਭੂਮੀ ਵਿਚ ਹਾਜ਼ਰ ਹੁੰਦੇ ਹਨ। ਇੰਜ ਇਕ ਨਵੀਂ ਤਰ੍ਹਾਂ ਦੇ ਨਾਇਕ ਦੀ ਸਿਰਜਣਾ ਸੰਭਵ ਹੋ ਜਾਂਦੀ ਹੈ। ਕਥਾਕਾਰ ਜਾਣ ਬੁਝ ਕੇ ਤੱਥ ਅਤੇ ਕੱਥ ਵਿਚਲਾ ਫ਼ਰਕ ਮਿਟਾ ਦਿੰਦਾ ਹੈ। ਹੌਲੀ ਹੌਲੀ ਕਥਾਕਾਰ ਆਪਣੀ ਰਚਨਾ ਰਚਣ ਸਮੇਂ ਅੱਖਰਾਂ ਨਾਲ ਖੁੱਲ੍ਹ ਲੈਣ ਲੱਗ ਗਿਆ। ਉਸ ਦੀ ਸ਼ਬਦਾਂ ਦੀ ਚੋਣ ਵਿਚ ਵੀ ਤਬਦੀਲੀ ਆ ਗਈ। ਇੰਜ ਅੱਖਰਾਂ ਨਾਲ ਖੁੱਲ੍ਹ ਲੈਣ ਦਾ ਉਸ ਦਾ ਅੰਦਾਜ਼ ਉਤਰਆਧੁਨਿਕ ਗਲਪ ਦਾ ਅਨਿੱਖੜਵਾਂ ਅੰਗ ਬਣ ਗਿਆ। ਉਤਰਆਧੁਨਿਕਤਾ ਦੇ ਪ੍ਰਭਾਵ ਅਧੀਨ ਕੁਝ ਪੰਜਾਬੀ ਨਾਵਲਕਾਰਾਂ ਨੇ ਆਪਣੀ ਵਿਸ਼ਾ-ਵਸਤੂ ਦੇ ਨਾਲ ਨਾਲ ਬਿਰਤਾਂਤਕ ਸ਼ੈਲੀ ਵਿਚ ਵੀ ਤਬਦੀਲੀ ਲਿਆਂਦੀ, ਜਿਸ ਨਾਲ ਪੰਜਾਬੀ ਨਾਵਲ ਦਾ ਆਕਾਰ ਬਦਲ ਗਿਆ।

ਉਰਦੂ ਨਾਲ ਮੋਹ
ਹੁਣ : ਨਰਿੰਜਨ ਤਸਨੀਮ ਨੇ ਰਚਨਾਕਾਰੀ ਦੀ ਸ਼ੁਰੂਆਤ ਉਰਦੂ ਵਿਚ ‘ਸੋਗਵਾਰ’ (1960) ਤੇ ‘ਮੋਨਾ ਲਿਜ਼ਾ’ (1962) ਰਾਹੀਂ ਕੀਤੀ। ਇਸ ਤੋਂ ਬਾਅਦ ਤੁਸੀਂ ਉਰਦੂ ਵਿਚ ਕੋਈ ਰਚਨਾ ਨਹੀਂ ਕੀਤੀ। ਕੀ ਇਹਦੇ ਪਿਛੇ ਪੰਜਾਬ ਵਿਚ ਉਰਦੂ ਦੇ ਪਾਠਕਾਂ ਦੀ ਕਮੀ ਹੋਣਾ ਸੀ?
ਤਸਨੀਮ- ਅਸਲ ਗੱਲ ਇਹ ਹੋਈ ਕਿ ਜਦੋਂ ‘ਜੋਗੀ ਉਤਰ ਪਹਾੜੋਂ ਆਇਆ’ ਤਾਂ ਪੰਜਾਬ ਦੇ ਕਾਲਜਾਂ ਵਿਚ ਮੁੰਡੇ-ਕੁੜੀਆਂ ਨੂੰ ਪੜ੍ਹਾਉਂਦੇ ਹੋਏ ਉਹਦੇ ਮਨ ਵਿਚ ਆਇਆ ਕਿ ਹੁਣ ਉਹ ਜੋ ਕੁਝ ਵੀ ਲਿਖੇ ਇਨ੍ਹਾਂ ਪਾਠਕਾਂ ਲਈ ਲਿਖੇ। ਹੋਇਆ ਵੀ ਇੰਜ। ਮੇਰਾ ਪਹਿਲਾ ਪੰਜਾਬੀ ਨਾਵਲ ‘ਪਰਛਾਵੇਂ’ ਕਿਤਾਬੀ ਸੂਰਤ ਵਿਚ ਆਉਣ ਤੋਂ ਪਹਿਲਾਂ ਅਗਸਤ 1966 ਵਿਚ ਪੰਜਾਬੀ ਤ੍ਰੈਮਾਸਿਕ ‘ਸੰਕੇਤ’ ਜਲੰਧਰ ਵਿਚ ਛਪਿਆ। ਉਦੋਂ ਮੈਂ ਗੌਰਮਿੰਟ ਕਾਲਜ, ਟਾਂਡਾ-ਉੜਮੜ ਵਿਚ ਸੀ। ਮੇਰੇ ਇਸ ਨਾਵਲ ਨੂੰ ਉਸ ਕਾਲਜ ਦੇ ਵਿਦਿਆਰਥੀਆਂ ਨੇ ਇਕ-ਦੂਸਰੇ ਤੋਂ ਮੰਗ ਮੰਗ ਕੇ ਪੜ੍ਹਿਆ। ਪੰਜਾਬੀ ਦੇ ਨਾਲ-ਨਾਲ ਮੈਂ ਅੰਗਰੇਜ਼ੀ ਵਿਚ ਵੀ ਲਿਖਣਾ ਸ਼ੁਰੂ ਕਰ ਦਿੱਤਾ ਸੀ। ਇਸ ਕਰ ਕੇ ਉਰਦੂ ਲਈ ਵਕਤ ਨਾ ਬਚਿਆ। ਉਂਜ ਮੈਂ ਉਰਦੂ ਨਾਲ ਅੱਜ ਤਕ ਜੁੜਿਆ ਹੋਇਆ ਹਾਂ, ਲਿਖਦਾ ਭਾਵੇਂ ਬਹੁਤ ਘੱਟ ਹਾਂ, ਪਰ ਉਰਦੂ ਸਾਹਿਤ ਪੜ੍ਹਦਾ ਰਹਿੰਦਾ ਹਾਂ। ਲੁਧਿਆਣੇ ਤੋਂ ਅੰਗਰੇਜ਼ੀ ਵਿਚ ਇਕ ਪਰਚਾ ਨਿਕਲਦਾ ਹੈ-‘ਉਰਦੂ ਅਲਾਈਵ’। ਇਸ ਵਿਚ ਮੈਂ ਉਰਦੂ ਸਾਹਿਤ ਬਾਰੇ ਲੇਖ ਵੀ ਲਿਖਦਾ ਹਾਂ ਅਤੇ ਉਰਦੂ ਦੀਆਂ ਨਜ਼ਮਾਂ ਦਾ ਅੰਗਰੇਜ਼ੀ ਵਿਚ ਅਨੁਵਾਦ ਵੀ ਕਰਦਾ ਹਾਂ।
ਹੁਣ : ਤੁਸੀਂ ਆਪਣੇ ਜੀਵਨ ਕਾਲ ਵਿਚ ਮਹਿਜ਼ ਦਸ ਨਾਵਲ ਰਚੇ ਜੋ ਪ੍ਰਵਾਨ ਤਾਂ ਚੜ੍ਹੇ ਪਰ ਤੁਹਾਡੇ ਸਮਕਾਲੀ ਨਾਵਲਕਾਰਾਂ ਨਾਲੋਂ ਜ਼ਿਆਦਾ ਮਕਬੂਲੀਅਤ ਹਾਸਲ ਨਹੀਂ ਕਰ ਸਕੇ। ਕੀ ਕਾਰਨ ਲੱਭਦੇ ਹੋ?
ਤਸਨੀਮ- ਹੋਇਆ ਇੰਜ ਕਿ ਉਰਦੂ ਵਿਚ ‘ਸੋਗਵਾਰ’ ਅਤੇ ‘ਮੋਨਾ ਲਿਜ਼ਾ’ ਲਿਖਣ ਸਮੇਂ ਮੈਂ ਉਰਦੂ ਅਤੇ ਅੰਗਰੇਜ਼ੀ ਦੇ ਆਧੁਨਿਕ ਨਾਵਲਕਾਰਾਂ ਅਤੇ ਕਹਾਣੀਕਾਰਾਂ ਦੇ ਪ੍ਰਭਾਵ ਅਧੀਨ ਸੀ। ਨਵੇਂ ਵਿਸ਼ਿਆਂ ‘ਤੇ ਨਵੇਂ ਅੰਦਾਜ਼ ਵਿਚ ਲਿਖਣ ਦੀ ਮੇਰੇ ਵਿਚ ਰੁਚੀ ਪ੍ਰਬਲ ਸੀ। ਪੰਜਾਬੀ ਵਿਚ ‘ਪਰਛਾਵੇਂ’ ਵੀ ਇਸੇ ਤੌਰ-ਤਰੀਕੇ ਨਾਲ ਲਿਖਿਆ ਗਿਆ। ਇਸ ਨਾਵਲ ਦੀ ਅਦਬੀ ਹਲਕਿਆਂ ਵਿਚ ਪ੍ਰਸੰਸਾ ਵੀ ਬਹੁਤ ਹੋਈ। ਇਸ ਤੋਂ ਬਾਅਦ ਦੇ ਨਾਵਲਾਂ ਵਿਚ ਵੀ ਮੈਂ ਇਕ ਤੋਰ ਚੱਲਣ ਵਾਲੀ ਕਹਾਣੀ ਤੋਂ ਪਰਹੇਜ਼ ਕੀਤਾ। ਸਮੇਂ ਨੂੰ ਵੀ ਮੈਂ ਪਿਛਲ ਝਾਤ ਵਜੋਂ ਵਧੇਰੇ ਵਰਤਿਆ। ਬਿਰਤਾਂਤ ਦਾ ਮੇਰਾ ਅੰਦਾਜ਼ ਸਰਬਗ ਵਰਣਨ ਵਾਲਾ ਨਹੀਂ ਸੀ ਕਿ ਨਾਵਲਕਾਰ ਹੀ ਸਭ ਕੁਝ ਦੱਸਦਾ ਜਾਏ ਅਤੇ ਪਾਠਕ ਨੂੰ ਆਪ ਕੁਝ ਸੋਚਣ ਦਾ ਮੌਕਾ ਨਾ ਦੇਵੇ। ਸਮਾਜੀ ਯਥਾਰਥ ਨੂੰ ਵੀ ਨਵੇਂ ਅਰਥ ਪ੍ਰਦਾਨ ਕੀਤੇ ਕਿ ਜੋ ਕੁਝ ਨਜ਼ਰ ਆ ਰਿਹਾ ਹੈ, ਉਹ ਹੀ ਯਥਾਰਥ ਨਹੀਂ, ਪਾਤਰ ਜੋ ਕੁਝ ਸੋਚਦੇ ਹਨ, ਜਾਂ ਜਿਨ੍ਹਾਂ ਅਕਾਂਖਿਆਵਾਂ ਦੇ ਸੁਪਨੇ ਲੈਂਦੇ ਹਨ, ਉਹ ਵੀ ਯਥਾਰਥ ਹੈ। ਮੇਰੀਆਂ ਇਹ ਗੱਲਾਂ ਸਮਝਣ ਵਿਚ ਪਾਠਕਾਂ ਨੂੰ ਕੁਝ ਸਮਾਂ ਲੱਗ ਗਿਆ ਪਰ ਹੁਣ ਮੇਰੇ ਨਾਵਲ ਬੜੇ ਉਤਸ਼ਾਹ ਨਾਲ ਪੜ੍ਹੇ ਜਾ ਰਹੇ ਹਨ।
ਸਨਮਾਨ ਦੇ ਅਰਥ
ਹੁਣ : ਤੁਹਾਨੂੰ ‘ਗੁਆਚੇ ਅਰਥ’ ਲਈ 1999 ਵਿਚ ਭਾਰਤੀ ਸਾਹਿਤ ਅਕਾਦਮੀ ਦਾ ਵੱਕਾਰੀ ਪੁਰਸਕਾਰ ਮਿਲਦਾ ਹੈ। ਕੀ ਇਸ ਪੁਰਸਕਾਰ ਤੱਕ ਪਹੁੰਚਣ ਲਈ ਤੁਹਾਨੂੰ ਕੁਝ ਅਜਿਹਾ ਕਰਨਾ ਪਿਆ, ਜਿਹਦੇ ਲਈ ਅੱਜ ਤੁਹਾਨੂੰ ਤੁਹਾਡਾ ਜ਼ਮੀਰ ਕੋਸਦਾ ਹੋਵੇ?
ਤਸਨੀਮ- ਅਸਲ ਗੱਲ ਇਹ ਹੈ ਕਿ ਮੇਰੇ ਮਨ ਵਿਚ ਇਸ ਤਰ੍ਹਾਂ ਐਵਾਰਡ ਲੈਣ ਦਾ ਖ਼ਿਆਲ ਕਦੀ ਨਹੀਂ ਆਇਆ। ਇੰਜ ਸੋਚਣਾ ਮੇਰੇ ਸੁਭਾਅ ਵਿਚ ਸ਼ਾਮਲ ਨਹੀਂ। ਮੇਰਾ ਨਾਵਲ ‘ਜਦੋਂ ਸਵੇਰ ਹੋਈ’ ਜਦੋਂ ਛਪਿਆ ਤਾਂ ਕਈਆਂ ਨੇ ਕਿਹਾ ਕਿ ਇਹ ਸਾਹਿਤ ਅਕਾਦਮੀ ਐਵਾਰਡ ਦੇ ਯੋਗ ਹੈ। ਕਿਤੋਂ ਇਹ ਵੀ ਸੁਝਾਅ ਮਿਲਿਆ ਕਿ ਜ਼ਰਾ ਕੁ ਹੰਭਲਾ ਮਾਰਨ ਨਾਲ ਕੰਮ ਬਣ ਸਕਦਾ ਹੈ ਪਰ ਮੈਂ ਇਸ ਗੱਲ ਨੂੰ ਬਿਲਕੁਲ ਨਹੀਂ ਸੀ ਗੌਲਿਆ, ਭਾਵੇਂ ਉਥੋਂ ਤਕ ਮੇਰੀ ਰਸਾਈ ਸੰਭਵ ਸੀ। ਮੇਰਾ ਉਹ ਨਾਵਲ 1977 ਵਿਚ ਛਪਿਆ ਸੀ। ਪਰ ‘ਗਵਾਚੇ ਅਰਥ’ ‘ਤੇ ਮੈਨੂੰ ਐਵਾਰਡ 1999 ਵਿਚ ਮਿਲਿਆ।  ਇਨ੍ਹਾਂ ਵੀਹ ਕੁ ਸਾਲਾਂ ਵਿਚ ਮੇਰੇ ਤੋਂ ਬਹੁਤ ਬਾਅਦ ਵਿਚ ਲਿਖਣ ਵਾਲੇ ਅਕਾਦਮੀ ਐਵਾਰਡ ਨਾਲ ਸਨਮਾਨਤ ਹੋ ਗਏ। ਮੇਰੇ ਵਿਚ ਈਰਖਾ ਦੀ ਭਾਵਨਾ ਨਹੀਂ ਹੈ, ਪਰ ਕਦੀ ਕਦੀ ਉਨ੍ਹਾਂ ਵਲੋਂ ਆਪਣੀ ਬਰਤਰੀ ਦਾ ਅਹਿਸਾਸ ਪ੍ਰਗਟ ਹੋਣ ‘ਤੇ ਇਹ ਖ਼ਿਆਲ ਜ਼ਰੂਰ ਆਉਂਦਾ ਸੀ ਕਿ ਵਕਤ ਖੁੰਝਦਾ ਜਾ ਰਿਹਾ ਹੈ। ਪਰ ਜਦੋਂ ਐਵਾਰਡ ਮਿਲਿਆ, ਉਦੋਂ ਖ਼ਿਆਲ ਆਇਆ ਕਿ ਦੇਰ ਨਾਲ ਮਿਲਣ ਕਰ ਕੇ ਇਸ ਦਾ ਮਹੱਤਵ ਵੱਧ ਗਿਆ ਹੈ।
ਹੁਣ : ਕੀ ਤੁਸੀਂ ਇਹ ਮੰਨਦੇ ਹੋ ਕਿ ਤੁਹਾਡਾ ਇਹ ਨਾਵਲ ਇਸ ਸਨਮਾਨ ਦਾ ਹੱਕਦਾਰ ਸੀ ਤੇ ਬਾਕੀ ਦੇ ਨਾਵਲ ਉਸ ਪੱਧਰ ਦੇ ਨਹੀਂ ਸਨ?
ਤਸਨੀਮ- ਮੇਰਾ ਨਾਵਲ ‘ਗਵਾਚੇ ਅਰਥ’ ਹਰ ਲਿਹਾਜ਼ ਨਾਲ ਇਸ ਸਨਮਾਨ ਦਾ ਹੱਕਦਾਰ ਸੀ। ਇਸ ਵਿਚ ਮੈਂ ਜੂਨ 1984 ਦੀ ਗਾਥਾ ਬਿਆਨ ਕੀਤੀ ਹੈ ਅਤੇ ਉਸ ਦੌਰ ਵਿਚ ਪੰਜਾਬੀਆਂ ਦੇ ਜੀਵਨ ਦੇ ਗਵਾਚੇ ਅਰਥਾਂ ਦੀ ਭਾਲ ਕੀਤੀ ਹੈ। ਮੈਂ ਪਹਿਲਾਂ ਵੀ ਕਿਹਾ ਹੈ ਕਿ ਇਹ ਸਨਮਾਨ ਮੇਰੇ ਨਾਵਲ ‘ਜਦੋਂ ਸਵੇਰ ਹੋਈ’ ਨੂੰ ਵੀ ਮਿਲ ਸਕਦਾ ਸੀ। ਸਗੋਂ ਮੇਰੇ ਇਸ ਤੋਂ ਪਹਿਲੇ ਲਿਖੇ ਗਏ ਨਾਵਲ, ਜਿਵੇਂ ਕਿ ‘ਰੇਤ ਛਲ’ ਅਤੇ ‘ਇਕ ਹੋਰ ਨਵਾਂ ਸਾਲ’ ਵੀ ਇਸ ਦੇ ਯੋਗ ਸਨ। ਸਵਾਲ ਇਹ ਪੈਦਾ ਹੁੰਦਾ ਹੈ ਕਿ ਕਿਹੜੀ ਰਚਨਾ ਵਕਤ ਦੀ ਜ਼ਿਆਦਾ ਤਰਜਮਾਨੀ ਕਰਦੀ ਹੈ। ਇਸ ਪੱਖ ਤੋਂ ਦੇਸ਼ ਦੀ ਵੰਡ ਬਾਰੇ ਲਿਖੇ ਹੋਏ ਨਾਵਲ ‘ਜਦੋਂ ਸਵੇਰ ਹੋਈ’ ਤੋਂ ਵਧੇਰੇ ਇਸ ਵਿਚ ਡੂੰਘਾਈ ਅਤੇ ਵਿਸ਼ਾਲਤਾ ਹੈ।
ਹੁਣ : ਅਕਸਰ ਇਨਾਮਾਂ ਦੀ ਜੁਗਾੜਬੰਦੀ ‘ਤੇ ਸਵਾਲ ਉਠਦੇ ਹਨ। ਜਦੋਂ ਤੁਹਾਨੂੰ ਲੰਬੀ ਉਡੀਕ ਮਗਰੋਂ ਸਾਹਿਤ ਅਕਾਦਮੀ ਇਨਾਮ ਮਿਲਿਆ ਤਾਂ ਤੁਸੀਂ ਤਸੱਲੀ ਜ਼ਾਹਰ ਕੀਤੀ। ਤੁਹਾਡੀਆਂ ਨਜ਼ਰਾਂ ਵਿਚ ਕੀ ਇਨਾਮ ਹੀ ਕਿਸੇ ਲੇਖਕ ਨੂੰ ਵੱਡਾ ਬਣਾਉਂਦੇ ਹਨ?
ਤਸਨੀਮ- ਲੰਮੀ ਉਡੀਕ ਮਗਰੋਂ ਇਨਾਮ ਮਿਲਣ ‘ਤੇ ਤਸੱਲੀ ਜ਼ਰੂਰ ਹੋਈ ਕਿ ਮੇਰੇ ਕੰਮ ਦੀ ਪਛਾਣ ਹੋਈ ਹੈ। ਇਨਾਮ ਕਿਸੇ ਲੇਖਕ ਨੂੰ ਵੱਡਾ ਨਹੀਂ ਬਣਾਉਂਦੇ ਪਰ ਵੱਡੇ ਲੇਖਕਾਂ ਨੂੰ ਸਮੇਂ ਸਮੇਂ ਸਿਰ ਸਨਮਾਨਤ ਕੀਤਾ ਜਾਣਾ ਚਾਹੀਦਾ ਹੈ। ਇਨ੍ਹਾਂ ਨੂੰ ਨਜ਼ਰਅੰਦਾਜ਼ ਕਰਨਾ, ਉਨ੍ਹਾਂ ਦੀ ਨਹੀਂ ਸਗੋਂ ਚੰਗੇ ਸਾਹਿਤ ਦੀ ਬੇਕਦਰੀ ਹੈ। ਸਮੇਂ ਸਿਰ ‘ਨੋਬੇਲ ਪ੍ਰਾਈਜ਼’ ਨਾ ਮਿਲਣ ਕਰ ਕੇ ਯਾਂ ਪਾਲ ਸਾਰਤਰ ਨੇ ਇਸ ਵੱਕਾਰੀ ਐਵਾਰਡ ਨੂੰ ਠੁਕਰਾ ਦਿੱਤਾ ਸੀ। ਪੰਜਾਬੀ ਸਾਹਿਤ ਵਿਚ ਵੀ ਇਹ ਤੀਬਰ ਅਹਿਸਾਸ ਹੈ ਕਿ ਗੁਰਬਖ਼ਸ਼ ਸਿੰਘ ਪ੍ਰੀਤਲੜੀ, ਦੇਵਿੰਦਰ ਸੱਤਿਆਰਥੀ ਅਤੇ ਸੁਰਿੰਦਰ ਸਿੰਘ ਨਰੂਲਾ ਨੂੰ ਇਸ ਐਵਾਰਡ ਤੋਂ ਵਾਂਝਿਆਂ ਰੱਖਿਆ ਹੈ। ਹੋ ਸਕਦਾ ਹੈ ਇਹ ਗੱਲ ਜਾਣ-ਬੁਝ ਕੇ ਨਾ ਹੋਈ ਹੋਵੇ, ਬਲਕਿ ਇਹ ਵਕਤ ਦੀ ‘ਸਿਤਮ-ਜ਼ਰੀਫ਼ੀ’ (ਹਾਸੇ ਹਾਸੇ ਵਿਚ ਦੁੱਖ ਪਹੁੰਚਾਉਣਾ) ਹੋਵੇ।
ਹੁਣ : ਜੇ ਪਾਠਕਾਂ ਨੇ ਹੀ ਕਿਸੇ ਲੇਖਕ ਨੂੰ ਵੱਡਾ ਬਣਾਉਣਾ ਜਾਂ ਪ੍ਰਵਾਨ ਚੜ੍ਹਾਉਣਾ ਹੈ ਤਾਂ ਤੁਹਾਨੂੰ ਨਹੀਂ ਲਗਦਾ ਇਹ ਇਨਾਮ ਬੰਦ ਹੋ ਜਾਣੇ ਚਾਹੀਦੇ ਹਨ?
ਤਸਨੀਮ- ਇਨਾਮ ਬੰਦ ਤਾਂ ਨਹੀਂ ਹੋਣੇ ਚਾਹੀਦੇ ਕਿਉਂਕਿ ਇਨ੍ਹਾਂ ਦਾ ਆਪਣਾ ਮਹੱਤਵ ਹੈ। ਉਂਜ ਪਾਠਕਾਂ ਦੇ ਹੁੰਗਾਰੇ ਨੂੰ ਪ੍ਰਥਮ ਮੁਲਅੰਕਣ ਵਜੋਂ ਪ੍ਰਵਾਨ ਕਰ ਲੈਣਾ ਚਾਹੀਦਾ ਹੈ। ਪਰ ਏਥੇ ਇਸ ਗੱਲ ਦਾ ਅੜਿੱਕਾ ਹੈ ਕਿ ਪਾਪੂਲਰ ਸਾਹਿਤ ਵਕਤੀ ਹੁੰਗਾਰਾ ਹੁੰਦਾ ਹੈ, ਜਦਕਿ ਸਾਹਿਤਕ ਰਚਨਾਵਾਂ ਦੀ ਉਮਰ ਲੰਮੀ ਹੁੰਦੀ ਹੈ, ਭਾਵੇਂ ਉਹ ਵਕਤ ਸਿਰ ਐਨੀ ਤਵੱਜੋ ਪ੍ਰਾਪਤ ਨਾ ਕਰ ਸਕੀਆਂ ਹੋਣ।
ਹੁਣ : ਜਦੋਂ ਕਿਸੇ ਲੇਖਕ ਨੂੰ ਇਨਾਮ ਮਿਲਦਾ ਹੈ ਤਾਂ ਉਸ ਤੋਂ ਬਾਅਦ ਉਸ ਦੀ ਕੋਈ ਹੋਰ ਸ਼ਾਹਕਾਰ ਰਚਨਾ ਸਾਹਮਣੇ ਨਹੀਂ ਆਉਂਦੀ ਜਦਕਿ ਇਨਾਮ ਮਿਲਣ ਤੋਂ ਬਾਅਦ ਉਸ ਦੀ ਸਾਹਿਤ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ। ਕੀ ਚੰਗੀ ਰਚਨਾ ਇਨਾਮ ਹਾਸਲ ਕਰਨ ਦੀ ਦੌੜ ਤੱਕ ਹੀ ਸੀਮਤ ਨਹੀਂ?
ਤਸਨੀਮ- ਇਨਾਮ ਹਾਸਲ ਕਰਨ ਲਈ ਦੌੜ ਲਗਾਉਣਾ ਤਾਂ ਵਾਜਬ ਗੱਲ ਨਹੀਂ। ਇਹ ਕਈ ਵਾਰ ਸਬੱਬ ਨਾਲ ਹੀ ਮਿਲ ਜਾਂਦਾ ਹੈ। ਉਂਜ ਦੇਖਣ ਵਿਚ ਆਇਆ ਹੈ ਕਿ ਇਸ ਦੀ ਪ੍ਰਾਪਤੀ ਤੋਂ ਬਾਅਦ ਲੇਖਕ ਅਵੇਸਲਾ ਹੋ ਜਾਂਦਾ ਹੈ। ਇਨਾਮ ਜੇਕਰ ਦੇਰ ਨਾਲ ਮਿਲੇ ਤਾਂ ਉਹ ਉਦੋਂ ਤਕ ਆਪਣਾ ਰਚਨਾਤਮਕ ਅਮਲ ਸਮਾਪਤ ਕਰ ਚੁੱਕਾ ਹੁੰਦਾ ਹੈ। ਮੈਂ ਇਨਾਮ ਮਿਲਣ ਤੋਂ ਬਾਅਦ ਕੇਵਲ ਇਕ ਨਾਵਲ ਹੀ ਲਿਖਿਆ ਹੈ, ਪਰ ਪਿਛਲੇ 15 ਸਾਲਾਂ ਵਿਚ ਅੰਗਰੇਜ਼ੀ ਅਤੇ ਪੰਜਾਬੀ ਵਿਚ ਬਹੁਤ ਪੁਸਤਕਾਂ ਦੀ ਰਚਨਾ ਕੀਤੀ ਹੈ।
ਹੁਣ : ਆਲੋਚਕ ਹੋਣ ਦੇ ਨਾਤੇ ਤੁਸੀਂ ਦੱਸ ਸਕਦੇ ਹੋ ਕਿ ਤੁਹਾਡੇ ਮੁਤਾਬਕ ਹੁਣ ਤਕ ਇਨਾਮ ਸਹੀ ਹੱਕਦਾਰਾਂ ਨੂੰ ਹੀ ਮਿਲੇ ਹਨ?
ਤਸਨੀਮ- ਆਮ ਤੌਰ ‘ਤੇ ਇਨਾਮਾਂ ਲਈ ਚੋਣ ਨਿਰਪੱਖ ਹੀ ਹੁੰਦੀ ਹੈ। ਕਈ ਵਾਰ ਜਿਊਰੀ ਦਾ ਮੈਂਬਰ ਆਪਣੀ ਪਸੰਦ ਦੇ ਕਿਸੇ ਸਾਹਿਤਕਾਰ ਲਈ ਵੋਟ ਪਾਉਣ ਬਾਰੇ ਸੋਚ ਕੇ ਜਾਂਦਾ ਹੈ, ਪਰ ਮੀਟਿੰਗ ਵਿਚ ਹੋਰਨਾਂ ਦੇ ਵਿਚਾਰ ਸੁਣ ਕੇ ਆਪਣਾ ਇਰਾਦਾ ਬਦਲ ਲੈਂਦਾ ਹੈ। ਕਹਿ ਲਵੋ ਕਿ ਇਨਸਾਫ਼ ਦੀ ਕੁਰਸੀ ‘ਤੇ ਬੈਠ ਕੇ ਵਿਅਕਤੀ ਦਾ ਜ਼ਮੀਰ ਗ਼ਲਤ ਕੰਮ ਕਰਨ ਤੋਂ ਹਟਕਦਾ ਹੈ। ਉਂਜ ਹਮੇਸ਼ਾ ਇਨਾਮ ਸਹੀ ਹੱਕਦਾਰਾਂ ਨੂੰ ਨਹੀਂ ਮਿਲਦੇ, ਮੂੰਹ ਮੁਲਾਹਜ਼ੇ ਵੀ ਹੋ ਜਾਂਦੇ ਹਨ।
ਹੁਣ : ਅਕਾਦਮੀਆਂ ਤੇ ਸਾਹਿਤਕ ਅਦਾਰਿਆਂ ਵਿਚ ਅਹੁਦੇਦਾਰੀਆਂ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਕੁਝ ਚੰਗੇ, ਮਾੜੇ ਤਜਰਬਿਆਂ ਬਾਰੇ ‘ਹੁਣ’ ਦੇ ਪਾਠਕਾਂ ਆਪਣੇ ਵਲਵਲੇ ਸਾਂਝੇ ਕਰਨਾ ਚਾਹੋਗੇ?
ਤਸਨੀਮ- ਅਕਾਦਮੀਆਂ ਅਤੇ ਸਾਹਿਤਕ ਅਦਾਰਿਆਂ ਵਿਚ ਅਹੁਦੇਦਾਰੀਆਂ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਮੌਕੇ ਮਿਲਦੇ ਰਹੇ ਹਨ। ਸਮੁੱਚੇ ਰੂਪ ਵਿਚ ਮਾਹੌਲ ਸਾਜ਼ਗਾਰ ਹੀ ਪ੍ਰਤੀਤ ਹੋਇਆ ਹੈ। ਉਂਜ ਸਵਾਰਥ ਵੀ ਕਈ ਰੂਪਾਂ ਵਿਚ ਵਿਚਰਦਾ ਦਿਖਾਈ ਦਿੰਦਾ ਰਿਹਾ ਹੈ ਪਰ ਇਸ ਦੀ ਹਾਮੀ ਭਰਨ ਵਾਲੇ ਛੇਤੀ ਹੀ ਖਿੰਡ ਜਾਂਦੇ ਰਹੇ ਹਨ। ਫੇਰ ਵੀ ਇਹ ਗੱਲ ਸਵੀਕਾਰ ਕਰਨੀ ਪੈਂਦੀ ਹੈ ਕਿ ਆਪਣੀ ਗੱਲ ਮਨਵਾਉਣ ਲਈ ਉਪਰ ਬੈਠੇ ਅਸਰ ਰਸੂਖ਼ ਵਾਲੇ ਵਿਅਕਤੀ, ਆਪਣੀਆਂ ਚਾਲਾਂ ਬੜੀ ਨਫ਼ਾਸਤ ਨਾਲ ਚਲਦੇ ਹਨ। ਫੇਰ ਵੀ ਅੰਜਾਮਕਾਰ ਕਾਫ਼ੀ ਹੱਦ ਤਕ, ‘ਹੱਕ ਬਹੱਕਦਾਰ ਰਸੀਦ’, (ਹੱਕਦਾਰ ਨੂੰ ਹੱਕ ਮਿਲ ਗਿਆ) ਵਾਲੀ ਗੱਲ ਵਾਪਰ ਜਾਂਦੀ ਹੈ।
ਹੁਣ : ਤੁਸੀਂ ਕੇਂਦਰ ਸਰਕਾਰ ਵਿਚ ਚੰਗੀ ਨੌਕਰੀ ‘ਤੇ ਸੀ, ਫੇਰ ਅਧਿਆਪਨ ਦੇ ਕਿੱਤੇ ਵਲ ਕਿਉਂ ਆਏ?
ਤਸਨੀਮ- ਮੇਰੇ ਜੀਵਨ ਦਾ ਲਕਸ਼ ਕਾਲਜ ਲੈਕਚਰਾਰ ਬਣਨਾ ਹੀ ਸੀ। ਹੋਇਆ ਇੰਜ ਕਿ ਮੈਂ ਜਦੋਂ ਬੀæਏæ ਕੀਤੀ 1950 ਵਿਚ ਉਦੋਂ ਖ਼ਾਲਸਾ ਕਾਰਜ, ਅੰਮ੍ਰਿਤਸਰ ਵਿਚ ਐਮæਏæ (ਇੰਗਲਿਸ਼) ਬੰਦ ਹੋ ਚੁੱਕੀ ਸੀ ਤੇ ਐਮæਏæ (ਪੰਜਾਬੀ) ਸ਼ੁਰੂ ਹੋ ਗਈ ਸੀ। ਪੰਜਾਬੀ ਮੈਂ ਜਾਣਦਾ ਨਹੀਂ ਸੀ, ਇਸ ਲਈ ਮੈਂ ਉਧਰ ਨਾ ਜਾ ਸਕਿਆ। ਸਾਲ ਕੁ ਭਰ ਇਧਰ-ਉਧਰ ਭਟਕਣ ਤੋਂ ਬਾਅਦ ਮੈਂ ਨਵੀਂ ਦਿੱਲੀ ਜਾ ਕੇ ਯੂਨੀਵਰਸਿਟੀ ਈਵਨਿੰਗ ਕੈਂਪ ਕਾਲਜ ਵਿਚ ਐਮæਏæ (ਇੰਗਲਿਸ਼) ਵਿਚ ਦਾਖ਼ਲਾ ਲੈ ਲਿਆ। ਖ਼ਿਆਲ ਇਹੀ ਸੀ ਕਿ ਦਿਨੇ ਕੋਈ ਸਰਵਿਸ ਕਰਾਂਗਾ ਅਤੇ ਸ਼ਾਮੀਂ ਕਾਲਜ ਜਾਵਾਂਗਾ। ਮੈਨੂੰ ਯਾਦ ਹੈ ਕਿ ਮੈਂ 9 ਸਤੰਬਰ 1951 ਤੋਂ 30 ਸਤੰਬਰ, 1951 ਤਕ ਤਿੰਨ ਹਫ਼ਤੇ, ਨਵੀਂ ਦਿੱਲੀ ਦੀਆਂ ਸੜਕਾਂ ‘ਤੇ ਨੌਕਰੀ ਦੀ ਤਲਾਸ਼ ਵਿਚ ਮਾਰਾ-ਮਾਰਾ ਫਿਰਦਾ ਰਿਹਾ, ਪਰ ਕਿਤੇ ਵੀ ਕੰਮ ਨਾ ਬਣਿਆ। ਫੇਰ ਸ਼ਿਮਲੇ ਤੋਂ ਏæਜੀæ (ਪੰਜਾਬ), ਜੋ ਕੇਂਦਰੀ ਸਰਕਾਰ ਦਾ ਦਫ਼ਤਰ ਹੈ, ਵਲੋਂ ਚੰਗੀ ਪੋਸਟ ਲਈ ਇੰਟਰਵਿਊ ਆ ਗਈ। ਪਹਿਲੀ ਅਕਤੂਬਰ, 1951 ਨੂੰ ਮੈਂ ਸ਼ਿਮਲੇ ਪਹੁੰਚ ਗਿਆ ਅਤੇ ਬੀæਏæ ਵਿਚ ਫ਼ਸਟ ਡਿਵੀਜ਼ਨ ਦੇ ਆਧਾਰ ‘ਤੇ ਮੈਂ ਸਿਲੈਕਟ ਹੋ ਗਿਆ। ਇਸ ਤੋਂ ਬਾਅਦ ਕੁਝ ਐਸਾ ਵਾਪਰਿਆ ਕਿ ਮੈਂ ਉਥੋਂ ਦਾ ਹੋ ਕੇ ਰਹਿ ਗਿਆ। ਪਰ ਕੁਝ ਸਾਲਾਂ ਬਾਅਦ ਕਾਲਜ ਲੈਕਚਰਾਰ ਬਣਨ ਵਾਲੀ ਤਮੰਨਾ ਨੇ ਮੇਰੇ ਮਨ ‘ਤੇ ਗ਼ਲਬਾ ਪਾ ਲਿਆ ਅਤੇ ਮੈਂ ਐਮæਏæ (ਇੰਗਲਿਸ਼) ਕਰ ਕੇ ਸਰਕਾਰੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ। ਫਗਵਾੜੇ ਆ ਕੇ ਮੈਂ 9 ਅਕਤੂਬਰ 1961 ਨੂੰ ਪ੍ਰਾਈਵੇਟ ਕਾਲਜ ਵਿਚ ਲੈਕਚਰਾਰ ਬਣ ਗਿਆ।
ਹੁਣ : ਅਧਿਆਪਨ ਖੇਤਰ ਤੁਹਾਡੀ ਲੇਖਣੀ ਵਿਚ ਕਿੰਨਾ ਤੇ ਕਿਸ ਰੂਪ ਵਿਚ ਸਹਾਈ ਹੋਇਆ?
ਤਸਨੀਮ- ਅਧਿਆਪਨ ਖੇਤਰ ਨੇ ਹੀ ਮੈਨੂੰ ਸਹੀ ਰੂਪ ਵਿਚ ਨਾਵਲਕਾਰ ਅਤੇ ਆਲੋਚਕ ਬਣਾਇਆ। ਦੋ ਉਰਦੂ ਨਾਵਲ ਮੈਂ ਲਿਖ ਚੁੱਕਾ ਸੀ, ਪੰਜਾਬੀ ਵਿਚ ਮੈਂ ਆਪਣਾ ਪਹਿਲਾ ਨਾਵਲ ‘ਪਰਛਾਵੇਂ’ 1965 ਵਿਚ ਲਿਖਿਆ ਜੋ 1966 ਵਿਚ ਛਪਿਆ। ਇਸ ਤੋਂ ਬਾਅਦ ਮੈਂ ਲਗਾਤਾਰ ਨਾਵਲ ਲਿਖਦਾ ਰਿਹਾ ਅਤੇ 1968 ਵਿਚ ਫ਼ਰੀਦਕੋਟ ਜਾ ਕੇ ਮੈਂ ਆਪਣੇ ਕੁਝ ਸਾਥੀਆਂ ਨਾਲ ਰਲ ਕੇ ‘ਸੁਚੇਤਨਾ’ ਨਾਂ ਦਾ ਤ੍ਰੈਮਾਸਿਕ ਜਾਰੀ ਕੀਤਾ। ਉਦੋਂ ਮੈਂ ਇਸ ਪਰਚੇ ਲਈ ਕੁਝ ਆਲੋਚਨਾਤਮਕ ਲੇਖ ਲਿਖੇ ਅਤੇ ਬਦੋ-ਬਦੀ ਆਲੋਚਕ ਬਣ ਗਿਆ। ਕਾਲਜਾਂ ਵਿਚ ਵਿਦਿਆਰਥੀ ਵਰਗ ਦੇ ਸੰਪਰਕ ਵਿਚ ਆਉਣ ਕਰ ਕੇ ਮੈਨੂੰ ‘ਜਾਬ-ਸੈਟਿਸਫ਼ੈਕਸ਼ਨ’ ਮਿਲੀ ਅਤੇ ਮੈਂ ਰਚਨਾਤਮਕ ਅਤੇ ਬਾਅਦ ਵਿਚ ਆਲੋਚਨਾਤਮਕ ਕਾਰਜਾਂ ਵਿਚ ਰੁਝਿਆ ਰਿਹਾ।
ਹੁਣ : ਤੁਹਾਡੀ ਸਿੱਖਿਆ ਦਾ ਮਾਧਿਅਮ ਉਰਦੂ ਤੇ ਅੰਗਰੇਜ਼ੀ ਰਿਹੈ। ਤੁਸੀਂ ਸਾਰੀ ਉਮਰ ਪੜ੍ਹਾਇਆ ਅੰਗਰੇਜ਼ੀ ਵਿਚ ਪਰ ਲਿਖਿਆ ਪੰਜਾਬੀ ਵਿਚ, ਅਸਲ ਵਜ੍ਹਾ ਕੀ ਸੀ? ਨਾਲ ਹੀ ਦੱਸੋ ਕਿ ਪਹਿਲੋਂ ਪਹਿਲ ਪੰਜਾਬੀ ਵਿਚ ਲਿਖਦਿਆਂ ਕੁਝ ਮੁਸ਼ਕਲਾਂ ਵੀ ਆਈਆਂ ਕਿ ਨਹੀਂ?
ਤਸਨੀਮ- ਆਪਣੇ ਬਾਰੇ ਮੈਂ ਥੋੜ੍ਹੇ ਜਿਹੇ ਮਖ਼ੌਲੀਆ ਅੰਦਾਜ਼ ਵਿਚ ਕਹਿੰਦਾ ਹੁੰਦਾ ਹਾਂ ਕਿ- ‘ਮੈਂ ਉਰਦੂ ਪੜ੍ਹੀ ਹੈ, ਅੰਗਰੇਜ਼ੀ ਪੜ੍ਹਾਈ ਹੈ ਅਤੇ ਪੰਜਾਬੀ ਵਿਚ ਲਿਖਿਆ ਹੈ।’ ਕਾਲਜ ਲੈਕਚਰਾਰ ਬਣ ਕੇ ਮੇਰਾ ਜਦੋਂ ਵਿਦਿਆਰਥੀਆਂ ਨਾਲ ਸੰਪਰਕ ਪੈਦਾ ਹੋਇਆ ਤਾਂ ਮੇਰੇ ਮਨ ਵਿਚ ਖ਼ਿਆਲ ਆਇਆ ਕਿ ਨਵੀਂ ਪੀੜ੍ਹੀ ਨਾਲ ਮੈਂ ਪੰਜਾਬੀ ਰਾਹੀਂ ਹੀ ਸੰਵਾਦ ਰਚਾ ਸਕਦਾ ਹਾਂ। ਸੋ, ਮੈਂ ਪੰਜਾਬੀ ਵਿਚ ਲਿਖਣਾ ਸ਼ੁਰੂ ਕਰ ਦਿੱਤਾ। ਪੰਜਾਬੀ ਮੈਨੂੰ ਚੰਗੀ ਤਰ੍ਹਾਂ ਆਉਂਦੀ ਨਹੀਂ ਸੀ, ਇਸ ਲਈ ਕਈ ਮੁਸ਼ਕਲਾਂ ਆਈਆਂ। ਪਰ ਮੇਰੇ ਵਿਚ ਲਗਨ ਸੀ ਪੰਜਾਬੀ ਨੂੰ ਆਪਣੀਆਂ ਲਿਖਤਾਂ ਦਾ ਮਾਧਿਅਮ ਬਣਾਉਣ ਦੀ, ਸੋ ਮੈਂ ਕਾਮਯਾਬ ਹੋ ਗਿਆ।
ਹੁਣ : ਤੁਸੀਂ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਨਾਲ ਲੰਮੇ ਸਮੇਂ ਤੋਂ ਜੁੜੇ ਹੋਏ ਹੋ। ਇਹਦੇ ਨਾਲ ਆਪਣੇ ਸਬੰਧਾਂ ਬਾਰੇ ਚਾਨਣਾ ਪਾਓਗੇ?
ਤਸਨੀਮ- ਗੌਰਮਿੰਟ ਕਾਲਜ, ਕਪੂਰਥਲਾ ਤੋਂ ਬਦਲ ਕੇ ਮੈਂ 1982 ਗੌਰਮਿੰਟ ਕਾਲਜ, ਲੁਧਿਆਣਾ ਵਿਚ ਆ ਗਿਆ ਸੀ। ਸ਼ਾਇਦ ਉਸ ਸਾਲ ਦੇ ਅਖ਼ੀਰ ਵਿਚ ਜਾਂ ਅਗਲੇ ਸਾਲ ਦੇ ਸ਼ੁਰੂ ਵਿਚ ਮੈਂ ਇਸ ਅਕਾਦਮੀ ਦਾ ਮੈਂਬਰ ਬਣ ਗਿਆ। ਜਿਥੋਂ ਤਕ ਮੈਨੂੰ ਯਾਦ ਹੈ, ਦੋ ਵਾਰ ਮੈਂ ਅੰਤ੍ਰਿਗ ਬੋਰਡ ਦਾ ਮੈਂਬਰ ਚੁਣਿਆ ਗਿਆ ਅਤੇ ਦੋ ਵਾਰ ਹੀ ਮੀਤ ਪ੍ਰਧਾਨ ਦੀ ਚੋਣ ਜਿੱਤਿਆ। ਉਂਜ ਤਾਂ ਮੈਂ ਕਦੀ ਕਿਸੇ ਵੱਡੇ ਅਹੁਦੇ ਨੂੰ ਪ੍ਰਾਪਤ ਕਰਨ ਦੀ ਤਮੰਨਾ ਨਹੀਂ ਸੀ ਕੀਤੀ, ਪਰ ਡਾæ ਪਰਮਿੰਦਰ ਸਿੰਘ ਦੇ ਚਲਾਣੇ ਮਗਰੋਂ ਮੇਰੇ ਜੀ ਵਿਚ ਆਇਆ ਕਿ ਜਨਰਲ ਸਕੱਤਰ ਬਣ ਕੇ ਸਿ ਅਕਾਦਮੀ ਦੀ ਵਧੇਰੇ ਸੇਵਾ ਕੀਤੀ ਜਾਏ। ਜਿਹੜੇ ਮਿੱਤਰ ਪ੍ਰਧਾਨ ਲਈ ਖੜ੍ਹੇ ਹੋਏ ਸਨ, ਉਨ੍ਹਾਂ ਨੇ ਮੇਰੀ ਹਮਾਇਤ ਕਰਨ ਦਾ ਵਾਅਦਾ ਬੜੇ ਖ਼ਲੂਸ ਨਾਲ ਕੀਤਾ। ਮੇਰਾ ਇਸ ਗੱਲ ਵਿਚ ਵਿਸ਼ਵਾਸ ਹੈ ਕਿ ਵੋਟਾਂ ਲਈ ਮੈਂਬਰਾਂ ਨੂੰ ਬੇਨਤੀ ਜ਼ਰੂਰ ਕੀਤੀ ਜਾਏ ਪਰ ਉਨ੍ਹਾਂ ਦੇ ਤਰਲੇ ਨਾ ਕੱਢੇ ਜਾਣ।
ਖ਼ੈਰ, ਇਲੈਕਸ਼ਨ ਨੇੜੇ ਆ ਗਿਆ, ਮੈਨੂੰ ਆਪਣੇ ਜਿੱਤਣ ਦੀ ਪੂਰੀ ਉਮੀਦ ਸੀ। ਸਾਡੇ ਕੁਝ ਸ਼ੁਭ ਚਿੰਤਕ ਪ੍ਰਧਾਨ ਲਈ ਅਤੇ ਜਨਰਲ ਸਕੱਤਰ ਲਈ ਬੜੀ ਸੁਹਿਰਦਤਾ ਨਾਲ ਵੋਟ ਮੰਗ ਰਹੇ ਸਨ। ਅਖ਼ੀਰ ਇਲੈਕਸ਼ਨ ਵਾਲੇ ਦਿਨ ਪਾਸਾ ਅਚਾਨਕ ਪਲਟ ਗਿਆ। ਮੈਂ ਦੇਖਿਆ ਕਿ ਸਾਡੇ ਉਹ ਸ਼ੁਭ ਚਿੰਤਕ ਅਵੇਸਲੇ ਫਿਰ ਰਹੇ ਸਨ। ਫੇਰ ਮੈਂ ਉਨ੍ਹਾਂ ਵਿਚੋਂ ਕੁਝ ਕੁ ਨੂੰ ਵਿਰੋਧੀ ਧਿਰ ਕੋਲ ਬੈਠੇ ਦੇਖਿਆ। ਏਨੇ ਵਿਚ ਮੈਨੂੰ ਕਿਸੇ ਨੇ ਦੱਸਿਆ ਕਿ ਰਾਤੋ-ਰਾਤ ਇਹ ਫ਼ੈਸਲਾ ਹੋ ਗਿਆ ਸੀ ਕਿ ‘ਮੇਰੇ’ ਵਾਲੇ ਪ੍ਰਧਾਨ ਨੂੰ ਜਤਾਓ ਅਤੇ ਮੈਨੂੰ ਹਰਾਓ, ਤਾਂ ਜੋ ਮੇਰੇ ਸਾਹਮਣੇ ਵਾਲਾ ਜਿੱਤ ਜਾਵੇ। ਸੋ, ਉਹੀ ਕੁਝ ਹੋਇਆ। ਚਲੋ, ਕੋਈ ਗਿਲਾ ਸ਼ਿਕਵਾ ਨਹੀਂ। ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਨੇ ਮੈਨੂੰ 9 ਅਗਸਤ 2015 ਨੂੰ ਫੈਲੋਸ਼ਿਪ, ਜਿਸ ਨੂੰ ਸਰਵ ਉੱਚ ਸਨਮਾਨ ਕਿਹਾ ਜਾਂਦਾ ਹੈ, ਪ੍ਰਦਾਨ ਕਰਨੀ ਹੈ। ਸ਼ੁਕਰੀਆ।
ਹੁਣ : ਭਾਰਤੀ ਸਾਹਿਤ ਅਕਾਦਮੀ ਦਾ ਐਵਾਰਡ ਮਿਲਣ ਤੋਂ ਬਾਅਦ ਪੰਜਾਬੀ ਪਾਠਕਾਂ ਅਤੇ ਲੇਖਕਾਂ ਦਾ ਤੁਹਾਡੇ ਪ੍ਰਤੀ ਰਵੱਈਆ ਬਦਲਿਆ ਸੀ ਜਾਂ ਨਹੀਂ।
ਤਸਨੀਮ- ਬਦਲਿਆ ਸੀ ਤੇ ਕਾਫ਼ੀ ਹਦ ਤੱਕ ਬਦਲਿਆ ਸੀ। ਸ਼ਾਇਦ ਇਹ ਕੁਦਰਤੀ ਗੱਲ ਸੀ ਪਰ ਮੈਨੂੰ ਇਹ ਗੱਲ ਚੰਗੀ ਨਹੀਂ ਸੀ ਲੱਗੀ। ਲੇਖਕ ਨੂੰ ਆਪਣੇ ਅੰਦਰੋਂ ਪਤਾ ਹੁੰਦਾ ਹੈ ਕਿ ਉਹ ਕਿੱਥੇ ਖੜ੍ਹਾ ਹੈ। ਇਨਾਮ ਜੋ ਮਿਲਦਾ ਹੈ ਤਾਂ ਇਹ ਇਕ ਤਰ੍ਹਾਂ ਨਾਲ ਹੁੰਗਾਰੇ ਸਮਾਨ ਹੁੰਦਾ ਹੈ। ਦੂਸਰੇ ਪਾਸੇ, ਪਾਠਕ ਅਤੇ ਲੇਖਕ ਉਸ ਨੂੰ ਨਵੇਂ ਪਰਿਪੇਖ ਤੋਂ ਦੇਖਣ ਲੱਗਦੇ ਹਨ, ਖ਼ਾਸ ਕਰ ਕੇ ਇਸ ਲਈ ਕਿ ਉਨ੍ਹਾਂ ਵਿਚ ਆਪਣੇ ਤੌਰ ‘ਤੇ ਉਸ ਲੇਖਕ ਦਾ ਸਹੀ ਮੁਲਾਂਕਣ ਕਰਨ ਦੀ ਸਮਰਥਾ ਨਹੀਂ ਹੁੰਦੀ। ਸਮਕਾਲੀ ਲੇਖਕ ਆਮ ਤੌਰ ‘ਤੇ ਇਕ ਦੂਸਰੇ ਦੀਆਂ ਰਚਨਾਵਾਂ ਮਨਮਰਜ਼ੀ ਨਾਲ ਪੜ੍ਹਦੇ ਹਨ, ਬਾਕਾਇਦਗੀ ਨਾਲ ਨਹੀਂ। ਵੈਸੇ ਵੀ, ਥੋੜ੍ਹੀ ਬਹੁਤ ਈਰਖਾ (ਜਾਂ ਫਿਰ ਰਸ਼ਕ) ਦੂਸਰੇ ਦੀਆਂ ਪ੍ਰਾਪਤੀਆਂ ਨੂੰ ਅਣਗੌਲਿਆ ਕਰਨ ਵਿਚ ਆਪਣਾ ਰੋਲ ਅਦਾ ਕਰਦੀ ਹੈ। ਇਹ ਵੀ ਸਮਝ ਲਿਆ ਜਾਂਦਾ ਹੈ ਕਿ ਇਹ ਕੰਮ ਅਸਰ ਰਸੂਖ਼ ਨਾਲ ਹੋਇਆ ਹੈ। ਲੇਖਕ ਲਈ ਵੀ ਸਾਵਧਾਨ ਹੋਣਾ ਜ਼ਰੂਰੀ ਹੈ ਕਿ ਕਿਤੇ ਉਹ ਐਵਾਰਡ ਲੈਣ ਮਗਰੋਂ ਆਪਣੇ ਆਪ ਨੂੰ ਗ਼ਲਤ ਨਾ ਸਮਝਣ ਲੱਗ ਜਾਏ।

ਲੇਖਨ ਵਿਚ ਕਾਮੁਕਤਾ
ਹੁਣ : ਤੁਹਾਡੇ ਲੇਖਨ ਕਾਲ ਦਾ ਸਿਖਰਲਾ ਸਮਾਂ ਪ੍ਰਗਤੀਵਾਦੀ ਲਹਿਰ ਦਾ ਹੀ ਸੀ ਪਰ ਤੁਹਾਡੇ ਨਾਵਲਾਂ ਦੇ ਪਾਤਰ ਵਧੇਰੇ ਕਾਮੁਕਤਾ ਵਿਚ ਫਸੇ ਨਜ਼ਰ ਆਉਂਦੇ ਨੇ, ਅਜਿਹਾ ਕਿਉਂ?
ਤਸਨੀਮ- ਪਹਿਲੀ ਗੱਲ ਤਾਂ ਇਹ ਹੈ ਕਿ ਪ੍ਰਗਤੀਵਾਦੀ ਲਹਿਰ ਤੋਂ ਪ੍ਰਭਾਵਤ ਲੇਖਕਾਂ ਦੀਆਂ ਰਚਨਾਵਾਂ ਵਿਚ ਵੀ ਹਲਕੀ ਫੁਲਕੀ ਕਾਮੁਕਤਾ ਦਾ ਅੰਸ਼ ਮੌਜੂਦ ਹੁੰਦਾ ਸੀ। ਸਆਦਤ ਹਸਨ ਮੰਟੋ ਅਤੇ ਇਸਮਤ ਚੁਗ਼ਤਾਈ ਉਰਦੂ ਵਿਚ ਅਤੇ ਕਰਤਾਰ ਸਿੰਘ ਦੁੱਗਲ ਅਤੇ ਬਲਵੰਤ ਗਾਰਗੀ ਪੰਜਾਬੀ ਵਿਚ ਕਾਮੁਕ ਭਾਵਨਾਵਾਂ ਦਾ ਪ੍ਰਗਟਾਵਾ ਕਰਦੇ ਰਹੇ ਸਨ। ਪ੍ਰਗਤੀਵਾਦੀ ਵਿਚਾਰਾਂ ਦੇ ਅਧੀਨ ਹੀ ਮੈਂ ਉਰਦੂ ਵਿਚ ਆਪਣਾ ਨਾਵਲ ‘ਸੋਗਵਾਰ’ ਲਿਖਿਆ ਸੀ ਜੋ ਪੰਜਾਬੀ ਵਿਚ ‘ਕਸਕ’ ਦੇ ਨਾਂ ਹੇਠ ਅਨੁਵਾਦ ਹੋ ਕੇ ਅਸ਼ਲੀਲ ਪ੍ਰਤੀਤ ਹੋਣ ਲੱਗਾ। ‘ਸੋਗਵਾਰ’ ਦਾ ਉਰਦੂ ਦੇ ਸਾਹਿਤਕ ਹਲਕਿਆਂ ਨੇ ਸਵਾਗਤ ਕੀਤਾ ਕਿਉਂਕਿ ਉਸ ਵਿਚ ਇਕ ਔਰਤ ਰਮਾ ਦੇ ਮਾਨਸਿਕ ਦਵੰਧ ਦੀ ਕਹਾਣੀ ਸੀ। ਉਹ ਆਪਣੇ ਪਤੀ ਰਣਧੀਰ ਦੇ ਵਿਹਾਰ ਤੋਂ ਪ੍ਰੇਸ਼ਾਨ ਸੀ। ਉਸ ਦਾ ਪਤੀ ਉਸ ਨੂੰ ਪਿਆਰ ਨਹੀਂ ਸੀ ਕਰਦਾ, ਕੇਵਲ ਉਹਦੇ ਸਰੀਰ ਨੂੰ ਬੇਰਹਿਮੀ ਨਾਲ ਵਰਤਦਾ ਸੀ। ਉਰਦੂ ਵਿਚ ਤਾਂ ਮੰਟੋ ਨੇ ਸ਼ਬਦਾਂ ਦਾ ਜਾਲ ਵਿਛਾ ਕੇ ਗੱਲ ਜ਼ਰਾ ਬੇਬਾਕ ਢੰਗ ਨਾਲ ਬਿਆਨ ਕਰਨ ਦੀ ਪ੍ਰਥਾ ਚਲਾਈ ਹੋਈ ਸੀ ਪਰ ਪੰਜਾਬੀ ਵਿਚ ਇਸ ਅੰਦਾਜ਼ ਨੂੰ ਪਸੰਦ ਨਹੀਂ ਸੀ ਕੀਤਾ ਗਿਆ। ਬਾਅਦ ਵਿਚ ਮੈਂ ‘ਹਨੇਰਾ ਹੋਣ ਤਕ’ ਨਾਵਲ ਲਿਖਿਆ। ਇਸ ਵਿਚ ਵੀ ਮੈਂ ਥੋੜ੍ਹੀ ਖੁੱਲ੍ਹ ਲੀਤੀ ਕਿਉਂਕਿ ਇਸ ਵਿਚ ਇਕ ਵਿਅਕਤੀ ਦੀਆਂ ਮੁਢਲੇ ਜੀਵਨ ਦੀਆਂ ਆਰਥਕ ਥੁੜ੍ਹਾਂ ਅਤੇ ਬਾਅਦ ਵਿਚ ਜਦੋਂ ਉਹ ਖ਼ੁਸ਼ਹਾਲ ਹੋ ਗਿਆ ਤਾਂ ਉਸ ਦੀਆਂ ਜਿਨਸੀ ਲੋੜਾਂ ਦਾ ਵਰਣਨ ਨਾਵਲ ਦੇ ਕਥਾਨਕ ਦੀ ਮੰਗ ਸੀ। ਪੰਜਾਬੀ ਵਿਚ ਇਹ ਨਾਵਲ ਸਵੀਕਾਰ ਹੋ ਗਿਆ।
ਹੁਣ : ਆਪਣੇ ਨਾਵਲਾਂ ਵਿਚ ਕਾਮੁਕ ਪਾਤਰਾਂ ਨੂੰ ਸਿਰਜਦਿਆਂ  ਕਦੇ ਘਰੋਂ ਵੀ ਵਿਰੋਧ ਦਾ ਸਾਹਮਣਾ ਕਰਨਾ ਪਿਆ?
ਤਸਨੀਮ- ਇਸ ਤਰ੍ਹਾਂ ਦੀ ਨੌਬਤ ਨਹੀਂ ਆਈ ਕਿਉਂਕਿ ਇਹ ਕਾਮੁਕਤਾ ਮਨੁੱਖੀ ਭਾਵਾਂ ਦੀ ਤਰਜਮਾਨੀ ਵਜੋਂ ਸੀ, ਕਿਸੇ ਕਿਸਮ ਦਾ ਸਵਾਦ ਲੈਣ ਦੀ ਖ਼ਾਤਰ ਨਹੀਂ ਸੀ। ਕਿਤੇ ਕਿਤੇ ਵਲਵਲੇ ਨੂੰ ਕਾਵਿਮਈ ਸ਼ੈਲੀ ਵਿਚ ਦਰਸਾਉਣ ਦਾ ਮਤਲਬ ਇਹ ਸੀ ਕਿ ਜੀਵਨ ਵਿਚ ਸੰਤੁਲਨ ਕਾਇਮ ਰੱਖਣ ਲਈ ਸਰੀਰਕ ਲੋੜਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਜਜ਼ਬਾਤੀ ਲਗਾਉ ਨੂੰ ਕਾਮੁਕਤਾ ਨਹੀਂ ਕਿਹਾ ਜਾ ਸਕਦਾ। ਮੇਰੀ ਪਤਨੀ ਮੇਰੇ ਨਾਵਲਾਂ ਨੂੰ ਖਰੜਿਆਂ ਦੇ ਰੂਪ ਵਿਚ ਪੜ੍ਹਦੀ ਰਹੀ, ਇਸ ਕਰ ਕੇ ਉਹ ਮੇਰੇ ਰਚਨਾਤਮਕ ਅਮਲ ਪ੍ਰਤੀ ਪੂਰੀ ਤਰ੍ਹਾਂ ਜਾਣੂ ਸੀ, ਇਸ ਲਈ ਗ਼ਲਤ-ਫ਼ਹਿਮੀ ਕਦੀ ਨਹੀਂ ਹੋਈ।
ਹੁਣ : ਤੁਹਾਡੀ ਲਗਪਗ ਸਾਰੀ ਰਚਨਾਕਾਰੀ ਅੰਗਰੇਜ਼ੀ ਦੀ ਥਾਂ ਪੰਜਾਬੀ ਵਿਚ ਹੈ ਪਰ ਵੱਧ ਪ੍ਰਭਾਵ ਤੁਸੀਂ ਹਮੇਸ਼ਾ ਪੱਛਮ ਦੇ ਮਾਰਕੁਏਜ਼, ਕੈਲਵੀਨੋ ਵਰਗੇ ਨਾਵਲਕਾਰਾਂ ਦਾ ਕਬੂਲਿਆ। ਕੀ ਤੁਹਾਨੂੰ ਇਹ ਲਗਦਾ ਹੈ ਕਿ ਪੰਜਾਬੀ ਦੇ ਸਾਡੇ ਨਾਵਲਕਾਰ ਪੱਛਮ ਦੇ ਪੱਧਰ ਦਾ ਨਹੀਂ ਲਿਖ ਸਕੇ?
ਤਸਨੀਮ- ਸ਼ਿਮਲੇ ਵਿਚ ਐਮæਏæ (ਇੰਗਲਿਸ਼) ਦਾ ਇਮਤਿਹਾਨ ਦੇਣ ਤੋਂ ਬਾਅਦ ਮੈਂ ਸੁਭਾਵਕ ਹੀ ਪੱਛਮੀ ਨਾਵਲ ਪੜ੍ਹਨ ਲੱਗ ਪਿਆ। ਅੰਗਰੇਜ਼ੀ ਦੇ ਸਿਲੇਬਸ ਵਿਚ ਲੱਗੇ ਨਾਵਲ ਪੜ੍ਹਨ ਮਗਰੋਂ ਮੈਂ ਉਨ੍ਹਾਂ ਵਿਚ ਸਿਰਫ਼ ਡੀæਐਚæ ਲਾਰੰਸ ਦੇ ਨਾਵਲ ‘ਸੰਨਜ਼ ਐਂਡ ਲਵਰਜ਼’ ਦਾ ਵਾਧਾ ਕੀਤਾ। ਵਧੇਰੇ ਸ਼ੌਕ ਨਾਲ ਮੈਂ, ‘ਸੋਗਵਾਰ’ ਲਿਖਣ ਤੋਂ ਪਹਿਲਾਂ ਫ਼ਰੈਂਚ ਨਾਵਲਕਾਰਾਂ ਦੀਆਂ ਰਚਨਾਵਾਂ ਜਿਵੇਂ ਕਿ ਫ਼ਲਾਬਿਅਰ ਦੀ ‘ਮਾਦਾਮ ਬੋਵੇਰੀ’ ਅਤੇ ਜ਼ੋਲਾ ਦੀ ‘ਨੈਨਾ’ ਪੜ੍ਹੀਆਂ ਅਤੇ ਖ਼ਾਸਾ ਪ੍ਰਭਾਵ ਕਬੂਲ ਕੀਤਾ। ਬਾਅਦ ਵਿਚ ਵਕਤ ਦੇ ਨਾਲ ਨਾਲ ਸਾਰਤਰ, ਕਾਮੂ, ਕਾਫ਼ਕਾ ਅਤੇ ਕੁਝ ਹੋਰ ਗਲਪਕਾਰਾਂ ਨੂੰ ਪੜ੍ਹਿਆ। ਕੁਦਰਤੀ ਤੌਰ ‘ਤੇ ਮਨ ਵਿਚ ਖ਼ਿਆਲ ਆਇਆ ਕਿ ਪੰਜਾਬੀ ਨਾਵਲ ਨੂੰ ਵੀ ਨਵੀਂਆਂ ਪੁਲਾਂਘਾ ਪੁਟਣੀਆਂ ਚਾਹੀਦੀਆਂ ਹਨ। ਉਂਜ ਤਾਂ ਮੈਂ ਅੰਗਰੇਜ਼ੀ ਵਿਚ ਬਹੁਤ ਕੁਝ ਲਿਖਿਆ ਅਤੇ ਇਸ ਭਾਸ਼ਾ ਵਿਚ 15 ਕੁ ਪੁਸਤਕਾਂ ਛਪ ਚੁੱਕੀਆਂ ਹਨ, ਪਰ ਮੇਰੀ ਧਾਰਨਾ ਰਹੀ ਹੈ ਕਿ ਰਚਨਾਤਮਕ ਸਾਹਿਤ ਮਾਤ ਭਾਸ਼ਾ ਵਿਚ ਹੀ ਠੀਕ ਢੰਗ ਨਾਲ ਰਚਿਆ ਜਾ ਸਕਦਾ ਹੈ। ਤੁਸੀਂ ਮਾਰਕੁਏਜ਼ ਅਤੇ ਕੈਲਵੀਨੋ ਦੇ ਨਾਂ ਗਿਣਵਾਏ ਹਨ। ਇਨ੍ਹਾਂ ਵਿਚ ਸੌਖੇ ਹੀ ਮਿਲਾਨ ਕੁੰਡੀਰਾ ਅਤੇ ਅੰਬਰਟੋ ਈਕੋ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਸਾਡੇ ਨਾਵਲਕਾਰਾਂ ਉੱਤੇ ਇਨ੍ਹਾਂ ਦੀਆਂ ਰਚਨਾਵਾਂ ਦਾ, ਸਿੱਧੇ ਜਾਂ ਅਸਿੱਧੇ ਤਰੀਕੇ ਨਾਲ, ਪ੍ਰਭਾਵ ਹੈ। ਪੰਜਾਬੀ ਨਾਵਲਕਾਰਾਂ ਪ੍ਰਤੀ ਮੈਂ ਆਸਾਗਤ ਹਾਂ ਕਿ ਇਹ, ਨੇੜਲੇ ਭਵਿੱਖ ਵਿਚ, ਪੱਛਮ ਦੇ ਨਾਵਲਕਾਰਾਂ ਦੀ ਪੱਧਰ ਦਾ ਲਿਖ ਸਕਣਗੇ।

ਗੁਆਚੇ ਅਰਥਾਂ ਦੀ ਦਾਸਤਾਨ
ਹੁਣ : ਤੁਹਾਡਾ ਜਨਮ ਸ਼ਹਿਰੀ ਮੱਧ ਵਰਗ ਪਰਿਵਾਰ ਵਿਚ ਹੋਇਆ। ਨਾਨਕਾ ਪੇਂਡੂ ਪਿਛੋਕੜ ਦਾ ਹੋਣ ਕਾਰਨ, ਉਹ ਜੀਵਨ ਵੀ ਹੰਢਾਇਆ ਪਰ ਤੁਹਾਡੀਆਂ ਰਚਨਾਵਾਂ ਸਾਧਾਰਨ ਜੀਵਨ ਤੋਂ ਰੁੱਸੀਆਂ ਹੀ ਰਹੀਆਂ। ਕੀ ਕਾਰਨ ਹੈ?
ਤਸਨੀਮ- ਮੇਰੇ ਨਾਵਲਾਂ ਵਿਚ ਵੀ ਸਾਧਾਰਨ ਜੀਵਨ ਨੂੰ ਹੀ ਦਰਸਾਇਆ ਗਿਆ ਹੈ। ‘ਇਕ ਹੋਰ ਨਵਾਂ ਸਾਲ’ ਵਿਚ ਰਿਕਸ਼ਾ ਚਾਲਕ ਦੇ ਜੀਵਨ ਦੇ ਇਕ ਦਿਨ ਦੇ ਸੰਘਰਸ਼ ਦੀ ਝਲਕ ਹੈ। ਦਲਿਤ ਵਰਗ ਦੇ ਇਸ ਪ੍ਰਤੀਨਿਧ ਦੀ ਮਾਨਸਿਕਤਾ ਦਾ ਜਿਹੜਾ ਨਕਸ਼ਾ ਪੇਸ਼ ਕੀਤਾ ਗਿਆ ਹੈ, ਉਹ ਹੋਰ ਕਿਤੇ ਨਹੀਂ ਮਿਲਦਾ। ‘ਰੇਤ ਛਲ’ ਵਿਚ ਅੰਮ੍ਰਿਤਸਰ ਤੋਂ ਸ਼ਿਮਲੇ ਗਏ ਇਕ ਨੌਜਵਾਨ ਦੀਆਂ ਰੁਮਾਨੀ ਭਾਵਨਾਵਾਂ ਦੇ ਪਿਛੋਕੜ ਵਿਚ ਉਸ ਦੀਆਂ ਮਾਲੀ ਮੁਸ਼ਕਲਾਂ ਦਾ ਵਰਣਨ ਕੀਤਾ ਗਿਆ ਹੈ ਕਿ ਕਿਵੇਂ ਉਹ ਆਪਣੀ ਥੋੜ੍ਹੀ ਤਨਖ਼ਾਹ ਵਿਚੋਂ ਹਰ ਮਹੀਨੇ 50 ਰੁਪਏ ਘਰ ਭੇਜਦਾ ਰਿਹਾ ਹੈ। ‘ਜਦੋਂ ਸਵੇਰ ਹੋਈ’ ਵੰਡ ਦੇ ਦਿਨਾਂ ਦੀ ਦਰਦ ਭਰੀ ਦਾਸਤਾਨ ਹੈ। ਇਸ ਵਿਚ ਹਿੰਦੂਆਂ ਸਿੱਖਾਂ ਦੇ ਮੁਸਲਮਾਨਾਂ ਨਾਲ ਸਦਭਾਵਨਾਵਾਂ ਵਾਲੇ ਸਬੰਧਾਂ ਵਿਚ ਆਈ ਵਿਰੋਧ ਭਾਵਨਾ ਦਾ ਜ਼ਿਕਰ ਬੜੇ ਪ੍ਰਭਾਵੀ ਢੰਗ ਨਾਲ ਕੀਤਾ ਗਿਆ ਹੈ। ਇਸ ਨਾਵਲ ਵਿਚ ਇਕ ਪੂਰਾ ਚੈਪਟਰ ਮੁੱਖ ਪਾਤਰ ਦੇ ਤਰਨ ਤਾਰਨ ਵਿਚ ਉਸ ਦੇ ਨਾਨਕੇ ਘਰ ਬਾਰੇ ਹੈ। ਇੰਜ ਹੀ ‘ਗਵਾਚੇ ਅਰਥ’ ਵਿਚ ਜੂਨ ਚੁਰਾਸੀ ਵਾਲੇ ਘੱਲੂਘਾਰੇ ਦੀ ਗਾਥਾ ਬਹੁਤ ਹੀ ਦੁਖੀ ਹਿਰਦੇ ਨਾਲ ਬਿਆਨ ਕੀਤੀ ਗਈ ਹੈ। ਇਸ ਵਿਚ ਵੀ ਤਰਨਤਾਰਨ ਦਾ ਜ਼ਿਕਰ ਹੈ। ਗਵਾਚੇ ਅਰਥ ਦਾ ਮਤਲਬ ਹੈ ਕਿ ਇਕ ਵਕਤ ਐਸਾ ਆਇਆ ਕਿ ਪੰਜਾਬੀਆਂ ਦੇ ਜੀਵਨ ਦੇ ਅਰਥ ਗਵਾਚ ਗਏ। ਪਤਾ ਨਹੀਂ ਫੇਰ ਕਿਉਂ ਮੇਰੇ ਨਾਵਲ ਪੜ੍ਹਿਆਂ ਬਗ਼ੈਰ ਇਹ ਫ਼ਰਜ਼ ਕਰ ਲਿਆ ਗਿਆ ਹੈ ਕਿ ਇਨ੍ਹਾਂ ਵਿਚ ਪਰੀਕਥਾਵਾਂ ਹਨ ਜਾਂ ਈਲੀਟ ਵਰਗ ਦੇ ਜੀਵਨ ਹੀ ਮਹਿਮਾ ਗਾਈ ਗਈ ਹੈ।
ਹੁਣ : ਵੰਡ ਵੇਲੇ ਤੁਸੀਂ ਗਭਰੇਟ ਉਮਰ ਵਿਚ ਸੀ ਤੇ ਤੁਹਾਡਾ ਇਲਾਕਾ ਤਰਨ ਤਾਰਨ, ਅੰਮ੍ਰਿਤਸਰ  ਸਰਹੱਦ ਨਾਲ ਲੱਗਦਾ ਸੀ। ਉਸ ਵੇਲੇ ਦੀ ਕੋਈ ਕਸਕ, ਜਾਂ ਕਿਸੇ ਖਾਸ ਘਟਨਾ ਦਾ ਜ਼ਿਕਰ ਕਰਨਾ ਚਾਹੋਗੇ?
ਤਸਨੀਮ- ਉਸ ਵੇਲੇ ਬਾਰੇ ਤਾਂ ਮੈਂ ਆਪਣੇ ਨਾਵਲ ‘ਜਦੋਂ ਸਵੇਰ ਹੋਈ’ ਵਿਚ ਬੜੇ ਵਿਸਥਾਰ ਨਾਲ ਲਿਖ ਚੁੱਕਾ ਹਾਂ। ਉਸ ਵਿਚਲਾ ਸਲਮਾ ਦਾ ਪਾਤਰ ਯਾਦਗਾਰੀ ਪਾਤਰ ਹੈ। ਇਕ ਸਾਧਾਰਨ ਮੁਸਲਮਾਨ ਲੜਕੀ, ਮੈਟ੍ਰਿਕ ਪਾਸ ਕਰਨ ਤੋਂ ਬਾਅਦ ਕਾਲਜ ਵਿਚ ਦਾਖ਼ਲ ਹੋ ਜਾਂਦੀ ਹੈ। ਇਸ ਤੋਂ ਬਾਅਦ ਥੋੜ੍ਹੇ ਸਮੇਂ ਵਿਚ ਹੀ ਉਹ ਸਮਾਜਕ, ਸਭਿਆਚਾਰਕ ਅਤੇ ਰਾਜਨੀਤਕ ਮਸਲਿਆਂ ਬਾਰੇ ਚੇਤੰਨ ਹੋ ਜਾਂਦੀ ਹੈ। ਇਕ ਵਕਤ ਐਸਾ ਆਉਂਦਾ ਹੈ, ਜਦੋਂ ਉਹ ਅੰਮ੍ਰਿਤਸਰ ਦੇ ਹਾਲ ਬਾਜ਼ਾਰ ਵਿਚ ਜਲੂਸ ਦੀ ਅਗਵਾਈ ਕਰਦੀ ਹੋਈ, ਨਾਅਰੇ ਲਾਉਂਦੀ ਹੈ –
ਲੇ ਕੇ ਰਹੇਂਗੇ ਪਾਕਿਸਤਾਨ/ ਦੇਨਾ ਪੜੇਗਾ ਪਾਕਿਸਾਤਨ
ਵੰਡ ਦੇ ਵਕਤ ਉਧਰੋਂ ਆਏ ਜਾਂ ਇਧਰੋਂ ਗਏ ਲੋਕਾਂ ਨੂੰ ਜਿਹੜੀ ਆਫ਼ਤ ਦਾ ਸਾਹਮਣਾ ਕਰਨਾ ਪਿਆ, ਉਸ ਬਾਰੇ ਤਾਂ ਬਹੁਤ ਕੁਝ ਲਿਖਿਆ ਗਿਆ, ਪਰ ਇਸ ਨਾਵਲ ਵਿਚ ਦਸਿਆ ਗਿਆ ਹੈ ਕਿ ਸਲਮਾ ਅਤੇ ਉਸ ਦੇ ਘਰ ਵਾਲਿਆਂ ਦੇ ਆਪਣਾ ਸ਼ਹਿਰ ਛੱਡ ਕੇ ਲਾਹੌਰ ਚਲੇ ਜਾਣ ਨਾਲ ਉਸ ਸ਼ਹਿਰ ਵਿਚ ਬਹੁਤ ਵੱਡਾ ਖ਼ਲਾਅ ਪੈਦਾ ਹੋ ਗਿਆ। ਪਿਛੋਂ ਬੀਰੀ ਅਤੇ ਉਸ ਦੇ ਦਾਦਾ ਜੀ (ਭਾਈਆ ਜੀ) ‘ਜੁਦਾਈ ਦੀ ਵੇਦਨਾ’ ਬੜੀ ਸ਼ਿੱਦਤ ਨਾਲ ਮਹਿਸੂਸ ਕਰਦੇ ਹਨ। ਮਨੁੱਖੀ ਜਜ਼ਬਾਤ ਦੀ ਸੂਖਮਤਾ ਨੂੰ ਇਸ ਨਾਵਲ ਵਿਚ ਦਰਸਾਇਆ ਗਿਆ ਹੈ-‘ਕਹਾਂ ਚਲੇ ਹੋ ਸਾਥੀਓ, ਕਹਾਂ ਮਿਲੋਗੇ ਸਾਥੀਓ?’
ਹੁਣ : ਵੰਡ ਦੇ ਦਿਨਾਂ ਵਿਚ ਲਾਹੌਰ ਅਤੇ ਅੰਮ੍ਰਿਤਸਰ ਵਿਚ ਬਹੁਤ ਕੁਝ ਵਾਪਰਿਆ। ਤੁਸੀਂ ਉਦੋਂ ਅੰਮ੍ਰਿਤਸਰ ਵਿਚ ਸੀ, ਉਸ ਵਕਤ ਦੀ ਕੋਈ ਅਭੁੱਲ ਯਾਦ?
ਤਸਨੀਮ- ਅਭੁੱਲ ਯਾਦ ਦੀ ਜੇਕਰ ਤੁਸੀਂ ਗੱਲ ਕੀਤੀ ਹੈ ਤਾਂ ਮੈਨੂੰ ਲਾਹੌਰ ਸੈਂਟਰਲ ਜੇਲ੍ਹ ਵਿਚ ਕੱਟਿਆ ਇਕ ਮਹੀਨਾ ਯਾਦ ਆ ਗਿਆ ਹੈ। ਅੰਮ੍ਰਿਤਸਰ ਵਿਚ ਸਾਡੀ ਗਲੀ ਦੇ ਇਕ ਪਾਸੇ ਹਿੰਦੂਆਂ-ਸਿੱਖਾਂ ਦੀ ਆਬਾਦੀ ਸੀ ਤੇ ਦੂਸਰੇ ਪਾਸੇ ਮੁਸਲਮਾਨਾਂ ਦੀ। ਇਕ ਦਿਨ ਰਾਤ ਪੈਣ ਤੋਂ ਜ਼ਰਾ ਪਹਿਲਾਂ ਅੱਠ-ਦੱਸ ਮੁੰਡੇ ਹੋਰਨਾਂ ਪਾਸਿਆਂ ਤੋਂ ਕੋਠੇ ਟੱਪ ਕੇ ਸਾਡੀ ਗਲ ਦੀ ਉਨ੍ਹਾਂ ਘਰਾਂ ਦੀਆਂ ਛੱਤਾਂ ‘ਤੇ ਆ ਗਏ ਜਿਨ੍ਹਾਂ ਦੇ ਦੂਸਰੇ ਪਾਸੇ ਮੁਸਲਮਾਨਾਂ ਦੇ ਘਰ ਸਨ। ਆਉਂਦਿਆਂ ਹੀ ਉਨ੍ਹਾਂ ਨੇ ਹੱਥਾਂ ਵਿਚ ਫੜੇ ਟਾਟ ਦੇ ਟੋਟਿਆਂ ਨੂੰ ਮਿੱਟੀ ਦੇ ਤੇਲ ਵਿਚ ਡਬੋਇਆ ਅਤੇ ਅੱਗ ਲਗਾ ਕੇ ਪਰਲੇ ਪਾਸੇ ਸੁੱਟਣ ਲੱਗ ਪਏ। ਹਾਹਾਕਾਰ ਮਚ ਗਈ, ਏਧਰੋਂ ਵੀ ਅਤੇ ਉਧਰੋਂ ਵੀ। ਗਾਲੀ ਗਲੋਚ ਸ਼ੁਰੂ ਹੋ ਗਿਆ। ਰੌਲੇ ਰੱਪੇ ਵਿਚ ਉਹ ਮੁੰਡੇ ਜਿਧਰੋਂ ਆਏ ਸਨ, ਉਧਰ ਚਲੇ ਗਏ। ਮੁਸਲਮਾਨਾਂ ਨੇ ਛੇਤੀ ਹੀ ਅੱਗ ‘ਤੇ ਕਾਬੂ ਪਾ ਲਿਆ ਅਤੇ ਖ਼ਾਮੋਸ਼ੀ ਪੱਸਰ ਗਈ।
ਅੱਧੇ ਘੰਟੇ ਬਾਅਦ ਇਕ ਮੁਸਲਮਾਨ ਮੈਜਿਸਟਰੇਟ ਗੋਰਖਾ ਫ਼ੌਜ ਦੀ ਇਕ ਟੁਕੜੀ ਲੈ ਕੇ ਸਾਡੀ ਗਲੀ ਵਿਚ ਆ ਗਿਆ ਅਤੇ ਹੁਕਮ ਦਿੱਤਾ ਕਿ ਸਾਰੇ ਮਰਦਾਂ ਨੂੰ ਘਰਾਂ ਵਿਚੋਂ ਕੱਢ ਕੇ ਬਾਜ਼ਾਰ ਵਿਚ ਲੈ ਆਓ। ਦੇਖਦਿਆਂ ਹੀ ਦੇਖਦਿਆਂ ਸਾਡੀ ਗਲੀ ਦੇ 32 ਬੰਦੇ ਬਾਜ਼ਾਰ ਵਿਚ ਕਤਾਰਬੰਦ ਕਰ ਦਿੱਤੇ ਗਏ। ਉਨ੍ਹਾਂ ਵਿਚ ਮੈਂ ਵੀ ਸ਼ਾਮਲ ਸੀ। ਮੇਰੀ ਉਮਰ ਉਸ ਵੇਲੇ 18 ਸਾਲ ਦੀ ਸੀ। ਸਾਨੂੰ ਸਭ ਨੂੰ ਉਥੋਂ ਪੁਲੀਸ ਦੀ ਗੱਡੀ ਵਿਚ ਬਿਠਾ ਕੇ ਟਾਊਨ ਹਾਲ ਦੇ ਲਾਗੇ ਹਵਾਲਾਤ ਵਿਚ ਡੱਕ ਦਿੱਤਾ ਗਿਆ। ਉਹ ਰਾਤ ਅਤੇ ਅਗਲਾ ਦਿਨ ਅਸੀਂ ਹਵਾਲਾਤ ਵਿਚ ਕੱਟਿਆ। ਸ਼ਾਮੀਂ ਸਾਨੂੰ ਸੈਂਟਰਲ ਜੇਲ੍ਹ, ਲਾਹੌਰ ਵਿਚ ਭੇਜ ਦਿੱਤਾ ਗਿਆ। ਉਸ ਜੇਲ੍ਹ ਵਿਚ ਅਸੀਂ 22 ਮਈ 1947 ਤੋਂ 21 ਜੂਨ 1947 ਤਕ ਰਹੇ। ਇਹ ਇਕ ਮਹੀਨਾ ਅਸੀਂ ਕਿਵੇਂ ਕੱਟਿਆ, ਇਹ ਜਾਣਨਾ ਏਨਾ ਜ਼ਰੂਰੀ ਨਹੀਂ, ਜਿੰਨਾ ਇਹ ਜਾਣਨਾ ਕਿ ਸਾਡੇ ਕਿਸ ਜੁਰਮ ਦੀ ਇਹ ਸਜ਼ਾ ਸੀ। ਕਰੇ ਕੋਈ, ਭਰੇ ਕੋਈ।
ਹੁਣ : ਤੁਹਾਡੇ ਜੀਵਨ ਵਿਚ ਕੋਈ ਐਸੀ ਘਟਨਾ ਵਾਪਰੀ ਹੋਵੇ, ਜਿਸ ਨੇ ਤੁਹਾਨੂੰ ਸਰੀਰਕ ਜਾਂ ਮਾਨਸਿਕ ਤੌਰ ‘ਤੇ ਨੁਕਸਾਨ ਪਹੁੰਚਾਇਆ ਹੋਵੇ?
ਤਸਨੀਮ- ਹਾਂ, ਇਕ ਐਸੀ ਘਟਨਾ ਹੈ ਜਿਸ ਨੇ ਮੈਨੂੰ ਸਰੀਰਕ ਤੇ ਮਾਨਸਿਕ ਤੌਰ ‘ਤੇ ਬਹੁਤ ਨੁਕਸਾਨ ਪਹੁੰਚਾਇਆ। ਸਮੇਂ ਸਮੇਂ ਸਿਰ ਮੇਰੇ ਦਸ ਨਾਵਲ ਵੱਖ ਵੱਖ ਪਬਲਿਸ਼ਰਾਂ ਵਲੋਂ ਛਪਦੇ ਰਹੇ। ਮੇਰਾ ਹੁਣ ਤਕ ਦਾ ਆਖ਼ਰੀ ਨਾਵਲ ‘ਤਲਾਸ਼ ਕੋਈ ਸਦੀਵੀ’ 2000 ਵਿਚ ਛਪਿਆ। ਇਕ ਵਕਤ ਆਇਆ ਕਿ ਮੇਰੇ ਕਈ ਨਾਵਲ ‘ਆਊਟ ਆਫ਼ ਪ੍ਰਿੰਟ’ ਹੋ ਗਏ। ਸ਼ਾਇਦ 2009 ਵਿਚ ਚੰਡੀਗੜ੍ਹ ਦੇ ਇਕ ਨਾਮੀ ਪਬਲਿਸ਼ਰ ਨੇ ਮੇਰੇ ਸਾਰੇ ਨਾਵਲਾਂ ਦੇ ਨਵੇਂ ਐਡੀਸ਼ਨ ਪ੍ਰਕਾਸ਼ਤ ਕਰਨ ਦੀ ਹਾਮੀ ਭਰੀ। ਸਾਲ ਕੁ ਲੱਗ ਗਿਆ, ਹਰ ਨਾਵਲ ਦੇ ਨਵੇਂ ਸਿਰਿਓਂ ਟਾਈਪ ਹੁੰਦਿਆਂ, ਗ਼ਲਤੀਆਂ ਲਗਦਿਆਂ ਅਤੇ ਪ੍ਰਿੰਟ ਹੁੰਦਿਆਂ। ਸਾਰੇ ਨਾਵਲ ਜਦੋਂ ਤਿਆਰ ਹੋ ਗਏ ਤਾਂ ਮੇਰੇ ਮਨ ਵਿਚ ਆਇਆ ਕਿ ਇਨ੍ਹਾਂ ਨੂੰ ਪੰਜਾਬੀ ਭਵਨ, ਲੁਧਿਆਣਾ ਵਿਚ ਇਕ ਵਧੀਆ ਪ੍ਰੋਗਰਾਮ ਕਰ ਕੇ ਰਿਲੀਜ਼ ਕੀਤਾ ਜਾਏ। ਸੋ, 12 ਦਸੰਬਰ 2010 ਦੀ ਤਾਰੀਖ਼ ਨਿਸਚਿਤ ਹੋ ਗਈ ਅਤੇ ਸੱਦਾ ਪੱਤਰ ਭੇਜ ਦਿੱਤੇ ਗਏ।
‘ਲੁਧਿਆਣਾ ਟ੍ਰਿਬਿਊਨ’ ਦੇ ਦਫ਼ਤਰ ਤੋਂ 7 ਦਸੰਬਰ ਨੂੰ ਫ਼ੋਨ ਆਇਆ ਕਿ ਤੁਹਾਡੇ ਪ੍ਰੋਗਰਾਮ ਦਾ ਕਾਰਡ ਮਿਲ ਗਿਆ ਹੈ, ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਬਾਰੇ ਇਕ ‘ਰਾਈਟ-ਅੱਪ’ ਤਿਆਰ ਕਰੀਏ ਅਤੇ ਇਸ ਨੂੰ ਕੱਲ੍ਹ ਛਾਪ ਦਈਏ। ਇਸ ਸਿਲਸਿਲੇ ਵਿਚ ਸਾਨੂੰ ਅੱਜ ਸ਼ਾਮੀਂ ਪੰਜ ਕੁ ਵਜੇ ਮਿਲੋ। ਬਿਲਕੁਲ ਵਕਤ ‘ਤੇ ਮੈਂ ਆਪਣੀ ਗੱਡੀ ਵਿਚ ‘ਭਦੌੜ ਹਾਊਸ’ ਪਹੁੰਚ ਗਿਆ। ਗੱਡੀ ਮੈਂ ਵਾਪਸ ਭੇਜ ਦਿੱਤੀ ਕਿ ਪਤਾ ਨਹੀਂ ਕਿੰਨਾ ਵਕਤ ਲਗਣਾ ਹੈ ਅਤੇ ਮੈਂ ਆਟੋ ਵਿਚ ਘਰ ਚਲਾ ਜਾਵਾਂਗਾ। ‘ਪੰਜਾਬੀ ਟ੍ਰਿਬਿਊਨ’ ਦੇ ਦਫ਼ਤਰ ਵਿਚ ਅੱਧਾ-ਪੌਣਾ ਘੰਟਾ ਗੱਲਬਾਤ ਹੋਈ, ਫੇਰ ਕੁਝ ਫ਼ੋਟੋਆਂ ਲਈਆਂ ਗਈਆਂ ਅਤੇ ਛੇ ਕੁ ਵਜੇ ਮੈਂ ਫ਼ਾਰਗ਼ ਹੋ ਗਿਆ। ‘ਭਦੌੜ ਹਾਊਸ’ ਤੋਂ ਮੈਂ ਘੰਟਾ ਘਰ ਚੌਕ ਵੱਲ ਚੱਲ ਪਿਆ ਕਿ ਰਸਤੇ ਵਿਚ ਆਟੋ ਲੈ ਲਵਾਂਗਾ। ਅਜੇ ਥੋੜ੍ਹੀ ਦੂਰ ਹੀ ਗਿਆ ਸੀ ਕਿ ਪਿਛੋਂ ਇਕ ਤੇਜ਼ ਰਫ਼ਤਾਰ ਸਕੂਟਰ ਮੇਰੇ ਨਾਲ ਟਕਰਾ ਗਿਆ ਅਤੇ ਮੈਂ ਆਪਣੇ ਸੱਜੇ ਪਾਸੇ ਡਿੱਗ ਪਿਆ। ਬਾਅਦ ਵਿਚ ਮੈਨੂੰ ਜਦੋਂ ਲੋਕਾਂ ਨੇ ਚੁੱਕਿਆ ਤਾਂ ਪਤਾ ਲੱਗਾ ਕਿ ਮੇਰੇ ਸੱਜੇ ਪੱਟ ਦੀ ਹੱਡੀ ਵਿਚਕਾਰੋਂ ਟੁੱਟ ਗਈ ਹੈ। ਮੇਰੇ ਬੇਟੇ ਨੇ ਆ ਕੇ ਮੈਨੂੰ ਹਸਪਤਾਲ ਪਹੁੰਚਾਇਆ। ਅਗਲੇ ਦਿਨ ਓਪਰੇਸ਼ਨ ਹੋਣ ਤੋਂ ਪਹਿਲਾਂ ਮੈਂ ਅਖ਼ਬਾਰ ਵਿਚ ਆਪਣੀ ਫ਼ੋਟੋ ਅਤੇ ਰਾਈਟ-ਅੱਪ ਦੇਖਿਆ ਤਾਂ ਹੌਲ ਪਿਆ ਕਿ 12 ਦਸੰਬਰ ਹੁਣ ਕਦੇ ਨਹੀਂ ਆਉਣੀ।
ਹੁਣ : ਅੱਜਕਲ੍ਹ ਕੁਝ ਨੌਜਵਾਨ ਫ਼ਿਲਮ ਨਿਰਮਾਤਾ ਅਤੇ ਨਿਰਦੇਸ਼ਕ ਪੰਜਾਬੀ ਕਹਾਣੀ ਅਤੇ ਨਾਵਲ ਨੂੰ ਆਧਾਰ ਬਣਾ ਕੇ ਫ਼ਿਲਮਾਂ ਬਣਾਉਣ ਦਾ ਬਹੁਤ ਮਹੱਤਵਪੂਰਨ ਕਾਰਜ ਕਰ ਰਹੇ ਹਨ। ਤੁਹਾਨੂੰ ਪੰਜਾਬੀ ਵਿਚ ਸਾਹਿਤ ਅਧਾਰਤ ਸਿਨੇਮੇ ਦੀਆਂ ਕਿੰਨੀਆਂ ਕੁ ਸੰਭਾਨਾਵਾਂ ਨਜ਼ਰ ਆ ਰਹੀਆਂ ਹਨ।
ਤਸਨੀਮ- ਬਹੁਤ ਚੰਗੀ ਗੱਲ ਹੈ ਜੋ ਪੰਜਾਬੀ ਕਹਾਣੀ ਅਤੇ ਨਾਵਲ ਨੂੰ ਆਧਾਰ ਬਣਾ ਕੇ ਫ਼ਿਲਮਾਂ ਬਣਾਉਣ ਦੀ ਪ੍ਰਥਾ ਚੱਲੀ ਹੈ। ਇਤਫ਼ਾਕ ਦੀ ਗੱਲ ਹੈ ਕਿ ਮੇਰੇ ਨਾਵਲ ‘ਇਕ ਹੋਰ ਨਵਾਂ ਸਾਲ’ ਨੂੰ ਬਹੁਤ ਪਹਿਲਾਂ ਫ਼ਿਲਮਾਇਆ ਜਾਣਾ ਸੀ ਪਰ ਗੱਲ ਨਾ ਬਣ ਸਕੀ। ਇਕ ਮੁੱਦਤ ਪਹਿਲਾਂ, ਸੰਨ ਯਾਦ ਨਹੀਂ, ਉਰਦੂ ਦੇ ਨਾਮਵਰ ਸ਼ਾਇਰ, ਸਰਦਾਰ ਪੰਛੀ ਇਕ ਫ਼ਿਲਮ ਡਾਇਰੈਕਟਰ ਨੂੰ ਨਾਲ ਲੈ ਕੇ ਲੁਧਿਆਣੇ ਸਾਡੇ ਘਰ ਆਏ ਸਨ। ਉਹ ਬੰਬਈ ਤੋਂ ਕੇਵਲ ਮੇਰੇ ਨਾਵਲ ਬਾਰੇ ਗੱਲ ਕਰਨ ਹੀ ਆਇਆ ਸੀ। ਮੈਂ ਆਪਣੇ ਨਾਵਲ ਨੂੰ ਫ਼ਿਲਮਾਉਣ ਦੀ ਇਜਾਜ਼ਤ ਦੇ ਦਿੱਤੀ ਅਤੇ ਕੁਝ ਰਕਮ ਵੀ ਮੈਨੂੰ ਮਿਲ ਗਈ। ਪਰ ਬਦਕਿਸਮਤੀ ਨੂੰ ਥੋੜ੍ਹੇ ਸਮੇਂ ਬਾਅਦ ਹੀ ਉਹ ਡਾਇਰੈਕਟਰ ਹਾਰਟ ਅਟੈਕ ਦਾ ਸ਼ਿਕਾਰ ਹੋ ਗਿਆ। ਇਸ ਤੋਂ ਬਾਅਦ ਗੱਲ ਆਈ ਗਈ ਹੋ ਗਈ। ਦੂਰ ਦਰਸ਼ਨ, ਜਲੰਧਰ ਵਾਲਿਆਂ ਨੇ, ਹਰਜੀਤ ਸਿੰਘ (ਅਸਿਸਟੈਂਟ ਡਾਇਰੈਕਟਰ) ਦੇ ਜ਼ਮਾਨੇ ਵਿਚ, ਮੇਰੇ Ḕਇਕ ਹੋਰ ਨਵਾਂ ਸਾਲḔ ਨਾਵਲ ਨੂੰ ਫ਼ੀਚਰ ਦੇ ਰੂਪ ਵਿਚ ਪੇਸ਼ ਕਰਨ ਦੀ ਗੱਲ ਚਲਾਈ ਸੀ ਪਰ ਇਹ ਸੋਚ ਕੇ ਕਿ ਰਿਕਸ਼ਾ ਨੂੰ ਸਟੇਜ ‘ਤੇ ਚਲਦਾ ਕਿਵੇਂ ਦਿਖਾਵਾਂਗੇ, ਗੱਲ ਸਿਰੇ ਨਾ ਚੜ੍ਹ ਸਕੀ।

ਨਾਵਲ ਦਾ ਯੁੱਗ
ਹੁਣ : ਤੁਹਾਡਾ ਕਹਿਣਾ ਹੈ ਕਿ ਭਾਰਤੀ ਭਾਸ਼ਾਵਾਂ ਹੁਣ ਕਵਿਤਾ ਤੋਂ ਮੂੰਹ ਮੋੜ ਰਹੀਆਂ ਹਨ ਤੇ ਨਾਵਲ ਅਜੇ ਹੋਰ ਮੌਲੇਗਾ। ਆਪਣੇ ਇਸ ਕਥਨ ਦੀ ਵਿਆਖਿਆ ਕਰੋ?
ਤਸਨੀਮ- ਇਹ ਯੁੱਗ ਨਾਵਲ ਦਾ ਯੁੱਗ ਹੈ। ਵਿਸਥਾਰ ਨਾਲ ਗੱਲ ਕੀਤੀ ਜਾਏ ਤਾਂ ਕਹਿਣਾ ਪਏਗਾ ਕਿ ਯੂਰਪ ਅਤੇ ਅਮਰੀਕਾ ਵਿਚ ਨਾਵਲ ਆਪਣੀਆਂ ਸੰਭਾਵਨਾਵਾਂ ਮੁਕਾ ਚੁੱਕਾ ਹੈ। ਉਥੇ ਹੁਣ ਖੜੋਤ ਦੀ ਅਵਸਥਾ ਪੈਦਾ ਹੋ ਗਈ ਹੈ। ਲਾਤੀਨੀ ਅਮਰੀਕਾ ਵਿਚ ਅਤੇ ਭਾਰਤ ਵਰਗੇ ਹੋਰ ਦੇਸ਼ਾਂ ਵਿਚ ਨਾਵਲ ਨੇ ਅਜੇ ਚਰਮ-ਸੀਮਾ ਤੱਕ ਪਹੁੰਚਣਾ ਹੈ।
ਇਕ ਦਹਾਕਾ ਪਹਿਲਾਂ ਵੀæਐਸ਼ ਨਾਈਪਾਲ ਨੇ ਇਹ ਐਲਾਨ ਕਰ ਦਿੱਤਾ ਸੀ ਕਿ ਨਾਵਲ ਹੁਣ ਆਪਣੀ ਉਮਰ ਹੰਢਾ ਚੁੱਕਾ ਹੈ। ਉਦੋਂ ਸਲਮਾਨ ਰਸ਼ਦੀ ਨੇ ਇਸ ਗੱਲ ਦਾ ਵਿਰੋਧ ਕਰਦੇ ਹੋਏ ਕਿਹਾ ਸੀ ਕਿ ਨਾਵਲ ਅਜੇ ਤਕ ਇਸ ਦੌਰ ਦੀ ਪ੍ਰਤੀਨਿਧਤਾ ਕਰ ਰਿਹਾ ਹੈ ਅਤੇ ਨੇੜਲੇ ਭਵਿੱਖ ਵਿਚ ਵੀ ਇਹ ਆਪਣਾ ਰੋਲ ਬਾਖ਼ੂਬੀ ਅਦਾ ਕਰਦਾ ਰਹੇਗਾ। ਨਾਵਲ ਦੇ ਯੁੱਗ ਦੀ ਸਮਾਪਤੀ ਦੀ ਚਿੰਤਾ ਸਿਰਫ਼ ਨਾਈਪਾਲ ਨੂੰ ਹੀ ਨਹੀਂ ਰਹੀ, ਸਗੋਂ ਮੈਕਸੀਕੋ ਦੇ ਪ੍ਰਸਿੱਧ ਨਾਵਲਕਾਰ ਕੰਡੀਰਾ ਨੇ ਵੀ ਕਹਿ ਦਿੱਤਾ ਸੀ ਕਿ ਨਾਵਲ ਨੂੰ ਉਸ ਦੀ ਜਨਮ ਭੂਮੀ ਯੂਰਪ ਨੇ ਤਿਆਗ ਦਿੱਤਾ ਹੈ। ਪਰ ਏਥੇ, ਭਾਰਤੀ ਸਮਾਜ ਦੇ ਸੰਦਰਭ ਵਿਚ ਜਿਹੜੇ ਨਾਵਲ ਰਚੇ ਗਏ ਹਨ, ਉਨ੍ਹਾਂ ਦਾ ਵੱਡੇ ਪੈਮਾਨੇ ‘ਤੇ ਸਵਾਗਤ ਹੋਇਆ ਹੈ। ਉਹ ਇਸ ਲਈ ਕਿ ਇਨ੍ਹਾਂ ਵਿਚ ਅਜੇ ਨਵੀਨਤਾ ਅਤੇ ਨਿਰਾਲਾਪਣ ਹੈ। ਇਸ ਦੇ ਨਾਲ ਨਾਲ ਪੰਜਾਬੀ ਵਿਚ ਨਾਵਲਾਂ ਦਾ ਵਾਧਾ ਕਰਨ ਵਾਲਿਆਂ ਦੀ ਸੂਚੀ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ। ਇਸ ਤੋਂ ਪ੍ਰਤੱਖ ਹੈ ਕਿ ਪੰਜਾਬੀ ਨਾਵਲ ਇਸ ਦੌਰ ਵਿਚ ਆਧੁਨਿਕ ਪ੍ਰਵਿਰਤੀਆਂ ਨੂੰ ਭਲੀਭਾਂਤ ਵਿਕਸਤ ਕਰਨ ਦੀ ਕੋਸ਼ਿਸ਼ ਕਰਦਾ ਰਹੇਗਾ।
ਹੁਣ : ਆਪਣੇ ਨਾਵਲਾਂ ਵਿਚ ਤੁਸੀਂ ਕਈ ਤਰ੍ਹਾਂ ਦੇ ਨਵੇਂ ਪ੍ਰਯੋਗ ਕੀਤੇ। ਪ੍ਰਯੋਗ  ਕਰਨੇ ਕੋਈ ਅੱਲੋਕਾਰੀ ਗੱਲ ਨਹੀਂ ਪਰ ਕੀ ਪ੍ਰਯੋਗਵਾਦੀ ਕਵਿਤਾ ਵਾਂਗ ਹੀ ਪ੍ਰਯੋਗਵਾਦੀ ਨਾਵਲਕਾਰੀ ਵੀ ਅਸਫ਼ਲ ਨਹੀਂ ਰਹੀ?
ਤਸਨੀਮ-ਪੰਜਾਬੀ ਪ੍ਰਯੋਗਵਾਦੀ ਕਵਿਤਾ ਇੰਜ ਸੀ ਜਿਵੇਂ ਅੰਗਰੇਜ਼ੀ ਵਿਚ ਇਮੇਜਿਸਟ ਪੋਇਟਰੀ (ਬਿੰਬਵਾਦੀ ਕਵਿਤਾ) ਜੋ ਖੁੰਭਾਂ ਵਾਂਗ ਮੌਲੀ ਅਤੇ ਉਨ੍ਹਾਂ ਵਾਂਗ ਹੀ ਪਲਕ ਝਪਕਣ ਵਿਚ ਅਲੋਪ ਹੋ ਗਈ। ਪੰਜਾਬੀ ਵਿਚ ਅਜੇ ਤਕ ਪ੍ਰਯੋਗਵਾਦੀ ਨਾਵਲ ਨਹੀਂ ਲਿਖੇ ਗਏ। ਸੁਰਜੀਤ ਸਿੰਘ ਸੇਠੀ ਦੇ ਨਾਵਲਾਂ ਨੂੰ ਜਦੋਂ ਪ੍ਰਯੋਗਵਾਦੀ ਕਿਹਾ ਜਾਂਦਾ ਸੀ ਤਾਂ ਉਹ ਬੁਰਾ ਮਨਾਉਂਦੇ ਸਨ। ਮੇਰਾ ਵੀ ਕੋਈ ਨਾਵਲ ਪ੍ਰਯੋਗ ਵਜੋਂ ਨਹੀਂ ਲਿਖਿਆ ਗਿਆ। ਆਪਣੇ ਨਾਵਲ ਦੇ ਕਥਾਨਕ ਨੂੰ ਕਿਸੇ ਨਵੀਂ ਤਕਨੀਕ ਰਾਹੀਂ ਵਿਕਸਤ ਕਰਨ ਦਾ ਉਪਰਾਲਾ ਕਰਨਾ ਪ੍ਰਯੋਗ ਨਹੀਂ ਹੈ। ਏਸੇ ਤਰ੍ਹਾਂ ਬਿਰਤਾਂਤਕ ਵਿਧੀਆਂ ਵਿਚ ਤਬਦੀਲੀ ਆਉਂਦੀ ਰਹਿੰਦੀ ਹੈ। ਪੰਜਾਬੀ ਨਾਵਲ ਵਿਚ ਵਰਤੀਆਂ ਗਈਆਂ ਬਿਰਤਾਂਤਕ ਵਿਧੀਆਂ ਨਿਰੰਤਰ ਵਿਕਾਸਸ਼ੀਲ ਰਹੀਆਂ ਹਨ। ਇਨ੍ਹਾਂ ਨੂੰ ਪ੍ਰਯੋਗ ਕਹਿਣਾ ਉਚਿਤ ਨਹੀਂ ਹੈ।

ਵਿਚਾਰਧਾਰਕ ਡਾਵਾਂਡੋਲਤਾ
ਹੁਣ : ਚਾਰ ਨਾਵਲ ਆਉਣ ਤੋਂ ਬਾਅਦ ਤੁਸੀਂ ਆਪਣੇ ਦੋਸਤਾਂ ਨਾਲ ਮਿਲ ਤ੍ਰੈਮਾਸਿਕ ਪਰਚਾ ‘ਸੁਚੇਤਨਾ’ ਕੱਢਦੇ ਹੋ ਜਿਸ ਵਿਚ ਤੁਹਾਡੇ ਨਾਵਲ ਬਾਰੇ ਆਲੋਚਨਾਤਮਕ ਲੇਖ ਛਪਦੇ ਹਨ। ਸਿਰਜਣਾਤਮਕਤਾ ਤੇ ਆਲਚੋਨਾ ਦਾ ਇਹ ਕਿਹੋ ਜਿਹਾ ਸੁਮੇਲ ਸੀ? ਕੀ ਤੁਸੀਂ ਖੁਦ ਨੂੰ ਸਰਵੋਤਮ ਨਾਵਲਕਾਰ ਮੰਨਣ ਲੱਗ ਪਏ ਸੀ?
ਤਸਨੀਮ- ਮੈਂ ਕਦੇ ਵੀ ਆਪਣੇ ਆਪ ਨੂੰ ਸਰਵੋਤਮ ਨਾਵਲਕਾਰ ਨਹੀਂ ਮੰਨਿਆ। ਇਸ ਭਾਂਤ ਦੀ ਗ਼ਲਤਫ਼ਹਿਮੀ ਮੇਰੇ ਵਿਚ ਪੈਦਾ ਹੋ ਹੀ ਨਹੀਂ ਸਕਦੀ। ਚਾਰ, ਪੰਜ ਨਾਵਲ ਲਿਖ ਕੇ ਕਿਵੇਂ ਬਣ ਜਾਂਦਾ ਜਦ ਕਿ ਮੈਂ ਦਸ ਨਾਵਲ ਲਿਖ ਕੇ ਵੀ ਸਰਵੋਤਮ ਨਾਵਲਕਾਰ ਨਹੀਂ ਬਣ ਸਕਿਆ। 1972 ਵਿਚ ‘ਸੁਚੇਤਨਾ’ ਕੱਢਣ ਦਾ ਮਨੋਰਥ ਇਹ ਸੀ ਕਿ ਇਸ ਵਿਚ ਕੇਵਲ ਆਲੋਚਨਾਤਮਕ ਲੇਖ ਹੀ ਛਾਪੇ ਜਾਣ। ਅਸੀਂ, ਯਾਨੀ ਪ੍ਰੋæ ਕਰਮਜੀਤ ਸਿੰਘ, ਪ੍ਰੋæ ਕਿਰਪਾਲ ਸਿੰਘ ਕੋਮਲ, ਸ਼੍ਰੀਕਾਂਤ ਅਤੇ ਮੈਂ ਆਪਣੇ ਆਪ ‘ਤੇ ਇਹ ਬੰਦਿਸ਼ ਲਗਾਈ ਸੀ ਕਿ ਹਰ ਅੰਕ ਵਿਚ ਆਪਣੇ ਵਲੋਂ ਰਚੇ ਗਏ ਆਲੋਚਨਾਤਮਕ ਲੇਖ ਵੀ ਸ਼ਾਮਲ ਕਰਾਂਗੇ। ਉਸ ਰਸਾਲੇ ਦੇ ਦੂਸਰੇ ਅਤੇ ਚੌਥੇ ਅੰਕ ਵਿਚ ਪੰਜਾਬੀ ਨਾਵਲ ਬਾਰੇ ਮੇਰੇ ਦੋ ਲੇਖ ਛਪੇ ਪਰ ਮੈਂ ਇਨ੍ਹਾਂ ਦੇ ਆਧਾਰ ‘ਤੇ ਇਹ ਦਾਅਵਾ ਕਦੀ ਨਹੀਂ ਸੀ ਕੀਤਾ ਕਿ ਮੈਂ ਸਰਵੋਤਮ ਨਾਵਲਕਾਰ ਬਣ ਗਿਆ ਹਾਂ। ਏਨਾ ਜ਼ਰੂਰ ਹੋਇਆ ਕਿ ਮੈਂ ਨਾਵਲਕਾਰ ਹੋਣ ਦੇ ਨਾਲ ਨਾਲ ਆਲੋਚਕ ਦੀ ‘ਪਦਵੀ’ ਵੀ ਗ੍ਰਹਿਣ ਕਰ ਲਈ, ਜਿਸ ਦਾ ਮੈਨੂੰ ਫ਼ਾਇਦਾ ਤਾਂ ਕੀ ਹੋਣਾ ਸੀ, ਬਲਕਿ ਨੁਕਸਾਨ ਹੋਇਆ। ਬਾਕੀ ਦੇ ਪੰਜਾਬੀ ਨਾਵਲਕਾਰ ਤਾਂ ਇਹ ਕਹਿ ਕੇ ਚੁੱਪ ਕਰ ਜਾਂਦੇ ਸਨ ਕਿ ਅਸੀਂ ਆਪਣੇ ਨਾਵਲਾਂ ਵਿਚ ਜੋ ਕਹਿਣਾ ਸੀ, ਕਹਿ ਦਿੱਤਾ ਹੈ, ਬਾਕੀ ਤੁਸੀਂ ਜਾਣੋ। ਪਰ ਮੈਂ ਇਹ ਕਹਿਣ ਤੋਂ ਨਹੀਂ ਸੀ ਝਿਜਕਦਾ ਕਿ ਮੈਂ ਆਪਣੇ ਨਾਵਲ ਵਿਚ ਕੀ ਕਿਹਾ ਹੈ, ਕਿਵੇਂ ਕਿਹਾ ਹੈ ਅਤੇ ਕਿਉਂ ਕਿਹਾ ਹੈ।
ਹੁਣ : ਤੁਸੀਂ ਸ਼ੁਰੂ ਤੋਂ ਹੀ ਸਾਹਿਤਕ ਰਸਾਲਿਆਂ ਨਾਲ ਕਿਸੇ ਨਾ ਕਿਸੇ ਰੂਪ ਵਿਚ ਜੁੜੇ ਰਹੇ ਹੋ। ਪੰਜਾਬੀ ਦੀ ਸਾਹਿਤਕ ਪੱਤਰਕਾਰੀ ਬਾਰੇ ਤੁਹਾਡੇ ਕੀ ਵਿਚਾਰ ਨੇ?
ਤਸਨੀਮ- ਸਾਹਿਤਕ ਰਸਾਲਿਆਂ ਨਾਲ ਜੁੜਨਾ ਮੈਂ ਇਸ ਲਈ ਚੰਗਾ ਸਮਝਦਾ ਰਿਹਾ ਹਾਂ ਕਿ ਇੰਜ ਇਕ ਤਾਂ ਆਪਣੇ ਸਮਕਾਲੀ ਲੇਖਕਾਂ ਨਾਲ ਵਾਰਤਾਲਾਪ ਹੁੰਦੀ ਰਹਿੰਦੀ ਹੈ, ਦੂਸਰੇ ਪਾਠਕਾਂ ਨਾਲ ਵੀ ਸੰਵਾਦ ਰਚਾਏ ਜਾਣ ਦੀ ਸੰਭਾਵਨਾ ਪੈਦਾ ਹੋ ਜਾਂਦੀ ਹੈ। ਸਾਹਿਤਕ ਪੱਤਰਕਾਰੀ ਦਾ ਆਪਣਾ ਇਕ ਮਹੱਵਤ ਹੈ। ਉਹ ਇਹ ਕਿ ਲੇਖਕ ਆਮ ਤੌਰ ‘ਤੇ ਆਪਣੀ ਪੁਸਤਕ ਪ੍ਰਕਾਸ਼ਤ ਕਰਨ ਤੋਂ ਬਾਅਦ ਕਈਆਂ ਸਾਲਾਂ ਲਈ ਆਪਣੇ ਖ਼ਿਆਲਾਂ ਦੇ ‘ਆਈਵਰੀ ਟਾਵਰ’ (ਹਾਥੀ ਦੰਦ ਦੇ ਬੁਰਜ) ਵਿਚ ਅਲੋਪ ਹੋ ਜਾਂਦਾ ਹੈ। ਸਾਹਿਤਕ ਪੱਤਰਕਾਰੀ ਨਾਲ ਉਹ ਆਪਣੇ ਸਮਕਾਲੀ ਲੇਖਕਾਂ ਅਤੇ ਪਾਠਕਾਂ ਦੇ ਅੰਗ ਸੰਗ ਰਹਿੰਦਾ ਹੈ। ਇੰਜ ਉਹ ਵਕਤ ਦੀ ਨਬਜ਼ ਨੂੰ ਵੀ ਪਛਾਣਦਾ ਰਹਿੰਦਾ ਹੈ ਅਤੇ ਆਪਣੇ ਵਿਚਾਰਾਂ ਵਿਚ ਵੀ ਰੱਦੋ-ਬਦਲ ਕਰਦਾ ਰਹਿੰਦਾ ਹੈ।
ਹੁਣ : ਅਖ਼ਬਾਰਾਂ ਵਿਚ ਲੇਖ ਲਿਖਣ ਦਾ ਤੁਹਾਡਾ ਤਜਰਬਾ ਕਿਹੋ ਜਿਹਾ ਰਿਹਾ। ਕੁਝ ਅਦੀਬਾਂ ਦਾ ਖ਼ਿਆਲ ਹੈ ਕਿ ਸਿਰਜਣਾਤਮਕ ਲੇਖਕਾਂ ਨੂੰ ਅਖ਼ਬਾਰੀ ਲੇਖਾਂ ਤੋਂ ਗੁਰੇਜ਼ ਕਰਨਾ ਚਾਹੀਦੈ, ਤੁਸੀ ਕੀ ਕਹਿੰਦੇ ਓ?
ਤਸਨੀਮ- ਅਖ਼ਬਾਰਾਂ ਵਿਚ ਲੇਖ ਲਿਖਣ ਦਾ ਮੇਰਾ ਤਜਰਬਾ ਬਹੁਤ ਸੁਖਾਵਾਂ ਰਿਹਾ ਹੈ। ਇਸ ਦੌਰ ਦੇ ਅਖ਼ਬਾਰ ਸਿਰਜਣਾਤਮਕ ਰਚਨਾਵਾਂ ਨੂੰ ਵੀ ਬੜੀ ਖ਼ੂਬਸੂਰਤੀ ਨਾਲ ਪ੍ਰਕਾਸ਼ਤ ਕਰਦੇ ਹਨ। ਇਸ ਤਰ੍ਹਾਂ ਪੱਤਰਕਾਰੀ ਅਤੇ ਸਾਹਿਤਕਾਰੀ ਵਿਚਲਾ ਫ਼ਾਸਲਾ ਘੱਟ ਜਾਂਦਾ ਹੈ। ਇਕ ਵਕਤ ਐਸਾ ਵੀ ਆਉਂਦੈ  ਹਰ ਸਾਹਿਤਕਾਰ ਦੇ ਜੀਵਨ ਵਿਚ, ਜਦੋਂ ਉਹ ਮਹਿਸੂਸ ਕਰਦਾ ਹੈ ਕਿ ਸਾਹਿਤਕ ਰਚਨਾਵਾਂ ਰਚਣ ਦਾ ਦੌਰ ਖ਼ਤਮ ਹੋ ਗਿਆ ਹੈ। ਉਦੋਂ ਉਹ ਲੇਖ ਲਿਖ ਕੇ ਆਪਣੇ ਖ਼ਿਆਲਾਂ ਅਤੇ ਭਾਵਾਂ ਦਾ ਸੰਚਾਰ ਕਰਨ ਵਿਚ ਤਸੱਲੀ ਮਹਿਸੂਸ ਕਰਦਾ ਹੈ। ਮੇਰੀ ਧਾਰਨਾ ਹੈ ਕਿ ਸਾਹਿਤਕਾਰ ਨੂੰ ਸਾਰੀ ਉਮਰ ਹੀ ਸਾਹਿਤਕ ਰਚਨਾਵਾਂ ਰਚਣ ਦੇ ਆਹਰ ਵਿਚ ਹੀ ਨਹੀਂ ਲੱਗੇ ਰਹਿਣਾ ਚਾਹੀਦਾ, ਕਦੀ ਕਦੀ ਖ਼ਾਮੋਸ਼ੀ ਵੀ ਅਖ਼ਤਿਆਰ ਕਰ ਲੈਣੀ ਚਾਹੀਦੀ ਹੈ, ਨਹੀਂ ਤਾਂ ਆਪਣੇ ਆਪ ਨੂੰ ਦੁਹਰਾਉਣ ਦਾ ਖ਼ਤਰਾ ਪੈਦਾ ਹੋ ਜਾਂਦਾ ਹੈ। ਇਹ ਬਹੁਤ ਮਾੜੀ ਗੱਲ ਹੁੰਦੀ ਹੈ। ਉਸ ਖ਼ਾਮੋਸ਼ੀ ਦੇ ਦੌਰਾਨ ਕਦੀ ਕਦੀ ਸਾਹਿਤਕ ਪੱਤਰਕਾਰੀ ਉਸ ਨੂੰ ਉਕਤਾਹਟ ਅਤੇ ਅਕੇਵੇਂ ਤੋਂ ਬਚਾਉਂਦੀ ਹੈ ।
ਹੁਣ : ਤੁਹਾਡੇ ‘ਤੇ ਇਲਜ਼ਾਮ ਲਗਦੇ ਰਹੇ ਹਨ ਕਿ ਤੁਹਾਡੀ ਮਾਨਸਿਕਤਾ ਡਾਵਾਂਡੋਲ ਹੈ। ਆਖ਼ਰ ਤੁਸੀਂ ਕਿਸੇ ਇਕ ਵਿਚਾਰਧਾਰਾ ‘ਤੇ ਟਿਕ ਕਿਉਂ ਨਹੀਂ ਸਕੇ?
ਤਸਨੀਮ- ਮੇਰੀ ਵਿਚਾਰਧਾਰਾ ਡਾਵਾਂਡੋਲ ਨਹੀਂ ਹੈ। ਮੈਂ ਤਰੱਕੀ ਪਸੰਦ ਅਦਬ ਦੇ ਪ੍ਰਭਾਵ ਨੂੰ ਸੋਲਾਂ ਸਤਾਰਾਂ ਸਾਲ ਦੀ ਉਮਰ ਵਿਚ ਗ੍ਰਹਿਣ ਕੀਤਾ ਅਤੇ ਅੱਜ ਤਕ ਇਸ ਨਾਲ ਜੁੜਿਆ ਹੋਇਆ ਹਾਂ। ਮੈਂ ਕੱਟੜਪੰਥੀ ਨਹੀਂ ਹਾਂ, ਖੁੱਲ੍ਹਦਿਲੀ ਨਾਲ ਹੋਰਨਾਂ ਅਦਬੀ ਲਹਿਰਾਂ ਪ੍ਰਤੀ ਵੀ ਜਾਣਕਾਰੀ ਪ੍ਰਾਪਤ ਕਰਦਾ ਹਾਂ ਅਤੇ ਨਵੇਂ ‘ਨੈਰੇਟਿਵ ਮੋਡਜ਼’ (ਵਰਣਨ ਢੰਗਾਂ) ਦੀ ਤਲਾਸ਼ ਵਿਚ ਰਹਿੰਦਾ ਹਾਂ। ਬਾਕੀ ਰਹੀ ਗੱਲ ਮੇਰੀ ਮਾਨਸਿਕਤਾ ਦੀ। ਇਸ ਬਾਰੇ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਮਾਨਸਿਕ ਦਵੰਧ ਵਿਚੋਂ ਉਪਜੀ ਪਛਾਣ ਹੀ ਚੰਗੀ ਰਚਨਾ ਨੂੰ ਹੋਂਦ ਵਿਚ ਲਿਆਉਂਦੀ ਹੈ ।
ਹੁਣ : ਆਪਣੇ ਪਾਤਰਾਂ ਦੀ ਸਿਰਜਣਾ ਵੇਲੇ ਤੁਹਾਡੀ ਕਿਹੋ ਜਿਹੀ ਮਨੋ ਸਥਿਤੀ ਹੁੰਦੀ ਹੈ?
ਤਸਨੀਮ- ਪਾਤਰਾਂ ਨੂੰ ਸਿਰਜਣ ਵੇਲੇ ਬੜੀ ਸਾਵਧਾਨੀ ਵਰਤਣੀ ਪੈਂਦੀ ਹੈ। ਸ਼ੁਰੂ ਵਿਚ ਤਾਂ ਉਹ ਮੇਰੇ ਆਖੇ ਵਿਚ ਹੁੰਦੇ ਹਨ, ਪਰ ਜਦੋਂ ਕਥਾਨਕ ਗੁੰਝਲਦਾਰ ਹੋ ਜਾਂਦਾ ਹੈ ਤਾਂ ਉਹ ਮਨਮਾਨੀ ਕਰਨ ਲੱਗ ਜਾਂਦੇ ਹਨ। ਫੇਰ ਮੈਨੂੰ ਉਨ੍ਹਾਂ ਦੇ ਮਗਰ ਮਗਰ ਚਲਣਾ ਪੈਂਦਾ ਹੈ। ਮੈਂ ਪਾਤਰਾਂ ਦੀ ਸਿਰਜਣਾ ਵਿਉਂਤਬੱਧ ਤਰੀਕੇ ਨਾਲ ਨਹੀਂ ਕਰਦਾ, ਸਗੋਂ ਇਹ ਪਾਤਰ ਨਾਵਲ ਦੀ ਥੀਮ ਅਨੁਸਾਰ ਆਪਣਾ ਕਾਰਜ ਨਿਭਾਉਂਦੇ ਚਲੇ ਜਾਂਦੇ ਹਨ। ਪਾਤਰਾਂ ਵਿਚਲੀ ਵਾਰਤਾਲਾਪ ਗਿਣੇ-ਮਿੱਥੇ ਤਰੀਕੇ ਨਾਲ ਨਹੀਂ ਹੁੰਦੀ, ਸਗੋਂ ਇਹ ਸੁਭਾਵਕ ਹੀ ਹੋਂਦ ਵਿਚ ਆਉਂਦੀਂ ਰਹਿੰਦੀ ਹੈ।
ਹੁਣ : ਤੁਹਾਡੇ ਨਾਵਲਾਂ ਵਿਚ ਰੁਮਾਂਸਵਾਦ ਕਾਫ਼ੀ ਝਲਕਦਾ ਹੈ। ਕੀ ਨਿੱਜੀ ਜ਼ਿੰਦਗੀ ਵਿਚ ਵੀ ਏਨੇ ਹੀ ਰੁਮਾਂਟਿਕ  ਰਹੇ ਹੋ?
ਤਸਨੀਮ- ਸ਼ਾਇਰਾਨਾ ਤਬੀਅਤ ਵਾਲਾ ਬੰਦਾ ਰੁਮਾਂਟਿਕ ਹੀ ਹੁੰਦਾ ਹੈ। ਉਹ ਕੁਦਰਤ ਨੂੰ ਪਿਆਰ ਕਰਦਾ ਹੈ, ਸੁਹੱਪਣ ਦੀ ਪ੍ਰਸੰਸਾ ਕਰਦਾ ਹੈ ਅਤੇ ਨਰੋਏ ਜਜ਼ਬਾਤ ਦੀ ਕਦਰ ਕਰਦਾ ਹੈ। ਆਮ ਤੌਰ ‘ਤੇ ਰੁਮਾਂਟਿਕ ਵਿਅਕਤੀ ਬਾਰੇ ਸਮਝ ਲਿਆ ਜਾਂਦਾ ਹੈ ਕਿ ਉਹ ‘ਦਿਲ-ਫੈਂਕ’ ਹੈ, ਜੋ ਗ਼ਲਤ ਧਾਰਨਾ ਹੈ। ਕੋਈ ਨਾਵਲਕਾਰ ਜੇਕਰ ਆਪਣੇ ਨਾਵਲ ਵਿਚ ਲਿਖ ਦੇਵੇ ਕਿ ‘ਉਸ ਲੜਕੇ ਨੇ ਗੱਲਾਂ ਕਰਦੇ ਹੋਏ, ਆਪਣੇ ਕੋਲ ਖੜੀ ਲੜਕੀ ਦੀ ਬਾਂਹ ਫੜ ਲਈ ਅਤੇ ਆਪਣੇ ਵਲ ਖਿੱਚ ਲਿਆ’ ਤਾਂ ਇਹ ਬੜੀ ਰੁਮਾਂਟਿਕ ਗੱਲ ਹੈ ਅਤੇ ਨਾਵਲਕਾਰ ਰੁਮਾਂਟਿਕ ਨਾਵਲਕਾਰ ਹੈ। ਮੇਰੇ ਨਾਲ ਇੰਜ ਹੀ ਵਾਪਰਿਆ। ਮੇਰੇ ਸ਼ੁਰੂ ਦੇ ਕੁਝ ਨਾਵਲਾਂ ਦੀ ਪਿੱਠਭੂਮੀ ਸ਼ਿਮਲਾ ਹੈ ਅਤੇ ਉਨ੍ਹਾਂ ਵਿਚ ਉਥੋਂ ਦੇ ਜੀਵਨ ਦੀ ਝਲਕ ਪੇਸ਼ ਕੀਤੀ ਗਈ ਹੈ। ਮਨ ਪਰਚਾਵੇ ਲਈ ਮੈਂ ਕੁਝ ਨਹੀਂ ਲਿਖਿਆ, ਸਗੋਂ ਜੀਵਨ ਦੇ ਯਥਾਰਥ ਨੂੰ ਹੀ ਰੂਪਮਾਨ ਕੀਤਾ ਹੈ। ਮੇਰੇ ਹਰ ਨਾਵਲ ਦਾ ਅੰਤ ਤਲਖ਼ ਹਕੀਕਤਾਂ ਦੀ ਨਿਸ਼ਾਨਦੇਹੀ ਕਰਦਾ ਹੈ।

ਰਚਨਾ, ਸਮਾਂ ਤੇ ਸਥਾਨ
ਹੁਣ : ਕਿਹਾ ਜਾਂਦਾ ਹੈ ਕਿ ਸਾਹਿਤਕਾਰ ਦੀ ਰਚਨਾ ਵਿਚ ਉਸ ਦੇ ਸਮੇਂ ਦੀ ਕਿਸੇ ਨਾ ਕਿਸੇ ਰੂਪ ਵਿਚ ਝਲਕ ਮਿਲਣੀ ਚਾਹੀਦੀ ਹੈ। ਇਹ ਗੱਲ ਕਿਥੋਂ ਤੱਕ ਠੀਕ ਹੈ?
ਤਸਨੀਮ- ਠੀਕ ਹੈ ਇਹ ਗੱਲ। ਜੇਨ ਆਸਟਨ ਨੇ ਬੜੇ ਵਧੀਆ ਪੰਜ ਨਾਵਲ ਲਿਖੇ, ਜਿਨ੍ਹਾਂ ਵਿਚੋਂ ‘ਪਰਾਈਡ ਐਂਡ ਪਰੈਜੁਡਿਸ’ ਬਹੁਤ ਮਸ਼ਹੂਰ ਹੈ। ਉਸ ‘ਤੇ ਇਹ ਇਲਜ਼ਾਮ ਲਗਦਾ ਹੈ ਕਿ ਉਸ ਨੇ ਆਪਣੇ ਕਿਸੇ ਨਾਵਲ ਵਿਚ ਉਸ ਸਮੇਂ ਫਰਾਂਸ ਅਤੇ ਇੰਗਲੈਂਡ ਵਿਚ ਲੰਮੇ ਸਮੇਂ ਤੋਂ ਹੋ ਰਹੀ ਜੰਗ ਦਾ ਜ਼ਿਕਰ ਨਹੀਂ ਸੀ ਕੀਤਾ। ਆਪਣੇ ਤੌਰ ‘ਤੇ ਮੈਂ ਕਹਿ ਸਕਦਾ ਹਾਂ ਕਿ ਦੇਸ਼ ਦੀ ਵੰਡ ਦੇ ਸਮੇਂ ਮੇਰੀ ਉਮਰ 18 ਸਾਲ ਦੀ ਸੀ ਅਤੇ ਉਦੋਂ ਅੰਮ੍ਰਿਤਸਰ ਵਿਚ ਜੋ ਕੁਝ ਵਾਪਰਿਆ, ਉਹ ਮੈਂ ਅੱਖੀਂ ਡਿੱਠਾ ਸੀ। ਮੇਰੇ ਨਾਵਲ ‘ਜਦੋਂ ਸਵੇਰ ਹੋਈ’ ਵਿਚ ਹਿੰਦੂਆਂ-ਸਿੱਖਾਂ ਦੀ ਮੁਸਲਮਾਨਾਂ ਨਾਲ ਭਾਈਚਾਰਕ ਸਾਂਝ ਦਾ ਜ਼ਿਕਰ ਹੈ ਅਤੇ ਰਾਜਨੀਤਕ ਚਾਲਾਂ ਰਾਹੀਂ ਇਨ੍ਹਾਂ ਦੋਹਾਂ ਫ਼ਿਰਕਿਆਂ ਵਿਚ ਨਫ਼ਰਤ ਦੀ ਭਾਵਨਾ ਪੈਦਾ ਕਰਨ ਦੀ ਦੁਖਦਾਇਕ ਦਾਸਤਾਨ ਹੈ।
ਏਸੇ ਤਰ੍ਹਾਂ ਮੇਰੇ ਨਾਵਲ ‘ਗਵਾਚੇ ਅਰਥ’ ਵਿਚ ਜੂਨ ਚੁਰਾਸੀ ਅਤੇ ਨਵੰਬਰ ਚੁਰਾਸੀ ਵਿਚ ਵਪਾਰੀਆਂ ਘਟਨਾਵਾਂ ਦਾ ਵੇਰਵਾ ਹੈ। ਹਰਿਮੰਦਰ ਸਾਹਿਬ ਵਿਚ 6 ਜੂਨ, 1984 ਨੂੰ ਜੋ ਕੁਝ ਵਾਪਰਿਆ, ਉਹ ਮੈਂ ਕੁਝ ਦਿਨਾਂ ਬਾਅਦ ਆਪ ਉਥੇ ਜਾ ਕੇ ਦੇਖਿਆ। ਅਕਾਲ ਤਖ਼ਤ ਦੇ ਢਹਿ ਚੁੱਕੇ ਭਵਨ ਨੂੰ ਮੈਂ ਜਦੋਂ ਦੇਖਿਆ ਤਾਂ ਇਹੀ ਖ਼ਿਆਲ ਆਇਆ ਕਿ ਅਬਦਾਲੀ ਨੇ ਏਥੇ ਇਸ ਤੋਂ ਵੱਧ ਕੀ ਤਬਾਹੀ ਮਚਾਈ ਹੋਵੇਗੀ। ਇੰਜ ਹੀ ਪਹਿਲੀ ਅਤੇ ਦੂਸਰੀ ਨਵੰਬਰ 1984 ਵਿਚ ਹੋਰਨਾਂ ਸ਼ਹਿਰਾਂ ਤੋਂ ਇਲਾਵਾ ਦਿੱਲੀ ਵਿਚ ਜੋ ਕੁਝ ਵਾਪਰਿਆ, ਉਹ ਉਹੀ ਕੁਝ ਸੀ ਜੋ ਨਾਦਰ ਸ਼ਾਹ ਦੀਆਂ ਫ਼ੌਜਾਂ ਨੇ ‘ਕਤਲੇਆਮ’ ਦੇ ਮੌਕੇ ‘ਤੇ ਕੀਤਾ ਸੀ। ਸ਼ਾਇਦ ਇਸ ਨੂੰ ਹੀ ਕਹਿੰਦੇ ਹਨ ਕਿ ਤਾਰੀਖ਼ ਆਪਣੇ ਆਪ ਨੂੰ ਦੁਹਰਾਉਂਦੀ ਹੈਂ।
ਲਿਖਣ ਦੀ ਤਿਆਰੀ
ਹੁਣ : ਕਿਸ ਤਰ੍ਹਾਂ ਦੀ ਤਿਆਰੀ ਪਿਛੋਂ ਤੁਸੀਂ ਨਾਵਲ ਲਿਖਣਾ ਸ਼ੁਰੂ ਕਰਦੇ ਹੋ?
ਤਸਨੀਮ- ਨਾਵਲ ਲਿਖਣ ਲਈ ਮੈਨੂੰ ਕਥਾਨਕ ਦੀ ਵਿਉਂਤਬੰਦੀ ਦੀ ਲੋੜ ਨਹੀਂ ਪੈਂਦੀ। ਮੇਰੀ ਨਜ਼ਰ ਪਾਤਰ/ਪਾਤਰਾਂ ‘ਤੇ ਹੁੰਦੀ ਹੈ, ਕਿਸੇ ਖ਼ਾਸ ਸਥਿਤੀ ‘ਤੇ, ਜੀਵਨ ਦੇ ਕਿਸੇ ਮਹੱਤਵਪੂਰਨ ਮਸਲੇ ‘ਤੇ, ਕਿਸੇ ਮਾਨਸਿਕ ਗੁੰਝਲ ‘ਤੇ ਜਾਂ ਫਿਰ ਕਿਸੇ ਭਾਂਤ ਦੇ ਮਨੁੱਖੀ ਸਬੰਧਾਂ ‘ਤੇ। ਕਈ ਦਿਨ ਜ਼ਿਹਨੀ ਤਣਾਅ ਬਣਿਆ ਰਹਿੰਦਾ ਹੈ, ਅੰਦਰ ਹੀ ਅੰਦਰ ਰੱਦੋ-ਬਦਲ ਹੁੰਦਾ ਰਹਿੰਦਾ ਹੈ। ਕਈ ਪਾਤਰ ਉਭਰਦੇ ਹਨ ਅਤੇ ਕਈ ਘਟਨਾਵਾਂ ਦੀ ਰੂਪ-ਰੇਖਾ ਬਣਦੀ ਹੈ। ਫੇਰ ਕਿਸੇ ਦਿਨ, ਕਿਸੇ ਵੇਲੇ ਇਕ ਫ਼ਿਕਰਾ ਦਿਮਾਗ਼ ਵਿਚ ਬਣਦਾ ਹੈ, ਉਸ ਨੂੰ ਲਿਖ ਲੈਣਾ ਜ਼ਰੂਰੀ ਹੁੰਦਾ ਹੈ। ਪਹਿਲੇ ਫ਼ਿਕਰੇ ਤੋਂ ਬਾਅਦ ਦੂਸਰਾ ਫ਼ਿਕਰਾ, ਇੰਜ ਪਹਿਲੇ ਦਿਨ ਇਹ ਅਮਲ ਥੋੜ੍ਹੇ ਫ਼ਿਕਰਿਆਂ ‘ਤੇ ਹੀ ਮੁੱਕ ਜਾਂਦਾ ਹੈ ਜਾਂ ਫਿਰ ਇਕ ਦੋ ਸਫ਼ਿਆਂ ‘ਤੇ। ਇਸ ਤੋਂ ਬਾਅਦ ਜਦੋਂ ਤਬੀਅਤ ਵਿਚ ਸੰਤੁਲਨ ਪੈਦਾ ਹੁੰਦਾ ਹੈ ਤਾਂ ਫ਼ਿਕਰੇ ਬਣਦੇ ਚਲੇ ਜਾਂਦੇ ਹਨ, ਗੱਲ ਅੱਗੇ ਤੁਰਦੀ ਚਲੀ ਜਾਂਦੀ ਹੈ। ਕਹਾਣੀ ਨੂੰ ਗੁੰਝਲਦਾਰ ਬਣਾਉਣ ਵਿਚ ਮੇਰੀ ਦਿਲਚਸਪੀ ਨਹੀਂ। ਆਧੁਨਿਕ ਸੰਵੇਦਨਾ ਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਫੇਰ ਇਕ ਘੰਟੀ ਵਜਦੀ ਹੈ, ਚੈਪਟਰ ਖ਼ਤਮ ਹੋ ਜਾਂਦਾ ਹੈ। ਅਖ਼ੀਰ ਵਿਚ ਕੁਝ ਹਫ਼ਤਿਆਂ ਬਾਅਦ ਜਾਂ ਕੁਝ ਮਹੀਨਿਆਂ ਬਾਅਦ ਇਕ ਲੰਮੀ ਘੰਟੀ ਵਜਦੀ ਹੈ, ਨਾਵਲ ਮੁੱਕ ਜਾਂਦਾ ਹੈ। ਇਸ ਤੋਂ ਬਾਅਦ ਖਰੜੇ ਨੂੰ ਸੋਧਣ ਅਤੇ ਕਾਪੀ ਕਰਨ ਦੀ ‘ਅਸਲੀ’ ਮਿਹਨਤ ਸ਼ੁਰੂ ਹੁੰਦੀ ਹੈ। ਉਦੋਂ ਜੀ ਕਾਹਲਾ ਪੈਂਦਾ ਹੈ ਕਿ ਲੇਖਕ ਬਣੇ ਹੀ ਕਿਉਂ? ਏਨੀ ਮਿਹਨਤ ਦਾ ‘ਸੇਵਾ-ਫਲ?’
ਹੁਣ : ਪ੍ਰਤੀਕਾਤਮਕਤਾ ਤੁਹਾਡੀ ਸ਼ੈਲੀ ਦਾ ਵਿਸ਼ੇਸ਼ ਗੁਣ ਪ੍ਰਤੀਤ ਹੁੰਦੀ ਹੈ। ਪ੍ਰਤੀਕਾਂ ਦਾ ਸਹਾਰਾ ਲੈਣ ਕਰ ਕੇ ਕੀ ਰਚਨਾ ਦੀ ਸੁਭਾਵਕ ਗਤੀ ਵਿਚ ਰੁਕਾਵਟ ਨਹੀਂ ਪੈਦਾ ਹੋ ਜਾਂਦੀ?
ਤਸਨੀਮ- ਨਾਵਲ ਵਿਚ ਪ੍ਰਤੀਕਾਂ ਦੀ ਵਰਤੋਂ ਸੁਭਾਵਕ ਹੀ ਹੋ ਜਾਂਦੀ ਹੈ, ਇਹਦੇ ਲਈ ਉਚੇਚ ਨਹੀਂ ਕਰਨਾ ਪੈਂਦਾ। ਇਸ ਦੌਰ ਵਿਚ ਵਧੇਰੇ ਨਾਵਲ ਕਾਵਿਮਈ ਸ਼ੈਲੀ ਵਿਚ ਲਿਖੇ ਜਾ ਰਹੇ ਹਨ। ਨਾਵਲ ਨੂੰ ਕਾਵਿ-ਰੂਪ (ਨਾਵਲ ਐਜ਼ ਏ ਪੋਇਮ) ਵਜੋਂ ਵੀ ਚਿਤਵਿਆ ਗਿਆ ਹੈ। ਅਸਲ ਵਿਚ ਮੈਟਾਫ਼ਰ (ਰੂਪਕ) ਅਤੇ ਸਿੰਬਲ (ਪ੍ਰਤੀਕ, ਚਿੰਨ੍ਹ) ਹੀ ਭਾਵਾਂ ਅਤੇ ਵਿਚਾਰਾਂ ਵਿਚਲੀ ਸਚਾਈ ਨੂੰ ਪ੍ਰਗਟ ਕਰਦੇ ਹਨ। ਇਸ ਵਿਧੀ ਨਾਲ ਪਾਠਕ ਦੇ ਮਨ ਨਾਲ ਸਿੱਧਾ ਸੰਪਰਕ ਪੈਦਾ ਹੋ ਜਾਂਦਾ ਹੈ।
ਹੁਣ : ਕੀ ਤੁਹਾਡੇ ਨਾਵਲ ਚਿੰਤਨ ਅਤੇ ਨਾਵਲ ਸਿਰਜਣ ਦੇ ਕਾਰਜ ਇਕ ਦੂਸਰੇ ਦੇ ਪੂਰਕ ਰਹੇ ਹਨ ਜਾਂ ਫਿਰ ਸੁਤੰਤਰ ਰੂਪ ਵਿਚ ਵਿਚਰਦੇ ਰਹੇ ਹਨ?
ਤਸਨੀਮ- ਮੈਂ ਤਾਂ ਇਨ੍ਹਾਂ ਦੋਹਾਂ ਕਾਰਜਾਂ ਨੂੰ ਇਕ ਦੂਸਰੇ ਦੇ ਪੂਰਕ ਹੀ ਸਮਝਦਾ ਹਾਂ। ਉਂਜ ਮੈਂ ਕਦੀ ਵੀ ਆਪਣੇ ਆਪ ਨੂੰ ਆਲੋਚਕ ਜਾਂ ਚਿੰਤਕ ਵਜੋਂ ਪਾਠਕਾਂ ਦੇ ਸਾਹਮਣੇ ਪੇਸ਼ ਨਹੀਂ ਕੀਤਾ। ਮੇਰੀ ਆਲੋਚਨਾ ਵੀ ਮੇਰੇ ਲਈ ਸਿਰਜਣਾਤਮਕ ਕਾਰਜ ਹੈ। ਨਾਵਲਕਾਰ ਦੀ ਨਾਵਲ ਕਲਾ ਬਾਰੇ ਸੁਚੇਤ ਹੋਣ ਵਾਲੀ ਰੁਚੀ ਨੂੰ ਨਾਵਲਕਾਰੀ ਦਾ ਹੀ ਦੂਸਰਾ ਪੱਖ ਸਮਝਣਾ ਚਾਹੀਦਾ ਹੈ। ਬੇਸ਼ੱਕ ਨਿਰੋਲ ਆਲੋਚਕ ਦਾ ਸਥਾਨ ਵੀ ਬਹੁਤ ਉੱਚਾ ਹੈ। ਅਰਸਤੂ ਨੇ ਕਦੀ ਕੋਈ ਨਾਟਕ ਨਹੀਂ ਸੀ ਸਿਰਜਿਆ, ਪਰ ਜੋ ਕੁਝ ਉਹ ਯੂਨਾਨੀ ਨਾਟਕ ਬਾਰੇ ਕਹਿ ਗਿਆ ਹੈ, ਉਹ ਵੱਡੀ ਤੋਂ ਵੱਡੀ ਰਚਨਾਤਮਕ ਸਿਰਜਣਾ ਤੋਂ ਵੀ ਉੱਚਤਮ ਹੈ। ਵੈਸੇ ਪੰਜਾਬੀ ਵਿਚ ਬਹੁਤ ਘੱਟ ਨਾਵਲਕਾਰਾਂ ਨੇ ਨਾਵਲ ਦੀ ਆਲਚੋਨਾ ਵੱਲ ਧਿਆਨ ਦਿੱਤਾ ਹੈ, ਜਦਕਿ ਅੰਗਰੇਜ਼ੀ ਵਿਚ ਬਹੁਤ ਮਿਸਾਲਾਂ ਮਿਲਦੀਆਂ ਹਨ, ਉਨ੍ਹਾਂ ਨਾਵਲਕਾਰਾਂ ਦੀਆਂ ਜੋ ਨਾਵਲ ਕਲਾ ਦਾ ਵੀ ਪੂਰਾ ਗਿਆਨ ਰੱਖਦੇ ਸਨ। ਇਸ ਸਿਲਸਿਲੇ ਵਿਚ ਹੈਨਰੀ ਫ਼ੀਲਡਿੰਗ, ਈ.ਐਮ. ਫ਼ਾਸਟਰ, ਡੀ.ਐਚ. ਲਾਰੈਂਸ, ਵਰਜੀਨੀਆ ਵੁਲਫ਼ ਆਦਿ ਦੇ ਨਾਂ ਲਏ ਜਾ ਸਕਦੇ ਹਨ।
ਹੁਣ : ਤੁਹਾਡੇ ਖ਼ਿਆਲ ਮੁਤਾਬਕ ਪੰਜਾਬੀ ਨਾਵਲ ਅਤੇ ਪੰਜਾਬੀ ਨਾਵਲੀ ਆਲੋਚਨਾ ਦਾ ਭਵਿੱਖ ਕੀ ਹੈ?
ਤਸਨੀਮ- ਪੰਜਾਬੀ ਨਾਵਲ ਦਾ ਭਵਿੱਖ ਬਹੁਤ ਰੌਸ਼ਨ ਹੈ। ਪੁਰਾਣੇ ਨਾਵਲਕਾਰਾਂ ਦੇ ਨਾਲ-ਨਾਲ ਨਵੇਂ ਨਾਵਲਕਾਰ ਵੀ ਮੱਲ੍ਹਾਂ ਮਾਰ ਰਹੇ ਹਨ ਅਤੇ ਬਹੁਤ ਵਧੀਆ ਲਿਖ ਰਹੇ ਹਨ। ਸਿਰਫ਼ ਲੋੜ ਇਸ ਗੱਲ ਵੱਲ ਧਿਆਨ ਦੇਣ ਦੀ ਹੈ ਕਿ ਕਿਸੇ ਨਾਵਲ ਦੇ ਆਕਾਰ ਦਾ ਵੱਡਾ ਹੋਣਾ ਇਸ ਗੱਲ ਦਾ ਸਬੂਤ ਨਹੀਂ ਹੁੰਦਾ ਕਿ ਨਾਵਲ ਵਧੀਆ ਹੈ। ਫ਼ਾਲਤੂ ਗੱਲਾਂ, ਬੇਲੋੜਾ ਵਿਸਥਾਰ, ਸਰਬੱਗ ਵਰਣਨ ਅਤੇ ਨਾਵਲਕਾਰ ਦੇ ਸਰਬ ਗਿਆਤਾ ਹੋਣ ਦਾ ਅਡੰਬਰ ਨਾਵਲ ਦੇ ਸਮੁੱਚੇ ਪ੍ਰਭਾਵ ਨੂੰ ਖੰਡਤ ਕਰਦੇ ਹਨ। ਸਰਬਪੱਖੀ ਦ੍ਰਿਸ਼ਟੀ ਹੀ ਕਾਫ਼ੀ ਨਹੀਂ, ਨਾਵਲਕਾਰ ਦਾ ਆਪਣਾ ਵੀ ਕੋਈ ਪ੍ਰਤੱਖ ਦ੍ਰਿਸ਼ਟੀਕੋਣ ਹੋਣਾ ਚਾਹੀਦਾ ਹੈ। ਨਾਵਲੀ ਆਲੋਚਨਾ ਦਾ ਨਿਰਪੱਖ ਹੋਣਾ ਬਹੁਤ ਜ਼ਰੂਰੀ ਹੈ। ਗੁਟਬੰਦੀ ਤੋਂ ਪਰਹੇਜ਼ ਲਾਜ਼ਮੀ ਹੈ। ਕਿਸੇ ਖ਼ਾਸ ਨਾਵਲਕਾਰ ਨੂੰ ‘ਪਰਮੋਟ’ ਕਰਨ ਦੀ ਰੁਚੀ ਨਿੰਦਨਯੋਗ ਹੈ। ਆਲੋਚਕ ਨੂੰ ਸੋਚ ਲੈਣਾ ਚਾਹੀਦਾ ਹੈ ਕਿ ਉਸ ਨੇ ਆਉਣ ਵਾਲੀਆਂ ਪੀੜ੍ਹੀਆਂ ਅੱਗੇ ਵੀ ਜਵਾਬਦੇਹ ਹੋਣਾ ਹੈ।
ਹੁਣ : ਨਾਵਲਕਾਰੀ ਦਾ ਆਗਾਜ਼ ਤੁਸੀਂ ਦੋ ਉਰਦੂ ਨਾਵਲਾਂ ‘ਸੋਗਵਾਰ’ ਅਤੇ ‘ਮੋਨਾ ਲਿਜ਼ਾ’ ਦੀ ਰਚਨਾ ਰਾਹੀਂ ਕੀਤਾ। ਉਦੋਂ ਉਰਦੂ ਦੇ ਪਾਠਕਾਂ ਦਾ ਹੁੰਗਾਰਾ ਕਿਹੋ ਜਿਹਾ ਰਿਹਾ?
ਤਸਨੀਮ- ਉਰਦੂ ਦੇ ਪਾਠਕਾਂ ਵਲੋਂ ਇਨ੍ਹਾਂ ਨਾਵਲਾਂ, ਖ਼ਾਸ ਕਰ ਕੇ ‘ਸੋਗਵਾਰ’ ਨੂੰ ਭਰਪੂਰ ਹੁੰਗਾਰਾ ਮਿਲਿਆ। ਸ਼ਿਮਲਾ ਉਨ੍ਹੀਂ ਦਿਨੀਂ ਪੰਜਾਬ ਦੀ ਰਾਜਧਾਨੀ ਸੀ, ਇਸ ਲਈ ਪੰਜਾਬ ਸਰਕਾਰ ਦੀ ਸਕੱਤਰੇਤ ਅਤੇ ਹਾਈ ਕੋਰਟ ਤੋਂ ਇਲਾਵਾ, ਸੈਂਟਰਲ ਗੌਰਮਿੰਟ ਦੇ ਵੀ ਕਈ ਦਫ਼ਤਰ ਉਥੇ ਸਨ। ਉਦੋਂ ਉਰਦੂ ਦਾ ਬੋਲ-ਬਾਲਾ ਸੀ। ‘ਸੋਗਵਾਰ’ ਪਹਿਲਾਂ ਅੰਮ੍ਰਿਤਸਰ ਤੋਂ ਪ੍ਰਕਾਸ਼ਤ ਹੁੰਦੇ ਉਰਦੂ ਤ੍ਰੈਮਾਸਿਕ ‘ਨਿਗਾਰਿਸ਼’ ਵਿਚ ਛਪਿਆ। ਇਸ ਪਰਚੇ ਦੀ ਵਿਸ਼ੇਸ਼ਤਾ ਇਹ ਸੀ ਕਿ ਇਸ ਦੇ ਹਰ ਅੰਕ ਵਿਚ ਉਰਦੂ ਦਾ ਇਕ ਛੋਟਾ ਨਾਵਲ ਸ਼ਾਮਲ ਹੁੰਦਾ ਸੀ। ‘ਨਿਗਾਰਿਸ਼’ ਜਦੋਂ ਸਿਮਲੇ ਪਹੁੰਚਿਆ ਤਾਂ ਮੇਰੇ ਲਈ ਮਾਲ ਰੋਡ ‘ਤੇ ਚਲਣਾ ਮੁਸ਼ਕਲ ਹੋ ਗਿਆ, ਜਿਹੜਾ ਵੀ ਵਾਕਿਫ਼ਕਾਰ ਮਿਲਦਾ, ਹੱਥ ਮਿਲਾਉਂਦਾ, ਜੱਫੀ ਪਾਉਂਦਾ ਤੇ ਨਾਵਲ ਦੀ ਵਧਾਈ ਦਿੰਦਾ। ਇਸ ਤੋਂ ਬਾਅਦ ਦਸੰਬਰ 1960 ਵਿਚ ਮੈਂ ਜਦੋਂ ਅੰਮ੍ਰਿਤਸਰ ਗਿਆ ਤਾਂ ਪਰਚੇ ਦੇ ਸੰਪਾਦਕ ਮਹਿੰਦਰ ਬਾਵਾ ਨੇ ਚਿੱਠੀਆਂ ਦਾ ਪੁਲੰਦਾ ਮੇਰੇ ਅੱਗੇ ਰੱਖ ਦਿੱਤਾ। ਇਹ ਚਿੱਠੀਆਂ ਮੇਰੇ ਨਾਵਲ ‘ਸੋਗਵਾਰ’ ਦੀ ਤਾਰੀਫ਼ ਵਿਚ ਹਿੰਦੁਸਤਾਨ ਅਤੇ ਪਾਕਿਸਤਾਨ ਦੇ ਅਦੀਬਾਂ ਅਤੇ ਪਾਠਕਾਂ ਵਲੋਂ ਆਈਆਂ ਸਨ। ਅਨਾਰਕਲੀ, ਲਾਹੌਰ ਦੇ ਇਕ ਪਬਲਿਸ਼ਰ ਨੇ ਇਸ ਨਾਵਲ ਨੂੰ ਪਾਕਿਸਤਾਨ ਵਿਚ ਪ੍ਰਕਾਸ਼ਤ ਕਰਨ ਦੀ ਪੇਸ਼ਕਸ਼ ਕੀਤੀ ਸੀ। ਇਸ ਤੋਂ ਬਾਅਦ ‘ਮੋਨਾ ਲਿਜ਼ਾ’ ਮੈਂ 1961 ਵਿਚ ਲਿਖਿਆ, ਜੋ ‘ਨਿਗਾਰਿਸ਼’ ਦੇ ਨਾਵਲ-ਨੰਬਰ, ਜਿਸ ਵਿਚ ਖ਼ਵਾਜਾ ਅਹਿਮਦ ਅੱਬਾਸ ਅਤੇ ਰਾਜਿੰਦਰ ਸਿੰਘ ਬੇਦੀ ਦੇ ਨਾਵਲ ਵੀ ਸ਼ਾਮਲ ਸਨ, 1962 ਵਿਚ ਛਪਿਆ ਅਤੇ ਉਦੋਂ ਹੀ ਕਿਤਾਬੀ ਸੂਰਤ ਵਿਚ ਪਾਠਕਾਂ ਤਕ ਪਹੁੰਚ ਗਿਆ। ਇੰਜ ਮੈਂ ਬਤੌਰ ਉਰਦੂ ਨਾਵਲਕਾਰ ਸਥਾਪਤ ਹੋ ਗਿਆ।

ਆਪਣੀ ਪੈਰਵੀ
ਹੁਣ : ਕੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਆਪਣੇ ਨਾਵਲਾਂ ਦੀ ‘ਪੈਰਵੀ’ ਓਨੀ ਸ਼ਿੱਦਤ ਜਾਂ ਕੁਸ਼ਲਤਾ ਨਾਲ ਨਹੀਂ ਕੀਤੀ, ਜਿੰਨੀ ਕਿ ਪੰਜਾਬੀ ਦੇ ਕੁਝ ਲੇਖਕ ਕਰਦੇ ਰਹਿੰਦੇ ਹਨ?
ਤਸਨੀਮ- ਨਾਵਲਾਂ ਦੀ ‘ਪੈਰਵੀ’ ਕਰਨ ਵਾਲੀ ਗੱਲ ਤਾਂ ਕਦੀ ਵੀ ਮੇਰੇ ਚਿੱਤ-ਚੇਤੇ ਵਿਚ ਹੀ ਨਹੀਂ ਸੀ। ਮੇਰੇ ਕਿਸੇ ਨਾਵਲ ਦੇ ਛਪਣ ਤੋਂ ਬਾਅਦ ਉਸ ਦਾ ਰਿਵਿਊ ਹੋ ਜਾਣਾ ਹੀ ਮੇਰੇ ਲਈ ਕਾਫ਼ੀ ਸੀ। ਬਾਕੀ ਮੈਂ ਸਮਝਦਾ ਸੀ ਕਿ ਪਾਠਕਾਂ ਦਾ ਹੁੰਗਾਰਾ ਹੀ ਦੱਸੇਗਾ ਕਿ ਨਾਵਲ ਕਿਸ ਭਾਂਤ ਦਾ ਹੈ। ਹੌਲੀ ਹੌਲੀ ਮੈਨੂੰ ਇਸ ਗੱਲ ਦਾ ਅਹਿਸਾਸ ਹੋਣ ਲੱਗਾ ਕਿ ਮੇਰੇ ਨਾਵਲਾਂ ਦਾ ਜ਼ਿਕਰ ਘੱਟ ਹੋ ਰਿਹਾ ਹੈ, ਜਦਕਿ ਕੁਝ ਨਾਵਲਕਾਰ ਆਪਣੇ ਨਾਵਲਾਂ ਬਾਰੇ ਉਚੇਚੇ ਲੇਖ ਲਿਖਵਾ ਰਹੇ ਹਨ ਅਤੇ ਸਰਕਾਰੇ ਦਰਬਾਰੇ ਪਹੁੰਚ ਕਰ ਰਹੇ ਹਨ। ਫੇਰ ਵੀ ਮੈਨੂੰ ਇਸ ਗੱਲ ਦੀ ਝਿਜਕ ਰਹੀ ਕਿ ਕਿਸੇ ਤੋਂ ਮੈਂ ਆਪਣੇ ਬਾਰੇ ਕੋਈ ਤਾਰੀਫ਼ੀਆ ਲੇਖ ਲਿਖਵਾਵਾਂ। ਏਦਾਂ ਆਪਣੀ ਨਜ਼ਰ ਵਿਚ ਡਿੱਗ ਪੈਣ ਵਾਲੀ ਗੱਲ ਹੋਣੀ ਸੀ। ਨਿਰਪੱਖ ਹੋ ਕੇ ਜੋ ਕੁਝ ਵੀ ਕਿਸੇ ਨੇ ਮੇਰੇ ਬਾਰੇ ਲਿਖਿਆ, ਮੈਂ ਸਵੀਕਾਰ ਕਰ ਲਿਆ। ਵਿਰੋਧੀ ਧਿਰ ਨੂੰ ਮੈਂ ਪਹਿਲਾਂ ਤਾਂ ਪਛਾਣਿਆ ਹੀ ਨਹੀਂ ਸੀ, ਪਰ ਜਦੋਂ ਪਛਾਣਿਆ ਉਦੋਂ ਇਹੀ ਸੋਚ ਕੇ ਚੁੱਪ ਰਿਹਾ ਕਿ ਘੱਟਾ ਆਪਣੇ ਆਪ ਬੈਠ ਜਾਏਗਾ। ਪਰ ਇੰਜ ਹੋਇਆ ਨਹੀਂ ਸੀ। ਘੱਟਾ ਵਾਵਰੋਲਾ ਬਣ ਗਿਆ। ਇਹਦੇ ਨਾਲ ਬਤੌਰ ਨਾਵਲਕਾਰ ਮੇਰੇ ਇਮੇਜ ਨੂੰ ਕਾਫ਼ੀ ਢਾਅ ਲੱਗੀ। ਲੰਮਾ ਸਮਾਂ ਮੈਨੂੰ ਪ੍ਰੇਸ਼ਾਨ ਕੀਤਾ ਗਿਆ।
ਹੁਣ : ਪਾਤਰਾਂ ਦਾ ਮਨੋਵਿਸ਼ਲੇਸ਼ਣ ਕਰਨ ਲਈ ਤੁਸੀਂ ਚੇਤਨਾ ਪ੍ਰਵਾਹ, ਆਂਤਰਿਕ ਮਨਬਚਨੀ ਆਦਿ  ਤਕਨੀਕ ਦਾ ਪ੍ਰਯੋਗ ਕਰਦੇ ਰਹੇ ਹੋ। ਪਰ ਪੰਜਾਬੀ ਵਿਚ ਅੱਜ ਤਕ ਲਕੀਰੀ ਬਿਰਤਾਂਤ ਹੀ ਪ੍ਰਮੁੱਖ ਰਿਹਾ ਹੈ। ਇਸ ਬਾਰੇ ਕੀ ਕਹਿਣਾ ਚਾਹੋਗੇ?
ਤਸਨੀਮ- ਯੂਨੀਵਰਸਿਟੀਆਂ ਦੇ ਕੁਝ ਪ੍ਰੋਫੈਸਰ ਇਸ ਗੱਲ ਵਿਚ ਹੀਣਤਾ ਮਹਿਸੂਸ ਕਰਦੇ ਰਹੇ ਹਨ ਕਿ ਅੰਗਰੇਜ਼ੀ ਦਾ ਇਕ ਲੈਕਚਰਾਰ, ਜਿਸ ਨੇ 35 ਸਾਲ ਦੀ ਉਮਰ ਵਿਚ ਪੰਜਾਬੀ ਸਾਹਿਤ ਵਿਚ ਪ੍ਰਵੇਸ਼ ਕੀਤਾ, ਉਨ੍ਹਾਂ ਦਾ ਪੱਥ-ਪ੍ਰਦਰਸ਼ਕ ਬਣੇ। ਉਰਦੂ ਨੂੰ ਛੱਡ ਕੇ ਪੰਜਾਬੀ ਵਿਚ ਮੇਰਾ ਪ੍ਰਵੇਸ਼ ਇਕ ਲਗਨ ਵਜੋਂ ਸੀ। ਇਸ ਗੱਲ ਦੀ ਦਾਦ ਮੈਨੂੰ ਅੱਜ ਤਕ ਨਹੀਂ ਮਿਲੀ। ਨਾਵਲਾਂ ਦੀ ਗੱਲ ਵੱਖਰੀ ਹੈ, ਉਨ੍ਹਾਂ ਬਾਰੇ ਕੁਝ ਵੀ ਕਿਹਾ ਜਾ ਸਕਦਾ ਹੈ, ਪਰ ਮੇਰੀਆਂ ਪੁਸਤਕਾਂ, ਜਿਵੇਂ ਕਿ ‘ਪੰਜਾਬੀ ਨਾਵਲ ਦਾ ਆਲੋਚਨਾਤਮਕ ਅਧਿਐਨ’ ‘ਪੰਜਾਬੀ ਨਾਵਲ ਦਾ ਮੁਹਾਂਦਰਾ’ ਅਤੇ ‘ਨਾਵਲ ਕਲਾ ਅਤੇ ਮੇਰਾ ਅਨੁਭਵ’ ਨੂੰ ਜਾਣ ਬੁਝ ਕੇ ਨਜ਼ਰਅੰਦਾਜ਼ ਕੀਤਾ ਗਿਆ। ਬਾਅਦ ਵਿਚ ਮੇਰੀ ਪੁਸਤਕ ‘ਆਧੁਨਿਕ ਪ੍ਰਵਿਰਤੀਆਂ ਅਤੇ ਪੰਜਾਬੀ ਨਾਵਲ’ (2005) ਨੂੰ ਵੀ ਅਣਗੌਲਿਆ ਕਰਨ ਦੀ ਕੋਸ਼ਿਸ਼ ਹੋਈ। ਆਪਣੇ ਨਾਵਲਾਂ ਵਿਚ ਜਿਨ੍ਹਾਂ ਵਿਧਾਵਾਂ ਦੀ ਮੈਂ ਵਰਤੋਂ ਕੀਤੀ ਹੈ, ਉਹ ਅਜੇ ਤੀਕ ਅਛੂਤੀਆਂ ਹਨ। ਇਨ੍ਹਾਂ ਪ੍ਰਤੀ ਨਿੱਠ ਕੇ ਕਦੀ ਗੱਲ ਨਹੀਂ ਹੋਈ, ਇਸੇ ਕਰ ਕੇ ਪਾਠਕ ਵਰਗ ਦੀ ਜਾਣਕਾਰੀ ਵਿਚ ਲੋੜ ਅਨੁਸਾਰ ਵਾਧਾ ਨਹੀਂ ਹੋ ਸਕਿਆ। ਲਕੀਰੀ-ਬਿਰਤਾਂਤ ਦੀ ਪ੍ਰਮੁੱਖਤਾ ਹੁਣ ਘਟਦੀ ਜਾ ਰਹੀ ਹੈ। ਪਾਠਕਾਂ ਨੂੰ ਵੀ ਹੁਣ ਨਾਵਲ ਪੜ੍ਹਦੇ ਸਮੇਂ ‘ਪੈਸਿਵ ਰੋਲ’ ਦੀ ਬਜਾਏ ‘ਐਕਟਿਵ ਰੋਲ’ ਅਦਾ ਕਰਨਾ ਚਾਹੀਦਾ ਹੈ। ਏਥੋਂ ਤਕ ਕਿ ਪਾਠਕ ਨਾਵਲ ਪੜ੍ਹਦਾ ਹੋਇਆ, ਨਾਵਲ ਦੇ ਇਕ ਪਾਤਰ ਵਜੋਂ ਵਿਚਰੇ ਤਾਂ ਜੋ ਉਸ ਵਿਚਲੀਆਂ ਗਤੀਵਿਧੀਆਂ ਦੀ ਨੇੜੇ ਹੋ ਕੇ ਜਾਣਕਾਰੀ ਪ੍ਰਾਪਤ ਕਰ ਸਕੇ।
ਹੁਣ : ਸਾਨੂੰ ਲੱਗਦੈ ਕਿ ਤੁਹਾਡਾ ‘ਤਲਾਸ਼ ਕੋਈ ਸਦੀਵੀ’ ਨਾਵਲ ਹਊਮੈ-ਕੇਂਦਰਤ ਹੈ, ਤੁਹਾਡਾ ਕੀ ਕਹਿਣਾ ਹੈ?
ਤਸਨੀਮ-ਸ਼ਿਮਲੇ ਮੈਂ ਪਹਿਲਾਂ 1951 ਤੋਂ 1961 ਤਕ ਰਹਿ ਚੁੱਕਾ ਸੀ, ਪਰ ਇਕ ਲੰਮੇ ਅਰਸੇ ਬਾਅਦ ਮੈਨੂੰ ਫੇਰ ਉਥੇ ਜਾਣਾ ਪਿਆ। ਰਾਸ਼ਟਰਪਤੀ ਨਿਵਾਸ, ਸ਼ਿਮਲਾ ਵਿਚ ਸਥਿਤ, ‘ਇੰਡੀਅਨ ਇੰਸਟੀਚਿਊਟ ਆਫ਼ ਐਡਵਾਂਸਡ ਸਟੱਡੀ’ ਵਲੋਂ ਮੈਨੂੰ 1998-99 ਦੌਰਾਨ ਫ਼ੈਲੋਸ਼ਿਪ ਪ੍ਰਦਾਨ ਹੋ ਗਈ। ਉਥੇ ਰਹਿ ਕੇ ਮੈਂ ਇਹ ਨਾਵਲ ਸ਼ੁਰੂ ਤਾਂ ਕਰ ਲਿਆ, ਪਰ ਮੁਕੰਮਲ ਲੁਧਿਆਣਾ ਪਰਤ ਕੇ ਕੀਤਾ। ਠੀਕ ਹੈ ਤੁਹਾਡੀ ਗੱਲ, ਇਹ ਨਾਵਲ ਹਊਮੈ-ਕੇਂਦਰਤ ਹੀ ਹੈ। ਪਰ ਇਹ ਇਕ ਬਿੰਦੂ ਵਜੋਂ ਹੈ, ਬਾਕੀ ਮਸਲਾ ਸਮਾਂ ਅਤੇ ਸਥਾਨ ਨਾਲ ਜੂਝਣ ਦਾ ਹੈ। ਸਮੇਂ ਦਾ ਪਿਛੇ ਵੱਲ ਦੌੜਨ ਦਾ ਅਤੇ ਸਥਾਨ ਨੂੰ ਅਸਥਿਰ ਰੂਪ ਵਿਚ ਦੇਖਣ ਦਾ। ਕਦੀ ਕਦੀ ਇੰਜ ਲਗਦਾ ਹੈ ਜਿਵੇਂ ਸਮਾਂ ਰੁਕ ਗਿਆ ਹੋਵੇ ਅਤੇ ਸਥਾਨ ਗਤੀਸ਼ੀਲ ਮੁਦਰਾ ਧਾਰਨ ਕਰ ਗਿਆ ਹੋਵੇ। ਵਿਅਕਤੀ ਅਤੇ ਪ੍ਰਕਿਰਤੀ ਦੇ ਪਰਸਪਰ ਸਬੰਧਾਂ ਦਾ ਜ਼ਿਕਰ ਵੀ ਹੈ, ਇਸ ਵਿਚ। ਸੰਤੁਲਨ ਦੀ ਅਭਿਲਾਸ਼ਾ ਹੈ, ਨਾਇਕ ਦੇ ਮਨ ਵਿਚ। ਇਸ ਨਾਵਲ ਦੇ ਚੌਥੇ ਚੈਪਟਰ ਬਾਰੇ ਨੁਕਤਾਚੀਨੀ ਹੋਈ ਹੈ। ਪੋਸਟ-ਮਾਡਰਨਿਜ਼ਮ ਦੇ ਦੌਰ ਵਿਚ ‘ਵੈੱਲ-ਮੇਡ’ ਨਾਵਲ ਦੀ ਤਲਾਸ਼ ਸਫਲ ਨਹੀਂ ਹੋ ਸਕੀ-ਹੁਣ ਬੇਤਰਤੀਬੀ ਵਿਚੋਂ ਹੀ ਤਰਤੀਬ ਲੱਭਣੀ ਪਏਗੀ। ਉਂਜ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਦੀਵਾਨਗੀ ਵਿਚ ਹਮੇਸ਼ਾ ਇਕ ਸਲੀਕਾ ਹੁੰਦਾ ਹੈ।
ਹੁਣ : ਤੁਸੀਂ ਆਪਣੀਆਂ ਰਚਨਾਵਾਂ ਨਾਲ ਸਮਕਾਲੀ ਅਤੇ ਨਵੇਂ ਨਾਵਲਕਾਰਾਂ ਨੂੰ ਕਿੰਨਾ ਕੁ ਪ੍ਰਭਾਵਤ ਕਰ ਸਕੇ ਹੋ?
ਤਸਨੀਮ- ਸਮਕਾਲੀ ਨਾਵਲਕਾਰਾਂ ਨੂੰ ਪ੍ਰਭਾਵਤ ਕਰਨ ਬਾਰੇ ਤਾਂ ਮੈਨੂੰ ਪਤਾ ਨਹੀਂ। ਏਨਾ ਜ਼ਰੂਰ ਹੈ ਕਿ ਮੈਂ ਆਪਣੇ ਹਰ ਨਾਵਲ ਵਿਚ ਨਵੇਂ ਅੰਦਾਜ਼ ਵਿਚ ਗੱਲ ਕੀਤੀ ਹੈ। ਨਵਾਂ ਅੰਦਾਜ਼ ਅਸਲ ਵਿਚ ਲਭਣਾ ਨਹੀਂ ਪੈਂਦਾ, ਨਾਵਲ ਦੀ ਵਿਸ਼ਾ-ਵਸਤੂ ਵਿਚ ਹੀ ਇਹ ਨਿਹਤ ਹੁੰਦਾ ਹੈ। ਨਾਵਲਕਾਰ ਨੇ ਸਿਰਫ਼ ਮੌਕਾ ਦੇਣਾ ਹੁੰਦਾ ਹੈ ਇਸ ਨੂੰ, ਆਪਣਾ ਰੂਪ ਧਾਰਨ ਕਰਨ ਦਾ। ਨਾਵਲ ਦਾ ਥੀਮ ਹੀ ਤਕਨੀਕ ਨੂੰ ਰੂਪਮਾਨ ਕਰਦਾ ਹੈ ਅਤੇ ਆਕਾਰ ਦੀ ਰੂਪ-ਰੇਖਾ ਉਲੀਕਦਾ ਹੈ। ਪ੍ਰਯੋਗ ਦੀ ਖ਼ਾਤਰ ਕੋਈ ਰਚਨਾ ਵਜੂਦ ਵਿਚ ਨਹੀਂ ਆਉਂਦੀ, ਪਾਠਕ ਅਤੇ ਆਲੋਚਕ ਪਰੰਪਰਾ ਤੋਂ ਹੱਟ ਕੇ ਰਚੀ ਗਈ ਕਲਾ ਕ੍ਰਿਤੀ ਨੂੰ ਪ੍ਰਯੋਗ ਦਾ ਨਾਂ ਦੇ ਦਿੰਦੇ ਹਨ। ਅਫ਼ਰਾ-ਤਫ਼ਰੀ ਦੇ ਇਸ ਯੁੱਗ ਵਿਚ ਇਨਸਾਨ ਆਪਣੇ ਆਪ ਦੀ ਤਲਾਸ਼ ਵਿਚ ਬਹੁਤ ਦੂਰ ਨਿਕਲ ਗਿਆ ਹੈ। ਕਦੀ ਕਦੀ ਤਾਂ ਮਨੁੱਖ ਝੁੰਜਲਾ ਕੇ ਏਥੋਂ ਤਕ ਕਹਿ ਦਿੰਦਾ ਹੈ-‘ਮੇਰੇ ਅੰਦਰ ਕੋਈ ਹੈ ਜੋ ਮੇਰੇ ਨਾਲ ਨਾਰਾਜ਼ ਹੈ।’

ਸਾਹਿਤ ਵਿਚ ਫੈਸ਼ਨ
ਹੁਣ : ਕਿਸੇ ਰਚਨਾ ਨੂੰ ‘ਸਮਾਰਕ’ ਵਾਂਗ ਉਸਾਰਨ ਅਤੇ ‘ਦਸਤਾਵੇਜ਼’ ਵਾਂਗ ਪੇਸ਼ ਕਰਨ ਤੋਂ ਤੁਹਾਡਾ ਕੀ ਭਾਵ ਹੈ?
ਤਸਨੀਮ- ਦਸਤਾਵੇਜ਼ ਤੋਂ ਭਾਵ ਹੈ, ਨਾਵਲ ਵਿਚ ਕਿਸੇ ਦੌਰ ਦੀ ਕਾਲਿਕਤਾ ਨੂੰ ਪੇਸ਼ ਕਰਨਾ। ਕਿਸੇ ਯੁੱਗ ਵਿਚ ਵਾਪਰੀਆਂ ਘਟਨਾਵਾਂ ਅਤੇ ਉਸ ਵਿਚਲੇ ਪਾਤਰਾਂ ਨੂੰ ਇਸ ਅੰਦਾਜ਼ ਵਿਚ ਪੇਸ਼ ਕਰਨਾ ਕਿ ਉਹ ਉਸ ਸਮੇਂ ਦੀ ਭਰਪੂਰ ਤਰਜਮਾਨੀ ਕਰਨ। ਪੰਜਾਬੀ ਵਿਚ ਪਾਰਟੀਸ਼ਨ ਬਾਰੇ ਕਈ ਨਾਵਲ ਲਿਖੇ ਗਏ ਹਨ। ਇਨ੍ਹਾਂ ਵਿਚ ਕੁਝ ਦਸਤਾਵੇਜ਼ ਵਜੋਂ ਸਾਂਭਣਯੋਗ ਹਨ। ਇਸ ਭਾਂਤ ਦੇ ਨਾਵਲਾਂ ਵਿਚ ‘ਕੱਥ’ ਦੀ ਬਜਾਏ ‘ਤੱਥ’ ਜ਼ਿਆਦਾ ਰੂਪਮਾਨ ਹੁੰਦਾ ਹੈ। ਦੂਸਰੇ ਪਾਸੇ ਸਮਾਰਕ ਦੀ ਗੱਲ ਹੈ। ਇਸ ਤੋਂ ਭਾਵ ਹੈ, ਨਾਵਲ ਵਿਚ ਜੀਵਨ ਦੇ ਆਕਾਰ ਨੂੰ ਇਸ ਜੁਗਤ ਨਾਲ ਪੇਸ਼ ਕਰਨਾ ਕਿ ਆਉਣ ਵਾਲੇ ਯੁੱਗ ਵਿਚ ਉਹ ਚਾਨਣ-ਮੁਨਾਰੇ ਜਾਂ ਮੀਲ-ਪੱਥਰ ਵਾਂਗ ਪ੍ਰਤੀਤ ਹੋਏ। ਇਸ ਰਚਨਾ ਵਿਚ ਸਮਾਂ ਰੁਕਿਆ ਹੋਇਆ ਨਹੀਂ, ਸਗੋਂ ਹਰਕਤ ਵਿਚ ਪ੍ਰਤੀਤ ਹੁੰਦਾ ਹੈ। ਦਸਤਾਵੇਜ਼ ਵਿਚ ਸਮਾਂ ਅਤੇ ਸਥਾਨ ਕੀਲੇ ਹੁੰਦੇ ਹਨ, ਮਤਲਬ ਇਹ ਕਿ ਇਸ ਭਾਂਤ ਦੀ ਰਚਨਾ ਵਿਚ ਸਮਾਂ ਅਤੇ ਸਥਾਨ ਦੀ ਸੀਮਾ ਨਜ਼ਰ ਨਹੀਂ ਆਉਂਦੀ।
ਹੁਣ : ਨਵਂੇ ਲੇਖਕਾਂ ਨੂੰ ਕੀ ਕਹਿਣਾ ਚਾਹੋਗੇ
ਤਸਨੀਮ- ਇਹੀ ਕਹਿਣਾ ਚਾਹਾਂਗਾ ਕਿ ਕਿਸੇ ਸਿਧਾਂਤ ਜਾਂ ਪ੍ਰਵਿਰਤੀ ਨੂੰ, ਆਪਣੇ ਅੰਦਰੋਂ ਉਪਜੇ ਬਗੈਰ, ਮੁੱਖ ਰੱਖ ਕੇ ਰਚਨਾ ਨਾ ਕਰੋ। ਆਪਣੀ ਤਬੀਅਤ ਦੇ ਝੁਕਾਅ ਅਨੁਸਾਰ ਜੋ ਕੁਝ ਕਹਿਣਾ ਚਾਹੁੰਦੇ ਹੋ, ਨਿਝੱਕ ਹੋ ਕੇ ਕਹੋ। ਵਕਤ ਦੇ ਨਾਲ ਨਾਲ ਵਧੇਰੇ ਸੋਝੀ ਪ੍ਰਾਪਤ ਹੋਏਗੀ ਅਤੇ ਜੀਵਨ ਪ੍ਰਤੀ ਦ੍ਰਿਸ਼ਟੀਕੋਣ ਬਣੇਗਾ। ਇਹ ਸਭ ਕੁਝ ਸੁਭਾਵਕ ਹੀ ਹੋਣਾ ਚਾਹੀਦਾ ਹੈ, ਕਿਸੇ ਰੁਚੀ ਨੂੰ ਮੁੱਖ ਰੱਖ ਕੇ ਨਹੀਂ। ਸਾਹਿਤ ਵਿਚ ਫ਼ੈਸ਼ਨ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ, ਲਿਖਣ ਦੇ ਨਾਲ ਨਾਲ ਪੜ੍ਹਨਾ ਵੀ ਬਹੁਤ ਜ਼ਰੂਰੀ ਹੈ, ਸਿਰਫ਼ ਆਪਣੀ ਭਾਸ਼ਾ ਦਾ ਸਾਹਿਤ ਹੀ ਨਹੀਂ, ਸਗੋਂ ਇਕ ਦੋ ਹੋਰ ਜ਼ੁਬਾਨਾਂ ਵਿਚ ਰਚਿਆ ਹੋਇਆ ਸਾਹਿਤ ਵੀ। ਪੰਜਾਬੀ ਸਾਹਿਤਕਾਰਾਂ ਨੂੰ, ਖ਼ਾਸ ਕਰ ਕੇ ਨਵੇਂ ਸਾਹਿਤਕਾਰਾਂ ਨੂੰ, ਮਿਰਜ਼ਾ ਗ਼ਾਲਿਬ ਦੀ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਪ੍ਰਸ਼ੰਸਾ ਦੀ ਤਮੰਨਾ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਕਿਸੇ ਪੁਰਸਕਾਰ ਜਾਂ ਇਨਾਮ ਦੀ ਲਾਲਸਾ-‘ਨਾ ਸਤਾਇਸ਼ ਕੀ ਤਮੰਨਾ, ਨਾ ਸਿਲੇ ਕੀ ਪਰਵਾ।’

ਕੋਈ ਤਮੰਨਾ ਬਾਕੀ ਨਹੀਂ
ਹੁਣ : ਅੱਜ ਮਨੁੱਖ, ਜਦੋਂ ਮੁਕੰਮਲ ਇਕੱਲਤਾ ਭੋਗਣ ਲਈ ਮਜਬੂਰ ਹੁੰਦਾ ਜਾ ਰਿਹੈ, ਤੁਸੀਂ ਸਾਂਝੇ ਪਰਿਵਾਰ ਦੀ ਰਵਾਇਤ ਨੂੰ ਬਾਖੂਬੀ ਨਿਭਾਅ ਰਹੇ ਹੋ। ਇਕੋ ਛੱਤ ਹੇਠ ਤਿੰਨ ਪੀੜ੍ਹੀਆਂ ਦੇ ਨਿਵਾਸ ਦਾ ਤਜਰਬਾ ਕਿਹੋ ਜਿਹਾ ਹੈ?
ਤਸਨੀਮ- ਅਮਰੀਕੀ ਕਵੀ ਇਜ਼ਰਾ ਪਾਊਂਡ ਆਪਣੇ ਗੀਤ ਨੂੰ ਕਹਿੰਦਾ ਹੈ ਕਿ ਮੇਰੀ ਹਮਦਰਦੀ ਦਾ ਸੁਨੇਹਾ ਲੈ ਕੇ ਉਨ੍ਹਾਂ ਕੋਲ ਜਾ ਜੋ ਔਖੇ ਸਮੇਂ ‘ਚੋਂ ਲੰਘ ਰਹੇ ਹਨ। ਅਖ਼ੀਰ ਵਿਚ ਉਥੇ ਜਾਈਂ ਜਿੱਥੇ ਤਿੰਨ ਪੀੜ੍ਹੀਆਂ ਇਕੋ ਛੱਤ ਥੱਲੇ ਰਹਿ ਰਹੀਆਂ ਹਨ। ਇਸ ਤੋਂ ਜ਼ਾਹਰ ਹੁੰਦਾ ਹੈ ਕਿ ਅਮਰੀਕਾ ਅਤੇ ਯੂਰਪ ਵਿਚ ਇਕ ਮੁੱਦਤ ਪਹਿਲਾਂ ਇਹ ਸਮੱਸਿਆ ਪੈਦਾ ਹੋ ਗਈ ਸੀ। ਹੌਲੀ ਹੌਲੀ ਹੁਣ ਸਾਡੇ ਘਰਾਂ ਵਿਚ ਵੀ ਤਿੰਨਾਂ ਪੀੜ੍ਹੀਆਂ ਦਾ ਇਕੋ ਛੱਤ ਥੱਲੇ ਰਹਿਣਾ ਦੁਸ਼ਵਾਰ ਹੋ ਗਿਆ ਹੈ। ਫੇਰ ਵੀ ਇਹ ਅਹਿਸਾਸ ਪੈਦਾ ਹੋ ਰਿਹਾ ਹੈ ਕਿ ਥੋੜ੍ਹੀ ਜਿਹੀ ‘ਗਿੱਵ ਐਂਡ ਟੇਕ’ (ਇਕ ਹੱਥ ਦਵੋ, ਦੂਸਰੇ ਹੱਥ ਫੜੋ) ਪਾਲਸੀ ਰਾਹੀਂ, ਤਿੰਨੇ ਪੀੜ੍ਹੀਆਂ ਇਕ ਦੂਸਰੇ ਦੇ ਸੰਪਰਕ ਵਿਚ ਰਹਿ ਸਕਦੀਆਂ ਹਨ। ਇਹ ਮੇਰੀ ਖ਼ੁਸ਼ਨਸੀਬੀ ਹੈ ਕਿ ਅਸੀਂ ਸਾਰੇ ਇਕੋ ਛੱਤ ਥੱਲੇ ਰਹਿ ਰਹੇ ਹਾਂ ਅਤੇ ਰਾਤ ਦਾ ਖਾਣਾ ਇਕੋ ਟੇਬਲ ‘ਤੇ ਇਕੱਠੇ ਖਾਂਦੇ ਹਾਂ। ਇਕ ਦੂਸਰੇ ਦੇ ਸੁੱਖ-ਦੁੱਖ ਵਿਚ ਸ਼ਾਮਲ ਹੋਣ ਨਾਲ ਜ਼ਿੰਦਗੀ ਬੜੀ ਸੁਖਾਵੀਂ ਪ੍ਰਤੀਤ ਹੁੰਦੀ ਹੈ।
ਹੁਣ : ‘ਆਈਨੇ ਦੇ ਰੂਬਰੂ’ ਵਿਚ ਤੁਸੀਂ ਕੁਝ ਗੱਲਾਂ ਬਾਰੇ ਦੱਸਿਆ ਹੈ, ਪਰ ਕੁਝ ਗੱਲਾਂ ਲਕੋ ਗਏ ਹੋ। ਕੀ ਇਹ ਗੱਲ ਠੀਕ ਹੈ?
ਤਸਨੀਮ- ਪਹਿਲੀ ਗੱਲ ਤਾਂ ਇਹ ਕਿ ‘ਆਈਨੇ ਦੇ ਰੂਬਰੂ’ ਮੇਰੀ ਸਵੈਜੀਵਨੀ ਨਹੀਂ, ਬਲਕਿ ਸਾਹਿਤਕ ਸਵੈਜੀਵਨੀ ਹੈ। ਮੈਂ ਇਹ ਗੱਲ ਸਪਸ਼ਟ ਕਰ ਦਿਆਂ ਕਿ ਕਾਲਜ ਵਿਚ ਦਾਖ਼ਲ ਹੁੰਦਿਆਂ ਹੀ ਮੈਂ ਪ੍ਰਗਤੀਸ਼ੀਲ ਸਾਹਿਤ ਨਾਲ ਜੁੜ ਗਿਆ ਸੀ। ਅਜੇ ਤਕ ਵੀ ਮੇਰੇ ਉੱਤੇ ਇਸ ਲਹਿਰ ਦਾ ਪ੍ਰਭਾਵ ਹੈ, ਪਰ ਮੈਂ ਆਪਣੇ ਦਿਮਾਗ਼ ਦੀਆਂ ਬਾਕੀ ਖਿੜਕੀਆਂ ਨੂੰ ਬੰਦ ਨਹੀਂ ਰੱਖਿਆ ਹੋਇਆ। ਮੈਨੂੰ ਆਧੁਨਿਕ ਅਤੇ ਉਤਰਆਧੁਨਿਕ ਸਾਹਿਤ ਵਿਚ ਓਨੀ ਹੀ ਦਿਲਚਸਪੀ ਹੈ, ਜਿੰਨੀ ਕਿ ਮਾਰਕਸੀ ਅਦਬ ਵਿਚ। ਮਾਰਕਸਿਜ਼ਮ ਨੇ ਵੀ ਮੈਨੂੰ ਚੰਗੇ ਅਦਬ ਦੀ ਪਛਾਣ ਸਬੰਧੀ ਸੋਝੀ ਪ੍ਰਦਾਨ ਕੀਤੀ ਹੈ। ਏਸੇ ਲਈ ਜੇਕਰ ਮੈਂ ‘ਇਕ ਹੋਰ ਨਵਾਂ ਸਾਲ’ ਅਤੇ ‘ਜਦੋਂ ਸਵੇਰ ਹੋਈ’ ਵਰਗੇ ਨਾਵਲ ਲਿਖੇ ਤਾਂ ‘ਰੇਤ ਛਲ’ ਅਤੇ ‘ਤਲਾਸ਼ ਕੋਈ ਸਦੀਵੀ’ ਦੀ ਰਚਨਾ ਵੀ ਕੀਤੀ। ਮੇਰੀ ਇਹ ਧਾਰਨਾ ਹੈ ਕਿ ਸਾਹਿਤ ਵਿਚ ਉਸ ਸਮੇਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਦੀ ਝਲਕ ਵੀ ਮਿਲਣੀ ਚਾਹੀਦੀ ਹੈ, ਜਿਸ ਸਮੇਂ ਵਿਚ ਉਹ ਲਿਖਿਆ ਗਿਆ ਹੈ। ਮੇਰੇ ਨਾਵਲ ‘ਜਦੋਂ ਸਵੇਰ ਹੋਈ’ ਵਿਚ ਦੇਸ਼ ਦੀ ਵੰਡ ਦੀ ਗਾਥਾ ਹੈ ਅਤੇ ‘ਗਵਾਚੇ ਅਰਥ’ ਵਿਚ ‘ਜੂਨ ਚੁਰਾਸੀ’ ਅਤੇ ‘ਨਵੰਬਰ ਚੁਰਾਸੀ’ ਵਿਚ ਪੰਜਾਬੀਆਂ ਦੇ ਜੀਵਨ ਦੇ ਅਰਥਾਂ ਦੇ ਗਵਾਚ ਜਾਣ ਦੇ ਨਾਲ ਨਾਲ ਉਨ੍ਹਾਂ ਦੀ ਹਸਤੀ ਨੂੰ ਖ਼ਤਮ ਕਰਨ ਦੀ ਲੂੰ-ਕੰਡੇ ਖੜ੍ਹੇ ਕਰਨ ਵਾਲੀ ਦਾਸਤਾਨ ਵੀ ਹੈ।
ਹੁਣ : ਤੁਸੀਂ ਮੁਕੰਮਲ ਸਵੈਜੀਵਨੀ ਜਾਂ ਆਤਮ ਕਥਾ ਲਿਖਣ ਤੋਂ ਗੁਰੇਜ਼ ਕੀਤਾ ਹੈ। ਕੀ ਕੋਈ ਅਜਿਹਾ ਸੱਚ ਹੈ, ਜਿਹੜਾ ਤੁਸੀਂ ਬਿਆਨ ਕਰਨ ਤੋਂ ਹਾਲੇ ਝਿਜਕ ਰਹੇ ਓ?
ਤਸਨੀਮ- ਸਾਹਿਤਕ ਸਵੈ-ਜੀਵਨੀ ਵਿਚ ਵੀ ਜੀਵਨ ਦੀ ਝਲਕ ਕਾਫ਼ੀ ਹੱਦ ਤੀਕ ਮਿਲ ਜਾਂਦੀ ਹੈ। ਸਾਹਿਤਕਾਰੀ ਜੀਵਨ ਦੇ ਕਈ ਮਹੱਤਵਪੂਰਨ ਪੜਾਵਾਂ ਦੀ ਉਪਜ ਹੁੰਦੀ ਹੈ, ਉਂਜ ਹੀ ਜਿਵੇਂ ਜੀਵਨ ਦੇ ਕਈ ਪੜਾਅ ਸਾਹਿਤਾਕਾਰੀ ਲਈ ਉਤੇਜਤ ਕਰਦੇ ਹਨ। ਇਹ ਗੱਲ ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਕਿ ਨਾਵਲਕਾਰ ਆਪਣੇ ਹਰ ਨਾਵਲ ਵਿਚ ਕਿਸੇ ਨਾ ਕਿਸੇ ਰੂਪ ਵਿਚ ਮੌਜੂਦ ਹੁੰਦਾ ਹੈ। ਇਹ ਨਹੀਂ ਕਿ ਉਹ ਆਪਣੇ ਆਪ ਨੂੰ ਆਦਰਸ਼ਿਆਂਦਾ ਹੈ, ਸਗੋਂ ਉਹ ਆਪਣੇ ਦੁਖੜੇ ਵੀ ਕਿਸੇ ਨਾ ਕਿਸੇ ਪਾਤਰ ਦੇ ਰਾਹੀਂ ਬਿਆਨ ਕਰ ਦਿੰਦਾ ਹੈ। ਸਾਡੇ ਬਹੁਤ ਸਾਰੇ ਸਾਹਿਤਕਾਰਾਂ, ਜਿਨ੍ਹਾਂ ਵਿਚ ਮੈਂ ਵੀ ਸ਼ਾਮਲ ਹਾਂ, ਦਾ ਜੀਵਨ ਤੰਗ ਦਸਤੀ ਵਿਚ ਗ਼ੁਜ਼ਰਿਆ ਹੁੰਦਾ ਹੈ ਅਤੇ ਜਦੋਂ ਉਹ ਆਪਣੀਆਂ ਸਵੈਜੀਵਨੀਆਂ ਵਿਚ ਉਨ੍ਹਾਂ ਦਿਨਾਂ ਦਾ ਜ਼ਿਕਰ ਕਰਦੇ ਹਨ ਤਾਂ ਭਾਵੁਕ ਹੋ ਜਾਂਦੇ ਹਨ। ਏਥੋਂ ਤਕ ਕਿ ਉਹ ਅਚੇਤ ਰੂਪ ਵਿਚ ਆਪਣੀ ਗ਼ਰੀਬੀ ਨੂੰ ਰੋਮਾਂਚਿਕ ਬਣਾਉਣ ਦੀ ਕੋਸ਼ਿਸ਼ ਕਰਦੇ ਪ੍ਰਤੀਤ ਹੁੰਦੇ ਹਨ। ਉਨ੍ਹਾਂ ਵਲੋਂ ਸੁਨੇਹਾ ਇਹੀ ਪਹੁੰਚਦਾ ਹੈ ਕਿ ਆਰਥਕ ਔਕੜਾਂ ਕਰ ਕੇ ਹੀ ਉਹ ਸਾਹਿਤ ਦੀ ਰਚਨਾ ਕਰਨ ਵਲ ਰੁਚਿਤ ਹੋਏ। ਇਸ ਤੋਂ ਇਲਾਵਾ ਸਵੈਜੀਵਨੀ ਵਿਚ ਆਪਣੀਆਂ ਪ੍ਰਾਪਤੀਆਂ ਦੇ ਹੀ ਗੁਣ-ਗਾਣ ਹੁੰਦੇ ਜਾਂਦੇ ਹਨ। ਔਗੁਣਾਂ ਦਾ ਕਿਤੇ ਜ਼ਿਕਰ ਨਹੀਂ ਹੁੰਦਾ।
ਹੁਣ : ਉਮਰ ਦੇ ਲਗਪਗ ਆਖਰੀ ਪੜਾਅ ਵਿਚ ਆ ਕੇ ਕੀ ਤੁਹਾਨੂੰ ਅਪਣੇ ਕੰਮ ‘ਤੇ ਤਸੱਲੀ ਹੈ ਜਾਂ ਮਨ ਵਿਚ ਵਲਵਲੇ ਉੱਠਦੇ ਨੇ ਕਿ-”ਮੈਂ ਕੋਈ ਹੋਰ ਮਾਅਰਕੇ ਦਾ ਨਾਵਲ ਹਾਲੇ ਲਿਖਣਾ ਹੈ।”
ਤਸਨੀਮ- ਉਮਰ ਦੇ ਇਸ ਪੜਾਅ ਵਿਚ ਜਦੋਂ ਕਿ ਮੈਂ ਛਿਆਸੀ ਵਰ੍ਹਿਆਂ ਦਾ ਹੋ ਗਿਆ ਹਾਂ, ਕੋਈ ਤਮੰਨਾ ਬਾਕੀ ਨਹੀਂ ਰਹੀ। ਜੋ ਕੁਝ ਕਹਿਣਾ ਸੀ, ਕਹਿ ਦਿੱਤਾ ਹੈ। ਹੁਣ ਬਹੁਤਾ ਦਹੁਰਾਓ ਹੀ ਹੈ। ਇਸ ਗੱਲ ਤੋਂ ਪਰਹੇਜ਼ ਤਾਂ ਕਰਦਾ ਹਾਂ ਪਰ ਮੇਰੀ ਕਲਮ ਦੀ ਕਾਗ਼ਜ਼ ਨਾਲ ਜੋ ਸਾਂਝ ਹੈ, ਉਹ ਮੇਰੇ ਜਿਉਂਦੀ ਜੀ ਨਹੀਂ ਟੁੱਟ ਸਕਦੀ। ਅਖ਼ੀਰ ਵਿਚ ਇਹੀ ਕਹਾਂਗਾ ਕਿ-
ਆ ਹੀ ਜਾਤਾ ਵੋਹ ਰਾਹ ਪਰ ‘ਗ਼ਾਲਿਬ’
ਕੋਈ ਦਿਨ ਔਰ ਭੀ ਜੀਏ ਹੋਤੇ।


ਮੇਰਾ ਕਮਰਾ, ਮੇਰੀ ਕਲਮ

ਤਨਹਾਈ ਪਸੰਦ ਹਾਂ, ਨਿਵੇਕਲੀ ਥਾਂ ਦੀ ਤਲਾਸ਼ ਵਿਚ ਰਹਿੰਦਾ ਹਾਂ ਅਤੇ ਆਪਣੇ ਆਪ ਨਾਲ ਰੂ-ਬ-ਰੂ ਹੋਣ ਲਈ ਤਾਂਘਦਾ ਹਾਂ। ਖ਼ਾਮੋਸ਼ੀ ਦੇ ਆਲਮ ਵਿਚ ਹੀ ਆਪਣੇ ਆਪ ਨਾਲ ਭਲੀ ਭਾਂਤ ਗੁਫ਼ਤਗੂ ਹੋ ਸਕਦੀ ਹੈ। ਜਲਦੀ ਵਿਚ ਕੁਝ ਵੀ ਸੋਚਿਆ ਨਹੀਂ ਜਾ ਸਕਦਾ ਅਤੇ ਕਾਹਲੀ ਵਿਚ ਕੁਝ ਵੀ ਲਿਖਿਆ ਨਹੀਂ ਜਾ ਸਕਦਾ। ਇਕ ਵਕਫ਼ਾ ਚਾਹੀਦਾ ਹੁੰਦਾ ਹੈ, ਵਿਚਾਰਾਂ ਨੂੰ ਤਰਤੀਬ ਦੇਣ ਲਈ ਅਤੇ ਫਿਰ ਇਨ੍ਹਾਂ ਨੂੰ ਕਲਮਬੰਦ ਕਰਨ ਲਈ। ਇਕ ਵਾਰ ਜਦੋਂ ਸਿਲਸਿਲਾ ਸ਼ੁਰੂ ਹੋ ਜਾਏ, ਫੇਰ ਇਸ ਦੇ ਨਿਰੰਤਰ ਚਲਦੇ ਰਹਿਣ ਦੀ ਸੰਭਾਵਨਾ ਪੈਦਾ ਹੋ ਜਾਂਦੀ ਹੈ। ਅੱਟੀ ਦਾ ਸਿਰਾ ਹੱਥ ਵਿਚ ਆਉਣ ਦੀ ਜ਼ਰੂਰਤ ਹੁੰਦੀ ਹੈ, ਫੇਰ ਰਸਤੇ ਵਿਚ ਕਿਸੇ ਵੀ ਰੁਕਾਵਟ ਦਾ ਕੋਈ ਅਰਥ ਨਹੀਂ ਹੈ।
ਲਿਖਣ ਲਈ ਵੱਖਰੇ ਕਮਰੇ ਦੀ ਤਲਾਸ਼ ਨੇ ਕਈ ਸ਼ਹਿਰ ਦਿਖਾਏ, ਪਰ ਕਿਰਾਏ ਦੇ ਮਕਾਨਾਂ ਵਿਚ ਵੱਖਰੇ ਕਮਰੇ ਦੀ ਤਲਾਸ਼ ਵਿਅਰਥ ਸਾਬਤ ਹੋਈ। ਫੇਰ ਵੀ ਉਨ੍ਹਾਂ ਦੋ ਤਿੰਨਾਂ ਕਮਰਿਆਂ ਵਿਚ, ਲਿਖਣ ਪੜ੍ਹਨ ਲਈ ਕੁਝ ਸਮੇਂ ਵਾਸਤੇ, ਕੋਈ ਨਾ ਕੋਈ ਕਮਰਾ ਮਿਲ ਹੀ ਜਾਂਦਾ ਰਿਹਾ। ਮੇਜ਼ ਕੁਰਸੀ ਦੀ ਅਣਹੋਂਦ ਕਾਰਨ, ਬੈੱਡ ਉੱਤੇ ਢਾਸਣਾ ਲਗਾ ਕੇ ਲਿਖਦੇ ਰਹਿਣ ਦੀ ਆਦਤ ਪੱਕੀ ਹੋ ਗਈ। ਹੌਲੀ ਹੌਲੀ ਘਰ ਦੀ ਗਹਿਮਾ-ਗਹਿਮੀ ਵਿਚ, ਪਤਨੀ ਅਤੇ ਤਿੰਨਾਂ ਬੱਚਿਆਂ ਦੀ ਮੌਜੂਦਗੀ ਵਿਚ, ਮੈਂ ਆਪਣੇ ਆਪ ਨੂੰ ਇਸ ਗੱਲ ਲਈ ਤਿਆਰ ਕਰ ਲਿਆ ਕਿ ਜਦੋਂ ਜੀ ਚਾਹਿਆ, ਸ਼ੋਰ ਨੂੰ ਅਣਸੁਣਿਆ ਕਰ ਕੇ, ਲਿਖਣ-ਪੜ੍ਹਨ ਦੇ ਕਾਰਜ ਵਿਚ ਜੁੱਟ ਜਾਵਾਂ। 
ਇੰਜ ਲਹਿਰਾਂ ਵਿਚ ਫਸੀ ਕਿਸ਼ਤੀ ਵਿਚ ਬੈਠ ਕੇ ਅਡੋਲ ਲਿਖਦੇ ਰਹਿਣਾ, ਮੇਰੇ ਲਈ ਸੰਭਵ ਹੋ ਸਕਿਆ। ਸਰਕਾਰੀ ਕਾਲਜਾਂ ਵਿਚ ਅਧਿਆਪਨ ਦੇ ਸਿਲਸਿਲੇ ਕਾਰਨ ਸ਼ਹਿਰ ਬਦਲਦੇ ਰਹੇ, ਕਮਰੇ ਬਦਲਦੇ ਰਹੇ, ਮਾਹੌਲ ਬਦਲਦਾ ਰਿਹਾ, ਆਵਾਜ਼ਾਂ ਬਦਲਦੀਆਂ ਰਹੀਆਂ, ਜੀਵਨ ਦੀਆਂ ਸਮੱਸਿਆਵਾਂ ਬਦਲਦੀਆਂ ਰਹੀਆਂ, ਆਰਥਕ ਲੋੜਾਂ ਪੱਖੋਂ ਵੀ ਕਈ ਕਿਸਮ ਦੇ ਰੱਦੋ-ਬਦਲ ਹੁੰਦੇ ਰਹੇ, ਜ਼ਿਹਨੀ ਕਸ਼-ਮਕਸ਼ ਵੀ ਵਧਦੀ ਘਟਦੀ ਰਹੀ-ਪਰ ਵੱਖਰੇ ਕਮਰੇ ਦੀ ਤਲਾਸ਼ ਪੂਰੀ ਸ਼ਿੱਦਤ ਨਾਲ ਜਾਰੀ ਰਹੀ। ਬੇਸ਼ੱਕ, ਰਚਨਾਤਮਕ ਅਮਲ ਜਦੋਂ ਹਰਕਤ ਵਿਚ ਆਉਂਦਾ ਤਾਂ ਮੇਰੇ ਹੱਥ ਵਿਚ ਫੜੇ ਕਲਮ ਦੇ ਸਫ਼ੇ ਉੱਤੇ ਸਰਕਨ ਵੇਲੇ ਮੇਰੇ ਲਈ ਸਮਾਂ ਅਤੇ ਸਥਾਨ ਅਲੋਪ ਹੋ ਜਾਂਦੇ। ਇੰਜ ਇਕ ਇਕ ਕਰ ਕੇ ਮੇਰੀਆਂ ਪੁਸਤਕਾਂ ਵਜੂਦ ਵਿਚ ਆਉਂਦੀਆਂ ਚਲੀਆਂ ਗਈਆਂ।
ਹੁਣ ਪਿਛਲੇ ਵੀਹਾਂ ਸਾਲਾਂ ਤੋਂ ਇਕ ਥਾਂ ਉੱਤੇ ਟਿਕਾਣਾ ਹੋਣ ਕਾਰਨ, ਮੇਰੇ ਕਮਰੇ ਅਤੇ ਮੇਰੀ ਕਲਮ ਦਾ ਰਿਸ਼ਤਾ ਅਟੁੱਟ ਹੋ ਗਿਆ ਹੈ। ਇਸ ਕਮਰੇ ਵਿਚ ਦਾਖ਼ਲ ਹੁੰਦਿਆਂ ਹੀ ਕੋਈ ਕਿਤਾਬ ਜਾਂ ਫਿਰ ਮੇਰੀ ਕਲਮ ਹੱਥ ਵਿਚ ਆ ਜਾਂਦੀ ਹੈ। ਘਰ ਵਿਚ ਕਿਸੇ ਹੋਰ ਥਾਂ ‘ਤੇ ਬੈਠ ਕੇ ਮੈਂ ਕੁਝ ਨਹੀਂ ਲਿਖ ਸਕਦਾ। ਇਹ ਕਮਰਾ ਮੇਰੇ ਲਈ ਇਕ ਕਾਇਨਾਤ ਹੈ, ਜਾਂ ਇੰਜ ਕਿਹਾ ਜਾਏ ਕਿ ਇੰਟਰਨੈੱਟ ਖੋਲ੍ਹਣ ਮੂਜਬ ਹੈ। ਇਸ ਨੂੰ ਮੈਂ ‘ਜਾਮਿ-ਜਹਾਂ-ਨੁਮਾ’ ਵੀ ਕਹਿ ਸਕਦਾ ਹਾਂ। ਯਾਨੀ ਉਹ ਪਿਆਲਾ ਜਿਸ ਵਿਚ ਜਮਸ਼ੇਦ ਬਾਦਸ਼ਾਹ ਦੁਨੀਆ ਦੀ ਝਲਕ ਦੇਖ ਲੈਂਦਾ ਸੀ। ਮਿਰਜ਼ਾ ਗ਼ਾਲਿਬ ਨੇ ਵੀ ਕਿਹਾ ਹੈ-”ਜਾਮਿ-ਜਮ ਸੇ ਯਿਹ ਮਿਰਾ ਜਾਮਿ-ਸਿਫ਼ਾਲ ਅੱਛਾ ਹੈ।” ਉਹਦੇ ਲਈ ਜਾਮਿ-ਜਮਸ਼ੇਦ ਤੋਂ ਵਧੇਰੇ ਮਿੱਟੀ ਦਾ ਪਿਆਲਾ ਚੰਗਾ ਸੀ, ਕਿਉਂਕਿ ਟੁੱਟ ਜਾਣ ਦੀ ਸੂਰਤ ਵਿਚ ਇਸ ਨੂੰ ਬਾਜ਼ਾਰੋਂ ਖ਼ਰੀਦਿਆ ਜਾ ਸਕਦਾ ਸੀ, ਜਦ ਕਿ ਜਾਮਿ-ਜਮ ਦੁਨੀਆ ਵਿਚ ਇਕੋ ਇਕ ਹੀ ਸੀ। ਫੇਰ ਵੀ ਜਾਮਿ-ਜਮ ਨੂੰ ਕਿਵੇਂ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ ਜੋ ਰਚਨਾਕਾਰ ਦੀ ਮਾਨਸਿਕਤਾ ਦੇ ਸਿੰਬਲ ਸਮਾਨ ਹੈ। ਮੇਰਾ ਕਮਰਾ ਹੀ ਮੇਰਾ ਜਾਮਿ-ਜਮ ਹੈ। ਏਥੇ ਆ ਕੇ ਮੇਰੇ ਬਾਰ੍ਹਾਂ ਤਬਕ ਰੌਸ਼ਨ ਹੋ ਜਾਂਦੇ ਹਨ। ਵੱਡੇ ਵੱਡੇ ਚਿੰਤਕਾਂ ਅਤੇ ਅਦੀਬਾਂ ਨਾਲ ਮੇਰਾ ਰਿਸ਼ਤਾ ਜੁੜ ਜਾਂਦਾ ਹੈ। ਮਹਾਨ ਸ਼ਾਇਰਾਂ ਨਾਲ ਮੈਂ ਆਪਣਾ ਨਾਤਾ ਜੋੜ ਲੈਂਦਾ ਹਾਂ। ਆਪਣੇ ਕਮਰੇ ਵਿਚ ਆਉਣ ਲੱਗਿਆਂ ਮੈਨੂੰ ”ਖੁੱਲ੍ਹ ਜਾ ਸਿਮ ਸਿਮ’ ਕਹਿਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਮੇਰੇ ਇਸ ਕਮਰੇ ਦਾ ਦਰਵਾਜ਼ਾ ਮੇਰੇ ਲਈ ਹਮੇਸ਼ਾ ਖੁੱਲ੍ਹਾ ਰਹਿੰਦਾ ਹੈ। ਮੈਂ ਹੀ ਇਸ ਦੇ ਅੰਦਰ ਜਾ ਕੇ ਇਸ ਨੂੰ ਬੰਦ ਕਰਦਾ ਹਾਂ। ਪਹਿਲੀ ਮੰਜ਼ਿਲ ਉੱਤੇ ਹੀ ਹੈ ਮੇਰਾ ਇਹ ਕਮਰਾ ਅਤੇ ਇਸ ਦੀਆਂ ਖਿੜਕੀਆਂ ਸਾਡੇ ਦੂਸਰੇ ਕੋਠੇ ਦੀ ਛੱਤ ਵੱਲ ਖੁੱਲ੍ਹਦੀਆਂ ਹਨ। ਇਸ ਕਮਰੇ ਵਿਚ ਪਹੁੰਚ ਕੇ ਮੈਂ ਮਹਿਸੂਸ ਕਰਦਾ ਹਾਂ ਕਿ, ”ਜਹਾਂ ਕੀ ਹੱਦ ਸੇ ਬਾਹਰ ਇਕ ਜਹਾਂ ਆਬਾਦ ਹੋ ਗਿਆ ਹੈ।”
ਸ਼ਿਮਲੇ ਦੇ ਇੰਸਟਿਚਿਊਟ ਆਫ਼ ਐਡਵਾਂਸਡ ਸਟੱਡੀ ਵਿਚ, 1998-99 ਦੌਰਾਨ, ਮੈਨੂੰ ਬਤੌਰ ਫ਼ੈਲੋ ਰਿਹਾਇਸ਼ ਲਈ ਇਕ ਲੌਜ ਮਿਲੀ ਸੀ, ਪਹਾੜੀ ਦੇ ਦਾਮਨ ਵਿਚ, ਜਿਸ ਵਿਚ ਇਕ ਸਟੱਡੀ ਰੂਮ ਵੀ ਸੀ। ਇਸ ਰੂਮ ਵਿਚ ਬੈਠ ਕੇ, ਬੈੱਡ-ਟੀ ਤੋਂ ਬਰੇਕ ਫ਼ਾਸਟ ਤਕ, ਮੈਂ ਚਿੱਠੀਆਂ ਲਿਖਦਾ ਰਹਿੰਦਾ ਸੀ ਪਰ ਪੜ੍ਹ ਲਿਖ ਨਹੀਂ ਸੀ ਸਕਦਾ। ਇਸ ਕੰਮ ਲਈ ਮੇਰਾ ਮਨ ਰਾਸ਼ਟਰਪਤੀ ਨਿਵਾਸ ਵਿਚ ਮਿਲੇ ਇਕ ਹੋਰ ਸਟੱਡੀ-ਰੂਮ ਦੀ ਹਮੇਸ਼ਾ ਹਾਮੀ ਭਰਦਾ। ਇਹ ਸਟੱਡੀ ਰੂਮ ਇਕ ਛੋਟੀ ਜਿਹੀ ਲਾਇਬਰੇਰੀ ਵਾਂਗ ਸੀ ਜਿੱਥੇ ਬੈਠ ਕੇ ਘੰਟਿਆਂ ਬੱਧੀ ਲਿਖਣ ਪੜ੍ਹਨ ਦਾ ਕਾਰਜ ਚੱਲ ਸਕਦਾ ਸੀ। ਇਸ ਕਮਰੇ ਵਿਚ ਦਾਖ਼ਲ ਹੁੰਦਿਆਂ ਹੀ ਮੇਰੇ ਉੱਤੇ ਰਿਸਰਚ ਲਈ ਪੁਸਤਕਾਂ ਪੜ੍ਹਨ ਅਤੇ ਨੋਟਸ ਤਿਆਰ ਕਰਨ ਦਾ ਆਲਮ ਤਾਰੀ ਹੋ ਜਾਂਦਾ। ਪਰ ਕੁਝ ਸਮੇਂ ਬਾਅਦ ਇਕ ਖ਼ਾਸ ਕਿਸਮ ਦੀ ਉਲਝਣ ਵੀ ਮੇਰੇ ਮਨ ਵਿਚ ਪੈਦਾ ਹੋ ਜਾਂਦੀ।
ਉਸ ਸਟੱਡੀ ਰੂਮ ਵਿਚ ਮੈਂ ਖੋਜਾਤਮਕ ਕੰਮ ਤਾਂ ਕਰ ਸਕਦਾ ਸੀ ਪਰ ਰਚਨਾਤਮਕ ਕੰਮ ਨਹੀਂ ਸੀ ਕਰ ਸਕਦਾ। ਇਹਦੇ ਲਈ ਮੈਨੂੰ ਲੁਧਿਆਣੇ ਵਿਚ ਆਪਣੇ ਕਮਰੇ ਦੀ ਯਾਦ ਸਤਾਉਂਦੀ। ਮੈਂ ਚਾਹੁੰਦਾ ਸੀ ਕਿ ਉਥੇ ਮੈਂ ਰਿਸਰਚ ਦੇ ਨਾਲ-ਨਾਲ ਆਪਣੇ ਨਵੇਂ ਨਾਵਲ ਦੀ ਰਚਨਾ ਵੀ ਕਰਾਂ ਪਰ ਇਸ ਕਾਰਜ ਲਈ ਮੇਰੇ ਮਨ ਅੰਦਰ ਲੋੜੀਂਦਾ ਮਾਹੌਲ ਨਹੀਂ ਸੀ ਪੈਦਾ ਹੁੰਦਾ। ਬੇਹੱਦ ਕੋਸ਼ਿਸ਼ ਤੋਂ ਬਾਅਦ ਮੈਂ ਮਾਰਚ 1999 ਵਿਚ ਆਪਣੇ ਨਵੇਂ ਨਾਵਲ ਦੇ ਦਸ ਪੰਦਰਾਂ ਸਫ਼ੇ ਹੀ ਲਿਖ ਸਕਿਆ। ਉਥੇ ਮੈਨੂੰ ਦਸ ਹਜ਼ਾਰ ਰੁਪਿਆ ਮਹੀਨਾ ਬਤੌਰ ਗਰਾਂਟ ਮਿਲਦਾ ਸੀ ਤੇ ਮੈਂ ਇਕ ਸਾਲ ਹੋਰ ਉਸ ਜਗ੍ਹਾ ‘ਤੇ ਰਹਿ ਸਕਦਾ ਸੀ। ਪਰ ਮਾਰਚ 1999 ਦੇ ਅੰਤ ਵਿਚ ਪਤਾ ਨਹੀਂ ਮੇਰੇ ਮਨ ਵਿਚ ਕੀ ਆਇਆ ਕਿ ਮੈਂ ਸ਼ਿਮਲਾ ਛੱਡ ਕੇ ਲੁਧਿਆਣੇ ਆਪਣੇ ਕਮਰੇ ਵਿਚ ਆ ਗਿਆ। ਏਥੇ ਆ ਕੇ ਮੈਂ ਆਪਣਾ ਨਾਵਲ ‘ਤਲਾਸ਼ ਕੋਈ ਸਦੀਵੀ’ ਲਿਖਣਾ ਸ਼ੁਰੂ ਕਰ ਦਿੱਤਾ। ਅਪ੍ਰੈਲ ਤੋਂ ਲੈ ਕੇ ਅਗਸਤ ਤਕ ਮੈਂ ਇਹ ਨਾਵਲ ਲਿਖਦਾ ਰਿਹਾ। ਸਤੰਬਰ ਅਤੇ ਅਕਤੂਬਰ ਵਿਚ ਮੈਂ ਇਸ ਨੂੰ ਦੁਬਾਰਾ ਲਿਖਿਆ ਅਤੇ ਸੋਧਿਆ। ਜਨਵਰੀ 2000 ਵਿਚ ਇਹ ਨਾਵਲ ਛਪ ਗਿਆ। ਇਹ ਨਾਵਲ ਮੇਰੇ ਇਸ ਕਮਰੇ ਦੀ ਹੀ ਦੇਣ ਸੀ, ਬੇਸ਼ੱਕ ਨਾਵਲ ਲਿਖਣ ਦੌਰਾਨ, ਜ਼ਿਹਨੀ ਤੌਰ ‘ਤੇ ਮੈਂ ਸ਼ਿਮਲੇ ਵਿਚ ਹੀ ਵਿਚਰਦਾ ਰਿਹਾ। ਉਂਜ ਉਥੇ ਰਹਿ ਕੇ ਮੈਂ ਇਸ ਨਾਵਲ ਦੀ ਰਚਨਾ ਨਹੀਂ ਸੀ ਕਰ ਸਕਦਾ, ਕਿਉਂਕਿ ਸਭ ਕੁਝ ਸੀ ਉਸ ਜਗ੍ਹਾ ‘ਤੇ ਪਰ ਮੇਰਾ ਇਹ ਕਮਰਾ ਨਹੀਂ ਸੀ।


Leave a Reply

Your email address will not be published. Required fields are marked *