ਪਾਕਿਸਤਾਨ ਮੀਡੀਆ ਨੇ ਲਾਇਆ ਇਲਜ਼ਾਮ- ਭਾਰਤ ਨੇ ਬਿਨਾਂ ਕਿਸੇ ਨੋਟਿਸ ਦੇ ਨਦੀਆਂ ਵਿੱਚ ਪਾਣੀ ਛੱਡਿਆ

ਇਸਲਾਮਾਬਾਦ: ਮਾਨਸੂਨ ਦੀ ਬਾਰਸ਼ ਦਾ ਕਹਿਰ ਝੱਲ ਰਿਹਾ ਪਾਕਿਸਤਾਨ ਪਹਿਲਾਂ ਹੀ ਹੜ੍ਹਾਂ ਦਾ ਸਾਹਮਣਾ ਕਰ ਰਿਹਾ ਤੇ ਹੁਣ ਪਾਕਿ ਮੀਡੀਆ ਨੇ ਇਲਜ਼ਾਮ ਲਾਇਆ ਹੈ ਕਿ ਭਾਰਤ ਨੇ ਬਿਨਾਂ ਕਿਸੇ ਨੋਟਿਸ ਦੇ ਨਦੀਆਂ ਵਿੱਚ ਪਾਣੀ ਛੱਡ ਦਿੱਤਾ ਹੈ। ਇਸ ਨਾਲ ਪਾਕਿਸਤਾਨ ਦੇ ਦਰਿਆਵਾਂ ਦੇ ਪਾਣੀ ਦਾ ਪੱਧਰ ਵਧਿਆ ਹੈ ਤੇ ਹੜ੍ਹਾਂ ਦੀ ਸਥਿਤੀ ਪੈਦਾ ਹੋ ਗਈ ਹੈ। ਲਹਿੰਦੇ ਪੰਜਾਬ ਤੇ ਖੈਬਰ ਪਖਤੂਨਖਵਾ ਵਿੱਚ ਵੀ ਹੜ੍ਹਾਂ ਬਾਰੇ ਅਲਰਟ ਜਾਰੀ ਕੀਤਾ ਗਿਆ ਹੈ। ਪਾਕਿਸਤਾਨੀ ਮੀਡੀਆ ਮੁਤਾਬਕ ਭਾਰਤ ਨੇ ਬਿਨਾਂ ਕਿਸੇ ਆਗਾਮੀ ਸੂਚਨਾ ਦੇ ਸਤਲੁਜ ਤੇ ਅਲਸੀ ਡੈਮ ਵਿੱਚ ਪਾਣੀ ਛੱਡ ਦਿੱਤਾ। ਦੱਸ ਦੇਈਏ ਪਾਕਿਸਤਾਨ ਦੇ ਕਈ ਹਿੱਸਿਆਂ ਵਿੱਚ ਲਗਾਤਾਰ ਹੋ ਰਹੀ ਮਾਨਸੂਨ ਬਾਰਸ਼ ਕਾਰਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਪਹਿਲਾਂ ਹੀ ਹੜ੍ਹ ਆ ਗਿਆ ਹੈ। ਵੱਖ-ਵੱਖ ਘਟਨਾਵਾਂ ਵਿੱਚ ਬੱਚਿਆਂ ਸਮੇਤ ਤਕਰੀਬਨ 34 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ‘ਡਾਅਨ’ ਦੀ ਖ਼ਬਰ ਮੁਤਾਬਕ ਭਾਰਤ ਵੱਲੋਂ ਪਾਣੀ ਛੱਡਣ ਬਾਅਦ ਪੰਜਾਬ ਸੂਬਾਈ ਆਫ਼ਤ ਪ੍ਰਬੰਧਨ ਅਥਾਰਟੀ (ਪੀਡੀਐਮਏ) ਨੇ ਸਤਲੁਜ ਨਦੀ ਦੇ ਵਧ ਰਹੇ ਪਾਣੀ ਦੇ ਮੱਦੇਨਜ਼ਰ ਸੋਮਵਾਰ ਨੂੰ ਹੜ੍ਹ ਲਈ ਚੇਤਾਵਨੀ ਜਾਰੀ ਕੀਤੀ ਹੈ। ਪੀਡੀਐਮਏ ਪੰਜਾਬ ਮੁਤਾਬਕ ਅੱਜ ਰਾਤ ਤਕ 1,25,000 ਤੇ 1,75,000 ਕਿਊਸਕ ਪਾਣੀ ਗੰਡਾ ਸਿੰਘ ਵਾਲਾ ਪਿੰਡ ਤਰਕ ਪਹੁੰਚ ਜਾਏਗਾ। ਸਬੰਧਤ ਏਜੰਸੀਆਂ ਨੂੰ ਇਸ ਬਾਰੇ ਸੁਨੇਹਾ ਜਾਰੀ ਕੀਤਾ ਗਿਆ ਹੈ ਤਾਂ ਜੋ ਸਮੇਂ ਸਿਰ ਸਾਵਧਾਨੀ ਵਰਤੀ ਜਾ ਸਕੇ। ਇਸੇ ਦੌਰਾਨ ਪੀਡੀਐਮਏ ਖੈਬਰ ਪਖਤੂਨਖਵਾ ਦੇ ਡਾਇਰੈਕਟਰ ਜਨਰਲ ਨੇ ਐਤਵਾਰ ਨੂੰ ਕਿਹਾ ਕਿ ਭਾਰਤ ਨੇ ਬਿਨਾਂ ਕਿਸੇ ਨੋਟਿਸ ਦੇ ਅਲਸੀ ਬੰਨ੍ਹ ਦੇ ਆਉਟਲੈਟ ਖੋਲ੍ਹ ਦਿੱਤੇ, ਜਿਸ ਨਾਲ ਸਿੰਧੂ ਨਦੀ ਵਿੱਚ ਹੜ੍ਹ ਆ ਸਕਦਾ ਹੈ।

Leave a Reply

Your email address will not be published. Required fields are marked *