ਮੀਂਹ ਭਾਵੇਂ ਰੁਕਿਆ ਪਰ ਪੰਜਾਬ ‘ਚ ਹੜ੍ਹਾਂ ਕਾਰਨ ਸਥਿਤੀ ਹਾਲੇ ਵੀ ਗੰਭੀਰ, ਹੁਣ ਤੱਕ 1700 ਕਰੋੜ ਰੁਪਏ ਦਾ ਨੁਕਸਾਨ

ਚੰਡੀਗੜ੍ਹ: ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਵਿੱਚ ਮੀਂਹ ਭਾਵੇਂ ਰੁਕ ਗਿਆ ਹੈ, ਪਰ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਬੇਹੱਦ ਗੰਭੀਰ ਬਣੀ ਹੋਈ ਹੈ। ਰੂਪਨਗਰ, ਲੁਧਿਆਣਾ, ਨਵਾਂਸ਼ਹਿਰ, ਜਲੰਧਰ, ਕਪੂਰਥਲਾ ਤੇ ਫ਼ਿਰੋਜ਼ਪੁਰ ਆਦਿ ਜ਼ਿਲ੍ਹਿਆਂ ਦੇ ਪਿੰਡਾਂ ਦੇ ਲੋਕ ਸੰਤਾਪ ਹੰਢਾ ਰਹੇ ਹਨ।
ਭਾਖੜਾ ਬੰਨ੍ਹ ਤੋਂ ਸਤਲੁਜ ਦਰਿਆ ਵਿੱਚ ਪਾਣੀ ਛੱਡਣ ਕਾਰਨ ਸੁਲਤਾਨਪੁਰ ਲੋਧੀ ਦੇ ਪਿੰਡ ਦਾਰੇਵਾਲ ਮਡਾਲਾ ਨੇੜੇ ਬਣਾਇਆ ਧੁੱਸੀ ਬੰਨ੍ਹ ਟੁੱਟ ਗਿਆ, ਜਿਸ ਕਾਰਨ 16 ਪਿੰਡ ਪਾਣੀ ਦੀ ਲਪੇਟ ਵਿੱਚ ਆ ਗਏ ਤੇ ਸੈਂਕੜੇ ਲੋਕ ਪਾਣੀ ਵਿੱਚ ਫਸ ਗਏ ਹਨ। ਇਸੇ ਤਰ੍ਹਾਂ ਜਲੰਧਰ ਦੇ 33 ਪਿੰਡਾਂ ਵਿੱਚ ਵੀ ਹੜ੍ਹਾਂ ਕਾਰਨ 18,000 ਤੋਂ ਵੱਧ ਲੋਕ ਫਸੇ ਹੋਏ ਹਨ। ਹੜ੍ਹਾਂ ਕਾਰਨ ਰੇਲ ਸੇਵਾ ਵੀ ਵੱਡੇ ਪੱਧਰ ‘ਤੇ ਪ੍ਰਭਾਵਿਤ ਹੋਈ ਹੈ। ਕਾਫੀ ਲੋਕਾਂ ਨੂੰ ਜਲੰਧਰ ਵਿੱਚ ਬਣਾਏ ਗਏ ਰਾਹਤ ਕੈਂਪਾਂ ਵਿੱਚ ਰੱਖਿਆ ਗਿਆ ਹੈ।
ਲੋਕਾਂ ਦੀ ਮਦਦ ਲਈ ਫ਼ੌਜ ਨੇ ਲੋਕਾਂ ਲਈ ਖਾਣੇ ਦਾ ਇੰਤਜ਼ਾਮ ਕੀਤਾ ਹੈ। ਸ਼ਾਹਕੋਟ ਇਲਾਕੇ ਦੇ ਹੜ੍ਹ ਦੀ ਮਾਰ ਹੇਠ ਆਏ 33 ਪਿੰਡਾਂ ਵਿੱਚ ਹਵਾਈ ਫ਼ੌਜ ਨੇ 36,000 ਪਰੌਂਠੇ, ਪਾਣੀ ਤੇ ਸੁੱਕੇ ਰਾਸ਼ਨ ਨੇ 18,000 ਪੈਕੇਟ ਹੈਲੀਕਾਪਟਰ ਰਾਹੀਂ ਸੁੱਟੇ ਗਏ ਹਨ।
ਬੀਬੀਐਮਬੀ ਦੇ ਸੂਤਰਾਂ ਮੁਤਾਬਕ 34,000 ਕਿਊਸਿਕ ਪਾਣੀ ਟਰਬਾਈਨ ਰਾਹੀਂ ਛੱਡਿਆ ਗਿਆ, ਜਦਕਿ 44,000 ਕਿਊਸਿਕ ਪਾਣੀ ਸਲਿੱਪਵੇਅ ਗੇਟ ਖੋਲ੍ਹ ਕੇ ਛੱਡਿਆ ਗਿਆ। ਮੀਂਹ ਬੰਦ ਹੋਣ ਤੋਂ ਬਾਅਦ ਵੀ 51,000 ਕਿਊਸਿਕ ਪਾਣੀ ਡੈਮ ਵਿੱਚ ਆ ਰਿਹਾ ਹੈ ਤੇ ਬੰਨ੍ਹ ਵਿੱਚੋਂ 76,000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਇਸ ਵਿੱਚ ਕਟੌਤੀ ਕੀਤੀ ਜਾਵੇਗੀ।
ਤਿੰਨ ਦਿਨ ਪਏ ਮੀਂਹ ਨਾਲ ਪੰਜਾਬ ‘ਚ 1700 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਹੈ। ਅਜੇ ਇਹ ਸ਼ੁਰੂਆਤੀ ਅੰਕੜਾ ਹੈ ਜੋ ਕੈਬਨਿਟ ਸਕੱਤਰ ਨੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਤੋਂ ਲਿਆ ਹੈ। ਦੂਜੇ ਪਾਸੇ ਪ੍ਰਭਾਵਿਤ ਰੂਪਨਗਰ, ਨਵਾਂਸ਼ਹਿਰ ਤੇ ਲੁਧਿਆਣਾ ‘ਚ ਸਥਿਤੀ ‘ਚ ਸੁਧਾਰ ਹੋ ਰਿਹਾ ਹੈ। ਪਾਣੀ ਦਾ ਪੱਧਰ ਘੱਟਣ ਨਾਲ ਲੋਕ ਆਪਣੇ ਘਰਾਂ ‘ਚ ਵਾਪਸੀ ਕਰ ਰਹੇ ਹਨ ਪਰ ਜਲੰਧਰ, ਤਰਨ ਤਾਰਨ ਤੇ ਫਿਰੋਜ਼ਪੁਰ ‘ਚ ਸਮੱਸਿਆ ਅਜੇ ਵੀ ਬਣੀ ਹੋਣੀ ਹੈ। ਕੈਬਨਿਟ ਸਕੱਤਰ ਪੀਕੇ ਸਿਨ੍ਹਾ ਨੇ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਸਕੱਤਰਾਂ ਨਾਲ ਮੀਟਿੰਗ ਕਰਕੇ ਨੁਕਸਾਨ ਦੀ ਰਿਪੋਰਟ ਤਲਬ ਕੀਤੀ। ਪੰਜਾਬ ਸਰਕਾਰ ਨੇ ਇੰਫਰਾਸਟਕਚਰ, ਫਸਲਾਂ ਦੇ ਨੁਕਸਾਨ ਦੀ ਲਿਸਟ ਕੇਂਦਰ ਸਰਕਾਰ ਨੂੰ ਦੇ ਦਿੱਤੀ ਹੈ।