ਬਟਾਲਾ ਧਮਾਕੇ ਦੀ ਪੀੜਤਾਂ ਦੀ ਦੋ ਦਿਨ ਮਗਰੋਂ ਸਾਰ ਲੈਣ ਪੁੱਜੇ ਕੈਪਟਨ ਅਮਰਿੰਦਰ ਸਿੰਘ, ਬੋਲੇ-ਹਾਦਸੇ ਲਈ ਬਾਦਲ ਸਰਕਾਰ ਜ਼ਿੰਮੇਵਾਰ

ਗੁਰਦਾਸਪੁਰ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਵਿੱਚ ਦੋ ਦਿਨ ਪਹਿਲਾਂ ਹੋਏ ਧਮਾਕੇ ਦੀ ਸਾਰ ਲੈਣ ਲਈ ਬਟਾਲਾ ਪੁੱਜੇ ਪਰ ਇਸ ਹਾਦਸੇ ਲਈ ਬਾਦਲ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਫੈਕਟਰੀ ਲੰਬੇ ਸਮੇਂ ਤੋਂ ਚੱਲ ਰਹੀ ਸੀ। ਦੋ ਸਾਲ ਪਹਿਲਾਂ ਵੀ ਜਦੋਂ ਹਾਦਸਾ ਵਾਪਰਿਆ ਸੀ ਤਾਂ ਉਸ ਵੇਲੇ ਉਨ੍ਹਾਂ ਦੀ ਸਰਕਾਰ ਨਹੀਂ ਸੀ। ਇਸ ਮੌਕੇ ਉਨ੍ਹਾਂ ਮੁੱਖ ਮੰਤਰੀ ਨੇ ਬਟਾਲਾ ਦੇ ਡੀਸੀ ਤੇ ਹੋਰ ਅਧਿਕਾਰੀਆਂ ਦਾ ਵੀ ਬਚਾਅ ਕੀਤਾ। ਉਨ੍ਹਾਂ ਕਿਹਾ ਕਿ ਉਸ ਵੇਲੇ ਵੀ ਜਾਂਚ ਕਮਿਸ਼ਨ ਬਿਠਾਇਆ ਗਿਆ ਸੀ ਪਰ ਉਸ ਦੀ ਰਿਪੋਰਟ ਨਹੀਂ ਆਈ, ਇਸ ਦੀ ਜਾਂਚ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਬਟਾਲਾ ਵਿੱਚ ਆਪਣੀਆਂ ਪੁਰਾਣੀਆਂ ਗੱਲਾਂ ਹੀ ਦੁਹਰਾਈਆਂ ਤੇ ਨਵੀਂ ਕੋਈ ਵੀ ਕਾਰਵਾਈ ਦਾ ਐਲਾਨ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਮੈਜਿਸਟਰੇਟ ਦੀ ਜਾਂਚ ਚੱਲ ਰਹੀ ਹੈ ਤੇ ਉਸ ਵਿੱਚ ਜੋ-ਜੋ ਦੋਸ਼ੀ ਪਾਇਆ ਜਾਵੇਗਾ, ਉਸ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 2017 ਵਿੱਚ ਇਸੇ ਫੈਕਟਰੀ ਜੋ ਬਲਾਸਟ ਵਿੱਚ ਹੋਇਆ ਸੀ, ਉਹ ਇਸ ਜਾਂਚ ਵਿੱਚ ਪਤਾ ਕਰਨਗੇ ਕਿ ਉਸ ਵੇਲੇ ਕਾਰਵਾਈ ਕਿਉਂ ਨਹੀਂ ਕੀਤੀ ਗਈ। ਉਨ੍ਹਾਂ ਇਸ ਗੱਲ ਨੂੰ ਵੀ ਸਵੀਕਾਰ ਕੀਤਾ ਕਿ ਰਿਹਾਇਸ਼ੀ ਇਲਾਕੇ ਵਿੱਚ ਅਜਿਹੀਆਂ ਫੈਕਟਰੀਆਂ ਨਹੀਂ ਹੋਣੀਆਂ ਚਾਹੀਦੀਆਂ। ਇਹ ਇੱਥੇ ਕਿਉਂ ਚੱਲ ਰਹੀਆਂ ਹਨ, ਇਸ ਦੀ ਵੀ ਜਾਂਚ ਹੋਵੇਗੀ। ਇਸ ਕੰਮ ਦੇ ਲਈ ਉਨ੍ਹਾਂ ਪੰਜਾਬ ਪੱਧਰ ’ਤੇ ਚੀਫ ਸਕੱਤਰ ਤੇ ਡੀਜੀਪੀ ਪੰਜਾਬ ਦੀ ਅਗਵਾਈ ਵਿੱਚ ਇੱਕ ਕਮੇਟੀ ਬਣਾਉਣ ਦਾ ਐਲਾਨ ਕੀਤਾ ਤੇ ਕਿਹਾ ਕਿ ਪੂਰੇ ਪੰਜਾਬ ਦਾ ਦੌਰਾ ਕਰਕੇ ਇਹ ਕਮੇਟੀ ਅਜਿਹੀਆਂ ਨਾਜਾਇਜ਼ ਫੈਕਟਰੀਆਂ ਦੀ ਰਿਪੋਰਟ ਦੇਵੇਗੀ ਤੇ ਫਿਰ ਇਨ੍ਹਾਂ ਦੇ ਉੱਪਰ ਸਖਤ ਕਾਰਵਾਈ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਇੱਕ ਲਾਸ਼ ਦੀ ਸ਼ਨਾਖਤ ਹਾਲੇ ਤੱਕ ਨਹੀਂ ਹੋਈ। ਇਸ ਮਾਮਲੇ ਵਿੱਚ ਮ੍ਰਿਤਕ ਪਰਿਵਾਰਕ ਮੈਂਬਰਾਂ ’ਤੇ ਦਰਜ ਕੀਤੇ ਮੁਕੱਦਮੇ ਬਾਰੇ ਪੁੱਛਣ ’ਤੇ ਮੁੱਖ ਮੰਤਰੀ ਨੇ ਕੋਈ ਤਸੱਲੀ ਬਖ਼ਸ਼ ਜਵਾਬ ਨਹੀਂ ਦਿੱਤਾ ਬਲਕਿ ਉਹ ਜਾਂਚ ਦਾ ਹਵਾਲਾ ਦਿੰਦੇ ਰਹੇ। ਇਸ ਦੇ ਨੀਲ ਹੀ ਉਨ੍ਹਾਂ ਤਰਨ ਤਾਰਨ ਵਿੱਚ ਹੋਏ ਧਮਾਕੇ ਬਾਰੇ ਕਿਹਾ ਕਿ ਦੋ ਵਿਅਕਤੀ ਜਿਨ੍ਹਾਂ ਦੀ ਮੌਤ ਹੋ ਗਈ ਹੈ ਉਹ ਇੱਕ ਤੀਸਰੇ ਸਾਥੀ ਨਾਲ ਟੋਇਆ ਪੁੱਟ ਕੇ ਬੋਤਲ ਦੇ ਵਿੱਚ ਬੰਬ ਬਣਾ ਰਹੇ ਸੀ। ਹੁਣ ਇਸ ਮਾਮਲੇ ਦੀ ਜਾਂਚ ਹੋ ਰਹੀ ਹੈ ਕਿ ਉਹ ਅਜਿਹਾ ਕਿਉਂ ਕਰ ਰਹੇ ਸੀ?

Leave a Reply

Your email address will not be published. Required fields are marked *