ਗੁਰੂ ਨਾਨਕ ਸੀਨੀਅਰ ਕੇਅਰ ਸੋਸਾਇਟੀ ਐਡਮਿੰਟਨ ਨੇ ਮਨਾਈ ਫੈਮਲੀ ਪਿਕਨਿਕ

ਐਡਮਿੰਟਨ : ਗੁਰੂ ਨਾਨਕ ਸੀਨੀਅਰ ਕੇਅਰ ਸੋਸਾਇਟੀ ਐਡਮਿੰਟਨ ਵਲੋਂ ਸੀਨੀਅਰਜ਼ ਫੈਮਲੀ ਪਿਕਨਿਕ ਮਨਾਈ ਗਈ। ਇਹ ਈਵੈਂਟ ਮਨਜਿੰਦਰ ਕੌਰ ਬਰਾੜ ਅਤੇ ਜਸਜੀਤ ਬਾਵਾ ਦੀ ਟੀਮ ਨੇ ਬੜੇ ਸੁਚੱਜੇ ਤਰੀਕੇ ਨਾਲ ਕਰਵਾਇਆ। ਇਸ ਪਿਕਨਿਕ ਵਿਚ ਸੀਨੀਅਰ ਸਿਟੀਜ਼ਨ ਸੋਸਾਇਟੀ ਦੇ ਮੈਂਬਰ ਅਤੇ ਤਕਰੀਬਨ 20 ਪਰਿਵਾਰਾਂ ਦੇ 80 ਵਿਅਕਤੀਆਂ ਨੇ ਹਿੱਸਾ ਲਿਆ। ਬੱਚੇ ਆਪਣੇ ਬਜ਼ੁਰਗਾਂ ਨੂੰ ਬੜੇ ਸਤਿਕਾਰ ਨਾਲ ਪਿਕਨਿਕ ’ਤੇ ਲੈ ਕੇ ਆਏ। ਹਰ ਪਰਿਵਾਰ ਨੇ ਵੱਖ ਵੱਖ ਵੰਨਗੀਆਂ ਵਾਲੇ ਭੋਜਨ ਲਿਆ ਕੇ ਪਰੋਸੇ। ਵੱਖ ਵੱਖ ਪ੍ਰਕਾਰ ਦੀਆਂ ਸਬਜ਼ੀਆਂ, ਭਰਵੇਂ ਪਰਾਂਠੇ, ਖੀਰ, ਕੇਕ, ਕਈ ਪ੍ਰਕਾਰ ਦੇ ਫਲ ਅਤੇ ਚਾਟ ਲਿਆ ਕੇ ਬੀਬੀਆਂ ਨੇ ਆਪਣੀ ਕਲਾ ਦਾ ਪ੍ਰਗਟਾਵਾ ਕੀਤਾ। ਸਭ ਤੋਂ ਪਹਿਲਾਂ ਨੋਵਾ ਮੈਡੀਕਲ ਕਲੀਨਿਕ ਦੇ ਡਾਕਟਰ ਨਰਪਿੰਦਰ ਕੌਰ ਵਲੋਂ ਚਾਟ ਪਾਪੜੀ ਸਾਰਿਆਂ ਨੂੰ ਵਰਤਾਈ ਗਈ ਅਤੇ ਰਲ ਮਿਲ ਕੇ ਚਾਹ ਵਰਤਾਉਣ ਦੀ ਸੇਵਾ ਕੀਤੀ ਗਈ।
ਸੋਸਾਇਟੀ ਦੇ ਸਲਾਹਕਾਰ ਮੇਜਰ ਅਜੈਬ ਸਿੰਘ ਮਾਨ ਨੇ ਇਸ ਸੋਸਾਇਟੀ ਦੇ ਮਿਸ਼ਨ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਸੋਸਾਇਟੀ ਬਜ਼ੁਰਗਾਂ ਨੂੰ ਆਦਰ ਮਾਣ ਨਾਲ ਤੰਦਰੁਸਤ ਜੀਵਨ ਬਿਤਾਉਣ ਦੇ ਮੌਕੇ ਪ੍ਰਦਾਨ ਕਰਨ ਦੇ ਯਤਨ ਕਰੇਗੀ। ਇਸ ਪਿੱਛੋਂ ਕਈ ਮੈਂਬਰ ਸੈਰ ਲਈ ਗਏ। ਤਿੰਨ ਸ਼ਿਫਟਾਂ (ਮਰਦ, ਇਸਤਰੀਆਂ ਅਤੇ ਬੱਚੇ) ਵਿਚ ਮਿਊਜ਼ੀਕਲ ਚੇਅਰਜ਼ ਕਰਵਾਈ ਗਈ। ਫੈਡਰਲ ਮੰਤਰੀ ਅਮਰਜੀਤ ਸੋਹੀ ਵਿਸ਼ੇਸ ਤੌਰ ’ਤੇ ਪਹੁੰਚੇ। ਉਨ੍ਹਾਂ ਕਿਹਾ, ‘‘ਵਡੇਰੀ ਉਮਰ ਵਿਚ ਇਕੱਲਪਣੇ ਦਾ ਅਹਿਸਾਸ ਸਭ ਤੋਂ ਵੱਡਾ ਦੁਖਾਂਤ ਹੈ, ਇਸ ਨੂੰ ਘੱਟ ਕਰਨ ਦਾ ਸੋਸਾਇਟੀ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ।’’ ਸਿਟੀ ਕੌਂਸਲਰ ਮੋਅ ਬੰਗਾ ਵੀ ਈਵੈਂਟ ਵਿਚ ਸ਼ਾਮਲ ਹੋਏ।
ਬੀਬੀਆਂ ਨੇ ਗੀਤਾਂ ਅਤੇ ਗਿੱਧੇ ਦੁਆਰਾ ਮਨ ਪਰਚਾਵਾ ਕੀਤਾ। ਇਸੇ ਦੌਰਾਨ ਬੱਚਿਆਂ ਨੇ ਫਰਿਜ਼ਵੀ ਅਤੇ ਫੁਟਬਾਲ ਖੇਡਣ ਦਾ ਆਨੰਦ ਲਿਆ। ਤਕਰੀਬਨ ਚਾਰ ਵਜੇ ਸ਼ਾਮ ਤੱਕ ਇਹ ਪ੍ਰੋਗਰਾਮ ਚਲਦਾ ਰਿਹਾ। ਜਾਣ ਤੋਂ ਪਹਿਲਾਂ ਸਮੂਹਕ ਫੋਟੋ ਲਈ ਗਈ ਅਤੇ ਅਜੈਬ ਸਿੰਘ ਮਾਨ ਨੇ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ। ਅਗਲੇ ਅਜਿਹੇ ਪ੍ਰੋਗਰਾਮਾਂ ਵਿਚ ਹਿੱਸਾ ਲੈਣ ਦੇ ਚਾਹਵਾਨ ਮੇਜਰ ਅਜੈਬ ਸਿੰਘ ਮਾਨ ਨਾਲ ਫੋਨ: 780-807-4716 ’ਤੇ ਸੰਪਰਕ ਕਰ ਸਕਦੇ ਹਨ।