ਮਿਲਵੁੱਡਜ਼ ਕਲਚਰਲ ਸੋਸਾਇਟੀ ਨੇ ਕਰਵਾਈ ਵਾਕ ਫਾਰ ਹੈਲਥ

ਐਡਮਿੰਟਨ : ਮਿਲਵੁੱਡਜ਼ ਕਲਚਰਲ ਸੋਸਾਇਟੀ ਵਲੋਂ ਬੜੀ ਕਾਮਯਾਬੀ ਨਾਲ ਵਾਕ ਫਾਰ ਹੈਲਥ ਕਰਵਾਇਆ ਗਿਆ। ਇਹ ਈਵੈਂਟ ਸੋਸਾਇਟੀ ਦੀ ਕਮੇਟੀ ਅਤੇ ਸਾਰੇ ਮੈਂਬਰਾਂ ਅਤੇ ਵਲੰਟੀਅਰਾਂ ਦੇ ਸਹਿਯੋਗ ਨਾਲ ਬੜੇ ਸੁਚੱਜੇ ਤਰੀਕੇ ਨਾਲ ਸਿਰੇ ਚਾੜ੍ਹਿਆ ਗਿਆ। ਰਜਿਸਟ੍ਰੇਸ਼ਨ ਤੋਂ ਲੈ ਕੇ ਅਖੀਰ ਤੱਕ ਵਾਕ ਦਾ ਹਰ ਪੱਖ ਬੜੀ ਵਿਉਂਤਬੱਧ ਤਰੀਕੇ ਨਾਲ ਪਲਾਨ ਕੀਤਾ ਗਿਆ ਸੀ। ਰਸਤੇ ਵਿਚ ਹਰ ਕਰਾਸਿੰਗ ਤੇ ਟਰੈਫਿਕ ਗਾਈਡ ਤਾੲਨਾਤ ਕੀਤੇ ਗਏ ਸਨ।
ਇਸ ਵਾਕ ਵਿਚ ਤਕਰੀਬਨ 20 ਪਰਿਵਾਰਾਂ ਅਤੇ ਮੈਂਬਰਾਂ ਸਮੇਤ ਕਰੀਬ 80 ਵਿਅਕਤੀਆਂ ਨੇ ਹਿੱਸਾ ਲਿਆ। ਸਾਰੇ ਤੁਰਨ ਵਾਲਿਆਂ ਨੂੰ ਮੈਂਬਰਾਂ ਦੇ 5 ਗਰੁੱਪਾਂ ਵਿਚ ਵੰਡਿਆ ਹੋਇਆ ਸੀ ਅਤੇ ਹਰ ਗਰੁੱਪ ਦੀ ਅਗਵਾਈ 2 ਨੌਜਵਾਨ ਵਲੰਟੀਅਰ ਕਰ ਰਹੇ ਸਨ, ਜਿਨ੍ਹਾਂ ਕੋਲ ਕੈਨੇਡਾ ਦਾ ਕੌਮੀ ਝੰਡਾ ਚੁੱਕਿਆ ਹੋਇਆ ਸੀ। ਇਸ ਵਾਕ ਵਿਚ ਕਰੀਬ 15 ਨੌਜਵਾਨ ਵਲੰਟੀਅਰਾਂ ਨੇ ਹਿੱਸਾ ਲਿਆ।
ਨੋਵਾ ਮੈਡੀਕਲ ਕਲੀਨਿਕ ਦੇ ਸ਼ਮਸ ਅਲੀ ਦੀ ਟੀਮ ਨੇ ਬਲੱਡ ਸ਼ੁਗਰ ਬਲੱਡ ਪਰੈਸ਼ਰ ਚੈੱਕ ਕਰਨ ਦੀ ਸੇਵਾ ਨਿਭਾਈ। ਬੀਬੀ ਮਨਜਿੰਦਰ ਕੌਰ ਨੇ ਆਰਗਨ ਡੋਨੇਸ਼ਨ ਬਾਰੇ ਸਭ ਨੂੰ ਜਾਗਰੂਕ ਕਰਨ ਲਈ ਸਟਾਲ ਲਾਇਆ ਅਤੇ ਬਹੁਤ ਸਾਰੇ ਲੋਕਾਂ ਨੂੰ ਵਡਮੁੱਲੀ ਜਾਣਕਾਰੀ ਦਿੱਤੀ। ਪ੍ਰਧਾਨ ਸ. ਬਲਬੀਰ ਸਿੰਘ ਕੁਲਾਰ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਅੰਤ ਵਿੱਚ ਚਾਹ ਪਾਣੀ ਵਰਤਾਇਆ ਗਿਆ ਅਤੇ ਵਲੰਟੀਅਰਾਂ ਦੀ ਫੋਟੋ ਹੋਈ।