ਗੁਰਦੁਆਰਾ ਮਿਲਵੁਡਜ਼ ਵਲੋਂ ਕਰਵਾਈ ਗਈ ਬਜ਼ੁਰਗਾਂ ਦੀ ਪਿਕਨਿਕ

ਐਡਮਿੰਟਨ : ਗੁਰਦੁਆਰਾ ਮਿਲਵੁਡਜ਼ ਵਲੋਂ ਬਜ਼ੁਰਗਾਂ ਨੂੰ ਇਲਕ ਆਈਲੈਂਡ ਨੈਸ਼ਨਲ ਪਾਰਕ ਵਿਖੇ ਪਿਕਨਿਕ ਵਾਸਤੇ ਲਿਜਾਇਆ ਗਿਆ। 6 ਬੱਸਾਂ ਅਤੇ 12 ਕਾਰਾਂ/ਟਰੱਕ ਸਵੇਰ 10:00 ਵਜੇ ਗੁਰਦੁਆਰੇ ਤੋਂ ਚੱਲ ਕੇ ਪਾਰਕ ਵਿਚ ਪਹੁੰਚੇ। 310 ਤੋਂ ਉਪਰ ਸੰਖਿਆ ’ਚ ਪਹੁੰਚੇ ਲੋਕਾਂ ਲਈ ਸਪੈਸ਼ਲ ਟੈਂਟ ਲਾਏ ਗਏ ਸਨ ਜਿਥੇ ਉਨ੍ਹਾਂ ਨੇ ਵੱਖਰੇ ਵੱਖਰੇ ਖਾਣਿਆਂ ਦਾ ਅਨੰਦ ਮਾਣਿਆ।
ਬਜ਼ੁਰਗਾਂ ਦੇ ਮਨੋਰੰਜਨ ਲਈ ਦੌੜਾਂ, ਮਿਊਜ਼ੀਕਲ ਚੇਅਰ ਤੋਂ ਇਲਾਵਾ ਗੀਤਾਂ, ਗਜ਼ਲਾਂ, ਬੋਲੀਆਂ ਅਤੇ ਹਾਸਰਸ ‘ਭੰਡ’ ਨੇ ਜਿੱਥੇ ਰੌਣਕਾਂ ਲਾਈਆਂ, ਉਥੇ ਬੀਬੀਆਂ ਨੇ ਗਿੱਧਾ ਵੀ ਪਾਇਆ। ਵਕੀਲ ਰਮਨਦੀਪ ਸਿੰਘ, ਓਮ ਪ੍ਰਕਾਸ਼ ‘ਓਮੀ’ ਬਾਵਾ, ਤਾਇਆ ਬੰਤਾ ਬਲਵੰਤ ਸਿੰਘ ਅਤੇ ਉਪਿੰਦਰ ਸਿੰਘ ਮਠਾੜੂ ਵਲੋਂ ਸਟੇਜ ਤੋਂ ਆਪਣੀ ਕਲਾ ਦਾ ਪ੍ਰਦਰਸ਼ਨ ਕਰਦਿਆਂ ਸਭਦਾ ਮਨੋਰੰਜਨ ਕਰਵਾਇਆ ਗਿਆ ਅਤੇ ਉਨ੍ਹਾਂ ਸਭ ਤੋਂ ‘ਵਾਹ ਵਾਹ’ ਖੱਟੀ। ਗੁਰਦੁਆਰਾ ਮਿਲਵੁਡਜ਼ ਦੇ ਪ੍ਰਬੰਧਕਾਂ ਵਲੋਂ ਵੱਖ ਵੱਖ ਮੁਕਾਬਲਿਆਂ ਵਿਚ ਪਹਿਲੇ ਕੁਝ ਸਥਾਨਾਂ ’ਤੇ ਆਉਣ ਵਾਲਿਆਂ ਦੀ ਇਨਾਮ ਦੇ ਕੇ ਹੌਸਲਾ ਅਫਜਾਈ ਕੀਤੀ ਗਈ।
ਇਥੇ ਗੁਰਦੁਆਰਾ ਮਿਲਵੁਡਜ਼ ਦੇ ਪ੍ਰਬੰਧਕਾਂ ਵਲੋਂ ਪ੍ਰਧਾਨ ਸ. ਬਲਬੀਰ ਸਿੰਘ ਚਾਨਾ ਨੇ ਚੇਅਰਮੈਨ ਸ. ਕਰਨੈਲ ਸਿੰਘ ਭੰਮਰਾ, ਸ. ਪਵਿੱਤਰ ਸਿੰਘ ਮਣਕੂ, ਸ. ਪਰਮਿੰਦਰ ਸਿੰਘ ਵਿਰਦੀ, ਸ. ਹਰਦੇਵ ਸਿੰਘ ਬੇਦੀ, ਸ. ਲਖਵਿੰਦਰ ਸਿੰਘ ਪੁਆਰ, ਸ. ਜਗਜੀਤ ਸਿੰਘ ਸੀਰਾ, ਸ. ਹਰਜੀਤ ਸਿੰਘ ਜਗਦੇਵ, ਸ. ਬਰਿੰਦਰ ਸਿੰਘ ਭੰਮਰਾ, ਸ. ਬਹਾਦਰ ਸਿੰਘ ਸੀਹਰਾ ਅਤੇ ਸ. ਹਰਦੀਪ ਸਿੰਘ ਲਾਲ ਵਲੰਟੀਅਰ ਸੇਵਾਦਾਰਾਂ ਦੇ ਪਿਕਨਿਕ ਨੂੰ ਕਾਮਯਾਬ ਕਰਨ ਲਈ ਪਾਏ ਯੋਗਦਾਨ ਲਈ ਧੰਨਵਾਦ ਕੀਤਾ। ਸ. ਚਾਨਾ ਨੇ ਪਿਕਨਿਕ ਵਿਚ ਹਿੱਸਾ ਲੈਣ ਵਾਲੇ ਅਤੇ ਮਨੋਰੰਜਨ ਕਰਵਾਉਣ ਵਾਲੇ ਭਾਈ ਭੈਣਾਂ ਦਾ ਵੀ ਧੰਨਵਾਦ ਕੀਤਾ। ਇਸ ਪਿਕਨਿਕ ਨੂੰ ਕਾਮਯਾਬ ਕਰਨ ਵਿਚ ਸ. ਬਲਬੀਰ ਸਿੰਘ ਚਾਨਾ, ਸ. ਪਰਮਜੀਤ ਸਿੰਘ ਉਭੀ, ਸ. ਇਕਬਾਲ ਸਿੰਘ ਭੋਗਲ, ਸ. ਸੁਰਿੰਦਰ ਸਿੰਘ ਹੂੰਜਣ, ਬੀਬੀ ਜਸਵੀਰ ਕੌਰ ਪਨੇਸਰ, ਸ. ਨਿਰਮਲ ਸਿੰਘ ਭੂਈ ਅਤੇ ਸ. ਤੇਜਜਿੰਦਰ ਸਿੰਘ ਮਠਾੜੂ ਪ੍ਰਬੰਧਕਾਂ ਨੇ ਪੂਰਨ ਸਹਿਯੋਗ ਦਿੱਤਾ।