ਵਿਨੇਸ਼ ਫੋਗਾਟ ਉਲੰਪਿਕ ਵਿਚ ਕੁਆਲੀਫਾਈ ਕਰਨ ਵਾਲੀ ਪਹਿਲੀ ਭਾਰਤੀ ਪਹਿਲਵਾਨ ਬਣੀ

ਨਵੀਂ ਦਿੱਲੀ: ਭਾਰਤ ਦੀ ਸਟਾਰ ਮਹਿਲਾ ਰੈਸਲਰ ਵਿਨੇਸ਼ ਫੋਗਾਟ ਨੇ 2020 ਟੋਕੀਓ ਓਲੰਪਿਕ ‘ਚ 53 ਕਿਲੋਗ੍ਰਾਮ ਵਰਗ ‘ਚ ਥਾਂ ਬਣਾ ਲਈ ਹੈ। ਵਿਨੇਸ਼ ਨੇ ਟੋਕੀਓ ਓਲੰਪਿਕ ਦਾ ਟਿਕਟ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ‘ਚ ਸਾਰਾ ਹਿਲਡਰਬ੍ਰੈਂਟ ਨੂੰ ਹਰਾ ਕੇ ਹਾਸਲ ਕੀਤਾ। ਇਸ ਦੇ ਨਾਲ ਹੀ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ‘ਚ ਬ੍ਰਾਉਂਜ਼ ਮੈਡਲ ਲਈ ਵਿਨੇਸ਼ ਦਾ ਮੁਕਾਬਲਾ ਮਾਰੀਆ ਨਾਲ ਹੋਵੇਗਾ।
ਵਿਨੇਸ਼ ਨੇ ਵਰਲਡ ਰੈਸਲਿੰਗ ਚੈਂਪੀਅਨਸ਼ਿਪ ਦੇ ਦੂਜੇ ਮੁਕਾਬਲੇ ‘ਚ ਸਾਰਾ ਹਿਲਡਰਬ੍ਰੈਂਟ ਨੂੰ 8-2 ਨਾਲ ਮਾਤ ਦਿੱਤੀ। ਇਸ ਜਿੱਤ ਦੇ ਨਾਲ ਹੀ ਵਿਨੇਸ਼ ਫੋਗਾਟ 2020 ਟੋਕੀਓ ਓਲੰਪਿਕ ਦਾ ਟਿਕਟ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਰੈਸਲਰ ਬਣ ਗਈ।
ਇਸ ਜਿੱਤ ਦੀ ਖੁਸ਼ੀ ‘ਚ ਵਿਨੇਸ਼ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਇਆ ਹੈ। ਇਸ ‘ਚ ਉਸ ਨੇ ਦੱਸਿਆ ਕਿ ਉਹ ਬੇਹੱਦ ਖੁਸ਼ ਹੈ। ਵਿਨੇਸ਼ ਨੇ ਇਹ ਵੀ ਕਿਹਾ ਕਿ ਅਜੇ ਉਸ ਦਾ ਫੋਕਸ ਵਰਲਡ ਰੈਸਲਿੰਗ ਚੈਂਪੀਅਨਸ਼ਿਪ ‘ਚ ਮੈਡਲ ਜਿੱਤਣ ‘ਤੇ ਹੈ। ਬ੍ਰਾਉਂਜ਼ ਮੈਡਲ ਜਿੱਤਣ ਲਈ ਵਿਨੇਸ਼ ਫੋਗਾਟ ਨੂੰ ਇੱਕ ਮੁਕਾਬਲਾ ਹੋਰ ਜਿੱਤਣਾ ਹੋਵੇਗਾ।
ਵਿਨੇਸ਼ ਨੂੰ ਪ੍ਰੀ ਕਵਾਟਰ-ਫਾਈਨਲ ‘ਚ ਜਾਪਾਨ ਦੀ ਮਾਯੂ ਮੁਕਾਇਦਾ ਤੋਂ 0-7 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਮੁਕਾਇਦਾ ਨੇ ਇਸ ਵਰਗ ਦੇ ਫਾਈਨਲ ‘ਚ ਥਾਂ ਬਣਾਈ ਜਿਸ ਨਾਲ ਵਿਨੇਸ਼ ਨੂੰ ਰੇਪੇਚੇਜ ‘ਚ ਉਤਰਣ ਦਾ ਮੌਕਾ ਮਿਲ ਗਿਆ। ਰੇਪੇਚੇਜ ਦੇ ਮੁਕਾਬਲੇ ‘ਚ ਵਿਨੇਸ਼ ਨੇ ਚੰਗੀ ਸ਼ੁਰੂਆਤ ਕੀਤੀ ਤੇ ਕਵਾਲੀਫਿਕੇਸ਼ਨ ‘ਚ ਰੀਓ ਓਲੰਪਿਕ ਦਾ ਮੈਡਲ ਜੇਤੂ ਸਵੀਡਨ ਦੀ ਸੋਫੀਆ ਮੈਟਸਨ ਨੂੰ 13-0 ਦੇ ਵੱਡੇ ਫਰਕ ਨਾਲ ਸ਼ਿਕਸਤ ਦਿੱਤੀ।