ਅਮਿਤ ਸ਼ਾਹ ਦਾ ਬਿਆਨ ਅਤੇ ਭਾਸ਼ਾਵਾਂ ਦੀ ਫਿਰਕਾਪ੍ਰਸਤੀ

ਪਿ੍ਯਦਰਸ਼ਨ
ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਹਿੰਦੀ ਨੂੰ ਲੈ ਕੇ ਅਚਾਨਕ ਜੋ ਵਿਵਾਦ ਪੈਦਾ ਕੀਤਾ, ਕੀ ਉਸ ਦੀ ਕੋਈ ਲੋੜ ਸੀ? ਕੀ ਭਾਜਪਾ ਕੋਲ ਵਾਕਿਆ ਕੋਈ ਭਾਸ਼ਾ ਨੀਤੀ ਹੈ ਜਿਸ ਤਹਿਤ ਉਹ ਹਿੰਦੀ ਨੂੰ ਹੱਲਾਸ਼ੇਰੀ ਦੇਣਾ ਚਾਹੁੰਦੀ ਹੈ? ਜਾਂ ਉਹ ਹਿੰਦੂ, ਹਿੰਦੀ, ਹਿੰਦੁਸਤਾਨ ਦੇ ਪੁਰਾਣੇ ਜਨਸੰਘੀ ਨਾਅਰੇ ਨੂੰ ਆਪਣੀ ਵਿਚਾਰਕ ਵਿਰਾਸਤ ਵਾਂਗ ਫੇਰ ਤੋਂ ਅੱਗੇ ਵਧਾ ਰਹੀ ਹੈ?

ਬੇਲੋੜਾ ਰਾਸ਼ਟਰ ਪ੍ਰੇਮ ਹੋਵੇ, ਧਰਮ ਪ੍ਰੇਮ ਹੋਵੇ, ਜਾਂ ਭਾਸ਼ਾ ਪ੍ਰੇਮ ਹੋਵੇ, ਉਸ ਦੀ ਨਤੀਜੇ ਖ਼ਤਰਨਾਕ ਹੁੰਦੇ ਹਨ। ਹਿੰਦੀ ਨੂੰ ਦੇਸ਼ ਦੀ ਰਾਸ਼ਟਰੀ ਭਾਸ਼ਾ ਬਣਾਉਣ ਦੀ ਗੱਲ ਕਰਕੇ ਉਨ੍ਹਾਂ ਨੇ ਅਚਾਨਕ ਉਨ੍ਹਾਂ ਲੋਕਾਂ ਨੂੰ ਹਿੰਦੀ ਵਿਰੋਧੀ ਬਣਾ ਲਿਆ ਹੈ, ਜਿਨ੍ਹਾਂ ਦਾ ਹਿੰਦੀ ਨਾਲ ਕੋਈ ਵੈਰ ਨਹੀਂ ਹੈ। ਹਾਲਤ ਇਹ ਹੈ ਕਿ ਦੱਖਣ ਭਾਰਤ ਦੇ ਭਾਜਪਾ ਦੇ ਆਪਣੇ ਮੁੱਖ ਮੰਤਰੀ ਤੱਕ ਅਮਿਤ ਸ਼ਾਹ ਦੀ ਰਾਏ ਨਾਲ ਸਹਿਮਤ ਨਹੀਂ ਹਨ। ਉਹ ਕੰਨੜ ਨੂੰ ਬੜਾਵਾ ਦੇਣ ਦੀ ਗੱਲ ਕਰ ਰਹੇ ਹਨ।

ਫ਼ਿਲਹਾਲ ਅਮਿਤ ਸ਼ਾਹ ਦੇ ਬਿਆਨ ਦੇ ਵੱਖ ਵੱਖ ਪੱਖਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਹਿੰਦੀ ਨੂੰ ਆਪਣੇ ਫੈਲਾਅ ਜਾਂ ਵਿਸਤਾਰ ਲਈ ਕਿਸੇ ਰਾਜ ਿਪਾ ਜਾਂ ਸਹਿਯੋਗ ਦੀ ਲੋੜ ਨਹੀਂ ਹੈ, ਇਹ ਗੱਲ ਖ਼ੁਦ ਪ੍ਰਮਾਣਤ ਹੈ। ਸਾਹਿਤ ਅਤੇ ਸਿਨੇਮਾ ਦੇ ਲਿਹਾਜ਼ ਨਾਲ ਹਿੰਦੀ ਵਾਕਿਆ ਰਾਸ਼ਟਰੀ ਭਾਸ਼ਾ ਹੈ। ਉਸ ਨੇ ਬਹੁਤ ਉਦਾਰਤਾ ਅਤੇ ਲਗਾਅ ਨਾਲ ਦੂਸਰੀਆਂ ਭਾਸ਼ਾਵਾਂ ਦੇ ਲੇਖਕਾਂ ਨੂੰ ਅਪਣਾਇਆ ਹੈ ਅਤੇ ਭਾਸ਼ਾਵਾਂ ਵਿਚਾਲੇ ਪੁਲ ਬਣਾਏ ਹਨ। ਹਿੰਦੀ ਦੇ ਆਮ ਪਾਠਕਾਂ ਲਈ ਮਰਾਠੀ ਦੇ ਵਿਜੈ ਤੇਂਦਲੁਕਰ ਅਤੇ ਨਾਮਦੇਵ ਢਸਾਲ ਵੀ ਹਿੰਦੀ ਦੇ ਲੇਖਕ ਹਨ, ਬੰਗਲਾ ਦੇ ਸ਼ਰਤ ਅਤੇ ਵਿਮਲ ਮਿਤਰ ਜਾਂ ਮਹਾਂਸ਼ਵੇਤਾ ਦੇਵੀ ਵੀ, ਕੰਨੜ ਦੇ ਗਿਰੀਸ਼ ਕਰਨਾਡ ਵੀ, ਪੰਜਾਬੀ ਦੀ ਅੰਮ੍ਰਿਤਾ ਪ੍ਰੀਤਮ ਵੀ-ਮੀਰ ਤੇ ਗ਼ਾਲਿਬ ਤਾਂ ਹਿੰਦੀ ਦੇ ਲੇਖਕ ਹਨ ਹੀ।

ਟੀ.ਵੀ. ਸੀਰੀਅਲਾਂ ਅਤੇ ਸਿਨੇਮਾ ਵਿਚ ਵੀ ਹਿੰਦੀ ਦਾ ਜੋ ਕੁੱਲ ਹਿੰਦ ਫੈਲਾਅ ਹੈ, ਉਹ ਹਿੰਦੀ ਭਾਸ਼ਾਵਾਂ ਨੂੰ ਆਨੰਦਤ ਕਰਨ ਲਈ ਕਾਫੀ ਹੈ। ਮੋਬਾਈਲ ਅਤੇ ਇੰਟਰਨੈੱਟ ’ਤੇ ਹਿੰਦੀ ਦੇ ਫੈਲਾਅ ਦੀ ਰਫ਼ਤਾਰ ਉਤਸਾਹਜਨਕ ਹੈ। ਦੁਨੀਆ ਦੇ ਕਈ ਵਿਦਿਅਕ ਅਦਾਰਿਆਂ ਵਿਚ ਹਿੰਦੀ ਦੀ ਪੜ੍ਹਾਈ ਹੋ ਰਹੀ ਹੈ। ਦੁਨੀਆ ਦੇ ਕਈ ਮੁਲਕਾਂ ਵਿਚ ਖ਼ਰਾਬ ਹੀ ਸਹੀ, ਪਰ ਹਿੰਦੀ ਦੇ ਲੇਖਕ ਦਿਖਾਈ ਦਿੰਦੇ ਹਨ।
ਇਹ ਇਕ ਗੁਲਾਬੀ ਦ੍ਰਿਸ਼ ਹੈ ਜਿਸ ਦੌਰਾਨ ਅਮਿਤ ਸ਼ਾਹ ਨਾਮ ਦਾ ਕੋਈ ਨੇਤਾ ਜੇਕਰ ਹਿੰਦੀ ਦੇ ਸਰੋਵਰ ਵਿਚ ਸਿਆਸਤ ਦਾ ਪੱਥਰ ਸੁੱਟਦਾ ਹੈ ਤਾਂ ਉਸ ਦੀਆਂ ਹਲਚਲਾਂ ਦੂਰ ਤੱਕ ਜਾਂਦੀਆਂ ਹਨ। ਅਚਾਨਕ ਹਿੰਦੀ ਨੂੰ ਲੈ ਕੇ ਕਈ ਲੋਕਾਂ ਦੇ ਭਰਵੱਟੇ ਤਣ ਜਾਂਦੇ ਹਨ?
ਫੇਰ ਪੁੱਛਣਾ ਹੋਵੇਗਾ, ਇਸ ਦੀ ਕੀ ਲੋੜ ਸੀ? ਕਿਉਕਿ ਇਕ ਪੱਧਰ ’ਤੇ ਹਿੰਦੀ ਜੇਕਰ ਦਿਖ ਰਹੀ ਹੈ ਤਾਂ ਦੂਸਰੇ ਪੱਧਰ ’ਤੇ ਸੁੰਗੜਦੀ ਨਜ਼ਰ ਆ ਰਹੀ ਹੈ। ਅਸੀਂ ਦੇਖ ਰਹੇ ਹਾਂ ਕਿ ਹਿੰਦੀ ਮੀਡੀਅਮ ਦੇ ਸਕੂਲ ਲਗਾਤਾਰ ਬੰਦ ਹੋ ਰਹੇ ਹਨ ਤੇ ਅੰਗਰੇਜ਼ੀ ਮੀਡੀਅਮ ਦੇ ਸਕੂਲ ਖੁੱਲ੍ਹਦੇ ਜਾ ਰਹੇ ਹਨ। ਬਾਰਤ ਦੇ ਮੱਧ ਵਰਗ ਦੀ ਨੌਜਵਾਨ ਪੀੜ੍ਹੀ ਵਿਚ ਹਿੰਦੀ ਇਕ ਛੁਟੀ ਹੋਈ ਭਾਸ਼ਾ ਹੈ ਜਿਸ ਨੂੰ ਉਨ੍ਹਾਂ ਦੇ ਮਾਂ-ਬਾਪ, ਦਾਦਾ-ਦਾਦੀ, ਨਾਨਾ-ਨਾਨੀ ਬੋਲਦੇ ਹਨ। ਮੱਧ ਵਰਗੀ ਘਰਾਂ ਵਿਚ ਹਿੰਦੀ ਦੀਆਂ ਕਿਤਾਬਾਂ ਹੁਣ ਨਾ ਖ਼ਰੀਦੀਆਂ ਜਾਂਦੀਆਂ ਹਨ ਤੇ ਨਾ ਪੜ੍ਹੀਆਂ ਜਾਂਦੀਆਂ ਹਨ। ਸੱਚ ਤਾਂ ਇਹ ਹੈ ਕਿ ਹਿੰਦੀ ਬੱਸ ਇਕ ਬੋਲੀ ਵਿਚ ਬਦਲ ਕੇ ਰਹਿ ਗਈ ਹੈ ਜਿਸ ਵਿਚ ਸਿਨੇਮਾ ਬਣ ਸਕਦਾ ਹੈ। ਟੀ.ਵੀ. ਸੀਰੀਅਲ ਬਣ ਸਕਦੇ ਹਨ, ਅੰਗਰੇਜ਼ੀ ਮੁਹਾਵਰਿਆਂ ਨਾਲ ਭਰੀ ਿਕਟ ਕਮੈਂਟਰੀ ਚੱਲ ਸਕਦੀ ਹੈ ਅਤੇ ਉਵੇਂ ਹੀ ਕੌਮਾਂਤਰੀ ਸੰਮੇਲਨ ਹੋ ਸਕਦੇ ਹਨ ਜਿਵੇਂ ਭੋਜਪੁਰੀ ਦੇ ਹੋਇਆ ਕਰਦੇ ਸਨ। ਹਿੰਦੀ ਵਿਚ ਗਿਆਨ-ਵਿਗਿਆਨ ਹੀ ਨਹੀਂ, ਹੁਣ ਇਤਿਹਾਸ, ਭੁਗੋਲ, ਸਮਾਜ ਸ਼ਾਸਤਰ ਅਤੇ ਮਨੋਵਿਗਿਆਨ ਵੀ ਕਿਸੇ ਪੱਛੜੀ ਭਾਸ਼ਾ ਦੇ ਸ਼ਬਦ ਮੰਨ ਲਏ ਗਏ ਹਨ। ਹਿੰਦੀ ਦਾ ਪਾਠਕ ਜ਼ਿਆਦਾ ਤੋਂ ਜ਼ਿਆਦਾ ਅਨੁਵਾਦ ਵਿਚ ਇਹ ਗਿਆਨ ਹਾਸਲ ਕੇ ਖ਼ੁਸ਼ ਹੈ। ਅਖ਼ਬਾਰਾਂ ਅਤੇ ਟੀਵੀ ਚੈਨਲਾਂ ਵਿਚ ਜੋ ਹਿੰਦੀ ਚੱਲ ਤੇ ਫੈਲ ਰਹੀ ਹੈ, ਉਹ ਅੰਗਰੇਜ਼ੀ ਦੀਆਂ ਫੌੜੀਆਂ ’ਤੇ ਚੱਲਦੀ ਯਾਦਾਂ ਤੋਂ ਕੋਰੀ ਤੇ ਸਰੋਕਾਰਾਂ ਤੋਂ ਟੁੱਟੀ ਅਜਿਹੀ ਹਿੰਦੀ ਹੈ, ਜਿਸ ਵਿਚ ਕੁਝ ਸਨਸਨੀਖੇਜ਼ ਅਫ਼ਵਾਹਨੁਮਾ ਖ਼ਬਰਾਂ ਹੀ ਚਲਾਈਆਂ ਜਾਂਦੀਆਂ ਹਨ। ਹਿੰਦੀ ਦੀਆਂ ਗੰਭੀਰ ਕਹਾਉਣ ਵਾਲੀਆਂ ਅਖ਼ਬਾਰਾਂ ਦੇ ਸੰਪਾਦਕਾਂ ਨੂੰ ਵੀ ਹਿੰਦੀ ਲਿਖਣ ਦਾ ਦਸਤੂਰ ਨਹੀਂ ਹੈ। ਪੱਤਰਕਾਰੀ ਨੂੰ ਟੱਕਰ ਦਿੰਦੀ ਹਾਲਤ ਯੂਨੀਵਰਸਿਟੀਆਂ ਦੀ ਹੈ ਜਿੱਥੇ ਹਿੰਦੀ ਦੇ 90 ਫੀਸਦੀ ਪ੍ਰੋਫੈਸਰ ਸਹੀ ਹਿੰਦੀ ਨਹੀਂ ਲਿਖ ਸਕਦੇ।
ਇਸ ਦੇ ਬਰਾਬਰ ਅੰਗਰੇਜ਼ੀ ਦਾ ਸਾਮਰਾਜ ਲਗਾਤਾਰ ਵੱਡਾ ਹੁੰਦਾ ਜਾ ਰਿਹਾ ਹੈ। ਅੰਗਰੇਜ਼ੀ ਦੇ ਲੇਖਕ ਹੁਣ ਖ਼ੁਦ ਨੂੰ ਭਾਰਤੀ ਲੇਖਕ ਕਹਿਣ ਲੱਗੇ ਹਨ। ਉਨ੍ਹਾਂ ਦੀਆਂ ਕਿਤਾਬਾਂ ’ਤੇ ਹਿੰਦੀ ਫ਼ਿਲਮਾਂ ਬਣਦੀਆਂ ਹਨ। ਜਦਕਿ ਹਿੰਦੀ ਲੇਖਕ ਕਿਸੇ ਇਤਫ਼ਾਕ ਨਾਲ ਯਾਦ ਜਾਂ ਵਰਤਿਆ ਜਾਣ ਵਾਲਾ ਪ੍ਰਾਣੀ ਹੈ। ਅੰਗਰੇਜ਼ੀ ਇਸ ਦੇਸ਼ ਵਿਚ ਵਿਸ਼ੇਸ਼ਅਧਿਕਾਰ ਦੀ ਭਾਸ਼ਾ ਹੈ, ਨੌਕਰੀ ਦੀ ਗਾਰੰਟੀ ਦੀ ਭਾਸ਼ਾ ਹੈ, ਬਹੁਤ ਸਾਰੀਆਂ ਯੋਗਤਾਵਾਂ ’ਤੇ ਪਰਦਾ ਪਾ ਸਕਣ ਵਾਲੀ ਭਾਸ਼ਾ ਹੈ। ਅੰਗਰੇਜ਼ੀ ਦੇ ਕਿਸੇ ਅਪ੍ਰਚੱਲਤ ਸ਼ਬਦ ਦੀ ਵਰਤੋਂ ਤੁਹਾਨੂੰ ਸਨਮਾਨਯੋਗ ਬਣਾਉਦੀ ਹੈ ਜਦਕਿ ਹਿੰਦੀ ਵਿਚ ਇਹੀ ਕੰਮ ਤੁਹਾਨੂੰ ਹਾਸੇ ਦਾ ਪਾਤਰ ਬਣਾ ਸਕਦਾ ਹੈ-ਬਣਾ ਦਿੰਦਾ ਹੈ।
ਮੋਦੀ ਸਰਕਾਰ ਅਤੇ ਭਾਜਪਾ ਦੀ ਭਾਸ਼ਾ ਅਤੇ ਸਭਿਆਚਾਰ ਨੀਤੀ ’ਤੇ ਪਰਤਦੇ ਹਾਂ। ਇਹ ਦਿਖਾਈ ਦਿੰਦਾ ਹੈ ਕਿ ਭਾਜਪਾ ਨੂੰ ਭਾਰਤੀਅਤਾ ਨਾਲ ਪ੍ਰੇਮ ਹੈ। ਪਰ ਭਾਰਤੀਅਤਾ ਦਾ ਮਤਲਬ ਉਸ ਲਈ ਕੀ ਹੈ-ਇਹ ਸਾਫ਼ ਨਹੀਂ ਹੈ। ਹਿੰਦੁਤਵ ਦੇ ਪ੍ਰਤੀ ਉਸ ਦੀ ਵਧੇਰੇ ਪਹੁੰਚ ਉਲਟਾ ਇਸ ਭਾਰਤੀਅਤਾ ਨੂੰ ਕਮਜ਼ੋਰ ਕਰਦਾ ਹੈ। ਇਸੇ ਤਰ੍ਹਾਂ ਉਹ ਜਨਸੰਘ ਦੇ ਜ਼ਮਾਨੇ ਤੋਂ ਹਿੰਦੀ-ਹਿੰਦੂ-ਹਿੰਦੁਸਤਾਨ ਦੀ ਗੱਲ ਕਰਦੀ ਰਹੀ ਹੈ, ਪਰ ਉਸ ਲਈ ਹਿੰਦੀ ਵੀ ਇਕ ਝੂਠੇ ਮਾਣ ਦੇ ਪ੍ਰਗਟਾਵੇ ਦਾ ਮਾਮਲਾ ਦਿਖਾਈ ਦਿੰਦੀ ਹੈ। ਉਸ ਦੇ ਨੇਤਾ ਜੋ ਹਿੰਦੀ ਬੋਲਦੇ ਹਨ, ਉਹ ਅਭਿਮਾਨ ਅਤੇ ਦਾਅਵੇ ਦੀ ਹਿੰਦੀ ਹੁੰਦੀ ਹੈ, ਸੰਵੇਦਨਾ ਦੀ ਨਹੀਂ। ਉਸ ਦੀਆਂ ਯੋਜਨਾਵਾਂ ਵਿਚ ਵੀ ਹਿੰਦੀ ਦਾ ਇਹ ਇਸਤੇਮਾਲ ਘੱਟ ਦਿਖਾਈ ਦਿੰਦਾ ਹੈ। ਸਮਾਰਟ ਸਿਟੀ, ਮੇਕ ਇਨ ਇੰਡੀਆ, ਸਕਿਲ ਇੰਡੀਆ ਵਰਗੀਆਂ ਉਸ ਦੀਆਂ ਯੋਜਨਾਵਾਂ ਦੱਸਦੀਆਂ ਹਨ ਕਿ ਉਸ ਲਈ ਵਿਕਾਸ ਦੀ ਧਾਰਨਾ ਵੀ ਅੰਗਰੇਜ਼ੀ ਵਿਚ ਆਉਦੀ ਹੈ, ਹਿੰਦੀ ਵਿਚ ਨਹੀਂ। ਫੇਰ ਦੁਹਰਾਉਣ ਦੀ ਲੋੜ ਹੈ ਕਿ ਹਿੰਦੀ ਉਸ ਲਈ ਪ੍ਰਾਚੀਨ ਗੌਰਵ ਦੀ ਉਹ ਭਾਸ਼ਾ ਹੈ ਜਿਸ ਵਿਚ ਉਰਦੂ-ਫ਼ਾਰਸੀ ਦੇ ਸ਼ਬਦ ਨਾ ਹੋਣ, ਉਹ ਅਜਿਹੀ ਪੰਡਤਾੳੂ ਹਿੰਦੀ ਹੋਵੇ ਜਿਸ ਵਿਚ ਗਿਆਨ-ਵਿਗਿਆਨ ਭਾਵੇਂ ਨਾ ਹੋਵੇ, ਸਭਿਆਚਾਰ ਦੀ ਖ਼ੁਸ਼ਬੂ ਆਵੇ। ਇਹ ਇਤਫ਼ਾਕ ਨਹੀਂ ਹੈ ਕਿ ਭਾਜਪਾ ਦੇ ਹਿੰਦੀ ਪ੍ਰੇਮੀਆਂ ਦਾ ਸੰਸਿਤ ਪ੍ਰੇਮ ਵੀ ਉਬਾਲੇ ਮਾਰਦਾ ਹੈ- ਉਹ ਸੰਸਿਤ ਵਿਚ ਸਹੁੰ ਤੱਕ ਲੈਂਦੇ ਦੇਖੇ ਗਏ ਹਨ।
ਸੰਸਿਤ ਨਾਲ ਕਿਸੇ ਦਾ ਵਿਰੋਧ ਨਹੀਂ ਹੋਣਾ ਚਾਹੀਦਾ। ਸੰਸਿਤ ਇਕ ਅਮੀਰ ਭਾਸ਼ਾ ਹੈ। ਪਰ ਉਸ ਦਾ ਇਕ ਸ਼ਾਸ਼ਤਰੀ ਮਹੱਤਵ ਹੈ ਤੇ ਉਸ ਨੂੰ ਉਸੇ ਰੂਪ ਵਿਚ ਦੇਖਿਆ ਜਾਣਾ ਚਾਹੀਦਾ ਹੈ। ਉਹ ਕਿਸੇ ਖੇਤਰ ਵਿਚ ਬੋਲੀ ਨਹੀਂ ਜਾਂਦੀ। ਉਹ ਸਾਡੀ ਵਿਰਾਸਤ ਦਾ ਹਿੱਸਾ ਹੈ। ਸੰਕਟ ਇਹ ਹੈ ਕਿ ਕੁਝ ਲੋਕਾਂ ਦਾ ਸੰਸਿਤ ਪ੍ਰੇਮ ਉਨ੍ਹਾਂ ਦੇ ਸਥੂਲ ਸੰਸਕਿਰਤ ਪ੍ਰੇਮ ਤੋਂ ਅੱਗੇ ਨਹੀਂ ਵਧ ਸਕਿਆ। ਸੰਸਕਿਰਤ ਸਿੱਖਣਾ ਤਾਂ ਦੂਰ, ਉਹ ਸਾਫ਼-ਸੁਥਰੀ ਹਿੰਦੀ ਜਾਂ ਕੋਈ ਹੋਰ ਭਾਸ਼ਾ ਵੀ ਲਿਖਣ-ਬੋਲਣ ਨੂੰ ਤਿਆਰ ਨਹੀਂ। ਭਾਸ਼ਾ ਦਰਅਸਲ ਉਨ੍ਹਾਂ ਲਈ ਧਰਮ ਵਾਂਗ ਹੀ ਇਕ ਫਿਰਕੂ ਏਜੰਡਾ ਹੈ।
ਜੇਕਰ ਨਾ ਹੁੰਦਾ ਤਾਂ ਅਮਿਤ ਸ਼ਾਹ ਹਿੰਦੀ ਦੀ ਨਹੀਂ, ਭਾਰਤੀ ਭਾਸ਼ਾਵਾਂ ਦੀ ਗੱਲ ਕਰਦੇ। ਉਹ ਅੰਗਰੇਜ਼ੀ ਦੀ ਜ਼ਰੂਰਤ ਤੋਂ ਇਸ ਕਦਰ ਗੁੱਸੇ ਨਾ ਹੁੰਦੇ ਤਾਂ ਆਪਣੇ ਬਿਆਨ ਵਿਚ ਅੰਗਰੇਜ਼ੀ ਦਾ ਨਾਂ ਲੈਣ ਤੋਂ ਵੀ ਹਿਚਕਾਉਦੇ ਤੇ ਸਿਰਫ਼ ਵਿਦੇਸ਼ੀ ਭਾਸ਼ਾ ਦੀ ਗੱਲ ਕਰਕੇ ਰਹਿ ਜਾਂਦੇ।
ਦਰਅਸਲ, ਇਕਵੀਂ ਸਦੀ ਦੇ ਭਾਰਤ ਦੀਆਂ ਭਾਸ਼ਾਈ ਚੁਣੌਤੀਆਂ ਦੇ ਘੱਟੋ-ਘੱਟ ਤਿੰਨ ਮੋਰਚੇ ਹਨ। ਪਹਿਲਾ ਮੋਰਚਾ ਤਾਂ ਅੰਗਰੇਜ਼ੀ ਦੇ ਵਿਸ਼ੇਸ਼ ਅਧਿਕਾਰ ਤੋਂ ਮੁਕਤੀ ਦਾ ਹੈ, ਅੰਗਰੇਜ਼ੀ ਤੋਂ ਨਹੀਂ। ਇਕ ਭਾਸ਼ਾ ਦੇ ਰੂਪ ਵਿਚ ਅੰਗਰੇਜ਼ੀ ਬਹੁਤ ਦੂਰ ਤੱਕ ਭਾਰਤੀ ਭਾਸ਼ਾ ਹੋ ਚੁੱਕੀ ਹੈ, ਬਹੁਤ ਸਾਰੇ ਸਕੂਲ-ਕਾਲਜ ਅਤੇ ਸੰਸਥਾਵਾਂ ਅੰਗਰੇਜ਼ੀ ਵਿਚ ਹੀ ਚੱਲਦੀਆਂ ਹਨ। ਜਿਵੇਂ ਜਿਵੇਂ ਅੰਗਰੇਜ਼ੀ ਸਿੱਖਣ ਵਾਲੇ ਵੱਧ ਰਹੇ ਹਨ, ਉਹ ਵਿਸ਼ੇਸ਼ਅਧਿਕਾਰ ਕਮਜ਼ੋਰ ਪੈ ਰਿਹਾ ਹੈ। ਪਰ ਇਹ ਧਿਆਨ ਰੱਖਣਾ ਜ਼ਰੂਰੀ ਹੈ ਕਿ ਅੰਗਰੇਜ਼ੀ ਨਵਬਸਤੀਵਾਦ ਦਾ ਜ਼ਰੀਆ ਨਾ ਹੋਵੇ। ਇਸ ਲਈ ਜ਼ਰੂਰੀ ਹੈ ਕਿ ਹਿੰਦੀ ਅਤੇ ਦੂਸਰੀਆਂ ਭਾਰਤੀ ਭਾਸ਼ਾਵਾਂ ਨੂੰ ਅਮੀਰ ਬਣਾਇਆ ਜਾਵੇ। ਉਨ੍ਹਾਂ ਵਿਚ ਰੋਟੀ ਤੇ ਰੁਜ਼ਗਾਰ, ਗਿਆਨ-ਵਿਗਿਆਨ ਦੇ ਰਸਤੇ ਖੋਜੇ ਅਤੇ ਖੋਲ੍ਹੇ ਜਾਣ। ਇਹ ਦੂਸਰਾ ਮੋਰਚਾ ਹੈ। ਚੰਗੀ ਗੱਲ ਇਹ ਹੈ ਕਿ ਜੇਕਰ ਹਿੰਦੀ ਦਾ ਇਕ ਵੱਡਾ ਹਿੱਸਾ ਅੰਗਰੇਜ਼ੀ ਵਿਚ ਜਾ ਚੁੱਕਾ ਹੈ ਤਾਂ ਹਾਸ਼ੀਏ ’ਤੇ ਪਏ ਉਨ੍ਹਾਂ ਭਾਈਚਾਰਿਆਂ ਦਾ ਇਕ ਨਵਾਂ ਵਰਗ ਹਿੰਦੀ ਨਾਲ ਜੁੜਿਆ ਵੀ ਹੈ ਜਿਨ੍ਹਾਂ ਦੇ ਬੱਚੇ ਪਹਿਲੀ ਵਾਰ ਸਕੂਲ ਜਾ ਰਹੇ ਹਨ। ਇਸ ਤਰ੍ਹਾਂ ਦੇਖੀਏ ਤਾਂ ਹਿੰਦੀ ਆਪਣੇ ਬ੍ਰਾਹਮਣਵਾਦ ਦੀ ਕੁੰਜ ਹੌਲੀ ਹੌਲੀ ਉਤਾਰ ਰਹੀ ਹੈ ਜਿਸ ਨੂੰ ਅੰਗਰੇਜ਼ੀ ਪਹਿਣ ਰਹੀ ਹੈ। ਹਿੰਦੀ ਹੁਣ ਦਲਿਤ-ਆਦਿਵਾਸੀ-ਇਸਤਰੀ ਪ੍ਰਤੀਰੋਧ ਦੀ ਭਾਸ਼ਾ ਹੈ, ਉਸ ਦੀ ਮਰਾਠੀ, ਬੰਗਲਾ, ਤਮਿਲ-ਤੇਲਗੂ, ਉਰਦੂ ਨਾਲ ਕੋਈ ਮੁਕਾਬਲੇਬਾਜ਼ੀ ਨਹੀਂ, ਉਨ੍ਹਾਂ ਨਾਲ ਮਿਲ ਕੇ ਚੱਲਣ ਵਾਲੀ ਭਾਸ਼ਾ ਹੈ।
ਪਰ ਤੀਸਰਾ ਤੇ ਸਭ ਤੋਂ ਮੁਸ਼ਕਲ ਮੋਰਚਾ ਇਥੋਂ ਖੁੱਲ੍ਹਦਾ ਹੈ। ਅੰਤ, ਇਹ ਸਾਰੀਆਂ ਭਾਰਤੀ ਭਾਸ਼ਾਵਾਂ ਸੰਕਟ ਵਿਚ ਹਨ। ਇਨ੍ਹਾਂ ਭਾਸ਼ਾਵਾਂ ਵਿਚ ਆ ਰਹੀਆਂ ਨਵੀਆਂ ਪੀੜ੍ਹੀਆਂ ਆਪਣਾ ਭਵਿੱਖ ਅੰਗਰੇਜ਼ੀ ਵਿਚ ਦੇਖ ਰਹੀਆਂ ਹਨ। ਹਾਲੇ ਜੋ ਲੋਕ ਸਿਨੇਮਾ, ਟੀਵੀ ਸੀਰੀਅਲ ਤੇ ਇੰਟਰਨੈੱਟ ’ਤੇ ਹਿੰਦੀ ਦੀ ਤਰੱਕੀ ਦੇਖ ਕੇ ਬਹੁਤ ਖੁਸ਼ ਹਨ, ਉਨ੍ਹਾਂ ਨੂੰ ਅਹਿਸਾਸ ਨਹੀਂ ਹੈ ਕਿ ਅਗਲੇ ਦੋ ਦਹਾਕਿਆਂ ਵਿਚ ਇਸ ਤਰੱਕੀ ਦੇ ਭਾਫ਼ ਬਣ ਕੇ ਉਡ ਜਾਣ ਦਾ ਖ਼ਤਰਾ ਹੈ। ਇਸ ਖ਼ਤਰੇ ਨੂੰ ਬੇਖ਼ਬਰ ਭਾਰਤੀ ਭਾਸ਼ਾਵਾਂ ਆਪਸ ਵਿਚ ਲੜ ਰਹੀਆਂ ਹਨ। ਅਮਿਤ ਸ਼ਾਹ ਦੇ ਬਿਆਨ ਨੇ ਇਸ ਲੜਾਈ ਵਿਚ ਕੁਝ ਘੀ ਹੀ ਪਾਇਆ ਹੈ। ਆਖ਼ਰ ਭਾਸ਼ਾਵਾਂ ਦੀ ਵੀ ਫ਼ਿਰਕਾਪ੍ਰਸਤੀ ਹੁੰਦੀ ਹੈ।
ਐਨ.ਡੀ.ਟੀ.ਵੀ ਤੋਂ ਧੰਨਵਾਦ ਸਹਿਤ

Leave a Reply

Your email address will not be published. Required fields are marked *