ਰੰਗਮੰਚ ਵੱਡੇ ਸਮਾਜਕ ਉਦੇਸ਼ ਦੀ ਸਿੱਧੀ ਦਾ ਮਾਧਿਅਮ ਹੈ : ਅਜਮੇਰ ਔਲਖ/ ‘ਹੁਣ’ ਦੇ 17ਵੇਂ ਅੰਕ `ਚੋਂ ਕੁਝ ਅੰਸ਼

ਸੁਜਾਖਾ ਨਿਸ਼ਾਨਚੀ
ਅਜਮੇਰ ਸਿੰਘ ਔਲਖ
ਅਜਮੇਰ ਸਿੰਘ ਔਲਖ ਪੰਜਾਬੀ ਦੇ ਉਨ੍ਹਾਂ ਚੋਣਵੇਂ ਸਿਰਕੱਢ ਨਾਟਕਕਾਰਾਂ ਵਿਚੋਂ ਹੈ ਜਿਨ੍ਹਾਂ ਨੇ ਨਾ
ਕੇਵਲ ਪੰਜਾਬ ਨਾਟ-ਸਾਹਿਤ ਨੂੰ ਹੀ ਅਪਣੀ ਨਾਟਕ ਰਚਨਾ ਦੁਆਰਾ ਭਰਪੂਰ ਯੋਗਦਾਨ ਦਿੱਤਾ ਸਗੋਂ
ਪੰਜਾਬੀ ਰੰਗਮੰਚ ਨੂੰ ਇਕ ਲਹਿਰ ਦਾ ਰੂਪ ਦੇਣ ਵਿਚ ਅਹਿਮ ਭੂਮਿਕਾ ਨਿਭਾਈ। ਉਸ ਨੇ ਨਾਟਕ
ਲਿਖੇ, ਨਿਰਦੇਸ਼ਨਾ ਦਿਤੀ, ਇਨ੍ਹਾਂ ਵਿਚ ਅਦਾਕਾਰੀ ਕੀਤੀ ਤੇ ਅਪਣੇ ਪਰਿਵਾਰ ਨੂੰ ਵੀ ਇਸ ਵਡੇਰੀ
ਪ੍ਰਤਿਭਾ ਦੀ ਅਤੇ ਸਿਰਜਣਾਤਮਿਕ ਸੂਰਮਗਤੀ ਦੀ ਮੰਗ ਕਰਨ ਵਾਲੇ ਕਾਰਜ ਵਿਚ ਅਪਣੇ ਨਾਲ ਤੋਰੀ
ਰਖਿਆ। ਪਿੰਡ ਪਿੰਡ, ਸ਼ਹਿਰ ਸ਼ਹਿਰ, ਦੇਸ਼ ਵਿਦੇਸ਼, ਹਰ ਥਾਂ ਉਸ ਦੇ ਨਾਟਕਾਂ ਦੀਆਂ ਹਜ਼ਾਰਾਂ ਦੀ
ਗਿਣਤੀ ਵਿਚ ਪ੍ਰਸਤੁਤੀਆਂ ਹੋ ਚੁੱਕੀਆਂ ਹਨ। ਪੰਜਾਬ ਦੀ ਕੋਈ ਰੰਗ-ਮੰਡਲੀ ਅਜਿਹੀ ਨਹੀਂ ਜਿਸ ਨੇ
ਅਜਮੇਰ ਸਿੰਘ ਔਲਖ ਦੇ ਲਿਖੇ ਨਾਟਕ ਪੇਸ਼ ਨਾ ਕੀਤੇ ਹੋਣ, ਸਗੋਂ ਹਰ ਰੰਗ-ਮੰਡਲੀ ਅਪਣੀਆਂ
ਪੇਸ਼ਕਾਰੀਆਂ ਵਿਚ ਔਲਖ ਰਚਿਤ ਨਾਟਕਾਂ ਨੂੰ ਸਥਾਨ ਦੇਣ ਵਿਚ ਫਖ਼ਰ ਮਹਿਸੂਸ ਕਰਦੀ ਹੈ।
ਅਜਮੇਰ ਸਿੰਘ ਔਲਖ ਅਪਣੇ ਰੰਗਮੰਚ ਵਿਚ ‘ਅੰਨ੍ਹੇ ਨਿਸ਼ਾਨਚੀਆਂ` ਨੂੰ ਬੜੀ ਹੁਸ਼ਿਆਰੀ ਅਤੇ
ਦਲੇਰੀ ਨਾਲ ਢੂੁੰਡਣ ਵਾਲਾ ‘ਸੁਜਾਖਾ ਨਿਸ਼ਾਨਚੀ` ਹੈ। ਉਸ ਦੀ ਲੋਕ-ਹਿਤੈਸ਼ੀ ਵਿਚਾਰਧਾਰਕ
ਪ੍ਰਤੀਬੱਧਤਾ ਨੇ ਉਸ ਨੂੰ ਨਿਸ਼ਾਨਾ ਸੇਧਣ ਸਮੇਂ ਕਦੇ ਵੀ ਥਿੜਕਣ ਨਹੀਂ ਦਿਤਾ। ਉਸ ਦੇ ਨਾਟਕ ਜਿਥੇ
ਪੰਜਾਬੀ ਕਿਸਾਨੀ ਦੇ ਅੰਤਰਮਨ ਦੀ ਵਿਥਿਆ ਬਿਆਨ ਕਰਦੇ ਹਨ, ਉਥੇ ਉਨ੍ਹਾਂ ਵਰਗਾਂ ਤੇ ਤਾਕਤਾਂ
ਨੂੰ ਵੀ ਕਟਹਿਰੇ `ਚ ਖੜਾ ਕਰਦੇ ਹਨ, ਜਿਹੜੀਆਂ ਬੇਕਿਰਕੀ ਨਾਲ ਕਿਸਾਨੀ ਤੇ ਹੋਰ ਮਿਹਨਤਕਸ਼
ਵਰਗਾਂ ਦਾ ਸ਼ੋਸ਼ਣ ਕਰ ਰਹੀਆਂ ਹਨ।
ਮਲਵਈ ਉਪਭਾਸ਼ਾ ਦੀਆਂ ਨਾਟਕੀ ਸੰਭਾਵਨਾਵਾਂ ਨੂੰ ਪਛਾਨਣ ਦਾ ਸਿਹਰਾ ਵੀ ਅਜਮੇਰ ਸਿੰਘ
ਔਲਖ ਸਿਰ ਹੀ ਬੱਝਦਾ ਹੈ। ਇਸ ਉਪਭਾਸ਼ਾ ਨੂੰ ਬਿਰਤਾਂਤ ਤੋਂ ਸੰਵਾਦ ਵਿਚ ਰੂਪਾਂਤ੍ਰਿਤ ਕਰ ਕੇ ਹੀ
ਵਾਸਤਵ ਵਿਚ ਔਲਖ ਨੇ ਪੰਜਾਬੀ ਨਾਟਕ-ਸਾਹਿਤ ਅਤੇ ਰੰਗਮੰਚ ਵਿਚ ਅਪਣੀ ਨਿਵੇਕਲੀ ਨੁਹਾਰ
ਬਣਾਈ ਹੈ। ‘ਭੱਜੀਆਂ ਬਾਹੀਂ`, ‘ਸੱਤ ਬਗਾਨੇ`, ‘ਕਿਹਰ ਸਿੰਘ ਦੀ ਮੌਤ`, ‘ਸਲਵਾਨ`, ‘ਇਕ ਸੀ
ਦਰਿਆ`, ‘ਝਨਾਂ ਦੇ ਪਾਣੀ`, ‘ਗਾਨੀ` ਆਦਿ ਔਲਖ ਰਚਿਤ ਪੂਰੇ ਨਾਟਕ ਹਨ ਜਦ ਕਿ ‘ਅਰਬਦਨਰਬਦ
ਧੁੰਧੂਕਾਰਾ`, ‘ਮੇਰੇ ਚੋਣਵੇਂ ਇਕਾਂਗੀ`, ‘ਬਗਾਨੇ ਬੋਹੜ ਦੀ ਛਾਂ` ਤੇ ‘ਅੰਨ੍ਹੇ ਨਿਸ਼ਾਨਚੀ` ਉਸ
ਦੇ ਇਕਾਂਗੀ-ਸੰਗ੍ਰਹਿ ਹਨ। ‘ਸੰਨ ਸਤਾਨਵੇਂ ਤਕ` ਪੁਸਤਕ ਵਿਚ ਉਸ ਦੇ ਸਮੁੱਚੇ ਨਾਟਕ ਵੀ
ਪ੍ਰਕਾਸਿ਼ਤ ਹੋ ਚੁੱਕੇ ਹਨ।
ਸਰਕਾਰੀ ਕਾਲਜ ਮਾਨਸਾ ਤੋਂ ਪ੍ਰਾਧਿਆਪਕ ਵਜੋਂ ਸੇਵਾ ਮੁਕਤ ਅਜਮੇਰ ਸਿੰਘ ਔਲਖ ਨੇ
ਅਪਣਾ ਪੱਕਾ ਟਿਕਾਣਾ ਵੀ ਅੱਜ ਕਲ ਮਾਨਸਾ ਵਿਖੇ ਹੀ ਬਣਾ ਰਖਿਆ ਹੈ।
ਅਵਤਾਰ ਜੰਡਿਆਲਵੀ ਅਤੇ ਸੁਸ਼ੀਲ ਦੁਸਾਂਝ ਵਲੋਂ ਕੀਤੀ ਲੰਮੀ ਮੁਲਾਕਾਤ ਵਿਚੋਂ ਕੁਝ ਅੰਸ਼
ਹੁਣ : ਤੁਹਾਡੇ ਪਿੰਡ ਦੇ ਦੋ ਜਾਗੀਰਦਾਰ ਸਨ?
ਔਲਖ : ਸ਼ੁਰੂ ਵਿਚ ਜਾਗੀਰ ਵਿਚ ਮਿਲਿਆ ਤਾਂ ਪਟਿਆਲੇ ਦੇ ਰਾਜੇ ਵੱਲੋਂ ਸਾਡਾ ਪਿੰਡ ਜਾਗੀਰਦਾਰ ਨੂੰ ਹੀ ਸੀ ਪਰ ਬਾਅਦ ਵਿਚ ਉਸ ਦੇ ਦੋ ਪੁੱਤਾਂ ਵਿਚਕਾਰ ਵੰਡਿਆ ਗਿਆ ਸੀ। ਸਾਡੇ ਪਿੰਡ ਦੇ ਲੋਕ ਵੱਡੇ ਭਰਾ ਵਾਲੇ ਪਾਸੇ ਨੂੰ ‘ਵੱਡਾ ਪਾਸਾ` ਕਹਿੰਦੇ ਸੀ ਤੇ ਛੋਟੇ ਭਰਾ ਵਾਲੇ ਪਾਸੇ ਨੂੰ ‘ਛੋਟਾ ਪਾਸਾ`।
ਹੁਣ : ਜਾਨੀ ਉਸ ਸਮੇਂ ਤੁਹਾਡੇ ਪਿੰਡ ਵਿਚ ਜਾਗੀਰਦਾਰੀ ਸਿਸਟਮ ਸੀ?
ਔਲਖ : ਹਾਂ। ਮੇਰੀ ਬਾਲ ਉਮਰ ਵਿਚ ਵਾਪਰੇ ਇਸ ਜਾਗੀਰਦਾਰੀ ਸਿਸਟਮ ਦੇ ਨਮੋਸ਼ੀ-ਭਰੇ ਵਰਤਾਰਿਆਂ ਦੇ ਕਈ ਚਿਤਰ ਅੱਜ ਵੀ ਮੇਰੀਆਂ ਯਾਦਾਂ ਦਾ ਅਭੁੱਲ ਹਿੱਸਾ ਬਣੇ ਹੋਏ ਹਨ।
ਹੁਣ : ਕਿਹੋ ਜਿਹੇ ਵਰਤਾਰੇ?
ਔਲਖ : ਮਿਸਾਲ ਵਜੋਂ, ਕਿਵੇਂ ਮੁਜ਼ਾਰਿਆਂ ਵੱਲੋਂ ਪੈਦਾ ਕਰ ਕੇ ਕੱਢੀ ਜਿਣਸ ਦੇ ਬੋਹਲ਼ਾਂ ਉਤੇ ਜਾਗੀਰਦਾਰ ਦਾ ਮੁਖਤਿਆਰ ਜਾਂ ਉਸ ਦੇ ਕਰਿੰਦੇ ‘ਠੱਪੇ ਲਾਉਂਦੇ` ਹੁੰਦੇ ਸੀ। ਕਿਵੇਂ ਕਿਸਾਨ ਰਾਹੀਂ ਪੈਦਾ ਕੀਤੀ ਜਿਣਸ ਦਾ ਵੱਡਾ ਹਿੱਸਾ ਜਾਗੀਰਦਾਰ ਦੀ ਝੋਲ਼ੀ ਵਿਚ ਜਾ ਪੈਂਦਾ ਸੀ! ਜਾਗੀਰਦਾਰ ਦਾ ਹਿੱਸਾ ਕੱਟੇ ਜਾਣ ਬਾਅਦ ਕਿਵੇਂ ਜਾਗੀਰਦਾਰ ਦਾ ਧੜਵਾਈ ਆਪ ਵੀ ਪਾਈਆ-ਮਣ ਦੇ ਹਿਸਾਬ ਨਾਲ ਆਪਣਾ ਹਿੱਸਾ ਕੱਟਿਆ ਕਰਦਾ ਸੀ! ਕਿਵੇਂ ਪਿੜ ਵਿਚ ਪਿਆ ਉੱਚਾ ਵਿਖਾਈ ਦਿੰਦਾ ਕਣਕ ਜਾਂ ਬਾਜਰੇ ਦਾ ਬੋਹਲ਼ ਸਾਡੇ ਘਰ ਵਿਚ ਵੜਨ ਤੱਕ ਸੁੰਗੜ ਕੇ ਨਿੱਕੀ ਜਿਹੀ ਢੇਰੀ ਦਾ ਰੂਪ ਧਾਰਨ ਕਰ ਲੈਂਦਾ ਸੀ! ਜਦ ਮੁਜ਼ਾਰੇ-ਕਿਸਾਨ ਜਾਗੀਰਦਾਰੀ ਸਿਸਟਮ ਖ਼ਤਮ ਕਰਨ ਲਈ ਜਦੋ-ਜਹਿਦ ਕਰਨ ਦੇ ਰਾਹ ਪੈਂਦੇ ਤਾਂ ਕਿਵੇਂ ਜਾਗੀਰਦਾਰ ਦੀ ਮਦਦ ਲਈ ਪਹੁੰਚੀ ਪੁਲਸ ਮੁਜ਼ਾਰਿਆਂ ਦਾ ਕੁਟਾਪਾ ਚਾੜ੍ਹਿਆ ਕਰਦੀ ਸੀ! ਤੇ ਇਕ ਤਸਵੀਰ ਇਹ ਵੀ ਕਿ ਜਦ ਖੇਤਾਂ ਵਿਚ ਕੰਮ ਕਰਨ ਤੋਂ ਬਾਅਦ ਕਿਸਾਨ ਮਰਦ ਤੇ ਇਸਤਰੀਆਂ ਆਥਣੇ ਵਾਪਸ ਆਪਣੇ ਘਰਾਂ ਨੂੰ ਆਉਂਦੇ ਸੀ ਤਾਂ ਪਿੰਡ ਦੀ ਸੱਥ ਵਿਚ ਜਾਗਰੀਦਾਰ ਦੇ ਕਰਿੰਦੇ ਕਿਵੇਂ ਉਨ੍ਹਾਂ ਦੀਆਂ ਹਰੇ ਦੀਆਂ ਭਰੀਆਂ, ਗੱਠੜੀਆਂ ਤੇ ਭਾਂਡਿਆਂ-ਟੀਂਡਿਆਂ ਦੀ ਫਰੋਲ਼ਾ-ਫਰਾਲ਼ੀ ਕਰਦੇ ਤੇ ਉਨ੍ਹਾਂ ਦੀ ਤਲਾਸ਼ੀ ਲਿਆ ਕਰਿਆ ਕਰਦੇ ਸੀ!
ਹੁਣ : ਤਲਾਸ਼ੀ ਕਿਉਂ?
ਔਲਖ : ਤਲਾਸ਼ੀ ਇਸ ਲਈ ਕਿ ਕਿਤੇ ਕੋਈ ਮਰਦ ਜਾਂ ਤੀਵੀਂ ਖੇਤਾਂ ਵਿਚੋਂ ਚਰ੍ਹੀ ਦੀ ਭਰੀ ਜਾਂ ਪਤੀਲੇ, ਗੜਬੇ, ਘੜੇ ਬਗੈਰਾ ਵਿਚ ਕਪਾਹ ਦਾ ਰੁੱਗ, ਗੰਨੇ ਦੀ ਪੋਰੀ, ਛੱਲੀ, ਕੱਦੂ, ਤੋਰੀ ਬਗੈਰਾ ਛੁਪਾ ਨਾ ਲਿਆਇਆ ਹੋਵੇ। ਜੇ ਕੋਈ ਅਜਿਹਾ ਕਰਦਾ ਫੜਿਆ ਜਾਂਦਾ ਤਾਂ ਉਸ ਦੀ ਪੂਰੀ ਲਾਹ-ਪਾ ਕੀਤੀ ਜਾਂਦੀ ਤੇ ਕਈ ਵਾਰ ਜੁਰਮਾਨੇ ਵਜੋਂ ਮੁਜ਼ਾਰੇ ਕਿਸਾਨ ਦੀ ਜਿਣਸ ਦੇ ਹਿੱਸੇ ਵਿਚੋਂ ਵੱਡੀ ਕਟੌਤੀ ਵੀ ਕਰ ਲਈ ਜਾਂਦੀ ਸੀ।
ਥੁੜ੍ਹਾਂ ਦੇ ਮਾਰੇ ਹੋਏ ਦਿਨ
ਹੁਣ : ਹੋਰ ਕਿਵੇਂ ਗੁਜ਼ਾਰਿਆ ਸੀ ਤੁਸੀਂ ਆਪਣਾ ਬਚਪਨ?
ਔਲਖ : ਇਸ ਉਮਰ ਦਾ ਮੇਰਾ ਬਚਪਨ ਉੱਨੀ-ਵੀਹ ਦੇ ਫਰਕ ਨਾਲ ਮੁਜ਼ਾਰੇ ਕਿਸਾਨਾਂ ਦੇ ਬਾਕੀ ਬੱਚਿਆਂ ਵਾਲਾ ਹੀ ਸੀ। ਇਸ ਉਮਰ ਵਿਚ ਮੈਂ ਜਾਂ ਤਾਂ ਤੇੜੋਂ ਨੰਗਾ ਹੁੰਦਾ ਸੀ ਜਾਂ ਫਿਰ ਤੇੜ ਵਿਚ ਜਾਂਘੀਆ, ਜਿਸ ਨੂੰ ਪਹਿਲਵਾਨੀ ਭਾਸ਼ਾ ਵਿਚ ‘ਲੰਗੋਟਾ` ਕਿਹਾ ਜਾਂਦਾ ਹੈ, ਬੰਨ੍ਹਦਾ ਹੁੰਦਾ ਸੀ। ਉਸ ਉਮਰ ਵਿਚ ਕੱਛਾ ਤਾਂ ਸਾਡੇ ਪਿੰਡ ਜੱਟਾਂ ਦਾ ਕੋਈ ਵੀ ਮੁੰਡਾ ਨਹੀਂ ਸੀ ਪਾਉਂਦਾ। ਹਾਂ, ਬਾਣੀਆਂ-ਮਹਾਜਨਾਂ ਦੇ ਮੁੰਡੇ ਜ਼ਰੂਰ ਕੱਛੇ ਪਾਉਂਦੇ ਹੁੰਦੇ ਸੀ। ਛੀ-ਸੱਤ ਸਾਲ ਦੀ ਉਮਰ ਵਿਚ ਮੇਰੇ ਚਿੱਤੜਾਂ, ਲੱਤਾਂ ਬਾਹਾਂ `ਤੇ ਫੋੜੇ ਬੜੇ ਨਿਕਲਦੇ ਹੁੰਦੇ ਸੀ। ਆਪਣੇ ਹਾਣੀਆਂ ਨਾਲ ਖੇਡਣ ਦਾ ਮੈਨੂੰ ਬੜਾ ਹੀ ਭੁੱਸ ਸੀ। ਇਸ ਭੁੱਸ ਕਾਰਨ ਕਈ ਵਾਰ ਮੈਂ ਰੋਟੀ ਖਾਣਾ, ਨਹਾਉਣਾ ਧੋਣਾ ਵੀ ਭੁੱਲ ਜਾਂਦਾ ਸੀ, ਜਿਸ ਸਦਕਾ ਬਹੁਤੀ ਵਾਰ ਮੇਰੇ ਸਿਰ ਵਿਚ ਜੂੰਆਂ ਵੀ ਪੈ ਜਾਂਦੀਆਂ ਸੀ। ਜੂੰਆਂ ਪੈ ਜਾਣ `ਤੇ ਮਾਂ ਮੈਨੂੰ ਖੇਡਦੇ ਨੂੰ ਬਾਹੋਂ ਫੜ ਕੇ ਬੁੱਧ ਰਾਮ ਨਾਈ ਕੋਲ ਲੈ ਜਾਂਦੀ ਸੀ ਜਿਹੜਾ ਵੱਡੀ ਸਾਰੀ ਕੈਂਚੀ ਨਾਲ ਮੇਰਾ ਸਿਰ ਮੁੰਨ ਕੇ ਘੋਨ-ਮੋਨ ਕਰ ਦਿੰਦਾ ਸੀ। ਪਿੰਡੋਂ ਬਾਹਰ ਪਿੰਡ ਦੇ ਪਿੜਾਂ, ਖੇਤੀ-ਬੰਨ੍ਹਿਆਂ ਵਿਚ ਕੁੱਦਦੇ ਫਿਰਨਾ, ਸਰਦਾਰਾਂ ਦੇ ਬਾਗ਼ ਵਿਚੋਂ ਅਨਾਰ ਅਮਰੂਦ ਚੋਰੀ ਕਰ ਕੇ ਖਾਣੇ, ਬਾਹਰੋਂ ਆਏ ਸਾਧਾਂ-ਸੰਤਾਂ ਕੋਲ ਜਾ-ਜਾ ਉਨ੍ਹਾਂ ਨੂੰ ਰਹੱਸਮਈ ਢੰਗ ਨਾਲ ਵੇਖਣਾ, ਪਿੰਡ ਦੀ ਨਹਿਰ ਵਿਚ ਦਰੱਖਤਾਂ ਉਤੇ ਚੜ੍ਹ-ਚੜ੍ਹ ਪਿੰਡ ਦੇ ਟੋਭਿਆਂ ਤੇ ਨਹਿਰ ਵਿਚ ਛਾਲ਼ਾਂ ਮਾਰ-ਮਾਰ ਨਹਾਉਣ ਦੇ ਨਜ਼ਾਰੇ ਲੈਣੇ, ਇਹ ਸਭ ਨਜ਼ਾਰੇ ਅੱਠ-ਦਸ ਸਾਲ ਤੱਕ ਦੇ ਮੇਰੇ ਬਚਪਨ ਦਾ ਹਿੱਸਾ ਹਨ।
ਹੁਣ : ਡੰਗਰ ਵੀ ਚਾਰੇ ਛੋਟੇ ਹੁੰਦਿਆਂ ?
ਔਲਖ : ਸਾਡੇ ਕੋਲ ਜ਼ਮੀਨ ਥੋੜ੍ਹੀ ਸੀ ਤੇ ਘਰ ਵਿਚ ਕੰਮ ਕਰਨ ਵਾਲੇ ਬੰਦੇ ਬਾਹਲ਼ੇ ਸੀ। ਇਸ ਲਈ ਡੰਗਰ ਚਾਰਨ ਦਾ ਕੰਮ ਵੀ ਅਕਸਰ ਘਰ ਦੇ ਵੱਡੇ ਬੰਦਿਆਂ ਵਿਚੋਂ ਹੀ ਕੋਈ ਕਰਦਾ ਸੀ। ਜਦ ਘਰ ਦਾ ਕੋਈ ਡੰਗਰ ਚਾਰਨ ਵਾਲਾ ਜੀਅ ਕਿਤੇ ਬਾਹਰ ਰਿਸ਼ਤੇਦਾਰੀ ਬਗੈਰਾ ਵਿਚ ਮਿਲਣ-ਗਿਲਣ ਚਲਿਆ ਜਾਂਦਾ ਜਾਂ ਖੇਤੀ ਦੇ ਕੰਮ ਵਿਚ ਬਹੁਤੇ ਬੰਦਿਆਂ ਦੇ ਇਕੱਠਾ ਕੰਮ ਕਰਨ ਦੀ ਰੁੱਤ ਆ ਜਾਂਦੀ, ਮੈਂ ਤਾਂ ਬਸ ਇਹੋ-ਜਿਆਂ ਮੌਕਿਆਂ `ਤੇ ਹੀ ਡੰਗਰ ਚਾਰਨ ਜਾਂਦਾ। ਪਰ ਇਹ ਕੰਮ ਮੈਂ ਰੋਂਦਾ-ਕੁਰਲਾਉਂਦਾ ਹੀ ਕਰਦਾ। ਜਦੋਂ ਮੈਂ ਡੰਗਰ ਚਾਰਨ ਜਾਂ ਖੇਤ ਕੰਮ ਕਰਦੇ ਕਿਸੇ ਜੀਅ ਦੀ ਰੋਟੀ ਲਿਜਾਣ ਦਾ ਕੰਮ ਕਰਨ ਵੇਲੇ ਰੀਂ-ਰੀਂ ਕਰਨ ਲੱਗ ਪੈਂਦਾ ਤਾਂ ਮੇਰੀ ਮਾਂ ਮੈਨੂੰ ਇਹ ਆਖ ਕੇ ਕੋਸਦੀ, ‘‘ਰੋਂਦਾ ਘੋੜ ਚੜ੍ਹਾਇਆ ਹੱਗ ਕੇ ਪਲਾਨ ਭਰਿਆ!“ ਮੈਨੂੰ ਡੰਗਰ ਚਾਰਨ ਤੇ ਖੇਤੀ ਦੇ ਹੋਰ ਮੁਸ਼ਕਤੀ ਕੰਮ ਕਰਨ ਤੋਂ ਹਮੇਸ਼ਾਂ ਡਰ ਲਗਦਾ ਸੀ। ਬਸ ਖੇਡਣਾ ਕੁੱਦਣਾ ਹੀ ਬਾਹਲ਼ਾ ਚੰਗਾ ਲਗਦਾ ਸੀ।
ਹੁਣ : ਉਨ੍ਹਾਂ ਦਿਨਾਂ ਦੀਆਂ ਕੁਝ ਖੱਟੀਆਂ-ਮਿੱਠੀਆਂ ਯਾਦਾਂ ਦੀ ਪਟਾਰੀ ਵੀ ਤਾਂ ਤੁਹਾਡੇ ਮਨ ਦੇ ਕਿਸੇ ਖ਼ੂੰਜੇ ਸਾਂਭੀ ਪਈ ਹੋਵੇਗੀ?
ਔਲਖ : ਬਹੁਤ ਨੇ। ਉਪਰ ਬਚਪਨ ਦੀ ਗੱਲ ਕਰਦਿਆਂ ਮੈਂ ਤੁਹਾਨੂੰ ਦੱਸਿਆ ਐ ਕਿ ਸਾਡੇ ਮਜ਼ਾਰਾ ਪਿੰਡ ਵਿਚ ਖੇਤਾਂ ਵਿਚ ਕੰਮ ਕਰਨ ਤੋਂ ਬਾਅਦ ਘਰਾਂ ਨੂੰ ਪਰਤਦੇ ਕਿਸਾਨ ਮਰਦ-ਔਰਤਾਂ ਦੇ ਭਾਂਡੇ-ਟੀਂਡਿਆਂ ਦੀ ਪਿੰਡ ਦੀ ਸੱਥ ਵਿਚ ਤਲਾਸ਼ੀ ਕੀਤੀ ਜਾਂਦੀ ਸੀ। ਅਸੀਂ ਪਿੰਡ ਦੇ ਜਵਾਕ ਦੂਰ ਖੜ੍ਹੇ ਇਹੋ-ਜਿਹੀਆਂ ਝਾਕੀਆਂ ਨਿੱਤ ਹੀ ਵੇਖਦੇ। ਇਸ ਨਾਲ ਹੀ ਬਚਪਨ ਦੀ ਮੇਰੀ ਅਭੁੱਲ ਯਾਦ ਜੁੜੀ ਹੋਈ ਹੈ। ਪਿੰਡ ਦੇ ਹੋਰ ਬੱਚਿਆਂ ਵਾਂਗ ਰੋਜ਼ ਹੀ ਇਹ ਝਾਕੀ ਵੇਖਦਿਆਂ ਇਕ ਦਿਨ ਮੈਂ ਵੇਖਿਆ ਕਿ ਜਾਗੀਰਦਾਰ ਦਾ ਕਰਿੰਦਾ ਇਕ ਕਿਸਾਨ ਤ੍ਰੀਮਤ ਨੂੰ ਉੱਚੀ-ਉੱਚੀ ਕੁਝ ਬੁਰਾ-ਭਲਾ ਕਹਿੰਦਾ ਝਿੜਕਾਂ ਤੇ ਲਾਹਣਤਾਂ ਪਾ ਰਿਹਾ ਸੀ। ਤ੍ਰੀਮਤ ਵੀ ਕੁਝ ਬੋਲ ਰਹੀ ਸੀ ਪਰ ਬਹੁਤਾ ਉਚਾ ਨਹੀਂ। ਕਰਿੰਦੇ ਤੇ ਉਸ ਕਿਸਾਨ ਤ੍ਰੀਮਤ ਦੁਆਲੇ ਭੀੜ ਇਕੱਠੀ ਹੋ ਗਈ। ਭੀੜ ਹੋਈ ਤੋਂ ਉਸ ਤ੍ਰੀਮਤ ਦੀ ਆਵਾਜ਼ ਪਹਿਲਾਂ ਨਾਲੋਂ ਕੁਝ ਹੋਰ ਵਧੇਰੇ ਕਰੜੀ ਤੇ ਗੁਸੈਲੀ ਹੋ ਗਈ। ਕਰਿੰਦੇ ਦੀਆਂ ਪਾਈਆਂ ਝਾੜਾਂ ਦਾ ਗੁੱਸੇ ਵਿਚ ਜਵਾਬ ਦਿੰਦੀ ਉਹ ਕਹਿ ਰਹੀ ਸੀ :‘‘ਕੀ ਹੋ ਗਿਆ ਕੰਜਰਾ, ਜਾਏ-ਖਾਣੇ ਦੀ ਇਕ ਛੱਲੀਓ ਈ ਤਾਂ ਸੀ? ਤੜਕੇ ਘਰੋਂ ਤੁਰਨ ਵੇਲੇ ਜੁਆਕ ਨੇ ਕਹਿ-ਤਾ ਸੀ ਬਈ ਬੇਬੇ ਮੇਰਾ ਭੁੰਨੀ ਹੋਈ ਛੱਲੀ ਖਾਣ ਨੂੰ ਜੀਅ ਕਰਦੈ, ਤਾਂ ਲੈ ਆਈ ਸੀ ਖੇਤੋਂ। ਲੈ ਤੂੰ ਰੱਖ ਲੈ ਇਹ ਛੱਲੀ! ਭਰਦੇ ਆਵਦੇ ਸਰਦਾਰ ਦੇ ਕਾਕਿਆਂ ਦੇ ਢਿੱਡ! ਸਾਡੇ ਜੁਆਕ ਤਾਂ ਭੁੱਖੇ-ਨੰਗੇ ਵੀ ਗੁਜ਼ਾਰਾ ਕਰ ਲੈਣਗੇ ਕਿਵੇਂ ਨਾ ਕਿਵੇਂ!“ ਤੇ ਛੱਲੀ ਵਗਾਹ ਕੇ ਕਰਿੰਦੇ ਦੇ ਪੈਰਾਂ ਵਿਚ ਮਾਰਨ ਤੋਂ ਬਾਅਦ ਜਦ ਉਹ ਤ੍ਰੀਮਤ ਭੀੜ ਵਿਚੋਂ ਬਾਹਰ ਨਿਕਲ ਕੇ ਘਰ ਵੱਲ ਤੁਰ ਪਈ ਸੀ, ਓਦੋਂ ਹੀ ਮੈਨੂੰ ਪਤਾ ਲਗਿਆ ਕਿ ਇਹ ਤਾਂ ਮੇਰੀ ਮਾਂ ਹੈ। ਮੈਨੂੰ ਝੱਟ ਯਾਦ ਆ ਗਿਆ ਕਿ ਮੈਂ ਆਪ ਹੀ ਤਾਂ ਅੱਜ ਤੜਕੇ, ਜਦ ਮਾਂ ਖੇਤ ਨੂੰ ਜਾਣ ਲੱਗੀ ਸੀ, ਉਸ ਨੂੰ ਖੇਤੋਂ ਛੱਲੀ ਲਿਆਉਣ ਲਈ ਕਿਹਾ ਸੀ। ਤੁਸੀਂ ਹੀ ਦੱਸੋ ਇਹੋ-ਜੀਆਂ ‘ਝਾਕੀਆਂ` ਮਨ ਉਤੋਂ ਮਿੱਟਣ ਵਾਲੀਆਂ ਨੇ ਕਿਤੇ। (ਅੱਖਾਂ ਭਰ ਆਉਂਦੀਆਂ ਹਨ)
ਮਾਂ ਤੋਂ ਮਿਲੇ ਨਾਟਕੀ ਅੰਸ਼
ਹੁਣ : ਮਾਂ ਦੀ ਗੱਲ ਚੱਲੀ ਹੈ ਤਾਂ ਯਾਦ ਆਇਆ ਕਿ ਤੁਸੀਂ ਕਿਤੇ ਕਿਹਾ ਹੈ: ‘‘ਮੈਨੂੰ ਕੁਝ ਨਾਟਕੀ ਅੰਸ਼ ਮੇਰੀ ਮਾਂ ਤੋਂ ਹੀ ਮਿਲੇ।“ ਤੁਹਾਡੇ ਅੰਦਰ ਨਾਟਕ ਦਾ ਬੀਜ ਬੋਣ ਵਾਲੀ ਇਹ ਮਾਂ ਸਮੁੱਚੇ ਤੌਰ `ਤੇ ਕਿਹੋ ਜਹੀ ਸੀ?
ਔਲਖ : ਮੇਰੀ ਮਾਂ ਭਾਵੇਂ ਅਨਪੜ੍ਹ ਸੀ ਪਰ ਸਾਡੇ ਥੁੜ੍ਹਾਂ-ਮਾਰੇ ਤੇ ਅਨਪੜ੍ਹ ਟੱਬਰ ਵਿਚ ਉਹ ਸਭ ਜੀਆਂ ਤੋਂ ਵੱਧ ਸਿਆਣੀ ਸੀ। ਘਰ ਦੀਆਂ ਤੰਗੀਆਂ-ਤੁਰਸ਼ੀਆਂ ਨੂੰ ਜਿੰਨੀ ਸ਼ਿੱਦਤ ਨਾਲ ਉਹ ਮਹਿਸੂਸ ਕਰਦੀ ਸੀ, ਓਨੀ ਸ਼ਿੱਦਤ ਨਾਲ ਪਰਿਵਾਰ ਦਾ ਦੂਜਾ ਕੋਈ ਜੀਅ ਨਈਂ ਸੀ ਕਰਦਾ। ਪਹਿਲੇ ਨੰਬਰ `ਤੇ ਸਾਡੇ ਘਰ ਵਿਚ ਸਭ ਤੋਂ ਵੱਡਾ ਮੇਰਾ ਤਾਇਆ ਸੀ। ਉਸ ਦਾ ਪਹਿਲਾਂ ਵਿਆਹ ਹੋਇਆ ਤਾਂ ਵਿਆਹ ਤੋਂ ਬਾਅਦ ਕੁਝ ਮਹੀਨਿਆਂ ਦੇ ਅੰਦਰ-ਅੰਦਰ ਘਰ
ਵਾਲੀ ਦੀ ਮੌਤ ਹੋ ਗਈ ਸੀ। ਫਿਰ ਦੂਜਾ ਹੋਇਆ ਤਾਂ ਦੂਜੀ ਨਾਲ ਵੀ ਇਹੋ ਭਾਣਾ ਵਰਤਿਆ। ਨਤੀਜੇ ਦੇ ਤੌਰ `ਤੇ ਉਹ ਤਿਆਗੀ-ਜੀ ਬਿਰਤੀ ਵਾਲਾ ਬੰਦਾ ਬਣ ਗਿਆ ਤੇ ਖੇਤਾਂ ਵਿਚ ਹੀ ਮਿੱਟੀ ਨਾਲ ਮਿੱਟੀ ਹੋ ਕੇ ਆਪਣੇ ਨਾਲ ਵਾਪਰੇ ਦੁਖਾਂਤ ਨੂੰ ਭੁੱਲ ਜਾਣ ਦੇ ਜਤਨ ਕਰਨ ਦੇ ਰਾਹ ਪੈ ਗਿਆ ਸੀ। ਘਰ ਦੀ ਕਬੀਲਦਾਰੀ ਨਾਲੋਂ ਉਸ ਨੇ ਆਪਣੇ-ਆਪ ਨੂੰ ਉੱਕਾ ਹੀ ਤੋੜ ਲਿਆ ਸੀ।
ਹੁਣ : ਦੂਜੇ ਨੰਬਰ `ਤੇ ?
ਔਲਖ : ਦੂਜੇ ਨੰਬਰ `ਤੇ ਮੇਰਾ ਬਾਪੂ ਸੀ ਜਿਹੜਾ ਸਿੱਧੜ-ਜਿਹੀ ਬਿਰਤੀ ਵਾਲਾ ਬੰਦਾ ਸੀ। ਉਹ ਘਰ ਦੇ ਕਿਸਾਨੀ ਨਾਲ ਜੁੜੇ ਉਤਲੇ-ਉਤਲੇ, ਮੋਟੇ-ਮੋਟੇ ਤੇ ਸੌਖੇ-ਜੇ ਕੰਮ ਹੀ ਕਰਦਾ ਹੁੰਦਾ ਸੀ। ਵੱਧ ਤੋਂ ਵੱਧ ਡੰਗਰ ਚਾਰ ਲੈਣੇ, ਲੁਹਾਰ-ਤਰਖਾਣ ਕੋਲੋਂ ਖੇਤੀ ਦਾ ਕੋਈ ਸੰਦ-ਸੰਦੇੜਾਂ ਬਣਵਾ ਜਾਂ ਠੀਕ ਕਰਵਾ ਲਿਆਉਣਾ ਤੇ ਘਰ ਦਾ ਮੋਹਰੀ ਹੋਣ ਕਾਰਨ ਪਿੰਡ ਦੇ ਸ਼ਾਹ ਕੋਲੋਂ ਕਰਜ਼ਾ ਚੁੱਕਣਾ ਤੇ ਅੰਗੂਠਾ ਲਾਉਣਾ। ਉਹ ਬਹੁਤਾ ਹੱਡ-ਰੱਖ ਬੰਦਾ ਹੀ ਸੀ। ਤੀਜੇ ਨੰਬਰ `ਤੇ ਮੇਰੀ ਭੂਆ ਦਾ ਪੁੱਤ ਜੰਗੀਰ ਵੀ ਸਾਡੇ ਘਰ ਦਾ ਜੀਅ ਬਣ ਕੇ ਸਾਡੇ ਘਰ ਵਿਚ ਹੀ ਰਹਿੰਦਾ ਸੀ। ਉਹ ਮੇਰੇ ਬਾਪੂ ਨਾਲੋਂ ਵੀ ਵੱਧ ਸਿੱਧੜ ਸੀ। ਉਹ ਖੇਤੀ ਦਾ ਕੰਮ ਕਰਨ ਵਿਚ ਤਾਂ ਪੂਰਾ ਧੂਸ ਸੀ ਪਰ ਦੁਨਿਆਵੀ ਸਿਆਣਪ ਤੋਂ ਉਹ ਉੱਕਾ ਹੀ ਕੋਰਾ ਸੀ।
ਹੁਣ : ਸੁਣਿਆ ਹੈ ਤੁਹਾਡੇ ਘਰ ਵਿਚ ਸਿਰਫ ਤੁਹਾਡਾ ਹੀ ਭਾਗ ਸੀ ਕਿ ਤੁਸੀਂ ਸਕੂਲਾਂ, ਕਾਲਜਾਂ ਦੀਆਂ ਬਰੂਹਾਂ ਲੰਘ ਕੇ ਜਮਾਤਾਂ ਦੀਆਂ ਪੌੜੀਆਂ ਚੜ੍ਹ ਸਕੇ। ਇਹਦੇ ਵੱਡੇ ਕਾਰਨ ਕੀ ਸਨ?
ਔਲਖ : ਸਾਡੇ ਘਰ ਦਾ ਤਾਂ ਕੀ, ਸਾਡੇ ਘਰ ਦੀਆਂ ਦੂਰ ਦੀਆਂ ਰਿਸ਼ਤੇਦਾਰੀਆਂ ਵਿਚ ਵੀ ਕੋਈ ਬੰਦਾ ਊੜਾ-ਆੜਾ ਤੱਕ ਪੜ੍ਹਨ ਨਹੀਂ ਸੀ ਜਾਣਦਾ। ਦੂਜੇ, ਜਾਗੀਰਦਾਰੀ ਦੇ ਬੌਂਦਲਾਏ ਹੋਏ ਸਾਡੇ ਪਿੰਡ ਦੇ ਕਿਸਾਨ ਪਰਿਵਾਰਾਂ ਵਿਚ ਉਂਝ ਹੀ ਬੱਚਿਆਂ ਨੂੰ ਪੜ੍ਹਾਉਣ ਦਾ ਮਾਹੌਲ ਨਹੀਂ ਸੀ। ਇਸ ਲਈ ਪੜ੍ਹਾਈ ਦੇ ਮਹੱਤਵ ਦਾ ਕਿਸੇ ਨੂੰ ਪਤਾ ਹੀ ਨਹੀਂ ਸੀ। ਨਾ ਹੀ 1948 ਤੱਕ ਸਾਡੇ ਪਿੰਡ ਵਿਚ ਕੋਈ ਸਕੂਲ ਸੀ। ਬਾਣੀਆਂ ਦੇ ਪਰਿਵਾਰਾਂ ਦੇ ਪੰਜ-ਚਾਰ ਮੁੰਡੇ ਜ਼ਰੂਰ ਪੜ੍ਹਦੇ ਸੀ ਉਹ ਵੀ ਨੇੜੇ ਦੇ ਮਾਨਸਾ, ਬੁਢਲਾਡਾ ਵਰਗੇ ਕਸਬਿਆਂ ਦੇ ਕਿਸੇ ਰਿਸ਼ਤੇਦਾਰ ਜਾਂ ਜਾਣੂ ਦੇ ਘਰ ਰਹਿ-ਰਹਾ ਕੇ। ਸਕੂਲ ਕਿਥੋਂ ਖੁਲ੍ਹਦਾ? ਜਾਗੀਰਦਾਰਾਂ ਨੇ ਨਾ ਸਾਡੇ ਪਿੰਡ ਵਿਚ ਗੁਰਦੁਆਰਾ ਬਣਨ ਦਿੱਤਾ ਸੀ ਤੇ ਨਾ ਹੀ ਸਕੂਲ।
ਹੁਣ : ਕਿਉਂ?
ਔਲਖ : ਅਖੇ, ‘‘ਜੇ ਗੁਰਦੁਆਰਾ ਬਣ ਗਿਆ ਤਾਂ ਲੋਕ ਗੁਰਦੁਆਰੇ ਵਿਚ ਇਕੱਠੇ ਹੋ ਕੇ ਜਾਗੀਰਦਾਰੀ ਵਿਰੁੱਧ ਸਲਾਹਾਂ-ਮਸ਼ਵਰੇ ਕਰਿਆ ਕਰਨਗੇ ਤੇ ਜੇ ਸਕੂਲ ਖੁੱਲ੍ਹ ਗਿਆ ਤਾਂ ਇਨ੍ਹਾਂ ਦੇ ਮੁੰਡਿਆਂ ਨੂੰ ਅਕਲ ਆ-ਜੂ। ਅਕਲ ਆ-ਗੀ ਤਾਂ ਉਹ ਜਾਗੀਰਦਾਰੀ ਵਿਰੁੱਧ ਲੜਾਈਆਂ ਵਿਢਣ ਦੀਆਂ ਵਿਉਂਤਾਂ ਘੜਨ ਲੱਗ ਪੈਣਗੇ!“
ਹੁਣ : ਫੇਰ ਕਿਵੇਂ ਤੇ ਕਦ ਖੁੱਲ੍ਹਿਆ ਸਕੂਲ ਤੁਹਾਡੇ ਪਿੰਡ ਵਿਚ?
ਔਲਖ : 1948 ਵਿਚ ਪਿੰਡ ਦੇ ਬਾਣੀਆਂ-ਮਹਾਜਨਾਂ ਨੇ ਆਪਸ ਵਿਚ ਸਲਾਹ-ਮਸ਼ਵਰਾ ਕਰ ਕੇ ਆਪਣੇ ਬੱਚਿਆਂ ਦੀ ਪੜ੍ਹਾਈ ਦੀ ਸੌਖ ਖ਼ਾਤਰ ਪਹਿਲਾਂ ਮਾਨਸਾ ਕਸਬੇ ਤੋਂ ਗੋਰਾ ਲਾਲ ਨਾਂ ਦਾ ਮਾਸਟਰ ਲਿਆਂਦਾ ਜਿਸ ਨੇ ਪਿੰਡ ਤੋਂ ਉਜੜ ਕੇ ਗਏ ਮੁਸਲਮਾਨ ਪਰਿਵਾਰ ਦੇ ਸੁੰਨੇ ਪਏ ਘਰ ਵਿਚ ਚੌਥੀ ਜਮਾਤ ਤੱਕ ਦਾ ਪ੍ਰਾਈਵੇਟ ਸਕੂਲ ਚਲਾਇਆ। ਫਿਰ 1949 ਵਿਚ ਸਰਕਾਰ ਨੇ ਸਰਕਾਰੀ ਪ੍ਰਾਇਮਰੀ ਸਕੂਲ ਖੋਲ੍ਹ ਦਿੱਤਾ। ਗੋਰਾ ਲਾਲ ਦੇ ਸਕੂਲ ਵਿਚ ਜੱਟਾਂ ਦੇ ਮੁੰਡਿਆਂ ਵਿਚੋਂ ਤਾਂ ਮੈਂ ਤੇ ਮੇਰੇ ਬਚਪਨ ਦਾ ਦੋਸਤ ਸੁਖਦੇਵ ਇਕ-ਇਕ ਦਿਨ ਹੀ ਗਏ ਤੇ ਗੋਰਾ ਲਾਲ ਹੱਥੋਂ ਕਈ ਮੁੰਡਿਆਂ ਉਤੇ ਪੈਂਦੀ ਕੁੱਟ ਵੇਖ ਕੇ ਅਸੀਂ ਮੁੜ ਕੇ ਉਸ ਦੇ ਸਕੂਲ ਵੱਲ ਮੂੰਹ ਨਾ ਕੀਤਾ। ਫੇਰ ਜਦ ਸਰਕਾਰੀ ਸਕੂਲ ਵਿਚ ਸੁਖਦੇਵ ਦੇ ਘਰਦਿਆਂ ਨੇ ਸੁਖਦੇਵ ਨੂੰ ਸਖ਼ਤਾਈ ਨਾਲ ਭੇਜਣਾ ਸ਼ੁਰੁ ਕਰ ਦਿੱਤਾ ਤਾਂ ਆਪਣੇ ਦੋਸਤ ਸੁਖਦੇਵ ਬਿਨਾਂ ਜੀਅ ਨਾ-ਲੱਗਣ ਕਾਰਨ ਮੈਨੂੰ ਵੀ ਸਕੂਲ ਲੱਗਣਾ ਪਿਆ। ਅਜਿਹਾ ਜਾਣ ਲੱਗਿਆ ਕਿ ਪੜ੍ਹਾਈ ਵਿਚ ਜੀਅ ਲੱਗਣ ਕਾਰਨ ਮੁੜ ਹਟਣ ਨੂੰ ਜੀਅ ਹੀ ਨਾ ਕੀਤਾ। 1952 ਵਿਚ ਮੈਂ ਪਿੰਡ ਦੇ ਸਕੂਲ ਤੋਂ ਚੌਥੀ ਜਮਾਤ ਪਾਸ ਕੀਤੀ। ਉਸ ਵਕਤ ਚੌਥੀ ਜਮਾਤ ਵਿਚ ਦੋ ਹੀ ਵਿਦਿਆਰਥੀ ਸੀ, ਉਹ ਵੀ ਜੱਟਾਂ ਦੇ। ਇਕ ਮੈਂ ਤੇ ਦੂਜਾ ਸੁਖਦੇਵ। ਮੈਂ ਫਸਟ ਆ ਗਿਆ ਤੇ ਸੁਖਦੇਵ ਸੈਕਿੰਡ। ਉਸ ਤੋਂ ਬਾਅਦ ਮੈਂ ਪਿੰਡ ਤੋਂ ਚਾਰ-ਪੰਜ ਕਿਲੋ-ਮੀਟਰ ਦੂਰ ਦੇ ਕਸਬੇ ਭੀਖੀ ਦੇ ਸਰਕਾਰੀ ਹਾਈ ਸਕੂਲ ਵਿਚ ਦਾਖਲ ਹੋ ਕੇ ਉਥੋਂ 1958 ਵਿਚ ਦਸਵੀਂ ਪਾਸ ਕੀਤੀ। ਇਕ ਗੱਲ ਤੁਹਾਨੂੰ ਹੈਰਾਨੀ ਵਾਲੀ ਦੱਸਾਂ? ਮੇਰੇ ਪਿੰਡ ਦੇ ਕਿਸਾਨ ਪਰਿਵਾਰਾਂ ਵਿਚੋਂ ਮੈਂ ਪਹਿਲਾ ਮੁੰਡਾ ਸੀ ਜਿਸ ਨੇ ਦਸਵੀਂ ਕੀਤੀ ਸੀ ਤੇ ਉਹ ਵੀ ਫਸਟ ਡਿਵੀਜ਼ਨ ਵਿਚ। ਭਾਵੇਂ ਮੇਰੀ ਫਸਟ ਡਿਵੀਜ਼ਨ ਸਿਰਫ਼ ਪੰਜ ਨੰਬਰਾਂ ਉਤੇ ਹੀ ਆਈ ਸੀ ਪਰ ਮੇਰੇ ਪਿੰਡ ਦੇ ਕਿਸਾਨ-ਪਰਿਵਾਰਾਂ ਵਿਚ ਇਸ ਦੀ ਇਸ ਤਰ੍ਹਾਂ ਚਰਚਾ ਹੋਈ ਜਿਵੇਂ ਮੈਂ ਸਾਰੇ ਪੰਜਾਬ ਵਿਚੋਂ ਫਸਟ ਆਇਆ ਹੋਵਾਂ! ਪਿੰਡ ਦੀ ਸੱਥ ਵਿਚ ਇਕੱਠ ਕਰ ਕੇ ਉਨ੍ਹਾਂ ਮੈਨੂੰ ਬੁਲਾ ਕੇ ਇਸ ਤਰ੍ਹਾਂ ਸ਼ਾਬਾਸ਼ ਦਿੱਤੀ ਜਿਵੇਂ ਮੈਂ ਸਾਰੀ ਦੁਨੀਆ ਵਿਚ ਪਿੰਡ ਦੇ ਸਾਰੇ ਕਿਸਾਨ-ਘਰਾਂ ਦੀ ‘ਬੱਲੇ-ਬੱਲੇ` ਕਰਵਾ ਦਿੱਤੀ ਹੋਵੇ। ਉਹ ਤਾਂ ਕਦੇ ਸੁਫਨੇ ਵਿਚ ਵੀ ਨਹੀਂ ਸੀ ਸੋਚ ਸਕਦੇ ਕਿ ਜੱਟਾਂ ਦਾ ਮੁੰਡਾ ਵੀ ਐਨਾ ‘ਸਿਆਣਾ` ਹੋ ਸਕਦੈ!?
ਹੁਣ : ਫੇਰ ਦਸਵੀਂ ਤੋਂ ਬਾਅਦ?
ਔਲਖ : ਦਸਵੀਂ ਤੋਂ ਅੱਗੇ ਮੈਂ ਪੜ੍ਹਨਾ ਤਾਂ ਚਾਹੁੰਦਾ ਸੀ ਪਰ ਘਰ ਦੀ ਆਰਥਕ ਹਾਲਤ ਕਾਲਜ ਭੇਜਣ ਵਾਲੀ ਨਹੀਂ ਸੀ। ਪਰ ਮੇਰਾ ਦਿਲ ਅੱਗੇ ਪੜ੍ਹਨ ਨੂੰ ਬਹੁਤ ਕਰ ਰਿਹਾ ਸੀ। ਮੈਂ ਤੇ ਹਾਈ ਸਕੂਲ ਦੀ ਪੜ੍ਹਾਈ ਦੌਰਾਨ ਬਣਿਆ ਮੇਰਾ ਮਿੱਤਰ ਹਾਕਮ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਐਗਰੀਕਲਚਰ ਦੀ ਪੜ੍ਹਾਈ ਕਰਨ ਦੀਆਂ ਗੱਲਾਂ ਵੀ ਕਰਦੇ ਰਹਿੰਦੇ ਸੀ। ਪਰ ਆਪਣੇ ਘਰ ਬਾਰੇ ਸੋਚਦਿਆਂ ਅੱਗੇ ਪੜ੍ਹਨ ਵਾਸਤੇ ਘਰਦਿਆਂ ਨੂੰ ਕਹਿਣ ਦੀ ਮੇਰੀ ਹਿੰਮਤ ਨਹੀਂ ਸੀ ਪੈ ਰਹੀ। ਅਖ਼ੀਰ ਮੇਰੇ ਮਿੱਤਰ ਹਾਕਮ ਨੇ ਇਸ ਬਾਰੇ ਕਿਵੇਂ ਨਾ ਕਿਵੇਂ ਮੇਰੀ ਮਾਂ ਨੂੰ ਮਨਾ ਲਿਆ ਤੇ ਮਾਂ ਨੇ ਪਿੰਡ ਦੀ ਬਣਿਆਣੀ ਤੋਂ ਸੱਤ-ਅੱਠ ਸੌ ਰੁਪਈਆ ਕਰਜ਼ੇ `ਤੇ ਚੁੱਕ ਕੇ ਮੇਰੀ ਜੇਬ ਵਿਚ ਪਾ ਦਿੱਤਾ। ਇਸ ਤਰ੍ਹਾਂ ਅਸੀਂ ਐਗਰੀਕਲਰ ਦੀ ਪੜ੍ਹਾਈ ਕਰਨ ਦੇ ਇਰਾਦੇ ਨਾਲ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਪਹੁੰਚ ਗਏ। ਖ਼ਾਲਸਾ ਕਾਲਜ ਦੇ ਪ੍ਰਿੰਸਪਲ ਨੇ ਸਾਨੂੰ ਐਗਰੀਕਲਚਰ ਵਿਚ ਤਾਂ ਦਾਖ਼ਲਾ ਨਾ ਦਿੱਤਾ ਪਰ ਇਹ ਕਹਿ ਕੇ ਕਿ ਸਾਨੂੰ ਨਾਨ-ਮੈਡੀਕਲ ਵਿਚ ਦਾਖ਼ਲ ਕਰ ਲਿਆ ਕਿ ਜਦ ਕੋਈ ਐਗਰੀਕਲਚਰ ਵਾਲਾ ਵਿਦਿਆਰਥੀ ਐਗਰੀਕਲਚਰ ਛੱਡ ਗਿਆ ਤਾਂ ਪਹਿਲ ਦੇ ਆਧਾਰ `ਤੇ ਸਾਨੂੰ ਹੀ ਨਾਨ-ਮੈਡੀਕਲ ਤੋਂ ਐਗਰੀਕਲਚਰ ਵਿਚ ਤਬਦੀਲ ਕਰ ਦਿੱਤਾ ਜਾਵੇਗਾ। ਪਰ ਜਦ ਕੁਝ ਚਿਰ ਬਾਅਦ ਸਾਨੂੰ ਇਹ ਪਤਾ ਲਗਿਆ ਕਿ ਸਾਡੇ ਤੋਂ ਪਿੱਛੋਂ ਆਏ ਤੇ ਸਾਡੇ ਤੋਂ ਘੱਟ ਨੰਬਰਾਂ ਵਾਲੇ ਮੁੰਡਿਆਂ ਨੂੰ ਐਗਰੀਕਲਚਰ ਵਿਚ ਦਾਖ਼ਲਾ ਦੇ ਦਿੱਤਾ ਗਿਆ ਹੈ ਤਾਂ ਅਸੀਂ ਗੁੱਸੇ ਵਿਚ ਆਪਣੇ ਨਾਂ ਕਟਵਾ ਕੇ ਵਾਪਸ ਘਰਾਂ ਨੂੰ ਆ ਗਏ।
ਹੁਣ : ਪੰਜਾਬ ਦੇ ਪਿੰਡਾਂ ਵਿਚ ਕਿੰਨੇ ਹੀ ਨਿੱਕੇ ਕਿਸਾਨ ਖ਼ੁਦਕੁਸ਼ੀਆਂ ਕਰ ਚੁੱਕੇ ਹਨ ਅਤੇ ਹੋਰ ਕਈ ਇਸ ਰਾਹ ਪਏ ਹੋਏ ਹਨ। ਤੁਹਾਡੇ ਅਨੁਸਾਰ ਇਹ ਕਿਉਂ ਹੋ ਰਿਹਾ ਹੈ ਤੇ ਇਹਦਾ ਕੋਈ ਇਲਾਜ ਵੀ ਹੈ?
ਔਲਖ : ਇਕ ਲੇਖਕ ਹੋਣ ਦੇ ਨਾਤੇ ਮੈਂ ਇਸ ਦਾ ਇਲਾਜ ਤਾਂ ਨਹੀਂ ਦੱਸ ਸਕਦਾ। ਇਹ ਤਾਂ ਸਮਾਜ-ਸ਼ਾਸ਼ਤਰੀਆਂ ਤੇ ਲੋਕ ਪੱਖੀ ਰਾਜਨੀਤੀਵਾਨਾਂ ਦਾ ਮੁੱਖ ਕਾਰਜ ਹੈ। ਸਾਹਿਤ ਵਿਚੋਂ ਤਾਂ ਇਸ ਦੇ ਇਸ਼ਾਰੇ ਹੀ ਮਿਲ ਸਕਦੇ ਹਨ। ਅੱਜ ਪੰਜਾਬ ਦੀ ਅਜੋਕੀ ਕਿਸਾਨੀ ਵਿਚ ਬੇਹੱਦ ਬੇਚੈਨੀ ਹੈ। ਜ਼ਿੰਦਗੀ ਨਾਲ ਜੁੜੇ 1977 ਵਿਚ ਲਿਖੇ ਮੇਰੇ ਨਾਟਕ ‘ਬਗਾਨੇ ਬੋਹੜ ਦੀ ਛਾਂ` ਵਿਚ ਮੈਂ ਇਹੋ ਕਲਾਤਮਕ ਇਸ਼ਾਰਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਸਾਨੀ ਦੀ ਇਸ ਬੇਚੈਨੀ ਨੂੰ ਜੇ ਕਿਸੇ ਵੱਡੇ ਇਨਕਲਾਬੀ ਉਦੇਸ਼ ਲਈ ਨਾ ਵਰਤਿਆ ਗਿਆ ਤਾਂ ਇਹ ਜਾਂ ਤਾਂ ਅਪਣਿਆਂ ਦਾ ਹੀ ਸਿਰ
ਪਾੜਨ ਵਿਚ ਲੱਗੀ ਰਹੇਗੀ ਜਾਂ ਫਿਰ ਨਸ਼ਿਆਂ ਦੇ ਰਾਹ ਪੈ ਕੇ ਭਟਕਣ ਤੇ ਰਾਹ ਪੈ ਜਾਵੇਗੀ। ਨਾਟਕ ਦੇ ਅਖੀਰ ਵਿਚ ਕਿਸਾਨੀ ਪਰਿਵਾਰ ਦੀ ਗੈਰਤ ਜਵਾਨੀ ਜਦ ਬਿਨਾਂ ਕਿਸੇ ਇਨਕਲਾਬੀ ਸੂਝ ਦੇ ਡਾਂਗਾਂ-ਗੰਡਾਸੇ ਚੁੱਕ ਕੇ ‘ਵੱਡਿਆਂ ਬੰਦਿਆਂ ਨਾਲ ਟੱਕਰ ਲੈਣ` ਲਈ ਨਿਕਲਣ ਲਗਦੀ ਹੈ ਤਾਂ ਉਸ ਸਮੇਂ ਮੈਂ ਇਹ ਅਰਥ-ਧੁਨੀ ਪੈਦਾ ਕਰਨ ਦਾ ਜਤਨ ਕੀਤਾ ਸੀ ਕਿ ਕਿਸਾਨੀ ਦੀ ਬੇਚੈਨੀ ਵਿਚੋਂ ਪੈਦਾ ਹੋਏ ਇਸ ਰੋਹ ਨੂੰ ਤਰਕਸੰਗਤ ਸੇਧ ਦੇ ਕੇ ਸੰਘਰਸ਼ ਦੇ ਰਾਹ ਪਾਇਆ ਜਾਵੇ। ਕਿਸਾਨ ਹਿਤੈਸ਼ੀ ਸੰਘਰਸ਼ ਦੇ ਬਦਲ ਦੀ ਅਣਹੋਂਦ ਵਿਚ ਅੱਜ ਕਿਸਾਨੀ ਨਸ਼ਿਆਂ ਦੇ ਲੜ ਲੱਗ
ਰਹੀ ਹੈ, ਸਾਧਾਂ-ਸੰਤਾਂ ਦੇ ਡੇਰਿਆਂ ਕੋਲ ਪੁੱਜ ਕੇ ਨਿਜਾਤ ਦਾ ‘ਰਾਹ` ਲੱਭਣ ਦੀ ਭਟਕਣ ਵਿਚ ਪਈ ਹੋਈ ਹੈ ਤੇ ਖ਼ੁਦਕੁਸ਼ੀਆਂ ਦੇ ਰਾਹ ਪੈ ਰਹੀ ਹੈ। ਸੋ ਸਹੀ ਇਲਾਜ, ਮੇਰੀ ਜਾਚੇ, ਕਿਸਾਨੀ ਨੂੰ ਤਿੱਖੇ ਸੰਘਰਸ਼ ਦੇ ਰਾਹ ਉਤੇ ਪਾਉਣ ਵਿਚ ਹੀ ਹੈ।
ਹੁਣ : ਛਪਣਾ ਕਦ ਦਿੱਤਾ ਸੀ?
ਔਲਖ : ਜੂਨ 1997 ਤੱਕ ਨਾਟਕ ‘ਝਨਾਂ ਦੇ ਪਾਣੀ` ਦੀਆਂ ਮੈਂ ਕੋਈ ਡੇਢ ਦਰਜਨ ਪੇਸ਼ਕਾਰੀਆਂ ਮੁਕੰਮਲ ਕਰ ਲਈਆਂ ਸੀ। ਇਨ੍ਹਾਂ ਪੇਸ਼ਕਾਰੀਆਂ ਦੌਰਾਨ ਮੈਂ ਇਸ ਦੀਆਂ ਰੰਗਮੰਚੀ ਕਮੀਆਂ-ਪੇਸ਼ੀਆਂ ਜਿੰਨੀਆਂ ਕੁ ਦੂਰ ਕਰ ਸਕਦਾ ਸੀ ਉਹ ਦੂਰ ਕਰ ਕੇ, ਅਗਸਤ `97 ਵਿਚ ਲੋਕ-ਗੀਤ ਪ੍ਰਕਾਸ਼ਨ ਚੰਡੀਗੜ੍ਹ ਨੂੰ ਪ੍ਰਕਾਸ਼ਨ ਹਿਤ ਦੇ ਦਿੱਤਾ ਸੀ ਤੇ ਨਾਲ ਹੀ ਇਸ ਦੀਆਂ ਪੇਸ਼ਕਾਰੀਆਂ ਦੇਣੀਆਂ ਸ਼ੁਰੁ ਕਰ ਰੱਖੀਆਂ ਸੀ। ਇਹ ਨਾਟਕ ਮੈਂ ਆਪਣੇ ਮਰਹੂਮ ਮਿੱਤਰ ਸ਼ਾਇਰ ਜੋਗਾ ਸਿੰਘ ਦੀ ਧੀ ਰੇਸ਼ਮਾ ਨੂੰ ਉਸ ਦੇ 23 ਨਵੰਬਰ 1997 ਨੂੰ ਨਿਸ਼ਚਿਤ ਕੀਤੇ ਵਿਆਹ ਦੇ ਸ਼ਗਨਾਂ ਵਾਲੇ ਮੌਕੇ `ਤੇ ਤੋਹਫੇ ਦੇ ਰੂਪ ਵਿਚ ਦੇਣਾ ਚਾਹੁੰਦਾ ਸੀ। ਇਸ ਕਾਰਨ ਹੀ ਇਸ ਦੇ ਸਮਰਪਣ ਵਾਲੇ ਪੰਨੇ ਉਤੇ ਇਹ ਸ਼ਬਦ ਲਿਖੇ ਸਨ-‘‘ਇਹ ਤੋਹਫਾ ਦੋਸਤ ਜੋਗਾ ਸਿੰਘ ਦੀ ਜ਼ਹੀਨ ਤੇ ਸਿਆਣੀ ਧੀ ਚਰਨ ਰੇਸ਼ਮਾ ਨੂੰ ਜ਼ਿੰਦਗੀ ਦੇ ਅਤੀ ਹੁਸੀਨ ਦੌਰ ਵਿਚ ਪਰਵੇਸ਼ ਕਰਨ ਦੇ ਮੌਕੇ `ਤੇ!“ ਪਰ ਅਫਸੋਸ! ਵਿਆਹ ਤੋਂ ਕਿੰਨਾ ਚਿਰ ਪਹਿਲਾਂ ਛਪਣ ਲਈ ਦਿੱਤਾ ਇਸ ਨਾਟਕ ਦਾ ਖਰੜਾ 23 ਨਵੰਬਰ 1997 ਵਾਲੇ ਉਸ ਹਸੀਨ ਦਿਨ ਤੱਕ ਛਪ ਕੇ ਮੇਰੇ ਪਾਸ ਪਹੁੰਚ ਨਾ ਸਕਿਆ। ਲੋਕ-ਗੀਤ ਪ੍ਰਕਾਸ਼ਨ ਵਾਲੇ ਦੋਸਤ ਕਹਿੰਦੇ, ‘‘ਨਾਟਕ ਛਪ ਤਾਂ ਸਮੇਂ ਸਿਰ ਗਿਆ ਸੀ ਪਰ ਜਦੋਂ ਜਲੰਧਰ ਤੋਂ ਛਪੇ ਨਾਟਕ ਦੀਆਂ ਭਰੀਆਂ ਦੋ ਬੋਰੀਆਂ ਰਿਕਸ਼ੇ ਵਾਲਾ ਜਲੰਧਰ ਦੇ ਰੇਲਵੇ ਸਟੇਸ਼ਨ ਵੱਲ ਲਿਆ ਰਿਹਾ ਸੀ ਤਾਂ ਬੋਰੀਆਂ ਕਿਤੇ ਰਾਹ ਵਿਚ ਡਿਗ-ਡੁਗ ਪਈਆਂ।“
ਹੁਣ : ਬੋਰੀਆਂ ਐਂ ਕਿਵੇਂ ਡਿਗ ਪਈਆਂ? ਰਿਕਸ਼ੇ ਵਾਲੇ ਨੂੰ ਪਤਾ ਨਾ ਲੱਗਿਆ?
ਔਲਖ : ਜਦ ਸਿਆਣੇ-ਬਿਆਣੇ ਪ੍ਰਕਾਸ਼ਕ ਨੇ ਕਹਿ ਹੀ ਦਿੱਤਾ ਕਿ ਡਿਗ ਪਈਆਂ। ਆਪਾਂ ਮੰਨ ਲਿਆ। ਕਹਾਣੀ ਖ਼ਤਮ!
ਹੁਣ: ਰੂਸ ਵਿਚੋਂ ਸਤਾਰਾਂ ਦੇ ਇਨਕਲਾਬ ਨਾਲ ਚੱਲੀ ਅਗਾਂਹਵਧੂ ਲਹਿਰ ਨੂੰ, ਜਿਸ ਦੀ ਤੁਸੀਂ ਪੈਦਾਵਰ ਆਖੇ ਜਾ ਸਕਦੇ ਹੋ, ਸੰਸਾਰ ਪੱਧਰ `ਤੇ ਕਈ ਝਟਕੇ ਲੱਗ ਚੁੱਕੇ ਹਨ। `ਕੱਲੇ ਪੰਜਾਬ ਵਿਚ ਹੀ ਪਹਿਲਾਂ ਦੋ ਪਾਰਟੀਆਂ ਹੋਈਆਂ, ਫੇਰ ਨਕਸਲਬਾੜੀ ਲਹਿਰ ਚੱਲੀ, ਹੁਣ ਰੂਸੀ ਪ੍ਰਬੰਧ ਦਾ ਢਹਿ-ਢੇਰੀ ਹੋਣਾ ਤੇ ਵਿਸ਼ਵੀਕਰਣ ਦਾ ਤੇਜ਼ ਹੋਣਾ, ਇਨ੍ਹਾਂ ਸਭ ਤਬਦੀਲੀਆਂ ਦਾ ਤੁਹਾਡੇ ਅਤੇ ਤੁਹਾਡੀ ਕਲਾ ਉੱਤੇ ਕੀ ਅਸਰ ਹੋਇਆ?
ਔਲਖ: ਜਿਵੇਂ ਪਹਿਲਾਂ ਹੀ ਕਿਹਾ ਹੈ ਕਿ ਸਿਆਸਤ ਉਤੇ ਮੇਰੀ ਉਸ ਤਰ੍ਹਾਂ ਦੀ ਪੱਕੜ ਨਹੀਂ ਜਿਸ ਤਰ੍ਹਾਂ ਦੀ ਇਕ ਸੁਲਝੇ ਹੋਏ ਸਿਆਸਤਦਾਨ ਦੀ ਹੁੰਦੀ ਹੈ। ਹਾਂ, ਮੁੱਢ ਤੋਂ ਹੀ ਕਮਿਉਨਿਸਟ ਵਿਚਾਰਧਾਰਾ ਤੇ ਵੱਖ-ਵੱਖ ਕਮਿਉਨਿਸਟ ਪਾਰਟੀਆਂ ਵੱਲੋਂ ਛੇੜੀਆਂ ਸੰੰਘਰਸ਼ੀ ਲਹਿਰਾਂ ਤੋਂ ਪ੍ਰਭਾਵਤ ਹੋਣ ਸਦਕਾ ਮੈਂ ਕਮਿਉਨਿਸਟ ਪਾਰਟੀਆਂ ਤੇ ਕਮਿਉਨਿਸਟ ਦੇਸ਼ਾਂ ਨਾਲ ਜੁੜੇ ਵਰਤਾਰਿਆਂ ਨੂੰ ਸੰਵੇਦਨਸ਼ੀਲ ਲੇਖਕ ਦੇ ਰੂਪ ਵਿਚ ਜ਼ਰੂਰ ਵੇਖਦਾ-ਪਰਖਦਾ ਆਇਆ ਹਾਂ। ਪਹਿਲਾਂ ਲਾਲ ਪਾਰਟੀ ਵੱਲੋਂ ਚਲਾਈ ਮੁਜਾਰਾ-ਲਹਿਰ, ਫਿਰ ਕਮਿਉਨਿਸਟ ਪਾਰਟੀ ਵੱਲੋਂ ਖ਼ੁਸ਼ਹੈਸੀਅਤ ਟੈਕਸ ਵਿਰੋਧੀ ਵਿੱਢਿਆ ਮੋਰਚਾ, 1962 ਦੀ ਹਿੰਦ-ਚੀਨ ਲੜਾਈ ਸਮੇਂ ਬਾਅਦ ਵਿਚ ਅੱਡ ਹੋਈ ਮਾਰਕਸਵਾਦੀ ਪਾਰਟੀ ਦੇ ਧੜੇ ਦੇ ਚੀਨ-ਪੱਖੀ ਲਏ ਸਟੈਂਡ, ਫੇਰ 1967 ਵਿਚ ਉਪਜੀ ਨਕਸਲੀ ਲਹਿਰ, ਫਿਰ ਚੀਨ ਵੱਲੋਂ ਰੂਸ ਵਾਂਗ ਸਰਮਾਏਦਾਰੀ ਰਾਹ ਆਪਣਾਉਣਾ ਤੇ ਅੱਜਕੱਲ੍ਹ ਮਾਉਵਾਦੀਆਂ ਵੱਲੋਂ ਛੱਤੀਸਗੜ੍ਹ ਤੇ ਹੋਰ ਸੂਬਿਆਂ ਦੇ ਗਰੀਬ ਆਦੀਵਾਸੀਆਂ ਦੇ ਹੱਕ ਵਿਚ ਕੀਤੇ ਜਾ ਰਹੇ ਘੋਲ, ਇਨ੍ਹਾਂ ਸਾਰੇ ਵਰਤਾਰਿਆਂ ਨਾਲ ਸਹਿਤਕਾਰ ਤੇ ਮਾਰਕਸਵਾਦੀ ਚਿੰਤਕ ਹੋਣ ਦੇ ਨਾਤੇ ਮੇਰੀ ਦਿਲੀ ਹਮਦਰਦੀ ਰਹੀ ਹੈ ਤੇ ਅੱਜ ਵੀ ਹੈ। ਜਦੋਂ ਤੋਂ ਰੂਸ ਦੀ ਵਾਗ-ਡੋਰ ਖ਼ਰੁਸ਼ਚੋਵ ਤੇ ਉਸ ਦੇ ਗਰੁੱਪ ਦੇ ਹੱਥ ਵਿਚ ਆ ਗਈ ਸੀ, ਓਦੋਂ ਤੋਂ ਹੀ ਮੈਨੂੰ ਉਨ੍ਹਾਂ ਵਿਚਾਰਵਾਨਾਂ ਦੀ ਸੋਚ ਸਹੀ ਲੱਗਣ ਲੱਗ ਪਈ ਸੀ ਜਿਹੜੇ ਕਹਿੰਦੇ ਸੀ ਕਿ ਰੂਸ ਨੇ ਸਮਾਜਵਾਦੀ ਮਾਰਗ ਛੱਡ ਕੇ ਸਰਮਾਏਦਾਰੀ ਰਾਹ ਅਖ਼ਤਿਆਰ ਕਰ ਲਿਆ ਹੈ। ਤੇ ਬਾਅਦ ਦੀਆਂ ਘਟਨਾਵਾਂ ਨੇ ਇਹ ਸਹੀ ਵੀ ਸਿੱਧ ਕਰ ਦਿੱਤਾ ਸੀ। ਇਸ ਵਰਤਾਰੇ ਨੇ ਸਿਰਫ਼ ਸੰਸਾਰ ਪੱਧਰ `ਤੇ ਹੀ ਨਹੀਂ, ਸਾਡੇ ਆਪਣੇ ਦੇਸ਼ ਵਿਚ ਵੀ ਇਨਕਲਾਬੀ ਕਮਿਉਨਿਸਟ ਲਹਿਰ ਨੂੰ ਬੜੇ ਪਿਛਾਂਹ-ਖਿਚੂ ਝਟਕੇ ਦਿੱਤੇ। ਪਰ ਇਸ ਦੇ ਬਾਵਜੂਦ ਕਿ ਰੂਸ ਨੇ ਸੋਧਵਾਦੀ ਰਾਹ ਅਖ਼ਤਿਆਰ ਕਰ ਲਿਆ ਸੀ ਤੇ ਇਸ ਸਦਕਾ ਉਸ ਦਾ ਸੋਧਵਾਦੀ ਢਾਂਚਾ ਤਹਿਸ-ਨਹਿਸ ਹੋ ਗਿਆ ਸੀ, ਮੈਂ ਸੋਚਦਾ ਹਾਂ ਕਿ ਜੇ ਰੂਸ ਦਾ ਸੋਧਵਾਦੀ ਮੂੰਹ-ਮੁਹਾਂਦਰਾ ਵੀ ਬਣਿਆ ਰਹਿੰਦਾ ਤਾਂ ਵੀ ਰੂਸ ਅਤੇ ਅਮਰੀਕੀ ਸਾਮਰਾਜ ਦੇ ਆਪਣੇ ਹਿੱਤਾਂ ਦੇ ਟਕਰਾਵਾਂ ਕਾਰਨ ਉਸ ਨੇ ਵਿਰੋਧੀ ਬਲਾਕ ਦੇ ਰੂਪ ਵਿਚ ਵਿਸ਼ਵ-ਤਾਕਤ ਵੀ ਬਣਿਆ ਰਹਿਣਾ ਸੀ। ਇਸ ਸਦਕਾ ਅਮਰੀਕਨ ਸਾਮਰਾਜ ਨੇ ਅੱਜ ਉਹ ਤਬਾਹੀ ਮਚਾਉਣ ਤੋਂ ਝਿਜਕਦੇ ਰਹਿਣਾ ਸੀ, ਜਿਹੜੀ ਉਹ ਬਿਨਾਂ ਕਿਸੇ ਰੋਕ, ਬਿਨਾਂ ਕਿਸੇ ਭੈਅ ਦੇ ਅੱਜ ਮਚਾਈ ਜਾ ਰਿਹਾ ਹੈ ਤੇ ਸਾਡੇ ਮੁਲਕ ਦੀ ਸਰਮਾਏਦਾਰਾਂ ਦੀ ਸਰਕਾਰ ਦਿਨ-ਬ-ਦਿਨ ਉਸ ਮੂਹਰੇ ਗੋਡੇ ਟੇਕਦੀ ਤੁਰੀ ਜਾ ਰਹੀ ਹੈ।
ਹੁਣ : ਕੀ ਜ਼ਮੀਨ ਦੀ ਥੁੜ੍ਹ ਕਾਰਨ ਹੀ ਪੰਜਾਬੀ ਨੌਜਵਾਨਾਂ ਨੇ ਪ੍ਰਦੇਸਾਂ ਵੱਲ ਵਹੀਰਾਂ ਘੱਤੀਆਂ ਹੋਈਆਂ ਹਨ ਜਾਂ ਇਹਦੇ ਕੋਈ ਹੋਰ ਕਾਰਨ ਵੀ ਹਨ?
ਔਲਖ: ਨਹੀਂ, ਮੇਰੇ ਖਿਆਲ ਵਿਚ ‘ਪਰਦੇਸਾਂ ਵੱਲ ਵਹੀਰਾਂ ਘੱਤਣ` ਦਾ ਮੁੱਖ ਕਾਰਨ ਜ਼ਮੀਨ ਦੀ ਥੁੜ੍ਹ ਨਹੀਂ। ਪਰਦੇਸਾਂ ਨੂੰ ਜਾਣ ਵਾਲਿਆਂ ਵਿਚ ਬਹੁਤੀ ਗਿਣਤੀ ਉਨ੍ਹਾਂ ਨੌਜਵਾਨਾਂ ਦੀ ਐ ਜਿਹੜੇ ਇਧਰ ਪੰਜਾਬ ਵਿਚ ਚੰਗੀ ਰੋਟੀ ਖਾਣ ਵਾਲੇ ਪਰਿਵਾਰਾਂ ਦੇ ਨੌਜਵਾਨ ਹਨ। ਪਿਛੇ ਜਿਹੇ ਜਦੋਂ ਮੈਂ ਕਨੇਡਾ ਗਿਆ ਸੀ ਤਾਂ ਮੈਂ 15-20 ਨੌਜਵਾਨਾਂ ਨੂੰ ਮਿਲਿਆ ਸੀ। ਉਨ੍ਹਾਂ ਵਿਚੋਂ ਇਕ-ਦੋ ਤੋਂ ਬਿਨਾਂ ਕੋਈ ਵੀ ਅਜਿਹੇ ਪਰਿਵਾਰ ਦਾ ਨਹੀਂ ਸੀ ਜਿਹੜਾ ਇਧਰ ਪੰਜਾਬ ਵਿਚ ਰੱਜਵੀਂ ਰੋਟੀ ਨਾ ਖਾਂਦਾ ਹੋਵੇ। ਬਾਹਰ ਜਾਣ ਵਾਲਿਆਂ ਵਿਚ ਥੋੜ੍ਹੀ ਜ਼ਮੀਨ ਵਾਲਿਆਂ ਦਾ ਤਾਂ ਬਹੁਤ ਹੀ ਛੋਟਾ ਤੇ ਨਿਗੂਣਾ ਜਿਹਾ ਹਿੱਸਾ ਹੈ। ਤੇ ਏਜੰਟਾਂ ਦੇ ਜਾਲ਼ਾਂ ਵਿਚ ਵੀ ਬਹੁਤੇ ਇਹ ਹੀ ਫਸਦੇ ਹਨ। ਕੋਈ ਸਮਾਂ ਸੀ ਜਦ ਪੰਜਾਬੀ ਆਰਥਕ-ਥੁੜ੍ਹਾਂ ਦੇ ਝੰਬੇ ਪਰਦੇਸਾਂ ਵੱਲ ਮੂੰਹ ਕਰਨ ਲਈ ਮਜਬੂਰ ਹੁੰਦੇ ਸੀ। ਹੁਣ ਤਾਂ ਬਹੁਤੇ ਲੋਕ ‘ਚੰਗਾ ਪੈਸਾ` ਕਮਾਉਣ ਦੀ ਲਾਲਸਾ-ਵਸ ਭੇਡ-ਚਾਲ ਦਾ ਸ਼ਿਕਾਰ ਹੀ ਹੋ ਰਹੇ ਹਨ। ਚੰਗੇ-ਚੰਗੇ ਘਰਾਂ ਦੇ ਲੋਕ ਆਪਣੀਆਂ ਧੀਆਂ ਮਹਿਜ਼ ਇਸ ਕਰ ਕੇ ਖ਼ੁਦਗਰਜ਼ ਤੇ ਸ਼ੈਤਾਨ ਵਿਦੇਸ਼ੀ ਬੰਦਿਆਂ ਨਾਲ ਨੂੜ ਰਹੇ ਹਨ ਕਿਉਂਕਿ ਇਸ ਬਹਾਨੇ ਉਹ ਆਪਣੇ ਮੁੰਡਿਆਂ ਨੂੰ ਕਨੇਡਾ, ਆਸਟ੍ਰੇਲੀਆ ਜਾਂ ਅਮਰੀਕਾ-ਇੰਗਲੈਂਡ ਭੇਜ ਸਕਣਗੇ। ਇਸ ਅਮਲ ਨੇ ਪੰਜਾਬੀ ਸਮਾਜ ਵਿਚ ਨੈਤਿਕਤਾ ਪੱਖੋਂ ਬੜਾ ਨਿਘਾਰ ਲਿਆਂਦਾ ਹੈ।
ਹੁਣ : ਨਾਟਕੀ ਵਾਰਤਾਲਾਪ ਵਿਚ ਗਾਲ਼੍ਹਾਂ ਦੀ ਵਰਤੋਂ ਕਿੰਨੀ ਕੁ ਉਚਿਤ ਹੈ?
ਔਲਖ : ਮੇਰੇ ਨਾਟਕਾਂ ਦੇ ਬਹੁਤੇ ਪਾਤਰ ਅਜਿਹੇ ਹਨ ਜਿਹੜੇ ਤਰ੍ਹਾਂ-ਤਰ੍ਹਾਂ ਦੀਆਂ ਆਰਥਕ, ਰਾਜਨੀਤਕ ਤੇ ਸਮਾਜਕ ਪ੍ਰੇਸ਼ਾਨੀਆਂ ਵਿਚ ਘਿਰੇ ਹੋਏ ਹਨ। ਨਾਟਕਾਂ ਵਿਚ ਮੈਂ ਗਾਲ਼ਾਂ ਉਨ੍ਹਾਂ ਤੋਂ ਇਸ ਲਈ ਨਹੀਂ ਕਢਵਾਉਂਦਾ ਕਿ ਇਸ ਤਰ੍ਹਾਂ ਕਰਨ ਨਾਲ ਦਰਸ਼ਕਾਂ ਨੂੰ ਮੇਰੇ ਨਾਟਕ ਚੰਗੇ ਲੱਗਣਗੇ, ਉਨ੍ਹਾਂ ਨੂੰ ਕਿਸੇ ਕਿਸਮ ਦਾ ‘ਮਨੋਰੰਜਨ` ਮਿਲੇਗਾ। ਤੰਗੀਆਂ-ਤੁਰਸ਼ੀਆਂ ਦੇ ਸਤਾਏ ਉਹ ਇਹ ਗਾਲ਼ਾਂ ਕੱਢੇ ਬਗੈਰ ਰਹਿ ਹੀ ਨਹੀਂ ਸਕਦੇ। ਮੇਰੇ ਨਾਟਕਾਂ ਵਿਚਲੀਆਂ ਗਾਲ਼ਾਂ ਉਤੇ ਮਿਡਲ ਕਲਾਸ ਦੇ ਹਿਪੋਕਰੈਟ, ਸਫੈਦਪੋਸ਼ੀ ਕਿਸਮ ਦੇ ਲੋਕ ਤੇ ਆਲੋਚਕ ਹੀ ਨੱਕ ਚੜ੍ਹਾਉਂਦੇ ਹਨ, ਉਹ ਲੋਕ ਨਹੀਂ ਜਿਨ੍ਹਾਂ ਦੇ ਮੂੰਹੋਂ ਮੈਂ ਇਹ ਗਾਲ਼ਾਂ ਕਢਵਾਉਂਦਾ ਹਾਂ। ਨਾ ਹੀ ਉਹ ਇਸ ਨੂੰ ਮਹਿਜ਼ ਹਲਕੇ ਮਨੋਰੰਜਨ ਦੇ ਰੂਪ ਵਿਚ ਲੈਂਦੇ ਹਨ। ਉਨ੍ਹਾਂ ਨੇ ਤਾਂ ਸਗੋਂ ਕਈ ਵਾਰ ਮੇਰੇ ਕੋਲ ਇਹ ਗਿਲਾ ਕੀਤਾ ਹੈ, ‘‘ਬਹੁਤ ਨਰਮ ਗਾਲ੍ਹ ਕਢਵਾਈ ਐ ਭਾਈ ਤੂੰ ਆਪਣੇ ਨਾਟਕ ਵਿਚ! ਇਨ੍ਹਾਂ ਨੂੰ ਤਾਂ ਹੋਰ ਕਰਾਰੀਆਂ-ਕਰਾਰੀਆਂ ਸੁਣਾਉਣੀਆਂ ਚਾਹੀਦੀਆਂ ਸੀ!“ ਗਾਲ਼੍ਹਾਂ ਜੇ ਨਾਟਕੀ ਸਥਿਤੀ ਦੇ ਅਨੁਕੂਲ, ਸਹੀ ਪਰਿਪੇਖ ਤੇ ਸਹੀ ਆਰਥਕ-ਸਮਾਜਕ ਤੇ ਸਭਿਆਚਾਰਕ ਪ੍ਰਮੰਗ ਦੇ ਮੁਤਾਬਕ ਕਢਵਾਈਆਂ ਜਾਣ ਤਾਂ ਉਹ ਹਲਕੇ ਮਨੋਰੰਜਨ ਦੀ ਥਾਂ ਜੀਵਨ
ਦੇ ਕਿਸੇ ਕਰੂਰ ਸੱਚ ਨੂੰ ਸਾਡੇ ਸਾਹਮਣੇ ਰੂਪਮਾਨ ਕਰਨ ਵਿਚ ਸਹਾਈ ਸਿੱਧ ਹੁੰਦੀਆਂ ਹਨ। ਸ਼ੈਕਸਪੀਅਰ, ਬਰੈਖ਼ਤ ਵਰਗੇ ਨਾਟਕਕਾਰਾਂ ਨੇ ਵੀ ਆਪਣੇ ਪਾਤਰਾਂ ਦੇ ਮੂੰਹੋਂ ਗਾਲ਼੍ਹਾਂ ਕਢਵਾਈਆਂ ਹਨ ਤੇ ਸਾਡੇ ਨਾਮਵਰ ਨਾਵਲਕਾਰ ਗੁਰਦਿਆਲ ਸਿੰਘ ਨੇ ਵੀ ਆਪਣੇ ਨਾਵਲਾਂ ਵਿਚਲੇ ਪਾਤਰਾਂ ਦੇ ਮੂੰਹੋਂ। ਨਾਲੇ ਮੇਰੇ ਸਾਰੇ ਨਾਟਕਾਂ ਵਿਚ ਗਾਲ਼ਾਂ ਨਹੀਂ। ਉਨ੍ਹਾਂ ਗਿਣਤੀ ਦੇ ਇਕ-ਦੋ ਨਾਟਕਾਂ ਵਿਚ ਹੀ ਹਨ ਜਿਥੇ ਸਥਿਤੀਆਂ ਨੇ ਇਨ੍ਹਾਂ ਦੀ ਮੰਗ ਕੀਤੀ ਹੈ।
ਹੁਣ : ਤੁਹਾਡੇ ਮਲਵਈ ਵਾਰਤਾਲਾਪ ਤੁਹਾਡੇ ਨਾਟਕਾਂ ਦਾ ਦਾਇਰਾ ਬੇਹੱਦ ਸੀਮਤ ਨਹੀਂ ਕਰ ਦਿੰਦੇ? ਪੰਜਾਬੀ ਭਾਸ਼ਾ ਦਾ ਦਾਇਰਾ ਤਾਂ ਪਹਿਲਾਂ ਹੀ ਬਹੁਤ ਸੀਮਤ ਹੈ ਤੇ ਅੱਗੋਂ ਤੁਹਾਡੇ ਨਾਟਕਾਂ ਦੇ ਵਾਤਾਲਾਪ ਇਕ ਉਪਭਾਸ਼ਾ ਤੱਕ ਹੀ ਸਿਮਟ ਕੇ ਰਹਿ ਜਾਂਦੇ ਹਨ। ਕਿ ਨਹੀਂ?
ਔਲਖ : ਨਹੀਂ, ੳਲ਼ਟਾ ਮੇਰਾ ਮੰਨਣਾ ਹੈ ਕਿ ਮੇਰੇ ਨਾਟਕਾਂ ਦਾ ਦਾਇਰਾ ਚੌੜਾ ਕਰਨ ਵਿਚ ਮੇਰੇ ਨਾਟਕਾਂ ਦੇ ਹੋਰ ਲੱਛਣਾਂ ਦੇ ਨਾਲ-ਨਾਲ ਇਸ ਲੱਛਣ ਦਾ ਵੀ ਬੜਾ ਭਾਰੀ ਹੱਥ ਹੈ। ਜੇ ਕੰਵਲ ਸਾਹਿਬ ਤੇ ਗੁਰਦਿਆਲ ਸਿੰਘ ਜੀ ਦੀ ਮਲਵਈ ਭਾਸ਼ਾ ਨੇ ਉਨ੍ਹਾਂ ਦੇ ਨਾਵਲਾਂ ਦਾ ਦਾਇਰਾ ਤੰੰਗ ਨਹੀਂ ਕੀਤਾ ਤਾਂ ਮੇਰੇ ਨਾਟਕਾਂ ਵਿਚਲੇ ਮਲਵਈ ਵਾਰਤਾਲਾਪਾਂ ਨੇ ਮੇਰੇ ਨਾਟਕਾਂ ਦਾ ਦਾਇਰਾ ਕਿਵੇਂ ਤੰਗ ਕਰ ਦਿੱਤਾ? ਜੇ ਕੋਈ ਲੇਖਕ ਪੰਜਾਬੀ ਭਾਸ਼ਾ ਦੀ ਕਿਸੇ ਉਪਭਾਸ਼ਾ ਦੀ ਵਰਤੋਂ ਕਰਦਾ ਹੈ ਤਾਂ ਇਹਦਾ ਮਤਲਬ ਇਹ ਨਹੀਂ ਕਿ ਪੰਜਾਬੀ ਦੇ ਬਾਕੀ ਉਪ-ਭਾਸ਼ਾਈ ਖਿੱਤੇ ਉਸ ਲੇਖਕ ਦੀਆਂ ਰਚਨਾਵਾਂ ਨੂੰ ਸਮਝਦੇ ਹੀ ਨਹੀਂ। ਇਸ ਨਾਲ ਤਾਂ ਸਗੋਂ ਪੰਜਾਬੀ ਦੀ ਇਕ ਵੰਨਗੀ ਦੀ ਵੱਖਰੀ ਖ਼ੁਸ਼ਬੋ ਉਨ੍ਹਾਂ ਨੂੰ ਮਿਲਦੀ ਹੈ ਜਿਹੜੀ ਦੂਜੇ ਖਿੱਤੇ ਵਾਲੇ ਪਾਠਕਾਂ ਤੇ ਦਰਸ਼ਕਾਂ ਨੂੰ ਹੋਰ ਵੀ ਪਿਆਰੀ ਲਗਦੀ ਹੈ। ਭਾਅ ਗੁਰਸ਼ਰਨ ਸਿੰਘ ਜੀ ਦੇ ਨਾਟਕਾਂ ਵਿਚ ਮਾਝੀ ਬੋਲੀ ਦਾ ਵਧੇਰੇ ਪ੍ਰਯੋਗ ਕੀਤਾ ਜਾਂਦਾ ਹੈ ਪਰ ਉਨ੍ਹਾਂ ਦੇ ਨਾਟਕ ਮਾਲਵੇ ਵਿਚ ਸਭ ਤੋਂ ਵੱਧ ਖੇਡੇ ਗਏ। ਸਾਨੂੰ ਮਲਵਈਆਂ ਨੂੰ ਉਨ੍ਹਾਂ ਦੇ ਨਾਟਕਾਂ ਦੇ ਵਿਸ਼ਿਆਂ ਦੇ ਨਾਲ-ਨਾਲ ਉਨ੍ਹਾਂ ਦੀ ਮਾਝੀ ਬੋਲੀ, ਉਸ ਦਾ ਮੁਹਾਵਰਾ ਤੇ ਉਚਾਰਣ-ਢੰਗ ਹੋਰ ਵੀ ਚੰਗਾ ਲਗਦਾ ਹੈ। ਵਰਿਆਮ ਸਿੰਘ ਸੰਧੂ ਦੀਆਂ ਕਹਾਣੀਆਂ ਵਿਚਲੀ ਮਾਝੀ ਉਸ ਦੀਆਂ ਕਹਾਣੀਆਂ ਦਾ ਆਨੰਦ ਮਾਣਨ ਵਿਚ ਸਾਡੇ ਮਲਵਈਆਂ ਲਈ ਕਦੇ ਵੀ ਅੜਿੱਕਾ ਨਹੀਂ ਬਣੀ। ਇਹੋ ਗੱਲ ਮੇਰੇ ਨਾਟਕਾਂ ਦੇ ਵਾਰਤਾਲਾਪਾਂ ਤੇ ਉਨ੍ਹਾਂ ਦੀ ਬੋਲੀ ਦੀ ਹੈ। ਮਾਝੇ, ਦੁਆਬੇ ਦੀਆਂ ਬਹੁਤ ਸਾਰੀਆਂ ਨਾਟਕ-ਟੋਲੀਆਂ, ਕਾਲਜ ਤੇ ਸਕੂਲ ਮੇਰੇ ਨਾਟਕ ਖੇਡਦੇ ਹਨ। ਜਦ ਮੈਂ ਉਨ੍ਹਾਂ ਨੂੰ ਪੁੱਛਦਾ ਹਾਂ ਕਿ ਉਹ ਖੇਡਣ ਲਈ ਮੇਰੇ ਨਾਟਕਾਂ ਦੀ ਚੋਣ ਕਿਉਂ ਕਰਦੇ ਹਨ ਤਾਂ ਉਹ ਹੋਰ ਗੁਣਾਂ ਦੇ ਨਾਲ-ਨਾਲ ਇਸ ਬੋਲੀ ਵਾਲੇ ਗੁਣ ਦਾ ਵਿਸ਼ੇਸ਼ ਤੌਰ `ਤੇ ਜ਼ਰੂਰ ਜ਼ਿਕਰ ਕਰਦੇ ਹਨ। ਵੈਸੇ ਹੁਣ ਤਾਂ ਪੰਜਾਬੀ ਦੀਆਂ ਉਪ-ਭਾਸ਼ਾਵਾਂ ਦਾ ਅੰਤਰ ਲੱਗ-ਭਗ ਉਂਜ ਹੀ ਮਿਟ-ਮਿਟਾ ਗਿਆ ਹੈ। ਸੰਚਾਰ ਮਾਧਿਅਮਾਂ ਨੇ ਉਪ-ਭਾਸ਼ਾ ਦੀ ਪਰਿਭਾਸ਼ਾ ਹੀ ਖ਼ਤਮ ਕਰ ਦਿੱਤੀ ਹੈ।
ਹੁਣ : ਵਿਚਾਰ ਹੈ ਕਿ ਤੁਸੀਂ ਨਾਟਕਾਂ ਵਿਚ ਜੱਟ ਦੀ ਇਜ਼ਤ ਅਤੇ ਅਣਖ ਵਾਲੀ ਗੱਲ ਨੂੰ ਕਈ ਵਾਰ ਲੋੜ ਤੋਂ ਵੱਧ ਉਭਾਰਦੇ ਹੋ। ਕੀ ਇਕੋ ਜੱਟ ਦੀ ਇਜ਼ਤ-ਅਣਖ ਹੀ ਸਾਡੇ ਸਮਾਜ ਵਿਚ ਕਈ ਪੁਆੜਿਆਂ ਦੀ ਜੜ੍ਹ ਨਹੀਂ?
ਔਲਖ : ਲੋੜ ਤੋਂ ਵੱਧ ਕੀ, ਮੈਂ ਤਾਂ ਉੱਕਾ ਹੀ ਨਹੀਂ ਉਭਾਰਦਾ। ਮੈਂ ਤਾਂ ਜੱਟੂ ਅਣਖ, ਜਿਹੜੀ ਕਿਸਾਨੀ ਦੀ ਜਾਗੀਰੂ ਮਾਨਸਿਕਤਾ ਦੀ ਦੇਣ ਹੈ, ਉਸ ਮਗਰ ਲੱਗੇ ਗਰੀਬ ਕਿਸਾਨੀ ਵਰਗ ਲਈ ਬਹੁਤ ਹੀ ਹਾਣੀਕਾਰਕ ਸਮਝਦਾ ਹਾਂ। ਪਤਾ ਨਹੀਂ ਕਿਸੇ ਨੇ ਮੇਰੇ ਨਾਟਕਾਂ ਬਾਰੇ ਇਹ ਵਿਚਾਰ ਕਿਵੇਂ ਬਣਾ ਲਿਆ?
ਸੰਗਠਨ ਚਲਾਉਣ ਦੀ ਅਸਮਰਥਤਾ
ਹੁਣ: ਇਕ ਗੱਲਬਾਤ ਵਿਚ ਤੁਸੀਂ ਮੰਨਿਆ ਹੈ: ‘ਮੇਰੇ ਵਿਚ ਕਿਸੇ ਸੰਗਠਨ ਚਲਾਉਣ ਦੀ ਕਾਬਲੀਅਤ ਨਹੀਂ।` ਇਹ ਗੱਲ ਤੁਸੀਂ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਪ੍ਰਧਾਨਗੀ ਛੱਡਣ ਵੇਲੇ ਕਹੀ ਸੀ। ਏਡੀ ਜਥੇਬੰਦੀ ਨੂੰ ਤੁਸੀਂ ਕੋਈ ਸੇਧ ਨਾ ਦੇ ਸਕੇ। ਕੀ ਇਹ ਤੁਹਾਡੀ ਸੀਮਾ ਜਾਂ ਹਰ ਲੇਖਕ ਦੀ ਸੀਮਾ ਨਹੀਂ?
ਔਲਖ : ਹਾਂ, ਮੈਨੂੰ ਭਲੀ-ਭਾਂਤ ਪਤਾ ਹੈ ਕਿ ਮੈਂ ਕਿਸੇ ਸੰਗਠਨ ਦੀ ਅਗਵਾਈ ਕਰਨ ਵਿਚ ਇਕ ਨੰਬਰ ਦਾ ਕੋਹੜੀ ਬੰਦਾ ਹਾਂ। ਪਰ ਫਿਰ ਵੀ ਮੈਂ ਕਦੇ-ਕਦੇ ਅਜਿਹਾ ਕਰਨ ਦੀ ਗੁਸਤਾਖ਼ੀ ਕਰਦਾ ਆਇਆ ਹਾਂ। ਕਾਲਜ ਦੀ ਨੌਕਰੀ ਦੌਰਾਨ ਮੈਂ ‘ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ` ਵਿਚ ਕੰਮ ਕਰਨ ਦੇ ਇਰਾਦੇ ਨਾਲ ਆਪਣੀਆਂ ਸਰਗਰਮੀਆਂ ਸ਼ੁਰੂ ਕੀਤੀਆਂ। ਯੂਨੀਅਨ ਦੀ ਆਪਣੇ ਕਾਲਜ ਦੀ ਇਕਾਈ ਤੋਂ ਲੈ ਕੇ ਡਿਸਟ੍ਰਿਕਟ ਕੌਂਸਲ ਦੀ ਪ੍ਰਧਾਨਗੀ ਤੇ ਫਿਰ ਸਟੇਟ ਪਧਰ ਦੀ ਐਗਜੈਕਟਿਵ ਦਾ ਮੈਂਬਰ ਵੀ ਬਣਿਆ ਪਰ ਜਲਦੀ ਹੀ ਆਪਣੀ ਨਾ-ਕਾਬਲੀਅਤ ਦਾ ਅਹਿਸਾਸ ਕਰਦਿਆਂ ਇਨ੍ਹਾਂ ਸਰਗਰਮੀਆਂ ਤੋਂ ਆਪਣੇ-ਆਪ ਨੂੰ ਪਿਛਾਂਹ ਖਿਚ ਲਿਆ। ਕੇਂਦਰੀ ਪੰਜਾਬੀ ਲੇਖਕ ਸਭਾ ਦਾ ਪ੍ਰਧਾਨ ਵੀ ਇਸੇ ਇਰਾਦੇ ਨਾਲ ਬਣਿਆ ਸੀ ਕਿ ਆਪਣੀ ਨਿਰਪੱਖ ਦਿੱਖ ਸਦਕਾ ਸਭਾ ਵਿਚੋਂ ਪਾਰਟੀ ਆਧਾਰ `ਤੇ ਬਣੀਆਂ ਧੜੇਬੰਦੀਆਂ ਖ਼ਤਮ ਕਰਨ ਦੀਆਂ ਕੋਸ਼ਿਸ਼ ਕਰਾਂਗਾ ਪਰ ਕਰ ਕੁਝ ਨਹੀਂ ਸਕਿਆ। ਸਗੋਂ ਉਲ਼ਟਾ ਕਈਆਂ ਤੋਂ ਇਹ ਠੱਪਾ ਲਵਾ ਲਿਆ ਕਿ ਔਲਖ ਵੀ ਇਕ ਸਿਆਸੀ ਧੜੇ ਦਾ ਬੰਦਾ ਹੈ। ਜਦ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਮੇਰੇ ਵਿਚ ਕਿਸੇ ਸੰਗਠਨ ਦੀ ਅਗਵਾਈ ਕਰਨ ਦੀ ਯੋਗਤਾ ਨਹੀਂ ਤਾਂ ਉਸ ਦੀ ਅਗਵਾਈ ਕਰਨ ਵਾਲੇ ਅਹੁਦੇ ਲਈ ਚੋਣ ਲੜਨ ਦੀ ਮੈਨੂੰ ਕੀ ਲੋੜ ਸੀ? ਸੱਚ-ਮੁੱਚ ਹੀ ਇਹ ਮੇਰਾ ਮੂਰਖ਼ਤਾ ਵਾਲਾ ਕਦਮ ਸੀ। ਪਰ ਇਹਦਾ ਮਤਲਬ ਇਹ ਨਹੀਂ ਕਿ ਇਹ ਨਾ-ਕਾਬਲੀਅਤ ਹਰ ਇਕ ਲੇਖਕ ਵਿਚ ਹੁੰਦੀ ਹੈ। ਕਈ ਲੇਖਕਾਂ ਵਿਚ ਇਹ ਕਾਬਲੀਅਤ ਨਿਸ਼ਚੇ ਹੀ ਹੁੰਦੀ ਹੈ। ਮੇਰੇ ਵਿਚਾਰ ਵਿਚ ਇਸ ਨੂੰ ਹਰ ਲੇਖਕ ਦੀ ਸੀਮਾ ਨਹੀਂ ਕਿਹਾ ਜਾ ਸਕਦਾ। ਪਰ ਇਸ ਦਾ ਇਹ ਮਤਲਬ ਵੀ ਨਹੀਂ ਕਿ ਇਕੱਲਾ ਲੇਖਕ ਹੋਣਾ ਹੀ ਇਸ ਯੋਗਤਾ ਦੀ ਗਰੰਟੀ ਹੈ।
ਹੁਣ : ਪ੍ਰੀਤਲੜੀ ਵਾਲੇ ਨਵਤੇਜ ਨੇ ਜਥੇਬੰਦੀ ਵਾਲਿਆਂ ਨੂੰ ‘ਪ੍ਰਬੰਧਰਸੀਆਂ` ਦਾ ਨਾਮ ਦਿੱਤਾ ਸੀ। ਫੈਜ਼ ਨੇ ਵੀ ਇਕ ਵਾਰ ਸਾਨੂੰ ਕਿਹਾ, ‘‘ਇਹ ਮੀਟਿੰਗਾਂ, ਕਾਨਫਰੰਸਾਂ ਅਸਲ ਵਿਚ ਲੇਖਕ ਦਾ ਕੰਮ ਨਹੀਂ।` ਹਾਲਾਂਕਿ ਇਹ ਦੋਵੇਂ ਲੇਖਕ ਸੰਗਠਨ-ਵਿਰੋਧੀ ਨਹੀਂ ਸਨ। ਏਸ ਸੰਦਰਭ ਵਿਚ ਲੇਖਕ ਜਥੇਬੰਦੀਆਂ ਨੂੰ ਕਿਥੇ ਕੁ ਰੱਖੋਗੇ?
ਔਲਖ : ਪਤਾ ਨਹੀਂ ਨਵਤੇਜ ਜੀ ਤੇ ਫੈਜ਼ ਸਾਹਿਬ ਨੇ ਇਹ ਟਿਪਣੀਆਂ ਕਿਸ ਪਰਿਪੇਖ ਵਿਚ ਕਹੀਆਂ ਹੋਣਗੀਆਂ। ਕਈ ਵਾਰ ਲੇਖਕ ਸੰਗਠਨਾਂ ਵਿਚ ਕਈ ਤਰ੍ਹਾਂ ਦੇ ਵਿਗਾੜ ਤੇ ਕਈ ਤਰ੍ਹਾਂ ਦੀਆਂ ਊਣਤਾਈਆਂ ਆ ਜਾਂਦੀਆਂ ਹਨ ਤਾਂ ਅਜਿਹੇ ਸਮੇਂ ਸੰਵੇਦਨਸ਼ੀਲ ਲੇਖਕ ਇਹੋ-ਜੀਆਂ ਟਿੱਪਣੀਆਂ ਕਰ ਬੈਠਦੇ ਹਨ। ਮੈਂ ਤਾਂ ਲੇਖਕ-ਸੰਗਠਨਾਂ ਨੂੰ ਬੜਾ ਮਹੱਤਵ ਦਿੰਦਾ ਹਾਂ। ਤੇ ਇਹ ਕਾਰਜ ਕਰਨਾ ਵੀ ਲੇਖਕਾਂ ਨੂੰ ਹੀ ਚਾਹੀਦੈ, ਗੈਰ-ਲੇਖਕਾਂ ਨੂੰ ਨਹੀਂ। ਵਿਸ਼ੇਸ਼ ਤੌਰ `ਤੇ ਉਨ੍ਹਾਂ ਲੇਖਕਾਂ ਦੀਆਂ ਜਥੇਬੰਦੀਆਂ ਤਾਂ ਜ਼ਰੂਰ ਹੋਣੀਆਂ ਚਾਹੀਦੀਆਂ ਹਨ ਜਿਨ੍ਹਾਂ ਦੀਆਂ ਕਲਮ ਵਿਚ ਸਥਾਪਤੀ-ਵਿਰੋਧੀ ਸੁਰ ਵਧੇਰੇ ਬਲਵਾਨ ਹੈ। ਲੇਖਕ ਜਥੇਬੰਦੀਆਂ ਹੋਣੀਆਂ ਤਾਂ ਜ਼ਰੂਰ ਚਾਹੀਦੀਆਂ ਹਨ ਪਰ ਇਨ੍ਹਾਂ ਦੀ ਬਣਤਰ ਸਿਆਸੀ ਜਥੇਬੰਦੀਆਂ ਵਰਗੀ ਨਹੀਂ ਹੋਣੀ ਚਾਹੀਦੀ। ਜੇ ਕੋਈ ਲੇਖਕ ਕਿਸੇ ਪਾਰਟੀ ਨਾਲ ਜੁੜਿਆ ਹੋਇਆ ਵੀ ਹੈ ਤਾਂ ਵੀ ਸਾਹਿਤਕ ਤੇ ਸਭਿਆਚਾਰਕ ਫਰੰਟ ਉਤੇ ਉਸ ਨੂੰ ਆਪਣੀ ਰਾਇ ਸੁਤੰਤਰ ਰਖਣੀ ਚਾਹੀਦੀ ਹੈ। ਲੇੇਖਕਾਂ ਤੇ ਲੇਖਕ ਜਥੇਬੰਦੀਆਂ ਨੂੰ ਸਿਆਸੀ ਜਥੇਬੰਦੀਆਂ ਦਾ ਪਿਛਲੱਗ ਨਹੀਂ ਹੋਣਾ ਚਾਹੀਦਾ। ਮੇਰੇ ਖਿਆਲ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ ਪੰਜਾਬ ਅੱਜ ਕੱਲ੍ਹ ਇਸੇ ਬਿਮਾਰੀ ਦਾ ਸ਼ਿਕਾਰ ਹੈ।
ਹੁਣ: ਅੱਜ ਵੀ ਦੇਖਿਆ ਗਿਆ ਹੈ ਕਿ ਪੰਜਾਬੀ ਵਿਚ ਮਣਾਂ-ਮੂੰਹੀਂ ਕਵਿਤਾ ਲਿਖੀ ਜਾ ਰਹੀ ਹੈ। ਝੱਟ-ਪੱਟ ਸਤਰਾਂ ਲਿਖ ਕੇ ਛਪ ਜਾਣ ਦੀ ਕਾਹਲ ਪ੍ਰਬਲ ਹੈ। ਨਾਟਕ ਅਤੇ ਨਾਵਲ ਮਿਹਨਤ ਮੰਗਦੇ ਹਨ। ਨਾਟਕ ਤਾਂ ਨਿਰਦੇਸ਼ਨ ਦੀ ਸਮੱਸਿਆ ਕਰ ਕੇ ਹੋਰ ਵੀ ਕਠਨ ਹੈ। ਨਹੀਂ?
ਔਲਖ : ਹਾਂ, ਪੰਜਾਬੀ ਵਿਚ ਮਣਾਂ-ਮੂੰਹੀਂ ਲਿਖੀ ਜਾ ਰਹੀ ਕਵਿਤਾ ਨੂੰ ਵੇਖ ਕੇ ਸੱਚ-ਮੁੱਚ ਨਿਰਾਸ਼ਾ ਵਾਲੀ ਸਥਿਤੀ ਦਾ ਅਹਿਸਾਸ ਹੁੰਦਾ ਹੈ। ਪਾਸ਼ ਤੇ ਸੁਰਜੀਤ ਪਾਤਰ ਤੋਂ ਅਗਾਂਹ ਗੱਲ ਬਣਦੀ ਹੀ ਨਹੀਂ ਦਿਸ ਰਹੀ। ਬਸ, ਕਦੇ-ਕਦੇ ਤੇ ਕਿਤੇ-ਕਿਤੇ ਕੋਈ-ਕੋਈ ਜੁਗਨੂੰ ਜ਼ਰੂਰ ਟਿਮ-ਟਿਮਾਂਦੇ ਨਜ਼ਰ ਆ ਜਾਂਦੇ ਨੇ। ਪਰ ਨਿਰਾਸ਼ਾ ਕੀਤਿਆਂ ਬਣਦਾ ਕੁਸ਼ ਨੀ। ਆਸ ਰੱਖਣੀ ਚਾਹੀਦੀ ਹੈ ਕਿ ਕਵਿਤਾ ਦੇ ਖ਼ੇਤਰ ਵਿਚ ਵੀ ਸਾਡਾ ਸਾਹਿਤ ਪਹਿਲਾਂ ਵਾਂਗ ਕ੍ਰਿਸ਼ਮੇ ਕਰ ਵਿਖਾਏਗਾ। ਬਾਕੀ ਨਾਵਲ ਜਾਂ ਨਾਟਕ ਦੇ ਮਿਹਨਤ ਮੰਗਣ ਵਾਲੀ ਗੱਲ ਨਹੀਂ, ਅਸਲ ਵਿਚ ਲੇਖਕ ਉਹ ਵਿਧਾ ਹੀ ਆਪਣਾਉਂਦਾ ਹੈ ਜਿਸ ਵਿਚ ਉਹ ਇਹ ਸਮਝਦਾ ਹੈ ਕਿ ਉਹ ਆਪਣੇ ਆਪ ਨੂੰ ਇਸ ਵਿਧਾ ਵਿਚ ਹੀ ਸਫਲਤਾ ਨਾਲ ਵਿਅਕਤ ਕਰ ਸਕਦਾ ਹੈ।