ਆਲਮੀ ਹਾਕੀ ’ਚ ਸਭ ਤੋਂ ਖ਼ਤਰਨਾਕ ਸਟਰਾਈਕਰ ਰਿਹਾ ਹਸਨ ਸਰਦਾਰ

ਸੁਖਵਿੰਦਰਜੀਤ ਸਿੰਘ ਮਨੌਲੀ
ਆਲਮੀ ਹਾਕੀ ਦੇ ਤੇਜ਼-ਤਰਾਰ ਸੈਂਟਰ ਫਾਰਵਰਡ ਹਸਨ ਸਰਦਾਰ ਦੀ ਖੇਡ ਦੀ ਖ਼ਾਸੀਅਤ ਇਹ ਰਹੀ ਕਿ ਉਸ ਨੂੰ ਵਿਸ਼ਵ ਹਾਕੀ ਕੱਪ ਮੁੰਬਈ-1982, ਏਸ਼ੀਅਨ ਗੇਮਜ਼ ਹਾਕੀ ਨਵੀਂ ਦਿੱਲੀ-1982, ਲਾਸ ਏਂਜਲਸ ਓਲੰਪਿਕ-1984 ਅਤੇ ਏਸ਼ੀਆ ਹਾਕੀ ਕੱਪ ਕਰਾਚੀ-1982 ਅਤੇ ਏਸ਼ੀਆ ਹਾਕੀ ਕੱਪ ਢਾਕਾ-1985 ਦੇ ਫਾਈਨਲ ਮੈਚਾਂ ’ਚ ਸਕੋਰ ਕਰਨ ਦਾ ਹੱਕ ਹਾਸਲ ਹੋਇਆ ਤੇ ਇਨ੍ਹਾਂ ਪੰਜੇ ਸੰਸਾਰ-ਵਿਆਪੀ ਹਾਕੀ ਮੁਕਾਬਲਿਆਂ ’ਚ ਪਾਕਿਸਤਾਨੀ ਹਾਕੀ ਟੀਮ ਨੇ ਚੈਂਪੀਅਨ ਬਣਨ ਦਾ ਜੱਸ ਖੱਟਿਆ। ਸਮਾਂ ਗਵਾਹੀ ਭਰਦਾ ਹੈ ਕਿ ਹਸਨ ਸਰਦਾਰ ਨਾਲ ਖੇਡਣ ਵਾਲੇ ਦੋਵੇਂ ਭਰਾ ਸ਼ਮੀਉਲ੍ਹਾ ਖਾਨ-ਕਲੀਮਉਲ੍ਹਾ ਖਾਨ ਅਤੇ ਹਨੀਫ ਖਾਨ ਨੂੰ ਉਦੋਂ ਤੋਂ ਲੈ ਕੇ ਅੱਜ ਤੱਕ ਪੂਰੇ ਸੰਸਾਰ ਦੀ ਨਰੋਈ ਫਾਰਵਰਡ ਲਾਈਨ ਮੰਨਿਆ ਜਾਂਦਾ ਹੈ। ਹਸਨ ਸਰਦਾਰ ਦੀ ਖੇਡ ਦਾ ਕਮਾਲ ਉਸ ਵੱਲੋਂ ਵਿਸ਼ਵ-ਵਿਆਪੀ ਹਾਕੀ ਮੁਕਾਬਲਿਆਂ ’ਚ ਕੀਤੇ ਗੋਲ ਹਨ। ਹਸਨ ਸਰਦਾਰ ਨੇ ਦੋ ਏਸ਼ੀਆ ਹਾਕੀ ਕੱਪ ਮੁਕਾਬਲਿਆਂ ’ਚ ਪਾਕਿ ਟੀਮ ਦੀ ਪ੍ਰਤੀਨਿਧਤਾ ਕਰਨ ਸਦਕਾ 26 ਗੋਲ ਸਕੋਰ ਕੀਤੇ ਗਏ। ਦੋ ਸੰਸਾਰ ਹਾਕੀ ਕੱਪ ਟੂਰਨਾਮੈਂਟਾਂ ’ਚ ਹਸਨ ਸਰਦਾਰ ਦੀ ਹਾਕੀ ਨੇ 12 ਵਾਰ ਬਾਲ ਨੂੰ ਗੋਲ ਸਰਦਲ ਤੋਂ ਪਾਰ ਕੀਤਾ। ਹਸਨ ਸਰਦਾਰ ਨੇ ਲਾਸ ਏਂਜਲਸ ਓਲੰਪਿਕ-1984 ਅਤੇ ਨਵੀਂ ਦਿੱਲੀ-1982 ਏਸ਼ੀਅਨ ਗੇਮਜ਼ ’ਚ ਪਾਕਿਸਤਾਨ ਟੀਮ ਦੀ ਨੁਮਾਇੰਦਗੀ ਕੀਤੀ। ਓਲੰਪਿਕ ਖੇਡਾਂ ਅਤੇ ਏਸ਼ਿਆਈ ਗੇਮਜ਼ ’ਚ ਹਸਨ ਸਰਦਾਰ ਨੇ 20 ਗੋਲ ਦਾਗਣ ਦਾ ਸੁਭਾਗ ਹਾਸਲ ਹੋਇਆ। ਕਾਬਲੇਗੌਰ ਹੈ ਕਿ ਹਸਨ ਸਰਦਾਰ ਨੇ ਲਾਸ ਏਂਜਲਸ ਓਲੰਪਿਕ ਅਤੇ ਨਵੀਂ ਦਿੱਲੀ ਏਸ਼ੀਅਨ ਖੇਡਾਂ ’ਚ ਬਰਾਬਰ 10-10 ਗੋਲ ਸਕੋਰ ਕਰ ਕੇ ਆਪਣੀ ਕਾਬਲੀਅਤ ਦਾ ਲੋਹਾ ਮੰਨਵਾਇਆ।
ਦੁਨੀਆਂ ਦੇ ਨਾਮੀਂ ਗੋਲਚੀਆਂ ਤੇ ਡਿਫੈਂਡਰਾਂ ਦੇ ਸਾਹ ਸੂਤਣ ਵਾਲੇ ਸੈਂਟਰ ਫਾਰਵਰਡ ਹਸਨ ਸਰਦਾਰ ਨੇ 1979 ’ਚ ਕੌਮਾਂਤਰੀ ਕਰੀਅਰ ਦਾ ਆਗਾਜ਼ ਕੀਤਾ। 1987 ’ਚ ਆਪਣੀ ਹਾਕੀ ਕਿੱਲੀ ’ਤੇ ਟੰਗਣ ਵਾਲੇ ਹਸਨ ਸਰਦਾਰ ਨੇ ਕਪਤਾਨ ਅਖਤਰ ਰਸੂਲ ਦੀ ਕਪਤਾਨੀ ’ਚ ਮੁੰਬਈ-1982 ’ਚ ਚੌਥਾ ਵਿਸ਼ਵ ਹਾਕੀ ਕੱਪ ਖੇਡਿਆ। ਆਪਣੇ ਪਹਿਲੇ ਹੀ ਵਿਸ਼ਵ-ਵਿਆਪੀ ਹਾਕੀ ਟੂਰਨਾਮੈਂਟ ’ਚ ਹਸਨ ਸਰਦਾਰ ਨੇ ਪੂਲ ਮੈਚ ਤੋਂ ਲੈ ਕੇ ਸੈਮੀਫਾਈਨਲ ਅਤੇ ਫਾਈਨਲ ’ਚ ਸਕੋਰ ਕੀਤੇ। ਮੁੰਬਈ ’ਚ ਘਾਹ ਦੇ ਮੈਦਾਨ ’ਚ ਖੇਡੇ ਗਏ ਚੌਥੇ ਆਲਮੀ ਹਾਕੀ ਕੱਪ ’ਚ ਪਾਕਿਸਤਾਨ ਨੇ ਤੀਜੀ ਵਾਰ ਵਿਸ਼ਵ ਚੈਂਪੀਅਨ ਬਣ ਕੇ ਸੰਸਾਰ ਹਾਕੀ ਚੈਂਪੀਅਨ ਦਾ ਖਿਤਾਬ ਆਪਣੀ ਝੋਲੀ ਪਾਇਆ। ਮੁੰਬਈ ’ਚ ਖੇਡੇ ਗਏ ਫਾਈਨਲ ’ਚ ਪਾਕਿਸਤਾਨ ਨੇ ਜਰਮਨੀ ਨੂੰ 3-1 ਗੋਲ ਅੰਤਰ ਨਾਲ ਹਰਾਇਆ। ਕੌਮਾਂਤਰੀ ਹਾਕੀ ਦੀ ਜਿਊਰੀ ਵਲੋਂ ਹਸਨ ਸਰਦਾਰ ਦੀ ਖੇਡ ਦਾ ਮੁੱਲ ਤਾਰਨ ਸਦਕਾ ਉਸ ਨੂੰ ‘ਬੈਸਟ ਹਾਕੀ ਪਲੇਅਰ ਆਫ ਦਿ ਵਰਲਡ ਹਾਕੀ ਕੱਪ’ ਦਾ ਸਨਮਾਨ ਦਿੱਤਾ ਗਿਆ। ਹਸਨ ਸਰਦਾਰ ਸੰਸਾਰ-ਵਿਆਪੀ ਹਾਕੀ ਟੂਰਨਾਮੈਂਟ ’ਚ 11 ਗੋਲ ਦਾਗਣ ਸਦਕਾ ‘ਸੈਕਿੰਡ ਟਾਪ ਸਕੋਰਰ’ ਨਾਮਜ਼ਦ ਹੋਇਆ ਜਦਕਿ 5ਵਾਂ ਸਥਾਨ ਹਾਸਲ ਕਰਨ ਵਾਲੀ ਮੇਜ਼ਬਾਨ ਟੀਮ ਦਾ ਫੁੱਲ ਬੈਕ ਰਾਜਿੰਦਰ ਸਿੰਘ 13 ਗੋਲ ਕਰਕੇ ‘ਸਰਵੋਤਮ ਸਕੋਰਰ’ ਦੇ ਪਾਏਦਾਨ ’ਤੇ ਬਿਰਾਜਮਾਨ ਹੋਇਆ।
ਇਸੇ ਸਾਲ ਹਸਨ ਸਰਦਾਰ ਨੇ ਟੀਮ ਕਪਤਾਨ ਸ਼ਮੀਉਲ੍ਹਾ ਖਾਨ ਦੀ ਕਮਾਨ ’ਚ ਨਵੀਂ ਦਿੱਲੀ-1982 ਏਸ਼ੀਅਨ ਖੇਡਾਂ ’ਚ ਪਾਕਿਸਤਾਨੀ ਟੀਮ ਦੀ ਪ੍ਰਤੀਨਿਧਤਾ ਕੀਤੀ। ਨਵੀਂ ਦਿੱਲੀ ’ਚ ਏਸ਼ੀਅਨ ਹਾਕੀ ਦਾ ਫਾਈਨਲ ਮੁਕਾਬਲਾ ਪਹਿਲੀ ਵਾਰ ਅਸਟਰੋ ਟਰਫ ਵਾਲੇ ਸਿੰਥੈਟਿਕ ਮੈਦਾਨ ’ਚ ਭਾਰਤ-ਪਾਕਿ ਟੀਮਾਂ ਦਰਮਿਆਨ ਖੇਡਿਆ ਗਿਆ। ਮਹਿਮਾਨ ਟੀਮ ਨੇ ਮੇਜ਼ਬਾਨ ਟੀਮ ਨੂੰ 7-1 ਗੋਲਾਂ ਨਾਲ ਦਰੜ ਕੇ ਗੋਲਡ ਮੈਡਲ ਹਾਸਲ ਕੀਤਾ। ਹਸਨ ਸਰਦਾਰ ਨੂੰ ਟੂਰਨਾਮੈਂਟ ’ਚ ਸਭ ਤੋਂ ਵੱਧ 10 ਗੋਲ ਦਾਗਣ ਸਦਕਾ ‘ਸਰਵੋਤਮ ਸਕੋਰਰ’ ਨਾਮਜ਼ਦ ਕਰਨ ਤੋਂ ਇਲਾਵਾ ‘ਬੈਸਟ ਪਲੇਅਰ ਆਫ ਦਿ ਏਸ਼ੀਅਨ ਹਾਕੀ ਟੂਰਨਾਮੈਂਟ’ ਦਾ ਹੱਕਦਾਰ ਵੀ ਆਂਕਿਆ ਗਿਆ।
1982 ’ਚ ਖੇਡੇ ਗਏ ਪਹਿਲੇ ਏਸ਼ੀਆ ਹਾਕੀ ਕੱਪ ’ਚ ਸ਼ਮੀਉਲ੍ਹਾ ਦੀ ਕਪਤਾਨੀ ’ਚ ਟੀਮ ਭਾਰਤੀ ਨੂੰ ਹਰਾ ਕੇ ਚੈਂਪੀਅਨ ਨਾਮਜ਼ਦ ਹੋਈ। ਹਸਨ ਸਰਦਾਰ 16 ਗੋਲ ਕਰਕੇ ਜਿਥੇ ‘ਟਾਪ ਸਕੋਰਰ’ ਬਣਿਆ ਉਥੇ ਉਸ ਨੂੰ ‘ਬੈਸਟ ਪਲੇਅਰ ਆਫ ਦਿ ਟੂਰਨਾਮੈਂਟ’ ਦਾ ਹੱਕ ਵੀ ਹਾਸਲ ਹੋਇਆ। ਕਰਾਚੀ-1982 ’ਚ ਖੇਡੇ ਗਏ ਪਹਿਲੇ ਏਸ਼ੀਆ ਹਾਕੀ ਕੱਪ ’ਚ ਦੇ ਫਾਈਨਲ ’ਚ ਪਾਕਿਸਤਾਨੀ ਟੀਮ ਨੇ ਭਾਰਤੀ ਹਾਕੀ ਟੀਮ ਨੂੰ 4-0 ਨਾਲ ਹਰਾ ਕੇ ਪਹਿਲੇ ਹੀ ਏਸ਼ੀਆ ਹਾਕੀ ਕੱਪ ’ਤੇ ਆਪਣਾ ਕਬਜ਼ਾ ਜਮਾਇਆ। ਇਸ ਦੌਰਾਨ ਇਕ-ਇਕ ਗੋਲ ਹਸਨ ਸਰਦਾਰ ਅਤੇ ਕਲਿਮਉਲ੍ਹਾ ਨੇ ਕੀਤਾ। ਪਾਕਿਸਤਾਨੀ ਟੀਮ ਹੱਥੋਂ ਸਾਲ-1982 ’ਚ ਭਾਰਤੀ ਟੀਮ ਦੀ ਦੂਜੀ ਵੱਡੀ ਹਾਰ ਸੀ। ਹਸਨ ਸਰਦਾਰ ਨੇ ਸਾਲ ’ਚ ਤੀਜੀ ਵਾਰ ਪੂਲ ਮੈਚ ਤੋਂ ਸੈਮੀਫਾਈਨਲ ਅਤੇ ਫਾਈਨਲ ’ਚ ਸਕੋਰ ਕਰਨ ਦਾ ਕਰਿਸ਼ਮਾ ਕੀਤਾ। ਢਾਕਾ-1985 ’ਚ ਖੇਡੇ ਗਏ ਦੂਜੇ ਏਸ਼ੀਆ ਹਾਕੀ ਕੱਪ ’ਚ ਕਪਤਾਨ ਹਨੀਫ ਖਾਨ ਦੀ ਪਾਕਿਸਤਾਨੀ ਟੀਮ ਨੇ ਭਾਰਤੀ ਖਿਡਾਰੀਆਂ ਨੂੰ ਦੂਜੀ ਵਾਰ ਹਰਾ ਕੇ ਏਸ਼ੀਆ ਹਾਕੀ ਕੱਪ ਦੀ ਜਿੱਤ ’ਤੇ ਕਬਜ਼ਾ ਜਮਾਇਆ।
ਸਾਲ-1982 ਹਸਨ ਸਰਦਾਰ ਲਈ ਇਸ ਕਰ ਕੇ ਖਾਸ ਰਿਹਾ ਕਿਉਂਕਿ ਉਸ ਵਲੋਂ ਤਿੰਨੇ ਹਾਕੀ ਮੁਕਾਬਲਿਆਂ ’ਚ ਖੇਡੀ ਲਾਸਾਨੀ ਖੇਡ ਸਦਕਾ ਪਾਕਿਸਤਾਨੀ ਟੀਮ ਨੇ ਮੁੰਬਈ ਵਿਸ਼ਵ ਹਾਕੀ ਕੱਪ, ਨਵੀਂ ਦਿੱਲੀ ਏਸ਼ੀਅਨ ਹਾਕੀ ਅਤੇ ਕਰਾਚੀ ਏਸ਼ੀਆ ਹਾਕੀ ਕੱਪ ’ਚ ਚੈਂਪੀਅਨ ਬਣਨ ਦਾ ਕਮਾਲ ਕੀਤਾ। ਇਸ ਸਾਲ ਸਰਦਾਰ ਨੇ ਆਪਣੀ ਸਰਦਾਰੀ ਕਾਇਮ ਰੱਖਦਿਆਂ ਤਿੰਨੇ ਹਾਕੀ ਮੁਕਾਬਲਿਆਂ ’ਚ ‘ਬੈਸਟ ਹਾਕੀ ਪਲੇਅਰ ਆਫ ਦਿ ਟੂਰਨਾਮੈਂਟ’ ਦੇ ਸਨਮਾਨ ਲੁੱਟਣ ਦਾ ਕਰਿਸ਼ਮਾ ਵੀ ਕੀਤਾ। ਤਿੰਨੇ ਹਾਕੀ ਮੁਕਾਬਲਿਆਂ ’ਚ 31 ਗੋਲ ਆਪਣੀ ਸਟਿੱਕ ’ਚੋਂ ਕੱਢਣ ਵਾਲੇ ਹਸਨ ਸਰਦਾਰ ਨੂੰ ਨਵੀਂ ਦਿੱਲੀ ਏਸ਼ੀਅਨ ਗੇਮਜ਼ ਅਤੇ ਕਰਾਚੀ ਏਸ਼ੀਆ ਹਾਕੀ ਕੱਪ ’ਚ ਕਰਮਵਾਰ ‘ਟਾਪ ਸਕੋਰਰ’ ਅਤੇ ਮੁੰਬਈ ਵਿਸ਼ਵ ਹਾਕੀ ਕੱਪ ’ਚ ‘ਸੈਕਿੰਡ ਟਾਪ ਸਕੋਰਰ’ ਬਣਨ ਦਾ ਐਜਾਜ਼ ਹਾਸਲ ਹੋਇਆ। ਹਸਨ ਸਰਦਾਰ ਨੇ ਚਾਰ ਚੈਂਪੀਅਨਜ਼ ਹਾਕੀ ਮੁਕਾਬਲੇ ਖੇਡਣ ਸਦਕਾ 15 ਗੋਲ ਆਪਣੇ ਖਾਤੇ ’ਚ ਜਮ੍ਹਾਂ ਕਰਨ ਦਾ ਰੁਤਬਾ ਹਾਸਲ ਹੋਇਆ। ਹਸਨ ਸਰਦਾਰ ਨੇ ਨੌਂ ਸਾਲਾ ਕਰੀਅਰ ਦੌਰਾਨ 1982 ’ਚ ਇਕ ਸਾਲ ਕੈਲੰਡਰ ’ਚ ਸਭ ਤੋਂ ਜ਼ਿਆਦਾ 51 ਗੋਲ ਵਿਰੋਧੀ ਟੀਮਾਂ ਸਿਰ ਦਾਗਣ ’ਚ ਸਫਲਤਾ ਹਾਸਲ ਕੀਤੀ। 1984 ਦੇ ਸਾਲ ਕੈਲੰਡਰ ’ਚ ਹਸਨ ਸਰਦਾਰ ਨੇ 34 ਗੋਲ ਅਤੇ 1986 ’ਚ 23 ਵਾਰ ਆਪਣੀ ਹਾਕੀ ਨਾਲ ਬਾਲ ਨੂੰ ਗੋਲ ਦਾ ਰਸਤਾ ਵਿਖਾਇਆ। ਦੁਨੀਆਂ ਦੇ ਮਹਾਨ ਪੈਨਲਟੀ ਕਾਰਨਰ ਮਹਿਰ ਸੋਹੇਲ ਅੱਬਾਸ ਤੋਂ ਬਾਅਦ ਹਸਨ ਸਰਦਾਰ ਪਾਕਿਸਤਾਨ ਦਾ ‘ਸੈਕਿੰਡ ਟਾਪ ਸਕੋਰਰ’ ਹੈ, ਜਿਸ ਨੇ ਪੂਰੇ ਕਰੀਅਰ ਦੌਰਾਨ ਕੌਮਾਂਤਰੀ ਮੈਚਾਂ ’ਚ ਵਿਰੋਧੀ ਟੀਮਾਂ ਸਿਰ 153 ਗੋਲ ਕਰਨ ਦਾ ਨਾਮਣਾ ਖੱਟਿਆ।
ਲਾਸ ਏਂਜਲਸ-1984 ਦੇ ਓਲੰਪਿਕ ਐਡੀਸ਼ਨ ’ਚ ਸਰਦਾਰ ਨੂੰ 10 ਗੋਲ ਦਾਗਣ ਸਦਕਾ ‘ਟਾਪ ਸਕੋਰਰ’ ਦਾ ਰੁਤਬਾ ਹਾਸਲ ਹੋਇਆ। ਇਸ ਟੂਰਨਾਮੈਂਟ ’ਚ ਪਾਕਿਸਤਾਨ ਨੇ ਜਰਮਨੀ ਦੀ ਟੀਮ ਨੂੰ 2-1 ਗੋਲ ਅੰਤਰ ਨਾਲ ਹਰਾ ਕੇ ਸੋਨ ਤਗਮਾ ਹਾਸਲ ਕੀਤਾ। ਲਾਸ ਏਂਜਲਸ ਓਲੰਪਿਕ ਟੂਰਨਾਮੈਂਟ ’ਚ ਵੀ ਹਸਨ ਸਰਦਾਰ ਆਪਣੀ ਸਰਦਾਰੀ ਕਾਇਮ ਰੱਖਦਿਆਂ 1982 ’ਚ ਖੇਡੇ ਖਿਤਾਬੀ ਮੈਚਾਂ ਦੀ ਤਰ੍ਹਾਂ ਜਰਮਨੀ ਨਾਲ ਖੇਡੇ ਫਾਈਨਲ ’ਚ ਸਕੋਰ ਕੀਤਾ। ਹਸਨ ਸਰਦਾਰ ਦਾ ਜਨਮ 22 ਅਕਤੂਬਰ 1957 ’ਚ ਸਯਦ ਇਫਤਖਾਰ ਦੇ ਘਰ ਪਾਕਿਸਤਾਨ ਦੇ ਸ਼ਹਿਰ ਕਰਾਚੀ ’ਚ ਹੋਇਆ। ਹਸਨ ਸਰਦਾਰ ਪਹਿਲਾਂ ਕ੍ਰਿਕਟ ਖੇਡਿਆ ਕਰਦਾ ਸੀ ਪਰ ਬਾਅਦ ’ਚ ਉਸ ਨੂੰ ਹਾਕੀ ਨਾਲ ਇਸ਼ਕ ਹੋ ਗਿਆ। ਹਾਕੀ ਤੋਂ ਸਨਿਆਸ ਲੈਣ ਤੋਂ ਬਾਅਦ ਹਸਨ ਸਰਦਾਰ ਨੂੰ ਪਾਕਿਸਤਾਨੀ ਹਾਕੀ ਟੀਮ ਦੀ ਚੋਣ ਕਮੇਟੀ ਦਾ ਚੀਫ ਸਿਲੈਕਟਰ ਨਾਮਜ਼ਦ ਕੀਤਾ ਗਿਆ।
ਸੰਪਰਕ: 94171-82993
ਪੰਜਾਬੀ ਟ੍ਰਿਬਿਊਨ ਤੋਂ ਧੰਨਵਾਦ ਸਹਿਤ