ਖਿਡਾਰੀ ਅਤੇ ਸਿਆਸਤ / ਸੁਖਵਿੰਦਰਜੀਤ ਸਿੰਘ ਮਨੌਲੀ

ਦੂਜੇ ਦੇਸ਼ਾਂ ਦੇ ਮੁਕਾਬਲੇ ਭਾਰਤ ’ਚ ਕੌਮਾਂਤਰੀ ਤੇ ਓਲੰਪੀਅਨ ਖਿਡਾਰੀਆਂ ਦੀ ਰਾਜਨੀਤੀ ’ਚ ਦਿਲਚਸਪੀ ਦਿਨੋ-ਦਿਨ ਵਧਦੀ ਜਾ ਰਹੀ ਹੈ। ਇਹੋ ਕਾਰਨ ਹੈ ਕਿ ਰਾਜਸੀ ਪਿੜ ’ਚ ਦਾਖ਼ਲੇ ਤੋਂ ਬਾਅਦ ਦੇਸ਼ ਨੂੰ ਬੈਂਕਾਕ-1998 ਦੀਆਂ ਏਸ਼ਿਆਈ ਖੇਡਾਂ ’ਚ 800 ਤੇ 1500 ਮੀਟਰ ’ਚ ਦੋ ਗੋਲਡ ਮੈਡਲ ਜਿਤਾਉਣ ਵਾਲੀ ਪਦਮਸ਼੍ਰੀ ਅਤੇ ਅਰਜੁਨਾ ਐਵਾਰਡੀ ਜਿਓਤਿਰਮਈ ਸਿਕਦਾਰ ਨੇ ਕਮਿਊਨਿਸਟ ਪਾਰਟੀ (ਐਮ) ਦੀ ਟਿਕਟ ’ਤੇ ਕਰਿਸ਼ਨਗਰ ਲੋਕ ਸਭਾ ’ਤੇ ਜਿੱਤ ਦਰਜ ਕੀਤੀ। ਬਾਰਸੀਲੋਨਾ ਅਤੇ ਐਟਲਾਂਟਾ ਓਲੰਪਿਕ ਹਾਕੀ ’ਚ ਕੌਮੀ ਟੀਮ ਦੀ ਕਪਤਾਨੀ ਕਰਨ ਵਾਲੇ ਅਰਜੁਨਾ ਐਵਾਰਡੀ ਅਤੇ ਪਦਮਸ਼੍ਰੀ ਓਲੰਪੀਅਨ ਪ੍ਰਗਟ ਸਿੰਘ ਮੌਜੂਦਾ ਸਮੇਂ ਜਲੰਧਰ ਕੈਂਟ ਤੋਂ ਕਾਂਗਰਸ ਪਾਰਟੀ ਦੇ ਐਮਐਲਏ ਹਨ। ਸਟਾਰ ਕ੍ਰਿਕਟਰ ਸਚਿਨ ਤੇਂਦੂਲਕਰ ਨੂੰ ਤੱਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸਰਕਾਰ ਦੀ ਸਿਫ਼ਾਰਸ਼ ’ਤੇ ਰਾਜ ਸਭਾ ਦਾ ਮੈਂਬਰ ਬਣਾਇਆ ਗਿਆ। ਪਦਮਸ਼੍ਰੀ ਅਤੇ ਪਦਮ ਭੂਸ਼ਨ ਐਵਾਰਡ ਹਾਸਲ ਓਲੰਪੀਅਨ ਮੁੱਕੇਬਾਜ਼ ਮੈਰੀਕਾਮ ਨੂੰ 25 ਅਪਰੈਲ 2016 ’ਚ ਤਤਕਾਲੀ ਰਾਸ਼ਟਰਪਤੀ ਪ੍ਰਣਬ ਮੁਖਰਜੀ ਵਲੋਂ ਰਾਜ ਸਭਾ ’ਚ ਨਾਮਜ਼ਦ ਕੀਤਾ ਗਿਆ।
ਓਲੰਪੀਅਨ ਸੰਦੀਪ ਸਿੰਘ: ਕੌਮੀ ਹਾਕੀ ਟੀਮ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਨੇ ਪਿਹੋਵਾ ਹਲਕੇ ਤੋਂ ਜਿੱਤ ਦਰਜ ਕਰ ਕੇ ਪਹਿਲੀ ਵਾਰ ਇਹ ਸੀਟ ਭਾਜਪਾ ਦੀ ਝੋਲੀ ਪਾਈ ਹੈ। ਕਾਬਲੇਗੌਰ ਹੈ ਕਿ ਸੰਦੀਪ ਸਿੰਘ 90 ਮੈਂਬਰੀ ਹਰਿਆਣਾ ਵਿਧਾਨ ਸਭਾ ’ਚ ਚੋਣ ਜਿੱਤਣ ਵਾਲੇ ਇਕੋ-ਇਕ ਸਿੱਖ ਚਿਹਰਾ ਹਨ। ਖ਼ਾਸ ਗੱਲ ਇਹ ਰਹੀ ਕਿ ਸੰਦੀਪ ਸਿੰਘ ਨੇ ਮੰਤਰੀ ਬਣਨ ਤੋਂ ਬਾਅਦ ਮੰਤਰਾਲੇ ਦੀ ਗੋਪਨੀਅਤਾ ਬਣਾਈ ਰੱਖਣ ਲਈ ਸਹੁੰ ਚੁੱਕਦੇ ਸਮੇਂ ਪੰਜਾਬੀ ਭਾਸ਼ਾ ਦਾ ਉਚਾਰਨ ਕੀਤਾ। ਵਿਸ਼ਵ ਹਾਕੀ ਦੇ ਗਲਿਆਰਿਆਂ ’ਚ ਸੰਦੀਪ ਸਿੰਘ ਨੇ ਚੰਗਾ ਨਾਮਣਾ ਖੱਟਿਆ ਹੈ। ਪੈਨਲਟੀ ਕਾਰਨਰ ਲਾਉਣ ਸਮੇਂ 145 ਕਿਲੋਮੀਟਰ ਦੀ ਸਪੀਡ ਨਾਲ ਬਾਲ ਨੂੰ ਡਰੈਗ ਕਰਨ ਵਾਲੇ ਓਲੰਪੀਅਨ ਸੰਦੀਪ ਸਿੰਘ ਦਾ ਜਨਮ ਸ਼ਾਹਬਾਦ ਮਾਰਕੰਡਾ (ਕੁਰੂਕਸ਼ੇਤਰ) ’ਚ 27 ਫਰਵਰੀ 1986 ’ਚ ਦਲਜੀਤ ਕੌਰ ਤੇ ਗੁਰਚਰਨ ਸਿੰਘ ਦੇ ਗ੍ਰਹਿ ਵਿਚ ਹੋਇਆ। ਸੰਦੀਪ ਸਿੰਘ ਦੇ ਖੇਡ ਕਰੀਅਰ ’ਤੇ ਫਿਲਮ ਸੂਰਮਾ ਬਣਾਈ ਗਈ। ਸਾਲ-2012 ’ਚ ਅਰਜੁਨਾ ਐਵਾਰਡ ਹਾਸਲ ਸੰਦੀਪ ਸਿੰਘ ਨੇ 2012 ’ਚ ਸੀਨੀਅਰ ਕੌਮੀ ਟੀਮ ’ਚ ਕਰੀਅਰ ਦਾ ਆਗਾਜ਼ ਕੀਤਾ। ਹਰਿਆਣਾ ਪੁਲੀਸ ’ਚ ਡੀਐਸਪੀ ਦੇ ਅਹੁਦੇ ’ਤੇ ਬਿਰਾਜਮਾਨ ਰਹਿ ਚੁੱਕੇ ਸੰਦੀਪ ਸਿੰਘ ਨੂੰ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਰਹਿਆਣਾ ਸਰਕਾਰ ’ਚ ਯੂਥ ਅਫੇਅਰ ਐਂਡ ਸਪੋਰਟਸ ਵਿਭਾਗ ’ਚ ਰਾਜ ਮੰਤਰੀ ਦਾ ਚਾਰਜ ਦਿੱਤਾ ਗਿਆ ਹੈ।
ਓਲੰਪੀਅਨ ਸ਼ੂਟਰ ਤੋਂ ਬਾਅਦ ਖੇਡ ਮੰਤਰੀ ਬਣੇ ਰਾਜਵਰਧਨ ਸਿੰਘ ਰਾਠੌੜ: ਭਾਰਤੀ ਆਰਮੀ ’ਚੋਂ ਕਰਨਲ ਦੇ ਰੈਂਕ ਤੋਂ ਰਿਟਾਇਰ ਹੋਏ ਓਲੰਪੀਅਨ ਸ਼ੂਟਰ ਰਾਜਵਰਧਨ ਸਿੰਘ ਰਾਠੌੜ ਨੂੰ ਜੈਪੁਰ ਰੂਰਲ ਤੋਂ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਨਰੇਂਦਰ ਮੋਦੀ ਸਰਕਾਰ ’ਚ 2014 ’ਚ ਸੂਚਨਾ ਅਤੇ ਪ੍ਰਸਾਰਨ ਰਾਜ ਮੰਤਰੀ ਬਣਾਇਆ ਗਿਆ। ਪਰ 2017 ’ਚ ਮੰਤਰਾਲਾ ਬਦਲ ਕੇ ਰਾਜਵਰਧਨ ਸਿੰਘ ਨੂੰ ਪੂਰਨ ਰੂਪ ’ਚ ਮਨੀਸਟਰ ਆਫ ਯੂਥ ਅਫੇਅਰ ਐਂਡ ਸਪੋਰਟਸ ਮਹਿਕਮਾ ਦੇ ਦਿੱਤਾ ਗਿਆ। ਭਾਜਪਾ ਸਰਕਾਰ ਦੀ ਦੂਜੀ ਮਿਆਦ ’ਚ ਰਾਜਵਰਧਨ ਰਾਠੌੜ ਕਾਂਗਰਸ ਪਾਰਟੀ ਦੀ ਓਲੰਪੀਅਨ ਥਰੋਅਰ ਕ੍ਰਿਸ਼ਨਾ ਪੂਨੀਆ ਨੂੰ ਹਰਾ ਕੇ ਜੈਪੁਰ ਰੂਰਲ ਤੋਂ ਮੁੜ ਮੈਂਬਰ ਪਾਰਲੀਮੈਂਟ ਬਣੇ ਹਨ।
ਓਲੰਪੀਅਨ ਸਫ਼ਰ ਤੋਂ ਬਾਅਦ ਫਰਾਂਸ ’ਚ ਮੰਤਰੀ ਬਣੀ ਲੌਰਾ ਫੈਸਲ: 17 ਮਈ 2017 ’ਚ ਫਰਾਂਸ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਐਡੌਰਡ ਫਿਲਪੀ ਨੇ ਆਪਣੇ ਮੰਤਰੀ ਮੰਡਲ ’ਚ ਪੰਜ ਓਲੰਪਿਕ ਟੂਰਨਾਮੈਂਟ ਖੇਡ ਚੁੱਕੀ ਮਹਿਲਾ ਖਿਡਾਰਨ ਲੌਰਾ ਫੈਸਲ ਕੋਲੋਵਿਕ ਨੂੰ ਖੇਡ ਮੰਤਰੀ ਬਣਾਇਆ ਹੈ। ਫਰਾਂਸ ’ਚ ਪਹਿਲੀ ਵਾਰ ਨਵੇਂ ਬਣੇ ਪ੍ਰਧਾਨ ਮੰਤਰੀ ਇਡੋਅਰਡ ਫਿਲਪੀ ਦੀ ਇਹ ਦੂਰਅੰਦੇਸ਼ੀ ਹੀ ਸੀ ਕਿ ਉਨ੍ਹਾਂ ਦੇਸ਼ ’ਚ ਖੇਡਾਂ ਨੂੰ ਨਵਾਂ ਰੂਪ ਦੇਣ ਲਈ ਕਿਸੇ ਸਾਬਕਾ ਓਲੰਪੀਅਨ ਅਥਲੀਟ ਨੂੰ ਸਪੋਰਟਸ ਮਨੀਸਟਰੀ ਦਾ ਆਜ਼ਾਦਾਨਾ ਚਾਰਜ ਸੌਂਪਿਆ ਸੀ ਪਰ ਕੁੱਝ ਨਿੱਜੀ ਕਾਰਨਾਂ ਕਰਕੇ ਲੌਰਾ ਫੈਸਲ ਨੇ 9 ਸਤੰਬਰ, 2018 ’ਚ ਮੰਤਰੀ ਦਾ ਅਹੁਦਾ ਤਿਆਗ ਦਿੱਤਾ।
ਹਾਕੀ ਓਲੰਪੀਅਨ ਤੋਂ ਖੇਡ ਮੰਤਰੀ ਬਣਿਆ ਅਖਤਰ ਰਸੂਲ: ਮੈਦਾਨ ’ਚ ਸੈਂਟਰ ਹਾਫ ਦੀ ਪੁਜ਼ੀਸ਼ਨ ’ਤੇ ਖੇਡਣ ਵਾਲੇ ਪਾਕਿਸਤਾਨੀ ਹਾਕੀ ਓਲੰਪੀਅਨ ਅਖਤਰ ਰਸੂਲ ਨੇ ਸਾਲ-1986 ’ਚ ਪਹਿਲੀ ਵਾਰ ਆਜ਼ਾਦ ਉਮੀਦਵਾਰ ਵਜੋਂ ਐਮਪੀਏ (ਮੈਂਬਰ ਆਫ ਪ੍ਰੋਵੀਨਸ਼ੀਅਲ ਅਸੈਂਬਲੀ) ਦੀ ਚੋਣ ਜਿੱਤੀ। 1988 ’ਚ ਅਖਤਰ ਰਸੂਲ ਨੂੰ ਪੰਜਾਬ ਦਾ ਐਕਸਾਈਜ਼ ਅਤੇ ਟੈਕਸੇਸ਼ਨ ਮੰਤਰੀ ਨਾਮਜ਼ਦ ਕੀਤਾ ਗਿਆ। ਤਿੰਨ ਹਾਕੀ ਚੈਂਪੀਅਨਜ਼ ਟਰਾਫੀਆਂ ’ਚ ਪਾਕਿਸਤਾਨ ਹਾਕੀ ਟੀਮ ਨਾਲ ਮੈਦਾਨ ’ਚ ਕੁੱਦਣ ਵਾਲੇ ਅਖਤਰ ਰਸੂਲ ਨੂੰ 1990 ’ਚ ਪੰਜਾਬ ਅਸੈਂਬਲੀ ਦੀ ਚੋਣ ਜਿੱਤਣ ਤੋਂ ਬਾਅਦ ਖੇਡ ਮੰਤਰੀ ਬਣਾਇਆ ਗਿਆ। 1993 ’ਚ ਅਖਤਰ ਰਸੂਲ ਨੇ ਪੰਜਾਬ ਤੋਂ ਦੂਜੀ ਵਾਰ ਐਮਐਲਏ ਦੀ ਸੀਟ ਭਾਰੀ ਵੋਟਾਂ ਦੇ ਫਰਕ ਨਾਲ ਜਿੱਤਣ ’ਚ ਸਫਲਤਾ ਹਾਸਲ ਕੀਤੀ।
ਹਾਕੀ ਓਲੰਪੀਅਨ ਤੇ ਪ੍ਰਸਿੱਧ ਸਾਇੰਟਿਸਟ ਚੌਧਰੀ ਗੁਲਾਮ ਰਸੂਲ ਦਾ ਪੁੱਤਰ ਅਖਤਰ ਰਸੂਲ ਦੁਨੀਆਂ ਦਾ ਪਲੇਠਾ ਹਾਕੀ ਖਿਡਾਰੀ ਹੈ, ਜਿਸ ਨੇ ਕਰੀਅਰ ’ਚ ਪੰਜ ਆਲਮੀ ਹਾਕੀ ਕੱਪ ਖੇਡਣ ਸਦਕਾ ਚਾਰ ਵਰਲਡ ਹਾਕੀ ਕੱਪ ਮੁਕਾਬਲਿਆਂ ਬਾਰਸੀਲੋਨਾ-1971, ਬਿਊਨਸ ਏਰੀਅਸ-1978 ਅਤੇ ਮੁੰਬਈ-1982 ’ਚ ਗੋਲਡ ਮੈਡਲ ਅਤੇ ਕੁਆਲਾਲੰਪੁਰ-1975 ’ਚ ਸਿਲਵਰ ਮੈਡਲ ਜਿੱਤਣ ਵਾਲੀ ਪਾਕਿਸਤਾਨੀ ਹਾਕੀ ਟੀਮ ਦੀ ਪ੍ਰਤੀਨਿੱਧਤਾ ਕੀਤੀ।
ਹਾਕੀ ਓਲੰਪੀਅਨ ਤੋਂ ਕੇਂਦਰੀ ਮੰਤਰੀ ਬਣਿਆ ਅਸਲਮ ਸ਼ੇਰ ਖਾਨ: ਮੈਦਾਨ ’ਚ ਫੁੱਲ ਬੈਕ ਦੀ ਪੁਜ਼ੀਸ਼ਨ ’ਤੇ ਖੇਡਣ ਵਾਲੀ ਓਲੰਪੀਅਨ ਅਸਲਮ ਸ਼ੇਰ ਖਾਨ ਦੇਸ਼ ਦਾ ਪਹਿਲਾ ਹਾਕੀ ਖਿਡਾਰੀ ਹੈ, ਜਿਸ ਨੂੰ ਸੰਸਦ ਮੈਂਬਰ ਬਣਨ ਤੋਂ ਬਾਅਦ ਕੇਂਦਰੀ ਮੰਤਰੀ ਮੰਡਲ ’ਚ ਕੈਬਨਿਟ ਮੰਤਰੀ ਬਣਾਇਆ ਗਿਆ। ਅਸਲਮ ਸ਼ੇਰ ਨੇ ਮੱਧ ਪ੍ਰਦੇਸ਼ ਰਾਜ ਤੋਂ ਪੰਜ ਵਾਰ ਨੈਸ਼ਨਲ ਕਾਂਗਰਸ ਪਾਰਟੀ ਦੀ ਟਿਕਟ ਹਾਸਲ ਕਰ ਕੇ ਪਾਰਲੀਮੈਂਟ ਦੀ ਚੋਣ ਲੜੀ। 8ਵੀਂ ਲੋਕ ਸਭਾ ’ਚ ਅਸਲਮ ਸ਼ੇਰ ਖਾਨ ਪਹਿਲੀ ਵਾਰ ਬੈਤੂਲ ਪਾਰਲੀਮੈਂਟ ਹਲਕੇ ਤੋਂ ਸੰਸਦ ਮੈਂਬਰ ਬਣਨ ’ਚ ਸਫ਼ਲ ਹੋਏ। ਇਸੇ ਹਲਕੇ ਤੋਂ 9ਵੀਂ ਲੋਕ ਸਭਾ ਦੀ ਚੋਣ ਹਾਰਨ ਵਾਲੇ ਅਸਲਮ ਖਾਨ ਨੂੰ 10ਵੀਂ ਲੋਕ ਸਭਾ ਚੋਣਾਂ ’ਚ ਇਸੇ ਹਲਕੇ ਤੋਂ ਦੂਜੀ ਵਾਰ ਸਫਲਤਾ ਹਾਸਲ ਹੋਈ। ਬੈਤੂਲ ਪਾਰਲੀਮਾਨੀ ਹਲਕੇ ਤੋਂ ਦੂਜੀ ਵਾਰ ਚੋਣ ਜਿੱਤਣ ਸਦਕਾ ਅਸਲਮ ਸ਼ੇਰ ਖਾਨ ਨੂੰ 1991 ’ਚ ਕੇਂਦਰੀ ਮੰਤਰੀ ਮੰਡਲ ’ਚ ਸ਼ਾਮਲ ਕੀਤਾ ਗਿਆ। ਇਸ ਤੋਂ ਬਾਅਦ ਅਸਲਮ ਸ਼ੇਰ ਭੂਪਾਲ ਅਤੇ ਸਾਗਰ ਤੋਂ 2004 ਅਤੇ 2009 ’ਚ ਲਗਾਤਾਰ ਦੋ ਵਾਰ ਪਾਰਲੀਮੈਂਟ ਦੀ ਚੋਣ ’ਚ ਸਫਲਤਾ ਹਾਸਲ ਨਾ ਕਰ ਸਕੇ।
ਹਾਕੀ ਓਲੰਪੀਅਨ ਅਸਲਮ ਸ਼ੇਰ ਖਾਨ ਦਾ ਜਨਮ 15 ਜੁਲਾਈ, 1958 ’ਚ ਭੂਪਾਲ ’ਚ ਬਰਲਿਨ-1936 ਓਲੰਪਿਕ ਹਾਕੀ ’ਚ ਸੋਨ ਤਗਮਾ ਜੇਤੂ ਹਾਕੀ ਓਲੰਪੀਅਨ ਅਹਿਮਦ ਸ਼ੇਰ ਖਾਨ ਦੇ ਗ੍ਰਹਿ ਵਿਖੇ ਹੋਇਆ। ਕੌਮਾਂਤਰੀ ਹਾਕੀ ’ਚ ਅਸਲਮ ਸ਼ੇਰ ਨੂੰ ਅਜੀਤਪਾਲ ਸਿੰਘ ਕੁਲਾਰ ਦੀ ਅਗਵਾਈ ’ਚ ਕੁਆਲਾਲੰਪੁਰ-1975 ਵਿਸ਼ਵ ਹਾਕੀ ਕੱਪ ’ਚ ਚੈਂਪੀਅਨ ਨਾਮਜ਼ਦ ਹੋਈ ਕੌਮੀ ਟੀਮ ਦੀ ਨੁਮਾਇੰਦਗੀ ਕਰਨ ਤੋਂ ਇਲਾਵਾ ਮਾਂਟੀਰੀਅਲ-1976 ਓਲੰਪਿਕ ਹਾਕੀ ਖੇਡਣ ਦਾ ਰੁਤਬਾ ਹਾਸਲ ਹੋਇਆ।
ਸੰਪਰਕ: 94171-82993
‘ਪੰਜਾਬੀ ਟਿ੍ਰਬਿੳੂਨ’ ਤੋਂ ਧੰਨਵਾਦ ਸਹਿਤ