ਅਰਪਨ ਲਿਖਾਰੀ ਸਭਾ ਨੇ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ’ਤੇ ਖ਼ੁਸ਼ੀ ਪ੍ਰਗਟਾਈ

ਕੈਲਗਰੀ (ਜਸਵੰਤ ਸਿੰਘ ਸੇਖੋਂ) : ਅਰਪਨ ਲਿਖਾਰੀ ਸਭਾ ਕੈਲਗਰੀ ਦੀ ਨਵੰਬਰ ਮਹੀਨੇ ਦੀ ਮੀਟਿੰਗ ਕੋਸੋ ਹਾਲ ਵਿੱਚ ਸਤਨਾਮ ਸਿੰਘ ਢਾਅ ਅਤੇ ਜਸਵੀਰ ਸਿਹੋਤਾ ਦੀ ਪ੍ਰਧਾਨਗੀ ਹੇਠ ਹੋਈ। ਜਸਵੰਤ ਸਿੰਘ ਸੇਖੋਂ ਨੇ ਸਟੇਜ ਦੀ ਜ਼ਿੰਮੇਵਾਰੀ ਸੰਭਾਲਦਿਆਂ ਆਏ ਹੋਏ ਸਾਹਿਤਕਾਰਾਂ, ਸਾਹਿਤ ਪ੍ਰੇਮੀਆਂ ਨੂੰ ਜੀ ਆਇਆ ਆਖਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਗਮਾਨ ਦੀ ਵਧਾਈ ਦਿੰਦਿਆਂ ਕਰਤਾਰਪੁਰ ਲਾਂਘਾ ਖੁੱਲ੍ਹਣ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਹ ਵੀ ਦੱਸਿਆ ਗਿਆ ਕਿ ਅੱਜ ਦੀ ਇਹ ਇਕੱਤਰਤਾ ਗੁਰੂ ਨਾਨਕ ਦੇਵ ਜੀ ਦੇ ਸਾਢੇ ਪੰਜ ਸੌ ਸਾਲਾ ਜਨਮ ਦਿਵਸ ਨੂੰ ਸਮਰਪਤਿ ਹੋਵੇਗੀ। ਉਪਰੰਤ ਵਿਛੜੇ ਹੋਏ ਸਾਹਿਤਕਾਰਾਂ ਬਾਰੇ ਸੂਚਨਾ ਦਿੱਤੀ ਤੇ ਵਿੱਛੜੀਆਂ ਰੂਹਾਂ ਨੂੰ (ਸਵਰਨ ਸਿੰਘ ਪ੍ਰਵਾਨਾ, ਪ੍ਰੇਮ ਕੁਮਾਰ ‘ਨਜ਼ਰ’, ਡਾ. ਮਨਜੀਤ ਪਾਲ ਕੌਰ, ਅਤੇ ਡਾ. ਸਰਬਜੀਤ ਕੌਰ ਜਵੰਦਾ ਦੇ ਪਿਤਾ ਜੀ ਜੋਗਿੰਦਰ ਸਿੰਘ ਜਵੰਦਾ, ਕਸ਼ਮੀਰ ਸਿੰਘ ਪੰਨੂ) ਨੂੰ ਇੱਕ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਕੇਸਰ ਸਿੰਘ ਨੀਰ ਨੇ ਵਿਛੜੇ ਸਾਹਿਤਕਾਰਾਂ ਬਾਰੇ ਬਹਤ ਹੀ ਭਾਵਪੂਰਤ ਅਤੇ ਸੰਖੇਪ ਜਾਣਕਾਰੀ ਸਾਂਝੀ ਕੀਤੀ।
ਪ੍ਰੋਗਰਾਮ ਦਾ ਆਗਾਜ਼ ਅਮਰੀਕ ਸਿੰਘ ਚੀਮਾ ਨੇ ਬੁਲੰਦ ਆਵਾਜ਼ ਵਿੱਚ ਇੱਕ ਕਵਿਤਾ ਨਾਲ ਕੀਤਾ। ਨਾਮਵਰ ਸ਼ਾਇਰ ਕੇਸਰ ਸਿੰਘ ਨੀਰ ਨੇ ਗੁਰੂ ਨਾਨਕ ਨੂੰ ਸੰਬੋਧਨ ਕਰਦੀ ਕਵਿਤਾ ਜੋ ਪੰਜ ਸੌ ਸਾਲਾ ਜਨਮ ਦਿਨ ’ਤੇ ਲਿਖੀ ਸੀ, ਸੁਣਾਈ। ਕਿਉਂਕਿ ਜੋ ਹਾਲਾਤ ਪੰਜਾਹ ਸਾਲ ਪਹਿਲਾਂ ਸਨ, ਅੱਜ ਵੀ ਉਹੀ ਹਨ। ਜਗਦੇਵ ਸਿੰਘ ਸਿੱਧੂ ਨੇ ਗੁਰੂ ਨਾਨਕ ਦੀ ਬਾਣੀ ਬਾਰੇ ਦੁਨੀਆ ਦੇ ਹੋਰ ਧਰਮਾਂ ਨਾਲ ਤੁਲਣਾ ਕਰਦਾ ਬਹੁਤ ਹੀ ਖੋਜ ਭਰਪੁਰ ਲੇਖ ਸਾਂਝਾ ਕੀਤਾ ਜਿਸ ਨੂੰ ਸਰੋਤਿਆਂ ਵੱਲੋਂ ਬਹੁਤ ਸਲਾਹਇਆ ਗਿਆ। ਜਰਨੈਲ ਸਿੰਘ ਤੱਗੜ, ਧਰਮ ਸਿੰਘ ਚੜਿਕ, ਰਣਜੀਤ ਸਿੰਘ ਮਿਨਹਾਸ, ਜੋਗਾ ਸਿੰਘ ਸਿਹੋਤਾ, ਜਸਬੀਰ ਸਿੰਘ ਸਿਹੋਤਾ, ਬਹਾਦਰ ਡਾਲਵੀ, ਜਤਿੰਦਰ ਸਵੈਚ, ਜਸਵੰਤ ਸਿੰਘ ਸੇਖੋਂ, ਗੁਰਚਰਨ ਸਿੰਘ ਹੇਅਰ, ਬੀਬੀ ਹਰਮਿੰਦਰ ਕੌਰ ਚੁੱਘ ਅਤੇ ਬੀਬੀ ਸਰਬਜੀਤ ਕੌਰ ਉੱਪਲ ਦੇ ਕਵੀਸ਼ਰੀ ਜਥੇ ਨੇ ਵੀ ਜਸਵੰਤ ਸੇਖੋਂ ਦੀ ਕਵਿਤਾ ਗਾ ਕੇ ਰੰਗ ਬੰਨ੍ਹਿਆ। ਰਵੀ ਜਨਾਗਲ, ਗੁਰਦੀਸ਼ ਗਰੇਵਾਲ ਨੇ ਗੁਰੂ-ਜਸ ਦੀਆਂ ਕਵਿਤਾਵਾਂ ਨਾਲ ਸਰੋਤਿਆਂ ਨੂੰ ਕੀਲ ਲਿਆ, ਦਿਲਾਵਰ ਸਿੰਘ ਸਮਰਾ ਨੇ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਵਸ ਦੀ ਵਧਾਈ ਦਿੰਦਿਆਂ ਆਪਣੇ ਵਿਚਾਰ ਰੱਖੇ। ਹਰਦਿਆਲ ਮਾਨ ਨੇ ਵੀ ਗੁਰਬਾਣੀ ਦੇ ਆਧਾਰ ’ਤੇ ਅਪਣੇ ਵਿਚਾਰ ਸਾਂਝੇ ਕਰਦਿਆਂ, ਕੋਸੋ ਵੱਲੋਂ ਕਰਾਏ ਜਾ ਰਹੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਆਪਣੇ ਵਿਚਾਰ ਸਾਂਝੇ ਕੀਤੇ। ਇਨ੍ਹਾਂ ਤੋਂ ਇਲਾਵਾ ਇਕਬਾਲ ਖ਼ਾਨ, ਦਰਸ਼ਨ ਸਿੰਘ ਔਲਖ, ਰਾਜਿੰਦਰ ਕੌਰ (ਰੇਨੀ) ਸਵੈਚ, ਸੁਖਦੇਵ ਕੌਰ ਢਾਅ, ਅਵਤਾਰ ਕੌਰ ਤੱਗੜ, ਅਦਰਸ਼ਦੀਪ ਘਟੋੜਾ ਨੇ ਇਸ ਸਾਹਿਤ ਚਰਚਾ ਵਿੱਚ ਹਿੱਸਾ ਲਿਆ।
ਅਖ਼ੀਰ ਤੇ ਸਤਨਾਮ ਢਾਅ ਨੇ ਕ੍ਰਾਂਤੀਕਾਰੀ ਗੁਰੂ ਨਨਕ ਦੇਵ ਜੀ ਦੀਆਂ ਬਾਣੀਆਂ ਬਾਰੇ ਗੱਲ ਕਰਦਿਆਂ ਗੁਰੂ ਬਾਬੇ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦੀ ਬੇਨਤੀ ਕੀਤੀ। ਉਨ੍ਹਾਂ ਆਖਿਆ ਕਿ ਇਹ ਪੁਰਬ ਮਨਾਉਣ ਦਾ ਤੱਦ ਹੀ ਫਾਇਦਾ ਹੈ। ਜੇਕਰ ਅਸੀਂ ਉਨ੍ਹਾਂ ਦੀ ਵਿਚਾਰਧਾਰਾ ’ਤੇ ਅਮਲ ਵੀ ਕਰੀਏ। ਢਾਅ ਨੇ ਆਏ ਹੋਏ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਦਾ, ਇੰਨੇ ਠੰਢੇ ਮੌਸਮ ਵਿੱਚ ਵੀ ਹਾਜ਼ਰੀ ਭਰਨ ਲਈ ਧੰਨਵਾਦ ਕੀਤਾ। ਨਾਲ ਹੀ ਜਾਣਕਾਰੀ ਸਾਂਝੀ ਕੀਤੀ ਕਿ ਅਗਲੀ ਮੀਟਿੰਗ 14 ਦੰਸਬਰ 2019 ਨੂੰ ਕੋਸੋ ਹਾਲ ਹੋਵੇਗੀ। ਹੋਰ ਜਾਣਕਾਰੀ ਲਈ ਜਸਵੰਤ ਸਿੰਘ ਸੇਖੋਂ 403-681-3132 ’ਤੇ ਸੰਪਰਕ ਕੀਤਾ ਜਾ ਸਕਦਾ ਹੈ।