ਮੈਂ ਬਰਫ਼ ਦੇ ਜੰਗਲ ਵਿਚ ਖੜ੍ਹੇ ਸੁੰਨ ਬਿਰਖਾਂ ਨਾਲ ਹਾਂ : ਕੁਲਵਿੰਦਰ

ਮੈਂ ਬਰਫ਼ ਦੇ ਜੰਗਲ ਵਿਚ ਖੜ੍ਹੇ ਸੁੰਨ ਬਿਰਖਾਂ ਨਾਲ ਹਾਂ : ਕੁਲਵਿੰਦਰ
ਕੁਲਵਿੰਦਰ ਪੰਜਾਬੀ ਗ਼ਜ਼ਲ ਦਾ ਪ੍ਰਮੁੱਖ ਹਸਤਾਖਰ ਹੈ ਜੋ ਪਿਛਲੇ 33 ਵਰ੍ਹਿਆਂ ਤੋਂ ਅਮਰੀਕਾ ਰਹਿ ਰਿਹਾ ਹੈ। ਕਿੱਤੇ ਵਜੋਂ ਉਹ ਇੰਜੀਨੀਅਰ ਹੈ ਅਤੇ ਚੰਗੀ ਮਾਣ ਵਾਲੀ ਨੌਕਰੀ ਕਰ ਰਿਹਾ ਹੈ।
ਕੁਲਵਿੰਦਰ ਪਹਿਲੇ ਗ਼ਜ਼ਲ ਸੰਗ੍ਰਹਿ ‘ਬਿਰਛਾਂ ਅੰਦਰ ਉੱਗੇ ਖੰਡਰ’ ਰਾਹੀਂ ਆਪਣੀ ਸਾਹਿਤਕ ਪਛਾਣ ਬਣਾਉਣ ਦੇ ਸਮਰੱਥ ਹੋ ਗਿਆ ਸੀ ਤੇ ਆਪਣੀ ਦੂਸਰੀ ਪੁਸਤਕ ‘ਨੀਲੀਆਂ ਲਾਟਾਂ ਦਾ ਸੇਕ’ ਰਾਹੀਂ ਉਸ ਨੇ ਪ੍ਰੋਢ, ਲਾਸਾਨੀ ਤੇ ਜਦੀਦ ਗ਼ਜ਼ਲਗੋ ਵਜੋਂ ਨਿਵੇਕਲਾ ਸਥਾਨ ਹਾਸਲ ਕੀਤਾ ਹੈ। ਕੁਲਵਿੰਦਰ ਦੀਆਂ ਗ਼ਜ਼ਲਾਂ ਵਿਚ ਪੰਜਾਬ, ਭਾਰਤ ਤੋਂ ਸ਼ੁਰੂ ਹੋ ਕੇ ਸਮੁੱਚੇ ਵਿਸ਼ਵ ਦੀਆਂ ਸਮੱਸਿਆਵਾਂ ਦਾ ਪ੍ਰਗਟਾਵਾ ਹੁੰਦਾ ਹੈ। ਪੰਜਾਬੀ ਵਿਚ ਆਧੁਨਿਕ ਗ਼ਜ਼ਲ ਲਿਖਣ ਵਾਲੇ ਗਿਣੇ ਚੁਣੇ ਸ਼ਾਇਰਾਂ ਵਿਚ ਉਸ ਦਾ ਨਾਮ ਪੇਸ਼ ਪੇਸ਼ ਹੈ। ਕੁਲਵਿੰਦਰ ਦੀਆਂ ਗ਼ਜ਼ਲਾਂ ਪੜ੍ਹਦਿਆਂ ਇਹ ਮਹਿਸੂਸ ਹੁੰਦਾ ਹੈ ਕਿ ਉਸ ਦੇ ਬਿੰਬ, ਪ੍ਰਤੀਕ, ਚਿੰਨÎ ਤੇ ਅਲੰਕਾਰ ਪੰਜਾਬੀ ਜੁੱਸੇ ਵਿਚ ਢਲੇ ਹੋਣ ਦੇ ਨਾਲ ਨਾਲ ਵਿਸ਼ਵ ਸੱਭਿਆਚਾਰ ਨੂੰ ਨਵੀਂ ਦ੍ਰਿਸ਼ਟੀ ਤੋਂ ਪੇਸ਼ ਕਰਦੇ ਹਨ। ਉਸ ਦੇ ਬਿੰਬਾਂ ਪ੍ਰਤੀਕਾਂ ਦਾ ਘੇਰਾ ਬਹੁਤ ਵਸੀਹ, ਹੈਰਾਨਕੁਨ ਤੇ ਤਾਜ਼ਗੀ ਭਰਪੂਰ ਹੈ। ਉਸ ਦੀਆਂ ਗ਼ਜ਼ਲਾਂ ਦੁਨੀਆ ਭਰ ਦੇ ਆਮ ਲੋਕਾਂ ਦੇ ਦੁੱਖ ਦਰਦ, ਸੰਘਰਸ਼, ਉਦਾਸੀ, ਵਿਯੋਗ ਆਦਿ ਦੀ ਬਾਤ ਪਾਉਂਦੀਆਂ ਹੋਈਆਂ ਭਵਿੱਖ ਦਾ ਆਸ਼ਾਮਈ ਸੰਸਾਰ ਸਿਰਜਦੀਆਂ ਹਨ। ਉਸ ਦੀਆਂ ਗ਼ਜ਼ਲਾਂ ਰਵਾਇਤੀ ਵਿਸ਼ਿਆਂ ਨੂੰ ਤਿਆਗ ਕੇ ਆਧੁਨਿਕ ਭਾਵ-ਬੋਧ, ਸੰਸਾਰ ਸੰਕਟ ਤੇ ਮਨੁੱਖੀ ਚੇਤਨਤਾ ਦੇ ਸਦੀਵੀ ਵਿਰੋਧਾਂ ਨੂੰ ਨਵੇਂ ਦ੍ਰਿਸ਼ਟੀਕੋਣ ਤੋਂ ਪੇਸ਼ ਕਰਦੀਆਂ ਹਨ। ਕੁਦਰਤ ਤੇ ਪ੍ਰਕਿਰਤੀ ਨੂੰ ਉਹ ਜ਼ਿੰਦਗੀ ਦੇ ਸ਼ੈਆਂ ਰੰਗਾਂ ਵਿਚ ਚਿਤਰ ਕੇ ਉਸ ਦਾ ਮਾਨਵੀਕਰਨ ਕਰਦਾ ਹੈ। ਉਸਦੀ ਸ਼ੈਲੀ ਏਸੇ ਲਈ ਵੱਖਰੀ ਹੈ ਕਿ ਉਹ ਪ੍ਰਾਪਤ ਅਰਥਾਂ ਦੇ ਸ਼ਬਦਾਂ ਨੂੰ ਭੰਨਦਾ ਤੋੜਦਾ, ਨਵੀਆਂ ਵਿਉਂਤਾਂ, ਗੁੰਦਦਾ, ਨਵੇਂ ਅਰਥ ਸੰਸਾਰ ਲੱਭਦਾ ਪਾਰਗਾਮੀ ਕਾਵਿ ਸਿਰਜਦਾ ਹੈ।
ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਵੱਲੋਂ ਸੁਖਵਿੰਦਰ ਕੰਬੋਜ ਨੇ 2012 ਵਿਚ ਮੈਨੂੰ ਦੋ ਰੋਜ਼ਾ ਕਾਨਫ਼ਰੰਸ ਵਿਚ ਸ਼ਾਮਿਲ ਹੋਣ ਲਈ ਅਮਰੀਕਾ ਸੱਦਿਆ ਸੀ। ਉਦੋਂ ਇਕ ਐਤਵਾਰ ਦੀ ਸ਼ਾਮ ਕੁਲਵਿੰਦਰ ਦੇ ਪਹਾੜੀਆਂ ਦੀ ਬੁੱਕਲ ਵਿਚ ਘਿਰੇ ਖੁੱਲ੍ਹੇ ਡੁੱਲੇ ਘਰ ਵਿਚ ਇਹ ਇੰਟਰਵਿਊ ਸ਼ੁਰੂ ਕੀਤੀ ਸੀ ਜੋ ਕਿ ਉਸ ਤੋਂ ਬਾਅਦ ਵੀ ਫ਼ੋਨ ‘ਤੇ ਹੁੰਦੀਆਂ ਗੱਲਾਂ-ਬਾਤਾਂ ਵਿਚ ਚਲਦੀ ਰਹੀ, ਪਰ ਇਸ ਨੂੰ ਸਮੇਟਣ ਦਾ ਸਬੱਬ ਹੁਣ ਬਣਿਆ ਹੈ। ਪੇਸ਼ ਹੈ ਸ਼ਾਇਰ ਕੁਲਵਿੰਦਰ ਨਾਲ ਇਹ ਗੱਲਬਾਤ।
ਅਜਮੇਰ ਸਿੱਧੂ- ਉਸ ਪਰਿਵਾਰਕ ਮਾਹੌਲ ਬਾਰੇ ਚਾਨਣਾ ਪਾਓ ਜਿਸ ਵਿਚ ਸ਼ਾਇਰ ਕੁਲਵਿੰਦਰ ਜਨਮ ਲੈਂਦਾ ਹੈ?
ਕੁਲਵਿੰਦਰ- ਮੇਰਾ ਜਨਮ ਮੰਜਕੀ ਦੇ ਪਿੰਡ ਬੁੰਡਾਲੇ ਵਿਚ 11 ਦਸੰਬਰ, 1961 ਨੂੰ ਹੋਇਆ। ਮੇਰੇ ਪਿਤਾ ਰੁਜ਼ਗਾਰ ਵਾਸਤੇ ਆਗਰੇ ਰਹਿੰਦੇ ਸਨ। ਸੋ ਬਚਪਨ ਦੇ ਥੋੜ੍ਹੇ ਵਰ੍ਹੇ ਮੈਂ ਉੱਥੇ ਹੀ ਗੁਜ਼ਾਰੇ। ਆਗਰੇ ਵਿਚ ਮੇਰਾ ਸਕੂਲ ਬਿਲਕੁਲ ਜਮਨਾ ਦੇ ਕਿਨਾਰੇ ਹੁੰਦਾ ਸੀ। ਸਵੇਰੇ ਸਵੇਰੇ ਜਮਨਾ ਕਿਨਾਰੇ ਪਾਣੀ ਵਿਚ ਤਰਦੀਆਂ ਕਾਂਸੀ ਰੰਗੀਆਂ ਗਾਗਰਾਂ ਵਿਚ ਜਗਦੇ ਨਿੱਕੇ ਨਿੱਕੇ ਦੀਵੇ ਮੇਰੇ ਵਾਸਤੇ ਅਜੀਬ ਮਾਹੌਲ ਸਿਰਜ ਦਿੰਦੇ ਸਨ। ਅਸੀਂ ਪੁਲ ‘ਤੇ ਖੜ੍ਹੇ ਹਰ ਰੋਜ਼ ਉਨ੍ਹਾਂ ਨੂੰ ਦੇਖਦੇ ਰਿਹੰਦੇ ਜਦੋਂ ਤਕ ਸਕੂਲ ਨਾ ਸ਼ੁਰੂ ਹੋ ਜਾਂਦਾ। ਜਦੋਂ ਸਵੇਰ ਵੇਲੇ ਸੂਰਜ ਦੀ ਟਿੱਕੀ ਨਿਕਲਦੀ ਤਾਂ ਦੂਰ ਖੜ੍ਹੇ ਤਾਜ ਮਹਿਲ ਦਾ ਜਮਨਾ ਵਿਚ ਚਮਕਦਾ ਅਕਸ ਵੱਖਰੇ ਜਿਹੇ ਅਨੁਭਵ ਦਾ ਅਹਿਸਾਸ ਕਰਵਾਉਂਦਾ ਜੋ ਮੇਰੇ ਚੇਤਿਆਂ ਵਿਚ ਅਜੇ ਵੀ ਜ਼ਿੰਦਾ ਹੈ। ਅਸੀਂ ਪੰਜਾਬ ਵਾਪਸ ਪਰਤੇ ਤਾਂ ਮੈਂ ਪਿੰਡ ਦੇ ਸਕੂਲ ਪੜ੍ਹਨ ਲੱਗਿਆ। ਮੇਰੀ ਸੁਰਤ ਵਿਚ ਉਹ ਦਿਨ ਅਜੇ ਵੀ ਤਾਜ਼ੇ ਹਨ ਜਦ ਮੈਂ ਪੰਜਵੀਂ ਛੇਵੀਂ ਵਿਚ ਪੜ੍ਹਦਾ ਸੀ ਤਾਂ ਲਾਲਟੇਨ ਦੇ ਨਿੰਮੇ ਜਿਹੇ ਚਾਨਣ ਵਿਚ ਮੇਰਾ ਵੱਡਾ ਭਰਾ ਸ਼ਿਵ ਕੁਮਾਰ ਦੀ ‘ਲੂਣਾ’ ਉੱਚੀ ਉੱਚੀ ਪੜ੍ਹ ਦੇ ਮੈਨੂੰ ਸੁਣਾਇਆ ਕਰਦਾ ਸੀ। ਮੈਨੂੰ ਭਾਵੇਂ ਉਸ ਕਵਿਤਾ ਦੇ ਪੂਰੇ ਅਰਥ ਤਾਂ ਨਹੀਂ ਸਨ ਸਮਝ ਆਉਂਦੇ, ਪਰ ਮੇਰੇ ਵਜੂਦ ਉੱਤੇ ਅਜੀਬ ਕਿਸਮਾਂ ਦਾ ਰਹੱਸਮਈ ਆਲਮ ਤਾਰੀ ਹੋ ਜਾਂਦਾ ਸੀ, ਜਿਸ ਆਲਮ ਨੂੰ ਮੈਂ ਅਜ ਤਕ ਵੀ ਸ਼ਬਦਾਂ ਦਾ ਰੂਪ ਦੇਣ ਦਾ ਯਤਨ ਕਰ ਰਿਹਾ ਹਾਂ।
?-ਸਾਹਿਤ ਦੀ ਚਿਣਗ ਕਿੱਥੋਂ ਮਿਲੀ?
-ਸਾਡੇ ਪਿੰਡ ਦੇ ਹੀ ਲੋਕ ਸ਼ਾਇਰ ਸੀ ਗੁਰਦਾਸ ਰਾਮ ਆਲਮ ਅਤੇ ਪਿੰਡ ਤੋਂਂ ਮਸਾਂ ਇਕ ਕਿਲੋਮੀਟਰ ਦੀ ਦੂਰੀ ‘ਤੇ ਪੰਜਾਬੀ ਦੇ ਮਸ਼ਹੂਰ ਸ਼ਾਇਰ ਡਾ. ਜਗਤਾਰ ਪਿੰਡ ਰਾਜਗੁਮਾਲ ਵਿਚ ਰਹਿੰਦੇ ਸੀ (ਹੁਣ ਦਾ ਹੋਣਹਾਰ ਸ਼ਾਇਰ ਤੇ ਆਲੋਚਕ ਜਗਵਿੰਦਰ ਜੋਧਾ ਵੀ ਬੁੰਡਾਲੇ ਤੋਂ ਹੈ), ਇਸ ਕਰ ਕੇ ਕਵਿਤਾ ਸਾਡੇ ਪਿੰਡ ਦੀਆਂ ਜੂਹਾਂ ਵਿਚ ਹੀ ਵਸਦੀ ਸੀ। ਕਦੇ ਕਦੇ ਗੁਰਦਾਸ ਰਾਮ ਆਲਮ ਹੋਰਾਂ ਨੇ ਸਾਡੇ ਮੁਹੱਲੇ ਆ ਜਾਣਾ ਅਤੇ ਠਾਕਰਦੁਆਰੇ ਦੀ ਉੱਚੀ ਥੜ੍ਹੀ ਉੱਤੇ ਖੜ੍ਹ ਕੇ ਕਵਿਤਾਵਾਂ ਸੁਣਾਉਣੀਆਂ ਸ਼ੁਰੂ ਕਰ ਦੇਣੀਆਂ। ਉਨ੍ਹਾਂ ਨੂੰ ਸੁਣਨ ਵਾਸਤੇ ਹੌਲੀ ਹੌਲੀ ਪਿੰਡ ਦੇ ਲੋਕਾਂ ਦਾ ਵੱਡਾ ਇਕੱਠ ਹੋ ਜਾਣਾ। ਮੈਂ ਵੀ ਉਨ੍ਹਾਂ ਨੂੰ ਬੜੀ ਨੀਝ ਨਾਲ ਸੁਣਨਾ। ਮੈਨੂੰ ਅਜੇ ਵੀ ਯਾਦ ਹੈ ਕਿ ਇਕ ਵਾਰ ਉਨ੍ਹਾਂ ਨੇ ਆਪਣੀ ਕਵਿਤਾ ‘ਆਜ਼ਾਦੀ’ ਸੁਣਾਈ ਤਾਂ ਲੋਕਾਂ ਨੇ ਉਸ ਦਾ ਕਿੰਨੀ ਦੇਰ ਤਕ ਤਾੜੀਆਂ ਲਾਲ ਸਵਾਗਤ ਕੀਤਾ। ਪਿੰਡ ਦੇ ਹਾਈ ਸਕੂਲ ਵਿਚ ਸਾਨੂੰ ਗਿਆਨੀ ਤ੍ਰਿਲੋਕ ਕਾਲੜਾ ਪੰਜਾਬੀ ਪੜ੍ਹਾਉਂਦੇ ਸਨ। ਉਨ੍ਹਾਂ ਮੈਨੂੰ ਪੇਪਰ ਰੀਡਿੰਗ ਮੁਕਾਬਲਿਆਂ ਵਿਚ ਹਿੱਸਾ ਲੈਣਾ ਸਿਖਾਇਆ। ਉਹ ਕਿਉਂਕਿ ਖ਼ੁਦ ਪ੍ਰਗਤੀਵਾਦੀ ਕਵੀ ਸਨ, ਇਸ ਲਈ ਉਹ ਪੇਪਰ ਰੀਡਿੰਗ ਵਿਚ ਆਪਣੀਆਂ ਰਚਨਾਵਾਂ ਕੋਟ ਕਰਵਾਉਂਦੇ ਰਹਿੰਦੇ ਸਨ। ਇਹ ਕਵਿਤਾ ਨਾਲ ਮੇਰੀ ਮੁੱਢਲੀ ਜਾਣ ਪਛਾਣ ਸੀ। ਸੱਤਵੀਂ ਅੱਠਵੀਂ ਤਕ ਅੱਪੜਦਿਆਂ ਮੈਂ ਵੀ ਕਵਿਤਾ ਦੇ ਬੰਦ ਜੋੜਨੇ ਸ਼ੁਰ ਕਰ ਦਿੱਤੇ। ਬੇਸ਼ੱਕ ਮੈਨੂੰ ਉਨ੍ਹਾਂ ਵਿੱਚੋਂ ਹੁਣ ਕੁਝ ਵੀ ਯਾਦ ਨਹੀਂ ਹੈ ਪਰ ਏਨਾ ਜ਼ਰੂਰ ਯਾਦ ਹੈ ਕਿ ਉਹ ਬੰਦ ਰੁਮਾਂਸ ਦੀ ਸੰਘਣੀ ਤੇ ਸੁਨਹਿਰੀ ਧੁੰਦ ਵਿਚ ਲਿਪਟੇ ਹੁੰਦੇ ਸਨ।
?-ਕੁਲਵਿੰਦਰ, ਇਕੱਲਾ ਕੁਲਵਿੰਦਰ ਕਿਉਂ ਹੈ? ਉਹ ਤਖੱਲਸਾਂ, ਜ਼ਾਤਾਂ, ਗੋਤਾਂ ਤੋਂ ਕਿਵੇਂ ਬਚ ਗਿਆ?
-ਉਂਝ ਤਾਂ ਮੈਂ ਬਾਬੇ ਵਿਸ਼ਵਕਰਮੇ ਦੀ ਕੁੱਲ ‘ਚੋਂ ਹਾਂ ਜਿਸ ਨੇ ਸੂਰਜ ਨੂੰ ਰੰਦਾ ਲਾਇਆ ਸੀ। ਸਾਡੇ ਘਰ ਮੇਰੀ ਦਾਦੀ ਭਾਈ ਲਾਲੋ ਅਤੇ ਮਲਕ ਭਾਗੋ ਦੀ ਸਾਖੀ ਦੇ ਨਾਲ ਨਾਲ ਬਾਬਾ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੀਆਂ ਕਹਾਣੀਆਂ ਸੁਣਾਇਆ ਕਰਦੀ ਸੀ। ਉਨ੍ਹਾਂ ਕਰ ਕੇ ਸਾਡੇ ‘ਤੇ ਕਦੇ ਵੀ ਕਿਸੇ ਜ਼ਾਤ ਪਾਤ ਦਾ ਪ੍ਰ੍ਰਭਾਵ ਨਹੀਂ ਰਿਹਾ, ਸਗੋਂ -‘ਮਾਣਸ ਕੀ ਜਾਤ ਸੱਭੇ ਏਕ ਹੀ ਪਹਿਚਾਨਵੋ- ਦਾ ਵਧੇਰੇ ਬੋਲ ਬਾਲਾ ਸੀ। ਤੁਸੀਂ ਹੈਰਾਨ ਹੋਵੇਗੇ ਕਿ ਮੈਂ ਜਦੋਂ ਅਮਰੀਕਾ ਆਉਣਾ ਸੀ ਤਾਂ ਮੇਰੇ ਪਾਸਪੋਰਟ ਵਾਸਤੇ ਮੈਨੂੰ ਆਪਣਾ ਲਾਸਟ ਨਾਂ ਪਤਾ ਹੀ ਨਹੀਂ ਸੀ। ਇਸ ਕਰ ਕੇ ਮੇਰੇ ਉੱਤੇ ਕਦੀ ਵੀ ਜ਼ਾਤ ਗੋਤ ਦਾ ਪ੍ਰਭਾਵ ਹੀ ਨਹੀਂ ਰਿਹਾ ਤੇ ਅੱਜ ਵੀ ਨਹੀਂ ਹੈ। ਮੇਰੇ ਲਈ ਹਰ ਮਨੁੱਖ ਕੰਮ ਕਾਰ ਤੇ ਬੋਲਬਾਣੀ ਕਰ ਕੇ ਹੀ ਆਪਣਾ ਮਹੱਤਵ ਰਖਦਾ ਹੈ। ਜਿੱਥੋਂ ਤਕ ਗੱਲ ਇਕੱਲੇ ਕੁਲਵਿੰਦਰ ਦੀ ਹੈ, ਮੈਂ ਸਮਝਦਾਂ ਕਿ ਜੇ ਮੇਰੀ ਕਵਿਤਾ ਵਿਚ ਕੋਈ ਜਾਨ ਤੇ ਸ਼ੈਲੀਗਤ ਵਖਰੇਵਾਂ ਹੈ ਤਾਂ ਇਕੱਲਾ ਕੁਲਵਿੰਦਰ ਹੀ ਕਾਫ਼ੀ ਹੈ, ਉਂਝ ਭਾਵੇਂਂ ਮੈਂ ਲੱਖਾਂ ਤਖੱਲਸ, ਜ਼ਾਤ ਗੋਤ ਲਿਖਦਾ ਫਿਰਾਂ, ਉਹਦੇ ਨਾਲ ਕਵਿਤਾ ਨੂੰ ਕੋਈ ਫ਼ਰਕ ਨਹੀਂ ਪੈਂਦਾ। ਸੋ ਉਸ ਨਾਲੋਂ ਮੈਂ ਇਕੱਲਾ ਕੁਲਵਿੰਦਰ ਹੀ ਚੰਗਾ ਹਾਂ। ਇਹ ਬਹੁਤ ਅਫ਼ਸੋਸ ਦੀ ਗੱਲ ਹੈ ਕਿ ਹਿੰਦੋਸਤਾਨ ਬੁਰੀ ਤਰ੍ਹਾਂ ਜ਼ਾਤ-ਪਾਤ ਦੀ ਕੈਦ ਵਿਚ ਜਕੜਿਆ ਹੋਇਆ ਹੈ। ਪਹਿਲਾਂ ਨਾਲੋਂ ਸੰਕੀਰਣਤਾ ਕੁਝ ਘਟੀ ਤਾਂ ਹੈ ਪਰ ਅਜੇ ਵੀ ਰਿਸ਼ਤੇ ਨਾਤੇ ਕਰਨ ਵੇਲੇ ਇਹਦੀ ਪਕੜ ਡੂੰਘੀ ਹੈ। ਜਿਵੇਂ ਸਮਾਜ ਵਿਚ ਜ਼ਾਤੀਪਾਤੀ ਪ੍ਰਬੰਧ ਹੈ, ਉਵੇਂ ਹੀ ਭਾਰਤ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਤੇ ਪੰਜਾਬੀ ਵਿਚ ਗੁੱਟ ਬਣੇ ਹੋਏ ਹਨ। ਰਚਨਾ ਦਾ ਮੁਲੰਕਣ ਕਰਨ ਦੀ ਬਜਾਏ ਗੁੱਟ ਤੇ ਜ਼ਾਤੀ ਦੇ ਲਿਹਾਜ਼ ਨਾਲ ਲੇਖਕ ਦਾ ਕੱਦ ਮਿਣਿਆ ਜਾਂਦਾ ਹੈ। ਹਿੰਦੋਸਤਾਨ ਤੋਂ ਬਾਹਰ ਅਮਰੀਕਾ ਅਤੇ ਯੂਰਪ ਵਿਚ ਰੰਗਾਂ ਦਾ ਮਹੱਤਵ ਬਹੁਤ ਹੈ। ਲੇਖਕ ਰੰਗਾਂ ਤੇ ਨਸਲਾਂ ਵਿਚ ਹਰ ਥਾਂ ਵੰਡੇ ਜਾਂਦੇ ਹਨ ਭਾਵੇਂ ਏਥੇ ਭਾਰਤ ਜਿੰਨੀ ਡੂੰਘੀ ਪਕੜ ਨਹੀਂ। ਛੂਤ ਛਾਤ ਸਿਰਫ਼ ਭਾਰਤ ਤੇ ਮੇਰੇ ਭਾਰਤ ਵਿਚ ਹੀ ਸੰਭਵ ਹੈ।
?-ਸ਼ਾਇਰ ਕੁਲਵਿੰਦਰ ਦੀ ਗ਼ਜ਼ਲ ਚੇਤਨਾ ਬਾਰੇ ਕੀ ਕਹਿਣਾ ਚਾਹੋਗੇ?
-ਇਸ ਤੋਂ ਪਹਿਲਾਂ ਕਿ ਮੇਰੀ ਗ਼ਜ਼ਲ ਚੇਤਨਾ ਬਾਰੇ ਗੱਲ ਕੀਤੀ ਜਾਵੇ, ਇਹ ਦੇਖਣਾ ਜ਼ਰੂਰੀ ਹੈ ਕਿ ਚੇਤਨਾ ਕੀ ਹੈ? ਮੇਰੀ ਸੀਮਿਤ ਬੁੱਧੀ ਅਨੁਸਾਰ ਹਰ ਸਮਾਜ ਵਿਚ ਉਸ ਦੀਆਂ ਅੰਦਰਲੀਆਂ ਵਿਰੋਧਤਾਵਾਂ ਹੁੰਦੀਆਂ ਹਨ, ਉਨ੍ਹਾਂ ਵਿਰੋਧਤਾਵਾਂ ਦਾ ਹੱਲ ਲੱਭਣਾ ਹੀ ਚੇਤਨਾ ਹੁੰਦੀ ਹੈ। ਸਾਹਿਤਕਾਰ ਆਪਣੇ ਸਮੇਂ ਦੀਅ ਵਿਰੋਧਤਾਵਾਂ ਨੂੰ ਮੁਖ਼ਾਤਬ ਹੁੰਦਾ ਹੈ ਤੇ ਆਪਣੀ ਚੇਤਨਾ ਦਾ ਪ੍ਰਗਟਾਵਾ ਆਪਣੇ ਸਾਹਿਤਕ ਚਿੱਤਰ ਵਿਚ ਕਰਦਾ ਹੈ। ਉਮਰ ਦੇ ਇੱਕੀ ਵਰ੍ਹੇ ਮੈਂ ਭਾਰਤ ਵਿਚ ਗੁਜ਼ਾਰੇ ਤੇ ਬਾਕੀ ਦੀ ਉਮਰ ਅਮਰੀਕਾ ਵਿਚ। ਇਸ ਲਈ ਭਾਰਤੀ ਤੇ ਅਮਰੀਕੀ ਸਭਿਆਚਰ ਮੇਰੀ ਚੇਤਨਾ ਦੇ ਅੰਗ ਬਣੇ। ਮੈਂ ਆਪਣੇ ਸ਼ਿਅਰਾਂ ਵਿਚ ਮਨੁੱਖੀ ਚੇਤਨਾ ਦੇ ਸਦੀਵੀ ਵਿਰੋਧਾਂ ਦੇ ਨਾਲ ਮਨੁੱਖ ਦੇ ਸਦੀਵੀ ਜਜ਼ਬੇ, ਪਿਆਰ, ਉਦਾਸੀ ਬੇਵਫ਼ਾਈ, ਖੰਡਿਤ ਹੋਂਦ, ਇਕੱਲਤਾ, ਬੇਵਸੀ, ਅਸ਼ਾਂਤ ਮਨ, ਸੰਘਰਸ਼, ਵਿਯੋਗ ਦੀ ਵੇਦਨਾ, ਅਤੇ ਬੇਗਾਨਗੀ ਨੂੰ ਚਿਤਰਦਾ ਹਾਂ। ਅੱਜ ਸੀਰੀਆ ਤੇ ਹੋਰ ਮਿਡਲ ਈਸਟ ਦੇਸ਼ਾਂ ਵਿਚੋਂ ਲੋਕ ਪਰਵਾਸ ਲਈ ਮਜਬੂਰ ਹਨ। ਜਦੋਂ ਮੈਂ ਟੈਲੀਵਿਜ਼ਨ ਉੱਤੇ ਭੁੱਖ ਤੇ ਨੀਂਦ ਦੇ ਸਤਾਏ ਹੋਏ ਬੱਚਿਆਂ ਅਤੇ ਔਰਤਾਂ ਨੂੰ ਯੂਰਪ ਦੇ ਰੇਗਿਸਤਾਨ ਵਿਚ ਭਟਕਦੇ ਅਤੇ ਰੇਲਵੇ ਸਟੇਸ਼ਨਾਂ ‘ਤੇ ਰੁਲਦੇ ਦੇਖਿਆ ਤਾਂ ਅਚਾਨਕ ਸ਼ਿਅਰ ਲਿਖਿਆ:
‘ਸਿਖਰ ਦੁਪਿਹਰ ਵਿਚ ਲੱਭਣ ਲਈ ਛਾਵਾਂ ਨੂੰ।
ਪਰਿੰਦੇ ਜਾ ਰਹੇ ਨੇ ਸੈਂਕੜੇ ਦਿਸ਼ਾਵਾਂ ਨੂੰ।’
ਕਿਉਂਕਿ ਮਨੁੱਖ ਕੁਦਰਤ ਦਾ ਹਿੱਸਾ ਹੋ ਕੇ ਜੰਮਦਾ ਪਲਦਾ ਅਤੇ ਜੁਆਨ ਹੁੰਦਾ ਹੈ, ਇੰਝ ਪ੍ਰਕਿਰਤੀ ਉਸ ਦੀ ਚੇਤਨਾ ਵਿਚ ਡੂੰਘੀ ਵਸ ਜਾਦੀ ਹੈ। ਪੰਜਾਬ ਦਾ ਜੰਮਪਲ ਹੋਣ ਕਰ ਕੇ ਉੱਥੇ ਦੇ ਬੋਹੜ, ਪਿੱਪਲ, ਟਾਹਲੀਆਂ, ਕਿੱਕਰਾਂ ਤੇ ਧਰੇਕਾਂ ਦੇ ਫੁੱਲ ਮੇਰੀਆਂ ਯਾਦਾਂ ਅੰਦਰ ਡੂੰਘੇ ਉੱਕਰੇ ਹੋਏ ਹਨ। ਮੈਨੂੰ ਬਚਪਨ ਤੋਂ ਹੀ ਕੁਦਰਤ ਨਾਲ ਬਹੁਤ ਲਗਾਅ ਰਿਹਾ ਹੈ। ਹਰ ਕਰੂੰਬਲ, ਹਰ ਲਗਰ, ਹਰ ਫੁੱਲ, ਹਰ ਬਿਰਖ ਮੈਨੂੰ ਆਪਣੇ ਨਾਲ ਗੱਲਾਂ ਕਰਦਾ ਜਾਪਦਾ ਹੈ। ਮੈਂ ਇਸ ਘਟਨਾ ਦਾ ਇਕ ਥਾਂ ਪਹਿਲਾ ਵੀ ਜ਼ਿਕਰ ਕੀਤਾ ਸੀ ਕਿ ਮੇਰੇ ਬਚਪਨ ਦੇ ਦਿਨਾਂ ਵਿਚ ਮਾਂ ਅਕਸਰ ਇਕ ਮੜ੍ਹੀ ‘ਤੇ ਦੀਵਾ ਜਗਾਇਆ ਕਰਦੀ ਸੀ ਅਤੇ ਕਦੇ ਕਦੇ ਮੈਂ ਵੀ ਮਾਂ ਨਾਲ ਚਲੇ ਜਾਂਦਾ ਸਾਂ। ਇਹ ਜਗ੍ਹਾ ਬੁੱਢੇ ਸੰਘਣੇ ਰੁੱਖਾਂ ਨਾਲ ਘਿਰੀ ਹੋਈ ਸੀ। ਰੁੱਖਾਂ ਹੇਠਾਂ ਸੰਘਣੀ ਖ਼ਾਮੋਸ਼ੀ ਸੀ। ਮੈਂ ਜਦੋਂ ਵੀ ਸ਼ਾਂਤ ਪੱਤਿਆਂ ਨੂੰ ਹੱਥ ਲਾਉਣਾ ਤਾ ਮਾਂ ਨੇ ਕਹਿਣਾ ਕਿ ਨਾ ਛੇੜ ਪੱਤਿਆਂ ਨੂੰ, ਰਹਿਰਾਸ ਦਾ ਵੇਲਾ ਹੈ, ਇਹ ਸੌਣ ਲੱਗੇ ਹਨ। ਮੈਨੂੰ ਉਦੋਂ ਹੀ ਅਹਿਸਾਸ ਹੋ ਗਿਆ ਕਿ ਦਰਖ਼ਤ ਵੀ ਬੰਦਿਆਂ ਵਾਂਗ ਜਿਉਂਦੇ ਜਗਦੇ ਹਨ। ਇੰਝ ਪ੍ਰਕਿਰਤ ਮੇਰੇ ਅੰਦਰ ਡੂੰਘੀ ਵਸੀ ਹੋਈ ਹੈ। ਏਸੇ ਲਈ ਮੇਰੀਆਂ ਗ਼ਜ਼ਲਾਂ ਵਿਚ ਥਾਂ ਥਾਂ ‘ਤੇ ਰੁੱਖ ਬੂਟੇ ਬੋਲਦੇ ਹੋਏ ਪ੍ਰਤੀਤ ਹੁੰਦੇ ਹਨ। ਉਦਾਹਰਨ ਵਜੋਂ :
‘ਤੁਸੀਂ ਤਾਂ ਬਿਰਖ ਹੀ ਕੱਟਣਾ ਸੀ
ਸੋ ਉਹ ਕੱਟ ਦਿੱਤਾ
ਤੁਹਾਨੂੰ ਕੀ ਪਤਾ ਰਗ ਰਗ ‘ਚ
ਉਸ ਦੇ ਧੜਕਣ ਸੀ।’
ਸ਼ਾਇਰ ਆਪਣੇ ਸਮੇਂ ਦੀ ਪ੍ਰਕਿਰਿਤੀ ਤੇ ਕੁਦਰਤ ਨੂੰ ਆਪਣੀ ਸਮਰੱਥਾ ਅਨੁਸਾਰ, ਆਪਣੇ ਸੁਭਾਅ ਅਨੁਸਾਰ ਸਿਰਜਦਾ ਹੈ। ਮੈਂ ਜਿਵੇਂ ਜਿਵੇਂ ਬਚਪਨ ਤੋਂ ਜੁਆਨੀ ਵੱਲ ਪੈਰ ਰੱਖਿਆ ਤੇ ਹੋਰ ਪੜ੍ਹਨਾ ਸ਼ੁਰੂ ਕੀਤਾ ਤਾਂ ਮੈਨੂੰ ਸਭ ਤੋਂ ਪਹਿਲਾਂ ਬਾਬਾ ਨਾਨਕ ਦੇ ਬਾਰਾਂ ਮਾਹ ਨੇ ਬਹੁਤ ਪ੍ਰਭਾਵਤ ਕੀਤਾ ਤੇ ਫਿਰ ਮੈਂ ਕਦੇ ਕਦੇ ਸੋਚਦਾ ਕਿ ਬਾਬੇ ਨਾਨਕ ਨੇ ਅਨੁਭਵ ਦੀ ਸ਼ਿੱਦਤ ਦੀ ਕਿਸ ਸਿਖਰ ‘ਤੇ ਬੈਠ ਕੇ -ਗਗਨ ਮੈ ਥਾਲੁ- ਆਰਤੀ ਦੀ ਸਿਰਜਣਾ ਕੀਤੀ ਹੋਵੇਗੀ। ਉਨ੍ਹਾਂ ਪ੍ਰਕਿਰਿਤ ਦੀ ਇਸ ਵੱਡੀ ਤੇ ਅਮਰ ਸਿਰਜਣਾ ਵਿਚ ਆਕਾਸ਼ ਵਿਚ ਸੂਰਜ ਨੂੰ ਜਗਦੇ ਦੀਵੇ ਨਾਲ ਅਲੰਕਾਰਕ ਕਰਦੇ ਹੋਏ ਕਿਹਾ ਕਿ ਗਗਨ ਥਾਲ ਵਿਚ ਚੰਦ ਤੇ ਸੂਰਜ ਦੀਵੇ ਹਨ ਅਤੇ ਤਾਰੇ ਮੋਤੀਆਂ ਵਾਂਗ ਜੜੇ ਹੋਏ ਹਨ। ਸ਼ਾਇਦ ਇਸੇ ਕਰ ਕੇ ਹੀ ਨੋਬਲ ਇਨਾਮ ਜੇਤੂ ਰਾਬਿੰਦਰ ਨਾਥ ਟੈਗੋਰ ਨੂੰ ਜਦ ਪੁੱਛਿਆ ਗਿਆ ਕਿ ਤੁਸੀਂ ‘ਜਨ ਗਨ ਮਨ’ ਲਿਖ ਕੇ ਭਾਰਤ ਲਈ ਰਾਸ਼ਟਰ ਗੀਤ ਤਾਂ ਲਿਖ ਦਿਤਾ ਹੈ ਪਰ ਤੁਸੀਂ ਵਿਸ਼ਵ ਦੀ ਉਪਮਾ ਵਾਸਤੇ ਗੀਤ ਕਦ ਲਿਖੋਗੇ? ਉਨ੍ਹਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਤਾਂ ਵਿਸ਼ਵ ਵਾਸਤੇ ਹੀ ਨਹੀਂ, ਪੂਰੇ ਬ੍ਰਹਿਮੰਡ ਵਾਸਤੇ ਸਦੀਆ ਪਹਿਲਾਂ ਹੀ ਇਹ (ਆਰਤੀ) ਲਿਖ ਚੁੱਕੇ ਹਨ। ਮੇਰੇ ਕਹਿਣੇ ਦਾ ਭਾਵ ਹੈ ਕਿ ਪ੍ਰਕਿਰਤੀ ਮੇਰੇ ਧੁਰ ਅੰਦਰ ਸਮਾਈ ਹੋਈ ਹੈ। ਮੈਨੂੰ ਕੁਦਰਤ ਨਾਲ ਡੂੰਘਾ ਇਸ਼ਕ ਹੈ, ਇਸ ਲਈ ਪ੍ਰਕਿਰਤ ਦੇ ਵੱਖ ਵੱਖ ਸ਼ੇਡਜ਼ ਮੇਰੀਆਂ ਗ਼ਜ਼ਲਾਂ ਦਾ ਹਿੱਸਾ ਬਣਦੇ ਹੋਏ ਰੁੱਖ, ਪੱਤੇ, ਪਉਣ, ਸੂਰਜ, ਮਿੱਟੀ, ਆਕਾਸ਼, ਧਰਤੀ, ਜੰਗਲ, ਅਗਨ ਆਦਿ ਮੇਰੇ ਸ਼ਿਅਰਾਂ ਵਿਚ ਸੁਤੇ ਸਿੱਧ ਹੀ ਆ ਜਾਂਦੇ ਹਨ।
?-ਅੱਜ ਕਲ ਗ਼ਜ਼ਲ ਉਰਦੂ, ਪਸ਼ਤੋ, ਪੰਜਾਬੀ ਤੋਂ ਅਗਾਂਹ ਭਾਰਤ ਦੀਆਂ ਹੋਰ ਬਹੁਤ ਸਾਰੀਆਂ ਭਾਸ਼ਾਵਾਂ ਵਿਚ ਲਿਖੀ ਜਾ ਰਹੀ ਹੈ। ਪਰ ਪੰਜਾਬੀ ਵਿਚ ਚੰਗੀ ਗ਼ਜ਼ਲ ਕਹਿਣ ਵਾਲਿਆਂ ਦੀ ਗਿਣਤੀ ਇਕ ਦਰਜਨ ਤੋਂ ਟੱਪਦੀ ਨਹੀਂ। ਅਜਿਹਾ ਕਿਉਂ ਹੈ?
-ਸਿੱਧੂ ਜੀ, ਤੁਸੀਂ ਠੀਕ ਕਿਹਾ ਹੈ। ਵੈਸੇ ਤਾਂ ਗ਼ਜ਼ਲ ਫਾਰਸੀ, ਉਰਦੂ ਰਾਹੀਂ ਪੰਜਾਬੀ ਵਿਚ ਆਈ ਹੈ ਪਰ ਇਸ ਨੇ ਪੰਜਾਬੀ ਜ਼ਮੀਨ ਵਿਚ ਆਪਣੀਆਂ ਜੜਾਂ ਡੂੰਘੀਆਂ ਲਾ ਲਈਆਂ ਹਨ। ਖ਼ਾਸ ਤੌਰ ‘ਤੇ 1947 ਦੀ ਤੋਂ ਬਾਅਦ ਜੋ ਪੰਜਾਬੀ ਜੀਵਨ ਦਾ ਸਾਰ ਤੇ ਸੁਭਾਅ ਬਦਲਿਆ ਹੈ, ਪੰਜਾਬੀ ਗ਼ਜ਼ਲ ਨੇ ਉਸ ਦੇ ਹਾਣ ਦੀ ਹੋ ਕੇ ਆਪਣਾ ਮੂੰਹ ਮੱਥਾ ਸੰਵਾਰਿਆ ਹੈ। ਗ਼ਜ਼ਲ ਕਿਉਂਕਿ ਅਰੂਜ਼ ‘ਤੇ ਆਧਾਰਤ ਰਚਨਾ ਹੈ, ਇਸ ਲਈ ਇਸ ਵਿਚ ਤੋਲ-ਤੁਕਾਂਤ ਦਾ ਖ਼ਿਆਲ ਰਖਣਾ ਜ਼ਰੂਰੀ ਹੁੰਦਾ ਹੈ। ਪੰਜਾਬੀ ਵਿਚ ਦੋ ਕਿਸਮ ਦੀ ਗ਼ਜ਼ਲ ਕਹੀ ਗਈ ਹੈ। ਇਕ ਉਹ ਹਨ- ਪਰੰਪਰਾਵਾਦੀ, ਜੋ ਤੋਲ-ਤੁਕਾਂਤ ਵਿਚ ਹੀ ਆਪਣੀ ਉਮਰ ਲੰਘਾ ਦਿੰਦੇ ਹਨ। ਜਿਨ੍ਹਾਂ ਲਈ ਸਿਰਫ਼ ਅਰੂਜ਼ ਦੇ ਨਿਯਮ ਹੀ ਪ੍ਰਮੁੱਖ ਹਨ। ਅਸਲ ਵਿਚ ਸ਼ਾਇਰੀ ਦੀ ਧੁਰ ਆਤਮਾ ਤਕ ਦਾ ਸਫ਼ਰ ਵੀ ਤਾਂ ਸ਼ਾਇਰ ਨੇ ਕਰਨਾ ਹੁੰਦਾ ਹੈ। ਪੰਜਾਬੀ ਵਿਚ ਉਹ ਗ਼ਜ਼ਲਕਾਰ ਹੀ ਮਕਬੂਲ ਹੋਏ ਹਨ ਜਿਨ੍ਹਾਂ ਨੇ ਅਰੂਜ਼ ਦੇ ਨਾਲ ਨਾਲ ਸ਼ਿਅਰਾਂ ਵਿਚ ਆਧੁਨਿਕ ਭਾਵ-ਬੋਧ ਦੀ ਸੰਵੇਦਨਾ ਨੂੰ ਬਹੁ ਪਰਤੀ, ਭਾਸ਼ਾ ਤੇ ਭਾਵਾਂ ਦੀ ਤਾਜ਼ਗੀ ਅਤੇ ਸ਼ਿਲਪਕਾਰੀ ਦੀ ਉੱਤਮਤਾ ਨੂੰ ਪਹਿਲ ਦਿੱਤੀ ਹੈ। ਇੰਝ ਭਾਵੇਂ ਪੰਜਾਬੀ ਵਿਚ ਆਧੁਨਿਕ ਭਾਵ-ਬੋਧ ਨੂੰ ਪ੍ਰਗਟਾਉਣ ਵਾਲੇ ਥੋੜ੍ਹੇ ਹੀ ਸਹੀ ਪਰ ਜ਼ਿਕਰਯੋਗ ਸ਼ਾਇਰ ਜ਼ਰੂਰ ਹਨ। ਉਨ੍ਹਾਂ ਦੇ ਸ਼ਿਅਰਾਂ ਵਿਚ ਤਾਜ਼ਗੀ, ਭਾਸ਼ਾ ਦੀ ਸੁੰਦਰਤਾ, ਮਿਸਰਿਆਂ ਵਿਚ ਸੰਗੀਤਕਤਾ, ਤੇ ਰਵਾਨੀ ਅਤੇ ਜ਼ਿੰਦਗੀ ਦੀ ਲਾਟ ਬਲ ਰਹੀ ਹੈ। ਭਾਰਤ ਦੀਆਂ ਬਾਕੀ ਭਾਸ਼ਾਵਾਂ ਵਿਚ ਵੀ ਇੰਝ ਹੀ ਹੈ। ਅਸਲ ਵਿਚ ਦੂਸਰੀਆਂ ਭਾਸ਼ਾਵਾਂ ਵਿਚ ਵੀ ਉਂਗਲਾਂ ਦੇ ਪੋਟਿਆਂ ‘ਤੇ ਗਿਣੇ ਜਾਣ ਵਾਲੇ ਸ਼ਾਇਰ ਹੀ ਆਪਣੀ ਵੱਖਰੀ ਸ਼ੈਲੀ ਸਥਾਪਤ ਕਰਨ ਵਿਚ ਕਾਮਯਾਬ ਹੋ ਸਕੇ ਹਨ।
?-ਡਾ. ਜਗਤਾਰ ਅਮਰੀਕਾ ਦੇ ਚੰਗੇ ਗ਼ਜ਼ਗੋਆਂ ਵਿਚੋਂ ਤੁਹਾਨੂੰ ਨੰਬਰ ਇਕ ‘ਤੇ ਰੱਖਦੇ ਹਨ। ਤੁਹਾਡੀ ਗ਼ਜ਼ਲ ਦੇ ਉਹ ਕਿਹੜੇ ਗੁਣ ਲੱਛਣ ਉਨ੍ਹਾਂ ਨੂੰ ਨਜ਼ਰ ਆਉਂਦੇ ਹਨ ਜਿਨ੍ਹਾਂ ਕਰ ਕੇ ਨੰਬਰ ਇਕ ਦਾ ਸਿਹਰਾ ਤੁਹਾਡੇ ਸਿਰ ਸੀ।
-ਮੈਂ ਇਸ ਗੁੰਝਲਦਾਰ ਸਵਾਲ ਵਿਚ ਪੈਣਾ ਹੀ ਨਹੀਂ ਚਾਹੁੰਦਾ। ਸਿਰਫ਼ ਇਹ ਕਹਿਣਾ ਚਾਹੁੰਦਾ ਹਾਂ ਕਿ ਅਮਰੀਕਾ ਦਾ ਹਰ ਗ਼ਜ਼ਲਕਾਰ ਚੰਗਾ ਲਿਖ ਰਿਹਾ ਹੈ। ਕੁਝ ਗ਼ਜ਼ਲਕਾਰ ਤਾਂ ਸਮੁੱਚੇ ਪੰਜਾਬੀ ਗ਼ਜ਼ਲ ਸੰਸਾਰ ਵਿਚ ਆਪਣਾ ਜ਼ਿਕਰਯੋਗ ਸਥਾਨ ਹਾਸਲ ਕਰਨ ਵਿਚ ਕਾਮਯਾਬ ਹੋ ਚੁੱਕੇ ਹਨ। ਰਹੀ ਗੱਲ ਡਾ. ਜਗਤਾਰ ਹੋਰਾਂ ਦੀ, ਉਹ ਸੁਲਝੇ ਹੋਏ ਬੁਲੰਦ ਸ਼ਾਇਰ ਤੇ ਸਿਰਜਣਾਤਮਕ ਗ਼ਜ਼ਲ ਆਲੋਚਕ ਸਨ ਅਤੇ ਉਨ੍ਹਾਂ ਨੇ ਨੌਰਥ ਅਮਰੀਕਾ ਦੀ ਸਮੁੱਚੀ ਸ਼ਾਇਰੀ ਦਾ ਅਧਿਐਨ ਕੀਤਾ ਹੋਇਆ ਸੀ। ਉਹ ਮੇਰੇ ਕੋਲ ਅਕਸਰ ਮੇਰੀ ਗ਼ਜ਼ਲ ਵਿਚ ਆਧੁਨਿਕ ਭਾਵ-ਬੋਧ ਦੀ ਪੇਸ਼ਕਾਰੀ ਅਤੇ ਕੁਦਰਤ ਦੇ ਮਾਨਵੀਕਰਨ ਦਾ ਜ਼ਿਕਰ ਕਰਦੇ ਸਨ। ਮੇਰੀ ਕਿਤਾਬ ‘ਬਿਰਛਾਂ ਅੰਦਰ ਉੱਗੇ ਖੰਡਰ’ ਦੀ ਭੂਮਿਕਾ ਵਿਚ ਉਨ੍ਹਾਂ ਲਿਖਿਆ ਹੈ ਕਿ ‘ਕੁਲਵਿੰਦਰ ਦੀਆਂ ਗ਼ਜ਼ਲਾਂ ਵਿਚ ਪ੍ਰਾਕਿਰਤਕ ਬਿੰਬ ਦੇ ਪ੍ਰਤੀਕ ਉਸ ਨੂੰ ਸਰਵਵਿਆਪਕਤਾ ਤੇ ਰਮਣੀਕਤਾ ਨਾਲ ਜੋੜਦੇ ਹਨ।’ ਹੋ ਸਕਦਾ ਹੈ ਉਨ੍ਹਾਂ ਨੂੰ ਮੈਂ ਵੱਖਰਾ ਲਗਦਾ ਹੋਵਾਂ ਤੇ ਉਨ੍ਹਾਂ ਨੇ ਮੇਰੀ ਗ਼ਜ਼ਲ ਵਿਚ ਬਿੰਬਾਂ ਤੇ ਪ੍ਰਤੀਕਾਂ ਨੂੰ ਨਵੇਂ ਦ੍ਰਿਸ਼ਟੀਕੋਣ ਤੋਂ ਵੇਖਿਆ ਹੋਵੇ ਜਾਂ ਪ੍ਰਕਿਰਤਕ ਬਿੰਬਾਂ ਰਾਹੀਂ ਤੀਬਰ ਅਨੁਭੂਤੀ ਤੇ ਗਹਿਰੇ ਜਜ਼ਬੇ ਨਾਲ ਚਿਤਰੇ ਸ਼ਿਅਰਾਂ ਨੂੰ ਮਾਣਿਆ ਹੋਵੇ। ਸੰਭਵ ਹੈ, ਉਨ੍ਹਾਂ ਨੂੰ ਮੇਰੀ ਗ਼ਜ਼ਲ ਵਿਚ ਆਧੁਨਿਕ ਭਾਵ-ਬੋਧ ਦੀ ਸੰਵੇਦਨਾ ਦਾ ਬਹੁਪਰਤੀ, ਬਹੁਅਰਥੀ ਪ੍ਰਗਟਾਅ, ਭਾਸ਼ਾ ਦੀ ਨਵੀਨਤਾ ਤੇ ਤਾਜ਼ਗੀ ਨਜ਼ਰ ਆਈ ਹੋਵੇ। ਹੋ ਸਕਦਾ ਹੈ ਮੈਂ ਉਨ੍ਹਾਂ ਨੂੰ ਤਾਂ ਵੀ ਵੱਖਰਾ ਲਗਦਾ ਹੋਵਾਂ ਕਿ ਮੇਰੇ ਸ਼ਿਅਰਾਂ ਦੀ ਤਹਿ ਵਿਚ ਤਨਹਾਈ ਦੇ ਅਹਿਸਾਸ ਅਤੇ ਗਹਿਰੀ ਉਦਾਸੀ ਦੇ ਹੁੰਦਿਆਂ ਵੀ ਆਸ ਦੇ ਜੁੰਗਨੂੰ ਹਮੇਸ਼ਾ ਟਿਮਟਿਮਾਉਂਦੇ ਰਹਿੰਦੇ ਹਨ ਅਤੇ ਮੈਂ ਕਦੇ ਵੀ ਹਾਰ ਨਹੀਂ ਮੰਨਦਾ।
?-ਡਾ. ਜਗਤਾਰ ਨੇ ਇਕ ਵਾਰ ਤੁਹਾਡੇ ਨਾਲ ਗ੍ਰੈਂਡ ਕੈਨੀਅਨ ਦੀ ਕੀਤੀ ਯਾਤਰਾ ਬਾਰੇ ਜ਼ਿਕਰ ਕੀਤਾ ਸੀ, ਜਿਸ ਵਿਚ ਜਹਾਜ਼ ਦੀ ਖਰਾਬੀ ਕਾਰਨ ਮੌਤ ਦੇ ਬਹੁਤ ਨੇੜੇ ਹੋਣ ਦੀ ਗੱਲ ਸੀ, ਉਹ ਘਟਨਾ ਕੀ ਸੀ?
-ਜਦੋਂ ਡਾ. ਜਗਤਾਰ ਆਖ਼ਰੀ ਵਾਰ ਅਮਰੀਕਾ ਆਏ ਸਨ ਤਾਂ ਅਸੀਂ ਸਾਨ ਫਰਾਂਸੈਸਕੋ ਦੇ ਲੋਕਲ ਏਰੀਏ ਨੂੰ ਘੁੰਮ ਕੇ ਏਨਾ ਥੱਕ ਗਏ ਤਾਂ ਮੈਂ ਉਨ੍ਹਾਂ ਨੂੰ ਗ੍ਰੈਂਡ ਕੈਨੀਅਨ ਜਾਣ ਦੀ ਪੇਸ਼ਕਸ਼ ਕਰ ਦਿੱਤੀ ਅਤੇ ਦੂਸਰੇ ਦਿਨ ਹੀ ਅਸੀਂ ਚਾਰ ਸੀਟਾਂ ਦਾ ਛੋਟਾ ਜਹਾਜ਼ ਕਿਰਾਏ ‘ਤੇ ਲੈ ਕੇ ਗ੍ਰੈਂਡ ਕੈਨੀਅਨ ਨੂੰ ਚੱਲ ਪਏ। ਜਹਾਜ਼ ਏਨੀ ਥੋੜ੍ਹੀ ਉਚਾਈ ‘ਤੇ ਉੜ ਰਿਹਾ ਸੀ ਕਿ ਕਲਾਰਾਡੋ ਦਰਿਆ ਉਤੇ ਬੰਨ੍ਹ ਮਾਰ ਕੇ ਬਣਾਇਆ ਦੁਨੀਆ ਦਾ ਸਭ ਤੋਂ ਵੱਡਾ ਬਿਜਲੀ ਘਰ ਸਾਫ ਦਿਖਾਈ ਦੇ ਰਿਹਾ ਸੀ। ਉਸ ਦੀ ਖੂਬਸੂਰਤੀ ਦੇਖ ਕੇ ਡਾ. ਜਗਤਾਰ ਮਨੁੱਖੀ ਹੱਥਾਂ ਦੀ ਲਸਾਨੀ ਮਿਹਨਤ ਤੋਂ ਹੈਰਾਨ ਤੇ ਖੁਸ਼ ਹੋਹੇ। ਜਲਦੀ ਹੀ ਅਸੀਂ ਗ੍ਰੈਂਡ ਕੈਨੀਅਨ ਪਹੁੰਚ ਗਏ। ਸ਼ਾਮ ਢਲਣ ਲੱਗ ਪਈ ਸੀ। ਡੁੱਬਦੇ ਸੂਰਜ ਦਾ ਲਿਸ਼ਕਾਰਾ ਗ੍ਰੈਂਡ ਕੈਨੀਅਨ ਦੇ ਰੰਗਦਾਰ ਲੈਂਡਸਕੇਪ ‘ਤੇ ਇਸ ਤਰ੍ਹਾਂ ਲੇਟਿਆ ਪਿਆ ਸੀ ਜਿਵੇਂ ਕੋਈ ਹਰਨੀ ਜੰਗਲ ਵਿਚ ਬੇਫ਼ਿਕਰ ਸੁੱਤੀ ਪਈ ਹੋਵੇ। ਡੁੱਬ ਰਹੇ ਸੂਰਜ ਦੀਆਂ ਕਿਰਨਾਂ ਨੇ ਆਸਮਾਨ ਨੂੰ ਸੰਦਲੀ ਕੀਤਾ ਪਿਆ ਸੀ ਤੇ ਹਰ ਪਲ ਕੈਨੀਅਨ ਦੇ ਰੰਗ ਬਦਲ ਰਹੇ ਸਨ। ਅਸੀਂ ਇਸ ਨਜ਼ਾਰੇ ਨੂੰ ਦੇਖ ਕੇ ਗੱਲਾਂ ਕਰਨ ਲੱਗੇ ਕਿ ਇਨ੍ਹਾਂ ਨੂੰ ਕਵਿਤਾ ਦੇ ਬਿੰਬਾਂ ਵਿਚ ਕਿਵੇਂ ਢਾਲਿਆ ਜਾ ਸਕਦਾ ਹੈ। ਦੂਸਰੇ ਦਿਨ ਅਸੀਂ ਜਹਾਜ਼ ਵਿਚ ਵਾਪਸ ਆ ਰਹੇ ਸਾਂ ਤਾਂ ਜਹਾਜ਼ ਦੇ ਇੰਜਣ ਵਿਚ ਅਚਾਲਕ ਖ਼ਰਾਬੀ ਆ ਗਈ। ਪਾਇਲਟ ਨੇ ਸਾਨੂੰ ਦਸਿਆ ਕਿ ਜਹਾਜ਼ ਖ਼ਰਾਬ ਹੋ ਗਿਆ ਹੈ, ਹੋ ਸਕਦਾ ਹੈ ਕਿ ਆਪਾਂ ਬਚ ਜਾਈਏ, ਪਰ ਖ਼ਤਰੇ ਲਈ ਤਿਆਰ ਰਹੋ। ਹਵਾ ਨਾਲ ਨਿੱਕਾ ਜਿਹਾ ਹਵਾਈ ਜਹਾਜ਼ ਪੂਰੀ ਤਰ੍ਹਾਂ ਹਿੱਲ ਰਿਹਾ ਸੀ ਅਤੇ ਲਗਾਤਾਰ ਝਟਕੇ ਦੇ ਰਿਹਾ ਸੀ। ਮੇਰੇ ਚਿਹਰੇ ‘ਤੇ ਇਕ ਦਮ ਪਲੱਤਣ ਛਾਂ ਗਈ। ਮੈਂ ਸੋਚ ਰਿਹਾ ਸਾਂ, ਪੰਜਾਬ ਦਾ ਸਿਰਮੋਰ ਸ਼ਾਇਰ ਜੋ ਮੇਰੇ ਭਰੋਸੇ ਮੇਰੇ ਕੋਲ ਆਇਆ ਹੈ, ਜੇ ਉਸ ਨੂੰ ਕੁਝ ਹੋ ਗਿਆ ਤਾਂ ਪੰਜਾਬੀ ਸਾਹਿਤਕ ਜਗਤ ਸ਼ਾਇਦ ਮੈਨੂੰ ਮੁਆਫ਼ ਨਾ ਕਰੇ। ਮੇਰੇ ਮਨ ਸ਼ੰਕਾ ਦੀ ਡੂੰਘੀ ਨਦੀ ਵਿਚ ਤੈਰਨ ਲੱਗ ਪਿਆ ਤੇ ਡਾ. ਜਗਤਾਰ ਨੇ ਸ਼ਾਇਦ ਮੇਰੀ ਮਨੋਦਸ਼ਾ ਪੜ੍ਹ ਲਈ ਸੀ ਤੇ ਮੈਨੂੰ ਆਖਣ ਲੱਗੇ ਕਿ ਕੁਲਵਿੰਦਰ, ਆ ਮੈਂ ਤੈਨੂੰ ਆਪਣੀ ਗਜ਼ਲ ਦੇ ਸ਼ਿਅਰ ਸੁਣਾਵਾਂ। ਉਹ ਜਹਾਜ਼ ਦੇ ਰੌਲੇ ਵਿਚ ਮੈਨੂੰ ਉੱਚੀ ਉੱਚੀ ਸ਼ਿਅਰ ਸੁਣਾਉਣ ਲੱਗ ਪਏ। ਮੇਰੀਆਂ ਯਾਦਾਂ ਵਿਚ ਉਨ੍ਹਾਂ ਦੇ ਬੋਲ, ਉਨ੍ਹਾਂ ਦੇ ਬੋਲਣ ਦਾ ਅੰਦਾਜ਼, ਉਨ੍ਹਾਂ ਦੀਆਂ ਅੱਖਾਂ ਵਿਚ ਗਹਿਰੀ ਉਮੀਦ ਤੇ ਭਰੋਸੇ ਦੇ ਚਿੰਨ੍ਹ ਅਜੇ ਤਕ ਵੀ ਐਨ ਉਸੇ ਤਰ੍ਹਾਂ ਚਿਤਰੇ ਪਏ ਹਨ। ਜਦੋਂ ਜਹਾਜ਼ ਖ਼ਤਰੇ ਤੋਂ ਬਾਹਰ ਆ ਗਿਆ ਤੇ ਥੱਲੇ ਉਤਰ ਰਿਹਾ ਸੀ ਤਾਂ ਡਾ. ਜਗਤਾਰ ਨੇ ਮੈਨੂੰ ਆਖਿਆ ਕਿ ਇਹ ਸ਼ਿਅਰ ਮੈਂ ਇਸ ਲਈ ਸੁਣਾ ਰਿਹਾ ਸੀ ਕਿ ਮੇਰੇ ਮਨ ਦੀ ਕਿਸੇ ਨੁੱਕਰ ਵਿਚ ਇਹ ਖ਼ਿਆਲ ਦਗ ਰਿਹਾ ਸੀ ਕਿ ਮੈਂ ਤਾਂ ਕਾਫ਼ੀ ਉਮਰ ਭੋਗ ਚੁੱਕਾ ਹਾਂ ਤੇ ਬਹੁਤ ਕੁਝ ਲਿਖ ਵੀ ਚੁੱਕਾ ਹਾਂ ਪਰ ਤੂੰ ਤਾਂ ਅਜੇ ਸਾਹਿਤ ਵਿਚ ਕਦਮ ਹੀ ਰੱਖਿਆ ਹੈ ਤੇ ਕਿੰਨਾ ਕੁਝ ਹੋਰ ਨਵਾਂ ਲਿਖਣਾ ਹੈ, ਮੈਂ ਇਹ ਸੋਚ ਕੇ ਚਿੰਤਾਤੁਰ ਹੋ ਰਿਹਾ ਸਾਂ। ਤੇ ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਤੁਹਾਡੇ ਬਾਰੇ ਸੋਚ ਕੇ ਚਿੰਤਾਤੁਰ ਹੋ ਰਿਹਾ ਹਾਂ। ਗੱਲਾਂ ਕਰਦਿਆਂ ਅਸੀਂ ਇਸ ਸਿੱਟੇ ‘ਤੇ ਪਹੁੰਚੇ ਕਿ ਮੌਤ ਨੂੰ ਲਾਗੇ ਦੇਖ ਕੇ ਬੰਦੇ ਦੇ ਅੰਦਰ ਚੰਗਿਆਈ ਤੇ ਦੂਜੇ ਲਈ ਫ਼ਿਕਰ ਕਿੰਨੀ ਚੰਗ ਤਰ੍ਹਾਂ ਉਘੜ ਪੈਂਦਾ ਹੈ।
?-ਜਦੋਂ ਕੁਲਵਿੰਦਰ ਕਦੀ ਇੱਕਲਾ ਹੁੰਦਾ ਹੈ ਤਾਂ ਉਸ ਦੀ ਮਨੋਦਸ਼ਾ ਕੀ ਹੁੰਦੀ ਹੈ?
-ਜੀਵਨ ਜਿਉਂਦੇ ਹੋਏ ਹੋਰ ਮਨੁੱਖਾਂ ਵਾਂਗ ਜਦੋਂ ਲੇਖਕ ਜੀਅ ਰਿਹਾ ਹੁੰਦਾ ਹੈ ਤਾਂ ਬਹੁਤ ਸਾਰੀਆਂ ਘਟਨਾਵਾਂ, ਦ੍ਰਿਸ਼, ਹਾਵਭਾਵ, ਮਨ ਵਿਚ ਜਮ੍ਹਾਂ ਹੁੰਦੇ ਰਹਿੰਦੇ ਹਨ। ਜਦੋਂ ਮੈਂ ਕੋਈ ਗ਼ਜ਼ਲ ਲਿਖਣ ਬੈਠਦਾ ਹਾਂ ਤਾਂ ਕਈ ਵਾਰੀ ਬਹੁਤ ਚਿਰ ਪਹਿਲਾਂ ਵਾਪਰੀ ਕੋਈ ਘਟਨਾ, ਖ਼ਿਆਲ ਜਾਂ ਦ੍ਰਿਸ਼ ਭਾਵ ਮਨ ਦੇ ਚਿਤਰਪਟ ਉੱਤੇ ਉਘੜਨ ਲੱਗ ਪੈਂਦੇ ਹਨ ਜੋ ਸਹਿਜੇ ਹੀ ਗ਼ਜ਼ਲ ਦੇ ਸ਼ਿਅਰਾਂ ਵਿਚ ਪਲਟਣੇ ਸ਼ੁਰੂ ਹੋ ਜਾਂਦੇ ਹਨ। ਕਈ ਵਾਰੀ ਇੰਝ ਹੁੰਦਾ ਹੈ ਕਿ ਮੈਂ ਕੋਈ ਗ਼ਜ਼ਲ ਸ਼ੁਰੂ ਕਰਦਾ ਹਾਂ ਤਾਂ ਗ਼ਜ਼ਲ ਦੋ ਸ਼ਿਅਰਾਂ ਤੋਂ ਅੱਗੇ ਨਹੀਂ ਵਧਦੀ ਪਰ ਕਦੀ ਇੰਝ ਹੁੰਦਾ ਹੈ ਕਿ ਇਕ ਸ਼ਿਅਰ ਲਿਖਦਾ ਹਾਂ ਤਾਂ ਬਾਕੀ ਦੇ ਸ਼ਿਅਰ ਇਕ ਕਦਮ ਲਿਖੇ ਜਾਂਦੇ ਹਨ। ਉਹ ਸਿਰਜਣਾਤਮਕ ਪਲ ਮੇਰੇ ਵਾਸਤੇ ਕਿਹੋ ਜਿਹੇ ਹਨ, ਮੈਂ ਨਹੀਂ ਜਾਣਦਾ, ਨਾ ਹੀ ਮੈਂ ਉਨ੍ਹਾਂ ਨੂੰ ਸ਼ਬਦਾਂ ਵਿਚ ਬਿਆਨ ਕਰ ਸਕਦਾ ਹਾਂ ਪਰ ਏਨਾ ਜ਼ਰੂਰ ਜਾਣਦਾ ਹਾਂ ਕਿ ਜਦ ਮੈਂ ਲਿਖ ਰਿਹਾ ਹੁੰਦਾ ਹਾਂ ਤਾਂ ਮੈਂ ਆਪਣੇ ਅੰਦਰ ਨਾਲ ਏਨਾ ਜੁੜ ਜਾਂਦਾ ਹਾਂ ਕਿ ਮੇਰਾ ਰਿਸ਼ਤਾ ਬਾਹਰਲੇ ਸੰਸਾਰ ਨਾਲੋਂ ਬਿਲਕੁਲ ਟੁੱਟ ਜਾਂਦਾ ਹੈ। ਉਨ੍ਹਾਂ ਸਿਰਜਣਾਤਮਕ ਪਲਾਂ ਵਿਚ ਕੋਈ ਫ਼ਰਕ ਨਹੀਂ ਪੈਂਦਾ ਕਿ ਲਾਗਲੇ ਕਮਰੇ ਵਿਚ ਟੈਲੀਵਿਜ਼ਨ ਚਲ ਰਿਹਾ ਹੈ ਜਾਂ ਕਿਚਨ ਵਿਚੋਂ ਕਰੋਕਰੀ ਦੀਆਂ ਆਵਾਜ਼ਾਂ ਆ ਰਹੀਆਂ ਹਨ। ਮੈਨੂੰ ਯਾਦ ਹੈ ਕਿ ਮੈਂ ਇਕ ਵਾਰ ਸਾਨ ਫਰਾਂਸੈਸਕੋ ਤੋਂ ਜਰਮਨੀ ਜਾ ਰਿਹਾ ਸੀ ਤਾਂ ਜਹਾਜ਼ ਦੇ ਸਫ਼ਰ ਦੌਰਾਨ ਅਚਾਨਕ ਸ਼ਿਅਰ ਉਤਰ ਆਇਆ ਤਾਂ ਮੈਂ ਪੇਪਰ-ਨਿਪਕਨ ਉਪਰ ਹੀ ਇਹ ਸ਼ਿਅਰ ਲਿਖਿਆ:
‘ਫ਼ਿਕਰ ਨਾ ਕਰਨਾ ਮੇਰੇ ਬੱਚਿਓ
ਮਿਲਾਂਗੇ ਫਿਰ ਅਸੀਂ,
ਰੌਸ਼ਨੀ ਤੋਂ ਪਾਰ ਵੀ ਇਕ ਖੂਬਸੂਰਤ ਸ਼ਹਿਰ ਹੈ।’
?-ਸਾਡੇ ਚਿੰਤਨ, ਸਾਹਿਤ ਵਿਚ ਬਿਰਖ ਅਤੇ ਮਨੁੱਖ ਨੂੰ ਇਕੋ ਅਰਥਾਂ ਵਿਚ ਲਿਆ ਗਿਆ ਹੈ। ਮੇਰੇ ਸਾਹਮਣੇ ਸ਼ਿਵ ਕੁਮਾਰ ਬਟਾਲਵੀ, ਹਰਿਭਜਨ ਸਿੰਘ, ਜਗਤਾਰ ਅਤੇ ਪਾਤਰ ਦੇ ਸ਼ਿਅਰਾਂ ਵਿਚਲੇ ਬਿਰਖ ਹਨ। ਇਨ੍ਹਾਂ ਸ਼ਾਇਰਾਂ ਦੇ ਟਾਕਰੇ ਕੁਲਵਿੰਦਰ ਰੁੱਖ ਦੇ ਬਿੰਬ ਨੂੰ ਲੈ ਕੇ ਮਨੁੱਖੀ ਸੰਤਾਪ ਦੇ ਵੱਖ ਵੱਖ ਪਹਿਲੂਆਂ ਦੀ ਕਿਵੇਂ ਤਰਜਮਾਨੀ ਕਰਦਾ ਹੈ?
-ਮੈਂ ਹਮੇਸ਼ਾ ਆਪਣੇ ਆਲੇ ਦੁਆਲੇ ਪਸਰੀ ਹੋਈ ਕਾਇਨਾਤ ਦੀ ਲੀਲ੍ਹਾ ਨੂੰ ਘੋਖਣਾ, ਨਿਹਾਰਨਾ, ਅਤੇ ਵਿਚਾਰਨਾ ਚਾਹੁੰਦਾ ਹਾਂ, ਏਨਾ ਕਿ ਮੇਰੇ ਕੋਲੋਂ ਲਫ਼ਜ਼ ਥੁੜ੍ਹ ਜਾਂਦੇ ਹਨ। ਇਸ ਲਈ ਕਈ ਵਾਰੀ ਇਕੋ ਸ਼ਬਦ ਨੂੰ ਵੱਖ ਵੱਖ ਚਿਹਨਾਂ, ਕੋਣਾਂ ਤੇ ਮੂਡਜ਼ ਵਿਚ ਵਰਤ ਕੇ ਆਪਣੀ ਸਿਰਜਣ ਪ੍ਰਕਿਰਿਆ ਨੂੰ ਸ਼ਾਂਤ ਕਰਦਾ ਹਾਂ। ਸਿੱਟੇ ਵਜੋਂ ਮੇਰੀਆਂ ਗ਼ਜ਼ਲਾਂ ਵਿਚ ਕਈ ਸ਼ਬਦ ਵਾਰ ਵਾਰ ਪਰ ਵੱਖਰੇ ਵੱਖਰੇ ਸ਼ੇਡਜ਼ ਜਾਂ ਪਰਤਾਂ ਵਿਚ ਹਾਜ਼ਰ ਨਾਜ਼ਰ ਰਹਿੰਦੇ ਹਨ। ਜਿਵੇਂ ਤੁਸੀਂ ਬਿਰਖ ਦਾ ਜ਼ਿਕਰ ਕੀਤਾ ਹੈ… ਮੈਂ ਮਨੁੱਖੀ ਮਨ ਦੀਆਂ ਵੱਖਰੀਆਂ ਵੱਖਰੀਆਂ ਸਥਿਤੀਆਂ ਨੂੰ ਬਿਰਖ ਦੇ ਅਨੇਕਾਂ ਅਰਥਾਂ ਵਿਚ ਵਰਤਿਆ ਹੈ। ਕਿਤੇ ਮੈਂ ਇਸ ਨੂੰ ਮਨੁੱਖਾਂ ਵਾਂਗ ਜਿਉਂਦਾ ਜਾਗਦਾ ਤੇ ਪਵਿੱਤਰ ਦਰਸਾਇਆ ਹੈ ਤੇ ਕਿਤੇ ਜ਼ਿੰਦਗੀ ਵਾਂਗ ਹਰਿਆ ਭਰਿਆ ਤੇ ਖੂਬਸੂਰਤ। ਕਿਤੇ ਇਸ ਦੀ ਸਿਆਣਪ ਤੇ ਹਿੰਮਤ ਦੀ ਤਾਰੀਫ਼ ਕੀਤੀ ਹੈ ਤੇ ਕਿਤੇ ਇਸ ਦੇ ਸਦੀਵੀਪਨ ਦੀ। ਮੈਂ ਬਿਰਖਾਂ ਨੂੰ ਇਨਸਾਨ ਵਾਂਗ ਹੀ ਜਿਉਂਦੇ ਜਾਗਦੇ ਤੇ ਸਾਹ ਲੈਂਦੇ ਵੇਖਦਾ ਹਾਂ, ਇਸ ਦੇ ਪੱਤਿਆਂ ‘ਚ ਦਿਲ ਦੀਆਂ ਧੜਕਣਾਂ ਅਤੇ ਟਾਹਣਾਂ ਵਿਚ ਇਨਸਾਨ ਦੀਆਂ ਰਗਾਂ ਵਾਂਗ ਹੀ ਲਹੂ ਦੀਆਂ ਨਦੀਆਂ ਦੇ ਨਿਰੰਤਰ ਵਹਾਅ ਬਾਰੇ ਸੋਚਦਾ ਹਾਂ। ਮੈਂ ਸੋਚਦਾ ਹਾਂ ਕਿ ਬਿਰਖ ਜੀਵਨ ਦੇ ਹਰ ਭਾਵ ਨਾਲ ਸਬੰਧ ਰੱਖਦਾ ਹੈ ਅਤੇ ਜੀਵਨ ਦੀ ਆਸ ਦਾ ਮੂਲ ਸਰੋਕਾਰ ਹੈ। ਜ਼ਿੰਦਗੀ ਨਾਲ ਮਨੁੱਖ ਦੇ ਗੂੜ੍ਹੇ ਪਿਆਰ ਨੂੰ ਮੈਂ ਬਿਰਖ ਦੇ ਵੱਖਰੇ ਵੱਖਰੇ ਸਰੋਕਾਰਾਂ ਵਿਚ ਬੰਨ੍ਹਿਆ ਹੈ। ਮਿਸਾਲ ਵਜੋਂ:
‘ਬਿਰਖ ਦੀ ਚੁੱਪ ਨੂੰ ਇਹ ਸਮਝ ਨਾ ਲਵੀਂ
ਜਿਸ ਤਰ੍ਹਾਂ ਪੀੜ ਦਾ ਇਸ ਨੂੰ ਅਹਿਸਾਸ ਨਾ
ਇਸ ਦੇ ਹਰ ਹਿਕ ਪੱਤੇ ‘ਚ ਦਿਲ ਧੜਕਦਾ
ਟਾਹਣੀ ਟਾਹਣੀ ‘ਚ ਵਗਦੀ ਲਹੂ ਦੀ ਨਦੀ।’
‘ਨਾ ਪਰਿੰਦੇ, ਆਲੂਣੇ, ਪਾਣੀ, ਹਵਾ, ਪੱਤੇ ਨਾ ਸ਼ਾਖ,
ਇਸ ਤਰ੍ਹਾਂ ਦੇ ਹੀ ਨੇ ਗੁਜ਼ਰੇ ਬਿਰਖ ‘ਤੇ ਮੌਸਮ ਤਮਾਮ।’
ਮੈਨੂੰ ਡਾ. ਹਰਿਭਜਨ ਸਿੰਘ ਦਾ ਸ਼ਿਆਰ ਯਾਦ ਆ ਰਿਹੈ:
‘ਇਸ ਜੰਗਲ ਵਿਚ ਪਰਛਾਵੇਂ ਹੀ ਪਰਛਾਵੇਂ,
ਬਿਰਛ ਕਿਤੇ ਨਜ਼ਰੀਂ ਨਾ ਆਵੇ।’
ਪਰ ਹੋ ਸਕਦੈ ਕਿ ਮੈਂ ਕੁਝ ਵੱਖਰਾ ਮਹਿਸੂਸ ਕਰਦਾ ਹੋਵਾਂ, ਜਿਵੇਂ ਮੈਂ ਲਿਖਿਆ ਸੀ ਕਿ:
‘ਜਦ ਵੀ ਚਾਹਿਆ,
ਤਪਦਿਆਂ ਰਾਹਾਂ ‘ਚ ਪਲ ਭਰ ਛਾਂ ਮਿਲੇ,
ਬਿਰਖ ਰਸਤੇ ਵਿਚ ਮਿਲੇ,
ਉਨ੍ਹਾਂ ਦਾ ਪਰ ਸਾਇਆ ਨਾ ਮਿਲੇ,’
ਇਸ ਦੇ ਨਾਲ ਹੀ ਇਹ ਜ਼ਰੂਰ ਕਹਿਣਾ ਚਾਹੁੰਨਾਂ ਕਿ ਜਿਸ ਤਰ੍ਹਾਂ ਸੁਰਜੀਤ ਪਾਤਰ ਨੇ ਆਪਣੀਆਂ ਗ਼ਜ਼ਲਾਂ ਵਿਚ ਬਿਰਖ ਦੇ ਚਿਹਨ ਨੂੰ ਖੂਬਸੂਰਤੀ ਨਾਲ ਪੇਸ਼ ਕੀਤਾ ਹੈ, ਉਹ ਲਾਜਵਾਬ ਹੈ।
?-ਕਹਿੰਦੇ ਨੇ ਚੰਗੀ ਗ਼ਜ਼ਲ ਦੀ ਪਛਾਣ ਹੈ ਕਿ ਉਸ ਦੇ ਸ਼ਿਅਰ ਗੁਲਾਬ ਦੇ ਫੁੱਲ ਵਾਂਗ ਟਹਿਕਦੇ ਤੇ ਮਹਿਕਦੇ ਹੋਣੇ ਚਾਹੀਦੇ ਹਨ। ਤੁਸੀਂ ਚੰਗੀ ਗ਼ਜ਼ਲ ਦੀ ਕੀ ਪਰਿਭਾਸ਼ਾ ਦਿੰਦੇ ਹੋ?
-ਗ਼ਜ਼ਲ ਵਿਚ ਬਹਿਰ ਤੇ ਮੀਟਰ ਬਾਰੇ ਗ਼ਜ਼ਲ ਪੰਡਿਤਾਂ, ਆਲੋਚਕਾਂ ਨੇ ਅਨੇਕਾਂ ਕਿਤਾਬਾਂ ਲਿਖੀਆਂ ਹਨ, ਮੈਂ ਉਸ ਬਹਿਸ ਵਿਚ ਨਹੀਂ ਪੈਣਾ ਚਾਹੁੰਦਾ। ਮੈਂ ਸਿਰਫ਼ ਗ਼ਜ਼ਲ ਦੀ ਹੋਂਦ ਵਿਧੀ, ਸੁਭਾਅ ਤੇ ਪ੍ਰਕਿਰਿਤੀ ਬਾਰੇ ਸੰਖੇਪ ਵਿਚ ਏਨਾ ਕੁ ਹੀ ਕਹਿਣਾ ਚਾਹੁੰਨਾਂ ਕਿ ਅਸਲ ਵਿਚ ਸਵਾਲ ਇਹ ਹੈ ਕਿ ਗ਼ਜ਼ਲ ਦੀ ਆਤਮਾ ਕੀ ਹੈ? ਮੈਂ ਸੋਚਦਾਂ ਕਿ ਸ਼ਿਅਰ ਵਿਚ ਤਾਜ਼ਗੀ, ਉਸ ਦੀ ਅੰਦਰੂਨੀ ਖਿੱਚ, ਖ਼ਿਆਲਾਂ ਦੀ ਗਹਿਰਾਈ ਨਾਲ ਨਾਲ ਉਸ ‘ਚ ਬਿੰਬ ਪ੍ਰਤੀਕ ਇੰਝ ਦੇ ਹੋਣ ਜਿਵੇਂ ਕਿ ਪੇਂਟਰ ਨੇ ਦੁਕਰਤ ਦੀ ਸੁੰਦਰਤਾ ਨੂੰ ਸ਼ੋਖ ਰੰਗਾਂ ਵਿਚ ਕੋਰੇ ਕਗਾਜ਼ ‘ਤੇ ਪੇਂਟ ਕੀਤਾ ਹੋਵੇ। ਸ਼ਿਅਰ ਇਕ ਤਸਵੀਰ ਦੇ ਰੂਪ ਵਿਚ ਉਜਾਗਰ ਹੋ ਕੇ ਇਸ ਤਰ੍ਹਾਂ ਲੱਗੇ ਜਿਵੇਂ ਉਹ ਤਸਵੀਰ ਤੁਹਾਡੇ ਨਾਲ ਗੱਲਾਂ ਕਰ ਰਹੀ ਹੋਵੇ। ਸ਼ਿਅਰ ਵਿਚ ਵਿਖੱਲਣਤਾ, ਸਪਸ਼ਟਤਾ ਤੇ ਉਸ ਦੇ ਅੰਦਰਲਾ ਸੰਗੀਤ ਏਨਾ ਵੱਡਾ ਹੋਵੇ ਜੋ ਪੜ੍ਹਦਿਆਂ ਤੇ ਸੁਣਦਿਆਂ ਇਸ ਤਰ੍ਹਾਂ ਮਹਿਸੂਸ ਕਰਾਵੇ, ਜਿਸ ਤਰ੍ਹਾਂ ਅੱਧੀ ਰਾਤ ਨੂੰ ਤੁਹਾਡੀ ਆਤਮਾ ‘ਤੇ ਮਧੁਰ ਸਗੀਤ ਦੀਆ ਸੁਰਾਂ ਵਜਦੀਆਂ ਹੋਣ। ਜਿਵੇਂ ਸੂਰਜ ਡੁੱਬਣ ਵੇਲੇ ਅਨੰਤ ਰੰਗਾਂ ‘ਚ ਰੰਗਿਆ ਹੁੰਦਾ ਹੈ, ਉਹ ਰੰਗ ਸਮੁੰਦਰ ਕਿਨਾਰੇ ਹੋਰ ਦਿਸਦੇ ਹਨ, ਪਹਾੜ ਦੀ ਟੀਸੀ ‘ਤੇ ਹੋਰ ਅਤੇ ਮੈਦਾਨਾਂ ਵਿਚ ਹੋਰ। ਉਸੇ ਤਰ੍ਹਾਂ ਸ਼ਿਅਰ ਵਿਚ ਉਦਾਤ ਭਾਵਾਂ ਦਾ ਬਹੁ-ਦਿਸ਼ਾਵੀ, ਬਹੁ-ਕੋਣੀ ਤੇ ਬਹੁ-ਅਯਾਮੀ ਚਿਤਰਣ ਇੰਝ ਦਾ ਹੋਵੇ ਜਿਸ ਨਾਲ ਹਰ ਪਾਠਕ ਤੇ ਸਰੋਤੇ ਨੂੰ ਲੱਗੇ ਕਿ ਇਹ ਸ਼ਿਅਰ ਉਸ ਦੇ ਦਰਦ ਦਾ, ਉਸ ਦੀ ਜ਼ਿੰਦਗੀ ਦਾ ਜ਼ਿਕਰ ਕਰ ਰਿਹਾ ਹੈ। ਤੇ ਮੈਂ ਸੋਚਦਾ ਹਾਂ ਕਿ ਸ਼ਾਇਦ ਆਧੁਨਿਕ ਭਾਵ-ਬੋਧ ਦੀ ਸੰਵੇਦਨਾ ਕਿਸੇ ਸ਼ਿਅਰ ਦੇ ਪਾਰਗਾਮੀ ਹੋਣ ਦੀ ਸ਼ਾਹਦੀ ਭਰ ਸਕੇ।
?-ਤੁਹਾਨੂੰ ਉਦਾਸ ਸੁਰਾਂ ਦਾ ਕਵੀ ਕਿਉਂ ਕਹਿੰਦੇ ਹਨ?
-ਮੈਨੂੰ ਜਾਪਦਾ ਹੈ ਕਿ ਸਾਡੀ ਜ਼ਿੰਦਗੀ ਦੁੱਖਾਂ-ਸੁੱਖਾਂ, ਸੁਪਨੇ-ਸੱਧਰਾਂ, ਹਾਰਾਂ-ਜਿੱਤਾਂ, ਵਿਛੋੜੇ-ਮਿਲਾਪ ਦਾ ਹੀ ਜੋੜਫਲ ਹੈ। ਆਲੋਚਕਾਂ ਨੇ ਭਾਵੇਂ ਮੈਨੂੰ ਉਦਾਸੀ ਦਾ ਸ਼ਾਇਰ ਗਰਦਾਨਿਆ ਹੈ ਪਰ ਮੈਂ ਇਸ ਦਲੀਲ ਨਾਲ ਸਹਿਮਤ ਨਹੀ? ਕਿਉਂਕਿ ਮੇਰੀ ਉਦਾਸੀ ਪਿੱਛੇ ਵੀ ਜ਼ਿੰਦਗੀ ਨੂੰ ਜਿਊਣ ਦੀ ਚਾਹਤ ਹਮੇਸ਼ਾ ਪ੍ਰਬਲ ਰਹਿੰਦੀ ਹੈ। ਕੁਦਰਤ ਦੇ ਉਦਾਸ ਦ੍ਰਿਸ਼ਾਂ ਨੂੰ ਮੈਂ ਕੋਰੇ ਕਾਗਜ਼ ‘ਤੇ ਕਈ ਰੰਗਾਂ ਵਿਚ ਚਿਤਰਿਆ ਹੈ ਪਰ ਉਨ੍ਹਾਂ ਰੰਗਾਂ ਵਿਚ ਉਮੀਦ ਦੀ ਲੋਅ ਨਿਰੰਤਰ ਬਲਦੀ ਨਜ਼ਰ ਆਉਂਦੀ ਹੈ। ਮੇਰੇ ਸ਼ਿਅਰਾਂ ਦੀ ਘੋਰ ਉਦਾਸੀ ਪਿੱਛੇ ਵੀ ਜੀਵਨ ਦਾ ਗੂੜ੍ਹਾ ਰੰਗ ਛੁਪਿਆ ਹੁੰਦਾ ਹੈ ਕਿਉਂਕਿ ਮੈਂ ਜਾਣਦਾ ਹਾਂ ਕਿ ਜੀਵਨ ਵਿਚ ਧੁੰਦ ਕਿੰਨੀ ਵੀ ਸੰਘਣੀ ਕਿਉਂ ਨਾ ਹੋਵੇ, ਸੂਰਜ ਨੇ ਚੜ੍ਹਨਾ ਹੀ ਹੁੰਦਾ ਹੈ।
?-ਤੁਹਾਡੀ ਜ਼ਿੰਦਗੀ ਤੇ ਗ਼ਜ਼ਲ ਦੇ ਕੀ ਸਰੋਕਾਰ ਹਨ?
-ਮੈਂ ਜਿਸ ਅਮਰੀਕੀ ਸਮਾਜ ਵਿਚ ਰਹਿ ਰਿਹਾ ਹਾਂ, ਉਹ ਬਹੁਤ ਗੁੰਝਲਦਾਰ, ਬਹੁਦਿਸ਼ਾਵੀ, ਬਹੁਪਰਤੀ ਤੇ ਬਹੁਰੰਗੀ ਹੈ। ਜੀਵਨ ਦੀ ਇਸ ਜਟਿਲਤਾ ਨੂੰ ਆਪਣੀ ਸਮਰੱਥਾ ਅਨੁਸਾਰ ਮੈਂ ਆਪਣੀਆਂ ਗ਼ਜ਼ਲਾਂ ਵਿਚ ਪੇਸ਼ ਕੀਤਾ ਹੈ। ਕੀ ਜ਼ਿੰਦਗੀ ਕਵਿਤਾ ਵਰਗੀ ਜਾਂ ਕਵਿਤਾ ਜ਼ਿੰਦਗੀ ਵਰਗੀ ਹੁੰਦੀ ਹੈ? ਸ਼ਾਇਦ…। ਕਵਿਤਾ ਹਯਾਤੀ ਵਰਗੀ ਹੁੰਦੀ ਹੋਈ ਵੀ ਉਸ ਤੋਂ ਕਿਤੇ ਵੱਡੀ ਹੁੰਦੀ ਹੈ। ਆਦਮੀ ਦੀ ਤਾਂ ਉਮਰ ਹੈ, ਕਵਿਤਾ ਦੀ ਕੋਈ ਉਮਰ ਨਹੀਂ। … ਤੇ ਕੀ ਕਵਿਤਾ ਸਿਰਫ਼ ਦੁੱਖਾਂ ਜਾਂ ਖੁਸ਼ੀ ਦਾ ਹੀ ਪ੍ਰਗਟਾਵਾ ਹੈ, ਮੇਰਾ ਖ਼ਿਆਲ ਨਹੀਂ। ਮੇਰੀ ਜਾਚੇ ਕਵਿਤਾ ਰਾਹੀਂ ਜ਼ਿੰਦਗੀ ਦੇ ਗਹਿਰੇ ਤੋਂ ਗਹਿਰੇ ਦਰਦਾਂ ਨੂੰ ਸ਼ਿੱਦਤ ਨਾਲ ਬਿਆਨ ਕੀਤਾ ਜਾ ਸਕਦਾ ਹੈ। ਗ਼ਜ਼ਲ ਵਿਚ ਰਿਸ਼ਿਆਂ ਦੀ ਟੁੱਟ-ਭੁੱਜ, ਇਕੱਲਤਾ, ਬੇਬਸੀ, ਉਦਾਸੀ, ਮਾਨਸਿਕ ਪੀੜ੍ਹਾ, ਅਸ਼ਾਂਤ ਮਨ ਅਤੇ ਆਧੁਨਿਕ ਜੀਵਨ ਦੀਆਂ ਗੁੰਝਲਾਂ ਨੂੰ ਖੋਲ੍ਹਿਆ ਜਾ ਸਦਾ ਹੈ। ਮੇਰੇ ਵਾਸਤੇ ਕਵਿਤਾ ਦੁੱਖਾਂ-ਸੁੱਖਾਂ ਦੀ ਦੁਮੇਲ ਤੋਂ ਵੀ ਪਰੇ ਵਿਚਰਦੀ ਹੈ, ਜਿਸ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਅਸੰਭਵ ਹੈ। ਜੰਗਲ ਵਿਚ ਫੁੱਲ ਖਿੜਦੇ ਹਨ, ਮੁਸਕੁਰਾਉਂਦੇ ਹਨ, ਤੇ ਮੁਰਝਾ ਜਾਂਦੇ ਹਨ। ਆਖਿਰ ਕਿਸ ਦੀ ਮੁਹੱਬਤ ਵਿਚ? ਇਹ ਸਥਿਤੀ ਵੀ ਸਫ਼ੇ ‘ਤੇ ਅਣਲਿਖੀ ਕਵਿਤਾ ਵਾਂਗ ਹੈ ਜੋ ਸਾਨੂੰ ਜੀਵਨ ਜਾਚ ਦਾ ਢੰਗ ਦਸਦੀ ਹੈ।
?-ਪਰਵਾਸ ਦਾ ਤੁਹਾਡੀ ਸ਼ਾਇਰੀ ‘ਤੇ ਕਿਹੋ ਜਿਹਾ ਅਸਰ ਪਿਆ?
-ਬੰਦਾ ਹਰ ਯੁਗ ਵਿਚ ਆਪਣੇ ਚੰਗੇ ਭਵਿਖ, ਮਾੜੀ ਰਾਜਨੀਤਕ ਹਾਲਤ ਅਤੇ ਗ਼ਲਤ ਮੂਲ ਵਿਧਾਨ ਖ਼ਿਲਾਫ਼ ਲੜਨ ਲਈ ਪਰਵਾਸ ਕਰਦਾ ਰਿਹਾ ਹੈ। ਅਸਲ ਵਿਚ ਪਰਵਾਸ ਦੋ ਤਰ੍ਹਾਂ ਦਾ ਹੁੰਦਾ ਹੈ, ਇਕ ਪਰਵਾਸ ਉਹ ਹੈ ਜੋ ਬਾਬਾ ਨਾਨਕ ਕਹਿੰਦੇ ਹਨ, ‘ਮਨ ਪਰਦੇਸੀ ਜੇ ਥੀਆ’ ਅਤੇ ਦੂਜਾ ਪਰਵਾਸ ਉਹ ਹੈ ਜੋ ਅਸੀਂ ਹੰਢਾ ਰਹੇ ਹਾਂ ਆਪਣੀ ਧਰਤੀ, ਆਪਣੀ ਜੰਮਣ ਭੋਇ ਤੋਂ ਦੂਰ, ਆਪਣੀ ਮਿੱਟੀ ਤੋਂ ਜੁਦਾ ਹੋਣ ਦਾ। ਜਿਸ ਤਰ੍ਹਾਂ ਰੁੱਖ ਦਾ ਜੜਾਂ ਤੋਂ ਉਖੜ ਜਾਣਾ ਹੁੰਦਾ ਹੈ। ਅਮਰੀਕਾ ਆਉਣ ਸਮੇਂ ਪੰਜਾਬੀ ਸਭਿਆਚਾਰ ਦੇ ਜਾਨਦਾਰ ਪੱਖ ਤਾਂ ਮੇਰੀਆਂ ਸਿਮਰਤੀਆਂ ਵਿਚ ਜਿਉਂਦੇ ਸਨ ਪਰ ਇਸ ਦੇ ਨਾਲ ਹੀ ਅਮਰੀਕੀ ਸਮਾਜ ਦੇ ਮੁੱਲ ਵਿਧਾਨ ਤੇ ਕਦਰਾਂ-ਕੀਮਤਾਂ ਨੇ ਮੇਰੀ ਸਖਸ਼ੀਅਤ ਨੂੰ ਤਰੋੜਿਆ, ਮਰੋੜਿਆ ਅਤੇ ਵਿਕਸਤ ਕੀਤਾ। ਪਰਵਾਸ ਦਾ ਤਜਰਬਾ ਮੇਰੇ ਸ਼ਿਅਰਾਂ ਵਿਚ ਆਮ ਝਲਕਦਾ ਹੈ। ਉਦਾਹਰਣ ਵਜੋਂ
‘ਤੀਲਿਆਂ ਦੇ ਆਲ੍ਹਣੇ ਵਿਚ ਸੀ
ਪਰਿੰਦਾ ਖੁਸ਼ ਬਹੁਤ,
ਸੰਗਮਰਮਰ ਦੇ ਮਕਾਨ ਅੰਦਰ
ਮਗਰ ਕਿਉਂ ਹੈ ਉਦਾਸ… ਜਾਂ
ਖੂਸਬੂਰਤ ਸ਼ਾਮ, ਮਹਿਕੀਲੀ ਹਵਾ, ਰੰਗਾਂ ਦਾ ਸਾਥ,
ਐਸੇ ਵਾਤਾਵਰਨ ਵਿਚ ਵੀ
ਲੱਗ ਰਹੇ ਚਿਹਰੇ ਉਦਾਸ।’
ਹੋ ਸਕਦਾ ਹੈ ਕਿ ਮੇਰੇ ਅਜਿਹੇ ਅਨੇਕਾਂ ਸ਼ਿਅਰਾਂ ਵਿਚ ਪਰਵਾਸ ਦਾ ਸਿੱਧਾ ਸਪਾਟ ਜ਼ਿਕਰ ਨਾ ਹੋਵੇ ਪਰ ਪਰਵਾਸ ਵਿਚ ਮਨੁੱਖੀ ਮਨ ਦੇ ਖਾਲੀਪਨ ਦਾ, ਉਸ ਦੀ ਉਦਾਸੀ ਦਾ ਜਾ ਉਸ ਦੇ ਖੰਡਰ ਹੋਣ ਦਾ ਅਹਿਸਾਸ ਜ਼ਰੂਰ ਝਲਦਾ ਹੈ। ਮੇਰੇ ਕੁਠ ਅਜਿਹੇ ਸ਼ਿਆਰ ਵੀ ਹਨ ਜਿਨ੍ਹਾਂ ਵਿਚ ਪਰਵਾਸ ਦਾ ਸਪਾਟ ਜ਼ਿਕਰ ਹੈ, ਰਿਸ਼ਤਿਆਂ ਦੀ ਟੁੱਟ-ਭੱਜ ਦਾ ਦਰਦ ਹੈ। ਮੈਂ ਇਸ ਸ਼ਿਅਰ ਰਾਹੀਂ ਪੰਜਾਬ ਦੇ ਹਰ ਰਿਸ਼ਤੇ ਨਾਤੇ ਦੇ ਦਵੰਦ, ਲਗਾਓ ਤੇ ਸੂਖਮਤਾ ਨੂੰ ਪਕੜਨ ਦੀ ਕੋਸ਼ਿਸ਼ ਕੀਤੀ ਹੈ:
‘ਕਿਤੇ ਤਨ ਵਿਚ ਕਣੀ ਰਿਸ਼ਤੇ
ਦੀ ਧੁਖੀ ਰਹਿ ਗਈ ਹੋਣੀ,
ਜੇ ਵਰ੍ਹਿਆਂ ਬਾਅਦ ਮੁੜਕੇ
ਘਰ ਮੁਸਾਫ਼ਿਰ ਆ ਗਿਆ ਹੈ।’
ਇਹ ਸ਼ਿਅਰ ਸਿਰਫ਼ ਮੇਰੇ ਪਰਵਾਸ ਧਾਰਨ ਨਾਲ ਹੀ ਸਬੰਧਤ ਨਹੀਂ, ਏਥੇ ਵਸਦੇ ਪਰਵਾਸੀਆਂ ਦੇ ਬੱਚਿਆਂ, ਜੋ ਏਥੇ ਜੰਮੇ ਪਲੇ ਹਨ, ਵਾਸਤੇ ਵੀ ਹੈ। ਪਰਦੇਸ ਵਿਚ ਰਹਿੰਦਿਆਂ ਹੋਇਆਂ ਇਕ ਦਮ ਬੰਜਰ, ਜ਼ਰਜ਼ਰੇ, ਸੁਰੱਖਿਅਤ, ਬੇਗਾਨਗੀ ਦੇ ਰਿਸ਼ਤਿਆਂ ਦਾ ਖੰਡਰ ਸਾਡੇ ਅੰਦਰ ਉੱਗ ਆਉਂਦਾ ਹੈ। ਜਿਵੇਂ:
‘ਜਾਂ ਦਿਸਦੇ ਪੱਥਰ ਹੀ ਪੱਥਰ,
ਜਾਂ ਬਿਰਖਾਂ ਵਿਚ ਉੱਗੇ ਖੰਡਰ
ਹੁਣ ਇਸ ਉਜੜੀ ਬਸਤੀ ਅੰਦਰ,
ਦਿਸਦਾ ਆਦਮ ਟਾਵਾਂ ਟਾਵਾਂ।’
ਹੋ ਸਕਦਾ ਹੈ ਕਿ ਇਹ ਸ਼ਿਅਰ
ਮੈਂ ਪੰਜਾਬ ਬੈਠਿਆਂ ਹੋਇਆ ਨਾ ਲਿਖ ਸਕਦਾ।
?-ਤੁਹਾਨੂੰ ਪਰਵਾਸੀ ਲੇਖਕ ਕਹਾਉਣਾ ਕਿਹੋ ਜਿਹਾ ਲਗਦਾ?
-ਮੈਂ ਇਸ ਵੰਡ ਦੇ ਖ਼ਿਲਾਫ਼ ਹਾਂ। ਮੈਂ ਸੋਚਦਾਂ ਜਿੱਥੇ ਵੀ ਪੰਜਾਬੀ ਵਿਚ ਚੰਗੀ ਕਵਿਤਾ ਲਿਖੀ ਜਾ ਰਹੀ ਹੋਵੇ, ਉਹ ਸਾਰੀ ਪੰਜਾਬੀ ਸਾਹਿਤ ਦੀ ਮੁੱਖ ਧਾਰਾ ਦੇ ਖੇਤਰ ਵਿਚ ਆਉਣੀ ਚਾਹੀਦੀ ਹੈ; ਚਾਹੇ ਉਹ ਅਮਰੀਕਾ ਹੋਵੇ, ਇੰਗਲੈਂਡ ਹੋਵੇ, ਕੈਨੇਡਾ ਹੋਵੇ ਜਾ ਕੋਈ ਹੋਰ ਦੇਸ਼। ਐਨ ਉਵੇਂ ਜਿਵੇਂ ਅੰਗਰੇਜ਼ੀ ਵਿਚ ਲਿਖਣ ਵਾਲੇ ਇੰਗਲੈਂਡ, ਅਮਰੀਕਾ ਜਾਂ ਆਸਟਰੇਲੀਆ ਦੇ ਸਭ ਲੇਖਕ ਸਿਰਫ਼ ਅੰਗਰੇਜ਼ੀ ਲੇਖਕ ਹਨ, ਹੋਰ ਕੁਝ ਨਹੀਂ।
?-ਅਜੇ ਖਾਮੋਸ਼ ਹੈ ਮੇਰਾ ਲਹੂ, ਪਰ/ਇਹ ਗੂੰਜੇਗਾ ਤੁਹਾਡੇ ਨਾਲ ਰਲਕੇ, ਤੁਹਾਡੇ ਇਸ ਸ਼ਿਆਰ ਦੀ ਆਵਾਜ਼ ਕਿਨ੍ਹਾਂ ਲਈ ਹੈ?
ਇਹ ਧਰਤੀ ਲੁੱਟੇ ਜਾਣ ਵਾਲਿਆਂ ਤੇ ਲੁੱਟਣ ਵਾਲਿਆਂ ਵਿਚਕਾਰ ਵੰਡੀ ਹੋਈ ਹੈ। ਨਿਸ਼ਚੇ ਹੀ ਮੇਰੀ ਗ਼ਜ਼ਲ ਲੁੱਟੀ ਪੁੱਟੀ ਜਾ ਰਹੀ ਲੁਕਾਈ ਦੀ ਗੱਲ ਕਰਦੀ ਹੈ। ਮੈਨੂੰ ਯਕੀਨ ਹੈ ਕਿ ਜਿਨ੍ਹਾਂ ਦੇ ਲਹੂ ਦਾ ਵਹਾਅ ਅਜੇ ਮੱਧਮ ਹੈ, ਖਾਮੋਸ਼ ਹੈ, ਉਹ ਵੀ ਉਸ ਕਾਫ਼ਿਲੇ ਵਿਚ ਰਲਣਗੇ ਜੋ ਲੁੱਟਣ ਵਾਲਿਆਂ ਦੇ ਵਿਰੋਧ ਵਿਚ ਹਨ। ਮੈਂ ਚਾਹੁੰਨਾਂ ਕਿ ਜ਼ੁਲਮ ਦੇ ਖ਼ਿਲਾਫ਼ ਜੂਝ ਰਹੇ ਲੋਕਾਂ ਦੀ ਗੂੰਜ ਹੋਰ ਉੱਚੀ ਹੋਵੇ ਤੇ ਦੂਰ ਦੂਰ ਤਕ ਸੁਣੇ। ਮੇਰੇ ਸ਼ਿਅਰਾਂ ਨੇ ਵੀ ਉਨ੍ਹਾਂ ਦੇ ਹੱਕ ਵਿਚ ਗੂੰਜਣਾ ਹੈ। ਮੈਂ ਤਾਂ ਬਰਫ਼ ਦੇ ਜੰਗਲ ਵਿਚ ਖੜ੍ਹੇ ਸੁੰਨ ਬਿਰਖਾਂ ਨਾਲ ਹਾਂ, ਨਾ ਕਿ ਉਨ੍ਹਾਂ ਦੇ ਵਿਰੋਧ ਵਿਚ। ਤਾਰਿਆਂ ਭਰੀ ਰਾਤ ਵਿਚ ਲੁਟੀਂਦੀ ਲੁਕਾਈ ਨਾਲ ਮੇਰੀ ਹਮਦਰਦੀ ਹੈ।
?-ਤੁਹਾਡੀ ਗ਼ਜ਼ਲ ਵਿਚ ਜੰਗਲ, ਪੱਥਰ, ਸੂਰਜ, ਬਿਰਖ ਅਤੇ ਸਮੁੰਦਰ ਸ਼ਬਦ ਵਾਰ ਵਾਰ ਆਉਂਦੇ ਹਨ। ਤੁਸੀਂ ਇਨ੍ਹਾਂ ਨੂੰ ਜ਼ਿੰਦਗੀ ਦੇ ਕਿਹੜੇ ਪਹਿਲੂਆਂ ਨਾਲ ਜੋੜ ਕੇ ਵੇਖਦੇ ਹੋ?
-ਮੈਂ ਇਨ੍ਹਾਂ ਸ਼ਬਦਾਂ ਨੂੰ ਜ਼ਿੰਦਗੀ ਦੇ ਵੱਖ ਵੱਖ ਪਹਿਲੂਆਂ ਨਾਲ ਜੋੜ ਕੇ ਵੇਖਦਾ ਹਾਂ। ਜਿਵੇਂ ਤੁਸੀਂ ਸ਼ਬਦ ਜੰਗਲ ਦਾ ਜ਼ਿਕਰ ਕੀਤਾ ਹੈ, ਜੰਗਲ ਅਰਜਕਤਾ ਤੇ ਡਰ ਦਾ ਪ੍ਰਤੀਕ ਹੈ ਪਰ ਮੈਂ ਇਵੇਂ ਸੋਚਦਾਂ ਕਿ ਇਹ ਔਕਸੀਜਨ ਦਾ ਜ਼ਖੀਰਾ ਵੀ ਹੈ। ਇਕ ਵਾਰ ਮੈਂ ਹਵਾਈ ਦੇ ਨਿੱਕੇ ਜਿਹੇ ਟਾਪੂ ਮਾਉਈ ‘ਤੇ ਛੁੱਟੀਆਂ ਬਿਤਾਉਣ ਗਿਆ ਤਾਂ ਉੱਥੇ ਦਾ ਵਰਖਾ-ਜੰਗਲ ਦੇਖ ਕੇ ਮੈਨੂੰ ਉਸ ਦੀ ਹਰਿਆਵਲ ਨੇ ਹੈਰਾਨ ਕਰ ਦਿੱਤਾ। ਮੈਨੂੰ ਦੇਰ ਤਕ ਇਹ ਲੱਗਿਆ ਜਿਵੇਂ ਮੈਂ ਕੋਈ ਸੁਪਨਾ ਜਾਂ ਖੂਬਸੂਰਤ ਖਾਬ ਦੇਖ ਰਿਹਾ ਹੋਵਾਂ। ਉਹ ਜੰਗਲ ਮੈਨੂੰ ਅਸਲ ਵਿਚ ਆਪਣੇ ਖਾਬਾਂ ਦੇ ਜੰਗਲ ਦੀ ਹਰਿਆਵਲ ਤੋਂ ਵੀ ਹਰਿਆ ਭਰਿਆ ਲੱਗਿਆ ਤਾਂ ਮੈਂ ਆਪਣੇ ਘਰ ਬਾਰੇ, ਜੋ ਵਰ੍ਹਿਆਂ ਪਹਿਲਾਂ ਪਿੱਛੇ ਛੱਡ ਆਇਆ ਸਾਂ, ਨੂੰ ਸੋਚਦਿਆਂ ਇਹ ਸ਼ਿਅਰ ਲਿਖਿਆ
‘ਖ਼ਾਬ ਦੇ ਜੰਗਲ ‘ਚ ਬੂਟੇ ਬਿਰਖ ਸਾਰੇ ਹੀ ਹਰੇ ਹਨ,
ਘਰਦਿਆਂ ਬਿਰਖਾਂ ‘ਤੇ
ਸੁੱਕੀ ਟਾਣ੍ਹ ਵੀ ਬਾਕੀ ਨਹੀਂ ਹੈ।’
ਏਥੇ ਘਰ ਦਾ ਬਿੰਬ ਮੇਰੀ ਧਰਤੀ, ਮੇਰਾ ਪੰਜਾਬ ਹੈ ਜਿਸ ਦੇ ਪੀਲੇ ਤੇ ਖੁਸ਼ਕ ਰੰਗਾਂ ਦਾ ਮੈਨੂੰ ਦਰਦ ਹੈ, ਮੈਂ ਆਪਣੇ ਦੇਸ਼ ਨੂੰ ਵੀ ਆਪਣੇ ਖਾਬਾਂ ਦੇ ਜੰਗਲ ਵਾਂਗ ਹਰਿਆ ਭਰਿਆ ਦੇਖਣਾ ਚਾਹੁੰਦਾ ਹਾਂ। ਮੇਰੀ ਹਮੇਸ਼ਾ ਹੀ ਕੋਸ਼ਿਸ਼ ਰਹੀ ਹੈ ਕਿ ਮੈਂ ਇਨ੍ਹਾਂ ਭਾਵਾਂ ਨੂੰ ਨਵੇਂ ਬਿੰਬਾਂ/ਪ੍ਰਤੀਕਾਂ ਵਿਚ ਢਾਲਾਂ। ਮੇਰਾ ਇਹ ਸ਼ਿਅਰ ਇਕ ਯੂਨਾਨੀ ਮਿੱਥ ਉੱਪਰ ਆਧਾਰਤ ਹੈ ਜਿਸ ਵਿਚ ਮੈਂ ਜ਼ਿੰਦਗੀ ਦੀ ਲਾਟ ਵਾਂਗ ਲਟ ਲਟ ਬਲ ਰਹੇ ਨਿੱਕੇ ਦੀਵੇ ਦੀ ਤੁਲਨਾ ਸੂਰਜ ਨਾਲ ਕੀਤੀ ਹੈ:
‘ਮੈਂ ਨਹੀਂ ਸੂਰਜ ਕਿ
ਹਰ ਇਕ ਸ਼ਾਮ ਨੂੰ ਢਲਦਾ ਰਹਾਂਗਾ।
ਮੈਂ ਬੜਾ ਨਿੱਕਾ ਜਿਹਾ ਦੀਵਾ ਹਾਂ,
ਪਰ ਬਲਦਾ ਰਹਾਂਗਾ।’
?-ਤੁਸੀਂ ਅੱਜੋਕਾ ਦੁਚਿੱਤੀ ਵਾਲਾ ਅਸ਼ਾਂਤ ਅਤੇ ਦੋਫਾੜ ਚੇਤਨਾ ਵਾਲਾ ਮਨੁੱਖ ਸਿਰਜਿਆ ਹੈ। ਇਹ ਕਿਸ ਸਿਸਟਮ ਦੀ ਪੈਦਾਵਾਰ ਹੈ?
-ਜਦ ਤੋਂ ਇਸ ਸਮਾਜ ਵਿਚ ਰਿਸ਼ਤਿਆਂ ਤੋਂ ਵੱਡਾ ਪਦਾਰਥ ਤੇ ਪੈਸਾ ਹੋ ਗਿਆ ਹੈ, ਉਦੋਂ ਤੋਂ ਮਨੁੱਖ ਦੀ ਸ਼ਖ਼ਸੀਅਤ ਦੋਫਾੜ ਉਲਝੀ ਹੋਈ ਹੈ। ਬੰਦਾ ਇਕੋ ਸਮੇਂ ਚੰਗਾ ਵੀ ਹੈ ਤੇ ਮੰਦਾ ਵੀ। ਅਜੋਕਾ ਮਨੁੱਖ ਕਈ ਪੱਧਰਾਂ ‘ਤੇ ਜੀਅ ਰਿਹਾ ਹੈ। ਕਿਤੇ ਉਹ ਸੰਤਾਪ ਹੰਢਾ ਰਿਹਾ ਹੈ, ਇਕੋ ਸਮੇਂ ਪਿਆਰ ਤੇ ਵਿਛੋੜਾ ਹੁੰਦਾ ਹੈ। ਮਸਲਨ ਇਕ ਘਰ ਤੇ ਪਰਵਾਸ ਜੋ ਪਿੱਛੇ ਰਹਿ ਗਿਆ ਹੁੰਦਾ ਹੈ ਅਤੇ ਦੂਸਰਾ ਜਿੱਥੇ ਉਹ ਵਸ ਰਿਹਾ ਹੁੰਦਾ ਹੈ, ਮਨ ਦਾ ਪਰਿੰਦਾ ਕਦੇ ਏਥੇ ਹੁੰਦਾ ਹੈ ਤੇ ਕਦੇ ਉੱਥੇ। ਇੰਝ ਇਹ ਦੁਚਿੱਤੀਆਂ, ਤਣਾਅ, ਭਵਿੱਖੀ ਧੁੰਦਲਾਪਨ, ਬੰਦੇ ਨੂੰ ਅਸ਼ਾਂਤ ਤੇ ਦੋਫਾੜ ਕਰੀ ਰਖਦੀਆਂ ਹਨ।
?-ਤੁਹਾਡੀ ਸ਼ਾਇਰੀ ਨੂੰ ਮੁਹੱਬਤ ਦੀ ਸ਼ਾਇਰੀ ਕਹਿਣਾ ਕਿੰਨਾ ਕੁ ਠੀਕ ਹੈ?
-ਮੁਹੱਬਤ ਇਸ ਕਾਇਨਾਤ ਦਾ ਆਦਿ ਹੈ, ਜਿਸ ਤਰ੍ਹਾਂ ਆਦਮ ਤੇ ਈਵ। ਇਹ ਸਭ ਰਿਸ਼ਤੇ ਨਾਤੇ ਮੁਹੱਬਤ ਦੀ ਉਪਜ ਹੀ ਤਾਂ ਹਨ। ਪਰ ਮੁਹੱਬਤ ਕਿਸੇ ਚੀਜ਼ ਨਾਲ ਵੀ ਹੋ ਸਕਦੀ ਹੈ? ਦੇਸ਼ ਨਾਲ, ਮਹਿਬੂਬ ਦੀਆਂ ਜ਼ੁਲਫ਼ਾਂ ਨਾਲ, ਪ੍ਰਕਿਰਿਤੀ ਦੀ ਸਮੱਗਰਤਾ ਨਾਲ ਜਾਂ ਕੁਦਰਤ ਦੀ ਵਿਸ਼ਾਲਤਾ ਨਾਲ। ਮੇਰੀਆਂ ਪਹਿਲੀਆਂ ਗ਼ਜ਼ਲਾਂ ਰੁਮਾਂਸ ਦੀ ਸੰਘਣੀ ਤੇ ਸੁਨਿਹਰੀ ਧੁੰਦ ਵਿਚ ਹੀ ਲਿਪਟੀਆਂ ਹੁੰਦੀਆਂ ਸਨ ਪਰ ਹੌਲੀ ਹੌਲੀ ਮੈਨੂੰ ਸਮਝ ਆਇਆ ਕਿ ਪਿਆਰ ਸਿਰਫ਼ ਮਹਿਬੂਬ ਦੇ ਚਿਹਰੇ ਦਾ ਤਿਲ ਹੀ ਨਹੀਂ ਹੁੰਦਾ ਜਾਂ ਸੁਨਿਹਰੀ ਲਟਾਂ ‘ਚੋਂ ਆਉਦੀ ਖੁਸ਼ਬੂ। ਪਿਆਰ ਤਾਂ ਕਾਇਨਾਤ ਦੀ ਹਰ ਚੀਜ਼ ਨਾਲ ਹੁੰਦਾ ਹੈ। ਸ਼ੈਕਸਪੀਅਰ ਆਪਣੇ ਇਕ ਸੋਨਿਟ ਵਿਚ ਲਿਖਦਾ ਹੈ ਕਿ MY M9S“R5SS’S 5Y5S 1R5 NO“89N7 L9K5 “85 S”N ਭਾਵ, ਉਸ ਦੀ ਮਹਿਬੂਬ ਦੀਆਂ ਅੱਖਾਂ ਸੂਰਜ ਵਾਂਗ ਨਹੀਂ ਚਮਕਦੀਆਂ, ਉਸ ਦੀਆ ਗੱਲ੍ਹਾਂ ਗੁਲਾਬ ਵਾਂਗ ਲਾਲ ਨਹੀਂ ਹਨ, ਸੰਗੀਤਕ ਆਵਾਜ ਉਸ ਦੀ ਆਵਾਜ਼ ਨਾਲੋਂ ਕਿਤੇ ਜ਼ਿਆਦਾ ਰੌਚਿਕ ਹੈ, ਫਿਰ ਵੀ ਉਹ ਆਪਣੀ ਮਹਿਬੁਬ ਨੂੰ ਬੇਮਿਸਾਲ ਦੱਸਦਾ ਹੈ। ਮੈਂ ਜੇ ਆਪਣੀਆਂ ਗ਼ਜ਼ਲਾਂ ਵਿਚ ਮੁਹੱਬਤ ਤੇ ਤਾਜ ਮਹਿਲ ਨਹੀਂ ਉਸਾਰਦਾ ਜਾਂ ਆਸਮਾਨ ਵਿਚ ਸਤਰੰਗੀ ਪੀਂਘ ਦੇ ਝੂਟਣ ਦੇ ਸੁਪਨੇ ਨਹੀਂ ਲੈਂਦਾ। ਇਸ ਦਾ ਮਤਲਬ ਇਹ ਵੀ ਨਾ ਸਮਝ ਲਿਆ ਜਾਵੇ ਕਿ ਮੈਂ ਆਪਣੀ ਮਾਂ ਦੀ ਮੁਹੱਬਤ ਦੇ ਸੰਘਣੇ ਰੁੱਖ ਦੀ ਠੰਢੀ ਛਾਂ ਨਹੀਂ ਮਾਣੀ ਜਾਂ ਬਚਪਨ ਵਿਚ ਚਾਨਣੀ ਰਾਤ ਨੂੰ ਦਾਦੀ ਤੋਂ ਤਾਰਿਆਂ ਦੀਆ ਨਿੱਕੀਆਂ ਨਿੱਕੀਆਂ ਕਹਾਣੀਆਂ ਨਾ ਸੁਣੀਆਂ ਹੋਣ। ਮੇਰਾ ਇਕ ਸ਼ਿਅਰ ਹੈ:
‘ਉਦਾਸ ਸ਼ਹਿਰ ਦਾ ਵੀ ਫ਼ਿਰਕ ਸੀ, ਮੁਆਫ਼ ਕਰੀਂ,
ਹਰੇਕ ਸ਼ਿਅਰ ‘ਚ ਮੈਨੂੰ ਉਲੀਕਿਆ ਨਾ ਗਿਆ।’
ਆਪਣੇ ਸ਼ਿਅਰਾਂ ਵਿਚ ਮੈਂ ਅਜੋਕੇ ਮਨੁੱਖ ਦੇ ਸੰਕਟ ਨੂੰ ਪੇਸ਼ ਕਰ ਰਿਹਾ ਹਾਂ, ਇਸੇ ਲਈ ਮਹਿਬੂਬ ਨਾਲੋਂ ਵੱਧ ਮੈਨੂੰ ਉਦਾਸ ਸ਼ਹਿਰ ਦਾ ਜ਼ਿਆਦਾ ਫ਼ਿਕਰ ਹੈ।
?-ਸ਼ਾਇਰ ਕੁਲਵਿੰਦਰ ਨੇ ਇਕ ਥਾਂ ਲਿਖਿਆ- ਗ਼ਜ਼ਲ ਲਿਖਣੀ ਮਨੋ-ਸੋਝੀ ਹੈ। ਇਹ ਮਾਨਸਿਕ ਸਮਝ ਦੀ ਹੈ?
-ਇਸ ਸਵਾਲ ਦਾ ਜਵਾਬ ਦੇਣ ਲਈ ਮੈਂ ਆਪਣੇ ਜੀਵਨ ਦੇ ਮੁੱਢਲੇ ਦਿਨਾਂ ਵੱਲ ਝਾਤ ਮਾਰਦਿਆਂ ਸੋਚਦਾ ਹਾਂ ਕਿ ਜਦ ਮੈਨੂੰ ਮੁਹੱਬਤ ਦੇ ਤੀਬਰ ਅਹਿਸਾਸਾਂ ਦੇ ਘੋਰ ਜੰਗਲ ਨੇ ਘੇਰਿਆ ਹੋਇਆ ਸੀ ਤਾਂ ਮੇਰੀਆਂ ਮੁੱਢਲੀਆਂ ਕਵਿਤਾਵਾਂ ਵਿਚ ਪਿਆਰ ਮੁਹੱਬਤ ਦੀ ਵਰਖਾ ਸਾਵਣ ਦੀਆਂ ਘਨਘੋਰ ਘਟਾਵਾਂ ਵਾਂਗ ਹੁੰਦੀ ਸੀ। ਜਿਵੇਂ ਜਿਵੇਂ ਮੈਂ ਵੱਡਾ ਹੁੰਦਾ ਗਿਆ ਅਤੇ ਸੋਝੀ ਨੇ ਵਿਕਾਸ ਕੀਤਾ ਤਾਂ ਮੈਂ ਜਾਣਿਆ ਕਿ ਜ਼ਿੰਦਗੀ ਵਿਚ ਮੁਹੱਬਤ ਜ਼ਰੂਰੀ ਹੈ ਪਰ ਸਭ ਕੁਝ ਨਹੀਂ। ਇਸ ਤੋਂ ਪਰੇ ਵੀ ਕੋਈ ਦੁਨੀਆ ਹੈ ਜੋ ਤੁਹਾਡੇ ਅੰਦਰਲੀਆਂ ਸੰਵੇਦਨਾਵਾਂ ਨੂੰ ਜਕੜ ਕੇ ਬੈਠੀ ਹੋਈ ਹੈ।
ਸੋ ਹੌਲੀ ਹੌਲੀ ਪਤਾ ਲੱਗਿਆ ਕਿ ਜੀਵਨ ਦੁੱਖਾਂ-ਸੁੱਖਾਂ ਦੀ ਸਰਹੱਦ ਤੋਂ ਪਰ੍ਹੇ ਵੀ ਕੋਈ ਚੀਜ਼ ਹੈ ਜਿਸ ਦੇ ਵਾਸਤੇ ਜੀਵਨ ਦ੍ਰਿਸ਼ਟੀ, ਦਾਰਸ਼ਨਿਕ ਤੇ ਵਿਗਿਆਨਕ ਸੋਝੀ ਦਾ ਹੋਣਾ ਬਹੁਤ ਜ਼ਰੂਰੀ ਹੈ। ਤੁਸੀਂ ਪੁੱਛੇ ਕਿ ਜੇ ਇਹ ਹੈ ਤਾਂ ਅਜਿਹਾ ਕਿਉਂ ਤੇ ਇਹ ਮਾਨਸਿਕ ਸਮਝ ਕੀ ਹੈ? ਇਸ ਸਵਾਲ ਨੂੰ ਫਿਲਾਸਫ਼ਰ ਸਦੀਆਂ ਤੋਂ ਸਮਝਣ-ਸਮਝਾਉਣ ਦਾ ਯਤਨ ਕਰਦੇ ਆ ਰਹੇ ਹਨ। ਪਿਛਲੀ ਸਦੀ ਤੋਂ ਸਾਇੰਸਦਾਨਾਂ ਨੇ ਵੀ ਮਾਨਸਿਕ ਸਮਝ ਨੂੰ ਸਾਇੰਸ ਦੇ ਦ੍ਰਿਸ਼ਟੀਕੋਣ ਤੋਂ ਪਰਖਣ ਦਾ ਡੁੰਘਾ ਯਤਨ ਕੀਤਾ ਹੈ। ਇਹ ਹੈ ਸੰਵੇਦਨਸ਼ੀਲਤਾ, ਸੂਖ਼ਮ ਖ਼ਿਆਲ, ਜਾਂ ਭਾਵੁਕਤਾ, ਸੂਝ ਤੇ ਜਾਂ ਇਹ ਹੈ ਤਰਕ, ਭਾਸ਼ਾਈ ਹੁਨਰ ਤੇ ਕਈ ਕੁਝ ਹੋਰ। ਅਲਬਰਟ ਆਈਨਸਟਾਈਨ ਨੇ 20ਵੀਂ ਸਦੀ ਦੇ ਅਰੰਭ ‘ਚ ਕਿਹਾ ਸੀ- “he true sign of intelligence is not knowledge but imagination ਅਤੇ ਸੁਕਰਾਤ ਨੇ ਸਦੀਆਂ ਪਹਿਲਾਂ ਕਿਹਾ ਸੀ- 9 know 9 am intelligent because i know 9 know nothing ਇਹ ਸਾਇੰਸਦਾਨ ਨਹੀਂ, ਇਕ ਕਵੀ ਹੀ ਜਾਣਦਾ ਹੈ ਕਿ ਅਸਲ ਵਿਚ ਸਹੀ ਵਿਵੇਕ ਜਾਂ ਬੁੱਧੀ ਦਿਲ ਤੇ ਦਿਮਾਗ ਦਾ ਮਿਸ਼ਰਣ ਹੀ ਹੁੰਦਾ ਹੈ ਜੋ ਨਵੀਂ ਕਵਿਤਾ, ਨਵੇਂ ਸ਼ਿਅਰਾਂ ਨੂੰ ਜਨਮ ਦਿੰਦਾ ਹੈ। ਇਸੇ ਕਰ ਕੇ ਹੀ ਤਾਂ ਸਾਇੰਸਦਾਨ ਕਹਿੰਦਾ ਹੈ ਕਿ ਮੈਂ ਜਿੱਥੇ ਵੀ ਜਾਂਦਾ ਹਾਂ, ਕਵੀ ਮੈਥੋਂ ਪਹਿਲਾਂ ਹੀ ਪਹੁੰਚਿਆ ਹੁੰਦਾ ਹੈ।
?-ਤੁਸੀਂ ਜਦੋਂ ਜਵਾਨੀ ਵਿਚ ਪੈਰ ਰਖਿਆ, ਤੁਹਾਡੇ ਅੰਦਰਲੇ ਸ਼ੋਰ ਦਾ ਅਹਿਸਾਸ ਸ਼ੁਰੂ ਹੋ ਗਿਆ ਸੀ। ਦਿਲ ਦੀ ਆਵਾਜ਼ ਸੁਣਨ ਲੱਗ ਪਈ ਸੀ। ਪਹਿਲਾਂ ਰੁਮਾਂਸ, ਫਿਰ ਦਿਲ ਦੀ ਆਵਾਜ਼ ਤੇ ਬਾਅਦ ਵਿਚ ਹੋਰ ਆਵਾਜ਼ਾਂ ਇਹ ਆਵਾਜ਼ਾਂ ਕੀ ਸਨ?
-ਉਹ ਆਵਾਜ਼ਾਂ ਸਨ ਸਰਦ ਰਾਤਾਂ ‘ਚ ਬੇਘਰੇ ਪਰਿੰਦਿਆਂ ਦੀਆਂ, ਰੇਤਲੇ ਟਿੱਬਿਆਂ ‘ਚ ਸੁੱਕੀ ਨਦੀ ਦੇ ਰੁਦਨ ਦੀਆਂ, ਤਪਦੇ ਥਲਾਂ ਦੇ ਸਫ਼ਰ ‘ਚ ਨੰਗੇ ਪੈਰਾਂ ‘ਚ ਛਾਲਿਆਂ ਦੀਆਂ, ਦਿਸਹੱਦੇ ਤੋਂ ਪਾਰ ਅਸਤ ਹੁੰਦੇ ਸੂਰਜਾਂ ਦੀਆਂ, ਸਰਦ ਰਾਤ ‘ਚ ਬਲਦੇ ਬਿਰਖਾਂ ਦੀਆਂ, ਜੰਗਲ ‘ਚ ਸੁੱਕੇ ਪੱਤਿਆਂ ਦੀ ਹਲਕੀ ਹਲਕੀ ਖੜਖੜਾਹਟ ਦੀਆਂ, ਕਿਸੇ ਅਣਗਾਏ ਗੀਤ ਦੀਆਂ, ਜਾਂ ਤੜਪਦੀ ਮਹਿੰਦੀ, ਉਦਾਸ ਝਾਂਜਰਾਂ ਤੇ ਖੰਡਰ ਹੋਏ ਘਰਾਂ ਦੀਆਂ…।
?-ਫ਼ਿਕਰ ਨਾ ਕਰਨਾ ਮੇਰੇ ਬੱਚਿਓ ਮਿਲਾਂਗੇ ਫਿਰ ਅਸੀਂ/ਰੌਸ਼ਨੀ ਤੋਂ ਪਾਰ ਵੀ ਇਕ ਖੂਬਸੂਰਤ ਸ਼ਹਿਰ ਹੈ- ਇਹ ਮਨੁੱਖੀ ਮਿਹਨਤ ਨਾਲ ਉਸਾਰਿਆ ਸ਼ਹਿਰ ਨਹੀਂ ਲਗਦਾ। ਇਹ ਕਿਹੜਾ ਸ਼ਹਿਰ ਹੈ?
-ਮੇਰੇ ਸ਼ਿਅਰ ਦੇ ਹਵਾਲੇ ਨਾਲ ਤੁਸੀਂ ਜਿਸ ਸ਼ਹਿਰ ਦੀ ਗੱਲ ਕੀਤੀ ਹੈ, ਅਸਲ ਵਿਚ ਉਸ ਸ਼ਹਿਰ ਦੀਆਂ ਕਈ ਪਰਤਾਂ ਹਨ। ਇਹ ਸ਼ਹਿਰ ਇਕ ਬਿੰਬ ਨਾਲੋਂ ਟੁੱਟ ਕੇ ਕਲਪਨਾ ਦੀਆਂ ਡੂੰਘੀਆਂ ਡੂੰਘਾਣਾਂ, ਦਿਸਹੱਦੇ ਤੋਂ ਪਾਰ ਅਸਤ ਹੋ ਰਹੇ ਸੂਰਜ ਦੀ ਰੌਸ਼ਨੀ, ਬਾਲਾਂ ਦੀਆਂ ਮੁਸਕਾਨਾਂ, ਅਣਜੀਵੇ ਪਿਆਰ, ਕੂਲੇ ਕੂਲੇ ਸੁਪਨਿਆਂ ਦਾ ਸੇਕ ਹੈ। ਇਹ ਪਾਰਗਾਮੀ ਸ਼ਹਿਰ ਮੇਰੀ ਸਿਰਜਣ ਭੂਮੀ ਦੀ ਮੂਲ ਆਧਾਰ ਸ਼ਿਲਾ ਹੈ। ਇਹ ਸ਼ਹਿਰ ਮਨੁੱਖ ਦੀ ਕਦੇ ਨਾ ਮਰਨ ਵਾਲੀ ਅਜਿੱਤ ਰੂਹ ਦਾ ਨਾਮ ਹੈ, ਜਿਸ ਦੇ ਜਿਸਮ ਨੂੰ ਤਾਂ ਫੂਕਿਆ ਜਾਂ ਮਾਰਿਆ ਜਾ ਸਕਦਾ ਹੈ ਪਰ ਆਤਮਾ ਨੂੰ ਨਹੀਂ। ਆਤਮਾ ਦੇ ਜੁਗਨੂੰ ਹਮੇਸ਼ਾਂ ਟਿਮਟਿਮਾਉਂਦੇ ਹਨ। ਇਹ ਹੀ ਬੰਦੇ ਦੇ ਹਮੇਸ਼ਾ ਜ਼ਿੰਦਾ ਰਹਿਣ ਦੀ ਚਾਹਤ ਹੈ।
?-ਗੋਲਡਨ ਰੇਸ਼ੋ ਮੁਤਾਬਕ ਦਿਲ ਤੇ ਦਿਮਾਗ਼ ਦਾ ਸੁਮੇਲ ਹੀ ਕਿਸੇ ਵੱਡੀ ਰਚਨਾ ਦੀ ਸਿਰਜਣਾ ਕਰ ਸਕਦਾ ਹੈ। ਗ਼ਜ਼ਲ ਦੀ ਰਚਨਾ ਨਾਲ ਇਸ ਦਾ ਕੀ ਸਬੰਧ ਹੈ?
-ਮੈਂ ਸਮਝਦਾ ਕਿ ਜਿਵੇਂ ਭਾਵਨਾ ਤੇ ਦਿਮਾਗ ਕੁਦਰਤੀ ਤੱਤਾਂ ਵਾਂਗ ਸਜੀਵ ਅਨੁਪਾਤ ਵਿਚ ਮਿਲੇ ਹੁੰਦੇ ਹਨ, ਉਸੇ ਤਰ੍ਹਾਂ ਮੈਂ ਸੋਚਦਾਂ ਕਿ ਚੰਗੀ ਗ਼ਜ਼ਲ ਦੀ ਸਿਰਜਣਾ ਵਾਸਤੇ ਵੀ ਦਿਲ-ਦਿਮਾਗ ਦਾ ਬਰਾਬਰ ਅਨੁਪਾਤ ਹੋਣਾ ਜ਼ਰੂਰੀ ਹੁੰਦਾ ਹੈ। ਭਾਵਨਾ ਦੇ ਨਾਲ ਇਹ ਇਕ ਹੁਨਰ, ਸ਼ਿਲਪ ਵੀ ਤਾਂ ਹੁੰਦਾ ਹੈ ਜੋ ਖ਼ੂਬਸੂਰਤ ਸ਼ਿਅਰਾਂ ਦੀ ਉਸਾਰੀ ਕਰਨ ਵਾਸਤੇ ਆਪਣੀ ਭੂਮਿਕਾ ਨਿਭਾਉਂਦਾ ਹੈ। ਇਕ ਬੁੱਤ ਤਰਾਸ਼ ਪੱਥਰ ਨੂੰ ਖੂਬਸੂਰਤ ਤੇ ਦਿਲਕਸ਼ ਬਣਾਉਣ ਵਾਸਤੇ ਉਸ ਨੂੰ ਘੰਟਿਆਂ ਬੱਧੀ ਤਰਾਸ਼ਦਾ ਰਹਿੰਦਾ ਹੈ, ਉਸ ਦੇ ਨੈਣ-ਨਕਸ਼ਾਂ ਨੂੰ, ਉਸ ਦੇ ਅੰਗਾਂ ਨੂੰ ਹੋਰ ਵੀ ਪਿਆਰਾ ਬਣਾਉਣ ਵਾਸਤੇ। ਅਸਲ ਵਿਚ ਉਹ ਸਾਇੰਸ ਦੀ ਸਮਝ ਤੋਂ ਬਿਨਾਂ ਹੀ ਬੁੱਧ ਨੂੰ ਗੋਲਡਨ ਰੇਸ਼ੋ ਦੇ ਨਜ਼ਦੀਕ ਲਿਜਾ ਰਿਹਾ ਹੁੰਦਾ ਹੈ। ਇਸੇ ਕਰ ਕੇ ਖੋਜਕਾਰ ਕਹਿੰਦੇ ਹਨ ਕਿ ਇਕ ਇਨਸਾਨ ਦਾ ਚਿਹਰਾ ਦੂਜੇ ਇਨਸਾਨ ਨਾਲੋਂ ਹੋਰ ਖੂਬਸੂਰਤ ਇਸ ਕਰ ਕੇ ਲਗਾ ਹੈ ਕਿਉਂਕਿ ਉਹ ਗੋਲਡਨ ਰੇਸ਼ੋ ਦੇ ਕਰੀਬ ਜ਼ਿਆਦਾ ਹੁੰਦਾ ਹੈ। ਇਹ ਗੋਲਡਨ ਰੇਸ਼ੋ ਦਾ ਹੀ ਤਾਂ ਜਾਦੂ ਹੈ ਜੋ ਤਾਜ ਮਹਿਲ ਸਦੀਆਂ ਪਿੱਛੋਂ ਵੀ ਸਾਡੇ ਦਿਲ ਨੂੰ ਭਾਉਂਦਾ ਹੈ। ਇਸ ਤਰ੍ਹਾਂ ਗ਼ਜ਼ਲ ਦਾ ਵੀ ਗੋਲਡਨ ਰੇਸ਼ੋ ਨਾਲ ਸਬੰਧ ਹੈ। ਚੰਗਾ ਸ਼ਿਅਰ ਵੀ ਇਸੇ ਤਰ੍ਹਾਂ ਹੀ ਹੁੰਦਾ ਹੈ ਜੋ ਵਾਰ ਵਾਰ ਪੜ੍ਹਨ ਤੋਂ ਬਾਅਦ ਵੀ ਨਵਾਂ ਤੇ ਤਾਜ਼ਾ ਲਗਦਾ ਹੈ। ਸ਼ਿਅਰ ਦਾ ਮੂਡ, ਢੁਕਵੀਂ ਸ਼ਬਦਾਵਲੀ, ਭਾਸ਼ਾ ਦੀ ਨਵੀਨਤਾ, ਨਿਵੇਕਲੀ ਸ਼ੈਲੀ, ਆਧੁਨਿਕ ਬਿੰਬ ਤੇ ਪ੍ਰਤੀਕਾਂ ਦੀ ਸਿਰਜਣਾ ਦੇ ਨਾਲ ਨਾਲ ਕਲਪਨਾ ਦੀ ਸਿਖਰ ‘ਤੇ ਅਲੰਕਾਰ ਇਸ ਤਰ੍ਹਾਂ ਦੇ ਹੋਣ ਜੋ ਸ਼ਿਅਰ ਵਿਚ ਨਵੀਨਤਾ ਤੇ ਤਾਜ਼ਗੀ ਦੇਰ ਤਕ ਜ਼ਿੰਦਾ ਰੱਖ ਸਕਣ। ਸ਼ਾਇਦ ਇਹ ਕਾਰਨ ਹੀ ਹੈ ਕਿ ਸਦੀਆਂ ਤੋਂ ਗੋਲਡਨ ਰੇਸ਼ੋ ਨੇ ਚਿਤਰਕਾਰਾਂ, ਸੰਗੀਤਕਾਰਾਂ ਤੇ ਕਲਾਕਾਰਾਂ ਨੂੰ ਏਨਾ ਪ੍ਰਭਾਵਤ ਕੀਤਾ ਹੈ।
?-ਮਨੁੱਖੀ ਜੀਵਨ ਜਿਉਣਾ ਹੀ ਆਪਣੇ ਆਪ ਵਿਚ ਜਟਿਲ ਪ੍ਰਕਿਰਿਆ ਹੈ। ਜੀਵਨ ਜਿਉਂਦਿਆਂ ਉਹ ਕਿਹੜੀਆਂ ਘਟਨਾਵਾਂ ਤੇ ਹਾਦਸੇ ਹਨ ਜਿਨ੍ਹਾਂ ਤੁਹਾਡੀ ਚੇਤਨਾ ਦਾ ਅੰਗ ਬਣਦੇ ਹੋਏ ਸ਼ਿਅਰਾਂ ਨੂੰ ਜਨਮ ਦਿੱਤੇ ਹਨ?
-‘ਸੁਨਹਿਰਾ ਗੁਲਾਬ’ ਦਾ ਲੇਖਕ ਪੇਸਤੋਵਸਕੀ ਕਹਿੰਦਾ ਹੈ ਕਿ ਸਮੇਂ ਸਮੇਂ ਵਾਪਰਦੀਆਂ ਘਟਨਾਵਾਂ, ਦ੍ਰਿਸ਼, ਚਿੱਤਰ, ਪਾਤਰ ਲੇਖਕ ਦੀਆਂ ਸਿਮਰਤੀਆਂ ਵਿਚ ਛੋਟੇ ਛੋਟੇ ਸੁਨਹਿਰੀ ਕਿਣਕਿਆਂ ਦੇ ਰੂਪ ਵਿਚ ਇਕੱਠੇ ਹੁੰਦੇ ਰਹਿੰਦੇ ਹਨ ਜਿਸ ਨੂੰ ਲੇਖਕ ਆਪਣੀ ਸਮਰੱਥਾ ਅਨੁਸਾਰ ਆਪਣੀ ਰਚਨਾ ਵਿਚ ਢਾਲਦਾ ਹੈ। ਮੇਰੇ ਜੀਵਨ ਵਿਚ ਵੀ ਸਮੇਂ ਸਮੇਂ ਵਾਪਰਦੀਆਂ ਘਟਨਾਵਾਂ ਮੇਰੀ ਚੇਤਨਾ ਦਾ ਹਿੱਸਾ ਬਣੀਆਂ ਹਨ। ਮੈਂ ਜਿਸ ਸਭਿਆਚਾਰ ਵਿਚ ਜੰਮਿਆਂ, ਉਹਦੇ ਇਤਿਹਾਸ ਮਿਥਿਹਾਸ ਦਾ ਤਾਂ ਮੇਰੇ ‘ਤੇ ਸੁਭਾਵਕ ਹੀ ਅਸਰ ਹੋਣਾ ਸੀ ਪਰ ਮੈਂ ਜਿਸ ਸਭਿਆਚਾਰ ਵਿਚ ਜੀਅ ਰਿਹਾ ਹਾਂ, ਵਸ ਰਿਹਾ ਹਾਂ, ਉਸ ਦਾ ਗਹਿਰਾ ਅਸਰ ਵੀ ਮੇਰੇ ‘ਤੇ ਪਿਆ ਹੈ। ਮੈਨੂੰ ਯਾਦ ਹੈ ਕਿ ਇਕ ਵਾਰ ਮੈਂ ਫਲੋਰੀਡਾ ਵਿਚ ਥੀਮ ਪਾਰਕ ਦੇਖਣ ਗਿਆ। ਅਸੀਂ ਤੇਜ਼ ਚਲਦੀ ਗੱਡੀ ਵਿਚ ਹਨੇਰੀ ਤੇ ਡੂੰਘੀ ਸੁਰੰਗ ਵਿਚ ਦੀ ਲਘ ਰਹੇ ਸਾਂ। ਸੀਨ ਬਦਲ ਰਹੇ ਸਨ, ਕਦੇ ਯੂਸਾਮਿਟੀ ਵਰਗੇ ਉੱਚੇ ਬਰਫ਼ੀਲੇ ਪਹਾੜ ਤੇ ਕਦੇ ਕੈਲੀਫ਼ੋਰਨੀਆ ਦੀ ਡੈੱਥ ਵੈਲੀ ਵਰਗੇ ਤਪਦੇ ਰੇਗਿਸਤਾਨ ਦਿਸ ਰਹੇ ਸਨ। ਅਚਾਨਕ ਇਕ ਉਦਾਸ ਤੇ ਹਨੇਰੀ ਬਸਤੀ ਦਾ ਦ੍ਰਿਸ਼ ਆਇਆ ਜਿਸ ‘ਚ ਸਭ ਘਰਾਂ ਵਿਚ ਹਨੇਰਾ ਛਾਇਆ ਹੋਇਆ ਸੀ। ਘਰਾਂ ਦੇ ਬਾਹਰ ਲੋਕ ਬਲਦੀਆਂ ਮਸ਼ਾਲਾਂ ਲਈ ਬੁੱਤ ਬਣੀ ਖੜੇ ਸਨ। ਅਚਾਨਕ ਮੇਰੇ ਮਨ ਵਿਚ ਖਿਆਲ ਆਇਆ ਕਿ ਹਨੇਰਾ ਕਿਵੇਂ ਮਨੁੱਖੀ ਮਨ ਨੂੰ ਘੇਰਨ ਲਈ ਚੁਫੇਰਿਓਂ ਆ ਰਿਹਾ ਹੈ ਅਤੇ ਮੈਂ ਹੇਠਲਾ ਸ਼ਿਅਰ ਉਸ ਨਿੱਕੇ ਜਿਹੇ ਅਨੁਭਵਨ ‘ਚੋਂ ਲਿਖਿਆ:
‘ਹਨੇਰਾ ਪਹੁੰਚ ਹੀ ਚੁਕਿਆ ਹੈ
ਹੁਣ ਵਸਦੇ ਘਰਾਂ ਤੀਕਰ।
ਮਿਸ਼ਾਲਾਂ ਬਾਲ ਰੱਖੋ ਪਹੁੰਚ ਸਕਦਾ
ਇਹ ਮਨਾਂ ਤੀਕਰ।’
?-ਹਰ ਸ਼ਾਇਰ ਆਪਣੇ ਯੁੱਗ ਦੇ ਸੱਚ ਨੂੰ ਪ੍ਰਗਟ ਕਰਨ ਦੀ ਕੋਸ਼ਿਸ ਕਰਦਾ ਹੈ। ਤੁਹਾਡੇ ਯੁੱਗ ਦਾ ਸੱਚ ਕੀ ਹੈ?
-ਅਸੀਂ ਜਿਨ੍ਹਾਂ ਸਮਿਆਂ ਵਿਚ ਜੀਅ ਰਹੇ ਹਾਂ, ਧਰਤੀ ‘ਤੇ ਚਾਰ ਚੁਫ਼ੇਰੇ ਜੰਗਾਂ ਪਸਰੀਆਂ ਹੋਈਆਂ ਹਨ। ਕਿਤੇ ਅਫ਼ਗਾਨਿਸਤਾਨ ਵਿਚ, ਕਿਤੇ ਅਫ਼ਰੀਕਾ ਵਿਚ ਤੇ ਕਿਤੇ ਮਿਡਲ ਈਸਟ ਵਿਚ। ਕਹਿਣ ਨੂੰ ਤਾਂ ਅਸੀਂ ਮੰਗਲ ਗ੍ਰਹਿ ਉੱਪਰ ਕਾਲੋਨੀ ਬਣਾਉਣ ਨੂੰ ਸੋਚ ਰਹੇ ਹਾਂ ਪਰ ਧਰਤੀ ਉੱਪਰ ਅਜੇ ਵੀ ਲੱਖਾਂ ਲੋਕ ਭੁੱਖੇ ਸੌਂਦੇ ਹਨ। ਅਜੇ ਤਾਰਿਆਂ ਦੀ ਛਾਵੇਂ ਸੌਂਦੇ ਲੋਕਾਂ ਵਾਸਤੇ ਸਾਨੂੰ ਧਰਤੀ ਉੱਤੇ ਕਾਲੋਨੀਆਂ ਬਣਾਉਣ ਵਾਸਤੇ ਸੋਚਣ ਅਤੇ ਕਰਨ ਦੀ ਜ਼ਿਆਦਾ ਜ਼ਰੂਰਤ ਹੈ।
?-ਤੁਹਾਡਾ ਕੈਲੀਫ਼ੋਰਨੀਆ ਦੀ ਪਹਾੜੀ ਉਤੇ ਬਹੁਤ ਵੱਡਾ ਘਰ ਉਸਾਰਿਆ ਹੋਇਆ ਹੈ। ਤੁਸੀਂ ਇੰਜਨੀਅਰ ਹੋ। ਤੁਹਾਡੀ ਪਤਨੀ ਤੇ ਬੇਟੀਆਂ ਦੀਆਂ ਵੀ ਨੌਕਰੀਆ ਅੱਛੀਆਂ ਹਨ, ਪਰ ਤੁਹਾਡੀ ਕਵਿਤਾ ਖੰਡਰਾਂ ਦੀ ਬਾਤ ਪਾਉਂਦੀ ਹੈ, ਕ੍ਰਾਂਤੀ ਦੀ ਵੀ ਗੱਲ ਕਰਦੀ ਹੈ, ਰੌਸ਼ਨੀ ਲਈ ਸੂਰਜਾਂ ਦੀ ਭਾਲ ਵਿਚ ਹੈ। ਤੁਸੀਂ ਤਾਲਸਤਾਏ ਵਾਂਗ ਰਈਸ ਜ਼ਿੰਦਗੀ ਜਿਉਂਦੇ ਹੋਏ ਵੀ ਆਮ ਬੰਦੇ ਦੇ ਹੱਕ ਵਿਚ ਗੱਲ ਕਰਦੇ ਹੋ। ਅਜਿਹਾ ਕਿਵੇਂ?
-ਜਦ ਇਨਸਾਨ ਖ਼ੁਦ ਸੰਘਰਸ਼ ਕਰਕੇ ਕਿਸੇ ਮੰਜ਼ਿਲ ਨੂੰ ਤੈਅ ਕਰਦਾ ਹੈ ਤਾਂ ਸਫ਼ਰ ਕਰ ਰਹੇ ਲੋਕਾਂ ਨਾਲ ਉਸ ਦੀ ਹਮਦਰਦੀ ਹੁੰਦੀ ਹੈ। ਮੈਨੂੰ ਯਾਦ ਹੈ ਕਿ ਮੈਂ ਜਦ ਅਮਰੀਕਾ ਆਇਆ ਸੀ, ਮੇਰੀ ਉਮਰ ਕੇਵਲ ਇੱਕੀ ਵਰ੍ਹੇ ਸੀ ਤੇ ਜੇਬ ਪੂਰੀ ਤਰ੍ਹਾਂ ਖ਼ਾਲੀ ਸੀ। ਚਾਰ ਸਾਲ ਮੈਂ ਲਗਾਤਾਰ ਪੜ੍ਹਾਈ ਕੀਤੀ ਤੇ ਨਾਲ ਨਾਲ ਕੰਮ ਕੀਤਾ। ਮੇਰੇ ਕੋਲ ਸੌਣ ਲਈ ਕੁਲ ਪੰਜ ਘੰਟੇ ਬਚਦੇ ਸਨ। ਜਿਨ੍ਹਾਂ ਵਿਚ ਮੈਂ ਪੜ੍ਹਨਾ ਤੇ ਸੌਣਾ ਵੀ ਹੁੰਦਾ ਸੀ। ਇਸ ਲੰਮੇ ਸੰਘਰਸ਼ ਦੌਰਾਨ ਮੈਂ ਹੋਰ ਲੋਕਾਂ ਨੂੰ ਮਿਹਨਤ ਕਰਦਿਆਂ ਤੱਕਿਆ, ਕਈ ਕਾਮਯਾਬ ਹੋਏ ਕਈ ਨਹੀਂ ਵੀ। ਇਨ੍ਹਾਂ ਵਰ੍ਹਿਆਂ ਦੌਰਾਨ ਮੈਨੂੰ ਆਪਣੇ ਤੇ ਹੋਰਨਾਂ ਦੇ ਦੁੱਖਾਂ ਦਾ ਅਹਿਸਾਸ ਹੋਇਆ ਤੇ ਆਮ ਲੋਕਾਂ ਦੀਆਂ ਤਕਲੀਫ਼ਾਂ ਦਾ ਪਤਾ ਲੱਗਿਆ। ਹੁਣ ਮੈਨੂੰ ਮਹਿਸੂਸ ਹੁੰਦਾ ਹੈ ਕਿ ਮੇਰੀ ਖੁਸ਼ੀ ਜੀਵਨ ਦੇ ਵਿਆਪਕ ਅਰਥਾਂ ਦੀ ਖੁਸ਼ੀ ਵਿਚ ਸ਼ਾਮਲ ਨਹੀਂ ਹੋ ਸਕਦੀ ਜਿੰਨਾ ਚਿਰ ਆਲੇ ਦੁਆਲੇ ਰਹਿ ਰਹੇ ਲੋਕ ਖੁਸ਼ ਨਹੀਂ ਹੁੰਦੇ। ਇਸੇ ਕਰਕੇ ਮੇਰੀਆਂ ਗ਼ਜ਼ਲਾਂ ਵਿਚ ਖੰਡਰਾਂ ਦੀ, ਰੌਸ਼ਨੀ ਨੂੰ ਭਾਲਣ ਦੀ ਗੱਲ ਹਮੇਸ਼ਾ ਹੁੰਦੀ ਹੈ।
?-ਕੁਲਵਿੰਦਰ ਦੁਨੀਆ ਦੇ ਉਸ ਮੁਲਕ ਦਾ ਵਸਨੀਕ ਹੈ ਜਿੱਥੇ ਅੰਗਰੇਜ਼ੀ ਦਾ ਹੀ ਬੋਲਬਾਲਾ ਹੈ। ਰੁਜ਼ਗਾਰ, ਮਨੋਰੰਜਨ ਤੇ ਸੂਚਨਾ ਦੇ ਕੇਂਦਰ ਅੰਗਰੇਜ਼ੀ ਵਿਚ ਹਨ। ਇਸ ਦੇ ਬਾਵਜੂਦ ਕੁਲਵਿੰਦਰ ਸ਼ਾਇਰੀ ਆਪਣੀ ਮਾਂ ਬੋਲੀ ਵਿਚ ਕਰਦਾ ਹੈ। ਨਵੀਂ ਪੀੜ੍ਹੀ ਦੇ ਸੰਦਰਭ ਵਿਚ ਅਮਰੀਕਾ ਵਿਚ ਪੰਜਾਬੀ ਭਾਸ਼ਾ ਅਤੇ ਸਾਹਿਤ ਦਾ ਕੀ ਭਵਿੱਖ ਹੈ?
-ਇਹ ਸੱਚ ਹੈ ਕਿ ਮੈਂ ਅਮਰੀਕਾ ਰਹਿ ਰਿਹਾ ਹਾਂ ਪਰ ਅਸੀਂ ਏਥੇ ਵੀ ਮਿੰਨੀ ਪੰਜਾਬ ਬਣਾਇਆ ਹੋਇਆ ਹੈ। ਏਥੇ ਅਸੀਂ ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਦੀ ਸਥਾਪਨਾ ਕੀਤੀ ਹੋਈ ਹੈ ਜਿਸ ਵਲੋਂ ਅਸੀਂ ਹਰ ਮਹੀਨੇ ਸਾਹਿਤ ਪ੍ਰੋਗਰਾਮ ਕਰਦੇ ਹਾਂ ਜਿਸ ਵਿਚ ਕਵੀ, ਕਹਾਣੀਕਾਰ ਤੇ ਹੋਰ ਲੇਖਕ ਇਕੱਠੇ ਹੁੰਦੇ ਹਨ। ਸਿਰਫ਼ ਪੱਛਮੀ ਪੰਜਾਬ ਦੇ ਲੇਖਕ ਹੀ ਨਹੀਂ ਸਗੋਂ ਪਾਕਿਸਤਾਨੀ ਪੰਜਾਬ ਦੇ ਲੇਖਕ ਵੀ ਇਕੱਠੇ ਹੁੰਦੇ ਹਨ। ਪਿਛਲੇ ਪੰਜਾਂ ਵਰ੍ਹਿਆਂ ਵਿਚ ਮੇਰੀ ਅਤੇ ਸੁਖਵਿੰਦਰ ਕੰਬੋਜ ਦੀ ਅਗਵਾਈ ਹੇਠ ਅਕੈਡਮੀ ਵੱਲੋਂ ਜ਼ਿਕਰਯੋਗ ਪ੍ਰੋਗਰਾਮ ਕਰਾਏ ਗਏ ਹਨ। ਇਨ੍ਹਾਂ ਪ੍ਰੋਗਰਾਮਾਂ ਵਿਚ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹੀ ਹੈ ਕਿ ਦਰਸ਼ਕਾਂ ਨੂੰ ਪੰਜਾਬੀ ਭਾਸ਼ਾ ਅਤੇ ਪੰਜਾਬੀ ਸਾਹਿਤ ਬਾਰੇ ਪ੍ਰੇਰਿਆ ਜਾਵੇ। ਹੁਣ ਤਾਂ ਟੈਲੀਵਿਜ਼ਨ ਤੇ ਇਕ ਦੋ ਪੰਜਾਬੀ ਦੇ ਚੈਨਲ ਵੀ ਹਨ ਤੇ ਹਫ਼ਤਾਵਾਰ ਅਖ਼ਬਾਰਾਂ ਵੀ ਜੋ ਆਪਣਾ ਯੋਗਦਾਨ ਪਾ ਰਹੀਆਂ ਹਨ। ਮੈਨੂੰ ਲਗਦਾ ਹੈ ਕਿ ਅਮਰੀਕਾ ਵਿਚ ਹੁਣ ਪੰਜਾਬੀ ਭਾਸ਼ਾ ਤੇ ਸਾਹਿਤ ਵਿਚ ਪਹਿਲਾਂ ਨਾਲੋਂ ਕਾਫ਼ੀ ਸੁਧਾਰ ਆਇਆ ਹੈ, ਪਰ ਏਥੇ ਦੇ ਕਾਲਜ ਤੇ ਯੂਨੀਵਰਸਿਟੀਆਂ ਨੂੰ ਹੋਰ ਸਰਗਰਮ ਹੋਣ ਦੀ ਲੋੜ ਹੈ। ਇਕ ਦੇ ਸਾਹਿਤਕ ਮੈਗਜ਼ੀਨ ਵੀ ਛਾਪ ਰਹੇ ਹਾਂ ਪਰ ਉਨ੍ਹਾਂ ਦਾ ਯੋਗਦਾਨ ਸਮੁੱਚੇ ਸਾਹਿਤ ਵਿਚ ਅਜੇ ਨਾਂਮਾਤਰ ਹੈ।
?-ਤੁਹਾਡੀ ਕਵਿਤਾ ਲਈ ਮਨਜੀਤ ਕਿੰਨਾ ਕੁ ਆਸਰਾ ਹੈ? ਕਿਉਂਕਿ ਪਤਨੀਆਂ ਦੇ ਸਹਿਯੋਗ ਤੇ ਮਾਹੌਲ ਤੋਂ ਬਿਨਾਂ ਸਿਰਜਣਾ ਨਹੀਂ ਕੀਤੀ ਜਾ ਸਕਦੀ।
-ਤੁਸੀਂ ਬਿਲਕੁਲ ਠੀਕ ਕਿਹੈ। ਪਤਨੀ ਦੇ ਸਹਿਯੋਗ ਤੋਂ ਬਿਨਾਂ ਸਾਹਿਤ ਸਿਰਜਣਾ ਮੁਸ਼ਕਲ ਹੈ, ਫੇਰ ਅਮਰੀਕਾ ਦੇ ਮਸ਼ੀਨੀ ਯੁੱਗ ਵਿਚ ਜਿੱਥੇ ਆਦਮੀ ਦਿਨ ਰਾਤ ਕੰਮ ਕਰਦਾ ਹੈ, ਪਰ ਮਨਜੀਤ ਨੇ ਹਮੇਸ਼ਾ ਹੀ ਮੈਨੂੰ ਕਵਿਤਾ ਦੇ ਨਜ਼ਦੀਕ ਰਹਿਣ ਦਾ ਮੌਕਾ ਦਿੱਤਾ ਹੈ, ਉਹ ਖ਼ੁਦ ਵੀ ਅੰਗਰੇਜ਼ੀ ਲਿਟਰੇਚਰ ਪੜ੍ਹਨ ਵਿਚ ਕਾਫ਼ੀ ਦਿਲਚਸਪੀ ਰੱਖਦੀ ਹੈ।
(ਤ੍ਰੈਮਾਸਕ ‘ਸਿਰਜਣਾ’ ਵਿੱਚੋਂ ਧੰਨਵਾਦ ਸਹਿਤ)
ਮੁਲਾਕਾਤੀ : ਅਜਮੇਰ ਸਿੱਧੂ
ਮੋਬਾਈਲ : +91-94630 63990