ਬੀ.ਸੀ. ਵੱਲੋਂ ਅਪਰਾਧੀ ਗਰੋਹਾਂ ਦੇ ਖਾਤਮੇ ਲਈ ਵਿਸ਼ੇਸ਼ ਪ੍ਰਾਜੈਕਟ

ਵੈਨਕੂਵਰ (ਨਦਬ): ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਲੋਅਰਮੇਨਲੈਂਡ ਖੇਤਰ ‘ਚੋਂ ਨਸ਼ਾ ਤਸਕਰੀ, ਧੌਂਸ ਜਮਾਉਣ ਵਾਲੇ ਅਪਰਾਧੀ ਗਰੋਹਾਂ ਦੇ ਖਾਤਮੇ ਲਈ ਪਾਇਲਟ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ।ઠ ਇਹ ਪ੍ਰਾਜੈਕਟ ਪੁਲੀਸ ਦੇ ਐਂਟੀ-ਗੈਂਗ ਦਲ ਸਮੇਤ ਕਈ ਹੋਰ ਵਿਭਾਗਾਂ ਦੇ ਤਾਲਮੇਲ ਨਾਲ ਚੱਲੇਗਾ। ਇਸ ਪ੍ਰਾਜੈਕਟ ਲਈ ਦਸ ਲੱਖ ਡਾਲਰ ਦੇ ਫੰਡ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਪ੍ਰਾਜੈਕਟ ਦਾ ਐਲਾਨ ਸੌਲੀਸਿਟਰ ਜਨਰਲ ਮਾਈਕ ਮੋਰਿਸ ਨੇ ਕੀਤਾ ਹੈ।
ਮੰਤਰੀ ਨੇ ਦੱਸਿਆ ਕਿ ਯੋਜਨਾ ਅਨੁਸਾਰ ਪੜਾਅ ਵਾਰ ਗੈਂਗਸਟਰਾਂ ਦੀ ਘਰ ਵਾਪਸੀ, ਉਨ੍ਹਾਂ ਦੇ ਮਾਨਸਿਕ ਸੁਧਾਰ ਲਈ ਕੌਂਸਲਿੰਗ, ਮੁੜ ਵਸੇਬੇ ਦੇ ਪ੍ਰਬੰਧ ਵਜੋਂ ਕਿੱਤਾ ਸਿਖਲਾਈ ਅਤੇ ਰੁਜ਼ਗਾਰ ਦੇ ਪੱਕੇ ਪ੍ਰਬੰਧ ਦੇ ਨਾਲ ਨਾਲ ਹਰੇਕ ਨੂੰ ਦੋ ਸਾਲ ਨਿਗਰਾਨੀ ਹੇਠ ਰੱਖਣ ਬਾਰੇ ਯੋਜਨਾ ਉਲੀਕੀ ਗਈ ਹੈ। ਯੋਜਨਾ ‘ਚ ਪੁਲੀਸ ਦੇ ਕੰਬਾਈਨਡ ਫੋਰਸਿਜ਼ ਸਪੈਸ਼ਲ ਇਨਫੋਰਸਮੈਂਟ ਯੂਨਿਟ ਦੇ ਐਂਟੀ-ਗੈਂਗ ਸ਼ਾਖਾ ਦੀ ਮੁੱਖ ਭੂਮਿਕਾ ਰਹੇਗੀ। ਗੈਂਗਸਟਰਾਂ ਦੀ ਸੋਚ ‘ਚ ਬਦਲਾਅ ਦੀ ਜ਼ਿੰਮੇਵਾਰੀ ਕੌਂਸਲਰਾਂ ਨੂੰ ਸੌਂਪੀ ਜਾਏਗੀ ਜੋ ਉਨ੍ਹਾਂ ਨੂੰ ਅਹਿਸਾਸ ਕਰਾਉਣਗੇ ਕਿ ਗ਼ਲਤ ਰਸਤਾ ਜਾਨ-ਲੇਵਾ ਹੈ। ਸਰੀ ਸਿਟੀ ਕੌਂਸਲ ਨੂੰ ਵੀ ਇਸ ਪ੍ਰੋਗਰਾਮ ‘ਚ ਭਾਈਵਾਲ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਰੁਜ਼ਗਾਰ ਵਿਭਾਗ, ਸੈਰ ਸਪਾਟਾ ਵਿਭਾਗ ਅਤੇ ਬੀ ਸੀ ਕੰਸਟਰਕਸ਼ਨ ਐਸੋਸੀਏਸ਼ਨ ਨਾਲ ਵੀ ਗੈਂਗਸਟਰਾਂ ਦੇ ਮੁੜ ਵਸੇਬੇ ਲਈ ਤਾਲਮੇਲ ਕਰਕੇ ਸਹਿਯੋਗ ਲਿਆ ਜਾਏਗਾ। ਸਰੀ ਦੀ ਮੇਅਰ ਲਿੰਡਾ ਹੈਪਨਰ ਦਾ ਕਹਿਣਾ ਹੈ ਕਿ ਸ਼ਹਿਰ ਦੇ ਲੋਕਾਂ ਦਾ ਗੈਂਗਸਟਰਾਂ ਤੋਂ ਖਹਿੜਾ ਛੁਡਵਾਉਣ ਲਈ ਇਸ ਤੋਂ ਕਾਰਗਰ ਕੋਈ ਹੋਰ ਤਰੀਕਾ ਨਹੀਂ ਹੋ ਸਕਦਾ।