ਬ੍ਰਹਿਮੰਡ ਦਾ ਸੰਪੂਰਨ ਸਿਧਾਂਤ/   ਮਨਮੋਹਨ

ਸਟੀਫਨ ਹਾਕਿੰਗ ਨੇ ਆਪਣੀ ‘ਦਿ ਥਿਊਰੀ ਆਫ ਐਵਰੀਥਿੰਗ: ਦਿ ਔਰਿਜਨ ਐਂਡ ਫੇਟ ਆਫ ਦਿ ਯੂਨੀਵਰਸ’ ਵਿਚ ਮਹਾਂਧਮਾਕੇ ਤੋਂ ਲੈ ਕੇ ਬਲੈਕ ਹੋਲ ਤੱਕ ਦੇ ਬ੍ਰਹਿਮੰਡ ਦੇ ਇਤਿਹਾਸ ਨੂੰ ਸਮੇਟਣ ਦਾ ਯਤਨ ਕੀਤਾ ਹੈ। ਸੰਖੇਪ ’ਚ ਇਸ ਕਿਤਾਬ ਨੂੰ ‘ਬ੍ਰਹਿਮੰਡ ਦੇ ਇਤਿਹਾਸ ਦਾ ਇਤਿਹਾਸ’ ਕਿਹਾ ਜਾ ਸਕਦਾ ਹੈ। ਹਾਕਿੰਗ ਨੇ ਨਿਊਟਨ ਤੇ ਆਇੰਸਟਾਈਨ ਦੇ ਗੁਰੂਤਾ ਸਿਧਾਂਤਾਂ ਦੀ ਵਿਆਖਿਆ ਕਰਦਿਆਂ ਦੱਸਿਆ ਕਿ ਬ੍ਰਹਿਮੰਡ ਸਥਿਰ ਨਹੀਂ ਹੋ ਸਕਦਾ ਭਾਵ ਇਹ ਫੈਲ ਜਾਂ ਸੁੰਗੜ ਰਿਹਾ ਹੈ। ਇਸ ਤੋਂ ਇਹ ਭਾਵ ਵੀ ਲਿਆ ਜਾ ਸਕਦਾ ਹੈ ਕਿ ਦਸ ਤੋਂ ਵੀਹ ਅਰਬ ਸਾਲ ਪਹਿਲਾਂ ਬ੍ਰਹਿਮੰਡ ਦੀ ਹੋਣੀ ਸੀਮਤ ਸੀ, ਪਰ ਫਿਰ ਮਹਾਂਧਮਾਕਾ ਹੋਇਆ ਤੇ ਬ੍ਰਹਿਮੰਡ ਉਪਜਿਆ। ਸਿਆਹ ਸੁਰਾਖ਼ਾਂ (ਬਲੈਕ ਹੋਲਜ਼) ਬਾਰੇ ਹਾਕਿੰਗ ਦਾ ਕਹਿਣਾ ਹੈ ਕਿ ਇਹ ਉਦੋਂ ਬਣਦੇ ਹਨ ਜਦੋਂ ਵੱਡੇ ਤਾਰੇ ਜਾਂ ਇਨ੍ਹਾਂ ਤੋਂ ਵੀ ਵੱਡੇ ਨਛੱਤਰ ਆਪਣੀ ਗੁਰੂਤਾ ਖਿੱਚ ਕਾਰਨ ਆਪਣੇ ਅੰਦਰ ਹੀ ਬਿਨਸ ਜਾਂਦੇ ਹਨ। ਆਇੰਸਟਾਈਨ ਦੇ ਆਮ ਸਾਪੇਖਤਾ ਦੇ ਸਿਧਾਂਤ ਅਨੁਸਾਰ ਕੋਈ ਮੂਰਖ ਹੀ ਹੋਵੇਗਾ ਜੋ ਇਨ੍ਹਾਂ ਸਿਆਹ ਸੁਰਾਖ਼ਾਂ ’ਚ ਡਿੱਗ ਸਦਾ ਲਈ ਗੁੰਮ ਜਾਵੇ ਕਿਉਂਕਿ ਕੋਈ ਵੀ ਸਿਆਹ ਸੁਰਾਖ਼ਾਂ ’ਚੋਂ ਬਾਹਰ ਨਹੀਂ ਆ ਸਕਦਾ ਅਤੇ ਇਤਿਹਾਸ ਦੀ ਬਜਾਏ ਉਹ ਇਕਹਿਰਤਾ ਦੇ ਇਕ ਸਥਿਰ ਅੰਤ ਨੂੰ ਅੱਪੜ ਜਾਣਗੇ। ਉਸ ਦਾ ਕਹਿਣਾ ਹੈ ਕਿ ਆਮ ਸਾਪੇਖਤਾ ਸਿਧਾਂਤ ਸਹੀ ਹੈ, ਪਰ ਇਹ ਕੁਆਂਟਮ ਮਕੈਨਕਸ ਦੇ ਅਨਿਸ਼ਚਿਤਤਾ ਦੇ ਸਿਧਾਂਤ ਬਾਰੇ ਕੁਝ ਨਹੀਂ ਦੱਸਦਾ। ਉਹ ਇਸ ਬਾਰੇ ਵੀ ਗੱਲ ਕਰਦਾ ਹੈ ਕਿ ਕਿਵੇਂ ਕੁਆਂਟਮ ਮਕੈਨਕਸ ਸਿਆਹ ਸੁਰਾਖ਼ਾਂ ’ਚੋਂ ਊਰਜਾ ਵਹਿਣ ਦਿੰਦੀ ਹੈ, ਇਸ ਲਈ ਸਿਆਹ ਸੁਰਾਖ਼ ਓਨੇ ਸਿਆਹ ਨਹੀਂ ਜਿੰਨੇ ਪੇਸ਼ ਕੀਤੇ ਜਾਂਦੇ ਹਨ। ਹਾਕਿੰਗ ਕੁਆਂਟਮ ਮਕੈਨਿਕਸ ਦੇ ਵਿਚਾਰ ਨੂੰ ਮਹਾਂਧਮਾਕੇ ਅਤੇ ਬ੍ਰਹਿਮੰਡ ਦੇ ਮੂਲ ’ਤੇ ਲਾਗੂ ਕਰਦਾ ਹੈ ਤਾਂ ਇਹ ਵਿਚਾਰ ਪੈਦਾ ਹੁੰਦਾ ਹੈ ਕਿ ਸਮਾਂ ਤੇ ਦੇਸ ਬਿਨਾਂ ਕਿਸੇ ਸੀਮਾ ਦੇ ਸੀਮਤ ਹਨ ਤੇ ਇਹ ਧਰਤ ਦੀ ਓਸ ਸਤਹ ਵਰਗੇ ਹੋਣਗੇ ਜਿਸ ਦੇ ਦੋ ਪਾਸਾਰ ਹੋਣ। ਅੰਤ ’ਚ ਉਹ ਦੱਸਦਾ ਹੈ ਕਿ ਕਿਵੇਂ ਉਹ ਬ੍ਰਹਿਮੰਡ ਬਾਰੇ ਕਿਸੇ ‘ਸੰਪੂਰਨ ਸਿਧਾਂਤ’ ਨੂੰ ਲੱਭਣ ਦਾ ਯਤਨ ਕਰ ਰਿਹਾ ਹੈ ਜਿਸ ’ਚ ਕੁਆਂਟਮ ਮਕੈਨਿਕਸ, ਗੁਰੂਤਾ ਅਤੇ ਭੌਤਿਕ ਵਿਗਿਆਨ ਦੀਆਂ ਹੋਰ ਅੰਤਰ-ਕਿਰਿਆਵਾਂ ਸ਼ਾਮਿਲ ਹੋਣ ਅਤੇ ਜੇਕਰ ਇਹ ਸੰਭਵ ਹੋ ਗਿਆ ਤਾਂ ਸਾਡੀ ਬ੍ਰਹਿਮੰਡ ਬਾਰੇ ਸਮਝ ਹੋਰ ਮੋਕਲੀ ਹੋਵੇਗੀ।

ਪੱਛਮ ’ਚ ਪੰਜਵੀਂ ਸਦੀ ਈਸਾ ਪੂਰਵ ਲੁਕਰੀਸ਼ਸ ਦੇ ਵਿਦਿਆਰਥੀ ਡੈਮੋਕਰੀਟਸ ਦੇ ਵਿਚਾਰਾਂ ਅਨੁਸਾਰ ਪਦਾਰਥ ਵੱਖ ਵੱਖ ਪ੍ਰਕਾਰ ਦੇ ਪਰਮਾਣੂਆਂ ਨਾਲ ਵੱਡੀ ਮਾਤਰਾ ’ਚ ਇਕਸਾਰ ਜਮ੍ਹਾਂ ਹੋਣ ਨਾਲ ਬਣਦਾ ਹੈ। ਜੌਨ ਡਾਲਟਨ ਦਾ ਕਹਿਣਾ ਸੀ ਕਿ ਦ੍ਰਵ ਜਾਂ ਪਦਾਰਥ ਪਰਮਾਣੂਆਂ ਨਾਲ ਬਣਦੇ ਹਨ ਜੋ ਠੋਸ ਹੋਣ ਕਾਰਨ ਅਵੰਡ ਹੁੰਦੇ ਹਨ। ਲੁਕਰੀਸ਼ਸ ਦੇ ਨਿਹਾਰਿਕਾ ਸਿਧਾਂਤ ਅਨੁਸਾਰ ਗਰਮ ਗੈਸ ਪਿੰਡ ਤੋਂ ਸੌਰ ਮੰਡਲ ਦੀ ਉਤਪਤੀ ਹੋਈ। ਬਾਅਦ ’ਚ ਨਿਊਟਨ ਦੇ ਗੁਰੂਤਾ ਖਿੱਚ ਅਤੇ ਗਤੀ ਸਬੰਧੀ ਸਿਧਾਂਤ ਅਨੁਸਾਰ ਪਰਮਾਣੂ ਅਤੇ ਦ੍ਰਵ ਵਿਚਲੀ ਖਿੱਚ ਤੇ ਕਿਰਿਆ ਮੌਜੂਦ ਹੁੰਦੀ ਹੈ। ਇਹ ਜਗਤ ਦੀ ਸਥਿਤੀ ਤ੍ਰਿਯਾਮੀ ਦੇਸ ਉਪਰ ਟਿਕੀ ਹੈ ਅਤੇ ਇਸ ਵਿਚ ਹੀ ਸਮੁੱਚੀ ਘਟਦੀ ਹੈ ਅਤੇ ਇਹ ਨਿਰਪੇਖ ਤੇ ਅਪਰਿਵਰਤਨਸ਼ੀਲ ਹੈ। ਭੌਤਿਕ ਜਗਤ ’ਚ ਵਾਪਰਨ ਵਾਲੇ ਪਰਿਵਰਤਨਾਂ ਦਾ ਆਧਾਰ ਸਮਾਂ ਵੀ ਨਿਰਪੇਖ ਪਰ ਨਿਰੰਤਰ ਪ੍ਰਵਾਹਮਾਨ ਹੈ ਅਤੇ ਸਮੁੱਚੇ ਭੌਤਿਕ ਜਗਤ ਦੇ ਕਣ ਨਿਰੋਲ ਸੂਖ਼ਮ, ਠੋਸ ਅਤੇ ਪਰਿਵਰਤਨ-ਰਹਿਤ ਹਨ। ਇਸ ਨਿਰਪੇਖ ਦੇਸ਼ ਅਤੇ ਕਾਲ ਦੇ ਅੰਤਰਗਤ ਹੀ ਹਨ। ਇੰਝ ਇਹ ਬ੍ਰਹਿਮੰਡ ਅਪਰਿਵਰਤਨਸ਼ੀਲ ਨਿਯਮਾਂ ਸਦਕਾ ਇਕ ਯੰਤਰ ਵਾਂਗ ਚੱਲ ਰਿਹਾ ਹੈ। 1827 ’ਚ ਰੌਬਰਟ ਬਰਾਊਨ ਨੇ ‘ਬਰਾਊਨੀਅਨ ਗਤੀ’ ਦੀ ਖੋਜ ਕੀਤੀ ਜਿਸ ’ਚ ਧੂੜ ਕਣਾਂ ਦੇ ਨਿਯਮਤ ਵਿਚਰਣ ਦਾ ਸਿਧਾਂਤ ਸਾਹਮਣੇ ਆਇਆ। 1905 ’ਚ ਆਇੰਸਟਾਈਨ ਨੇ ਇਸ ਗਤੀ ਨੂੰ ਦ੍ਰਵ ਦੇ ਪਰਮਾਣੂਆਂ ਵੱਲੋਂ ਧੂੜ ਕਣਾਂ ਦੇ ਟਕਰਾਉਣ ਕਾਰਨ ਪੈਦਾ ਹੋਈ ਗਤੀ ਮੰਨਿਆ। ਜੀਨ ਪੇਰੀਨ ਨੇ ਇਸ ਸਿਧਾਂਤ ਦਾ ਪ੍ਰਯੋਗ ਕਰਦਿਆਂ ਪਰਮਾਣੂ ਦਾ ਦ੍ਰਵਮਾਨ ਆਕਾਰ ਮਾਪਿਆ ਜਿਸ ਨਾਲ ਡਾਲਟਨ ਦਾ ਸਿਧਾਂਤ ਸਿੱਧ ਹੋਇਆ, ਪਰ ਹੁਣ ਤੱਕ ਪਰਮਾਣੂ ਦੇ ਅਵੰਡ ਹੋਣ ਬਾਰੇ ਕਈ ਖ਼ਦਸ਼ੇ ਪੈਦਾ ਹੋ ਚੁੱਕੇ ਸਨ। ਲੇਕਿਨ ਜੇ.ਜੇ. ਥਾਮਸਨ ਇਲੈਕਟਰਾਨ ਜੋ ਕਿ ਪਰਮਾਣੂ ਤੋਂ ਵੀ ਹਜ਼ਾਰ ਗੁਣਾ ਛੋਟਾ ਹੁੰਦਾ ਹੈ ਅਤੇ ਜੋ ਪਰਮਾਣੂ ਦੇ ਅੰਦਰੋਂ ਹੀ ਆਉਂਦਾ ਹੈ, ਦੇ ਵਜੂਦ ਨੂੰ ਪ੍ਰਮਾਣਿਤ ਕਰ ਚੁੱਕਿਆ ਸੀ। 1911 ’ਚ ਅਰਨੈਸਟ ਰਦਰਫੋਰਡ ਨੇ ਸਾਬਿਤ ਕਰ ਦਿੱਤਾ ਕਿ ਪਰਮਾਣੂ ਦੀ ਵੀ ਅੰਦਰੂਨੀ ਸੰਰਚਨਾ ਹੁੰਦੀ ਹੈ ਜਿਸ ਅਨੁਸਾਰ ਪਰਮਾਣੂ ਵਿਚ ਸਾਕਾਰਾਤਮਕ ਵੇਗ ਵਾਲੇ ਲਘੂ ਕੇਂਦਰਾਂ ਦੇ ਆਸ-ਪਾਸ ਇਲੈਕਟਰਾਨ ਪਰਿਕਰਮਾ ਕਰਦੇ ਹਨ। 1932 ਵਿਚ ਜੇਮਜ਼ ਚੈਡਵਿਕ ਨੇ ਪਰਮਾਣੂ ਕੇਂਦਰ ’ਚ ਨਿਊਟਰਾਨ ਖੋਜ ਲਿਆ ਜਿਸ ਉਪਰ ਕੋਈ ਵੇਗ ਨਹੀਂ ਹੁੰਦਾ। ਇਸ ਤੋਂ ਬਾਅਦ ਕਾਫ਼ੀ ਸਮੇਂ ਤੱਕ ਨਿਊਟਰਾਨ ਅਤੇ ਪ੍ਰੋਟੋਨ ਨੂੰ ਹੀ ਮੂਲ ਕਣ ਮੰਨਿਆ ਜਾਂਦਾ ਰਿਹਾ, ਪਰ ਮੁੱਰੇ ਗਲੇਮਾਨ ਅਨੁਸਾਰ ਜੇ ਪ੍ਰੋਟੋਨ ਨੂੰ ਹੋਰਨਾਂ ਪ੍ਰੋਟੋਨਾਂ ਤੇ ਇਲੈਕਟਰੋਨਾਂ ਨਾਲ ਟਕਰਾਇਆ ਜਾਵੇ ਤਾਂ ਅੱਗੇ ਵੀ ਹੋਰ ਕਣ ਬਣ ਜਾਂਦੇ ਹਨ ਜਿਸ ਨੂੰ ‘ਕੁਆਰਕ’ ਕਿਹਾ ਗਿਆ। ਇਸ ਤਰ੍ਹਾਂ ਇਹ ਸਵਾਲ ਪੈਦਾ ਹੋਇਆ ਕਿ ਜੇਕਰ ਨਾ ਪਰਮਾਣੂ, ਨਾ ਪ੍ਰੋਟੋਨਜ਼ ਅਤੇ ਨਾ ਹੀ ਨਿਊਟਰਾਨ ਅਣਵੰਡੇ ਹਨ ਤਾਂ ਸਭ ਤੋਂ ਮੂਲ ਕਣ ਕਿਹੜਾ ਹੈ ਜੋ ਪਦਾਰਥ ਦੀ ਸੰਰਚਨਾ ਦੀ ਮੂਲ ਇਕਾਈ ਹੈ ਤਾਂ ਇਸ ਦਾ ਜਵਾਬ ਆਧੁਨਿਕ ਭੌਤਿਕ ਵਿਗਿਆਨ ਦੇ ਮੈਕਸਵੈਲ ਦੇ ਕੁਆਂਟਮ ਸਿਧਾਂਤ ਨੇ ਦਿੱਤਾ। ਇਸ ਮੁਤਾਬਿਕ ਸਾਰੇ ਕਣ ਮਾਤਰ ਤਰੰਗਾਂ ਹੁੰਦੇ ਹਨ ਤੇ ਇਨ੍ਹਾਂ ਨੂੰ ਇਲੈਕਟਰਾਨ ਵੋਲਟ ਨਾਲ ਮਾਪਿਆ ਜਾ ਸਕਦਾ ਹੈ।
ਦੂਜੇ ਪਾਸੇ ਭੌਤਿਕ ਵਿਗਿਆਨ ’ਚ ਹੁਣ ਤੱਕ ਦੀ ਖੋਜ ਅਨੁਸਾਰ ਤਕਰੀਬਨ 138 ਅਰਬ ਵਰ੍ਹੇ ਪਹਿਲਾਂ ਛੋਟੇ ਜਿਹੇ ਪਰਮਾਣੂ ਧਮਾਕੇ ਤੋਂ ਬ੍ਰਹਿਮੰਡ ਦਾ ਜਨਮ ਇਕ ਮਹਾਂਧਮਾਕੇ ’ਚੋਂ ਹੋਇਆ। ਪਹਿਲਾਂ ਬ੍ਰਹਿਮੰਡ ਇਕ ਪਰਮਾਣੂ ਦੇ ਰੂਪ ਵਿਚ ਸੀ। ਸਮੇਂ ਤੇ ਸਪੇਸ ਵਰਗੀ ਕੋਈ ਹੋਂਦ ਨਹੀਂ ਸੀ। ਬਿੱਗ ਬੈਂਗ ਥਿਊਰੀ ਅਨੁਸਾਰ ਇਕ ਧਮਾਕੇ ਨਾਲ ਤੀਬਰ ਊਰਜਾ ਪੈਦਾ ਹੋਈ ਜਿਸ ਦੇ ਪ੍ਰਭਾਵ ਸਦਕਾ ਬ੍ਰਹਿਮੰਡ ਅੱਜ ਤੱਕ ਫੈਲਦਾ ਜਾ ਰਿਹਾ ਹੈ। ਇਸ ਸਿਧਾਂਤ ਦੀ ਗੱਲ 1927 ’ਚ ਬੈਲਜੀਅਮ ਦੇ ਇਕ ਪਾਦਰੀ ਤੇ ਭੌਤਿਕ ਵਿਗਿਆਨੀ ਜੌਰਜ ਲਮਿਰਤੇ ਨੇ ਕੀਤੀ ਜੋ ਭੌਤਿਕ ਤੇ ਬ੍ਰਹਿਮੰਡੀ ਨਿਯਮਾਂ/ਧਾਰਨਾਵਾਂ ’ਤੇ ਆਧਾਰਿਤ ਸੀ। ਬਿੱਗ ਬੈਂਗ ਥਿਊਰੀ ਦੇ ਆਧਾਰ ’ਤੇ ਆਇੰਸਟਾਈਨ ਦਾ ਆਮ ਸਾਪੇਖਕਤਾ ਦਾ ਸਿਧਾਂਤ ਬਣਿਆ। 1964 ’ਚ ਇੰਗਲੈਂਡ ਦੇ ਭੌਤਿਕ ਵਿਗਿਆਨੀ ਪੀਟਰ ਹਿੱਗਜ਼ ਨੇ ਇਕ ਸਕਿੰਟ ਦੇ ਅਰਬਵੇਂ ਭਾਗ ਵਿਚ ਬ੍ਰਹਿਮੰਡ ਦੇ ਦ੍ਰਵਾਂ ਨੂੰ ਮਿਲਾਉਣ ਵਾਲੇ ਭਾਰ ਦਾ ਸਿਧਾਂਤ ਦਿੱਤਾ ਜੋ ਭਾਰਤ ਦੇ ਸਤੇਂਦਰ ਨਾਥ ਬੋਸ ਦੇ ਬੋਸ ਸਿਧਾਂਤ ’ਤੇ ਆਧਾਰਿਤ ਸੀ। ਇਸੇ ਲਈ ਇਸ ਨੂੰ ‘ਹਿੱਗਜ਼-ਬੋਸੋਨ’ ਸਿਧਾਂਤ ਵਜੋਂ ਜਾਣਿਆ ਜਾਂਦਾ ਹੈ। ਇਸ ਸਿਧਾਂਤ ਨੇ ਬ੍ਰਹਿਮੰਡ ਦੀ ਉਤਪਤੀ ਦੇ ਰਹੱਸਾਂ ਉੱਤੋਂ ਪਰਦਾ ਚੁੱਕਦਿਆਂ ਇਹ ਦੱਸਿਆ ਕਿ ਇਕ ਛੋਟੇ ਜਿਹੇ ਪਰਮਾਣੂ ਵਿਸਫੋਟ ਤੋਂ ਪੈਦਾ ਹੋਏ ਮਹਾਂਧਮਾਕੇ ਨਾਲ ਬ੍ਰਹਿਮੰਡ ਬਣਿਆ ਅਤੇ ਇਸ ਦਾ ਲਗਾਤਾਰ ਵਿਸਤਾਰ ਹੋ ਰਿਹਾ ਹੈ। ਸਮੇਂ ਸਮੇਂ ਵਿਗਿਆਨੀਆਂ ਨੇ ਨਵੇਂ ਗ੍ਰਹਿਆਂ ਦੀ ਖੋਜ ਕੀਤੀ। ਹੋਰ ਨਵੇਂ ਸੌਰ ਮੰਡਲ ਲੱਭੇ। ਕੁਝ ਵਿਗਿਆਨੀਆਂ ਦਾ ਇਹ ਵੀ ਮੰਨਣਾ ਹੈ ਕਿ ਬ੍ਰਹਿਮੰਡ ’ਚੋਂ ਹੀ ਛੋਟੇ ਛੋਟੇ ਬ੍ਰਹਿਮੰਡ ਨਿਕਲਦੇ ਹਨ ਜਿਵੇਂ ਕੋਈ ਤਾਰਾ ਬਲੈਕ ਹੋਲ ’ਚ ਸਮਾਅ ਜਾਂਦਾ ਹੈ ਤੇ ਨਵੇਂ ਬ੍ਰਹਿਮੰਡ ਵੀ ਇਸੇ ’ਚੋਂ ਨਿਕਲਦੇ ਹਨ ਜਿਨ੍ਹਾਂ ਦਾ ਹੌਲੀ ਹੌਲੀ ਵਿਸਤਾਰ ਹੁੰਦਾ ਜਾਂਦਾ ਹੈ। ਧਰਤੀ ਸੌਰ ਮੰਡਲ ਦਾ ਹਿੱਸਾ ਹੈ ਅਤੇ ਸੌਰ ਮੰਡਲ ਬ੍ਰਹਿਮੰਡ ਦਾ। ਬ੍ਰਹਿਮੰਡ ਧਰਤੀ ਤੋਂ ਦਿੱਸਣ ਵਾਲੀ ਆਕਾਸ਼ਗੰਗਾ ਦਾ ਹਿੱਸਾ ਹੈ। ਵਿਗਿਆਨੀ ਇਹ ਵੀ ਮੰਨਦੇ ਹਨ ਕਿ ਹੋਰ ਵੀ ਬਹੁਤ ਸਾਰੇ ਬ੍ਰਹਿਮੰਡ ਹਨ। ਅਰਸਤੂ ਨੇ 340 ਈਸਾ ਪੂਰਵ ਆਪਣੀ ਕਿਤਾਬ ‘ਔਨ ਦਿ ਹੈਵਨ’ ਵਿਚ ਤਿੰਨ ਤਰਕ ਦਿੱਤੇ ਅਤੇ ਗ੍ਰਹਿਣ ਸਮੇਂ ਚੰਦ ’ਤੇ ਧਰਤੀ ਦਾ ਪਰਛਾਵਾਂ ਦੇਖ ਕੇ ਕਿਹਾ ਕਿ ਧਰਤੀ ਚਪਟੀ ਨਹੀਂ ਗੋਲ ਹੈ, ਧਰੂ ਤਾਰੇ ਦਾ ਧਰਤੀ ਤੋਂ ਫ਼ਾਸਲਾ ਚਾਰ ਸੌ ਹਜ਼ਾਰ ਸਟੇਡੀਆ ਹੈ ਅਤੇ ਧਰਤੀ ਹੀ ਬ੍ਰਹਿਮੰਡ ਦਾ ਕੇਂਦਰ ਹੈ। 140 ਈਸਵੀ ’ਚ ਟੋਲਮੀ ਨੇ ਪਹਿਲੀ ਵਾਰ ਬ੍ਰਹਿਮੰਡੀ ਮਾਡਲ ਦਿੱਤਾ ਕਿ ਧਰਤੀ ਕੇਂਦਰ ’ਚ ਹੈ ਅਤੇ ਚੰਦ, ਸੂਰਜ, ਤਾਰੇ ਅਤੇ ਪੰਜ ਗ੍ਰਹਿ ਬੁੱੱਧ, ਸ਼ੁੱਕਰ, ਮੰਗਲ, ਬ੍ਰਹਿਸਪਤੀ ਅਤੇ ਸ਼ਨੀ ਇਸ ਦੀ ਪਰਿਕਰਮਾ ਕਰਦੇ ਹਨ। ਬ੍ਰਹਿਮੰਡ ਦੇ ਇਸ ਸਿਧਾਂਤ ਨੂੰ ਭੂਕੇਂਦਰੀ ਸਿਧਾਂਤ ਕਿਹਾ ਜਾਂਦਾ ਹੈ।
ਸਭ ਤੋਂ ਪਹਿਲਾਂ 1514 ’ਚ ਪੋਲੈਂਡ ਦੇ ਪਾਦਰੀ ਨਿਕੋਲਸ ਕਾਪਰਨੀਕਸ ਨੇ ਆਪਣਾ ਨਾਮ ਗੁਪਤ ਰੱਖਦਿਆਂ ਇਹ ਵਿਚਾਰ ਦਿੱਤਾ ਕਿ ਧਰਤੀ ਦੀ ਬਜਾਏ ਸੂਰਜ ਦੇ ਗਿਰਦ ਸਾਰੇ ਗ੍ਰਹਿ ਘੁੰਮਦੇ ਹਨ। ਨਾਮ ਗੁਪਤ ਰੱਖਣ ਦਾ ਕਾਰਣ ਸੀ। ਬਾਈਬਲ ਦੀ ਮਾਨਤਾ ਹੈ ਕਿ ਧਰਤੀ ਸਾਰੇ ਗ੍ਰਹਿਆਂ ਦੇ ਕੇਂਦਰ ਵਿਚ ਹੈ। ਇਥੋਂ ਬ੍ਰਹਿਮੰਡ ਵਿਗਿਆਨ ਦੇ ਸੂਰਜ ਕੇਂਦ੍ਰਿਤ ਸਿਧਾਂਤ ਦਾ ਆਰੰਭ ਹੋਇਆ। ਲਗਪਗ ਇਕ ਸਦੀ ਬਾਅਦ ਜਰਮਨ ਤੇ ਇਟਲੀ ਦੇ ਦੋ ਤਾਰਾ ਵਿਗਿਆਨੀਆਂ ਜੋਹਾਨੈੱਸ ਕੈਪਲਰ ਅਤੇ ਗੈਲੀਲੀਓ ਗੈਲੀਲੀ ਨੇ ਜਨਤਕ ਰੂਪ ’ਚ ਕਾਪਰਨੀਕਸ ਦੇ ਸਿਧਾਂਤ ਦੀ ਤਾਈਦ ਕੀਤੀ। 1609 ’ਚ ਤਾਂ ਅਰਸਤੂ-ਟੋਲਮੀ ਦੇ ਭੂਕੇਂਦ੍ਰਿਤ ਸਿਧਾਂਤ ਦਾ ਵੀ ਅੰਤ ਹੋ ਗਿਆ ਜਦੋਂ ਗੈਲੀਲੀਓ ਆਪਣੇ ਬਣਾਏ ਟੈਲੀਸਕੋਪ ਨਾਲ ਬ੍ਰਹਿਮੰਡ ਨੂੰ ਦੇਖਣ ਲੱਗਾ। ਫ਼ਿਰਕੂ ਤੁਅੱਸਬ ਤੋਂ ਡਰੇ ਕਾਪਰਨੀਕਸ ਨੇ ਆਪਣੇ ਅੰਤਿਮ ਦਿਨਾਂ ’ਚ ਆਪਣੇ ਸਿਧਾਂਤ ਨੂੰ ਪੁਸਤਕ ਰੂਪ ’ਚ ਛਪਵਾਇਆ, ਪਰ ਚਰਚ ਨੇ ਇਸ ’ਤੇ ਰੋਕ ਲਾ ਦਿੱਤੀ। ਬਾਅਦ ’ਚ ਰੋਮ ਦੇ ਪ੍ਰਚਾਰਕ ਜਿਓਰਦਾਨੋ ਬਰੂਨੋ ਨੇ ਕਾਪਰਨੀਕਸ ਦੀ ਪੁਸਤਕ ਦਾ ਪ੍ਰਚਾਰ ਪਸਾਰ ਕਰ ਇਸ ਦੀ ਸ਼ਰ੍ਹੇਆਮ ਹਮਾਇਤ ਕੀਤੀ ਜਿਸ ਕਰਕੇ ਕੱਟੜਪੰਥੀਆਂ ਨੇ ਉਸ ਨੂੰ ਤਸੀਹੇ ਦੇ ਕੇ ਜਿਉਂਦਿਆਂ ਸਾੜ ਦਿੱਤਾ। ਬਰੂਨੋ ਦਾ ਕਹਿਣਾ ਸੀ ਕਿ ਖਗੋਲ ਅਨੰਤ ਹੈ ਅਤੇ ਸਾਡੇ ਵਰਗੇ ਕਈ ਦੂਜੇ ਗ੍ਰਹਿਆਂ ਦੇ ਜਗਤ ਇਸ ’ਚ ਵਿਦਮਾਨ ਹਨ। ਸੋਲ੍ਹਵੀਂ ਸਦੀ ਤੱਕ ਇਹ ਵਿਚਾਰ ਪੁਖ਼ਤਾ ਹੋ ਗਿਆ ਸੀ। ਵੀਹਵੀਂ ਸਦੀ ਵਿਚ ਆਇਰਲੈਂਡ ਦੇ ਐਡਮੰਡ ਫੋਰਨੀਅਰ ਨੇ ਵੀ ਕਹਿ ਦਿੱਤਾ ਕਿ ਆਕਾਸ਼ਗੰਗਾ ਵਿਚ ਕਈ ਬ੍ਰਹਿਮੰਡ ਵਿਦਮਾਨ ਨੇ।
ਕੈਪਲਰ ਨੇ ਕਾਪਰਨੀਕਸ ਦੇ ਸਿਧਾਂਤ ’ਚ ਸੁਧਾਰ ਲਿਆਂਦਾ ਤੇ ਕਿਹਾ ਕਿ ਸੂਰਜ ਦੇ ਗਿਰਦ ਗ੍ਰਹਿ ਦਾਇਰੇ ’ਚ ਨਹੀਂ ਸਗੋਂ ਸੂਰਜ ਦੀਆਂ ਚੁੰਬਕੀ ਸ਼ਕਤੀਆਂ ਕਾਰਨ ਅੰਡਾਕਾਰੀ ਚੱਕਰ ’ਚ ਘੁੰਮਦੇ ਹਨ। ਇਸ ਵਿਆਖਿਆ ਨੂੰ 1687 ਨਿਊਟਨ ਦੀ ਕਿਤਾਬ ‘ਪ੍ਰਿੰਸਪੀਆ ਮੈਥੇਮੈਟਿਕਾ ਨੈਚੁਰਲੀਸ ਕਾਜ਼’ ਛਪਣ ਨਾਲ ਪ੍ਰੋੜ੍ਹਤਾ ਮਿਲੀ ਜਦੋਂ ਉਸ ਨੇ ਸੇਬ ਨੂੰ ਧਰਤੀ ’ਤੇ ਡਿੱਗਦਾ ਦੇਖ ਗੁਰੂਤਾ ਖਿੱਚ ਦਾ ਸਿਧਾਂਤ ਦਿੱਤਾ। ਗੁਰੂਤਾ ਖਿੱਚ ਕਾਰਨ ਹੀ ਚੰਦ ਧਰਤੀ ਦੁਆਲੇ ਘੁੰਮਦਾ ਹੈ ਅਤੇ ਧਰਤੀ ਤੇ ਹੋਰ ਗ੍ਰਹਿ ਸੂਰਜ ਦੁਆਲੇ। 1691 ’ਚ ਉਸ ਨੇ ਚਿੰਤਕ ਰਿਚਰਡ ਬੈਂਟਲੇ ਨੂੰ ਚਿੱਠੀ ਲਿਖ ਕੇ ਉਸ ਦਾ ਇਹ ਖ਼ਦਸ਼ਾ ਮਿਟਾਇਆ ਕਿ ਜਦੋਂ ਤਾਰੇ ਇਕ ਦੂਜੇ ਨੂੰ ਖਿੱਚ ਰਹੇ ਹੋਣ ਤਾਂ ਅਜਿਹੀ ਗਤੀਹੀਣ ਸਥਿਤੀ ਪੈਦਾ ਹੋ ਜਾਵੇਗੀ ਜਿਸ ’ਚ ਉਹ ਕਿਸੇ ਵਿਸ਼ੇਸ਼ ਬਿੰਦੂ ’ਤੇ ਡਿੱਗ ਪੈਣ ਤਾਂ ਨਿਊਟਨ ਦਾ ਇਹ ਵਿਚਾਰ ਸਾਹਮਣੇ ਆਇਆ ਕਿ ਕਿਸੇ ਸੀਮਤ ਸਥਿਤੀ ’ਚ ਅਸੰਭਵ ਹੈ। ਬਾਅਦ ਵਿਚ ਉਸ ਨੇ ਕਿਹਾ ਕਿਉਂਕਿ ਬ੍ਰਹਿਮੰਡ ਅਸੀਮਤ ਸਪੇਸ ਹੈ ਭਾਵ ਇਹ ਲਗਾਤਾਰ ਫੈਲ ਰਿਹਾ ਹੈ, ਇਸ ਲਈ ਅਜਿਹਾ ਸੰਭਵ ਨਹੀਂ। ਜੇ ਬ੍ਰਹਿਮੰਡ ਨੂੰ ਸਥਿਰ ਤੇ ਸੀਮਤ ਮੰਨ ਲਈਏ ਤਾਂ ਫਿਰ ਬ੍ਰਹਿਮੰਡ ਦੀ ਸੀਮਾ ਦਾ ਅੰਤ ਕਿੱਥੇ ਹੈ? ਇਸ ਦੀ ਸੀਮਾ ਦੇ ਪਾਰ ਦੇ ਅੰਤ ਤੋਂ ਪਾਰ ਕੀ ਹੈ? ਤਾਂ ਬ੍ਰਹਿਮੰਡ ਦੀ ਪਰਿਭਾਸ਼ਾ ਅਨੁਸਾਰ ਸਭ ਕੁਝ ਸਮੇਟ ਲੈਣਾ ਬ੍ਰਹਿਮੰਡ ਦਾ ਧਰਮ ਹੈ। ਇਸ ਦੇ ਹਿਸਾਬ ਨਾਲ ਇਸ ਦੀ ਸੀਮਾ ਦੇ ਅੰਤ ਤੋਂ ਪਾਰ ਵੀ ਬ੍ਰਹਿਮੰਡ ਦਾ ਹਿੱਸਾ ਹੈ। ਆਇੰਸਟਾਈਨ ਨੇ ਸਥਿਰ ਤੇ ਸੀਮਤ ਬ੍ਰਹਿਮੰਡ ਦੀ ਪਰਿਕਲਪਨਾ ਨੂੰ ਪਹਿਲਾਂ ਨਹੀਂ ਨਕਾਰਿਆ ਤੇ ਤਰਕ ਦਿੱਤਾ ਕਿ ਬ੍ਰਹਿਮੰਡ ਦਾ ਦ੍ਰਵਮਾਨ ਸਮੇਂ ਅਨੁਸਾਰ ਬਦਲਦਾ ਰਹਿੰਦਾ ਹੈ। ਉਸ ਨੂੰ ਆਪਣੇ ਗੁਰੂਤਾ ਖੇਤਰ ਸਿਧਾਂਤ ’ਚ ਸਥਿਰ ਬ੍ਰਹਿਮੰਡ ਦਾ ਕੋਈ ਸੰਕੇਤ ਨਾ ਮਿਲਣ ਕਾਰਨ ਬ੍ਰਹਿਮੰਡ ਦੇ ਫੈਲਣ ਤੇ ਸੁੰਗੜਨ ਬਾਰੇ ਆਪਣੇ ਪਹਿਲੇ ਸਮੀਕਰਣ ’ਚ ਸੁਧਾਰ ਕੀਤਾ।
1922 ’ਚ ਰੂਸੀ ਖਗੋਲ ਤੇ ਗਣਿਤ ਸ਼ਾਸਤਰੀ ਅਲੈਗਜਾਂਡਰ ਫਰੀਡਮੈਨ ਨੇ ਵੀ ਕਿਹਾ ਕਿ ਆਇੰਸਟਾਈਨ ਦੀ ਸਥਿਰ ਬ੍ਰਹਿਮੰਡ ਦੀ ਧਾਰਨਾ ਸਵੀਕਾਰ ਕਰਨ ਯੋਗ ਨਹੀਂ ਕਿਉਂਕਿ ਬ੍ਰਹਿਮੰਡ ਸਥਿਰ ਅਵਸਥਾ ’ਚ ਨਹੀਂ ਰਹਿ ਸਕਦਾ ਭਾਵ ਇਹ ਸਦਾ ਗਤੀਸ਼ੀਲ ਰਹਿੰਦਾ ਹੈ। 1929 ’ਚ ਐਡਵਿਨ ਪੀ. ਹੱਬਲ ਨੇ ਆਪਣੀ ਸਮੀਕਰਣ ‘ਆਕਾਸ਼ਗੰਗਾ = ਹੱਬਲ ਸਥਿਰ ਅੰਕ ਗੁਣਾ ਦੂਰੀ’ ਵਿਚ ਕਿਹਾ ਕਿ ਬ੍ਰਹਿਮੰਡ ’ਚ ਸਾਡੀ ਆਕਾਸ਼ਗੰਗਾ ਵਾਂਗ ਕਈ ਲੱਖਾਂ ਆਕਾਸ਼ਗੰਗਾਵਾਂ ਮੌਜੂਦ ਹਨ ਅਤੇ ਇਹ ਬ੍ਰਹਿਮੰਡ ’ਚ ਸਥਿਰ ਨਹੀਂ ਹਨ। ਜਿਉਂ ਜਿਉਂ ਇਨ੍ਹਾਂ ਦੀ ਦੂਰੀ ਵਧਦੀ ਜਾਂਦੀ ਹੈ, ਦੂਰ ਭੱਜਣ ਦੀ ਗਤੀ ਵਧਦੀ ਜਾਂਦੀ ਹੈ ਅਤੇ ਇਹ ਗਤੀ ਪ੍ਰਕਾਸ਼ ਦੇ ਵੇਗ ਨਾਲ ਦੂਰ ਹੁੰਦੀ ਹੈ ਜਿਸ ਕਾਰਨ ਬ੍ਰਹਿਮੰਡ ਫੈਲ ਰਿਹਾ ਹੈ। ਡਾਪਲਰ ਪ੍ਰਭਾਵ ਤੋਂ ਸਾਬਿਤ ਹੋਇਆ ਕਿ ਪ੍ਰਿਥਵੀ ਤੋਂ ਦੂਰ ਹੁੰਦੇ ਜਾਣ ਕਾਰਨ ਇਨ੍ਹਾਂ ਦਾ ਰੰਗ ਲਾਲ ਹੈ ਅਤੇ ਜੇਕਰ ਇਹ ਧਰਤੀ ਦੇ ਨੇੜੇ ਆ ਰਹੀਆਂ ਹੁੰਦੀਆਂ ਤਾਂ ਇਨ੍ਹਾਂ ਦਾ ਰੰਗ ਬੈਂਗਣੀ ਹੁੰਦਾ। ਬ੍ਰਹਿਮੰਡ, ਪ੍ਰਕਾਸ਼ ਵੇਗ ਜਿੰਨਾ ਹੀ ਵਿਸਤਾਰਵਾਨ ਹੈ। 2011 ’ਚ ਤਿੰਨ ਨੋਬੇਲ ਬ੍ਰਹਿਮੰਡ ਵਿਗਿਆਨੀ ਸੌਲ ਪਰਲਮੁਤਰ, ਐਡਮ ਜੀ. ਰੀਜ਼ ਅਤੇ ਬਰਾਇਨ ਸ਼ਮਿੱਤ ਨੇ ਕਿਹਾ ਕਿ ਬ੍ਰਹਿਮੰਡ ਦੇ ਵਿਸਤਾਰ ਦੀ ਗਤੀ ’ਚ ਤੇਜ਼ੀ ਆ ਰਹੀ ਹੈ ਜਿਸ ਦਾ ਕਾਰਨ ਸਿਆਹ ਊਰਜਾ (ਬਲੈਕ ਐਨਰਜੀ) ਹੈ।
ਬ੍ਰਹਿਮੰਡ ਦੀ ਉਤਪਤੀ ਸਬੰਧੀ ਬਿੱਗ ਬੈਂਗ ਸਿਧਾਂਤ ਬਾਰੇ ਸਹੀ ਪ੍ਰਮਾਣ ਹੱਬਲ ਸਿਧਾਂਤ ਹੈ ਭਾਵ ਕਿ ਸਾਰੀਆਂ ਆਕਾਸ਼ਗੰਗਾਵਾਂ ਸਾਥੋਂ ਦੂਰ ਹੁੰਦੀਆਂ ਜਾ ਰਹੀਆਂ ਹਨ। ਬ੍ਰਹਿਮੰਡ ਦੇ ਵਿਸਤਾਰ ਸਬੰਧੀ ਹੋਰ ਵੀ ਸੰਭਾਵਨਾ ਦੇ ਸਿਧਾਂਤ ਸਾਹਮਣੇ ਆਏ ਹਨ। ਮਹਾਂਵਿਛੇਦ ਦੇ ਸਿਧਾਂਤ ਅਨੁਸਾਰ ਬ੍ਰਹਿਮੰਡ ਤਦ ਤੱਕ ਵਿਸਤਾਰ ਕਰਦਾ ਰਹੇਗਾ ਜਦ ਤੱਕ ਹਰੇਕ ਪਰਮਾਣੂ ਟੁੱਟ ਕੇ ਏਧਰ-ਓਧਰ ਬਿਖਰ ਨਹੀਂ ਜਾਵੇਗਾ। ਇਹ ਤੇਈ ਅਰਬ ਸਾਲ ਬਾਅਦ ਬ੍ਰਹਿਮੰਡ ਦੇ ਅੰਤ ਦੀ ਸਭ ਤੋਂ ਭਿਆਨਕ ਘਟਨਾ ਹੋਵੇਗੀ। ਮਹਾਂਸ਼ੀਤਲਨ ਸਿਧਾਂਤ ਅਨੁਸਾਰ ਬ੍ਰਹਿਮੰਡ ਦੇ ਵਿਸਤਾਰ ਦੇ ਕਾਰਨ ਸਾਰੀਆਂ ਆਕਾਸ਼ਗੰਗਾਵਾਂ ਇਕ ਦੂਜੇ ਤੋਂ ਦੂਰ ਹੁੰਦੀਆਂ ਜਾਣਗੀਆਂ ਅਤੇ ਉਨ੍ਹਾਂ ਦਾ ਆਪਸੀ ਸਬੰਧ ਮਿਟ ਜਾਵੇਗਾ। ਨਵੇਂ ਤਾਰਿਆਂ ਦੇ ਨਿਰਮਾਣ ਲਈ ਊਰਜਾ ਨਾ ਹੋਣ ਕਾਰਨ ਤਾਪਮਾਨ ਪਰਮਸ਼ੁੰਨਯ ਤੱਕ ਜਾਣ ਕਰਕੇ ਬ੍ਰਹਿਮੰਡ ਦਾ ਅੰਤ ਹੋ ਜਾਵੇਗਾ। ਮਹਾਂਸੁੰਗੇੜ ਦੇ ਅਨੁਮਾਨ ਮੁਤਾਬਿਕ ਇਕ ਨਿਸ਼ਚਿਤ ਸਮੇਂ ’ਤੇ ਆ ਕੇ ਬ੍ਰਹਿਮੰਡ ਦਾ ਵਿਸਤਾਰ ਰੁਕ ਜਾਵੇਗਾ ਤੇ ਸੁੰਗੇੜ ਆਰੰਭ ਹੋਣ ਕਾਰਨ ਬ੍ਰਹਿਮੰਡ ਖ਼ਤਮ ਹੋਵੇਗਾ ਅਤੇ ਫਿਰ ਮਹਾਂਵਿਸਫੋਟ ਹੋਵੇਗਾ ਤੇ ਦੁਬਾਰਾ ਬ੍ਰਹਿਮੰਡ ਉਪਜੇਗਾ। ਮਹਾਂਦ੍ਰਵ ਅਵਸਥਾ ਮੁਤਾਬਿਕ ਬ੍ਰਹਿਮੰਡ ਆਪਣੀ ਦ੍ਰਵਤਾ ਕਾਰਨ ਸਥਿਰ ਅਵਸਥਾ ਵਿਚ ਨਹੀਂ। ਇਸ ਕਾਰਨ ਇਹ ਸੰਭਾਵਨਾ ਬਣ ਸਕਦੀ ਹੈ ਕਿ ਇਸ ਦ੍ਰਵਤਾ ’ਚੋਂ ਇਕ ਹੋਰ ਬ੍ਰਹਿਮੰਡ ਦਾ ਜਨਮ ਹੋਵੇ ਤੇ ਵਰਤਮਾਨ ਬ੍ਰਹਿਮੰਡ ਵਿਸਮ ਜਾਵੇ।
ਵੀਹਵੀਂ ਸਦੀ ਵਿਚ ਆਇੰਸਟਾਈਨ ਨੇ ਸਾਪੇਖਤਾ ਦੇ ਸਿਧਾਂਤ ਅਤੇ ਮੈਕਸ ਪਲੈਂਕ ਦੇ ਕੁਆਂਟਮ ਸਿਧਾਂਤ ਨੂੰ ਸਥਾਪਿਤ ਕੀਤਾ ਤਾਂ ਇਸ ਤੋਂ ਪਹਿਲਾਂ ਵਾਲੀ ਡੈਮੋਕਰੀਟਸ, ਡਾਲਟਨ ਅਤੇ ਨਿਊਟਨ ਵਾਲੀ ਸਮਝ ਬਦਲ ਗਈ। ਭੌਤਿਕ ਵਿਗਿਆਨ ਨੇ ਵਰਤਮਾਨ ’ਚ ਦੋ ਮੂਲ ਸਿਧਾਂਤਾਂ ਭਾਵ ਕੁਆਂਟਮ ਅਤੇ ਸਾਪੇਖਤਾ ਦੇ ਸਿਧਾਂਤ ਦੇ ਏਕੀਕਰਣ ਨਾਲ ਅਵਪਰਮਾਣੂ ਕਣਾਂ ਬਾਰੇ ਇਕ ਸੰਪੂਰਨ ਸਿਧਾਂਤ ਵਿਕਸਿਤ ਕਰਨਾ ਹੈ ਜੋ ਇਸ ਖੇਤਰ ’ਚ ਪਦਾਰਥ ਦੀ ਕੁਆਂਟਮ-ਸਾਪੇਖਤਾਵਾਦੀ ਪ੍ਰਵਿਰਤੀ ਨੂੰ ਸੰਪੂਰਨ ਬ੍ਰਹਿਮੰਡੀ ਵਿਆਪਕਤਾ ’ਚ ਪਹਿਲ ਹੋਵੇਗੀ। ਇਸ ਤਰ੍ਹਾਂ ਬ੍ਰਹਿਮੰਡ ਦੀ ਹੋਂਦ ਵਿਧੀ ਸਬੰਧੀ ਕਈ ਸਿਧਾਂਤ ਪ੍ਰਚੱਲਿਤ ਹਨ, ਪਰ ਪ੍ਰਸਿੱਧ ਬ੍ਰਹਿਮੰਡ ਵਿਗਿਆਨੀ ਸਟੀਫਨ ਹਾਕਿੰਗ ਨੇ ਇਨ੍ਹਾਂ ਸਾਰੇ ਸਿਧਾਂਤਾਂ ਤੇ ਹਰ ਥਾਂ ਲਾਗੂ ਹੋ ਸਕਣ ਵਾਲੇ ਭੌਤਿਕ ਵਿਗਿਆਨ ਦੇ ਮੂਲ ਨਿਯਮਾਂ ਨੂੰ ਮਿਲਾ ਕੇ ਇਕਜੁੱਟ ਤੇ ‘ਸੰਪੂਰਨ ਸਿਧਾਂਤ’ ਦੀ ਤਲਾਸ਼ ਕਰਨ ਦੀ ਕੋਸ਼ਿਸ਼ ਕੀਤੀ ਜੋ ਬ੍ਰਹਿਮੰਡ ਦੇ ਰਹੱਸਾਂ ਦੀ ਘੁੰਡੀ ਖੋਲ੍ਹ ਸਕੇ।

ਸੰਪਰਕ: 82839-48811

Leave a Reply

Your email address will not be published. Required fields are marked *