ਵਿਸ਼ਵ ਹਾਕੀ ਦਾ ਸਿਰਮੌਰ ਹਾਕੀ ਓਲੰਪੀਅਨ ਸਮੀਉਲ੍ਹਾ ਖਾਨ

ਆਲਮੀ ਹਾਕੀ ’ਚ ਪਾਕਿਸਤਾਨੀ ਟੀਮ ਦੇ ਸਾਬਕਾ ਕਪਤਾਨ ਸਮੀਉਲ੍ਹਾ ਖਾਨ ਨੇ ਵੱਡਾ ਨਾਮ ਕਮਾਇਆ ਹੈ। ਸਮੀਉਲ੍ਹਾ ਖਾਨ ਦੀ ਖੇਡ ਜਦੋਂ ਪੂਰੇ ਜੋਬਨ ’ਤੇ ਸੀ ਤਾਂ ਉਸ ਦਾ ਨਾਮ ਪਾਕਿਸਤਾਨੀ ਹਾਕੀ ਟੀਮ ਦੇ ਭਰੋਸੇਮੰਦ ਖਿਡਾਰੀਆਂ ਦੀ ਸੂਚੀ ’ਚ ਸ਼ੁਮਾਰ ਰਿਹਾ। ਸੰਸਾਰ ਹਾਕੀ ਦੇ ਹਲਕਿਆਂ ’ਚ ‘ਫਲਾਇੰਗ ਹੌਰਸ’ ਦੇ ਲਕਬ ਨਾਲ ਜਾਣੇ ਜਾਂਦੇ ਸਮੀਉੱਲ੍ਹਾ ਖਾਨ ਦੀ ਖੇਡ ’ਚ ਸੱਚਮੁਚ ਹੀ ਅਨੂਠੀ ਤਾਜ਼ਗੀ ਤੇ ਬਿਲੌਰੀ ਚਮਕ ਹੁੰਦੀ ਸੀ। ਸਮੀਉਲ੍ਹਾ ਖਾਨ ਹਾਕੀ ਓਲੰਪੀਅਨ ਮੋਤੀਉੱਲ੍ਹਾ ਖਾਨ ਦਾ ਸਕਾ ਭਤੀਜਾ ਅਤੇ ਓਲੰਪੀਅਨ ਕਲੀਮਉੱਲਾ ਖਾਨ ਦਾ ਵੱਡਾ ਭਰਾ ਹੈ। ਸਮੀਉੱਲ੍ਹਾ ਖਾਨ ਤੇ ਕਲੀਮਉੱਲ੍ਹਾ ਖਾਨ ਨੇ ਹਾਕੀ ਖੇਡਣ ਦਾ ਤਜਰਬਾ ਆਪਣੇ ਹਾਕੀ ਓਲੰਪੀਅਨ ਚਾਚਾ ਮੋਤੀਉੱਲ੍ਹਾ ਖਾਨ ਤੋਂ ਹਾਸਲ ਕੀਤਾ। ਤਿੰਨ ਓਲੰਪਿਕ ਹਾਕੀ ਮੁਕਾਬਲਿਆਂ ’ਚ ਪਾਕਿਸਤਾਨ ਦੀ ਨੁਮਾਇੰਦਗੀ ਕਰਨ ਵਾਲੇ ਚਾਚਾ ਮੋਤੀਉੱਲ੍ਹਾ ਖਾਨ ਤੋਂ ਹਾਕੀ ਖੇਡਣ ਦੇ ਗੁਰ ਸਿੱਖਣ ਸਦਕਾ ਪਹਿਲਾਂ ਸਮੀਉੱਲ੍ਹਾ ਖਾਨ ਅਤੇ ਬਾਅਦ ’ਚ ਛੋਟੇ ਭਰਾ ਕਲੀਮਉੱਲ੍ਹਾ ਖਾਨ ਨੂੰ ਕੌਮੀ ਟੀਮ ਨਾਲ ਕੌਮਾਂਤਰੀ ਹਾਕੀ ਖੇਡਣ ਦਾ ਰੁਤਬਾ ਹਾਸਲ ਹੋਇਆ। ਸਮੀਉੱਲ੍ਹਾ ਖਾਨ ਨੂੰ ਛੋਟੇ ਭਰਾ ਕਲੀਮਉੱਲ੍ਹਾ ਖਾਨ ਨਾਲ ਵਿਸ਼ਵ ਹਾਕੀ ਕੱਪ ਮੁੰਬਈ-1982, ਏਸ਼ੀਅਨ ਹਾਕੀ ਨਵੀਂ ਦਿੱਲੀ-1982, ਏਸ਼ੀਆ ਹਾਕੀ ਕੱਪ ਕਰਾਚੀ-1982 ਅਤੇ ਸੰਸਾਰ ਚੈਂਪੀਅਨਜ਼ ਹਾਕੀ ਟਰਾਫੀ ਕਰਾਚੀ-1980, ਕਰਾਚੀ-1981 ਅਤੇ ਐਮਸਟਰਡਮ-1982 ਦੇ ਤਿੰਨ ਅਡੀਸ਼ਨ ਖੇਡਣ ਦਾ ਸੁਭਾਗ ਹਾਸਲ ਹੋਇਆ। ਸਮੀਉੱਲ੍ਹਾ ਖਾਨ ਹਮਲਾਵਰ ਪਾਲ ’ਚ ਲੈਫਟ ਆਊਟ ਭਾਵ ਖੱਬੀ ਕੰਨੀ ’ਤੇ ਖੇਡਿਆ ਕਰਦਾ ਸੀ ਜਦੋਂਕਿ ਉਸ ਦਾ ਛੋਟਾ ਭਰਾ ਕਲੀਮਉੱਲ੍ਹਾ ਖਾਨ ਫਾਰਵਰਡ ਲਾਈਨ ’ਚ ਰਾਈਟ ਆਊਟ ਭਾਵ ਸੱਜੀ ਕੰਨੀ ’ਤੇ ਖੇਡਿਆ ਕਰਦਾ ਸੀ। ਹਾਫ ਲਾਈਨ ਤੋਂ ਜਾਂ ਆਪਣੇ ਡਿਫੈਂਡਰਾਂ ਤੋਂ ਮਿਲੀ ਬਾਲ ਨੂੰ ਕੰਟਰੋਲ ਕਰਨ ਤੋਂ ਬਾਅਦ ਸਮੀਉੱਲ੍ਹਾ ਨੂੰ ਆਪਣੀ ਹਾਕੀ ਸਕਿੱਲ ਨਾਲ ਆਪ ਸਕੋਰ ਕਰਨ ਤੋਂ ਇਲਾਵਾ ਆਪਣੇ ਸਾਥੀ ਖਿਡਾਰੀਆਂ ਤੋਂ ਗੋਲ ਕਰਾਉਣ ਦੀ ਖ਼ਾਸ ਮੁਹਾਰਤ ਹਾਸਲ ਸੀ। ਮੈਦਾਨ ’ਚ ਖੇਡਦੇ ਸਮੇਂ ਉਹ ਦੀ ਹਾਕੀ ਜੰਨਤ ਦੇ ਨਜ਼ਾਰੇ ਪੇਸ਼ ਕਰਦੀ ਦੁਨੀਆਂ ਦੇ ਮਹਾਨ ਸਟਰਾਈਕਰਾਂ ਅਤੇ ਜਗਤ ਦੇ ਜੇਤੂ ਓਲੰਪੀਅਨਾਂ ਦੀ ਯਾਦ ਤਾਜ਼ਾ ਕਰਾਉਂਦੀ ਸੀ। ਸਮੀਉਲ੍ਹਾ ਹਾਕੀ ਦਾ ਸ਼ਾਹ ਸਵਾਰ ਰਿਹਾ ਜਿਸ ਨੇ ਆਪਣੀ ਇੱਛਾ ਸ਼ਕਤੀ ਦੇ ਚਾਬਕ ਨਾਲ ਮੈਦਾਨ ਦੇ ਚਾਰੇ ਪਾਸੇ ਬਾਲ ਨੂੰ ਆਪਣੀ ਮਰਜ਼ੀ ਨਾਲ ਦੌੜਾਉਣ ਦੇ ਠੋਸ ਉਪਰਾਲੇ ਕੀਤੇ। 1978 ’ਚ ਕੌਮਾਂਤਰੀ ਹਾਕੀ ਫੈੱਡਰੇਸ਼ਨ ਦੀ ਜਿਊਰੀ ਵੱਲੋਂ ‘ਵਰਲਡ ਇਲੈਵਨ’ ’ਚ ਸ਼ਾਮਲ ਕਰ ਕੇ ਸਮੀਉਲ੍ਹਾ ਦੀ ਅੱਬਲਤਰੀਨ ਖੇਡ ਦਾ ਮੁੱਲ ਮੋੜਨ ਦਾ ਹੀਆ ਕੀਤਾ ਹੈ। ਮੈਦਾਨ ’ਚ ਹਰ ਮੈਚ ਦੌਰਾਨ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਨ ਵਾਲੇ ਸਮੀਉਲ੍ਹਾ ਦਾ ਜਨਮ 6 ਸਤੰਬਰ 1951 ’ਚ ਪਾਕਿਸਤਾਨ ਦੇ ਜ਼ਿਲ੍ਹਾ ਬਹਾਵਲਪੁਰ ’ਚ ਹੋਇਆ। ਸਮੀਉਲ੍ਹਾ ਖਾਨ ਨੇ ਇਸਲਾਮੀਆ ਕਾਲਜ ਤੋਂ ਹਾਕੀ ਖੇਡਣ ਦੀ ਸ਼ੁਰੂਆਤ ਕੀਤੀ। ਮੈਦਾਨ ’ਚ ਵਿਰੋਧੀ ਡਿਫੈਂਡਰਾਂ ਦਾ ਗਰੂਰ ਤੋੜਨ ਵਾਲੇ ਸਮੀਉੱਲ੍ਹਾ ਖਾਨ ਨੇ 1973 ’ਚ ਕੌਮਾਂਤਰੀ ਖੇਡ ਕਰੀਅਰ ਦੀ ਸ਼ੁਰੂਆਤ ਕੀਤੀ। ਲਗਾਤਾਰ 10 ਸਾਲ ਤੂਫਾਨੀ ਖੇਡ ਨਾਲ ਵਿਰੋਧੀ ਟੀਮਾਂ ਦੇ ਤੂੰਬੇ ਉਡਾਉਣ ਵਾਲੇ ਸਮੀਉੱਲਾ ਨੇ 1982 ’ਚ ਆਪਣੀ ਹਾਕੀ ਕਿੱਲੀ ’ਤੇ ਟੰਗ ਦਿੱਤੀ। ਕੌਮਾਂਤਰੀ ਕਰੀਅਰ ’ਚ 151 ਮੈਚਾਂ ਦੀ ਲੰਬੀ ਪਾਰੀ ਖੇਡਣ ਵਾਲੇ ਸਮੀਉਲ੍ਹਾ ਖਾਨ ਨੇ ਵਿਰੋਧੀ ਟੀਮਾਂ ਸਿਰ 54 ਗੋਲਾਂ ਦੀ ਸਕੋਰ ਲਾਈਨ ਖੜ੍ਹੀ ਕਰਨ ਦਾ ਕਰਿਸ਼ਮਾ ਕੀਤਾ। ਸਮੀਉਲ੍ਹਾ ਖਾਨ ਨੂੰ ਵਿਸ਼ਵ ਹਾਕੀ ਕੱਪ ’ਚ 12, ਏਸ਼ੀਅਨ ਗੇਮਜ਼ ’ਚ 4, ਵਿਸ਼ਵ ਚੈਂਪੀਅਨਜ਼ ਹਾਕੀ ਟਰਾਫੀ ’ਚ 8 ਅਤੇ ਏਸ਼ੀਆ ਹਾਕੀ ਕੱਪ ’ਚ ਇਕ ਗੋਲ ਭਾਵ ਸੰਸਾਰ-ਵਿਆਪੀ ਹਾਕੀ ਟੂਰਨਾਮੈਂਟਾਂ ’ਚ ਕੁੱਲ 25 ਗੋਲ ਦਾਗਣ ਦਾ ਹੱਕ ਹਾਸਲ ਹੋਇਆ।
ਕੌਮੀ ਹਾਕੀ ਦੇ ਸਿਖਲਾਈ ਕੈਂਪ ’ਚ ਆਮਦੋ ਰਫਤ ਨਾਲ ਸਮੀਉਲ੍ਹਾ ਖਾਨ ਦੀ ਖੇਡ ’ਚ ਉਦੋਂ ਨਵਾਂਪਣ ਆਇਆ ਜਦੋਂ ਕੌਮੀ ਟੀਮ ਦੇ ਸਿਲੈਕਟਰਾਂ ਨੇ ਉਸ ਦੀ ਚੋਣ ਐਮਸਟਰਡਮ-1973 ਦਾ ਤੀਜਾ ਸੰਸਾਰ ਹਾਕੀ ਕੱਪ ਖੇਡਣ ਲਈ ਕੀਤੀ। ਖਾਲਿਦ ਮਹਿਮੂਦ ਦੀ ਕਪਤਾਨੀ ’ਚ ਪਾਕਿ ਹਾਕੀ ਟੀਮ ਨੂੰ ਚੌਥਾ ਸਥਾਨ ਹਾਸਲ ਹੋਇਆ। ਸਮੀਉਲ੍ਹਾ ਖਾਨ ਨੇ ਕਰੀਅਰ ਦਾ ਦੂਜਾ ਸੰਸਾਰ ਹਾਕੀ ਕੱਪ ਇਸਲਾਊਦੀਨ ਸਦੀਕੀ ਦੀ ਕਪਤਾਨੀ ’ਚ ਖੇਡਣ ਦਾ ਹੱਕ ਹਾਸਲ ਹੋਇਆ। 1975 ’ਚ ਮਲੇਸ਼ੀਆ ਦੇ ਕੁਆਲਾਲੰਪੁਰ ਦੇ ਮੈਦਾਨ ’ਚ ਖੇਡੇ ਗਏ ਤੀਜੇ ਵਿਸ਼ਵ ਹਾਕੀ ਕੱਪ ’ਚ ਪਾਕਿ ਟੀਮ ਨੂੰ ਖਿਤਾਬੀ ਮੈਚ ਭਾਰਤੀ ਟੀਮ ਤੋਂ 2-1 ਗੋਲ ਅੰਤਰ ਨਾਲ ਹਾਰਨ ਸਦਕਾ ਸਿਲਵਰ ਕੱਪ ਨਾਲ ਸਬਰ ਕਰਨਾ ਪਿਆ। ਸਮੀਉਲ੍ਹਾ ਖਾਨ ਨੇ ਬਿਊਨਿਸ ਏਰੀਅਸ-1978 ਦੇ ਆਲਮੀ ਕੱਪ ’ਚ ਦੂਜੀ ਵਾਰ ਵਿਸ਼ਵ ਹਾਕੀ ਚੈਂਪੀਅਨ ਨਾਮਜ਼ਦ ਹੋਈ ਪਾਕਿਸਤਾਨੀ ਟੀਮ ਦੀ ਨੁਮਾਇੰਦਗੀ ਕੀਤੀ। ਇਸਲਾਊਦੀਨ ਸਦੀਕੀ ਦੀ ਕਮਾਨ ’ਚ ਪਾਕਿ ਟੀਮ ਨੇ ਹਾਲੈਂਡ ਦੇ ਡੱਚ ਖਿਡਾਰੀਆਂ ਤੋਂ ਖਿਤਾਬੀ ਮੈਚ 3-2 ਗੋਲ ਅੰਤਰ ਨਾਲ ਜਿੱਤਣ ਸਦਕਾ ਦੂਜੀ ਵਾਰ ਆਲਮੀ ਹਾਕੀ ਕੱਪ ਦੀ ਜਿੱਤ ਦਾ ਸੁਆਦ ਚੱਖਿਆ। ਮੁੰਬਈ-1982 ’ਚ ਭਾਰਤ ਦੇ ਮੈਦਾਨਾਂ ’ਤੇ ਖੇਡੇ ਗਏ ਪੰਜਵੇਂ ਵਰਲਡ ਹਾਕੀ ਕੱਪ ਸਮੇਂ ਸਮੀਉਲ੍ਹਾ ਖਾਨ ਪਾਕਿਸਤਾਨ ਟੀਮ ਦਾ ਉਪ-ਕਪਤਾਨ ਸੀ। ਕਪਤਾਨ ਅਖਤਰ ਰਸੂਲ ਦੀ ਅਗਵਾਈ ’ਚ ਪਾਕਿ ਹਾਕੀ ਟੀਮ ਨੇ ਜਰਮਨੀ ਦੇ ਖਿਡਾਰੀਆਂ ਨੂੰ 3-1 ਗੋਲ ਅੰਦਰ ਨਾਲ ਫਾਈਨਲ ’ਚ ਮਾਤ ਦਿੰਦਿਆਂ ਆਲਮੀ ਹਾਕੀ ਕੱਪ ਜਿੱਤਣ ਦੀ ਹੈਟਰਿਕ ਪੂਰੀ ਕੀਤੀ।
ਚਾਰ ਆਲਮੀ ਹਾਕੀ ਕੱਪ ਮੁਕਾਬਲਿਆਂ ’ਚ ਕੌਮੀ ਹਾਕੀ ਟੀਮ ਨਾਲ ਮੈਦਾਨ ’ਚ ਨਿੱਤਰਨ ਵਾਲੇ ਸਮੀਉਲ੍ਹਾ ਖਾਨ ਨੇ ਤਿੰਨ ਏਸ਼ਿਆਈ ਖੇਡਾਂ ’ਚ ਹਾਕੀ ਟੀਮ ਦੀ ਪ੍ਰਤੀਨਿੱਧਤਾ ਕੀਤੀ। ਪਾਕਿਸਤਾਨੀ ਹਾਕੀ ਟੀਮ ਦੀ ਖੇਡ ਦਾ ਆਲਮ ਇਹ ਰਿਹਾ ਕਿ ਤਿੰਨੇ ਵਾਰ ਭਾਰਤੀ ਖਿਡਾਰੀਆਂ ਨੂੰ ਹਾਰ ਦਿੰਦਿਆਂ ਗੋਲਡ ਮੈਡਲ ਹਾਸਲ ਕੀਤੇ। ਤਹਿਰਾਨ-1974 ਏਸ਼ੀਅਨ ਖੇਡਾਂ ’ਚ ਸਮੀਉਲ੍ਹਾ ਖਾਨ ਕਪਤਾਨ ਅਬਦੁੱਲ ਰਸ਼ੀਦ ਜੂਨੀਅਰ ਦੀ ਕਮਾਨ ’ਚ ਮੈਦਾਨ ’ਚ ਨਿੱਤਰਿਆ। ਪਾਕਿ ਟੀਮ ਨੇ ਭਾਰਤ ਨੂੰ 2-0 ਗੋਲ ਨਾਲ ਹਰਾ ਕੇ ਸੋਨ ਤਗਮਾ ਆਪਣੀ ਝੋਲੀ ਪਾਇਆ। ਬੈਂਕਾਕ-1978 ’ਚ ਸਮੀਉਲ੍ਹਾ ਖਾਨ ਨੇ ਦੂਜੀ ਵਾਰ ਏਸ਼ੀਆ ਹਾਕੀ ’ਚ ਟੀਮ ਦੀ ਪ੍ਰਤੀਨਿੱਧਤਾ ਕੀਤੀ। ਖਿਤਾਬੀ ਮੈਚ ’ਚ ਭਾਰਤੀ ਹਾਕੀ ਖਿਡਾਰੀਆਂ ਨੂੰ ਉਪ-ਜੇਤੂ ਬਣਨ ਲਈ ਮਜਬੂਰ ਕਰਦਿਆਂ ਕਪਤਾਨ ਇਸਲਾਊਦੀਨ ਦੀ ਟੀਮ ਨੇ ਗੋਲਡ ਮੈਡਲ ’ਤੇ ਕਬਜ਼ਾ ਕੀਤਾ। ਨਵੀਂ ਦਿੱਲੀ-1982 ’ਚ ਪਾਕਿ ਟੀਮ ਦੀ ਕਮਾਨ ਸਮੀਉਲ੍ਹਾ ਖਾਨ ਦੇ ਹੱਥਾਂ ’ਚ ਸੀ। ਦਿੱਲੀ ਏਸ਼ਿਆਈ ਖੇਡਾਂ ’ਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਤਤਕਾਲੀ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੀ ਹਾਜ਼ਰੀ ’ਚ ਸਮੀਉਲ੍ਹਾ ਖਾਨ ਦੀ ਕਪਤਾਨੀ ’ਚ ਪਾਕਿ ਟੀਮ ਨੇ ਭਾਰਤੀ ਖਿਡਾਰੀਆਂ ਨੂੰ 7-1 ਗੋਲਾਂ ਦੀ ਲੱਕ ਤੋੜਵੀਂ ਹਾਰ ਨਾਲ ਉਪ-ਜੇਤੂ ਬਣਨ ਲਈ ਮਜਬੂਰ ਕਰਦਿਆਂ ਗੋਲਡ ਮੈਡਲ ’ਤੇ ਆਪਣਾ ਅਧਿਕਾਰ ਜਮਾਇਆ। ਏਸ਼ੀਅਨ ਹਾਕੀ ’ਚ ਸ਼ਾਨਦਾਰ ਕਾਰਗੁਜ਼ਾਰੀ ਵਿਖਾਉਣ ਵਾਲੇ ਸਮੀਉਲ੍ਹਾ ਖਾਨ ਨੂੰ 1974 ’ਚ ‘ਆਲ ਏਸ਼ੀਅਨ ਸਟਾਰ ਇਲੈਵਨ’ ’ਚ ਸ਼ਾਮਲ ਕੀਤਾ ਗਿਆ।
ਏਸ਼ਿਆਈ ਖਿੱਤੇ ਦਾ ਦੂਜਾ ਵੱਡਾ ਟੂਰਨਾਮੈਂਟ ਏਸ਼ੀਆ ਹਾਕੀ ਕੱਪ ਦਾ ਪਹਿਲਾ ਅਡੀਸ਼ਨ ਕਰਾਚੀ-1982 ’ਚ ਖੇਡਿਆ ਗਿਆ। ਸਮੀਉਲ੍ਹਾ ਖਾਨ ਦੀ ਕਪਤਾਨੀ ’ਚ ਪਾਕਿ ਟੀਮ ਨੇ ਭਾਰਤੀ ਹਾਕੀ ਟੀਮ ਨੂੰ 4-0 ਗੋਲ ਅੰਤਰ ਨਾਲ ਹਰਾ ਕੇ ਪਹਿਲਾ ਏਸ਼ੀਆ ਹਾਕੀ ਕੱਪ ’ਤੇ ਆਪਣਾ ਕਬਜ਼ਾ ਕੀਤਾ। ਸਮੀਉਲ੍ਹਾ ਖਾਨ ਨੇ ਲਾਹੌਰ-1978, ਕਰਾਚੀ-1980, ਕਰਾਚੀ-1981 ਅਤੇ ਐਮਸਟਰਡਮ-1982 ’ਚ ਖੇਡੇ ਗਏ ਚਾਰ ਵਿਸ਼ਵ ਹਾਕੀ ਚੈਂਪੀਅਨਜ਼ ਹਾਕੀ ਟਰਾਫੀ ਮੁਕਾਬਲਿਆਂ ’ਚ ਪਾਕਿ ਟੀਮ ਦੀ ਨੁਮਾਇੰਦਗੀ ਕੀਤੀ। ਲਾਹੌਰ ’ਚ ਖੇਡੀ ਗਈ ਪਹਿਲੀ ਚੈਂਪੀਅਨਜ਼ ਹਾਕੀ ਟਰਾਫੀ ’ਚ ਇਸਲਾਊਦੀਨ ਦੀ ਕਪਤਾਨੀ ’ਚ ਟੀਮ ਨੇ ਫਾਈਨਲ ’ਚ ਆਸਟਰੇਲੀਆ ਨੂੰ ਹਰਾ ਕੇ ਗੋਲਡ ਮੈਡਲ ਚੁੰਮਿਆ। ਕਰਾਚੀ ’ਚ ਮੁਨੱਵਰ ਜ਼ਮਾਨ ਦੀ ਕਪਤਾਨੀ ’ਚ ਖੇਡੀ ਗਈ ਦੂਜੀ ਵਿਸ਼ਵ ਹਾਕੀ ਚੈਂਪੀਅਨਜ਼ ਟਰਾਫੀ ’ਚ ਜਰਮਨੀ ਨੂੰ ਖਿਤਾਬੀ ਮੈਚ ’ਚ ਮਾਤ ਦਿੰਦਿਆਂ ਦੂਜੀ ਵਾਰ ਜਿੱਤ ਦਰਜ ਕੀਤੀ। ਕਰਾਚੀ ਅਤੇ ਐਮਸਟਰਡਮ ਦੇ ਹਾਕੀ ਮੈਦਾਨਾਂ ’ਤੇ ਖੇਡੇ ਗਏ ਆਲਮੀ ਹਾਕੀ ਚੈਂਪੀਅਨਜ਼ ਟਰਾਫੀ ਦੇ ਤੀਜੇ ਤੇ ਚੌਥੇ ਅਡੀਸ਼ਨ ’ਚ ਪਾਕਿ ਟੀਮ ਕ੍ਰਮਵਾਰ ਜਰਮਨੀ ਤੇ ਭਾਰਤ ਤੋਂ ਪੁਜ਼ੀਸ਼ਨਲ ਮੈਚ ਹਾਰਨ ਸਦਕਾ ਚੌਥਾ ਰੈਂਕ ਹੀ ਹਾਸਲ ਕਰ ਸਕੀ। ਐਮਸਟਰਡਮ-1982 ਹਾਕੀ ਚੈਂਪੀਅਨਜ਼ ਟਰਾਫੀ ’ਚ ਟੀਮ ਦੀ ਕਪਤਾਨੀ ਦਾ ਭਾਰ ਸਮੀਉਲ੍ਹਾ ਖਾਨ ਦੇ ਮੋਢਿਆਂ ’ਤੇ ਸੀ।
ਜ਼ਿੰਦਗੀ ਦੀਆਂ 68 ਬਸੰਤਾਂ ਹੰਢਾਅ ਚੁੱਕੇ ਸਿਰਮੌਰ ਹਾਕੀ ਓਲੰਪੀਅਨ ਸਮੀਉਲ੍ਹਾ ਖਾਨ ਦੀਆਂ ਵਿਸ਼ਵ ਅਤੇ ਦੇਸ਼ ਦੀ ਹਾਕੀ ਨੂੰ ਦਿੱਤੀਆਂ ਵੱਡਮੁੱਲੀਆਂ ਸੇਵਾਵਾਂ ਮੁੱਖ ਰੱਖਦਿਆਂ 1983 ’ਚ ਪਾਕਿਸਤਾਨ ਦੇ ਰਾਸ਼ਟਰਪਤੀ ਵੱਲੋਂ ‘ਪਰਾਈਡ ਆਫ ਦਿ ਪ੍ਰਫਾਰਮੈਂਸ ਐਵਰਾਡ’ ਅਤੇ 2014 ’ਚ ‘ਸਿਤਾਰਾ-ਏ-ਇਮਤਿਆਜ਼ ਐਵਾਰਡ’ ਨਾਲ ਸਨਮਾਨਤ ਕੀਤਾ ਗਿਆ।
ਸੰਪਰਕ: 94171-82993