fbpx Nawidunia - Kul Sansar Ek Parivar

ਪੰਜਾਬੀ ਲਿਖਾਰੀ ਸਭਾ ਕੈਲਗਰੀ ਵਲੋਂ ‘ਬੱਚਿਆਂ ਵਿਚ ਪੰਜਾਬੀ ਬੋਲਣ ਦੀ ਮੁਹਾਰਤ’ ਸਮਾਗਮ 21 ਮਾਰਚ ਨੂੰ

ਯੂਥ ਐਵਾਰਡ (ਸਮਾਜ ਸੇਵਾ ਕੈਟਗਰੀ) ਲਈ ਨੂਰਜੋਤ ਕਲਸੀ ਨੂੰ ਕੀਤਾ ਜਾਏਗਾ ਸਨਮਾਨਿਤ
ਕੈਲਗਰੀ (ਜੋਰਾਵਰ ਬਾਂਸਲ) : ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਸਾਲ 2020 ਦੀ ਪਹਿਲੀ ਮੀਟਿੰਗ ਕੋਸੋ ਹਾਲ ਨੋਰਥ ਈਸਟ ਵਿਚ ਸਾਹਿਤਕ ਪ੍ਰੇਮੀਆਂ ਤੇ ਸਮਾਜਕ ਚਿੰਤਕਾਂ ਦੀ ਭਰਪੂਰ ਹਾਜ਼ਰੀ ਵਿਚ ਹੋਈ। ਜਨਰਲ ਸਕੱਤਰ ਜੋਰਾਵਰ ਬਾਂਸਲ ਨੇ ਨਵੇਂ ਸਾਲ ਦੀ ਮੁਬਾਰਕਬਾਦ ਦੇ ਨਾਲ ਮੀਟਿੰਗ ਦਾ ਆਗਾਜ਼ ਕਰਦਿਆਂ ਪ੍ਰਧਾਨਗੀ ਮੰਡਲ ਵਿਚ ਬੈਠਣ ਲਈ ਪ੍ਰਧਾਨ ਦਵਿੰਦਰ ਮਲਹਾਂਸ, ਸਾਹਿਤ ਸਭਾ ਤੋਂ ਜਸਬੀਰ ਸਹੋਤਾ ਤੇ ਬੁਲੰਦ ਆਵਾਜ਼ ਦੇ ਮਾਲਕ, ਕਾਰਜਕਾਰੀ ਮੈਂਬਰ ਤਰਲੋਚਨ ਸੈਂਭੀ ਨੂੰ ਸੱਦਾ ਦਿੱਤਾ। ਸ਼ੋਕ ਮਤੇ ਸਾਂਝੇ ਕਰਦਿਆਂ ਉਨ੍ਹਾਂ ਹਿੰਦੀ, ਮਰਾਠੀ, ਥੀਏਟਰ ਤੇ ਫਿਲਮ ਅਦਾਕਾਰ ਡਾ. ਸ੍ਰੀਰਾਮ ਲਾਗੂ ਦੇ ਸਦੀਵੀ ਵਿਛੋੜੇ ’ਤੇ ਦੁੱਖ ਜ਼ਾਹਰ ਕੀਤਾ ਅਤੇ ਪੰਜਾਬੀ ਦੇ ਉੱਘੇ ਸਾਹਿਤਕਾਰ ਪ੍ਰੋ. ਸੁਰਜੀਤ ਹਾਂਸ ਦੇ ਦਿਹਾਂਤ ਉੱਤੇ ਵੀ ਪੰਜਾਬੀ ਲਿਖਾਰੀ ਸਭਾ ਕੈਲਗਰੀ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਮਹਿੰਦਰ ਪਾਲ ਐਸ ਪਾਲ ਨੇ ਪ੍ਰੋ. ਸੁਰਜੀਤ ਹਾਂਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਵਿਛੋੜੇ ਨਾਲ ਪੰਜਾਬੀ ਸਾਹਿਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਜਗਦੇਵ ਸਿੱਧੂ ਨੇ ਵੀ ਉਨ੍ਹਾਂ ਬਾਰੇ ਜਾਣਕਾਰੀ ਵਿੱਚ ਵਾਧਾ ਕੀਤਾ ਤੇ ਆਪਣੀ ਰਚਨਾ ਨਾਲ ਹਾਜ਼ਰੀ ਲਵਾਈ। ਸਭਾ ਦੇ ਸਾਬਕਾ ਪ੍ਰਧਾਨ ਬਲਜਿੰਦਰ ਸੰਘਾ ਨੇ ਆਪਣੀ ਭਾਰਤ ਫੇਰੀ ਦੀਆਂ ਯਾਂਦਾਂ ਸਾਂਝੀਆਂ ਕੀਤੀਆਂ। ਪ੍ਰਧਾਨ ਦਵਿੰਦਰ ਮਲਹਾਂਸ ਨੇ ‘ਬੱਚਿਆਂ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ’ ਦੇ ਹੋਣ ਵਾਲੇ ਨੋਵੇਂ ਸਮਾਗਮ ਬਾਰੇ ਦੱਸਿਆ। ਇਹ ਸਮਾਗਮ 21 ਮਾਰਚ 2020, ਦਿਨ ਸ਼ਨੀਵਾਰ ਨੂੰ ਦੁਪਹਿਰ ਦੋ ਤੋਂ ਪੰਜ ਵਜੇ ਵਾਈਟਹੌਰਨ ਕਮਿਊਨਟੀ ਹਾਲ ਨੌਰਥ ਈਸਟ ਵਿੱਚ ਹੋਏਗਾ। ਜਿਸ ਵਿੱਚ ਇਕ ਤੋਂ ਦਸ ਗਰੇਡ ਦੇ ਬੱਚੇ ਭਾਗ ਲੈਣਗੇ। ਪਹਿਲੇ, ਦੂਜੇ ਤੇ ਤੀਸਰੇ ਸਥਾਨ ’ਤੇ ਰਹਿਣ ਵਾਲੇ ਬੱਚਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਏਗਾ। ਇਸ ਸਾਲ ਦੇ ਯੂਥ ਐਵਾਰਡ (ਸਮਾਜ ਸੇਵਾ ਕੈਟਗਰੀ) ਲਈ ਨੂਰਜੋਤ ਕਲਸੀ ਨੂੰ ਸਨਮਾਨਿਤ ਕੀਤਾ ਜਾਏਗਾ। ਪਿਛਲੇ ਸਾਲ ਦੇ ਇਸ ਸਮਾਗਮ ਦੇ ਜੇਤੂ ਬੱਚਿਆ ਤੇ ਪੰਜਾਬੀ ਲਿਖਾਰੀ ਸਭਾਂ ਦੀ ਕਾਰਜਕਾਰੀ ਕਮੇਟੀ ਨੇ 21 ਮਾਰਚ ਨੂੰ ਹੋਣ ਵਾਲੇ ਸਮਾਗਮ ਦਾ ਪੋਸਟਰ ਰਿਲੀਜ਼ ਕੀਤਾ। ਸੁਖਬੀਰ ਗਰੇਵਾਲ ਨੇ ਪੰਜਾਬੀ ਬੋਲੀ ਸਿੱਖਣ ਲਈ ਐਤਵਾਰ ਨੂੰ ਜੈਨਸਿਸ ਸੈਂਟਰ ਵਿਚ ਕਲਾਸਾਂ ਬਾਰੇ ਜਾਣਕਾਰੀ ਦਿੱਤੀ ਤੇ ਮਾਪਿਆਂ ਨੂੰ ਬੱਚਿਆਂ ਨੂੰ ਕਲਾਸਾਂ ਸ਼ੁਰੂ ਕਰਾਉਣ ਦੀ ਅਪੀਲ ਕੀਤੀ ਤੇ 2020 ਦਾ ਪੰਜਾਬੀ ਸਭਿਆਚਾਰ ਕਲੰਡਰ ਸਭ ਨੂੰ ਫਰੀ ਵੰਡਿਆ ਗਿਆ। ਜਗਦੀਸ਼ ਚੋਹਕਾ ਤੇ ਰਜਿੰਦਰ ਚੋਹਕਾ ਨੇ ਭਾਰਤ ਵਿੱਚ ਹੋ ਰਹੇ ਨਾਗਰਿਕਤਾ ਤੇ ਵੱਖਵਾਦ ਵਰਤਾਰੇ ਅਤੇ ਲੋਕਾਂ ਦੇ ਹੱਕਾਂ ਦੀ ਗੱਲ ਕੀਤੀ। ਹਰੀਪਾਲ ਨੇ ਇਸੇ ਮੁੱਦੇ ਨੂੰ ਅੱਗੇ ਤੋਰਦਿਆਂ ਸੰਸਾਰ ਪੱਧਰ ਦੇ ਲੋਕਤੰਤਰ ’ਤੇ ਗੱਲ ਕਰਦਿਆਂ ਅੱਜ ਦੇ ਨੇਤਾਵਾਂ ਦੀ ਤੁਲਨਾ ਹਿਟਲਰ ਵਰਗੇ ਤਾਨਾਸ਼ਾਹ ਨਾਲ ਕੀਤੀ। ਜਿਵੇਂ ਉਹ ਘੱਟ ਗਿਣਤੀਆਂ ਦੇ ਖਿਲਾਫ ਜਨਤਾ ਨੂੰ ਉਕਸਾਉਂਦਾ ਸੀ, ਉਵੇਂ ਹੀ ਹੁਣ ਹੋ ਰਿਹਾ ਹੈ। ਨਛੱਤਰ ਪੁਰਬਾ ਨੇ ਪੰਜਾਬੀ ਬੋਲੀ ਦੇ ਪਾਸਾਰ ਤੇ ਸਾਂਭ ਸੰਭਾਲ ਦੀ ਗੱਲ ਕੀਤੀ। ਰਚਨਾਵਾਂ ਦੇ ਦੌਰ ਵਿਚ ਹਰਕੀਰਤ ਧਾਲੀਵਾਲ ਨੇ ‘ਕਵੀ ਦੀ ਪਤਨੀ’ ਹਾਸ ਰਾਸ ਕਵਿਤਾ ਨਾਲ ਮਾਹੌਲ ਵਿਚ ਰੰਗ ਭਰਿਆ। ਸੁਰਿੰਦਰਦੀਪ ਸਿੰਘ ਰਹਿਲ ਨੇ ਗੀਤ ‘ਮੈਂ ਤੇਰੇ ਉੱਤੇ’, ਹਰਪ੍ਰੀਤ ਗਿੱਲ ਨੇ ਕਹਾਣੀ ‘ਅਸਲੀ ਸੁੰਦਰਤਾ’, ਤਰਲੋਚਨ ਸੈਂਭੀ ਨੇ ਨਸਲਵਾਦ ਤੇ ਸੰਤ ਰਾਮ ਉਦਾਸੀ ਦੀ ਕਵਿਤਾ ‘ਇਨਕਲਾਬ ਨੇ ਕਦੇ ਵੀ ਰੁੱਕਣਾ ਨਹੀਂ’, ਗੁਰਦੀਸ਼ ਗਰੇਵਾਲ ਨੇ ‘ਰਾਖਾ ਬਾਗ ਉਜਾੜੇ’, ਬਹਾਦੁਰ ਡਾਲਵੀ ਨੇ ‘ਨਵੇਂ ਸਾਲ ਦੇ ਸੂਰਜਾ’, ਜਸਬੀਰ ਸਹੋਤਾ ਨੇ ‘ਜਦ ਵਧਣ ਲੱਗਾ ਹਨੇਰਾ’, ਸਰਬਜੀਤ ਉੱਪਲ ਨੇ ‘ਜ਼ਖ਼ਮ’, ਸੁਖਵਿੰਦਰ ਸਿੰਘ ਤੂਰ ਨੇ ‘ਮੈਂ ਗੀਤ ਗੁਰੂ ਗੋਬਿੰਦ ਸਿੰਘ ਦਾ’, ਮੰਗਲ ਚੱਠਾ ਨੇ ਟਰੱਕ ਡਰਾਈਵਰਾਂ ਦਾ ਗੀਤ ‘ਸਰੀ ਤੋਂ ਲੋਡ’, ਪਿਛਲੇ ਵਰ੍ਹੇ ਦੀ ਜੇਤੂ ਬੱਚੀ ਸਲੋਨੀ ਗੌਤਮ ਨੇ ਲੋਕ ਤੱਥ ਪੇਸ਼ ਕਰਕੇ ਸਭ ਦਾ ਪਿਆਰ ਤੇ ਅਸ਼ੀਰਵਾਦ ਹਾਸਲ ਕੀਤਾ। ਇਸ ਮੌਕੇ ਸਿਮਰ ਚੀਮਾ, ਪਵਨਦੀਪ ਬਾਂਸਲ, ਪ੍ਰਭਮਨਵੀਰ ਬਾਂਸਲ, ਸਰਬਜੀਤ, ਬਲਵੀਰ ਗੋਰਾ, ਸਰਵਨ ਸਿੰਘ, ਮਨਜੀਤ ਕੌਰ, ਪਰਮਜੀਤ ਕੌਰ ਰਹਿਲ, ਰਕੇਸ਼ ਕੁਮਾਰ ਗੌਤਮ, ਕਮਲਜੀਤ ਗਰੇਵਾਲ, ਪ੍ਰਭਲੀਨ ਗਰੇਵਾਲ, ਬਲਦੇਵ ਕੌਰ ਗਰੇਵਾਲ, ਸਤਵਿੰਦਰ ਕੌਰ, ਜਸਵਿੰਦਰ ਕੌਰ, ਬਲਦੇਵ ਕੌਰ ਹਾਜ਼ਰ ਸਨ। ਚਾਹ-ਪਾਣੀ ਤੇ ਸਨੈਕਸ ਦਾ ਪ੍ਰਬੰਧ ਖਜਾਨਚੀ ਗੁਰਲਾਲ ਰੂਪਾਲੋ ਤੇ ਉਨ੍ਹਾਂ ਦੀ ਪਤਨੀ ਨੇ ਕੀਤਾ। ਅਖੀਰ ਵਿੱਚ ਸਭਾ ਦੇ ਪ੍ਰਧਾਨ ਦਵਿੰਦਰ ਮਲਹਾਂਸ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ ਤੇ ਅਗਲੇ ਮਹੀਨੇ ਦੀ ਮੀਟਿੰਗ ਜੋ 16 ਫਰਵਰੀ ਦਿਨ ਐਤਵਾਰ ਨੂੰ ਕੋਸੋ ਦੇ ਹਾਲ ਵਿੱਚ ਬਾਅਦ ਦੁਪਿਹਰ ਦੋ ਵਜੇ ਹੋਏਗੀ, ਸਭ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ। ਹੋਰ ਜਾਣਕਾਰੀ ਲਈ ਪ੍ਰਧਾਨ ਦਵਿੰਦਰ ਮਲਹਾਂਸ ਨੂੰ 403-993-2201 ਅਤੇ ਜਨਰਲ ਸਕੱਤਰ ਜੋਰਾਵਰ ਬਾਂਸਲ ਨੂੰ 587-437-7805 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Share this post

Leave a Reply

Your email address will not be published. Required fields are marked *