ਓਹਦੇ ਵਰਗਾ ਕਿਸੇ ਨੇ ਨਹੀਂ ਹੋਣਾ

ਪੰਜਾਬ ਦਾ ਵੱਡਾ ਇਤਿਹਾਸਕਾਰ, ਨਾਟਕਕਾਰ, ਕਵੀ, ਅਨੁਵਾਦਕ ਅਤੇ ਪ੍ਰਬੁੱਧ ਚਿੰਤਕ ਸੁਰਜੀਤ ਹਾਂਸ 17 ਜਨਵਰੀ ਨੂੰ ਅਲਵਿਦਾ ਕਹਿ ਗਿਆ। ਮੌਲਿਕ ਚਿੰਤਨ ਅਤੇ ਬੇਬਾਕ ਰਾਇ ਦੇਣ ਦੇ ਮਾਮਲੇ ਵਿਚ ਉਸ ਦਾ ਕੋਈ ਸਾਨੀ ਨਹੀਂ ਸੀ। ਹਾਂਸ ਦੇ ਆਪਣੇ ਸ਼ਬਦਾਂ ਵਿਚ ‘ਮੇਰਾ ਬਦਲ ਮੈਂ ਹੀ ਹਾਂ’। ਹਾਂਸ ਦੀਆਂ ਆਖ਼ਰੀ ਸਤਰਾਂ ਵਿਚੋਂ ਨਿਵੇਕਲੀ ਸੁਰ ਵਾਲੀ ਸਤਰ ਇਉਂ ਹੈ: ‘ਦੂਜੇ ਦੇ ਮਰਨ ’ਤੇ ਅਫ਼ਸੋਸ ਹੁੰਦਾ ਏ ਤੇ ਆਪਣੇ ਮਰਨ ’ਤੇ ਦੁੱਖ’।
ਹਰਭਜਨ ਸਿੰਘ ਭਾਟੀਆ
ਵੋਹ ਮਿਰੇ ਸਾਮਨੇ ਹੀ ਗਯਾ ਔਰ ਮੈਂ,
ਰਾਸਤੇ ਕੀ ਤਰਹ ਦੇਖਤਾ ਰਹਿ ਗਯਾ।
ਸਮਾਂ ਕਿਸ ਨੂੰ ਟਿਕਣ ਦੇਂਦਾ ਹੈ ‘‘ਸਫਾਂ ਪਿਛਲੀਆਂ ਸਭ ਲਪੇਟ ਲੈਂਦਾ’’। ਤੁਰ ਗਿਆ ਹਾਂਸ ਆਪਣੇ ਪਿੱਛੇ ਬਹੁਤ ਛੱਡ ਗਿਆ ਹੈ: ਧਨ ਦੌਲਤ, ਮਾਲ ਅਸਬਾਬ ਨਹੀਂ; ਆਪਣੀ ਦਰਵੇਸ਼ੀ ਜੀਵਨ ਜਾਚ, ਕਿਸੇ ਦੀ ਟੈਂ ਨਾ ਮੰਨਣ ਵਾਲਾ ਸੁਭਾਅ, ਟਿੱਚ ਨੂੰ ਟਿੱਚ ਕਹਿਣ ਦੀ ਜੁਅਰੱਤ, ਬਹੁਤ ਸਾਰਾ ਸਿਰਜਣਾਤਮਕ ਸਾਹਿਤ (ਕਵਿਤਾ, ਨਾਵਲ), ਅਨੁਵਾਦ, ਸਾਹਿਤ ਨੂੰ ਇਤਿਹਾਸ ਦੀ ਸਰੋਤ ਸਮੱਗਰੀ ਬਣਾ ਰਚੀਆਂ ਪੁਸਤਕਾਂ, ਢੇਰ ਸਾਰੇ ਰੀਵਿਊ ਅਤੇ ਦਰਸ਼ਨ, ਇਤਿਹਾਸ ਅਤੇ ਵਰਤਮਾਨ ਜ਼ਮਾਨੇ ਦੇ ਸੁਲਗ਼ਦੇ ਮਸਲਿਆਂ ਬਾਰੇ ਬਹੁਤ ਸਾਰੇ ਮਜ਼ਮੂਨ।
ਹਾਂਸ ਅੰਗਰੇਜ਼ੀ ਤੇ ਫਿਲਾਸਫ਼ੀ ਦੀ ਐੱਮ.ਏ. ਸੀ। ਉਸ ਨੇ ਪੀਐੱਚ.ਡੀ. ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਤੋਂ ਡਾ.ਜੇ.ਐਸ. ਗਰੇਵਾਲ ਨਾਲ ਕੀਤੀ। ਉਹ ਗੁਰੂ ਹਰਿਗੋਬਿੰਦ ਖਾਲਸਾ ਕਾਲਜ ਗੁਰੂਸਰ ਸੁਧਾਰ ਅੰਗਰੇਜ਼ੀ ਦਾ ਲੈਕਚਰਰ ਬਣਿਆ ਉੱਥੋਂ ਹੀ ਉਹ ਨਵੀਂ ਬਣੀ ਯੂਨੀਵਰਸਿਟੀ ਵਿਚ ਗੁਰੂ ਨਾਨਕ ਅਧਿਐਨ ਵਿਭਾਗ ਵਿਚ ਬਤੌਰ ਲੈਕਚਰਰ ਆਇਆ ਸੀ, ਸਮੁੰਦਰੀ ਹੋਰਾਂ (ਵਾਈਸ ਚਾਂਸਲਰ) ਦੇ ਜ਼ਮਾਨੇ ਵਿਚ। ਇਸੇ ਜ਼ਮਾਨੇ ਵਿਚ ਹੀ ਉਸ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ। ਉਸਤਾਦਾਂ ਦੇ ਡਰੂ, ਖੁਸ਼ਾਮਦੀ ਤੇ ਝੋਲੀ-ਚੁੱਕ ਸੁਭਾਅ ਕਰਕੇ ਉਹਦੀ ਨੌਕਰੀ ਨਾ ਬਚ ਸਕੀ। ਨਿਵਣਾ ਝੁਕਣਾ ਉਹਦੇ ਸੁਭਾਅ ਦਾ ਹਿੱਸਾ ਨਹੀਂ ਸੀ। ਇਕ ਬਿਰਦ ਜਿਹਾ ਸਾਈਕਲ ਉਸਦਾ ਸੰਗੀ-ਸਾਥੀ ਸੀ। ਵਾਹਨਾਂ ਤੇ ਕੱਪੜਿਆਂ ਨਾਲ ਪੈਂਠ ਦਿਖਾਉਣੀ ਉਹਦਾ ਸੁਭਾਅ ਨਹੀਂ ਸੀ। ਨੌਕਰੀ ਤੋਂ ਬਰਖਾਸਤ ਹੋਇਆ ਵੀ ਉਹ ਯੂਨੀਵਰਸਿਟੀ ਵਿਚ ਨਵਾਬਾਂ ਹਾਰ ਘੁੰਮਦਾ ਸੀ। ਉਸ ਵਿਚ ਜ਼ਮਾਨੇ ਵਿਚ ਉਹਦਾ ਚੁਬਾਰਾ ਮਸ਼ਹੂੁਰ ਸੀ। ਉਹਨੂੰ ਨਾਪਸੰਦ ਕਰਨ ਵਾਲੇ ਉਸ ਨੂੰ ਹੈਂਕੜਬਾਜ਼ ਤੇ ਗੁਸਤਾਖ ਸਮਝਦੇ ਸਨ। ਲਤਾੜੇ, ਬੇਬਾਜ਼ੂ ਪਰ ਜ਼ਹੀਨ ਗੱਭਰੂਆਂ ਵਿਚ ਉਹ ਖਾਸਾ ਮਕਬੂਲ ਸੀ। ਉਸਤਤ ਨਿੰਦਾ ਤੋਂ ਪਰ੍ਹੇ ਵਿਚਰਦਾ ਉਹ ਕਿਸੇ ਦੀ ਪ੍ਰਵਾਹ ਨਹੀਂ ਸੀ ਕਰਦਾ। ਇਸੇ ਬੇਪ੍ਰਵਾਹੀ/ਲਾਪ੍ਰਵਾਹੀ ਕਰਕੇ ਨੌਕਰੀ ਤੋਂ ਹੱਥ ਧੋ ਬੈਠਾ ਸੀ ਉਹ। ਯਾਰ-ਉਸਤਾਦ ਵੀ.ਸੀ. ਬਣਿਆ। ਨੌਕਰੀ ਬਹਾਲ ਹੋਈ। ਮਿੱਤਰ ਦੇ ਵੀ.ਸੀ. ਬਣਨ ਤੇ ਨੌਕਰੀ ਦੀ ਬਹਾਲੀ ਮਗਰੋਂ ਮੈਂ ਖ਼ੁਦ ਉਸ ਨੂੰ ਯੂਨੀਵਰਸਿਟੀ ਦੇ ਵਿਹੜੇ ਵਿਚ ਇਤਰਾਉਂਦੇ ਤੱਕਿਆ। (‘‘ਹੂਆ ਹੈ ਸ਼ਾਹ ਕਾ ਮੁਸਾਹਿਬ ਫਿਰੇ ਹੈ ਇਤਰਾਤਾ’’ ਵਰਗੀ ਸਥਿਤੀ ਸੀ)। ਉਸਤਾਦ-ਮਿੱਤਰ ਨਾਲ ਦੋਸਤੀ ਨੂੰ ਹਉਂ ਦੇ ਟਕਰਾਅ ਕਾਰਨ ਪੀਡੀ ਦੁਸ਼ਮਣੀ ਵਿਚ ਵਟਦੇ ਵੀ ਮੈਂ ਖ਼ੁਦ ਤੱਕਿਆ। ਹਾਂਸ ਬੁਨਿਆਦੀ ਤੌਰ ’ਤੇ ਵੱਖਰੀ ਤਰ੍ਹਾਂ ਦਾ ਬੰਦਾ ਤੇ ਅਨੂਠਾ ਜਿਹਾ ਸ਼ਾਇਰ ਸੀ। ਲੂਣ ਦੀ ਡਲੀ ਤੇ ਗੁਲਾਬੀ ਫੁੱਲ ਨਾਲ 1969 ਤੋਂ ਸ਼ੁਰੂ ਹੋਇਆ ਉਹਦਾ ਕਾਵਿ-ਸਫ਼ਰ ਗੱਲੋ (1986), ਸਾਬਕਾ (1988), ਅਪਸਰਾ (1990), ਅਗਿਆਤ ਮਿਰਤਕ ਦੇ ਨਾਉਂ (1991), ਕਾਂਜਲੀ, ਨਜ਼ਰਸਾਨੀ (2000), ਪੁਰਸ਼ਮੇਧ, ਹੁਣ ਤਾਂ ਲੰਘ ਚੱਲੀ ਰਾਹੀਂ ਬਿਰਧ ਲੋਕ (2003) ਤਕ ਅੱਪੜਿਆ। ਸ਼ਾਇਰੀ ਤਮਾਮ ਉਮਰ ਉਹਦੇ ਅੰਗ-ਸੰਗ ਰਹੀ। ਜਿੰਨਾ ਉਸ ਲਿਖਿਆ ਓਨਾ ਉਹ ਪੜ੍ਹਿਆ ਹਰਗਿਜ਼ ਨਾ ਗਿਆ। ਜੀਵਨ ਦੇ ਹਰ ਰੰਗ ਦੇ ਜਜ਼ਬਾਤ, ਤਜਰਬੇ, ਉਮਰਾ ਦੇ ਤਲਖ਼ ਤੁਰਸ਼ ਮੌਸਮ ਅਤੇ ਤਾਰੀਖ਼ ਦੀਆਂ ਕਰਵਟਾਂ ਉਸ ਦੀ ਸ਼ਾਇਰੀ ਦਾ ਹਿੱਸਾ ਬਣੀਆਂ। ਜੀਵਨ ਦੇ ਸਦੀਵੀ ਸਵਾਲਾਂ ਤੇ ਮਸਲਿਆਂ ਦੀ ਤਲਾਸ਼ ਵਿਚ ਉਹ ਉਮਰ ਭਰ ਰਿਹਾ। ਖੌਰੇ ਅਣਗੌਲੇ ਰਹਿ ਜਾਣ ਦਾ ਕਾਰਨ ਉਹਦਾ ਸੁਭਾਅ ਸੀ, ਸ਼ਾਇਰੀ ਦਾ ਅੰਦਾਜ਼ ਜਾਂ ਪੰਜਾਬੀ ਬੰਦੇ ਦੀ ਪੜ੍ਹਣ ਲਿਖਣ ਦੀ ਅਰੁਚੀ। ਖ਼ੈਰ! ਇਸੇ ਜ਼ਮਾਨੇ ਵਿਚ ਪੁਸ਼ਤਾਂ ਤੇ ਹਰਿਜਨ ਵਰਗੀਆਂ ਉਸ ਦੀਆਂ ਰਚਨਾਵਾਂ ਨੇ ਧਿਆਨ ਖਿੱਚਿਆ। ਮੂੰਹ ਆਈ ਬਾਤ ਨੂੰ ਆਖਣ-ਲਿਖਣ ਤੋਂ ਉਹ ਭੋਰਾ ਵੀ ਹਿਚਕਚਾਉਂਦਾ ਨਹੀਂ ਸੀ। ‘ਮਿੱਟੀ ਦੀ ਢੇਰੀ’ ਨਾਵਲ ਤੇ ‘ਇਮਤਿਹਾਨ’ ਜੇਹੀ ਰੱਫੜੀ ਨਾਵਲੈੱਟ ਵੀ ਉਸੇ ਦੀ ਕਲਮ ’ਚੋਂ ਜਨਮੀ। ਇਮਤਿਹਾਨ ਨਾਵਲੈੱਟ ਰਾਹੀਂ ਹਾਂਸ ਨੇ ਸਾਡੇ ਵਿਦਿਆ-ਤੰਤਰ ਦੇ ਆਡੰਬਰ ਅਤੇ ਭ੍ਰਿਸ਼ਟਾਚਾਰ ਨੂੰ ਖ਼ੂਬ ਨਸ਼ਰ ਕੀਤਾ। ਅੱਜ ਇਹ ਨਾਵਲੈੱਟ ਵੱਧ ਢੁੱਕਵਾਂ ਹੈ। ਸ਼ੈਕਸਪੀਅਰ ਉਹਦਾ ਪਸੰਦੀਦਾ ਨਾਟਕਕਾਰ ਸੀ ਜਿਸ ਦੇ ਨਾਟਕਾਂ ਦਾ ਉਸ ਰੀਝਾਂ ਲਾ ਲਾ ਤਰਜਮਾ ਕੀਤਾ। ਹਾਂਸ ਪੰਜਾਬੀ ਅਦਬ ਨੂੰ ਆਪਣੀ ਨਜ਼ਰ ਤੇ ਨਜ਼ਰੀਏ ਨਾਲ ਦੇਖਦਾ-ਭਾਂਪਦਾ ਸੀ। ਅਦਬ ਨੂੰ ਇਤਿਹਾਸ ਦੀ ਸਰੋਤ ਸਮੱਗਰੀ ਕਿਵੇਂ ਬਣਾਉਣਾ ਹੈ? ਇਹ ਅਟਕਲ ਉਹ ਖ਼ੂਬ ਜਾਣਦਾ ਸੀ। ਸਿੱਖ ਕੀ ਕਰਨ?, ਸਾਡਾ ਸਾਹਿਤ ਤੇ ਇਤਿਹਾਸ, ਸਾਡਾ ਸਾਹਿਤ ਤੇ ਸਭਿਆਚਾਰ, ਪਰੰਪਰਾ ਤੇ ਪ੍ਰਗਤੀਵਾਦ ਅਤੇ ਬਾਣੀ ਦਾ ਅਜੋਕੀ ਕਵਿਤਾ ਲਈ ਮਹੱਤਵ ਪੁਸਤਕਾਂ ਉਸ ਦੀ ਇਸੇ ਨਿਪੁੰਨਤਾ ਤੇ ਯੋਗਤਾ ਦੀ ਗਵਾਹੀ ਭਰਦੀਆਂ ਹਨ। ਮੈਨੂੰ ਉਸ ਦੀ ਅੰਗਰੇਜ਼ੀ ਵਿਚ ਲਿਖੀ ਪੁਸਤਕ ‘A Reconstruction of Sikh History from Sikh Literature’ ਖਾਸੀ ਪਸੰਦ ਹੈ। ਹਾਂਸ ਹਾਂਸ ਹੀ ਸੀ। ਤਾਰੀਖ਼ ਵਿਚ ਮੁੱਦਤਾਂ ਮਗਰੋਂ ਪੈਦਾ ਹੁੰਦੇ ਨੇ ਹਾਂਸ। ਜ਼ਰੂਰਤ ਰੋਣ-ਧੋਣ ਜਾਂ ਇਕ ਮਿੰਟ ਖ਼ਾਮੋਸ਼ੀਆਂ ਦੇ ਨੇਮ ਪਾਲਣ ਦੀ ਨਹੀਂ, ਉਸ ਦੀਆਂ ਮੁੱਲਵਾਨ ਲਿਖਤਾਂ ਨਾਲ ਜੁੜਣ ਤੇ ਉਸ ਦੀ ਕਹਿਣੀ ਤੇ ਕਰਨੀ ਦੇ ਖ਼ੂਬਸੂਰਤ ਤਵਾਜ਼ਨ ਨੂੰ ਜੀਵਨ ਸ਼ੈਲੀ ਦਾ ਹਿੱਸਾ ਬਣਾਉਣ ਦੀ ਹੈ। ਨਹੀਂ?
ਸਵਰਾਜਬੀਰ
17 ਜਨਵਰੀ ਦੀ ਸਵੇਰ ਨੂੰ ਇਹ ਮਾੜੀ ਖ਼ਬਰ ਆਈ ਕਿ ਸੁਰਜੀਤ ਹਾਂਸ ਗੁਜ਼ਰ ਗਏ ਹਨ। ਮੈਂ ਮਸ਼ਹੂਰ ਇਤਿਹਾਸਕਾਰ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਭਗਵਾਨ ਜੋਸ਼ ਨੂੰ ਫ਼ੋਨ ਕੀਤਾ ਤਾਂ ਉਸ ਨੇ ਕਿਹਾ ‘‘ਓਹਦੇ ਵਰਗਾ ਪੰਜਾਬ ਵਿਚ ਹੋਰ ਕੋਈ ਨਹੀਂ।’’ ਭਗਵਾਨ ਜੋਸ਼ ਦੀ ਗੱਲ ਸੋਲ੍ਹਾਂ ਆਨੇ ਸੱਚ ਹੈ। ਸੁਰਜੀਤ ਹਾਂਸ ਵਰਗਾ ਕੋਈ ਹੋਰ ਹੋ ਹੀ ਨਹੀਂ ਸਕਦਾ। ਉਸ ਦਾ ਤਰਕ ਹਮੇਸ਼ਾ ਤਿੱਖਾ ਤੇ ਚੀਰਵਾਂ ਹੁੰਦਾ, ਬੇਲਿਹਾਜ਼ ਉਸ ਦੀ ਸੋਚ ਭੱਠੀ ਵਿਚ ਤਪਿਆ ਹੋਇਆ, ਉਸ ਦੇ ਆਪਣੇ ਅੰਦਰਲੀ ਮਾਨਸਿਕ ਕਸ਼ਮਕਸ਼ ਦੇ ਵਿਸ਼ ਤੇ ਅੰਮ੍ਰਿਤ ਵਿਚ ਭਿੱਜਿਆ ਹੋਇਆ। ਕਈ ਵਾਰ ਲੱਗਦਾ ਹੈ ਕਿ ਉਹ ਜਾਣਬੁੱਝ ਕੇ ਤੁਹਾਡੇ, ਆਪਣੇ ਜਾਂ ਸਾਂਝੇ ਜ਼ਖ਼ਮਾਂ ’ਤੇ ਲੂਣ ਛਿੜਕ ਰਿਹਾ ਹੈ। ਪਰ ਉਸ ਦੇ ਤਰਕ ਵਿਚ ਡੂੰਘਿਆਈ ਹੁੰਦੀ ਹੈ, ਤਪਿਆ ਹੋਇਆ ਸੱਚ ਤੇ ਲੂੰਹਦਾ ਹੋਇਆ ਵਿਸ਼ਲੇਸ਼ਣ ਹੁੰਦਾ।
ਉੱਚੀ ਪੱਧਰ ਦਾ ਇਤਿਹਾਸ ਲਿਖਣ ਦੇ ਨਾਲ ਨਾਲ ਸੁਰਜੀਤ ਹਾਂਸ ਪੰਜਾਬੀ ਦਾ ਪ੍ਰਬੁੱਧ ਚਿੰਤਕ, ਕਵੀ, ਨਾਟਕਕਾਰ ਤੇ ਆਲੋਚਕ ਵੀ ਸੀ। ਉਮਰ ਦੇ 90ਵੇਂ ਸਾਲ ਵਿਚ ਵੀ ਉਹ ਲਗਾਤਾਰ ਮਿਹਨਤ ਕਰ ਰਿਹਾ ਸੀ ਅਤੇ ਉਸ ਦੀਆਂ ਦੋ ਨਵੀਆਂ ਕਿਤਾਬਾਂ ‘ਮ੍ਰਿਤਕ ਦਾ ਸੁਪਨਾ’ ਅਤੇ ‘ਚਾਰਲਸ ਡਾਰਵਿਨ ਦੀ ਯੁੱਗ ਪਲਟਾਊ ਕਿਤਾਬ ‘ਦ ਓਰੀਜਨ ਆਫ ਦ ਸਪੀਸੀਜ਼’ ਛਪਣ ਲਈ ਤਿਆਰ ਹਨ।
ਹਾਂਸ ਨੂੰ ਹਮੇਸ਼ਾ ਦੇਸ਼, ਪੰਜਾਬ ਤੇ ਪੰਜਾਬੀ ਦਾ ਫ਼ਿਕਰ ਲੱਗਾ ਰਹਿੰਦਾ। ਪਿਛਲੇ ਦਿਨੀਂ ਹੋਈ ਮੁਲਾਕਾਤ ਵਿਚ ਉਨ੍ਹਾਂ ਕਿਹਾ ਕਿ ਇਸ ਵੇਲੇ ਦਲਿਤਾਂ ਦਾ ਅੰਦੋਲਨ ਹੀ ਦੇਸ਼ ਲਈ ਸਭ ਤੋਂ ਵੱਡੀ ਆਸ ਹੈ ਪਰ ਚਿੰਤਾ ਵਾਲੀ ਗੱਲ ਇਹ ਹੈ ਕਿ ਉਨ੍ਹਾਂ ਕੋਲ ਕੋਈ ਵੱਡਾ ਆਗੂ ਨਹੀਂ। ਹਾਂਸ ਨੂੰ ਪੰਜਾਬ ਦੇ ਲੇਖਕਾਂ ਤੇ ਬੁੱਧੀਜੀਵੀਆਂ ਨਾਲ ਵੀ ਬਹੁਤ ਗ਼ਿਲਾ ਸੀ ਕਿ ਉਹ, ਉਹ ਕੰਮ ਨਹੀਂ ਕਰ ਰਹੇ ਜੋ ਉਨ੍ਹਾਂ ਨੂੰ ਕਰਨਾ ਚਾਹੀਦਾ ਹੈ। ਗੱਲਬਾਤ ਕਰਦਿਆਂ ਉਨ੍ਹਾਂ ਨੇ ਕਾਰਲ ਮਾਰਕਸ ਦੀ ਇਸ ਅੰਤਰਦ੍ਰਿਸ਼ਟੀ ਕਿ ਲਪੁੰਨ ਪ੍ਰੋਲੇਤਾਰੀਆਂ ਦਾ ਕਿਰਦਾਰ ਬਹੁਤ ਮਾੜਾ ਹੁੰਦਾ ਹੈ, ਦੀ ਪ੍ਰਸ਼ੰਸਾ ਕੀਤੀ ਅਤੇ ਫਿਰ ਲਾਤੀਨੀ ਮਾਰਕਸਵਾਦੀ ਵਿਦਵਾਨ ਗੁੰਡਰ ਫ਼ਰੈਂਕ ਦੇ ਹਵਾਲੇ ਨਾਲ ਦੱਸਿਆ, ‘‘ਜਿਵੇਂ ਸਮਾਜ ਵਿਚ ਲੰਪੁੰਨ ਪ੍ਰੋਲੇਤਾਰੀ ਹੁੰਦੇ ਹਨ, ਇਸੇ ਤਰ੍ਹਾਂ ਸਮਾਜ ਵਿਚ ਲੰਪੁੰਨ ਬੁੱਧੀਜੀਵੀ ਵੀ ਹੁੰਦੇ ਹਨ।’’ ਉਨ੍ਹਾਂ ਦੇ ਇਹ ਕਹਿਣ ਦਾ ਮਤਲਬ ਸੀ ਕਿ ਪੰਜਾਬ ਵਿਚ ਬਹੁਤ ਸਾਰੇ ਬੁੱਧੀਜੀਵੀ ਲੰਪੁੰਨ ਬੁੱਧੀਜੀਵੀ ਹਨ ਤੇ ਇਸਦੀ ਉਨ੍ਹਾਂ ਨੂੰ ਚਿੰਤਾ ਵੀ ਬਹੁਤ ਸੀ।
ਸੁਰਜੀਤ ਹਾਂਸ ਨੇ ਆਲੋਚਨਾ ਦੀ ਕਿਤਾਬ ‘ਪਰੰਪਰਾ ਅਤੇ ਪ੍ਰਗਤੀਵਾਦ’ ਵੀ ਲਿਖੀ, ਪਰ ਅਸਲੀ ਆਲੋਚਨਾ ਉਸਦੀ ਪ੍ਰੇਮ ਪ੍ਰਕਾਸ਼ ਦੁਆਰਾ ਸੰਪਾਦਿਤ ਮੈਗਜ਼ੀਨ ‘ਲਕੀਰ’ ਵਿਚ ਕਰਦਾ ਸੀ; ਵੱਡੇ-ਵੱਡੇ ਲੇਖਕਾਂ ਦੁਆਰਾ ਕਿਤਾਬਾਂ ਬਾਰੇ ਦੋ ਜਾਂ ਤਿੰਨ ਸਤਰਾਂ ਦੀ ਟਿੱਪਣੀ ਕਰਕੇ ਉਸ ਦਾ ਤੱਥ-ਸਾਰ ਪਾਠਕਾਂ ਦੇ ਸਾਹਮਣੇ ਪੇਸ਼ ਕਰ ਦਿੰਦਾ। ਕਈ ਕਿਤਾਬਾਂ ਬਾਰੇ ਉਸ ਦੀਆਂ ਟਿੱਪਣੀਆਂ ਯਾਦਗਾਰੀ ਹਨ। ਉਦਾਹਰਣ ਦੇ ਤੌਰ ’ਤੇ ਉਸ ਨੇ ਇਕ ਕਿਤਾਬ ਬਾਰੇ ਏਨਾ ਲਿਖਿਆ ਹੀ ‘‘ਕਿਤਾਬ ਦਾ ਟਾਈਟਲ ਬਹੁਤ ਸੁੰਦਰ ਹੈ’’ ਤੇ ਇਕ ਹੋਰ ਕਿਤਾਬ ਬਾਰੇ ‘‘ਇਸ ਕਿਤਾਬ ਦੇ ਦੋ ਭਮੂਕੇ ਹਨ’’ (ਭਮੂਕੇ ਤੋਂ ਉਸ ਦਾ ਮਤਲਬ ਭੂਮਿਕਾਵਾਂ ਤੋਂ ਹੈ)। ਲੇਖਕ ਉਹਦੀ ਆਲੋਚਨਾ ਪੜ੍ਹਦਾ, ਸੜਦਾ, ਭੁੱਜਦਾ, ਲੋਹਾ-ਲਾਖਾ ਹੁੰਦਾ ਪਰ ਮਨ ਹੀ ਮਨ ਉਸ ਨੂੰ ਪਤਾ ਹੁੰਦਾ ਹੈ ਕਿ ਜੋ ਸੁਰਜੀਤ ਹਾਂਸ ਨੇ ਲਿਖਿਆ ਹੈ, ਉਹ ਸੱਚ ਹੈ।
ਪੰਜਾਬੀ ਚਿੰਤਨ ਪਰੰਪਰਾ ਵਿਚ ਮੌਲਿਕਤਾ ਦਾ ਨਾਮ ਸੁਰਜੀਤ ਹਾਂਸ ਹੈ। ਸੁਰਜੀਤ ਹਾਂਸ ਦੇ ਸਾਹਿਤਕ ਤੇ ਇਤਿਹਾਸਕ ਯੋਗਦਾਨ ਤੋਂ ਪੰਜਾਬ ਦੇ ਕਵੀ, ਲੇਖਕ ਤੇ ਬੁੱਧੀਜੀਵੀ ਬਾਖ਼ੂਬੀ ਵਾਕਿਫ਼ ਹਨ। ਸੁਰਜੀਤ ਹਾਂਸ ਇਤਿਹਾਸ ਦੇ ਅਧਿਆਪਕ ਹੋਣ ਦੇ ਨਾਲ-ਨਾਲ ਬੋਲੀ ਦੀ ਡੂੰਘੀ ਸਮਝ ਰੱਖਦੇ ਸਨ। ਇਸ ਗੱਲ ਦੀ ਸਮਝ ਮੈਨੂੰ ਉਦੋਂ ਆਈ ਜਦੋਂ ਇਕ ਮੁਲਾਕਾਤ ਵਿਚ ਉਨ੍ਹਾਂ ਨੇ ‘ਵਕੂਫ਼’ ਲਫ਼ਜ਼ ਦੇ ਮਾਅਨੇ ਦੱਸੇ ਕਿ ਲੋਕ ਨਾਕਾਰਾਤਮਕ ਗੱਲ ਨੂੰ ਕਿੰਨੀ ਜਲਦੀ ਗ੍ਰਹਿਣ ਕਰਦੇ ਹਨ ਭਾਵ ਜੇਕਰ ਕਿਸੇ ਪੰਜਾਬੀ ਬੰਦੇ ਨੂੰ ‘ਵਕੂਫ਼’ ਲਫ਼ਜ਼ ਦੇ ਮਾਅਨੇ ਪੁੱਛੇ ਜਾਣ ਤਾਂ ਉਹ ਛੇਤੀ ਕਿਤੇ ਦੱਸ ਨਹੀਂ ਸਕੇਗਾ ਭਾਵੇਂ ਉਹ ਬੋਲੀ ਦਾ ਗਿਆਤਾ ਵੀ ਕਿਉਂ ਨਾ ਹੋਵੇ। ਪਰ ਜੇ ਇਸ ਲਫ਼ਜ਼ ਅੱਗੇ ‘ਬੇ’ ਲਗਾ ਦਿੱਤਾ ਜਾਵੇ ਤਾਂ ਉਹ ਝੱਟ ਸਮਝ ਲਵੇਗਾ ਕਿ ਇਹ ਤਾਂ ਬੇਵਕੂਫ਼ ਲਫ਼ਜ਼ ਹੈ। ‘ਵਕੂਫ਼’ ਦਾ ਮਾਅਨਾ ‘ਅਕਲ’ ਹੈ। ਉਨ੍ਹਾਂ ਨਾਲ ਗੱਲਬਾਤ ਕਰਦਿਆਂ ਅਹਿਸਾਸ ਹੋਇਆ ਕਿ ਪੰਜਾਬੀ ਮੂਲ ਸ਼ਬਦ ਬਹੁਤ ਘੱਟ ਹੀ ਭਾਵ ਨਾਂ-ਮਾਤਰ ਹੀ ਹਨ ਅਤੇ ਅਰਬੀ ਫ਼ਾਰਸੀ ਦੇ ਸ਼ਬਦਾਂ ਦੀ ਭਰਮਾਰ ਹੈ। ਉਨ੍ਹਾਂ ਦੇ ਮੁਤਾਬਿਕ ‘ਗੰਢਾ’ ਭਾਵ ਪਿਆਜ਼ ਵਰਗੇ ਸ਼ਬਦ ਹੀ ਮੂਲ ਰੂਪ ਵਿਚ ਪੰਜਾਬੀ ਦੇ ਹਨ। ਹਾਂਸ ਹੋਰਾਂ ਦੀ ਦ੍ਰਿਸ਼ਟੀ ਲਫ਼ਜ਼ਾਂ ਨੂੰ ਲੈ ਕੇ ਇਤਿਹਾਸਕ ਸਭਿਆਚਾਰਕ ਸੰਦਰਭਾਂ ਰਾਹੀਂ ਸਮੁੱਚੇ ਵਰਤਾਰੇ ਨੂੰ ਸਮਝਣ ਸਮਝਾਉਣ ਦਾ ਯਤਨ ਕਰਦੀ ਹੈ।
ਸੁਰਜੀਤ ਹਾਂਸ ਇਤਿਹਾਸ ਦੀ ਘੋਖ ਕਰਦਿਆਂ ਸਿਰਫ਼ ਤਵਾਰੀਖ਼ ’ਤੇ ਹੀ ਕੇਂਦਰਿਤ ਨਹੀਂ ਰਹਿੰਦੇ ਸਗੋਂ ਸਮਾਜਿਕ, ਸਾਹਿਤਕ ਤੇ ਸਭਿਆਚਾਰਕ ਤੰਦਾਂ ਰਾਹੀਂ ਇਤਿਹਾਸ ਦੀਆਂ ਗੁੰਝਲਾਂ ਖੋਲ੍ਹਣ ਦਾ ਯਤਨ ਕਰਦੇ ਸਨ।
ਹਾਂਸ ਦੀ ਕਿਤਾਬ ‘ਸਾਕੀਨਾਮਾ’ ਮੈਨੂੰ ਸਭ ਤੋਂ ਪਸੰਦ ਹੈ। ਇਹ ਲਤੀਫ਼ਿਆਂ ਦੀ ਕਿਤਾਬ ਹੈ। ਇਸ ਵਿਚਲੇ ਲਤੀਫ਼ੇ ਇਤਿਹਾਸਕ ਘਟਨਾਵਾਂ ਤੇ ਪੰਜਾਬੀ ਲੋਕਧਾਰਾ ’ਤੇ ਆਧਾਰਿਤ ਹਨ। ਇਸ ਕਿਤਾਬ ਨੇ ਬਹੁਤ ਸਾਰੇ ਲੋਕਾਂ ਨੂੰ ਪ੍ਰਭਾਵਿਤ ਕੀਤਾ।
ਡਾ. ਹਾਂਸ ਆਖ਼ਰੀ ਸਮੇਂ ਤੱਕ ਦਿਮਾਗ਼ੀ ਤੌਰ ’ਤੇ ਬਹੁਤ ਸੁਚੇਤ ਸਨ। ਉਨ੍ਹਾਂ ਨੇ ਮੈਨੂੰ ਅੰਗਰੇਜ਼ੀ ਫਿਲਮ ‘ਸਿਟੀਜ਼ਨ ਕੇਨ’ ਦੇਖਣ ਤੇ ਉਸ ਬਾਰੇ ਲਿਖਣ ਲਈ ਆਖਿਆ। ਇਹ ਫਿਲਮ ਉਰਸਨ ਵੈਲਸ ਨੇ 1941 ਵਿਚ ਬਣਾਈ ਜੋ ਅਮਰੀਕਾ ਵਿਚ ਨਾਗਰਿਕਤਾ ਦੇ ਸੰਕਟ ਨੂੰ ਦਰਸਾਉਂਦੀ ਹੈ। ਹਾਂਸ ਹੋਰਾਂ ਦੀ ਲਿਆਕਤ ਤੇ ਖੋਜੀ ਬਿਰਤੀ ਦਾ ਅੰਦਾਜ਼ਾਂ ਉਨ੍ਹਾਂ ਦੇ ਮੇਜ਼ ’ਤੇ ਪਏ ਅੰਗਰੇਜ਼ੀ ਦੇ ਟਾਈਮ ਲਿਟਰੇਰੀ ਰੀਵਿਊ, ਲੰਡਨ ਰੀਵਿਊ ਆਫ ਬੁੱਕਸ ਤੇ ਕ੍ਰਿਟੀਕਲ ਰੀਵਿਊ ਰਸਾਲਿਆਂ ਤੋਂ ਲੱਗ ਜਾਂਦਾ ਹੈ। ਟਾਈਮ ‘ਲਿਟਰੇਰੀ ਰੀਵਿਊ’ ਮੈਗਜ਼ੀਨ ਲੰਡਨ ਤੋਂ ਛਪਦਾ ਹੈ। ਇਸ ਮੈਗਜ਼ੀਨ ਵਿਚ ਹੈਨਰੀ ਜੇਮਸ, ਟੀ.ਐਸ.ਇਲੀਅਟ, ਵੀ.ਐੱਸ. ਨਾਇਪਾਲ, ਜਾਰਜ਼ ਓਰਵੈੱਲ ਵਰਗੇ ਵਿਦਵਾਨਾਂ ਦੇ ਲੇਖ ਛਪਦੇ ਰਹੇ ਹਨ।
ਆਪਣੀ ਗੱਲਬਾਤ ਵਿਚ ਹਮੇਸ਼ਾ ਉਹ ਸਮਕਾਲੀ ਸਮਾਜ ਦੇ ਸੰਕਟ ਬਾਰੇ ਚਿੰਤਤ ਰਹਿੰਦੇ। ਉਨ੍ਹਾਂ ਮੁਤਾਬਿਕ ਜੇ ਸਮਾਜ ਵਿਚ ਕੋਈ ਬਦਲਾਅ ਦੀ ਆਸ ਲੱਗਦੀ ਤਾਂ ਉਹ ਆਸ ਹਿੰਦੋਸਤਾਨ ਦੇ ਦਲਿਤ ਵਰਗ ਤੋਂ ਹੈ। ਪਰ ਇਸ ਗੱਲ ਦਾ ਵੀ ਹਮੇਸ਼ਾਂ ਉਨ੍ਹਾਂ ਨੂੰ ਝੋਰਾ ਲੱਗਾ ਰਹਿੰਦਾ ਕਿ ਇਸ ਵਰਗ ਨੂੰ ਡਾ. ਭੀਮ ਰਾਓ ਅੰਬੇਦਕਰ ਤੋਂ ਬਾਅਦ ਯੋਗ ਅਗਵਾਈ ਨਹੀਂ ਮਿਲੀ। ਡਾ. ਹਾਂਸ ਜਦੋਂ ਮਹਿਮਾਨ ਨੂੰ ਘਰ ਦੇ ਬਾਹਰ ਤੱਕ ਰੁਖ਼ਸਤ ਕਰਨ ਆਉਂਦੇ ਤਾਂ ਇਹ ਜ਼ਰੂਰ ਕਹਿੰਦੇ ਕਿ ‘‘ਮੈਂ ਬਾਹਰ ਤੱਕ ਤਾਂ ਛੱਡਣ ਆਇਆਂ ਕਿ ਮਹਿਮਾਨ ਦੁਬਾਰਾ ਆਉਣ ਸਮੇਂ ਘਰ ਨਾ ਭੁੱਲ ਜਾਏ’’। ਨਾਲ ਹੀ ਦੁਬਾਰਾ ਮਿਲਣ ਦਾ ਵਾਅਦਾ ਲੈਂਦੇ। ਹਾਂਸ ਮਹਿਮਾਨ-ਨਿਵਾਜ਼ੀ ਵਿਚ ਬੇਮਿਸਾਲ ਸਨ।
ਸੰਪਰਕ: 94174-78446
* ਮੇਰਾ ਦੇਸ਼ ਸ੍ਵੈਮਾਨੀ ਨਹੀਂ ਸ਼ੇਖ਼ੀਖ਼ੋਰਾ ਹੈ।
* ਭਾਸ਼ਾ ਯਥਾਰਥ ਦਾ ਨਿਰਣਾ ਕਰਦੀ ਹੈ।
* ਭਾਵੁਕਤਾ ਜਲਦੀ ਹੀ ਊਲਜਲੂਲ ’ਚ ਬਦਲ ਜਾਂਦੀ ਹੈ।
* ਫ਼ੌਜ ਬਿਲਕੁਲ ਅ-ਰਾਜਨੀਤਕ ਹੁੰਦੀ ਹੈ, ਜੇ ਮੁਲਕ ਸੱਜੇ ਨੂੰ ਜਾਂਦਾ ਹੋਵੇ।
* ਪਾਰਟੀਆਂ ਖ਼ਾਲੀ ਪਿੰਜਰ ਹੋ ਗਈਆਂ ਹਨ ਅਤੇ ਮੁਲਕ ਮੋਏ ਮਹਾਂਪੁਰਸ਼ਾਂ ਦੇ ਸਹਾਰੇ ਜੀ ਰਿਹਾ ਹੈ।
* ਜੇ ਖੁਸ਼ੀ ਨਾ ਲੱਭੇ ਤਾਂ ਬੰਦਾ ਅੱਯਾਸ਼ੀ ਵਿਚ ਪੈ ਜਾਂਦਾ ਹੈ।
* ਜੇ ਮੈਂ ਰੱਬ ਹੁੰਦਾ ਤਾਂ ਸਾਰਿਆਂ ਨੂੰ ਮੁਆਫ਼ ਕਰ ਦਿੰਦਾ।
* ਵਿਦੇਸ਼ੀ ਜ਼ੁਬਾਨ ਤਾਂ ਪੰਜ ਸੱਤ ਸਾਲਾਂ ’ਚ ਸਿੱਖ ਹੋ ਜਾਂਦੀ ਹੈ ਪਰ ਆਪਣੀ ਬੋਲੀ ਸਾਰੀ ਉਮਰ ਨਹੀਂ ਆਉਂਦੀ।
* ਸਪੀਨੋਜ਼ਾ: ਮੌਤ ਦਾ ਡਰ ਕਾਲਪਨਿਕ ਹੈ… ਜਦੋਂ ਅਸੀਂ ਹੁੰਦੇ ਹਾਂ, ਮੌਤ ਨਹੀਂ ਹੁੰਦੀ; ਜਦੋਂ ਮੌਤ ਹੁੰਦੀ ਹੈ ਅਸੀਂ ਨਹੀਂ ਹੁੰਦੇ।
* ਕਈ ਆਪਣੇ ਸ਼ਹਿਰ ’ਚ ਹੀ ਜਗਤ ਪ੍ਰਸਿੱਧ ਹੁੰਦੇ ਹਨ।
* ਲੋਕ ਰਾਇ ਸਿਰ ਜੋ ਮਰਜ਼ੀ ਲਾ ਦਿਓ, ਉਹਨੂੰ ਕਿਸ ਨੇ ਫੜ ਲੈਣੈ?
* ਭਾਸ਼ਾ ਸਮਝ ਲਈ ਰੁਕਾਵਟ ਵੀ ਹੋ ਜਾਂਦੀ ਹੈ।
* ਭਰਮਪਾਤ ਹੁੰਦਾ ਤਾਂ ਹੈ ਪਰ ਬਹੁਤ ਕੁਵੇਲ਼ੇ।
* ਕਾਫ਼ੀ ਦੇਰ ਤੱਕ ਦੁਖੀ ਰਹਿਣਾ ਕੋਈ ਸੌਖੀ ਗੱਲ ਨਹੀਂ।
* ਬਹੁਤੇ ਰਿਸ਼ਵਤ ਨੂੰ ਤਨਖ਼ਾਹ ਦਾ ਹਿੱਸਾ ਸਮਝਦੇ ਹਨ।
* ਮੂਰਖਤਾ ਦਾ ਆਪਣਾ ਵੇਗ ਹੁੰਦਾ ਹੈ।
* ਬੰਦਾ ਇੰਨਾ ਸਵਾਰਥੀ ਹੈ ਕਿ ਦੂਸਰੇ ਦੀ ਗ਼ਲਤੀ ਤੋਂ ਸਿੱਖਦਾ ਨਹੀਂ।
* ਮੈਂ ਸੰਤੁਲਨ ਦੀ ਕੋਸ਼ਿਸ਼ ਤਾਂ ਹਮੇਸ਼ਾ ਕਰਦਾ ਹਾਂ ਪਰ ਕਾਮਯਾਬ ਕਦੇ ਨਹੀਂ ਹੁੰਦਾ।
* ਬੋਰੀਅਤ ਵਿੱਚ ਸ਼ੁੱਧ ਅਸਤਿਤਵ ਦਾ ਅਹਿਸਾਸ ਹੁੰਦਾ ਹੈ।
* ਕਈ ਗੋਡਿਆਂ ਭਾਰ ਸਮਝੌਤਾ ਕਰਦੇ ਹਨ।
* ਯਾਦ ਵੀ ਹਥਿਆਰ ਹੈ।
‘ਪੰਜਾਬੀ ਟ੍ਰਿਬਿਊਨ ਤੋਂ ਧੰਨਵਾਦ ਸਹਿਤ