ਖੇਡਾਂ ਦਾ ਮਹਾਂਕੁੰਭ ਟੋਕੀਓ ਓਲੰਪਿਕਸ-2020 / ਨਵਦੀਪ ਸਿੰਘ ਗਿੱਲ

ਓਲੰਪਿਕ ਖੇਡਾਂ ਦੁਨੀਆਂ ਦਾ ਸਭ ਤੋਂ ਵੱਡਾ ਖੇਡ ਕੁੰਭ ਜਿਸ ਦੀ ਚਾਰ ਸਾਲ ਬਾਅਦ ਖਿਡਾਰੀਆਂ ਦੇ ਨਾਲ ਖੇਡ ਪ੍ਰੇਮੀਆਂ ਨੂੰ ਉਡੀਕ ਰਹਿੰਦੀ ਹੈ। ਲੀਪ ਵਾਲੇ ਸਾਲ ਵਿੱਚ ਹੁੰਦੀਆਂ ਇਹ ਖੇਡਾਂ ਇਸ ਵਾਰ ਜਾਪਾਨ ਦੀ ਰਾਜਧਾਨੀ ਟੋਕੀਓ ਵਿਚ 24 ਜੁਲਾਈ ਤੋਂ 9 ਅਗਸਤ ਤੱਕ ਹੋਣਗੀਆਂ। ਏਸ਼ੀਆ ਵਿੱਚ 12 ਵਰ੍ਹਿਆਂ ਬਾਅਦ ਓਲੰਪਿਕਸ ਦੀ ਵਾਪਸੀ ਹੋਵੇਗੀ। ਟੋਕੀਓ ਨੇ ਓਲੰਪਿਕ ਖੇਡਾਂ ਦੀ ਮੇਜ਼ਬਾਨੀ 7 ਸਤੰਬਰ 2013 ਨੂੰ ਅਰਜਨਟਾਈਨਾ ਦੇ ਸ਼ਹਿਰ ਬਿਓਨਸ ਆਇਰਸ ਵਿਚ ਹੋਈ ਕੌਮਾਂਤਰੀ ਓਲੰਪਿਕ ਕਮੇਟੀ ਦੇ 125ਵੇਂ ਸੈਸ਼ਨ ਦੌਰਾਨ ਹਾਸਲ ਕੀਤੀ ਸੀ ਜਦੋਂ ਉਸ ਨੇ ਮੇਜ਼ਬਾਨੀ ਦੀ ਦੌੜ ਵਿੱਚ ਤੁਰਕੀ ਦੇ ਸ਼ਹਿਰ ਇੰਸਤਾਬੁਲ ਅਤੇ ਸਪੇਨ ਦੇ ਸ਼ਹਿਰ ਮੈਡਰਿਡ ਨੂੰ ਹਰਾਇਆ ਸੀ। ਫਾਈਨਲ ਗੇੜ ਵਿੱਚ ਟੋਕੀਓ ਨੂੰ 60 ਤੇ ਇੰਸਤਾਬੁਲ ਨੂੰ 36 ਵੋਟਾਂ ਪਈਆਂ ਸਨ।
ਓਲੰਪਿਕ ਖੇਡਾਂ ਦੇ ਇਤਿਹਾਸ ’ਤੇ ਝਾਤੀ ਮਾਰੀਏ ਤਾਂ ਓਲੰਪਿਕ ਖੇਡਾਂ ਦੀ ਸ਼ੁਰੂਆਤ 1896 ’ਚ ਏਥਨਜ਼ (ਯੂਨਾਨ) ਵਿਚ ਹੋਈ ਸੀ। ਇਹ ਖੇਡਾਂ ਸਿਰਫ਼ ਓਲੰਪਿਕ ਖੇਡਾਂ ਨਾਲ ਪੁਕਾਰੀਆਂ ਜਾਂਦੀਆਂ ਹਨ ਪਰ ਅਸਲੀਅਤ ਵਿਚ ਜੇ ਇਤਿਹਾਸ ’ਤੇ ਝਾਤ ਮਾਰੀ ਜਾਵੇ ਤਾਂ ਇਹ ਨਵੀਨ ਓਲੰਪਿਕ ਖੇਡਾਂ ਹਨ। 1896 ’ਚ ਸ਼ੁਰੂ ਹੋਈਆਂ ਇਹ ਖੇਡਾਂ ਓਲੰਪਿਕ ਖੇਡਾਂ ਦਾ ਪਹਿਲਾ ਦੌਰ ਨਹੀਂ ਸੀ। ਇਸ ਤੋਂ ਪਹਿਲਾਂ ਵੀ ਓਲੰਪਿਕ ਖੇਡਾਂ ਹੁੰਦੀਆਂ ਸਨ। ਪਹਿਲੀਆਂ (ਪੁਰਾਤਨ) ਓਲੰਪਿਕ ਖੇਡਾਂ 776 ਈਸਾ ਪੂਰਵ (ਬੀ.ਸੀ.) ਵਿਚ ਸ਼ੁਰੂ ਹੋਈਆਂ ਸਨ। ਯੂਨਾਨ ਵਿੱਚ ਵੱਖ-ਵੱਖ ਰਾਜਿਆਂ ਵੱਲੋਂ ਕੀਤੀਆਂ ਜਾਂਦੀਆਂ ਲੜਾਈਆਂ ਨੂੰ ਬੰਦ ਕਰਵਾਉਣ ਲਈ ਇਨ੍ਹਾਂ ਖੇਡਾਂ ਦੀ ਸ਼ੁਰੂਆਤ ਹੋਈ ਸੀ ਪਰ ਫੇਰ ਜਦੋਂ ਖੇਡਾਂ ਕਾਰਨ ਲੜਾਈਆਂ ਹੋਰ ਹੋਣ ਲੱਗ ਗਈਆਂ ਤਾਂ ਪੁਰਾਤਨ ਓਲੰਪਿਕ ਖੇਡਾਂ 394 ਈਸਵੀ (ਏ.ਡੀ.) ’ਚ ਬੰਦ ਹੋ ਗਈਆਂ। ਪੁਰਾਤਨ ਓਲੰਪਿਕ ਖੇਡਾਂ ਦੇ ਬੰਦ ਹੋਣ ਤੋਂ 1502 ਸਾਲਾਂ ਬਾਅਦ ਮੁੜ ਇਹ ਖੇਡਾਂ 1896 ਵਿੱਚ ਯੂਨਾਨ ਦੀ ਧਰਤੀ ਤੋਂ ਹੀ ਸ਼ੁਰੂ ਹੋਈਆਂ। ਨਵੀਨ ਓਲੰਪਿਕ ਖੇਡਾਂ ਨੂੰ ਹਰ ਚਾਰ ਸਾਲਾਂ ਦੇ ਵਕਫ਼ੇ ਬਾਅਦ ਕਰਵਾਉਣ ਦਾ ਸਮਾਂ ਮਿੱਥਿਆ ਗਿਆ।
ਛੇ ਮਹੀਨਿਆਂ ਨੂੰ ਹੋਣ ਵਾਲੀਆਂ 32ਵੀਆਂ ਓਲੰਪਿਕ ਖੇਡਾਂ ਕਰਵਾਉਣ ਦੇ ਨਾਲ ਹੀ ਟੋਕੀਓ ਏਸ਼ੀਆ ਦਾ ਪਹਿਲਾ ਸ਼ਹਿਰ ਬਣ ਜਾਵੇਗਾ ਜਿਹੜਾ ਓਲੰਪਿਕਸ ਦੀ ਦੂਜੀ ਵਾਰ ਮੇਜ਼ਬਾਨੀ ਕਰੇਗਾ। ਟੋਕੀਓ ਵਿਸ਼ਵ ਦਾ ਪੰਜਵਾਂ ਸ਼ਹਿਰ ਹੋਵੇਗਾ ਜਿਹੜਾ ਦੋ ਜਾਂ ਇਸ ਤੋਂ ਵੱਧ ਵਾਰ ਖੇਡਾਂ ਦੀ ਮੇਜ਼ਬਾਨੀ ਕਰੇਗਾ। ਇਸ ਤੋਂ ਇਲਾਵਾ ਇਹ ਚੌਥਾ ਮੌਕਾ ਹੋਵੇਗਾ ਜਦੋਂ ਏਸ਼ੀਆ ਦੇ ਵਿਹੜੇ ਓਲੰਪਿਕ ਖੇਡਾਂ ਹੋਣਗੀਆਂ। 1964 ਵਿੱਚ ਟੋਕੀਓ ਪਹਿਲਾ ਏਸ਼ਿਆਈ ਸ਼ਹਿਰ ਬਣਿਆ ਸੀ ਜਿਸ ਨੇ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕੀਤੀ ਸੀ। ਇਸ ਤੋਂ ਬਾਅਦ 1988 ਵਿੱਚ ਸਿਓਲ (ਦੱਖਣੀ ਕੋਰੀਆ) ਤੇ 2008 ਵਿੱਚ ਬੀਜਿੰਗ (ਚੀਨ) ਨੇ ਓਲੰਪਿਕ ਖੇਡਾਂ ਕਰਵਾਈਆਂ।
ਮੇਜ਼ਬਾਨੀ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਵਾਰ ਲੰਡਨ ਨੇ ਤਿੰਨ ਵਾਰ (1908, 1948 ਤੇ 2012) ਖੇਡਾਂ ਕਰਵਾਈਆਂ ਹਨ। ਉਸ ਤੋਂ ਬਾਅਦ ਏਥਨਜ਼ (1896 ਤੇ 2004), ਪੈਰਿਸ (1900 ਤੇ 1924) ਅਤੇ ਲਾਸ ਏਂਜਲਸ (1932 ਤੇ 1984) ਨੇ ਦੋ-ਦੋ ਵਾਰ ਮੇਜ਼ਬਾਨੀ ਕੀਤੀ ਹੈ। ਜਾਪਾਨ ਦਾ ਸ਼ਹਿਰ ਟੋਕੀਓ ਹੁਣ ਪੰਜਵਾਂ ਮੁਲਕ ਹੈ ਜਿਹੜਾ ਦੂਜੀ ਵਾਰ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰੇਗਾ। ਦੇਸ਼ਾਂ ਦੀ ਗੱਲ ਕਰੀਏ ਤਾਂ ਹੁਣ ਤੱਕ ਅਮਰੀਕਾ ਨੇ ਚਾਰ ਵਾਰ, ਇੰਗਲੈਂਡ ਨੇ ਤਿੰਨ ਵਾਰ ਅਤੇ ਜਰਮਨੀ, ਯੂਨਾਨ, ਫਰਾਂਸ ਤੇ ਆਸਟਰੇਲੀਆ ਨੇ ਦੋ-ਦੋ ਵਾਰ ਖੇਡਾਂ ਦੀ ਮੇਜ਼ਬਾਨੀ ਕੀਤੀ ਹੈ। ਸਭ ਤੋਂ ਵੱਡੇ ਮਹਾਂਦੀਪ ਏਸ਼ੀਆ ਦੇ ਲਿਹਾਜ਼ ਨਾਲ ਟੋਕੀਓ ਦੂਜੀ ਵਾਰ ਖੇਡਾਂ ਦੇ ਮਹਾਂਕੁੰਭ ਦੀ ਮੇਜ਼ਬਾਨੀ ਕਰੇਗਾ।
ਪਿਛਲੇ ਸਾਲ 24 ਜੁਲਾਈ 2019 ਨੂੰ ਟੋਕੀਓ ਓਲੰਪਿਕਸ ਵਿੱਚ ਪੂਰਾ ਇਕ ਸਾਲ ਦਾ ਸਮਾਂ ਰਹਿਣ ਮੌਕੇ ਓਲੰਪਿਕਸ ਦੀ ਪੁੱਠੀ ਗਿਣਤੀ ਸ਼ੁਰੂ ਕਰਦਿਆਂ ਪ੍ਰਬੰਧਕੀ ਕਮੇਟੀ ਵੱਲੋਂ ਇਨ੍ਹਾਂ ਖੇਡਾਂ ਦੇ ਤਮਗੇ ਜਾਰੀ ਕੀਤੇ ਗਏ ਸਨ। ਟੋਕੀਓ ਵਿਚ 33 ਖੇਡਾਂ ਦੇ 50 ਵੰਨਗੀਆਂ ਦੇ 339 ਈਵੈਂਟਾਂ ਲਈ ਮੁਕਾਬਲੇ ਹੋਣਗੇ ਜਿਸ ਲਈ ਹੁਣ ਤੱਕ 102 ਮੁਲਕਾਂ ਦੇ ਖਿਡਾਰੀ ਕੁਆਲੀਫਾਈ ਹੋ ਚੁੱਕੇ ਹਨ। ਕੁਆਲੀਫਾਈ ਗੇੜ ਚੱਲ ਰਹੇ ਹਨ ਜਿਸ ਕਾਰਨ ਇਹ ਗਿਣਤੀ 200 ਤੱਕ ਪੁੱਜਣ ਦੀ ਸੰਭਾਵਨਾ ਹੈ। ਉਦਘਾਟਨੀ ਤੇ ਸਮਾਪਤੀ ਸਮਾਰੋਹ ਤੋਂ ਇਲਾਵਾ ਅਥਲੈਟਿਕਸ ਮੁਕਾਬਲੇ ਅਤੇ ਫੁਟਬਾਲ ਦੇ ਫਾਈਨਲ ਲਈ 60,102 ਸੀਟਾਂ ਦੀ ਸਮਰੱਥਾ ਵਾਲਾ ਨਿਊ ਨੈਸ਼ਨਲ ਸਟੇਡੀਅਮ ਹਾਲੇ ਉਸਾਰੀ ਅਧੀਨ ਹੈ। ਟੋਕੀਓ-2020 ਵਿੱਚ 3 ਐਕਸ 3 ਬਾਸਕਟਬਾਲ, ਫਰੀਸਟਾਈਲ ਬੀਐਮਐਕਸ, ਮੈਡੀਸਨ ਸਾਈਕਲਿੰਗ ਨਵੇਂ ਈਵੈਂਟ ਸ਼ਾਮਲ ਕੀਤੇ ਜਾ ਰਹੇ ਹਨ। ਬੇਸਬਾਲ ਤੇ ਸੌਫਟਬਾਲ ਦੀ ਵੀ 12 ਵਰ੍ਹਿਆਂ ਬਾਅਦ ਓਲੰਪਿਕ ਖੇਡਾਂ ਵਿੱਚ ਵਾਪਸੀ ਹੋਵੇਗੀ। ਓਲੰਪਿਕ ਖੇਡਾਂ ਦੀ ਮਸ਼ਾਲ ਮਾਰਚ 26 ਮਾਰਚ 2020 ਨੂੰ ਏਥਨਜ਼ ਤੋਂ ਰਵਾਇਤੀ ਢੰਗ ਨਾਲ ਜਲਾ ਕੇ ਜਾਪਾਨ ਦੇ ਫੁਕੁਸ਼ਿਮਾ ਤੋਂ ਸ਼ੁਰੂ ਹੋਵੇਗੀ।
ਟੋਕੀਓ ਓਲੰਪਿਕਸ ਲਈ ਕੁਆਲੀਫਾਈ ਦਾ ਗੇੜ ਚੱਲ ਰਿਹਾ ਹੈ। ਖੇਡਾਂ ਦੇ ਮਹਾਂਕੁੰਭ ਵਿੱਚ ਹਾਜ਼ਰੀ ਭਰਨ ਲਈ ਖਿਡਾਰੀ ਪੂਰੀ ਜੀਅ ਜਾਨ ਜੁੱਟੇ ਹੋਏ ਹਨ। ਭਾਰਤ ਦੀ ਇਨ੍ਹਾਂ ਖੇਡਾਂ ਵਿੱਚ ਹਿੱਸੇਦਾਰੀ ਦੀ ਗੱਲ ਕਰੀਏ ਤਾਂ ਵਿਅਕਤੀਗਤ ਤੇ ਟੀਮ ਖੇਡਾਂ ਨੂੰ ਮਿਲਾ ਕੇ ਹੁਣ ਤੱਕ ਭਾਰਤ ਦੇ 62 ਖਿਡਾਰੀ ਕੁਆਲੀਫਾਈ ਹੋ ਚੁੱਕੇ ਹਨ ਜਿਨ੍ਹਾਂ ਵਿੱਚ 35 ਪੁਰਸ਼ ਤੇ 27 ਮਹਿਲਾ ਖਿਡਾਰਨਾਂ ਸ਼ਾਮਲ ਹਨ। ਹਾਕੀ ਵਿੱਚ ਭਾਰਤ ਦੀ 16-16 ਮੈਂਬਰੀ ਪੁਰਸ਼ ਤੇ ਮਹਿਲਾ ਟੀਮ ਹਿੱਸਾ ਲਵੇਗੀ। ਇਸ ਤੋਂ ਇਲਾਵਾ ਨਿਸ਼ਾਨੇਬਾਜ਼ੀ ਵਿੱਚ 15, ਅਥਲੈਟਿਕਸ ਵਿੱਚ 6, ਤੀਰਅੰਦਾਜ਼ੀ ਤੇ ਕੁਸ਼ਤੀ ਵਿੱਚ 4-4 ਤੇ ਘੋੜਸਵਾਰੀ ਵਿੱਚ 1 ਖਿਡਾਰੀ ਕੁਆਲੀਫਾਈ ਹੋ ਚੁੱਕਾ ਹੈ। ਓਲੰਪਿਕ ਵਿੱਚ ਹਿੱਸਾ ਲੈਣ ਵਾਲੇ ਭਾਰਤੀ ਖਿਡਾਰੀਆਂ ਦੀ ਹਾਲੇ ਹੋਰ ਗਿਣਤੀ ਵਧੇਗੀ। ਬੈਡਮਿੰਟਨ, ਮੁੱਕੇਬਾਜ਼ੀ, ਲਾਅਨ ਟੈਨਿਸ, ਟੇਬਲ ਟੈਨਿਸ ਆਦਿ ਖੇਡਾਂ ਵਿੱਚ ਵੀ ਭਾਰਤੀ ਖਿਡਾਰੀ ਆਪਣੀ ਚੋਖੀ ਹਾਜ਼ਰੀ ਲਗਾਉਣਗੇ। ਇਸ ਤੋਂ ਇਲਾਵਾ ਨਿਸ਼ਾਨੇਬਾਜ਼ੀ, ਅਥਲੈਟਿਕਸ ਤੇ ਕੁਸ਼ਤੀ ਵਿੱਚ ਹੋਰ ਖਿਡਾਰੀਆਂ ਦੇ ਕੁਆਲੀਫਾਈ ਹੋਣ ਦੀ ਪੂਰੀ ਸੰਭਾਵਨਾ ਹੈ।
ਸੰਪਰਕ: 97800-36216

Leave a Reply

Your email address will not be published. Required fields are marked *