ਬਰਤਾਨੀਆ ਹੋਇਆ ਯੂਰਪੀ ਯੂਨੀਅਨ ਤੋਂ ਵੱਖ, 47 ਸਾਲ ਦੀ ਇਕਜੁਟਤਾ ਟੁੱਟੀ

ਲੰਡਨ : ਬਰਤਾਨੀਆ ਅੱਧੀ ਰਾਤ ਨੂੰ ਰਸਮੀ ਤੌਰ ’ਤੇ ਯੂਰਪੀ ਯੂਨੀਅਨ ਤੋਂ ਵੱਖ ਹੋ ਗਿਆ। ਇਸ ਦੇ ਨਾਲ ਹੀ ਯੂਰਪੀ ਯੂਨੀਅਨ ਮੈਂਬਰ ਦੇਸ਼ਾਂ ਦੇ ਨਾਲ ਉਸ ਦੀ 47 ਸਾਲ ਪੁਰਾਣੀ ਆਰਥਕ, ਸਿਆਸੀ ਤੇ ਕਾਨੂੰਨੀ ਇਕਜੁਟਤਾ ਖ਼ਤਮ ਹੋ ਗਈ। ਮਾਹਰਾਂ ਦਾ ਮੰਨਣਾ ਹੈ ਕਿ ਬਰਤਾਨੀਆ ਦੇ ਇਸ ਕਦਮ ਨਾਲ ਉਸ ਦੀ ਕਿਸਮਤ ਤੇ ਖ਼ੁਸ਼ਹਾਲੀ ਨਵਾਂ ਆਕਾਰ ਲਵੇਗੀ। ਉਹ ਵੱਖ ਵੱਖ ਮੁਲਕਾਂ ਨਾਲ ਆਪਣੇ ਸਬੰਧਾਂ ਨੂੰ ਨਵੀਂ ਦਿਸ਼ਾ ਦੇਵੇਗਾ। ਯੂਰਪੀ ਯੂਨੀਅਨ ਤੋਂ ਵੱਖ ਹੋਣ ਭਾਵ ਬ੍ਰੈਗਜ਼ਿਟ ’ਤੇ ਸ਼ੁੱਕਰਵਾਰ ਨੂੰ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ, ‘‘ਇਹ ਨਵੇਂ ਯੁੱਗ ਦੀ ਸ਼ੁਰੂਆਤ ਹੈ।’’
ਤਿੰਨ ਵਾਰ ਵਧਾਈ ਗਈ ਬ੍ਰੈਗਜ਼ਿਟ ਦੀ ਸਮਾਂ ਸੀਮਾ
ਬਰਤਾਨੀਆ 1973 ਵਿਚ ਯੂਰਪੀਅਨ ਯੂਨੀਅਨ ਨਾਲ ਜੁੜਿਆ ਸੀ। 28 ਦੇਸ਼ਾਂ ਦੇ ਇਸ ਸਮੂਹ ਤੋਂ ਵੱਖ ਹੋਣ ਲਈ ਸਾਲ 201 ਵਿਚ ਬ੍ਰੈਗਜ਼ਿਟ ’ਤੇ ਜਨਮਤ ਸੰਗ੍ਰਹਿ ਕਰਵਾਇਆ ਗਿਆ ਸੀ। ਜਨਮਨ ਸੰਗ੍ਰਹਿ ’ਤੇ ਜਨਤਾ ਦੀ ਮੋਹਰ ਦੇ ਬਾਵਜੂਦ ਬਰਤਾਨੀਆ ਨੂੰ ਯੂਰਪੀ ਯੂਨੀਅਨ ਤੋਂ ਵੱਖ ਹੋਣ ਵਿਚ ਕਰੀਬ 43 ਮਹੀਨੇ ਦਾ ਵਕਤ ਲੱਗ ਗਿਆ। ਸੰਸਦ ਦੇ ਗਤੀਰੋਧ ਕਾਰਨ ਤਿੰਨ ਵਾਰ ਬ੍ਰੈਗਜ਼ਿਟ ਦੀ ਸਮਾਂ ਸੀਮਾ ਵਧਾਈ ਗਈ। ਸੰਸਦ ਤੋਂ ਪ੍ਰਸਤਾਵ ਪਾਸ ਨਾ ਹੋਣ ’ਤੇ ਪਿਛਲੇ ਸਾਲ ਕੰਜ਼ਰਵੇਟਿਵ ਆਗੂ ਟੇਰੀਜ਼ਾ ਮੇਅ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ।
ਬੋਰਿਸ ਜਾਨਸਨ ਦੇ ਸ਼ਾਸਨ ਵਿਚ ਫ਼ੈਸਲਾ
ਟੇਰੀਜ਼ਾ ਮੇਅ ਮਗਰੋਂ ਬੋਰਿਸ ਜਾਨਸਨ ਪ੍ਰਧਾਨ ਮੰਤਰੀ ਦੀ ਕੁਰਸੀ ’ਤੇ ਕਾਬਜ ਹੋਏ। ਬ੍ਰੈਗਜ਼ਿਟ ’ਤੇ ਸੰਸਦ ਵਿਚ ਗਤੀਰੋਧ ਬਰਕਰਾਰ ਰਹਿਣ ’ਤੇ ਜਾਨਸਨ ਨੇ ਪਿਛਲੀ 12 ਦਸੰਬਰ ਨੂੰ ਮੱਧਕਾਲੀ ਚੋਣਾਂ ਕਰਵਾਈਆਂ ਸਨ। ਇਸ ਵਿਚ ਉਨ੍ਹਾਂ ਦੀ ਕੰਜ਼ਰਵੇਟਿਵ ਪਾਰਟੀ ਭਾਰੀ ਬਹੁਮਤ ਨਾਲ ਸੱਤਾ ਬਚਾਉਣ ਵਿਚ ਸਫਲ ਰਹੀ। ਚੋਣ ਜਿੱਤਣ ਤੋਂ ਬਾਅਦ ਜਾਨਸਨ ਨੇ ਕਿਹਾ ਸੀ, ‘‘ਸਾਨੂੰ ਨਵਾਂ ਜਨਮਤ ਮਿਲ ਗਿਆ ਹੈ। ਬਰਤਾਨੀਆ 31 ਜਨਵਰੀ ਨੂੰ ਯੂਰਪੀ ਯੂਨੀਅਨ ਤੋਂ ਵੱਖ ਹੋ ਜਾਵੇਗਾ।
ਵੱਖ ਹੋਣ ਦੀ ਪ੍ਰਕਿਰਿਆ ਵਿਚ ਲੱਗੇਗਾ ਇਕ ਸਾਲ
ਯੂਰਪੀ ਯੂਨੀਅਨ ਦੇ ਵੱਖ ਹੋਣ ਦੀ ਪੂਰੀ ਪ੍ਰਕਿਰਿਆ ਵਿਚ ਇਕ ਸਾਲ ਦਾ ਵਕਤ ਲੱਗੇਗਾ। ਪ੍ਰਕਿਰਿਆ ਪੂਰੀ ਕਰਨ ਲਈ 31 ਦਸੰਬਰ ਤੱਕ ਦਾ ਵਕਤ ਨਿਰਧਾਰਤ ਕੀਤਾ ਗਿਆ ਹੈ। ਇਸ ਸਮੇਂ ਵਿਚ ਉਹ ਯੂਰਪੀ ਯੂਨੀਅਨ ਦਾ ਮੈਂਬਰ ਬਣਿਆ ਰਹੇਗਾ। ਪਰ ਉਸ ਨੂੰ ਪ੍ਰਤੀਨਿਧਤਾ ਤੇ ਵੋਟਿੰਗ ਦਾ ਅਧਿਕਾਰ ਨਹੀਂ ਹੋਵੇਗਾ। ਇਸ ਸਮੇਂ ਦੌਰਾਨ ਦੋਵੇਂ ਧਿਰਾਂ ਆਪਣੇ ਭਵਿੱਖੀ ਸਬੰਧਾਂ ਦੀ ਰੂਪਰੇਖਾ ਨੂੰ ਅੰਤਿਮ ਰੂਪ ਦੇਣਗੀਆਂ। ਬਰਤਾਨੀਆ ਨੇ ਕਿਹਾ ਕਿ ਉਹ ਯੂਰਪੀ ਯੂਨੀਅਨ ਨਾਲ ਇਕ ਫਰਵਰੀ ਤੋਂ ਕਾਰੋਬਾਰੀ ਵਾਰਤਾ ਸ਼ੁਰੂ ਕਰਨ ਲਈ ਤਿਆਰ ਹੈ।
ਯੂਰਪੀ ਯੂਨੀਅਨ ਨੂੰ ਹੋਵੇਗਾ ਆਰਥਕ ਨੁਕਸਾਨ, ਬਰਤਾਨੀਆ ਵਿਚ ਕਿਤੇ ਖ਼ੁਸ਼ੀ ਕਿਤੇ ਗ਼ਮ
ਬਰਤਾਨੀਆ ਦੇ ਵੱਖ ਹੋਣ ਨਾਲ ਯੂਰਪੀ ਯੂਨੀਅਨ ਨੂੰ ਆਰਥਕ ਤੌਰ ’ਤੇ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ। ਉਸ ਦੀ ਅਰਥ ਵਿਵਸਥਾ ਵਿਚ 15 ਫੀਸਦੀ ਦੀ ਕਮੀ ਆ ਜਾਵੇਗੀ। ਇਸ ਦਾ ਵੱਡਾ ਕਾਰਨ ਇਹ ਹੈ ਕਿ ਲੰਡਨ ਨੂੰ ਕੌਮਾਂਤਰੀ ਆਰਤਕ ਰਾਜਧਾਨੀ ਮੰਨਿਆ ਜਾਂਦਾ ਹੈ। ਯੂਰਪੀ ਯੂਨੀਅਨ ਤੋਂ ਵੱਖ ਹੋਣ ’ਤੇ ਬਰਤਾਨੀਆ ਵਿਚ ਖ਼ੁਸ਼ੀ ਤੇ ਗਮ ਦੋਵੇਂ ਹੀ ਤਰ੍ਹਾਂ ਦਾ ਮਾਹੌਲ ਹੈ। ਕਈ ਸਮਰਥਕ ਬ੍ਰੈਗਜ਼ਿਟ ਨੂੰ ਆਜ਼ਾਦੀ ਦਿਹਾੜੇ ਦੇ ਤੌਰ ’ਤੇ ਦੇਖ ਰਹੇ ਹਨ ਤਾਂ ਵਿਰੋਧੀ ਇਸ ਨੂੰ ਮੂਰਖ਼ਤਾ ਮੰਨ ਰਹੇ ਹਨ। ਉਨ੍ਹਾਂਦੀ ਦਲੀਲ ਹੈ ਕਿ ਇਸ ਨਾਲ ਪੱਛਮ ਕਮਜ਼ੋਰ ਪੈ ਜਾਵੇਗਾ।