fbpx Nawidunia - Kul Sansar Ek Parivar

ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ (ਪਲੀ) ਨੇ ਸਤਾਰ੍ਹਵਾਂ ਸਾਲਾਨਾ ਅੰਤਰਰਾਸ਼ਟਰੀ ਮਾਂ-ਬੋਲੀ ਦਿਨ ਮਨਾਇਆ

ਸਰੀ (ਹਰਪ੍ਰੀਤ ਸੇਖਾ) : ਬੀਤੇ ਦਿਨੀਂ ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ (ਪਲੀ) ਨੇ ਕਵਾਂਟਲਿਨ ਪੌਲੀਟੈਕਨਿਕ ਯੂਨੀਵਰਸਿਟੀ ਅਤੇ ਦੀਪਕ ਬਿਨਿੰਗ ਫਾਊਂਡੇਸ਼ਨ ਦੇ ਸਹਿਯੋਗ ਨਾਲ ਸਤਾਰ੍ਹਵਾਂ ਸਲਾਨਾ ਅੰਤਰਰਾਸ਼ਟਰੀ ਮਾਂ-ਬੋਲੀ ਦਿਨ ਕਵਾਂਟਲਿਨ ਪੌਲੀਟੈਕਨਿਕ ਯੂਨੀਵਰਸਿਟੀ, ਸਰੀ ਵਿਚ ਮਨਾਇਆ। ਬਿ੍ਰਟਿਸ਼ ਕੋਲੰਬੀਆ ਦੇ ਸਕੂਲਾਂ ਵਿਚ ਪੰਜਾਬੀ ਪੜ੍ਹਦੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਇਸ ਸਮਾਗਮ ਦਾ ਸੰਚਾਲਨ ਐਲ ਏ ਮੈਥੀਸਨ ਸੈਕੰਡਰੀ ਸਕੂਲ ਵਿਚ ਪੰਜਾਬੀ ਅਧਿਆਪਕ ਅਤੇ ਪਲੀ ਦੀ ਸਰਗਰਮ ਮੈਂਬਰ ਪ੍ਰਭਜੋਤ ਕੌਰ ਨੇ ਕੀਤਾ।
ਕਵਾਂਟਲਿਨ ਪੌਲੀਟੈਕਨਿਕ ਯੂਨੀਵਰਸਿਟੀ ਦੇ ਅਗਜ਼ੈਕਟਿਵ ਡਾਇਰੈਕਟਰ ਸ਼੍ਰੀ ਸਟੀਵ ਲਵਰਨ ਨੇ ਸਮਾਗਮ ਦੀ ਸ਼ੁਰੂਆਤ ਇਹ ਕਹਿੰਦਿਆਂ ਕੀਤੀ ਕਿ ਅਸੀਂ ਆਦਿਵਾਸੀਆਂ ਦੀ ਅਸਪੁਰਦ ਜ਼ਮੀਨ (ਅਨਸੀਡਡ ਟੈਰੇਟਰੀ) ’ਤੇ ਇਕੱਤਰ ਹੋਏ ਹਾਂ। ਉਨ੍ਹਾਂ ਨੇ ਸਾਰੇ ਸਰੋਤਿਆਂ ਦਾ ਸਵਾਗਤ ਕੀਤਾ ਤੇ ਕਿਹਾ ਕਿ ਯੂਨੀਵਰਸਿਟੀ ਪੰਜਾਬੀ ਦੇ ਇਸ ਸਾਲਾਨਾ ਸਮਾਗਮ ਦੀ ਹਿੱਸੇਦਾਰ ਬਣਨ ਵਿਚ ਖੁਸ਼ੀ ਮਹਿਸੂਸ ਕਰਦੀ ਹੈ। ਦੀਪਕ ਬਿਨਿੰਗ ਫਾਊਂਡੇਸ਼ਨ ਵਲੋਂ ਪਾਲ ਬਿਨਿੰਗ ਨੇ ਵੀ ਸਰੋਤਿਆਂ ਦਾ ਸਵਾਗਤ ਕੀਤਾ ਅਤੇ ਫਾਊਂਡੇਸ਼ਨ ਵਲੋਂ ਯੂ ਬੀ ਸੀ ਅਤੇ ਕਵਾਂਟਲਿਨ ਯੂਨੀਵਰਿਸਟੀਆਂ ਵਿਚ ਸ਼ੁਰੂ ਕੀਤੀਆਂ ਸਕਾਲਰਸ਼ਿੱਪਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਹਾਜ਼ਰ ਸਰੋਤਿਆਂ ਨਾਲ ਪਲੀ ਦੇ ਕਾਰਜਾਂ ਸਬੰਧੀ ਵੀ ਕੁਝ ਜਾਣਕਾਰੀ ਸਾਂਝੀ ਕੀਤੀ।
ਪਲੀ ਦੇ ਪ੍ਰਧਾਨ ਬਲਵੰਤ ਸਿੰਘ ਸੰਘੇੜਾ ਨੇ ਇਸ ਸੰਸਥਾ ਦੇ ਬੋਰਡ ਮੈਂਬਰਾਂ, ਜਿਨ੍ਹਾਂ ਵਿਚ ਡਾ. ਸਾਧੂ ਬਿਨਿੰਗ, ਪਾਲ ਬਿਨਿੰਗ, ਪ੍ਰਭਜੋਤ ਕੌਰ, ਰਜਿੰਦਰ ਪੰਧੇਰ, ਹਰਮਨ ਪੰਧੇਰ, ਦਯਾ ਜੌਹਲ, ਰਣਬੀਰ ਜੌਹਲ, ਪਰਵਿੰਦਰ ਧਾਰੀਵਾਲ ਅਤੇ ਡਾ. ਕਮਲਜੀਤ ਕੌਰ ਕੈਂਬੋ ਹਨ, ਦੀ ਜਾਣ ਪਛਾਣ ਕਰਵਾਈ। ਉਨ੍ਹਾਂ ਕਿਹਾ ਕਿ ਕਨੇਡਾ ਵਿਚ ਪੰਜਾਬੀ ਦਾ ਭਵਿੱਖ ਬਹੁਤ ਉੱਜਲਾ ਹੈ ਅਤੇ ਇਹ ਕਨੇਡਾ ਦੇ ਕਈ ਨਗਰਾਂ, ਜਿੱਥੇ ਪੰਜਾਬੀ ਵਸੋਂ ਭਾਰੀ ਗਿਣਤੀ ਵਿਚ ਹੈ, ਰੁਜ਼ਗਾਰ ਦੀ ਭਾਸ਼ਾ ਬਣ ਚੁੱਕੀ ਹੈ। ਉਨ੍ਹਾਂ ਪੰਜਾਬੀ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਪੰਜਾਬੀ ਕਲਾਸਾਂ ਵਿਚ ਦਾਖਲਾ ਦਿਵਾਉਣ ਤਾਂ ਕਿ ਹੋਰ ਸਕੂਲਾਂ ਵਿਚ ਵੀ ਪੰਜਾਬੀ ਦੀ ਪੜ੍ਹਾਈ ਸ਼ੁਰੂ ਕਰਵਾਈ ਜਾ ਸਕੇ। ਉਨ੍ਹਾਂ ਨੇ ਪਲੀ ਵਲੋਂ ਪਿਛਲੇ ਦਿਨੀਂ ਸਦੀਵੀ ਵਿਛੋਡਾ ਦੇ ਗਏ ਪੰਜਾਬੀ ਸਾਹਿਤਕਾਰਾਂ, ਸ਼੍ਰੀ ਜਸਵੰਤ ਸਿੰਘ ਕੰਵਲ, ਡਾ. ਦਲੀਪ ਕੌਰ ਟਿਵਾਣਾ, ਸ਼੍ਰੀ ਇੰਦਰ ਸਿੰਘ ਖਾਮੋਸ਼ ਅਤੇ ਡਾ. ਸੁਰਜੀਤ ਹਾਂਸ ਨੂੰ ਸ਼ਰਧਾਂਜਲੀ ਭੇਟ ਕੀਤੀ। ਉੱਘੇ ਚਿੰਤਕ ਡਾ. ਸਾਧੂ ਸਿੰਘ ਨੇ ਪੰਜਾਬੀ ਬੋਲੀ ਨੂੰ ਸਲਾਮ ਕਰਦਿਆਂ ਕਿਹਾ ਕਿ ਇਸ ਦਾ ਸ਼ਬਦ ਭੰਡਾਰ ਬਹੁਤ ਅਮੀਰ ਹੈ ਅਤੇ ਉਨ੍ਹਾਂ ਨੂੰ ਹੋਰ ਜ਼ਬਾਨਾਂ ਵਿਚੋਂ ਪੰਜਾਬੀ ’ਚ ਤਰਜਮਾਂ ਕਰਦਿਆਂ ਕਦੇ ਵੀ ਕਿਸੇ ਸ਼ਬਦ ਦੀ ਤੋਟ ਮਹਿਸੂਸ ਨਹੀਂ ਹੋਈ। ਉਨ੍ਹਾਂ ਕਿਹਾ ਕਿ ਰਿਗਵੇਦ ਵਰਗੇ ਗ੍ਰੰਥ ਦੀ ਰਚਨਾ ਪੰਜਾਬੀ ਖਿੱਤੇ ਵਿਚ ਹੀ ਹੋਈ। ਉਨ੍ਹਾਂ ਧਨੀ ਰਾਮ ਚਾਤਿ੍ਰਕ ਦੀ ਕਵਿਤਾ, ਵਸੇ ਰਸੇ ਘਰ ਬਾਰ ਤੇਰਾ, ਮੀਆਂ ਲਾਲ਼ਾ ਤੇ ਸਰਦਾਰ ਤੇਰਾ, ਦਾ ਹਵਾਲਾ ਦਿੰਦਿਆਂ ਕਿਹਾ ਕਿ ਪੰਜਾਬੀ ਬੋਲੀ ਫਿਰਕਿਆਂ ਤੋਂ ਪਾਰ ਹੈ।
ਸਰੀ ਸਕੂਲ ਬੋਰਡ ਦੀ ਸ਼ਾਨਾ ਰੌਸ, ਡਾਇਰੈਕਟਰ ਆਫ ਇੰਸਟਰਕਸ਼ਨਜ਼, ਨੇ ਕਿਹਾ ਕਿ ਮਾਂ ਬੋਲੀ ਬੱਚੇ ਦੇ ਵਿਅਕਤੀਤਵ ਵਿਕਾਸ ਵਿਚ ਵੱਡਾ ਰੋਲ ਅਦਾ ਕਰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਸਰੀ ਦੇ ਸਕੂਲਾਂ ਵਿਚ 75000 ਵਿਚੋਂ 23 ਪ੍ਰਤੀਸ਼ਤ ਬੱਚੇ ਪੰਜਾਬੀ ਮੂਲ ਦੇ ਹਨ ਅਤੇ ਇਨ੍ਹਾਂ ਵਿਚੋਂ 1477 ਬੱਚੇ ਸਰੀ ਦੇ ਪੰਜ ਐਲੀਮੈਂਟਰੀ ਅਤੇ ਅੱਠ ਸੈਕੰਡਰੀ ਸਕੂਲਾਂ ਵਿਚ ਪੰਜਾਬੀ ਪੜ੍ਹਦੇ ਹਨ।
ਸਰੀ ਸ਼ਹਿਰ ਦੇ ਸਕੂਲ ਟਰੱਸਟੀ ਸ਼੍ਰੀ ਗੈਰੀ ਥਿੰਦ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਗੱਲ ਹੈ ਕਿ ਸਰੀ ਦੇ ਦੋ ਸਕੂਲਾਂ ਵਿਚ ਪੰਜਾਬੀ ਜਮਾਤਾਂ ਲਈ ਲੋੜੀਂਦੇ ਬੱਚੇ ਨਾ ਹੋਣ ਕਰਕੇ ਜਮਾਤਾਂ ਬੰਦ ਕਰਨੀਆਂ ਪਈਆਂ।
ਇਸ ਸਮਾਗਮ ਵਿਚ ਸਰੀ ਦੇ ਵਿਦਿਅਕ ਅਦਾਰਿਆਂ ਵਿਚ ਪੰਜਾਬੀ ਪੜ੍ਹਦੇ ਬੱਚਿਆਂ ਨੇ ਕਵਿਤਾਵਾਂ ਪੜ੍ਹੀਆਂ ਅਤੇ ਗੀਤ ਗਾਏ। ਪਿ੍ਰੰਸਸ ਮਾਰਗਰੇਟ ਸੈਕੰਡਰੀ ਸਕੂਲ ਦੇ ਵਿਦਿਆਰਥੀ ਰਾਜਵੀਰ ਸਿੰਘ ਕਲੇਰ ਨੇ ਆਪਣਾ ਹੀ ਲਿਖਿਆ ਹੋਇਆ ਗੀਤ, ਬੂਟੇ ਵੀ ਸੁੱਕ ਗਏ ਤਿੱਤਲੀਆਂ ਵੀ ਰੁੱਸੀਆਂ, ਲੈ ਕੇ ਤੂੰ ਆ ਜਾ ਬਹਾਰ ਵੇ, ਬਹੁਤ ਹੀ ਸੁਰੀਲੀ ਆਵਾਜ਼ ਵਿਚ ਗਾਇਆ। ਸੇਮੀਆਮੂਹ ਸੈਕੰਡਰੀ ਸਕੂਲ ਦੀ ਮਹਿਕਪ੍ਰੀਤ ਕੌਰ ਧਾਲੀਵਾਲ ਨੇ ‘ਪ੍ਰਦੇਸੀ ਵਸਦੇ ਪੰਜਾਬੀਓ’ ਨਾਂ ਦੀ ਕਵਿਤਾ ਪੜ੍ਹੀ। ਗੁਰੂ ਅੰਗਦ ਦੇਵ ਐਲੀਮੈਂਟਰੀ ਸਕੂਲ ਦੀ ਸਹਿਜਪ੍ਰੀਤ ਕੌਰ ਧਾਲੀਵਾਲ ਦੀ ਕਵਿਤਾ ਦਾ ਸਿਰਲੇਖ ਸੀ : ਮਾਂ ਬੋਲੀ ਸਿਖਾਦੇ ਮਾਏ ਮੇਰੀਏ। ਐਨਵਰ ਕਰੀਕ ਸੈਕੰਡਰੀ ਸਕੂਲ ਦੀ ਅੱਠਵੀਂ ਜਮਾਤ ਦੀ ਵਿਦਿਆਰਥੀ ਸੁਖਮਨ ਕੌਰ ਕੰਬੋਅ ਨੇ ਸੁਖਵਿੰਦਰ ਅਮਿ੍ਰਤ ਦੀ ਕਵਿਤਾ, ਫੁੱਲਾਂ ਵਰਗੀਓ ਕੁਡੀਓ‘ ਨੂੰ ਬਹੁਤ ਹੀ ਦਰਦੀਲੀ ਅਵਾਜ਼ ਵਿੱਚ ਪੇਸ਼ ਕੀਤਾ। ਗਰੀਨ ਟਿੰਬਰਜ਼ ਐਲੀਮੈਂਟਰੀ ਸਕੂਲ ਦੇ ਵਿਦਿਆਰਥੀ ਸਾਹਿਬ ਸਿੰਘ ਕੰਬੋਅ ਨੇ ‘ਜੇ ਵੱਡਿਆਂ ਦਾ ਮੰਨੀਏ ਕਹਿਣਾ’ ਨਾਂ ਦੀ ਕਵਿਤਾ ਰਵਾਨਗੀ ਨਾਲ ਸੁਣਾਈ। ਸਿੰਡਰਿਕ ਐਲਿਮੈਂਟਰੀ ਸਕੂਲ ਤੋਂ ਕਿੰਡਰਗਾਰਟਨ ਜਮਾਤ ਦੀ ਨੰਨੀ ਮੁੰਨੀ ਭਵੀਨ ਕੌਰ ਗਿੱਲ ਨੇ ‘ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ’ ਖੂਬਸੂਰਤ ਅੰਦਾਜ਼ ਵਿਚ ਸੁਣਾਈ। ਕਵਿਤਾ ਅਤੇ ਕਹਾਣੀ ਮੁਕਾਬਲੇ ਵਿਚ ਬੱਚਿਆਂ ਨੇ ਤਿੰਨ ਕਵਿਤਾਵਾਂ ਅਤੇ ਤਿੰਨ ਕਹਾਣੀਆਂ ਦਾ ਪਾਠ ਕੀਤਾ। ਕਹਾਣੀ ਮੁਕਾਬਲੇ ਵਿੱਚ ਪਿ੍ਰੰਸਸ ਮਾਰਗ੍ਰੇਟ ਸੈਕੰਡਰੀ ਸਕੂਲ ਤੋਂ ਗੁਰਨੂਰ ਕੌਰ ਦੀ ਕਹਾਣੀ ‘ਲੋਕ ਕੀ ਕਹਿਣਗੇ’ ਨੂੰ ਪਹਿਲਾ, ਇਸੇ ਹੀ ਸਕੂਲ ਤੋਂ ਅਵਨੀਤ ਕੌਰ ਸਮਰਾ ਦੀ ਕਹਾਣੀ ‘ਪਹਿਚਾਣ’ ਨੂੰ ਦੂਜਾ ਅਤੇ ਐਲ ਏ ਮੈਥੀਸਨ ਸੈਕੰਡਰੀ ਸਕੂਲ ਤੋਂ ਗੁਰਲੀਨ ਕੌਰ ਦੀ ਕਹਾਣੀ ‘ਸਿਆਣੀ ਧੀ’ ਨੂੰ ਤੀਜਾ ਸਥਾਨ ਮਿਲਿਆ। ਕਵਿਤਾ ਮੁਕਾਬਲੇ ਵਿਚ ਅਮਰੀਨ ਕੌਰ ਔਲਖ ਦੀ ਕਵਿਤਾ ‘ਜੇ ਮੈਂ ਪੰਛੀ ਹੋਵਾਂ’ ਨੂੰ ਪਹਿਲਾ, ਗੁਰਨੂਰ ਕੌਰ ਔਲਖ ਦੀ ਕਵਿਤਾ ‘ਪ੍ਰਮਾਤਮਾ ਦੀ ਰਚਨਾ’ ਨੂੰ ਦੂਜਾ ਅਤੇ ਹਰਲਾਜ ਕੌਰ ਦੀ ਕਵਿਤਾ ‘ਸਨੋਅ ਪੈਂਦੀ ਦੇਖ’ ਨੂੰ ਤੀਜਾ ਸਥਾਨ ਮਿਲਿਆ। ਇਹ ਤਿੰਨੋਂ ਖਾਲਸਾ ਸੈਕੰਡਰੀ ਸਕੂਲ ਸਰੀ ਦੀਆਂ ਵਿਦਿਆਰਥਣਾਂ ਹਨ। ਦੀਪਕ ਬਿਨਿੰਗ ਫਾਊਂਡੇਸ਼ਨ ਵਲੋਂ ਇਨ੍ਹਾਂ ਮੁਕਾਬਿਲਆਂ ਵਿਚ ਪਹਿਲੇ ਸਥਾਨ ਵਾਲੇ ਨੂੰ ਸੌ ਡਾਲਰ, ਦੂਜੇ ਸਥਾਨ ਲਈ ਪਝੱਤਰ ਡਾਲਰ ਤੇ ਤੀਜੇ ਸਥਾਨ ਲਈ ਪੰਜਾਹ ਡਾਲਰ ਇਨਾਮ ਵਜੋਂ ਦਿੱਤੇ ਗਏ। ਇਸ ਮੁਕਾਬਲੇ ਨੂੰ ਪੰਜਾਬੀ ਲੇਖਕ ਅਮਰੀਕ ਪਲਾਹੀ, ਕਵਿੰਦਰ ਚਾਂਦ ਅਤੇ ਸੁਰਿੰਦਰਪਾਲ ਕੌਰ ਬਰਾਡ ਨੇ ਜੱਜ ਕੀਤਾ। ਭਾਈਚਾਰੇ ਦੀ ਜਾਣੀਆਂ ਪਛਾਣੀਆਂ ਸ਼ਖਸੀਅਤਾਂ ਵੀ ਸਮਾਗਮ ਵਿਚ ਹਾਜ਼ਰ ਸਨ: ਬੀ ਸੀ ਦੇ ਲੇਬਰ ਮਨਿਸਟਰ ਹੈਰੀ ਬੈਂਸ ਅਤੇ ਐਮ ਐਲ ਏ ਰਚਨਾ ਸਿੰਘ, ਡਾਕਟਰ ਰਘਬੀਰ ਸਿੰਘ, ਜਰਨੈਲ ਸਿੰਘ ਸੇਖਾ, ਸੁਖਵੰਤ ਹੁੰਦਲ ਅਤੇ ਡਾਕਟਰ ਰਾਜਵੰਤ ਚਿਲਾਨਾ।
ਸਮਾਗਮ ਦੇ ਅਖੀਰ ਵਿੱਚ ਪਲੀ ਦੇ ਵਾਈਸ ਪ੍ਰੈਜ਼ੀਡੈਂਟ ਡਾ. ਸਾਧੂ ਬਿਨਿੰਗ ਨੇ ਇਸ ਸਮਾਗਮ ਦੇ ਸਹਿਯੋਗ ਲਈ ਕਵਾਂਟਲਿਨ ਯੂਨੀਵਰਸਿਟੀ, ਦੀਪਕ ਬਿਨਿੰਗ ਫਾਊਂਡੇਸ਼ਨ ਦੇ ਨਾਲ ਨਾਲ ਸਾਰੇ ਵਲੰਟੀਅਰਾਂ ਤੇ ਖਾਸ ਕਰ ਜਸ ਬਿਨਿੰਗ ਦਾ ਆਪਣੇ ਘਰ ਪਲੀ ਦੀਆਂ ਮੀਟਿੰਗਾਂ ਕਰਵਾਉਣ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਪੰਜਾਬੀ ਮੀਡੀਏ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਕਿਹਾ ਮੀਡੀਏ ਵਲੋਂ ਬੋਲੀ ਨਾਲ ਸਬੰਧਤ ਹਰ ਮਸਲੇ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾਂਦਾ ਹੈ। ਮਿਨਸਤਰਨੇ ਹਰਪ੍ਰੀਤ ਸੇਖਾ ਤੇ ਮੱਖਣ ਟੁੱਟ ਦਾ ਸਮਾਗਮ ਦੀਆਂ ਤਸਵੀਰਾਂ ਖਿੱਚਣ ਲਈ ਵੀ ਧੰਨਵਾਦ ਕੀਤਾ। ਇਸ ਵਾਰ ਰਜਿੰਦਰ ਪੰਧੇਰ ਹੋਰਾਂ ਦੀ ਕੋਸ਼ਿਸ਼ ਨਾਲ ਡੇਢ ਸੌ ਤੋਂ ਵੱਧ ਕਿਤਾਬਾਂ ਨੌਜਵਾਨਾਂ ਅਤੇ ਉਨ੍ਹਾਂ ਦੇ ਮਾਪਿਆਂ ਵਿਚ ਵੰਡੀਆਂ ਗਈਆਂ। ਇਹ ਕਿਤਾਬਾਂ ਸਥਾਨਕ ਲੇਖਕਾਂ ਮੋਹਨ ਗਿੱਲ, ਹਰਚੰਦ ਬਾਗਡੀ ਹੋਰਾਂ ਵਲੋਂ ਦਾਨ ਕੀਤੀਆਂ ਗਈਆਂ ਅਤੇ ਨਾਲ ਹੀ ਰਜਿੰਦਰ ਪੰਧੇਰ ਹੋਰਾਂ ਆਪਣੀ ਨਿੱਜੀ ਲਾਇਬ੍ਰੇਰੀ ਵਿਚੋਂ ਵੀ ਕਿਤਾਬਾਂ ਇਸ ਮਕਸਦ ਲਈ ਸ਼ਾਮਲ ਕੀਤੀਆਂ। ਅਖੀਰ ਵਿਚ ਸਾਧੂ ਬਿਨਿੰਗ ਨੇ ਕਿਹਾ ਕਿ ਪੰਜਾਬੀ ਪਿਛਲੇ ਕੁਝ ਸਾਲਾਂ ਤੋਂ ਕਨੇਡਾ ਵਿਚ ਤੀਜੇ ਨੰਬਰ ਤੇ ਬੋਲੀ ਜਾਣ ਵਾਲੀ ਬੋਲੀ ਹੈ ਤੇ ਸਾਨੂੰ ਮੰਗ ਕਰਨੀ ਚਾਹੀਦੀ ਹੈ ਕਿ ਇਸ ਨੂੰ ਕਨੇਡਾ ਪੱਧਰ ਤੇ ਕਨੇਡੀਅਨ ਬੋਲੀ ਵਜੋਂ ਮਾਨਤਾ ਮਿਲੇ। ਉਨ੍ਹਾਂ ਕਿਹਾ ਕਿ ਅਸੀਂ ਪਲੀ ਵਲੋਂ ਪਿਛਲੇ ਦੋ ਦਹਾਕਿਆਂ ਤੋਂ ਇਹ ਗੱਲ ਕਹਿੰਦੇ ਆ ਰਹੇ ਹਾਂ ਪਰ ਲੋਡ ਹੈ ਕਿ ਇਹ ਮੰਗ ਸਮੁੱਚੇ ਭਾਈਚਾਰੇ ਵਲੋਂ ਉਠਾਈ ਜਾਵੇ ਤਾਂ ਕਿ ਸਾਡੇ ਭਾਈਚਾਰੇ ’ਚੋਂ ਚੁਣੇ ਹੋਏ ਸਿਆਸੀ ਨੇਤਾ ਇਸ ਵੱਲ ਧਿਆਨ ਦੇਣਾ ਸ਼ੁਰੂ ਕਰਨ।

Share this post

Leave a Reply

Your email address will not be published. Required fields are marked *