ਮਨਪ੍ਰੀਤ ਸਿੰਘ ਪਵਾਰ ਨੇ ਹਾਕੀ ਖਿਡਾਰੀਆਂ ਦੀ ਸੂਚੀ ’ਚ ਸਿਖ਼ਰਲਾ ਸਥਾਨ ਮੱਲਿਆ

ਮੈਦਾਨ ’ਚ ਹਾਫ ਲਾਈਨ ’ਚ ਹਾਫ ਬੈਕ ਦੀ ਪੁਜ਼ੀਸ਼ਨ ’ਤੇ ਖੇਡਣ ਵਾਲੇ ਮਨਪ੍ਰੀਤ ਸਿੰਘ ਪਵਾਰ ਨੇ ਇਸ ਸਮੇਂ ਦੁਨੀਆਂ ਦੇ ਸਟਾਰ ਹਾਕੀ ਖਿਡਾਰੀਆਂ ਦੀ ਸੂਚੀ ’ਚ ਸਿਖ਼ਰਲਾ ਸਥਾਨ ਮੱਲਿਆ ਹੋਇਆ ਹੈ। ਇਸੇ ਹਾਕੀ ਹੁਨਰ ਦਾ ਸਿੱਟਾ ਹੈ ਕਿ ਦੁਨੀਆਂ ਦੀ ਹਾਕੀ ਦੇ ਅਸਮਾਨ ’ਤੇ ਕਦਮ ਰੱਖਣ ਵਾਲੇ ਮਨਪ੍ਰੀਤ ਸਿੰਘ ਨੂੰ ਫੈੱਡਰੇਸ਼ਨ ਆਫ ਕੌਮਾਂਤਰੀ ਹਾਕੀ-(ਐੱਫਆਈਐੱਚ) ਵੱਲੋਂ ‘ਬੈਸਟ ਪਲੇਅਰ ਆਫ ਯੀਅਰ-2019 ਐਵਾਰਡ’ ਲਈ ਨਾਮਜ਼ਦ ਕੀਤਾ ਗਿਆ ਹੈ। ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਇਸ ਮੁਕਾਬਲੇ ’ਚ ਬੈਲਜੀਅਮ ਦੇ 178 ਕੌਮਾਂਤਰੀ ਹਾਕੀ ਮੁਕਾਬਲੇ ਖੇਡਣ ਵਾਲੇ ਰੱਖਿਅਕ ਖਿਡਾਰੀ ਆਰਥਰ ਵਾਨ ਡੋਰੇਨ ਅਤੇ 242 ਕੌਮਾਂਤਰੀ ਮੈਚ ਖੇਡ ਚੁੱਕੇ ਅਰਜਨਟੀਨੀ ਸਟਰਾਈਕਰ ਲੁਕਾਸ ਵਿਲਾ ਨੂੰ ਪਛਾੜਨ ਸਦਕਾ ਹਾਕੀ ਦੇ ਸਰਵੋਤਮ ਖਿਤਾਬ ’ਤੇ ਕਬਜ਼ਾ ਕੀਤਾ ਹੈ। ਬੈਲਜੀਅਮ ਦੇ 25 ਸਾਲਾ ਡਿਫੈਂਡਰ ਆਰਥਰ ਵਾਨ ਡੋਰੇਨ ਨੂੰ ਦੂਜੇ ਅਤੇ 33 ਸਾਲਾ ਲੁਕਾਸ ਵਿਲਾ ਨੂੰ ਤੀਜੇ ਸਥਾਨ ਨਾਲ ਸਬਰ ਕਰਨਾ ਪਿਆ। ਇਸ ਮੁਕਾਬਲੇ ਲਈ ਵੱਖ-ਵੱਖ ਦੇਸ਼ਾਂ ਦੀਆਂ ਹਾਕੀ ਐਸੋਸੀਏਸ਼ਨਾਂ, ਖੇਡ ਮੀਡੀਆ ਨਾਲ ਸਬੰਧਤ ਪੱਤਰਕਾਰ, ਨਾਮੀਂ ਸਾਬਕਾ ਹਾਕੀ ਖਿਡਾਰੀ ਅਤੇ ਮੌਜੂਦਾ ਹਾਕੀ ਟੀਮਾਂ ਦੇ ਕਪਤਾਨ ਵੋਟਿੰਗ ਕਰਦੇ ਹਨ। ਮੱਧ ਪੰਕਤੀ ’ਚ ਸਾਹੀਂ ਵਿਚਰਨ ਵਾਲਾ ਮਨਪ੍ਰੀਤ ਸਿੰਘ ਪਵਾਰ 35.2 ਫ਼ੀਸਦੀ ਵੋਟਾਂ ਹਾਸਲ ਕਰ ਕੇ ਖ਼ਿਤਾਬੀ ਜਿੱਤ ਦਾ ਮਾਲਕ ਬਣਿਆ। ਮਨਪ੍ਰੀਤ ਸਿੰਘ ਨੇ ਆਪਣਾ ਖ਼ਿਤਾਬ ਮਰਹੂਮ ਪਿਤਾ ਸਰਦਾਰ ਬਲਜੀਤ ਸਿੰਘ ਨੂੰ ਸਮਰਪਿਤ ਕੀਤਾ ਹੈ। ਉਸ ਦਾ ਤਰਕ ਹੈ ਕਿ ਮਾਪਿਆਂ ਤੋਂ ਬਾਅਦ ਦੋਸਤ-ਮਿੱਤਰਾਂ ਦੀਆਂ ਦੁਆਵਾਂ ਸਦਕਾ ਹਾਕੀ ’ਚ ਇਹ ਮੁਕਾਮ ਹਾਸਲ ਹੋਇਆ ਹੈ। ਕਾਬਲੇਗ਼ੌਰ ਹੈ ਕਿ ਸੁਲਤਾਨ ਅਜ਼ਲਾਨ ਸ਼ਾਹ ਹਾਕੀ ਟੂਰਨਾਮੈਂਟ-2016 ਦੌਰਾਨ ਮਨਪ੍ਰੀਤ ਦੇ ਪਿਤਾ ਸਰਦਾਰ ਬਲਜੀਤ ਸਿੰਘ ਚਲਾਣਾ ਕਰ ਗਏ ਸਨ। ਜਾਪਾਨ ਨਾਲ ਪਹਿਲਾ ਮੈਚ ਖੇਡਣ ਬਾਅਦ ਮਨਪ੍ਰੀਤ ਪਿਤਾ ਦੇ ਸਸਕਾਰ ’ਚ ਸ਼ਾਮਲ ਹੋਇਆ ਸੀ ਅਤੇ ਅੰਤਿਮ ਰਸਮਾਂ ਤੋਂ ਬਾਅਦ ਉਹ ਮੁੜ ਮਲੇਸ਼ੀਆ ਪਰਤ ਕੇ ਟੀਮ ਦੇ ਦਸਤੇ ’ਚ ਸ਼ਾਮਲ ਹੋ ਗਿਆ ਸੀ। ਮਨਪ੍ਰੀਤ ਸਿੰਘ ਤੋਂ ਇਲਾਵਾ ਭਾਰਤੀ ਹਾਕੀ ਟੀਮ ਦੇ ਹਾਫ ਬੈਕ ਵਿਵੇਕ ਪ੍ਰਸਾਦ ਨੂੰ ‘ਰਾਈਜਿੰਗ ਹਾਕੀ ਸਟਾਰ ਆਫ ਯੀਅਰ-2019’ ਅਤੇ ਇੰਡੀਅਨ ਮਹਿਲਾ ਹਾਕੀ ਟੀਮ ਦੀ ਖਿਡਾਰਨ ਲਾਲਰੇਮਸਿਆਮੀ ਨੂੰ ‘ਮਹਿਲਾ ਰਾਈਜਿੰਗ ਹਾਕੀ ਸਟਾਰ ਆਫ ਯੀਅਰ-2019’ ਦੇ ਖਿਤਾਬਾਂ ਨਾਲ ਨਿਵਾਜਿਆ ਗਿਆ।
19 ਸਾਲਾ ਉਮਰ ’ਚ ਕੌਮੀ ਟੀਮ ’ਚ ਦਾਖ਼ਲਾ ਪਾਉਣ ਵਾਲੇ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਪਵਾਰ ਦੀ ਮੈਦਾਨ ਅੰਦਰ ਖੇਡਣ ਦੀ ਪਸੰਦੀਦਾ ਪੁਜ਼ੀਸ਼ਨ ਲੈਫਟ ਹਾਫ ਬੈਕ ਹੈ। ਮੈਦਾਨ ਅੰਦਰ ਆਪਣੇ ਫਾਰਵਰਡਾਂ ਨੂੰ ਗੋਲ ਕਰਨ ਦੇ ਮੂਵ ਮੁਹੱਈਆ ਕਰਾਉਣ ’ਚ ਮੋਹਰੀ ਰੋਲ ਅਦਾ ਕਰਨ ਵਾਲਾ ਮਨਪ੍ਰੀਤ ਸੰਕਟ ਸਮੇਂ ਵਿਰੋਧੀ ਸਟਰਾਈਕਰਾਂ ਦੇ ਹਮਲਿਆਂ ਨੂੰ ਠੁੱਸ ਕਰਨ ਲਈ ਆਪਣੇ ਡਿਫੈਂਡਰਾਂ ਨਾਲ ਮੋਢੇ ਨਾਲ ਮੋਢਾ ਡਾਹ ਕੇ ਸਾਥ ਦਿੰਦਾ ਹੈ। ਸਾਲ-2011 ’ਚ ਕੌਮੀ ਹਾਕੀ ਟੀਮ ਨਾਲ ਕੌਮਾਂਤਰੀ ਪਾਰੀ ਦਾ ਆਗਾਜ਼ ਕਰਨ ਵਾਲੇ ਮਨਪ੍ਰੀਤ ਸਿੰਘ ਨੂੰ ਲੰਡਨ-2012 ਤੇ ਰੀਓ-2014 ਓਲੰਪਿਕ ਹਾਕੀ ਖੇਡਣ ਤੋਂ ਇਲਾਵਾ ਹੇਗ-2014 ਅਤੇ ਭੁਬਨੇਸ਼ਵਰ-2018 ਦੇ ਦੋ ਆਲਮੀ ਹਾਕੀ ਕੱਪ ਖੇਡਣ ਦਾ ਰੁਤਬਾ ਹਾਸਲ ਹੈ। ਭੁਬਨੇਸ਼ਵਰ-2018 ਦੇ ਵਿਸ਼ਵ ਹਾਕੀ ਕੱਪ ਖੇਡਣ ਵਾਲੀ ਘਰੇਲੂ ਹਾਕੀ ਟੀਮ ਦੀ ਕਮਾਨ ਮਨਪ੍ਰੀਤ ਸਿੰਘ ਦੇ ਹੱਥਾਂ ’ਚ ਸੀ। ਸਰਦਾਰ ਸਿੰਘ, ਭਰਤ ਛੇਤਰੀ ਤੇ ਪੀ.ਆਰ.ਸ਼੍ਰੀਜੇਸ਼ ਦੀ ਕਪਤਾਨੀ ’ਚ ਸ਼ਾਨਦਾਰ ਹਾਕੀ ਖੇਡਣ ਵਾਲੇ ਮਨਪ੍ਰੀਤ ਦੀ ਕਪਤਾਨੀ ’ਚ ਕੌਮੀ ਹਾਕੀ ਟੀਮ ਢਾਕਾ-2017 ਏਸ਼ੀਆ ਹਾਕੀ ਕੱਪ ’ਚ ਚੈਂਪੀਅਨ ਨਾਮਜ਼ਦ ਹੋਈ। ਏਸ਼ੀਅਨ ਹਾਕੀ ਫੈਡਰੇਸ਼ਨ ਵਲੋਂ ‘ਜੂਨੀਅਰ ਪਲੇਅਰ ਆਫ ਦਿ ਯੀਅਰ-2014’ ਦਾ ਖਿਤਾਬ ਹਾਸਲ ਕਰਨ ਵਾਲੇ ਮਨਪ੍ਰੀਤ ਸਿੰਘ ਪਵਾਰ ਨੇ ਜਿਥੇ ਨਵੀਂ ਦਿੱਲੀ-2010 ਅਤੇ ਗਲਾਸਗੋ-2014 ਕਾਮਨਵੈਲਥ ਹਾਕੀ ’ਚ ਸਿਲਵਰ ਮੈਡਲ ਜੇਤੂ ਟੀਮਾਂ ਦੀ ਨੁਮਾਇੰਦਗੀ ਕੀਤੀ ਉਥੇ ਦੋ ਏਸ਼ੀਅਨ ਗੇਮਜ਼ ਇੰਚਿਓਨ-2014 ’ਚ ਗੋਲਡ ਮੈਡਲ ਅਤੇ ਜਕਾਰਤਾ-2018 ’ਚ ਤਾਂਬੇ ਦਾ ਮੈਡਲ ਜੇਤੂ ਟੀਮਾਂ ਨਾਲ ਵੀ ਮਨਪ੍ਰੀਤ ਨੇ ਹਾਕੀ ਮੈਦਾਨ ਨੂੰ ਚੰਗੇ ਰੰਗ-ਭਾਗ ਲਾਏ ਹਨ। ਸਾਲ-2018 ਕੌਮੀ ਸਰਵਉਚ ‘ਅਰਜੁਨ ਐਵਾਰਡ’ ਨਾਲ ਸਨਮਾਨੇ ਗਏ ਮਨਪ੍ਰੀਤ ਨੂੰ ਵਿਸ਼ਵ ਚੈਂਪੀਅਨਜ਼ ਹਾਕੀ ਟਰਾਫੀ ਲੰਡਨ-2016 ਅਤੇ ਹਾਲੈਂਡ-2018 ’ਚ ਦੋਵੇਂ ਵਾਰ ਚਾਂਦੀ ਦੇ ਮੈਡਲ ਨਾਲ ਹੱਥ ਮਿਲਾਉਣ ਵਾਲੀ ਭਾਰਤੀ ਹਾਕੀ ਟੀਮ ਦੀ ਪ੍ਰਤੀਨਿੱਧਤਾ ਕਰਨ ਦਾ ਮਾਣ ਨਸੀਬ ਹੋਇਆ। ਕੌਮਾਂਤਰੀ ਹਾਕੀ ਮੈਚਾਂ ’ਚ 19 ਗੋਲ ਆਪਣੇ ਖਾਤੇ ’ਚ ਜਮ੍ਹਾਂ ਕਰ ਚੁੱਕੇ ਮਨਪ੍ਰੀਤ ਸਿੰਘ ਨੂੰ ਮਲੇਸ਼ੀਆ-2013 ਏਸ਼ੀਆ ਹਾਕੀ ਕੱਪ ’ਚ ਸਿਲਵਰ ਮੈਡਲ ਅਤੇ ਵਰਲਡ ਹਾਕੀ ਲੀਗ-2017 ’ਚ ਤਾਂਬੇ ਦਾ ਤਗਮਾ ਹਾਸਲ ਹਾਕੀ ਟੀਮ ਨਾਲ ਮੈਦਾਨ ’ਚ ਖੇਡਣ ਦਾ ਹੱਕ ਹਾਸਲ ਹੋਇਆ। ਵਿਸ਼ਵ ਹਾਕੀ ਲੀਗ ਦਾ ਅਖੀਰਲਾ ਸੈਸ਼ਨ ਖੇਡਣ ਲਈ ਮੈਦਾਨ ’ਚ ਨਿੱਤਰੀ ਹੋਈ ਕੌਮੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਮੰਨਣਾ ਹੈ ਕਿ ਮਾਸਕੋ-1980 ਤੋਂ ਬਾਅਦ ਟੀਮ ਟੋਕੀਓ ਓਲੰਪਿਕ ’ਚ ਤਗਮਾ ਜਿੱਤਣ ਦਾ ਸੋਕਾ ਤੋੜਨ ’ਚ ਜ਼ਰੂਰ ਕਾਮਯਾਬ ਹੋਵੇਗੀ।
ਹਾਕੀ ਮੈਦਾਨ ’ਚ ਸਕੀਮਰ ਦੀ ਭੂਮਿਕਾ ਨਿਭਾਉਣ ਵਾਲੇ ਮਨਪ੍ਰੀਤ ਸਿੰਘ ਪਵਾਰ ਦਾ ਜਨਮ ਜੂਨ-26, 1992 ’ਚ ਮਨਜੀਤ ਕੌਰ ਦੀ ਕੁੱਖੋਂ ਮਰਹੂਮ ਬਲਜੀਤ ਸਿੰਘ ਪਵਾਰ ਦੇ ਗ੍ਰਹਿ ਵਿਖੇ ਜ਼ਿਲ੍ਹਾ ਜਲੰਧਰ ਦੇ ਪਿੰਡ ਮਿੱਠਾਪੁਰ ’ਚ ਹੋਇਆ। ਗੌਰਤਲਬ ਹੈ ਕਿ ਤਿੰਨ ਵਾਰ ਓਲੰਪਿਕ ਹਾਕੀ ’ਚ ਦੇਸ਼ ਦੀ ਟੀਮ ਦੀ ਨੁਮਾਇੰਦਗੀ ਕਰਨ ਵਾਲੇ ਸਾਬਕਾ ਕਪਤਾਨ ਪ੍ਰਗਟ ਸਿੰਘ ਵੀ ਪਿੰਡ ਮਿੱਠਾਪੁਰ ਦਾ ਜੰਮਪਲ ਹੈ। ਇਸ ਤੋਂ ਇਲਾਵਾ ਮਨਪ੍ਰੀਤ ਸਿੰਘ ਨਾਲ ਕੌਮੀ ਹਾਕੀ ਟੀਮ ’ਚ ਖੇਡਣ ਵਾਲੇ ਮਨਦੀਪ ਸਿੰਘ, ਤਲਵਿੰਦਰ ਸਿੰਘ ਅਤੇ ਵਰੁਣ ਕੁਮਾਰ ਵੀ ਪਿੰਡ ਮਿੱਠਾਪੁਰ ਦੇ ਮੂਲ ਨਿਵਾਸੀ ਹਨ। ਸੁਰਜੀਤ ਸਿੰਘ ਹਾਕੀ ਅਕਾਡਮੀ ਜਲੰਧਰ ਤੋਂ ਯੂਥ ਕਰੀਅਰ ਦਾ ਆਗਾਜ਼ ਕਰਨ ਵਾਲੇ ਮਨਪ੍ਰੀਤ ਨੂੰ ਹਾਕੀ ਖੇਡਣ ਦੀ ਗੁੜਤੀ ਪਰਿਵਾਰ ਤੋਂ ਮਿਲੀ। ਉਸ ਦੇ ਵੱਡੇ ਭਰਾ ਅਮਨਦੀਪ ਸਿੰਘ ਅਤੇ ਸੁਖਰਾਜ ਸਿੰਘ ਵੀ ਕੌਮੀ ਹਾਕੀ ਖੇਡਣ ਲਈ ਮੈਦਾਨ ’ਚ ਨਿੱਤਰ ਚੁੱਕੇ ਹਨ। ਹਾਕੀ ਕੋਚ ਸਰਬਜੀਤ ਸਿੰਘ ਸਾਬੀ ਨੇ ਮਨਪ੍ਰੀਤ ਸਿੰਘ ਨੂੰ ਛੋਟੀ ਉਮਰੇ ਹਾਕੀ ਦੇ ਰਸਤੇ ਪਾਇਆ। ਇਸ ਤੋਂ ਬਾਅਦ ਮਨਪ੍ਰੀਤ ਪਵਾਰ ਨੂੰ ਬਾਬਾ ਕਰਮ ਸਿੰਘ ਹਾਕੀ ਅਕਾਡਮੀ ਦੇ ਕੋਚ ਬਲਦੇਵ ਸਿੰਘ ਦੇਬੂ ਵਲੋਂ ਟਰੇਂਡ ਕੀਤਾ ਗਿਆ। ਕਰਮ ਸਿੰਘ ਅਕਾਡਮੀ ਤੋਂ ਹਾਕੀ ਖੇਡਣ ਦੀਆਂ ਬਾਰੀਕੀਆਂ ਤੋਂ ਜਾਣੂ ਹੋਣ ਤੋਂ ਬਾਅਦ ਸਾਲ-2011 ’ਚ ਮਨਪ੍ਰੀਤ ਨੂੰ ਸੁਰਜੀਤ ਹਾਕੀ ਅਕਾਡਮੀ ਜਲੰਧਰ ’ਚ ਐਂਟਰੀ ਹਾਸਲ ਹੋਈ। ਸੁਰਜੀਤ ਹਾਕੀ ਅਕਾਡਮੀ ਦੇ ਮੁੱਖ ਕੋਚ ਸੁਰਜੀਤ ਸਿੰਘ ਮਿੱਠਾ ਵਲੋਂ ਮਨਪ੍ਰੀਤ ਸਿੰਘ ਦੀ ਖੇਡ ਨੂੰ ਨਵੀਂ ਧਾਰ ’ਚ ਢਾਲਿਆ ਗਿਆ, ਜਿੱਥੋਂ ਮਨਪ੍ਰੀਤ ਸਿੰਘ ਨੂੰ ਜੂਨੀਅਰ ਕੌਮੀ ਹਾਕੀ ਟੀਮ ’ਚ ਬਰੇਕ ਨਸੀਬ ਹੋਈ।
ਸੰਪਰਕ: 94171-82993