ਕੁਰਬਾਨੀ / ਰਣਜੀਤ ਰਾਹੀ / ‘ਹੁਣ’ ਦੇ 30ਵੇਂ ਅੰਕ `ਚੋਂ

ਉਸ ਦੇ ਵੱਡੇ ਪੁੱਤਰ ਸਲਾਮਦੀਨ ਜੋ ਫ਼ੌਜ ਵਿਚ ਸੀ ਤੇ ਕੁਝ ਵਰ੍ਹੇ ਪਹਿਲਾਂ ਪਾਕਿਸਤਾਨੀ ਰੇਂਜਰਾਂ ਨਾਲ ਹੋਈ ਇਕ ਮੁਠਭੇੜ ਦੌਰਾਨ ਲਾਪਤਾ ਹੋ ਗਿਆ, ਮਾਰਿਆ ਗਿਆ ਜਾਂ ਜਿਉਂਦਾ ਹੈ ਕੁਝ ਵੀ ਪਤਾ ਨਹੀਂ ਸੀ ਲੱਗਿਆ, ਦੀ ਅਚਨਚੇਤ ਚਿੱਠੀ ਆ ਗਈ ਕਿ ਉਹ ਠੀਕ-ਠਾਕ ਹੈ ਤੇ ਇਸ ਸਮੇਂ ਲਾਹੌਰ ਜੇਲ੍ਹ ਵਿਚ ਹੈ ਤੇ ਇਸ ਵਾਰ ਈਦ ਮੌਕੇ ਪਾਕਿਸਤਾਨੀ ਸਰਕਾਰ ਉਸ ਨੂੰ ਰਿਹਾਅ ਕਰ ਦੇਵੇਗੀ…। ਇਕ ਤਰ੍ਹਾਂ ਨਾਲ ਇਹ ਖ਼ੁਸ਼ੀ ਦੀ ਖ਼ਬਰ ਸੀ ਤੇ ਉਹ ਖ਼ੁਸ਼ ਵੀ ਹੋਈ ਸੀ ਪਰ ਬਿਨਾਂ ਉਸ ਨਾਲ ਸਲਾਹ ਕੀਤੇ ਉਸ ਦਾ ਖਾਵੰਦ ਖ਼ੁਦਾ ਨਾਲ ਜੋ ਇਕਰਾਰ ਕਰ ਆਇਆ ਸੀ ਉਸ ਨੇ ਹੀ ਉਸ ਦਾ ਚੈਨ ਸੂਲੀ `ਤੇ ਟੰਗ ਦਿੱਤਾ ਹੋਇਆ ਸੀ, ਬੈਠੀ ਬੈਠੀ ਉਹ ਅਚਨਚੇਤ ਉਠਦੀ ਤੇ ਡੰਗਰਾਂ ਦੀਆਂ ਖੁਰਲੀਆਂ ਕੋਲ ਜਾਂਦੀ… ਭੁੱਬ ਮਾਰਦੀ ਤੇ ਫੇਰ ਕੰਬਦੀ ਦੇਹ ਸਮੇਤ ਮੁੜ ਆ ਬੈਠਦੀ…।
ਸਲਾਮਦੀਨ ਦੇ ਵਿਛੋੜੇ ਵਿਚ ਅੱਕੀ ਤੇ ਉਸ ਦਾ ਖਾਵੰਦ ਬਸ਼ੀਰਾ ਦਿਨਾਂ ਵਿਚ ਹੀ ਬੁੱਢੇ ਹੋ ਗਏ ਸਨ। ਘਰ ਵਿਚ ਜਿਵੇਂ ਉਦਾਸੀ ਦਾ ਪੋਚਾ ਫਿਰ ਗਿਆ ਸੀ। ਪਰ ਮੱਥੇ ਦੀਆਂ ਲਿਖੀਆਂ ਤਾਂ ਭੁਗਤਣੀਆਂ ਹੀ ਪੈਂਦੀਆਂ ਨੇ, ਯੁੱਧ ਵਾਂਗ ਹੀ ਦੁੱਖ ਭਾਵੇਂ ਕਿੰਨਾ ਵੀ ਵੱਡਾ ਹੋਵੇ ਜ਼ਿੰਦਗੀ ਨੂੰ ਖ਼ਤਮ ਨਹੀਂ ਕਰ ਸਕਦਾ ਹੁੰਦਾ, ਬੰਦੇ ਨੂੰ ਤਾਂ ਹਰ ਹਾਲ ਜੀਊਣਾ ਹੀ ਪੈਂਦਾ ਹੁੰਦੈ…। ਸਮਾਂ ਪਾ ਕੇ ਜਿਵੇਂ ਕਬਰਾਂ `ਤੇ ਹਰਾ-ਹਰਾ ਘਾਹ ਉੱਗ ਆਉਂਦੈ, ਜ਼ਖ਼ਮ `ਤੇ ਖਰੀਂਢ ਆ ਜਾਂਦੈ… ਤੇ ਫਿਰ ਖਰੀਂਢ ਝੜ ਕੇ ਮੱਧਮ ਜਿਹਾ ਦਾਗ਼ ਹੀ ਰਹਿ ਜਾਂਦਾ ਹੁੰਦੈ… ਇਵੈਂ ਹੀ ਉਨ੍ਹਾਂ ਨੂੰ ਵੀ ਇਹ ਨਾਮ ਭੁੱਲ ਗਿਆ।
ਸਲਾਮਦੀਨ ਤੋਂ ਛੋਟਾ ਖੈਰਦੀਨ ਦਸਵੀਂ ਪਾਸ ਕਰਨ ਪਿਛੋਂ ਵਿਹਲਾ ਸੀ… ਘਰ ਦੇ ਕੰਮ ਧੰਦੇ ਤੋਂ ਅੱਕਿਆ ਉਹ ਫ਼ੌਜ `ਚ ਭਰਤੀ ਹੋਣ ਦੀ ਜ਼ਿਦ ਕਰਨ ਲੱਗਾ। ਵੱਡੇ ਪੁੱਤਰ ਦੀ ਗੁੰਮਸ਼ੁਦਗੀ ਕਾਰਨ ਬਸ਼ੀਰਾ ਕਿਸੇ ਵੀ ਹਾਲਤ `ਚ ਉਸ ਨੂੰ ਫ਼ੌਜ `ਚ ਭੇਜਣ ਲਈ ਰਾਜ਼ੀ ਨਹੀਂ ਸੀ। ਉਹ ਤਾਂ ਚਾਹੁੰਦਾ ਸੀ ਕਿ ਉਹ ਘਰ ਦੀ ਖੇਤੀ ਸਾਂਭੇ, ਪਿੰਡ ਦੇ ਕੰਮੀਆਂ `ਚੋਂ ਤਾਂ ਹੁਣ ਕੋਈ ਸਾਂਝੀ ਵੀ ਨਹੀਂ ਸੀ ਰਲਦਾ, ਹਰ ਵਾਰ ਪੂਰਬੀਆਂ ਨੂੰ ਹੀ ਗੱਡੀ ਵਿਚੋਂ ਉਤਰਦਿਆਂ ਨੂੰ ਹੀ ਸੌ ਲਾਲਚ ਦੇ ਕੇ ਲਿਆਉਣਾ ਪੈਂਦੈ…। ਉਸ ਨੇ ਪੁੱਤਰ ਨੂੰ ਮਨਾਉਣ ਲਈ ਵਾਸਤਾ ਪਾਇਆ ‘‘ਪੁੱਤਰਾ ਆਪਾਂ ਲੋਕ ਤਾਂ ਜ਼ਮੀਨ ਨਾਲ ਇੰਜ ਜੁੜੇ ਹੋਏ ਹੁੰਦੇ ਐਂ ਜਿਵੇਂ ਨਾੜੂ ਦੇ ਰਾਹੀਂ ਬੱਚਾ ਮਾਂ ਦੀਆਂ ਆਂਦਰਾਂ ਨਾਲ ਜੁੜਿਆ ਹੁੰਦੈ, ਜਿਹੜਾ ਬੰਦਾ ਜ਼ਮੀਨ ਵੱਲ ਪਿੱਠ ਕਰ ਲਵੇ ਸਮਝੋ ਉਸ ਆਪਣੀ ਮਾਂ ਵੱਲ ਪਿੱਠ ਕਰ ਲਈ ਹੈ… ਆਪਣੀ ਮਾਂ ਵੱਲ ਪਿੱਠ ਨਾ ਕਰ ਮੇਰੇ ਲਾਲ…।“ ਪਰ ਖੈਰਦੀਨ ਕਿੱਥੇ ਮੰਨਣ ਵਾਲਾ ਸੀ। ਉਹ ਬੇਪਰਵਾਹੀ ਨਾਲ ਬੋਲਿਆ ‘‘ਨਹੀਂ ਅੱਬਾ ਨਹੀਂ ਖੇਤੀ `ਚ ਕੁਝ ਨਹੀਂ ਪਿਆ, ਜਿਸ ਵਾਰ ਚੰਗੇ ਮੀਂਹ ਪੈ ਜਾਣ, ਖਾਣ ਜੋਗੇ ਦਾਣੇ ਆ ਜਾਂਦੇ ਐ, ਜਿਸ ਵਾਰ ਮੀਂਹ ਨਾ ਪੈਣ ਭਾਂਡੇ ਮੂਧੇ ਪੈ ਜਾਂਦੇ ਹੁੰਦੇ ਆ… ਫ਼ੌਜ ਵਿਚ ਤਾਂ ਮੀਂਹ ਜਾਵੇ, ਹਨੇਰੀ ਜਾਵੇ ਤਨਖ਼ਾਹ ਤਾਂ ਮਿਲਣੀ ਓ ਹੁੰਦੀ ਐ… ਰਿਟਾਇਰ ਹੋਣ ਪਿਛੋਂ ਪਿਨਸ਼ਨ ਵੱਖਰੀ… ਵੇਖੋ ਅੱਬਾ ਜੇ ਤੁਸੀਂ ਮੇਰੇ ਕੰਮ `ਚ ਦਖ਼ਲ ਦਿਓਗੇ ਤਾਂ ਮੈਂ ਨਾਬਰ ਹੋ ਕੇ ਭਰਤੀ ਹੋ ਜਾਊਂ…।“ ਬਸ਼ੀਰੇ ਲਈ ਇਹ ਬਹੁਤ ਵੱਡੀ ਚੁਣੌਤੀ ਸੀ। ਕਿਸੇ ਜਾਣੂ ਦੀ ਸਲਾਹ `ਤੇ ਉਸ ਖੈਰਦੀਨ ਦਾ ਵਿਆਹ ਕਰਨ ਦਾ ਫ਼ੈਸਲਾ ਕਰ ਲਿਆ। ਉਸ ਦਾ ਵਿਚਾਰ ਸੀ ਕਿ ਵਿਆਹੇ ਜਾਣ ਪਿਛੋਂ ਉਹ ਵਹੁਟੀ ਦੇ ਮੋਹ `ਚ ਪੈ ਕੇ ਭਰਤੀ ਹੋਣ ਦੀ ਗੱਲ ਭੁੱਲ ਜਾਵੇਗਾ, ਸਲਾਮਦੀਨ ਫ਼ੌਜ `ਚ ਜਾਣ ਵੇਲੇ ਤੱਕ ਤੇ ਲਾਪਤਾ ਹੋਣ ਤਕ ਵੀ ਕੁਆਰਾ ਹੀ ਸੀ। ਜੇ ਉਹ ਵੀ ਵਿਆਹਿਆ ਹੁੰਦਾ ਸ਼ਾਇਦ ਫ਼ੌਜ ਵਿਚ ਨਾ ਹੀ ਜਾਂਦਾ। ਇਸ ਕਿਆਸ ਨਾਲ ਅੱਕੀ ਵੀ ਖੈਰਦੀਨ ਦੇ ਵਿਆਹ ਲਈ ਝੱਟ ਰਾਜ਼ੀ ਹੋ ਗਈ। ਇਕ ਨੇੜਲੀ ਰਿਸ਼ਤੇਦਾਰੀ `ਚੋਂ ਉਨ੍ਹਾਂ ਕੁੜੀ ਵੀ ਲੱਭ ਲਈ… ਸਕੀਨਾ, ਜੋ ਦਸ ਜਮਾਤਾਂ ਪੜ੍ਹੀ ਹੋਣ ਦੇ ਨਾਲ-ਨਾਲ ਖੈਰਦੀਨ ਨੂੰ ਕਾਬੂ ਰੱਖਣ ਦੇ ਸਮਰੱਥ ਵੀ ਜਾਪਦੀ ਸੀ। ਉਨ੍ਹਾਂ ਖੈਰਦੀਨ ਦਾ ਵਿਆਹ ਕਰ ਦਿੱਤਾ ਪਰ ਛੇ ਮਹੀਨੇ ਮੁਸ਼ਕਲ ਨਾਲ ਬੀਤੇ ਕਿ ਖੈਰਦੀਨ ਘਰੋਂ ਨਾਬਰ ਹੋ ਕੇ ਫ਼ੌਜ `ਚ ਭਰਤੀ ਹੋ ਗਿਆ।
ਹਰ ਵਰ੍ਹੇ ਖੈਰਦੀਨ ਜਦੋਂ ਛੁੱਟੀ ਆਉਂਦਾ ਘਰ ਵਿਚ ਰੌਣਕ ਆ ਵੜਦੀ ਹਨੇਰੀ ਵਾਂਗ ਤੇ ਜਦੋਂ ਪਰਤ ਜਾਂਦਾ ਤਾਂ ਫਿਰ ਸੁੰਨ ਪਸਰ ਜਾਂਦੀ… ਘਰ ਭਾਂਅ-ਭਾਂਅ ਕਰਨ ਲੱਗ ਪੈਂਦਾ। ਸਲਾਮਦੀਨ ਦੀ ਗੁੰਮਸ਼ੁਦਗੀ ਨੂੰ ਬਸ਼ੀਰਾ ਜਿਵੇਂ ਕਿਵੇਂ ਭੁੱਲ ਗਿਆ ਸੀ ਪਰ ਛੋਟੇ ਪੁੱਤਰ ਦੀ ਨਾਬਰੀ ਨੇ ਉਹ ਗਮ ਫਿਰ ਹਰਾ ਕਰ ਦਿੱਤਾ। ਉਸ ਨੂੰ ਡਰਾਉਣੇ-ਡਰਾਉਣੇ ਸੁਪਨੇ ਆਉਣ ਲੱਗੇ-ਉਦਾਸੀ `ਚ ਹੁੰਦਾ ਤਾਂ ਲੰਮੇ-ਲੰਮੇ ਸਾਹ ਲੈਣ ਲਗਦਾ, ਜੋ ਮੁੱਕਦੇ-ਮੁੱਕਦੇ ਹਉਂਕੇ ਬਣ ਜਾਂਦੇ। ਇਕ ਵਾਰ ਉਸ ਨੂੰ ਸੁਪਨਾ ਆਇਆ ਕਿ ਕਸਾਈ ਦੁੰਬੇ ਨੂੰ ਜਿਬ੍ਹਾ ਕਰ ਰਿਹਾ ਸੀ – ਪਲਾਂ ਛਿਣਾਂ ਵਿਚ ਦੁੰਬੇ ਦਾ ਮੂੰਹ ਸਲਾਮਦੀਨ ਦਾ ਮੂੰਹ ਬਣ ਗਿਆ ਜੋ ਚੀਕ-ਚੀਕ ਕੇ ਕਹਿ ਰਿਹਾ ਸੀ ‘ਅੱਬਾ ਮੈਨੂੰ ਬਚਾ ਲਓ… ਬਚਾ ਲਓ ਮੈਨੂੰ…।` ਤੇ ਬਸ਼ੀਰਾ ਹੜਬੜਾ ਕੇ ਉਠ ਬੈਠਿਆ। ਇਕ ਹੋਰ ਵਾਰ ਸੁਪਨਾ ਆਇਆ ਕਿ ਕਸਾਈ ਦੁੰਬੇ ਦੀ ਖੱਲ ਲਾਹ ਰਿਹਾ ਸੀ… ਤਦੇ ਦੁੰਬੇ ਦੇ ਸਾਰੇ ਅੰਗ ਮਨੁੱਖੀ ਅੰਗ ਬਣ ਗਏ। ਕੱਟੀ ਹੋਈ ਗਰਦਨ `ਚੋਂ ਲਹੂ ਇੰਜ ਵਹਿ ਰਿਹਾ ਸੀ ਜਿਵੇਂ ਪਰਨਾਲੇ `ਚੋਂ ਮੀਂਹ ਦਾ ਪਾਣੀ ਵਹਿੰਦਾ ਹੁੰਦੈ। ਹਰ ਵਾਰ ਸੁਪਨਾ ਵੇਖਣ ਪਿਛੋਂ ਉਹ ਹੜਬੜਾ ਕੇ ਉਠ ਬੈਠਦਾ, ਕਲਮਾ ਪੜ੍ਹਦਾ ਤੇ ਦੁਆ ਮੰਗਦਾ ‘ਯਾ ਖ਼ੁਦਾ ਬੁਰੇ ਵਕਤ ਤੋਂ ਬਚਾਈਂ।` ਇਕ ਵਾਰ ਸੁਪਨਾ ਵੇਖ ਕੇ ਤਾਂ ਉਹ ਏਨਾ ਡਰ ਗਿਆ ਕਿ ਉਸ ਖ਼ੁਦਾ ਨਾਲ ਇਕਰਾਰ ਹੀ ਕਰ ਲਿਆ ‘‘ਯਾ ਖ਼ੁਦਾ ਮੈਂ ਇਕਰਾਰ ਕਰਨਾ ਵਾਂ ਕਿ ਕਿਸੇ ਬੇਜ਼ੁਬਾਨ ਨੂੰ ਕਦੇ ਦੁੱਖ ਨਹੀਂ ਦਿਆਂਗਾ, ਕਦੇ ਜੀਵ ਹੱਤਿਆ ਨਹੀਂ ਕਰਾਂਗਾ।“ ਇਸ ਇਕਰਾਰ ਬਾਰੇ ਉਸ ਅੱਕੀ ਨੂੰ ਵੀ ਦੱਸ ਦਿੱਤਾ। ਉਂਜ ਸੁਪਨਿਆਂ ਵਾਲੀ ਗੱਲ ਉਸ ਆਪਣੇ ਤੀਕ ਹੀ ਸੀਮਤ ਰੱਖੀ…।
ਉਂਜ ਇਸ ਡਰੋਂ ਕਿ ਕੋਈ ਇਹ ਊਜ ਹੀ ਨਾ ਲਾ ਦੇਵੇ ਕਿ ਉਸ ਨੇ ਤਾਂ ਦੀਨ ਹੀ ਬਦਲ ਲਿਐ, ਉਸ ਗੋਸ਼ਤ ਖਾਣਾ ਨਹੀਂ ਸੀ ਛੱਡਿਆ। ਉਹ ਵੀ ਇੰਜ ਕਿ ਜੇ ਕੋਈ ਗੋਸ਼ਤ ਖਾਣ ਦੀ ਸੁਲ੍ਹਾ ਮਾਰ ਦਿੰਦਾ ਤਾਂ ਉਹ ਇਕ ਅੱਧ ਬੋਟੀ ਮੂੰਹ `ਚ ਪਾਉਣ ਮਗਰੋਂ ‘ਪੇਟ ਠੀਕ ਨਹੀਂ` ਦਾ ਬਹਾਨਾ ਕਰ ਕੇ ਉਠ ਆਉਂਦਾ… ਖੈਰਦੀਨ ਦੇ ਫ਼ੌਜ `ਚ ਜਾਣ ਤੋਂ ਪਹਿਲਾਂ ਹਰ ਕਿਸੇ ਨੂੰ ਟਿੱਚਰ ਮਖ਼ੌਲ ਕਰਨ ਵਾਲਾ ਬਸ਼ੀਰਾ ਹੁਣ ਚੁੱਪ-ਚੁੱਪ ਰਹਿਣ ਲੱਗਾ…। ਚਿਹਰੇ ਦੀ ਲਾਲੀ ਵੀ ਨੁਚੜ ਗਈ। ਉਸ ਬਾਰੇ ਤਾਂ ਮਸ਼ਹੂਰ ਸੀ ਕਿ ਉਹ ਹਰ ਬਿਪਤਾ ਦੀ ਬਾਂਹ ਮਰੋੜ ਸਕਦੈ… ਪਰ ਦੋਵੇਂ ਪੁੱਤਰਾਂ ਦੇ ਗਮ ਦੀ ਉਹ ਬਾਂਹ ਵੀ ਨਾ ਮਰੋੜ ਸਕਿਆ। ਇਸ ਧੋਬੀ ਪਟਕੇ ਨੇ ਤਾਂ ਉਸ ਨੂੰ ਮੰਜੇ `ਤੇ ਵਗਾਹ ਮਾਰਿਆ। ਅਜਿਹੀ ਨਾਮੁਰਾਦ ਬਿਮਾਰੀ ਚਿੰਬੜੀ ਕਿ ਡਾਕਟਰ ਵੈਦਾਂ ਦੀਆਂ ਦੁਆਈਆਂ ਵੀ ਉਸ ਦੀ ਪਿੱਠ ਨੂੰ ਮੰਜੇ ਨਾਲੋਂ ਨਾ ਤੋੜ ਸਕੀਆਂ…। ਅਖ਼ੀਰ ਕਿਸੇ ਨੇ ਦੱਸ ਪਾਈ ਕਿ ਦੁਆਈ ਦੇ ਨਾਲ ਉਸ ਨੂੰ ਬੱਕਰੀ ਦਾ ਦੁੱਧ ਵੀ ਦਿਓ, ਦੋਹੇਂ ਵੇਲੇ… ਤੇ ਬੱਕਰੀ ਦੀਆਂ ਮੀਂਗਣਾਂ ਦੀ ਧੂਣੀ ਵੀ ਧੁਖਾ ਕੇ ਰੱਖਿਆ ਕਰੋ, ਇਹਦੇ ਮੰਜੇ ਦੇ ਨੇੜੇ। ਫਿਰ ਕੀ ਸੀ ਅੱਕੀ ਪਿੰਡ ਦੇ ਜੁਲਾਹਿਆਂ ਦੇ ਘਰੋਂ ਬੱਕਰੀ ਖੋਲ੍ਹ ਲਿਆਈ ਮੂੰਹੋਂ ਮੰਗਿਆ ਮੁੱਲ ਦੇ ਕੇ। ਬਸ਼ੀਰੇ ਨੇ ਸਾਰੀ ਉਮਰ ਮੱਝ ਜਾਂ ਗਾਂ ਦਾ ਦੁੱਧ ਹੀ ਪੀਤਾ ਸੀ। ਜਦੋਂ ਪਹਿਲੇ ਦਿਨ ਅੱਕੀ ਨੇ ਬੱਕਰੀ ਦਾ ਦੁੱਧ ਗਰਮ ਕਰਕੇ ਗਿਲਾਸ ਉਸ ਦੇ ਹੱਥ ਫੜਾਇਆ ਤਾਂ ਦੁੱਧ ਦੀ ਓਪਰੀ ਜਿਹੀ ਹਵਾੜ ਉਸ ਦੇ ਨੱਕ ਨੂੰ ਚੜ੍ਹ ਗਈ… ਉਸ ਬੁੱਲ੍ਹ ਮਰੋੜਦਿਆਂ ਗਿਲਾਸ ਅੱਕੀ ਵੱਲ ਵਧਾਉਂਦਿਆਂ ਕਿਹਾ, ‘‘ਅੱਕੀਏ ਸਾਰੀ ਉਮਰ ਮੈਹਿੰ ਦਾ ਦੁੱਧ ਪੀਂਦਾ ਰਿਹਾਂ, ਹੁਣ ਐਹਿ ਮੁਸ਼ਕਿਆ ਦੁੱਧ ਮੈਥੋਂ ਨਹੀਂਓਂ ਪੀ ਹੋਣਾ… ਏਸ ਨਾਲੋਂ ਤਾਂ ਮੈਨੂੰ ਮਹੁਰਾ ਈ ਚਟਾ ਦੇ ਪਰਾਂ, ਹੋਰ ਨਾਲੇ ਸਿਆਪਾ ਈ ਮੁੱਕ ਜੂ ਵਿਚੋਂ…।
‘‘ਸ਼ੁਭ ਸ਼ੁਭ ਬੋਲ, ਮਹੁਰਾ ਚੱਟਣ ਸਾਡੇ ਦੁਸ਼ਮਣ… ਡਾਕਟਰਾਂ ਵੈਦਾਂ ਦੀਆਂ ਦੁਆਈਆਂ ਵੀ ਤਾਂ ਕੌੜੀਆਂ ਕੁਸੈਲੀਆਂ ਈ ਹੁੰਦੀਐਂ… ਦੁਆਈ ਸਮਝ ਕੇ ਹੀ ਪੀ ਲੈ, ਐਵੇਂ ਢੇਰੀ ਨਾ ਢਾਹ। ਅੱਲਾ ਆਪੇ ਮਿਹਰ ਕਰੂ।“ ਅੱਕੀ ਨੇ ਗਿਲਾਸ ਫਿਰ ਉਸ ਵੱਲ ਧੱਕ ਦਿੱਤਾ। ਬਸ਼ੀਰਾ ਕੌੜ ਜਿਹੀ ਨਾਲ ਉਸ ਵੱਲ ਝਾਕਿਆ ਤੇ ਫਿਰ ਗਿਲਾਸ `ਚੋਂ ਛੋਟੇ-ਛੋਟੇ ਘੁੱਟ ਭਰਨ ਲੱਗਾ। ਹੌਲੀ-ਹੌਲੀ ਉਸ ਨੂੰ ਇਸੇ ਦੁੱਧ ਦੀ ਆਦਤ ਜਿਹੀ ਪੈ ਗਈ।
ਬਸ਼ੀਰਾ ਬਿਮਾਰ ਕੀ ਪਿਆ ਜਿਵੇਂ ਘਰ ਹੀ ਮੂਧਾ ਹੋ ਗਿਆ। ਦੋਹੇਂ ਮੁੰਡਿਆਂ ਦੇ ਬਾਹਰ ਹੋਣ ਕਰ ਕੇ ਖੇਤੀ ਲਈ ਪਹਿਲਾਂ ਹੀ ਪੂਰਬੀਆ ਰੱਖਿਆ ਹੋਇਆ ਸੀ। ਉਹ ਚਾਹੁੰਦਾ ਤਾਂ ਕਨਾਲ ਦੇ ਕਰੀਬ ਥਾਂ `ਚ ਬਣੇ ਘਰ ਨੂੰ ਢਾਹ ਕੇ ਸ਼ਹਿਰ ਵਰਗੀ ਕੋਠੀ ਛੱਤ ਸਕਦਾ ਸੀ ਪਰ ਸੁਭਾਅ ਪੱਖੋਂ ਪੇਂਡੂ ਤੇ ਕਿਰਸੀ ਬਸ਼ੀਰਾ ਇੰਜ ਨਾ ਕਰ ਸਕਿਆ। ਪਿਓ-ਦਾਦੇ ਵੇਲੇ ਦੇ ਚਾਰ ਕਮਰੇ ਸਨ, ਡਾਟਾਂ ਦੀਆਂ ਛੱਤਾਂ ਵਾਲੇ, ਕੰਧਾਂ ਨੂੰ ਅੰਦਰੋਂ ਬਾਹਰੋਂ ਟੀਪ ਹੋਈ ਹੋਈ ਸੀ… ਟੀਪ ਵਾਲੇ ਹੀ ਇੱਟਾਂ ਦੇ ਫਰਸ਼ ਸਨ। ਅੱਕੀ ਵੀ ਤੇ ਸਕੀਨਾ ਵੀ ਕਈ ਵਾਰ ਕਹਿ ਚੁੱਕੀਆਂ ਸਨ ਕਿ ਘੱਟੋ ਘੱਟ ਫਰਸ਼ ਤਾਂ ਪੱਕੇ ਸੀਮਿੰਟ ਵਾਲੇ ਲੁਆ ਲਏ ਜਾਣ ਪਰ ਬਸੀਰਾ ਹਰ ਵਾਰ ਉਨ੍ਹਾਂ ਨੂੰ ਝਿੜਕ ਦੇਂਦਾ। ‘ਢਕੀਆਂ ਰਹੋ, ਨਾਂਹ! ਇੱਟਾਂ ਵਾਲੇ ਫਰਸ਼ ਥੋਡੇ ਬੇਗਮਾਂ ਦੇ ਪੈਰਾਂ `ਚ ਚੁੱਭਦੇ ਐ, ਟੈਮ ਈ ਕੱਟਣੈ… ਜਦੋਂ ਮੁੰਡਾ ਪੈਨਸ਼ਨ ਲੈ ਕੇ ਆ ਜਾਉ ਜੋ ਮਰਜ਼ੀ ਪਿਆ ਕਰੇ… ਵੱਡੇ ਦੀ ਤਾਂ ਹੁਣ ਕੋਈ ਆਸ ਈ ਨੀਂ ਬਚੀ…।“ ਗੱਲ ਕਰਦਿਆਂ ਕਰਦਿਆਂ ਆਪ ਮੁਹਾਰੇ ਉਸ ਦੇ ਸੰਘੋਂ ਹਉਕਾ ਨਿਕਲ ਜਾਂਦਾ…।
ਉਸ ਨੇ ਤਾਂ ਘਰ ਦੀ ਚਾਰ ਦੀਵਾਰੀ ਵੀ ਢਾਈ ਤਿੰਨ ਫੁੱਟ ਤੋਂ ਉਚੀ ਨਹੀਂ ਸੀ ਕਰਵਾਈ… ਕਈ-ਕਈ ਵਰ੍ਹੇ ਘਰ ਨੂੰ ਸਫ਼ੈਦੀ ਵੀ ਨਾ ਹੁੰਦੀ… ਵੇਖਣ ਵਾਲਾ ਸਹਿਜ ਸੁਭਾਅ ਵੀ ਕਹਿ ਦੇਂਦਾ, ‘‘ਬਸ਼ੀਰੇ ਨੇ ਘਰ ਦੀ ਸਾਂਭ-ਸੰਭਾਲ ਪੱਖੋਂ ਤਾਂ ਉੱਕਾ ਈ ਲਾਪਰਵਾਹੀ ਪਾਲ਼ੀ ਹੋਈ ਐ… ਚੰਗੀ ਖਾਸੀ ਭੋਇੰ ਐ…। ਪੈਸੇ ਨੇ ਨਾਲ ਤਾਂ ਜਾਣਾ ਈ ਕੀ ਹੁੰਦਾ…, ਅਹੁ ਵੇਖੋ ਸਾਹਮਣਲੀ ਕੰਧ `ਤੇ ਸਫ਼ੈਦੀ ਦੇ ਲੱਥੇ ਚਟਕ ਇਹੋ ਪਏ ਆਂਹਦੇ ਜਾਪਦੇ ਨੇ ਪਈ ਘਰ ਦੇ ਮਾਲਕ `ਚ ਜਾਂ ਤਾਂ ਕਲੀ ਕਰਾਉਣ ਦੀ ਪਰੋਖੋਂ ਈ ਨਹੀਂ ਤੇ ਜਾਂ ਫਿਰ ਉਹ ਉੱਕਾ ਹੀ ਸੂਮ ਹੋਵੇਗਾ…।
ਬਸ਼ੀਰਾ ਜਦੋਂ ਰਾਜ਼ੀ ਸੀ ਭਾਵੇਂ ਸੱਠਾਂ ਦਾ ਹੋ ਗਿਆ ਸੀ ਪਰ ਉਹ ਆਪਣੇ ਆਪ ਨੂੰ ਬੁੱਢਾ ਨਹੀਂ ਸੀ ਸਮਝਦਾ… ਭਰਵੀਂ ਦਾੜ੍ਹੀ ਨੂੰ ਵਸਮਾਂ ਲਾਉਣੋਂ ਕਦੇ ਵੀ ਨਾ ਖੁੰਝਦਾ… ਉਹ ਹਮੇਸ਼ਾ ਦਲੀਲ ਦਿਆ ਕਰਦਾ ਕਿ ਮਰਦ ਬੱਚਾ ਤਾਂ ਕਦੇ ਬੁੱਢਾ ਹੁੰਦਾ ਈ ਨਹੀਂ… ਉਹ ਤਾਂ ਉਦੋਂ ਈ ਬੁੱਢਾ ਹੁੰਦੈ ਜਦੋਂ ਮਰਨ ਵਾਲਾ ਹੋ ਜਾਵੇ… ਜਾਂ ਲੋਕ ਉਸ ਨੂੰ ਮਰਨ ਵਾਲਾ ਸਮਝਣ ਲੱਗ ਪੈਣ… ਤੇ ਮੈਂ ਅਜੇ ਬਿਲਕੁਲ ਨਹੀਂ ਜੇ ਮਰਨਾ।
ਪਰ ਹੁਣ ਉਹ ਮਰਨ ਵਾਲਾ ਹੋ ਗਿਆ ਸੀ। ਪੁਰਾਣੇ ਦਿਨਾਂ ਨੂੰ ਯਾਦ ਕਰ ਕੇ ਉਸ ਦਾ ਝੂਰਨਾ ਜਾਇਜ਼ ਲਗਦਾ ਸੀ… ਗੱਲਾਂ ਕਰਦਾ ਕਰਦਾ ਉਹ ਅੱਖਾਂ ਭਰ ਲੈਂਦਾ, ਖੰਘ ਛਿੜਦੀ ਤਾਂ ਮੁੜ੍ਹਕੋ-ਮੁੜਕੀ ਹੋ ਜਾਂਦਾ… ਹਫ਼ ਜਾਂਦਾ ਤੇ ਹਉਂਕੇ ਭਰਨ ਲਗਦਾ… ਖੰਘਦਾ ਤਾਂ ਉਪਰ ਲਿਆ ਖੇਸ ਵੀ ਨਾਲੋਂ ਨਾਲ ਖੰਘਦਾ ਲਗਦਾ… ਕਈ ਵਾਰ ਖੰਘ ਦਾ ਦੌਰਾ ਏਨਾ ਕਹਿਰੀ ਹੁੰਦਾ ਕਿ ਖੰਘ ਉਸ ਦੀ ਛਾਤੀ ਵਿਚ ਹੀ ਫਸ ਜਾਂਦੀ ਤੇ ਉਹ ਇੰਜ ਤੜਫਣ ਲੱਗਦਾ ਜਿਵੇਂ ਗਰਦਨ ਕੱਟਣ `ਤੇ ਮੁਰਗਾ ਤੜਫਦਾ ਹੁੰਦੈ।
ਪਿੰਡ ਛੋਟਾ ਸੀ, ਸ਼ਹਿਰ ਵਾਂਗ ਇਥੇ ਟੈਲੀਫ਼ੋਨ ਨਹੀਂ ਸਨ ਪਰ ਛੋਟੇ ਪਿੰਡਾਂ ਵਿਚ ਵੀ ਘਰਾਂ ਦੀਆਂ ਕੰਧਾਂ ਨੂੰ ਕੰਨ ਲੱਗੇ ਹੁੰਦੇ ਹਨ। ਕੋਈ ਵੀ ਗੱਲ ਹੋਵੇ ਚੰਗੀ ਜਾਂ ਮੰਦੀ ਝੱਟ ਹੀ ਪਿੰਡ `ਚ ਘੁੰਮ ਜਾਇਆ ਕਰਦੀ ਹੈ। ਇਵੇਂ ਹੀ ਬਸ਼ੀਰੇ ਦੇ ਬੱਕਰੀ ਰੱਖਣ ਤੇ ਉਸ ਦਾ ਦੁੱਧ ਪੀਣ ਤੇ ਮੀਂਗਣਾਂ ਦੀ ਧੂਣੀ ਸੇਕਣ ਵਾਲੀ ਗੱਲ ਵੀ ਪਿੰਡ `ਚ ਘੁੰਮ ਗਈ।
ਕਈਆਂ ਨੇ ਬੁੱਲ੍ਹ ਮਰੋੜੇ, ਕਈਆਂ ਨੇ ਇਕ ਦੂਜੇ ਦੇ ਕੰਨ `ਚ ਕਿਹਾ, ‘‘ਵੇਖਿਆ ਵੱਡੇ ਖੱਬੀ ਖ਼ਾਨ ਨੂੰ, ਜ਼ਮੀਨਾਂ ਦਾ ਮਾਲਕ ਹੋ ਕੇ ਵੀ ਬੱਕਰੀ ਦਾ ਦੁੱਧ ਪੀਂਦੈ। ਮੀਂਗਣਾਂ ਦੀ ਧੂਣੀ ਸੇਕਦੈ। ਵੇਖ ਲੈ ਸਾਰੀ ਉਮਰ ਆਪਣੇ ਆਪ ਨੂੰ ਰਾਣੀ ਖਾਂ ਦਾ ਸਾਲ਼ਾ ਸਮਝਦਾ ਰਿਹੈ… ਕਿਵੇਂ ਨਖ਼ਰੇ ਨਾਲ ਗੱਲ ਕਰਦਾ ਹੁੰਦਾ ਸੀ ਤੇ ਹੁਣ ਵੇਖ ਲੈ।
ਕਈ ਮਹੀਨੇ ਦੁਆਈ ਖਾਣ ਪਿਛੋਂ ਉਸ ਦੀ ਬਿਮਾਰੀ ਨੂੰ ਮੋੜਾ ਪੈ ਗਿਆ। ਹੁਣ ਉਹ ਉਠ ਕੇ ਵਿਹੜੇ ਵਿਚ ਦੋ-ਚਾਰ ਚੱਕਰ ਵੀ ਮਾਰ ਲੈਂਦਾ। ਮਹਿੰ ਦੀ ਖੁਰਲੀ ਕੋਲ ਖੜੋ ਕੇ ਉਸ ਦੀ ਪਿੱਠ ਪਲੋਸਦਾ। ਬਕਰੀ ਕੋਲ ਖੜੋ ਕੇ ਉਸ ਦੇ ਡੱਬ-ਖੜੱਬੇ ਵਾਲਾਂ `ਚ ਉਂਗਲੀ ਫੇਰਦਿਆਂ ਮਨ ਹੀ ਮਨ ਆਖਦਾ, ‘‘ਅੱਲਾ ਜਾਣੇ ਏਸ ਵਿਚਾਰੀ ਦੇ ਦੁੱਧ ਨੇ ਹੀ ਮੈਨੂੰ ਅਗਲੇ ਜਹਾਨੋਂ ਮੋੜ ਲਿਆਂਦੈ… ਪਤਾ ਨਹੀਂ, ਇਹਦੀਆਂ ਮੀਂਗਣਾਂ ਵਿਚ ਹੀ ਕੋਈ ਕਰਾਮਾਤ ਹੋਵੇ। ਫਿਰ ਉਹ ਨੌ ਬਰ ਨੌ ਹੋ ਗਿਆ। ਉਸ ਦੀ ਪਹਿਲਾਂ ਵਾਲੀ ਆਕੜ ਫੇਰ ਪਰਤ ਆਈ। ਹਾਜ਼ਰ-ਜੁਆਬੀ ਤੇ ਟਿੱਚਰਬਾਜ਼ੀ ਨੇ ਫਿਰ ਸਿਰ ਚੁੱਕ ਲਿਆ। ਹੁਣ ਉਹ ਇਕੱਲ ਤੇ ਵਿਹਲ ਵੇਖ ਕੇ ਅੱਕੀ ਨੂੰ ਬਾਹਾਂ `ਚ ਘੁੱਟ ਲੈਂਦਾ। ਜਵਾਨੀ ਵੇਲੇ ਉਹ ਅੱਕੀ ਦੀਆਂ ਅੱਖਾਂ ਨੂੰ ਹਿਰਨੀ ਦੀਆਂ ਅੱਖਾਂ ਨਾਲ ਤਸ਼ਬੀਹ ਦਿਆ ਕਰਦਾ ਸੀ। ਹੁਣ ਵੀ ਉਹ ਉਸ ਦੀਆਂ ਅੱਖਾਂ `ਚ ਅੱਖਾਂ ਗੱਡ ਕੇ ਆਖਦਾ, ‘‘ਕਸਮ ਕੁਰਾਨ ਦੀ ਅੜੀਏ, ਜ਼ਰਾ ਭੋਰਾ ਪਿਲੱਤਣ ਭਾਵੇਂ ਆ ਘੁਲੀ ਏ, ਉਂ ਸੱਚ ਜਾਣੀ ਇਹ ਅੱਖਾਂ ਸੱਚਮੁਚ ਹੀ ਹਿਰਨੀ ਵਰਗੀਆਂ ਨੇ।“ ਅੱਕੀ ਸੰਗ `ਚ ਗੜੁਚ ਮੁਸਕਣੀ ਬਖੇਰਦਿਆਂ ਆਪਣੇ ਦੁਆਲਿਉਂ ਉਹਦੀਆਂ ਬਾਹਾਂ ਖੋਲ੍ਹਦੀ ਤੇ ਕਹਿੰਦੀ, ‘‘ ਕੁਸ਼ ਸੰਗ ਕਰ, ਹੁਣ ਇਨ੍ਹਾਂ ਚੋਹਲਾਂ-ਮੋਹਲਾਂ ਦੀ ਕੋਈ ਉਮਰ ਐ? ਨੂੰਹ ਵੇਖੂ ਤਾਂ ਕੀ ਕਹੂ।“
ਵਿਹਲਾ ਹੁੰਦਾ ਤਾਂ ਉਹ ਸੱਥ `ਚ ਜਾ ਬੈਠਦਾ। ਸੱਥ ਦੇ ਸਾਹਮਣੇ ਹੀ ਮਿਸਤਰੀ ਮੋਦਨ ਦੀ ਆਟਾ ਚੱਕੀ ਸੀ। ਉਸ ਨੂੰ ਆਇਆ ਵੇਖ ਕੇ ਮੋਦਨ ਵੀ ਆਪਣਾ ਕੰਮ ਛੱਡ ਕੇ ਸੱਥ `ਚ ਆ ਬੈਠਦਾ। ਦੇਸ਼ ਵੰਡ ਮੌਕੇ ਬਸ਼ੀਰਾ ਦਸਾਂ ਕੁ ਵਰ੍ਹਿਆਂ ਦਾ ਸੀ। ਮੋਦਨ ਮਿਸਤਰੀ ਦਾ ਬਾਪੂ ਈਸ਼ਰ ਬਸ਼ੀਰੇ ਹੁਰਾਂ ਦੇ ਪਰਿਵਾਰ ਨੂੰ ਰਾਤੋ ਰਾਤ ਮਾਲੇਰਕੋਟਲੇ ਪੁਚਾ ਆਇਆ ਸੀ ਤੇ ਹੱਲਿਆਂ ਦੇ ਥੰਮ੍ਹਣ ਪਿਛੋਂ ਮੋੜ ਵੀ ਲਿਆਇਆ ਸੀ, ਸ਼ਾਇਦ ਇਸੇ ਕਾਰਨ ਬਸ਼ੀਰੇ ਦੀ ਮੋਦਨ ਨਾਲ ਖੂਬ ਬਣਦੀ ਸੀ। ਸੱਥ `ਚ ਬੈਠਿਆਂ ਹੀ ਇਕ ਦਿਨ ਮੋਦਨ ਨੇ ਗੱਲ ਛੇੜ ਦਿੱਤੀ, ‘ਬਈ ਬਸ਼ੀਰਿਆ, ਹੋਰ ਗੱਲਾਂ ਦੀਆਂ ਗੱਲਾਂ, ਜਿੰਨਾ ਚਿਰ ਤੂੰ ਬਿਮਾਰ ਰਿਹੈਂ… ਬੜੀਆਂ ਗੱਲਾਂ ਉਡਦੀਆਂ ਰਹੀਐਂ ਤੇਰੀਆਂ।“ ਬਸ਼ੀਰੇ ਨੇ ਹੱਥ `ਤੇ ਹੱਥ ਮਾਰ ਕੇ ਕਿਹਾ, ‘‘ਉਏ ਮਿਸਤਰੀ, ਬਿਮਾਰ ਤੇ ਲਾਚਾਰ ਬੰਦੇ ਦੀਆਂ ਗੱਲਾਂ ਨਾ ਉਡਣ ਹੋਰ ਕੀ ਜਹਾਜ਼ ਉਡਣ? ਹਾਂ ਹੁਣ ਮੈਂ ਰਾਜ਼ੀ ਹੋ ਗਿਆਂ ਹੁਣ ਕੋਈ ਕਰ ਕੇ ਦੇਖੇ ਗੱਲ ਜੇ ਸਬੂਤੀ ਦੀ ਸਬੂਤੀ ਮੋੜ ਕੇ ਉਹਦੇ ਮੂੰਹ ਨਾ ਤੁੰਨ ਦਿਆਂ।“
ਪਰ੍ਹਾਂ ਬੈਠਾ ਲ਼ਾਲ਼ਾ ਨੱਥੂ ਰਾਮ ਵੀ ਗੱਲਬਾਤ `ਚ ਸ਼ਾਮਲ ਹੋ ਗਿਆ, ਉਹ ਬੋਲਿਆ, ‘‘ਊਂ ਤਾਂ ਮਾੜੀ ਓ ਹੋਈ ਬਸ਼ੀਰਿਆ। ਬਿਮਾਰੀ ਨੇ ਤੇਰਾ ਸਾਰਾ ਸਰੀਰ ਈ ਛਾਂਗ ਦਿੱਤੈ… ਪਹਿਲਾਂ ਤੇਰਾ ਸਰੀਰ ਕੜੀ ਵਰਗਾ ਸੀ ਤੇ ਹੁਣ ਸੁੱਕ ਕੇ ਤੀਲੇ ਵਰਗਾ ਹੋ ਗਿਐ…।“
‘‘ਢਕਿਆ ਰਹੁ ਲਾਲਾ, ਢਕਿਆ ਰਹੁ, ਵਾਧੂ ਦਾ ਮਾਸ ਈ ਛਾਂਗਿਐ… ਤੇਰੇ ਵਾਂਗ ਗੋਗੜ ਜਿਹੀ ਤਾਂ ਮੈਨੂੰ ਊਈਂ ਚੰਗੀ ਨਹੀਂ ਲਗਦੀ… ਵੇਖ ਲੈ ਠੋਡੀਆਂ ਵੀ ਦੋ ਨੇ ਤੇਰੀਆਂ ਤੇ ਆਹ ਢਿੱਡ ਵੇਖ ਜਿਵੇਂ ਪੁੱਠਾ ਕਰ ਕੇ ਘੜਾ ਬੰਨ੍ਹਿਆਂ ਹੋਵੇ।“ ਉਸ ਦੀ ਗੱਲ ਨਾਲ ਸੱਥ `ਚ ਹਾਸੜ ਮੱਚ ਗਈ। ਲਾਲਾ ਵੀ ਕੱਚਾ ਜਿਹਾ ਹੋ ਗਿਆ ਪਰ ਗੁੱਸਾ ਉਸ ਨੇ ਵੀ ਨਾ ਕੀਤਾ ਸਗੋਂ ਬੋਲਿਆ, ‘‘ਗੱਲ ਕਰਨੀ ਤਾਂ ਬਸ਼ੀਰਿਆ ਕੋਈ ਤੈਥੋਂ ਸਿੱਖੇ। ਹਾਜ਼ਰ ਜੁਆਬੀ ਤਾਂ ਤੇਰੀ ਮਰਾਸੀਆਂ ਨੂੰ ਮਾਤ ਪਾਉਂਦੀ ਐ।“ ਮਰਾਸੀਆਂ ਵਾਲੀ ਤਸ਼ਬੀਹ ਨੇ ਭਾਵੇਂ ਬਸ਼ੀਰੇ ਨੂੰ ਗੁੱਸਾ ਚੜ੍ਹਾ ਦਿੱਤਾ ਫਿਰ ਵੀ ਉਸ ਗੱਲ ਨੂੰ ਵਧਾਉਣਾ ਠੀਕ ਨਾ ਸਮਝਿਆ, ਸਗੋਂ ਗੱਲ ਹੀ ਬਦਲ ਦਿੱਤੀ, ਉਹ ਬੋਲਿਆ, ‘‘ਵੇਖ ਲਾਲਾ ਡੰਗਰ ਪਸ਼ੂ ਜਿਹੜੇ ਹੁੰਦੇ ਐ ਉਹ ਤਾਂ ਜੁਗਾਲੀ ਕਰ ਕੇ ਕੰਮ ਸਾਰ ਲੈਂਦੇ ਆ ਤੇ ਬੰਦਾ ਜੇ ਆਪਣੀ ਲੁਤਰੋ ਨਾਲ ਗੱਲ ਈ ਨਾ ਕਰੇ ਤਾਂ ਉਹਦਾ ਹਾਜ਼ਮਾ ਕਿਵੇਂ ਠੀਕ ਰਹੂ।“ ਨੱਥੂ ਰਾਮ ਤਾੜੀ ਮਾਰ ਕੇ ਹੱਸਣ ਲੱਗ ਪਿਆ। ਪਹਿਲਾਂ ਉਸ ਦੀਆਂ ਚੁੰਨ੍ਹੀਆਂ ਅੱਖਾਂ ਹੱਸੀਆਂ, ਫਿਰ ਗੱਲਾਂ ਦੇ ਢਿਲਕੇ ਹੋਏ ਢੇਰ ਹੱਸੇ ਤੇ ਫਿਰ ਗੋਗੜ।
ਕੁਝ ਕ ਹਟਵਾਂ ਜਿਹਾ ਇਕ ਸ਼ੌਕੀਨ ਜਿਹਾ ਮੁੰਡਾ ਬੈਠਾ ਸੀ ਤੇ ਉਹ ਫੋਲਡਿੰਗ ਕੈਂਚੀ ਨਾਲ ਆਪਣੀਆਂ ਮੁੱਛਾਂ ਨੂੰ ਲਾਪਰ ਰਿਹਾ ਸੀ। ਬਸ਼ੀਰੇ ਨੇ ਉਠ ਕੇ ਮੁੰਡੇ ਦੇ ਹੱਥੋਂ ਕੈਂਚੀ ਫੜ ਲਈ ਤੇ ਉਸ ਨੂੰ ਫੋਲਡ ਕਰ ਕੇ ਉਚੀ-ਉਚੀ ਹੱਸਣ ਲੱਗ ਪਿਆ ਤੇ ਬੋਲਿਆ, ‘‘ਉਏ ਵੇਖੋ ਉਏ ਲੋਕੋ… ਅਹਿ ਕੈਂਚੀ ਜਮ੍ਹਾਂ ਈ ਐਂ ਲਗਦੀ ਐ ਜਿਵੇਂ ਮਾਂ ਦੇ ਢਿੱਡ `ਚ ਬੱਚਾ ਗੁੱਛਾ-ਮੁੱਛਾ ਹੋਇਆ ਪਿਆ ਹੁੰਦੈ। ਵੇਖ ਤਾਂ ਸਹੀ ਮੋਦਨਾ ਅਹਿ ਵੇਖ।
ਇਕ ਵਾਰ ਫੇਰ ਸਾਰੇ ਹੀ ਹੱਸ ਪਏ…।
ਇਸੇ ਦੌਰਾਨ ਬੱਕਰੀ ਨੇ ਮੇਮਣਾ ਜੰਮ ਦਿੱਤਾ ਜੋ ਮਾਂ ਵਾਂਗ ਡੱਬ ਖੜੱਬਾ ਨਹੀਂ ਸੀ। ਚਿੱਟਾ ਸਫ਼ੈਦ ਸੀ ਜਿਵੇਂ ਰੂੰਅ ਦਾ ਗੋਹੜਾ ਹੋਵੇ। ਕੰਨ ਤੇ ਪੂੰਛ ਕੋਲ ਹੀ ਕੁਝ ਕਾਲੇ ਨੀਲੇ ਵਾਲ, ਸਨ ਜੋ ਉਸ ਨੂੰ ਹੋਰ ਵੀ ਸੋਹਣਾ ਬਣਾਉਂਦੇ ਸਨ। ਅੱਕੀ ਨੇ ਉਸ ਦੇ ਵਾਲਾਂ ਨੂੰ ਪਲੋਸਦਿਆਂ ਕਿਹਾ, ‘‘ਪਿਉ `ਤੇ ਗਿਐ, ਵੇਖ ਨੀ ਸਕੀਨਾ ਇਹਦੀਆਂ ਅੱਖਾਂ ਇੰਜ ਚਮਕਦੀਐਂ ਜਿਵੇਂ ਘਾਹ ਪੱਤੀਆਂ `ਤੇ ਤ੍ਰੇਲ ਚਮਕਦੀ ਹੁੰਦੀ ਐ, ਧੁੱਪ ਵਿਚ…।“
ਜਦੋਂ ਉਹ ਜੰਮਿਆਂ ਅੱਕੀ ਤੋਂ ਚਾਅ ਸਾਂਭੇ ਨਹੀਂ ਸਨ ਜਾਂਦੇ। ਉਸ ਨੇ ‘ਸ` ਅੱਖਰ ਵੱਡੇ ਮੁੰਡੇ ਦੇ ਨਾਂ `ਚੋਂ ਲਿਆ ਤੇ ‘ਖ` ਅੱਖਰ ਛੋਟੇ ਦੇ ਨਾਂ ਵਿਚੋਂ ਤੇ ਮੇਮਣੇ ਦਾ ਨਾਂ ਰੱਖ ਦਿੱਤਾ ‘ਸ਼ੇਖੂ`।
ਹੁਣ ਬਸ਼ੀਰੇ ਨੂੰ ਬੱਕਰੀ ਦੇ ਦੁੱਧ ਦੀ ਲੋੜ ਨਹੀਂ ਸੀ। ਅੱਕੀ ਸ਼ੇਖੂ ਨੂੰ ਮਾਂ ਦਾ ਰੱਜਵਾਂ ਦੁੱਧ ਚੁੰਘਾਉਂਦੀ ਤੇ ਜੋ ਬਚਦਾ ਕੰਮੀਆਂ-ਤੱਥੀਆਂ `ਚ ਵੰਡ ਦਿੰਦੀ। ਉਹ ਸ਼ੇਖੂ ਨੂੰ ਪੁੱਤਰਾਂ ਵਾਂਗ ਪਿਆਰ ਕਰਦੀ। ਜਦੋਂ ਉਹ ‘ਸ਼ੇਖੂ` ਲਫ਼ਜ਼ ਮੂੰਹੋਂ ਕੱਢਦੀ ਜਿਵੇਂ ਸਾਰੇ ਮੂੰਹ ਵਿਚ ਹੀ ਸ਼ਹਿਦ ਘੁਲ ਜਾਂਦਾ। ਇਕ ਦਿਨ ਕਿਸੇ ਗੁਆਂਢਣ ਨੇ ਮੇਮਣੇ ਪ੍ਰਤੀ ਉਸ ਦੇ ਲਾਡ ਪਿਆਰ `ਤੇ ਨਿਹੋਰਾ ਕੱਸ ਦਿੱਤਾ, ‘‘ਅੱਕੀਏ, ਅਜਿਹੇ ਜਾਨਵਰ ਨਾਲ ਏਨਾ ਲਾਡ ਪਿਆਰ ਚੰਗਾ ਨੀਂ ਹੁੰਦਾ, ਜਿਸ ਨੇ ਕਦੇ ਨਾ ਕਦੇ ਕਸਾਈਆਂ ਦੇ ਵੱਸ ਪੈਣਾ ਹੋਵੇ।“
ਅੱਕੀ ਨੂੰ ਜਿਵੇਂ ਕਿਸੇ ਨੇ ਰੜਕਵੀਂ ਗਾਲ੍ਹ ਕੱਢ ਦਿੱਤੀ ਹੋਵੇ… ਅੱਖਾਂ ਥੀਂ ਅੱਗ ਵਰ੍ਹਾਉਂਦਿਆਂ ਉਹ ਬੋਲੀ, ‘‘ਮੂੰਹ ਨੂੰ ਲਗਾਮ ਦੇ ਨੀਂ ਰੱਖੀਏ… ਬੰਦੇ ਦਾ ਜੇ ਮੂੰਹ ਚੰਗਾ ਨਾ ਹੋਵੇ ਤਾਂ ਗੱਲ ਤਾਂ ਚੱਜ ਦੀ ਕਰੇ… ਸ਼ੇਖੂ ਤਾਂ ਮੇਰਾ ਤੀਆ ਪੁੱਤ ਐ…. ਨਾਲੇ ਮੇਰੇ ਖੌਂਦ ਨੂੰ ਤੂੰ ਕੀ ਜਾਣਦੀ… ਉਹ ਨੀ ਏਸ ਰੱਬ ਦੇ ਜੀਅ ਨੂੰ ਕਸਾਈਆਂ ਹੱਥ ਫੜਾਉਂਦਾ।“
ਸ਼ੇਖੂ ਉਸ ਦੇ ਪਿਛੇ-ਪਿਛੇ ਦੁੜੰਗੇ ਮਾਰਦਾ ਫਿਰਦਾ ਤੇ ਅੱਕੀ ਉਸ ਦੀਆਂ ਬਲਾਈਆਂ ਲੈਂਦੀ ਨਾ ਥੱਕਦੀ। ਜੇ ਉਹ ਪੀੜ੍ਹੀ `ਤੇ ਬੈਠ ਕੇ ਕੋਈ ਕੰਮ ਕਰਦੀ ਹੁੰਦੀ ਤਾਂ ਸ਼ੇਖੂ ਉਸ ਦੇ ਪੈਰਾਂ `ਚ ਬੂਥੀ ਟਿਕਾ ਕੇ ਬੇਫ਼ਿਕਰ ਸੌਂ ਜਾਂਦਾ ਤੇ ਅੱਕੀ ਉਸ ਦੇ ਵਾਲਾਂ ਨੂੰ ਪਲੋਸਦੀ ਹੋਈ ਲਾਡ ਨਾਲ ਕਹਿੰਦੀ, ‘‘ਸ਼ੇਖੂ ਬੱਚਿਆ, ਤੂੰ ਤਾਂ ਨਿਰਾ ਪੁਰਾ ਸਲਮਾਦੀਨ ਈ ਐਂ… ਉਹ ਵੀ ਐਂ ਈ ਖੇਡਦਾ ਖੇਡਦਾ ਸੌਂ ਜਾਂਦਾ ਹੁੰਦਾ ਸੀ।“
—-000—-
ਈਦ ਤੋਂ ਇਕ ਦਿਨ ਪਹਿਲਾਂ ਸਲਾਮਦੀਨ ਦੀ ਰਾਜ਼ੀ ਖ਼ੁਸ਼ੀ ਦੀ ਚਿੱਠੀ ਆ ਗਈ ਸੀ। ਚਿੱਠੀ ਪੜ੍ਹਦਿਆਂ ਹੀ ਬਸ਼ੀਰੇ ਦੇ ਗਮਗੀਨ ਚਿਹਰੇ `ਤੇ ਜਿਵੇਂ ਪ੍ਰਾਣ ਫੂਕ ਦਿੱਤੇ ਗਏ ਹੋਣ। ਉਹ ਅਚਨਚੇਤ ਕਤਰੇ ਤੋਂ ਸਮੁੰਦਰ ਹੋ ਗਿਆ ਸੀ। ਬਿਨਾਂ ਕੁਝ ਬੋਲੇ ਉਹ ਉਠ ਖੜੋਤਾ। ਕੁਝ ਦੇਰ ਉਵੇਂ ਹੀ ਖੜੋਤਾ ਰਿਹਾ। ਫਿਰ ਅੰਦਰਲੇ ਕਮਰੇ `ਚ ਗਿਆ… ਕਲਮਾ ਪੜ੍ਹਿਆ… ਦੁਆ ਮੰਗੀ… ਤੇ ਖ਼ੁਦਾ ਨਾਲ ਇਕ ਇਕਰਾਰ ਵੀ ਕਰ ਆਇਆ… ਬਾਹਰ ਆਇਆ ਤੇ ਅੱਕੀ ਦੇ ਕੋਲ ਖੜ੍ਹਦਿਆਂ ਬੋਲਿਆ, ‘‘ਅੱਕੀਏ! ਭਲਕੇ ਈਦ ਐ ਨਾ…।“
‘‘ਆਹੋ…!“ ਅੱਕੀ ਨੇ ਉਤਰ ਮੋੜਿਆ
‘‘ਸ਼ੇਖੂ ਤੈਨੂੰ ਬੜਾ ਪਿਆਰਾ ਐ ਨਾ…।“
‘‘ਆਹੋ, ਮੇਰਾ ਤਾਂ ਇਹ ਤੀਆ ਪੁੱਤ ਐ…।“
‘‘ਤੈਨੂੰ ਪਤੈ ਕੁਰਬਾਨ ਹੋਣ ਵਾਲਾ ਘਰ ਦੇ ਜੀਆਂ ਨੂੰ ਜਿੰਨਾ ਵੱਧ ਪਿਆਰਾ ਹੋਵੇ ਓਨਾ ਈ ਵੱਧ ਸਵਾਬ ਮਿਲਦਾ ਹੁੰਦੈ। ਉਹਦੇ ਕੁਰਬਾਨ ਹੋਣ ਨਾਲ…।“
‘‘ਹੈਂ! ਖੁਲ੍ਹ ਕੇ ਗੱਲ ਤਾਂ ਕਰ… ਕੀ ਕਹਾਣੇ ਜਿਹੇ ਪਾਈ ਜਾਨੈਂ…।“ ਕੁਰਬਾਨੀ ਦਾ ਜ਼ਿਕਰ ਸੁਣ ਕੇ ਅੱਕੀ ਦੇ ਪੈਰਾਂ ਹੇਠੋਂ ਜਿਵੇਂ ਜ਼ਮੀਨ ਹੀ ਖਿਸਕ ਗਈ ਸੀ।
‘‘ਤੈਨੂੰ ਪਤੈ ਆਪਣਾ ਸਲਾਮਦੀਨ ਪਰਤ ਰਿਹੈ… ਅੱਲਾ ਉਹਨੂੰ ਰਾਜ਼ੀ ਰੱਖੇ… ਸੱਚ ਜਾਣੀ ਮੈਂ ਤਾਂ ਅੱਜ ਖ਼ੁਦਾ ਨਾਲ ਇਕਰਾਰ ਕਰ ਆਇਆਂ ਪਈ ਸਲਾਮਦੀਨ ਦੇ ਆਉਣ ਦੀ ਖ਼ੁਸ਼ੀ `ਚ ਭਲਕੇ ਸ਼ੇਖੂ ਦੀ ਕੁਰਬਾਨੀ ਦੇ ਦਿਆਂਗਾ…।“ ਜਦੋਂ ਉਹ ਇਹ ਗੱਲ ਕਹਿ ਰਿਹਾ ਸੀ ਤਾਂ ਉਸ ਦੀਆਂ ਅੱਖਾਂ ਵਿਚ ਖ਼ੁਸ਼ੀ ਅਤੇ ਚਾਅ ਦੇ ਰਲੇ-ਮਿਲੇ ਅੱਥਰੂ ਛਲਕ-ਛਲਕ ਪਏ ਜਾਂਦੇ ਸਨ।
‘‘ਹਾਏ ਮੈਂ ਮਰਜਾਂ… ਤੂੰ ਅਹਿ ਇਕਰਾਰ ਕਾਹਤੋਂ ਕਰਨਾ ਸੀ, ਵੇਖ ਸਲਾਮ ਦੇ ਅੱਬਾ, ਸ਼ੇਖੂ ਤਾਂ ਮੇਰਾ ਤੀਆ ਪੁੱਤ ਐ… ਕੋਈ ਹੋਰ ਦਾਨ ਪੁੰਨ ਦੀ ਸੁੱਖ ਲੈਂਦਾ… ਭਾਵੇਂ ਅਹੁ ਟਿੱਬੇ ਆਲਾ ਖੇਤ ਈ ਪੀਰ-ਖਾਨੇ ਦੇ ਨਾਂ ਲੁਆ ਦੇਂਦਾ।“ ਪਤੀ ਦੀ ਗੱਲ ਸੁਣ ਕੇ ਅੱਕੀ ਨੂੰ ਗਸ਼ ਪੈਣ ਵਾਲੀ ਹੋ ਗਈ ਸੀ। ਡਰ ਤੇ ਸਹਿਮ ਨਾਲ ਉਹ ਨਵੀਂ ਫੁੱਟੀ ਲਗਰ ਵਾਂਗ ਕੰਬਣ ਲੱਗੀ। ਉਂਜ ਉਸ ਦੇ ਖੇਤ ਦਾਨ ਕਰਨ ਦੀ ਗੱਲ ਪਿਛੇ ਇਹ ਹਿੱਤ ਵੀ ਜੁੜਿਆ ਹੋਇਆ ਸੀ ਕਿ ਦਾਨ ਦਾ ਦਾਨ ਹੋ ਜਾਵੇਗਾ ਤੇ ਦੁਸਰਾ ਇਕ ਬੇਕਾਰ ਖੇਤ ਤੋਂ ਛੁਟਕਾਰਾ ਵੀ ਮਿਲ ਜਾਵੇਗਾ। ਕੁਝ ਦੇਰ ਚੁੱਪ ਰਹਿਣ ਪਿਛੋਂ ਉਹ ਫਿਰ ਬੋਲੀ, ‘‘ਪਰ ਹਾਂ, ਤੇਰੇ ਉਸ ਪਹਿਲੇ ਇਕਰਾਰ ਦਾ ਕੀ ਬਣੂ… ਤੂੰ ਤਾਂ ਕਿਹਾ ਸੀ ਪਈ ਕਿਸੇ ਬੇਜ਼ੁਬਾਨ ਦੀ ਹੱਤਿਆ ਨਹੀਂ ਕਰੇਂਗਾ।“ ਉਹ ਵਿਅੰਗ ਤੇ ਰੋਸੇ ਦੇ ਰਲ਼ੇ-ਮਿਲ਼ੇ ਭਾਵਾਂ ਨਾਲ ਬਸ਼ੀਰੇ ਵੱਲ ਵੇਖ ਰਹੀ ਸੀ।
‘‘ਤੂੰ ਵੀ ਰਹੀ ਨਾ ਸ਼ੁਦੈਣ ਦੀ ਸ਼ੁਦੈਣ! ਤੈਨੂੰ ਏਨਾ ਵੀ ਨਹੀਂ ਪਤਾ ਪਈ ਹੱਤਿਆ ਤੇ ਕੁਰਬਾਨੀ `ਚ ਬੜਾ ਫ਼ਰਕ ਹੁੰਦੈ। ਹੱਤਿਆ ਕਰਨਾ ਗੁਨਾਹ ਐ ਤਾਂ ਕੁਰਬਾਨੀ ਦੇਣਾ ਓਨਾ ਈ ਵੱਡਾ ਸਵਾਬ… ਸਾਡਾ ਦੀਨ ਇਹੋ ਕਹਿੰਦੈ ਪਈ ਅੱਵਲ ਤਾਂ ਇਕਰਾਰ ਕਰੋ ਈ ਨਾ ਤੇ ਜੇ ਕਰ ਲਵੋ ਤਾਂ ਉਸ ਨੂੰ ਪੂਰਾ ਵੀ ਕਰੋ। ਤੂੰਹੀਓਂ ਦੱਸ ਪਈ ਹੁਣ ਮੈਂ ਕੀਤੀ ਜ਼ੁਬਾਨ ਤੋਂ ਕਿਵੇਂ ਮੁਕਰਾਂ… ਤੇ ਸੱਚ ਮੈਂ ਚੱਲਿਆਂ ਕਸਾਈ ਵੱਲ… ਉਹਨੂੰ ਵੀ ਆਪਣੇ ਇਕਰਾਰ ਬਾਰੇ ਦੱਸ ਆਵਾਂ।“ ਤੇ ਅੱਕੀ ਦਾ ਜੁਆਬ ਉਡੀਕੇ ਬਿਨਾਂ ਹੀ ਉਹ ਬਹਾਰ ਨਿਕਲ ਗਿਆ।
ਕਸਾਈ ਵੱਲ ਜਾਂਦਿਆਂ ਉਸ ਲਾਲਾ ਨੱਥੂ ਰਾਮ ਤੋਂ ਸੇਰ ਪੱਕੇ ਪਤਾਸੇ ਤੁਲਵਾ ਲਏ। ਜੋ ਵੀ ਰਾਹ `ਚ ਮਿਲਿਆ ਸਭ ਨੂੰੂ ਪਤਾਸੇ ਵੰਡੀ ਜਾਵੇ.. ਬਾਲਾਂ ਨੂੰ ਪਤਾਸੇ ਦੇ ਕੇ ਤਾਂ ਉਹ ਕੁਝ ਨਾ ਆਖਦਾ ਪਰ ਜੇ ਕੋਈ ਸਿਆਣਾ ਪਤਾਸੇ ਲੈ ਕੇ ਮੂੰਹ `ਚ ਪਾਉਣ ਲਗਦਾ ਤਾਂ ਉਹ ਸ਼ੇਖੀ ਤੇ ਖ਼ੁਸ਼ੀ ਦੇ ਰਲ਼ੇ-ਮਿਲ਼ੇ ਭਾਵਾਂ ਨਾਲ ਬੋਲ ਉਠਦਾ, ‘‘ਭਰਾਵਾ ਵਧਾਈ ਵੀ ਦਿੰਦਾ ਜਾ, ਵਧਾਈ ਦੇਂਦਿਆਂ ਕੀ ਤੇਰੇ ਮੂੰਹ ਨੂੰ ਮਰੋੜਾ ਚੜ੍ਹਦੈ… ਤੈਨੂੰ ਪਤੈ ਪਈ ਮੇਰਾ ਸਲਾਮਦੀਨ ਠੀਕ ਠਾਕ ਐ ਤੇ ਈਦ ਪਿਛੋਂ ਉਹ ਵਾਪਸ ਵੀ ਆ ਰਿਹੈ… ਸਹੁਰਿਆਂ ਨੇ ਜੇਲ੍ਹ ਵਿਚ ਸੁੱਟਿਆ ਹੋਇਆ ਸੀ ਮੇਰਾ ਲਾਲ।“
ਗੱਲ ਕੀ ਉਹ ਹਰੇਕ ਮਿਲਣ ਵਾਲੇ ਤੋਂ ਮੰਗ ਕੇ ਵਧਾਈ ਲੈਂਦਾ ਰਿਹਾ।
—000—
ਪਤੀ ਦੀ ਗੱਲ ਸੁਣ ਕੇ ਅੱਕੀ ਦੇ ਸਿਰ `ਤੇ ਜਿਵੇਂ ਪਹਾੜ ਆਣ ਡਿੱਗਿਆ ਸੀ।
‘‘ਹਾਏ ਨੀਂ ਮੈਂ ਕਰਮਾਂ ਮਾਰੀ… ਹਾਏ ਨੀ ਮੈਂ ਕਲਜੋਗਣ… ਇਕ ਸਲਾਮਦੀਨ ਰਾਜ਼ੀ-ਬਾਜ਼ੀ ਏ ਤੇ ਇਕ ਸਲਾਮਦੀਨ ਜ਼ਿਬ੍ਹਾ ਹੋਵੇਗਾ… ਯਾ ਖ਼ੁਦਾ ਇਹ ਕੁਝ ਦਿਖਾਉਣ ਤੋਂ ਪਹਿਲਾਂ ਮੈਨੂੰ ਈ ਚੁੱਕ ਲੈ।“ ਉਹ ਆਪਣੇ ਖਾਵੰਦ ਦੇ ਸੁਭਾਅ ਨੂੰ ਜਾਣਦੀ ਸੀ… ਜੇ ਉਸ ਨੇ ਇਕਰਾਰ ਕਰ ਈ ਲਿਐ ਤਾਂ ਇਸ ਨੂੰ ਪੂਰਾ ਵੀ ਕਰੇਗਾ। ਹਉਂਕਿਓਂ-ਹਉਂਕੀ ਹੋਈ ਉਹ ਬੱਕਰੀ ਦੀ ਖੁਰਲੀ ਕੋਲ ਜਾ ਖੜ੍ਹੋਤੀ… ਉਸ ਨੂੰ ਵੇਖ ਕੇ ਬੱਕਰੀ ਵੀ ਉਠ ਕੇ ਖੜ੍ਹੀ ਹੋ ਗਈ। ਸ਼ੇਖੂ ਨੇ ਵੀ ਕੰਨ ਖੜ੍ਹੇ ਕਰ ਲਏ..। ਅੱਕੀ ਦੀਆਂ ਨਜ਼ਰਾਂ ਜਦੋਂ ਬੱਕਰੀ ਨਾਲ ਮਿਲੀਆਂ ਤਾਂ ਕੀ ਵੇਖਦੀ ਹੈ ਕਿ ਬੱਕਰੀਆਂ ਦੀਆਂ ਅੱਖਾਂ ਵੀ ਭਰੀਆਂ ਹੋਈਆਂ ਸਨ ਤੇ ਉਹ ਇਹੋ ਕਹਿੰਦੀ ਜਾਪਦੀ ਸੀ। ਅੱਕੀਏ ਭੈਣੇ, ਮੇਰੇ ਪੁੱਤ ਨੂੰ ਬਚਾ ਲੈ ਕਿਵੇਂ ਨਾ ਕਿਵੇਂ… ਵੇਖ ਤੇਰਾ ਪੁੱਤਰ ਆ ਰਿਹੈ ਨਾ ਵਰ੍ਹਿਆਂ ਪਿਛੋਂ… ਫੇਰ ਤੂੰ ਮੇਰੇ ਪੁੱਤ ਨੂੰ ਕਿਉਂ ਖੋਹਣ ਲੱਗੀ ਐਂ ਭੈੜੀਏ।“ ਇਸ ਗੱਲ ਦੇ ਕਿਆਸ ਨਾਲ ਉਸ ਦੀਆਂ ਅੱਖਾਂ ਜੋ ਪਹਿਲਾਂ ਹੀ ਭਰੀਆਂ ਹੋਈਆਂ ਸਨ, ਦਾ ਪਾਣੀ ਭੋਇੰ `ਤੇ ਆਣ ਡਿੱਗਿਆ।
–000–
ਰਾਤ ਅੱਧੀ ਤੋਂ ਵੱਧ ਬੀਤ ਗਈ ਸੀ ਤੇ ਉਸ ਨੂੰ ਨੀਂਦ ਨਹੀਂ ਸੀ ਆ ਰਹੀ। ਚਿੰਤਾ `ਚ ਘਿਰੇ ਬੰਦੇ ਨੂੰ ਨੀਂਦ ਕਿੱਥੇ? ਨਾ ਨੀਂਦ ਰਹੀ ਸੀ ਤੇ ਨਾ ਰਾਤ ਹੀ ਬੀਤ ਰਹੀ ਸੀ ਜਿਵੇਂ ਰਾਤ ਦੇ ਪੈਰੀਂ ਕਿਸੇ ਨੇ ਭਾਰੇ-ਭਾਰੇ ਪੱਥਰ ਬੰਨ੍ਹ ਦਿੱਤੇ ਹੋਣ। ਨੀਂਦ ਦਾ ਪੰਛੀ ਆਉਂਦਾ ਜ਼ਰੂਰ ਪਰ ਉਸ ਦੀਆਂ ਪਲਕਾਂ ਨੂੰ ਛੋਹ ਕੇ ਹੀ ਕਿਧਰੇ ਉਡਾਰੀ ਮਾਰ ਜਾਂਦਾ, ਉਨੀਂਦਰੇ ਤੇ ਵਿਹਲ ਦੇ ਖੱਪੇ ਨੂੰ ਪੂਰਨ ਲਈ ਸੋਚਾਂ ਦਾ ਤਾਣਾ ਆਪ ਮੁਹਾਰੇ ਹੀ ਤਣ ਜਾਇਆ ਕਰਦੈ ਤੇ ਉਹ ਵੀ ਇਸੇ ਤਾਣੇ ਵਿਚ ਉਲਝ ਗਈ।
‘‘ਹੈਂ! ਇਹ ਚੁੱਪ ਚੁਪੀਤੇ ਹੀ ਏਡਾ ਵੱਡਾ ਇਕਰਾਰ ਕਰ ਆਇਐ… ਹਾਏ ਅੱਲਾ ਹੁਣ ਮੈਂ ਕੀ ਕਰਾਂ..।“
ਘਰ ਤੋਂ ਕੁਝ ਵਿੱਥ `ਤੇ ਝਿੜੀ ਕੋਲੋਂ ਇਕ ਟਟੀਹਰੀ ਟਰ-ਟਰ ਕਰਦੀ ਉਡੀ ਤੇ ਅਕਾਸ਼ `ਤੇ ਚੱਕਰ ਲਾਉਣ ਲੱਗ ਪਈ… ਉਸ ਦੀ ਆਵਾਜ਼ ਸੁਣ ਕੇ ਗੁਆਂਢੀ ਅਸ਼ਰਫ਼ ਦਾ ਕੁੱਤਾ ਭੌਂਕਣ ਲੱਗਾ।
ਅਸ਼ਰਫ਼ ਦਾ ਖ਼ਿਆਲ ਆਉਂਦਿਆਂ ਹੀ ਅੱਕੀ ਨੂੰ ਯਾਦ ਆ ਗਿਆ ਕਿ ਪਿਛਲੀ ਈਦ ਨੂੰ ਉਸ ਨੇ ਪੋਤਾ ਹੋਣ ਦੀ ਖ਼ੁਸ਼ੀ `ਚ ਦੁੰਬੇ ਦੀ ਕੁਰਬਾਨੀ ਦੇਣੀ ਸੀ… ਤੇ ਜਦੋਂ ਉਹ ਦੁੰਬੇ ਨੂੰ ਕਸਾਈ ਕੋਲ ਲੈ ਕੇ ਗਿਆ ਤਾਂ ਕਸਾਈ ਨੇ ਉਸ ਦੇ ਸਾਰੇ ਅੰਗ ਟੋਹ ਕੇ ਵੇਖੇ ਤੇ ਜਦੋਂ ਉਸ ਦੁੰਬੇ ਨੂੰ ਸਿੱਧਾ ਤੋਰ ਕੇ ਵੇਖਿਆ ਤਾਂ ਉਹ ਲੰਗ ਮਾਰਦਾ ਸੀ… ਦਰਅਸਲ ਇਕ ਦਿਨ ਪਹਿਲਾਂ ਇਕ ਟੋਏ `ਚ ਡਿੱਗਣ ਕਾਰਨ ਉਸ ਦੀ ਲੱਤ ਦੀ ਇਕ ਹੱਡੀ ਮੜਕ ਗਈ ਸੀ। ਕਸਾਈ ਨੇ ਬੱਕਰੇ ਦਾ ਰੱਸਾ ਅਸ਼ਰਫ਼ ਹੱਥ ਫੜਾਉਂਦਿਆਂ ਦੋਵੇਂ ਹੱਥ ਕੰਨਾਂ ਨੂੰ ਲਾਏ ਤੇ ਬੋਲਿਆ, ‘‘ਅਸ਼ਰਫ਼ ਖ਼ਾਨ ਇਹ ਗੁਨਾਹ ਮੈਥੋਂ ਨਹੀਂ ਹੋ ਸਕਣਾ, ਲੰਗੜਾ ਬੱਕਰਾ ਕੁਰਬਾਨ ਨਹੀਂ ਹੋ ਸਕਦਾ… ਕੁਰਬਾਨੀ ਦਾ ਏਨਾ ਈ ਚਾਅ ਐ ਤਾਂ ਕੋਈ ਹੋਰ ਬੱਕਰਾ ਲੈ ਆ ਨਵਾਂ ਨਰੋਆ ਤੇ ਤੰਦਰੁਸਤ।“
ਇਹ ਯਾਦ ਆਉਂਦਿਆਂ ਹੀ ਉਹ ਉਠ ਕੇ ਬੈਠ ਗਈ… ਕੁਝ ਦੇਰ ਉਵੇਂ ਈ ਬੈਠੀ ਰਹੀ… ਪਹਿਲਾਂ ਉਸ ਸਕੀਨਾ ਦੇ ਮੰਜੇ ਵੱਲ ਵੇਖਿਆ.. ਫਿਰ ਬਸ਼ੀਰੇ ਦੇ ਮੰਜੇ ਵੱਲ… ਦੋਵਾਂ ਮੰਜਿਆਂ ਤੋਂ ਘੁਰਾੜਿਆਂ ਦੀ ਆਵਾਜ਼ ਸੁਣ ਕੇ ਉਸ ਨੂੰ ਕੁਝ ਹੌਸਲਾ ਹੋਇਆ ਤੇ ਉਹ ਪੋਲੇ ਪੋਲੇ ਕਦਮ ਧਰਦੀ ਰਸੋਈ ਵਿਚ ਗਈ… ਟੋਹ-ਟੋਹ ਕੇ ਉਸ ਸਬਜ਼ੀ ਚੀਰਨ ਵਾਲੀ ਛੁਰੀ ਲੱਭੀ… ਇਕ, ਵਾਰ ਫਿਰ ਉਸ ਨੂੰਹ ਸਹੁਰੇ ਦੇ ਘੁਰਾੜਿਆਂ ਵੱਲ ਕੰਨ ਸੇਧੇ… ਫਿਰ ਪੋਲ਼ੇ -ਪੋਲ਼ੇ ਕਦਮ ਧਰਦਿਆਂ ਵਿਹੜਾ ਉਲੰਘ ਕੇ ਉਹ ਡੰਗਰਾਂ ਦੀਆਂ ਖੁਰਲੀਆਂ ਕੋਲ ਜਾ ਖੜੋਤੀ… ਬੱਕਰੀ ਕੋਲ ਬੈਠਦਿਆਂ ਉਸ ਟੋਹ-ਟੋਹ ਕੇ ਬੱਕਰੀ ਦਾ ਮੂੰਹ ਲੱਭਿਆ… ਫਿਰ ਬੱਕਰੀ ਦੀ ਪੂਛ, ਫਿਰ ਸ਼ੇਖੂ ਦਾ ਮੂੰਹ ਤੇ ਉਸ ਦੀ ਪੂਛ ਵੀ ਲੱਭੀ। ਇਸ ਡਰੋਂ ਕਿ ਕਿਧਰੇ ਕੋਈ ਜਾਗ ਨਾ ਪਵੇ, ਉਸ ਬੱਤੀ ਨਹੀਂ ਸੀ ਜਗਾਈ…। ਅੱਕੀ ਨੇ ਸ਼ੇਖੂ ਦੀ ਪੂਛ ਵਾਲਾਂ ਕੋਲੋਂ ਘੁੱਟ ਕੇ ਫੜ ਲਈ, ਫਿਰ ਕੱਲ੍ਹ ਹੀ ਤਿੱਖੀ ਕਰਵਾਈ ਛੁਰੀ ਦੇ ਨਾਲ ਉਸ ਪੂਛ ਵਾਲਾਂ ਦੇ ਕੋਲੋਂ ਇੰਜ ਵੱਢ ਦਿੱਤੀ ਜਿਵੇਂ ਕੋਈ ਗਾਜਰ-ਮੂਲੀ ਨੂੰ ਵੱਢ ਦਿੰਦਾ ਹੈ ਤੇ ਸ਼ੇਖੂ ਜ਼ੋਰ-ਜ਼ੋਰ ਨਾਲ ਮਿਮਿਆਉਣ ਲੱਗ ਪਿਆ।
‘‘ਹਾਏ ਨੀਂ ਮੈਂ ਮਰ ਜਾਂ… ਕਿਤੇ ਕੋਈ ਜਾਗ ਈ ਨਾ ਪਵੇ।“ ਮਨ ਹੀ ਮਨ ਸੋਚਦਿਆਂ ਉਸ ਛੁਰੀ ਸੰਭਾਲੀ, ਕੱਚੇ ਵਿਹੜੇ `ਚ ਖੋਭ ਕੇ ਉਸ ਛੁਰੀ ਲੱਗਿਆ ਖੂਨ ਪੂੰਝਿਆ, ਉਠੀ ਤੇ ਛੁਰੀ ਨੂੰ ਰਸੋਈ `ਚ ਸਾਂਭਣ ਪਿਛੋਂ ਆਪਣੇ ਮੰਜੇ `ਤੇ ਜਾ ਡਿੱਗੀ… ਉਸ ਨੂੰ ਇਸ ਗੱਲ ਦੀ ਤਸੱਲੀ ਸੀ ਕਿ ਨੂੰਹ ਸਹੁਰੇ ਦੇ ਘੁਰਾੜਿਆਂ ਵਿਚ ਕੋਈ ਵਿਘਨ ਨਹੀਂ ਸੀ ਪਿਆ। ਬੱਕਰੀ ਦੀ ਖੁਰਲੀ ਕੋਲੋਂ ਮਿਮਿਆਉਣ ਦੀ ਆਵਾਜ਼ ਅਜੇ ਵੀ ਆ ਰਹੀ ਸੀ… ਉਹ ਮੰਜੇ `ਤੇ ਪੈ ਤਾਂ ਗਈ ਪਰ ਕਾਫ਼ੀ ਦੇਰ ਉਸ ਨੂੰ ਨੀਂਦ ਨਾ ਆਈ। ਫਿਰ ਇਸ ਕਿਆਸ ਨਾਲ ਕਿ ਲੰਡਾ ਸ਼ੇਖੂ ਕੁਰਬਾਨੀ ਤੋਂ ਤਾਂ ਬਚ ਜਾਵੇਗਾ… ਕੁਝ ਦੇਰ ਪਾਸੇ ਮਾਰਨ ਪਿਛੋਂ ਉਸ ਨੂੰ ਨੀਂਦ ਆ ਗਈ।
—000—
ਤੜਕਸਾਰ ਸਕੀਨਾ ਦੀ ਗੁੱਸੇ ਤੇ ਉਲਾਂਭੇ `ਚ ਗੜੁੱਚ ਆਵਾਜ਼ ਨੇ ਫਿਰ ਉਸ ਦੀ ਅੱਖ ਖੋਲ੍ਹ ਦਿੱਤੀ। ਸਕੀਨਾ ਕਹਿ ਰਹੀ ਸੀ, ‘‘ਹਾਏ ਨੀਂ ਅੰਮੀ, ਅਹਿ ਵੇਖ ਨੀਂ ਕੀ ਹੋਇਆ ਪਿਐ.. ਪਤਾ ਨੀਂ ਕਿਹੜਾ ਸਾਡੇ ਘਰ ਦੇ ਬਾਦ ਪਿਆ ਵਿਐ… ਮੈਂ ਕਿੰਨੀ ਵਾਰ ਕਿਹੈ ਪਈ ਬਾਗਲੇ ਦੀ ਕੰਧ ਨੂੰ ਉਚੀ ਕਰਵਾ ਲਓ ਪਰ ਮੇਰੀ ਸੁਣਦਾ ਈ ਕੌਣ ਐ। ਲੈ ਵੇਖ ਨੀਂ ਅੰਮੀਏ… ਪਤਾ ਨੀਂ ਕਿਹੜਾ ਜਾਏ-ਵੱਢਾ ਕਾਫ਼ਰ ਬੱਕਰੀ ਦੀ ਪੂਛ ਵੱਢ ਗਿਐ।“
‘‘ਹੈਂ ਬੱਕਰੀ ਦੀ ਪੂਛ! ਹੈਂ ਹਨੇਰੇ `ਚ ਸ਼ੇਖੂ ਦੀ ਥਾਂ ਮੈਂ ਬੱਕਰੀ ਦੀ ਪੂਛ ਈ ਵੱਢ ਆਈ… ਹਾਏ ਅੱਲਾ, ਹੁਣ ਮੈਂ ਕੀ ਕਰਾਂ… ਹਾਏ ਅੱਲਾ ਇਹ ਕੀ ਕਹਿਰ ਵਾਪਰ ਗਿਐ…।“ ਨੂੰਹ ਦੀ ਗੱਲ ਸੁਣ ਕੇ ਭਾਵੇਂ ਉਹ ਉਠ ਕੇ ਤਾਂ ਬੈਠ ਗਈ ਸੀ ਪਰ ਵਾਪਰੇ ਭਾਣੇ ਬਾਰੇ ਸੁਣ ਕੇ ਉਠ ਖਲੋਣ ਦੀ ਉਸ ਦੀਆਂ ਲੱਤਾਂ `ਚ ਹਿੰਮਤ ਨਹੀਂ ਸੀ ਬਚੀ… ਹੈਰਾਨੀ ਤੇ ਪਛਤਾਵੇ ਦੇ ਰਲੇ-ਮਿਲੇ ਭਾਵਾਂ ਨਾਲ ਉਹ ਆਪਣੀ ਅਕਲ `ਤੇ ਝੂਰ ਹੀ ਰਹੀ ਸੀ ਕਿ ਬਸ਼ੀਰੇ ਨੇ ਆਪਣੇ ਉਪਰ ਲਿਆ ਖੇਸ ਪਰ੍ਹਾਂ ਵਗਾਹ ਮਾਰਿਆ ਤੇ ਕਾਹਲੀ-ਕਾਹਲੀ ਡੰਗਰਾਂ ਦੀਆਂ ਖੁਰਲੀਆਂ ਵੱਲ ਤੁਰ ਪਿਆ। ਸਹੁਰੇ ਨੂੰ ਆਉਂਦਾ ਵੇਖ ਕੇ ਸਕੀਨਾ ਨੇ ਵੀ ਘੁੰਡ ਕੱਢ ਲਿਆ… ਜਦੋਂ ਬਸ਼ੀਰਾ ਖੁਰਲੀਆਂ ਕੋਲ ਪੁੱਜਾ ਤਾਂ ਸਕੀਨਾ ਬੱਕਰੀ ਦੀ ਪੂਛ `ਤੇ ਲੀਰ ਲਪੇਟ ਰਹੀ ਸੀ। ਬਸ਼ੀਰੇ ਨੇ ਇਕ ਨਜ਼ਰ ਬੱਕਰੀ ਵੱਲ ਵੇਖਿਆ… ਫਿਰ ਬੈਠ ਕੇ ਸ਼ੇਖੂ ਦੇ ਅੰਗਾਂ ਨੂੰ ਟੋਹਣ ਲੱਗਾ। ਉਸ ਸ਼ੇਖੂ ਦਾ ਰੱਸਾ ਖੋਲ੍ਹ ਲਿਆ ਤੇ ਘੁੰਡ `ਚ ਲਿਪਟੀ ਸਕੀਨਾ ਵੱਲ ਵੇਖ ਕੇ ਉਹ ਬੋਲਿਆ, ‘‘ਸੁਣ ਧੀਏ, ਖੁਦਾ ਦਾ ਸ਼ੁਕਰ ਐ ਪਈ ਸ਼ੇਖੂ ਤਾਂ ਠੀਕ ਠਾਕ ਐ, ਤਾਂ ਇਹਨੂੰ ਕੋਈ ਹੋਰ ਇੱਲ-ਬਲਾ ਨਾ ਆ ਚੰਬੜੇ… ਹਾਂ ਸੱਚ ਆਉਂਦਾ ਹੋਇਆ ਸਲੋਤਰੀ ਕੋਲੋਂ ਬੱਕਰੀ ਲਈ ਕੋਈ ਦਵਾ ਬੂਟੀ ਵੀ ਲੈਂਦਾ ਆਊਂ।“ ਤੇ ਉਹ ਸ਼ੇਖੂ ਦਾ ਰੱਸਾ ਫੜ ਕੇ ਬਾਹਰ ਨੂੰ ਤੁਰ ਪਿਆ। ਉਦੋਂ ਤਕ ਅੱਕੀ ਵੀ ਵਿਹੜੇ `ਚ ਆ ਖਲੋਤੀ ਸੀ। ਆਪਣੇ ਖਾਵੰਦ ਦੀ ਪਿੱਠ ਤੇ ਪਿਛੇ-ਪਿਛੇ ਤੁਰੇ ਜਾਂਦੇ ਸ਼ੇਖੂ ਵੱਲ ਵੇਖ ਕੇ ਤਾਂ ਉਸ ਦੀ ਭੁੱਬ ਹੀ ਨਿਕਲ ਗਈ। ਉਸ ਨੂੰ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਕੁਝ ਦੇਰ ਤਕ ਸ਼ੇਖੂ ਦੀ ਗਰਦਨ `ਤੇ ਚੱਲਣ ਵਾਲੀ ਛੁਰੀ ਉਸ ਦੀ ਆਪਣੀ ਗਰਦਨ `ਤੇ ਹੁਣੇ ਹੀ ਚਲਣ ਲੱਗ ਪਈ ਸੀ।

Leave a Reply

Your email address will not be published. Required fields are marked *