ਲੇਖਕ ਅਪਣੇ ਸਮੇਂ ਦੇ ਸਮਾਜੀ, ਸਿਆਸੀ ਹਾਲਾਤ ਤੋਂ ਆਜ਼ਾਦ ਨਹੀਂ ਹੁੰਦਾ :ਹਰਭਜਨ ਸਿੰਘ ਹੁੰਦਲ/ ‘ਹੁਣ’ ਦੇ 25ਵੇਂ ਅੰਕ `ਚੋਂ

ਬਿਖੜੇ ਰਾਹ
ਹੁਣ : ਹੁੰਦਲ ਸਾਹਿਬ, ਤੁਸੀਂ ਸਿਆਸੀ ਤੌਰ `ਤੇ ਪ੍ਰਤੀਬੱਧ ਕਵੀ ਸਮਝੇ ਜਾਂਦੇ ਹੋ। ਇਸ ਬਿਖੜੇ ਰਾਹ ਉਤੇ ਤੁਰਦਿਆਂ ਕਈ ਮੁਸ਼ਕਲਾਂ ਦਾ ਸਾਹਮਣਾ ਤੁਸੀਂ ਕੀਤਾ। ਪਾਰਟੀ ਦਾ ਅਨੁਸ਼ਾਸਨ, ਅਪਣੇ ਆਪ ਵਿਚ ਵੱਡਾ ਮਸਲਾ ਹੈ। ਇਸ ਬਾਰੇ ਕੀ ਕਹੋਗੇ?ਹੁੰਦਲ : ਮਿੱਤਰੋ ਤੁਸੀਂ ਤਾਂ ਪਹਿਲਾ ਸਵਾਲ ਈ ਬੜਾ ਖ਼ਤਰਨਾਕ ਕਰ ਮਾਰਿਐ। ਮੇਰਾ ਖ਼ਿਆਲ ਐ, ਇਸ ਕਠਨ ਪ੍ਰਸ਼ਨ ਦਾ ਉਤਰ ਦੇਣ ਤੋਂ ਪਹਿਲਾਂ ਜੇ ਚਾਹ ਦੀਆਂ ਚੁਸਕੀਆਂ ਲੈ ਲਈਆਂ ਜਾਣ? ਨਾਲੋ-ਨਾਲ ਗੱਲ ਵੀ ਕਰੀ ਜਾਵਾਂਗੇ। ਏਤਰਾਂ ਦੋਵੇਂ ਕੰਮ ਹੋ ਜਾਣਗੇ…। ਲਓ ਬਈ ਹੁਣ ਠੀਕ ਐ, ਹੁਣ ਕਰਦੇ ਆਂ ਗੱਲਬਾਤ। ਦੇਖੋ ਬਈ ਜਿਥੋਂ ਤਕ ਮੇਰੀ ਵਚਨਬੱਧਤਾ ਦਾ ਸਵਾਲ ਐ, ਮੇਰੇ ਜਾਣੀ, ਏਸ ਸਵਾਲ ਦੀਆਂ ਕਈ ਪਰਤਾਂ ਨੇ। ਮੈਂ ਸਮਝਦਾਂ ਬਈ, ਕਿਸੇ ਕ੍ਰਾਂਤੀਕਾਰੀ ਪਾਰਟੀ ਦੇ ਰਾਜਸੀ ਮਨੋਰਥ ਅਥਵਾ ਪ੍ਰੋਗਰਾਮ ਨੂੰ ਪ੍ਰਵਾਨ ਕਰਨਾ ਤੇ ਉਸ ਅਨੁਸਾਰ ਸਿਰਜਣਾਤਮਕ ਰਚਨਾ ਕਰਨਾ ਸਭ ਤੋਂ ਕਠਨ ਕਾਰਜ ਐ। ਏਸੇ ਜ਼ੁੰਮੇਵਾਰੀ ਤੋਂ ਡਰਦੇ ਲੇਖਕ ਅਪਣੀ ਨਿੱਜੀ ਆਜ਼ਾਦੀ ਬਾਰੇ ਚਿੰਤਾਤੁਰ ਰਹਿੰਦੇ ਆ। ਨਿੱਜੀ ਆਜ਼ਾਦੀ ਵੀ ਕਿਸੇ ਸਮਾਜ, ਕਿਸੇ ਦੇਸ਼ ਦੀਆਂ ਰਾਜਸੀ ਸਮਾਜਕ ਹਾਲਤਾਂ ਤੋਂ ਨਿਰਲੇਪ ਨਹੀਂ ਹੁੰਦੀ। ਲੇਖਕ ਨੇ ਕੇਵਲ ਹਵਾ ਖਾ ਕੇ ਤਾਂ ਗੁਜ਼ਾਰਾ ਨਹੀਂ ਕਰਨਾ ਹੁੰਦਾ ਨਾ। ਉਸ ਨੇ ਵੇਲਾ-ਵਿਹਾ ਚੁੱਕੀਆਂ ਕਦਰਾਂ ਕੀਮਤਾਂ ਦੀ ਥਾਂ ਨਵੀਆਂ ਨਰੋਈਆਂ ਸਮਾਜਕ ਕੀਮਤਾਂ ਦੀ ਸਿਰਜਣਾ ਵੀ ਕਰਨੀ ਹੁੰਦੀ ਐ। ਪਰ ਉਸ ਦਾ ਕਾਰਜ ਰਾਜਨੀਤਕ ਆਗੂ ਜਾਂ ਚਿੰਤਕ ਤੋਂ ਵੱਖਰਾ ਅਤੇ ਮੁੱਖ ਤੌਰ `ਤੇ ਸਿਰਜਣਾਤਮਕ ਅਤੇ ਮੌਲਿਕ ਹੁੰਦਾ ਐ। ਉਸ ਨੇ ਅਪਣੀ ਗੱਲ ਕਿਸੇ ਸਾਹਿਤਕ ਰੂਪ ਅਥਵਾ ਸਾਹਿਤਕ ਬਿੰਬ ਜਾਂ ਸਾਹਿਤਕ ਵਿਧੀ ਰਾਹੀਂ ਕਰਨੀ ਹੁੰਦੀ ਐ। ਤੇ ਅਜਿਹਾ ਕਾਰਜ ਕਰਦਿਆਂ ਰਚਨਾ ਦਾ ਪ੍ਰਚਾਰਕ ਬਣ ਜਾਣ ਦਾ ਅੰਦੇਸ਼ਾ ਬਣਿਆ ਰਹਿੰਦੈ। ਪਿਆਰ ਦੀ ਕਵਿਤਾ ਲਿਖਣੀ ਬੜੀ ਆਸਾਨ ਹੁੰਦੀ ਐ ਤੇ ਪਲ-ਪਲ ਬਦਲਦੀ ਰਾਜਨੀਤਕ ਸਥਿਤੀ ਜਾਂ ਵਰਤਾਰੇ ਬਾਰੇ ਸਾਹਿਤਕ ਮੁਹਾਵਰੇ ਵਿਚ ਰਚਨਾ ਕਰਨੀ ਬੜਾ ਹੀ ਗੁੰਝਲਦਾਰ ਕਾਰਜ ਐ। ਇਹਦੇ ਬਾਰੇ ਮੇਰਾ ਇਕ ਸ਼ੇਅਰ ਐ :ਤੂੰ ਭਾਵੇਂ ਲੱਖ ਸੁਹਜ ਸਿਰਜ ਲੈ, ਉਸ ਨੂੰ ਨਹੀਂ ਪਸੰਦ ਆਉਣੇਸੱਚੇ ਸੁੱਚੇ ਜਜ਼ਬੇ ਤੇਰੇ, ਲੱਗਣੇ ਨੇ ਪਰਚਾਰ ਜਹੇ।ਕਈ ਲੇਖਕ ਕਿਸੇ ਰਾਜਸੀ ਫ਼ਲਸਫ਼ੇ ਜਾਂ ਪਾਰਟੀ ਦੇ ਰਾਜਸੀ ਪ੍ਰੋਗਰਾਮ ਦੀ ਥਾਂ ਕੁਝ ਨਰੋਈਆਂ ਕਦਰਾਂ-ਕੀਮਤਾਂ ਨਾਲ ਵਚਨਬੱਧ ਹੁੰਦੇ ਹੋਏ ਵੀ ਲੋਕ-ਪੱਖੀ ਸਾਹਿਤ ਦੀ ਸਿਰਜਣਾ ਕਰ ਜਾਂਦੇ ਨੇ। ਅਸਲੀ ਗੱਲ ਕਲਾ-ਕੌਸ਼ਲ ਦੀ ਹੋਂਦ ਤੇ ਵਿਚਾਰਧਾਰਕ ਵਚਨਬੱਧਤਾ ਦੀ ਹੁੰਦੀ ਐ। ਕਈ ਅਜਿਹੇ ਲੇਖਕ ਵੀ ਹੈਣ, ਜੋ ਅਪਣੇ ਸਾਹਿਤਕ ਮਨੋਰਥ ਪ੍ਰਤੀ ਸਪੱਸ਼ਟ ਨਹੀਂ ਹੁੰਦੇ। ਉਹ ਭੰਬਲ-ਭੂਸਿਆਂ ਵਿਚ ਪਏ ਅਕਸਰ ਅਪਣੇ ਸਵੈ-ਗਿਰਦ ਹੀ ਘੁੰਮਦੇ ਰਹਿੰਦੇ ਨੇ। ਪਰ ਮੈਂ ਸਮਝਦਾ ਆਂ ਕਿ ਇਹ ਪ੍ਰਸ਼ਨ ਏਨਾ ਗੰਭੀਰ ਤੇ ਪੇਚੀਦਾ ਹੈ ਕਿ ਹੋਰ ਵਿਸਥਾਰ ਤੇ ਵਿਚਾਰ-ਵਟਾਂਦਰੇ ਦੀ ਮੰਗ ਕਰਦਾ ਐ। ਜੇ ਏਤਰਾਂ ਦੱਸਣ ਬਹਿ ਗਿਆ ਤਾਂ ਕਾਗਜ਼ਾਂ ਦੇ ਕਾਗਜ਼ ਭਰ ਹੋ ਜਾਣਗੇ।
ਹੁਣ : ਲੇਖਕ ਤੇ ਪਾਰਟੀ ਦਾ ਕੀ ਸਬੰਧ ਹੈ? ਕੀ ਪਾਰਟੀ ਦੀ ਹਰ ਨੀਤੀ ਨਾਲ ਲੇਖਕ ਦਾ ਸਹਿਮਤ ਹੋਣਾ ਜ਼ਰੂਰੀ ਹੈ? ਜੇ ਨਹੀਂ ਤਾਂ ਉਹ ਉਸ ਨੂੰ ਸਿਰਜਣਾ ਵਿਚ ਆਉਣੋਂ ਕਿਵੇਂ ਰੋਕ ਸਕਦਾ ਹੈ। ਜੇ ਰੋਕ ਸਕਦਾ, ਤਾਂ ਵਿਰੋਧ ਤੇ ਫਿਰ ਪਾਰਟੀ ਤੋਂ ਬਾਹਰ। ਇਹ ਪ੍ਰਕਿਰਿਆ ਹੁੰਦੀ ਹੈ ਜਾਂ ਕੁਝ ਹੋਰ?
ਹੁੰਦਲ : ਜਿਹੜਾ ਲੇਖਕ ਕਿਸੇ ਕਰਾਂਤੀਕਾਰੀ ਸਿਆਸੀ ਪਾਰਟੀ ਤੇ ਕਿਸੇ ਸਿਆਸੀ ਉਦੇਸ਼ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ, ਉਸ ਦਾ ਕਾਰਜ-ਖੇਤਰ ਸਿਆਸੀ ਆਗੂ ਨਾਲੋਂ ਵੱਖਰੀ ਭਾਂਤ ਦਾ ਹੁੰਦਾ ਹੈ। ਉਸ ਨੇ ਅਪਣੇ ਖ਼ਿਆਲਾਂ ਨੂੰ ਕਲਾਤਮਕ ਰੂਪ ਵਿਚ ਸੁਹਜਾਤਮਿਕ ਅਥਵਾ ਸਾਹਿਤਕ ਬਿੰਬ ਦੇ ਰੂਪ ਵਿਚ ਪੇਸ਼ ਕਰਨਾ ਹੁੰਦਾ ਹੈ, ਤਾਂ ਕਿ ਉਹ ਪਾਠਕ ਤੇ ਸਰੋਤੇ ਨੂੰ ਭਾਵੁਕ ਪੱਧਰ `ਤੇ ਪ੍ਰਭਾਵਤ ਕਰ ਸਕੇ। ਜੇ ਕੋਈ ਲੇਖਕ ਸਮਝਦਾ ਹੈ ਕਿ ਮੈਂ ਕਿਸੇ ਰਾਜਸੀ ਚਿੰਤਕ ਤੋਂ ਉਪਰ ਹਾਂ ਤੇ ਕਿਸੇ ਪਾਰਟੀ ਦਾ ਕੋਈ ਡਸਿਪਲਨ ਮੰਨਣ ਤੋਂ ਨਾਬਰ ਹਾਂ, ਤਾਂ ਉਸ ਨੂੰ ਕਿਸੇ ਸਿਆਸੀ ਪਾਰਟੀ ਵਿਚ ਜਾਣ ਦੀ ਲੋੜ ਨਹੀਂ। ਜੇ ਕੋਈ ਲੇਖਕ ਕਿਸੇ ਸਿਆਸੀ ਪਾਰਟੀ ਦੇ ਪ੍ਰੋਗਰਾਮ ਨੂੰ ਪ੍ਰਚਾਰ-ਮਈ ਢੰਗ ਨਾਲ ਪੇਸ਼ ਕਰਦਾ ਹੈ ਤਾਂ ਉਹ ਨਾ ਸਾਹਿਤ ਦਾ ਤੇ ਨਾ ਹੀ ਪਾਰਟੀ ਦਾ ਕੁਝ ਸੰਵਾਰਦਾ ਹੈ। ਏਸੇ ਕਾਰਨ ਆਮ ਲੇਖਕ ਸਿਆਸੀ ਪਾਰਟੀਆਂ ਤੋਂ ਦੂਰ ਰਹਿ ਕੇ ਅਪਣਾ ਰਾਂਝਾ ਰਾਜ਼ੀ ਕਰਦੇ ਰਹਿੰਦੇ ਹਨ। ਆਪ-ਮੁਹਾਰੇ ਅਥਵਾ ਬੇਮੁਹਾਰੇ ਰਹਿੰਦੇ ਹਨ ਤੇ ਕਿਸੇ ਸਿਆਸੀ ਪਾਰਟੀ ਦੀ ਮਰਿਆਦਾ ਤੋਂ ਆਕੀ ਜਾਂ ਦੂਰ ਰਹਿੰਦੇ ਹਨ। ਪਰ ਕੋਈ ਵੀ ਲੇਖਕ ਅਪਣੇ ਸਮੇਂ ਦੇ ਸਮਾਜੀ-ਸਿਆਸੀ ਹਾਲਾਤ ਤੋਂ ਆਜ਼ਾਦ ਨਹੀਂ ਹੁੰਦਾ।
ਪਿਆਰ ਦਾ ਪੰਨਾ
ਹੁਣ : ਤੁਹਾਡੀ ਸਮੁੱਚੀ ਕਾਵਿ-ਰਚਨਾ ਵਿਚ ਪਿਆਰ ਦੀ ਕਵਿਤਾ ਕੇਵਲ ਨਾਮ-ਮਾਤਰ ਹੀ ਨਜ਼ਰੀਂ ਪੈਂਦੀ ਹੈ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ?
ਹੁੰਦਲ : ਪਿਆਰ ਕਰਨ ਦਾ ਵੇਹਲ ਈ ਕਿਸ ਕੋਲ ਸੀ। ਬਚਪਨ ਤੋਂ ਹੀ ਤਾਂ ਮੈਂ ਘਰੇਲੂ ਉਲਝਣਾਂ ਵਿਚ ਪੈ ਗਿਆ। ਜਵਾਨੀ ਤਾਂ ਚੰਦਰੀ ਸੰਨ-ਸੰਤਾਲੀ ਦੀ ਭੇਟ ਚੜ੍ਹ ਗਈ। ਪਤਾ ਈ ਨਾ ਲੱਗਾ ਕਦੋਂ ਜਵਾਨੀ ਆਈ ਤੇ ਚਲੀ ਗਈ। ਕੋਈ ਚਿਹਰਾ ਅੱਖਾਂ ਸਾਹਵਿਉਂ ਲੰਘਿਆ ਈ ਨਾ ਜੋ ਕਵਿਤਾ ਰਾਹੀਂ ਸਫ਼ਿਆਂ `ਤੇ ਉਤਰਦਾ। ਮਗਰੋਂ ਯੂਨੀਅਨਾਂ ਦੀਆਂ ਸਰਗਰਮੀਆਂ, ਜੇਲ੍ਹਾਂ। ਜੀਵਣ ਸਾਥਣ `ਕੱਲੀਓ ਈ ਘਰ ਸਾਂਭਦੀ ਰਹੀ। ਇਹ ਨਹੀਂ ਕਿ ਭਾਵੁਕਤਾ ਨਹੀਂ ਸੀ, ਬੱਸ ਸਮਾਜ ਦੇ ਫ਼ਿਕਰ ਹੀ ਕਵਿਤਾ `ਚ ਉਤਰਦੇ ਰਹੇ। ਚੱਲੋ, ਖ਼ੈਰ, ਇਹ ਕਾਰਜ ਵੀ ਤਾਂ ਕਿਸੇ ਨੇ ਕਰਨੇ ਈ ਹੁੰਦੇ ਆ। ਦੂਜਾ ਕਾਰਨ ਇਹ ਵੀ ਐ ਬਈ, ਮੈਂ ਕਵਿਤਾ ਬੜੀ ਦੇਰ ਬਾਅਦ ਲਿਖਣੀ ਆਰੰਭੀ। ਬੀ.ਏ. ਕਰਨ ਤੋਂ ਬਾਅਦ। ਮੇਰੇ ਸਾਹਮਣੇ ਨਿੱਜੀ ਭਾਵਾਂ ਦੀ ਥਾਂ ਸਮਾਜਕ ਤੇ ਰਾਜਸੀ ਉਦੇਸ਼ ਭਾਰੂ ਹੋ ਗਏ। ਓਦੋਂ ਮਾਹੌਲ ਈ ਏਤਰਾਂ ਦਾ ਸੀ ਕਿ ਨੌਜਵਾਨ ਸਮੇਂ ਦੀਆਂ ਲਹਿਰਾਂ ਤੋਂ ਬਹੁਤ ਪ੍ਰਭਾਵਤ ਸਨ। ਸੋ, ਇਹ ਕਹਿ ਲਓ, ਪਿਆਰ ਦਾ ਪੰਨਾ ਲਿਖਿਆ ਈ ਨਹੀਂ। ਇਹ ਵੀ ਨਹੀਂ ਕਿ ਮੈਂ ਬਿਲਕੁਲ ਕੋਰਾ ਸਾਂ।
ਹੁਣ : ਕੋਰਾ ਨਹੀਂ ਸੀ, ਮਤਲਬ? ਕੀ ਦੱਸਣਾ ਨਹੀਂ ਚਾਹੁੰਦੇ?
ਹੁੰਦਲ : ਧੀਰ ਸਾਹਿਬ ਦਾ ਇਕ ਸ਼ਿਅਰ ਐ, ਕੋਈ ਗੱਲ ਹੁੰਦੀ ਕਿਸੇ ਇਕੋ ਲਈ ਕੋਈ ਹੁੰਦੀ ਹਜ਼ਾਰਾਂ ਵਾਸਤੇ। ਕੰਨ ਕੰਧਾਂ ਦੇ ਉਚੀ ਕੀ ਕਹਾਂ ਸੈਨਤਾਂ ਹਨ ਜਾਣਕਾਰਾਂ ਵਾਸਤੇ।ਮੇਰਾ ਖ਼ਿਆਲ ਐ ਕਿ ਤੁਸੀਂ ਸਮਝ ਹੀ ਗਏ ਹੋਵੋਂਗੇ।
ਹੁਣ : ਪੰਜਾਬ ਸੰਕਟ ਦੇ ਸਾਲਾਂ ਨਾਲ ਸਬੰਧਤ ਤੁਹਾਡੀ ਵਧੇਰੇ ਕਵਿਤਾ ਵਿਚ ‘ਪੁਰਾਣੇ ਪੰਜਾਬ` ਦਾ ਆਕਰਸ਼ਕ ਚਿੱਤਰ ਪੇਸ਼ ਕੀਤਾ ਪ੍ਰਤੀਤ ਹੁੰਦਾ ਹੈ। ਕੀ ਤੁਸੀਂ ਇਹਦਾ ਦਹਿਸ਼ਤ ਦੇ ਦੌਰ ਨਾਲ ਟਾਕਰਾ ਕਰਦੇ ਹੋ ਜਾਂ ਕੋਈ ਇਸ ਦਾ ਹੋਰ ਕਾਰਨ ਹੈ?
ਹੁੰਦਲ : ਏਤਰਾਂ… ਐ ਬਈ, ਮੁਲਕ ਵੰਡ ਦੇ ਜ਼ਖ਼ਮ ਤਾਂ ਸਾਰੀ ਉਮਰ ਰਿਸਦੇ ਰਹਿਣ ਵਾਲੇ ਨੇ ਤੇ ਜਿਹਦੇ ਕੋਲ ਅਪਣਾ ਮਨ ਫਰੋਲਣ ਲਈ ਕਲਮ ਦੀ ਤਾਕਤ ਹੋਵੇ ਤਾਂ ਉਹ ਦੁੱਖ ਬਿਆਨ ਕਰਨੋ ਰਹਿ ਨਹੀਂ ਸਕਦਾ। ਪੰਜਾਬ ਨੇ ਦਹਿਸ਼ਤ ਦਾ ਡੇਢ ਦਹਾਕਾ ਖ਼ੌਫ਼ ਤੇ ਆਤੰਕ ਹੰਢਾਇਐ। ਇਹ ਉਹ ਭਿਆਨਕ ਦੌਰ ਸੀ ਜਦੋਂ ਹਰ ਸਾਧਾਰਨ ਬੰਦੇ ਦਾ ਜੀਣਾ-ਥੀਣਾ ਮੁਸ਼ਕਲ ਸੀ। ਮੌਤ ਦਾ ਖੌਫ਼ ਭਾਰੂ ਹੋ ਗਿਆ ਸੀ। ਪ੍ਰਾਹੁਣਾਚਾਰੀ ਦੀ ਭਾਵਨਾ ਖ਼ਤਮ ਹੋ ਗਈ। ਹੋਰ ਵੀ ਕਈ ਵਿਗਾੜ ਸਨ ਜੋ ਸਾਡੇ ਸਮਾਜਕ ਜੀਵਨ ਤੇ ਵਰਤੋਂ-ਵਿਹਾਰ ਵਿਚ ਆ ਘੁਸੜੇ। ਮੈਂ ਅਪਣਾ ਦਰਦ ਇਉਂ ਬਿਆਨ ਕੀਤਾ ਸੀ :ਇਹ ਜੋ ਮੱਥੇ ਦਾ ਕਲੰਕ ਬਣ ਕੇ ਚੜ੍ਹਦਾ ਹੈ ਦਿਨਇਹ ਜੋ ਸਹਿਮ ਦੀ ਚੁੜੇਲ ਬਣ ਕੇ ਉਤਰਦੀ ਹੈ ਰਾਤਇਹ ਜੋ ਭੈਅ-ਭਿੱਜੇ ਚਿਹਰੇ ਲੈ ਕੇ ਮਿਲਦੇ ਨੇ ਯਾਰਇਹ ਜੋ ਕੋਟਲਾ-ਛਪਾਕੀ ਖੇਡਦੇ ਬਾਲਾਂ ਨੂੰਧਮਕਾਉਣਾ ਸਿਖ ਗਈਆਂ ਨੇ ਮਾਵਾਂਇਹ ਜੋ ਲੋਹੜੀ ਦੇ ਗੀਤ ਗਾਉਣਾ ਵੀਬਣ ਗਿਆ ਹੈ ਪਾਪਆਖ਼ਰ ਕਦੋਂ ਮੁੱਕੇਗਾ ਮਾਤਮ ਦਾ ਇਹ ਸੰਤਾਪ।
ਫ਼ੈਸਲੇ ਦੀ ਘੜੀ
ਹੁਣ : ਨਕਸਲਵਾਦੀ ਵਿਚਾਰਧਾਰਾ ਨਾਲ ਤੁਹਾਡਾ ਰਿਸ਼ਤਾ ਵੀ ਦਵੰਦਵਾਦੀ ਰਿਹਾ ਹੈ। ਕਿਸ ਸੋਚ ਦੇ ਸਿਖ਼ਰ `ਤੇ ਖਲੋ ਕੇ ਤੁਸਾਂ ਇਹ ਦਵੰਦ ਸਿਰਜਿਆ? ਕੀ ਤੁਸੀਂ ਕਿਸੇ ਪੜਾਅ `ਤੇ ਇਸ ਲਹਿਰ ਤੋਂ ਪ੍ਰਭਾਵਤ ਨਹੀਂ ਹੋਏ। ਅੱਜ ਤੁਹਾਡਾ ਦ੍ਰਿਸ਼ਟੀਕੋਣ ਕੀ ਹੈ?
ਹੁੰਦਲ : ਇਕ ਸਵਾਲ ਵਿਚ ਕਈ ਸਵਾਲ ਰਲਗਡ ਹੋ ਗਏ ਨੇ। ਦਰਅਸਲ, ਨਕਸਲਵਾਦੀ ਸਾਹਿਤਕ ਲਹਿਰ ਦੇ ਆਰੰਭਕ ਦੌਰ ਵਿਚ ਮੇਰੀ ਕਵਿਤਾ ਕਿਧਰੇ ਛਪੀ ਸੀ, ਜਿਹਦਾ ਸਿਰਲੇਖ ਸੀ, ‘‘ਫ਼ੈਸਲੇ ਦੀ ਘੜੀ“। ਖ਼ੂਬ ਪ੍ਰਚਾਰ ਹੋਇਆ ਇਹਦਾ। ਸੰਭਵ ਐ ਇਸ ਕਵਿਤਾ ਉਤੇ ਨਕਲਸਵਾਦ ਦਾ ਅਚੇਤ ਹੀ ਕੋਈ ਪ੍ਰਭਾਵ ਹੋਵੇ। ਇਹ ਕਵਿਤਾ ਮੋਹਨਜੀਤ ਵਲੋਂ ਸੰਪਾਦਤ ਕਵਿਤਾ ਸੰਗ੍ਰਹਿ ‘ਆਰੰਭ` ਵਿਚ ਵੀ ਛਪੀ। ਬਸ… ਏਸੇ ਕਵਿਤਾ ਦੇ ਅਧਾਰ `ਤੇ ਪੁਲੀਸ ਨੇ ਮੈਨੂੰ ਵੀ ਨਕਸਲਵਾਦੀ ਖ਼ਾਨੇ ਵਿਚ ਫਿਟ ਕਰ ਦਿੱਤਾ। ਮੇਰੀ ਤੇ ਮੇਰੇ ਛੋਟੇ ਭਰਾ ਦੀ ਮੋਗਾ ਵਿਦਿਆਰਥੀ ਐਜੀਟੇਸ਼ਨ ਵਿਚ ਗ੍ਰਿਫ਼ਤਾਰੀ ਏਸੇ ਅਧਾਰ `ਤੇ ਹੋਈ। ਅਸੀਂ ਤਾਂ ਸੀ.ਪੀ.ਆਈ. (ਐਮ.) ਦੇ ਥੋੜ੍ਹੇ ਬਹੁਤੇ ਪ੍ਰਭਾਵ ਹੇਠ ਸੀ। ਹੌਲੀ-ਹੌਲੀ ਅਧਿਐਨ ਰਾਹੀਂ ਅਸੀਂ ਇਸ ਰਾਜਸੀ ਰੋਲ-ਘਚੋਲੇ ਤੋਂ ਬਾਹਰ ਨਿਕਲ ਸਪੱਸ਼ਟ ਹੁੰਦੇ ਗਏ। ਨਿੱਜੀ ਦਹਿਸ਼ਤ-ਗਰਦੀ ਦੀ ਥਾਂ, ਜਨਤਕ ਸੰਘਰਸ਼ ਦਾ ਰਾਹ ਮੇਰੇ ਲਈ ਹੋਰ ਸਪੱਸ਼ਟ ਹੁੰਦਾ ਗਿਆ। ਕਵਿਤਾ ਦੇ ਮੁਹਾਵਰੇ ਵਿਚ ਗੱਲ ਕਰਨੀ ਹੋਵੇ ਤਾਂ ਕਹਿ ਸਕਦਾ ਹਾਂ ਕਿਤੀਰਾਂ ਤੇ ਤਲਵਾਰਾਂ ਉਤੇ ਮਾਣ ਬੜਾ ਸੀ ਕਰਦਾ,ਐਪਰ ਜਿਸ ਦਿਨ ਮਰਿਆ ਮਿਰਜ਼ਾ, ਮਰਿਆ ਬਾਝ ਭਰਾਵਾਂ।ਹੁਣ ਭਾਵੇਂ ਮੈਂ 80 ਸਾਲਾਂ ਦਾ ਹੋ ਚੱਲਿਆਂ, ਪਰ ਅਪਣੇ ਕੀਤੇ ਉਤੇ ਸ਼ਰਮਿੰਦਗੀ ਕੋਈ ਨਹੀਂ ਹੈ।ਜੂਝਦੇ ਹੋਏ ਲਹੂ ਦਾ ਕਿੱਸਾ ਸੁਣਾਉਂਦੇ ਰਹੀਦਾ।ਪੌਣ ਦੀ ਝੋਲੀ `ਚ ਖੁਸ਼ਬੂੁ, ਗੀਤ ਪਾਉਂਦੇ ਰਹੀਦਾ।ਹਾਰ ਕੇ ਵੀ ਛੱਡਿਆ ਨਾ, ਲੜਨ ਦਾ ਜਜ਼ਬਾ ਅਸਾਂਹਾਰ ਕੇ ਵੀ ਜਿੱਤ ਦੇ ਨਕਸ਼ੇ ਬਣਾਉਂਦੇ ਰਹੀਦਾ।ਅਪਣੇ ਰਾਜਸੀ ਵਿਸ਼ਵਾਸਾਂ ਉਤੇ ਆਖ਼ਰੀ ਸਵਾਸਾਂ ਤੀਕ ਪਹਿਰਾ ਦੇਣ ਦਾ ਇਰਾਦਾ ਧਾਰਿਆ ਹੋਇਐ। ਰਾਜਸੀ ਪਰਿਵਰਤਨ ਚੰਦ ਸੂਰਮਿਆਂ ਦੀ ਕੀਤੀ ਠੂਹ-ਠਾਹ ਨਾਲ ਨਹੀਂ ਆਉਂਦੇ ਹੁੰਦੇ ਕਿਉਂਕਿਇਨਕਲਾਬ ਸਾਲ ਛਿਮਾਹੀ ਲਈ,ਮਨ ਵਿਚੋਂ ਉਠਿਆ ਕੜ੍ਹੀ ਦਾ ਉਬਾਲ ਨਹੀਂ ਇਹ ਤਾਂ ਮੱਸ ਫੁੱਟਣ ਤੋਂਧੌਲਿਆਂ ਤਕ ਦੀਲੰਮੀ ਯਾਤਰਾ ਹੈ।…………..ਗੁਲਾਬ ਦੇ ਮਹਿਕਾਂ ਭਰੇ ਗੁਲਸ਼ਨ ਨੂੰ ਜਾਂਦੀਲਹੂ-ਭਿੱਜੀ ਸੜਕ ਹੈ।
ਹੁਣ :ਹੁੰਦਲ ਸਾਹਿਬ ਕਿਉਂ ਨਾ ਇਕ-ਇਕ ਕੱਪ ਚਾਹ ਦਾ ਹੋਰ ਹੋ ਜਾਵੇ?
ਹੁੰਦਲ : ਹਾਂ-ਹਾਂ ਕਿਉਂ ਨਈਂ। ਨਾਲੇ ਗੱਲਬਾਤ ਕੁੱਝ ਹੋਰ ਰਵਾਂ ਹੋ ਜਾਊ। ਲਿਆ ਬਈ ਹਰਪ੍ਰੀਤ ਚਾਹ।
ਹੁਣ : ਹੁੰਦਲ ਸਾਹਿਬ, ਤੁਸਾਂ ਅਪਣੇ ਬੇਟੇ ਹਰਪ੍ਰੀਤ ਨੂੰ ਆਵਾਜ਼ ਦਿੱਤੀ ਐ ਤਾਂ ਕਿਉਂ ਨਾ ਪਰਿਵਾਰ ਬਾਰੇ ਵੀ ਕੁੱਝ ਗੱਲਾਂ ਹੋ ਜਾਣ। ਤੁਹਾਡੀ ਰਚਨਾਕਾਰੀ ਬਾਰੇ ਕੁੱਝ ਹੋਰ ਗੱਲਾਂ ਜ਼ਰਾ ਠਹਿਰ ਕੇ ਕਰਦੇ ਹਾਂ।
ਹੁੰਦਲ : ਇਹ ਵੀ ਠੀਕ ਐ। ਗੱਲ ਇਹ ਵੇ ਕਿ ਮੈਂ ਮਾਰਚ 1992 ਵਿਚ ਸਕੂਲ ਲੈਕਚਰਾਰ ਵਜੋਂ ਢਿਲਵਾਂ ਤੋਂ ਰਿਟਾਇਰ ਹੋਇਆ। ਪਤਨੀ ਰਘਬੀਰ ਕੌਰ ਵੀ ਰਿਟਾਇਰਡ ਟੀਚਰ ਐ। ਮੇਰਾ ਇਕ ਲੜਕਾ ਹਰਪ੍ਰੀਤ ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿਚ ਲੈਕਚਰਾਰ ਐ ਤੇ ਲੜਕੀ ਤਰਨ ਤਾਰਨ ਮਾਤਾ ਗੰਗਾ ਕਾਲਜ ਵਿਚ ਲੈਕਚਰਾਰ। ਛੋਟਾ ਲੜਕਾ ਹਰਿੰਦਰ ਐਮ.ਐਸ.ਸੀ. ਤੇ ਐਮ.ਬੀ.ਏ. ਐ ਤੇ ਟੋਰਾਂਟੋ ਵਿਚ ਐ। ਮੇਰੀ ਪੱਕੀ ਰਿਹਾਇਸ਼ ਪਿੰਡ ਫੱਤੂ ਚੱਕ, ਬਿਆਸ ਨੇੜੇ ਕਪੂਰਥਲੇ ਜ਼ਿਲ੍ਹੇ ਵਿਚ ਹੈ, ਜਿਥੇ ਸਾਡੀ ਜੱਦੀ ਜ਼ਮੀਨ ਐ।ਮਾਂ-ਪਿਓ ਦਾ ਚੇਤਾ
ਹੁਣ :ਚਲੋ ਤੁਹਾਡੇ ਬਚਪਨ ਵੱਲ ਪਰਤੀਏ। ਕਿਹੋ ਜਿਹੀ ਸੀ ਤੁਹਾਡੀ ਮਾਂ?
ਹੁੰਦਲ : ਮਾਂ ਬਹੁਤ ਪਿਆਰੀ ਸੀ। ਬੜਾ ਪਿਆਰ ਕਰਦੀ ਸੀ ਮੈਨੂੰ। ਉਹ ਹਾਲੇ ਵੀ ਕਈ ਵੇਰਾਂ ਚੇਤੇ ਆ ਜਾਂਦੀ ਐ। ਕੁਝ ਗੱਲਾਂ ਤਾਂ ਹਾਲੇ ਵੀ ਮੈਨੂੰ ਯਾਦ ਨੇ। ਮਾਂ ਤੋਂ ਬਿਨਾਂ ਮੈਨੂੰ ਹੋਰ ਕੋਈ ਚੰਗਾ ਵੀ ਨਹੀਂ ਸੀ ਲਗਦਾ। ਉਦੋਂ ਬਹੁਤੀ ਸਮਝ ਤਾਂ ਨਹੀਂ ਸੀ ਕਿ ਮਾਂ ਦੀ ਤਕਲੀਫ਼ ਕੀ ਐ? ਪਰ ਉਹ ਘਰ ਵਿਚ ਖ਼ੁਸ਼ ਨਹੀਂ ਸੀ। ਮੈਂ ਛੋਟਾ ਸਾਂ, ਫੇਰ ਵੀ ਮੈਨੂੰ ਅਪਣੇ ਨਾਲ ਵਾਪਰਦੀਆਂ ਗੱਲਾਂ ਦੱਸਦੀ ਰਹਿੰਦੀ। ਉਹਨੂੰ ਲਗਦਾ ਸੀ ਕਿ ਘਰ ਵਿਚ ਉਸ ਨਾਲ ਜ਼ਿਆਦਤੀ ਹੋ ਰਹੀ ਹੈ। ਮੈਂ ਵੀ ਏਤਰਾਂ ਮਹਿਸੂਸ ਕਰਦਾ ਕਿ ਮਾਂ ਨਾਲ ਧੱਕਾ ਹੁੰਦੈ। ਮੈਂ ਕੁਝ ਕਰ ਤਾਂ ਨਹੀਂ ਸੀ ਸਕਦਾ ਪਰ ਉਹਦਾ ਦਰਦ ਮਹਿਸੂਸ ਜ਼ਰੂਰ ਕਰਦਾ ਸੀ।
ਹੁਣ : ਆਖ਼ਰ ਕੀ ਦੁੱਖ ਸੀ ਮਾਂ ਨੂੰ?
ਹੁੰਦਲ : ਦਰਅਸਲ ਇਹ ਲੰਮੀ-ਚੌੜੀ ਕਹਾਣੀ ਐ। ਮੈਂ ਖੋਲ੍ਹ ਕੇ ਦਸਦਾਂ। ਉਂਜ ਤਾਂ ਮੈਂ ਇਨ੍ਹਾਂ ਗੱਲਾਂ ਨੂੰ ਚੇਤੇ ਨਹੀਂ ਕਰਨਾ ਚਾਹੁੰਦਾ, ਮਨ ਉਦਾਸ ਹੋ ਜਾਂਦੈ। ਅਸਲ ਵਿਚ ਮੇਰੇ ਬਾਪ ਹੋਰੀਂ ਚਾਰ ਭਰਾ ਸਨ। ਜਿਹੜੇ ਦੋ ਵੱਡੇ ਸੀ, ਉਨ੍ਹਾਂ `ਚੋਂ ਇਕ ਹਜ਼ਾਰਾ ਸਿੰਘ ਨਨਕਾਣਾ ਸਾਹਿਬ 1921 ਵਿਚ ਸ਼ਹੀਦ ਹੋ ਗਿਆ ਸੀ। ਸਾਡੇ ਪਿੰਡੋਂ 6 ਜਣਿਆਂ ਦਾ ਜਥਾ ਗਿਆ ਸੀ ਤੇ ਛੇ ਦੇ ਛੇ ਸ਼ਹੀਦ ਹੋ ਗਏੇ। ਇਹ ਹਜ਼ਾਰਾ ਸਿੰਘ ਮੇਰੀ ਮਾਂ ਗੁਲਾਬ ਕੌਰ ਦਾ ਪਹਿਲਾ ਘਰਵਾਲਾ ਸੀ। ਦੂਜਾ ਭਰਾ ਬੇਲਾ ਸਿੰਘ ਜੈਤੋ ਦੇ ਮੋਰਚੇ ਵਿਚ ਲਾਠੀਚਾਰਜ ਦੌਰਾਨ ਸ਼ਹੀਦ ਹੋ ਗਿਆ। ਉਦੋਂ ਸ਼੍ਰੋਮਣੀ ਕਮੇਟੀ ਜ਼ਖ਼ਮੀ ਬੰਦਿਆਂ ਨੂੰ ਚੁੱਕ ਕੇ ਅੰਬਰਸਰ ਲੈ ਜਾਂਦੀ ਤੇ ਇਲਾਜ ਕਰਵਾਉਂਦੀ। ਬੇਲਾ ਸਿੰਘ ਵੀ ਜ਼ਖ਼ਮੀ ਹੋ ਗਿਆ ਤੇ ਕਮੇਟੀ ਉਹਨੂੰ ਅੰਬਰਸਰ ਲੈ ਗਈ। ਉਹ ਵੀ ਵਿਆਹਿਆ-ਵਰ੍ਹਿਆ ਸੀ। ਨਾ ਮੇਰੀ ਮਾਂ ਦੇ ਕੋਈ ਬੱਚਾ ਸੀ, ਨਾ ਹੀ ਬੇਲਾ ਸਿੰਘ ਦੇ ਕੋਈ ਔਲਾਦ ਸੀ। ਦੋਵੇਂ ਔਰਤਾਂ ਬੜੇ ਸਾਲ ਪੇਕੇ ਰਹੀਆਂ। ਭਾਈਚਾਰੇ ਨੇ ਫ਼ੈਸਲਾ ਕੀਤਾ ਕਿ ਇਹ ਦੋਵੇਂ ਔਰਤਾਂ ਖ਼ੱਜਲ-ਖੁਆਰ ਨਹੀਂ ਹੋਣੀਆਂ ਚਾਹੀਦੀਆਂ। ਇਨ੍ਹਾਂ ਨੂੰ ਘਰ ਵਿਚ ਹੀ ਬਹਾਲ ਲਓ। ਫ਼ੈਸਲਾ ਹੋ ਗਿਆ ਕਿ ਦੋਵਾਂ ਨੂੰ ਦੀਦਾਰ ਸਿੰਘ ਦੇ ਬਿਠਾ ਦਿਓ। ਇਹ ਦੀਦਾਰ ਸਿੰਘ ਮੇਰਾ ਪਿਤਾ ਸੀ। ਉਦੋਂ ਉਹ ਨਿਆਣਾ ਜਿਹਾ ਸੀ ਤੇ ਜਦੋਂ ਜਵਾਨ ਹੋਇਆ ਤਾਂ ਭਾਈਚਾਰੇ ਨੇ ਦੋਵੇਂ ਔਰਤਾਂ `ਤੇੇ ਚਾਦਰ ਪਵਾ ਦਿੱਤੀ। ਮੇਰੀ ਮਾਂ ਗੁਲਾਬ ਕੌਰ ਦੇ ਚਾਰ ਬੱਚੇ ਹੋਏ। ਮੈਂ ਵੱਡਾ ਸੀ। ਮੈਥੋਂ ਛੋਟਾ ਕੁਲਬੀਰ ਤੇ ਇਕ ਭੈਣ ਸੀ। ਇਕ ਦੀ ਛੋਟੇ ਹੁੰਦਿਆਂ ਮੌਤ ਹੋ ਗਈ ਸੀ। ਜਦੋਂ ਮੈਨੂੰ ਹੋਸ਼ ਆਈ ਤਾਂ ਮੈਂ ਮਹਿਸੂਸ ਕੀਤਾ ਕਿ ਘਰ ਵਿਚ ਹਰ ਵੇਲੇ ਟੈਨਸ਼ਨ ਜਿਹੀ ਰਹਿੰਦੀ ਐ। ਮੇਰੀ ਮਾਂ ਕਿਉਂਕਿ ਵੱਡੀ ਨੂੰਹ ਸੀ ਤੇ ਉਹਨੂੰ ਲਗਦਾ ਸੀ ਕਿ ਉਸ ਨਾਲ ਜ਼ਿਆਦਤੀ ਹੋ ਰਹੀ ਹੈ। ਜੇ ਕਿਸੇ ਗੱਲੋਂ ਉਹ ਇਤਰਾਜ਼ ਕਰਦੀ ਤਾਂ ਪਿਤਾ ਆ ਕੇ ਦਬਕਾਉਂਦਾ। ਉਦੋਂ ਮੈਂ ਕੋਈ 6-7 ਵਰ੍ਹਿਆਂ ਦਾ ਸਾਂ। ਇਕ ਵਾਰ ਮਾਂ ਨੇ ਪਿੰਡੇ `ਤੇ ਪਈਆਂ ਲਾਸਾਂ ਦਿਖਾਈਆਂ। ਮੈਂ ਗੱਲ ਤਾਂ ਸਮਝ ਨਾ ਸਕਿਆ ਪਰ ਮਾਂ ਨੂੰ ਰੋਂਦੀ ਦੇਖ ਮੈਂ ਉਦਾਸ ਹੋ ਗਿਆ।ਮੇਰੀ ਮਾਂ ਤੇ ਮਤਰੇਈ ਮਾਂ ਦਾ ਕਮਰਾ ਵਖੋ-ਵਖਰਾ ਸੀ। ਓਹਦੀ ਗੱਲ ਘਰ ਵਿਚ ਮੰਨੀ ਜਾਂਦੀ। ਮੇਰੀ ਮਾਂ ਨੂੰ ਇਤਰਾਜ਼ ਰਹਿੰਦਾ ਸੀ। ਇਕ ਵੇਰਾਂ ਤਾਂ ਉਹ ਪੇਕੇ ਜਾਣ ਲਈ ਤੁਰ ਪਈ। ਧੁੰਦਲਾ-ਧੁੰਦਲਾ ਯਾਦ ਐ, ਮੈਂ ਉਹਦੀ ਉਂਗਲ ਫੜੀ ਤੇਜ਼ ਤੁਰਨ ਦੀ ਕੋਸ਼ਿਸ਼ ਕਰ ਰਿਹਾ ਸਾਂ। ਮੈਨੂੰ ਕੀ ਪਤਾ ਸੀ ਕਿ ਮਾਂ ਕੀ ਕਰਨ ਲੱਗੀ ਐ, ਕਿੱਥੇ ਜਾ ਰਹੀ ਐ, ਮੈਨੂੰ ਬਸ ਏਨਾ ਦੱਸਿਆ ਕਿ ਆਪਾਂ ਤੇਰੇ ਨਾਨਕੇ ਜਾ ਰਹੇ ਆਂ। ਮੈਂ ਇਸ ਘਰ `ਚ ਹੁਣ ਹੋਰ ਨਹੀਂ ਰਹਿ ਸਕਦੀ। ਸਟੇਸ਼ਨ ਦੂਰ ਸੀ। ਟੇਢੀ-ਮੇਢੀ ਕੱਚੀ ਜਿਹੀ ਸੜਕ `ਤੇ ਅਸੀਂ ਤੁਰੇ ਜਾ ਰਹੇ ਸਾਂ। ਗੱਡੀ ਹਾਲੇ ਆਈ ਨਹੀਂ ਸੀ। ਅਸੀਂ ਟੇਸ਼ਨ `ਤੇ ਪਏ ਟੁੱਟੇ ਜਿਹੇ ਬੈਂਚ `ਤੇ ਬਹਿ ਗਏ। ਮੈਂ ਆਲੇ-ਦੁਆਲੇ ਦਾ ਨਜ਼ਾਰਾ ਤੱਕ ਰਿਹਾ ਸਾਂ ਕਿ ਏਨੇ ਨੂੰ ਪਿਤਾ ਜੀ ਘੋੜੀ ਲਈ ਪਹੁੰਚ ਗਏ। ਉਹ ਮਨਾ-ਮਨੂ ਕੇ ਸਾਨੂੰ ਘਰ ਲੈ ਗਏ।ਮੈਂ ਸਮਝਦਾਂ ਮੇਰੀ ਮਾਂ ਦਾ ਦੁੱਖ, ਇਤਰਾਜ਼ ਜਾਇਜ਼ ਵੀ ਸੀ। ਉਹਦੀ ਸਕੀ ਭੂਆ ਨੇ ਏਸ ਘਰੇ ਸਾਕ ਖੜਿਆ ਸੀ। ਚੰਗਾ ਖ਼ੁਸ਼ਹਾਲ ਪਰਿਵਾਰ ਸੀ। ਪਰ ਏਥੇ ਆ ਕੇ ਮਾਂ ਨੂੰ ਉਹ ਰੁਤਬਾ ਨਾ ਮਿਲਿਆ। ਘਰ `ਚ ਨਿੱਤ ਦਾ ਕਲੇਸ਼। ਦਾਦੀ ਵੀ ਮਤਰੇਈ ਮਾਂ ਦਾ ਹੀ ਸਾਥ ਦਿੰਦੀ। ਜਿਉਂ-ਜਿਉਂ ਮੈਂ ਵੱਡਾ ਹੁੰਦਾ ਗਿਆ ਤਾਂ ਮੈਨੂੰ ਵੀ ਗੁੱਸਾ ਆਉਣ ਲੱਗਾ। ਮਤਰੇਏ ਭਰਾ ਨੂੰ ਮੇਰੇ ਨਾਲੋਂ ਜ਼ਿਆਦਾ ਪਿਆਰ ਮਿਲਦਾ ਤੇ ਹਰ ਮਾਮਲੇ `ਚ ਮੇਰੇ ਨਾਲ ਵਿਤਕਰਾ ਹੁੰਦਾ। ਬਿਆਨ ਕਰਨਾ ਔਖੈ। ਮਨ `ਤੇ ਡੂੰਘਾ ਅਸਰ ਪੈਣ ਲੱਗਾ। ਇਕ ਵੇਰਾਂ ਪਿਤਾ ਜੀ ਪੱਥਰ ਦੀਆਂ ਦੋ ਸਲੇਟਾਂ ਲੈ ਕੇ ਆਏ। ਦੂਜੇ ਭਰਾ ਨੇ ਫਟਾ-ਫਟ ਚੰਗੀ ਸਲੇਟ ਚੁਣ ਲਈ ਤੇ ਜਿਹੜੀ ਥੋੜ੍ਹੀ ਜਿਹੀ ਖਰਾਬ ਸੀ ਮੈਨੂੰ ਦੇ ਦਿੱਤੀ। ਘਰ ਦੀ ਹਰ ਚੀਜ਼ `ਤੇ ਪਹਿਲਾਂ ਉਹ ਅਪਣਾ ਹੱਕ ਜਤਾਉਂਦਾ ਤੇ ਕੋਈ ਕੁਝ ਨਹੀਂ ਸੀ ਕਹਿੰਦਾ। ਮੇਰੇ ਕੋਲ ਰੋਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ। ਘਰ ਦੇ ਹਰ ਵੇਲੇ ਕਹਿੰਦੇ ਰਹਿੰਦੇ, ‘ਹਰਭਜਨ ਤਾਂ ਨਲੈਕ ਐ, ਇਹਨੂੰ ਕੱਖ ਨੀਂ ਆਉਂਦਾ।` ਸਾਰੀਆਂ ਸੁੱਖ ਸਹੂਲਤਾਂ ਉਸ ਦੇ ਟੱਬਰ ਨੂੰ ਮਿਲਦੀਆਂ, ਮੈਨੂੰ ਦੁੱਖ ਹੋਣਾ ਤੇ ਨਾਲ-ਨਾਲ ਮੈਨੂੰ ਅਹਿਸਾਸ ਹੋਣ ਲੱਗਾ ਕਿ ਮੇਰੇ ਅੰਦਰ ਵੀ ਬਹੁਤ ਕੁਝ ਐ। ਮੈਂ ਘਰਦਿਆਂ ਨੂੰ ਕੁਝ ਬਣ ਕੇ ਦਿਖਾਉਣਾ। ਬੱਸ ਏਸ ਗੱਲ ਤੋਂ ਪ੍ਰੇਰਨਾ ਲੈ ਕੇ ਮੈਂ ਮਿਹਨਤ `ਚ ਜੁੱਟ ਗਿਆ ਪਰ ਘਰ ਦਾ ਕਲੇਸ਼ ਨਹੀਂ ਸੀ ਮੁੱਕਦਾ।
ਹੁਣ : ਤੁਹਾਡੇ ਘਰ ਦੀ ਆਰਥਕ ਹਾਲਤ ਕਿਵੇਂ ਦੀ ਸੀ?
ਹੁੰਦਲ : ਘਰ `ਚ ਕੋਈ ਤੰਗੀ ਨਹੀਂ ਸੀ। 25 ਪੈਲੀਆਂ ਜ਼ਮੀਨ ਸੀ। ਜ਼ਮੀਨ ਭਾਵੇਂ ਕਮਜ਼ੋਰ ਸੀ ਪਰ ਪਿੰਡ ਤੋਂ ਥੋੜ੍ਹੀ ਦੂਰ ਵੀ ਚਾਰ ਕੁ ਪੈਲੀਆਂ ਸਨ ਜਿਥੇ ਨੇੜਿਉਂ ਨਹਿਰ ਲੰਘਦੀ ਸੀ। ਮੋਘੇ ਲਾਗੇ ਸੂਆ ਸੀ। ਜਿਥੋਂ ਦੋ ਖਾਲ ਨਿਕਲਦੇ ਤੇ ਦੋ ਪਿੰਡਾਂ ਦੀ ਸਿੰਜਾਈ ਕਰਦੇ। ਅਸੀਂ ਚੁਸਤ-ਚਲਾਕੀ ਕਰਨੀ। ਸੂਏ `ਚ ਪਾਣੀ ਆਉਂਦਾ ਸੀ ਤੇ ਖੇਤੀ ਲਈ ਚੰਗਾ ਸੀ। ਅਸੀਂ ਸੁਵੱਖਤੇ ਉਠ ਕੇ ਪਾਣੀ ਭਰ ਲੈਣਾ। ਕਈ ਵੇਰਾਂ ਚੋਰੀ ਵੀ ਕਰ ਕੇ ਅਪਣੇ ਖੇਤਾਂ ਨੂੰ ਪਾਣੀ ਲਾ ਛੱਡਣਾ। ਇਥੋਂ ਚੰਗੀ ਆਮਦਨ ਹੋ ਜਾਂਦੀ ਸੀ।
ਹੁਣ : ਪਿਤਾ ਦਾ ਵਿਹਾਰ ਕਿਹੋ ਜਿਹਾ ਸੀ?
ਹੁੰਦਲ : ਮਾਂ ਨਾਲ ਤੇ ਅਪਣੇ ਨਾਲ ਜ਼ਿਆਦਤੀ ਹੋਣ ਕਾਰਨ ਪਿਤਾ ਨਾਲ ਥੋੜ੍ਹੀ ਵਿੱਥ ਸੀ। ਉਹ 1925 ਤੋਂ 1947 ਤਕ ਸ੍ਰੋਮਣੀ ਕਮੇਟੀ ਦੇ ਮੈਂਬਰ ਵਜੋਂ ਜਿੱਤਦੇ ਰਹੇ। ਇਲਾਕੇ `ਚ ਪਰਿਵਾਰ ਦਾ ਇੱਜ਼ਤ ਮਾਣ ਬੜਾ ਸੀ। ਮੈਨੂੰ ਕਦੇ ਨੁਕਸ ਨਜ਼ਰ ਨਹੀਂ ਆਇਆ। ਉਹ ਤਾਂ ਘਰੇਲੂ ਕਲੇਸ਼ ਕਰ ਕੇ ਉਨ੍ਹਾਂ ਤੋਂ ਦੂਰੀ ਰਖਦਾ ਸੀ। ਜਦੋਂ ਮਾਂ ਨੂੰ ਕੁੱਟਦੇ ਤਾਂ ਮੈਨੂੰ ਗੁੱਸਾ ਆਉਂਦਾ ਸੀ। ਉਂਜ ਉਹ ਗੁਰਮੁਖ ਬੰਦੇ ਸਨ ਪਰ ਕੱਟੜ ਨਹੀਂ ਸੀ। ਉਨ੍ਹਾਂ ਦਾ ਵੱਡਾ ਭਰਾ ਤਾਰਾ ਸਿੰਘ ਖੇਤੀ ਕਰਦਾ ਸੀ ਤੇ ਘਰੇ ਈ ਸ਼ਰਾਬ ਕੱਢ ਲੈਂਦਾ ਤੇ ਕਈ ਵੇਰਾਂ ਘੁੱਟ ਵੀ ਲਾ ਲੈਂਦਾ, ਨਾਲ ਉਨ੍ਹਾਂ ਦਾ ਦੋਸਤ ਰੂੜ ਸਿੰਘ ਵੀ। ਪਿਤਾ ਜੀ ਨੇ ਕਦੇ ਵੀ ਇਤਰਾਜ਼ ਨਹੀਂ ਸੀ ਕੀਤਾ। ਪਿਤਾ ਜੀ ਉਨ੍ਹਾਂ ਨੂੰ ‘ਵੱਡੇ ਸਰਦਾਰ’ ਸੱਦਦੇ ਸਨ। ਇੱਜ਼ਤ ਨਾਲ ਬੁਲਾਉਂਦੇ। ਕਦੇ ਰੋਅਬ ਨਹੀਂ ਸੀ ਪਾਉਂਦੇ। ਜਦੋਂ ਕੋਈ ਚੀਜ਼ ਖੜਨੀ ਹੁੰਦੀ ਤਾਂ ਕਹਿਣਾ ‘ਵੱਡੇ ਸਰਦਾਰ’ ਹੋਰਾਂ ਨੂੰ ਦੇ ਦਿਓ।ਪਿਤਾ ਜੀ ਜਦੋਂ ਅੰਬਰਸਰ ਜਾਂਦੇ ਤਾਂ ਕੋਈ ਨਾ ਕੋਈ ਕਿਤਾਬ ਫੜ ਲਿਆਉਣੀ। ਅਖ਼ਬਾਰਾਂ ਵੀ ਘਰ ਆਉਂਦੀਆਂ। ਰੇਡੀਓ ਤਾਂ ਉਦੋਂ ਹੁੰਦਾ ਨਹੀਂ ਸੀ, ਬੱਸ ਪੜ੍ਹਨ ਵੱਲ ਰੁਚੀ ਹੋਣ ਲੱਗੀ, ਘਰ `ਚ ਸਾਹਿਤਕ ਜਿਹਾ ਮਾਹੌਲ ਸੀ। ਸ਼੍ਰੋਮਣੀ ਕਮੇਟੀ ਦਾ ਰਸਾਲਾ ਆਉਂਦਾ ਤਾਂ ਪੜ੍ਹਨ ਦੀ ਚੇਟਕ ਲੱਗ ਗਈ। ਪਿਤਾ ਜੀ ਨੇ ਭਾਈ ਵੀਰ ਸਿੰਘ ਦਾ ਨਾਵਲ ਸੁੰਦਰੀ, ਨਨਕਾਣਾ ਸਾਹਿਬ ਦਾ ਸ਼ਹੀਦੀ ਸਾਕਾ ਤੇ ਹੀਰਾ ਸਿੰਘ ਦਰਦ ਦਾ ਕਿਤਾਬਚਾ ਲਿਆਂਦਾ। ਇਕ ਕਿਤਾਬ ‘ਸੁੰਦਰੀ` ਵਾਰ-ਵਾਰ ਪੜ੍ਹੀ। ਅਸੀਂ ਕਈ ਵੇਰਾਂ ਗੁੰਮ ਕਰ ਦੇਣੀ ਤੇ ਉਨ੍ਹਾਂ ਫੇਰ ਖੜ ਲੈਣੀ। ਪ੍ਰੋ. ਮੋਹਨ ਸਿੰਘ ਦਾ ਕਾਵਿ ਸੰਗ੍ਰਹਿ ‘ਸਾਵੇ ਪੱਤਰ` ਵੀ ਉਨ੍ਹਾਂ ਮੈਨੂੰ ਦਿੱਤਾ।ਨਿਤਨੇਮ ਨਾਲ ਉਹ ਪਾਠ ਕਰਦੇ ਤੇ ਅਸੀਂ ਭਰਾਵਾਂ ਨੇ ਵੀ ਉਨ੍ਹਾਂ ਦੇ ਕੋਲ ਬਹਿ ਜਾਣਾ। ਸਾਨੂੰ ਅੰਮ੍ਰਿਤ ਵੀ ਛਕਾਇਆ। ਅਸੀਂ ਕਈ ਵੇਰਾਂ ਵਿਆਹ-ਸਮਾਗਮਾਂ ਵਿਚ ਨਾਨਕ ਸਿੰਘ ਦੀ ‘ਸਤਿਗੁਰ ਮਹਿਮਾ` ਪੜ੍ਹ ਕੇ ਸੁਣਾਉਣੀ। ਪਿਤਾ ਜੀ ਨੂੰ ਪੰਜਾਬੀ ਆਉਂਦੀ ਸੀ ਪਰ ਉਹ ਉਰਦੂ ਵੀ ਸਿਖਦੇ ਸਨ। ਸਾਡੀ ਪੜ੍ਹਾਈ ਨਾਲ ਕੋਈ ਵਿਤਕਰਾ ਨਹੀਂ ਸੀ, ਜਿਥੇ ਵੱਡੇ ਨੂੰ ਪੜ੍ਹਾਉਣਾ, ਉਥੇ ਹੀ ਮੈਨੂੰ ਵੀ। ਉਨ੍ਹਾਂ ਨੂੰ ਸਾਡੀ ਪੜ੍ਹਾਈ ਦਾ ਬਹੁਤ ਫ਼ਿਕਰ ਰਹਿੰਦਾ ਸੀ। ਪਿੰਡ ਤੋਂ ਪੰਜ ਕੁ ਕੋਹਾਂ ਹਰਪੁਰਾ ਧੰਦੋਰੀ ਸਕੂਲੇ ਪਾ ਦਿੱਤਾ। ਨਵਾਂ-ਨਵਾਂ ਖੁਲ੍ਹਿਆ ਸੀ। ਮਗਰੋਂ ਵੱਡੀਆਂ ਜਮਾਤਾਂ ਵਿਚ ਗਿਆ। 1951-52 ਵਿਚ ਮੈਂ ਰਣਧੀਰ ਕਾਲਜ ਕਪੂਰਥਲੇ ਐਫ਼.ਏ. ਦੀ ਪੜ੍ਹਾਈ ਕਰਦਾ ਸੀ। ਪਿਤਾ ਜੀ ਨੇ ਸਾਡੀ ਪੜ੍ਹਾਈ ਦੀ ਕਦੇ ਚੈਕਿੰਗ ਨਹੀਂ ਸੀ ਕੀਤੀ, ਨਾ ਹੀ ਕਦੇ ਝਿੜਕਿਆ ਸੀ।
ਬਚਪਨ ਤੇ ਮੁਲਕ ਦੀ ਵੰਡ
ਹੁਣ : ਪਾਕਿਸਤਾਨ ਵਿਚਲਾ ਬਚਪਨ ਯਾਦ ਹੈ?
ਹੁੰਦਲ : ਸਾਡਾ ਪਿਛਲਾ ਪਿੰਡ ਚੱਕ ਨੰਬਰ 64, ਰੱਖ ਬਰਾਂਚ, ਤਹਿਸੀਲ ਜੜ੍ਹਾਂ ਵਾਲਾ, ਜ਼ਿਲ੍ਹਾ ਲਾਇਲਪੁਰ, ਪੱਛਮੀ ਪਾਕਿਸਤਾਨ ਸੀ। ਸਾਡੇ ਗੁਆਂਢ ਕੰਮੀਆਂ ਦਾ ਮੁਹੱਲਾ ਸੀ। ਅੰਗਰੇਜ਼ਾਂ ਨੇ ਇਹ ਵਸਾਇਆ ਸੀ। ਇਸ ਵਿਚ ਨਾਈ, ਛੀਂਬੇ, ਘੁਮਿਆਰ, ਲੁਹਾਰ, ਮਿਸਤਰੀ, ਤਰਖਾਣ ਕਿੱਤੇ ਵਾਲੇ ਰਹਿੰਦੇ ਸਨ। ਮੇਰੀ ਬਹੁਤੀ ਦੋਸਤੀ ਤਰਖ਼ਾਣਾਂ ਦੇ ਮੁੰਡਿਆਂ ਨਾਲ ਸੀ। ਇਨ੍ਹਾਂ `ਚੋਂ ਇਕ ਜਣਾ ਸਾਡੇ ਲਈ ਕਲਮਾਂ ਘੜ ਕੇ ਲਿਆਉਂਦਾ। ਕਲਮਾਂ ਬਹੁਤ ਸੋਹਣੀਆਂ ਘੜਦਾ ਸੀ ਉਹ। ਕਦੇ ਅਸੀਂ ਉਹਦੇ ਘਰ ਜਾਣਾ ਤੇ ਕਦੇ ਉਹਨੇ ਆ ਜਾਣਾ। `ਕੱਠੇ ਹੀ ਖਾ ਪੀ ਲੈਂਦੇ ਸੀ। ਮਨ `ਚ ਕਦੇ ਜਾਤ-ਜੂਤ ਦਾ ਖ਼ਿਆਲ ਨਹੀਂ ਆਇਆ। ਚੰਗੇ ਦਿਨ ਸਨ ਉਹ।
ਹੁਣ : ਵੰਡ ਵੇਲੇ ਤੁਸੀਂ ਕਿੰਨੀ ਉਮਰ ਦੇ ਸੀ?
ਹੁੰਦਲ : ਉਦੋਂ ਮੈਂ ਕੋਈ 13-14 ਵਰ੍ਹਿਆਂ ਦਾ ਸਾਂ ਤੇ 7ਵੀਂ ਜਮਾਤ `ਚ ਪੜ੍ਹਦਾ ਸੀ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਜਦੋਂ ਅਸੀਂ ਅਪਣੇ ਮੁਰੱਬੇ ਵਿਚ ਪਾਣੀ ਲਾਉਣ ਗਏ ਹੋਏ ਸੀ, ਇਕ ਬੰਦਾ ਘੋੜੀ `ਤੇ ਸਾਡੇ ਕੋਲ ਆਇਆ। ਉਹਨੇ ਦੱਸਿਆ ਕਿ ਪਿੰਡ ਉਠ ਚੱਲਿਐ। ਅਸੀਂ ਬੜੇ ਘਾਬਰੇ ਹੋਏ ਪਿੰਡ ਪਹੁੰਚੇ। ਬੂਹੇ ਮੂਹਰੇ ਗੱਡਾ ਖੜਾ ਸੀ। ਉਦੋਂ ਗੱਡਾ ਵੀ ਕਿਸੇ ਕਿਸੇ ਕੋਲ ਹੁੰਦਾ ਸੀ। ਤਰਖਾਣ ਗੱਡਾ ਬਣਾਉਂਦੇ ਸਨ ਪਰ ਉਨ੍ਹਾਂ ਕੋਲ ਅਪਣਾ ਗੱਡਾ ਨਹੀਂ ਸੀ ਹੁੰਦਾ। ਲੋਕੀਂ ਗਠੜੀਆਂ ਬੰਨ੍ਹ-ਬੰਨ੍ਹ ਕੇ ਗੱਡਿਆਂ `ਤੇ ਸੁੱਟ ਰਹੇ ਸਨ। ਉਦੋਂ ਘਰਾਂ `ਚ ਸਾਮਾਨ ਵੀ ਥੋੜ੍ਹਾ ਹੁੰਦਾ ਸੀ। ਜਦ ਮੈਂ ਅੰਦਰ ਗਿਆ ਤਾਂ ਮਾਂ ਚੁਲ੍ਹੇ `ਤੇ ਪੰਜੀਰੀ ਬਣਾ ਰਹੀ ਸੀ। ਘਰ ਦਾ ਘਿਓ-ਖੰਡ ਸੀ। ਮੈਂ ਪੁੱਛਿਆ, ‘‘ਮਾਂ ਤੂੰ ਕੀ ਕਰੀਂ ਜਾ ਰਹੀ ਐਂ। ਲੋਕੀਂ ਅਪਣਾ-ਅਪਣਾ ਸਮਾਨ ਚੁੱਕੀ ਜਾ ਰਹੇ ਨੇ।` ਉਹ ਕਹਿੰਦੀ, ‘ਪੰਜੀਰੀ ਸਫ਼ਰ ਲਈ ਐ, ਰਾਹ `ਚ ਕਿਹੜਾ ਕੁਝ ਖਾਣ ਨੂੰ ਮਿਲਣੈ।“ ਮੈਨੂੰ ਕਹਿੰਦੀ ਆ ਸਾਮਾਨ ਫ਼ਟਾ-ਫਟ ਗੱਡੇ `ਤੇ ਰੱਖ ਆ। ਮੈਂ ਕਿਹਾ, ‘‘ਸਾਮਾਨ ਕਿਉਂ ਚੁੱਕਣੈ, ਆਪਾਂ ਵਾਪਸ ਆਉਣਾ ਈ ਐ।“ ਅੱਗੋਂ ਕਹਿੰਦੀ, ‘‘ਪਤਾ ਨਹੀਂ, ਫੇਰ ਕਦੇ ਮੁੜਨਾ ਵੀ ਹੈ ਜਾਂ ਨਹੀਂ।“ ਉਹਨੇ ਖੇਸੀਆਂ ਦੀ ਪੰਡ ਬੰਨ੍ਹ ਕੇ ਫੜਾਈ ਤੇ ਕਹਿੰਦੀ ਇਹਨੂੰ ਸੁੱਟ ਆ। ਮੈਂ ਝਿਜਕਾਂ, ‘ਅਖੇ ਇਹ ਕਰੀ ਕੀ ਜਾਂਦੀ ਐ।` ਕਹਿੰਦੀ ਬਸ ਪੰਜੀਰੀ ਬਣ ਚਲੀ, ਤੂੰ ਘਰ ਦੇ ਪਿਛਲੇ ਅੰਦਰ ਜਾ, ਨਾਲ ਗੰਧਾਲਾ ਲੈ ਜਾ। ਉਥੋਂ ਆਟੇ ਵਾਲੀ ਭੜੋਲੀ ਹੇਠਲੀ ਮਿੱਟੀ ਪੁੱਟ ਕੇ ਉਹਦੇ `ਚੋਂ ਸੋਨਾ ਕੱਢ ਲੈ।“ ਮੈਂ ਮਿੱਟੀ ਪੁੱਟ ਕੇ ਕੁੱਜਾ ਜਿਹਾ ਕੱਢਿਆ, ਉਹਦੇ `ਚ ਟੂਮਾਂ ਤੇ ਹੋਰ ਗਹਿਣੇ ਪਏ ਸੀ। ਅਸੀਂ ਸਾਰਾ ਕੁਝ ਸਮੇਟ ਕੇ ਬਾਹਰ ਆ ਗਏ ਤੇ ਕਮਰੇ ਨੂੰ ਵੱਡਾ ਸਾਰਾ ਲੋਹੇ ਦਾ ਜ਼ਿੰਦਰਾ ਲਾ ਦਿੱਤਾ। ਅਪਣਾ ਘਰ ਛੱਡ ਕੇ ਜਾਣਾ ਬਹੁਤ ਔਖਾ ਲੱਗ ਰਿਹਾ ਸੀ। ਯਾਰ-ਬੇਲੀ ਛੁੱਟ ਰਹੇ ਸੀ। ਘਰ ਦੀਆਂ ਕੰਧਾਂ ਦਾ ਮੋਹ ਦੁਖੀ ਕਰ ਰਿਹਾ ਸੀ। ਮਾਂ ਦੇ ਕਹੇ ਬੋਲ ਕਿ ਫੇਰ ਪਰਤਣਾ ਹੈ, ਪਤਾ ਨਹੀਂ, ਮੈਨੂੰ ਬੇਚੈਨ ਕਰ ਰਹੇ ਸਨ ਤੇ ਅੰਦਰੋਂ-ਅੰਦਰੀ ਡਰ ਵੀ ਰਿਹਾ ਸੀ। ਗੱਡੇ `ਤੇ ਬੈਠਾ ਮੈਂ ਦੂਰ ਤਕ ਜਾਂਦਾ, ਘਰ ਵੱਲ ਤਕਦਾ ਰਿਹਾ। ਕਦੇ ਲੋਕਾਂ ਦੇ ਚਿਹਰੇ ਦੇਖਦਾ, ਸਾਰੇ ਉਦਾਸੇ ਚਿਹਰੇ। ਕਈਆਂ ਦੀਆਂ ਅੱਖਾਂ ਨਮ, ਕੋਈ ਚੁੰਨੀ ਦੇ ਲੜ ਨਾਲ ਅੱਖਾਂ ਪੂੰਝ ਰਿਹਾ ਸੀ, ਕੋਈ ਸਾਫ਼ੇ ਦੇ ਲੜ ਨਾਲ ਸਾਫ਼ ਕਰ ਰਿਹਾ ਸੀ।
ਹੁਣ : ਰਸਤੇ ਵਿਚ ਕੋਈ ਸਮੱਸਿਆ ਆਈ ਜਾਂ ਕੋਈ ਹਮਲਾ ਤਾਂ ਨਹੀਂ ਹੋਇਆ?
ਹੁੰਦਲ : ਤਕਲੀਫ਼ਾਂ ਤਾਂ ਆਉਣੀਆਂ ਹੀ ਸਨ ਪਰ ਸਾਡੇ ਕਾਫ਼ਲੇ `ਤੇ ਕੋਈ ਹਮਲਾ ਨਹੀਂ ਹੋਇਆ। ਰਸਤੇ `ਚ ਜਾਂਗਲੀਆਂ ਦਾ ਪਿੰਡ ਸੀ। ਇਹ ਆਦਿਵਾਸੀ ਮੁਸਲਮਾਨ ਸਨ। ਖੇਤੀ ਨਹੀਂ ਸੀ ਕਰਦੇ। ਮੱਝਾਂ ਰੱਖਦੇ, ਦਰਿਆਵਾਂ ਵੱਲ ਪਸ਼ੂੁ ਚਰਾਉਣ ਲੈ ਜਾਂਦੇ, ਦੁੱਧ ਵੇਚਦੇ। ਬੜੇ ਸ਼ਰੀਫ਼ ਲੋਕ ਸੀ। ਉਨ੍ਹਾਂ `ਚੋਂ ਇਕ ਬੰਦੇ ਨੇ ਮੇਰੇ ਪਿਤਾ ਤੋਂ ਪੁੱਛਿਆ, ‘‘ਸਰਦਾਰੋ ਕਿੱਥੇ ਚੱਲੇ ਜੇ?“ ਪਿਤਾ ਨੇ ਦੱਸਿਆ ਕਿ ਭਾਰਤ ਜਾ ਰਹੇ ਆਂ। ਪੰਜ ਕੁ ਮੀਲ `ਤੇ ਸਿੱਖਾਂ ਦਾ ਪਿੰਡ ਸੀ, ਨਾਂਅ ਤਾਂ ਹੁਣ ਚੇਤੇ ਨਹੀਂ। ਇਹ ਭਾਰਤ ਵਾਲੇ ਪਾਸੇ ਸੀ। ਇਥੇ ਅਸੀਂ ਅਪਣੇ ਕਿਸੇ ਵਾਕਫ਼ ਦੇ ਘਰ 5-7 ਦਿਨ ਰਹੇ। ਬਹੁਤ ਲੋਕੀ ਸਨ ਤੇ ਪੂਰਾ ਕੈਂਪ ਬਣ ਗਿਆ। ਮਹੀਨਾ ਕੁ ਇਥੇ ਰਹੇ। ਇਥੇ ਮਾਲ-ਡੰਗਰਾਂ ਲਈ ਦਾਣਾ, ਪੱਠਾ-ਦੱਤਾ ਮਿਲ ਜਾਂਦਾ ਸੀ। ਅਪਣਾ-ਅਪਣਾ ਚੁੱਲ੍ਹਾ ਬਾਲ ਕੇ ਸਾਰੇ ਖਾਣਾ ਬਣਾ ਲੈਂਦੇ। ਕਾਫ਼ਲੇ ਦੇ ਕਾਫ਼ਲੇ ਵੱਖ-ਵੱਖ ਰਸਤਿਆਂ ਤੋਂ ਤੁਰੇ ਜਾ ਰਹੇ ਸੀ। ਕੋਈ ਆਂਦਾ-ਜਾਂਦਾ ਦੱਸ ਜਾਂਦਾ ਕਿ ਫ਼ਲਾਣੇ ਕਾਫ਼ਲੇ `ਤੇ ਹਮਲਾ ਹੋ ਗਿਆ, ਏਨੇ ਬੰਦੇ ਮਾਰੇ ਗਏ। ਸੁਣ-ਸੁਣ ਕੇ ਸਾਰੇ ਸਹਿਮ ਜਾਂਦੇ ਪਰ ਸਾਡੇ ਬੰਦੇ ਵੀ ਮਾਰਖੋਰੇ, ਦਲੇਰ ਸਨ। `ਕੱਠੇ ਹੋ ਕੇ ਪੈ ਨਿਕਲਦੇ। ਸਾਨੂੰ ਪਤਾ ਲੱਗਾ ਕਿ ਪਟਿਆਲੇ ਵਾਲੇ ਰਾਜੇ ਦੀ ਫ਼ੌਜ ਸਾਨੂੰ ਖੜੂਗੀ। ਸੁਵੱਖਤੇ ਸਾਰੇ ਕਤਾਰ ਬੰਨ੍ਹ ਤੁਰ ਪਏ। ਗੱਡਿਆਂ ਦੀ ਲੰਮੀ ਕਤਾਰ ਸੀ। ਫ਼ੌਜੀ ਜੀਪਾਂ ਨਾਲ ਸੀ। 20 ਕੁ ਮੀਲ ਜਾ ਕੇ ਵਿਸ਼ਰਾਮ ਲਈ ਰੁਕੇ। ਖੇਮਕਰਨ ਤੋਂ ਸਰਹੱਦ 5-7 ਮੀਲ ਸੀ। ਉਥੇ ਸਰਹੱਦ `ਤੇ ਕੋਈ ਸਖ਼ਤ ਪਹਿਰਾ ਨਹੀਂ ਸੀ। ਦੋ-ਚਾਰ ਸਿਪਾਹੀ ਖਲੋਤੇ ਸਨ। ਸਰਹੱਦ `ਤੇ ਭਾਰਤ ਵਿਚ ਪਹਿਲੀ ਰਾਤ ਕੱਟੀ। ਇਥੇ ਇਕ ਮਾੜੀ ਘਟਨਾ ਵਾਪਰੀ ਸੀ। ਸਾਡੇ ਪਿੰਡ ਦਾ ਹਰੀ ਸਿੰਘ ਜਥੇਦਾਰ ਬੜਾ ਬਹਾਦਰ ਸੀ ਤੇ ਪਿਤਾ ਦਾ ਸਾਥੀ ਵੀ ਸੀ। ਤਕੜੇ ਸਰੀਰ ਦਾ ਸੀ। ਉਹਨੂੰ ਹੈਜਾ ਹੋ ਗਿਆ ਤੇ ਰਾਤ ਵੇਲੇ ਉਹਦੀ ਮੌਤ ਹੋ ਗਈ। ਉਥੇ ਹੀ ਉਹਦਾ ਸਸਕਾਰ ਕਰ ਦਿੱਤਾ। ਜਦੋਂ ਕਿਸੇ ਕਾਫ਼ਲੇ `ਤੇ ਹਮਲਾ ਹੋ ਜਾਂਦਾ ਸੀ ਤਾਂ ਉਹ ਮਦਦ ਲਈ ਜਾਂਦਾ ਸੀ। ਉਹਦੀ ਮੌਤ ਦਾ ਸਾਰਿਆਂ ਨੂੰ ਬਹੁਤ ਦੁੱਖ ਹੋਇਆ। ਪਿਤਾ ਜੀ ਨੇ ਹਰੀ ਸਿੰਘ ਬਾਰੇ ਦਸਿਆ ਕਿ ਸਾਂਗਲਾ ਹਿਲ ਲਾਗੇ ਥੋੜ੍ਹਾ ਹਟਵਾਂ ਭਲੇਰ ਪਿੰਡ ਸੀ। ਫ਼ੌਜੀ ਸਿੱਖ ਬੰਦੂਕਾਂ ਲੈ ਕੇ ਲੰਘਦੇ ਤੇ ਮੁਸਲਮਾਨਾਂ ਨੂੰ ਡਰਾਉਂਦੇ। ਜਦੋਂ ਮਦਦ ਦਾ ਸੁਨੇਹਾ ਆਇਆ ਤਾਂ ਹਰੀ ਸਿੰਘ 35-40 ਬੰਦੇ ਲੈ ਕੇ ਪੁੱਜ ਗਿਆ। ਮੇਰਾ ਤਾਇਆ ਵੀ ਨਾਲ ਸੀ। ਉਧਰੋਂ ਬਲੋਚ ਪੁਲੀਸ ਆ ਗਈ। ਗੋਲੀਆਂ ਵੀ ਚਲੀਆਂ। ਇਥੇ ਉਹ ਘਰਾਂ `ਚੋਂ ਵਿਆਹੀ ਕੁੜੀ ਨੂੰ ਲੱਭਦਾ ਰਿਹਾ। ਖੌਰੇ ਜਿਉਂਦੀ ਸੀ ਜਾਂ ਮਰ ਗਈ ਸੀ, ਕੁਝ ਪਤਾ ਨਾ ਲੱਗਾ।ਅਸੀਂ ਖੇਮਕਰਨ ਤੋਂ ਤਰਨ ਤਾਰਨ ਸੜਕੇ ਪੈ ਗਏ। ਸ਼ਾਮ ਨੂੰ ਜੰਡਿਆਲੇ ਜਾ ਕੇ ਠਾਹਰ ਕੀਤੀ। ਗੱਡਾ ਇਕ ਪਾਸੇ ਲਾਇਆ। ਸਾਰੇ ਜਣੇ ਇਸ਼ਨਾਨ ਕਰਨ ਲਈ ਤਰਨ ਤਾਰਨ ਗੁਰਦੁਆਰੇ ਚਲੇ ਗਏ। ਅਸੀਂ ਕੁਝ ਲੋਕ ਗੱਡੇ ਦੀ ਰਾਖੀ ਬਹਿ ਗਏ। ਪੰਜ ਕੁ ਕੋਹ `ਤੇ ਬੰਡਾਲਾ ਪਿੰਡ ਸੀ, ਸਾਡੇ ਬਾਬਿਆਂ ਦਾ ਅਸਲੀ ਪਿੰਡ। ਤਿੰਨ ਭਰਾ ਇਥੇ ਜਾ ਕੇ ਵਸੇ ਸਨ। ਥੋੜ੍ਹੀ ਜਿਹੀ ਪੈਲੀ ਸੀ, ਤਿੰਨ ਭਰਾਵਾਂ ਨੂੰ ਤਿੰਨ ਮੁਰਬੇ (75 ਏਕੜ) ਮਿਲ ਗਏ। ਉਥੇ ਇਕ ਪੁਰਾਣਾ ਕੱਚਾ ਜਿਹਾ ਕੋਠਾ ਸੀ। ਡੰਗਰ-ਡੁੰਗਰ ਬੰਨ੍ਹਦੇ ਸੀ ਇਥੇ। ਅਸੀਂ ਏਸ ਕਮਰੇ `ਚ ਰਿਹਾਇਸ਼ ਕਰ ਲਈ। ਹੌਲੀ-ਹੌਲੀ ਰਿਸ਼ਤੇਦਾਰਾਂ ਨੂੰ ਪਤਾ ਲਗਦਾ ਰਿਹਾ, ਫੇਰ ਸਾਡੇ ਮਾਮਿਆਂ ਨੂੰ ਵੀ ਖ਼ਬਰ ਹੋ ਗਈ। ਉਹ ਸਾਨੂੰ ਦੋਵੇਂ ਭਰਾਵਾਂ ਤੇ ਮਾਂ ਨੂੰ ਬੁਤਾਲੇ ਪਿੰਡ ਲੈ ਗਏ। ਅਸੀਂ ਇਥੇ ਕੋਈ ਦੋ ਕੁ ਮਹੀਨੇ ਰਹੇ। ਬਾਕੀ ਦਾ ਪਰਿਵਾਰ ਸਾਡੇ ਪਿਤਾ ਦੇ ਮਾਮੇ ਕੋਲ ਚਲਾ ਗਿਆ। ਇਹ ਬਟਾਲੇ ਲਾਗੇ ਚੌੜੇ ਮੱਧਰੇ ਪਿੰਡ ਸੀ। ਮਾਮੇ ਹੋਰੀਂ ਗ਼ਰੀਬ ਜੱਟ ਸੀ। ਥੋੜ੍ਹੇ ਦਿਨਾਂ ਬਾਅਦ ਅੱਕ ਗਏ। ਅਖੇ ਇਹ ਬਾਰੀਏ ਗੰਨੇ ਬੜੇ ਚੂਪਦੇ ਨੇ, ਗੁੜ ਤਾਂ ਛੱਡਦੇ ਈ ਨੀਂ। ਦਾਦੀ ਨੂੰ ਬਹੁਤ ਗੁੱਸਾ ਆਇਆ। ਕਹਿੰਦੀ ਸਾਰੀ ਉਮਰ ਮੈਥੋਂ ਖਾਂਦੇ ਰਹੇ, ਹੁਣ ਥੋੜ੍ਹਾ ਚਿਰ ਵੀ ਰੱਖ ਨੀਂ ਸਕਦੇ। ਦਾਦੀ ਸਾਡੀ ਇਨ੍ਹਾਂ ਨਾਲੋਂ ਆਰਥਕ ਪੱਖੋਂ ਚੰਗੀ ਸੀ। ਫੇਰ ਸਾਰਾ ਟੱਬਰ ਬੰਡਾਲੇ ਵਾਪਸ ਆ ਗਿਆ। ਪਿਤਾ ਜੀ ਨੂੰ ਮੇਰੀ ਪੜ੍ਹਾਈ ਦਾ ਬਹੁਤ ਫ਼ਿਕਰ ਲੱਗਾ। ਸਾਨੂੰ ਅਪਣੇ ਕੋਲ ਸੱਦ ਲਿਆ।
ਹੁਣ : ਬੰਡਾਲੇ ਕਿਥੇ ਟਿਕੇ?
ਹੁੰਦਲ : ਉਦੋਂ ਘਰ ਚਲਾਉਣ ਦਾ ਵੱਡਾ ਸੰਕਟ ਆ ਗਿਆ। ਜ਼ਮੀਨ ਅਲਾਟ ਹੋ ਗਈ। ਤਾਏ ਸਾਡੇ ਨੇ ਇਕ-ਦੋ ਮੱਝਾਂ ਖ਼ਰੀਦ ਲਈਆਂ ਤਾਂ ਜੋ ਘਰ ਦਾ ਗੁਜ਼ਾਰਾ ਚਲਦਾ ਰਹੇ। ਉਹੀ ਮੱਝਾਂ ਦੀ ਦੇਖਭਾਲ ਕਰਦਾ ਸੀ। ਪੱਠੇ-ਦੱਤੇ ਦਾ ਆਪੇ ਇੰਤਜ਼ਾਮ ਕਰਦਾ ਸੀ। ਇਥੇ ਡੇਢ ਕੁ ਘੁਮਾ ਪੈਲੀ ਸੀ। ਟੱਬਰ ਦੇ ਸਾਰੇ ਜੀਆਂ ਦਾ ਔਖਾ ਹੀ ਗੁਜ਼ਾਰਾ ਚਲਦਾ। ਪਿਤਾ ਜੀ ਮੇਰੇ, ਹਰ ਤੀਜੇ-ਚੌਥੇ ਦਿਨ ਜਲੰਧਰ ਜਾਂਦੇ। ਪੈਲੀ ਦੇਖਣ ਜਾਂਦੇ, ਕੋਈ ਪਸੰਦ ਨਾ ਆਉਂਦੀ। ਫੇਰ ਬਟਾਲੇ ਲਾਗੇ ਬੱਗਾ ਪਿੰਡ ਵਿਚ ਜ਼ਮੀਨ ਅਲਾਟ ਹੋ ਗਈ। ਚੰਗੀ ਜ਼ਮੀਨ ਸੀ। ਸਾਡੇ ਬਾਬੇ ਦੇ ਤਿੰਨ ਪਰਿਵਾਰਾਂ ਨੂੰ ਵੀ ਇਥੇ ਹੀ ਜ਼ਮੀਨ ਅਲਾਟ ਹੋ ਗਈ। ਸਾਡੇ ਪਿੰਡ ਦੇ ਹੀ ਦੋ-ਚਾਰ ਪਰਿਵਾਰ ਹੋਰ ਸਨ, ਇਕ ਤਰ੍ਹਾਂ ਨਾਲ ਭਾਈਚਾਰਾ ਜਿਹਾ ਬਣ ਗਿਆ। ਇਥੇ ਫ਼ਸਲ ਚੰਗੀ ਹੁੰਦੀ ਸੀ। ਮੱਕੀ ਬੀਜੀ ਜਾਂਦੀ ਸੀ। ਬਾਗ਼ ਵੀ ਸੁਹਣਾ-ਚੰਗਾ ਸੀ। ਪਰ ਪਾਕਿਸਤਾਨੋਂ ਆਏ ਲੋਕਾਂ ਵਿਚ ਭਾਈਚਾਰੇ ਦੇ ਚੌਧਰੀ ਬਣਨ ਦੀ ਹੋੜ ਲੱਗ ਗਈ। ਸਾਰੇ ਅਪਣਾ-ਅਪਣਾ ਜ਼ੋਰ ਲਾ ਰਹੇ ਸੀ। ਝਗੜੇ ਵੀ ਹੁੰਦੇ. ਸਾਡੀ ਧਿਰ ਦਾ ਇਕ ਭਲਵਾਨ ਸੀ, ਉਹਦਾ ਕਿਤੇ ਦੂਜੀ ਧਿਰ ਨਾਲ ਝਗੜਾ ਹੋ ਗਿਆ। ਉਨ੍ਹਾਂ ਇਹਦਾ ਕਤਲ ਕਰ ਦਿੱਤਾ। ਸਿਰ ਕਿਤੇ ਤੇ ਧੜ ਕਿਤੇ ਸੁੱਟ ਦਿੱਤਾ। ਤਾਇਆ, ਮੇਰਾ ਇਸ ਕਤਲ ਦਾ ਗਵਾਹ ਸੀ। ਉਦੋਂ ਪੁਲੀਸ ਦਾ ਕੋਈ ਬਹੁਤਾ ਕੰਟਰੋਲ ਨਹੀਂ ਸੀ ਹੋਇਆ। ਕਿਉਂਕਿ ਲੋਕੀਂ ਹਾਲੇ ਟਿਕੇ ਨਹੀਂ ਸਨ। ਪਤਾ ਨਹੀਂ ਕਿਵੇਂ, ਸ਼ਾਇਦ ਕੋਈ ਸਿਫ਼ਾਰਸ਼ ਹੋਈ, ਛੇ ਮਹੀਨੇ ਮਗਰੋਂ ਕੇਸ ਖਾਰਜ ਹੋ ਗਿਆ। ਸਾਡਾ ਉਥੇ ਰਹਿਣਾ ਮੁਸ਼ਕਲ ਹੋ ਗਿਆ। ਪਿਤਾ ਜੀ ਨੇ ਜਲੰਧਰ ਜਾ ਕੇ ਫੇਰ ਜ਼ਮੀਨ ਰੱਦ ਕਰਵਾਈ। ਜ਼ਮੀਨ ਅਲਾਟ ਕਰਾਉਣ ਲਈ ਫੇਰ ਨੱਠ-ਭੱਜ ਕਰਦੇ ਰਹੇ। ਅਖ਼ੀਰ ਫੱਤੂ ਚੱਕ (ਬੇਟ ਦਾ ਇਲਾਕਾ) ਜ਼ਮੀਨ ਅਲਾਟ ਹੋ ਗਈ। ਇਥੇ ਹੜ੍ਹ ਆਉਂਦਾ ਤਾਂ ਸਭ ਕੁਝ ਰੋੜ੍ਹ ਕੇ ਲੈ ਜਾਂਦਾ। ਫੇਰ ਬੰਡਾਲੇ ਆ ਕੇ ਦੋਵੇਂ ਭਰਾਵਾਂ ਨੇ ਦਸਵੀਂ ਕੀਤੀ। ਵੱਡੇ ਭਰਾ ਨੇ 50ਵਿਆਂ `ਚ ਮੈਟ੍ਰਿਕ ਕਰ ਲਈ ਤੇ ਕਪੂਰਥਲੇ ਰਣਧੀਰ ਕਾਲਜ ਚਲਾ ਗਿਆ। ਮਗਰੋਂ ਮੈਂ ਵੀ ਉਥੇ ਦਾਖ਼ਲਾ ਲੈ ਲਿਆ। ਦੋਵੇਂ ਭਰਾ ਰਣਧੀਰ ਕਾਲਜ `ਕੱਠੇ ਹੋ ਗਏ।ਪਿਤਾ ਜੀ ਨੇ ਅਕਾਲੀ ਪਾਰਟੀ ਦੇ ਪੁਰਾਣੇ ਬੰਦਿਆਂ ਨਾਲ ਸੰਪਰਕ ਬਣਾਉਣਾ ਸ਼ੁਰੂ ਕੀਤਾ। ਉਨ੍ਹਾਂ ਦਾ ਸੰਪਰਕ ਸੁਲਤਾਨਪੁਰ ਲੋਧੀ ਦੇ ਆਤਮਾ ਸਿੰਘ ਵਜ਼ੀਰ ਨਾਲ ਹੋਇਆ। ਉਹ ਨਨਕਾਣਾ ਸਾਹਿਬ ਕਲਰਕ ਲੱਗਾ ਹੋਇਆ ਸੀ। ਹੌਲੀ-ਹੌਲੀ ਦੋਸਤਾਂ ਦਾ ਦਾਇਰਾ ਵਧਦਾ ਗਿਆ। ਬੂਟਾ ਸਿੰਘ ਜਥੇਦਾਰ ਵੀ ਮਿੱਤਰ ਬਣ ਗਿਆ। ਉਹਦੇ ਰਾਹੀਂ ਹੋਰ ਸੰਪਰਕ ਬਣਾਉਣੇ ਸ਼ੁਰੂ ਕਰ ਦਿੱਤੇ। ਉਦੋਂ ਇਕ ਪ੍ਰੋਫ਼ੈਸਰ ਹਰਾ ਸਿੰਘ ਸੀ (ਮਹਾਰਾਜੇ ਵੇਲਿਆਂ ਦਾ) ਜੋ ਸਾਡਾ ਬੜਾ ਖ਼ਿਆਲ ਰਖਦਾ ਸੀ। ਪਿਤਾ ਦਾ ਵਾਕਫ਼ ਹੋਣ ਕਾਰਨ ਉਹਨੇ ਮੁਸਲਮਾਨਾਂ ਦੇ ਖ਼ਾਲੀ ਪਏ ਘਰ ਵਿਚ ਸਾਨੂੰ ਰਹਿਣ ਲਈ ਕਿਹਾ। ਹੇਠਾਂ ਵੀ ਕਮਰੇ ਸਨ, ਪਰ ਅਸਾਂ ਚੁਬਾਰੇ `ਚ ਅਪਣਾ ਕਬਜ਼ਾ ਕਰ ਲਿਆ। ਦੋ ਕੁ ਮੰਜੇ ਹੀ ਡਹਿੰਦੇ ਸਨ। ਬੜਾ ਚਿਰ ਸਾਨੂੰ ਕਿਸੇ ਪੁੱਛਿਆ ਨਾ। ਮਗਰੋਂ ਸਰਕਾਰੀ ਮੁਲਾਜ਼ਮ ਆਉਣ ਡਹਿ ਪਏ। ਅਸੀਂ 8 ਆਨੇ ਹਰ ਮਹੀਨੇ ਕਿਰਾਇਆ ਦਿੰਦੇ। ਇਥੇ ਅਸੀਂ ਚਾਰ ਕੁ ਸਾਲ ਰਹੇ।
ਨਵੀਂ ਜਿ਼ੰਦਗੀ ਦਾ ਅਰੰਭ
ਹੁਣ : ਤੁਹਾਡੇ ਵਿਆਹ ਬਾਰੇ ਤਾਂ ਗੱਲ ਭੁੱਲ ਹੀ ਚਲੀ ਸੀ। ਕੁਝ ਵੇਰਵੇ ਦਿਓ।
ਹੁੰਦਲ : ਉਹ ਵੇਲੇ ਹੋਰ ਤਰ੍ਹਾਂ ਦੇ ਸਨ। ਮੇਰੀ ਮੰਗਣੀ ਪਾਕਿਸਤਾਨ ਵਿਚ ਸ਼ਾਇਦ ਚੌਥੀ ਜਾਂ ਪੰਜਵੀਂ ਵਿਚ ਹੋ ਗਈ ਸੀ। ਬੱਚਿਆਂ ਨਾਲ ਗੁਰਦੁਆਰੇ ਵਿਚ ਖੇਡਦੇ ਨੂੰ ਮੇਰਾ ਤਾਇਆ ਸੱਦ ਕੇ ਕਹਿਣ ਲੱਗਾ, ‘‘ਮੂੰਹ ਹੱਥ ਧੋ ਲੈ ਤੇ ਪੱਗ ਠੀਕ ਤਰ੍ਹਾਂ ਸਿੱਧੀ ਕਰ ਕੇ ਬੰਨ੍ਹ ਲੈ। ਤੈਨੂੰ ਕੋਈ ਵੇਖਣ ਵਾਲਾ ਆਇਆ ਹੋਇਆ ਹੈ।“ ਸੋ ਮੈਨੂੰ ਸੱਦ ਕੇ ਘਰ ਲੈ ਗਏ। ਵੇਖਣ ਵਾਲੇ ਦੀ ਮੈਨੂੰ ਕੋਈ ਪਛਾਣ ਨਹੀਂ ਸੀ, ਸੋ ਮੇਰੀ ਮੰਗਣੀ ਹੋ ਗਈ। ਮੇਰੇ ਵੱਡੇ ਭਰਾ ਦੀ ਮੰਗਣੀ ਵੀ ਏਸੇ ਤਰ੍ਹਾਂ ਪੰਜਵੀਂ ਜਾਂ ਛੇਵੀਂ ਵਿਚ ਹੋ ਗਈ ਸੀ। ਪਾਕਿਸਤਾਨ ਬਣਨ ਵੇਲੇ ਉਜੜ ਕੇ ਆਇਆਂ ਕੋਲ ਘਰ ਖਾਣ ਜੋਗੇ ਦਾਣੇ ਨਹੀਂ ਸੀ ਹੁੰਦੇ। ਸੋ ਕੁੜੀਆਂ ਵਾਲਿਆਂ ਨੇ ਫਟਾ ਫੱਟ ਉਨ੍ਹਾਂ ਦੇ ਵਿਆਹ ਕਰਨੇ ਸ਼ੁਰੂ ਕਰ ਦਿੱਤੇ। ਮੈਥੋਂ ਵੱਡੇ ਭਰਾ ਦਾ ਵਿਆਹ ਅੱਠਵੀਂ ਵਿਚ ਪੜ੍ਹਦੇ ਹੋ ਗਿਆ ਸੀ। ਪਿਤਾ ਜੀ ਅਜਿਹੇ ਵਿਆਹ ਨੂੰ ਬਹੁਤ ਬੁਰਾ ਸਮਝਦੇ ਸਨ। ਮੇਰੇ ਵੀ ਸਹੁਰਿਆਂ ਜ਼ੋਰ ਪਾਇਆ ਪਰ ਉਦੋਂ ਤੀਕ ਪਿਤਾ ਜੀ ਨੂੰ ਤਜਰਬਾ ਹੋ ਚੁੱਕਾ ਸੀ। ਉਨ੍ਹਾਂ ਆਖ ਦਿੱਤਾ ਕਿ ਅਜੇ ਮੁੰਡਾ ਪੜ੍ਹਦਾ ਹੈ। ਸੋ ਇਹ ਰਿਸ਼ਤਾ ਟੁੱਟ ਗਿਆ।ਬਾਅਦ ਵਿਚ ਮੇਰਾ ਰਿਸ਼ਤਾ ਬੀ.ਏ. ਕਰਨ ਤੋਂ ਬਾਅਦ ਹੋਇਆ। ਉਹ ਰਿਸ਼ਤੇਦਾਰ ਸਾਡੇ ਪਿਤਾ ਜੀ ਨੂੰ ਜਾਣਦੇ ਸਨ। ਲੜਕੀ ਦਸਵੀਂ ਵਿਚ ਪੜ੍ਹ ਰਹੀ ਸੀ। ਵਿਆਹ ਤੋਂ ਬਾਅਦ ਉਸ ਜੇ.ਬੀ.ਟੀ. ਕਰ ਲਈ ਤੇ ਪਾਸ ਹੁੰਦੇ ਹੀ ਨੌਕਰੀ `ਤੇ ਆ ਲੱਗੀ। ਸਾਡੇ ਘਰ ਦੀ ਆਰਥਕ ਗੱਡੀ ਚੱਲ ਨਿਕਲੀ। ਮੇਰੀ ਸ਼ਾਦੀ 1960 ਵਿਚ ਹੋਈ।
ਹੁਣ : ਉਨ੍ਹੀਂ ਦਿਨੀਂ ਕੁੜੀਆਂ ਛੇਤੀ ਕਿਤੇ ਨੌਕਰੀ ਨਹੀਂ ਸੀ ਕਰਦੀਆਂ ਪਰ ਤੁਹਾਡੀ ਜੀਵਨ ਸਾਥਣ ਨੇ ਕੀਤੀ, ਉਹ ਕਿਵੇਂ?
ਹੁੰਦਲ : ਸਾਡਾ ਰਿਸ਼ਤਾ ਅਕਾਲੀ ਆਗੂ ਕੇਹਰ ਸਿੰਘ ਵੈਰਾਗੀ ਨੇ ਕਰਵਾਇਆ ਸੀ। ਬੀ.ਏ. ਕਰਨ ਮਗਰੋਂ ਵਿਆਹ ਹੋ ਗਿਆ ਸੀ। ਹਾਲੇ ਜਦੋਂ ਸਾਡੀ ਮੰਗਣੀ ਹੋਈ ਸੀ ਤਾਂ ਮੇਰੇ ਸਹੁਰਾ ਸਾਹਿਬ ਆਏ ਕਿ ਜੇ ਤੁਹਾਨੂੰ ਇਤਰਾਜ਼ ਨਾ ਹੋਵੇ ਤਾਂ ਮੈਂ ਅਪਣੀ ਧੀ ਨੂੰ ਅੱਗੇ ਪੜ੍ਹਾਉਣੈ। ਉਹ ਅੱਠਵੀਂ ਜਮਾਤ ਕਰ ਕੇ ਹੱਟ ਗਈ ਸੀ, ਕਿਉਂਕਿ ਪਿੰਡ ਵਿਚ ਅਗਲੀ ਪੜ੍ਹਾਈ ਲਈ ਕੁੜੀਆਂ ਵਾਸਤੇ ਸਕੂਲ ਨਹੀਂ ਸੀ। ਫੇਰ ਜਦੋਂ ਪਿੰਡ ਸਕੂਲ ਖੁਲ੍ਹਿਆ, ਉਹਨੂੰ ਉਥੇ ਪੜ੍ਹਨੇ ਪਾ ਦਿੱਤਾ। ਇਹਨੇ ਮੈਟ੍ਰਿਕ ਕਰ ਲਈ। ਮੇਰੀ ਪਤਨੀ ਦੀ ਕੋਈ ਰਈਏ ਤੋਂ ਸਹੇਲੀ ਅਚਾਨਕ ਮਿਲ ਪਈ, ਉਹਨੇ ਦੱਸਿਆ ਕਿ ਉਹ ਸਰੀਂਹ ਸ਼ੰਕਰ (ਜਲੰਧਰ) ਜੇ.ਬੀ.ਟੀ. ਕਰ ਰਹੀ ਐ। ਸਕੂਲ ਵਿਚ ਹਾਲੇ ਵੀ ਕੁਝ ਸੀਟਾਂ ਬਚੀਆਂ ਸਨ। ਸਹੁਰਾ ਸਾਹਿਬ ਫੇਰ ਪੁੱਛਣ ਆ ਗਏ, ਬਈ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਮੈਂ ਇਹਨੂੰ ਉਥੇ ਸਹੇਲੀ ਨਾਲ ਪੜ੍ਹਨੇ ਭੇਜ ਦਿਆਂ। ਮੇਰੇ ਪਿਤਾ ਜੀ ਨੇ ਹਾਂ ਕਰ ਦਿੱਤੀ, ਉਹ ਤਾਂ ਪੜ੍ਹਾਈ ਦੇ ਹੱਕ ਵਿਚ ਸੀ ਤੇ ਮੈਨੂੰ ਵੀ ਕੋਈ ਇਤਰਾਜ਼ ਨਹੀਂ ਸੀ ਕਿਉਂਕਿ ਮੈਂ ਵੀ ਅੱਗੇ ਪੜ੍ਹਨਾ ਚਾਹੁੰਦਾ ਸੀ। ਜਦੋਂ ਰਘਬੀਰ ਕੌਰ ਨੇ ਦਾਖ਼ਲਾ ਲਿਆ ਤਾਂ ਇਹ ਬਾਕੀਆਂ ਨਾਲੋਂ ਤਿੰਨ-ਚਾਰ ਮਹੀਨੇ ਦੇਰੀ ਨਾਲ ਗਈ ਸੀ ਪਰ ਇਹ ਜਲਦੀ ਹੀ ਉਨ੍ਹਾਂ ਨਾਲ ਰਲ ਗਈ। ਆਰਥਕ ਪੱਖੋਂ ਕਮਜ਼ੋਰ ਸਨ ਤੇ ਵਿਚਾਰੀਆਂ ਕਈ ਵਾਰ ਰਾਤ ਨੂੰ ਖਾਣਾ ਨਾ ਖਾਂਦੀਆਂ ਜਾਂ ਦਿਨ ਵਿਚ ਇਕੋ ਡੰਗ ਰੋਟੀ ਖਾਂਦੀਆਂ।ਮੈਂ ਉਦੋਂ ਨੰਗਲ ਲੁਬਾਣੇ ਸਕੂਲੇ ਪੜ੍ਹਾਉਣ ਲੱਗ ਗਿਆ ਤੇ ਸੌ ਰੁਪਇਆ ਮਿਲਣ ਲੱਗਾ। ਇਹਦੇ `ਚੋਂ 50 ਰੁਪਏ ਮੈਂ ਇਹਨੂੰ ਘਲ ਦਿੰਦਾ ਤੇ 50 ਰੁਪਏ ਨਾਲ ਘਰ ਦਾ ਗੁਜ਼ਾਰਾ ਚਲਦਾ। ਬਹੁਤ ਤੰਗੀ ਦੇ ਦਿਨ ਸਨ। ਇਹਨੇ ਜੇ.ਬੀ.ਟੀ. ਪਾਸ ਕਰ ਲਈ। ਆਉਂਦੇ ਹੀ ਦੋ-ਚਾਰ ਮਹੀਨਿਆਂ ਮਗਰੋਂ ਨੌਕਰੀ ਵੀ ਮਿਲ ਗਈ। ਏਤਰਾਂ ਜ਼ਿੰਦਗੀ ਦੀ ਗੱਡੀ ਰੁੜ੍ਹਨ ਡਹਿ ਪਈ।
ਹੁਣ : ਪਿਤਾ ਅਕਾਲੀ ਸੀ, ਕੋਈ ਟਕਰਾਅ ?
ਹੁੰਦਲ : ਪਿਤਾ ਦਾ ਸੁਭਾਅ ਚੰਗਾ ਸੀ। ਅਸੀਂ ਖੇਤੀ ਕਰਨੀ, ਗੋਡੀ ਕਰਨੀ ਤਾਂ ਕੰਮ ਕਰਦਿਆਂ ਕਿਸੇ ਗੱਲੋਂ ਉਨ੍ਹਾਂ ਨਾਲ ਬਹਿਸ ਪੈਣਾ। ਓਨ੍ਹਾਂ ਝਿੜਕਿਆ ਕਦੇ ਨਹੀਂ ਸੀ। ਇਕ ਵੇਰਾਂ ਕਾਲਜ ਦੇ ਪ੍ਰਿੰਸੀਪਲ ਪ੍ਰੋ. ਡੀ.ਐਨ. ਕਾਕ ਨੇ ਪਿਤਾ ਜੀ ਨੂੰ ਸੁਨੇਹਾ ਘੱਲਿਆ। ਪ੍ਰਿੰਸੀਪਲ ਕਹਿੰਦਾ ਇਹ ਕਮਿਊਨਿਸਟ ਮੁੰਡਿਆਂ ਨਾਲ ਘੁੰਮਦਾ-ਫਿਰਦੈ। ਕਾਮਰੇਡਾਂ ਨਾਲ ਰਲ਼ ਗਿਆ ਤੇ ਇਹਦੀ ਪੜ੍ਹਾਈ ਪੱਛੜ ਜੂ। ਪਿਤਾ ਜੀ ਨੇ ਆ ਕੇ ਪੁੱਛਿਆ। ਮੈਂ ਕਿਹਾ, ‘ਪ੍ਰਿੰਸੀਪਲ ਝੂਠ ਬੋਲਦੈ।“ ਉਨ੍ਹਾਂ ਏਤਰਾਂ ਕਦੇ ਕੁਝ ਕਿਹਾ ਨਹੀਂ ਕਿ ਤੂੰ ਆਹ ਕਰਨੈ, ਓਹ ਨਹੀਂ ਕਰਨਾ। ਬੱਸ ਪੜ੍ਹਨ ਲਈ ਪ੍ਰੇਰਦੇ ਸੀ। ਮੇਰੀ ਸੋਚ ਪੂਰੀ ਕਾਮਰੇਡਾਂ ਵਾਲੀ ਹੋ ਗਈ ਤੇ ਮੈਂ ਮਗਰੋਂ ਅਪਣਾ ਗਾਤਰਾ ਲਾਹ ਦਿੱਤਾ। ਵੱਡੇ ਭਰਾ ਨੇ ਮੇਰੇ ਨਾਲ ਈ ਅੰਮ੍ਰਿਤ ਛਕਿਆ ਸੀ ਤੇ ਉਹਨੇ ਧੁਰ ਤਕ ਨਿਭਾਇਆ ਵੀ।
ਹੁਣ : ਤੁਸਾਂ ਅਪਣੀ ਸਵੈ-ਜੀਵਨੀ ਵਿਚ ਕਿਤੇ ਲਿਖਿਆ ਹੈ ਕਿ ਤੁਹਾਡੇ ਪਿਤਾ ਜੀ ਦੀ ਮੌਤ ਤੋਂ ਬਾਅਦ ਜਾਇਦਾਦ ਦੀ ਵੰਡ ਬਾਰੇ ਇਕ ਮੁਕੱਦਮਾ ਚੱਲਿਆ ਸੀ, ਜਿਸ ਵਿਚ ਕਿਸੇ ਔਰਤ ਜੱਜ ਨੇ ਸਾਰੇ ਭੈਣਾਂ-ਭਰਾਵਾਂ ਦਾ ਸਮਝੌਤਾ ਕਰ ਦਿੱਤਾ ਸੀ। ਇਹ ਕੇਸ ਕੀ ਸੀ?
ਹੁੰਦਲ : ਏਤਰਾਂ ਤਾਂ ਹੋਣਾ ਹੀ ਸੀ। ਖ਼ੈਰ, ਪਿਤਾ ਜੀ ਸਿਆਣੇ ਸਨ। ਉਹ ਜਾਣੂ ਸਨ ਕਿ ਉਨ੍ਹਾਂ ਦੇ ਜਾਣ ਮਗਰੋਂ ਦੋਵੇਂ ਪਰਿਵਾਰ ਆਪੋ-ਵਿਚੀਂ ਲੜਨਗੇ। ਉਨ੍ਹਾਂ ਵਸੀਅਤ ਤਾਂ ਬਣਾਈ ਪਰ ਇਹ ਕੋਈ ਜਾਣਦਾ ਨਾ ਸੀ ਕਿ ਆਖ਼ਰ ਕਿਹੜੇ ਮਿੱਤਰ ਕੋਲ ਸੰਭਾਲੀ ਐ। ਉਹਨੂੰ ਕਿਤੇ ਆਖ ਗਏ ਸਨ ਕਿ ਲੋੜ ਪੈਣ `ਤੇ ਪੇਸ਼ ਕਰ ਦੇਵੀਂ। ਖੌਰੇ ਉਹ ਕਿਥੇ ਚਲਾ ਗਿਆ। ਮਾਂ ਤੇ ਮਤਰੇਈ ਮਾਂ ਵਿਚਾਲੇ ਤਾਂ ਪਹਿਲੋਂ ਹੀ ਟਕਰਾਅ ਸੀ। ਮੈਨੂੰ ਵੀ ਏਤਰਾਂ ਈ ਲਗਦਾ ਸੀ ਕਿਉਂਕਿ ਬਚਪਨ ਵਿਚ ਅਪਣੇ ਨਾਲ ਵਿਤਕਰਾ ਹੁੰਦਾ ਸਹਿਆ। ਕਈ ਵੇਰਾਂ ਰੋਸਾ ਵੀ ਆਉਣਾ। ਦੂਰੀਆਂ ਤਾਂ ਪਹਿਲੋਂ ਹੀ ਸਨ ਪਰ ਹੁਣ ਟਕਰਾਅ ਹੋਰ ਵੱਧ ਗਿਆ ਸੀ। ਹੁਣ ਸੰਪਤੀ `ਤੇ ਹੱਕ ਜਤਾਉਣ ਦਾ ਵੇਲਾ ਸੀ। ਜਦੋਂ ਆਪਸੀ ਨਬੇੜਾ ਨਾ ਹੋਇਆ ਤਾਂ ਅਦਾਲਤ ਪਹੁੰਚ ਗਏ। ਤਿੰਨ-ਚਾਰ ਸਾਲ ਮੁਕੱਦਮਾ ਭੁਗਤਦੇ ਰਹੇ। ਦੋਹਾਂ ਟੱਬਰਾਂ ਕੋਲੋਂ ਬਹੁਤਾ ਕੁਝ ਤਾਂ ਪਹਿਲਾਂ ਹੀ ਨਹੀਂ ਸੀ, ਉਪਰੋਂ ਮੁਕੱਦਮੇ ਦੇ ਖਰਚਿਆਂ ਨੇ ਮਾਰ ਲਿਆ। ਮਾਇਕ ਪੱਖੋਂ ਦੋਵੇਂ ਧਿਰਾਂ ਕੱਖੋਂ ਹੌਲੇ ਹੋ ਗਈਆਂ। ਇਹ 1974-77 ਦੀ ਗੱਲ ਐ। ਵਸੀਅਤ ਬਾਰੇ ਕੁਝ ਪਤਾ ਨਾ ਲੱਗੇ। ਪਿਤਾ ਜੀ ਦਾ ਮਿੱਤਰ ਖੌਰੇ ਕਿਥੇ ਜਾ ਬਹਿ ਗਿਆ। ਫੇਰ ਅਚਾਨਕ ਪ੍ਰਗਟ ਹੋਇਆ। ਉਹਨੇ ਵਸੀਅਤ ਜੱਜ ਹਵਾਲੇ ਕਰ ਦਿੱਤੀ। ਮੁਕੱਦਮਾ ਮਹਿਲਾ ਜੱਜ ਦੀ ਅਦਾਲਤ ਲੱਗਾ ਸੀ। ਉਹ ਵੀ ਨੇਕ ਤੇ ਸਮਝਦਾਰ ਔਰਤ ਸੀ। ਉਹਨੇ ਦੋਵੇਂ ਧਿਰਾਂ ਨੂੰ ਸੱਦ ਲਿਆ ਤੇ ਸਮਝਾ-ਬੁਝਾਅ ਕੇ ਆਪਸੀ ਸਮਝੌਤਾ ਕਰ ਦਿੱਤਾ। ਲਿਖਾ-ਪੜ੍ਹੀ ਹੋ ਗਈ, ਦੋਵੇਂ ਧਿਰਾਂ ਰਾਜ਼ੀ ਸਨ ਕਿਉਂਕਿ ਵੰਡ ਵਸੀਅਤ ਮੁਤਾਬਕ ਹੋਈ ਸੀ। ਫੇਰ ਇਤਰਾਜ਼ ਕਰਨ ਜੋਗਾ ਬਚਿਆ ਵੀ ਕੀ ਸੀ? ਦੋਵੇਂ ਟੱਬਰ ਅੱਡੋ-ਅੱਡ ਤਾਂ ਪਹਿਲੋਂ ਈ ਸਨ, ਮਗਰੋਂ ਵੀ ਕੋਈ ਮੇਲ-ਮੌਕਾ ਨਾ ਹੋਇਆ। ਆਪੋ-ਅਪਣੀ ਥਾਂ ਦੋਵੇਂ ਰਾਜ਼ੀ।
ਸਾਹਿਤ ਵੱਲ ਪਹਿਲੇ ਕਦਮ
ਹੁਣ : ਆਓ ਇਕ ਵਾਰ ਫੇਰ ਸਾਹਿਤ ਵੱਲ ਪਰਤੀਏ। ਐਂ ਦੱਸੋ ਬਈ ਸਾਹਿਤ ਪੜ੍ਹਨ, ਪੜ੍ਹਾਉਣ ਵੱਲ ਦਿਲਚਸਪੀ ਕਿਵੇਂ ਬਣੀ?
ਹੁੰਦਲ : ਬੀ.ਏ. ਕਰਦਿਆਂ ਮੇਰੇ `ਤੇ ਦੋ ਪ੍ਰਭਾਵ ਪਏ। ਇਕ ਤਾਂ ਮੈਂ ਪੜ੍ਹਨ ਡਹਿ ਪਿਆ। ਸਾਹਿਤ `ਚ ਰੁਚੀ ਵਧੀ। ਸਾਹਿਤ ਸਮਾਚਾਰ ਜੀਵਨ ਸਿੰਘ ਲੁਧਿਆਣੇ ਵਾਲਿਆਂ ਦਾ ਅਤੇ ਪ੍ਰੀਤਲੜੀ ਉਚੇਚੇ ਮੰਗਵਾ ਕੇ ਪੜ੍ਹਨੇ। ਉਦੋਂ ਹੀ ਮੇਰੀ ਕਾਮਰੇਡ ਜੋਗਿੰਦਰ ਸ਼ਮਸ਼ੇਰ, ਐਸ.ਐਸ. ਮੀਸ਼ਾ, ਗੁਰਦਿਆਲ ਮੰਡੇਰ (ਆਈ.ਜੀ. ਮੰਡੇਰ) ਨਾਲ ਦੋਸਤੀ ਹੋ ਗਈ। ਇਹ ਸਾਰੇ ਕਾਮਰੇਡ ਮਿੱਤਰ ਸਨ ਪਰ ਮੈਂ ਉਦੋਂ ਕਾਮਰੇਡ ਨਹੀਂ ਸੀ। ਐਫ਼.ਏ. ਦੀ ਪੜ੍ਹਾਈ ਕਰ ਰਿਹਾ ਸਾਂ ਤਾਂ ਐਸ.ਐਫ਼.ਆਈ. ਗਰੁੱਪ ਨਾਲ ਰਲ਼ ਗਿਆ। ਗੁਰਦੀਪ ਦੇਹਰਾਦੂੁਨ ਵਾਲੇ ਦਾ ਵੱਡਾ ਭਰਾ ਦਲਜੀਤ ਮੇਰਾ ਜਮਾਤੀ ਹੁੰਦਾ ਸੀ। ਇਹ ਮੇਰੇ ਬਹੁਤ ਪਿਛੇ ਪਿਆ ਰਿਹਾ, ਅਖੇ ਤੂੰ ਚੰਦਾ ਦੇ। ਤਿੰਨ-ਚਾਰ ਮੁੰਡਿਆਂ ਦਾ ਗਰੁੱਪ ਸੀ। ਚੰਦਾ ਤਾਂ ਉਹ ਹੋਰਾਂ ਤੋਂ ਵੀ ਮੰਗਦੇ ਸੀ, ਪਰ ਮੇਰੇ ਤਾਂ ਕੁਝ ਜ਼ਿਆਦਾ ਹੀ ਪਿਛੇ ਪਏ ਰਹੇ, ਕਿਉਂਕਿ ਮੈਂ ਉਨ੍ਹਾਂ ਨੂੰ ਟਿੱਚਰਾਂ ਕਰਦਾ, ਉਨ੍ਹਾਂ ਦਾ ਮਾਖੌਲ ਉਡਾਉਂਦਾ ਸੀ। ਉਦੋਂ ਮੇਰੇ `ਤੇ ਅਕਾਲੀ ਲਹਿਰ ਦਾ ਵੀ ਪ੍ਰਭਾਵ ਸੀ ਤੇ ਮੈਂ ਉਨ੍ਹਾਂ ਦੇ ਕੰਮਾਂ `ਤੇ ਬਹਿਸ ਕਰਦਾ ਰਹਿੰਦਾ, ਉਨ੍ਹਾਂ ਨਾਲ ਆਢਾ ਲੈਂਦਾ। ਉਹ ਵੀ ਬਹੁਤ ਚੀੜ੍ਹੇ ਸਨ। ਅਖ਼ੀਰ ਮੈਂ ਜਥੇਬੰਦੀ ਦਾ ਮੈਂਬਰ ਬਣ ਹੀ ਗਿਆ। ਪੰਜ ਰੁਪਏ ਫ਼ੀਸ ਹੁੰਦੀ ਸੀ ਇਹਦੀ। ਕਮਿਊੁਨਿਸਟਾਂ ਦਾ ਸਾਹਿਤ ਪੜ੍ਹਨ ਲੱਗ ਪਿਆ। ਮੇਰਾ ਦ੍ਰਿਸ਼ਟੀਕੋਣ ਵੀ ਬਦਲ ਗਿਆ। ਫੇਰ ਜਲੰਧਰ ਪੰਜਾਬ ਬੁੱਕ ਸੈਂਟਰ, ਜਿਹੜਾ ਰੈਣਕ ਬਾਜ਼ਾਰ ਵਿਚ ਸੀ, ਜਾਣ ਲੱਗਾ। ਇਥੇ ਤੇਰਾ ਸਿੰਘ ਚੰਨ ਹੋਰੀਂ ਹੁੰਦੇ ਸੀ। ਉਨ੍ਹਾਂ ਨਾਲ ਗੱਲਬਾਤ ਹੁੰਦੀ ਰਹਿਣੀ। ਇਥੋਂ ਕਿਤਾਬਾਂ ਲੈ ਆਉਣੀਆਂ ਤੇ ਪੜ੍ਹਦੇ ਰਹਿਣਾ। ਉਦੋਂ ਮੈਂ ਰਣਧੀਰ ਕਾਲਜ ਕਪੂਰਥਲਾ `ਚ ਬੀ.ਏ. ਦੀ ਪੜ੍ਹਾਈ ਕਰ ਰਿਹਾ ਸੀ। ਇਥੇ ਮਾਹੌਲ ਵੀ ਪੜ੍ਹਨ-ਪੜ੍ਹਾਉਣ ਦਾ ਸੀ ਫੇਰ ਜਿਹੋ-ਜਿਹੀਆਂ ਰੁਚੀਆਂ ਹੋਣ, ਸਾਥ ਵੀ ਤਾਂ ਓਵੇਂ ਦੇ ਹੀ ਜੁੜਦੇ ਨੇ।ਓਤਰਾਂ ਪੜ੍ਹਦਾ ਤਾਂ ਮੈਂ ਪਹਿਲੋਂ ਵੀ ਸੀ ਪਰ ਸਾਹਿਤਕ ਘੇਰਾ ਵਧਣ ਕਾਰਨ ਦਿਲਚਸਪੀ ਹੋਰ ਵੱਧ ਗਈ ਸੀ। ਕਾਲਜ ਦਾ ਸਾਹਿਤਕ ਰਸਾਲਾ ‘ਰਣਧੀਰ` ਛਪਦਾ ਹੁੰਦਾ ਸੀ ਤੇ ਮੈਂ ਇਹਦਾ ਸੰਪਾਦਕ ਬਣ ਗਿਆ। ਏਸ ਰਸਾਲੇ ਨੇ ਸਾਹਿਤਕਾਰਾਂ ਨਾਲ ਮੇਲ ਕਰਾਇਆ। ਕੁਝ ਵਕਤੀ ਸਾਹਿਤਕਾਰ ਵੀ ਸਨ, ਚੰਗਾ ਲਿਖਦੇ ਸੀ ਪਰ ਉਹ ਕਾਲਜ ਰਸਾਲੇ ਤਕ ਹੀ ਸੀਮਤ ਰਹੇ। ਮਗਰੋਂ ਕਦੇ ਮੌਕਾ-ਮੇਲ ਨਾ ਬਣਿਆ। ਭੁੱਲ-ਵਿਸਰ ਗਏ ਪਰ ਇਨ੍ਹਾਂ `ਚੋਂ ਇਕ ਮੁੰਡਾ ਹੁੰਦਾ ਸੀ ਟਿੱਬੇ ਪਿੰਡ ਦਾ। ਜਗਤਾਰ ਸਿੰਘ ਅਸ਼ੋਕ ਸੀ ਉਹਦਾ ਨਾਂਅ। ਕਵਿਤਾ ਸੋਹਣੀ ਲਿਖ-ਲੁਖ ਲੈਂਦਾ ਸੀ। ਇਕ ਵੇਰ ਅਪਣੇ ਰਸਾਲੇ `ਚ ਮੈਂ ਉਹਦੀ ‘ਚੀਨ ਦੀ ਵਾਰ` ਛਾਪੀ ਸੀ। ਉਹਦੇ `ਚ ਬਹੁਤ ਪ੍ਰਤਿਭਾ ਸੀ, ਹੁਨਰ ਸੀ। ਪਰ ਪਤਾ ਨਹੀਂ, ਉਹਨੇ ਲਿਖਣਾ ਕਿਉਂ ਛੱਡ ਦਿੱਤਾ। ਮੈਨੂੰ ਬੜਾ ਅਫ਼ਸੋਸ ਸੀ ਏਸ ਗੱਲ ਦਾ।
ਹੁਣ : ਕਦੇ ਮਗਰੋਂ ਮੁਲਾਕਾਤ ਹੋਈ?
ਹੁੰਦਲ : ਨਹੀਂ! ਮਗਰੋਂ ਨਹੀਂ ਹੋਈ ਮੁਲਾਕਾਤ। ਇਹ ਵੀ ਨਹੀਂ ਪਤਾ ਕਿ ਹੁਣ ਉਹ ਕਿਥੇ ਆ।
ਹੁਣ : ਕਾਲਜ ਵਿਚ ਪੜ੍ਹਦਿਆਂ ਈ ਲੀਡਰੀ ਦਾ ਝੱਸ ਪੈ ਗਿਆ ਸੀ?
ਹੁੰਦਲ : ਹਾ… ਹਾ… ਗੱਲ ਇਹ ਬਣੀ ਬਈ… ਬੋਲ-ਬਾਲ ਮੈਂ ਚੰਗਾ ਲੈਂਦਾ ਸਾਂ, ਸੋ ਲੀਡਰਾਂ ਵਾਂਗ ਭਾਸ਼ਣ ਦੇਣ ਡਹਿ ਪਿਆ। ਤਾਹੀਉਂ ਤਾਂ ਸਾਥੀਆਂ ਨੇ ਖਿੱਚ ਧੂਹ ਕਰ ਕੇ ਮੈਨੂੰ ਕਾਲਜ `ਚ ਸੈਂਟਰਲ ਕੌਂਸਲ ਦੀਆਂ ਚੋਣਾਂ `ਚ ਖੜਾ ਕਰ `ਤਾ। ਜਥੇਬੰਦੀ `ਚ ਕੰਮ ਕਰਦਿਆਂ-ਕਰਦਿਆਂ ਇਹਦਾ ਮਕਸਦ ਵੀ ਖਾਨੇ ਪੈਣ ਲੱਗਾ। ਏਤਰਾਂ ਮੈਂ ਕਾਮਰੇਡ ਬਣ ਗਿਆ। ਮੇਜਰ ਪਿਆਰਾ ਸਿੰਘ ਇੰਗਲੈਂਡ ਵਾਲਾ, ਜਸਵਿੰਦਰ ਬਾਹੀਆ ਵਰਗੇ ਇਸ ਗਰੁੱਪ `ਚ ਸਨ। ਸਾਡਾ ਚੰਗਾ ਤਕੜਾ ਗਰੁੱਪ ਬਣ ਗਿਆ। ਸਾਡਾ ਟਕਰਾਅ ਫਿਰਕੂ ਕਿਸਮ ਦੇ ਲੋਕਾਂ ਨਾਲ ਹੁੰਦਾ ਸੀ।
ਹੁਣ : ਵਿਰੋਧੀਆਂ ਨਾਲ ਕਦੇ ਕੋਈ ਨਿੱਜੀ ਝਗੜਾ ਵੀ ਹੋਇਆ?ਹੁੰਦਲ : ਨਹੀਂ! ਕੋਈ ਨਿੱਜੀ ਝਗੜਾ ਤਾਂ ਨਹੀਂ ਹੋਇਆ, ਜਥੇਬੰਦਕ ਝਗੜੇ ਅਕਸਰ ਹੁੰਦੇ ਰਹਿੰਦੇ ਸਨ। ਖਾਸ ਕਰ ਕੇ ਜਦੋਂ ਸਟੂਡੈਂਟ ਐਸੋਸੀਏਸ਼ਨ ਦੀ ਚੋਣ ਹੰਦੀ ਸੀ। ਉਦੋਂ ਟਰਕਾਅ ਵੱਧ ਜਾਂਦਾ ਸੀ। ਪਰ ਜ਼ਿਸਮਾਨੀ ਟਕਰਾਅ ਕਦੇ ਨਹੀਂ ਹੋਇਆ।
ਹੁਣ : ਕਾਲਜ ਪਾਸ ਕਰਨ ਮਗਰੋਂ ਕੀ ਕੀਤਾ?
ਹੁੰਦਲ : ਕਰਨਾ ਕਰਾਉਣਾ ਕੀ ਸੀ… ਉਦੋਂ ਆਰਥਕ ਤੰਗੀ ਬੜੀ ਸੀ। ਘਰ ਚਲਾਉਣ ਲਈ ਨੌਕਰੀ ਤਾਂ ਕਰਨੀ ਪੈਣੀ ਸੀ, ਸੋ ਟੀਚਰੀ ਕਰਨੀ ਸੀ, ਕਰ ਲਈ। ਪ੍ਰਾਇਮਰੀ ਸਕੂਲ ਸੁਲਤਾਨਪੁਰ ਲੋਧੀ ਪੜ੍ਹਾਉਣ ਲੱਗ ਪਿਆ। ਦੋ ਮਹੀਨੇ ਮਗਰੋਂ ਮੈਂ ਰਿਹਾਣਾ ਜੱਟਾਂ, ਫਗਵਾੜੇ ਚਲਾ ਗਿਆ। ਛੇਤੀ ਮਿਡਲ ਸਕੂਲ ਚਲਾ ਗਿਆ। ਦੋ-ਤਿੰਨ ਸਾਲ ਲਾਏ। ਇਥੇ ਇਕ ਸਿਆਣਾ ਬੰਦਾ ਟੱਕਰ ਗਿਆ। ਓਹਨੇ ਬੀ.ਐੱਡ ਕਰਨ ਦੀ ਸਲਾਹ ਦਿੱਤੀ। ਸੋ, ਸਾਲ ਦੀ ਛੁੱਟੀ ਲੈ ਮੈਂ ਫਗਵਾੜੇ ਟਰੇਨਿੰਗ ਕਾਲਜ `ਚ ਬੀ.ਐੱਡ ਕਰਨ ਲੱਗ ਪਿਆ।
ਹੁਣ : ਉਦੋਂ ਤਕ ਤਾਂ ਤੁਸੀਂ ਸਾਹਿਤ ਨਾਲ ਕਾਫ਼ੀ ਜੁੜ ਗਏ ਸੀ, ਫੇਰ ਇਥੇ ਕੀ ਸਰਗਰਮੀਆਂ ਰਹੀਆਂ?
ਹੁੰਦਲ : ਸਰਗਰਮੀਆਂ ਤਾਂ ਪਹਿਲਾਂ ਵਾਲੀਆਂ ਈ ਸੀ, ਬੱਸ ਵਾਧਾ ਹੀ ਹੋਇਆ। ਲਿਖਾਰੀਆਂ ਦਾ ਗਰੁੱਪ ਬਣ ਗਿਆ। ਸੁਰਿੰਦਰ ਸਿੰਘ ਗਿੱਲ ਮੈਟ੍ਰਿਕ ਕਰਨ ਮਗਰੋਂ ਡਰਾਇੰਗ ਟੀਚਰ ਦੀ ਟ੍ਰੇਨਿੰਗ ਕਰ ਰਿਹਾ ਸੀ। ਅਵਤਾਰ ਜੰਡਿਆਵਲੀ ਤੇ ਅਜੀਤ ਭੰਵਰਾ ਨਾਲ ਵੀ ਇਥੇ ਹੀ ਮੁਲਾਕਾਤ ਹੋਈ। ਓਨ੍ਹੀਂ ਦਿਨੀਂ ਤੇਰਾ ਸਿੰਘ ਚੰਨ ਹੋਰਾਂ ਗਿਆਨੀ ਕਾਲਜ, ਫਗਵਾੜਾ ਖੋਲ੍ਹਿਆ ਸੀ। ਹਰ ਮਹੀਨੇ ਲੇਖਕ ਮੰਡਲੀ ਜੁੜਨ ਲੱਗੀ। ਹੌਲੀ-ਹੌਲੀ ਸਾਹਿਤ ਸਭਾ ਵੀ ਬਣ ਗਈ। ਗੁਰਦਿੱਤ ਪ੍ਰੇਮੀ, ਪ੍ਰੋ. ਗੁਰਨਾਮ ਸਿੰਘ, ਪ੍ਰੀਤਮ ਸਿੰਘ ਆਜ਼ਾਦ, ਭਗਤ ਰਾਮ ਪਤੰਗਾ, ਮੋਹਨ ਸਿੰਘ ਮਤਵਾਲਾ ਸਾਰੇ ਸਭਾ ਵਿਚ ਆਉਣ ਲੱਗ ਪਏ। ਉਦੋਂ ਰਾਮਗੜ੍ਹੀਆਂ ਦਾ ਅਖ਼ਬਾਰ ਨਿਕਲਦਾ ਸੀ। ਚਾਰ ਕੁ ਵਰਕੇ ਛਾਪਦੇ ਸੀ। ਮਤਵਾਲੇ ਹੋਰਾਂ ਦੀ ਪ੍ਰੈੱਸ ਸੀ। ਇਹਦੇ ਕੋਲ ਜਾ ਕੇ ਬਹਿ ਜਾਣਾ, ਕਵਿਤਾ ਛਪਾਉਣੀ। ਮਤਵਾਲਾ ਸਟੇਜੀ ਕਵੀ ਸੀ। ਓਤਰਾਂ ਓਹਦੀ ਕਵਿਤਾ ਸਾਧਾਰਨ ਪੱਧਰ ਦੀ ਸੀ।
ਹੁਣ : ਮਹਿਫ਼ਿਲਾਂ `ਚ ਕਵਿਤਾ ਸੁਣਾਉਣ ਦਾ ਵੀ ਝੱਸ ਸੀ?
ਹੁੰਦਲ : ਆਹੋ, ਕਵੀ ਨੂੰ ਇਹ ਝਸ ਤਾਂ ਰਹਿੰਦਾ ਈ ਆ। ਮੇਰੀ ਮਿੱਤਰ ਮੰਡਲੀ ਨੂੰ ਅਪਣੀਆਂ ਰਚਨਾਵਾਂ ਸੁਣਾਉਣ ਦਾ ਚਾਅ ਚੜ੍ਹਦਾ, ਸੋ ਅਸੀਂ ਸਮਾਗਮਾਂ `ਚ ਜਾਣ ਲੱਗ ਪਏ ਸਾਂ। ਕਵਿਤਾ ਪਾਠ ਕਰਦੇ। ਸੁਰਿੰਦਰ ਗਿੱਲ ਗਾ ਕੇ ਕਵਿਤਾ ਸੁਣਾਉਂਦਾ। ਉਦੋਂ ਇੰਗਲੈਂਡ ਤੋਂ ਪੜ੍ਹ ਕੇ ਆਇਆ ਸੰਪੂਰਨ ਸਿੰਘ ਕਾਲਜ ਦਾ ਪ੍ਰਿੰਸੀਪਲ ਲਗ ਗਿਆ। ਬੰਦਾ ਬੜਾ ਕਾਬਲ ਸੀ ਤੇ ਅਨੁਸ਼ਾਸਨ ਵੀ ਪੂਰਾ ਰੱਖਦਾ ਸੀ। ਤੁਰੇ ਜਾਂਦੇ ਨੇ ਜੇ ਕੋਈ ਕਾਗ਼ਜ਼ ਡਿੱਗਿਆ ਦੇਖਣਾ, ਤਾਂ ਚੁੱਕ ਲੈਣਾ, ਫੇਰ ਮੁੰਡਿਆਂ ਨੂੰ ਪੁੱਛਣਾ, ‘ਦਿਸ ਇਜ਼ ਯੂਰਅਜ਼`। ਮੁੰਡਿਆਂ ਨੇ ਸ਼ਰਮਿੰਦੇ ਹੋਣਾ। ਸਾਨੂੰ ਭਾਸ਼ਣ ਦੇਣਾ, ਕਵਿਤਾ ਸੁਣਾਉਣ ਲਈ ਵੰਗਾਰਨਾ। ਇਕ ਵੇਰਾਂ ਕਾਲਜ ਬੀ.ਡੀ.ਓ. ਮੁਖਤਾਰ ਸਿੰਘ ਭਾਸ਼ਣ ਦੇਣ ਆਇਆ। ਭਾਸ਼ਣ ਨਿਰਾ ਵਿਕਾਸ ਬਾਰੇ ਸੀ। ਮੁੰਡੇ ਉਬਾਸੀਆਂ ਮਾਰਨ ਲੱਗ ਪਏ। ਅਸੀਂ ਏਤਰਾਂ ਕਿਵੇਂ ਬਹਿ ਸਕਦੇ ਸੀ। ਮੁੰਡਿਆਂ ਕਿਹਾ ਕਿ ਕੋਈ ਕਵਿਤਾ-ਕੁਵਤਾ ਸੁਣਾਓ ਜੀ। ਪ੍ਰਿੰਸੀਪਲ ਨੇ ਸਾਨੂੰ ਸੱਦ ਲਿਆ ਤੇ ਫੇਰ ਅਸੀਂ ਅਪਣੀਆਂ ਕਵਿਤਾਵਾਂ ਪੜ੍ਹੀਆਂ।]
ਹੁਣ : ਤੁਸੀਂ ਕਵਿਤਾਵਾਂ ਦੀ ਸੋਧ-ਸੁਧਾਈ ਵੀ ਕਰਾਉਂਦੇ ਸੀ?
ਹੁੰਦਲ : ਆਹੋ, ਚੰਨ ਵਾਲੀ ਸਭਾ ਇਕ ਤਰ੍ਹਾਂ ਟਰੇਨਿੰਗ ਸਕੂਲ ਈ ਸੀ। ਹਰ ਮਹੀਨੇ ਮੀਟਿੰਗ ਹੁੰਦੀ। ਸਾਰੇ ਆਪੋ-ਅਪਣੀਆਂ ਕਵਿਤਾਵਾਂ ਪੜ੍ਹਦੇ ਤੇ ਲੇਖਕਾਂ ਨੇ ਕੋਈ ਨਾ ਕੋਈ ਨੁਕਸ ਕੱਢ ਦੇਣਾ। ਪਹਿਲਾਂ ਤਾਂ ਬੁਰਾ ਲੱਗਣਾ, ਨਿਰਾਸ਼ ਹੋਣਾ, ਫੇਰ ਕਹਿਣਾ, ਹੁਣ ਅਗਲੀ ਵਾਰ ਏਦੋਂ ਵੀ ਵਧੀਆ ਲਿਖ ਕੇ ਲਿਆਉਣੀ ਐ। ਏਤਰਾਂ ਲਿਖਣ ਦਾ ਸਿਲਸਿਲਾ ਸ਼ੁਰੂ ਹੋ ਗਿਆ।
ਰਚਨਾਤਮਕ ਚੁਣੌਤੀਆਂ
ਹੁਣ : ਸ਼ੁਰੂ ਵਿਚ ਪੰਜਾਬੀ ਦੇ ਕਿਹੜੇ ਕਵੀਆਂ ਨੇ ਕਵਿਤਾ ਲਿਖਣ ਲਈ ਤੁਹਾਨੂੰ ਪ੍ਰਭਾਵਤ ਕੀਤਾ? ਤੁਹਾਨੂੰ ਇਸ ਖੇਤਰ ਵਿਚ ਕੀ ਚੁਣੌਤੀਆਂ ਪੇਸ਼ ਆਈਆਂ?
ਹੁੰਦਲ : ਉਦੋਂ ਪ੍ਰਗਤੀਵਾਦੀਆਂ ਦੀ ਢਾਣੀ ਸਰਗਰਮ ਸੀ। ਗੁਰਚਰਨ ਰਾਮਪੁਰੀ, ਸੰਤੋਖ ਸਿੰਘ ਧੀਰ, ਅਜਾਇਬ ਚਿੱਤਰਕਾਰ, ਹਰਨਾਮ ਸਿੰਘ ਨਾਜ਼, ਸੁਖਬੀਰ ਇਨ੍ਹਾਂ ਸਾਰਿਆਂ ਨਾਲ ਉੱਠਣੀ ਬੈਹਣੀ ਸੀ। ਇਨ੍ਹਾਂ ਕੋਲੋਂ ਮੈਂ ਸਮਾਜਕ ਰਾਜਸੀ ਦ੍ਰਿਸ਼ਟੀਕੋਣ ਗ੍ਰਹਿਣ ਕੀਤਾ ਪਰ ਕਵਿਤਾ ਦੇ ਰੂਪ ਪੱਖੋਂ ਮੈਂ ਸ.ਸ. ਮੀਸ਼ਾ, ਤਾਰਾ ਸਿੰਘ ਤੋਂ ਪ੍ਰਭਾਵਤ ਹੋਇਆ। ਕੁਝ ਚਿਰ ਬਾਅਦ ਇਨ੍ਹਾਂ ਕਵੀਆਂ ਦਾ ਤਪ-ਤੇਜ਼ ਮੱਠਾ ਪੈ ਗਿਆ ਤੇ ਪ੍ਰਯੋਗਵਾਦ ਦੀ ਗੱਲ ਚੱਲਣ ਲੱਗੀ। ਇਹੋ ਸਮਾਂ ਸੀ ਜਦ ਮੈਂ ਅਪਣਾ ਵਖਰਾ ਰਾਹ ਚੁਣਿਆ। ਅਸਲ `ਚ ਪ੍ਰਯੋਗਵਾਦ ਨੇ ਕਈ ਨਵੇਂ ਉਠਦੇ ਕਵੀਆਂ ਨੂੰ ਭੰਬਲ-ਭੂਸਿਆਂ ਵਿਚ ਪਾ `ਤਾ। ਇਹ 1965-70 ਦੀਆਂ ਗੱਲਾਂ ਨੇ। ਇਹ ਸੰਕਟ ਹੱਲ ਹੋਇਆ ਤਾਂ ਨਕਸਲਵਾਦੀ ਕ੍ਰਾਂਤੀ ਦੀ ਗੱਲ ਤੁਰ ਪਈ। ਇਹ ਨਵੀਂ ਰਾਜਸੀ ਚੁਣੌਤੀ ਸੀ। ਨਵੇਂ ਉਠਦੇ ਕਵੀ ਇਸ ਤੋਂ ਪ੍ਰਭਾਵਤ ਹੋਏ। ਮੇਰੇ ਉਤੇ ਇਸ ਦਾ ਕੀ ਪ੍ਰਭਾਵ ਪਿਆ, ਇਸ ਦਾ ਜ਼ਿਕਰ ਮੈਂ ਪਹਿਲਾਂ ਕਰ ਚੁੱਕਾਂ। ਉਸ ਵੇਲੇ ਤੀਕ ਮੈਂ ਰਾਜਸੀ ਤੌਰ `ਤੇ ਕੁਝ ਚੇਤੰਨ ਹੋ ਚੁੱਕਾ ਸੀ ਤੇ ਸੀ.ਪੀ.ਆਈ. (ਐਮ.) ਪਾਰਟੀ ਬਣ ਚੁੱਕੀ ਸੀ। ਛੇਤੀ ਹੀ ਮੈਂ ਇਸ ਸਿਆਸੀ ਝੁਕਾਅ ਦੇ ਵਿਰੋਧ ਵਿਚ ਆ ਖਲੋਤਾ ਤੇ ਅਜਿਹੀਆਂ ਕਵਿਤਾਵਾਂ ਲਿਖੀਆਂ ਜੋ ਇਸ ਰੁਮਾਂਟਿਕ ਕ੍ਰਾਂਤੀ ਦਾ ਵਿਚਾਰਧਾਰਕ ਖੰਡਨ ਕਰਦੀਆਂ ਸਨ। ਇਸ ਪੱਖ ਤੋਂ ਮੈਨੂੰ ਨਕਸਲਵਾਦੀਆਂ ਦੇ ਕ੍ਰੋਧ ਭਰੇ ਵਾਰ ਵੀ ਸਹਿਣੇ ਪਏ। ਇਹ ਕਾਰਜ ਪਹਿਲੀਆਂ ਪੇਸ਼ ਰਚਨਾਤਮਕ ਚੁਣੌਤੀਆਂ ਤੋਂ ਔਖੇਰਾ ਤੇ ਗੰਭੀਰ ਸੀ, ਪਰ ਹੁਣ ਤੀਕ ਮੈਂ ਇਸ ਨੂੰ ਸਿਰਜਣਾਤਮਕ ਤੌਰ `ਤੇ ਨਜਿੱਠਣ ਦੇ ਸਮੱਰਥ ਹੋ ਗਿਆ ਸਾਂ।ਅੱਠਵੇਂ ਦਹਾਕੇ ਦੇ ਅੱਧ ਵਿਚ ਅਰਥਾਤ ਜੂਨ 1975 ਵਿਚ ਐਮਰਜੈਂਸੀ ਲੱਗ ਗਈ। ਇਹ ਚੁਣੌਤੀ ਪ੍ਰਯੋਗਵਾਦ ਅਤੇ ਨਕਸਲਵਾਦ ਤੋਂ ਵੀ ਗੰਭੀਰ ਸੀ। ਬਹੁਤੇ ਕਵੀ ਚੁੱਪ ਕਰ ਗਏ। ਮੈਂ ਇਸ ਨੂੰ ਸਿਰਜਣਾਤਮਕ ਤੌਰ `ਤੇ ਨਜਿੱਠਣ ਦੀ ਵਿਧੀ ਦੀ ਤਲਾਸ਼ ਕਰਨ ਲੱਗਾ। ਹੁਣ ਤਾਂ ਗੱਲ ਕਿਸੇ ਬਿੰਬ ਜਾਂ ਪ੍ਰਤੀਕ ਦੀ ਜੁਗਤ ਨਾਲ ਹੀ ਕੀਤੀ ਜਾ ਸਕਦੀ ਸੀ। ਮੈਂ ਸੋਚਣ ਲੱਗਾ ਕਿ ਫ਼ਾਸਿਜ਼ਮ ਦੇ ਦੌਰ ਵਿਚ ਲੇਖਕਾਂ ਨੇ ਅਪਣੀ ਗੱਲ ਕਿਵੇਂ ਕੀਤੀ ਹੋਵੇਗੀ। ਮੈਂ ਬਰਤੋਲਤ ਬ੍ਰੈਖ਼ਤ ਦੀਆਂ ਕਵਿਤਾਵਾਂ ਪੜ੍ਹੀਆਂ ਤੇ ਏਤਰਾਂ ਮੇਰਾ ਰਾਹ ਸਪੱਸ਼ਟ ਹੋ ਗਿਆ। ਬ੍ਰੈਖਤ ਆਪ ਹੀ ਸਵਾਲ ਕਰਦਾ ਹੈ ਤੇ ਖ਼ੁਦ ਹੀ ਜਵਾਬ ਦਿੰਦੈ।ਕਾਲੇ ਦਿਨਾਂ ਵਿਚ ਕਿਸ ਤਰ੍ਹਾਂ ਦੇ ਗੀਤ ਗਾਏ ਜਾਣਗੇ?ਹਾਂ, ਕਾਲੇ ਦਿਨਾਂ ਵਿਚ ਕਾਲੇ ਦਿਨਾਂ ਦੇ ਹੀ ਗੀਤ ਗਾਏ ਜਾਣਗੇ।ਜਾਂਲੋਕੀਂ ਇਹ ਨਹੀਂ ਕਹਿਣਗੇਕਿ ਸਮੇਂ ਹੀ ਕਾਲੇ ਸਨ।ਉਹ ਪੁਛਣਗੇ, ‘‘ਕਵੀ ਕਿਉਂ ਚੁੱਪ ਰਹੇ।
“ਮਿੱਤਰਾਂ ਨਾਲ ਇੱਟ-ਖੜਿੱਕਾ
ਹੁਣ : ਡਾ. ਜਗਤਾਰ ਨਾਲ ਕਾਫ਼ੀ ਦੇਰ ਤੁਹਾਡਾ ਇੱਟ-ਖੜਿੱਕਾ ਚਲਦਾ ਰਿਹਾ। ਤੁਸਾਂ ਉਸ ਬਾਰੇ ਕੁਝ ਸ਼ਿਅਰ ਵੀ, ਸ਼ਾਇਦ ਲਿਖੇ ਸਨ। ਇਹ ਟਕਰਾਅ ਦਾ ਆਧਾਰ ਕੀ ਸੀ?
ਹੁੰਦਲ : ਹਾ..ਹਾ.. ਇੱਟ-ਖ਼ੜੱਕਾ ਕਾਹਦਾ। ਹੁਣ ਤੁਸੀਂ ਤਾਂ ਸਾਰਾ ਕੁਝ ਫਰੋਲਣ ਲੱਗ ਪਏ ਓ। ਜਗਤਾਰ ਨਾਲ ਮੇਰਾ ਕੋਈ ਨਿੱਜੀ ਝਗੜਾ ਨਹੀਂ ਸੀ, ਸਾਡੀ ਸੋਚ ਅੱਡਰੀ ਸੀ। ਇਸੇ ਲਈ ਅਸੀਂ ਮਿਹਣੋ-ਮਿਹਣੀ ਹੁੰਦੇ ਰਹਿੰਦੇ ਸੀ। ਇਹ ਕਹਿ ਲਓ ਬਈ, ਇਹ ਸਮਕਾਲੀ ਤੇ ਹਮ-ਉਮਰ ਕਵੀਆਂ ਦੇ ਰਾਜਸੀ ਵਿਚਾਰਾਂ ਦਾ ਟਕਰਾਅ ਸੀ। ਜਗਤਾਰ ਨਕਸਲਾਈਟ ਰਾਜਸੀ ਸੋਚ ਰੱਖਦਾ ਸੀ, ਭਾਵ ਹਥਿਆਰਬੰਦ ਕ੍ਰਾਂਤੀ ਦਾ ਉਹ ਹਾਮੀ ਸੀ ਤੇ ਮੈਂ ਸੀ.ਪੀ.ਆਈ. (ਐਮ) ਦਾ ਹਮਾਇਤੀ ਸੀ। ਸ਼ਾਇਦ ਏਹ ਟਕਰਾਅ ਜਵਾਨ ਉਮਰਾਂ ਦਾ ਵੀ ਸੀ। ਇਕ-ਦੂਏ ਦੀ ਹੇਠੀ ਕਰਨ ਡਹਿ ਪੈਣਾ। ਸਾਡੇ ਸੁਭਾਅ ਵੀ ਨਹੀਂ ਸੀ ਰਲਦੇ। ਉਮਰ ਦੇ ਨਾਲ-ਨਾਲ ਅਸੀਂ ਸਿਆਣੇ ਵੀ ਹੋਏ। ਬੜੀ ਦੇਰ ਮਗਰੋਂ ਇਕ-ਦੂਏ ਨੂੰ ਪ੍ਰਵਾਨ ਕਰਨ ਦੇ ਰਾਹ ਤੁਰੇ। ਅਸੀਂ ਚੁੰਝ-ਚਰਚਾ ਬੰਦ ਕਰ ਦਿੱਤੀ ਸੀ। ਓਤਰਾਂ ਮੈਂ ਸਮਝਦਾ ਆਂ ਇਹ ਕੋਈ ਖ਼ਾਸ ਗੱਲ ਨਹੀਂ। ਅਜਿਹੇ ਟਕਰਾਅ ਤਾਂ ਹਰ ਪੀੜ੍ਹੀ ਤੇ ਹਰ ਭਾਸ਼ਾ ਵਿਚਕਾਰ ਹੁੰਦੇ ਆ ਰਹੇ ਨੇ। ਮਸਲਾ ਤਾਂ ਇਕ-ਦੂਜੇ ਦੀ ਸਾਹਿਤਕ ਹੋਂਦ ਨੂੰ ਪ੍ਰਵਾਨ ਕਰਨ ਜਾਂ ਨਾ ਕਰਨ ਦਾ ਹੁੰਦੈ। ਮੈਂ ਉਸ ਦਾ ਕੋਈ ਰੇਖਾ ਚਿੱਤਰ ਨਹੀਂ ਲਿਖਿਆ, ਪਰ ਜਦੋਂ ਉਹਦੀ ਮੌਤ ਹੋਈ ਤਾਂ ਮੈਂ ਉਹਦੇ ਨਾਲ ਅਪਣੀਆਂ ਖੱਟੀਆਂ-ਮਿੱਠੀਆਂ ਯਾਦਾਂ ਲਿਖੀਆਂ।
ਹੁਣ : ਠੀਕ ਐ ਕਿ ਟਕਰਾਅ ਚਲਦਾ ਰਹਿੰਦਾ ਐ ਪਰ ਕੀ ਇਹਦੇ ਨਾਲ ਸਾਹਿਤ ਦਾ ਨੁਕਸਾਨ ਨਹੀਂ ਹੁੰਦਾ?
ਹੁੰਦਲ : ਟਕਰਾਅ ਵਿਚੋਂ ਕੁਝ ਰਚਨਾ ਵੀ ਨਿਕਲ ਆਉਂਦੀ ਐ, ਉਤਸ਼ਾਹ ਵੀ ਬੰਦੇ ਨੂੰ ਮਿਲਦਾ ਐ। ਇਹ ਕੋਈ ਅਸਾਧਾਰਨ ਗੱਲਾਂ ਵੀ ਨਹੀਂ ਹਨ।
ਹੁਣ : ਤੁਹਾਡੇ ਭਰਾ ਕੁਲਬੀਰ ਸਿੰਘ ਹੁੰਦਲ ਦੀ ਮੌਤ ਦਾ ਕੀ ਰਹੱਸ ਸੀ, ਜਿਸ ਬਾਰੇ ਡਾ. ਜਗਤਾਰ ਨੇ ਜਲੰਧਰ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਅਜਲਾਸ ਵਿਚ ਮਿਹਣਾ ਮਾਰਿਆ ਸੀ?
ਹੁੰਦਲ : ਯਾਰ, ਕਈ ਗੱਲਾਂ ਇਹੋ-ਜਿਹੀਆਂ ਵੀ ਹੁੰਦੀਆਂ ਨੇ, ਜਿਨ੍ਹਾਂ ਉਤੇ ਹਾਸਾ ਈ ਆਉਂਦੈ। ਜਦੋਂ ਡਾ. ਜਗਤਾਰ ਕੇਂਦਰੀ ਲੇਖਕ ਸਭਾ ਦਾ ਪ੍ਰਧਾਨ ਸੀ ਤਾਂ ਉਸ ਦੇ ਕਾਰਜ ਕਾਲ ਬਾਰੇ ਲਿਖੀ ਰਿਪਰੋਟ ਉਤੇ ਬਹਿਸ ਚੱਲ ਰਹੀ ਸੀ। ਮੈਂ ਕੁਝ ਇਤਰਾਜ਼ ਉਠਾਏ, ਜਿਸ ਤੋਂ ਤੈਸ਼ ਵਿਚ ਆ ਕੇ ਉਸ ਨੇ ਮਿਹਣਾ ਮਾਰਿਆ। ‘ਤੇਰਾ ਭਰਾ ਤਾਂ ਬਿਮਾਰੀ ਨਾਲ ਹੀ ਮਰ ਗਿਆ।` ਇਹ ਗੱਲ ਇਥੇ ਕਹਿਣ ਵਾਲੀ ਨਹੀਂ ਸੀ। ਉਸ ਨੂੰ ਸਾਰੀ ਸਥਿਤੀ ਦਾ ਪਤਾ ਨਹੀਂ ਸੀ। ਮੇਰਾ ਭਰਾ ਸਖ਼ਤ ਬਿਮਾਰ ਪੈ ਗਿਆ ਸੀ, ਬਥੇਰਾ ਇਲਾਜ ਕਰਾਇਆ ਪਰ ਬਚ ਨਾ ਸਕਿਆ। ਇਹਦੇ ਵਿਚ ਕੀਹਦਾ ਕੋਈ ਵਸ ਚਲਦੈ। ਇਹ ਗੱਲ ਸੁਣ ਕੇ ਮੈਂ ਵੀ ਤੈਸ਼ `ਚ ਆ ਗਿਆ। ਮੈਂ ਉਠ ਕੇ ਆਖਿਆ, ‘ਮੇਰਾ ਤਾਂ ਬਿਮਾਰੀ ਨਾਲ ਮਰਿਆ ਪਰ ਤੇਰਾ ਭਰਾ ਤਾਂ ਕਤਲ ਹੋ ਗਿਆ।` ਉਹਨੂੰ ਕੋਈ ਗੱਲ ਨਾ ਔਹੜੀ, ਚੁੱਪ ਕਰ ਕੇ ਬਹਿ ਗਿਆ। ਸਭਾ ਦੀ ਮੀਟਿੰਗ ਦਾ ਇਨ੍ਹਾਂ ਗੱਲਾਂ ਨਾਲ ਕੋਈ ਤੁਅੱਲਕ ਨਹੀਂ ਸੀ।
ਹੁਣ :ਕੀ ਇਹ ਹੇਠਲੇ ਪੱਧਰ ਦੀਆਂ ਗੱਲਾਂ ਨਹੀਂ ਸਨ? ਕੀ ਤੁਹਾਨੂੰ ਇਨ੍ਹਾਂ ਗੱਲਾਂ `ਤੇ ਅਫ਼ਸੋਸ ਨਹੀਂ ਹੋਇਆ?
ਹੁੰਦਲ : ਨਹੀਂ! ਉਹਨੇ ਮਿਹਣਾ ਮਾਰਿਆ ਤੇ ਉਹਦਾ ਜਵਾਬ ਦੇਣ ਤਾਂ ਜ਼ਰੂਰੀ ਸੀ। ਅਫ਼ਸੋਸ ਕਾਹਦਾ?
ਹੁਣ : ‘ਸਿਰਜਣਾ` ਤਿਮਾਹੀ ਦੀ ਪ੍ਰਕਾਸ਼ਨਾ ਦੇ ਆਰੰਭ ਤੋਂ ਹੀ ਤੁਸੀਂ ਉਸ ਪਤ੍ਰਿਕਾ ਨਾਲ ਪੁੂਰੀ ਤਰ੍ਹਾਂ ਸਬੰਧਤ ਰਹੇ ਹੋ। ‘ਚਿਰਾਗ਼` ਦੇ ਸ਼ੁਰੂ ਹੋਣ ਨਾਲ ਕੀ ਤੁਹਾਡੇ ਰਘਬੀਰ ਸਿਰਜਣਾ ਨਾਲ ਸਬੰਧਾਂ ਵਿਚ ਫਿੱਕ ਨਹੀਂ ਸੀ ਪਈ?
ਹੁੰਦਲ : ਦੇਖੋ ਭਾਈ, ਰਘਬੀਰ ਸਿੰਘ ਮੇਰਾ ਗੂੜ੍ਹਾ ਮਿੱਤਰ ਐ ਤੇ ਮਿੱਤਰਾਂ ਵਿਚਾਲੇ ਮਨ-ਮੁਟਾਅ ਅਕਸਰ ਹੋ ਈ ਜਾਂਦੈ। ਅੱਜ ਵੀ ਮੇਰੇ ਤੇ ਉਸ ਦੇ ਸਬੰਧ ਨੇੜਲੇ ਮਿੱਤਰਾਂ ਵਾਲੇ ਈ ਨੇ। ਹਾਂ, ‘ਚਿਰਾਗ਼` ਦੇ ਪ੍ਰਕਾਸ਼ਨ ਨਾਲ ਕੁਝ ਸਮਾਂ ਅਸੀਂ ਇਕ ਦੂਜੇ ਤੋਂ ਕੁਝ ਵਿਥ ਬਣਾ ਲਈ ਸੀ। ਜ਼ਾਹਰ ਐ ਕੁਝ ਗ਼ਲਤ-ਫ਼ਹਿਮੀਆਂ ਪੈਦਾ ਹੋਣੀਆਂ ਈ ਸਨ। ਉਂਜ ਵੀ ਬੁਢਾਪੇ ਕਾਰਨ ਅਤੇ ਰਘਬੀਰ ਦੇ ਵਧੇਰੇ ਸਮਾਂ ਕਨੇਡਾ ਰਹਿਣ ਕਾਰਨ, ਪਹਿਲਾਂ ਵਾਲਾ ਆਪਸੀ ਮੇਲ-ਮਿਲਾਪ ਵੀ ਤਾਂ ਨਹੀਂ ਰਿਹਾ। ਓਤਰਾਂ ‘ਚਿਰਾਗ਼` ਦੀ ਪ੍ਰਕਾਸ਼ਨਾ ਕਾਰਨ ਉਹ ਨਾਰਾਜ਼ ਸੀ। ਅਸਲ `ਚ ਇਹ ਪਰਚਾ ਪ੍ਰਗਤੀਵਾਦੀ ਸਮਝ ਨੂੰ ਲੈ ਕੇ ਚਾਲੂ ਕੀਤਾ ਗਿਆ ਸੀ ਤੇ ਦੋਸਤਾਂ ਨੇ ਮੈਨੂੰ ਉਸ ਦਾ ਸੰਪਾਦਕ ਬਣਾ ਧਰਿਆ। ਨਾਰਾਜ਼ਗੀ ਦਾ ਬੱਸ ਇਹੋ ਕਾਰਨ ਸੀ। ਰਘਬੀਰ ਸਿੰਘ ਮੇਰੇ ਛੋਟੇ ਲੜਕੇ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਚੰਡੀਗੜ੍ਹ ਤੋਂ ਉਚੇਚੇ ਤੌਰ `ਤੇ ਪਹੁੰਚਿਆ ਸੀ। ਇਸ ਉਮਰ ਵਿਚ ਉਂਜ ਵੀ ਨਾਰਾਜ਼ ਹੋਣਾ ਸ਼ੋਭਾ ਨਹੀਂ ਦਿੰਦਾ। ਮੈਂ ਪਹਿਲੋਂ ਵੀ ਆਖਿਆ ਹੈ ਕਿ ਉਮਰ ਦੇ ਨਾਲ-ਨਾਲ ਸਮਝ ਤੇ ਸੁਭਾਅ ਵਿਚ ਤਬਦੀਲੀ ਆਉਣੀ ਲਾਜ਼ਮੀ ਹੁੰਦੀ ਐ। ਸੋ, ਅਸੀਂ ਵੀ ਗਿਲੇ-ਸ਼ਿਕਵੇ ਮਿਟਾ ਦਿੱਤੇ ਨੇ।
ਹੁਣ : ਅਵਤਾਰ ਜੰਡਿਆਲਵੀ ਤੁਹਾਡਾ ਮਿੱਤਰ ਸੀ। ਉਸ ਨਾਲ ਤੁਹਾਡੀ ਮਿੱਤਰਤਾ ਦਾ ਆਧਾਰ ਸਿਆਸੀ ਸਮਝ ਸੀ ਜਾਂ ਨਿਰੋਲ ਸਾਹਿਤਕ ਤੇ ਨਿੱਜੀ?
ਹੁੰਦਲ : ਮੈਂ ਪਹਿਲੋਂ ਦੱਸਿਐ ਕਿ ਅਵਤਾਰ ਤੇ ਸੁਰਿੰਦਰ ਗਿੱਲ ਨਾਲ ਮੇਰੀ ਆੜੀ 1957-58 ਵਿਚ ਰਾਮਗੜ੍ਹੀਆ ਟਰੇਨਿੰਗ ਕਾਲਜ ਵਿਚ ਬੀ.ਟੀ. ਕਰਦਿਆਂ ਪਈ ਸੀ। ਅਸੀਂ ਤਿੰਨੇ ਜਣੇ ਉਨ੍ਹਾਂ ਦਿਨਾਂ ਵਿਚ ਨਵਾਂ-ਨਵਾਂ ਲਿਖਣ ਲੱਗੇ ਸੀ। ਉਦੋਂ ਵਿਚਾਰਧਾਰਾ ਦਾ ਅਜੇ ਕੋਈ ਦਖ਼ਲ ਨਹੀਂ ਸੀ। ਜਦੋਂ ਅਸੀਂ ਕੋਈ ਕਵਿਤਾ ਲਿਖਣੀ ਤਾਂ ਚਾਅ ਚੜ੍ਹ ਜਾਣਾ ਤੇ ਉਦੋਂ ਤਕ ਮਚਲਦੇ ਰਹਿਣਾ, ਜਦੋਂ ਤਕ ਇਕ-ਦੂਏ ਨੂੰ ਕਵਿਤਾ ਸੁਣਾ ਨਾ ਲੈਂਦੇ। ਬੜਾ ਨਰਮ ਸੁਭਾਅ ਸੀ ਉਹਦਾ, ਕਦੇ ਤੂੰ-ਤੂੰ, ਮੈਂ-ਮੈਂ ਨਹੀਂ ਸੀ ਹੁੰਦੀ। ਬਾਅਦ ਵਿਚ ਉਹ ਇੰਗਲੈਂਡ ਚਲਾ ਗਿਆ ਤੇ ਕਦੇ ਕਦੇ ਜਦੋਂ ਭਾਰਤ ਆਉਂਦਾ ਤਾਂ ਮਿਲਦਾ ਰਹਿੰਦਾ। ਫਿਰ ਸਾਡੇ ਵਿਚਾਰਾਂ ਵਿਚ ਵੀ ਬੜਾ ਫ਼ਰਕ ਪੈ ਗਿਆ, ਪਰ ਸੰਪਰਕ ਫੇਰ ਵੀ ਬਣਿਆ ਰਿਹਾ। ਮੈਨੂੰ ਉਸ ਦੀ ਮੌਤ `ਤੇ ਦੁੱਖ ਹੋਇਆ। ਉਹ ਪ੍ਰਤਿਭਾਵਾਨ ਕਵੀ ਸੀ ਪਰ ਮੈਨੂੰ ਲਗਦੈ ਉਹ ਗ਼ੈਰ-ਸਾਹਿਤਕ ਰੁਝੇਵਿਆਂ ਵਿਚ ਲੱਗ ਪਿਆ ਸੀ, ਤਾਹਿਓਂ ਸਿਰਜਣ ਸ਼ਕਤੀ ਗੁਆ ਬੈਠਾ। ਇਹ ਉਹਦੀਆਂ ਮਜਬੂਰੀਆਂ ਕਹਿ ਲਓ। ਮੈਂ ਉਚੇਚ ਕਰ ਕੇ ਕਦੇ ਜਾਣਨ ਦੀ ਕੋਸ਼ਿਸ਼ ਵੀ ਨਹੀਂ ਕੀਤੀ। ‘ਹੁਣ` ਦੇ 23ਵੇਂ ਅੰਕ `ਚ ਮੈਂ ਉਹਦੀ ਜ਼ਿੰਦਗੀ ਬਾਰੇ ਪੜ੍ਹਿਆ ਤਾਂ ਉਹਦੇ ਹਾਲਾਤ `ਤੇ ਮਨ ਭਰ ਆਇਆ। ਉਹਦੇ ਜਾਣ ਮਗਰੋਂ ਅਫ਼ਸੋਸ ਹੋਇਆ ਕਿ ਜਿਉਂਦੇ-ਜੀਅ ਅਸੀਂ ਸਮਝ ਈ ਨਹੀਂ ਸਕੇ। ਜਦੋਂ ਦੋਸਤਾਂ ਦੇ ਕਾਫ਼ਲੇ ਲੰਘ ਜਾਂਦੇ ਨੇ ਤਾਂ ਅਸੀਂ ਉਨ੍ਹਾਂ ਦੇ ਕਦਮਾਂ ਦੇ ਨਿਸ਼ਾਨ ਮਿੱਟੀ `ਚੋਂ ਫ਼ਰੋਲਦੇ ਫਿਰਦੇ ਆਂ।
ਹੁਣ : ਸੁਰਿੰਦਰ ਗਿੱਲ ਨਾਲ ਕਵਿਤਾ ਵਿਚ ਮਿਹਣੋ-ਮਿਹਣੀ ਹੋਣ ਦਾ ਆਧਾਰ ਕੀ ਸੀ?
ਹੁੰਦਲ : ਤੁਹਾਡਾ ਮਤਲਬ ਐ, ਬਈ ਸਾਰੇ ਮਿੱਤਰਾਂ ਨਾਲ ਮੇਰੀ ਖੜਕੀ ਰਹਿੰਦੀ ਸੀ। ਬੜੀਆਂ ਤਿੱਖੀਆਂ ਚੋਭਾਂ ਮਾਰਨ ਲੱਗੇ ਓ? ਚੱਲੋਂ, ਸੁਰਿੰਦਰ ਨਾਲ ਵੀ ਕਿੱਸਾ ਸੁਣ ਈ ਲਓ। ਸੁਰਿੰਦਰ ਨਾਲ ਮੇਰਾ ਕੋਈ ਝਗੜਾ ਨਹੀਂ, ਮੇਰਾ ਗੂੁੜ੍ਹਾ ਯਾਰ ਰਿਹੈ, `ਕੱਠਿਆਂ ਅਸੀਂ ਚੰਗਾ ਸਮਾਂ ਲੰਘਾਇਆ। ਪਰ ਜਵਾਨੀ ਵਿਚ ਉਹ ਗੰਭੀਰ ਰੋਗ ਦਾ ਸ਼ਿਕਾਰ ਹੋ ਗਿਆ ਤੇ ਉਹਦੀ ਯਾਦ-ਸ਼ਕਤੀ ਜਾਂਦੀ ਲੱਗੀ। ਇਹਦਾ ਉਹਦੀ ਲਿਖਣ-ਸਿਰਜਣਾ `ਤੇ ਵੀ ਬਹੁਤ ਅਸਰ ਪਿਆ। ਹੌਲੀ-ਹੌਲੀ ਉਸ ਦੀ ਕਵਿਤਾ ਦੇ ਸੋਮੇ ਸੁਕਦੇ ਚਲੇ ਗਏ। ਬੇਬਸੀ ਦੀ ਹਾਲਤ ਵਿਚ ਉਸ ਨੂੰ ਪ੍ਰਤੀਤ ਹੁੰਦਾ, ਜਿਵੇਂ ਸਾਰੇ ਮਿੱਤਰ ਉਸ ਤੋਂ ਦੂਰ ਚਲੇ ਗਏ ਨੇ। ਬਸ ਉਹ ਪੁਰਾਣੇ ਮਿੱਤਰਾਂ ਦੀ ਕਲਪਤ ਬੇਰੁਖ਼ੀ ਬਾਰੇ ਕਵਿਤਾਵਾਂ ਲਿਖਣ ਲੱਗਾ। ਮੇਰੇ ਬਾਰੇ ਵੀ ਉਸ ਨੇ ਇਕ ਕਵਿਤਾ ਲਿਖੀ। ਮੇਜਰ ਪਿਆਰਾ ਸਿੰਘ ਨੇ ਮੈਨੂੰ ਦੱਸਿਆ ਕਿ ਉਹ ਕਵਿਤਾ ਤੇਰੇ ਬਾਰੇ ਐ। ਉਦੋਂ ਸੁਰਿੰਦਰ ਕਪੂਰਥਲੇ ਹੁੰਦਾ ਸੀ। ਮੈਂ ਉਸ ਦੇ ਘਰ ਜਾ ਕੇ ਪੁੱਛਿਆ ਕਿ ਤੈਨੂੰ ਮੇਰੇ ਬਾਰੇ ਸ਼ਿਕਾਇਤ ਕੀ ਹੈ? ਕਹਿਣ ਲੱਗਾ, ‘‘ਤੇਰੀਆਂ ਕਿਤਾਬਾਂ ਅਕਸਰ ਹੀ ਛਪਦੀਆਂ ਰਹਿੰਦੀਐਂ, ਪਰ ਤੂੰ ਉਹ ਮੈਨੂੰ ਭੇਟ ਨਹੀਂ ਕਰਦਾ।“ਗੱਲ ਆਈ ਗਈ ਹੋ ਗਈ। ਫਿਰ ਕੁਝ ਸਾਲਾਂ ਬਾਅਦ ਉਸ ਨੇ ਦੋ ਚਾਰ ਹੋਰ ਕਵਿਤਾਵਾਂ ਲਿਖੀਆਂ ਤੇ ਉਹ ‘ਸਿਰਜਣਾ` ਵਿਚ ਛਪੀਆਂ। ਮਿੱਤਰਾਂ ਮੈਨੂੰ ਇਸ ਬਾਰੇ ਪੁੱਛਣਾ। ਇਕ ਕਵਿਤਾ ਉਸ ਨੇ ‘ਚਿਰਾਗ਼` ਦੇ ਮੇਰੇ ਸੰਪਾਦਕ ਬਣਨ `ਤੇ ਵਿਅੰਗ ਵਜੋਂ ਵੀ ਲਿਖੀ। ਮੈਨੂੰ ਦੁੱਖ ਹੋਇਆ। ਇਹ 2002 ਦੀ ਗੱਲ ਐ। ਮੈਂ ਉੁਸ ਨੂੰ ਤਿੰਨ-ਚਾਰ ਲੰਬੀਆਂ ਚਿੱਠੀਆਂ ਲਿਖੀਆਂ ਪਰ ਮੈਨੂੰ ਕੋਈ ਜਵਾਬ ਨਾ ਆਇਆ। ਮੈਂ ਵੀ ਕੁਝ ਕਵਿਤਾਵਾਂ ਲਿਖੀਆਂ ਪਰ ਮੇਰੀ ਤਸੱਲੀ ਨਾ ਹੋਈ, ਏਸੇ ਮਾਨਸਿਕ ਕਸ਼ਮਕਸ਼ ਵਿਚੋਂ ‘ਦੋਸਤੀਨਾਮਾ` (2005) ਦੀ ਲੰਮੀ ਕਵਿਤਾ ਦਾ ਜਨਮ ਹੋਇਆ।ਤੇਰੀ ਕਲਮ ਨੇ ਬੁਰਜ ਨਹੀਂ ਕੋਈ ਢਾਹੇ,ਘੱਟਾ ਜ਼ਰਾ ਉਡਾਇਆ, ਤਾਂ ਕੀ ਹੋਇਆ।ਫੋਕੇ ਫਾਇਰ ਵਿਗਾੜਦੇ ਦੱਸ ਕੀਹਦਾ ਪੰਛੀ ਸੁੱਤਾ ਜਗਾਇਆ, ਤਾਂ ਕੀ ਹੋਇਆ।ਕਵਿਤਾ ਬੋਲਦੀ, ਜ਼ਹਿਰ ਦਾ ਦੇ ਛੱਟਾਪਰਦੇ ਪਾ ਲੁਕਾਇਆ, ਤਾਂ ਕੀ ਹੋਇਆ।ਸੁੱਚੇ ਸੁਖ਼ਨ ਨੂੰ ਲੋਕ-ਪਛਾਣਦੇ ਨੇਤੈਨੂੰ ਨਹੀਂ ਸੁਖਾਇਆ, ਤਾਂ ਕੀ ਹੋਇਆ।ਏਤਰਾਂ ਇਹ ਸੱਠ ਪੈਂਹਠ ਸਫ਼ੇ ਦੀ ਲੰਮੀ ਕਵਿਤਾ ਬਣ ਗਈ। ਉਸ ਪਿਛੋਂ ਸਾਡੀ ਦੋਸਤੀ ਤਾਂ ਖ਼ਤਮ ਨਹੀਂ ਹੋਈ ਪਰ ਪਹਿਲਾਂ ਵਾਲੀ ਗੱਲ ਵੀ ਨਾ ਰਹੀ। ਓਤਰਾਂ ਵੀ ਹੁਣ ਚੰਡੀਗੜ੍ਹ ਮੇਰੇ ਲਈ ਦੂਰ ਹੋ ਗਿਐ, ਬੁਢਾਪੇ ਕਾਰਨ। ਭਾਈ… ਕਈ ਵੇਰਾਂ ਰਾਹ ਵੀ ਬੁਢੇ ਹੋ ਜਾਂਦੇ ਆ, ਬਸ ਰਿਸ਼ਤੇ ਜਵਾਨ ਹੁੰਦੇ ਜਾਂਦੇ ਆ।
ਹੁਣ : ਕੁਝ ਹੋਰਨਾਂ ਮਿੱਤਰਾਂ ਬਾਰੇ ਕੋਈ ਗੱਲ?
ਹੁੰਦਲ : ਮਿੱਤਰ ਤਾਂ ਬਹੁਤ ਸੀ ਪਰ ਸਾਰੇ ਸਦਾ ਨਾਲ ਤਾਂ ਨਹੀਂ ਰਹਿੰਦੇ ਨਾ। ਜਿਹੜੇ ਨੇੜਲੇ ਸੀ, ਉਹ ਅਪਣੀ-ਅਪਣੀ ਦੁਨੀਆ ਵਸਾਉਣ ਵਿਚ ਉਲਝ ਗਏ, ਰੋਟੀ-ਰੋਜ਼ੀ ਖ਼ਾਤਰ ਵਿਦੇਸ਼ੀ ਹੋ ਗਏ। ਏਤਰਾਂ ਈ ਜਲੰਧਰ ਰਹਿੰਦੇ ਕੁਝ ਮਿੱਤਰ ਤਰੱਕੀ ਕਰਦੇ-ਕਰਦੇ ਚੰਡੀਗੜ੍ਹੀਏ ਹੋਗੇ। ਪਿਛੇ `ਕੱਲਾ ਸੁਹੇਲ ਸਿੰਘ, ਲੋਕ-ਲਹਿਰ ਵਾਲਾ ਰਹਿ ਗਿਆ। ਪਾਰਟੀ ਹੈੱਡ-ਕਵਾਟਰ ਵੀ ਚੰਡੀਗੜ੍ਹ ਤਬਦੀਲ ਹੋ ਗਿਆ। ਐਨ.ਕੇ. ਜੋਸ਼ੀ, ਨੇਤਾ ਜੀ ਹਰਦਿਆਲ ਵੀ ਤੁਰ ਗਏ। ਕੁਝ ਸਾਲਾਂ ਬਾਅਦ ਸੁਹੇਲ ਵੀ ਚੱਲ ਵਸਿਆ। ਮੇਰੇ ਲਈ ਜਲੰਧਰ ਉਜਾੜ ਹੋ ਗਿਆ। ਬੁਢਾਪਾ ਉਤਰਨ ਲੱਗਾ। ਚਿੱਤ ਉਦਾਸ ਰਹਿਣ ਲੱਗਾ। ਏਤਰਾਂ ਤਾਂ ਗੱਲ ਬਣਨੀ ਨਹੀਂ ਸੀ, ਜੀਅ ਤਾਂ ਲਾਉਣਾ ਈ ਪੈਣਾ ਸੀ। ਰੁਝੇਵਾਂ ਜ਼ਰੂਰੀ ਸੀ ਸੋ ਮੈਂ ਗੌਰਮਿੰਟ ਟੀਚਰ ਯੂਨੀਅਨ ਦੀਆਂ ਸਰਗਰਮੀਆਂ ਦੀ ਥਾਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਕੰਮਾਂ ਵਿਚ ਰੁੱਝ ਗਿਆ। ਤੈਨੂੰ ਪਤੈ ਈ ਐ, ਪਿਛਲੀ ਉਮਰੇ ਨਵੇਂ ਦੋਸਤ ਬਣਨੇ ਮੁਸ਼ਕਲ ਹੁੰਦੇ ਆ। ਮੇਰੀ ਹਾਲਤ ਇੰਜ ਸੀ…ਲੋਕ ਪੁੱਛਦੇ ਸ਼ਹਿਰ ਕੀ ਕਰਨ ਜਾਂਦੇ,ਕਿਹੜਾ ਕੰਮ ਉਥੇ ਜਾ ਕੇ ਕਰੀਦਾ ਸੀ।ਅਸੀਂ ਉਨ੍ਹਾਂ ਨੂੰ ਦੱਸਦੇ ਕੀ ਮੂੰਹੋਂ,ਕਾਹਦੇ ਲਈ ਇਹ ਕਸ਼ਟ ਸਭ ਜਰੀਦਾ ਸੀ।‘ਲੋਕ ਲਹਿਰ` ਅਸਾਡੇ ਲਈ ਜਿਵੇਂ ਮੱਕਾ ਥੱਕੇ ਹੋਏ ਵੀ ਪੌੜੀਆਂ ਚੜ੍ਹੀਦਾ ਸੀ।ਸਾਰੇ ਫ਼ਿਕਰ ਜਹਾਨ ਦੇ ਜਾਣ ਧੋਤੇਝੋਲਾ ਮੇਜ `ਤੇ ਜਦੋਂ ਜਾ ਧਰੀਦਾ ਸੀ।
ਹੁਣ : ਕੀ ਦੋਸਤਾਂ ਨਾਲ ਟਕਰਾਅ ਦਾ ਕਾਰਨ ਤੁਹਾਡਾ ਖਰ੍ਹਵਾ ਜਾਂ ਰੁੱਖਾ ਸੁਭਾਅ ਤਾਂ ਨਹੀਂ?
ਹੁੰਦਲ : ਟਕਰਾਅ ਤਾਂ ਸੁਸ਼ੀਲ ਕਿਤੇ ਨਾ ਕਿਤੇ ਦੋਸਤੀ ਵਿਚ ਆ ਈ ਜਾਂਦੈ ਪਰ ਇਹਦਾ ਮਤਲਬ ਇਹ ਨਹੀਂ ਕਿ ਦੋਸਤ ਭੁਲਾ ਦਿਓ। ਰਘਰਬੀਰ ‘ਸਿਰਜਣਾ` ਤੇ ਸੁਰਿੰਦਰ ਗਿੱਲ ਨਾਲ ਕਿਹੜਾ ਦੁਸ਼ਮਣੀ ਤੀਕ ਗਏ ਸਾਂ, ਇਹ ਤਾਂ ਥੋੜ੍ਹੇ ਚਿਰ ਦਾ ਵਲਵਲਾ ਈ ਸੀ। ਇਨ੍ਹਾਂ ਦੋਵਾਂ ਮਿੱਤਰਾਂ ਦੀ ਵਕਤੀ ਨਾਰਾਜ਼ਗੀ ਵਿਚ ਕੀ ਮੇਰਾ ਕੋਈ ਕਸੂਰ ਦਿਸਦੈ? ਅਪਣੇ ਸੁਭਾਅ ਬਾਰੇ ਮੈਂ ਖ਼ੁਦ ਕੋਈ ਨਿਰਣਾ ਨਹੀਂ ਕਰ ਸਕਦਾ। ਸ਼ਾਇਦ ਮੈਂ ਕੁਝ ਕੋਰਾ ਜਾਂ ਮੂੰਹ-ਫੁੱਟ ਹੋਵਾਂ। ਜਾਂ ਸ਼ਾਇਦ ਲੁਕ-ਲੁਕਾਅ ਨਾ ਰੱਖਣ ਵਾਲਾ, ਜਜ਼ਬਾਤੀ ਹੋਵਾਂ। ਗ਼ਲਤ ਗੱਲ ਨੂੰ ਨਾ ਜਰਨ ਵਾਲਾ ਹੋਵਾਂ। ਕਈ ਸੰਭਾਵਨਾਵਾਂ ਹੋ ਸਕਦੀਆਂ ਨੇ ਪਰ ਮੈਂ ਮਿੱਤਰਾਂ ਨੂੰ ਥੋੜ੍ਹੀ ਕੀਤੇ ਨਾਰਾਜ਼ ਨਹੀਂ ਕਰਦਾ। ਸੁਹੇਲ, ਨੇਤਾ ਜੀ, ਮੇਜਰ ਪਿਆਰਾ ਸਿੰਘ ਆਦਿ ਮਿੱਤਰਾਂ ਨਾਲ ਮੇਰੀ ਦੇਰ ਤੀਕ ਦੋਸਤੀ ਨਿਭੀ ਐ। ਫੇਰ ਵੀ ਮੈਂ ਆਤਮ-ਚੀਨਣ ਦੇ ਸਮਰੱਥ ਨਹੀਂ ਆਂ। ਕਿਸੇ ਦੋਸਤ ਨਾਲ ਮੈਂ ਧੋਖਾ ਨਹੀਂ ਕੀਤਾ, ਠੱਗੀ ਨਹੀਂ ਮਾਰੀ, ਦਗਾ ਨਹੀਂ ਕੀਤਾ। ਫਿਰ ਵੀ ਬੰਦਾ ਭੁੱਲਣਹਾਰ ਹੁੰਦੈ। ਇਸ ਬਾਰੇ ਦੂਸਰੇ ਦੋਸਤ ਹੀ ਬਿਹਤਰ ਦੱਸ ਸਕਦੇ ਨੇ। ਅਕਸਰ ਵਿਚਾਰਾਂ ਦੇ ਮੇਲ ਨਾਲ ਈ ਦੋਸਤ ਬਣਦੇ ਨੇ ਤੇ ਵਿਚਾਰਾਂ ਕਾਰਨ ਈ ਦੋਸਤੀਆਂ ਟੁੱਟਦੀਆਂ ਨੇ।
ਹੁਣ : ਇਕ ਸਮਾਂ ਸੀ ਜਦੋਂ ਸ਼ਿਵ ਕੁਮਾਰ ਅਤੇ ਅਵਤਾਰ ਪਾਸ਼ ਦੀ ਪੰਜਾਬੀ ਕਵਿਤਾ ਵਿਚ ਤੂਤੀ ਬੋਲਦੀ ਸੀ, ਇਨ੍ਹਾਂ ਦੋਵਾਂ ਸ਼ਾਇਰਾਂ ਬਾਰੇ ਉਦੋਂ ਤੁਸੀਂ ਕੀ ਸੋਚਦੇ ਸੀ ਤੇ ਹੁਣ ਤੁਹਾਡੀ ਕੀ ਰਾਏ ਹੈ?
ਹੁੰਦਲ : ਦੇਖੋ, ਜਿਹੜਾ ਸ਼ਿਵ ਕੁਮਾਰ ਸੀ ਉਹ ਬਹੁਤ ਸੰਗੀਤਕ ਸੀ, ਪਿੰਡ ਵਿਚੋਂ ਉਠਿਆ ਹੋਣ ਕਰ ਕੇ ਉਹਦੀ ਕਵਿਤਾ ਵਿਚ ਪੇਂਡੂ ਬਿੰਬਾਵਲੀ ਹਰ ਇਕ ਨੂੰ ਪ੍ਰਭਾਵਿਤ ਕਰਦੀ ਐ। ਪਰ ਉਹ ਇਕ ਵਖਰੀ ਤਰ੍ਹਾਂ ਦਾ ਰੁਮਾਂਟਿਕ ਸ਼ਾਇਰ ਸੀ, ਜਿਹੜਾ ਚੜ੍ਹਦੀ ਉਮਰ ਦੇ ਕਾਲਜੀਏਟ ਮੁੰਡੇ ਕੁੜੀਆਂ ਨੂੰ ਜ਼ਿਆਦਾ ਪ੍ਰਭਾਵਿਤ ਕਰਦਾ ਸੀ, ਮੇਰੇ `ਤੇ ਉਹਦਾ ਕੋਈ ਪ੍ਰਭਾਵ ਨਹੀਂ ਸੀ। ਜਿਥੋਂ ਤਕ ਪਾਸ਼ ਦੀ ਗੱਲ ਹੈ, ਉਹ ਇਕ ਵਖਰੀ ਰਾਜਨੀਤਕ ਲਾਈਨ ਦਾ ਕਵੀ ਸੀ। ਹਥਿਆਰਬੰਦ ਇਨਕਲਾਬ ਦੀ ਲਾਈਨ। ਉਹਦੇ ਮੈਂ ਵਿਰੋਧ ਵਿਚ ਖਲੋਤਾ ਤੇ ਰਚਨਾ ਕੀਤੀ। ਵਕਤ ਬੀਤਣ ਨਾਲ ਜਦ ਇਹ ਗੱਲਾਂ ਇਤਿਹਾਸ ਦਾ ਹਿੱਸਾ ਬਣ ਜਾਂਦੀਆਂ ਹਨ ਤਾਂ ਇਨ੍ਹਾਂ ਦਾ ਪਹਿਲਾਂ ਵਰਗਾ ਵਿਰੋਧ ਨਹੀਂ ਰਹਿੰਦਾ।
ਹੁਣ : ਪਾਸ਼ ਨਾਲ ਵਿਚਾਰਧਾਰਕ ਵਿਰੋਧ ਦੇ ਚਲਦਿਆਂ ਤੁਹਾਡੀ ਸਾਂਝ ਕੋਈ ਨਹੀਂ ਸੀ, ਫਿਰ ਤੁਸੀਂ ਪਾਸ਼ ਯਾਦਗਾਰੀ ਟਰੱਸਟ ਵਲੋਂ ਦਿੱਤਾ ਜਾਂਦਾ ਐਵਾਰਡ ਹਾਸਲ ਕਿਉਂ ਕੀਤਾ?
ਹੁੰਦਲ : ਮੈਨੂੰ ਕੋਈ ਐਵਾਰਡ ਉਨ੍ਹਾਂ ਨਹੀਂ ਦਿੱਤਾ। ਹਾਂ, ਬਦਲਦੇ ਪ੍ਰਸੰਗਾਂ ਵਿਚ ਅਤਿਵਾਦ ਦੇ ਸਿਖ਼ਰ ਵੇਲੇ ਉਹ ਮੈਨੂੰ ਸਮਾਗਮਾਂ ਵਿਚ ਸੱਦਦੇ ਰਹੇ ਨੇ ਤੇ ਮੈਂ ਉਥੇ ਜਾਂਦਾ ਰਿਹਾਂ। ਇਹਦੇ ਵਿਚ ਕੋਈ ਮਾੜੀ ਗੱਲ ਵੀ ਨਹੀਂ। ਜਿਵੇਂ ਮੈਂ ਪਹਿਲਾਂ ਹੀ ਕਿਹਾ ਕਿ ਵਕਤ ਬਦਲਣ ਦੇ ਨਾਲ ਵਿਰੋਧਤਾਈ ਤਾਂ ਭਾਵੇਂ ਰਹਿੰਦੀ ਹੈ ਪਰ ਪਹਿਲਾਂ ਵਾਲੀ ਕੁੜੱਤਣ ਨਹੀਂ ਰਹਿੰਦੀ।
ਹੁਣ : ਸੁਣਿਐ ਹਰਭਜਨ ਸਿੰਘ ਹੁੰਦਲ ਦੀ ਥਾਂ ਜੇ ਕਿਸੇ ਪਰਚੇ ਵਿਚ ਸਿਰਫ਼ ਹਰਭਜਨ ਹੁੰਦਲ ਛੱਪ ਜਾਵੇ ਤੁਹਾਨੂੰ ਬੁਰਾ ਲੱਗਦੈ? ਇਹ ਕਾਹਦਾ ਮੋਹ?
ਹੁੰਦਲ : ਨਹੀਂ, ਨਹੀਂ ਇਵੇਂ ਨਹੀਂ ਐ। ਉਂਝ ਮੈਂ ਹਮੇਸ਼ਾ ਪੂਰਾ ਨਾਂਅ ਲਿਖਦਾ ਰਿਹਾਂ। ਕੋਈ ਮੇਰਾ ਪੂਰਾ ਨਾਂ ਲਿਖ ਦਿੰਦੈ ਤੇ ਕੋਈ ਹਰਭਜਨ ਹੁੰਦਲ ਵੀ, ਹੋ ਸਕਦੈ ਅਗਲੇ ਨੂੰ ਏਤਰਾਂ ਬੋਲਣਾ ਸੌਖਾ ਲਗਦਾ ਹੋਵੇ। ਓਤਰਾਂ ‘ਸਿੰਘ` ਨਾ ਲਿਖਣ `ਤੇ ਮੈਨੂੰ ਕਦੇ ਬੁਰਾ ਵੀ ਨਹੀਂ ਲਗਿਆ। ਕਈ ਵੇਰਾਂ ਲਿਖਣ ਵਾਲੇ ਤੋਂ ਗ਼ਲਤੀ ਵੀ ਹੋ ਹੀ ਜਾਂਦੀ ਐ। ਉਂਜ ਮੈਨੂੰ ਅਪਣਾ ਪੂਰਾ ਨਾਂ ਹੀ ਚੰਗਾ ਲਗਦੈ ਜੋ ਮਾਪਿਆਂ ਨੇ ਰੱਖਿਆ।
ਵਰਜਿਤ ਨਹੀਂ ਪ੍ਰਯੋਗ
ਹੁਣ : ਪ੍ਰਯੋਗਵਾਦੀ ਸਾਹਿਤਕ ਰੁਝਾਨ ਦੇ ਕਿਹੜੇ ਨੁਕਤੇ ਦਾ ਤੁਸੀਂ ਸਮਰਥਨ ਕੀਤਾ ਤੇ ਕਿਹੜੇ ਦਾ ਵਿਰੋਧ?
ਹੁੰਦਲ : ਮੇਰੇ ਕਾਵਿ-ਸਫ਼ਰ ਦੇ ਅਰੰਭ ਦੇ ਸਾਲਾਂ ਵਿਚ ਪ੍ਰਯੋਗਾਂ ਦਾ ਆਮ ਚਰਚਾ ਹੋ ਰਿਹਾ ਸੀ। ਪ੍ਰਗਤੀਸ਼ੀਲ ਲੇਖਕਾਂ ਲਈ ਸਾਹਿਤ ਤੇ ਕਲਾ ਦੇ ਖੇਤਰ ਵਿਚ ਨਵੇਂ ਪ੍ਰਯੋਗ ਵਰਜਿਤ ਨਹੀਂ। ਅਸਲ ਸਵਾਲ ਤਾਂ ਸਾਰਥਕ ਪ੍ਰਯੋਗ ਕਰਨ ਦਾ ਸੀ। ਗੱਲ ਜਨ-ਜੀਵਨ ਦੇ ਸੰਕਟਾਂ ਦੀ ਹੋਵੇ ਪਰ ਹੋਵੇ ਕਿਸੇ ਨਵੇਂ ਤੇ ਮੌਲਿਕ ਅੰਦਾਜ਼ `ਚ। ਡੂੰਘੇ ਆਤਮ ਚਿੰਤਨ ਤੋਂ ਬਾਅਦ ਅਪਣੇ ਪਹਿਲੇ ਕਾਵਿ-ਸੰਗ੍ਰਹਿ ‘ਮਾਰਗ` (1965) ਵਿਚ ਜਿਹੜੀ ਕਵਿਤਾ ਮੈਂ ਲਿਖੀ, ਉਸ ਦੇ ਬੋਲ ਸਨ :-ਤਿੰਨ ਕਵਿਤਾਵਾਂ ਲਿਖ ਕੇ ਗੋਰੀਘਰ ਮੁੜਿਆ ਹਾਂ।ਇਕ ਕਵਿਤਾ ਹੈਮੇਰੇ ਪਿੰਡ ਦੇ ਸੋਹਣ ਸਿੰਘ ਦੀਜਿਸ ਨੂੰ ਵਿਰਸੇ ਵਿਚੋਂ ਗੋਰੀਇਕ ਫ਼ਿਕਰਾਂ ਦੀ ਪੰਡ ਮਿਲੀ ਹੈ।
ਹੁਣ : ਫੇਰ ਇਹ ਸੰਸੇ ਦੂਰ ਕਿਵੇਂ ਹੋਏ?ਹੁੰਦਲ : ਏਤਰਾਂ ਐ ਬਈ, ਉਨ੍ਹਾਂ ਦਿਨਾਂ ਵਿਚ ਅਰਨੈਸਟ ਫ਼ਿਸ਼ਰ ਦੀ ਪੁਸਤਕ ‘The Necersity of Art` ਮੇਰੇ ਹੱਥ ਲੱਗ ਗਈ, ਬਸ ਇਹਨੂੰ ਪੜ੍ਹ ਕੇ ਮੇਰੇ ਸਾਰੇ ਸੰਸੇ ਦੂਰ ਹੋ ਗਏ। ਭਾਈ…. ਇਹ ਕਿਤਾਬਾਂ ਈ ਤਾਂ ਨੇ ਜਿਹੜੀਆਂ ਬੰਦੇ ਦੀ ਸੋਚ ਬਦਲਦੀਆਂ ਨੇ।
ਹੁਣ : ਪੰਜਾਬ ਸੰਕਟ ਦੇ ਪੂਰੇ ਦਹਾਕੇ ਵਿਚ ਤੁਹਾਡੀ ਕਵਿਤਾ ਨੇ ਅਤਿਵਾਦੀ, ਵੱਖਵਾਦੀ ਬੁਨਿਆਦ-ਪ੍ਰਸਤਾਂ ਨਾਲ ਨਿਰੰਤਰ ਕਾਵਿ ਸੰਵਾਦ ਰਚਾਈ ਰੱਖਿਆ ਤੇ ਇਸ ਦਹਾਕੇ ਦੇ ਹਰ ਬਦਲਦੇ ਮੋੜ ਬਾਰੇ ਕਾਵਿ ਰਚਨਾ ਜਾਰੀ ਰੱਖੀ। ਇਹ ਕਾਰਜ ਖਤਰਿਆਂ-ਭਰਿਆ ਤਾਂ ਸੀ ਹੀ। ਕਦੇ ਤੁਹਾਨੂੰ ਧਮਕੀ-ਪੱਤਰ ਵੀ ਮਿਲੇ ਹੋਣਗੇ?
ਹੁੰਦਲ : ਨਾ… ਮੈਨੂੰ ਕੋਈ ਧਮਕੀ ਪੱਤਰ ਨਹੀਂ ਮਿਲਿਆ। ਹਾਂ, ਮੇਰੇ ਇਕ ਮਿੱਤਰ ਨੇ ਇਤਲਾਹ ਦਿੱਤੀ ਸੀ ਕਿ ਕਿਸੇ ਮੇਲੇ ਦੇ ਦੀਵਾਨ ਵਿਚ ਹੋਰ ਚਾਰ ਲੇਖਕਾਂ ਨਾਲ ਮੇਰਾ ਵੀ ਨਾਂ ਬੋਲਿਆ ਗਿਆ ਸੀ, ਪਰ ਇਹਦਾ ਭੇਤ ਨਹੀਂ ਮੈਨੂੰ ਪਤਾ ਲੱਗਾ ਅੱਜ ਤਕ। ਬਸ ਦੋ ਚਾਰ ਮਹੀਨੇ ਘਰੋਂ ਬਾਹਰ ਰਹਿਣ ਲੱਗਾ। ਜੇ ਮੈਨੂੰ ਉਨ੍ਹਾਂ ਮਾਰਨਾ ਹੁੰਦਾ ਤਾਂ ਇਹ ਕੰਮ ਕੋਈ ਮੁਸ਼ਕਲ ਨਹੀਂ ਸੀ। ਜੇ ਮੈਂ ਇਸ ਸੰਕਟ `ਚੋਂ ਬਚ ਨਿਕਲਿਆ ਵਾਂ ਤਾਂ ਕੁਝ ਹੋਰ ਸਾਰਥਕ ਸਾਹਿਤਕ ਕੰਮ ਜੁ ਸਿਰੇ ਚਾੜ੍ਹਨੇ ਸਨ। ਸੰਕਟ ਸਮੇਂ ਹਜ਼ਾਰਾਂ ਨਿਰਦੋਸ਼ ਲੋਕ ਮਾਰੇ ਗਏ ਤੇ ਪ੍ਰਾਪਤੀ ਕੀ ਹੋਈ? ਦਿਸ਼ਾ-ਹੀਣ ਰਾਜਸੀ ਅੰਦੋਲਨਾਂ ਨਾਲ ਸ਼ਾਇਦ ਇੰਜ ਹੀ ਵਾਪਰਦੈ। ਏਸ ਸੰਕਟ ਦੇ ਅੰਤ ਉਤੇ ਮੈਂ ਇਕ ਛੋਟੀ ਕਵਿਤਾ ਵਿਚ ਲਿਖਿਆ ਸੀ :-ਪੰਜਾਬ! ਹੁਣ ਤੂੰ ਰੋਣਾ ਧੋਣਾ ਛੱਡ! ਉੱਜੜੇ ਘਰਾਂ ਲਈ ਛੱਤਾਂ ਲੱਭਵਿਧਵਾਵਾਂ ਦੀ ਪੈਨਸ਼ਨ ਲਈਅਰਜ਼ੀਆਂ ਲਿਖ।ਯਤੀਮਾਂ ਨੂੰ ਭਗਤ ਪੂਰਨ ਸਿੰਘ ਦੇ ਪਿੰਗਲਵਾੜੇ ਪੁਚਾ।ਥਾਣਿਆਂ `ਚੋਂ, ਬੁੱਚੜਖਾਨਿਆਂ ਦੇ ਸੰਦ ਬਾਹਰ ਸੁੱਟ।ਸ਼ੋਰ ਦੀ ਥਾਂ, ਸੰਗੀਤ ਦੀ ਗੱਲ ਕਰ।ਸਰਬੱਤ ਦੇ ਭਲੇ ਦੀ ਗਵਾਚੀ ਅਰਦਾਸ ਲੱਭ! ਸਿਵਿਆਂ ਤੋਂ ਸਿਤਾਰਿਆਂ ਵੱਲ ਸਫ਼ਰ ਦੀ ਸੋਚ।ਪੰਜਾਬ ਉਠ ਤੇ ਅਪਣੇ ਕਾਤਲਾਂ ਦੀ ਸ਼ਨਾਖ਼ਤ ਕਰ। (13-12-93)
ਲੋਕ ਕਾਵਿ ਰੂਪਾਂ ਦੀ ਵਰਤੋਂ
ਹੁਣ : ‘ਜੰਗਨਾਮਾ ਪੰਜਾਬ` ਵਾਲੀ ਗੱਲ ਤੁਹਾਨੂੰ ਕਿਵੇਂ ਸੁੱਝੀ? ਕੀ ਤੁਸੀਂ ਇਸ ਲੰਮੀ ਕਵਿਤਾ ਨੂੰ ਅਪਣਾ ਸ਼ਾਹਕਾਰ ਸਮਝਦੇ ਹੋ?
ਹੁੰਦਲ : ਭਾਈ ਵੀਰਨੋ! ਇਹ ਗੱਲ ਅਚਾਨਕ ਹੀ ਸੁੱਝੀ। ਗੱਲ ਏਤਰਾਂ ਹੋਈ ਕਿ ਸ਼ਾਹ-ਮੁਹੰਮਦ ਦਾ ਜੰਗ-ਨਾਮਾ ਪੰਜਾਬੀ ਐਮ.ਏ. ਦੇ ਕੋਰਸ ਵਿਚ ਲੱਗਾ ਹੁੰਦਾ ਸੀ। ਵਿਹਲ ਵੇਲੇ ਮੈਂ ਇਸ ਦਾ ਅਕਸਰ ਹੀ ਪਾਠ ਕਰਨ ਲੱਗ ਪੈਂਦਾ ਸੀ। ਮੈਨੂੰ ਇਸ ਦੇ ਬਹੁਤੇ ਬੰਦ ਯਾਦ ਸਨ। ਓਤਰਾਂ ਇਸ ਵਿਚਲੀ ਕਵੀ ਦੀ ਵਿਧੀ ਵੀ ਮੈਨੂੰ ਬੜੀ ਪਸੰਦ ਸੀ। ਪੰਜਾਬ ਸੰਕਟ ਦੇ ਆਖ਼ਰੀ ਸਾਲ ਵਿਚ ਮੈਂ ਅਕਸਰ ਹੀ, ਦੋਸਤ-ਕਵੀਆਂ ਨੂੰ ਆਖ਼ਦਾ ਹੁੰਦਾ ਸੀ, ‘‘ਯਾਰ, ਹੁਣ ਤਾਂ ਪੰਜਾਬ ਦੇ ਦਰਦ ਨੂੰ ਪ੍ਰਗਟ ਕਰਨ ਲਈ ਕਿਸੇ ਸ਼ਾਹ ਮੁਹੰਮਦ ਦੀ ਲੋੜ ਐ।“ਕੀ ਪਤਾ ਸੀ ਕਿ ਇਹ ਲੋੜ ਮੈਂ ਹੀ ਪੂਰੀ ਕਰਨੀ ਸੀ! 1993 ਵਿਚ ਇਕ ਦਿਨ ਅਚਾਨਕ ਹੀ ਕੁਝ ਬੰਦ ਸੁੱਝੇ। ਪੰਜ ਜਾਂ ਸੱਤ। ਹੌਲੀ-ਹੌਲੀ ਹੋਰ ਬੰਦ ਜੁੜਦੇ ਗਏ। ਜਦੋਂ ਵੀਹ-ਪੰਝੀ ਬੰਦ ਹੋ ਗਏ ਤਾਂ ਮੈਂ ਸਕੂਲ ਵਿਚ ਅਪਣੇ ਟੀਚਰ ਮਿੱਤਰ ਨੂੰ ਸੁਣਾਉਣ ਲੱਗ ਪਿਆ। ਕਈ ਦਿਨ ਇਹ ਸਿਲਸਿਲਾ ਚਲਦਾ ਰਿਹਾ ਤੇ ਹੋਰ ਬੰਦ ਜੁੜਦੇ ਗਏ। ਅਖ਼ੀਰ ਇਹ ਬੰਦ ਅੱਸੀ ਹੋ ਗਏ। ਮੈਂ ਇਹ ਬੰਦ ਸੁਹੇਲ ਹੋਰਾਂ ਨੂੰ ਜਾ ਸੁਣਾਏ। ਉਨ੍ਹਾਂ ਆਖਿਆ ਕਿ ਇਹਨੂੰ ਕਿੱਸੇ ਦੇ ਰੂਪ `ਚ ਛਪਵਾ। ਪਹਿਲੀ ਐਡੀਸ਼ਨ ਵਿਚ ਇਹ ਬੰਦ 80 ਹੀ ਰਹੇ। ਛਪਣ ਉਤੇ ਇਸ ਦੀ ਬੜੀ ਚਰਚਾ ਹੋਈ। ‘ਅਕਸ` ਰਸਾਲੇ ਦੇ ਸੰਪਾਦਕ ਅਰਮਜੀਤ ਸਿੰਘ ਨੇ ਪੂਰੇ 80 ਬੰਦ ਅਪਣੇ ਪਰਚੇ ਵਿਚ ਛਾਪ ਦਿੱਤੇ। ਪਹਿਲੀ ਐਡੀਸ਼ਨ ਮੈਂ ਯੂ.ਕੇ. ਵਿਚਲੇ ਮਿੱਤਰਾਂ ਨੂੰ ਵੀ ਭੇਜੀ। ਉਨ੍ਹਾਂ ਕੁਝ ਪੈਸੇ ਖ਼ਰਚੇ ਵਜੋਂ ਵੀ ਭੇਜੇ। ਫਿਰ ਦੂਸਰੀ ਐਡੀਸ਼ਨ ਦੀ ਤਿਆਰੀ ਹੋਣ ਲੱਗੀ, ਬੰਦ ਵਧਦੇ-ਵਧਦੇ ਢਾਈ ਸੌ ਦੇ ਕਰੀਬ ਹੋ ਗਏ। ਪਾਠਕਾਂ ਤੇ ਮਿੱਤਰਾਂ ਨੇ ਨਵੇਂ ਸੁਝਾਅ ਦਿਤੇ। ਫਿਰ ਦੂਸਰੀ ਐਡੀਸ਼ਨ ਛਾਪੀ। ਇਹ ਕਨੇਡਾ ਵਿਚ ਵੀ ਉਥੋਂ ਦੀ ਪਤ੍ਰਿਕਾ ‘ਇੰਡੋ-ਕਨੇਡੀਅਨ ਟਾਈਮਜ਼` ਵਿਚ ਲੜੀਵਾਰ ਛਪਿਆ। ਪਾਕਿਸਤਾਨ ਵਾਲੇ ਇਕ ਮਿੱਤਰ ਖਾਲਦ ਸ਼ੇਖ ਨੇ ਇਸ ਦੀ ਉਰਦੂ ਐਡੀਸ਼ਨ ਛਾਪੀ। ਅਖ਼ੀਰ ਕੁਝ ਚਿਰ ਬਾਅਦ ਲੁਧਿਆਣੇ ਵਾਲੇ ‘ਮੀਰ` ਪਰਚੇ ਦੇ ਸੰਪਾਦਕ ਪ੍ਰਦੁੰਮਣ ਸਿੰਘ ਬੇਦੀ ਨੇ ਇਸ ਨੂੰ ਬੜੇ ਖ਼ੂਬਸੂਰਤ ਅੰਦਾਜ਼ ਵਿਚ ਦੁਬਾਰਾ ਛਾਪਿਆ। ਇਸ ਰਚਨਾ ਵਿਚ ਪਾਠਕਾਂ ਤੇ ਦੋਸਤਾਂ ਦੇ ਦਿੱਤੇ ਸੁਝਾਵਾਂ ਦਾ ਬੜਾ ਹੱਥ ਐ। ਪ੍ਰੈੱਸ ਵਿਚ ਇਸ ਦਾ ਬੜਾ ਜ਼ਿਕਰ ਹੋਇਆ। ਮੈਂ ਬੜਾ ਖ਼ੁਸ਼ ਵੀ ਸੀ ਤੇ ਇਸ ਦੀ ਸਫ਼ਲਤਾ ਉਤੇ ਹੈਰਾਨ ਵੀ ਸੀ।ਏਨੀ ਪ੍ਰਸ਼ੰਸਾ ਤੇ ਪ੍ਰਵਾਨਗੀ ਮੇਰੀ ਹੋਰ ਕਿਸੇ ਪੁਸਤਕ ਦੀ ਨਹੀਂ ਹੋਈ। ਸੋਚਦਾਂ ਆਖ਼ਰ ਇਸ ਦਾ ਕਾਰਨ ਕੀ ਸੀ? ਪਹਿਲੀ ਗੱਲ ਇਹ ਕਿ ਹਰ ਗੱਲ ਜੁਰਅਤ ਤੇ ਨਿਝੱਕ ਹੋ ਕੇ ਕਹੀ ਗਈ ਸੀ। ਦੂਸਰਾ ਇਸ ਦਾ ਛੰਦ ਬੈਂਤ ਸੀ। ਇਸ ਦਾ ਮੁਹਾਵਰਾ ਸ਼ਾਹ ਮੁਹੰਮਦ ਦੇ ਕਿੱਸੇ ਵਾਂਗ ਠੇਠ ਪੇਂਡੂ ਰੰਗ ਦਾ ਸੀ। ਇਸ ਵਿਚ ਸੰਕਟ ਦੇ ਮੁੱਖ ਦੋਸ਼ੀਆਂ ਪੰਜਾਬ ਸਰਕਾਰ, ਪੁਲੀਸ, ਦਿੱਲੀ ਸਰਕਾਰ ਅਤੇ ਅਤਿਵਾਦੀ/ਵੱਖਵਾਦੀ, ਅਰਥਾਤ ਕਿਸੇ ਵੀ ਸਬੰਧਤ ਧਿਰ ਨੂੰ ਅਣਡਿੱਠ ਨਹੀਂ ਸੀ ਕੀਤਾ ਗਿਆ। ਇਹ ਰਚਨਾ ਦੂਰ-ਦੂਰ ਤੀਕ ਪਾਠਕਾਂ ਦੇ ਵਿਸ਼ਾਲ ਹਿੱਸਿਆਂ ਤੀਕ ਪਹੁੰਚੀ। ਇਹ ਇਤਿਹਾਸਕ ਸਾਹਿਤਕ ਦਸਤਾਵੇਜ਼ ਦਾ ਰੂਪ ਧਾਰ ਗਈ। ਕਈਆਂ ਨੇ ਇਸ ਨੂੰ ਸ਼ਾਹਕਾਰ ਦਾ ਦਰਜਾ ਵੀ ਦਿੱਤੈ। ਇਸ ਦੀ ਰਚਨਾ ਪੰਜਾਬ ਸੰਕਟ ਦੇ ਅਖ਼ੀਰਲੇ ਦਿਨਾਂ ਵਿਚ ਸੰਭਵ ਹੋਈ ਸੀ, ਜਦੋਂ ਦਹਿਸ਼ਤ ਦਾ ਵਾਤਾਵਰਣ ਕੁਝ ਠੰਢਾ ਹੋ ਗਿਆ ਸੀ।
ਹੁਣ : ਇਹਦਾ ਕੋਈ ਬੰਦ ਚੇਤੇ ਐ ਇਸ ਵੇਲੇ?
ਹੁੰਦਲ : ਆਹੋ…. ਸਾਂਝਾਂ ਸਾਡੀਆਂ ਬਹੁਤ ਹੀ ਡੂੰਘੀਆਂ ਨੇ, ਰੀਝਾਂ ਫੁੱਲ, ਫੁਲਕਾਰੀਆਂ ਸਾਂਝੀਆਂ ਨੇ।ਖੁਸ਼ੀਆਂ ਸਾਡੀਆਂ ਨਹੀਂ ਅਲੱਗ ਕੋਈ, ਸਾਡੇ ਦੁੱਖ, ਦੁਸ਼ਵਾਰੀਆਂ ਸਾਂਝੀਆਂ ਨੇ।ਕਾਹਦਾ ਮਾਣ, ਭੁਲੇਖੇ ਨੇ ਬੜੇ ਵੱਡੇ, ਫ਼ੌਜਾਂ, ਜਿੱਤੀਆਂ ਹਾਰੀਆਂ ਸਾਂਝੀਆਂ ਨੇ।ਸ਼ਾਹ ਮੁਹੰਮਦਾ, ਕੌਣ ਅਸਮਾਨ ਵੰਡੇ, ਪੰਛੀ, ਗੀਤ, ਉਡਾਰੀਆਂ ਸਾਂਝੀਆਂ ਨੇ।
ਹੁਣ : ‘ਜੰਗਨਾਮਾ ਪੰਜਾਬ` ਪੁਸਤਕ ਵਿਚ ਤੁਸੀਂ ਬੈਂਤ-ਛੰਦ ਦੀ ਵਰਤੋਂ ਕੀਤੀ ਹੈ ਤੇ ਤੁਸੀਂ ਅਪਣੇ ਨਾਂ ਦੀ ਥਾਂ ਸ਼ਾਹ-ਮੁਹੰਮਦ ਦਾ ਹੀ ਨਾਂ ਵਰਤਿਆ ਹੈ। ਕੀ ਇਸ ਤਰ੍ਹਾਂ ਨਾਲ ਭੁਲੇਖਾ ਪੈਣ ਦੀ ਸੰਭਾਵਨਾ ਨਹੀਂ ਹੈ?
ਹੁੰਦਲ : ਬੈਂਤ ਛੰਦ ਪੰਜਾਬੀ ਲੋਕਾਂ ਵਿਚ ਬਹੁਤ ਹਰਮਨ ਪਿਆਰਾ ਰਿਹਾ ਹੈ। ਕੁਝ ਦਹਾਕੇ ਪਹਿਲਾਂ ਦੁਪਹਿਰ ਵੇਲੇ ਲੋਕ ਪਿੰਡਾਂ ਵਿਚ ਬੋਹੜਾਂ ਤੇ ਪਿਪਲਾਂ ਦੀ ਛਾਵੇਂ ਕੰਮ ਤੋਂ ਵਿਹਲੇ ਹੋ ਕੇ, ਵਾਰਸ ਸ਼ਾਹ ਦੀ ਹੀਰ ਪੜ੍ਹਦੇ ਸੁਣਦੇ ਹੁੰਦੇ ਸਨ ਤੇ ਇਸ ਬੈਂਤ ਨੂੰ ‘ਹੀਰ ਦੀ ਤਰਜ਼` ਆਖਦੇ ਸਨ। ਏਸੇ ਤਰ੍ਹਾਂ ਹੀ ਦੂਸਰੇ ਕਿੱਸੇ ਪੜ੍ਹਦੇ ਜਾਂ ਸੁਣਦੇ ਸਨ। ਬੈਂਤ ਛੰਦ ਨਿਰੋਲ ਪੰਜਾਬੀ ਛੰਦ ਹੈ ਤੇ ਇਸ ਰਾਹੀਂ ਬਿਰਤਾਂਤ ਨੂੰ ਉਸਾਰਨ ਤੇ ਗੁੰਝਲਦਾਰ ਸਥਿਤੀਆਂ ਨੂੰ ਆਸਾਨੀ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਮੈਂ ਏਸੇ ਕਾਰਨ ਇਸ ਛੰਦ ਨੂੰ ਅਪਣਾਇਆ ਹੈ। ਸ਼ਾਹ ਮੁਹੰਮਦ ਦਾ ਨਾਂ ਮੈਂ ਗੁਰਬਾਣੀ ਵਿਚਲੀ ਪਰੰਪਰਾ ਦੇ ਅਨੁਸਾਰ ਵਰਤਿਆ ਹੈ। ਗੁਰੂ ਸਾਹਿਬਾਨ ਨੇ ਮਹਲਾ ਪਹਿਲਾ ਜਾਂ ਮਹਲਾ ਦੂਜਾ ਵਰਤਿਆ ਹੈ। ਮੈਂ ਸ਼ਾਹ ਮੁਹੰਮਦ ਦਾ ਚਾਰ ਤੁਕੀਆ ਬੈਂਤ ਵਰਤਿਆ ਹੈ ਤੇ ਉਸ ਦੀ ਕਾਵਿ-ਵਿਧੀ ਨੂੰ ਵੀ ਕਿਸੇ ਹੱਦ ਤੀਕ ਅਪਣਾਇਆ ਹੈ। ਇਸ ਲਈ ਮੈਂ ਸ਼ਾਹ ਮੁਹੰਮਦ ਦਾ ਅਹਿਸਾਨਮੰਦ ਅਨੁਭਵ ਕਰਦਾ ਹਾਂ। ਮੈਂ ਉਸ ਦਾ ਸਾਹਿਤਕ ਰਿਣ ਉਤਾਰਨ ਲਈ ਇਸ ਤਰ੍ਹਾਂ ਕੀਤਾ ਹੈ। ਤੇ ਇਸ ਦੀ ਪ੍ਰੇਰਨਾ ਗੁਰੂ-ਬਾਣੀ ਤੋਂ ਲਈ ਹੈ।
ਹੁਣ : ਲੋਕ-ਕਾਵਿ ਰੂਪਾਂ ਦੀ ਵਰਤੋਂ ਬਾਰੇ ਤੁਹਾਡਾ ਵਤੀਰਾ ਕੀ ਹੈ?
ਹੁੰਦਲ : ਅਜੋਕੀ ਕਵਿਤਾ, ਜੋ ਆਧੁਨਿਕ ਕਵੀ ਲਿਖ ਰਹੇ ਹਨ, ਉਹ ਆਮ ਪਾਠਕ ਤੀਕ ਨਹੀਂ ਪਹੁੰਚਦੀ। ਜੇ ਕਿਸੇ ਸਰੋਤੇ ਜਾਂ ਪਾਠਕ ਦੀ ਇਸ ਬਾਰੇ ਰਾਏ ਪੁੱਛੀਏ ਤਾਂ ਉਹ ਕਹੇਗਾ, ‘‘ਕੋਈ ਸਵਾਦ ਨਹੀਂ ਆਇਆ` ਜਾਂ ਕਹੇਗਾ ‘‘ਪਤਾ ਨਹੀਂ ਲੱਗਦਾ ਕਿ ਉਹ ਕਹਿਣਾ ਕੀ ਚਾਹੁੰਦਾ ਹੈ।“ ਜਟਿਲ ਕਵਿਤਾ ਲੋਕਾਂ ਦੇ ਪਿੜ-ਪੱਲੇ ਨਹੀਂ ਪੈਂਦੀ ਕਿਉਂਕਿ ਉਸ ਦੀ ਕਾਵਿ-ਸ਼ੈਲੀ ਇਤਨੀ ਵਿਅਕਤੀਵਾਦੀ ਹੁੰਦੀ ਹੈ ਕਿ ਪਾਠਕ ਮਗ਼ਜ਼-ਖਪਾਈ ਨਹੀਂ ਕਰਨਾ ਚਾਹੁੰਦਾ ਤੇ ਉਸ ਨੂੰ ਪੜ੍ਹਨ ਦੀ ਥਾਂ ਪਾਸੇ ਰੱਖ ਦਿੰਦਾ ਹੈ। ਮੈਂ ਬੜੇ ਘੱਟ ਲੋਕ-ਕਾਵਿ ਰੂਪ ਵਰਤੇ ਹਨ। ‘ਜੱਗਾ ਜੰਮਿਆ` ਦੀ ਲੋਕ-ਧਾਰਨਾ ਉਤੇ ਮੈਂ ਕਦੇ ਦੋ ਕਵਿਤਾਵਾਂ ਲਿਖੀਆਂ ਸਨ :-ਪਿਓ ਰੋਕਿਆ ਤੇ ਮਾਂ ਨੇ ਵੀ ਟੋਕਿਆਵੇ ਇਕੋ ਸਾਡਾ ਪੁੱਤ ਗੱਭਰੂਮੱਖਣਾ, ਮੱਖਣਾਵੇ ਜਿਸ ਦਿਨ ਬੈਗ ਬੰਨ੍ਹਿਆਚੇਤੇ ਰੱਖਣਾ।—ਬੜਾ ਆਖਿਆ ਵੇ ਖਾ ਲੈ ਅਨਚੋਪੜੀਤੇ ਬਾਹਰ ਦਾ ਖ਼ਿਆਲ ਛੱਡ ਦੇਪੁੰਨਣਾਵੇ ਆਟੇ ਵਿਚ ਲਹੂ ਘੋਲ ਕੇਕਿਵੇਂ ਗੁੰਨਣਾ।ਐਪਰ ਮੈਂ ਅਜਿਹੇ ਕਾਵਿ-ਰੂਪਾਂ ਦੀ ਬਹੁਤੀ ਵਰਤੋਂ ਨਹੀਂ ਕਰ ਸਕਿਆ। ਲੋਕ ਮਨਾਂ ਤੀਕ ਜਾਣ ਲਈ ਉਨ੍ਹਾਂ ਕਲਾ-ਰੂਪਾਂ ਦੀ ਵਰਤੋਂ ਕਰਨੀ ਪਵੇਗੀ ਜਿਹੜੇ ਉਨ੍ਹਾਂ ਦੇ ਦਿਲਾਂ ਵਿਚ ਥਾਂ ਬਣਾਈ ਬੈਠੇ ਹਨ। ਪਰ ਸਾਨੂੰ ਇਹ ਵੀ ਧਿਆਨ ਰੱਖਣਾ ਹੈ ਕਿ ਕਲਾ ਦੇ ਖੇਤਰ ਵਿਚ ਨਿੱਤ ਨਵੇਂ ਪ੍ਰਯੋਗ ਹੁੰਦੇ ਰਹਿਣਗੇ।
ਹੁਣ : ਵਿਅੰਗਨਾਮਾ ਤੇ ਜੰਗਨਾਮਾ ਤੋਂ ਬਾਅਦ 2004 ਵਿਚ ਬੈਂਤ ਵੱਲ ਪਰਤਣ ਤੋਂ ਬਾਅਦ ਕਾਰਨ ਦੱਸਦਿਆਂ ਤੁਸਾਂ ਕਿਹਾ, ‘‘ਮੈਂ ਅਨੁਭਵ ਕੀਤਾ ਹੈ ਕਿ ਇਸ ਛੰਦ ਵਿਚ ਗੁੰਝਲਦਾਰ ਸਥਿਤੀਆਂ ਨੂੰ ਪ੍ਰਗਟ ਕਰਨ ਦੀ ਅਸੀਮ ਸਮਰੱਥਾ ਹੈ।“ ਕੀ ਹੋਰਨਾਂ ਛੰਦਾਂ ਵਿਚ ਅਜਿਹੀ ਸਮਰੱਥਾ ਨਹੀਂ? ਅਸਲ ਵਿਚ ਬੈਂਤ ਬਿਰਤਾਂਤ (ਕਿੱਸਾ) ਆਦਿ ਛੰਦ ਹੈ ਪਰ ਤੁਸੀਂ ਕਥਾ-ਬਿਰਤਾਂਤ ਸਿਰਜਣ ਦੇ ਬਹੁਤਾ ਹੱਕ ਵਿਚ ਨਹੀਂ। ਸਥਿਤੀ ਸਪੱਸ਼ਟ ਕਰੋ।
ਹੁੰਦਲ : ਮੈਂ ਜੰਗਨਾਮਾ, ਵਿਅੰਗਨਾਮਾ ਤੇ ਦੋਸਤੀਨਾਮਾ ਤਿੰਨਾਂ ਹੀ ਲੰਮੇਰੀਆਂ ਕਵਿਤਾਵਾਂ ਵਿਚ ਲਿਖਦਿਆਂ ਅਨੁਭਵ ਕੀਤਾ ਸੀ ਕਿ ਇਕ ਛੰਦ ਨੇ ਮੇਰੇ ਮਨੋ-ਭਾਵਾਂ ਦੇ ਪ੍ਰਗਟਾਂ ਤੇ ਵਹਾ ਵਿਚ ਕਿਤੇ ਵੀ ਰੁਕਾਵਟ ਨਹੀਂ ਪਾਈ, ਸ਼ਾਇਦ ਕਿੱਸਾ ਕਾਵਿ ਦੀ ਅਮੀਰ ਕਾਵਿ-ਪਰੰਪਰਾ ਨੇ ਪੰਜਾਬੀ-ਮਨ ਉਤੇ ਅਚੇਤ ਤੌਰ `ਤੇ ਕੋਈ ਡੂੰਘਾ ਪ੍ਰਭਾਵ ਪਿਆ ਹੋਇਆ ਹੈ। ਲੋਕੀਂ ਇਸ ਨੂੰ ‘ਹੀਰ ਦੀ ਤਰਜ਼` ਆਖਦੇ ਹਨ। ਬੈਂਤ ਸੁਣਦਿਆਂ ਸਰੋਤੇ ਝੂੰਮਣ ਲਗ ਜਾਂਦੇ ਹਨ। ਕਵਿਤਾ ਲਿਖਦਿਆਂ ਮੈਂ ਅਨੁਭਵ ਕੀਤਾ ਸੀ ਕਿ ਇਹ ਛੰਦ ਮੇਰੇ ਲਈ ਰੁਕਾਵਟ ਨਹੀਂ ਬਣਿਆ, ਸਗੋਂ ਸਹਾਇਕ ਸਿੱਧ ਹੋਇਆ ਹੈ।ਹੌਲੀ ਹੌਲੀ ਨਿਰਭੈ ਹੋ ਜਾਏ ਸ਼ਾਇਰ, ਦਰਦ ਹੱਸਦੇ ਹੱਸਦੇ ਸਹੀਦਾ ਹੈਕਹਿਣਾ ਪਵੇ ਜੇ ਕੁਫ਼ਰ ਦੀ ਰਾਤ ਕਾਲੀ, ਕੌੜਾ ਸੱਚ ਨਿਤਾਰ ਕੇ ਕਹੀਦਾ ਹੈਕਾਲੀ ਰਾਤ ਜਗਾਈਏ ਜਦੋਂ ਦੀਵੇ, ਖ਼ਤਰਾ ਬਹੁਤ ਵਾਰੀ ਮੁੱਲ ਲਈਦਾ ਹੈਸ਼ਾਹ ਮੁਹੰਮਦਾ ਚੁੰਮੀਏ ਹੱਥ ਤੇਰੇ, ਸੁੱਚੇ ਸੁਖ਼ਨ ਨੂੰ ਦਗ਼ਾ ਨਾ ਦੇਈਦਾ ਹੈ
ਹੁਣ : ਮਨੁੱਖੀ ਰਿਸ਼ਤਿਆਂ ਵਿਚ ਬਹੁਤ ਹੀ ਤੇਜ਼ੀ ਨਾਲ ਬਦਲਾਅ ਆ ਰਿਹਾ ਹੈ, ਪਰਿਵਾਰ ਟੁੱਟ ਰਹੇ ਹਨ। ਕੀ ਬਣੇਗਾ ਮਨੁੱਖੀ ਭਾਈਚਾਰੇ ਦਾ?
ਹੁੰਦਲ : ਪੁਰਾਣੇ ਭਾਈਚਾਰਕ ਸਬੰਧ ਟੁੱਟ ਰਹੇ ਹਨ। ਅਸਲ ਵਿਚ ਜਾਗੀਰੂ ਪ੍ਰਥਾ ਵੇਲੇ ਦੇ ਮਨੁੱਖੀ ਸਬੰਧ ਤਿੜਕ ਰਹੇ ਹਨ। ਹਰ ਮਨੁੱਖ ਚਾਹੁੰਦਾ ਹੈ ਕਿ ਹੋਰਨਾਂ ਵਾਂਗ, ਉਹ ਵੀ ਰਾਤੋ-ਰਾਤ ਅਮੀਰ ਹੋ ਜਾਵੇ। ਇਸ ਕਾਰਨ ਉਹ ਹਰ ਤਰੀਕਾ, ਵਰਤ ਕੇ ਲਾਭ ਲੈਣਾ ਚਾਹੁੰਦਾ ਹੈ। ਉਸ ਲਈ ਮਨੁੱਖੀ ਰਿਸ਼ਤੇ ਕੋਈ ਮੁੱਲ ਨਹੀਂ ਰੱਖਦੇ। ਪੂੰਜੀਵਾਦ ਅਜਿਹੇ ਰਿਸ਼ਤਿਆਂ ਨੂੰ ਤੋੜ ਕੇ ਰੱਖ ਦਿੰਦਾ ਹੈ। ਐਪਰ ਸਾਡੇ ਏਸ਼ਿਆਈ ਪਰਿਵਾਰ ਅਜੇ ਦੇਰ ਤੀਕਰ ਕਾਇਮ ਰਹਿਣ ਦੇ ਸਮਰੱਥ ਹਨ। ਇਨ੍ਹਾਂ ਕਾਰਨ ਹੀ ਬੱਚੇ ਅਤੇ ਬੁੱਢਿਆਂ ਦੀ ਪਾਲਣਾ ਹੋ ਸਕਦੀ ਹੈ। ਅੱਗੋਂ ਕੀ ਹੋਵੇਗਾ, ਅਜੇ ਕਹਿਣਾ ਮੁਸ਼ਕਲ ਹੈ।
ਗੁਰੂ-ਸ਼ਿਸ਼ ਪਰੰਪਰਾ
ਹੁਣ : ਤੁਸੀਂ ਗ਼ਜ਼ਲ ਦੀ ਰਚਨਾ ਲਈ, ਉਸਤਾਦ ਧਾਰਨ ਦੇ ਵਿਰੁੱਧ ਹੋ। ਇਸ ਗੁਰੂ-ਸ਼ਿਸ਼ ਪਰੰਪਰਾ ਨੂੰ ਤੁਸੀਂ ਕਿਵੇਂ ਵੇਖਦੇ ਹੋ?
ਹੁੰਦਲ : ਬਲਵਾਨ ਕਵਿਤਾ, ਕਲਪਨਾ ਦੀ ਉਡਾਨ ਤੇ ਵਿਚਾਰਧਾਰਕ ਡੂੰਘਿਆਈ ਵਿਚੋਂ ਜਨਮਦੀ ਹੈ। ਕੀ ਉਸਤਾਦ ਦੋਵੇਂ ਗੁਣ ਅਪਣੇ ਸ਼ਾਗਿਰਦਾ ਨੂੰ ਪਰਦਾਨ ਕਰ ਸਕਦਾ ਹੈ। ਸ਼ਿਲਪ ਦੀ ਸਿਖਲਾਈ, ਕਈ ਢੰਗਾਂ ਨਾਲ ਪ੍ਰਾਪਤ ਕੀਤੀ ਜਾ ਸਕਦੀ ਹੈ। ਸਾਹਿਤ ਸਭਾਵਾਂ ਅਤੇ ਦੋਸਤਾਂ ਦੇ ਦਾਇਰੇ ਵੀ ਲਾਭਦਾਇਕ ਹੋ ਸਕਦੇ ਹਨ। ਮੈਂ ਖ਼ੁਦ ਇਹ ਕਾਵਿ-ਕਸਬ ਕਿਸੇ ਉਸਤਾਦ ਕੋਲੋਂ ਨਹੀਂ ਸਿਖਿਆ। ਪ੍ਰਤਿਭਾ ਖ਼ੁਦ ਹੀ ਕਈ ਰਾਹ ਲੱਭ ਲੈਂਦੀ ਹੈ। ਮੇਰਾ ਇਕ ਸ਼ਿਅਰ ਹੈ :-ਲੈ ਕੇ ਪੋਥੀਆਂ ਪੜ੍ਹਾਉਣ ਤੈਨੂੰ ਆਏ ਸੀ ਅਰੂਜ਼ਕਿੰਝ ਮੋੜਿਆ ਖ਼ਲੀਫ਼ਿਆਂ ਨੂੰ , ਦੱਸ ਤੂੰ ਬਰੰਗ?
ਹੁਣ : ਤੁਸਾਂ ਪਰੰਪਰਾਵਾਦੀ ਗ਼ਜ਼ਲ ਨਾਲ ਵੀ ਸੰਵਾਦ ਰਚਾਇਆ ਹੈ। ਥੋੜ੍ਹਾ ਵਿਸਥਾਰ ਨਾਲ ਦੱਸੋ?
ਹੁੰਦਲ : ਪਰੰਪਰਾਵਾਦੀ ਗ਼ਜ਼ਲ, ਕੇਵਲ ਕਾਫ਼ੀਆ ਬੰਦੀ ਹੁੰਦੀ ਸੀ। ਜਿਵੇਂ :-ਖਾਂਦੇ ਰਹੇ ਕੇਲੇ, ਤੇਰੇ ਸ਼ਹਿਰ ਵਿਚਫਿਰਦੇ ਅਕੇਲੇ, ਤੇਰੇ ਸ਼ਹਿਰ ਵਿਚਜਾਂ ਸ਼ਰਾਬ ਤੇ ਮੈਂ-ਖ਼ਾਨੇ ਦਾ ਜ਼ਿਕਰ ਤੇ ਜਾਂ ਔਰਤ ਦੇ ਨਾਜ਼ੋ ਨਖ਼ਰਿਆਂ ਦਾ ਜ਼ਿਕਰ ਇਨ੍ਹਾਂ ਵਿਚ ਵਜ਼ਨ ਤੇ ਬਹਿਰ ਪੱਖੋਂ ਕੋਈ ਘਾਟ ਨਹੀਂ ਸੀ ਹੁੰਦੀ। ਏਸੇ ਕਾਰਨ ਮੈਂ ਬੜੀ ਦੇਰ ਤੀਕਰ ਇਸ ਭਾਂਤ ਦੀ ਗ਼ਜ਼ਲ ਨੂੰ ਘ੍ਰਿਣਾ ਕਰਦਾ ਰਿਹਾ। ਫਿਰ ਇਕ ਵਕਤ ਅਜਿਹਾ ਵੀ ਆਇਆ ਕਿ ਸਮਾਜਕ ਚੁਗਿਰਦੇ ਵਿਚ ਬੜੀਆਂ ਸਪੱਸ਼ਟ ਤਬਦੀਲੀਆਂ ਵਾਪਰਨ ਲੱਗੀਆਂ। ਤਾਂ ਮੈਂ ਵੀ ਸਿਆਸੀ ਭਾਂਤ ਦੀ ਗ਼ਜ਼ਲ ਲਿਖਣੀ ਅਰੰਭ ਕੀਤੀ। ਹੌਲੀ-ਹੌਲੀ ਇਸ ਦੇ ਸ਼ਿਲਪ ਦਾ ਵੀ ਅਭਿਆਸ ਹੁੰਦਾ ਗਿਆ। ਮੈਂ ਅੱਜ ਤੀਕ ਕੋਈ ਉਸਤਾਦ ਨਹੀਂ ਧਾਰਿਆ ਸਗੋਂ ਅਜਿਹੇ ਅਖੌਤੀ ਉਸਤਾਦਾਂ ਦਾ ਮਖੌਲ ਉਡਾਇਆ ਹੈ, ਜੋ ਚੇਲਿਆਂ ਕੋਲੋਂ ਪੱਗਾਂ ਲੈ ਕੇ, ਕੱਛੇ ਮਾਰ ਕੇ ਤੁਰਦੇ ਬਣਦੇ ਹਨ। ਮੈਂ ਗ਼ਜ਼ਲ ਦੇ ਰੂਪ ਵਿਚ ਨਜ਼ਮ ਹੀ ਲਿਖ ਰਿਹਾ ਹੁੰਦਾ ਹਾਂ। ਅਰਥਾਤ ਤਕਨੀਕ ਗ਼ਜ਼ਲ ਦੀ, ਪਰ ਖ਼ਿਆਲ ਨੂੰ ਸਿਲਸਿਲੇ ਵਾਰ ਕਵਿਤਾ ਵਾਂਗ ਉਸਾਰਦਾ ਹਾਂ। ਅਰਥਾਤ ਮੈਂ ਮਸਲਸਲ- ਗ਼ਜ਼ਲ ਦਾ ਹਾਮੀ ਹਾਂ। ਗ਼ਜ਼ਲ ਵਿਚ ਹਰ ਸ਼ਿਅਰ ਦੇ ਵਖਰੇ-ਵਖਰੇ ਅਤੇ ਇਕ ਦੂਜੇ ਦੇ ਵਿਰੋਧੀ ਅਰਥਾਂ ਨੂੰ ਮੈਂ ਵਿਘਨਕਾਰੀ ਸਮਝਦਾ ਹਾਂ।
ਹੁਣ : ਤੁਸੀਂ ਯੂ.ਕੇ. ਅਮਰੀਕਾ, ਕਨੇਡਾ ਜਾ ਆਏ ਹੋ, ਪਰ ਹੋਰਨਾਂ ਸਮਕਾਲੀ ਲੇਖਕਾਂ ਵਾਂਗ ਨਾ ਤਾਂ ਗੇੜੇ ਤੇ ਗੇੜਾ ਮਾਰਦੇ ਹੋ ਤੇ ਨਾ ਹੀ ਉਥੇ ਕਦੀ ਵੱਸਣ ਦਾ ਸੋਚਿਆ ਹੈ। ਇਸ ਦਾ ਕਾਰਨ ਆਤਮਿਕ ਸੰਤੁਸ਼ਟੀ ਹੈ ਜਾਂ ਕੋਈ ਹੋਰ?ਹੁੰਦਲ : ਮੈਂ 1993 ਵਿਚ ਪ੍ਰਗਤੀਸ਼ੀਲ ਲੇਖਕ ਸਭਾ ਦੇ ਸੱਦੇ `ਤੇ ਚਾਰ ਮਹੀਨੇ ਲਈ ਇੰਗਲੈਂਡ ਗਿਆ ਸੀ ਤੇ ਫਿਰ 1997 ਵਿਚ ਅਮਰੀਕਾ, ਕਨੇਡਾ ਅਤੇ ਦੁਬਾਰਾ ਇੰਗਲੈਂਡ ਦਾ ਗੇੜਾ ਮਾਰ ਆਇਆ ਸੀ। ਯੂਰਪ ਦੀ ਜੀਵਨ ਸ਼ੈਲੀ ਬਾਰੇ ਮੈਂ ਅਪਣੇ ਪ੍ਰਭਾਵ ਯਾਤਰਾ ਲੇਖਾਂ ਵਿਚ ਅੰਕਿਤ ਕੀਤੇ ਸਨ। ਵਾਰ-ਵਾਰ ਬਾਹਰ ਗੇੜੇ ਮਾਰੀ ਜਾਣ ਦੇ ਕੀ ਅਰਥ? ਇਕ ਦੋ ਵਾਰ ਪੱਛਮੀ ਜੀਵਨ ਵੇਖ ਲਿਆ ਤੇ ਬਸ। ਮੈਂ ਬਾਹਰ ਜਾ ਕੇ ਅਪਣੇ ਛੋਟੇ ਲੜਕੇ ਕੋਲ ਨਹੀਂ ਵੱਸਣਾ। ਮੇਰਾ ਵੱਡਾ ਲੜਕਾ ਇਥੇ ਹੈ, ਜ਼ਮੀਨ ਤੇ ਘਰ ਹੈ ਤੇ ਸਾਡੀ ਪੈਨਸ਼ਨ, ਇਸ ਪੱਖੋਂ ਸੰਤੁਸ਼ਟ ਹਾਂ ਤੇ ਲਾਲਸਾ ਕੋਈ ਨਹੀਂ, ਨਾ ਹੀ ਭਟਕਣਾ ਹੈ। ਹਾਂ, ਕਦੇ-ਕਦੇ ਕਿਸੇ ਦੁਰਲੱਭ ਕਿਤਾਬ ਦੀ ਜੇ ਲੋੜ ਪੈਂਦੀ ਹੈ ਤਾਂ ਉਹ ਲੜਕੇ ਰਾਹੀਂ ਮੰਗਵਾ ਲਈਦੀ ਹੈ। ਨਾਲ ਹੀ ਅਸੀਂ ਇਥੋਂ ਦੇ ਪੇਂਡੂ ਜੀਵਨ ਅਤੇ ਮੌਸਮ ਦੇ ਆਦੀ ਹੋ ਚੁੱਕੇ ਹਾਂ। ਫਿਰ ਬਾਹਰਲੀ ਕੈਦ ਨੂੰ ਕਿਉਂ ਪ੍ਰਵਾਨ ਕਰੀਏ?
ਹੁਣ : ਸੋਗ-ਗੀਤ ਜਾਂ ਮਰਸੀਆ ਪੰਜਾਬੀ ਸਾਹਿਤ ਦਾ ਅੰਗ ਨਹੀਂ ਬਣਿਆ। ਤੁਸੀਂ ਇਸ ਦਾ ਕੀ ਕਾਰਨ ਸਮਝਦੇ ਹੋ? ਪੰਜਾਬੀ ਮਾਨਸਿਕਤਾ ਜਾਂ ਕੁਝ ਹੋਰ।
ਹੁੰਦਲ : ਰੋਣਾ-ਧੋਣਾ ਉਂਝ ਵੀ ਪੰਜਾਬੀਆਂ ਦੀ ਸ਼ਾਇਦ ਸਦੀਵੀਂ ਆਦਤ ਨਹੀਂ। ਪੰਜਾਬੀ ਲੋਕ-ਗੀਤਾਂ ਵਿਚ ਵੈਣ ਜਾਂ ਅਲਾਹੁਣੀਆਂ ਤਾਂ ਹਨ ਪਰ ਇਹ ਕੋਈ ਸਰਬ ਪ੍ਰਵਾਨਤ ਕਾਵਿ-ਰੂਪ ਨਹੀਂ ਬਣ ਸਕਿਆ। ਮੈਂ ਖ਼ੁਦ ਅਪਣੇ ਛੋਟੇ ਭਰਾ ਦੀ ਮੌਤ ਬਾਰੇ ਸੋਗ ਗੀਤ ਲਿਖਿਆ ਸੀ ਤੇ ਪਿਛੋਂ ਅਪਣੇ ਮਿੱਤਰਾਂ ਸ.ਸ. ਮੀਸ਼ਾ, ਮੇਜਰ ਪਿਆਰਾ ਸਿੰਘ ਬਾਰੇ ਅਤੇ ਵਿਸ਼ਵ-ਨਰਤਕੀ ਡੰਕਨ ਦੀ ਮੌਤ ਬਾਰੇ ਸੋਗ-ਕਵਿਤਾਵਾਂ ਲਿਖੀਆਂ ਹਨ ਪਰ ਇਹ ਮੇਰੀ ਸਮੁੱਚੀ ਕਾਵਿ-ਰਚਨਾ ਵਿਚ ਉਭਰਵਾਂ ਝੁਕਾ ਨਹੀਂ ਬਣਿਆ। ਛੋਟੇ ਭਰਾ ਕੁਲਬੀਰ ਹੁੰਦਲ ਬਾਰੇ ਲਿਖਿਆ ਸੋਗ ਗੀਤ ਜਦ ਵੀ ਪੜ੍ਹਾਂ ਤਾਂ ਭਾਵੁਕ ਹੋ ਰੋਣ ਲੱਗ ਪੈਂਦਾ ਹਾਂ। ਉਸ ਦੇ ਦੋ ਸ਼ਿਅਰ ਇੰਝ ਸਨ :-ਮੈਂ ਕਿ ਜਿਹੜਾ ਸੰਗਰਾਮਾਂ ਦੇ, ਗੀਤ ਸਦਾ ਸੀ ਗਾਉਂਦਾ,ਕਿਹੜੇ ਮੂੰਹ ਦੇ ਨਾਲ ਭਰਾਵਾ, ਅੱਜ ਮਰਸੀਆ ਗਾਵਾਂ।
ਕੌਣ ਬਲੀ ਹੈ, ਕੌਣ ਬਹਾਦਰ, ਐਵੇਂ ਕੂੜੇ ਦਾਅਵੇ,ਜਿਹੜਾ ਵੀ ਕੋਈ ਤਕੜਾ ਹੁੰਦਾ, ਹੁੰਦੈ ਨਾਲ ਭਰਾਵਾਂ। (9-11-86)
ਕਵੀ, ਕਵਿਤਾ ਅਤੇ ਆਲੋਚਨਾ
ਹੁਣ : ‘ਕਵੀ ਨੂੰ ਹਰ ਕਾਵਿ-ਰੂਪ ਦੀ ਮੁਹਾਰਤ ਹੋਣੀ ਚਾਹੀਦੀ ਹੈ` ਇਹ ਤੁਹਾਡਾ ਕਥਨ ਹੈ। ਕੀ ਇਹ ਸੰਭਵ ਹੈ? ਕਵਿਤਾ ਵਿਚ ਪ੍ਰਯੋਗ ਹੋਣੇ ਚਾਹੀਦੇ ਹਨ, ਪਰ ਕਿਸ ਤਰ੍ਹਾਂ ਦੇ?
ਹੁੰਦਲ : ਇਹ ਕਥਨ ਮੇਰਾ ਕਾਵਿ-ਆਦਰਸ਼ ਹੈ। ਅਸਲ ਵਿਚ ਹੋ-ਚੀ-ਮਿਨ ਦਾ ਕਥਨ ਹੈ ਕਿ ਕਵੀ ਨੂੰ ਹਮਲਾ ਕਰਨ ਦੀ ਜਾਚ ਵੀ ਹੋਣੀ ਚਾਹੀਦੀ ਹੈ। ਵਿਸ਼ਵ ਦੀ ਸਮੁੱਚੀ ਕਵਿਤਾ ਵਿਚ ਕਿੰਨੇ ਵੰਨ-ਸੁਵੰਨੇ ਕਾਵਿ-ਰੂਪ ਵੱਖ-ਵੱਖ ਭਾਸ਼ਾਵਾਂ ਵਿਚ ਹੋਣਗੇ, ਇਸ ਦਾ ਆਪਾਂ ਕੇਵਲ ਅਨੁਮਾਨ ਹੀ ਲਾ ਸਕਦੇ ਹਾਂ। ਵਿਸ਼ਵ ਦੀ ਹਰ ਭਾਸ਼ਾ ਦਾ ਅਪਣਾ-ਅਪਣਾ ਛੰਦ-ਪ੍ਰਬੰਧ, ਲੈ ਅਤੇ ਤਾਲ-ਪ੍ਰਬੰਧ ਹੁੰਦਾ ਹੈ, ਜਿਸ ਵਿਚ ਬੜੀਆਂ ਕਾਵਿ ਵੰਨਗੀਆਂ ਸੰਭਵ ਹਨ। ਪਰ ਅਖ਼ੀਰ ਅੰਗਰੇਜ਼ੀ ਦੇ ਰੋਮਾਂਟਿਕ ਕਵੀਆਂ ਨੇ 19ਵੀਂ ਸਦੀ ਵਿਚਕਾਰ ਖੁੱਲ੍ਹੀ-ਕਵਿਤਾ ਕਾਵਿ-ਰੂਪ ਵਿਕਸਿਤ ਤੇ ਪ੍ਰਚਲਿਤ ਕਰ ਕੇ ਪਰੰਪਰਾਵਾਦੀ ਕਾਵਿ-ਰੂਪਾਂ ਨੂੰ ਤਿਆਗ ਕੇ ਨਵੀਂ ਤੇ ਛੰਦ-ਮੁਕਤ ਕਾਵਿ-ਸ਼ੈਲੀ ਦਾ ਵਿਕਾਸ ਕੀਤਾ। ਸਾਡੇ ਸਮਕਾਲੀ ਕਵੀਆਂ ਸ.ਸ. ਮੀਸ਼ਾ, ਜਗਤਾਰ, ਤਾਰਾ ਸਿੰਘ ਸਾਰੇ ਹੀ ਗ਼ਜ਼ਲ ਗੀਤ ਤੇ ਖੁਲ੍ਹੀ ਪਰ ਲੈਅ-ਤਾਲ ਭਰੀ ਕਵਿਤਾ ਦੇ ਉਸਤਾਦ ਵੀ ਸਨ ਪਰ ਮੈਂ ਵੇਖਿਆ ਕਿ ਕਈ ਕਵੀ ਜੇ ਗ਼ਜ਼ਲ ਨਾਲ ਜੁੜ ਜਾਂ ਬੱਝ ਜਾਂਦੇ ਹਨ, ਤਾਂ ਫਿਰ ਉਨ੍ਹਾਂ ਕੋਲੋਂ ਸਫ਼ਲ ਨਜ਼ਮ ਨਹੀਂ ਲਿਖ ਹੁੰਦੀ। ਕਾਰਨ ਇਹ ਹੈ ਕਿ ਕਵੀ ਨੂੰ ਨਿਤਾ-ਪ੍ਰਤੀ ਜੀਵਨ ਵਿਚੋਂ ਸੁਝਦੇ ਜਾਂ ਫੁਰਦੇ ਖ਼ਿਆਲ ਇਕੋ ਹੀ ਰੂਪ ਧਾਰ ਕੇ ਪ੍ਰਗਟ ਨਹੀਂ ਹੁੰਦੇ। ਹਰ ਖ਼ਿਆਲ ਕੇਵਲ ਗ਼ਜ਼ਲ ਵਿਚ ਹੀ ਬੱਝ ਜਾਵੇ, ਇਹ ਕੁਝ ਸੰਭਵ ਨਹੀਂ ਹੈ। ਅਜਾਇਬ ਚਿੱਤਰਕਾਰ ਗ਼ਜ਼ਲ ਦਾ ਉਸਤਾਦ ਕਵੀ ਸੀ ਪਰ ਨਜ਼ਮ ਵਿਚ ਸਫ਼ਲ ਨਹੀਂ ਹੋਇਆ। ਹੋਰ ਵੀ ਕਈ ਮਿਸਾਲਾਂ ਦਿੱਤੀਆਂ ਜਾ ਸਕਦੀਆਂ ਹਨ। ਉਂਜ ਵੀ ਇਸ ਵਿਸ਼ੇ ਉਤੇ ਪੰਜਾਬੀ ਵਿਚ ਕਦੇ ਖੁਲ੍ਹ ਕੇ ਵਿਚਾਰ-ਚਰਚਾ ਨਹੀਂ ਹੋਈ। ਰਹੀ ਗੱਲ ਨਵੇਂ ਪ੍ਰਯੋਗਾਂ ਦੀ। ਮੈਂ ਨਵੇਂ ਪ੍ਰਯੋਗਾਂ ਦੇ ਵਿਰੁੱਧ ਨਹੀਂ, ਪਰ ਪ੍ਰਯੋਗ ਸਾਰਥਕ ਤੇ ਪਾਠਕ ਮੁਖੀ ਹੋਣ ਤੇ ਜੀਵਨ ਦੀਆਂ ਵਿਭਿੰਨ ਪਰਤਾਂ ਨੂੰ ਸਫ਼ਲਤਾ-ਪੂਰਵਕ ਤੇ ਪ੍ਰਭਾਵਸ਼ਾਲੀ ਰੂਪ ਵਿਚ ਪ੍ਰਗਟ ਕਰਨ ਵਾਲੇ ਹੋਣ।
ਹੁਣ : ਤੁਸੀਂ ਅਪਣੇ ਆਲੋਚਕਾਂ ਤੋਂ ਮੰਗ ਕੀਤੀ ਹੈ ਕਿ ਉਹ ਤੁਹਾਡੀ ਸਮਰੱਥਾ ਤੋਂ ਪਾਰ ਜਾ ਕੇ ਕੋਈ ਨਵੇਂ ਧਰਾਤਲ ਉਜਾਗਰ ਕਰਨ। ਤੁਸੀਂ ਅਸਲ ਵਿਚ ਆਲੋਚਕਾਂ ਤੋਂ ਚਾਹੁੰਦੇ ਕੀ ਹੋ?
ਹੁੰਦਲ : ਮੇਰੀ ਰਾਏ ਹੈ ਕਿ ਆਲੋਚਕ ਸਮਰੱਥ ਹੋਵੇ। ਉਹ ਸੁਹਿਰਦ ਤੇ ਵੱਡਾ ਚਿੰਤਕ ਹੋਵੇ। ਵਿਚਾਰ-ਅਧੀਨ ਕਵੀ ਦੀ ਸਮੁੱਚੀ ਕਾਵਿ ਰਚਨਾ ਦੀ ਬੇਲਾਗ ਆਲੋਚਨਾ ਕਰਦਿਆਂ ਉਹ ਉਸ ਲਈ ਕਲਪਨਾ ਦੇ ਕੋਈ ਨਵੇਂ ਧਰਾਤਲ ਉਜਾਗਰ ਕਰੇ, ਨਵੀਆਂ ਚੁਣੌਤੀਆਂ ਪੇਸ਼ ਕਰੇ। ਮੇਰੇ ਤੀਸਰੇ ਕਾਵਿ-ਸੰਗ੍ਰਹਿ ‘ਅਸਲ ਗੱਲ` ਦੀਆਂ ਵਧੇਰੇ ਕਵਿਤਾਵਾਂ ਮਕੈਨੀਕਲ ਭਾਂਤ ਦੀਆਂ ਤੇ ਪ੍ਰਚਾਰ-ਮਈ ਸਨ। ਆਲੋਚਕਾਂ ਨੇ ਮੇਰੇ ਧਿਆਨ ਵਿਚ ਇਹ ਗੱਲਾਂ ਲਿਆਂਦੀਆਂ ਤਾਂ ਮੈਂ ਇਸ ਪ੍ਰਤੀ ਸੁਚੇਤ ਤੇ ਚੌਕਸ ਹੋ ਗਿਆ। ਸਿੱਟੇ ਵਜੋਂ ‘ਕਾਲੇ ਦਿਨ’ ਸੰਗ੍ਰਹਿ ਵਿਚ ਨਵੇਂ ਰੰਗ ਤੇ ਲਹਿਜੇ ਦੀਆਂ ਕਵਿਤਾਵਾਂ ਪ੍ਰਗਟ ਹੋਈਆਂ। ਜੇ ਮੇਰੇ ਆਲੋਚਕ, ਮੇਰਾ ਇਸ ਪਾਸੇ ਧਿਆਨ ਨਾ ਦਿਵਾਉਂਦੇ ਤਾਂ ਸੰਭਵ ਹੈ ਮੈਂ ਅਪਣੇ ਇਸ ਪੱਖ ਬਾਰੇ ਸੁਚੇਤ ਨਾ ਹੁੰਦਾ।
ਹੁਣ : ਕੀ ਤੁਹਾਡੇ ਸਮੁੱਚੇ ਕੰਮ ਬਾਰੇ ਆਲੋਚਕਾਂ ਵੱਲੋਂ ਕੀਤੀ ਆਲੋਚਨਾ ਅਥਵਾ ਚਰਚਾ ਤੋਂ ਤੁਸੀਂ ਸੰਤੁਸ਼ਟ ਹੋ?
ਹੁੰਦਲ : ਮੇਰੇ ਕੀਤੇ ਕੰਮ ਬਾਰੇ ਤਿੰਨ ਚਾਰ ਫ਼ਾਈਲਾਂ ਭਰੀਆਂ ਪਈਆਂ ਹਨ। ਇਨ੍ਹਾਂ ਵਿਚਲੇ ਕਵਿਤਾ ਬਾਰੇ ਚੋਣਵੇ ਲੇਖ ਪਿਛਲੇ ਸਾਲ ਮੇਰੇ ਲੜਕੇ ਨੇ ਸੰਪਾਦਨ ਕਰ ਕੇ ਇਕ ਵੱਡੀ ਪੁਸਤਕ ਤਿਆਰ ਕੀਤੀ ਸੀ, ਜਿਸ ਦਾ ਨਾਂ ਹੈ ‘ਹੁੰਦਲ ਦਾ ਕਾਵਿ-ਚਿੰਤਨ`। ਇੰਜ ਮੇਰੀ ਵਾਰਤਕ ਤੇ ਮੇਰੇ ਕੀਤੇ ਅਨੁਵਾਦ ਕਾਰਜ ਬਾਰੇ ਦੋ ਪੁਸਤਕਾਂ ਤਿਆਰ ਹੋ ਸਕਣੀਆਂ ਹਨ। ਹੌਲੀ-ਹੌਲੀ ਇਹ ਕੰਮ ਵੀ ਹੋ ਜਾਵੇਗਾ। ਮੇਰੇ ਸਮੁੱਚੇ ਕੰਮ ਬਾਰੇ ਖੋਜ ਕਰਨ ਲਈ ਵਿਦਿਆਰਥੀ ਅਕਸਰ ਹੀ ਮੈਟਰ ਪ੍ਰਾਪਤ ਕਰਨ ਲਈ ਮੇਰੇ ਪਿੰਡ ਆਉਂਦੇ ਰਹਿੰਦੇ ਹਨ। ਮੈਂ ਇਸ ਪੱਖੋਂ ਸੰਤੁਸ਼ਟ ਹਾਂ ਤੇ ਮੈਨੂੰ ਆਲੋਚਕਾਂ ਬਾਰੇ ਕੋਈ ਗਿਲਾ ਨਹੀਂ ਹੈ।
ਹੁਣ : ਤੁਸੀਂ ਕਵਿਤਾ ਦੀ ਸਿਰਜਣ-ਪ੍ਰਕਿਰਿਆ ਬਾਰੇ ਕਾਫ਼ੀ ਕਵਿਤਾਵਾਂ ਲਿਖੀਆਂ ਹਨ। ਇਸ ਦਾ ਕੀ ਕਾਰਨ ਸੀ।ਹੁੰਦਲ : ਹਰ ਕਵੀ ਦਾ ਕਵਿਤਾ ਬਾਰੇ ਸੰਕਲਪ ਵੱਖਰਾ-ਵੱਖਰਾ ਹੁੰਦਾ ਹੈ। ਅਜਿਹੀਆਂ ਕਵਿਤਾਵਾਂ ਲਿਖ ਕੇ ਕਵੀ ਖ਼ੁਦ ਨੂੰ ਪ੍ਰਭਾਸ਼ਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਸ ਪ੍ਰਕਿਰਿਆ ਨੂੰ ਮੈਟਾ ਕਵਿਤਾ ਆਖਦੇ ਹਨ। ਅਜਿਹੀਆਂ ਕਵਿਤਾਵਾਂ ਸਬੰਧਤ ਕਵੀ ਦੀ ਕਾਵਿ-ਧਾਰਨਾ ਨੂੰ ਸਮਝਣ ਵਿਚ ਸਹਾਇਤਾ ਕਰਦੀਆਂ ਹਨ। ਨਾਲ ਹੀ ਇਹ ਇਕ ਨਵੀਂ ਵਿਧੀ ਦੀ ਵਰਤੋਂ ਹੁੰਦੀ ਹੈ।
ਅਨੁਵਾਦ ਦੀ ਵਿਧੀ
ਹੁਣ : ਚਲੋ ਤੁਹਾਡੀ ਬਦੇਸ਼ੀ ਕਵੀਆਂ ਦੀ ਅਨੁਵਾਦ ਕੀਤੀ ਕਵਿਤਾ ਦੀ ਗੱਲ ਕਰੀਏ। ਇਸ ਸਬੰਧੀ ਸਾਡੇ ਮਨ ਵਿਚ ਕਈ ਸਵਾਲ ਹਨ। ਪਹਿਲੀ ਗੱਲ ਕਵਿਤਾ ਇਕੱਠੀ ਕਰਨ ਦੀ ਹੈ। ਦੂਸਰਾ ਚੋਣ ਦਾ ਆਧਾਰ ਕੀ ਸੀ? ਅਨੁਵਾਦ ਦੀ ਵਿਧੀ ਕੀ ਅਪਣਾਈ ਗਈ। ਕਿਸ ਭਾਸ਼ਾ ਵਿਚੋਂ ਅਨੁਵਾਦ ਕੀਤੀ ਗਈ ਤੇ ਇਸ ਨੂੰ ਪਾਠਕਾਂ ਦਾ ਕਿਸ ਤਰ੍ਹਾਂ ਦਾ ਹੁੰਗਾਰਾ ਮਿਲਿਆ?
ਹੁੰਦਲ : ਭਾਈ! ਤੁਸੀਂ ਚਾਰ ਪੰਜ ਸਵਾਲ `ਕੱਠੇ ਈ ਕਰ ਦਿੰਨੇ ਓਂ। ਵੈਸੇ ਵੀ, ਅਜੇ ਵੀ ਇਸ ਖੇਤਰ ਨਾਲ ਸਬੰਧਤ ਇਕ ਦੋ ਸਵਾਲ ਰਹਿ ਗਏ ਨੇ। ਪਹਿਲੀ ਗੱਲ ਕਵੀਆਂ ਦੇ ਕਾਵਿ-ਸੰਗ੍ਰਹਿ `ਕੱਠੇ ਕਰਨ ਦੀ ਸੀ। ਮੈਂ ਦੋ ਵਾਰ ਇੰਗਲੈਂਡ, ਅਮਰੀਕਾ ਤੇ ਕਨੇਡਾ ਗਿਆਂ। ਉਥੇ ਰਹਿੰਦੇ ਕਵੀਆਂ ਦੀਆਂ ਘਰੇਲੂ ਲਾਇਬ੍ਰੇਰੀਆਂ ਵਿਚੋਂ ਮਿਲਦੀਆਂ ਕਿਤਾਬਾਂ ਇਕੱਠੀਆਂ ਕੀਤੀਆਂ। ਮੇਰੇ ਕੋਲ ਅੰਬਰਸਰੋਂ ਖ਼ਰੀਦੀ ਇਕ ਕਿਤਾਬ ਸੀ, ਜਿਹਦਾ ਨਾਂ ਸੀ ‘ਪੰਜਾਹ ਯੂਰਪੀ ਕਵੀ`। ਇਸ ਵਿਚ ਵਿਸ਼ਵ ਦੇ ਕਵੀਆਂ ਬਾਰੇ ਲਿਖੇ ਲੇਖ ਤੇ ਉਨ੍ਹਾਂ ਦੇ ਛਪੇ ਜਾਂ ਅਨੁਵਾਦ ਕੀਤੇ ਕਾਵਿ ਸੰਗ੍ਰਹਿਆਂ ਬਾਰੇ ਕਾਫ਼ੀ ਜਾਣਕਾਰੀ ਸੀ। ਉਥੋਂ ਮੈਨੂੰ ਕਵੀਆਂ ਦਾ ਪੂਰਾ ਪਤਾ ਲੱਗ ਗਿਆ। ਉਸ ਜਾਣਕਾਰੀ ਅਨੁਸਾਰ ਮੈਂ ਕਵੀਆਂ ਦੀ ਚੋਣ ਕਰ ਲਈ। ਬਾਹਰ ਜਾ ਕੇ ਕਈ ਕਿਤਾਬਾਂ, ਮਿੱਤਰਾਂ ਦੇ ਘਰੋਂ ਮੁਫ਼ਤ ਮਿਲ ਗਈਆਂ ਤੇ ਕੁਝ ਖ਼ਰੀਦ ਵੀ ਲਈਆਂ। ਮੇਰੀ ਚੋਣ ਦਾ ਆਧਾਰ ਰਾਜਸੀ/ਸਾਹਿਤਕ ਸੀ। ਮਾਇਆਕੋ-ਵਸਕੀ ਤੋਂ ਮੈਂ ਕੰਮ ਸ਼ੁਰੂ ਕੀਤਾ। ਉਸ ਦੀ ਕਵਿਤਾ ਮੈਂ 1988 ਵਿਚ ਅਨੁਵਾਦ ਕੀਤੀ, ਤੇ ਇਸ `ਤੇ ਮੈਨੂੰ ‘ਸੋਵੀਅਤ ਲੈਂਡ ਪੁਰਸਕਾਰ` ਪ੍ਰਾਪਤ ਹੋਇਆ। ਇਸ ਨਾਲ ਮੇਰਾ ਹੌਸਲਾ ਵੱਧ ਗਿਆ। ਫਿਰ ਮੈਂ ਪਾਬਲੋ ਨੇਰੂਦਾ ਦੀ ਕਵਿਤਾ `ਕੱਠੀ ਕੀਤੀ। ਮੇਰੇ ਕੋਲ ਉਸ ਦੇ ਪੰਦਰਾਂ ਦੇ ਕਰੀਬ ਕਾਵਿ ਸੰਗ੍ਰਹਿ ਹੋ ਗਏ। ਇਸ ਪਿਛੋਂ ਮੈਂ ਨਾਲ ਦੀ ਨਾਲ ਸਰਗੇਈ ਯੈਸੇਨਿਨ, ਲੋਰਕਾ, ਨਾਜ਼ਿਮ ਹਿਕਮਤ, ਬ੍ਰੈਖ਼ਤ, ਮਹਿਮੂਦ ਦਰਵੇਸ਼ ਆਦਿ ਵਿਸ਼ਵ ਕਵੀਆਂ ਦੀਆਂ ਕਾਵਿ ਰਚਨਾਵਾਂ ਵੀ ਪ੍ਰਾਪਤ ਕੀਤੀਆਂ। ਸਵਾਲ ਤਾਂ ਇਨ੍ਹਾਂ ਕਵੀਆਂ ਦੀ ਰਚਨਾ ਪੜ੍ਹਨ, ਸਮਝਣ ਅਤੇ ਪੰਜਾਬੀ ਵਿਚ ਅਨੁਵਾਦ ਕਰਨ ਦਾ ਸੀ। ਮੇਰੇ ਕੋਲ ਚੰਗੀਆਂ ਅੰਗਰੇਜ਼ੀ ਡਿਕਸ਼ਨਰੀਆਂ ਸਨ, ਜਿਨ੍ਹਾਂ ਦੀ ਮੈਂ ਕਦੇ ਵਰਤੋਂ ਨਹੀਂ ਸੀ ਕੀਤੀ। ਸਕੂਲ ਤੋਂ ਲੱਗ ਕੇ ਬੀ.ਏ. ਤੀਕ ਮੇਰੀ ਅੰਗਰੇਜ਼ੀ ਆਮ ਵਿਦਿਆਰਥੀਆਂ ਨਾਲੋਂ ਚੰਗੀ ਸੀ ਪਰ ਮੈਂ ਕਦੇ ਇਸ ਨੂੰ ਹੋਰ ਚੰਗੇਰੀ ਬਣਾਉਣ ਦਾ ਸੁਚਤੇ ਉਪਰਾਲਾ ਨਹੀਂ ਕੀਤਾ ਸੀ। ਏਤਰਾਂ ਮੈਂ ਅਨੁਵਾਦ ਕਰਦੇ ਸਮੇਂ ਰਾਤ ਦਿਨ ਔਖੇ ਸ਼ਬਦਾਂ ਦੇ ਅਰਥ ਭਾਲਣ ਡਹਿ ਪਿਆ। ਅਨੁਵਾਦ ਕਰਦੇ ਸਮੇਂ ਜੇ ਕੋਈ ਕਵਿਤਾ ਮੇਰੀ ਪਕੜ ਵਿਚ ਨਾ ਆਉਂਦੀ ਤਾਂ ਮੈਂ ਛੱਡ ਦਿਆਂ ਕਰਾਂ। ਕੇਵਲ ਉਹੀ ਕਵਿਤਾ ਅਨੁਵਾਦ ਕਰਦਾ ਸੀ, ਜੋ ਮੇਰੀ ਪਕੜ ਵਿਚ ਆਉਂਦੀ ਸੀ। ਏਤਰਾਂ ਕਰਦਿਆਂ ਮੈਂ ਗ਼ਲਤੀਆਂ ਕਰਨ ਤੋਂ ਬਚ ਗਿਆ। ਸ਼ਾਇਦ ਮੇਰੀ ਸਫ਼ਲਤਾ ਦਾ ਇਕ ਕਾਰਨ ਇਹ ਵੀ ਸੀ। ਤੁਸੀਂ ਪੁਛਦੇ ਹੋ ਕਿ ਕਵਿਤਾ ਦੇ ਅਨੁਵਾਦ ਦੀ ਵਿਸ਼ਵ ਪੱਧਰ ਉਤੇ ਕਿਹੜੀ ਵਿਧੀ ਪ੍ਰਚਲਤ ਜਾਂ ਸਰਬ ਪ੍ਰਵਾਨਤ ਹੈ। ਇਸ ਖੇਤਰ ਵਿਚ ਸਾਬਕਾ ਸੋਵੀਅਤ-ਰੂਸ ਦੇ ਵਿਦਵਾਨਾਂ ਨੇ, ਕੁਝ ਅਪਣੇ ਵਖਰੇ ਤਜ਼ਰਬੇ ਵੀ ਕੀਤੇ ਸਨ। ਉਨ੍ਹਾਂ ਸੋਵੀਅਤ ਸਾਹਿਤ ਤੇ ਨਾਲ ਹੀ ਕਵਿਤਾ ਦੇ ਅਨੁਵਾਦ ਲਈ ਕੁਝ ਬੁਨਿਆਦੀ ਅਸੂਲ ਜਾਂ ਵਿਧੀ ਵੀ ਚਾਲੂ ਕੀਤੀ। ਉਹ ਇਸ ਬਾਰੇ ਵਿਸ਼ਵ ਦੇ ਸੋਵੀਅਤ ਸਾਹਿਤ ਦੇ ਮੇਰੇ ਵਰਗੇ ਬਾਹਰਲੇ ਅਨੁਵਾਦਕਾਂ ਦੀਆਂ ਕੌਮਾਂਤਰੀ ਕਾਨਫ਼ਰੰਸਾਂ ਵੀ ਕਰਨ ਡਏ ਸਨ ਤੇ ਇਨ੍ਹਾਂ ਸੈਮੀਨਾਰਾਂ ਦੀਆਂ ਕਾਰਵਾਈ ਰਿਪੋਰਟਾਂ ‘ਸੋਵੀਅਤ ਸਾਹਿਤ` ਮਾਸਕ ਪੱਤ੍ਰਿਕਾ ਵਿਚ ਛਪਦੀਆਂ ਸਨ। ਮੇਰੇ ਧਿਆਨ ਵਿਚ ਅਜਿਹੀਆਂ ਰਿਪੋਰਟਾਂ ਵੀ ਆਈਆਂ। ਕਾਵਿ-ਅਨੁਵਾਦ ਦੀ ਆਮ ਪ੍ਰਚਲਤ ਵਿਧੀ ਸੀ ਕਿ ਕਵਿਤਾ ਨੂੰ ਪੜ੍ਹ ਕੇ, ਉਸ ਵਿਚਲੇ ਕਾਵਿਕ-ਖ਼ਿਆਲ ਨੂੰ ਦੂਸਰੀ ਭਾਸ਼ਾ ਵਿਚ ਵਾਰਤਕ ਵਿਚ ਢਾਲ ਦੇਣਾ। ਇਹ ਰਚਨਾਤਮਕ ਵਿਧੀ ਨਹੀਂ ਗਿਣੀ ਜਾਂਦੀ। ਇਕ ਵਿਧੀ ਹੈ ਕਿ ਕਿਸੇ ਕਵਿਤਾ ਨੂੰ ਪੜ੍ਹ ਕੇ ਫਿਰ ਉਸ ਨੂੰ ਕਿਸੇ ਢੁਕਵੇਂ ਕਾਵਿਕ ਰੂਪ ਜਾਂ ਛੰਦ-ਚਾਲ ਵਿਚ ਢਾਲ ਕੇ ਕਾਵਿਕ-ਰੂਪ ਦੇਣਾ, ਮਤਲਬ ਕਿ ਨਵੇਂ ਰੂਪ ਵਿਚ ਕਵਿਤਾ ਸਿਰਜਣੀ। ਇਹ ਅਨੁਵਾਦ ਵਿਧੀ ਉਚਤਮ ਪੱਧਰ ਦੀ ਐ। ਮੈਂ ਇਹ ਤਿੰਨੇ ਵਿਧੀਆਂ ਅਨੁਵਾਦ ਵੇਲੇ ਵਰਤੀਆਂ ਨੇ। ਕਈ ਵਾਰ ਕਵਿਤਾ ਦੇ ਅਨੁਵਾਦ ਕਰਨ ਵੇਲੇ ਕੁਝ ਖੁਲ੍ਹਾਂ ਵੀ ਲੈਣੀਆ ਪੈਂਦੀਆਂ ਨੇ। ਸਾਡੇ ਸਾਹਮਣੇ ਪੰਜਾਬੀ ਵਿਚ ਮੈਥੀਓ ਆਰਨਡ ਦੇ ਮਹਾਂ-ਕਾਵਿ ‘ਏਸ਼ੀਆ ਦਾ ਚਾਨਣ` ਦੀ ਮਿਸਾਲ ਐ। ਇਹ ਅਨੁਵਾਦ ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੇ ਵੀ ਕੀਤਾ ਸੀ ਪਰ ਵਾਰਤਕਮਈ ਰੂਪ ਵਿਚ। ਦੂਸਰਾ ਅਨੁਵਾਦ ਪ੍ਰੋ. ਮੋਹਨ ਸਿੰਘ ਦਾ ਸੀ। ਉਸ ਵਿਚੋਂ ਇਕ ਪੰਗਤੀ ਏਤਰਾਂ ਐਂ ਬਈ :ਕਪਲ-ਵਸਤੂ ਦੀਆਂ ਸੁੰਦਰੀਆਂ, ਆਈਆਂ ਹੁੰਮ ਹੁਮਾਰੂਪ -ਜਵਾਨੀ ਹੁਸਨ ਦਾ, ਵਗੇ ਪਿਆ ਦਰਿਆਗੁੰਦੇ ਅੰਦਰ ਮੀਡੀਆਂ, ਕਾਲੇ ਵਾਲੇ ਮਹੀਨਲੰਮ-ਸਲੰਮੀਆਂ ਗੁਤਨੀਆਂ, ਝੁਕ ਝੁਕ ਛੋਹਣ ਜ਼ਮੀਨ।ਮੇਰੇ ਕੀਤੇ ਕਾਵਿ-ਅਨੁਵਾਦ ਬਾਰੇ ਵਿਦਵਾਨਾਂ ਦੇ ਰਿਵਿਊ ਤਾਂ ਵੱਖ-ਵੱਖ ਅਖ਼ਬਾਰਾਂ ਵਿਚ ਅਕਸਰ ਛਪਦੇ ਰਹੇ ਨੇ, ਪਰ ਇਸ ਕੀਤੇ ਕਾਰਜ ਦਾ ਨਿੱਠ ਕੇ ਵਿਸ਼ਲੇਸ਼ਣ ਤੇ ਮੁਲਾਂਕਣ ਨਹੀਂ ਕੀਤਾ ਗਿਆ। ਖ਼ੈਰ, ਮੈਂ ਨਿੱਜੀ ਪੱਧਰ `ਤੇ ਵੀ ਅਜਿਹਾ ਕੋਈ ਉਪਰਾਲਾ ਨਹੀਂ ਕੀਤਾ, ਕਿਉਂਕਿ ਇਹ ਕੰਮ ਕੋਈ ਸੰਸਥਾ ਹੀ ਕਰੇ ਤਾਂ ਠੀਕ ਹੈ। ਸਭ ਤੋਂ ਵੱਧ ਕੰਮ ਮੈਂ ਪਾਬਲੋ ਨੇਰੂਦਾ ਬਾਰੇ ਕੀਤੈ। ਕਵਿਤਾ ਦੇ ਉਸ ਬਾਰੇ ਅਨੁਵਾਦ ਦੀਆਂ ਮੇਰੀਆਂ ਦੋ ਪੁਸਤਕਾਂ ਛਪੀਆਂ ਨੇ, ਜਿਨ੍ਹਾਂ ਦੇ 400 ਦੇ ਕਰੀਬ ਸਫ਼ੇ ਬਣਦੇ ਨੇ। ਉਸ ਦੀ ਸਵੈ-ਜੀਵਨੀ ਦੇ ਅਨੁਵਾਦ ਦੇ ਨਾਲ-ਨਾਲ ਮੈਂ ਉਸ ਦੇ ਚੋਣਵੇਂ ਵਾਰਤਕ-ਨਿਬੰਧਾਂ ਦਾ ਅਨੁਵਾਦ ਵੀ ਛਾਪਿਐ। ਖ਼ੈਰ, ਇੰਜ ਹੀ ਨਾਜ਼ਿਮ ਹਿਕਮਤ ਬਾਰੇ ਅਨੁਵਾਦ ਦੇ ਵੀ 400 ਦੇ ਕਰੀਬ ਸਫ਼ੇ ਬਣਦੇ ਨੇ। ਮਹਿਮੂਦ ਦਰਵੇਸ਼ ਦਾ ਅਨੁਵਾਦ ਕਰਨਾ ਬਹੁਤ ਈ ਔਖਾ ਸੀ। ਉਸ ਬਾਰੇ ਮੈਂ ਇਹਨੀ ਦਿਨੀਂ ਆਲੋਚਨਾ ਦੀ ਪੁਸਤਕ ਵੀ ਛਾਪੀ ਹੈ, ‘ਦਰਵੇਸ਼ ਦਾ ਕਾਵਿ-ਚਿੰਤਨ`।
ਹੁਣ : ਹੁਣ ਤੀਕ ਤੁਸੀਂ ਕਿਹੜੇ-ਕਿਹੜੇ ਕਵੀ ਅਨਵਾਦ ਕਰ ਚੁੱਕੇ ਹੋ?ਹੁੰਦਲ : ਮਾਇਆ ਕੋਵਸਕੀ, ਪਾਬਲੋ ਨੇਰੂਦਾ, ਨਾਜ਼ਿਮ ਹਿਕਮਤ, ਮਹਿਮੂਦ ਦਰਵੇਸ਼, ਮੁਈਨ ਬਸੀਸੋ, ਸਰਗੇਈ ਯੈਨੇਸਿਨ, ਬਰਤੋਲਤ ਬ੍ਰੈਖ਼ਤ, ਲੋਰਕਾ, ਫ਼ੈਜ਼ ਅਹਿਮਦ ਫ਼ੈਜ਼ ਅਤੇ ਪੰਜ ਹੋਰ ਵਿਸ਼ਵ ਕਵੀ। ਇਸ ਤੋਂ ਬਿਨਾਂ ਚੀਨ, ਵੀਅਤਨਾਮ ਅਤੇ ਫ਼ਲਸਤੀਨ ਦੀ ਚੋਣਵੀ ਕਵਿਤਾ ਜੋ ਅਜੇ ਅਣਪਛੀ ਪਈ ਐ।ਖੱਟੀ ਕਮਾਈਹੁਣ : ਇਸ ਸਾਰੇ ਕੀਤੇ ਕਾਰਜ ਨਾਲ ਤੁਸੀਂ ਕੀ ਖੱਟਿਆ, ਕਮਾਇਆ ਹੈ?
ਹੁੰਦਲ : ਹਾ..ਹਾ..ਪਹਿਲੀ ਗੱਲ ਤੇ, ਇਹ ਕੰਮ ਪੈਸੇ ਕਮਾਉਣ ਲਈ ਨਹੀਂ ਸਾਂ ਕਰ ਰਿਹਾ। ਬੱਸ ਏਤਰਾਂ ਕਹਿ ਲਓ ਬਈ ਇਹ ਮੇਰੇ ਸ਼ੌਕ ਦੀ ਪੂਰਤੀ ਹਿੱਤ ਐ। ਘਰ ਜਲਾ ਕੇ ਤਮਾਸ਼ਾ ਵੇਖਣ ਵਰਗੀ ਗੱਲ। ਸਗੋਂ ਇਨ੍ਹਾਂ ਪੁਸਤਕਾਂ ਦੀ ਛਪਾਈ ਵਿਚ ਕੁਝ ਕੋਲੋਂ ਵੀ ਖਰਚਣਾ ਪੈਂਦਾ ਰਿਹਾ ਏ। ਪਰ ਮਾਨਸਿਕ ਤਸੱਲੀ ਬੜੀ ਹੋਈ ਐ। ਨਾਲੇ ਜਨੂੰਨ ਦਾ ਵੀ ਇਕ ਦੌਰ ਹੁੰਦੈ। ਇਹ ਸਾਰੇ ਅਨੁਵਾਦ ਅੰਗਰੇਜ਼ੀ ਤੋਂ ਕੀਤੇ ਨੇ।
ਹੁਣ : ਤੁਸੀਂ ਗ਼ਜ਼ਲ ਵੀ ਲਿਖੀ ਹੈ ਤੇ ਖੁਲ੍ਹੀ ਕਵਿਤਾ ਵੀ। ਪਰ ਇੰਜ ਪ੍ਰਤੀਤ ਹੁੰਦਾ ਹੈ ਕਿ ਵਧੇਰੇ ਸਫ਼ਲਤਾ ਤੁਹਾਨੂੰ ਗ਼ਜ਼ਲ ਵਿਚ ਮਿਲੀ ਹੈ। ਤੁਹਾਡੀ ਰਾਏ?
ਹੁੰਦਲ : ਅ..ਅ..ਮੁੱਖ ਤੌਰ `ਤੇ ਮੈਂ.. ਗ਼ਜ਼ਲ ਦਾ ਸ਼ਾਇਰ ਨਈਂ ਆਂ। ਇਹ ਮੈਂ ਕਦੇ-ਕਦੇ ਈ ਲਿਖਦਾਂ। ਦੋ-ਤਿੰਨ ਕੁ ਸਾਲ ਪਹਿਲਾਂ, 2010 ਵਿਚ ਆ ਕੇ ਮੈਂ ਅਪਣੀਆਂ ਗ਼ਜ਼ਲਾਂ ਨੂੰ ਇਕ ਸੰਗ੍ਰਹਿ `ਚ `ਕੱਠਾ ਕੀਤੈ। ਇਹ 200 ਦੇ ਕਰੀਬ ਨੇ। ਮੈਂ ਆਜ਼ਾਦ ਨਜ਼ਮ ਦਾ ਸ਼ਾਇਰ ਆਂ। ਉਂਝ ਮੈਂ ਤਿੰਨ ਲੰਮੀਆਂ ਕਵਿਤਾਵਾਂ ਦੀਆਂ ਪੁਸਤਕਾਂ ਬੈਂਤ ਛੰਦ ਵਿਚ ਲਿਖੀਆਂ ਨੇ ‘ਜੰਗਨਾਮਾ ਪੰਜਾਬ`, ‘ਵਿਅੰਗਨਾਮਾ` ਤੇ ‘ਦੋਸਤੀਨਾਮਾ`। ਮੈਂ ਹਰ ਕਾਵਿ-ਰੂਪ ਦੀ ਵਰਤੋਂ ਕੀਤੀ ਐ। ਮੈਂ ਆਜ਼ਾਦ ਨਜ਼ਮ ਦੀ ਸਮਰਥਾ ਤੇ ਸ਼ਕਤੀ ਦਾ ਕਾਇਲ ਆਂ। ਇਹ ਕਾਵਿ-ਰੂਪ ਵਿਸ਼ਵ ਭਰ ਦੀਆਂ ਹਜ਼ਾਰਾਂ ਭਾਸ਼ਾਵਾਂ ਦਾ ਅਪਣਾ ਅਪਣਾ ਛੰਦ-ਸ਼ਾਸਤਰ ਤੇ ਵੰਨ-ਸੁਵੰਨੇ ਕਾਵਿ-ਰੂਪ ਪ੍ਰਚਲਤ ਹਨ, ਜਿਨ੍ਹਾਂ ਦਾ ਵੇਰਵਾ ਦੇਣਾ ਸੰਭਵ ਨਹੀਂ। ਖੁਲ੍ਹੀ ਕਵਿਤਾ ਦੀਆਂ ਵੀ ਕਈ ਵੰਨਗੀਆਂ ਨੇ। ਲੈਅ ਅਤੇ ਤਾਲ ਦੇ ਆਧਾਰ `ਤੇ ਇਸ ਵਿਚ ਕਈ ਤਜ਼ਰਬੇ ਹੋਏ ਨੇ ਤੇ ਅੱਗੋਂ ਵੀ ਹੁੰਦੇ ਰਹਿਣਗੇ। ਕੇਵਲ ਆਜ਼ਾਦ ਨਜ਼ਮ ਵਿਚ ਹੀ ਏਨੀ ਸੰਭਾਵਨਾ ਤੇ ਸਮਰਥਾ ਐ ਕਿ ਉਹ ਹਰ ਗੁੰਝਲਦਾਰ ਅਨੁਭਵ ਨੂੰ ਸਫ਼ਲਤਾ ਨਾਲ ਪ੍ਰਗਟ ਕਰ ਸਕੇ। ਸੰਪੂਰਨ ਅਨੁਭਵ ਦੀ ਸਫ਼ਲ ਪੇਸ਼ਕਾਰੀ ਛੰਦ ਦੀ ‘ਨਵਾਬੀ ਕੈਦ` ਵਿਚ ਸਫ਼ਲ ਨਹੀਂ ਹੁੰਦੀ। ਕੱਟ-ਵੱਢ ਵਿਚ ਬਹੁਤ ਕੁਝ ਹੈ ਜੋ ਪ੍ਰਗਟਾਵੇ ਤੋਂ ਪਾਸੇ ਰਹਿ ਜਾਂਦੈ।
ਸਾਹਿਤ ਤੇ ਜਥੇਬੰਦੀ
ਹੁਣ : ਤੁਸੀਂ ਕੇਂਦਰੀ ਪੰਜਾਬੀ ਲੇਖਕ ਸਭਾ ਵਿਚ ਦੇਰ ਤੀਕਰ ਆਗੂ ਰੋਲ ਨਿਭਾਇਆ ਹੈ। ਇਸ ਵਿਚ ਕੰਮ ਕਰਨ ਦੇ ਅਪਣੇ ਤਜ਼ਰਬੇ ਪਾਠਕਾਂ ਨਾਲ ਸਾਂਝੇ ਕਰੋ?
ਹੁੰਦਲ : ਮੈਂ ਸਭਾ ਦਾ ਸ਼ੁਰੂ ਤੋਂ ਹੀ ਮੈਂਬਰ ਰਿਹਾਂ, ਜਦੋਂ ਮੈਂ 1958-59 ਵਿਚ ਲਿਖਣਾ ਅਰੰਭ ਕੀਤਾ, ਉਸ ਵੇਲੇ ਕੇਂਦਰੀ ਲੇਖਕ ਸਭਾ ਬੜੀ ਸਰਗਰਮ ਸੀ ਅਤੇ ਇਹਦਾ ਮੁੱਖ ਕੇਂਦਰ ਜਲੰਧਰ ਵਿਚ ਸੀ, ਕਿਉਂਕਿ ਦੇਸ਼ ਦੀ ਵੰਡ ਪਿਛੋਂ ਜਲੰਧਰ ਪ੍ਰੈੱਸ ਦਾ ਕੇਂਦਰ ਬਣ ਗਿਆ ਸੀ ਤੇ ਵਧੇਰੇ ਅਖ਼ਬਾਰਾਂ ਏਥੋਂ ਹੀ ਛਪ ਰਹੀਆਂ ਸਨ। ਮੇਰੇ ਲਈ ਅਪਣੇ ਪਿੰਡੋਂ ਜਲੰਧਰ ਆਉਣਾ ਬੜਾ ਆਸਾਨ ਹੁੰਦਾ ਸੀ। 10-15 ਦਿਨਾਂ ਬਾਅਦ ਜਲੰਧਰ ਗੇੜਾ ਮਾਰਦਾ ਸੀ। ਕਾਫ਼ੀ ਹਾਊਸ ਲੇਖਕਾਂ ਦਾ ਮਿਲਣ ਸਥਾਨ ਹੁੰਦਾ ਸੀ ਤੇ ਪੰਜਾਬ ਬੁੱਕ ਸੈਂਟਰ ਤੋਂ ਰੂਸੀ ਪੁਸਤਕਾਂ ਮਿਲ ਜਾਂਦੀਆਂ ਸਨ।1972 ਵਿਚ ਮੈਂ ਗੌ. ਟੀਚਰਜ਼ ਯੂਨੀਅਨ ਵਿਚ ਜਥੇਬੰਦਕ ਦਿਲਚਸਪੀ ਲੈਣ ਲੱਗ ਪਿਆ। ਮੇਰੀਆਂ ਨਵੀਆਂ ਕਵਿਤਾਵਾਂ ‘ਨਵਾਂ ਜ਼ਮਾਨਾ` ਅਖ਼ਬਾਰ ਵਿਚ ਛਪਣ ਲੱਗ ਪਈਆਂ ਸਨ। ਹੌਲੀ ਹੌਲੀ ਮੈਂ ਟੀਚਰਜ਼ ਯੂਨੀਅਨ ਵਿਚ ਕੰਮ ਕਰਨ ਦੇ ਨਾਲ ਕੇਂਦਰੀ ਲੇਖਕ ਸਭਾ ਦੀਆਂ ਸਰਗਰਮੀਆਂ ਵਿਚ ਵੀ ਡੂੁੰਘੀ ਦਿਲਚਸਪੀ ਲੈਣ ਲੱਗ ਗਿਆ। ਮੇਰੀਆਂ ਕਵਿਤਾਵਾਂ ਵਿਚ ਪਰਪੱਕਤਾ ਆਉਂਦੀ ਗਈ। ਇਸ ਵਿਚ ਵੱਡਾ ਹੱਥ ਸਾਹਿਤ-ਸਭਾਵਾਂ ਦੀਆਂ ਮਹੀਨੇਵਾਰ ਹੁੰਦੀਆਂ ਇਕੱਤਰਤਾਵਾਂ ਵਿਚਲੇ ਵਿਚਾਰ ਵਟਾਂਦਰੇ ਦਾ ਸੀ। ਸਾਹਿਤ ਸਭਾ ਦੀਆਂ ਮੀਟਿੰਗਾਂ ਇਕ ਤਰ੍ਹਾਂ ਦਾ ਟਰੇਨਿੰਗ ਸਕੂਲ ਹੁੰਦਾ ਹੈ, ਜਿਥੇ ਅਪਣੇ ਤੋਂ ਵੱਡੇ ਲੇਖਕਾਂ ਦੀ ਪ੍ਰਗਟਾਈ ਰਾਏ ਨਵੇਂ ਲੇਖਕਾਂ ਨੂੰ ਅਪਣੀਆਂ ਮੁਢਲੀਆਂ ਘਾਟਾਂ ਨੂੰ ਦੂਰ ਕਰਨ ਵਿਚ ਸਹਾਈ ਹੁੰਦੀ ਹੈ। ਮੈਨੂੰ ਇਹ ਮੰਨਣ ਵਿਚ ਕੋਈ ਸੰਕੋਚ ਨਹੀਂ ਕਿ ਮੇਰੀ ਮੁਢਲੀ ਕਵਿਤਾ ਸਾਹਿਤ ਸਭਾਵਾਂ ਵਿਚ ਲਈ ਸਿਖਲਾਈ ਦੀ ਉਪਜ ਹੈ। ਜੇ ਇਹ ਸਿਖਲਾਈ ਨਾ ਲਈ ਹੁੰਦੀ ਤਾਂ ਸੰਭਵ ਹੈ, ਕਈ ਘਾਟਾਂ ਰਹਿ ਜਾਣੀਆਂ ਸਨ।ਬਾਅਦ ਦੇ ਵਰ੍ਹਿਆਂ ਵਿਚ ਮੈਂ ਕੇਂਦਰੀ ਲੇਖਕ ਸਭਾ ਵਿਚ ਆਗੂੁਆਂ ਵਰਗਾ ਰੋਲ ਨਿਭਾਉਣ ਦੇ ਕਾਬਲ ਸਮਝਿਆ ਜਾਂਦਾ ਰਿਹਾ ਹਾਂ, ਜਿਸ ਵਿਚ ਪੰਜਾਬੀ ਦੇ ਵਿਕਾਸ ਲਈ ਅਤੇ ਲੇਖਕਾਂ ਨਾਲ ਸਬੰਧਤ ਹੋਰ ਸਮੱਸਿਆਵਾਂ ਦੇ ਹੱਲ ਲਈ ਐਜੀਟੇਸ਼ਨ ਦੀ ਵਿਧੀ ਸੋਚਣਾ ਤੇ ਸਾਹਿਤਕ ਸਮੱਸਿਆਵਾਂ ਬਾਰੇ ਵਿਚਾਰ-ਵਟਾਂਦਰੇ ਕਰਨਾ ਵੀ ਸ਼ਾਮਲ ਹੁੰਦਾ ਸੀ। ਚੋਣ ਮੌਕੇ ਵੱਡੇ ਅਹੁਦਿਆਂ ਲਈ ਸਿਆਣੀ ਤੇ ਸਰਬ-ਪ੍ਰਵਾਨਤ ਟੀਮ ਦੀ ਚੋਣ ਕਰਨ ਲਈ ਸਾਰੀਆਂ ਧਿਰਾਂ ਨਾਲ ਮੁਢਲੇ ਵਿਚਾਰ-ਵਟਾਂਦਰੇ ਕਰਨੇ ਵੀ ਆਗੂ ਟੀਮ ਦੀ ਜ਼ੁੰਮੇਵਾਰੀ ਹੁੰਦੀ ਸੀ, ਜਿਸ ਵਿਚ ਮੈਂ ਵੀ ਕਈ ਵਰ੍ਹੇ ਸ਼ਾਮਲ ਹੁੰਦਾ ਰਿਹਾ। ਕੋਸ਼ਿਸ਼ ਇਹ ਹੁੰਦੀ ਸੀ ਕਿ ਸਰਬ ਸੰਮਤੀ ਬਣਾਈ ਜਾਵੇ ਤੇ ਉਹ ਵੱਡੇ ਆਗੂ ਤੇ ਲੇਖਕ ਅੱਗੇ ਆਉਣ ਜੋ ਲੇਖਕਾਂ ਦੀ ਯੋਗ ਅਗਵਾਈ ਕਰਨ ਦੇ ਕਾਬਲ ਸਮਝੇ ਜਾਂਦੇ ਹੋਣ।ਫਿਰ ਇਕ ਦੌਰ ਅਜਿਹਾ ਵੀ ਆਇਆ ਜਦੋਂ ਕੁਝ ਲੇਖਕਾਂ ਦੇ ਮਨਾਂ ਵਿਚ ਇਹ ਲਾਲਚ ਪੈਦਾ ਹੋਣ ਲੱਗਾ ਕਿ ਉਹ ਕੇਂਦਰੀ ਲੇਖਕ ਸਭਾ ਦੇ ਪ੍ਰਧਾਨ ਜਾਂ ਸਕੱਤਰ ਦੇ ਵੱਡੇ ਅਹੁਦਿਆਂ `ਤੇ ਬਿਰਾਜਮਾਨ ਹੋ ਸਕਣ। ਇਸ ਲੋਭੀ ਕਾਰਜ ਲਈ ਲੇਖਕਾਂ ਦੀ ਜਾਅਲੀ ਭਰਤੀ ਕੀਤੀ ਜਾਣ ਲੱਗੀ, ਜਿਸ ਵਿਚ ਗ਼ੈਰ-ਲੇਖਕ ਭਰਤੀ ਹੋਣ ਲੱਗੇ ਜੋ ਕੇਵਲ ਚੋਣਾਂ ਦੇ ਮੌਕੇ ਹੀ ਗੱਡੀਆਂ ਰਾਹੀਂ ਲੁਧਿਆਣੇ ਚੋਣ ਦੰਗਲ ਵਿਚ ਢੋਏ ਜਾਂਦੇ ਸਨ ਤੇ ਬਾਅਦ ਵਿਚ ਪੂਰੇ ਦੋ ਸਾਲ ਉਨ੍ਹਾਂ ਲੇਖਕਾਂ ਦਾ ਚਿਹਰਾ ਵੇਖਣ ਨੂੰ ਨਹੀਂ ਸੀ ਮਿਲਦਾ ਹੁੰਦਾ। ਵਿਧਾਨ ਵਿਚ ਗ਼ੈਰ-ਜ਼ਰੂਰੀ ਸੋਧਾਂ ਕਰਨੀਆਂ, ਭਾਸ਼ਾ ਵਿਭਾਗ ਪੰਜਾਬ ਦੀ ਉਚ ਅਫ਼ਸਰਸ਼ਾਹੀ ਨਾਲ ਮਿਲ ਕੇ ਸ਼੍ਰੋਮਣੀ ਲੇਖਕ ਬਣਨ ਲਈ ਜੋੜ-ਤੋੜ ਕਰਨੇ ਵੀ ਲੇਖਕ ਆਗੂਆਂ ਦਾ ਕਰਤਵ ਸਮਝਿਆ ਜਾਣ ਲੱਗਾ।ਇਕ ਵਾਰ ਏਤਰਾਂ ਹੋਇਆ ਕਿ ਇਕ ਲੇਖਕ ਆਗੂ ਨੇ ਸਭਾ ਦੀ ਐਗਜ਼ੈਕਟਿਵ ਕਮੇਟੀ ਤੋਂ ਚੋਰੀ ਪੰਜਾਬ ਸਰਕਾਰ ਦੇ ਅਫ਼ਸਰਾਂ ਤੇ ਸਿਖਿਆ ਮੰਤਰੀ ਤੀਕ ਨੂੰ ਚਿੱਠੀਆਂ ਲਿਖ ਕੇ ਭਾਸ਼ਾ ਵਿਭਾਗ ਡਾਇਰੈਕਟਰ ਦੇ ਵਿਰੁੱਧ ਗ਼ਬਨ ਦੇ ਕੇਸ ਦੀ ਪੜਤਾਲ ਰੁਕਵਾ ਦਿੱਤੀ, ਜਿਸ ਦੇ ਸਿੱਟੇ ਵਜੋਂ ਉਸ ਲੇਖਕ ਨੂੰ ‘ਸ਼੍ਰੋਮਣੀ ਸਾਹਿਤਕਾਰ` ਦੀ ਉਪਾਧੀ ਨਾਲ ਨਿਵਾਜਿਆ ਗਿਆ। ਇਕ ਵਾਰੀ ਕੇਂਦਰੀ ਪੰਜਾਬੀ ਲੇਖਕ ਸਭਾ ਨੂੰ ਪੰਜਾਬ ਕਲਾ ਪ੍ਰੀਸ਼ਦ ਨਾਲ ਜੋੜਨ ਦੀ ਚਾਲ ਵੀ ਚਲੀ ਗਈ, ਜੋ ਸਫ਼ਲ ਨਾ ਹੋ ਸਕੀ। ਕੇਂਦਰੀ ਸਭਾ ਪੰਜਾਬੀ ਲੇਖਕਾਂ ਦੀ ਸੰਘਰਸਸ਼ੀਲ ਜਥੇਬੰਦੀ ਹੈ। ਇਸ ਦੀ ਮਜ਼ਬੂਤੀ ਲਈ ਈਮਾਨਦਾਰ ਤੇ ਸੰਘਰਸ਼ਸ਼ੀਲ ਤਜ਼ਰਬੇਕਾਰ ਆਗੂ ਟੀਮ ਦੀ ਲੋੜ ਹੁੰਦੀ ਹੈ ਪਰ ਕਈ ਵਾਰ ਸਿਆਸੀ ਚਾਲਾਂ ਦੇ ਸਿੱਟੇ ਵਜੋਂ ਅਜਿਹੇ ਲੇਖਕ ਆਗੂ ਵੀ ਇਸ ਦੇ ਪ੍ਰਧਾਨ ਤੇ ਸਕੱਤਰ ਬਣ ਜਾਂਦੇ ਹਨ ਜੋ ਸੰਘਰਸ਼ ਕਰਨ ਦੇ ਵਿਗਿਆਨ ਤੋਂ ਕੋਰੇ ਹੁੰਦੇ ਹਨ। ਸਿੱਟੇ ਵਜੋਂ ਸਭਾ ਸਿਥਲ ਹੋ ਕੇ ਰਹਿ ਜਾਂਦੀ ਸੀ। ਸਪੱਸ਼ਟ ਹੈ ਕਿ ਕੇਂਦਰੀ ਲੇਖਕ ਸਭਾ ਦੀ ਆਗੂ ਟੀਮ ਵਿਚ ਆਮ ਕਰ ਕੇ ਉਹੀ ਲੇਖਕ ਅੱਗੇ ਆਉਂਦੇ ਹਨ, ਜੋ ਸਾਹਿਤਕ ਦ੍ਰਿਸ਼ਟੀ ਤੋਂ ਪ੍ਰਗਤੀਵਾਦੀ ਤੇ ਸੰਘਰਸ਼ਸ਼ੀਲ ਹੁੰਦੇ ਹਨ। ਪਰ ਕਈ ਵਾਰ ਮੌਕਾਪ੍ਰਸਤ ਤੇ ਸਰਕਾਰ ਦੇ ਸਮਰਥਕ ਲੋਭੀ ਲੇਖਕ ਵੀ ਇਸ ਦੇ ਆਗੂ ਚੁਣੇ ਜਾਂਦੇ ਹਨ। ਮੈਨੂੰ ਇਹ ਕਹਿਣ ਵੇਲੇ ਫ਼ਖ਼ਰ ਅਨੁਭਵ ਹੁੰਦਾ ਹੈ ਕਿ ਮੈਂ ਵੀ ਇਸ ਲੇਖਕ ਸਭਾ ਦੀਆਂ ਸਰਗਰਮੀਆਂ ਵਿਚ ਕਈ ਸਾਲ ਰਲ ਕੇ ਕੰਮ ਕੀਤਾ ਹੈ ਤੇ ਬਹੁਤ ਕੁਝ ਸਿਖਿਆ ਹੈ।
ਪੁਰਸਕਾਰ ਅਤੇ ਪਾਰਦਰਸ਼ਤਾ
ਹੁਣ : ਹੁੰਦਲ ਸਾਹਿਬ! ਸਾਹਿਤ-ਖੇਤਰ ਵਿਚ ਦਿੱਤੇ ਜਾਣ ਵਾਲੇ ਪੁਰਸਕਾਰਾਂ `ਤੇ ਹਰ ਸਾਲ ਅਕਸਰ ਹੀ ਵਿਵਾਦ ਖੜ੍ਹੇ ਹੁੰਦੇ ਰਹਿੰਦੇ ਹਨ। ਐਸੀ ਕਿਹੜੀ ਵਿਧੀ ਹੋਵੇ ਜਿਹੜੀ ਪਾਰਦਰਸ਼ੀ ਵੀ ਹੋਵੇ ਤੇ ਵਿਸ਼ਵਾਸਯੋਗ ਵੀ। ਤੁਹਾਨੂੰ ਮਿਲੇ ਪੁਰਸਕਾਰਾਂ ਬਾਰੇ ਵੀ ਅਪਣੀ ਰਾਏ ਦੱਸੋ?
ਹੁੰਦਲ : ਦੋ ਸੰਸਥਾਵਾਂ ਨੇ। ਇਕ ਭਾਰਤੀ ਸਾਹਿਤ ਅਕਾਦਮੀ ਤੇ ਦੂਜੀ ਭਾਸ਼ਾ ਵਿਭਾਗ ਪੰਜਾਬ। ਦੋਵਾਂ ਦੇ ਮੈਂਬਰਾਂ ਦਾ ਲੇਖਕਾਂ ਨੂੰ ਪਹਿਲਾਂ ਹੀ ਪਤਾ ਹੁੰਦਾ ਹੈ। ਭਾਸ਼ਾ ਵਿਭਾਗ ਦੇ ਮੈਂਬਰਾਂ ਦਾ ਤਾਂ ਕਈਆਂ ਸਾਲਾਂ ਤੋਂ ਇਕੋ ਹੀ ਜਥਾ ਹੈ, ਜਿਨ੍ਹਾਂ ਤਾਈਂ ਪਹੁੰਚ ਕਰਨੀ ਕੋਈ ਔਖੀ ਨਹੀਂ। ਕਈ ਵਾਰ ਪਰਵਾਸੀ ਲੇਖਕ ਦਿਲੀਓਂ ਉਤਰਦੇ, ਸਿੱਧੇ ਪਟਿਆਲੇ ਦਫ਼ਤਰ ਪਹੁੰਚਦੇ ਹਨ। ਹਰ ਸਾਲ ਇਨਾਮਾਂ ਦੀ ਗਿਣਤੀ ਵਧਦੀ ਜਾਂਦੀ ਹੈ। ਹਿੰਦੀ, ਉਰਦੂ, ਸੰਸਕ੍ਰਿਤ। ਹੁਣ ਤਾਂ ਸਾਹਿਤਕ ਪੱਤਰਕਾਰੀ ਤੋਂ ਅੱਗੇ ਧਾਰਮਕ ਪੱਤਰਕਾਰੀ ਲਈ ਵੀ ਪੁਰਸਕਾਰ ਕਾਇਮ ਹੋ ਚੁੱਕਾ ਹੈ। ਇਹਦੀ ਪਾਰਦਰਸ਼ਤਾ ਲਈ ਤਾਂ ਇਹੋ ਹੋ ਸਕਦੈ ਕਿ ਨਾਮ ਏਨੇ ਗੁਪਤ ਹੋਣ ਕਿ ਉਨ੍ਹਾਂ ਦਾ ਪਤਾ ਨਾ ਲੱਗੇ। ਦੂਸਰਾ ਹਰ ਪੁਰਸਕਾਰ ਦੀ ਵਿਧੀ ਗੁੰਝਲਦਾਰ ਹੋਵੇ ਤੇ ਪਾਰਦਰਸ਼ੀ ਵੀ। ਨਾਲ ਹੀ ਇਨ੍ਹਾਂ ਪੁਰਸਕਾਰਾਂ ਬਾਰੇ ਵੀ ਪੜਤਾਲੀਆ ਕਮਿਸ਼ਨ ਬੈਠਿਆ ਕਰਨ ਤੇ ਪਾਰਲੀਮੈਂਟ ਤੇ ਅਸੈਂਬਲੀ ਵਿਚ ਬਹਿਸ ਹੋਵੇ। ਵੰਡੇ ਜਾਂਦੇ ਪੁਰਸਕਾਰਾਂ ਬਾਰੇ ਮਹੀਨਾ ਪਹਿਲਾਂ ਹੀ ਚਰਚਾ ਚੱਲ ਪੈਂਦੀ ਹੈ ਕਿ ਕਿਸ ਨੂੰ ਮਿਲ ਰਿਹਾ ਹੈ। ਕੋਸ਼ਿਸ਼ ਕਰਨ ਵਾਲਿਆਂ ਦਾ ਵੀ ਪਤਾ ਚੱਲ ਜਾਂਦਾ ਹੈ।ਜਿਥੋਂ ਤੀਕ ਮੇਰੇ ਜਾਤੀ ਪੁਰਸਕਾਰਾਂ ਦਾ ਸਬੰਧ ਹੈ, ਮੈਂ ਸੰਤੁਸ਼ਟ ਹਾਂ। ਮੈਨੂੰ ਇਸ ਤੋਂ ਵੱਧ ਦੀ ਝਾਕ ਵੀ ਨਹੀਂ ਹੈ। ਇਹ ਨਾ ਵੀ ਮਿਲਦੇ, ਤਾਂ ਵੀ ਕੋਈ ਗੱਲ ਨਹੀਂ ਸੀ। ਸੋਵੀਅਤ ਲੈਂਡ ਨਹਿਰੂ ਪੁਰਸਕਾਰ ਤੇ ਭਾਸ਼ਾ ਵਿਭਾਗ ਦਾ ਸ਼੍ਰੋਮਣੀ ਕਵੀ ਪੁਰਸਕਾਰ। ਹੋਰ ਆਪਾਂ ਕਿਹੜੇ ਗੁਰਜ ਜਿੱਤਣੇ ਹਨ। ਨਾ ਕਦੇ ਦਿੱਲੀ ਵੱਲ ਝਾਕਿਆ ਹੈ, ਨਾ ਪਟਿਆਲੇ ਵੱਲ। ਜਿੰਨਾ ਕੁ ਕੰਮ ਕੀਤਾ ਹੈ, ਉਸ ਤੋਂ ਕਿਤੇ ਵੱਧ ਮਾਣ ਤੇ ਸਤਿਕਾਰ ਮਿਲਿਆ ਹੈ। ਇਹੀ ਅਸਲ ਕਮਾਈ ਹੈ।ਹਨ ਮਾਣ, ਬੜੇ ਸਨਮਾਨ ਮਿਲੇਅਸਾਂ ਝੱਲੇ ਨੇ ਅਪਮਾਨ ਬੜੇਕੁਝ ਕਿਰਪਾ ਮਿੱਤਰ ਯਾਰਾਂ ਦੀਕੁਝ ਵੈਰੀ ਖੁਦ ਬਣਾਉਂਦਾ ਹਾਂ।ਵੱਡੀ ਸਮੱਸਿਆ ਇਹ ਹੈ ਕਿ ਛਪਿਆ ਤੇ ਲਿਖਿਆ ਸ਼ਬਦ ਪਾਠਕ ਤੇ ਸਰੋਤੇ ਤੀਕ ਪਹੁੰਚਣਾ ਚਾਹੀਦਾ ਹੈ। ਇਸ ਬਾਰੇ ਲਗਾਤਾਰ ਵਿਚਾਰ ਚਰਚਾ ਚਲਦੀ ਰਹਿਣੀ ਚਾਹੀਦੀ ਹੈ।
ਹੁਣ : ਤੁਹਾਡਾ ਪੜ੍ਹਨ ਤੇ ਲਿਖਣ ਦਾ ਨਿੱਤ-ਨੇਮ ਕੀ ਹੈ? ਸੁਣਿਐ ਤੁਸੀਂ ਰਾਤ ਨੂੰ ਸੌਂਦੇ ਹੀ ਨਹੀਂ?
ਹੁੰਦਲ : ਹਾ… ਹਾ… ਨਹੀਂ ਯਾਰ, ਐਵੇਂ ਹੀ ਮਿੱਥਾਂ ਬਣ ਜਾਂਦੀਆਂ ਨੇ, ਗੱਲ ਅਸਲ ਵਿਚ ਇਹ ਐ ਕਿ ਪਿਛਲੇ ਪੰਦਰਾਂ ਸਾਲਾਂ ਤੋਂ ਇਕੋ ਆਦਤ ਜੇਹੀ ਬਣ ਗਈ ਹੈ ਕਿ ਮੈਂ ਰਾਤ ਨੂੰ ਛੇਤੀ ਸੌਂ ਜਾਂਦਾ ਵਾਂ ਤੇ ਫਿਰ ਅੱਧੀ ਕੁ ਰਾਤ ਨੂੰ ਜਦ ਕੁਝ ਨੀਂਦਰ ਲਹਿ ਜਾਂਦੀ ਐ ਤਾਂ ਉਠ ਖਲੋਂਦਾ ਵਾਂ। ਬਹੁਤ ਵਾਰ ਦੁਬਾਰਾ ਛੇਤੀ ਕੀਤੇ ਨੀਂਦ ਨਹੀਂ ਆਉਂਦੀ। ਮੈਂ ਉਠ ਕੇ ਮੂੰਹ ਹੱਥ ਧੋ ਕੇ, ਬੇਹਾ ਪਾਣੀ ਪੀ ਕੇ ਪੜ੍ਹਨ ਲਿਖਣ ਦੇ ਕਾਰਜ ਵਿਚ ਜੁੱਟ ਜਾਂਦਾ ਹਾਂ। ਹੁਣ ਇਹ ਆਦਤ ਪੱਕ ਗਈ ਐ। ਨਿੱਤ-ਨੇਮ ਜਿਹਾ ਬਣ ਗਿਐ। ਫਿਰ ਘੰਟਾ ਦੋ ਘੰਟੇ ਪੜ੍ਹ ਲਿਖ ਕੇ ਜਦ ਮੈਂ ਕੁਝ ਥੱਕਿਆ ਅਨੁਭਵ ਕਰਨ ਲੱਗਦਾਂ ਤਾਂ ਦੁਬਾਰਾ ਸੌਂ ਜਾਂਦਾਂ। ਫਿਰ ਨੀਂਦ ਵੀ ਸੁਹਣੀ ਆ ਜਾਂਦੀ ਐ। ਦੁਬਾਰਾ ਮੈਂ ਛੇ ਵਜੇ ਉਠਦਾਂ, ਜਦੋਂ ਮੇਰੀ ਨੂੰਹ ਚਾਹ ਦੀ ਗਲਾਸੀ ਲੈ ਕੇ ਆਉਂਦੀ ਐ। ਇੰਜ ਕੀਤਿਆਂ ਬੜਾ ਕੰਮ ਹੋ ਸਕਿਐ। ਲੇਖਕ ਮਿੱਤਰ ਵੀ ਪੁੱਛਦੇ ਰਹਿੰਦੇ ਨੇ ਕਿ ‘‘ਯਾਰ, ਐਨਾ ਕੰਮ ਤੂੰ ਕਿਹੜੇ ਵੇਲੇ ਕਰਦੈਂ?“ਦਿਨੇਂ ਮੈਂ ਅਕਸਰ ਅਖ਼ਬਾਰ, ਰਸਾਲੇ ਈ ਪੜ੍ਹਦਾਂ। ਲਿਖਣ ਦਾ ਕੰਮ ਰਾਤ ਵੇਲੇ ਹੀ ਕਰਦਾਂ। ਅੱਜ ਕਲ੍ਹ ਦੇ ਪਿੰਡਾਂ ਵਿਚ ਜੋ ਪਾਠ ਤੇ ਸੁਖਮਨੀ ਆਦਿ ਦੇ ਸਮਾਗਮ ਹੁੰਦੇ ਹਨ, ਅਸਲ ਵਿਚ ਇਹ ਸਭ ਖਾਣ ਪੀਣ ਦੇ ਬਹਾਨੇ ਹੀ ਹੁੰਦੇ ਹਨ। ਮੈਂ ਇਨ੍ਹਾਂ ਵਿਚ ਉੱਕਾ ਈ ਨਹੀਂ ਜਾਂਦਾ। ਇਹ ਸਭ ਪ੍ਰੋਗਰਾਮ ਮੇਰੀ ਘਰਵਾਲੀ ਨੇ ਹੀ ਭੁਗਤਾਉਣੇ ਹੁੰਦੇ ਨੇ। ਮੈਂ ਤਾਂ ਵਿਆਹਾਂ `ਤੇ ਜਾਣਾ ਵੀ ਛੱਡ ਦਿੱਤੈ। ਏਸੇ ਕਾਰਨ ਮੇਰੇ ਕੋਲ ਵਕਤ ਬਹੁਤ ਹੁੰਦੈ। ਏਨੇ ਵਕਤ ਵਿਚ ਬੜਾ ਕੁਝ ਕੀਤਾ ਜਾ ਸਕਦੈ।
ਹੁਣ : ਹੁੰਦਲ ਜੀ, ਬੁਢਾਪੇ ਵਿਚ ਕਵਿਤਾ ਸੁੱਝਣੀ ਹੁਣ ਘੱਟ ਨਹੀਂ ਗਈ?
ਹੁੰਦਲ : ਮੈਂ ਪੰਜ ਸੱਤ ਸਾਲ ਪਹਿਲਾਂ ਕਵਿਤਾ ਦੀ ਕਿਤਾਬ ਛਪਵਾਉਣ ਬਾਰੇ ਸੋਚਦਾ ਸੀ ਕਿ ਇਹ ਕਿਤਾਬ ਮੇਰੀ ਆਖ਼ਰੀ ਹੋਵੇਗੀ। ਪਰ ਇਹ ਮੇਰਾ ਭੁਲੇਖਾ ਹੀ ਸੀ। ਕਵਿਤਾ ਦਾ ਉਮਰ ਨਾਲ ਕੋਈ ਸਬੰਧ ਨਹੀਂ। ਕਵੀ ਮਨ ਜੇ ਲੋਕ ਜੀਵਨ ਵਿਚ ਆ ਰਹੇ ਪਰਿਵਰਤਨਾਂ ਨਾਲ ਅਟੁੱਟ ਤੌਰ `ਤੇ ਮਾਨਸਿਕ ਪੱਖੋਂ ਜੁੜਿਆ ਰਹੇ ਤਾਂ ਉਸ ਨੂੰ ਲਗਾਤਾਰ ਗੱਲ ਮਹਿਸੂਸ ਹੁੰਦੀ ਤੇ ਸੁਝਦੀ ਰਹਿੰਦੀ ਐ। ਉਂਜ ਮੈਂ ਵੇਖਿਆ ਹੈ ਕਿ ਕਵਿਤਾ ਹਰ ਪਲ ਨਹੀਂ ਸੁੱਝਦੀ। ਕਈ ਮਹੀਨੇ ਸੁੱਕੇ ਵੀ ਲੰਘ ਜਾਂਦੇ ਨੇ। ਪਰ ਜੇ ਇਕ ਵਾਰ ਗੱਲ ਛਿੜ ਪਵੇ ਤਾਂ ਫਿਰ ਪੰਜ ਸੱਤ ਕਵਿਤਾਵਾਂ ਲਿਖ ਹੋ ਜਾਂਦੀਆਂ ਨੇ ਤੇ ਸਾਲ ਕੁ ਜੋਗੇ ਹੋ ਜਾਈਦੈ। ਹੁਣ ਫਿਰ ਸੱਤਰ-ਅੱਸੀ ਕਵਿਤਾਵਾਂ ਹੋ ਗਈਆਂ ਨੇ ਤੇ ਨਵਾਂ ਸੰਗ੍ਰਹਿ ਛਾਪਣ ਦੀ ਤਿਆਰੀ ਐ। ਵੇਖੋ ਕਦੋਂ ਜੁਗਾੜ ਬਣਦੈ।
ਪ੍ਰਕਾਸ਼ਕਾਂ ਨਾਲ ਵਾਹ
ਹੁਣ : ਵੱਖ -ਵੱਖ ਪ੍ਰਕਾਸ਼ਕਾਂ ਨਾਲ ਤੁਹਾਡਾ ਵਾਹ ਪੈਂਦਾ ਰਿਹਾ ਹੈ। ਅਪਣੇ ਕੁਝ ਅਨੁਭਵ ਪਾਠਕਾਂ ਨਾਲ ਸਾਂਝੇ ਕਰੋ।ਹੁੰਦਲ : ਹੁਣ ਤੀਕ ਮੇਰੀਆਂ ਸੱਠ ਦੇ ਕਰੀਬ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਨੇ। ਆਰੰਭ ਵਿਚ ਦੋ ਚਾਰ ਇਨ੍ਹਾਂ ਵਿਚੋਂ ਮੈਂ ਖ਼ੁਦ ਵੀ ਛਾਪੀਆਂ। ਪੰਜ ਸੱਤ ਕਿਤਾਬਾਂ ਪ੍ਰਕਾਸ਼ਕਾਂ ਨੇ ਮੇਰੀਆਂ ਮੁਫ਼ਤ ਵੀ ਛਾਪੀਆਂ। ਮੁਢਲੇ ਪੜਾਅ `ਤੇ ਮੇਰਾ ਪ੍ਰਕਾਸ਼ਕ ਰਵੀ ਸਾਹਿਤ ਪ੍ਰਕਾਸ਼ਨ ਵਾਲਾ ਮੋਹਨ ਸਿੰਘ ਰਾਹੀ ਹੁੰਦਾ ਸੀ। ਉਦੋਂ ਖ਼ਰਚੇ ਵੀ ਘੱਟ ਹੁੰਦੇ ਸਨ। ਪੰਜਾਬ ਦੇ ਐਸ ਵੇਲੇ ਦੇ ਜੋ ਵੱਡੇ ਪ੍ਰਕਾਸ਼ਕ ਹਨ, ਮੇਰਾ ਉਨ੍ਹਾਂ ਨਾਲ ਬਹੁਤਾ ਵਾਹ ਨਹੀਂ ਪਿਆ। ਅਸਲ ਵਿਚ ਮੈਂ ਪ੍ਰਕਾਸ਼ਕਾਂ ਹੱਥੋਂ ਲੁੱਟੇ ਜਾਣ ਤੋਂ ਬਚਿਆ ਹੀ ਰਿਹਾ ਹਾਂ। ਫਿਰ ਅਚਾਨਕ ਮੈਨੂੰ ਦਿੱਲੀ ਵਾਲਾ ਮਨਪ੍ਰੀਤ ਪ੍ਰਕਾਸ਼ਨ ਦਾ ਮਾਲਕ ਬਲਬੀਰ ਸਿੰਘ ਟੱਕਰ ਗਿਆ। ਉਸ ਨੇ ਮੇਰੀਆਂ ਹੁਣ ਤੀਕ ਵੀਹ ਤੋਂ ਵਧੇਰੇ ਪੁਸਤਕਾਂ ਛਾਪੀਆਂ ਨੇ। ਬਹੁਤ ਖ਼ਰਚਾ ਉਹ ਅਪਣੇ ਕੋਲੋਂ ਈ ਕਰਦੈ। ਮੇਰੇ ਨਾਲ ਉਸ ਦਾ ਵਿਹਾਰ ਠੀਕ ਐ। ਉਸ ਨੂੰ ਪਤੈ ਕਿ ਮੇਰੀ ਕਿਤਾਬ ਵਿਕਦੀ ਐ। ਮੇਰੀਆਂ ਕਈ ਕਿਤਾਬਾਂ ਉਸ ਨੇ ਤਿੰਨ-ਤਿੰਨ ਸੌ ਸਫ਼ੇ ਵਾਲੀਆਂ ਵੀ ਛਾਪੀਆਂ ਨੇ। ਮਿੱਤਰਾਂ ਨੂੰ ਇਹ ਸ਼ਿਕਾਇਤ ਰਹੀ ਐ ਕਿ ਮੇਰੀ ਪੁਸਤਕ ਪੰਜਾਬ ਤੀਕ ਨਹੀਂ ਅੱਪੜਦੀ ਤੇ ਦਿੱਲੀ ਦੀਆਂ ਸੰਸਥਾਵਾਂ ਵਿਚ ਹੀ ਵਿਕ ਜਾਂਦੀ ਐ। ਅਜੇ ਤੀਕ ਇਸ ਮੁਸ਼ਕਲ ਦਾ ਮੇਰੇ ਕੋਲ ਕੋਈ ਹੱਲ ਨਹੀਂ ਐ। ਜੇ ਕਿਤਾਬ ਪੰਜਾਬ ਵਿਚ ਸੌਖੀ ਛਪ ਸਕਦੀ ਹੋਵੇ ਤਾਂ ਮੈਂ ਹੋਰ ਵਧੇਰੇ ਕੰਮ ਕਰ ਸਕਦਾ ਹਾਂ। ਕੇਂਦਰੀ ਪੰਜਾਬੀ ਲੇਖਕ ਸਭਾ ਤੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਨੂੰ ਇਸ ਪਾਸੇ ਕੋਈ ਵਿਉਂਤ ਬਣਾਉਣੀ ਚਾਹੀਦੀ ਐ। ਦਿੱਲੀ ਵਾਲਿਆਂ ਕੋਲ ‘ਪੰਜਾਬੀ ਸਾਹਿਤ ਸਭਾ` ਤੇ ‘ਪੰਜਾਬੀ ਅਕਾਦਮੀ` ਵਰਗੇ ਅਦਾਰੇ ਹਨ।
ਹੁਣ : ਵਾਰਤਕ ਵੱਲ ਮੋੜਾ ਕਿਵੇਂ ਪਿਆ? ਇਸ ਪ੍ਰਤੀ ਪਾਠਕਾਂ ਦਾ ਹੁੰਗਾਰਾ?
ਹੁੰਦਲ : ਵਾਰਤਕ ਲਿਖਣ ਬਾਰੇ ਮੈਨੂੰ ਇਕ ਝਿਜਕ ਜੇਹੀ ਸੀ। ਜਦੋਂ 1977 ਵਿਚ ਮੈਂ ਕਪੂਰਥਲਾ ਜੇਲ੍ਹ ਵਿਚੋਂ ਰਿਹਾਅ ਹੋ ਕੇ ਆਇਆ ਤਾਂ ਆਉਂਦੇ ਹੀ ਮੈਨੂੰ ਰੀੜ੍ਹ ਦੀ ਹੱਡੀ ਦਾ ਉਪਰੇਸ਼ਨ ਕਰਾਉਣਾ ਪਿਆ। ਦੋਸਤ ਮਿੱਤਰ ਮੇਰੀ ਖ਼ਬਰ ਲਈ ਆਉਣ ਲੱਗੇ। ਉਹਨੀਂ ਦਿਨੀਂ ‘ਦੇਸ ਪ੍ਰਦੇਸ` (ਯੂ.ਕੇ.) ਦਾ ਸੰਪਾਦਕ ਤਰਸੇਮ ਪੁਰੇਵਾਲ ਵੀ ਮੈਨੂੰ ਮਿਲਣ ਆਇਆ। ਉਸ ਨੇ ਯੂ.ਕੇ. ਵਿਚ ਅਪਣੇ ਪਰਚੇ ਰਾਹੀਂ ਐਮਰਜੈਂਸੀ ਦਾ ਵਿਰੋਧ ਕਰਨ ਕਰ ਕੇ ਚੰਗਾ ਨਾਮਣਾ ਖੱਟਿਆ ਸੀ। ਉਹ ਮੈਨੂੰ ਆਖਣ ਲੱਗਾ ਕਿ ਤੂੰ ਮੈਨੂੰ ਜੇਲ੍ਹ ਦੇ ਅਪਣੇ ਅਨੁਭਵ ਲਿਖ ਕੇ ਦੇ। ਮੈਂ ਤੇ ਕਦੀ ਅਜੇ ਤੀਕ ਵਾਰਤਕ ਲਿਖੀ ਹੀ ਨਹੀਂ ਸੀ। ਉਸ ਨੇ ਇਸ ਕਾਰਜ ਲਈ ਮੈਨੂੰ ਦੋ ਸੌ ਰੁਪਏ ਅਗਾਉਂ ਦਿੱਤੇ ਤੇ ਕਿਹਾ ਕਿ ਲਿਖਣ ਬਾਅਦ ਦੋ ਸੌ ਰੁਪਏ ਹੋਰ ਭੇਜ ਦਿਆਂਗਾ।ਹੌਲੀ-ਹੌਲੀ ਮੈਂ ਝਿਜਕਦੇ ਹੋਏ ਪੰਜਾਹ-ਸੱਠ ਸਫ਼ੇ ਲਿਖ ਲਏ। ਉਸ ਨੇ ਇਹ ਲਿਖਤ ਤਸਵੀਰਾਂ ਸਮੇਤ ‘ਦੇਸ ਪ੍ਰਦੇਸ` ਅਖ਼ਬਾਰ ਵਿਚ ਛਾਪੀ। ਮੈਂ ਵੇਖ ਕੇ ਖੁਸ਼ ਹੋਇਆ ਤੇ ਮੇਰੀ ਝਕ ਲਹਿ ਗਈ। ਉਸ ਪਿਛੋਂ ਮੈਂ ਕਈ ਪੁਸਤਕਾਂ ਵਾਰਤਕ ਦੀਆਂ ਲਿਖੀਆਂ। ਹੁਣ ਤੀਕ ਇਨ੍ਹਾਂ ਦੀ ਗਿਣਤੀ ਕਾਵਿ ਸੰਗ੍ਰਹਿਆਂ ਜਿੰਨੀ ਅਰਥਾਤ ਵੀਹ ਦੇ ਕਰੀਬ ਹੋ ਗਈ ਐ। ਵਿਦਿਅਕ ਤੇ ਅਕਦਾਮਿਕ ਹਲਕਿਆਂ ਵਿਚ ਇਸ ਦਾ ਨੋਟਿਸ ਲਿਆ ਜਾਣ ਲੱਗੈ। ਜਦ ਕਵਿਤਾ ਦਾ ਰੌਂਅ ਲੰਘ ਜਾਂਦੈ ਤਾਂ ਮੈਂ ਵਾਰਤਕ ਲਿਖਣ ਬਾਰੇ ਸੋਚਣ ਲੱਗਦਾ ਹਾਂ। ਵਾਰਤਕ ਹਰ ਪਾਠਕ ਪੜ੍ਹਦਾ ਹੈ।
ਹੁਣ : ਤੁਹਾਡੇ ਰਾਹੀਂ ਸੰਪਾਦਤ ਕੀਤੇ ਜਾ ਰਹੇ ਤਿਮਾਹੀ ਪਰਚੇ ‘ਚਿਰਾਗ਼` ਵਿਚ ਲਹਿੰਦੇ ਪੰਜਾਬ ਅਥਵਾ ਵਾਹਘੇ ਪਾਰ ਦੇ ਪੰਜਾਬੀ ਸਾਹਿਤ ਨੂੰ ਵਿਸ਼ੇਸ਼ ਰੂਪ ਵਿਚ ਲਿੱਪੀ ਬਦਲ ਕੇ ਪੇਸ਼ ਕੀਤਾ ਜਾਂਦਾ ਹੈ। ਇਸ ਗੱਲ ਦਾ ਤੁਸੀਂ ਕੀ ਮਹੱਤਵ ਸਮਝਦੇ ਹੋ?
ਹੁੰਦਲ : ਮੈਂ ਅਪਣਾ ਪਿਛਲਾ ਪਿੰਡ ਵੇਖਣ ਦੀ ਲਾਲਸਾ ਅਧੀਨ ਪੰਜ-ਛੇ ਵਾਰ ਪਾਕਿਸਤਾਨ ਗਿਆ ਹਾਂ। ਪਰ ਅਪਣੇ ਪਿੰਡ ਤੇ ਪਿਛਲੇ ਘਰ ਵਿਚ ਕੇਵਲ ਇਕ ਵਾਰ ਹੀ ਜਾ ਸਕਿਆ ਹਾਂ। ਸਰਕਾਰ ਵੱਲੋਂ ਸਖ਼ਤੀ ਹੁੰਦੀ ਸੀ ਪਰ ਮੈਨੂੰ ਇਸ ਜਾਣ ਆਉਣ ਦਾ ਵੱਡਾ ਲਾਭ ਹੋਇਆ ਕਿ ਲਾਹੌਰ ਦੇ ਕਾਫ਼ੀ ਸਾਰੇ ਪੰਜਾਬੀ ਲੇਖਕਾਂ ਨਾਲ ਸੰਪਰਕ ਬਣ ਗਿਆ। ਆਉਂਦੇ ਹੋਏ ਉਹ ਅਪਣੀਆਂ ਕਿਤਾਬਾਂ ਵੀ ਭੇਟ ਕਰ ਦਿੰਦੇ। ਜਦੋਂ 1992 ਵਿਚ ‘ਚਿਰਾਗ਼` ਦੀ ਛਪਾਈ ਸ਼ੁਰੂ ਹੋਈ ਤਾਂ ਮੈਂ ਉਸ ਵਿਚ, ਉਧਰਲਾ ਪੰਜਾਬੀ ਸਾਹਿਤ ਛਾਪਣਾ ਸ਼ੁਰੂ ਕਰ ਦਿੱਤਾ। ਇਸ ਗੱਲ ਦੀ ਉਧਰ ਵੀ ਖਾਸੀ ਚਰਚਾ ਹੋਈ ਤੇ ਚਿਰਾਗ਼ ਦੀ ਵਿਸ਼ੇਸ਼ ਪਛਾਣ ਬਣ ਗਈ। ਹੌਲੀ-ਹੌਲੀ ਮੈਂ ਸਾਈਂ ਅਖ਼ਤਰ ਲਾਹੌਰੀ, ਬਾਬਾ ਨਜ਼ਮੀਂ ਅਤੇ ਹਬੀਬ ਜਾਲਿਬ ਦੀ ਚੋਣਵੀਂ ਕਵਿਤਾ ਵੀ ਲਿਪੀਅੰਤਰਣ ਕਰ ਕੇ ਪੁਸਤਕ ਰੂਪ ਵਿਚ ਏਧਰ ਛਾਪੀ ਹੈ। ਹੁਣ ਬੁਢਾਪੇ ਕਾਰਨ ਮੇਰਾ ਆਉਣਾ ਜਾਣਾ ਬੰਦ ਹੀ ਹੋ ਗਿਐ, ਫਿਰ ਵੀ ਮੈਂ ਦੋ ਪੁਸਤਕਾਂ ਓਧਰ ਬਾਰੇ ਛਾਪੀਆਂ ਹਨ। ਇਕ ਹੈ ‘ਮੁਹੱਬਤ ਦਾ ਸਫ਼ਰਨਾਮਾ` ਤੇ ਦੂਸਰੀ ‘ਵਾਹਗੇ ਪਾਰ ਦੇ ਪੰਜਾਬੀ ਕਵੀ`। ਛੇਤੀ ਹੀ ‘ਚਿਰਾਗ਼` ਦਾ ‘ਹਬੀਬ ਜਾਲਿਬ ਵਿਸ਼ੇਸ਼ ਅੰਕ` ਕੱਢਣ ਦਾ ਵਿਚਾਰ ਹੈ। ਕਦੇ ਅਫ਼ਜ਼ਲ ਤੌਸੀਫ਼ ਵਿਸ਼ੇਸ਼ ਅੰਕ ਵੀ ਕੱਢਾਂਗੇ। ਵੱਡੀ ਗੱਲ ਇਹ ਸੋਚਣ ਵਾਲੀ ਹੈ ਕਿ ਉਹ ਵੀ ਪੰਜਾਬੀ ਦਾ ਸਾਹਿਤ ਹੈ, ਜੋ ਸਰਹੱਦਾਂ ਕਾਰਨ ਸਾਡੇ ਲਈ ਅਪਹੁੰਚ ਬਣਿਆ ਹੋਇਆ ਹੈ। ਅਸੀਂ ਅਪਣੀ ਵਿੱਤ ਅਨੁਸਾਰ ਇਸ ਦੂਰੀ ਨੂੰ ਘਟਾਉਣ ਦਾ ਯਤਨ ਕਰ ਰਹੇ ਹਾਂ। ਇਸ ਉਦਮ ਦਾ ਓਧਰ ਬੜਾ ਚੰਗਾ ਪ੍ਰਭਾਵ ਪਿਆ ਹੈ ਤੇ ‘ਚਿਰਾਗ਼` ਦੀ ਅਕਸਰ ਹੀ ਉਡੀਕ ਤੇ ਚਰਚਾ ਹੁੰਦੀ ਰਹਿੰਦੀ ਹੈ।
ਹੁਣ : ਸਿੱਖ ਧਰਮ ਨੂੰ ਤੁਸੀਂ ਕਿਸ ਤਰ੍ਹਾਂ ਸਮਝਦੇ ਹੋ? ਤੁਹਾਡਾ ਸਾਰਾ ਪਰਿਵਾਰ ਸਿੱਖ ਲਹਿਰ ਤੋਂ ਪ੍ਰਭਾਵਤ ਰਿਹਾ ਹੈ?ਹੁੰਦਲ : ਪਿਤਾ ਜੀ ਦੇ ਦੋ ਵੱਡੇ ਭਾਈ ਗੁਰਦੁਆਰਾ ਸੁਧਾਰ ਲਹਿਰ (1921-25) ਵਿਚ ਸ਼ਹੀਦ ਹੋ ਗਏ ਸਨ। ਪਿਤਾ ਜੀ 1947 ਤੀਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਮੈਂਬਰ ਰਹੇ ਸਨ। ਸਾਡੀ ਬਚਪਨ ਤੇ ਜਵਾਨੀ ਸਮੇਂ ਦੀ ਪ੍ਰੇਰਨਾ ਵੀ ਸਿੱਖ ਸਿਧਾਂਤਾਂ ਤੋਂ ਪ੍ਰਭਾਵਿਤ ਸੀ। ਕਾਲਜ ਜਾ ਕੇ 1952-53 ਵਿਚ ਮੇਰੇ ਵਿਚਾਰਾਂ ਵਿਚ ਪ੍ਰੀਵਰਤਨ ਆਇਆ ਤੇ ਮੈਂ ਸਮਾਜਵਾਦੀ ਫ਼ਲਸਫ਼ੇ ਨੂੰ ਪੜ੍ਹਨ ਤੇ ਸਮਝਣ ਦੀ ਕੋਸ਼ਿਸ਼ ਕਰਨ ਲੱਗਾ। ਸਿੱਖ ਲਹਿਰ ਦਾ ਪੰਜਾਬ ਦੇ ਇਤਿਹਾਸ ਵਿਚ ਵੱਡਾ ਤੇ ਹਾਂ-ਪੱਖੀ ਰੋਲ ਰਿਹਾ ਹੈ ਪਰ ਐਸ ਵੇਲੇ ਸਿੱਖੀ ਧਨੀ ਜਾਗੀਰਦਾਰਾਂ ਤੇ ਤਾਕਤ ਦੇ ਲੋਭੀਆਂ ਨੇ ਸਾਂਭ ਲਈ ਹੈ। ਅਗਵਾਈ ਧਨੀ ਕਿਸਾਨਾਂ ਕੋਲ ਹੈ। ਸਾਧਰਨ ਸ਼ਰਧਾਵਾਨ ਸਿੱਖ ਵਹਿਮਾਂ-ਭਰਮਾਂ ਤੇ ਡੇਰਿਆਂ ਦੇ ਭੁਲੇਖਾ ਪਾਊ ਪ੍ਰਚਾਰ ਦੇ ਪ੍ਰਭਾਵ ਅਧੀਨ ਹੈ। ਸਾਰੀਆਂ ਧਾਰਮਕ ਰਸਮਾਂ ਕਰਮ-ਕਾਂਡ ਬਣ ਗਈਆਂ ਹਨ। ਗੁਰੂਆਂ ਦੀ ਆਦਿ ਗ੍ਰੰਥ ਵਿਚ ਦਰਜ ਬਾਣੀ ਸਾਡੇ ਅਮਲੀ ਜੀਵਨ ਨਾਲੋਂ ਟੁੱਟ ਗਈ ਹੈ। ਸਿੱਖ ਜਗਤ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਸਪੱਸ਼ਟ ਸੇਧ ਕੋਈ ਨਹੀਂ ਹੈ।
ਕਵਿਤਾ ਤੇ ਜੇਲ੍ਹ
ਹੁਣ : ਤੁਹਾਨੂੰ ਅਪਣੀਆਂ ਕਵਿਤਾਵਾਂ ਕਰਕੇ ਕਈ ਵਾਰ ਜੇਲ੍ਹ ਵੀ ਜਾਣਾ ਪਿਆ। ਗ੍ਰਿਫ਼ਤਾਰੀਆਂ ਤੇ ਨਜ਼ਰਬੰਦੀਆਂ ਦਾ ਸਮਾਂ ਪਾਠਕਾਂ ਨਾਲ ਸਾਂਝਾ ਕਰੋ।
ਹੁੰਦਲ : ਸੱਤਵੇਂ ਦਹਾਕੇ ਵਿਚ ਜਦੋਂ ਪ੍ਰਯੋਗਵਾਦੀ ਰਾਮ-ਰੌਲਾ ਕੁਝ ਠੰਢਾ ਪਿਆ ਤਾਂ ਨਕਸਲਵਾੜੀ ਚੰਗਿਆੜੀ ਸੁਲਗਣ ਲੱਗੀ। ਮੇਰੇ ਮਿੱਤਰਾਂ ਦੀ ਰਾਏ ਅਨੁਸਾਰ ਹੁਣ ਤਕੜੀ ਦਾ ਪੱਲਾ ਸੱਜੇ ਤੋਂ ਹੱਟ ਕੇ ਖੱਬੇ ਕੁਰਾਹੇ ਵੱਲੇ ਝੁਕ ਗਿਆ ਸੀ। ਭਾਵੇਂ ਮੇਰੇ ਦੋਸਤਾਂ ਦਾ ਦਾਇਰਾ ਸੀ.ਪੀ.ਆਈ. (ਐਮ.) ਨਾਲ ਜੁੜਿਆ ਹੋਇਆ ਸੀ, ਪਰ ਨਕਸਲਬਾੜੀ ਸਾਹਿਤ ਖ਼ਾਸ ਕਰ ਕੇ ਪੰਜਾਬੀ ਕਵਿਤਾ ਵਿਚ ਇਸ ਦੇ ਪ੍ਰਗਟਾਵੇ ਕਾਰਨ ਮੇਰੀ ਕਵਿਤਾ ਉਤੇ ਵੀ, ਅਚੇਤ ਹੀ ਨਕਸਲਵਾਦੀ ਜੋਸ਼ ਤੇ ਉਤਸ਼ਾਹ ਦਾ ਪ੍ਰਭਾਵ ਪੈ ਰਿਹਾ ਸੀ। ‘ਲਕੀਰ` ਦੁਮਾਸਕ ਨਕਸਲਵਾਦੀ ਰਾਜਨੀਤੀ ਤੋਂ ਪ੍ਰਭਾਵਿਤ ਪ੍ਰਤਿਕਾ ਸੀ। ਚਰਚਾ ਕਰਨ ਕਰਾਉਣ ਲਈ ਹਰ ਨਵਾਂ ਲੇਖਕ ਇਸ ਵਿਚ ਛਪਣਾ ਚਾਹੁੰਦਾ ਸੀ। ਮੇਰੀਆਂ ਇਕਾ ਦੁੱਕਾ ਕਵਿਤਾਵਾਂ, ਚਿੱਠੀਆਂ, ਲੇਖ ਤੇ ਟਿੱਪਣੀਆਂ ਇਸ ਪਰਚੇ ਵਿਚ ਛਪਦੀਆਂ ਰਹਿੰਦੀਆਂ ਸਨ। ਲਿਖਤਾਂ ਦੇ ਆਧਾਰ `ਤੇ ਪੁਲੀਸ ‘ਲਕੀਰ` ਵਿਚ ਛਪਣ ਵਾਲੇ ਹਰ ਲੇਖਕ ਨੂੰ ਨਕਸਲਵਾਦੀ ਸਮਝਣ ਲੱਗ ਪਈ ਸੀ। ਮੇਰਾ ਨਾਂ ਵੀ ਪੁਲੀਸ ਦੀਆਂ ਫ਼ਾਈਲਾਂ ਵਿਚ ਨਕਸਲਵਾਦੀ ਵਜੋਂ ਦਰਜ ਹੋ ਚੁੱਕਾ ਸੀ।1971 ਦੇ ਅਕਤੂਬਰ ਮਹੀਨੇ ਵਿਚ ਰਾਤ ਨੂੰ ਮੇਰੇ ਘਰ ਪੁਲੀਸ ਦਾ ਛਾਪਾ ਪਿਆ। ਮੈਂ ਰਾਤ ਘਰ ਨਹੀਂ ਸੀ। ਸਵੇਰੇ ਧਾਲੀਵਾਲ ਬੇਟ ਹਾਈ ਸਕੂਲ ਵਿਚ ਮੇਰੇ ਪਹੁੰਚਣ `ਤੇ ਪੁਲੀਸ ਦੀ ਜੀਪ ਆਈ ਤੇ ਮੈਨੂੰ ਫੜ ਕੇ ਲੈ ਗਈ। ਸਾਰਾ ਦਿਨ ਢਿਲਵਾਂ ਥਾਣੇ ਬਿਠਾਈ ਰੱਖਿਆ। ਸ਼ਾਮੀ ਪੁਲੀਸ ਦੀ ਜੀਪ ਮੈਨੂੰ ਕਪੂਰਥਲੇ ਲੈ ਗਈ। ਕਪੂਰਥਲੇ ਪਹੁੰਚਣ `ਤੇ ਪਤਾ ਲੱਗਾ ਕਿ ਮੇਰੇ ਛੋਟੇ ਭਾਈ ਕੁਲਬੀਰ ਸਿੰਘ ਨੂੰ ਵੀ ਪੁਲੀਸ ਨੇ ਫੜ ਲਿਆਂਦਾ ਹੈ। ਸਾਨੂੰ ਸੀ.ਆਈ.ਏ. ਸਟਾਫ਼ ਦੇ ਅਹਾਤੇ ਵਿਚਲੇ ਇਕ ਕਮਰੇ ਵਿਚ ਬਿਠਾ ਦਿੱਤਾ। ਸਾਨੂੰ ਕਿਸ ਦੋਸ਼ ਵਿਚ ਫੜ ਕੇ ਲਿਆਂਦਾ ਸੀ ਤੇ ਕਿੰਨੀ ਦੇਰ ਅੰਦਰ ਰੱਖਣਾ ਸੀ, ਇਸ ਗੱਲ ਦਾ ਕੋਈ ਪਤਾ ਨਹੀਂ ਸੀ। ਅਸੀਂ ਦੋਵੇਂ ਭਰਾ ਬੜੇ ਪ੍ਰੇਸ਼ਾਨ ਸੀ। ਹਨੇਰਾ ਹੋਣ `ਤੇ ਪੁਲੀਸ ਇੰਸਪੈਕਟਰ ਮਹਿੰਦਰ ਸਿੰਘ ਮੌੜ ਆਇਆ ਤੇ ਕਹਿਣ ਲੱਗਾ, ‘‘ਮਾਸਟਰ ਜੀ ਤੁਸੀਂ ਹੁਣ ਘਰ ਚਲੇ ਜਾਓ ਤੇ ਸਵੇਰੇ ਆ ਕੇ ਅਪਣੇ ਰਿਸ਼ਤੇਦਾਰਾਂ ਦੇ ਨਾਂ ਪਤੇ ਲਿਖਵਾ ਜਾਇਓ।“ਇਹੀ ਸਾਡੀ ਪਹਿਲੀ ਗ੍ਰਿਫ਼ਤਾਰੀ ਸੀ। ਅਸੀਂ ਗ੍ਰਿਫ਼ਤਾਰੀ ਦੇ ਡਰੋਂ ਬੜੇ ਘਬਰਾਏ ਹੋਏ ਸੀ। ਵੱਡੇ ਦੁੱਖ ਦੀ ਗੱਲ ਇਹ ਸੀ ਕਿ ਸਾਨੂੰ ਨਕਸਲਬਾੜੀਏ ਸਮਝ ਕੇ ਗ੍ਰਿਫ਼ਤਾਰ ਕੀਤਾ ਗਿਆ ਸੀ। ਕੁਲਬੀਰ ਕਾਲਜ ਵੇਲੇ ਵਿਦਿਆਰਥੀ ਆਗੂ ਰਹਿ ਚੁੱਕਾ ਸੀ, ਪਰ ਹੁਣ ਨੌਕਰੀ ਕਰਦਾ ਹੋਣ ਕਾਰਨ ਬਿਲਕੁਲ ਗ਼ੈਰ-ਸਰਗਰਮ ਸੀ। ਮੇਰੀ ਵੀ ਕੋਈ ਰਾਜਸੀ ਸਰਗਰਮੀ ਨਹੀਂ ਸੀ। ਹਾਂ ਸਾਡੀ ਰਾਜਸੀ ਹਮਦਰਦੀ ਸੀ.ਪੀ.ਆਈ. (ਐਮ.) ਨਾਲ ਜ਼ਰੂਰ ਸੀ ਤੇ ਮੇਰੇ ਜਲੰਧਰ ਵਾਲੇ ਸਾਰੇ ਦੋਸਤ ਏਸੇ ਪਾਰਟੀ ਨਾਲ ਸਬੰਧਤ ਸਨ। ਫਿਰ ਸਾਨੂੰ ਗ਼ਲਤ ਇਲਜ਼ਾਮ ਹੇਠ ਕਿਉਂ ਫੜਿਆ ਜਾ ਰਿਹਾ ਸੀ। ਨਾਲ ਹੀ ਇਹ ਸਵਾਲ ਸੀ ਕਿ ਇਸ ਗ਼ਲਤ ਦੂਸ਼ਣ ਦਾ ਖੰਡਨ ਕਿਵੇਂ ਕੀਤਾ ਜਾਵੇ?ਜਲੰਧਰ ਦੇ ਦੋਸਤਾਂ ਨਾਲ ਸਲਾਹ-ਮਸ਼ਵਰਾ ਕਰ ਕੇ ਅਸੀਂ ਪ੍ਰੈਸ ਵਿਚ ਤੇ ‘ਪ੍ਰੀਤਲੜੀ` ਵਿਚ ਇਕ ਬਿਆਨ ਦਿੱਤਾ ਕਿ ਸਾਡਾ ਨਕਸਬਾੜੀਆਂ ਨਾਲ ਕੋਈ ਸਬੰਧ ਨਹੀਂ। ਇਸ ਬਿਆਨ ਦੇ ਛਪਣ `ਤੇ ਨਕਲਸਵਾਦੀਏ ਬੜੇ ਔਖੇ ਹੋਏ ਤੇ ਉਨ੍ਹਾਂ ਨੇ ‘ਪਾਸ਼` ਵਲੋਂ ਪ੍ਰਕਾਸ਼ਿਤ ਕੀਤੇ ਜਾ ਰਹੇ ਰਸਾਲੇ ‘ਸਿਆੜ` ਵਿਚ ਸਾਡੇ ਵਿਰੁੱਧ ਧੂੰਆਂਧਾਰ ਚਿੱਠੀਆਂ ਲਿਖੀਆਂ।ਸਾਲ ਬਾਅਦ ਅਕਤੂਬਰ ਦੇ ਮਹੀਨੇ ਅਰਥਾਤ 16-12-72 ਨੂੰ ਸਾਨੂੰ ਦੋਵਾਂ ਭਰਾਵਾਂ ਨੂੰ ਪੁਰਾਣੇ ਰਿਕਾਰਡ ਦੇ ਆਧਾਰ `ਤੇ ਫਿਰ ਫੜ ਲਿਆ। ਐਤਕੀਂ ਹਫ਼ਤੇ ਭਰ ਲਈ ਸਿੱਧਾ ਜੇਲ੍ਹ ਭੇਜ ਦਿੱਤਾ। ਦੋਸ਼ ਐਤਕੀਂ ਵੀ ਸਾਡਾ ਕੋਈ ਨਹੀਂ ਸੀ। ਏਸੇ ਕਾਰਨ ਹੈਰਾਨੀ ਤੇ ਬੜੀ ਪ੍ਰੇਸ਼ਾਨੀ ਹੁੰਦੀ ਸੀ। ਅੰਦਰ ਜੇਲ੍ਹ ਵਿਚ ਜਿਹੜੇ ਸੌ ਦੇ ਕਰੀਬ ਕਾਲਜ ਵਿਦਿਆਰਥੀ ਕੈਦ ਸਨ, ਉਨ੍ਹਾਂ ਦੀ ਰਿਹਾਈ ਹਫ਼ਤੇ ਬਾਅਦ ਹੋ ਗਈ ਤੇ ਉਸ ਤੋਂ ਅਗਲੇ ਦਿਨ ਸਾਨੂੰ ਵੀ ਛੱਡ ਦਿੱਤਾ ਗਿਆ। ਅਸੀਂ ਦੁਬਾਰਾ ਐਸ.ਐਸ.ਪੀ. ਸ੍ਰੀ ਗੁਰਬਚਨ ਜਗਤ ਨੂੰ ਮਿਲੇ ਤੇ ਅਪਣੀ ਗੱਲ ਦੱਸੀ। ਉਸ ਨੇ ਕਿਹਾ ਕਿ ਤੁਹਾਡੇ ਨਾਂ ਭਾਵੇਂ ਗ਼ਲਤ ਢੰਗ ਨਾਲ ਪੁਲੀਸ ਰਿਕਾਰਡ ਵਿਚ ਚੜ੍ਹ ਗਏ ਹਨ, ਪਰ ਮੈਂ ਕੋਸ਼ਿਸ਼ ਕਰਾਂਗਾ ਕਿ ਦਰੁਸਤੀ ਕਰ ਦਿੱਤੀ ਜਾਵੇ। ਹਫ਼ਤਾ ਭਰ ਜੇਲ੍ਹ ਦੀ ਹਵਾ ਖਾ ਅਸੀਂ ਅਪਣੇ-ਅਪਣੇ ਸਕੂਲੇ ਆ ਹਾਜ਼ਰ ਹੋਏ। ਵਾਰ-ਵਾਰ ਗ੍ਰਿਫ਼ਤਾਰ ਹੋਣ ਤੇ ਜੇਲ੍ਹ ਜਾਣ ਨਾਲ ਹੌਲੀ-ਹੌਲੀ ਗ੍ਰਿਫ਼ਤਾਰ ਹੋਣ ਦੀ ਸਾਡੀ ਮੁਢਲੀ ਦਹਿਸ਼ਤ ਕੁਝ ਘੱਟਦੀ ਜਾ ਰਹੀ ਸੀ। ਪਰ ਅਜੇ ਵੀ ਅਸੀਂ ਪੂਰੀ ਤਰ੍ਹਾਂ ਨਿਰਭੈ ਨਹੀਂ ਸੀ ਬਣ ਸਕੇ। ਮੇਰੇ ਕੁਝ ਸ਼ਿਅਰ ਇਨ੍ਹਾਂ ਗ੍ਰਿਫ਼ਤਾਰੀਆਂ ਦੀ ਉਪਜ ਸਨ ਜੋ ਸਮਾਂ ਪਾ ਕੇ ਬਹੁਤ ਪ੍ਰਸਿੱਧ ਹੋਏ :ਕਵਿਤਾਵਾਂ ਦੇ ਕੌਣ ਪਾਰਖੂ ਆਏ ਨੇ,ਜਿਹਨਾ ਤੈਨੂੰ ਥਾਣੇ ਵਿਚ ਬੁੁਲਾਇਆ ਹੈ।
ਥਾਣੇ ਵਿਚ ਵੀ ਫ਼ਾਈਲ ਅਸਾਡੀ ਖੁੱਲ੍ਹ ਗਈ,ਕਵਿਤਾ ਨੇ ਇਹ ਕੈਸਾ ਰੰਗ ਵਟਾਇਆ ਹੈ।
ਦੇਸ਼ ਅਸਾਡਾ, ਕਿੱਥੋਂ, ਕਿੱਥੇ ਪਹੁੰਚ ਗਿਆਕਵਿਤਾ ਦੇ ਹੁਣ ਅਰਥ ਸਿਪਾਹੀ ਕਰਦੇ ਨੇ।ਪਹਿਲੀ ਗ੍ਰਿਫ਼ਤਾਰੀ ਤੇ ਨਜ਼ਰਬੰਦੀ ਤੋਂ ਬਾਅਦ ਅਗਲੇ ਚਾਰ ਸਾਲ ਸੁੱਖ-ਸਾਂਦ ਰਹੀ। ਫੇਰ ਹੋਇਆ ਇੰਜ ਕਿ ਮੇਰੀ ਇਕ ਗ਼ਜ਼ਲ ‘ਸਿਰਜਣਾ` ਜੁਲਾਈ-ਸਤੰਬਰ 1976 ਅੰਕ ਵਿਚ ਛਪੀ ਸੀ। ਇਸ ਵਿਚ ਦੇਸ਼ ਲਈ ਸ਼ਹਿਰ ਦਾ ਚਿੰਨ੍ਹ ਵਰਤ ਕੇ ਮੈਂ ਅਪਣੀ ਗੱਲ ਆਖੀ ਸੀ। ਚੰਡੀਗੜ੍ਹ ਵਿਚ ਸੰਪਾਦਕਾਂ ਨੂੰ ਖ਼ੁਦ ਸੈਂਸਰਸ਼ਿਪ ਦੇ ਨੇਮਾਂ ਨੂੰ ਲਾਗੂ ਕਰਨ ਲਈ ਆਖਿਆ ਗਿਆ ਸੀ। ਪਰ ਮੇਰੇ ਮਿੱਤਰ ਰਘਬੀਰ ਸਿੰਘ ਨੇ ਇਹ ਸਮਝਿਆ ਕਿ ਮੇਰੀ ਗ਼ਜ਼ਲ ਚਿੰਨ੍ਹਾਤਮਿਕ ਢੰਗ ਨਾਲ ਕਹੀ ਗਈ ਸੀ, ਇਸ ਲਈ ਸੰਭਵ ਸੀ ਕਿ ਪੁਲੀਸ ਵਾਲਿਆਂ ਨੂੰ ਗ਼ਜ਼ਲ ਦੇ ਲੁਕਵੇਂ ਅਰਥ ਸਮਝ ਨਾ ਆਉਣ। ਪਰ ਸੈਂਸਰ ਵਿਭਾਗ ਵੀ ਹੁਣ ਕਾਫ਼ੀ ਚੌਕਸ ਤੇ ਚਤੁਰ ਹੋ ਗਿਆ ਸੀ। ਉਨ੍ਹਾਂ ਮੇਰੀ ਗੱਲ ਪਕੜ ਲਈ ਸੀ। ਗ਼ਜ਼ਲ ਦੇ ਕੁਝ ਸ਼ਿਅਰ ਇਸ ਤਰ੍ਹਾਂ ਸਨ :ਹਰ ਦਰਵਾਜ਼ੇ ਉਤੇ ਲੱਗਾ, ਕਾਲੀ ਚੁੱਪ ਦਾ ਤਾਲਾ,ਬੁੱਤਾਂ ਵਾਗੂੰ ਸ਼ਹਿਰੀ ਲੱਗਦੇ, ਹਰ ਸ਼ਹਿਰੀ ਮੁਰਝਾਇਆ।
ਸੜਕਾਂ ਕਿੰਜ ਉਜਾੜਾਂ ਹੋਈਆਂ, ਰੌਣਕ ਮਕਤਲ ਅੰਦਰ,ਸ਼ਹਿਰ ਤੇਰੇ ਦਾ ਭੇਤ ਅਸਾਨੂੰ, ਭੋਰਾ ਸਮਝ ਨਾ ਆਇਆ।
ਉਸ ਸ਼ਹਿਰੀ ਦੇ ਸਦਕੇ ਜਾਈਏ, ਧੰਨ ਕਮਾਈ ਉਸ ਦੀ,ਜਿਸ ਨੇ ਕਾਲੀ ਰਾਤ ਬਨੇਰੇ, ਦੀਵਾ ਆਣ ਜਗਾਇਆ।
ਅਸੀਂ ਤਾਂ ਉਹਨੂੰ ਘਰੋਂ ਬੁਲਾ ਕੇ, ਵੀਹ ਵਾਰੀ ਸਮਝਾਇਆ,ਅਜੇ ਤੀਕ ਵੀ ਕਵਿਤਾ ਕਹਿਣੋਂ, ਹੁੰਦਲ ਬਾਜ਼ ਨਾ ਆਇਆ।ਸੋ ਚੰਡੀਗੜ੍ਹੋਂ ਨਜ਼ਰਬੰਦੀ ਦਾ ਹੁਕਮ ਆ ਪਹੁੰਚਿਆ ਕਿ ‘ਹਰਭਜਨ ਸਿੰਘ ਹੁੰਦਲ` ਨਾਂ ਦੇ ਵਿਅਕਤੀ ਨੂੰ ਅਗਲੇ ਹੁਕਮਾਂ ਤੀਕ ਨਜ਼ਰਬੰਦ ਰੱਖਿਆ ਜਾਵੇ। ਨਜ਼ਰਬੰਦੀ 14-9-76 ਨੂੰ ਹੋਈ। ਦੋ ਦਿਨ ਥਾਣੇ ਬਿਠਾ 16-9-76 ਨੂੰ ਕਪੂਰਥਲਾ ਜੇਲ੍ਹ ਭੇਜ ਦਿੱਤਾ ਗਿਆ। ਕਪੂਰਥਲਾ ਜੇਲ੍ਹ ਵਿਚ ਜ਼ਿਲ੍ਹਾ ਜੇਲ੍ਹ ਜਲੰਧਰ ਦੇ ਚਾਲੀ ਤੇ ਕਰੀਬ ਕੈਦੀ ਲਿਆਂਦੇ ਗਏ ਸਨ। ਇਹ ਸਾਰੇ ਅਕਾਲੀ ਸਨ। ਅੰਦਰ ਅਕਾਲੀ ਅਪਣਾ ਰਾਸ਼ਨ ਲੈ ਕੇ ਵੱਖਰਾ ਲੰਗਰ ਚਲਾ ਰਹੇ ਸਨ। ਮੈਂ ਵੀ ਇਨ੍ਹਾਂ ਵਿਚ ਸ਼ਾਮਲ ਹੋ ਗਿਆ। ਰੌਣਕਾਂ ਲੱਗ ਗਈਆਂ। ਹੌਲੀ-ਹੌਲੀ ਮਨ ਬਾਹਰਲੇ ਸੰਸਾਰ ਨਾਲੋਂ ਟੁੱਟਦਾ ਗਿਆ। ਕਵਿਤਾਵਾਂ ਸੁੁੱਝਣ ਅਥਵਾ ਫੁਰਨ ਲੱਗੀਆਂ। ਇਹ ਕਵਿਤਾਵਾਂ ਮੇਰੀ ਪਹਿਲੀ ਸਮੁੱਚੀ ਕਵਿਤਾ ਤੋਂ ਵਖਰੀਆਂ ਤੇ ਨਵੇਕਲੀਆਂ ਸਨ। ਮਨ ਬਹੁਤ ਹੀ ਸੰਵੇਦਨਸ਼ੀਲ ਹੋ ਗਿਆ ਸੀ। ਮੈਂ ਖ਼ੁਦ ਇਹ ਸੋਚ ਕੇ ਹੱਸਦਾ ਸੀ ਕਿ ਸਰਕਾਰੀ ਰਾਜ-ਪ੍ਰਬੰਧਕ ਮਸ਼ੀਨਰੀ ਕਿੰਨੀ ਬੇਵਕੂਫ਼ ਤੇ ਉਜੱਡ ਹੁੰਦੀ ਹੈ। ਮੈਨੂੰ ਇਕ ਕਵਿਤਾ ਲਿਖਣ ਕਰ ਕੇ ਜੇਲ੍ਹ ਵਿਚ ਡੱਕ ਦਿੱਤਾ ਸੀ। ਹੁਣ ਜੇਲ੍ਹ ਵਿਚ ਬੈਠਾ ਮੈਂ ਪੂਰੀ ਪੁਸਤਕ ਲਿਖ ਦੇਣ ਲੱਗਾ ਸੀ। ਹੁਣ ਸਰਕਾਰ ਇਨ੍ਹਾਂ ਲਿਖੀਆਂ ਜਾ ਰਹੀਆਂ ਕਵਿਤਾਵਾਂ `ਤੇ ਕਿਹੜੀ ਦਫ਼ਾ ਲਾਵੇਗੀ।ਹੌਲੀ-ਹੌਲੀ ਸਾਰੇ ਅਕਾਲੀ ਕੈਦੀ ਰਿਹਾਅ ਹੁੰਦੇ ਗਏ। ਅਖ਼ੀਰ `ਤੇ ਮੈਂ ਤੇ ਬੇਗੋਵਾਲ ਦਾ ਜ਼ਿਲ੍ਹਾ ਜਥੇਦਾਰ ਮੰਗਲ ਸਿੰਘ ਅੰਦਰ ਰਹਿ ਗਏ। ਇਕੱਲਤਾ ਕਾਰਨ ਮਨ ਉਦਾਸ ਰਹਿਣ ਲੱਗਾ। ਅਸੀਂ ਠੰਢ ਕਾਰਨ ਵੱਡੀ ਬੈਰਕ ਛੱਡ ਨਿੱਕੀ ਜਿਹੀ ਚੱਕੀ ਵਾਲੀ ਕੋਠੜੀ ਵਿਚ ਆ ਡੇਰੇ ਲਾਏ। ਜਥੇਦਾਰ ਦੀ ਮੰਗ `ਤੇ ਮੈਂ ‘ਗ਼ੁਲਾਬ ਦੀ ਫ਼ਸਲ` ਕਵਿਤਾ ਲਿਖੀ ਜੋ ਬਾਅਦ ਵਿਚ ਅੱਠਵੀਂ ਦੀ ਪਾਠ-ਪੁਸਤਕ ਵਿਚ ਲੱਗਣ ਕਾਰਨ ਬਹੁਤ ਪ੍ਰਸਿੱਧ ਹੋਈ। ਇਹ ਕਵਿਤਾ ਬਹੁਤ ਵਾਰ ਗਾਈ ਗਈ ਤੇ ਕਈ ਵਾਰ ਚੋਰੀ ਹੋਈ। ਮੇਰੀ ਜਾਣ-ਪਛਾਣ ‘ਗ਼ੁਲਾਬ ਦੀ ਫ਼ਸਲ` ਵਾਲੇ ਕਵੀ ਵਜੋਂ ਹੋ ਗਈ, ਜਿਵੇਂ ਸੰਤੋਖ ਸਿੰਘ ਧੀਰ ਦੀ ਪਛਾਣ ‘ਸਵੇਰ ਹੋਣ ਤੀਕ` ਜਾਂ ‘ਕੋਈ ਇਕ ਸਵਾਰ` ਵਾਲੇ ਧੀਰ ਦੀ ਹੋ ਗਈ :ਸੀਸ ਗੰਜ ਤੇ ਗੜ੍ਹੀ ਚਮਕੌਰ ਵਾਲੀਸਾਨੂੰ ਅੱਜ ਵੀ ਜੂਝਣਾ ਦੱਸਦੇ ਨੇ।ਜਾ ਕੇ ਪੁੱਛ ਲਓ ਕੰਧ ਸਰਹੰਦ ਦੀ ਨੂੰ,ਬਾਲ ਚਿਣੇ ਹੋਏ ਕਿੱਦਾਂ ਹੱਸਦੇ ਨੇ।
ਸਾਡੀ ਪਿੱਠ `ਤੇ ਖੜਾ ਇਤਿਹਾਸ ਸਾਡਾ, ਸਾਨੂੰ ਮਾਣ ਹੈ ਲਹੂ ਦੇ ਰੰਗ ਉਤੇ।ਅਸੀਂ ਜਾਣਦੇ ਕਿਵੇਂ ਕੁਰਬਾਨ ਹੋਣਾ, ਸੁਹਣੇ ਦੇਸ਼ ਦੀ ਕਿਸੇ ਵੀ ਮੰਗ ਉਤੇ।ਜਨਵਰੀ, 1977 ਦੇ ਅੰਤ ਤੇ ਐਮਰਜੈਂਸੀ ਉਠਾਏ ਜਾਣ ਨਾਲ ਸਭ ਦੀਆਂ ਰਿਹਾਈਆਂ ਹੋ ਗਈਆਂ। ਪਰ ਨਜ਼ਰਬੰਦੀ ਕਾਰਨ ਮੈਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ। ਮੈਂ ਸਕੂਲ ਦਾ ਗੇੜਾ ਮਾਰਦਾ, ਇਕ-ਅੱਧਾ ਪੀਰੀਅਡ ਪੜ੍ਹਾਉਂਦਾ ਤੇ ਯੂਨੀਅਨ ਦੇ ਕੰਮ ਕਰਦਾ। ਕਾਫ਼ੀ ਦੇਰ ਬਾਅਦ ਯੂਨੀਅਨ ਦੇ ਆਗੂ ਨੇ ਮੇਰਾ ਕੇਸ ਹਲਕੇ ਦੇ ਸਿੱਖਿਆ ਮੰਤਰੀ ਸਾਹਮਣੇ ਪੇਸ਼ ਕੀਤਾ ਤੇ ਮੈਂ ਨੌਕਰੀ `ਤੇ ਬਹਾਲ ਹੋ ਗਿਆ। ਜਮ੍ਹਾ ਹੁੰਦੀ ਰਹੀ ਅੱਧੀ ਤਨਖ਼ਾਹ ਇਕੱਠੀ ਮਿਲ ਗਈ ਤੇ ਚਾਰ ਛਿੱਲੜ ਜਮ੍ਹਾਂ ਹੋ ਗਏ। ਇਨ੍ਹਾਂ ਗ੍ਰਿਫ਼ਤਾਰੀਆਂ, ਜੇਲ੍ਹਾਂ ਤੇ ਵਾਰ-ਵਾਰ ਹੁੰਦੀਆਂ ਮੁਅੱਤਲੀਆਂ ਨੇ ਮੇਰੀ ਕਵਿਤਾ ਤੇ ਮੇਰੀ ਸ਼ਖ਼ਸੀਅਤ ਨੂੰ ਢਾਲਣ, ਬਣਾਉਣ ਤੇ ਵਿਕਸਤ ਕਰਨ ਵਿਚ ਕੀਮਤੀ ਹਿੱਸਾ ਪਾਇਆ। ਇਸ ਤਰ੍ਹਾਂ ਦੇ ਸੁਨਹਿਰੀ ਅਵਸਰ ਕਿਸੇ ਭਾਗਾਂ ਵਾਲੇ ਕਵੀ ਨੂੰ ਮਿਲਦੇ ਹਨ।ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਥੇਬੰਦਕ ਫ਼ੈਸਲਿਆਂ ਅਨੁਸਾਰ ਹੋਈਆਂ ਗ੍ਰਿਫ਼ਤਾਰੀਆਂ ਤੇ ਰਿਹਾਈਆਂ ਵਖਰੀ ਭਾਂਤ ਦੀਆਂ ਸਨ। ਇਨ੍ਹਾਂ ਵਿਚ ਪਹਿਲਾਂ ਹੀ ਪਤਾ ਹੁੰਦਾ ਸੀ ਕਿ ਅੱਵਲ ਤਾਂ ਸਰਕਾਰ ਨੇ ਸਾਨੂੰ ਗ੍ਰਿਫ਼ਤਾਰ ਨਹੀਂ ਕਰਨਾ ਤੇ ਨਾ ਹੀ ਸਾਡੇ `ਤੇ ਲਾਠੀਚਾਰਜ ਕਰਨਾ ਹੈ ਤੇ ਜੇ ਫੜ ਵੀ ਲਿਆ ਤਾਂ ਸ਼ਾਮ ਤੀਕ ਉਨ੍ਹਾਂ ਰਿਹਾਅ ਕਰ ਕੇ ਘਰੀਂ ਤੋਰ ਦੇਣਾ ਹੈ। ਇਹੀ ਕਾਰਨ ਸੀ ਕਿ ਸਾਡੇ ਇਸ ਭਾਂਤ ਦੇ ਸੰਘਰਸ਼, ਸਿਵਾਏ ਅਖ਼ਬਾਰੀ ਖ਼ਬਰਾਂ ਬਣਨ ਦੇ, ਹੋਰ ਕੁਝ ਪ੍ਰਾਪਤ ਵੀ ਨਹੀਂ ਕਰ ਸਕੇ। ਇਹ ਸੋਚਣ ਦੀ ਲੋੜ ਹੈ ਕਿ ਕਿਉਂ ਅਸੀਂ ਕੋਈ ਲੰਮਾ ਤੇ ਖਾੜਕੂ ਸੰਘਰਸ਼ ਨਹੀਂ ਕਰ ਸਕਦੇ।
ਹੁਣ : ਲਗਦੇ ਹੱਥ ਜੇਲ੍ਹ ਦੀ ਕੋਈ ਦਿਲਚਸਪ ਯਾਦ ਸਾਂਝੀ ਕਰੋ।
ਹੁੰਦਲ : ਐਮਰਜੈਂਸੀ ਦਾ ਦੂਜਾ ਤੇ ਮੇਰੀ ਨਜ਼ਰਬੰਦੀ ਦਾ ਤੀਜਾ ਮਹੀਨਾ ਸੀ। ਜਨਵਰੀ ਮਹੀਨਾ ਤੇ 1971 ਦਾ ਆਰੰਭ। ਅੰਦਰ ਬੈਠਿਆਂ ਨੂੰ ਇੰਜ ਪ੍ਰਤੀਤ ਹੁੰਦਾ ਸੀ ਕਿ ਖ਼ਬਰ ਨਹੀਂ ਅਜੇ ਹੋਰ ਕਿਤਨੀ ਦੇਰ ਇਸ ਨਜ਼ਰਬੰਦੀ ਦਾ ‘ਆਨੰਦ` ਮਾਨਣਾ ਸੀ। ਸਿਆਣੇ ਆਖਦੇ ਨੇ ਹੌਲੀ-ਹੌਲੀ ਔਖੇ ਦਿਨ ਵੀ ਭੁੱਲ ਜਾਂਦੇ ਹਨ। ਪਰ ਮੈਂ ਆਖਦਾ ਹਾਂ ਕਿ ਹੌਲੀ-ਹੌਲੀ ਔਖੇ ਦਿਨਾਂ ਦੀ ਯਾਦ ਵੀ ਮਿੱਠੀ-ਮਿੱਠੀ ਲੱਗਣ ਲੱਗ ਪੈਂਦੀ ਹੈ। ਮੈਂ ਅੰਦਰ ਸੀ ਤੇ ਮਿੱਤਰ ਸੁਰਿੰਦਰ ਗਿੱਲ ਬਾਹਰ। ਬਾਹਰ ਬੈਠੇ ਸੁਰਿੰਦਰ ਗਿੱਲ ਨੇ ਸੋਚਿਆ, ਐਨੇ ਤਿਉਹਾਰ ਲੰਘ ਗਏ ਹਨ, ਪਰ ਹੁੰਦਲ ਨੇ ਜਾਮ ਨਾਲ ਜਾਮ ਟਕਰਾਅ ਕੇ ਨਹੀਂ ਵੇਖਿਆ। ਕਿਉਂ ਨਾ ਕੋਈ ਜੁਗਤ ਲੜਾਈ ਜਾਵੇ। ਕੋਈ ਫ਼ੰਧ ਲਾਇਆ ਜਾਂ ਚਲਾਇਆ ਜਾਵੇ। ਜੇਲ੍ਹ ਦੇ ਸੁਪਰਡੈਂਟ ਸ੍ਰੀ ਥਾਣਾ ਸਿੰਘ ਨਾਲ ਉਸ ਦਾ ਸੰਪਰਕ ਬਣਿਆ ਹੋਇਆ ਸੀ। ਸੰਪਰਕ ਦੇ ਨਾਲ-ਨਾਲ ਚੰਗਾ ਇਤਬਾਰ ਵੀ।ਸਿਆਲ ਦੀ ਭਰਪੂਰ ਠੰਢ ਤੇ ਬਾਰਿਸ਼ ਦੇ ਦਿਨ। ਸਾਡੀ ਮੁਲਾਕਾਤ ਮੰਗਲ ਤੇ ਸ਼ੁੱਕਰਵਾਰ ਨੂੰ ਈ ਹੁੰਦੀ ਸੀ, ਪਰ ਗਿੱਲ ਜਦੋਂ ਚਾਹੇ ਆ ਕੇ ਮਿਲ ਸਕਦਾ ਸੀ। ਸ਼ਾਮ ਦੇ ਸਮੇਂ ਉਹ ਆਇਆ ਤੇ ਆਗਿਆ ਲੈ ਕੇ ਸੁਪਰਡੈਂਟ ਦੇ ਦਫ਼ਤਰ ਵਿਚ ਜਾ ਬਿਰਾਜਮਾਨ ਹੋਇਆ। ਹੁਣ ਮੁਲਜ਼ਮ ਨੂੰ ਸੱਦਣ ਦਾ ਹੁਕਮ ਜਾਰੀ ਹੋਇਆ। ਦਰਬਾਨ ਨੇ ਸਾਡੀ ਬੈਰਕ ਵਿਚ ਆ ਕੇ ਕਿਹਾ ਕਿ ਤੁਹਾਨੂੰ ਕੋਈ ਮਿਲਣ ਵਾਲਾ ਆਇਆ। ਡਿਉੜੀ ਵਿਚ ਆ ਜਾਓ। ਸੋਚਿਆ, ਕੌਣ ਹੋਵੇਗਾ, ਉਹ ਮਿਲਣ ਵਾਲਾ? ਜ਼ਰੂਰ ਕੋਈ ਖ਼ਾਸ ਬੰਦਾ ਈ ਹੋਣੈ।ਮੇਰੇ ਨਾਲ ਛੋਟੀ ਬੈਰਕ ਵਿਚ, ਜਿਸ ਨੂੰ ਚੱਕੀ ਕਿਹਾ ਜਾਂਦਾ ਸੀ, ਜਥੇਦਾਰ ਮੰਗਲ ਸਿੰਘ ਸੀ, ਜ਼ਿਲ੍ਹੇ ਅਕਾਲੀ ਦਲ ਦਾ ਪ੍ਰਧਾਨ, ਨਿਰਭੈ ਜਰਨੈਲ, ਅਸਲੀ ਸਿੱਖ ਜਿਸ ਨੂੰ ਕਿਸੇ ਦਾ ਡਰ, ਖੌਫ਼ ਨਹੀਂ ਸੀ। ਉਹਦੀ ਸੰਗਤ ਕਾਰਨ ਹੀ ਜੇਲ੍ਹ ਮੇਰੇ ਲਈ ਮਿੱਤਰਾਂ ਦੀ ਮਹਿਫ਼ਲ ਬਣੀ ਪਈ ਸੀ। ਮੈਂ ਆਖਿਆ, ‘‘ਜਥੇਦਾਰਾ ਸੁੱਖ ਹੋਵੇ, ਅੱਜ ਕੁਵੇਲੇ ਜਿਹੇ `ਵਾਜ਼ ਪਈ ਹੈ।“ਕਹਿਣ ਲੱਗਾ, ‘‘ਹੁੰਦਲ, ਵਧੀ ਨੂੰ ਕਾਹਦਾ ਡਰ। ਗੁਰੂ ਭਲੀ ਕਰੇਗਾ। ਪਰ ਉਤੇ ਲੀੜਾ ਲੈ ਕੇ ਜਾਵੀਂ, ਠੰਢ ਬੜੀ ਊ।“ ਕੀ ਪਤਾ ਸੀ ਏਸੇ ਲੀੜੇ ਅਥਵਾ ਕੰਬਲ ਨੇ ਸਾਰੇ ਪਰਦੇ ਕੱਜਣੇ ਸਨ। ਜਾਂਦਿਆਂ ਨੂੰ ਗਿੱਲ ਸੁਪਰਡੈਂਟ ਦੇ ਦਫ਼ਤਰ ਵਿਚ ਖ਼ਾਸ ਮਹਿਮਾਨ ਵਾਂਗ ਸਜਿਆ ਬੈਠਾ ਸੀ। ਵਿਚਕਾਰ ਮੇਜ਼, ਅਗਲੇ ਪਾਸੇ ਜੇਲ੍ਹ ਸੁਪਰਡੈਂਟ। ਦਰਬਾਨ ਨੇ ਬੜੇ ਅਦਬ ਨਾਲ ਮੈਨੂੰ ਵੱਡੇ ਗੇਟ ਦਾ ਖਿੜਕ ਖੋਲ੍ਹ ਅੰਦਰ ਆਉਣ ਦਾ ਸੱਦਾ ਦਿੱਤਾ। ਮੈਂ ਗਿੱਲ ਦੇ ਕੋਲ ਹੀ ਕੰਬਲ ਦੀ ਬੁੱਕਲ ਮਾਰੀ, ਜਾ ਬੈਠਾ। ਐਧਰ-ਓਧਰ ਦੀਆਂ ਗੱਲਾਂ ਹੁੰਦੀਆਂ ਰਹੀਆਂ। ਮੌਸਮ ਦੀਆਂ, ਫ਼ਸਲਾਂ ਦੀਆਂ, ਕਿਤਾਬਾਂ ਦੀਆਂ ਤੇ ਨਵੀਆਂ ਲਿਖੀਆਂ ਕਵਿਤਾਵਾਂ ਦੀਆਂ। ਅਖ਼ੀਰ ਗਿੱਲ ਨੇ ਮੁਨਿਆਰੀ ਦੇ ਡੱਬੇ ਵਿਚ ਸੁਹਣੀ ਤਰ੍ਹਾਂ ਪੈਕ ਕੀਤਾ ਇਕ ਪੈਕਟ ਕੱਢਿਆ ਤੇ ਸੁਪਰਡੈਂਟ ਨੂੰ ਵਿਖਾ ਕੇ ਮੈਨੂੰ ਫੜਾ ਦਿੱਤਾ। ਕਹਿਣ ਲੱਗਾ, ‘‘ਬੱਚਿਆਂ ਨੇ ਕੁਝ ਖਾਣ ਵਾਲੇ ਬਿਸਕੁਟ ਭੇਜੇ ਸਨ। ਸ਼ਾਮ ਦੀ ਚਾਹ ਨਾਲ ਖਾ ਲੈਣੇ।“ ਪੈਕਟ ਫੜ ਮੈਂ ਬੁੱਕਲ ਵਿਚ ਦੇ ਲਿਆ। ਸੁਪਰਡੈਂਟ ਨੇ ਪੁੱਛਣ ਤੇ ਪਰਖਣ ਦੀ ਤਕਲੀਫ਼ ਗਵਾਰਾ ਨਾ ਕੀਤੀ। ਨਹੀਂ ਤਾਂ ਜੇਲ੍ਹ ਦੇ ਅੰਦਰ ਆ ਵੜੀ ਮੱਖੀ ਤੇ ਮੱਛਰ ਦੀ ਵੀ ਪੂਰੀ ਤਲਾਸ਼ੀ ਲਈ ਜਾਂਦੀ ਹੈ।ਮੁਲਾਕਾਤ ਦੇ ਖ਼ਤਮ ਹੋਣ `ਤੇ ਚੱਕੀ ਵਿਚ ਪਹੁੰਚ ਮੈਂ ਪੈਕਟ ਜਥੇਦਾਰ ਨੂੰ ਫੜਾ ਦਿੱਤਾ। ਉਸ ਨੇ ਖੋਲ੍ਹਿਆ ਤੇ ਵੇਖ ਕੇ ਖ਼ੁਸ਼ ਹੋਇਆ। ਕਹਿਣ ਲੱਗਾ, ‘‘ਓਏ ਇਹ ਰੰਮ ਦਾ ਦੁਹਾੜ! ਖ਼ੁਦਾ ਕੀ ਕੁਦਰਤ। ਇਹ ਕੀ ਕਰਾਮਾਤਾਂ ਹੋਣ ਲੱਗੀਆਂ ਨੇ ਜੇਲ੍ਹ ਵਿਚ!“ਮੈਂ ਕਿਹਾ, ‘‘ਲੁਕਾ ਲੈ, ਕੋਈ ਵੇਖ ਨਾ ਲਵੇ। ਹੁਣ ਫੜੇ ਗਏ ਤਾਂ ਮਾਰੇ ਜਾਵਾਂਗੇ।“ ਪਰ ਜਥੇਦਾਰ ਖ਼ੁਸ਼ ਸੀ, ਬੇਹੱਦ ਖ਼ੁਸ਼। ਕਹਿਣ ਲੱਗਾ, ‘ਗੁਰਾਂ ਦੀ ਮਿਹਰ ਹੋਈ ਹੈ, ਹੁਣ ਨਹੀਂ ਕੋਈ ਖੋਹ ਸਕਦਾ, ਇਸ ਦੁਰਲੱਭ ਤੋਹਫ਼ੇ ਨੂੰ।`ਪਰ ਅਚਾਨਕ ਡਿਉੜੀ ਦੇ ਦਰਬਾਨ ਨੇ ਦੁਬਾਰਾ `ਵਾਜ਼ ਮਾਰੀ। ਮੈਂ ਘਬਰਾ ਗਿਆ। ਜ਼ਰੂਰ ਕੋਈ ਗੜਬੜ ਹੋ ਗਈ ਹੋਣੀ ਹੈ। ਦਰਬਾਨ ਦੇ ਕੋਲ ਗਿਆ ਤਾਂ ਡਿਉੜੀ ਵਿਚੋਂ ਗਿੱਲ ਕਹਿਣ ਲੱਗਾ, ‘ਬਿਸਕੁਟਾਂ ਦੇ ਨਾਲ ਬੱਚਿਆਂ ਨੇ ਕੁਝ ਨਮਕੀਨ ਵੀ ਭੇਜਿਆ ਸੀ। ਮੈਂ ਭੁੱਲ ਹੀ ਚੱਲਿਆ ਸੀ। ਆਹ ਫੜੀਂ।`ਪੁੜੀ ਜਿਹੀ ਫੜੀ ਮੈਂ ਵਾਪਸ ਚੱਕੀ ਵਿਚ ਪਰਤਿਆ ਤੇ ਗਿੱਲ ਦੀ ਸਾਦਗੀ `ਤੇ ਹੱਸਿਆ। ‘ਕੀ ਗੱਲ ਸੀ?` ਜਥੇਦਾਰ ਨੇ ਉਤਸਕਤਾ ਵੱਸ ਪੁੱਛਿਆ। ‘‘ਹੋਣਾ ਕੀ ਸੀ, ਜਥੇਦਾਰਾ, ‘ਰੱਬ ਨੇ ਦਿੱਤੀਆਂ ਗਾਜਰਾਂ, ਵਿਚੇ ਰੰਬਾ ਰੱਖ।` ਅੱਜ ਤਾਂ ਅਪਣੇ ਗੁਰਾਂ ਕੋਲੋਂ ਜੋ ਵੀ ਮੰਗ ਲਵੇਂ, ਮਿਲਦਾ ਜਾਊ। ਹੁਣ ਨਾਲ ਗਿੱਲ ਨੇ ਨਮਕੀਨ ਵੀ ਭੇਜ ਦਿੱਤਾ ਈ।“ਸ਼ਾਮ ਡੂੰਘੀ ਹੋ ਰਹੀ ਸੀ। ਰਾਤ ਦੀ ਰੋਟੀ ਦਾ ਸਮਾਂ ਹੋਣ ਵਾਲਾ ਸੀ। ਜਥੇਦਾਰ ਕਹਿਣ ਲੱਗਾ, ‘‘ਉਹਨੂੰ ਪੰਡਤ ਨੂੰ ਵੀ ਸੱਦ ਲੈ।“ ਪੰਡਤ ਲੱਖਣ ਕੇ ਪੱਡਿਆਂ ਦਾ ਨਕਸਲਵਾਦੀ ਨੌਜਵਾਨ ਸੀ, ਜੋ ਮੇਰੇ ਨਾਲ ਹੀ ਫੜ ਕੇ ਲਿਆਂਦਾ ਗਿਆ ਸੀ। ਤੇ ਸਾਡੇ ਉਤੇ ਇਕੱਠਾ ਹੀ ਕੇਸ ਪਾ ਦਿੱਤਾ ਸੀ। ਮੈਂ ਪੰਡਤ ਨੂੰ ਸੱਦ ਲਿਆਇਆ। ਪਿੱਤਲ ਦੇ ਤਿੰਨ ਗਲਾਸਾਂ ਵਿਚ ਬਰਾਬਰ-ਬਰਾਬਰ ਪ੍ਰਸ਼ਾਦ-ਪਾਣੀ ਪਾ ਅਸਾਂ ਗਲਾਸ ਟਕਰਾਏ। ਇਕੋ ਝੀਕੇ ਗਲਾਸ ਖ਼ਾਲੀ ਕਰ, ਸ਼ੀਸ਼ੀ ਤੇ ਗਲਾਸ ਧੋ ਅਸੀਂ ਸੁਰਖ਼ਰੂ ਹੋ, ਲੱਗੇ ਨਮਕੀਨ ਖਾਣ। ਜਥੇਦਾਰ ਕਹਿਣ ਲੱਗਾ, ‘‘ਕੋਈ ਸ਼ਿਅਰ ਸੁਣਾ। ਐਸੇ ਮੌਕੇ ਨਿੱਤ-ਨਿੱਤ ਨਹੀਂ ਆਉਂਦੇ ਹੁੰਦੇ।“ ਮੈਂ ਆਖਿਆ, ‘‘ਜਥੇਦਾਰ ਜੀ, ਸੁਣੋ।“ਹੁਕਮ ਮੰਨ ਕੇ ਸੱਜਣਾਂ ਪਿਆਰਿਆਂ ਦਾ,ਅਸਾਂ ਜੇਲ੍ਹ ਦੇ ਨੇਮ ਨੂੰ ਤੋੜਿਆ ਈ।ਸਾਨੂੰ ਭੁੱਲ ਗਈਆਂ, ਬੇੜੀਆਂ ਹੱਥਕੜੀਆਂ,ਸ਼ਿਅਰ ਨਾਲ ਪਿਆਰ ਦੇ ਜੋੜਿਆ ਈ।
ਬਚਪਨ ਅਤੇ ਜਵਾਨੀ ਦੀਆਂ ਸ਼ਰਾਰਤਾਂ
ਹੁਣ : ਬਚਪਨ ਅਤੇ ਜਵਾਨੀ ਵਿਚ ਹਰ ਬੰਦਾ ਸ਼ਰਾਰਤਾਂ ਕਰਦਾ ਹੈ। ਤੁਹਾਨੂੰ ਵੀ ਅਪਣੀਆਂ ਸ਼ਰਾਰਤਾਂ ਯਾਦ ਕਰ ਕੇ ਹਾਸਾ ਆਉਂਦਾ ਹੋਊ?
ਹੁੰਦਲ : ਮੁਕੰਮਲ ਮਨੁੱਖ ਨਾਦਾਨੀਆਂ, ਬੇਵਕੂਫ਼ੀਆਂ ਤੇ ਸ਼ਰਾਰਤਾਂ ਦਾ ਸੰਗਮ ਹੁੰਦਾ ਹੈ। ਹੋਰਨਾਂ ਮਨੁੱਖਾਂ ਵਾਂਗ ਮੇਰੇ ਵਿਚ ਵੀ ਇਨ੍ਹਾਂ ਤਿੰਨ ਭਾਂਤ ਦੀਆਂ ਮਨੁੱਖੀ ਆਦਤਾਂ ਦੀ ਘੱਟ ਜਾਂ ਵੱਧ ਮਾਤਰਾ ਮੌਜੂਦ ਹੈ। ਜੀਵਨ ਤਜਰਬੇ ਦੇ ਵੱਧਣ ਨਾਲ ਬੇਵਕੂਫ਼ੀਆਂ ਤੇ ਜਾਣ-ਬੁੱਝ ਕੇ ਕੀਤੀਆਂ ਸ਼ਰਾਰਤਾਂ ਦੀ ਗਿਣਤੀ ਘਟਦੀ ਜਾਂਦੀ ਹੈ। ਛੋਟੇ ਹੁੰਦਿਆਂ ਸ਼ਾਇਦ ਦੂਸਰੀ ਜਾਂ ਤੀਸਰੀ ਵਿਚ ਪੜ੍ਹਦਿਆਂ ਮੈਂ ਅਪਣੇ ਹਮਜੋਲੀ ਤੇ ਜਮਾਤੀ ਮਿਸਤਰੀਆਂ ਦੇ ਮੁੰਡੇ ਨੂੰ ਨਿੱਕੀ ਸ਼ੀਸ਼ੀ ਵਿਚ ਅਪਣਾ ਪਿਸ਼ਾਬ ਭਰ ਕੇ, ਸ਼ਰਾਬ ਕਹਿ ਕੇ ਪਿਆ ਦਿੱਤਾ ਸੀ। ਜਦੋਂ ਉਹ ਪੀ ਹਟਿਆ ਤਾਂ ਅਸੀਂ ਦੋ ਤਿੰਨਾਂ ਜਣਿਆਂ ਨੇ, ਉਸ `ਤੇ ਤਾੜੀ ਮਾਰ ਦਿੱਤੀ ਸੀ। ਉਹ ਮੁੰਡਾ ਥੂਹ-ਥੂਹ ਕਰਦਾ, ਗਾਲ੍ਹਾਂ ਕੱਢਦਾ ਭੱਜ ਗਿਆ ਸੀ। ਇੰਜ ਹੀ ਗਵਾਂਢ ਵਿਚਲੀ ਸਾਡੀ ਦਾਦੀ ਲੱਗਦੀ ਬੁੱਢੜੀ ਦੇ ਪਾਲਤੂ ਪਰ ਵਾਢੂ ਕੁੱਤੇ ਨੂੰ ਅਸਾਂ ਦੋ ਤਿੰਨ ਜਣਿਆਂ ਨੇ, ਲੱਸੀ ਪਿਆ ਕੇ ਫੜ ਲਿਆ ਸੀ ਤੇ ਫਿਰ ਰੱਸਾ ਪਾ ਕੇ ਕਿੱਲੇ ਨਾਲ ਬੰਨ੍ਹ ਉਸ ਨੂੰ ਕੁੱਟ-ਕੁੱਟ ਕੇ ਚੀਕਾਂ ਕਢਾ ਦਿੱਤੀਆਂ ਸਨ। ਚੀਕ-ਚਿਹਾੜਾ ਸੁਣ ਮਾਈ ਭੱਜੀ ਆਈ ਸੀ ਤੇ ਅਸੀਂ ਉਥੋਂ ਭੱਜ ਖਲੋਤੇ ਸੀ। ਭਲਾ ਇੰਜ ਕਰ ਕੇ ਸਾਨੂੰ ਕੀ ਮਿਲਿਆ ਸੀ। ਬੱਸ, ਸੁਆਦ ਜਿਹਾ ਆਇਆ ਸੀ ਤੇ ਇਸ ਦ੍ਰਿਸ਼ ਨੂੰ ਯਾਦ ਕਰਦੇ ਹੋਏ ਅਸੀਂ ਕਈ ਵਾਰ ਆਪੋ ਵਿਚ, ਆਖਦੇ ਹੁੰਦੇ ਸੀ, ‘‘ਯਾਰ, ਮਜ਼ਾ ਬੜਾ ਆਇਆ ਸੀ।“।ਜਾਨਵਰਾਂ ਦੇ ਆਂਡੇ ਭੰਨ ਦੇਣ, ਕਿਸੇ ਦੇ ਪੱਕੇ ਖਰਬੂਜੇ ਤੋੜ ਖਾਣੇ ਜਾਂ ਚਲਦੇ ਗੱਡ ਤੋਂ ਗੰਨੇ ਖਿੱਚ ਲੈਣੇ ਅਜਿਹੇ ਕੰਮ ਨੇ, ਜਿਨ੍ਹਾਂ ਤੋਂ ਵਰਜਿਤ ਫਲ ਖਾਣ ਵਰਗਾ ਅਨੰਦ ਆਉਂਦਾ ਸੀ। ਸਾਡੇ ਦੇਸੀ ਸ਼ਰਾਬ ਆਮ ਨਿਕਲਦੀ ਸੀ। ਘਰ ਦੇ ਸੰਤਰੇ ਮਾਲਟੇ ਪਾ ਕੇ ਕੱਢੀ ਸੰਤਰੇ-ਰੰਗੀ ਸਾਫ਼ ਦਾਰੂ। ਹਿਲਾਇਆ ਕੰਗਣੀ ਨਾ ਟੁੱਟਦੀ। ਅਸੀਂ ਅੱਗ ਡਾਹੁਣ `ਤੇ ਲੱਗੇ ਰਹਿੰਦੇ। ਲਾਹਣ ਮੁੱਕਣ `ਤੇ ਤਾਏ ਦੇ ਮੁੰਡੇ ਤੱਤੀ ਸ਼ਰਾਬ ਨੂੰ ਪਾਣੀ ਨਾਲ ਠੰਢੀ ਕਰ ਕੇ, ਕੌਲੀ ਵਿਚ ਪਾ ਸੁਆਦ ਵੇਖਦੇ ਤੇ ਕਹਿੰਦੇ, ‘‘ਵਾਹ ਕਿਆ ਸ਼ਰਾਬ ਐਨ ਹਿੱਕ ਨੂੰ ਚੀਰਦੀ ਲੰਘਦੀ ਜਾਂਦੀ ਹੈ। ਸਾਨੂੰ ਵੀ ਕੋਲ ਪਈ ਗਲਾਸੀ ਵਿਚ ਪਾ ਘੁੱਟ ਭਰਨ ਲਈ ਆਖਦੇ। ਥੂਹ-ਥੂਹ ਕਰਦੇ ਅਸੀਂ ਧੂੰਏਂ-ਭਰੀਆਂ ਅੱਖਾਂ ਨਾਲ ਪਰੇ ਜਾ ਥੁੱਕਦੇ। ਤਾਏ ਦੇ ਮੁੰਡਿਆਂ ਨੂੰ ਪਤਾ ਸੀ ਕਿ ਪਿਤਾ ਜੀ ਸਾਨੂੰ ਸ਼ਰਾਬ ਨਹੀਂ ਸੀ ਪੀਣ ਦਿੰਦੇ ਤੇ ਆਖਦੇ ਸਨ, ਪੜ੍ਹਨ ਵਾਲੇ ਮੁੰਡਿਆਂ ਨੂੰ ਇਸ ਦੇ ਲਾਗੇ ਨਹੀਂ ਜਾਣਾ ਚਾਹੀਦਾ। ਰਾਤੀਂ ਘਰ ਮੁੜਦੇ ਤਾਏ ਦਾ ਨਿੱਕਾ ਸ਼ਰਾਰਤੀ ਮੁੰਡਾ ਦਾਦੀ ਨੂੰ ਕਹਿੰਦਾ, ‘‘ਮਾਂ ਇਨ੍ਹਾਂ ਤੇਰੇ ਪੜ੍ਹਾਕੂਆਂ ਨੇ ਸ਼ਰਾਬ ਪੀਤੀ ਸੀ। ਬਦੋਬਦੀ ਮੰਗਦੇ ਸੀ।“ ਦਾਦੀ ਕੌੜਦੀ ਤੇ ਆਖਦੀ, ‘‘ਆ ਲੈਣ ਦਿਓ ਤੁਹਾਡੇ ਪਿਓ ਨੂੰ। ਤੁਹਾਡੀ ਧੌੜੀ ਲੁਹਾਊਂਗੀ।“ ਅਸਾਂ ਆਖਣਾ, ‘‘ਦਾਦੀ ਮਾਂ ਇਹ ਝੂਠ ਬੋਲਦੇ, ਬੇਸ਼ੱਕ ਸਾਡਾ ਮੂੰਹ ਸੁੰਘ ਕੇ ਵੇਖ ਲਓ।“ਸਾਡੇ ਅਖ਼ਬਾਰ ਆਉਂਦੀ ਸੀ। ਪੁਰਾਣੀਆਂ ਅਖ਼ਬਾਰਾਂ ਦੇ ਢੇਰ ਲੱਗ ਜਾਂਦੇ। ਪੈਸੇ ਵੱਟਣ ਤੇ ਹੱਟੀ ਤੋਂ ਕੁਝ ਲੈ ਕੇ ਖਾਣ ਲਈ ਮੈਂ ਕੁਝ ਅਖ਼ਬਾਰਾਂ ਚੁੱਕੀਆਂ ਤੇ ਹੱਟੀ `ਤੇ ਵੇਚ ਆਇਆ। ਵੱਟੇ ਪੈਸੇ ਕੁਝ ਜੇਬ ਵਿਚ ਪਾ ਲਏ, ਕੁਝ ਦੀਆਂ ‘ਮੱਛੀਆਂ` ਲੈ ਕੇ ਚੂਪਦਾ ਘਰ ਆ ਗਿਆ। ਪਿਤਾ ਜੀ ਨੂੰ ਪਤਾ ਲੱਗਾ, ਕਹਿਣ ਲੱਗਾ, ‘‘ਚੱਲ ਮੈਂ ਨਾਲ ਚਲਦਾ, ਸਾਰੀਆਂ ਅਖ਼ਬਾਰਾਂ ਵਾਪਸ ਲੈ ਕੇ ਆ। ਕਿਤੇ ਪੜ੍ਹਨੀ ਪੈ ਜਾਂਦੀ ਐ।“ ਉਨ੍ਹਾਂ ਕੋਲੋਂ ਪੈਸੇ ਦਿੱਤੇ, ਦਬਕੇ ਮਾਰੇ ਤੇ ਵੇਚੀਆਂ ਅਖ਼ਬਾਰਾਂ ਵਾਪਸ ਲੈ ਆਂਦੀਆਂ।ਬੀ.ਏ. ਕਰਨ ਤੋਂ ਬਾਅਦ ਨੌਕਰੀ ਮਿਲ ਗਈ। ਛੁੱਟੀ ਲੈ 1957-58 ਵਿਚ ਫਗਵਾੜੇ ਬੀ.ਟੀ. ਕਰਨ ਲਈ ਆ ਦਾਖ਼ਲ ਹੋਇਆ। ਏਥੇ ਹੀ ਪੰਜਾਬੀ ਕਵੀਆਂ, ਅਵਤਾਰ ਜੰਡਿਆਲਵੀ, ਅਜੀਤ ਭੰਵਰਾ ਤੇ ਸੁਰਿੰਦਰ ਗਿੱਲ ਨਾਲ ਮੁਲਾਕਾਤ ਹੋਈ। ਇਕ ਦਿਨ ਬਾਹਰ ਗਰਾਊਂਡ ਵਿਚ ਕੋਈ ਮੈਚ ਚੱਲ ਰਿਹਾ ਸੀ। ਮੈਂ ਤੇ ਅਵਤਾਰ ਅਚਾਨਕ ਹੀ ਗੇੜਾ ਮਾਰਦੇ, ਲਬਾਰਟਰੀ ਵਿਚ ਜਾ ਵੜੇ। ਐਵੇਂ ਹੀ ਹੱਥ ਮਾਰਦੇ ਇਕ ਅਲਮਾਰੀ ਵਿਚੋਂ ਸਾਨੂੰ ਰਸਗੁੱਲਿਆਂ ਦੀ ਭਰੀ ਪਰਾਤ ਨਜ਼ਰ ਪਈ; ਇਹ ਸ਼ਾਇਦ ਬਾਹਰ ਖੇਡਦੀਆਂ ਦੋਵੇਂ ਟੀਮਾਂ ਦੇ ਪ੍ਰਬੰਧਕਾਂ ਨੇ ਲਿਆ ਕੇ ਰੱਖੀ ਹੋਈ ਸੀ। ਅਸੀਂ ਕਾਹਲੀ ਕਾਹਲੀ ਦੋ-ਦੋ ਤਿੰਨ-ਤਿੰਨ ਰਸਗੁੱਲੇ ਮੂੰਹ ਵਿਚ ਪਾਏ ਤੇ ਮੂੰਹ ਪੂੰਝ ਬਾਹਰ ਨਿਕਲ ਆਏ। ਬਾਹਰ ਲਾਗੇ ਚਾਗੇ ਕੋਈ ਵੀ ਨਹੀਂ ਸੀ। ਇਕ ਵਾਰ ਫਿਰ ਅਸੀਂ ਪਰਾਤ ਨੂੰ ਜੁੱਟ ਪਏ ਤੇ ਚਾਰ-ਚਾਰ ਪੰਜ-ਪੰਜ ਹੋਰ ਰਸਗੁੱਲੇ ਛਕ ਗਏ। ਅਖ਼ੀਰ ਵਾਹਵਾ ਰੱਜ ਕੇ ਬਾਹਰ ਨਿਕਲੇ।ਲਓ ਇਕ ਗੱਲ ਹੋਰ ਚੇਤੇ ਆ ਗਈ। ਮੇਰਾ ਛੋਟਾ ਭਰਾ ਕੁਲਬੀਰ ਸਿੰਘ ਹੁੰਦਲ ਸੀ। ਸਭ ਤੋਂ ਛੋਟਾ ਤਾਂ 3-4 ਸਾਲ ਦੀ ਉਮਰ `ਚ ਹੀ ਪੂਰਾ ਹੋ ਗਿਆ ਸੀ। ਇਕ ਦਿਨ ਕੁਲਬੀਰ ਨੇ ਕਿਤੇ ਗੁਆਂਢੀਆਂ ਦੇ ਕੁੱਤੇ ਨੂੰ ਲੱਸੀ ਪਿਲਾ ਦਿੱਤੀ। ਫੇਰ ਉਹਨੂੰ ਬੰਨ੍ਹ ਕੇ ਡੰਡੇ ਨਾਲ ਕੁੱਟਿਆ। ਗੁਆਂਢੀਆਂ ਦੀ ਘਰ ਦੀ ਨੂੰ ਜਦੋਂ ਪਤਾ ਲੱਗਾ ਤਾਂ ਦਾਦੀ ਕੋਲ ਸ਼ਕੈਤ ਲੈ ਕੇ ਆ ਗਈ। ਦਾਦੀ ਸਾਨੂੰ ਗਾਲ੍ਹਾਂ ਕੱਢੇ। ਸਾਡੇ ਮੌਰਾਂ `ਤੇ ਚਪੇੜਾਂ ਮਾਰੀਆਂ। ਉਹ ਹਮੇਸ਼ਾ ਮੌਰਾਂ `ਤੇ ਹੀ ਚਪੇੜਾਂ ਮਾਰਦੀ ਸੀ। ਇਕ ਵੇਰਾਂ ਖਿਦੋ-ਖੁੰਡੀ ਖੇਡਦਿਆਂ ਇਕ ਬੱਚੇ ਦੇ ਖੁੰਡੀ ਵੱਜੀ ਤੇ ਉਹਦੇ ਖੂਨ ਨਿਕਲ ਆਇਆ। ਬੱਚੇ ਦੀ ਮਾਂ ਘਰੇ ਸ਼ਕੈਤ ਲੈ ਕੇ ਆਈ ਤਾਂ ਦਾਦੀ ਨੇ ਦੋਵੇਂ ਹੱਥਾਂ ਨਾਲ ਮੌਰਾਂ `ਤੇ ਧੱਫੜ ਮਾਰੇ। ਜੀਵਨ ਵਿਚ ਬਚਪਨ ਦੇ ਦੌਰ ਦੀਆਂ ਨਾਦਾਨੀਆਂ ਮਿੱਠੀਆਂ ਯਾਦਾਂ ਵਾਂਗ ਚੇਤੇ ਆ ਆ ਕੇ ਮਨ ਨੂੰ ਹੁਲਾਸ ਦਿੰਦੀਆਂ ਨੇ। ਬੇਵਕੂਫ਼ੀਆਂ ਨੂੰ ਯਾਦ ਕਰ ਕੇ ਬੰਦਾ ਸ਼ਰਮਿੰਦਗੀ ਅਨੁਭਵ ਕਰਦਾ ਹੈ ਤੇ ਇਨ੍ਹਾਂ ਦੇ ਮੰਦੇ ਪੱਖਾਂ ਨੂੰ ਭੁੱਲਣਾ ਚਾਹੁੰਦਾ ਹੈ, ਸ਼ਰਾਰਤਾਂ ਨੂੰ ਚੇਤੇ ਕਰ ਕੇ ਮਿੰਨ੍ਹਾ-ਮਿੰਨ੍ਹਾ ਮੁਸਕਰਾਉਂਦਾ ਹੈ। ਬੰਦੇ ਦਾ ਜੀਵਨ, ਨਾਦਾਨੀਆਂ, ਬੇਵਕੂਫ਼ੀਆਂ ਤੇ ਸ਼ਰਾਰਤਾਂ ਦਾ ਅਦਭੁਤ ਮਿਸ਼ਰਣ ਹੈ। ਇਨ੍ਹਾਂ ਵਿਚੋਂ ਦੀ ਗੁਜ਼ਰਦਾ ਉਹ ਹੌਲੀ-ਹੌਲੀ ਵਿਕਾਸ ਕਰਦਾ, ਸਫ਼ਲਤਾਵਾਂ ਦੀ ਪ੍ਰਾਪਤੀ ਕਰਦਾ ਹੈ।
ਵਾਰਤਕ ਦਾ ਮੁਹਾਵਰਾ
ਹੁਣ : ਤੁਹਾਡੀਆਂ ਵਾਰਤਕ ਲਿਖਤਾਂ, ਸਵੈ-ਜੀਵਨੀ ਅਤੇ ਤਿੰਨਾਂ ਸਫ਼ਰਨਾਮਿਆਂ ਵਿਚੋਂ ਤੁਹਾਡੀ ਵਾਰਤਕ-ਸ਼ੈਲੀ ਦਾ ਕੋਈ ਵਿਲੱਖਣ ਰੰਗ ਜਾਂ ਮੁਹਾਵਰਾ ਉਜਾਗਰ ਨਹੀਂ ਹੁੰਦਾ। ਕੀ ਤੁਸੀਂ ਇਸ ਘਾਟ ਪ੍ਰਤੀ ਸੁਚੇਤ ਹੋ?
ਹੁੰਦਲ : ਮੇਰੀ ਸਮੁੱਚੀ ਵਾਰਤਕ-ਰਚਨਾ ਦਾ ਅਜੇ ਤੀਕ ਠੀਕ ਭਾਂਤ ਮੁਲਾਂਕਣ ਨਹੀਂ ਹੋਇਆ। ਇਕ ਵਿਦਿਆਰਥਣ ਰਮਨਦੀਪ ਕੌਰ ਨੇ ਐਮ.ਫ਼ਿਲ ਦੇ ਖੋਜ-ਨਿਬੰਧ ਅਧੀਨ ਮੇਰੀ ਸਮੁੱਚੀ ਵਾਰਤਕ-ਰਚਨਾ ਬਾਰੇ ਲਿਖਿਆ ਹੈ। ਪਰ ਇਹ ਤਾਂ ਅਜੇ ਸ਼ੁਰੂਆਤ ਹੀ ਹੈ। ਹੌਲੀ-ਹੌਲੀ ਮੇਰੀ ਵਾਰਤਕ-ਰਚਨਾ ਬਾਰੇ ਵੀ ਗੱਲ ਤੁਰੇਗੀ। ਮੈਂ ਇਸ ਬਾਰੇ ਸੁਚੇਤ ਹਾਂ, ਪਰ ਮੈਂ ਬਨਾਵਟੀ ਭਾਂਤ ਦੀ ਸ਼ੈਲੀ ਦਾ ਹਾਮੀ ਨਹੀਂ। ਅਸਲ ਵਿਚ ਅਜੇ ਤੀਕ ਮੈਨੂੰ ਕਵੀ ਵਜੋਂ ਹੀ ਚਰਚਾ ਅਧੀਨ ਲਿਆਂਦਾ ਜਾ ਰਿਹਾ ਹੈ। ਇੰਝ ਹੀ ਮੇਰੇ ਕਾਵਿ-ਅਨੁਵਾਦਾਂ ਬਾਰੇ ਵੀ ਅਜੇ ਖੁਲ੍ਹ ਕੇ ਅਤੇ ਸਵਿਸਥਾਰਕ ਤੌਰ `ਤੇ ਗੱਲ ਨਹੀਂ ਤੁਰੀ। ਪਰ ਮੈਂ ਨਿਰਾਸ਼ ਨਹੀਂ ਹਾਂ। ਮੇਰੀ ਵਾਰਤਕ-ਰਚਨਾ ਵਿਚਲੀ ਸ਼ੈਲੀ ਦੀ ਪਛਾਣ ਕਰਨ ਦੀ ਲੋੜ ਹੈ।
ਹੁਣ : ਨਾਜ਼ਿਮ ਹਿਕਮਤ ਅਤੇ ਮਹਿਮੂਦ ਦਰਵੇਸ਼ ਆਦਿ ਕਵੀਆਂ ਦਾ ਅਨੁਵਾਦ ਕਰਦਿਆਂ ਕਈ ਵਾਰ ਇਹ ਕਵਿਤਾ ਵਾਰਤਕ ਦਾ ਰੂਪ ਧਾਰ ਲੈਂਦੀ ਹੈ।? ਕੀ ਤੁਸੀਂ ਇਸ ਬਾਰੇ ਕੁਝ ਕਹਿਣਾ ਚਾਹੋਗੇ?
ਹੁੰਦਲ : ਪਹਿਲੀ ਗੱਲ ਇਹ ਵੇਖਣ ਵਾਲੀ ਹੁੰਦੀ ਹੈ ਕਿ ਕਵੀ ਦੀ ਮੂਲ ਭਾਸ਼ਾ ਕਿਹੜੀ ਸੀ? ਫਿਰ ਅੰਗਰੇਜ਼ੀ ਅਨੁਵਾਦ ਹੁੰਦਾ ਹੈ। ਇਸ ਅੰਗਰੇਜ਼ੀ ਅਨੁਵਾਦ ਤੋਂ ਫਿਰ ਤੀਸਰੀ ਥਾਂ ਪੰਜਾਬੀ ਅਨੁਵਾਦ ਹੁੰਦਾ ਹੈ। ਮਿਸਾਲ ਵਜੋਂ ਰੂਸੀ ਭਾਸ਼ਾ ਤੋਂ ਅੰਗਰੇਜ਼ੀ ਵਿਚਲੇ ਅਨੁਵਾਦ ਵੇਲੇ ਕਿਹੜਾ ਤਾਲ ਜਾਂ ਛੰਦ ਵਰਤਿਆ ਗਿਆ ਸੀ। ਫਿਰ ਪੰਜਾਬੀ ਵਿਚ ਕਿਹੜੀ ਕਾਵਿ-ਸ਼ੈਲੀ ਜਾਂ ਵਿਧੀ ਵਰਤੀ ਗਈ। ਅਸਲ ਵਿਚ ਆਮ ਕਰ ਕੇ ਅਨੁਵਾਦਕ ਅੰਗਰੇਜ਼ੀ ਦੀ ਖੁਲ੍ਹੀ ਕਵਿਤਾ ਵਿਚ ਅਨੁਵਾਦ ਕਰਦਾ ਹੈ। ਪੰਜਾਬੀ ਵਾਲਾ ਜਿਹੜਾ ਮਰਜ਼ੀ ਕਾਵਿ-ਰੂਪ ਵਰਤੇ। ਇਸ ਲਈ ਅਨੁਵਾਦ ਦਾ ਕਾਰਜ, ਖ਼ਾਸ ਤੌਰ `ਤੇ ਕਵਿਤਾ ਦਾ ਅਨੁਵਾਦ ਕੋਈ ਸਿੱਧ-ਪੱਧਰਾ ਕਾਰਜ ਨਹੀਂ ਹੈ। ਹਰ ਅਨੁਵਾਦਕ ਕਵਿਤਾ ਵਿਚ ਪ੍ਰਗਟ ਕੀਤੇ ਖ਼ਿਆਲ ਨੂੰ ਪਕੜਨਾ ਜਾਂ ਪੇਸ਼ ਕਰਨਾ ਚਾਹੁੰਦਾ ਹੈ। ਮੈਂ ਵੀ ਕਈ ਵਿਧੀਆਂ ਵਰਤੀਆਂ ਹਨ। ਏਸੇ ਕਾਰਨ ਸਾਰੇ ਹੀ ਅਨੁਵਾਦਕ ਮੰਨਦੇ ਹਨ ਕਿ ਕਵਿਤਾ ਦਾ ਅਨੁਵਾਦ ਨਹੀਂ ਹੋ ਸਕਦਾ। ਇਸ ਦੀ ਕੇਵਲ ਖ਼ੁਸ਼ਬੂ ਹੀ ਪਕੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਏਨਾ ਕੰਮ ਵੀ ਕੋਈ ਸੌਖਾ ਨਹੀਂ। ਮੇਰੀਆਂ ਅਨੁਵਾਦਤ ਪੁਸਤਕਾਂ ਦੇ ਸਾਰੇ ਹੀ ਰੀਵੀਊਕਾਰਾਂ ਨੇ ਮੇਰੇ ਕੀਤੇ ਅਨੁਵਾਦਾਂ ਨੂੰ ਸਫ਼ਲ ਕੋਸ਼ਿਸ਼ ਕਿਹਾ ਹੈ। ਕਈ ਅਨੁਵਾਦਕਾਂ ਨੇ ਨੇਰੂਦਾ ਦੀਆਂ ਸਪੇਨੀ ਕਵਿਤਾਵਾਂ ਦਾ ਸਿੱਧਾ ਅਨੁਵਾਦ ਹਿੰਦੀ ਵਿਚ ਕੀਤਾ ਹੈ। ਮੈਂ ਉਹ ਅਨੁਵਾਦ ਪੜ੍ਹਿਆ ਹੈ। ਇਹ ਕੋਈ ਮਾਅਰਕਾ ਨਹੀਂ ਮਾਰਿਆ ਗਿਆ। ਮੈਂ ਇਸ ਬਾਰੇ ਕਈ ਥਾਈਂ ਅਪਣੇ ਵਿਚਾਰ ਲਿਖੇ ਹਨ ਤੇ ਕਵਿਤਾ ਦੇ ਅਨੁਵਾਦ ਦੇ ਨਿਯਮਤ ਕੀਤੇ ਅਸੂਲ ਵੀ ਪੜ੍ਹੇ ਹਨ। ਇਸ ਖੇਤਰ ਵਿਚ ਸੋਵੀਅਤ ਰੂਸ ਵੇਲੇ ਕੀਤਾ ਕੰਮ ਵੱਡਮੁਲਾ ਸੀ। ਹੁਣ ਉਹ ਸਭ ਕੰਮ ਠੱਪ ਹੋ ਚੁੱਕਾ ਹੈ। ਨਵੀਂ ਸਰਕਾਰ ਨੂੰ ਇਨ੍ਹਾਂ ਕਾਰਜਾਂ ਦੀ ਕੋਈ ਲੋੜ ਨਹੀਂ ਹੈ।
ਹੁਣ : ਬ੍ਰੈਖਤ ਤੇ ਲੋਰਕਾ ਨਾਟਕਕਾਰ ਸਨ। ਤੁਸੀਂ ਉਨ੍ਹਾਂ ਦੀ ਕਵਿਤਾ ਕਿਸ ਪ੍ਰਭਾਵ ਅਧੀਨ ਪੰਜਾਬੀ ਵਿਚ ਅਨੁਵਾਦ ਕੀਤੀ ਹੈ?
ਹੁੰਦਲ : ਲਗਦਾ ਹੈ ਤੁਸੀਂ ਲੋਰਕਾ ਤੇ ਬ੍ਰੈਖ਼ਤ ਦੀ ਸਮੁੱਚੀ ਕਵਿਤਾ ਬਿਲਕੁਲ ਹੀ ਪੜ੍ਹੀ ਨਹੀਂ। ਉਕਤ ਦੋਵੇਂ ਲੇਖਕ ਨਾਟਕਕਾਰ ਹੋਣ ਦੇ ਨਾਲ-ਨਾਲ ਬੜੇ ਵੱਡੇ ਕਵੀ ਵੀ ਸਨ। ਮੇਰੇ ਕੋਲ ਦੋਵਾਂ ਕਵੀਆਂ ਦੀ ਸਮੁੱਚੀ ਕਵਿਤਾ ਦੇ ਕਾਵਿ-ਗ੍ਰੰਥ ਹਨ। ਮੈਂ ਉਹ ਸਾਰੇ ਪੜ੍ਹ ਕੇ ਹੀ ਅੰਗਰੇਜ਼ੀ ਤੋਂ ਅਨੁਵਾਦ ਕੀਤੇ ਹਨ। ਬ੍ਰੈਖ਼ਤ ਬੜੀ ਸਰਲ ਕਵਿਤਾ ਲਿਖਦਾ ਸੀ, ਜੋ ਫਾਸ਼ੀਵਾਦ ਦਾ ਵਿਰੋਧ ਕਰਦੀ ਹੈ। ਭਾਰਤ ਵਿਚ ਉਸ ਦੀ ਸਮੁੱਚੀ ਕਵਿਤਾ ‘ਰਾਧਾ ਕ੍ਰਿਸ਼ਨ ਦਿੱਲੀ ਵਾਲਿਆਂ` ਨੇ ਛਾਪੀ ਸੀ। ਲੋਰਕਾ ਸਪੇਨ ਦੇ ਲੋਕ -ਸਾਹਿਤ ਤੋਂ ਪ੍ਰਭਾਵਿਤ ਹੋ ਕੇ ਕਵਿਤਾ ਲਿਖਦਾ ਸੀ। ਇਹ ਠੀਕ ਹੈ ਕਿ ਉਹ ਦੋਵੇਂ ਲੇਖਕ ਨਾਟਕਕਾਰਾਂ ਦੇ ਤੌਰ `ਤੇ ਵਧੇਰੇ ਚਰਚਿਤ ਹਨ।
ਹੁਣ : ਕਲਾਕਾਰਾਂ ਬਾਰੇ ਤੁਹਾਡੇ ਲੰਮੇ ਲੇਖਾਂ ਦਾ ਉਦੇਸ਼ ਕੀ ਸੀ?
ਹੁੰਦਲ : ਸੰਗੀਤਕਾਰਾਂ, ਚਿੱਤਰਕਾਰਾਂ ਅਤੇ ਨ੍ਰਿਤਕਾਰਾਂ ਬਾਰੇ ਮੇਰੇ ਲੰਮੇ ਲੇਖ ਮੇਰੀ ਵਾਰਤਕ-ਪੁਸਤਕ ‘ਸਿਤਾਰਿਆਂ ਦੀ ਸੱਥ` ਵਿਚ ਸ਼ਾਮਿਲ ਹਨ ਤੇ ਇਹ ਮੇਰੀ ਜਗਿਆਸਾ ਦੀ ਉਪਜ ਹਨ। ਕੁਝ ਵਿਸ਼ਵ-ਪੱਧਰ ਦੇ ਇਨ੍ਹਾਂ ਕਲਾਕਾਰਾਂ ਬਾਰੇ ਮੈਂ ਬਾਹਰੋਂ ਪੁਸਤਕਾਂ ਮੰਗਵਾ ਕੇ ਪੜ੍ਹੀਆਂ ਹਨ। ਇਹ ਸਾਰੇ ਕਲਾਕਾਰ ਵਿਸ਼ਵ ਪ੍ਰਸਿੱਧੀ ਦੇ ਮਾਲਕ ਸਨ। ਗਿਆਨ ਦੀ ਹੁਣ ਕੋਈ ਸੀਮਾ ਨਹੀਂ ਰਹੀ। ਪੇਤਲੀ ਭਾਂਤ ਦੀ ਜਾਣਕਾਰੀ ਇੰਟਰਨੈਟ ਤੋਂ ਲੈ ਕੇ ਲੇਖਕ ਲੋਕ ਵਰਤ ਰਹੇ ਹਨ, ਪਰ ਮੈਂ ਇੰਝ ਨਹੀਂ ਕੀਤਾ। ਮੈਂ ਇਨ੍ਹਾਂ ਵਿਸ਼ਵ-ਕਲਾਕਾਰਾਂ ਬਾਰੇ ਕਈ ਹਵਾਲਾ ਪੁਸਤਕਾਂ ਅਤੇ ਸਵੈ-ਜੀਵਨੀਆਂ ਪੜ੍ਹਨ ਤੋਂ ਬਾਅਦ ਇਹ ਲੇਖ ਲਿਖੇ ਹਨ ਤੇ ਮੈਂ ਨਾਲ ਹਵਾਲਾ-ਪੁਸਤਕਾਂ ਦੀ ਸੂਚੀ ਵੀ ਦਿੱਤੀ ਹੈ। ਹਵਾਲਾ ਪੁਸਤਕਾਂ ਮੇਰੇ ਟਰਾਂਟੋ ਰਹਿੰਦੇ ਲੜਕੇ ਨੇ ਭੇਜੀਆਂ ਸਨ ਤੇ ਇਹ ਸਭ ਮੇਰੀ ਲਾਇਬਰੇਰੀ ਵਿਚ ਸੁਰੱਖਿਅਤ ਹਨ।
ਹੁਣ : ਤੁਸਾਂ 100 ਤੋਂ ਵੱਧ ਪੁਸਤਕਾਂ ਦੇ ਰੀਵਿਊ ਕੀਤੇ ਤੇ ਇਸ ਬਾਰੇ ਵੱਡੀ ਪੁਸਤਕ ਕਵੀਆਂ ਦੇ ਰੀਵਿਊਆਂ ਬਾਰੇ ਛਾਪੀ ਸੀ। ਜਿਸ ਦਾ ਨਾਂ ਹੈ ‘ਕਵੀਆਂ ਦੇ ਅੰਗ-ਸੰਗ` (2004) ਇਸ ਤੋਂ ਬਾਅਦ ਤੁਸਾਂ ਰੀਵਿਊ ਕਰਨੇ ਛੱਡ ਦਿੱਤੇ। ਆਖ਼ਰ ਕਾਰਨ ਕੀ ਸੀ? ਅੱਜਕਲ ਜੋ ਰੀਵਿਊ ਅਖ਼ਬਾਰਾਂ ਵਿਚ ਅਕਸਰ ਛਪਦੇ ਹਨ, ਉਸ ਬਾਰੇ ਤੁਹਾਡੀ ਰਾਏ ਕੀ ਹੈ?
ਹੁੰਦਲ : ਮੈਂ ਪਿਛਲੇ ਸਾਲਾਂ ਵਿਚ ਜੋ ਰੀਵਿਊ ਕਰਦਾ ਰਿਹਾ ਹਾਂ, ਉਹ ਕੇਵਲ ਕਾਵਿ-ਸੰਗ੍ਰਹਿਆਂ ਬਾਰੇ ਹੀ ਹੁੰਦੇ ਸਨ। ਫਿਰ ਮੈਂ ਰੀਵਿਊ ਕਰਨ ਦਾ ਕੰਮ ਛੱਡ ਕੇ, ਕਵੀਆਂ ਬਾਰੇ ਲੰਮੇ ਤੇ ਖੋਜ-ਭਰਪੂਰ ਲੇਖ ਲਿਖਣ ਲੱਗ ਪਿਆ। ਕੇਵਲ ਕੁਝ ਅਖ਼ਬਾਰਾਂ ਜਿਵੇਂ ਅਜੀਤ, ਪੰਜਾਬੀ ਟ੍ਰਿਬਿਊਨ ਤੇ ਨਵਾਂ ਜ਼ਮਾਨਾਂ ਵਿਚ ਹੀ ਕਦੇ ਚੰਗੇ ਰੀਵਿਊ ਛਪਦੇ ਰਹੇ ਹਨ। ਹੁਣ ਹਰ ਸਾਲ ਸੈਂਕੜੇ ਹੀ ਪੁਸਤਕਾਂ ਛਪ ਰਹੀਆਂ ਹਨ। ਸਭ ਦੇ ਰੀਵਿਊ ਲਿਖਣੇ ਤੇ ਛਪਣੇ ਸੰਭਵ ਨਹੀਂ ਹਨ। ਪੁਸਤਕ-ਪ੍ਰਾਪਤੀ ਕਾਲਮ ਵਿਚ ਸੂਚੀ ਛਪ ਜਾਂਦੀ ਹੈ। ਚੰਗੀਆਂ ਕਿਤਾਬਾਂ ਦੀ ਚੋਣ ਕੌਣ ਕਰੇ? ਮਿਹਨਤ ਨਾਲ ਰੀਵਿਊ ਆਰਟੀਕਲ ਲਿਖਣ ਦਾ ਹੁਣ ਰਿਵਾਜ਼ ਨਹੀਂ ਰਿਹਾ। ਬੱਸ ਚਲੰਤ ਭਾਂਤ ਦੇ ਸੰਖੇਪ ਰੀਵਿਊ ਹੀ ਛਪ ਰਹੇ ਹਨ। ਇਹ ਰੀਵਿਊ ਨਹੀਂ ਹੁੰਦੇ। ਕੇਵਲ ਪੁਸਤਕ ਦੇ ਇਸ਼ਤਿਹਾਰ ਹੀ ਹੁੰਦੇ ਹਨ। ਪਹੁੰਚ ਵਾਲੇ ਲੋਕ ਅਪਣੇ ਬਾਰੇ ਖ਼ੁਦ ਲੰਮੇ ਰੀਵਿਊ ਲੇਖ ਲਿਖਵਾ ਕੇ, ਸੰਪਾਦਕਾਂ ਨਾਲ ਮਿਲ ਮਿਲਾ ਕੇ ਛਪਵਾ ਲੈਂਦੇ ਹਨ। ਜਾਂ ਫਿਰ ਰਿਲੀਜ਼ ਸਮਾਗਮਾਂ ਰਾਹੀਂ ਮੂਰਤਾਂ ਖਿਚਵਾ ਕੇ ਸੰਤੁਸ਼ਟ ਹੋ ਜਾਂਦੇ ਹਨ। ਗੰਭੀਰ ਭਾਂਤ ਦੇ ਰੀਵਿਊਜ਼ ਦਾ ਰਿਵਾਜ਼ ਹੁਣ ਨਹੀਂ ਰਿਹਾ।ਮੇਰੇ ਕੀਤੇ ਰੀਵਿਊ ਸਾਰੇ ਹੀ ਮੇਰੀ ਉਕਤ ਪੁਸਤਕ ਵਿਚ ਛਪ ਚੁੱਕੇ ਹਨ। ਮੈਂ ਅਪਣੀ ਰਾਏ ਨਿਰਭੈਅ ਹੋ ਕੇ ਲਿਖਦਾ ਰਿਹਾ ਹਾਂ। ਐਸਾ ਕਰਦੇ ਹੋਏ ਕੋਈ ਚੇਤੇ ਰੱਖਣ ਯੋਗ ਸੰਕਟ ਪੈਦਾ ਨਹੀਂ ਹੁੰਦੇ ਰਹੇ। ਹੁਣ ਮੇਰੇ ਕੋਲ ਇਸ ਕੰਮ ਲਈ ਵਕਤ ਨਹੀਂ ਰਿਹਾ, ਪਰ ਮੈਂ ਰੀਵਿਊ ਕਰਦੇ ਸਮੇਂ ਬੇਬਾਕ ਰਾਏ ਦਿੰਦਾ ਰਿਹਾ ਹਾਂ। ‘ਠਾਹ ਸੋਟਾ ਨਹੀਂ ਮਾਰਦਾ` ਰਿਹਾ। ਚੰਗੀ ਮਾੜੀ ਕਵਿਤਾ ਦੀ ਪਛਾਣ ਕਰਨੀ ਮੇਰਾ ਕਾਰਜ ਖੇਤਰ ਰਿਹਾ ਹੈ। ਪਰ ਨਵੇਂ ਕਵੀ ਪ੍ਰਸ਼ੰਸਾ ਚਾਹੁੰਦੇ ਹਨ, ਭਾਵੇਂ ਕਿਸੇ ਢੰਗ ਨਾਲ ਵੀ ਮਿਲੇ ਪਰ ਮੈਂ ਨਵੇਂ ਕਵੀ ਵਿਚਲੀ ਪ੍ਰਤਿਭਾ ਨੂੰ ਪਛਾਣ ਕੇ ਰਾਏ ਦਿੰਦਾ ਰਿਹਾ ਹਾਂ।
ਹੁਣ : ਤੁਹਾਡੀ ਲਿਖੀ ਫ਼ੀਦਲ ਕਾਸਤਰੋ ਦੀ ਜੀਵਨੀ ਪੜ੍ਹ ਕੇ ਇੰਝ ਪ੍ਰਤੀਤ ਹੁੰਦਾ ਹੈ ਕਿ ਗਿਣਤੀ ਦੇ ਗੁਰੀਲਿਆਂ ਨੇ ਕ੍ਰਾਂਤੀ ਲੈ ਆਂਦੀ। ਕੀ ਇਹ ਗੱਲ ਠੀਕ ਹੈ?
ਹੁੰਦਲ : ਮੇਰੀ ਬੇਨਤੀ ਹੈ ਕਿ ਸਾਰੀ ਪੁਸਤਕ ਦੁਬਾਰਾ ਪੜ੍ਹਨ ਦੀ ਕੋਸ਼ਿਸ਼ ਕਰੋ। ਮੈਕਸੀਕੋ ਤੋਂ ਇਕ ਬੇੜੀ-ਨੁਮਾ ਕਿਸ਼ਤੀ, ਜਿਸ ਵਿਚ 25 ਵਿਅਕਤੀ ਬਹਿ ਸਕਦੇ ਸੀ, `ਚ 81 ਬੰਦੇ ਬਿਠਾਏ ਗਏ। ਕਿਊਬਾ ਦੇ ਤੱਟ `ਤੇ ਉਤਰਨ ਸਮੇਂ ਹੋਈ ਝੜਪ ਵਿਚ ਬਹੁਤੇ ਬੰਦੇ ਅਰਥਾਤ 60 ਦੇ ਕਰੀਬ ਮਾਰੇ ਗਏ ਜਾਂ ਡੁੱਬ ਗਏ ਤੇ ਕੁਝ ਕੈਦ ਹੋ ਗਏ। ਬਾਕੀ ਬਚੇ ਵੀਹ ਆਦਮੀ ਇਕ ਹੋਰ ਝੜਪ ਵਿਚ ਤਿੰਨੀਂ ਥਾਈਂ ਵੰਡੇ ਗਏ ਤੇ ਕਈ ਦਿਨਾਂ ਬਾਅਦ ਇਕੱਠੇ ਹੋਏ। ਹੌਲੀ-ਹੌਲੀ ਇਹ ਗਿਣਤੀ ਵੱਧਣ ਲੱਗੀ ਤੇ ਗੁਰੀਲਿਆਂ ਦੇ ਪੈਰ ਜੰਮ ਗਏ। ਇਸ ਸਫ਼ਲਤਾ ਵਿਚ ਕਈ ਗੱਲਾਂ ਸਹਾਇਕ ਬਣੀਆਂ। ਫ਼ੀਦਲ ਦੇ ਅਗਵਾਈ ਦੇਣ ਦੇ ਗੁਣ ਤੇ ਹੌਸਲਾ, ਦੇਸ਼ ਦੀ ਸਥਿਤੀ, ਕਿਸਾਨਾਂ ਦਾ ਸਾਥ ਤੇ ਇਲਾਕੇ ਦੀ ਭੂਗੋਲਿਕ ਸਥਿਤੀ ਅਤੇ ਪ੍ਰਕਿਰਤੀ ਨੇ ਵੀ ਸਹਾਇਤਾ ਕੀਤੀ ਪਰ ਬੋਲੇਵੀਆ ਵਿਚ ਵਿੱਢੇ ਗਏ ਗੁਰੀਲਾ ਸੰਘਰਸ਼ ਵਿਚ ਚੀ ਦੀ ਅਗਵਾਈ ਵਾਲੇ ਜਥੇ ਨੂੰ ਅਜਿਹੀ ਕਾਮਯਾਬੀ ਨਹੀਂ ਸੀ ਮਿਲੀ। ਕਈ ਵੇਰ ਹਾਲਾਤ ਮੁਆਫ਼ਕ ਹੁੰਦੇ ਹਨ ਤੇ ਕਾਮਯਾਬੀ ਪ੍ਰਾਪਤ ਹੋ ਜਾਂਦੀ ਹੈ।
ਭੇਤ ਵਾਲੀ ਗੱਲ
ਹੁਣ : ਸ਼ਰਾਬ ਤੁਹਾਡੀ ਆਦਤ ਹੈ ਜਾਂ ਜ਼ਰੂਰਤ?
ਹੁੰਦਲ : ਮੈਂ ਸ਼ਰਾਬ ਦਾ ਆਦੀ ਨਹੀਂ। ਦੇਰ ਹੋਈ ਮਹਿਫ਼ਲਾਂ ਵਿਚ ਬੈਠੇ ਨੂੰ। ਮੈਨੂੰ ਅਪਣੇ ਰਚਨਾਤਮਕ ਕੰਮ ਦਾ ਹੀ ਨਸ਼ਾ ਚੜ੍ਹਿਆ ਰਹਿੰਦਾ ਹੈ। ਜੀਣ ਦਾ ਲਾਲਚ ਪੈਦਾ ਹੋ ਗਿਆ ਹੈ। ਦੂਜੇ ਤੀਜੇ ਦਿਨ, ਬਹੁਤ ਹੀ ਹਲਕਾ, ਕੇਵਲ ਇਕ ਪੈੱਗ ਪੀ ਕੇ, ਰੋਟੀ ਖਾ, ਸੌਂ ਜਾਂਦਾ ਹਾਂ। ਸ਼ਰਾਬ ਦੇ ਸ਼ੌਕੀਨਾਂ ਲਈ ਇਕ ਮੁਹਾਵਰਾ ਦੇ ਰਿਹਾ ਹਾਂ, ਸ਼ਾਇਦ ਉਨ੍ਹਾਂ ਦੇ ਕਿਸੇ ਕੰਮ ਆ ਸਕਦਾ ਹੋਵੇ :-‘‘ਇਕ ਹਾੜਾ ਤੁਹਾਨੂੰ ਨਵਾਂ ਮਨੁੱਖ ਬਣਾ ਦਿੰਦਾ ਹੈਪਰ ਸਮੱਸਿਆ ਇਹ ਹੁੰਦੀ ਹੈ ਕਿ ਇਹ ਨਵਾਂਮਨੁੱਖ ਹੁਣ ਇਕ ਹੋਰ ਹਾੜਾ ਮੰਗਣ ਲੱਗਦਾ ਹੈ।
“ਹੁਣ : ਲੰਮੀ ਉਮਰ ਦਾ ਭੇਤ ਕੀ ਹੈ? ਕੀ ਕੋਈ ਖ਼ਾਸ ਰਾਜ਼ ਹੈ ਇਸ ਦੇ ਪਿੱਛੇ ਜਾਂ ਕਿ….
ਹੁੰਦਲ : ਉਮਰ ਕਿਸੇ ਸੇਵਾ ਪੱਤਰੀ ਵਿਚ ਲਿਖੀ ਨਹੀਂ ਹੁੰਦੀ। ਵਿਸ਼ਵ-ਪੱਧਰ `ਤੇ ਨਵੀਆਂ ਖੋਜਾਂ ਅਤੇ ਬਿਹਤਰ ਜੀਵਨ-ਹਾਲਤਾਂ ਕਾਰਨ ਇਨਸਾਨ ਦੀ ਔਸਤ ਉਮਰ ਵਿਚ, ਪਿਛਲੇ ਵਰ੍ਹਿਆਂ ਵਿਚ ਬਹੁਤ ਵਾਧਾ ਹੋਇਆ ਹੈ। ਹੋਰ ਖੋਜਾਂ ਹੋ ਰਹੀਆਂ ਹਨ। ਸੜਕੀ ਦੁਰਘਟਨਾਵਾਂ ਵਿਚ ਸਾਡੇ ਦੇਸ਼ ਵਿਚ ਕਿੰਨੀਆਂ ਜਾਨਾਂ ਹਰ ਰੋਜ਼ ਅਜਾਈਂ ਜਾਂਦੀਆਂ ਹਨ। ਕੀ ਇਨ੍ਹਾਂ ਨੂੰ ਰੱਬ ਦਾ ਭਾਣਾ ਮੰਨ ਲਿਆ ਜਾਵੇ। ਮੈਂ ਸਾਦੀ ਤੇ ਨਰੋਈ ਖੁਰਾਕ ਦਾ ਹਾਮੀ ਹਾਂ। ਜਿਸਮ ਨਾਲ ਖ਼ੁਦ ਧੱਕਾ ਨਾ ਕੀਤਾ ਜਾਵੇ। ਮੈਂ ਦੁੱਧ, ਦਹੀਂ ਤੇ ਲੱਸੀ ਪੀਂਦਾ ਹਾਂ ਤੇ ਬੁਢਾਪੇ ਕਾਰਨ ਹਲਕੀ ਖੁਰਾਕ ਖਾਂਦਾ ਹਾਂ। ਪਰ ਇਸ ਵਿਚ ਮੇਰੀ ਚਤੁਰਾਈ ਜਾਂ ਸਿਆਣਪ ਦਾ ਕੋਈ ਹੱਥ ਨਹੀਂ। ਲੰਮੀ ਉਮਰ ਵਿਚ ਚਾਂਨਸ (ਮੌਕਾ) ਦਾ ਵੀ ਹੱਥ ਹੁੰਦਾ ਹੈ। ਮੈਂ ਖ਼ੁਸ਼ ਹਾਂ ਕਿ ਮੈਨੂੰ ਅੱਸੀ ਸਾਲ ਜੀਣ ਦਾ ਮੌਕਾ ਮਿਲ ਗਿਆ ਹੈ ਤੇ ਮੈਂ ਇਨ੍ਹਾਂ ਵਰ੍ਹਿਆਂ ਦਾ ਵੱਧ ਤੋਂ ਵੱਧ ਲਾਭ ਉਠਾਉਂਦਾ, ਕੁਝ ਕੰਮ ਕਰ ਸਕਿਆ ਹਾਂ।
ਹੁਣ : ਉਨ੍ਹਾਂ ਕਾਰਜਾਂ ਦੇ ਖਰੜਿਆਂ ਦਾ ਜ਼ਿਕਰ ਕਰੋ ਜੋ ਅਜੇ ਤੀਕ ਪੂਰੇ ਕਰਨੇ ਤੇ ਛਪਣੇ ਰਹਿੰਦੇ ਹਨ।
ਹੁੰਦਲ : ਮੈਂ ਹਰ ਸਾਲ ਤਿੰਨ ਜਾਂ ਚਾਰ ਪੁਸਤਕਾਂ ਛਾਪ ਰਿਹਾ ਹਾਂ ਤਾਂ ਕਿ ਮੇਰਾ ਕੀਤਾ ਕੰਮ ਅਧੂਰਾ ਨਾ ਪਿਆ ਰਹਿ ਜਾਵੇ। ਪਰ ਫੇਰ ਵੀ ਪ੍ਰਤੀਤ ਹੁੰਦਾ ਹੈ ਕਿ ਕੀਤੇ ਕੰਮ ਨੂੰ ਸਮੇਟਣਾ ਮੁਸ਼ਕਲ ਲਗਦਾ ਹੈ। ਹੋਰ ਪੰਜ ਖਰੜੇ ਟਾਈਪ ਹੋਣ ਲਈ ਮਨਪ੍ਰੀਤ ਪ੍ਰਕਾਸ਼ਨ ਕੋਲ ਪਏ ਨੇ, ਜਿਨ੍ਹਾਂ ਵਿਚ ਬਲੈਕ ਪੋਇਟਰੀ, ਜੀਵਨੀ ਨਾਜ਼ਿਮ ਹਿਕਮਤ ਤੇ ਆਨ ਤੋਨੀਓ ਗ੍ਰਾਮਸਕੀ ਤੇ ਚਿੱਤਰਕਾਰ ਜਰਨੈਲ ਸਿੰਘ ਬਾਰੇ ਪੁਸਤਕਾਂ ਸ਼ਾਮਲ ਨੇ। ਘਰ ਵਿਚ ਫ਼ਲਸਤੀਨ ਦੀ ਕਵਿਤਾ, ਰੂਸ ਦੀ ਚੋਣਵੀ ਕਵਿਤਾ, ਚੀਨ ਤੇ ਵੀਅਤਨਾਮ ਦੀ ਕਵਿਤਾ ਅਣਛਪੀ ਪਈ ਹੈ। ਕਵਿਤਾ ਦੇ ਨਵੇਂ-ਸੰਗ੍ਰਹਿ ਦਾ ਖਰੜਾ ਤੇ ਚੋਣਵੇਂ ਲੇਖ ਹਨ। ਹੌਲੀ-ਹੌਲੀ ਛਾਪ ਰਿਹਾ ਹਾਂ। ਪਰ ਨਾਲ ਦੀ ਨਾਲ ਕੋਈ ਨਾ ਕੋਈ ਨਵੀਂ ਕਿਤਾਬ ਵੀ ਲਿਖ ਹੋ ਜਾਂਦੀ ਹੈ। ਇਹ ਕੰਮ ਮੁੱਕਣ ਗੋਚਰਾ ਨਹੀਂ। ਉਂਜ ਵੀ ਅਜੇ ਸ਼ਾਇਦ ਕੰਮ ਸਮੇਟਣ ਦਾ ਵੇਲਾ ਨਹੀਂ ਆਇਆ ਜਾਪਦਾ।ਹੁਣ : ਜਿੰਨਾ ਕੁ ਕੰਮ ਤੁਸੀਂ ਹੁਣ ਤੀਕ ਕਰ ਚੁੱਕੇ ਹੋ ਕੀ ਉਸ ਨਾਲ ਭਰਪੂਰ ਤਸੱਲੀ ਜੇਹੀ ਅਨੁਭਵ ਨਹੀਂ ਹੁੰਦੀ ਤੇ ਮਨ ਅਰਾਮ ਕਰਨ ਲਈ ਨਹੀਂ ਆਖਦਾ?ਹੁੰਦਲ : ਗੱਲ ਏਤਰਾਂ ਸੁਸ਼ੀਲ, ਸਹੀ ਲੇਖਕ ਕਦੇ ਵੀ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਹੁੰਦਾ। ਉਹ ਭਾਵੇਂ ਕੋਈ ਸ਼ਾਹਕਾਰ ਲਿਖਤ ਲਿਖ ਲਵੇ ਜਾਂ ਵੱਡੇ ਤੋਂ ਵੱਡਾ ਪੁਰਸਕਾਰ ਵੀ ਪ੍ਰਾਪਤ ਕਰ ਲਵੇ। ਉਸ ਦੀ ਕਲਮ ਟਿਕ ਕੇ ਨਹੀਂ ਬਹਿ ਸਕਦੀ। ਜਿੰਨਾ ਚਿਰ ਉਸ ਦਾ ਦਿਮਾਗ਼ ਸੋਚਣਾ ਬੰਦ ਨਹੀਂ ਕਰਦਾ, ਉਹ ਕੁਝ ਨਾ ਕੁਝ ਸੋਚਦਾ ਤੇ ਲਿਖਦਾ ਹੀ ਰਹੇਗਾ। ‘ਇਕ ਮੁੱਠੀ ਚੁੱਕ ਲੈ ਦੂਜੀ ਤਿਆਰ` ਵਾਲੀ ਗੱਲ ਐ। ਉਸ ਨੂੰ ਆਰਾਮ ਹਰਾਮ ਹੁੰਦੈ। ਮੇਰੀ ਵੀ ਇਹੀ ਹਾਲਤ ਐ। ਅਜੇ ਸਰੀਰਕ ਤੇ ਦਿਮਾਗ਼ੀ ਕੰਮ ਕਰਨ ਦੀ ਕੁਝ ਸਮਰਥਾ ਐ। ਫਿਰ ਚੁੱਪ ਕਰ ਕੇ ਬਹਿਣ ਦਾ ਕੀ ਮਤਲਬ?
ਹੁਣ : ਇਨ੍ਹਾਂ ਦਿਨਾਂ ਵਿਚ ਕੀ ਪੜ੍ਹ ਰਹੇ ਹੋ ਤੇ ਕੀ ਸੋਚ ਰਹੇ ਹੋ?
ਹੁੰਦਲ : ਮੇਰੇ ਮਿੱਤਰ ਗੁਰਦਿਆਲ ਬੱਲ ਨੇ ਪਟਿਆਲੇ ਤੋਂ ਕੁਝ ਪੁਸਤਕਾਂ ਫੋਟੋ ਕਾਪੀ ਕਰਵਾ ਕੇ ਭੇਜੀਆਂ ਸਨ। ਉਨ੍ਹਾਂ ਵਿਚੋਂ ਇਕ ਦਾ ਨਾਂਅ ਹੈ : ਼ੋਵੲ & ਚਅਪਟਿਅਲ। ਉਹ ਕਿਤਾਬ ਪੜ੍ਹ ਕੇ ਹੋਰ ਅੱਗੇ ਕਈ ਕਿਤਾਬਾਂ ਪੜ੍ਹਨ ਦੀ ਪ੍ਰੇਰਨਾ ਮਿਲੀ ਐ। ਕਾਰਲ ਮਾਰਕਸ ਤੇ ਫ਼ਰੈਡਰਿਕ ਏਂਗਲਜ਼ ਦੀਆਂ ਜੀਵਨੀਆਂ ਪੜ੍ਹੀਆਂ ਹਨ। ਉਨ੍ਹਾਂ ਦੋਵਾਂ ਬਾਰੇ ਸੌ-ਸੌ ਸਫ਼ੇ ਦੀਆਂ ਜੀਵਨੀਆਂ ਲਿਖਣ ਦਾ ਇਰਾਦਾ ਹੈ। ਵੇਖੋ ਇਹ ਗੱਲ ਸਿਰੇ ਚੜ੍ਹਦੀ ਹੈ ਕਿ ਨਹੀਂ।ਹੁਣ : ਹੁੰਦਲ ਸਾਹਿਬ, ਕਾਫੀ ਗੱਲਾਂ ਹੋ ਗਈਆਂ, ਤੁਹਾਣੀ ਮਿਹਰਬਾਨੀ ਤੁਸੀਂ ‘ਹੁਣ’ ਦੇ ਪਾਠਕਾਂ ਲਈ ਏਨਾ ਸਮਾਂ ਕੱਢਿਆ।ਹੁੰਦਲ : ਮਿਹਰਬਾਨੀ ਭਾਈ ਤੁਹਾਡੀ। ਅੱਜਕਲ੍ਹ ਏਹੋ ਜਿਹੀਆਂ ਗੱਲਾਂ ਕੌਣ ਕਰਦੈ? ‘ਹੁਣ’ ਦਾ ਇਹ ਸਿਲਸਿਲਾ ਇਵੇਂ ਈ ਚਲੱਦਾ ਰਵ੍ਹੇ। ਜਿਉਂਦੇ ਵੱਸਦੇ ਰਹੋ ਭਾਈ। ਹੁਣ ਐਂ ਦੱਸੋ ਬਈ, ਚਾਹ ਈ ਪੀਣੀ ਐ ਜਾਂ ਮੇਰੇ ਵਾਲਾ ਹਲਕਾ ਇੱਕ-ਇੱਕ ਪੈੱਗ ਲਾਉਣੈ ਪਰ ਪੈੱਗ ਮਿਲੂ ਇਕੋ- ਇਕ।ਹੁਣ :ਤੁਹਾਡੀਆਂ ਗੱਲਾਂ ਸਾਡੇ ਲਈ ਪੈੱਗ ਨੇ ਜੀ, ਹੁਣ ਚਲਦੇ ਆਂ। ਇਕ ਵਾਰ ਫੇਰ ਸ਼ੁਕਰੀਆ।
‘ਹੁਣ’ ਵੱਲੋਂਸੁਸ਼ੀਲ ਦੁਸਾਂਝ ਅਤੇ ਕਰਮਜੀਤ ਸਿੰਘ (ਡਾ.)
ਜੂਨ-ਜੁਲਾਈ 2013, ਪਿੰਡ ਫ਼ੱਤੂ ਚੱਕ (ਕਪੂਰਥਲਾ)