ਕਾਬੁਲ ’ਚ ਦਹਿਸ਼ਤੀ ਹਮਲੇ ’ਚ 32 ਲੋਕਾਂ ਦੀ ਮੌਤ, 81 ਜ਼ਖ਼ਮੀ, ਸੱਤਾ ’ਤੇ ਕਬਜ਼ਾ ਕਰ ਸਕਦਾ ਹੈ ਤਾਲਿਬਾਨ

ਕਾਬੁਲ : ਅਫ਼ਗਾਨਿਸਤਾਨ ਵਿਚ ਸ਼ਾਂਤੀ ਬਹਾਲੀ ਲਈ ਹਾਲ ਹੀ ਵਿਚ ਅਮਰੀਕਾ ਅਤੇ ਤਾਲਿਬਾਨ ਵਿਚਾਲੇ ਹੋਏ ਸਮਝੌਤੇ ਮਗਰੋਂ ਕਾਬੁਲ ਵਿਚ ਸ਼ਿਆ ਭਾਈਚਾਰੇ ਦੇ ਜਲਸੇ ਵਿਚ ਸਭ ਤੋਂ ਵੱਡਾ ਹਮਲਾ ਹੋਇਆ ਹੈ। ਇਸ ਵਿਚ 32 ਲੋਕਾਂ ਦੀ ਮੌਤ ਹੋਈ ਹੈ ਤੇ 81 ਲੋਕ ਜ਼ਖ਼ਮੀ ਹੋਏ ਹਨ। ਪੁਲੀਸ ਨੇ ਦੋਵੇਂ ਹਮਲਾਵਰਾਂ ਨੂੰ ਮਾਰ ਦਿੱਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਇਸਲਾਮਿਕ ਸਟੇਟ ਗਰੁੱਪ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਅਫ਼ਗਾਨਿਸਤਾਨ ਵਿਚ ਇਸਲਾਮਿਕ ਸਟੇਟ ਸਮੂਹ ਦੇ ਦਹਿਸ਼ਤੀ ਸੰਗਠਨ ਨੇ ਆਪਣੀ ਵੈੱਬਸਾਈਟ ’ਤੇ ਸ਼ਿਆ ਮੁਸਲਮਾਨਾਂ ਖ਼ਿਲਾਫ਼ ਯੁੱਧ ਦਾ ਐਲਾਨ ਕੀਤਾ ਹੈ। ਇਸ ਹਮਲੇ ਵਿਚ ਵੀ ਮਾਰੇ ਗਏ ਜ਼ਿਆਦਾਤਰ ਸ਼ਿਆ ਹੀ ਹਨ, ਜੋ ਅਫ਼ਗਾਨਿਸਤਾਨ ਦੇ ਕਬੀਲਿਆਈ ਹਜਾਰਾ ਭਾਈਚਾਰੇ ਦੇ ਆਗੂ ਅਬਦੁੱਲ ਅਲੀ ਮਜਾਰੀ ਦੀ ਬਰਸੀ ਮਨਾਉਣ ਲਈ ਜਮ੍ਹਾ ਹੋਏ ਸਨ।
ਤਾਲਿਬਾਨ ਨੇ 1995 ਵਿਚ ਮਜਾਰੀ ਦੀ ਅਗਵਾ ਮਗਰੋਂ ਹੱਤਿਆ ਕਰ ਦਿੱਤੀ ਸੀ। ਪਿਛਲੇ ਸਾਲ ਮਜਾਰੀ ਦੀ ਬਰਸੀ ’ਤੇ ਹੋਏ ਪ੍ਰੋਗਰਾਮ ਦੌਰਾਨ ਤਾਲਿਬਾਨ ਨੇ ਹਮਲਾ ਕੀਤਾ ਸੀ, ਪਰ ਇਸ ਵਾਰ ਤਾਲਿਬਾਨ ਨੇ ਇਸ ਹਮਲੇ ਵਿਚ ਹੱਥ ਹੋਣ ਤੋਂ ਇਨਕਾਰ ਕੀਤਾ ਹੈ। ਗ੍ਰਹਿ ਮੰਤਰਾਲੇ ਦੇ ਬੁਲਾਰੇ ਨਸਰਤ ਰਹਿਮੀ ਨੇ ਕਿਹਾ ਕਿ ਇਕ ਨਿਰਮਾਣ ਅਧੀਨ ਅਪਾਰਟਮੈਂਟ ਵਿਚ ਲੁਕੇ ਅਤਿਵਾਦੀਆਂ ਨੇ ਹਮਲਾ ਕੀਤਾ। ਇਸ ਵਿਚ 32 ਲੋਕਾਂ ਦੀ ਮੌਤ ਹੋ ਗਈ ਤੇ 81 ਜ਼ਖ਼ਮੀ ਹੋ ਗਏ। ਸਿਹਤ ਮੰਤਰਾਲੇ ਨੇ ਵੀ 32 ਲੋਕਾਂ ਦੇ ਮਾਰੇ ਜਾਣ, ਪਰ 58 ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਦਿੱਤੀ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਫ਼ਗਾਨਿਸਤਾਨ ਤੋਂ ਅਮਰੀਕੀ ਫ਼ੌਜੀਆਂ ਦੇ ਜਾਣ ਮਗਰੋਂ ਤਾਲਿਬਾਨ ਉਥੇ ਸੱਤਾ ’ਤੇ ਕਬਜ਼ਾ ਕਰ ਸਕਦਾ ਹੈ। ਟਰੰਪ ਨੇ ਵ੍ਹਾਈਟ ਹਾੳੂਸ ਵਿਚ ਕਿਹਾ ਕਿ ਦੇਸ਼ਾਂ ਨੂੰ ਆਪਣੀ ਦੇਖਭਾਲ ਖੁਦ ਕਰਨੀ ਚਾਹੀਦੀ ਹੈ। ਤੁਸੀਂ ਏਨੇ ਲੰਬੇ ਸਮੇਂ ਤਕ ਕਿਸੇ ਦਾ ਹੱਥ ਨਹੀਂ ਫੜ ਸਕਦੇ। ਹਾਲਾਂਕਿ ਟਰੰਪ ਨੇ ਇਹ ਵੀ ਕਿਹਾਕਿ ਤਾਲਿਬਾਨ ਤੋਂ ਸੱਤਾ ਹਥਿਆਉਣ ਦੀ ਉਮੀਦ ਨਹੀਂ ਹੈ, ਪਰ ਅਜਿਹਾ ਸੰਭਵ ਹੋ ਸਕਦਾ ਹੈ।

Leave a Reply

Your email address will not be published. Required fields are marked *