ਪੰਜਾਬੀ ਲਿਖਾਰੀ ਸਭਾ ਕੈਲਗਰੀ ਵਲੋਂ ‘ਬੱਚਿਆਂ ਵਿਚ ਪੰਜਾਬੀ ਬੋਲਣ ਦੀ ਮੁਹਾਰਤ’ ਸਮਾਗਮ 21 ਮਾਰਚ ਨੂੰ
ਯੂਥ ਐਵਾਰਡ ਨੂਰਜੋਤ ਕਲਸੀ ਨੂੰ ਦਿੱਤਾ ਜਾਏਗਾ
ਕੈਲਗਰੀ : ਪੰਜਾਬੀ ਲਿਖਾਰੀ ਸਭਾ ਕੈਲਗਰੀ ਵਲੋਂ ‘ਬੱਚਿਆਂ ਵਿਚ ਪੰਜਾਬੀ ਬੋਲਣ ਦੀ ਮੁਹਾਰਤ’ ਸਮਾਗਮ 21 ਮਾਰਚ, ਦਿਨ ਸ਼ਨੀਵਾਰ ਬਾਅਦ ਦੁਪਿਹਰ ਦੋ ਤੋਂ ਪੰਜ ਵਜੇ ਤੱਕ ਵ੍ਹਾਈਟਹੌਰਨ ਕਮਿਊਨਟੀ ਹਾਲ ਨਾਰਥ ਈਸਟ ਕੈਲਗਰੀ ਵਿਚ ਕਰਵਾਇਆ ਜਾ ਰਿਹਾ ਹੈ। ਇਸ ਵਿਚ ਪਹਿਲੀ ਤੋਂ ਦਸਵੀਂ ਜਮਾਤ ਤੱਕ ਦੇ ਬੱਚੇ ਭਾਗ ਲੈਣਗੇ ਤੇ ਪੰਜਾਬੀ ਵਿਚ ਗੀਤ, ਗਜ਼ਲ, ਕਵਿਤਾ ਜਾਂ ਕੋਈ ਵੀ ਪੰਜਾਬੀ ਧਾਰਮਕ ਗੀਤ ਸੁਣਾ ਕੇ ਆਪਣੀ ਪੰਜਾਬੀ ਬੋਲੀ ਪ੍ਰਤੀ ਕਾਬਲੀਅਤ ਦਰਸਾਉਣਗੇ। ਜੱਜਾਂ ਦੇ ਫੈਸਲੇ ਮੁਤਾਬਕ ਇਨਾਮਾਂ ਦੀ ਵੰਡ ਹੋਵੇਗੀ। ਬੱਚਿਆਂ ਵਿਚ ਉਤਸ਼ਾਹ ਭਰਨ ਲਈ ਇਸ ਵਾਰ ਦਾ ਯੂਥ ਐਵਾਰਡ ‘ਨੂਰਜੋਤ ਕਲਸੀ’ ਨੂੰ ਉਸ ਦੀ ਸਮਾਜ ਪ੍ਰਤੀ ਨਿਭਾਈ ਜ਼ਿੰਮੇਵਾਰੀ ਲਈ ਦਿੱਤਾ ਜਾਏਗਾ। ਸਮਾਗਮ ਵਿਚ ਭਾਗ ਲੈਣ ਲਈ ਮਾਪਿਆਂ ਵਲੋਂ ਬੱਚਿਆਂ ਦੇ ਨਾਮ ਦਰਜ ਕਰਵਾਏ ਜਾ ਰਹੇ ਹਨ। 15 ਮਾਰਚ ਨਾਮ ਦਰਜ ਕਰਵਾਉਣ ਦੀ ਆਖਰੀ ਤਰੀਕ ਹੈ। ਇਸ ਸਮਾਗਮ ਨੂੰ ਲੈ ਕਿ ਪਰਿਵਾਰਾਂ ਵਿਚ ਭਾਰੀ ਉਤਸ਼ਾਹ ਹੈ। ਸਭਾ ਦੀ ਸਾਰੀ ਕਾਰਜਕਾਰੀ ਕਮੇਟੀ ਪੰਜਾਬੀ ਭਾਈਚਾਰੇ ਤੇ ਸਾਰੇ ਮੀਡੀਆ ਨੂੰ ਯੋਗਦਾਨ ਦੇਣ ਦੀ ਅਪੀਲ ਕਰਦੀ ਹੈ। ਇਸ ਮੌਕੇ ਕਿਤਾਬਾਂ ਦਾ ਸਟਾਲ, ਭੰਗੜੇ ਦੀ ਰੰਗਾ-ਰੰਗ ਪੇਸ਼ਕਾਰੀ, ਚਾਹ ਸਨੈਕਸ ਦਾ ਪ੍ਰਬੰਧ ਤੇ ‘ਆਈ ਕੈਨ ਫਾਰ ਕਿਡਸ’ ਸੰਸਥਾ ਲਈ ਡੱਬਾਬੰਦ ਭੋਜਨ ਦੀ ਡੋਨੇਸ਼ਨ ਇੱਕਠੀ ਕੀਤੀ ਜਾਏਗੀ, ਜੋ ਇਹ ਸੰਸਥਾ ਲੋੜਵੰਦ ਸਕੂਲੀ ਬੱਚਿਆਂ ਤੱਕ ਪਹੁੰਚਾਉਂਦੀ ਹੈ। ਜ਼ਿਕਰਯੋਗ ਹੈ ਕਿ ਪੰਜਾਬੀ ਲਿਖਾਰੀ ਸਭਾ ਕੈਲਗਰੀ 1999 ਤੋਂ ਪੰਜਾਬੀ ਸਾਹਿਤ ਤੇ ਮਾਂ ਬੋਲੀ ਲਈ ਗਤੀਸ਼ੀਲ ਸੰਸਥਾ ਹੈ। ਅਣਗਿਣਤ ਸਾਹਿਤਕਾਰਾਂ ਦੇ ਸਨਮਾਨ, ਵਰਲਡ ਪੰਜਾਬੀ ਕਾਨਫਰੰਸ ਤੋਂ ਇਲਾਵਾ ਨਵੀਂ ਪੀੜ੍ਹੀ ਦੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਨ ਲਈ 2012 ਵਿਚ ਸਭਾ ਨੇ ‘ਬੱਚਿਆਂ ਵਿਚ ਪੰਜਾਬੀ ਬੋਲਣ ਦੀ ਮੁਹਾਰਤ’ ਸਮਾਗਮ ਸ਼ੁਰੂ ਕੀਤਾ ਸੀ ਜੋ ਨਿਰੰਤਰ ਕਾਮਯਾਬੀ ਦੀਆਂ ਪੈੜਾਂ ਸਿਰਜ ਰਿਹਾ ਹੈ। ਹਰ ਸਾਲ ਬੱਚੇ ਇਸ ਵਿਚ ਉਤਸ਼ਾਹ ਨਾਲ ਭਾਗ ਲੈਂਦੇ ਹਨ ਤੇ ਇਨਾਮ ਹਾਸਲ ਕਰਦੇ ਹਨ। ਬੱਚਿਆਂ ਦੇ ਨਾਮ ਦਰਜ ਕਰਵਾਉਣ ਲਈ ਤੇ ਹੋਰ ਵਧੇਰੇ ਜਾਣਕਾਰੀ ਲਈ ਪ੍ਰਧਾਨ ਦਵਿੰਦਰ ਮਲਹਾਂਸ ਨੂੰ 403-993-2201 ਤੇ ਜਨਰਲ ਸਕੱਤਰ ਜੋਰਾਵਰ ਬਾਂਸਲ ਨੂੰ 587-437-7805 ’ਤੇ ਸੰਪਰਕ ਕੀਤਾ ਜਾ ਸਕਦਾ ਹੈ।