ਦੁਨੀਆ ਭਰ ਵਿਚ ਡਰ

ਜਿਹੜੇ ਲੋਕ ਕੰਮ ’ਤੇ ਨੇ
ਉਹ ਡਰੇ ਹੋਏ ਨੇ
ਕਿ ਉਨ੍ਹਾਂ ਦੀ ਨੌਕਰੀ ਚਲੀ ਜਾਏਗੀ
ਜਿਨ੍ਹਾਂ ਕੋਲ ਕੰਮ ਨਹੀਂ ਹੈ
ਉਹ ਡਰੇ ਹੋਏ ਨੇ
ਕਿ ਉਨ੍ਹਾਂ ਨੂੰ ਕੰਮ ਨਹੀਂ ਮਿਲੇਗਾ
ਜਿਨ੍ਹਾਂ ਨੂੰ ਫ਼ਿਕਰ ਨਹੀਂ ਹੈ ਭੁੱਖ ਦਾ
ਉਹ ਡਰੇ ਹੋਏ ਨੇ
ਖਾਣ-ਪੀਣ ਨੂੰ ਲੈ ਕੇ
ਲੋਕਤੰਤਰ ਡਰਿਆ ਹੋਇਐ
ਚੇਤਾ ਕਰਵਾਏ ਜਾਣ ਤੋਂ
ਅਤੇ
ਭਾਸ਼ਾ ਖ਼ੌਫ਼ਜ਼ਦਾ ਹੈ
ਬੋਲੇ ਜਾਣ ਤੋਂ
ਆਮ ਨਾਗਰਿਕ ਡਰਦੇ ਨੇ ਫ਼ੌਜ ਤੋਂ
ਫ਼ੌਜ ਡਰਦੀ ਹੈ ਹਥਿਆਰਾਂ ਦੀ ਕਮੀ ਤੋਂ
ਹਥਿਆਰ ਡਰਦੇ ਨੇ
ਕਿ ਜੰਗਾਂ ਦੀ ਕਮੀ ਹੈ
ਇਹ ਡਰ ਦਾ ਸਮਾਂ ਹੈ
ਔਰਤਾਂ ਡਰਦੀਆਂ ਨੇ ਹਿੰਸਕ ਮਰਦਾਂ ਕੋਲੋਂ
ਤੇ ਮਰਦ ਡਰਦੇ ਨੇ
ਨਿਡਰ ਔਰਤਾਂ ਕੋਲੋਂ
ਚੋਰਾਂ ਦਾ ਡਰ, ਪੁਲੀਸ ਦਾ ਡਰ
ਡਰ.. ਬਿਨਾਂ ਜੰਦਰੇ ਦੇ ਦਰਵਾਜ਼ਿਆਂ ਦਾ
ਘੜੀਆਂ ਦੇ ਬਿਨਾਂ ਸਮੇਂ ਦਾ
ਬਿਨਾਂ ਟੈਲੀਵਿਜ਼ਨ ਬੱਚਿਆਂ ਦਾ
ਡਰ.. ਨੀਂਦ ਦੀ ਗੋਲੀ ਬਿਨਾਂ ਰਾਤ ਦਾ
ਅਤੇ
ਦਿਨ ਜਾਗਣ ਵਾਲੀ ਗੋਲੀ ਤੋਂ ਬਿਨਾਂ
ਭੀੜ ਦਾ ਡਰ, ਇਕੱਲਤਾ ਦਾ ਡਰ
ਡਰ ਕਿ ਕੀ ਸੀ ਪਹਿਲਾਂ
ਅਤੇ
ਕੀ ਹੋ ਸਕਦਾ ਹੈ ਕੱਲ੍ਹ ਨੂੰ
ਮਰਨ ਦਾ ਡਰ, ਜਿਉਣ ਦਾ ਡਰ।
-ਏਦੂਆਰਦੋ ਗਾਲੇਆਨੋ
ਅਨੁਵਾਦ : ਕਮਲ ਦੁਸਾਂਝ
ਏਦੂਆਰਦੋ ਗਾਲੇਆਨੋ ਉਰੂਗੁਏ ਦੇ ਕਵੀ, ਪੱਤਰਕਾਰ ਤੇ ਨਾਵਲਕਾਰ ਸਨ। (3 ਸਤੰਬਰ 1940-13 ਅਪ੍ਰੈਲ 2015)