ਕਰੋਨਾਵਾਇਰਸ ਕਾਰਨ ਯੂਰੋ-2020 ਫੁਟਬਾਲ ਚੈਂਪੀਅਨਸ਼ਿਪ ਰੱਦ

ਲੁਸਾਨੇ- ਯੂਏਫਾ ਨੇ ਇੱਥੇ ਐਮਰਜੈਂਸੀ ਮੀਟਿੰਗ ਮਗਰੋਂ ਇਸ ਸਾਲ ਜੂਨ ਅਤੇ ਜੁਲਾਈ ਵਿੱਚ ਹੋਣ ਵਾਲੀ ਯੂਰੋਪੀ ਫੁਟਬਾਲ ਚੈਂਪੀਅਨਸ਼ਿਪ (ਯੂਰੋ) ਨੂੰ 2021 ਤੱਕ ਮੁਲਤਵੀ ਕਰ ਦਿੱਤਾ। ਯੂਰੋਪੀ ਫੁਟਬਾਲ ਸੰਸਥਾ ਨੇ  ਇਹ ਐਲਾਨ ਕੀਤਾ। ਉਸ ਨੇ ਇਹ ਫ਼ੈਸਲਾ ਦੁਨੀਆਂ ਵਿੱਚ ਵਧ ਰਹੇ ਕਰੋਨਾਵਾਇਰਸ ਕਾਰਨ ਖੇਡ ਸਰਗਰਮੀਆਂ ਬੰਦ ਹੋਣ ਦੇ ਮੱਦੇਨਜ਼ਰ ਲਿਆ ਹੈ। ਇਸ ਵਾਇਰਸ ਕਾਰਨ ਕਈ ਦੇਸ਼ਾਂ ਵਿੱਚ ਐਮਰਜੈਂਸੀ ਵਰਗੇ ਹਾਲਾਤ ਬਣ ਗਏ ਹਨ ਅਤੇ ਸਰਹੱਦਾਂ ਬੰਦ ਕਰ ਦਿੱਤੀਆਂ ਗਈਆਂ ਹਨ।
ਯੂਏਫ਼ਾ ਨੇ ਬਿਆਨ ਵਿੱਚ ਕਿਹਾ, ‘‘ਕੋਵਿਡ-19 ਕਾਰਨ ਫਿਲਹਾਲ ਘਰੇਲੂ ਮੁਕਾਬਲਿਆਂ ਨੂੰ ਰੋਕ ਦਿੱਤਾ ਗਿਆ ਹੈ, ਜਿਨ੍ਹਾਂ ਨੂੰ ਬਾਅਦ ਵਿੱਚ ਪੂਰਾ ਕੀਤਾ ਜਾ ਸਕਦਾ ਹੈ।’’ ਯੂਰੋਪ ਦੀਆਂ ਜ਼ਿਆਦਾਤਰ ਘਰੇਲੂ ਲੀਗਾਂ ਦੇ ਮੈਚ ਨਹੀਂ ਹੋ ਰਹੇ। ਕਲੱਬਾਂ ਵਿਚਾਲੇ ਹੋਣ ਵਾਲੀ ਯੂਏਫ਼ਾ ਚੈਂਪੀਅਨਜ਼ ਲੀਗ ਅਤੇ ਯੂਰੋਪਾ ਲੀਗ ਵੀ ਰੱਦ ਹੋ ਚੁੱਕੀ ਹੈ। ਯੂਰੋਪੀ ਚੈਂਪੀਅਨਸ਼ਿਪ ਦੇ ਮੁਲਤਵੀ ਕਰਨ ਮਗਰੋਂ ਇਨ੍ਹਾਂ ਲੀਗਾਂ ਨੂੰ ਯਾਤਰਾ ਸਬੰਧੀ ਪਾਬੰਦੀਆਂ ਹਟਣ ਮਗਰੋਂ ਪੂਰਾ ਕੀਤਾ ਜਾ ਸਕਦਾ ਹੈ।
ਯੂਰੋ-2020 ਦਾ ਉਦਘਾਟਨੀ ਮੈਚ ਰੋਮ ਵਿੱਚ ਖੇਡਿਆ ਜਾਣਾ ਸੀ। ਇਟਲੀ ਫੁਟਬਾਲ ਫੈਡਰੇਸ਼ਨ ਦੇ ਗੈਬਰਿਲੇ ਗ੍ਰੇਵਿਨਾ ਪਹਿਲਾਂ ਹੀ ਯੂਰੋ ਨੂੰ ਮੁਲਤਵੀ ਕਰਨ ਦੀ ਅਪੀਲ ਕਰ ਚੁੱਕੇ ਸਨ। ਯੂਰੋ-2020 ਟੂਰਨਾਮੈਂਟ ਮਹਾਂਦੀਪ ਦੇ 12 ਸ਼ਹਿਰਾਂ ਵਿੱਚ ਐਮਸਟਰਡਮ, ਬਾਕੂ, ਬਿਲਬਾਓ, ਬੁਡਾਪੇਸਟ, ਬੁਖਾਰੇਸਟ, ਕੋਪੇਨਹੇਗਨ, ਡਬਲਿਨ, ਗਲਾਸਗੋ, ਲੰਡਨ, ਮਿਊਨਿਖ਼, ਰੋਮ ਅਤੇ ਸੇਂਟ ਪੀਟਰਸਬਰਗ ਵਿੱਚ ਖੇਡਿਆ ਜਾਣਾ ਸੀ। ਯੂਰੋ ਦੇ ਸੈਮੀਫਾਈਨਲ ਅਤੇ ਫਾਈਨਲ ਮੁਕਾਬਲੇ ਲੰਡਨ ਵਿੱਚ ਹੋਣੇ ਸਨ। ਯੂਰੋ-2020 ਦੇ ਮੁਲਤਵੀ ਹੋਣ ਦਾ ਅਸਰ ਮਹਿਲਾ ਯੂਰੋਪੀ ਚੈਂਪੀਅਨਸ਼ਿਪ ’ਤੇ ਪੈ ਸਕਦਾ ਹੈ, ਜੋ ਅਗਲੇ ਸਾਲ ਸੱਤ ਜੁਲਾਈ ਤੋਂ ਪਹਿਲੀ ਅਗਸਤ ਦੌਰਾਨ ਇੰਗਲੈਂਡ ਵਿੱਚ ਹੋਣੀ ਹੈ। ਯੂਰੋ ਵਿੱਚ ਹਿੱਸਾ ਲੈਣ ਵਾਲੀਆਂ 24 ਵਿੱਚੋਂ 20 ਟੀਮਾਂ ਪਹਿਲਾਂ ਹੀ ਕੁਆਲੀਫਾਈ ਕਰ ਚੁੱਕੀਆਂ ਹਨ। ਪਲੇਅ-ਆਫ ਮਗਰੋਂ ਬਾਕੀ ਚਾਰ ਟੀਮਾਂ ਦਾ ਪਤਾ ਚੱਲੇਗਾ। ਪਲੇਅ-ਆਫ ਇਸ ਮਹੀਨੇ ਦੇ ਅਖ਼ੀਰ ਵਿੱਚ ਹੋਣੇ ਸੀ, ਪਰ ਹੁਣ ਇਸ ਨੂੰ ਬਾਅਦ ਵਿੱਚ ਕਰਵਾਇਆ ਜਾਵੇਗਾ।
ਯੂਰੋਪ ਕਰੋਨਾਵਾਇਰਸ ਦਾ ਕੇਂਦਰ ਬਣਿਆ ਹੋਇਆ ਹੈ। ਅੱਜ ਫਰਾਂਸ ਨੇ ਵੀ ਇਟਲੀ ਅਤੇ ਸਪੇਨ ਵਾਂਗ ਸਖ਼ਤ ਕਦਮ ਚੁੱਕੇ ਹਨ। ਯੂਰੋਪੀ ਨੇਤਾ ਵੀ ਮਹਾਂਦੀਪ ਦੀਆਂ ਬੇਲੋੜੀਆਂ ਯਾਤਰਾਵਾਂ ’ਤੇ ਪਾਬੰਦੀਆਂ ਲਾਉਣ ਦੀ ਯੋਜਨਾ ਬਣਾ ਰਹੇ ਹਨ। ਇਟਲੀ ਵਿੱਚ ਹੁਣ ਤੱਕ 2100 ਲੋਕਾਂ ਦੀ ਮੌਤ ਹੋ ਚੁੱਕੀ ਹੈ। -ਏਐੱਫਪੀ

ਕੋਪਾ ਅਮਰੀਕਾ ਫੁਟਬਾਲ ਟੂਰਨਾਮੈਂਟ ਵੀ ਅਗਲੇ ਸਾਲ ’ਤੇ ਪਿਆ
ਸਾਓ ਪਾਓਲੋ: ਕਰੋਨਾਵਾਇਰਸ ਕਾਰਨ ਕੋਪਾ ਅਮਰੀਕਾ ਫੁਟਬਾਲ ਟੂਰਨਾਮੈਂਟ ਅੱਜ 2021 ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਦੱਖਣੀ ਅਮਰੀਕੀ ਫੁਟਬਾਲ ਸੰਸਥਾ ਕੌਨਮੇਬੌਲ ਨੇ ਕਿਹਾ ਕਿ ਇਹ ਟੂਰਨਾਮੈਂਟ 11 ਜੂਨ ਤੋਂ 11 ਜੁਲਾਈ ਦੌਰਾਨ ਕੋਲੰਬੀਆ ਅਤੇ ਅਰਜਨਟੀਨਾ ਵਿੱਚ ਖੇਡਿਆ ਜਾਵੇਗਾ। -ਪੀਟੀਆਈ

Leave a Reply

Your email address will not be published. Required fields are marked *