ਫਿਲਮ ‘ਇਕੋ ਮਿੱਕੇ’ `ਤੇ ਪਿਆ ‘ਰੂਹਾਂ’ ਦਾ ਪਰਛਾਵਾਂ

ਇਕਬਾਲ ਸਿੰਘ ਚਾਨਾ

ਫਿਲਮ ਸ਼ੁਰੂ ਹੁੰਦੀ ਹੈ ਤਾਂ ਲੱਗਿਆ ਕਿ ਪਰਦੇ ਉੱਤੇ ਇਕ ਬਹੁਤ ਹੀ ਵਧੀਆ ਕਹਾਣੀ ਇੱਕ ਖੂਬਸੂਰਤ ਪੇਟਿੰਗ ਵਾਂਙ ਚੱਲ ਰਹੀ ਹੈ। ਖੂਬਸੂਰਤ ਗੀਤ ਸੰਗੀਤ, ਉਨ੍ਹਾਂ ਦਾ ਫਿਲਮੀਕਰਣ, ਦਿਲ ਨੂ ਛੋਹ ਲੈਣ ਵਾਲੇ ਸੰਵਾਦ ਅਤੇ ਸਾਰੇ ਅਰਟਿਸਟਾਂ ਵੱਲੋਂ ਆਪਣੇ ਕਿਰਦਾਰਾਂ ਨੂੰ ਸਹਿਜ ਤੇ ਸੁਭਾਵਕ ਨੋਭਾਉਣਾ, ਫਿਲਮ ਦਰਸ਼ਕ ਨੂੰ ਆਪਣੇ ਨਾਲ ਇੰਜ ਬੰਨ੍ਹ ਲੈਂਦੀ ਹੈ ਕਿ ਪਤਾ ਹੀ ਨਹੀਂ ਲਗਦਾ ਕਿ ਇੰਟਰਵਾਲ ਹੋ ਗਿਆ ਹੈ। ਮੇਰੇ ਨਾਲ ਬੈਠਾ ਇੱਕ ਸੱਜਣ ਆਪਣੇ ਕਿਸੇ ਦੋਸਤ ਨੂੰ ਸ਼ਾਇਦ ਪੰਜਾਬ ਫੋਨ ਕਰ ਰਿਹਾ ਸੀ ਕਿ ਇੱਕ ਕਮਾਲ ਦੀ ਫਿਲਮ ਦੇਖ ਰਿਹਾ ਹਾਂ। ਇੰਟਰਵਾਲ ਚ ਕੌਫੀ ਦਾ ਆਨੰਦ ਲੈਂਦਿਆਂ ਖੁਸ਼ਗਵਾਰ ਮਾਹੌਲ ਤੇ ਮੂਡ ਤੋੰ ਬਾਅਦ ਸੈਕੰਡ ਹਾਫ ਸ਼ੁਰੂ ਹੁੰਦਿਆਂ ਹੀ ਝਟਕਾ ਲਗਦਾ ਹੈ ਕਿ ਇਹ ਕੀ ? ਦੋਨੋ ਮੁੱਖ ਕਿਰਦਾਰ ਐਕਸੀਡੈਂਟ ਪਿੱਛੋਂ “ਰੂਹਾਂ” ਵਿਚ ਤਬਦੀਲ ਹੋ ਜਾਂਦੇ ਹਨ, ਤੇ ਇੱਕ ਦੂਜੇ ਦੇ ਸਰੀਰਾਂ ਵਿਚ ਦਾਖ਼ਲ ਹੋ ਜਾਂਦੇ ਹਨ। ਫਿਰ “ਰੂਹਾਂ” ਇੱਕ ਦੂਜੇ ਦੀਆਂ ਗਲਤ-ਫਹਿਮੀਆਂ ਦੂਰ ਕਰਨ ਵਿਚ ਹੀ ਫਿਲਮ ਨੂੰ ਅਖੀਰ ਤੱਕ ਘੜੀਸ ਕੇ ਲੈ ਜਾਂਦੀਆਂ ਹਨ। ਫਿਲਮ ਉਬਾਊ ਹੋ ਜਾਂਦੀ ਹੈ ਤੇ ਸੋਚਣ ਲਈ ਮਜਬੂਰ ਕਰਨ ਲੱਗ ਪੈਂਦੀ ਹੈ ਕਿ ਇਹ ਹੁਣ ਫਿਲਮ ਨੂੰ ਖਤਮ ਕਦੋਂ ਕਰਨਗੇ ?
ਰਿਸ਼ਤਿਆਂ ਦੇ ਟੁੱਟਣ ਜੁੜਨ ਉੱਤੇ ਬਹੁਤ ਸਾਰੀਆਂ ਭਾਵਨਾਤਮਕ ਫ਼ਿਲਮਾਂ ਬਣੀਆਂ ਹਨ। ਅੱਜ ਦੇ ਦੌਰ ਵਿਚ ਇਹ ਹਰ ਦੂਜੇ ਤੀਜੇ ਘਰ ਦੀ ਸਮੱਸਿਆ ਹੈ। ਇਹ ਫਿਲਮ ਵੀ ਜਿਸ ਖੂਬਸੂਰਤੀ ਨਾਲ ਸ਼ੁਰੂ ਹੁੰਦੀ ਹੈ, ਕਈ ਵਰ੍ਹੇ ਪਹਿਲਾਂ ਆਈ ਆਮਿਰ ਖਾਨ ਮਨੀਸ਼ਾ ਕੋਇਰਾਲਾ ਦੀ ਫਿਲਮ ‘ਅਕੇਲੇ ਹਮ ਅਕੇਲੇ ਤੁਮ’ ਦੀ ਯਾਦ ਤਾਜ਼ਾ ਹੋਣ ਲੱਗ ਪਈ । ਪਰ ਫਿਲਮ ਦਾ ਦੂਜਾ ਹਾਫ ਸ਼ੁਰੂ ਹੁੰਦੀਆਂ ਹੀ ਇੱਕ ਹੋਰ ਹੀ ਤਰ੍ਹਾਂ ਦੀ ਕਲਪਿਤ ਕਹਾਣੀ ਸ਼ੁਰੂ ਹੋ ਜਾਂਦੀ ਹੈ। ਲੇਖਕ ਤੇ ਨਿਰਦੇਸ਼ਕ ਵੱਲੋਂ ਲਿਆਂਦਾ ਗਿਆ ਇਹ ਟਵਿਸਟ ਬੜਾ ਹੀ ਬਚਕਾਨਾ ਤੇ ਉਬਾਊ ਕਿਸਮ ਦਾ ਸੀ।
ਕਲਾਕਾਰਾਂ ਦੀ ਗੱਲ ਕਰੀਏ ਤਾਂ ਸੁਰਿੰਦਰ ਸਰਤਾਜ ਨੇ ‘ਬ੍ਲੈਕ ਪ੍ਰਿੰਸ’ ਵਿਚ ਬੜਾ ਹੀ ਨਿਰਾਸ ਕੀਤਾ ਸੀ। ਪਰ ਇਸ ਫਿਲਮ ਇੱਕ ਬੁੱਤ-ਤਰਾਸ਼ ਨੌਜਵਾਨ ਦਾ ਰੋਲ ਬੜਾ ਵਧੀਆ ਨਿਭਾਇਆ ਹੈ। ਆਪਣੇ ਕਿਰਦਾਰ ਲਈ ਲਗਦਾ ਹੈ ਉਸਨੇ ਕਾਫੀ ਮੇਹਨਤ ਕੀਤੀ ਹੈ। ਅਦਿੱਤੀ ਸ਼ਰਮਾ ਕੋਲ ਅਦਾਕਾਰੀ ਦਾ ਕਈ ਸਾਲਾਂ ਦਾ ਤਜਰਬਾ ਹੈ, ਤੇ ਉਸ ਨੇ ਆਪਣੇ ਕਿਰਦਾਰ ਵਿਚ ਪੂਰੀ ਜਾਨ ਪਾਈ ਰੱਖੀ। ਸਰਦਾਰ ਸੋਹੀ ਮੱਧਵਰਗੀ ਪਰਿਵਾਰ ਦੇ ਹੀਰੋ ਦੇ ਬਾਪ ਦੇ ਰੂਪ ਵਿਚ ਬੜਾ ਸੁਭਾਵਕ ਲਗਦਾ ਹੈ ਤੇ ਬਲਵਿੰਦਰ ਬੇਗੋਵਾਲ ਵੀ ਸਿੱਧੀ ਜਿਹੀ ਮਾਂ ਦੇ ਕਿਰਦਾਰ ਵਿਚ ਪੂਰੀ ਜਚਦੀ ਹੈ। ਸਰਤਾਜ ਦੇ ਵੱਡੇ ਭਰਾ ਦੇ ਰੂਪ ਵਿਚ ਨਵਦੀਪ ਕਲੇਰ ਅਤੇ ਭਰਜਾਈ ਦੇ ਰੂਪ ਵਿਚ ਰਾਜ ਧਾਲੀਵਾਲ ਵੀ ਠੀਕ ਰਹੇ। ਮਹਾਵੀਰ ਭੁੱਲਰ ਇੱਕ ਬਾਬੇ ਦੇ ਵੱਖਰੇ ਜਿਹੇ ਅੰਦਾਜ਼ ਵਿਚ ਚੰਗਾ ਲੱਗਿਆ।
ਰਵੀ ਕੁਮਾਰ ਸਾਨਾ ਦੀ ਫੋਟੋਗਰਾਫੀ ਦਿਲਕਸ਼ ਹੈ। ਕੁਲ ਮਿਲਾ ਕੇ ਫਿਲਮ ਵਿਚ ਲਗਭਗ ਸਭ ਕੁਝ ਵਧੀਆ ਹੈ। ਗੀਤ ਸੰਗੀਤ ਵਿਚ ਮਿਠਾਸ ਹੈ, ਐਕਟਰਾਂ ਦਾ ਕੰਮ ਵਧੀਆ ਹੈ, ਫਿਲਮ ਦਾ ਵਿਸ਼ਾ ਕਮਾਲ ਦਾ ਹੈ, ਗਾਹਲਾਂ ਨਹੀਂ ਹਨ, ਖੂਨ ਖਰਾਬਾ ਨਹੀਂ ਹੈ, ਅਸ਼ਲੀਲਤਾ ਨਹੀਂ ਹੈ, ਇੱਕੋ ਕਮੀ ਰਹਿ ਗਈ ਕਿ ਇੰਟਰਵਲ ਤੋਂ ਬਾਅਦ ਸਕ੍ਰਿਪਟ ਝੋਲ ਖਾ ਜਾਂਦਾ ਹੈ।
ਪੰਕਜ ਵਰਮਾ ਦੀ ਬਤੌਰ ਡਾਇਰੈਕਟਰ ਪਹਿਲੀ ਫਿਲਮ ਹੈ, ਉਸਦਾ ਫਰੇਮ-ਵਰਕ ਤੇ ਹੈਡਲਿੰਗ ਕਾਬਿਲ-ਏ-ਤਾਰੀਫ ਹੈ। ਬੱਸ, ਸਕ੍ਰਿਪਟ ਤੇ ਹੋਰ ਮੇਹਨਤ ਦੀ ਲੋੜ ਸੀ। ਸਤਿੰਦਰ ਸਰਤਾਜ ਫਿਲਮ ਦਾ ਨਿਰਮਾਤਾ ਵੀ ਹੈ ਤੇ ਉਸ ਨੇ ਗਾਇਕੀ ਵਾਲੀ ਆਪਣੀ ਇਮੇਜ ਨੂੰ ਫਿਲਮ ਵਿਚ ਵੀ ਬਰਕਰਾਰ ਰੱਖਿਆ ਹੈ।

Leave a Reply

Your email address will not be published. Required fields are marked *