fbpx Nawidunia - Kul Sansar Ek Parivar

ਭਗਵਾਨ ਬਣਨ ਤੋਂ ਪਹਿਲਾਂ ਰਜਨੀਸ਼, ਡਾ. ਕਰਮਜੀਤ ਸਿੰਘ

 

ਡਾ. ਕਰਮਜੀਤ ਸਿੰਘ,+91-98763-23862,kjskurukshetra@yahoo.com

‘ਨਵੀਂ ਦੁਨੀਆ’ ਦੇ ਸਲਾਹਕਾਰ ਮੰਡਲ ਵਿਚ ਸ਼ਾਮਲ ਡਾ. ਕਰਮਜੀਤ ਸਿੰਘ ਮਾਰਕਸਵਾਦੀ ਦਰਸ਼ਨ ਨਾਲ ਡੂੰਘੀ ਤਰ੍ਹਾਂ ਜੁੜੇ ਹੋਏ ਵਿਦਵਾਨ ਹਨ। ਲੋਕ-ਧਾਰਾ ਦੇ ਖੇਤਰ ਵਿਚ ਉਨ੍ਹਾਂ ਵਲੋਂ ਕੀਤਾ ਹੋਇਆ ਕੰਮ ਕਿਸੇ ਜਾਣ-ਪਛਾਣ ਦਾ ਮੁਹਤਾਜ ਨਹੀਂ। ‘ਲੋਕ ਗੀਤਾਂ ਦੇ ਨਾਲ-ਨਾਲ’ ਕਾਲਮ ਵਿਚ ਪਾਠਕਾਂ ਨੇ ਉਨ੍ਹਾਂ ਦਾ ਇਹ ਕੰਮ ਪੜ੍ਹਿਆ ਅਤੇ ਸਰਾਹਿਆ ਹੈ। ਉਨ੍ਹਾਂ ਕੋਲ ਹਰ ਵਰਤ-ਵਰਤਾਰੇ ਨੂੰ ਮਾਰਕਸੀ ਜੀਵਨ ਦ੍ਰਿਸ਼ਟੀ ਰਾਹੀਂ ਦੇਖਣ ਦੀ ਸੂਝ ਅਤੇ ਪ੍ਰਤੀਬੱਧਤਾ ਹੈ। ਇਸ ਅੰਕ ਤੋਂ ਪਾਠਕ ਡਾ ਕਰਮਜੀਤ ਸਿੰਘ ਵਲੋਂ ਓਸ਼ੋ ਰਜਨੀਸ ‘ਤੇ ਇਸੇ ਦ੍ਰਿਸ਼ਟੀਕੋਣ ਤੋਂ ਕੀਤੀ ਹੋਈ ਆਲੋਚਨਾ ਪੜ੍ਹਨਗੇ। ਰਜਨੀਸ਼ ਨੂੰ ਰਜਨੀਸ਼ਵਾਦੀਆਂ ਦੁਆਰਾ ਵੀਹਵੀਂ ਸਦੀ ਦੇ ਸਭ ਤੋਂ ਮਹਾਨ ਚਿੰਤਕ ਦੀ ਉਪਾਧੀ ਦਿੱਤੀ ਜਾਂਦੀ ਹੈ। ਇਹ ਉਪਾਧੀ ਚਿੰਤਕ ਤੋਂ ਅਗੇਰੇ ਤੁਰਦੀ ਤੁਰਦੀ ਰਜਨੀਸ਼ ਨੂੰ ਆਖ਼ੀਰ ਗੁਰੂ ਓਸ਼ੋ ਵਜੋਂ ਸਥਾਪਤ ਕਰਦੀ ਹੈ। ਰਜਨੀਸ਼ ਇਕ ਪੂਰੇ ਪੂਰੇ ਗੁਰੂਡਮ ਦੇ ਸੰਸਥਾਪਕ ਅਤੇ ਸੰਚਾਲਕ ਵਜੋਂ ਸਾਹਮਣੇ ਆਉਂਦਾ ਹੈ। ਉਸ ਦਾ ਚਿੰਤਨ ਉੱਚ ਵਰਗ ਅਤੇ ਉੱਚ ਮੱਧ ਵਰਗ ਦੇ ਇਕ ਹਿੱਸੇ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕਰਦਾ ਹੈ। ਅਜਿਹੇ ਦ੍ਰਿਸ਼ ਵਿਚ ਮਾਰਕਸਵਾਦੀ ਦਰਸ਼ਨ ਨਾਲ ਜੁੜੇ ਚਿੰਤਕਾਂ ਦਾ ਇਸ ਗੱਲ ਲਈ ਸੋਚਣਾ ਜ਼ਰੂਰੀ ਹੋ ਜਾਂਦਾ ਹੈ ਕਿ ਰਜਨੀਸ਼ ਆਪਣੇ ਦਰਸ਼ਨ ਵਿਚ ਕਿਹੜੀਆਂ ਕ੍ਰਾਂਤੀਕਾਰੀ ਨਵੀਆਂ ਗੱਲਾਂ ਕਰ ਰਿਹਾ ਹੈ? ਉਸ ਨੇ ਮਾਰਕਸਵਾਦੀ ਦਰਸ਼ਨ ਦੇ ਮੁਕਾਬਲੇ ਕੀ ਅਜਿਹਾ ਵਿਸ਼ੇਸ਼ ਦੇ ਦਿੱਤਾ ਹੈ ਕਿ ਉਸ ਨੂੰ ਭਵਿੱਖ ਦੇ ਚਿੰਤਕ ਵਜੋਂ ਨਿਰਧਾਰਤ ਕੀਤੇ ਜਾਣ ਦੇ ਯਤਨ ਹੋ ਰਹੇ ਹਨ? ਇਹ ਗੱਲ੍ਹ ਹੀ ਡਾ. ਕਰਮਜੀਤ ਸਿੰਘ ਵਰਗੇ ਮਾਰਕਸਵਾਦੀ ਨੂੰ ਉਤਸ਼ਾਹਿਤ ਅਤੇ ਪ੍ਰੇਰਿਤ ਕਰਦੀ ਹੈ ਕਿ ਰਜਨੀਸ਼ ਦੀ ਫਿਲਾਸਫੀ ਨਾਲ ਸੰਵਾਦ ਛੇੜਿਆ ਜਾਵੇ। ਇਸ ਸੰਵਾਦ ਚਰਚਾ ਵਿਚੋਂ ਜੋ ਉੱਭਰ ਕੇ ਸਾਹਮਣੇ ਆਉਂਦਾ ਹੈ, ਉਸ ਨਾਲ ਰਜਨੀਸ਼ ਦੀ ਫਿਲਾਸਫੀ ਵਿਅਕਤੀਵਾਦ ਦੀਆਂ ਤੰਗ ਵਲਗਣਾਂ ਵਿਚ ਘਿਰੀ ਅੰਤਿਮ ਤੌਰ ‘ਤੇ ਅਮਾਨਵੀ ਅਤੇ ਅਰਾਜਕਤਾਵਾਦੀ ਹੋ ਨਿਬੜਦੀ ਹੈ। ਇਸ ਕੇਂਦਰੀ ਤਰਕ ਕਾਰਣ ਹੀ ਇਸ ਤਰਕ ਨੂੰ ਉਭਾਰਨ ਵਾਲੀ ਪੁਸਤਕ ਦਾ ਨਾਮ ਰੱਖਿਆ ਜਾਂਦਾ ਹੈ ‘ਰਜਨੀਸ਼ ਬੇਨਕਾਬ’।

ਰਜਨੀਸ਼ ਨੂੰ ਬੇਨਕਾਬ ਕਰਨ ਲਈ ਡਾ. ਕਰਮਜੀਤ ਸਿੰਘ ਭਾਵੇਂ ਰਜਨੀਸ਼ ਦੀਆਂ ਦੋ ਸੌ ਤੋਂ ਉੱਪਰ ਉਪਲਬਧ ਪੁਸਤਕਾਂ ਵਿਚੋਂ ਤਿੰਨ ਚਾਰ ਨੂੰ ਹੀ ਆਧਾਰ ਬਣਾਉਂਦੇ ਹਨ। ਪਰ ਉਹ ਇਨ੍ਹਾਂ ਦੇ ਆਧਾਰ ਉੱਪਰ ਹੀ ਰਜਨੀਸ਼ ਦਰਸ਼ਨ ਦੀਆਂ ਜੜ੍ਹਾਂ ਤੱਕ ਪਹੁੰਚ ਜਾਂਦੇ ਹਨ। ਉਹ ਰਜਨੀਸ਼ ਬਾਈਬਲ ਦੀਆਂ ਚਾਰ ਜਿਲਦਾਂ ਦੇ ਵੱਖ ਵੱਖ ਹਿੱਸਿਆਂ ਨਾਲ ਸੰਵਾਦ ਰਚਾਉਂਦੇ ਹਨ। ਇਨ੍ਹਾਂ ਪੁਸਤਕਾਂ ਵਿਚ ਆਏ ਵਿਚਾਰਾਂ ਦੀ ਰੌਸ਼ਨੀ ਵਿਚ ਡਾ. ਕਰਮਜੀਤ ਸਿੰਘ ਬਹੁਤ ਹੀ ਤਰਕ ਨਾਲ ਇਹ ਗੱਲ ਸਥਾਪਤ ਕਰਦੇ ਹਨ ਕਿ ਰਜਨੀਸ਼ ‘ਕਿਸੇ ਸਮਾਜਕ ਸੰਸਥਾ, ਰਾਜਨੀਤੀ ਅਤੇ ਸਰਕਾਰ ਵਿਚ ਵਿਸ਼ਵਾਸ਼ ਨਹੀਂ ਰੱਖਦਾ। ਉਹ ਕੇਵਲ ਵਿਅਕਤੀ ਵਿਚ ਵਿਸ਼ਵਾਸ਼  ਰੱਖਦਾ ਹੈ। ‘ਨਵੀਂ ਦੁਨੀਆ’ – ਰਜਨੀਸ਼ ਬੇਨਕਾਬ- ਪੁਸਤਕ ਵਿਚਲੇ ਇਨ੍ਹਾਂ ਮਹੱਤਵਪੂਰਨ ਲੇਖਾਂ ਨੂੰ ਲੜੀਵਾਰ ਛਾਪਣ ਦੀ ਖ਼ੁਸ਼ੀ ਲੈ ਰਿਹਾ ਹੈ।

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)

ਲੋਕਾਂ ਨੇ ਵਾਸਤਾ ਪਾਇਆ ਕਿ ਕੁੜੀ ਨੂੰ ਦਮੋਹ ਦੇ ਕਿਸੇ ਹਸਪਤਾਲ ਵਿਚ ਪਹੁੰਚਾ ਦਿੱਤਾ ਜਾਵੇ। ਸਮੇਂ ਸਿਰ ਜੇ ਉਸਨੂੰ ਮੈਡੀਕਲ ਸਹਾਇਤਾ ਮਿਲ ਜਾਵੇ ਤਾਂ ਸ਼ਾਇਦ ਉਹ ਬਚ ਜਾਵੇ। ਪਰ ਇਸ ਲਈ ਸ਼ਾਇਦ ਰਜਨੀਸ਼ ਨੂੰ ਕਾਰ ਦੇ ਅਗਲੇ ਪਾਸੇ ਡਰਾਈਵਰ ਦੇ ਨਾਲ ਵਾਲੀ ਸੀਟ ‘ਤੇ ਬੈਠਣਾ ਪੈਂਦਾ। ਰਜਨੀਸ਼ ਉਸ ਕੁੜੀ ਨੂੰ ਉੱਥੇ ਹੀ ਛੱਡ ਕੇ ਅੱਗੇ ਚਲਾ ਗਿਆ। ਉਹ ਮਰ ਗਈ। ਉਸ ਕੁੜੀ ਨੂੰ ਕੈਲਾਸ਼ ਜਾਣਦਾ ਸੀ। ਉਸਨੇ ਜਬਲਪੁਰ ਪਰਤਣ ‘ਤੇ ਰਜਨੀਸ਼ ਨੂੰ ਪੁੱਛਿਆ ਵੀ ਕਿ ਉਸਨੇ ਉਸ ਕੁੜੀ ਨੂੰ ਦਮੋਹ ਕਿਉਂ ਨਹੀਂ ਪਹੁੰਚਾਇਆ। ਰਜਨੀਸ਼ ਨਿਸ਼ਚਿੰਤ ਸੀ, ”ਮੈਂ ਸਮਝ ਲਿਆ ਸੀ ਕਿ ਕੁੜੀ ਦੀ ਉਮਰ ਪੁੱਗ ਗਈ ਹੈ। ਉਸਨੂੰ ਦਮੋਹ ਪੁੰਚਾਉਣਾ ਵਿਅਰਥ ਹੈ। ਬੇਕਾਰ ਹੀ ਕਾਰ ਦੀ ਸੀਟ ਖ਼ਰਾਬ ਹੁੰਦੀ। ਮੈਨੂੰ ਵੀ ਦੇਰ ਹੋ ਜਾਂਦੀ।” ਕੈਲਾਸ਼ ਨੇ ਰਜਨੀਸ਼ ਨਾਲੋਂ ਆਪਣੇ ਸੰਬੰਧ ਤੋੜ ਲਏ। ਰਜਨੀਸ਼ ਭਾਵਨਾ ਰਹਿਤ ਸੰਵੇਦਨਾ ਤੋਂ ਖ਼ਾਲੀ, ਭਗਵਾਨ ਸੀ। ਉਸ ਲਈ ਇੰਦਰੀਆਂ ਦਾ ਸੁੱਖ ਹੀ ਸਭ ਤੋਂ ਉੱਪਰ ਸੀ। ਦੁਸਰਾ ਦੁੱਖੀ ਹੈ ਜਾਂ ਉਸ ਕੋਲ਼ ਕੁਝ ਨਹੀਂ ਹੈ ਤਾਂ ਉਸਨੂੰ ਕੀ? ਗਰੀਬੀ ਪਾਪ ਹੈ। ਦੁੱਖ ਦੰਡ ਹੈ। ਵਿਅਕਤੀ ਨੂੰ ਇਹ ਕੁਝ ਭੋਗਣਾ ਹੀ ਚਾਹੀਦਾ ਹੈ। ਉਹ ਕੌਣ ਹੁੰਦਾ ਹੈ ਰੱਬ ਦੀ ਲੀਲ੍ਹਾ ਵਿਚ ਦਖ਼ਲ ਦੇਣ ਵਾਲਾ। ਉਸਦਾ ਰਸਤਾ ਆਪਣਾ ਰਸਤਾ ਸੀ। ਇਹ ਰਸਤਾ ਉਸਨੇ ਬਹੁਤ ਹੀ ਸੋਚ ਸਮਝ ਕੇ ਲੱਭਿਆ ਸੀ। ਉਸ ਰਸਤੇ ‘ਤੇ ਚਲਦਿਆਂ ਉਸਨੇ ਦੂਸਰਿਆਂ ਤੋਂ ਇਹ ਆਸ ਕੀਤੀ ਸੀ ਕਿ ਉਹ ਉਸਦੇ ਪਿੱਛੇ ਆਉਣ।

ਕਾਲਿਜ ਨਗਰ ਤੋਂ ਦੂਰ ਪਚਪੇੜੀ ਵਿਚ ਸੀ। ਰਜਨੀਸ਼ ਟਾਊਨ ਵਾਲੇ ਆਪਣੇ ਘਰ ਤੋਂ ਪਚਪੇੜੀ ਤੱਕ ਸਾਈਕਲ ‘ਤੇ ਆਉਂਦਾ ਜਾਂਦਾ ਸੀ। ਉਹ ਸਾਈਕਲ ‘ਤੇ ਬੈਠਦਾ ਤੇ ਪੂਰਾ ਰਸਤਾ ਅੱਖਾਂ ਮੀਟੀ ਰੱਖਦਾ। ਕੁਝ ਦਿਨਾਂ ਬਾਅਦ ਉਸ ਰਸਤੇ ‘ਤੇ ਆਉਣ ਜਾਣ ਵਾਲਿਆਂ ਨੂੰ ਰਜਨੀਸ਼ ਦੀ ਇਸ ਅਦਾ ਦਾ ਗਿਆਨ ਹੋ ਗਿਆ ਸੀ। ਇਸ ਲਈ ਉਹ ਆਪ ਹੀ ਰਜਨੀਸ਼ ਦੇ ਸਾਈਕਲ ਵਿਚ ਟਕਰਾਉਣ ਤੋਂ ਬਚਦੇ। ਸਾਨੂੰ ਸਭ ਨੂੰ ਹੈਰਾਨੀ ਹੁੰਦੀ ਸੀ ਕਿ ਅੱਖਾਂ ਬੰਦ ਹਨ ਤਾਂ ਰਜਨੀਸ਼ ਨੂੰ ਰਸਤਾ ਕਿਵੇਂ ਦਿਖਾਈ ਦਿੰਦਾ ਸੀ? ਤੇ ਉਸਦਾ ਸਾਈਕਲ ਕਿਤੇ ਟਕਰਾਉਂਦਾ ਕਿਉਂ ਨਹੀਂ ਸੀ? ਅਜਿਹੇ ਕਰਤੱਵ ਤਾਂ ਨਗਰ ਦੇ ਪ੍ਰਸਿੱਧ ਜਾਦੂਗਰ ਪੀ. ਸੀ. ਸਰਕਾਰ ਦੇ ਵੱਸ ਵਿਚ ਸਨ। ਸਰਕਾਰ ਦੀ ਤਰ੍ਹਾਂ ਰਜਨੀਸ਼ ਵੀ ਨਾ ਦਰੱਖਤਾਂ ਨਾਲ ਟਕਰਾਉਂਦਾ, ਨਾ ਬਿਜਲੀ ਦੇ ਖੰਭਿਆ ਨਾਲ। ਨਾ ਚੌਰਸਤੇ ‘ਤੇ ਖੜੇ ਸਿਪਾਹੀ ਨਾਲ ਤੇ ਨਾ ਹੀ ਰਾਹਗੀਰਾਂ ਨਾਲ। ਉਸਦੇ ਸਾਈਕਲ ‘ਤੇ ਨਾ ਘੰਟੀ ਹੁੰਦੀ ਸੀ ਤੇ ਨਾ ਬਰੇਕ। ਉਸ ਸਮੇਂ ਤੱਕ ਰਜਨੀਸ਼ ਦੀ ਦਾੜ੍ਹੀ ਨਹੀਂ ਸੀ। ਇਕ ਲੰਬੀ ਛੀਟਕੀ ਦੇਹ, ਮੋਟੀਆਂ ਮੋਟੀਆਂ ਅੱਖਾਂ। ਵੱਡੇ ਸਿਰ ਤੇ ਸਿਰ ਪਿੱਛੇ ਲਹਿਰਾਉਂਦੇ ਹੋਏ ਕਾਲੇ ਵਾਲਾਂ ਵਾਲੀ ਕਾਇਆ। ਬਸ ਸਾਈਕਲ ਦੇ ਪੈਡਲ ਮਾਰਦਿਆਂ ਹੀ ਦਿਖਾਈ ਦਿੰਦਾ। ਰਜਨੀਸ਼ ਆਪਣੀ ਸਾਈਕਲ, ਸਾਈਕਲ ਸਟੈਂਡ ‘ਤੇ ਨਹੀਂ ਸੀ ਰੱਖਦਾ। ਉਹ ਕਾਲਜ ਦੇ ਪਿਛਲੇ ਪਾਸੇ ਵਾਲੀਆਂ ਪੌੜੀਆਂ ਦੇ ਕੋਲ਼ ਆਪਣੀ ਸਾਈਕਲ ਟਕਾਉਂਦਾ ਤੇ ਪਿਛਲੇ ਪਾਸਿਉਂ ਹੀ ਕਾਲਜ ਵਿਚ ਦਾਖਲ ਹੁੰਦਾ। ਜੋ ਅਸਾਧਾਰਣ ਗੱਲਾਂ ਸਨ। ਉਸਨੂੰ ਇਹੋ ਕੁਝ ਪਸੰਦ ਸੀ। ਜਿਸ ਦਿਨ ਉਸਨੂੰ ਰਿਕਸ਼ੇ ਉੱਪਰ ਜਾਣਾ ਹੁੰਦਾ ਉਹ ਰਿਕਸ਼ੇ ਉੱਪਰ ਟੇਢਾ ਹੋ ਕੇ ਬੈਠਦਾ। ਅੱਖਾਂ ਬੰਦ ਕਰਕੇ ਸਾਹਮਣੇ ਦੇ ਦ੍ਰਿਸ਼ ਨੂੰ ਅਣਦੇਖਿਆ ਕਰਦਿਆਂ ਹੋਇਆਂ। ਜੋ ਨੇੜੇ ਇਧਰ ਉਧਰ ਹੈ ਉਹੀ ਉਸਨੂੰ ਪਿਆਰਾ ਸੀ। ਘੰਟੀ ਵੱਜਣ ‘ਤੇ ਉਹ ਆਪਣੀ ਕਲਾਸ ਵਿਚ ਜਾਂਦਾ। ਉੱਥੇ ਉਹ ਕੋਰਸ ਪੜ੍ਹਾਉਂਦਾ ਤਾਂ ਜ਼ਰੂਰ, ਪਰ ਆਪਣੇ ਆਪ ਨੂੰ ਕੇਂਦਰ ਵਿਚ ਰੱਖ ਕੇ। ਸ਼ੰਕਰ ਹੋਵੇ ਜਾਂ ਹੀਗਲ। ਪੰਤਜਲੀ ਹੋਵੇ ਜਾਂ ਕਾਂਟ। ਸਾਰਿਆਂ ਦੀ ਵਿਆਖਿਆ ਉਹ ਰਜਨੀਸ਼ ਦਰਸ਼ਨ ਨੂੰ ਕੇਂਦਰ ਮੰਨ ਕੇ ਕਰਦਾ।

ਉਸ ਲਈ ਕੋਰਸ ਦੇ ਸਾਰੇ ਫਿਲਾਸਫਰ ਦਾਇਰੇ ਤੋਂ ਬਾਹਰ ਸਨ। ਕੇਂਦਰ ਵਿਚ ਜੇ ਕੋਈ ਸੀ ਤਾਂ ਉਹ ਸੀ ਸਿਰਫ਼ ਆਪ। ਇਕ ਦਿਨ ਐਮ. ਏ. ਸਾਲ ਪਹਿਲਾ ਦੀ ਕਲਾਸ ਵਿਚ ਰਜਨੀਸ਼ ਨੇ ਵਿਦਿਆਰਥੀਆਂ ਨੂੰ ਕਿਹਾ ਸੀ ਕਿ, ”ਤਹਾਨੂੰ ਦੁਨੀਆਂ ਦੇ ਸਭ ਤੋਂ ਮੌਲਿਕ ਦਰਸ਼ਨ ਸ਼ਾਸਤਰੀ ਤੋਂ ਪੜ੍ਹਨ ਦਾ ਮੌਕਾ ਮਿਲ ਰਿਹਾ ਹੈ।” ਇਕ ਵਿਦਿਆਰਥੀ ਰਜਨੀਸ਼ ਦੇ ਬੜਬੋਲੇਪਣ ਤੋਂ ਜਾਣੂ ਸੀ। ਕਹਿਣ ਲੱਗਾ, ”ਪਰ ਤੁਸੀਂ ਇਸ ਨੂੰ ਸਿੱਧ ਕਿਵੇਂ ਕਰੋਗੇ?”

ਰਜਨੀਸ਼ ਨੇ ਕਿਹਾ, ”ਸਿੱਧ ਮੈਂ ਹੀ ਨਹੀਂ ਤੁਸੀਂ ਕਰੋਗੇ। ਮੈਂ ਸਵਾਲ ਕਰਦਾ ਹਾਂ ਜਵਾਬ ਤੁਸੀਂ ਦੇਵੋ। ਦੱਸੋ ਕਿ ਦੁਨੀਆਂ ਦਾ ਸਭ ਤੋਂ ਵਧੀਆ ਦੇਸ਼ ਕਿਹੜਾ ਹੈ?

”ਭਾਰਤ”

ਰਜਨੀਸ਼ ਨੇ ਕਿਹਾ, ”ਬਿਲਕੁਲ ਠੀਕ ਇਕਬਾਲ ਨੇ ਵੀ ਕਿਹਾ ਹੈ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਂ ਹਮਾਰਾ।” ਚੰਗਾ ਤੇ ਹੁਣ ਇਹ ਦੱਸੋ ਕਿ ਭਾਰਤ ਵਿਚ ਸਭ ਤੋਂ ਵਧੀਆ ਸੂਬਾ ਕਿਹੜਾ ਹੈ?”

ਵਿਦਿਆਰਥੀਆਂ ਨੂੰ ਇਸ ਦਾ ਜਵਾਬ ਦੇਣ ਲਈ ਕੋਈ ਔਕੜ ਨਹੀਂ ਆਈ…ਮੱਧ ਪ੍ਰਦੇਸ਼।

ਇਹ ਵੀ ਠੀਕ ਹੈ ਜਿਹੜੀ ਚੀਜ਼ ਵਿਚਕਾਰ ਰਹਿੰਦੀ ਹੈ ਉਹ ਸਭ ਤੋਂ ਵਧੀਆ ਹੁੰਦੀ ਹੈ। ਜਿਵੇਂ ਸਾਡਾ ਦਿਲ। ਮੱਧ ਪ੍ਰਦੇਸ਼ ਦਾ ਸਭ ਤੋਂ ਵਧੀਆ ਸ਼ਹਿਰ ਕਿਹੜਾ ਹੈ?”

ਵਿਦਿਆਰਥੀ ਜਾਣਦੇ ਸਨ, ”ਜਬਲਪੁਰ।”

”ਬਿਲਕੁਲ ਸਹੀ ਤਾਂ ਹੀ ਤਾਂ ਵਿਨੋਭਾ ਭਾਵੇ ਨੇ ਜਬਲਪੁਰ ਨੂੰ ਸੰਸਕ੍ਰਿਤੀ ਦਾ ਧਨੀ ਕਿਹਾ ਹੈ। ਹੁਣ ਇਹ ਦੱਸੋ ਕਿ ਜਬਲਪੁਰ ਦਾ ਸਭ ਤੋਂ ਵਧੀਆ ਕਾਲਜ ਕਿਹੜਾ ਹੈ?”

ਇਸ ਦਾ ਉੱਤਰ ਵੀ ਆਸਾਨ ਸੀ, ਮਹਾਂਕੌਸ਼ਲ ਕਲਾ ਕਾਲਜ। ਇਹ ਪ੍ਰਦੇਸ਼ ਦਾ ਸਭ ਤੋਂ ਪੁਰਾਣਾ ਕਾਲਜ ਸੀ,  ਇਸ ਦੀ ਇਮਾਰਤ ਸਭ ਤੋਂ ਸੁਹਣੀ ਮੰਨੀ ਜਾਂਦੀ ਹੈ।

”ਅਤੇ ਤੁਸੀਂ ਫਿਲਾਸਫੀ ਦੇ ਵਿਸ਼ੇ ਦੀ ਚੋਣ ਕਿਉਂ ਕੀਤੀ?”

ਵਿਦਿਆਰਥੀਆਂ ਨੇ ਇਕ ਆਵਾਜ਼ ਨਾਲ ਕਿਹਾ। ”ਕਿਉਂਕਿ ਫਿਲਾਸਫੀ ਸਾਰੇ ਸ਼ਾਸਤਰਾਂ ਦਾ ਮੂਲ ਹੈ।

”ਅਤੇ ਇੱਥੇ ਫਿਲਾਸਫੀ ਦੇ ਅਧਿਆਪਕਾਂ ਵਿਚੋਂ ਸਭ ਤੋਂ ਵਧੀਆ ਕੌਣ ਹੈ?”

ਵਿਦਿਆਰਥੀਆਂ ਨੂੰ ਸਵਾਲਾਂ ਜਵਾਬਾਂ ਵਿਚ ਆਨੰਦ ਆ ਰਿਹਾ ਸੀ। ਉਨ੍ਹਾਂ ਦਿਨਾਂ ਵਿਚ ਫਿਲਾਸਫੀ ਦਾ ਹੋਰ ਕੋਈ ਅਧਿਆਪਕ ਹੈ ਹੀ ਨਹੀਂ ਸੀ। ਮਹਿਤਾ ਸਾਹਿਬ ਦੀ ਬਦਲੀ ਹੋ ਚੁੱਕੀ ਸੀ। ਰਜਨੀਸ਼ ਉਨ੍ਹਾਂ ਦੀ ਥਾਂ ‘ਤੇ ਆਇਆ ਸੀ। ਵਿਭਾਗ ਵਿਚ ਇਹ ਇਕੱਲਾ ਹੀ ਸੀ। ”ਸਰ ਤੁਸੀਂ।”

ਰਜਨੀਸ਼ ਨੇ ਕਿਹਾ ਦੇਖੋ ਜੇ ਤੁਸੀਂ ਸਾਰੇ ਇਹ ਕਹਿ ਰਹੇ ਹੋ ਕਿ ਮੈਂ ਸਭ ਤੋਂ ਚੰਗਾ ਅਧਿਆਪਕ ਹਾਂ ਤਾਂ ਫਿਰ ਦੁਨੀਆਂ ਦਾ ਸਭ ਤੋਂ ਚੰਗਾ ਅਧਿਆਪਕ ਮੈਂ ਹੀ ਹੋਇਆ ਨਾ।

ਰਜਨੀਸ਼ ਹੁੰਗਾਰਾ ਭਰਵਾਉਣ ਦੀ ਕਲਾ ਦਾ ਅਭਿਆਸ ਕਰ ਰਿਹਾ ਸੀ। ਇਹੋ ਜਿਹੇ ਤਰਕ ਦਾ ਵਿਕਾਸ ਕਰ ਰਿਹਾ ਸੀ ਜਿਸ ਤੋਂ ਉਹ ਆਪਣੇ ਮਨੋ-ਇਛਿੱਤ ਨਤੀਜਆਂ ਤੱਕ ਪਹੁੰਚ ਸਕੇ। ਉਹ ਆਪਣੇ ਚੇਲਿਆਂ ਦੀ ਵਿਵੇਕ ਸ਼ਕਤੀ ਨੂੰ ਆਪਣੇ ਅਧੀਨ ਕਰ ਰਿਹਾ ਸੀ। ਫਰਇਡ ਦੀ ਜੀਵਨੀਕਾਰ ਅਤੇ ਉਸਦਾ ਅਧਿਐਨ ਕਰਨ ਵਾਲੀ ਮਾਰਗ੍ਰੇਟ ਮਕੇਨਹਾਉਟ ਨੇ ਲਿਖਿਆ ਹੈ ਕਿ ਫਰਾਇਡ ਆਪਣੇ ਵਿਚਾਰਾਂ ਤੋਂ ਵਿਰੋਧੀ ਸ਼ੰਕਾਵਾਂ ਨੂੰ ਸਹਿਣ ਨਹੀਂ ਕਰ ਸਕਦਾ ਸੀ। ਇਸੇ ਲਈ ਉਸਨੇ ਆਪਣੇ ਕੁਝ ਪ੍ਰਤਿਭਾਸ਼ਾਲੀ ਚੇਲਿਆਂ ਨੂੰ ਆਪਣੇ ਅੰਦੋਲਨ ਤੋਂ ਬਾਹਰ ਕੱਢ ਦਿੱਤਾ ਸੀ। ਕਾਰਣ ਸਿਰਫ਼ ਇਹ ਸੀ ਕਿ ਜਿਸ ਤਰ੍ਹਾਂ ਦੇ ਆਪਣੇ ਪਿੱਛੇ ਚੱਲਣ ਵਾਲੇ ਵਿਦਿਆਰਥੀ ਫਰਾਇਡ ਚਾਹੁੰਦਾ ਸੀ, ਉਸਦੇ ਚੇਲੇ ਉਸ ਤਰ੍ਹਾਂ ਦੇ ਨਹੀਂ ਸਨ। ਫਰਾਇਡ ਦੇ ਕੁਝ ਚੇਲੇ ਬਾਅਦ ਵਿਚ ਫਰਾਇਡ ਨੂੰ ‘ਫਰਾਡ’ ਕਹਿਣ ਲੱਗੇ ਸਨ। ਰਜਨੀਸ਼ ਵੀ ਆਪਣੀ ਸ਼ਖ਼ਸੀਅਤ ਅਤੇ ਵਿਚਾਰਾਂ ਬਾਰੇ ਥੋੜ੍ਹੀ ਜਿਹੀ ਸ਼ੰਕਾ ਰੱਖਣ ਵਾਲੇ ਨੂੰ ਵੀ ਦੁੱਧ ‘ਚੋਂ ਮੱਖੀ ਵਾਂਗ ਬਾਹਰ ਸੁੱਟ ਦਿੰਦਾ ਸੀ। ਤੁਸੀਂ ਮੈਨੂੰ ਸਰਵਸ੍ਰੇਸ਼ਟ ਮੰਨੋ। ਨਿਰਵਿਵਾਦ, ਅਸਾਧਾਰਣ, ਇਕੋ ਇਕ। ‘ਮਾਮੇਕੰ ਸ਼ਰਣਮ ਬ੍ਰਜ’ ਦੀ ਗੰਢ ਨੇ ਉਸਨੂੰ ਅਨੇਕ-ਅੰਤਵਾਦੀ ਤੋਂ ਇਕ-ਅੰਤਵਾਦੀ ਬਣਾ ਦਿੱਤਾ ਸੀ। ਸੁਜੈਸ਼ਨ ਦੀ ਕਲਾ ਹਿਪਨੋਟਿਜ਼ਮ ਦੀ ਸ਼ਕਲ ਇਖਤਿਆਰ ਕਰ ਰਹੀ ਸੀ। ਫਰਾਇਡ ਵੀ ਆਪਣੇ ਮਨੋਵਿਸ਼ਲੇਸ਼ਣ ਦੇ ਇਲਾਜ ਵਿਚ ਮੈਸਮੇਰਾਈਜ਼ ਕਰਨ ਦੀ ਕਲਾ ਦੀ ਵਰਤੋਂ ਕਰਦਾ ਸੀ। ਜੋ ਮਰੀਜ਼ ਮੈਸਮੇਰਾਈਜ਼ ਨਹੀਂ ਹੁੰਦੇ ਸਨ ਉਹ ਠੀਕ ਨਹੀਂ ਸਨ ਹੁੰਦੇ।

”ਰਜਨੀਸ਼ ਲਈ ਜਿਹੜੇ ਅਨਹਿਪਨੋਟਾਈਜ਼ੇਬਲ (ਜੋ ਸੰਮੋਹਿਤ ਨਹੀਂ ਸਨ ਹੁੰਦੇ) ਉਹ ਵਿਅਰਥ ਸਨ। ਉਹ ਉਨ੍ਹਾਂ ਉੱਪਰ ਸਮਾਂ ਖ਼ਰਾਬ ਨਹੀਂ ਸੀ ਕਰਦਾ। ਫਰਾਇਡ ਨੇ ਮਨੋਰੋਗਾਂ ਦੇ ਇਲਾਜ ਲਈ ਹਿਪਨੋਟਿਜ਼ਮ ਦੀ ਵਰਤੋਂ ਪੈਰਿਸ ਦੇ ਪ੍ਰਸਿੱਧ ਮਨੋਚਿਕਿਤਸਕ ਮਾਰਕਸ ਨਾਰਕਾਟ ਤੋਂ ਸਿੱਖੀ ਸੀ। ਰਜਨੀਸ਼ ਨੇ ਸ਼ਾਇਦ ਫਰਾਇਡ ਤੋਂ।  {ਬਾਦ ਵਿਚ ਫਰਾਇਡ ਹਿਪਨੋਟਿਜ਼ਮ ਨੂੰ ਛੱਡ ਗਿਆ ਕਿਉਂਕਿ ਉਸ ਅਨੁਸਾਰ ਮਰੀਜ਼ ਇਸ ਦਾ ਆਦੀ ਹੋ ਜਾਂਦਾ ਸੀ ਅਤੇ ਠੀਕ ਨਹੀਂ ਸੀ ਹੁੰਦਾ। ਪਰ ਰਜਨੀਸ਼ ਇਸ ਨੂੰ ਛੱਡਣ ਦੀ ਬਜਾਇ ਇਸ ਉਪਰ ਨਵੇਂ ਨਵੇਂ ਤਜਰਬੇ ਕਰਦਾ ਰਿਹਾ। ਹਿਪਨੋਟਿਜ਼ਮ ਦਾ ਇਕ ਇਹ ਅਸੂਲ ਹੈ ਕਿ ਜੋ ਆਦਮੀ ਚਾਹੇ ਕਿ ਉਹ ਇਸ ਟਰੈਪ ਵਿਚ ਨਹੀਂ ਫੱਸੇਗਾ ਉਸ ਉਪਰ ਇਹ ਤਕਨੀਕ ਬਹੁਤੀ ਕਾਰਗਰ ਸਾਬਤ ਨਹੀਂ ਹੁੰਦੀ। ਇਸੇ ਲਈ ਕੁਝ ਚਿਰ ਤੋਂ ਬਾਦ ਰਜਨੀਸ਼ ਦੇ ਚੇਲੇ ਇਸ ਦੇ ਖੇਤਰ ਵਿਚੋਂ ਬਾਹਰ ਨਿਕਲ਼ ਗਏ-ਅਨੁ.’ ਸ਼ਾਇਦ ਭਾਰਤੀ ਤੰਤਰ ਵਿਦਿਆ ਤੋਂ ਰਜਨੀਸ਼ ਆਪਣੇ ਚੇਲਿਆਂ ਵਿਚੋਂ ਉਨ੍ਹਾਂ ਨੂੰ ਹੀ ਸਵੀਕਾਰ ਕਰਦਾ ਸੀ ਜਿਹੜੇ ਮਨ ਬਚਨ ਤੇ ਕਰਮ ਕਰਕੇ ਉਸ ਉੱਪਰ ਅਖੰਡ, ਅਬਾਧ ਅਤੇ ਸਥਿਰ ਵਿਸ਼ਵਾਸ਼ ਕਰਦੇ ਸਨ।

(ਬਾਕੀ ਅਗਲੇ ਅੰਕ ‘ਚ)

 

Share this post

Leave a Reply

Your email address will not be published. Required fields are marked *