ਸਹਿਜ ਬਿਰਤੀ ਦਾ ਅਸਹਿਜ ਸ਼ਾਇਰ ਰਾਮਿੰਦਰ ਬੇਰੀ
ਰਾਮਿੰਦਰ ਬੇਰੀ ਪੰਜਾਬੀ ਦੀ ਪੁਖਤਾ ਗ਼ਜ਼ਲ ਦਾ ਅਹਿਮ ਹਸਤਾਖ਼ਰ ਹੈ। ਉਹ ਗ਼ਜ਼ਲ ਦੇ ਸੂਖ਼ਮ, ਭੋਲੇ, ਪਿਆਰੇ ਅਤੇ ਮੁਹੱਬਤੀ ਰੰਗਾਂ ਦਾ ਸ਼ਾਇਰ ਹੈ। ਜ਼ਿੰਦਗੀ ਨੂੰ ਜਿਉਂਦਿਆਂ ਦਰਪੇਸ਼ ਮੁਸ਼ਕਲਾਂ/ਸਮੱਸਿਆਵਾਂ ਤੋਂ ਪਾਰ ਜਾਣ ਦੀਆਂ ਵਿਧੀਆਂ ਦੇ ਸੰਕੇਤ ਉਸ ਦੀ ਗ਼ਜ਼ਲ ‘ਚੋਂ ਆਪ ਮੁਹਾਰੇ ਮਿਲਦੇ ਚਲੇ ਜਾਂਦੇ ਹਨ। ਉਹ ਖ਼ੁਦ ਸਹਿਜ ਬਿਰਤੀ ਦਾ ਵਿਅਕਤੀ ਹੈ ਪਰ ਉਸ ਦੀ ਸ਼ਾਇਰੀ ਇਸ ਕਰ ਕੇ ਅਸਹਿਜ ਹੈ ਕਿ ਉਸ ਨੂੰ ਆਪਣੇ ਆਲੇ-ਦੁਆਲੇ ਹੋ ਵਾਪਰ ਰਹੇ ਗ਼ਲਤ ਵਰਤਾਰਿਆਂ ਦਾ ਫ਼ਿਕਰ ਹੈ। ਇਸੇ ਲਈ ਉਸ ਦੀ ਸ਼ਾਇਰੀ ਭਵਿੱਖ ਦੀ ਸੁੰਦਰ ਜ਼ਿੰਦਗੀ ਨੂੰ ਭਾਲਦੀ ਦਿਖਾਈ ਦਿੰਦੀ ਹੈ। ਜਿਥੇ ਰਾਮਿੰਦਰ ਬੇਰੀ ਦੀ ਗ਼ਜ਼ਲ ਸਾਰੀ ਕਾਇਨਾਤ ਨੂੰ ਆਪਣੇ ਕਲਾਵੇ ਵਿੱਚ ਲੈਣ ਲਈ ਔਹਲਦੀ ਹੈ, ਉਥੇ ਜ਼ਿੰਦਗੀ ਦੇ ਦੁਸ਼ਮਣਾਂ ਨਾਲ ਆਢਾ ਲੈਣ ਤੋਂ ਵੀ ਨਹੀਂ ਝਿਜਕਦੀ। ਪੇਸ਼ ਹਨ ‘ਨਵੀਂ ਦੁਨੀਆ’ ਦੇ ਪਾਠਕਾਂ ਲਈ ਉਸ ਦੀਆਂ ਕੁਝ ਗ਼ਜ਼ਲਾਂ :-
***
ਕਿਸੇ ਦਾ ਦਰਦ ਜੇਕਰ ਆਪਣੇ ਸ਼ਿਅਰਾਂ ‘ਚ ਪਾਵੇਂ ਤਾਂ
ਮਜ਼ਾ ਤਾਂ ਹੈ ਜੇ ਉਸ ਦੇ ਦਰਦ ਨੂੰ ਅਪਣਾ ਬਣਾਵੇਂ ਤਾਂ
ਜਦੋਂ ਵੀ ਆਵੇਂ ‘ਬੇਰੀ’ ਗ਼ਰਜ਼ ਦਾ ਜਾਂ ਫ਼ਰਜ਼ ਦਾ ਬੰਨ੍ਹਿਆ.
ਮਜ਼ਾ ਤਾਂ ਹੈ ਕਦੇ ਜੇਕਰ ਬਿਨਾ ਮਤਲਬ ਤੋਂ ਆਵੇਂ ਤਾਂ
ਬੜਾ ਆਸਾਨ ਹੈ ਸ਼ੀਸ਼ੇ ਨੂੰ ਚਕਨਾਚੂਰ ਕਰ ਦੇਣਾ
ਮਜ਼ਾ ਤਾਂ ਹੈ ਜੇ ਚੂਰਾ ਜੋੜ ਕੇ ਸ਼ੀਸ਼ਾ ਬਣਾਵੇਂ ਤਾਂ
ਹਕੂਮਤ ਨਾਲ ਹੀ ਢਹਿ ਜਾਣੀਆਂ ਨੇ ਏਹ ਬੁਲ਼ੰਦੀਆਂ ਤਾਂ
ਮਜ਼ਾ ਤਾਂ ਹੈ ਮਨਾਂ ਦੇ ਸਾਗਰਾਂ ਵਿਚ ਉਤਰ ਜਾਵੇਂ ਤਾਂ
ਕਿਆਰੀ ਛੱਡ ਕੇ ਹੁਣ ਗ਼ਮਲਿਆਂ ਵਿਚ ਸਿਮਟਦਾ ਜਾਨੈਂ
ਮਜ਼ਾ ਤਾਂ ਹੈ ਮਹਿਕ ਬਣ ਕੇ ਚੁਫ਼ੇਰੇ ਫ਼ੈਲ ਜਾਵੇਂ ਤਾਂ
ਹਵਾ ਦੇ ਜ਼ੋਰ ਦਾ ਤੇ ਰੁਖ਼ ਦਾ ਤਾਂ ਕੋਈ ਭਰੋਸਾ ਨਈਂ
ਮਜ਼ਾ ਤਾਂ ਹੈ ਪਰਾਂ ਦੇ ਆਸਰੇ ਅਸਮਾਨ ਗਾਹਵੇਂ ਤਾਂ
ਤੂੰ ਜਿਉਂ ਥੋੜ੍ਹਾ ਜਾਂ ਜਿਉਂ ਬਾਹਲਾ ਕਿਸੇ ਨੂੰ ਫ਼ਰਕ ਨਈਂ ਪੈਂਦਾ
ਮਜ਼ਾ ਤਾਂ ਹੈ ਜੇ ਤੂੰ ਜਾ ਕੇ ਵੀ ਮੁੜ ਮੁੜ ਯਾਦ ਆਵੇਂ ਤਾਂ
ਬੜੀ ਧਰਤੀ ਦੀ ਹਿੱਕ ਚੀਰੀ ਬੜੇ ਅੰਬਰ ਫ਼ਰੋਲੇ ਤੂੰ
ਮਜ਼ਾ ਤਾਂ ਹੈ ਬੁਝਾਰਤ ਜ਼ਿੰਦਗੀ ਦੀ ਸਮਝ ਪਾਵੇਂ ਤਾਂ
***
ਉਦੋਂ ਇੱਕ ਵਾਰ ਦਿਸਦਾ ਬਦਲਿਆ ਸਾਰਾ ਚੁਗਿਰਦਾ ਹੈ
ਮੁਕੱਦਰ ਜਦ ਸਮੇਂ ਦੀਆਂ ਸਾਜਿਸ਼ੀ ਚਾਲਾਂ ‘ਚ ਘਿਰਦਾ ਹੈ
ਅਨੇਕਾਂ ਬਗ਼ਲਿਆਂ ਨੇ ਧਾਰ ਲੈਣਾ ਰੂਪ ਹੰਸਾਂ ਦਾ
ਅਸਾਡੇ ਮੁੜ੍ਹਕਿਆਂ ‘ਚੋਂ ਇੱਕ ਵੀ ਮੋਤੀ ਜੇ ਕਿਰਦਾ ਹੈ
ਫ਼ਲ਼ਸਫ਼ਾ ਸਮਝ ਕੀ ਆਉਣਾ ‘ਅਵਾਰਾ ਪੂੰਜੀ’ ਦਾ ਸਾਨੂੰ
ਅਜੇ ਤੀਕਰ ਤਾਂ ਸਾਡਾ ਮੂਲਧਨ ਹੀ ਸੌ ‘ਤੇ ਫਿਰਦਾ ਹੈ
ਉਨ੍ਹਾਂ ਇਕ ਇਸ ਤਰ੍ਹਾਂ ਦੀ ਜਾਦੂਈ ਫੰਦ੍ਹੀ ਬਣਾਈ ਹੈ
ਕਿ ਜਿਸ ਵਿਚ ਦਰਜ ਮੇਚਾ ਜਾਗ ਰਹੇ ਹਰ ਇੱਕ ਸਿਰ ਦਾ ਹੈ
ਕੋਈ ਪੱਥਰ ਵੀ ਦਾਅ ਲੱਗੇ ਤੋਂ ਸਿਰ ਦਾ ਤਾਜ ਬਣ ਜਾਵੇ
ਕੋਈ ਹੀਰਾ ਵੀ ਖਾਂਦਾ ਠੋਕ੍ਹਰਾਂ ਪੈਰਾਂ ‘ਚ ਫਿਰਦਾ ਹੈ
ਉਹ ਆ ਕੇ ਮਲਕੜੇ ਜੇਹੇ ਧਰੇ ਅੱਖਾਂ ‘ਤੇ ਹੱਥ ਪਿੱਛੋਂ
ਮੈਂ ਧਾਹ ਗਲਵੱਕੜੀ ਪਾਵਾਂ, ਮੇਰਾ ਅਰਮਾਨ ਚਿਰ ਦਾ ਹੈ
***
ਭਰਨ ਲਈ ਪਰਵਾਜ਼ ਬਥੇਰਾ,
ਦਿੱਤਾ ਸਾਥ ਹਵਾਵਾਂ ਨੇ।
ਕਰੀਏ ਕੀ ਪਰ ਜਾਣ ਕੋਈ ਨਾ,
ਦਿੱਤੀ ਪੇਸ਼ ”ਤਲਾਵਾਂ” ਨੇ।
ਭੰਨੀ ਗਈ ਨਾ ਠਾਰੀ ਮੇਰੀ,
ਕਿਸੇ ਅਖੌਤੀ ਅੱਗ ਕੋਲੋਂ,
ਨਿੱਘਾ ਕੀਤਾ ਆਖਰ ਮੈਨੂੰ, ਆਪਣੀਆਂ ਹੀ ਬਾਹਵਾਂ ਨੇ।
ਸਤਲੁਜ ਜੇਹਲਮ ਵੰਡਣ ਵਾਲੇ, ਦਿਲ ਦੀਆਂ ਰਮਜ਼ਾਂ ਕੀ ਜਾਨਣ,
ਹਿਰਦਿਆਂ ਅੰਦਰ ਵਗਦੀਆਂ, ਕਿੰਨੀਆਂ ਰਾਵੀ ਅਤੇ ਝਨਾਵਾਂ ਨੇ।
ਕਦੇ ਤਾਂ ਪੁੱਤ ਪਰਤਣਗੇ ਘਰ ਨੰ, ਸੁੱਖਾਂ ਸੁਖਦੀਆਂ ਝੱਲੀਆਂ ਹੋਈਆਂ
ਧੁੱਪੇ ਖੜ੍ਹੀਆਂ ਸੁੱਕ ਚਲੀਆਂ, ਪਰ ਫਿਰ ਵੀ ਠੰਢੀਆਂ ਛਾਵਾਂ ਨੇ।
ਰੱਬਾ ਕੋਈ ਉਸਤਾਦ ਬਣਾ ਲੈ, ਧੋ ਲੈ ਦਾਗ ਤੇ ਸੋਧ ਕਰਾ ਲੈ,
ਵਰਕੇ ਕਾਲੇ ਕੀਤੇ ਜਿਹੜੇ, ਤੇਰੀਆਂ ਕੁਝ ਰਚਨਾਵਾਂ ਨੇ।
ਸੂਖ਼ਮ ਭਾਵੁਕ ਭੋਲੇ ਪਿਆਰੇ, ਰੰਗ ਇਨ੍ਹਾਂ ਵਿਚ ਭਰ ‘ਬੇਰੀ’,
ਗੀਤ, ਗ਼ਜ਼ਲ, ਕਵਿਤਾਵਾਂ, ਇਹ ਸਭ ਨਾਜ਼ੁਕ ਕਲਮ ਕਲਾਵਾਂ ਨੇ।
ਅਪਣੀ ਮਾਂ ਬੋਲੀ ਨੂੰ ਉੱਚਾ, ਦਰਜਾ ਤੇ ਸਤਿਕਾਰ ਦਿਉ
ਸਿੱਖੋ ਭਾਵੇਂ ਦੁਨੀਆਂ ਦੇ ਵਿਚ, ਜਿੰਨੀਆਂ ਵੀ ਭਾਸ਼ਾਵਾਂ ਨੇ।
***
ਆਖਣ ਨੂੰ ਸ਼ੁਭ ਸਵੇਰ ਹੈ ਕਾਇਨਾਤ ਸਾਰੀ ਉਮੜਦੀ
ਨੇਰ੍ਹੇ ਦੀ ਹਿੱਕ ਚੀਰ ਕੇ ਜਦ ਕਿਰਣ ਪਹਿਲੀ ਉਗਮਦੀ
ਖ਼ਤਰਾ ਹੈ ਉਸ ਦੀ ਹੋਂਦ ਨੂੰ ਉਹ ਬੂੰਦ ਹੈ ਇਹ ਜਾਣਦੀ
ਸਾਗਰ ‘ਚ ਰਲਣ ਵਾਸਤੇ ਫਿਰ ਵੀ ਹੈ ਕਿੰਨਾਂ ਤੜਪਦੀ
ਮਾਰੂਥਲਾਂ ਨੂੰ ਹੈ ਘਟਾ ਦੇ ਨਾਲ ਰਹਿੰਦਾ ਇਹ ਗ਼ਿਲਾ
ਉਹ ਸਿਰਫ਼ ਕੁਝ ਹਰਿਆਵਲਾਂ ਉੱਤੇ ਹੀ ਕਿਉਂ ਹੈ ਬਰਸਦੀ
ਦੀਪਕ ਬੁਝਾ ਗਈ ਹੈ ਭਾਵੇਂ ਤਲਖ਼ ਸ਼ੂਕਦੀ ਹਵਾ
ਪਰ ਹੈ ਅਜੇ ਵੀ ਹਿਰਦਿਆਂ ਅੰਦਰ ਚਿੰਗਾਰੀ ਸੁਲਗਦੀ
ਮੇਰੀ ਪਹੁੰਚ ਤੋਂ ਦੂਰ ਕਰ ਦਿੱਤਾ ਸੀ ਕੰਡਿਆਂ ਨੇ ਉਹ
ਪਰ ਖ਼ੁਸ਼ਬੂ ਉਸ ਗੁਲਾਬ ਦੀ ਹੈ ਚੇਤਿਆਂ ‘ਚ ਮਹਿਕਦੀ
***
ਬਣਾ ਕੇ ਜਾਨ ਤੋਂ ਪਿਆਰੀ ਨਿਹੁੰ ਪੱਕਾ ਹੀ ਲਾਇਆ ਹੈ
ਅਸੀਂ ਜਿਸ ਨੂੰ ਵੀ ‘ਕੇਰਾਂ ਚੁਣ ਕੇ ਕੁਰਸੀ ‘ਤੇ ਬਿਠਾਇਆ ਹੈ
ਨਿਸ਼ਾਨਾ ਸੁਪਨਿਆਂ ਨੂੰ ਤਾਂ ਬਣਾਇਆ ਹਰ ਸ਼ਿਕਾਰੀ ਨੇ
ਹਕੀਕਤ ਵਿੱਚ ਪਰ ਸਾਡੀ ਕਿਸੇ ਪਲਟੀ ਨਾ ਕਾਇਆ ਹੈ
ਸ਼ਰਾਰਤ ਦੀਵਿਆਂ ਦੀ ਸੀ ਜੋ ਜੰਗਲ ਝੁਲਸਿਆ ਸਾਰਾ
ਤੇ ਸਾਜਿਸ਼ ਵਿੱਚ ਉਲਟਾ ਜੁਗਨੂੰਆਂ ਨੂੰ ਹੀ ਫਸਾਇਆ ਹੈ
ਸਮਾਂ ਹੁਣ ਆ ਗਿਆ ਆ ਬਹਿ ਕੇ ਲੇਖਾ ਜੋਖਾ ਕਰ ਲਈਏ
ਤੇਰੇ ਵਿਸ਼ਵਾਸ ਦੇ ਬਦਲੇ ਅਸੀਂ ਕੀ ਕੀ ਗੁਆਇਆ ਹੈ
ਕਦੇ ਵਲਗਣ ਦੇ ਅੰਦਰ ਕਿਸ ਨੇ ਹੈ ਡੱਕਿਆ ਹਵਾਵਾਂ ਨੂੰ
ਸਮੁੰਦਰ ਚਾਰਦੀਵਾਰੀ ‘ਚ ਦੱਸੋ ਕਦ ਸਮਾਇਆ ਹੈ
ਸੰਪਰਕ : +91-98724-61719