ਜੇਕਰ ਇਸ ਸਾਲ ਆਈਪੀਐਲ ਨਾ ਹੋਇਆ ਤਾਂ ਡਿਪਰੈਸ਼ਨ ਵਿਚ ਆ ਸਕਦੇ ਹਨ ਕਈ ਕ੍ਰਿਕਟਰ: ਪੈਡੀ ਅਪਟਨ

ਨਵੀਂ ਦਿੱਲੀ : ਟੀਮ ਇੰਡੀਆ ਦੇ ਕੋਚਿੰਗ ਸਟਾਫ ਦਾ ਹਿੱਸਾ ਰਹਿ ਚੁੱਕੇ ਪੈਡੀ ਅਪਟਨ ਨੂੰ ਲਗਦਾ ਹੈ ਕਿ ਜੇਕਰ ਇਸ ਸਾਲ ਕੋਰੋਨਾ ਵਾਇਰਸ ਦੇ ਚਲਦਿਆਂ ਆਈਪੀਐਲ ਨਾ ਹੋਇਆ ਤਾਂ ਇਸ ਨਾਲ ਦੇਸ਼ ਦੇ ਈ ਪ੍ਰਤਿਭਾਸ਼ਾਲੀ ਕ੍ਰਿਕਟਰਜ਼ ਐਂਗਜ਼ਾਈਟੀ ਅਤੇ ਡਿਪਰੈਸ਼ਨ ਦਾ ਸ਼ਿਕਾਰ ਹੋ ਸਕਦੇ ਹਨ। ਭਾਰਤੀ ਕ੍ਰਿਕਟ ਵਿਚ ਪੈਡੀ ਦੀ ਡੂੰਘੀ ਛਾਪ ਰਹੀ ਹੈ ਤੇ ਉਹ ਸਾਲ 2011 ਵਿਚ ਵਰਲਡ ਕੱਪ ਜਿੱਤਣ ਵਾਲੀ ਟੀਮ ਇੰਡੀਆ ਦੇ ਮੈਂਟਲ ਕੰਡੀਸ਼ਨਿੰਗ ਕੋਚ ਸਨ। ਐਤਵਾਰ ਨੂੰ ਉਨ੍ਹਾਂ ਨੇ ‘ਦੀ ਟਾਈਮਜ਼ ਆਫ਼ ਇੰਡੀਆ’ ਦੇ ਪੱਤਰਕਾਰ ਨਾਲ ਲੌਕਡਾਊਨ ਦੇ ਮੌਜੂਦਾ ਦੌਰ ਵਿਚ ਖਿਡਾਰੀਆਂ ਦੀ ਮਾਨਸਿਕ ਸਿਹਤ ਅਤੇ ਉਨ੍ਹਾਂ ਦੇ ਇਲਾਜ ‘ਤੇ ਖ਼ਾਸ ਗੱਲਬਾਤ ਕੀਤੀ।
ਇਸ ਗੱਲਬਾਤ ਦੌਰਾਨ ਪੈਡੀ ਅਪਟਨ ਨੇ ਦੱਸਿਆ ਕਿ ਵਿਸ਼ਵੀ ਪੱਧਰ ‘ਤੇ ਅਚਾਨਕ ਏਨਾ ਲੰਬਾ ਬਰੇਕ ਆ ਜਾਣ ਨਾਲ ਸਿਰਫ਼ ਖਿਡਾਰੀ ਹੀ ਨਹੀਂ ਦੁਨੀਆ ਭਰ ਦੇ ਲੋਕਾਂ ਵਿਚ ਤਣਾਅ, ਐਂਗਜ਼ਾਈਟੀ ਤੇ ਅਸੁਰੱਖਿਆ ਦੀ ਭਾਵਨਾ ਵਧੇਗੀ। ਸਾਰਿਆਂ ਸਾਹਮਣੇ ਇਨ੍ਹੀਂ ਦਿਨੀਂ ਪ੍ਰੋਫੈਸ਼ਨਲੀ ਅਤੇ ਆਰਥਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੈਡੀ ਨੇ ਕਿਹਾ ਕਿ ਅਜਿਹੇ ਵਿਚ ਉਹ ਉਭਰਦੇ ਹੋਏ ਐਥਲੀਟਸ ਜੋ ਕ੍ਰਿਕਟ ਤੋਂ ਇਲਾਵਾ ਵੀ ਦੂਸਰੀਆਂ ਖੇਡਾਂ ਵਿਚ ਰੂਚੀ ਲੈਂਦੇ ਹਨ, ਉਨ੍ਹਾਂ ਦਾ ਸਥਿਤੀ ਤੋਂ ਪਾਰ ਜਾਣਾ ਆਸਾਨ ਹੈ, ਪਰ ਜੋ ਸਿਰਫ਼ ਕ੍ਰਿਕਟ ‘ਤੇ ਹੀ ਪੂਰਾ ਫੋਕਸ ਕਰਦੇ ਹਨ, ਉਨ੍ਹਾਂ ਲਈ ਚਿੰਤਾਵਾਂ ਵਧਣੀਆਂ ਲਾਜ਼ਮੀ ਹਨ।