ਕੋਰੋਨਾ ਦਾ ਕਹਿਰ : 10 ਦਿਨਾਂ ਵਿਚ ਖੇਡ ਜਗਤ ‘ਚ ਪੰਜਵੀਂ ਮੌਤ, ਸਵਿਟਜਰਲੈਂਡ ਦੇ ਆਈਸ ਹਾਕੀ ਖਿਡਾਰੀ ਰੋਜਰ ਸ਼ੈਪੋ ਦਾ ਦੇਹਾਂਤ

ਜਿਊਰਿਖ : ਦੁਨੀਆ ਭਰ ਦੇ ਲਗਭਗ ਸਾਰੇ ਦੇਸ਼ਾਂ ਨੂੰ ਆਪਣੇ ਲਪੇਟ ਵਿਚ ਲੈ ਚੁੱਕੇ ਕੋਰੋਨਾਵਾਇਰਸ ਦਾ ਕਹਿਰ ਖੇਡ ਜਗਤ ਵਿਚ ਵੀ ਜਾਰੀ ਹੈ। ਇਸ ਕਾਰਨ 10 ਦਿਨਾਂ ਵਿਚ 5 ਵੱਡੇ ਖਿਡਾਰੀਆਂ ਦੀ ਮੌਤ ਹੋ ਚੁੱਕੀ ਹੈ। ਬੁੱਧਵਾਰ ਨੂੰ ਸਵਿਟਜਰਲੈਂਡ ਦੇ ਆਈਸ ਹਾਕੀ ਖਿਡਾਰੀ ਰੋਜਰ ਸ਼ੈਪੋ ਦਾ ਦੇਹਾਂਤ ਹੋ ਗਿਆ। ਉਹ 79 ਸਾਲ ਦੇ ਸਨ। 1964 ਵਿੰਟਰ ਓਲੰਪਿਕ ਖੇਡ ਚੁੱਕੇ ਸ਼ੈਪੋ ਨੇ ਆਪਣੇ ਦੇਸ਼ ਲਈ 10 ਤੋਂ ਜ਼ਿਆਦਾ ਮੈਚ ਖੇਡੇ ਹਨ। ਇਸ ਤੋਂ ਪਹਿਲਾਂ ਫਰਾਂਸ ਦੇ ਫੁਟਬਾਲ ਕਲੱਬ ਰੀਮਸ ਦੇ ਡਾਕਟਰ ਬਰਨਾਰਡ ਗੋਂਜਾਲੇਜ (60), ਇੰਗਲੈਂਡ ਦੇ ਲੰਕਾਸ਼ਾਇਰ ਕ੍ਰਿਕਟ ਕਲੱਬ ਦੇ ਮੁਖੀ ਡੈਵਿਡ ਹਾਜਕਿਸ (71), ਫਰਾਂਸ ਦੇ ਓਲੰਪਿਕ ਡੀ ਮਾਰਸ਼ਲ ਫੁਟਬਾਲ ਕਲੱਬ ਦੇ ਸਾਬਕਾ ਪ੍ਰਧਾਨ ਪੇਪ ਦਿਆਫ (68) ਅਤੇ ਪਾਕਿਸਤਾਨ ਦੇ ਸਕਵੈਸ਼ ਲੀਜੇਂਡ ਆਜ਼ਮ ਖਾਨ (95) ਵੀ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਹਨ।
ਇੰਟਰਨੈਸ਼ਨਲ ਆਈਸ ਹਾਕੀ ਫੈਡਰੇਸ਼ਨ ਨੇ ਕਿਹਾ, ”ਸ਼ੈਪੋ ਦੋ ਹਫ਼ਤੇ ਪਹਿਲਾਂ ਹੀ ਹਸਪਤਾਲ ਵਿਚ ਭਰਤੀ ਕਰਵਾਏ ਗਏ ਸਨ। ਇਥੇ ਉਨ੍ਹਾਂ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਇਆ ਸੀ। ਤਬੀਅਤ ਵਿਚ ਸੁਧਾਰ ਹੋਣ ਮਗਰੋਂ ਪਹਿਲੀ ਅਪ੍ਰੈਲ ਨੂੰ ਹੀ ਉਨ੍ਹਾਂ ਨੂੰ ਘਰ ਲਿਆਂਦਾ ਗਿਆ ਸੀ। ਫੇਰ ਅਚਾਨਕ ਉਨ੍ਹਾਂ ਦੀ ਹਾਲਤ ਗੰਭੀਰ ਹੋ ਗਈ ਅਤੇ ਉਨ੍ਹਾਂ ਦਾ ਦੇਹਾਂਤ ਹੋ ਗਿਆ।” ਸ਼ੈਪੋ 60 ਦੇ ਦਹਾਕੇ ਵਿਚ ਬੈਸਟ ਸੈਂਟਰ ਖਿਡਾਰੀ ਸਨ। ਉਹ 1964 ਵਿਚ ਸਵਿਜ਼ ਕਲੱਬ ਐਚਸੀ ਵਿਲਰਸ ਲਈ ਖੇਡਦੇ ਸਨ। ਇਸ ਸੀਜ਼ਨ ਵਿਚ ਉਨ੍ਹਾਂ ਨੇ ਸਵਿਸ ਲੀਗ ਵਿਚ ਸਭ ਤੋਂ ਜ਼ਿਆਦਾ ਗੋਲ ਮਾਰੇ ਸਨ।
ਇੰਗਲਿਸ਼ ਫੁਟਬਾਲਰ ਜਿੰਮੀ ਕੋਰੋਨਾ ਨਾਲ ਪੀੜਤ
80 ਸਾਲ ਦੇ ਇੰਗਲਿਸ਼ ਫੁਟਬਾਲ ਲੇਜੇਂਡ ਜਿੰਮੀ ਗ੍ਰੀਵੇਸ ਵੀ ਕੋਰੋਨਾ ਨਾਲ ਪੀੜਤ ਹਨ। ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਿੰਮੀ ਦੇਸ਼ ਅਤੇ ਸਾਰੇ ਕਲੱਬਾਂ ਲਈ 357 ਗੋਲ ਕਰਨ ਵਾਲੇ ਪਹਿਲੇ ਇੰਗਲਿਸ਼ ਖਿਡਾਰੀ ਹਨ।
ਬਰਨਾਰਡ ਨੇ ਡਿਪਰੈਸ਼ਨ ਕਾਰਨ ਖੁਦਕੁਸ਼ੀ ਕੀਤੀ
ਰੀਮਸ ਕਲੱਬ ਦੇ ਡਾਕਟਰ ਬਰਨਾਰਡ ਗੋਂਜਾਲੇਜ ਕੋਰੋਨਾ ਨਾਲ ਪੀੜਤ ਹੋਣ ਮਗਰੋਂ ਡਿਪਰੈਸ਼ਨ ਵਿਚ ਆ ਗਏ ਸਨ। ਇਸ ਤੋਂ ਬਾਅਦ 5 ਅਪ੍ਰੈਲ ਨੂੰ ਉਨ੍ਹਾਂ ਨੇ ਖੁਦਕੁਸ਼ੀ ਕਰ ਲਈ।