fbpx Nawidunia - Kul Sansar Ek Parivar

ਖੁੱਲ੍ਹੀ ਕਵਿਤਾ ਦੇ ਖੁੱਲ੍ਹੇ ਗੱਫ਼ੇ ਡਾ. ਦੀਪਕ ਮਨਮੋਹਨ ਸਿੰਘ

ਡਾ. ਦੀਪਕ ਮਨਮੋਹਨ ਸਿੰਘ, ਸੀਨੀਅਰ ਫੈਲੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

 

ਸਾਰੇ ਪਿੰਡ ਵਿੱਚ ਉਸ ਨੂੰ ਹੌਲਦਾਰਨੀ ਆਖਦੇ ਸਨ। ਉਸ ਦੇ ਘਰ ਵਾਲਾ ਫੌਜ ਵਿੱਚ ਹੌਲਦਾਰ ਸੀ ਅਤੇ ਸਾਲ ਵਿੱਚ ਦੋ ਮਹੀਨੇ ਦੀ ਛੁੱਟੀ ਪਿੰਡ ਆਉਂਦਾ ਸੀ। ਹੌਲਦਾਰਨੀ ਨੇ ਲਿਖਣ ਜੋਗੇ ਪੰਜਾਬੀ ਅੱਖਰ ਪਿੰਡ ਦੇ ਸਾਧਾਂ ਦੇ ਡੇਰੇ ‘ਚੋਂ ਸਾਧਾਂ ਕੋਲੋਂ ਧਰਤੀ ‘ਤੇ ਸੁਆਹ ਵਿਛਾ ਕੇ ਉਂਗਲ ਨਾਲ ਲਿਖ-ਲਿਖ ਸਿੱਖ ਰੱਖੇ ਸਨ। ਹਰ ਮਹੀਨੇ ਉਹ ਆਪਣੇ ਘਰਵਾਲੇ ਨੂੰ ਆਪਣੀ ਲਿਖੀ ਪੰਜਾਬੀ ਵਿੱਚ ਇਕ ਚਿੱਠੀ ਪਾਉਂਦੀ ਸੀ ਅਤੇ ਹੌਲਦਾਰ ਉਸ ਨੂੰ ਦੋ ਚਿੱਠੀਆਂ ਲਿਖਦਾ ਸੀ। ਮੇਰਾ ਸਾਰੇ ਪਿੰਡ ਵਿੱਚ ਹਰੇਕ ਨੂੰ ਮਿਲਣਾ ਇਕ ਰੌਣਕੀ ਬੱਚੇ ਵਾਂਗ ਹੁੰਦਾ ਸੀ। ਹੌਲਦਾਰਨੀ ਚਿੱਠੀ ਲਿਖਣ ਲੱਗਿਆਂ ਮੈਨੂੰ ਆਪਣੇ ਘਰ ਬੁਲਾਉਂਦੀ। ਕਾਹੜੇ ਹੋਏ ਦੁੱਧ ਦਾ ਗਿਲਾਸ ਸ਼ੱਕਰ ਪਾ ਕੇ ਪਿਲਾਉਂਦੀ ਅਤੇ ਆਪਣੇ ਹੱਥਾਂ ਦੀ ਲਿਖੀ ਹੋਈ ਚਿੱਠੀ ਦੀਆਂ ਗਲਤੀਆਂ ਠੀਕ ਕਰਵਾਉਂਦੀ। ਉਸ ਵਿੱਚ ਚਿੱਠੀ ਨੂੰ ਸ਼ਿੰਗਾਰਨ ਲਈ ਕਵਿਤਾ ਦੀਆਂ ਟੁਕੜੀਆਂ ਉਹ ਮੇਰੇ ਕੋਲੋਂ ਲਿਖ ਲੈਂਦੀ ਅਤੇ ਆਪਣੀ ਚਿੱਠੀ ਵਿੱਚ ਮੋਤੀਆਂ ਵਾਂਗ ਪਰੋ ਦਿੰਦੀ। ਕਵਿਤਾ ਦੀਆਂ ਟੁਕੜੀਆਂ ਜੋ ਮੈਂ ਉਸ ਨੂੰ ਲਿਖਵਾ ਕੇ ਆਉਂਦਾ ਹੁੰਦਾ ਸਾਂ ਉਸ ਵਿੱਚੋਂ ਦੋ ਟੁਕੜੀਆਂ ਮੇਰੇ ਹਾਲੇ ਵੀ ਚੰਗੀ ਤਰ੍ਹਾਂ ਯਾਦ ਹਨ। ਪਹਿਲੀ ਟੁਕੜੀ ਭਾਈ ਵੀਰ ਸਿੰਘ ਦੀ ਸੀ:

ਸੁਪਨੇ ਵਿੱਚ ਤੁਸੀਂ ਮਿਲੇ ਅਸਾਨੂੰ

ਅਸਾਂ ਧਾ ਗਲਵੱਕੜੀ ਪਾਈઠ

ਨਿਰਾ ਨੂਰ ਤੁਸੀਂ ਹੱਥ ਨਾ ਆਏ

ਸਾਡੀ ਕੰਬਦੀ ਰਹੀ ਕਲਾਈ।

ਦੂਸਰੀ ਟੁਕੜੀ ਪ੍ਰੋ. ਮੋਹਣ ਸਿੰਘ ਦੀ ਸੀ:

ਫੁੱਲਾਂ ਫੁੱਲਾਂ ਤੇ ਭੌਰਿਆਂ ਵਾਂਗ ਫਿਰਨਾ

ਇਨ੍ਹਾਂ ਮਰਦਾਂ ਦਾ ਰਿਹਾ ਦਸਤੂਰ ਮਾਹੀਆ।

ਇਨ੍ਹਾਂ ਟੁਕੜੀਆਂ ਦੇ ਅਰਥ ਵਜੋਂ, ਉਹ ਆਪਣੀ ਚਿੱਠੀ ਵਿੱਚ ਕਲਪਨਾ ਵਿੱਚ ‘ਧਾ ਗਲਵੱਕੜੀ’ ਪਾਉਣ ਨੂੰ ਸਰੀਰਿਕ ਰੰਗਣ ਵਾਲਾ ਬਿਆਨ ਕਰਦੀ ਸੀ ਅਤੇ ਮੋਹਨ ਸਿੰਘ ਦੀਆਂ ਸਤਰਾਂ ਨੂੰ ਦੂਰ ਦੁਰਾਡੇ ਰਹਿੰਦੇ ਪਤੀ ਪ੍ਰੇਮੀ ਨੂੰ ਨਿਹੋਰੇ ਨਾਲ ਸਾਵਧਾਨ ਕਰਦੀ ਸੀ ਕਿ ਉਸ ਦੀ ਗ਼ੈਰਹਾਜ਼ਰੀ ‘ਚ ਉਹ ਕਿਸੇ ਪਰਾਈ ਔਰਤ ਵੱਲ ਦਿਲਚਸਪੀ ਤਾਂ ਨਹੀਂ ਰੱਖਦਾ। ਇਹ ਸਾਰੇ ਬਿਆਨ ਵਿਚਲਾ ਉਸ ਦੇ ਵਿਯੋਗੀ ਰੁਮਾਂਸ ਦਾ ਚੇਤਾ ਅਜੇ ਵੀ ਮੇਰੇ ਚੇਤਿਆਂ ਵਿੱਚ ਘੁੰਮ ਰਿਹਾ ਹੈ। ਇਨ੍ਹਾਂ ਕਵਿਤਾ ਦੀਆਂ ਸਤਰਾਂ ਤੋਂ ਪ੍ਰਭਾਵਿਤ ਹੋਇਆ ਹੌਲਦਾਰ ਜਿਸ ਸਰੀਰਿਕ ਪੀੜਾ ਨਾਲ ਲਬਰੇਜ ਭਾਸ਼ਾ ਲਿਖਦਾ ਸੀ ਉਹ ਵੀ ਅਜੇ ਮੈਨੂੰ ਯਾਦ ਹੈ। ਸਕੂਲ ਦੇ ਦਿਨਾਂ ਵਿੱਚ ਚਿੱਠੀਆਂ ਪੱਤਰਾਂ ਵਿੱਚ ਮੈਂ ਵੀ ਇਨ੍ਹਾਂ ਸਤਰਾਂ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ। ਬਾਅਦ ਵਿੱਚ ਕਾਲਜ ਦੇ ਦਿਨਾਂ ਵਿੱਚ ਆ ਕੇ ਪ੍ਰੋਫੈਸਰਾਂ ਨੇ ਪੜ੍ਹਾਇਆ ਕਿ ਭਾਈ ਵੀਰ ਸਿੰਘ ਤਾਂ ਪ੍ਰਮਾਤਮਾ ਰੂਪੀ ਕਾਦਰ ਨੂੰ ਸੰਬੋਧਨ ਕਰਦੇ ਸਨ। ਇਹ ਟੁਕੜੀ ਇਥੇ ਮੇਰਾ ਸੁਣਾਉਣ ਤੋਂ ਭਾਵ ‘ਕਾਵਿ ਦੀ ਤਾਕਤ’ ਬਿਆਨ ਕਰਨਾ ਹੈ। ਸਿਰਫ ਮੈਂ ਹੀ ਨਹੀਂ ਸਭ ਦੀ ਜ਼ਿੰਦਗੀ ਵਿੱਚ ਅਜਿਹੀਆਂ ਉਦਾਰਹਣਾਂ ਮਿਲ ਜਾਣਗੀਆਂ ਜਿਨ੍ਹਾਂ ਤੋਂ ਸਹਿਜੇ ਹੀ ਕਵਿਤਾ ਦੀ ਤਾਕਤ ਦਾ ਅੰਦਾਜ਼ਾ ਹੋ ਸਕਦਾ ਹੈ। ਲੋਕ-ਕਾਵਿ ਤਾਂ ਇਸ ਤੋਂ ਵੀ ਬਲਵਾਨ ਚੀਜ਼ ਹੈ। ਗਿੱਧੇ ਦੀਆਂ ਬੋਲੀਆਂ ਰਾਹੀਂ ਕਿਸ ਤਰ੍ਹਾਂ ਜਵਾਨ ਕੁੜੀਆਂ ਮਨ ਦੇ ਉਨ੍ਹਾਂ ਚਾਅਵਾਂ ਅਤੇ ਸੱਧਰਾਂ ਨੂੰ ਸਹਿਜ ਮਤੇ ਹੀ ਬਿਆਨ ਕਰ ਜਾਂਦੀਆਂ ਹਨ ਜਿਨ੍ਹਾਂ ਬਾਰੇ ਬੰਦ ਸਮਾਜ ਵਿੱਚ ਗੱਲ ਕਰਨਾ ਵੱਡੇ ਤੋਂ ਵੱਡੇ ਜ਼ੁਅਰਤਮੰਦ ਲਈ ਵੀ ਆਸਾਨ ਨਹੀਂ ਹੁੰਦਾ। ਕਦੇ ਅਲਾਹੁਣੀਆਂ ਜਾਂ ਵੈਣ ਨੂੰ ਧਿਆਨ ਨਾਲ ਸੁਣੋ ਤਾਂ ਅੰਦਾਜ਼ਾ ਹੋ ਜਾਵੇਗਾ ਕਿ ਕਿਵੇਂ ਧੁਰ ਰੂਹ ਦੀ ਪੀੜ ਸ਼ਬਦਾਂ ਦੇ ਸਹਾਰੇ ਸਰਕ ਸਰਕ ਬਾਹਰ ਨਿਕਲਦੀ ਹੈ। ਕਾਵਿ ਤੋਂ ਸੱਖਣੇ ਹੋਇਆਂ ਗੁਜ਼ਾਰਾ ਹੀ ਨਹੀਂ। ਕਾਵਿ ਹੀ ਤਾਂ ਆਪਣੀ ਵੱਖਰੀ ਅਤੇ ਨਿਵੇਕਲੀ ਭਾਸ਼ਾ ਰਾਹੀਂ ਮਨੁੱਖ ਦੀ ਤਾਕਤ ਬਣਦਾ ਹੈ। ਲੋਕ-ਕਾਵਿ ਨੂੰ ਅਲਹਿਦਾ ਵੀ ਰੱਖ ਦੇਈਏ ਤਾਂ ਸਾਡੇ ਕੋਲ ਤਾਂ ਵਸ਼ਿਸਟ ਕਾਵਿ ਦੀ ਵੀ ਇਕ ਅਤਿ-ਮਾਣਯੋਗ ਪਰੰਪਰਾ ਰਹੀ ਹੈ। ਨੌਂ ਸਦੀਆਂ ਪਹਿਲਾਂ ਜਦੋਂ ਅੱਜ ਦੇ ਦੌਰ ਦੀਆਂ ਕਈ ਕਹਿੰਦੀਆਂ ਕਹਾਉਂਦੀਆਂ ਭਾਸ਼ਾਵਾਂ ਹਾਲੇ ਆਪਣੀਆਂ ਅੱਖਾਂ ਖੋਲ੍ਹਣਾ ਵੀ ਨਹੀਂ ਸਨ ਸਿੱਖੀਆਂ ਤਾਂ ਉਦੋਂ ਤਕ ਤਾਂ ਸਾਡੇ ਕੋਲ ਬਾਬੇ ਫਰੀਦ ਦੇ ਮਾਖਿਉਂ ਮਿੱਠੇ ਸ਼ਲੋਕ ਸਾਡੀ ਆਤਮਿਕ ਅਤੇ ਸਦਾਚਾਰਕ ਰਹਿਨੁਮਾਈ ਕਰ ਰਹੇ ਸਨ। ਇਹ ਸਾਡੀ ਕਵਿਤਾ ਦੇ ਕਮਾਲ ਦਾ ਸਿਖਰ ਸੀ ਕਿ ਕਈ ਵਿਦੇਸ਼ੀਆਂ ਨੇ ਇਸ ਗੱਲ ‘ਤੇ ਸ਼ੱਕ ਵੀ ਪ੍ਰਗਟਾਇਆ ਕਿ ਕੋਈ ਐਨੀਆਂ ਸਦੀਆਂ ਪਹਿਲਾਂ ਵੀ ਐਨੀ ਸ਼ੁੱਧ ਭਾਸ਼ਾ ਵਿੱਚ ਗੱਲ ਕਰ ਸਕਦਾ ਹੈ? ਪੰਜਾਬੀ ਕਾਵਿ ਬਾਬਾ ਫਰੀਦ ਤੋਂ ਲੈ ਕੇ ਧਨੀਰਾਮ ਚਾਤ੍ਰਿਕ, ਪ੍ਰੋ. ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ ਤਕ ਪੁਰਾਣੇ ਪੰਜਾਬੀ ਪਾਠਕਾਂ ਦੇ ਸਾਹਾਂ ਵਿੱਚ ਘੁਲਿਆ ਹੋਇਆ ਮੂੰਹ ਜ਼ੁਬਾਨੀ ਯਾਦ ਹੈ। ਇਸੇ ਤਰ੍ਹਾਂ ਪ੍ਰਗਤੀਵਾਦੀ ਲਹਿਰ ਦਾ ਆਪਣਾ ਇਕ ਗੌਰਵਸ਼ਾਲੀ ਇਤਿਹਾਸ ਹੈ ਜਿਸ ਨੇ ਪਾਠਕਾਂ ਦਾ ਮੋਹ ਰੱਜ ਕੇ ਮਾਣਿਆ। ਇਕ ਸਮੇਂ ਦੂਜੀਆਂ ਭਾਸ਼ਾਵਾਂ ਦੇ ਸੰਪਰਕ ਰਾਹੀਂ ਵਿਸ਼ਵ ਦੇ ਹਰ ਹਿੱਸੇ ਵਿੱਚ ਹੋਏ ਨਵੇਂ ਤਜਰਬੇ ਅਤੇ ਪੱਛਮੀ ਸਾਹਿਤ ਅਤੇ ਸਭਿਆਚਾਰ ਦਾ ਅਸਰ ਪੰਜਾਬੀ ਸਾਹਿਤ ਜਗਤ ਅਤੇ ਮਾਨਸਿਕਤਾ ਵਿੱਚ ਆਈ ਬਹੁਤ ਵੱਡੀ ਤਬਦੀਲੀ ਦਾ ਆਧਾਰ ਬਣਦਾ ਹੈ ਜਿਸ ਵਿੱਚ ਪੱਛਮੀ ਕਵੀਆਂ ਦਾ ਹਵਾਲਾ ਦੇ ਕੇ ਖੁੱਲ੍ਹੀ ਕਵਿਤਾ ਵਿੱਚ ਨਵੇਂ ਪ੍ਰਯੋਗ ਕੀਤੇ ਗਏ। ਇਸ ਦਾ ਕਾਮਯਾਬ ਤਜ਼ਰਬਾ ਹੀ ਪ੍ਰੋ. ਪੂਰਨ ਸਿੰਘ ਖੁੱਲ੍ਹੇ ਮੈਦਾਨਾਂ ਵਿੱਚ ਖੁੱਲ੍ਹੀਆਂ ਉਡਾਰੀਆਂ ਮਾਰਦਿਆਂ ਕਰਦਾ ਹੈ। ਪੂਰਨ ਸਿੰਘ ਦੀ ਖਾਸੀਅਤ ਸੀ ਕਿ ਉਹ ਸ਼ਬਦਾਂ ਦੀ ਆਪ ਮੁਹਾਰੀ ਬਣਤਰ ਅਤੇ ਬੁਣਤਰ ਵਿੱਚ ਕਦੀ ਵੀ ਲੈਅ, ਸੰਗੀਤ, ਸੁਹਜ, ਸਹਿਜ, ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਅਪਣੱਤ ਨੂੰ ਆਪਣੇ ਕਾਵਿ ਤੋਂ ਦੂਰ ਨਹੀਂ ਜਾਣ ਦਿੰਦਾ ਸੀ। ਅੱਜ ਦੇ ਦੌਰ ਵਿੱਚ ਥੋਕ ਦੇ ਭਾਅ ਖੁੱਲ੍ਹੀ ਕਵਿਤਾ ਚੰਗੀ ਕਵਿਤਾ ਤੋਂ ਵੱਧ ਮਾੜੀ ਕਵਿਤਾ ਲਿਖੀ ਜਾ ਰਹੀ ਹੈ। ਅਖਬਾਰਾਂ ਮੈਗਜ਼ੀਨਾਂ ਦੀਆਂ ਲੋੜਾਂ ਅਤੇ ਕਈ ਇੰਟਰਵਿਊਆਂ ਵਿੱਚ ਲਿਖਤ-ਗਿਣਤੀ ਵੱਧ ਦਿਖਾਉਣ ਕਾਰਨ ਥੋਕ ਦੇ ਭਾਅ ਮਾੜੀ ਕਵਿਤਾ ਲਿਖੀ ਜਾ ਰਹੀ ਹੈ। ਥੋਕ ਵਿੱਚ ਲਿਖੀ ਜਾ ਰਹੀ ਇਸ ਕਵਿਤਾ ਦਾ ਮੁਹਾਂਦਰਾ ਬਿਲਕੁਲ ਹੀ ਵੱਖਰਾ ਹੈ। ਇਹ ਗੱਲ ਠੀਕ ਹੈ ਕਿ ਅੱਜ ਦਾ ਦੌਰ ਹੋਰ ਕਿਸਮ ਦਾ ਦੌਰ ਹੈ। ਹੁਣ ਦੀਆਂ ਸੰਵੇਦਨਾਵਾਂ ਨਵੀਆਂ ਹਨ। ਜ਼ਿੰਦਗੀ ਦੀਆਂ ਕਰੂਰ ਹਕੀਕਤਾਂ ਦੁਆਰਾ ਪੈਦਾ ਹੋਈ ਮਾਨਸਿਕ ਟੁੱਟ ਭੱਜ ਨੇ ਸਾਡੇ ਜ਼ਿੰਦਗੀ ਦੇ ਰਸਾਂ ਤਕ ਨੂੰ ਤਬਦੀਲ ਕਰ ਦਿੱਤਾ ਹੈ। ਇਸ ਸਭ ਦਾ ਪ੍ਰਗਟਾਅ ਸਾਡੇ ਸਾਹਿਤ ਵਿੱਚ ਹੀ ਆਏਗਾ। ਇਹ ਪ੍ਰਭਾਵ ਵਿਧਾ ਅਤੇ ਵਿਸ਼ੇ ਦੋਹਾਂ ਨੂੰ ਪ੍ਰਭਾਵਿਤ ਕਰੇਗਾ। ਇਸ ਸਭ ਨਾਲ ਕਵਿਤਾ ਨੇ ਆਪਣਾ ਮੁਹਾਵਰਾ ਅਤੇ ਮੁਹਾਂਦਰਾ ਵੀ ਨਵਾਂ ਅਖਤਿਆਰ ਕਰ ਲਿਆ ਹੈ। ਇਸ ਨੂੰ ਬੇਤਰਤੀਬੇ ਵਾਕਾਂ ਦਾ ਸਮੂਹ ਜਾਂ ਬੌਧਿਕ ਜੁਗਾਲੀ ਤਾਂ ਕਿਹਾ ਜਾ ਸਕਦਾ ਹੈ ਪਰ ਕਵਿਤਾ ਨਹੀਂ। ਕਵਿਤਾ ਤਾਂ ਸਾਡੇ ਲੂੰ-ਕੰਡੇ ਖੜ੍ਹੇ ਕਰਦੀ ਹੈ। ਸਾਡੇ ਅੰਦਰ ਤਕ ਕੁਤਕੁਤੀ ਕੱਢਦੀ ਹੈ। ਰੂਹ ਤਕ ਝਰਨਾਹਟ ਛੇੜਦੀ ਹੈ। ਹੌਲਦਾਰਨੀ ਦੀਆਂ ਚਿੱਠੀਆਂਵਿਚਲੀ ਤੜਪ ਦੇ ਅਹਿਸਾਸ ਨੂੰ ਵਧਾ ਕੇ ਹੌਲਦਾਰਾਂ ਨੂੰ ਜਲਦੀ ਛੁੱਟੀ ਲੈ ਕੇ ਆਉਣ ਲਈ ਮਜਬੂਰ ਕਰਦੀ ਹੈ। ਚਾਰ ਵਿੰਗ ਤੜਿੰਗੇ ਸ਼ਬਦ ਲਿਖ ਕੇ ਕਵਿਤਾ ਨਹੀਂ ਸਿਰਜੀ ਜਾ ਸਕਦੀ। ਕਵਿਤਾ ਪੈਦਾ ਨਹੀਂ ਕੀਤੀ ਜਾ ਸਕਦੀ ਕਵਿਤਾ ਦੀ ਸਿਰਜਣਾ ਆਪ ਮੁਹਾਰੇ ਹੁੰਦੀ ਹੈ। ਇਸ ਦੀ ਸਿਰਜਣ ਪ੍ਰਕਿਰਿਆ ਵਿੱਚ ‘ਕਵੀ’ ਅਖਵਾਉਂਦੇ ਸੱਜਣ ਦੀ ਦਖਲਅੰਦਾਜ਼ੀ ਵੀ ਇਕ ਹੱਦ ਤਕ ਹੀ ਹੁੰਦੀ ਹੈ।

ਖੁੱਲ੍ਹੀ ਕਵਿਤਾ ਦਾ ਭਾਵ ਖੁੱਲ੍ਹਿਆਂ ਹੀ ਤੁਰੇ ਫਿਰਨਾ ਨਹੀਂ ਹੁੰਦਾ। ਨਿਯਮਾਂ ਵਿੱਚ ਇੱਥੇ ਵੀ ਬੱਝਿਆ ਜਾਂਦਾ ਹੈ। ਖੁੱਲ੍ਹੀ ਕਵਿਤਾ ਦੀ ਵਿਸ਼ੇਸਤਾ ਹੀ ਇਹ ਹੈ ਕਿ ਇਹ ਨਿਯਮਾਂ ਵਿੱਚ ਬੱਝ ਕੇ ਵੀ ਇੰਝ ਭੁਲੇਖਾ ਸਿਰਜਦੀ ਹੈ ਜਿਵੇਂ ਨਿਯਮ ਨਾਲ ਇਸ ਦਾ ਕੋਈ ਵੀ ਦੂਰ ਨੇੜੇ ਦਾ ਵਾਸਤਾ ਨਾ ਹੋਵੇ। ਇਕ ਸੱਜਣ ਬੜੀ ਬੇਬਾਕੀ ਨਾਲ ਦੱਸ ਰਿਹਾ ਸੀ ਕਿ ਖੁਲ੍ਹੀ ਕਵਿਤਾ ਦਾ ਕੀ ਐ? ਕਿਸੇ ਵੀ ਵਾਕ ਦੀ ਵਿਆਕਰਣ ਖਰਾਬ ਕਰ ਦਿਉ ਤਾਂ ਖੁੱਲ੍ਹੀ ਕਵਿਤਾ ਬਣ ਜਾਂਦੀ ਹੈ। ਉਸ ਦਾ ਭਾਵ ਸੀ ਕਿ ਵਾਕ ਨੂੰ ਸਿੱਧਾ ਇਕ ਤਰਤੀਬ ਵਿੱਚ ਲਿਖਣ ਦੀ ਬਜਾਏ ਤਿੰਨ ਚਾਰ ਥਾਵਾਂ ਤੋਂ ਤੋੜ ਦਿਉ ਅਤੇ ਇਨ੍ਹਾਂ ਟੁਕੜਿਆਂ ਨੂੰ ਉੱਪਰ ਹੇਠਾਂ ਕਰ ਕੇ ਲਿਖ ਦਿਉ। ਜਦੋਂ ਇੰਜ ਕਰਦੇ ਕਰਦੇ ਤੁਹਾਨੂੰ ਆਪ ਨੂੰ ਵੀ ਅਕੇਵਾਂ ਆ ਜਾਵੇ ਤਾਂ ਹਟ ਜਾਵੋ। ਬਸ ਇਥੇ ਹੀ ਅੰਤ ਹੋ ਜਾਵੇਗਾ। ਬਣ ਗਈ ਖੁੱਲ੍ਹੀ ਕਵਿਤਾ। ਅਜਿਹੀ ਗੱਲ ਵੀ ਨਹੀਂ ਕਿ ਪੰਜਾਬੀ ਵਿੱਚ ਸਿਰਫ ਮਾੜੀ ਖੁੱਲ੍ਹੀ ਕਵਿਤਾ ਹੀ ਲਿਖੀ ਜਾ ਰਹੀ ਹੈ। ਪੰਜਾਬੀ ਦੇ ਕਿਸੇ ਜ਼ਹੀਨ ਅਦੀਬ ਦੁਆਰਾ ਲਿਖੀ ਕਵਿਤਾ ਪੜ੍ਹੀਏ ਤਾਂ ਧੁਰ ਅੰਦਰ ਤਕ ਕੁਤਕੁਤੀ ਹੁੰਦੀ ਹੈ ਕਿਉਂਕਿ ਇਨ੍ਹਾਂ ਜ਼ਹੀਨ ਅਦੀਬਾਂ ਦੀ ਇਸ ਕਾਰਜਵਿੱਚ ਵਿਸ਼ੇਸ਼ ਮੁਹਾਰਤ ਹੁੰਦੀ ਹੈ। ਵੇਖਣ ਨੂੰ ਇਕ ਵਾਰ ਜਾਪਦਾ ਹੈ ਕਿ ਉਨ੍ਹਾਂ ਨੇ ਐਵੇਂ ਤੁਰੇ ਜਾਂਦਿਆਂ ਨੇ ਕੋਈ ਨਿੱਕੀ ਜਿਹੀ ਗੱਲ ਕਰ ਦਿੱਤੀ ਜੋ ਕਵਿਤਾ ਵਾਂਗ ਭੁਲੇਖਾ ਪਾ ਗਈ। ਇਸ ਤਰ੍ਹਾਂ ਤੇ ਹਰ ਕੋਈ ਲਿਖ ਸਕਦਾ ਹੈ। ਪਰ ਨਹੀਂ, ਜਿਸ ਤਰ੍ਹਾਂ ਸੁਰ ਵਿੱਚ ਵੱਜ ਰਹੇ ਸਾਜ ਦੀ ਹਰੇਕ ਧੁਨ ਦਿਲ ਨੂੰ ਛੋਂਹਦੀ ਹੈ ਉਸੇ ਤਰ੍ਹਾਂ ਹੀ ਇਨ੍ਹਾਂ ਜ਼ਹੀਨ ਲੋਕਾਂ ਨੇ ਆਪਣੇ ਆਪ ਨੂੰ ਸਾਧ ਕੇ ਸੁਰ ਵਿੱਚ ਕੀਤਾ ਹੁੰਦਾ ਹੈ।ઠ ਉਦਹਾਰਣ ਵਜੋਂ ਨਵਤੇਜ ਭਾਰਤੀ ਹੋਰਾਂ ਦੀ ਕਵਿਤਾ ਦੇ ਸਹਿਜ ਅਤੇ ਸੁਹਜ ਦਾ ਇਕ ਨਮੂਨਾ ਵੇਖੋ:

ਮੈਂ ਇਕੱਲੀ ਓਨੀ, ਇਕੱਲੀ ਨਹੀਂ ਹੁੰਦੀ

ਜਿੰਨੀ ਤੇਰੇ ਨਾਲ ਬੈਠਿਆਂ ਹੁੰਦੀ ਹਾਂ

ਜਦੋਂ ਤੂੰ ਬੋਲਦਾ ਨਹੀਂ।

ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕਵੀ ਹਨ ਜੋ ਪੰਜਾਬੀ ਵਿੱਚ ਬਹੁਤ ਸੋਹਣੀ ਅਤੇ ਉੱਚਪਾਏ ਦੀ ਖੁੱਲ੍ਹੀ ਕਵਿਤਾ ਰਚ ਰਹੇ ਹਨ। ਕਵਿਤਾ ਦੀ ਸਹਿਜਤਾ, ਸੂਖਮਤਾ ਅਤੇ ਰਵਾਨੀ ਨੂੰ ਮਹਿਸੂਸਣ ਲਈ ਸਾਡੇ ਬਹੁਗਿਣਤੀ ਆਲੋਚਕਾਂ ਦਾ ਵੀ ਕਸੂਰ ਹੈ ਜਿਹੜੇ ਕਵਿਤਾ ਦੀ ਆਲੋਚਨਾ ਕਰਨ ਲੱਗਿਆਂ ਰਚਨਾ ਨੂੰ ਅੱਖੋਂ ਓਹਲੇ ਕਰ ਕੇ ਰਚਨਾ ਦੇ ਰਚਨਹਾਰੇ ਨੂੰ ਦਿਲੋ ਦਿਮਾਗ ਵਿੱਚ ਰੱਖਦੇ ਹਨ। ਧੜਿਆਂ ਅਤੇ ਗੁਟਬੰਦੀਆਂ ਦੇ ਸ਼ਿਕਾਰ ਸਾਡੇ ਅਜਿਹੇ ਆਲੋਚਕ ਆਪਣੇ ਜਾਣੇ ਪਹਿਚਾਣੇ ਚਿਹਰਿਆਂ ਨੂੰ ਲਿੱਪ ਪੋਚ ਕੇ ਪਾਠਕਾਂ ਸਾਹਮਣੇ ਪੇਸ਼ ਕਰਦੇ ਹਨ। ਏਨਾ ਕੁ ਕਸੂਰ ਪਾਠਕਾਂ ਦਾ ਵੀ ਮੰਨ ਸਕਦੇ ਹਾਂ ਕਿ ਰਚਨਾ ਪੜ੍ਹਨ ਤੋਂ ਪਹਿਲਾਂ ਉਹ ਉਸ ਰਚਨਾ ਦੇ ਆਰੰਭਲੇ ਮੁੱਖਬੰਦੀ ਸ਼ਬਦਾਂ ਦਾ ਪ੍ਰਭਾਵ ਲੈ ਕੇ ਰਚਨਾ ਨੂੰ ਪੜ੍ਹਦੇ ਹਨ। ਆਲੋਚਕ ਦੀ ਰਾਇ ਨੂੰ ਆਪਣੀ ਰਾਇ ਬਣਾ ਲੈਣਾ ਵੀ ਪਾਠਕ ਦੀ ਬੌਧਿਕ ਗੁਲਾਮੀ ਦਾ ਹੀ ਸਬੂਤ ਹੈ। ਮੁੱਖਧਾਰਾ ਵਾਲੇ ਦ੍ਰਿਸ਼ਟੀਕੋਣ ਦੇ ਚੌਖਟੇ ਵਿੱਚ ਰਹਿ ਕੇ ਕਦੇ ਵੀ ਇਸ ਕਵਿਤਾ ਵਿਚਲੇ ਸੁਹਜ ਨੂੰ ਮਾਣਿਆ ਹੀ ਨਹੀਂ ਜਾ ਸਕਦਾ। ਇਸ ਕਵਿਤਾ ਨੂੰ ਪੜ੍ਹਦਿਆਂ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇਸ ਕਵਿਤਾ ਦੁਆਰਾ ਪੈਦਾ ਹੋ ਰਿਹਾ ਸੁਹਜ ਉਸ ਦਮਿਤ ਵਰਗ ਦਾ ਸੁਹਜ ਹੈ ਜਿੱਥੇ ਅੱਕ ਅਤੇ ਗੁਲਾਬ ਦੇ ਆਪਸ ਵਿੱਚ ਗੁਆਚ ਜਾਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਪਰ ‘ਦੇਸੀ ਜ਼ੁਲਫਾਂ ਵਾਲੀ ਮਹਿਬੂਬ’ ਦੇ ਪ੍ਰੇਮੀਆਂ ਲਈ ਇਹ ਕਵਿਤਾ ਖਾਸ ਅਰਥ ਰੱਖਦੀ ਹੈ। ਸੋ ਅਜਿਹੇ ਸੁਹਜ ਦੀ ਨਿਸ਼ਾਨਦੇਹੀ ਕਰਨਾ ਇਮਾਨਦਾਰ ਅਤੇ ਚੰਗੀ ਆਲੋਚਨਾ ਦਾ ਕਾਰਜ ਹੈ ਜਿਸ ਨੇ ਸਾਨੂੰ ਅਜਿਹੀਆਂ ਰਚਨਾਵਾਂ ਦੇઠઠ ਪਿਛੋਕੜ ਵਿੱਚ ਪਏ

ਯਥਾਰਥ ਤੋਂ ਜਾਣੂ ਕਰਵਾਉਣਾ ਹੈ। ਇਹ ਨੁਕਤਾ ਆਪਣੀ ਜਗ੍ਹਾ ਇਕ ਵੱਖਰੀ ਚਰਚਾ ਦਾ ਵਿਸ਼ਾ ਹੈ। ਪਰ ਅਸੀਂ ਜਿਸ ਕਵਿਤਾ ਦੇ ਖੁੱਲ੍ਹੇ ਗੱਫਿਆਂ ਦੀ ਗੱਲ ਕੀਤੀ ਹੈ ਉਹ ਅਨਾੜੀ ਕਿਸਮ ਦੇ ਲੋਕਾਂ ਵਲੋਂ ਵਰਤਾਏ ਜਾ ਰਹੇ ਹਨ।

 

Share this post

Leave a Reply

Your email address will not be published. Required fields are marked *