ਉਲੀਆਨੋਵ ਤੋਂ ਲੈਨਿਨ ਹੋਣ ਤਕ / ‘ਹੁਣ’ ਦੇ 38ਵੇਂ ਅੰਕ ‘ਚੋਂ / ਅਨੁਵਾਦ- ਕਮਲ ਦੁਸਾਂਝ

1917 ਵਿਚ ਰੂਸ ਕਾਮਰੇਡ ਲੈਨਿਨ ਦੀ ਅਗਵਾਈ ਵਿਚ ਕਿਵੇਂ ਸਮਾਜਵਾਦੀ ਸੋਵੀਅਤ ਯੂਨੀਅਨ ਵਿਚ ਤਬਦੀਲ ਹੁੰਦੈ, ਇਹ ਦੁਨੀਆ ਦੇ ਇਤਿਹਾਸ ਦੀ ਹੁਣ ਤੱਕ ਦੀ ਸੱਭ ਤੋਂ ਮਹੱਤਵਪੂਰਨ ਘਟਨਾ ਮੰਨੀ ਜਾਂਦੀ ਹੈ। ਅੱਜ ਲੈਨਿਨ ਦਾ ਸੋਵੀਅਤ ਯੂਨੀਅਨ ਕਿਤੇ ਨਹੀਂ ਹੈ, ਪਰ ਕਾਮਰੇਡ ਲੈਨਿਨ ਨੇ ਕਾਰਲ ਮਾਰਕਸ ਦੇ ਵਿਗਿਆਨਕ ਸਿਧਾਂਤ ਨੂੰ ਜਿਵੇਂ ਰੂਪਾਂਤਰਤ ਕੀਤਾ; ਉਹਦੀ ਪ੍ਰਸੰਗਕਤਾ ਹੋਰ ਵੀ ਵੱਧ ਗਈ ਹੈ।
22 ਅਪ੍ਰੈਲ 1870 ਨੂੰ ਰੂਸ ਦੇ ਕਸਬੇ ਸਿਮਬਰਿਸਕ ਵਿਚ ਜਨਮ ਲੈਣ ਵਾਲਾ ਵਲਾਦੀਮੀਰ ਉਲੀਆਨੋਵ ਕਿਵੇਂ ਲੈਨਿਨ ਬਣਿਆ? ਕਮਿਊਨਿਸਟ ਆਗੂ, ਇਨਕਲਾਬੀ ਲੇਖਕ, ਸਿਧਾਂਤਕਾਰ, ਰੂਸੀ ਇਨਕਲਾਬ ਨੂੰ ਸੂਤਰਬੱਧ ਕਰਨ ਵਾਲਾ ਸੱਭ ਤੋਂ ਮੋਹਰੀ ਆਗੂ ਕਾਮਰੇਡ ਵਲਾਦੀਮੀਰ ਇਲਿਚ ਲੈਨਿਨ ਦਾ ਵਿਅਕਤੀਤਵ, ਉਨ੍ਹਾਂ ਦਾ ਜੀਵਨ, ਇਨਕਲਾਬੀ ਕਾਰਜ ਅਤੇ ਸੁਭਾਅ ਕਿਹੋ ਜਿਹਾ ਸੀ? ਮੁਕੰਮਲ ਰੂਪ ਵਿਚ ਲੈਨਿਨ ਹੋਣ ਦੀ ਯਾਤਰਾ ਉਹ ਕਿਵੇਂ ਕਰਦੇ ਹਨ? ਇਨ੍ਹਾਂ ਸਾਰੇ ਮਹੱਤਵਪੂਰਨ ਪਹਿਲੂਆਂ ‘ਤੇ ਇਸ ਪੀਡੀਐਫ ਵਿਚ ਪਾਠਕ ਬੇਹੱਦ ਮਹੱਤਵਪੂਰਨ ਅਤੇ ਇਤਿਹਾਸਕ ਜਾਣਕਾਰੀ ਪੜ੍ਹਨਗੇ।
ਮਹਾਨ ਰੂਸੀ ਲੇਖਕ ਮੈਕਸਿਮ ਗੋਰਕੀ ਨੇ ਲੈਨਿਨ ਨੂੰ ‘ਮਹਾ ਮਾਨਵ’ ਕਿਹਾ ਸੀ।
ਯੇਗੋਰ ਯਾਕੋਵਲੇਵ ਨੇ ਇਕ ਐਲਬਮਨੁਮਾ ਪੁਸਤਕ ਤਿਆਰ ਕੀਤੀ; ਜਿਸ ਵਿਚ ਲੈਨਿਨ ਦੇ ਮਹਾ ਮਾਨਵਤਵ ਦਾ ਹੀ ਰੂਪ ਚਿੱਤਰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਵਿਚ ਲੈਨਿਨ ਦੀਆਂ ਤਸਵੀਰਾਂ ਅਤੇ ਉਨ੍ਹਾਂ ਦੇ ਜੀਵਨ ਕਾਰਜਾਂ ਤੇ ਸੁਭਾਅ ਬਾਰੇ 18 ਦਸਤਾਵੇਜੀ ਲੇਖ ਸ਼ਾਮਲ ਹਨ। ਇਨ੍ਹਾਂ ਦਸਤਾਵੇਜੀ ਲੇਖਾਂ ਦਾ ਮਨੋਰਥ ਤਸਵੀਰਾਂ ਦੀ ਵਿਆਖਿਆ ਬਿਲਕੁਲ ਨਹੀਂ ਹੈ। ਹਰ ਲੇਖ ਆਪਣੇ ਆਪ ਵਿਚ ਸੁਤੰਤਰ ਰਚਨਾ ਹੈ।
‘ਲੈਨਿਨ, ਇਕ ਮਹਾ ਮਾਨਵ ਦਾ ਰੂਪ ਚਿੱਤਰ’ ਪੁਸਤਕ ਦਾ ਹਿੰਦੀ ਅਨੁਵਾਦ ਬੁੱਧੀਪ੍ਰਸਾਦ ਭੱਟ ਨੇ ਕੀਤਾ ਸੀ ਅਤੇ 1987 ਵਿਚ ਇਸ ਨੂੰ ‘ਪ੍ਰਗਤੀ ਪ੍ਰਕਾਸ਼ਨ, ਮਾਸਕੋ’ ਨੇ ਪ੍ਰਕਾਸ਼ਤ ਕੀਤਾ। ਰੂਸੀ ਇਨਕਲਾਬ ਦੇ ਸੌ ਵਰ੍ਹੇ ਮੁਕੰਮਲ ਹੋਣ ਅਤੇ ਮੌਜੂਦਾ ਸਮਿਆਂ ਵਿਚ ਦਰਪੇਸ਼ ਚੁਣੌਤੀਆਂ ਕਰਕੇ ਕਾਰਲ ਮਾਰਕਸ ਤੇ ਲੈਨਿਨ ਦੀ ਵਿਗਿਆਨਕ ਵਿਚਾਰਧਾਰਾ ਦੇ ਹੋਰ ਵੀ ਜ਼ਿਆਦਾ ਪ੍ਰਸੰਗਕ ਹੋਣ ਕਰਕੇ ਅਸੀਂ ਇਸ ਮਹੱਤਵਪੂਰਨ ਸਮੱਗਰੀ ਨੂੰ ਛਾਪਣ ਦੀ ਖੁਂਸ਼ੀ ਲੈ ਰਹੇ ਹਾਂ।
– ਸੰਪਾਦਕ

ਭਵਿੱਖ ਦੇ ਆਦਮੀ
ਲੈਨਿਨ ਦੇਖਣ ਵਿਚ ਕਿਹੋ ਜਿਹੇ ਸਨ, ਇਹ ਅਸੀਂ ਉਨ੍ਹਾਂ ਦੇ ਜੀਵਨਕਾਲ ਵਿਚ ਲਈਆਂ ਗਈਆਂ ਤਸਵੀਰਾਂ ਰਾਹੀਂ ਜਾਣਦੇ ਹਾਂ- ਉਨ੍ਹਾਂ ਨੂੰ ਪੇਸ਼ ਕਰਦੀਆਂ ਕੁੱਝ ਫ਼ਿਲਮਾਂ ਤੇ ਉਨ੍ਹਾਂ ਦੀਆਂ ਕੁਝ ਤਸਵੀਰਾਂ ਵਕਤ ਦੇ ਜ਼ਾਲਮ ਹੱਥੋਂ ਨਸ਼ਟ ਹੋਣੋਂ ਬਚਾ ਲਈਆਂ ਗਈਆਂ ਹਨ। ਫ਼ਿਲਮਾਂ 20 ਹਨ ਪਰ ਇਹ ਸਾਰੀਆਂ ਏਨੀਆਂ ਛੋਟੀਆਂ ਹਨ ਕਿ ਅੱਖ ਝਪਕਦਿਆਂ ਹੀ ਖ਼ਤਮ ਹੋ ਜਾਂਦੀਆਂ ਹਨ। ਸਾਰਿਆਂ ਨੂੰ ਮਿਲਾ ਕੇ ਸਿਰਫ਼ 637 ਸ਼ਾੱਟ ਹਨ। ਫ਼ੋਟੋਆਂ ਦੀ ਗਿਣਤੀ ਵੀ 400 ਤੋਂ ਕੁਝ ਹੀ ਵੱਧ ਹੋਵੇਗੀ। ਆਓ ਉਸ ਦੌਰ ਵਿਚ ਉਨ੍ਹਾਂ ਦੇ ਆਲੇ-ਦੁਆਲੇ ਵਿਚਰੇ ਲੋਕਾਂ ਦੇ ਨਜ਼ਰੀਏ ਤੋਂ ਲੈਨਿਨ ਦੇ ਜੀਵਨ ਦੇ ਹਰ ਪਲ ਨੂੰ ਮਾਣਦੇ ਹਾਂ।
ਲੈਨਿਨ ਦੇ ਦਫ਼ਤਰ ਦੀ ਮਹਿਲਾ ਮੁਲਾਜ਼ਮ ਸ਼ ਬ੍ਰੀਚਕਿਨਾ ਆਪਣੇ ਚੇਤਿਆਂ ਦੀ ਬਾਰੀ ਖੋਲ੍ਹਦਿਆਂ ਦਸਦੀ ਹੈ, ”ਲੈਨਿਨ ਨੂੰ ਫੋਟੋ ਖਿਚਵਾਉਣਾ ਬਿਲਕੁਲ ਵੀ ਪਸੰਦ ਨਹੀਂ ਸੀ। ਜੁਲਾਈ 1920 ਵਿਚ ਪੇਤਰੋਗਰਾਦ ਤੋਂ ਇਕ ਫ਼ੋਟੋਗ੍ਰਾਫਰ ਆਇਆ ਹੋਇਆ ਸੀ। ਉਹ ਲੈਨਿਨ ਦੀ ਫ਼ੋਟੋ ਖਿੱਚਣਾ ਚਾਹੁੰਦਾ ਸੀ। ਉਸ ਨੇ ਮੈਨੂੰ ਬੇਨਤੀ ਕੀਤੀ ਕਿ ਲੈਨਿਨ ਨਾਲ ਉਸ ਦੀ ਮੁਲਾਕਾਤ ਕਰਵਾ ਦਿਆਂ। ਜਦੋਂ ਮੈਂ ਲੈਨਿਨ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਨੇ ਸੁਣਨ ਤੋਂ ਵੀ ਇਨਕਾਰ ਕਰ ਦਿੱਤਾ। ਪਰ ਫ਼ੋਟੋਗ੍ਰਾਫਰ ਫਿਰ ਵੀ ਜ਼ਿੱਦ ‘ਤੇ ਅੜਿਆ ਰਿਹਾ। ਮੈਨੂੰ ਉਸ ਨਾਲ ਪੂਰੀ ਹਮਦਰਦੀ ਸੀ ਤੇ ਮੈਂ ਚੰਗੀ ਤਰ੍ਹਾਂ ਜਾਣਦੀ ਸੀ ਕਿ ਲੈਨਿਨ ਦੀ ਹਰ ਨਵੀਂ ਫੋਟੋ ਬੜੀ ਇਤਿਹਾਸਕ ਮੁੱਲ ਰੱਖੇਗੀ। ਮੈਂ ਲੈਨਿਨ ਦੀ ਸਹਿਮਤੀ ਲਈ ਢੁਕਵੇਂ ਮੌਕੇ ਦੀ ਉਡੀਕ ਕਰਦੀ ਰਹੀ। 20 ਜੁਲਾਈ ਨੂੰ ਮੈਂ ਉਸ ਫ਼ੋਟੋਗ੍ਰਾਫਰ ਨੂੰ ਕ੍ਰੈਮਲਿਨ ਸੱਦਿਆ ਤੇ ਦੂਸਰੀ ਮੰਜ਼ਿਲ ਦੇ ਉਸ ਕਮਰੇ ਵਿਚ ਲੈ ਗਈ, ਜਿੱਥੋਂ ਲੈਨਿਨ ਨੇ ਮੀਟਿੰਗ ਵਿਚ ਜਾਣ ਲਈ ਲੰਘਣਾ ਸੀ। ਫ਼ੋਟੋਗ੍ਰਾਫਰ ਨੂੰ ਆਪਣੇ ਕੈਮਰੇ ਤੇ ਹੋਰ ਸਾਜ਼ੋ-ਸਾਮਾਨ ਨਾਲ ਪੂਰੀ ਤਰ੍ਹਾਂ ਤਿਆਰ-ਬਰ-ਤਿਆਰ ਰਹਿਣ ਦਾ ਕਹਿ ਕੇ ਮੈਂ ਖ਼ੁਦ ਲੈਨਿਨ ਨੂੰ ਰਾਜ਼ੀ ਕਰਨ ਲੱਗੀ ਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੇ 5 ਮਿੰਟ ਤੋਂ ਜ਼ਿਆਦਾ ਖ਼ਰਚ ਨਹੀਂ ਹੋਣਗੇ। ਆਖ਼ਰਕਾਰ ਉਹ ਰਾਜ਼ੀ ਹੋ ਹੀ ਗਏ ਤੇ ਇਸ ਤਰ੍ਹਾਂ ਸਾਨੂੰ ਉਨ੍ਹਾਂ ਦੀ ਇਕ ਹੋਰ ਫੋਟੋ ਮਿਲ ਗਈ। ਇਹ ਉਹੀ ਚਿੱਤਰ ਹੈ।…
ਇਹ 1905 ਦੀ ਗੱਲ ਹੈ। ਫਰਾਂਸੀਸੀ ਮੂਰਤੀਕਾਰ ਆਰੋਂਸੋ, ਲੈਨਿਨ ਨੂੰ ਦੇਖਦਿਆਂ ਹੀ ਫ਼ਿਦਾ ਹੋ ਗਿਆ। ਉਹ ਚਾਹੁੰਦਾ ਸੀ ਕਿ ਹੋਰ ਨਹੀਂ ਤਾਂ ਲੈਨਿਨ ਦੀ ਸੂਰਤ ਵਾਲਾ ਤਗ਼ਮਾ ਹੀ ਬਣਾਉਣ ਦੀ ਆਗਿਆ ਮਿਲ ਜਾਵੇ। ਇਸ ਮੁਲਾਕਾਤ ਵੇਲੇ ਮੌਜੂਦ ਇਨਕਲਾਬੀ ਅਨਾਤੋਲੀ ਲੁਨਾਚਾਸਰਕੀ ਕੋਲ ਮੂਰਤੀਕਾਰ ਨੇ ਲੈਨਿਨ ਦੀ ਸੁਕਰਾਤ ਨਾਲ ਅਦਭੁਤ ਸਮਾਨਤਾ ਦਾ ਜ਼ਿਕਰ ਕੀਤਾ ਸੀ। ਬਾਅਦ ਵਿਚ ਇਸ ‘ਤੇ ਵਿਚਾਰ ਕਰਦਿਆਂ ਲੁਨਾਚਾਸਰਕੀ ਨੇ ਲਿਖਿਆ : ”ਲੈਨਿਨ ਦੀ ਖੋਪੜੀ ਦੀ ਬਣਾਵਟ ਸਚਮੁੱਚ ਹੈਰਾਨੀਜਨਕ ਹੈ। ਉਸ ਨੂੰ ਜ਼ਰਾ ਗੌਰ ਨਾਲ ਦੇਖਣ ਦੀ ਲੋੜ ਹੈ ਤੇ ਤੁਸੀਂ ਇਸ ਵਿਚ ਲੁਕੀ ਸ਼ਕਤੀ ਨੂੰ, ਇਸ ਵਿਸ਼ਾਲ ਮੱਥੇ ਦੀ ਅਸਾਧਾਰਨਤਾ ਨੂੰ ਸਮਝ ਸਕੋਗੇ, ਜਿਵੇਂ ਕਿ ਮੈਨੂੰ ਲਗਦਾ ਹੈ, ਉਸ ਦੇ ਮਸਤਕ ‘ਤੇ ਇਕ ਤਰ੍ਹਾਂ ਦਾ ਪ੍ਰਕਾਸ਼ ਬਿਖਰਦਾ ਦੇਖੋਗੇ।” ਕੀ ਅੱਜ ਅਸੀਂ ਅਜਿਹਾ ਕੁਝ ਚਿਤਵ ਸਕਦੇ ਹਾਂ, ਜੋ ਕਿ ਆਰੋਂਸੋ ਨੇ ਲੈਨਿਨ ਨੂੰ ਪਹਿਲੀ ਵਾਰ ਦੇਖ ਕੇ ਮਹਿਸੂਸਿਆ ਸੀ? ਸ਼ਾਇਦ ਨਹੀਂ। ਅੱਜ ਦੇ ਜ਼ਿਆਦਾਤਰ ਲੋਕ ਲੈਨਿਨ ਦੀ ਸ਼ਕਲ-ਸੂਰਤ ਦੇ ਆਦੀ ਹੋ ਚੁੱਕੇ ਹਨ। ਪਰ ਲੈਨਿਨ ਦੀ ਸ਼ਖ਼ਸੀਅਤ ਨੂੰ ਜਾਣਨ ਦੀ ਇੱਛਾ ਇਸ ਨਾਲ ਘੱਟ ਨਹੀਂ ਹੋ ਜਾਂਦੀ। ਆਪਣੀਆਂ ਵਿਚਾਰਕ ਮਾਨਤਾਵਾਂ ਦੀ ਦ੍ਰਿੜਤਾ, ਟੀਚਿਆਂ ਦੀ ਸਪਸ਼ਟਤਾ, ਧਨ-ਦੌਲਤ ਦੇ ਲਾਲਚ ਤੋਂ ਮੁਕਤ ਅਤੇ ਚਿੰਤਨ ਦੀ ਵਿਆਪਕਤਾ ਕਾਰਨ ਲੈਨਿਨ ਭਵਿੱਖ ਦੇ ਆਦਮੀ ਸਨ ਤੇ ਰਹਿਣਗੇ।
ਕਹਿੰਦੇ ਹਨ ਕਿ ਆਦਮੀ ਦੀਆਂ ਅੱਖਾਂ ਉਸ ਦੇ ਅੰਦਰ ਦਾ ਆਈਨਾ ਹੁੰਦੀਆਂ ਹਨ। ਫੇਰ ਤਾਂ ਫ਼ੋਟੋਗ੍ਰਾਫਰ ਨੂੰ ਆਦਮੀ ਦੀ ਸ਼ਕਲ-ਸੂਰਤ ਤੋਂ ਇਲਾਵਾ ਉਸ ਦੇ ਸੁਭਾਅ ਦੀਆਂ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਬਾਰੇ ਵੀ ਦੱਸਣਾ ਚਾਹੀਦਾ ਹੈ। ਇਸੇ ਉਦੇਸ਼ ਨਾਲ ਅਸੀਂ ਜਾਣੇ-ਪਛਾਣੇ ਚਿੱਤਰਾਂ ਨੂੰ ਗ਼ੌਰ ਨਾਲ ਦੇਖਿਆ ਅਤੇ ਉਨ੍ਹਾਂ ਵਿਚੋਂ ਵਿਚਾਰਕ, ਇਨਕਲਾਬੀ, ਸਿਆਸਤਦਾਨ, ਕਾਮਰੇਡ ਅਤੇ ਸਿੱਧੇ-ਸਿੱਧੇ ਮਾਨਵ ਦੇ ਲੱਛਣਾਂ ਨੂੰ ਪਛਾਣਨ ਦਾ, ਲੈਨਿਨ ਨੂੰ ਉਵੇਂ ਦੇਖਣ ਦਾ ਯਤਨ ਕੀਤਾ, ਜਿਵੇਂ ਕਿ ਫ਼ਰਾਂਸੀਸੀ ਸਾਹਿਤਕਾਰ ਰੋਮਾਂ ਰੋਲਾਂ ਨੇ ਆਪਣੇ ਇਨ੍ਹਾਂ ਸ਼ਬਦਾਂ ਵਿਚ ਉਨ੍ਹਾਂ ਨੂੰ ਚਿਤਰਿਆ ਸੀ : ”ਉਨ੍ਹਾਂ ਦੀ ਪਵਿੱਤਰ ਦਿਖ ਉਨ੍ਹਾਂ ਦੇ ਜੀਵਨਕਾਲ ਵਿਚ ਹੀ ਲੋਕਾਂ ਦੇ ਦਿਲਾਂ ਵਿਚ ਜੜੀ ਗਈ ਸੀ ਤੇ ਯੁੱਗਾਂ-ਯੁਗਾਂਤਰਾਂ ਤੱਕ ਉਹ ਉਵੇਂ ਹੀ ਬਣੀ ਰਹੇਗੀ।”
ਪਰ ਲੈਨਿਨ ਦੇ ਸਮਕਾਲੀਨਾਂ ਨੇ ਬਹੁਤ ਵਾਰ ਅਫ਼ਸੋਸ ਪ੍ਰਗਟ ਕੀਤਾ ਸੀ ਕਿ ਉਨ੍ਹਾਂ ਦਾ ਕੋਈ ਵੀ ਚਿੱਤਰ, ਕੋਈ ਵੀ ਤਸਵੀਰ ਉਨ੍ਹਾਂ ਦੇ ਵਿਅਕਤੀਤਵ ਦਾ ਪੂਰਾ ਅਤੇ ਸੱਚਾ ਅਹਿਸਾਸ ਨਹੀਂ ਕਰਾਉਂਦੇ ਹਨ, ਕਿਉਂਕਿ ਉਹ ਬੇਹੱਦ ਬਹੁਮੁਖੀ ਤੇ ਗੰਭੀਰ ਸੀ। ਗੱਲ ਸਚਮੁੱਚ ਅਜਿਹੀ ਹੀ ਹੈ। ਉਨ੍ਹਾਂ ਦੀ ਹਰ ਫ਼ੋਟੋ ਉਸ ਤੋਂ ਪਹਿਲਾਂ ਦੀ ਫ਼ੋਟੋ ਦਾ ਮਾਤਰ ਅਗਲਾ ਹਿੱਸਾ ਹੈ ਤੇ ਉਨ੍ਹਾਂ ਦੀ ਹਰ ਫ਼ਿਲਮ ਮਹਿਜ਼ ਦੂਸਰੀ ਫ਼ਿਲਮ ਦਾ ਵਿਸਤਾਰ ਹੈ। ਇਸ ਲਈ ਅਸੀਂ ਇਹੀ ਕਹਾਂਗੇ ਕਿ ਲੈਨਿਨ ਦੇ ਰੂਪਚਿੱਤਰ ਵਿਚ ਉਨ੍ਹਾਂ ਦਾ ਸਥਾਨ ਬਿਓਰਿਆਂ ਵਰਗਾ ਹੀ ਹੈ। ਪਰ ਲੈਨਿਨ ਦੇ ਜੀਵਨਪੰਧ ਦੇ ਬਿਓਰੇ ਵੀ ਬਹੁਤ ਕੁਝ ਦੱਸਦੇ ਹਨ। ਇਤਿਹਾਸ ਵਿਚ ਸ਼ਾਇਦ ਅਜਿਹਾ ਹੋਰ ਕੋਈ ਵਿਅਕਤੀ ਨਹੀਂ ਹੋਇਆ ਹੈ, ਜਿਸ ਦੇ ਕਰਮ, ਵਿਚਾਰ ਤੇ ਜੀਵਨ ਉਸ ਵਲੋਂ ਬਣਾਏ ਸਮਾਜ ਦੇ ਆਦਰਸ਼ਾਂ ਤੋਂ ਏਨੇ ਵੱਖਰੇ ਰੂਪ ਨਾਲ ਜੁੜੇ ਹੋਏ ਹੋਣ। ਡੈਨਿਸ਼ ਸਾਹਿਤਕਾਰ ਮਾਰਟਿਨ ਐਂਡਰਸਨ-ਨੇਕਸੇ ਨੇ ਕਿਹਾ ਸੀ : ”ਲੈਨਿਨ ਪਰੋਲੇਤਾਰੀ ਵਿਚਾਰਧਾਰਾ ਦੇ ਪ੍ਰਚਾਰਕ ਹੀ ਨਹੀਂ ਸਨ। ਉਹ ਇਸ ਨਾਲੋਂ ਵੀ ਕਿਤੇ ਵੱਡੇ ਸਨ। ਉਹ ਇਸ ਵਿਚਾਰਧਾਰਾ ਨਾਲ ਇਕ-ਮਿਕ ਹੋ ਜਾਂਦੇ ਹਨ। ਵਿਸ਼ਵ ਇਤਿਹਾਸ ਵਿਚ ਅਜਿਹੀਆਂ ਬਹੁਤ ਸਾਰੀਆਂ ਮਿਸਾਲਾਂ ਮਿਲ ਜਾਣਗੀਆਂ, ਜਦੋਂ ਕਿਸੇ ਸਮਾਜਕ ਵਰਗ ਜਾਂ ਵਰਗ ਸੰਘਰਸ਼ ਦਾ ਅੰਦਰੂਨੀ ਨਿਚੋੜ ਏਨੇ ਸੁੰਦਰ ਢੰਗ ਨਾਲ ਇਕ ਆਦਮੀ ਵਿਚ ਸਾਕਾਰ ਹੋਇਆ ਹੋਵੇ।”

ਲੈਨਿਨ ਦੀ ਧੜਕਨ
ਫਾਂਸੀ ਚੜ੍ਹਾਏ ਗਏ ਇਨਕਲਾਬੀ ਦੇ ਭਰਾ, ਖ਼ੁਦ ਇਨਕਲਾਬੀ ਅੰਦੋਲਨ ਦੇ ਰਸਤੇ ਦੇ ਮੁਸਾਫ਼ਰ ਅਤੇ ਆਪਣੀ ਪਹਿਲੀ ਜਲਾਵਤਨੀ ਦੀ ਸਜ਼ਾ ਭੁਗਤ ਚੁੱਕੇ ਵਲਾਦੀਮੀਰ ਉਲੀਆਨੋਵ (”ਲੈਨਿਨ” ਉਪਨਾਮ  ਬਹੁਤ ਬਾਅਦ ਵਿਚ ਰੱਖਿਆ ਗਿਆ ਤੇ ਮਸ਼ਹੂਰ ਹੋਇਆ) ਨੇ ਬਸੰਤ, 1891 ਵਿਚ ਬੇਨਤੀ ਪੱਤਰ ਦਿੱਤਾ ਕਿ ਉਸ ਨੂੰ ਪ੍ਰਾਈਵੇਟ ਵਿਦਿਆਰਥੀ ਵਜੋਂ ਪੀਟਰਸਬਰਗ ਯੂਨੀਵਰਸਿਟੀ ਦੀ ਲਾਅ ਫੈਕਲਟੀ ਦੀ ਪ੍ਰੀਖਿਆ ਵਿਚ ਬੈਠਣ ਦਿੱਤਾ ਜਾਵੇ। ਬੇਨਤੀ ਪੱਤਰ ਦੇ ਨਾਲ ਫ਼ੋਟੋ ਵੀ ਨੱਥੀ ਸੀ…
29 ਵਰ੍ਹੇ ਲੰਘ ਗਏ।
1920 ਦੀਆਂ ਗਰਮੀਆਂ ਵਿਚ ਲੈਨਿਨ ਪੈਤਰੋਗਰਾਦ ਆਏ। ਇਹ ਨੀਵਾ ਦੇ ਤਟ ‘ਤੇ ਵਸੇ ਇਸ ਨਗਰ ਨਾਲ ਉਨ੍ਹਾਂ ਦੀ ਆਖ਼ਰੀ ਮੁਲਾਕਾਤ ਸੀæææਸੰਗੀਤ ਗੂੰਜ ਰਿਹਾ ਸੀ, ਉਤਸਵ ਦਾ ਮਾਹੌਲ ਸੀ ਤੇ ਨਗਰ ਝੰਡਿਆਂ, ਬੈਨਰਾਂ ਤੇ ਨਾਅਰਿਆਂ ਨਾਲ ਕਮਿਊਨਿਸਟ ਇੰਟਰਨੈਸ਼ਨਲ ਦੀ ਦੂਸਰੀ ਕਾਂਗਰਸ ਵਿਚ ਹਿੱਸਾ ਲੈਣ ਵਾਲਿਆਂ ਦਾ ਸਵਾਗਤ ਕਰ ਰਿਹਾ ਸੀ। ਇਨਕਲਾਬੀ ਲੋਕ ਸੋਵੀਅਤ ਰੂਸ ਤੋਂ ਸਿੱਖਣ ਆਏ ਸਨ ਕਿ ਜਿੱਤ ਕਿਵੇਂ ਹਾਸਲ ਕੀਤੀ ਜਾਂਦੀ ਹੈ। ਫੁੱਲਾਂ, ਸਵਾਗਤਾਂ ਤੇ  ਗਲਵੱਕੜੀਆਂ ਦਾ ਅੰਤ ਨਜ਼ਰ ਨਹੀਂ ਆ ਰਿਹਾ ਸੀ। ਉਰੀਤਸਕੀ ਮਹਿਲ ਦਾ ਹਾੱਲ ਖ਼ਚਾਖਚ ਭਰਿਆ ਹੋਇਆ ਸੀ। ਭਾਸ਼ਣ-ਮੰਚ ‘ਤੇ ਲੈਨਿਨ ਖੜ੍ਹੇ ਸਨ। (ਕਿਸੇ ਅਗਿਆਤ ਫ਼ੋਟੋਗ੍ਰਾਫ਼ਰ ਨੇ ਉਨ੍ਹਾਂ ਦੀ ਭਾਸ਼ਣ ਕਰਦੇ ਹੋਏ ਫ਼ੋਟੋ ਖਿੱਚੀ ਸੀ।) ਇਨਕਲਾਬੀ ਦਾ ਔਖਾ ਪੈਂਡਾ ਚੁਣਨ ਵਾਲੇ ਵਿਅਕਤੀ ਦੇ ਜੀਵਨ ਦੇ ਇਹ ਕਿੰਨੇ ਖ਼ੁਸ਼ੀਆਂ ਭਰੇ ਤੇ ਸੁਖਦ ਪਲ ਸਨ! ਇਨ੍ਹਾਂ ਦੋ ਤਸਵੀਰਾਂ ਵਿਚਾਲੇ 3 ਦਹਾਕੇ ਤੋਂ ਵੀ ਘੱਟ ਦਾ ਅੰਤਰ ਹੈ। ਇਸ ਸਮੇਂ ਦੌਰਾਨ ਲੈਨਿਨ ਨੂੰ ਇਕ ਵਰ੍ਹੇ ਤੋਂ ਵੱਧ ਜੇਲ੍ਹ ਦੀ ਕਾਲ ਕੋਠੜੀ ਵਿਚ, 3 ਵਰ੍ਹੇ ਜਲਾਵਤਨੀ ਵਿਚ ਅਤੇ ਲਗਭਗ 15 ਵਰ੍ਹੇ ਪ੍ਰਵਾਸ ਵਿਚ ਗੁਜ਼ਾਰਨੇ ਪਏ। ਉਨ੍ਹਾਂ ਨੇ ਆਪਣੀ ਪਹਿਲੀ ਵੱਡੀ ਰਚਨਾ ‘ਰੂਸ ਵਿਚ ਪੂੰਜੀਵਾਦ ਦਾ ਵਿਕਾਸ’ ਜੇਲ੍ਹ ਵਿਚ ਲਿਖਣੀ ਸ਼ੁਰੂ ਕੀਤੀ। ਉਹ ਖ਼ਤਮ ਸਾਈਬੇਰੀਆ ਵਿਚ ਹੋਈ। ਸ਼ੂਸ਼ੇਨਸਕੋਏ ਪਿੰਡ ਵਿਚ, ਧੁੰਦਲੀਆਂ ਬਾਰੀਆਂ ਤੇ ਮਿੱਟੀ ਦੇ ਤੇਲ ਦੇ ਲੈਂਪ ਵਾਲੀ ਝੌਂਪੜੀ ਵਿਚ ਉਨ੍ਹਾਂ ਨੇ ਦਰਜਨ ਤੋਂ ਜ਼ਿਆਦਾ ਰਚਨਾਵਾਂ ਲਿਖੀਆਂ। ਫਿਰ ਜਦੋਂ ਸਾਈਬੇਰੀਆ ਤੋਂ ਪਰਤੇ, ਤਾਂ ਰੂਸੀ ਇਨਕਲਾਬੀ ਮਜ਼ਦੂਰ ਅਖ਼ਬਾਰ ‘ਇਸਰਕਾ’ ਕੱਢਣ ਦੀਆਂ ਤਿਆਰੀਆਂ ਵਿਚ ਜੁਟ ਗਏ।  
ਅੱਜ ਵਕਤ ਦੇ ਕਟਹਿਰੇ ਦੇ ਪਾਰ ਝਾਕਣ ‘ਤੇ ਸਾਫ਼ ਦਿਖਾਈ ਦਿੰਦਾ ਹੈ ਕਿ ਲੈਨਿਨ ਅਤੇ ਇਨਕਲਾਬ, ਲੈਨਿਨ ਦਾ ਜੀਵਨ ਤੇ ਕਰਾਂਤੀ ਦਾ ਇਤਿਹਾਸ ਇਕ-ਦੂਜੇ ਨਾਲ ਕਿੰਨੇ ਅਟੁੱਟ ਤੌਰ ‘ਤੇ ਜੁੜੇ ਹੋਏ ਹਨ। ਲੈਨਿਨ ਦੇ ਜਨਮ-ਮਹੀਨੇ ਅਪ੍ਰੈਲ ਦੀਆਂ ਹੀ ਕੁਝ ਘਟਨਾਵਾਂ ਚੇਤੇ ਕਰੋ। ਅਪ੍ਰੈਲ ਵਿਚ ਉਹ ਕਿੱਥੇ ਸਨ? ਗ਼ੌਰ ਕਰੋ, ਕਿ ਆਦਮੀ ਕਿਸ ਵਰ੍ਹੇ ਆਪਣਾ ਜਨਮ ਦਿਨ ਕਿੱਥੇ ਅਤੇ ਕਿਵੇਂ ਮਨਾਉਂਦਾ ਹੈ, ਕੁਝ ਹੱਦ ਤੱਕ ਇਸ ਤੋਂ ਉਸ  ਦੇ ਸਾਰੇ ਜੀਵਨ ਬਾਰੇ ਜਾਣਿਆ ਜਾ ਸਕਦਾ ਹੈ।
ਲੈਨਿਨ ਅਪ੍ਰੈਲ 1901 ਵਿਚ ਮਿਊਨਿਖ ਵਿਚ, ਅਪ੍ਰੈਲ 1902 ਵਿਚ ਤੇ ਅਪ੍ਰੈਲ 1903 ਵਿਚ ਲੰਡਨ ਵਿਚ ‘ਇਸਰਕਾ’ ਦੇ ਪ੍ਰਕਾਸ਼ਨ ਵਿਚ ਰੁੱਝੇ ਹੋਏ ਸਨ। ਅਪ੍ਰੈਲ 1905 ਜਨੇਵਾ ਵਿਚ ਪਾਰਟੀ (ਰੂਸੀ ਸੋਸ਼ਲ ਡੈਮੋਕਰੈਟਿਕ ਲੇਬਰ ਪਾਰਟੀ ) ਦੀ ਤੀਸਰੀ ਕਾਂਗਰਸ ਦੀ ਅਗਵਾਈ ਕਰਨ ਵਿਚ ਲੰਘਿਆ। ਅਗਲੇ ਅਪ੍ਰੈਲ ਵਿਚ ਉਹ ਸਟਾਕਹੋਮ ਵਿਚ ਸਨ। ਉਥੇ ਪਾਰਟੀ ਦੀ ਚੌਥੀ (ਏਕੀਕਰਨ) ਕਾਂਗਰਸ ਚੱਲ ਰਹੀ ਸੀ। ਅਪ੍ਰੈਲ 1907 ਵਿਚ ਉਹ ਪੰਜਵੀਂ ਪਾਰਟੀ ਕਾਂਗਰਸ ਦੀਆਂ ਤਿਆਰੀਆਂ ਵਿਚ ਰੁੱਝੇ ਸਨ। 22 ਅਪ੍ਰੈਲ 1912 ਨੂੰ ਉਹ ਇਕ ਖ਼ਤ ਵਿਚ ਪੁਛਦੇ ਹਨ ਕਿ ਮਜ਼ਦੂਰਾਂ ਦਾ ਵੱਡੀ ਗਿਣਤੀ ਵਿਚ ਕੱਢਿਆ ਜਾਣ ਵਾਲਾ ਅਖ਼ਬਾਰ ‘ਪ੍ਰਾਵਦਾ’ ਕਦੋਂ ਨਿਕਲੇਗਾ : ”ਰੋਜ਼ਾਨਾ ਅਖ਼ਬਾਰ ਬਾਰੇ ਜਲਦੀ ਤੋਂ ਜਲਦੀ ਸੂਚਿਤ ਕਰੋ। ਉਸ ਦਾ ਆਕਾਰ ਕੀ ਹੋਵੇਗਾ? ਲੇਖ ਕਿੰਨੇ ਵੱਡੇ ਭੇਜੇ ਜਾ ਸਕਦੇ ਹਨ?” ਅਤੇ ਆਖ਼ਰ ਵਿਚ 1917 ਦੇ ਅਪ੍ਰੈਲ ਵਿਚ ਪੇਤਰੋਗਰਾਦ ਵਾਪਸੀ। ਅੱਗੇ ਮਹਾਨ ਅਕਤੂਬਰ ਸਮਾਜਵਾਦੀ ਇਨਕਲਾਬ ਅਤੇ ਵਿਸ਼ਵ ਦੇ ਪਹਿਲੇ ਸਮਾਜਵਾਦੀ ਰਾਜ ਦੀ ਉਸਾਰੀ ਦੇ ਵਰ੍ਹੇ ਆਉਂਦੇ ਹਨ। ਅਤੇ ਲਗਭਗ ਹਰ ਜਨਮ ਦਿਨ ਸੋਵੀਅਤ ਸਰਕਾਰ ਦੀਆਂ ਮੀਟਿੰਗਾਂ ਦੀ ਅਗਵਾਈ ਕਰਦੇ ਹੋਏ ਲੰਘਦਾ ਹੈ।
ਬਿਮਾਰੀ ਵਲੋਂ ਘੇਰ ਲਏ ਜਾਣ ‘ਤੇ ਵੀ ਲੈਨਿਨ ਪਹਿਲਾਂ ਵਾਂਗ ਹੀ ਕੰਮ ਕਰਦੇ ਰਹੇ। ਸਗੇ-ਸਬੰਧੀ ਆਪਣੀ ਹਿਫ਼ਾਜ਼ਤ ਕਰਨ ਦੀ ਬੇਨਤੀ ਕਰਦੇ ਸਨ, ਤਾਂ ਉਨ੍ਹਾਂ ਦਾ ਜਵਾਬ ਹੁੰਦਾ ਸੀ : ”ਮੇਰੇ ਕੋਲ ਹੋਰ ਕੁਝ ਨਹੀਂ ਹੈ।” ਇਨ੍ਹਾਂ ਸ਼ਬਦਾਂ ਵਿਚ ਅਫ਼ਸੋਸ ਜਾਂ ਤਕਦੀਰ ਬਾਰੇ ਸ਼ਿਕਾਇਤ ਲੱਭਣ ਦੀ ਕੋਸ਼ਿਸ਼ ਨਾ ਕਰੋ। ਲੈਨਿਨ ਸਿਰਫ਼ ਉਹੀ ਕਹਿ ਰਹੇ ਸਨ, ਜੋ ਅਸਲ ਵਿਚ ਸੀ। ਉਨ੍ਹਾਂ ਨੇ ਆਪਣਾ ਜੀਵਨ ਇਨਕਲਾਬ ਨਾਲ ਜੋੜ ਦਿੱਤਾ ਸੀ : ਇਨਕਲਾਬ ਦੀ ਧੜਕਨ ਉਨ੍ਹਾਂ ਦੀ ਧੜਕਨ ਸੀ ਤੇ ਇਨਕਲਾਬ ਦੀ ਹੋਣੀ ਉਨ੍ਹਾਂ ਦੀ ਹੋਣੀ ਸੀ।

ਜੀਵਨ ਪੰਧ ਦੀ ਚੋਣ
ਉਦੋਂ ਉਨ੍ਹਾਂ ਦੀ ਉਮਰ 17 ਵਰ੍ਹੇ ਸੀ।
ਹਾਈ ਸਕੂਲ ਦੀ ਪੜ੍ਹਾਈ ਪਹਿਲੇ ਦਰਜੇ ਵਿਚ ਪੂਰੀ ਕੀਤੀ ਜਾ ਚੁੱਕੀ ਸੀ। ਅੱਗੇ ਉੱਚ ਸਿੱਖਿਆ ਦੇ ਵਰ੍ਹੇ ਪਏ ਸਨ…ਭਲਾ ਕਿਸ ਨੂੰ ਇਹ ਦਿਨ ਲੰਬੇ ਪਰ ਖ਼ੁਸ਼ੀ ਭਰੇ ਨਹੀਂ ਲਗਦੇ! ਪਰ ਹੋਇਆ ਕੁਝ ਹੋਰ ਹੀ।
ਸਕੂਲ ਦੀ ਫਾਈਨਲ ਪ੍ਰੀਖਿਆ ਦਾ ਇਕ ਪਰਚਾ ਉਨ੍ਹਾਂ ਨੇ ਉਸ  ਦਿਨ ਦਿੱਤਾ ਹੀ ਸੀ, ਜਦੋਂ ਸ਼ਲੀਸਸੇਲਬੁਰਗ ਕਿਲੇ ਵਿਚ ਵੱਡੇ ਭਰਾ ਅਲੈਗਜ਼ਾਂਦਰ ਨੂੰ ਫ਼ਾਂਸੀ ‘ਤੇ ਚੜ੍ਹਾਇਆ ਗਿਆ ਸੀ। ਵਲਾਦੀਮੀਰ ਉਲੀਆਨੋਵ ਲਈ ਹੁਣ ਜੀਵਨ ਪੰਧ ਦੀ ਚੋਣ ਦਾ, ਫ਼ੈਸਲੇ ਕਰਨ ਦਾ ਵਕਤ ਆ ਗਿਆ ਸੀ…ਦੁਨੀਆ ਦੀਆਂ ਨਜ਼ਰਾਂ ਵਿਚ ਸਮਝਦਾਰੀ ਦੀ ਗੱਲ ਤਾਂ ਇਹ ਹੁੰਦੀ ਕਿ ਅਲੈਗਜ਼ਾਂਦਰ ਦੀ ਸ਼ਹਾਦਤ ਨਹੀਂ, ਗ੍ਰਿਫ਼ਤਾਰੀ ਮਗਰੋਂ ਹੀ ਉਸ ਦੇ ਸਗੇ-ਸਬੰਧੀ ਇਨਕਲਾਬ ਦੇ ਰਸਤੇ ਤੋਂ ਹਮੇਸ਼ਾ ਲਈ ਕਿਨਾਰਾਕਸ਼ੀ ਕਰ ਲੈਂਦੇ। ਅਜਿਹਾ ਤਾਂ ਹੋਇਆ ਨਾ, ਉਲਟਾ, ਜਿਵੇਂ ਕਿ ਲੈਨਿਨ ਦੀ ਛੋਟੀ ਭੈਣ ਮਰੀਆ ਉਲੀਆਨੋਵਾ ਲਿਖਦੀ ਹੈ, ”ਵੱਡੇ ਭਰਾ ਦੀ ਸ਼ਹਾਦਤ ਨੇ ਵਲਾਦੀਮੀਰ ਇਲੀਚ ਨੂੰ ਇਨਕਲਾਬੀ ਕਾਰਜਾਂ ਵਿਚ ਜੁਟਣ ਲਈ ਤੀਖਣ ਪ੍ਰੇਰਣਾ ਜ਼ਰੂਰ ਦੇ ਦਿੱਤੀ।”
ਵਲਾਦੀਮੀਰ, ਉਲੀਆਨੋਵ ਦੀ ਔਲਾਦ ਸਨ। ਪਿਤਾ ਇਲਿਆ ਉਲੀਆਨੋਵ ਅਧਿਆਪਕ ਸਨ। ਉਹ ਪਹਿਲਾਂ ਸਕੂਲ ਨਿਰੀਖਕ ਰਹੇ ਤੇ ਫਿਰ ਸਿੰਬੀਸਰਕ ਗੁਬੇਰਨਿਆ ਦੇ ਜਨ-ਸਕੂਲਾਂ ਦੇ ਡਾਇਰੈਕਟਰ ਦੇ ਅਹੁਦੇ ‘ਤੇ ਵੀ ਕੰਮ ਕੀਤਾ। ਉਹ ਉਨ੍ਹਾਂ ਰੂਸੀ ਬੁੱਧੀਜੀਵੀਆਂ ਵਿਚੋਂ ਸਨ, ਜੋ ਆਪਣੀ ਨਿੱਜੀ ਖ਼ੁਸ਼ਹਾਲੀ ਦੀ ਪ੍ਰਵਾਹ ਨਹੀਂ ਕਰਦੇ ਸਨ ਤੇ ਜਨਤਾ ਦੇ ਦੁਖ-ਸੁਖ ਵਿਚ ਹੱਥ ਵੰਡਾਉਣ ਨੂੰ ਹੀ ਆਪਣਾ ਫ਼ਰਜ਼ ਸਮਝਦੇ ਸਨ। ਇਵੇਂ ਹੀ ਵਲਾਦੀਮੀਰ ਦੀ ਮਾਂ ਮਰੀਆ ਉਲੀਆਨੋਵਾ ਵੀ ਸੀ। ਕਿਸੇ ਮਾਂ ਲਈ ਜੋ ਸਭ ਤੋਂ ਵੱਡੀ ਪ੍ਰੀਖਿਆ ਹੁੰਦੀ ਹੈ, ਭਾਵ ਬੱਚਿਆਂ ਨੂੰ ਔਖੜ੍ਹਾ ਭੁਗਤਦੇ ਦੇਖਣਾ, ਉਸੇ ਪ੍ਰੀਖਿਆ ਵਿਚੋਂ ਮਰੀਆ ਉਲੀਆਨੋਵਾ ਨੂੰ ਲੰਘਣਾ ਪਿਆ। ਉਨ੍ਹਾਂ ਦੇ ਸਾਰੇ ਬੱਚਿਆਂ ਨੇ ਇਨਕਲਾਬ ਦਾ ਰਾਹ ਚੁਣਿਆ ਤੇ ਹਰ ਕਿਸੇ ਦੇ ਹਿੱਸੇ ਵਿਚ ਗ੍ਰਿਫ਼ਾਤਰੀਆਂ, ਜਵਾਬ-ਤਲਬੀਆਂ ਤੇ ਜੇਲ੍ਹ ਦੀਆਂ ਸਜ਼ਾਵਾਂ ਆਈਆਂ। ਆਪਣੇ ਬੱਚਿਆਂ ਨਾਲ ਮਰੀਆ ਉਲੀਆਨੋਵਾ ਨੇ ਇਹ ਸਭ ਝੱਲਿਆ-ਸ਼ਾਇਦ ਇਸ ਉਮੀਦ ਨਾਲ ਕਿ ਅੰਤ ਵਿਚ ਜਿੱਤ ਉਸ ਦੇ ਬੱਚਿਆਂ ਦੀ ਹੀ ਹੋਵੇਗੀ, ਹਾਲਾਂਕਿ ਇਸ ਜਿੱਤ ਨੂੰ ਦੇਖ ਸਕਣਾ ਉਹਦੀ ਤਕਦੀਰ ਵਿਚ ਨਹੀਂ ਸੀ।
ਨਹੀਂ, ਨਾ ਤਾਂ ਇਲੀਆ ਉਲੀਆਨੋਵ ਹੀ ਇਨਕਲਾਬੀ ਸਨ ਤੇ ਨਾ ਮਰੀਆ ਉਲੀਆਨੋਵਾ ਹੀ ਇਨਕਲਾਬੀ ਸਨ। ਉਨ੍ਹਾਂ ਦੀ ਸਿਰਫ਼ ਇਹੀ ਕੋਸ਼ਿਸ਼ ਰਹਿੰਦੀ ਸੀ ਕਿ ਬੱਚਿਆਂ ਨੂੰ ਉਹ ਚੀਜ਼ਾਂ ਸਿਖਾਉਣ, ਜੋ ਹਰ ਸਭਿਆ-ਸੱਜਣ ਪੁਰਸ਼ ਦੀ ਵਿਸ਼ੇਸ਼ਤਾ ਹੁੰਦੀ ਹੈ, ਜਿਵੇਂ ਇਮਾਨਦਾਰੀ, ਨਿਆਂਪਸੰਦਗੀ, ਮਿਹਨਤ ਤੇ ਨਿਮਰਤਾ। ਪਰ ਠੀਕ ਇਨ੍ਹਾਂ ਚੀਜ਼ਾਂ ਨੇ ਬੱਚਿਆਂ ਵਿਚ ਉਹ ਨਾਗਰਿਕ ਬੋਧ ਵੀ ਪੈਦਾ ਕੀਤਾ, ਜਿਸ ਤੋਂ ਉਨ੍ਹਾਂ ਨੂੰ ਇਨਕਲਾਬ ਦੇ ਮਾਰਗ ‘ਤੇ ਵਧਣ ਦੀ ਪ੍ਰੇਰਣਾ ਮਿਲੀ। ਲੈਨਿਨ ਇਹ ਗੱਲ ਉਂਜ ਹੀ ਨਹੀਂ ਤੇ ਮਹਿਜ਼ ਕਹਿਣ ਲਈ ਹੀ ਨਹੀਂ, ਬਲਕਿ ਘਰ ਵਿਚੋਂ ਮਿਲੀ ਸਿੱਖਿਆ ਅਤੇ ਆਪਣੇ ਸਾਰੇ ਜੀਵਨ ਦੇ ਤਜਰਬਿਆਂ ਦੇ ਆਧਾਰ ‘ਤੇ ਕਿਹਾ ਕਰਦੇ ਸਨ ਕਿ ਹਰ ਇਮਾਨਦਾਰ ਆਦਮੀ ਦਾ ਇਨਕਲਾਬੀ ਹੋਣਾ ਜ਼ਰੂਰੀ ਹੈ।
ਅਦਾਲਤ ਵਿਚ ਆਪਣੇ ਬਿਆਨ ਵਿਚ ਵੱਡੇ ਭਰਾ ਅਲੈਗਜ਼ਾਂਦਰ ਨੇ ਕਿਹਾ ਸੀ : ”ਰੂਸੀਆਂ ਵਿਚ ਅਜਿਹੇ ਕੁਝ ਆਦਮੀ ਹਮੇਸ਼ਾ ਮਿਲ ਜਾਣਗੇ, ਜੋ ਆਪਣੇ ਵਿਚਾਰਾਂ ਨੂੰ ਇਸ ਹੱਦ ਤੱਕ ਸਮਰਪਤ ਹਨ ਤੇ ਆਪਣੀ ਮਾਂ-ਭੂਮੀ ਦੀ ਦੁਰਦਸ਼ਾ ਨੂੰ ਏਨੀ ਸ਼ਿੱਦਤ ਨਾਲ ਮਹਿਸੂਸ ਕਰਦੇ ਹਨ ਕਿ ਆਪਣੇ ਟੀਚੇ ਲਈ ਜਾਨ ਦੇ ਦੇਣਾ ਉਨ੍ਹਾਂ ਲਈ ਕੋਈ ਵੱਡੀ ਕੁਰਬਾਨੀ ਨਹੀਂ ਹੈ। ਅਜਿਹੇ ਲੋਕਾਂ ਨੂੰ ਕਿਸੇ ਵੀ ਚੀਜ਼ ਨਾਲ ਡਰਾਇਆ ਨਹੀਂ ਜਾ ਸਕਦਾ।”
ਅਲੈਗਜ਼ਾਂਦਰ ਦੇ ਦੁਖ਼ਦ ਅੰਤ ਮਗਰੋਂ ਸਿਰਫ਼ ਅੱਧਾ ਵਰ੍ਹਾ ਹੀ ਬੀਤਿਆ ਕਿ ਕਜ਼ਾਨ ਯੂਨੀਵਰਸਿਟੀ ਦੇ ਪਹਿਲੇ ਵਰ੍ਹੇ ਦੇ ਵਿਦਿਆਰਥੀ ਵਲਾਦੀਮੀਰ ਨੂੰ ਇਨਕਲਾਬੀ ਵਿਦਿਆਰਥੀਆਂ ਦੀ ਸਭਾ ਵਿਚ ਹਿੱਸਾ ਲੈਣ ਕਾਰਨ ਗ੍ਰਿਫ਼ਤਾਰ ਕਰਕੇ ਕਜ਼ਾਨ ਤੋਂ ਕੱਢ ਦਿੱਤਾ ਗਿਆ ਤੇ ਉਨ੍ਹਾਂ ‘ਤੇ ਪੁਲੀਸ ਦੀ ਤਿੱਖੀ ਨਿਗਰਾਨੀ ਰੱਖੀ ਜਾਣ ਲੱਗੀ। ਕੋਕੂਸ਼ਿਕਨੋ ਪਿੰਡ ਵਿਚ, ਜਿੱਥੇ ਉਨ੍ਹਾਂ ਨੂੰ ਭੇਜਿਆ ਗਿਆ ਸੀ, ਉਨ੍ਹਾਂ ਨੇ ਬਹੁਤ ਕਿਤਾਬਾਂ ਪੜ੍ਹੀਆਂ। ਬਾਅਦ ਵਿਚ ਆਪਣੇ ਕੋਕੂਸ਼ਿਕਨੋ ਦੇ ਦਿਨਾਂ ਨੂੰ ਯਾਦ ਕਰਦਿਆਂ ਉਨ੍ਹਾਂ ਨੇ ਲਿਖਿਆ : ”ਲਗਦਾ ਹੈ ਕਿ ਕਜ਼ਾਨ ਤੋਂ ਪਿੰਡ ਵਿਚ ਬਿਤਾਏ ਸਮੇਂ ਦੌਰਾਨ ਮੈਂ ਜਿੰਨਾ ਪੜ੍ਹਿਆ ਸੀ, ਓਨਾ ਬਾਅਦ ਵਿਚ ਆਪਣੇ ਜੀਵਨ ‘ਚ ਕਦੇ ਨਹੀਂ ਪੜ੍ਹਿਆ, ਇਥੋਂ ਤੱਕ ਕਿ ਪੀਟਰਸਬਰਗ ਦੀ ਜੇਲ੍ਹ ਅਤੇ ਸਾਈਬੇਰੀਆ ਵਿਚ ਵੀ ਨਹੀਂ।”
ਵਿਦਿਆਰਥੀ ਰੈਲੀਆਂ ਤੋਂ ਇਨਕਲਾਬੀ ਸੰਘਰਸ਼ ਦੇ ਸਿਧਾਂਤ ਦੇ ਡੂੰਘੇ ਅਧਿਐਨ ਵੱਲ, ਇਨਕਲਾਬੀ ਗਿਆਨ ਅਤੇ ਇਨਕਲਾਬੀ ਕਾਰਜਾਂ ਵੱਲ। ਜੀਵਨ ਪੰਧ ਦੀ ਚੋਣ ਕੀਤੀ ਜਾ ਚੁੱਕੀ ਸੀ।

ਇਨਕਲਾਬ ਦੀ ਪੂਰਵਸੰਧਿਆ
ਰੂਸ ਦੀ ਪਹਿਲੀ ਮਾਰਕਸਵਾਦੀ ਜਥੇਬੰਦੀ ਪੀਟਰਸਬਰਗ ਦੀ ‘ਮਜ਼ਦੂਰ ਮੁਕਤੀ ਸੰਘਰਸ਼ ਲੀਗ’ ਦੇ ਮੈਂਬਰਾਂ ਦੇ ਮੁਕੱਦਮੇ ਦੀ ਸੁਣਵਾਈ ਪੂਰੀ ਹੋ ਗਈ ਸੀ। ਫ਼ਰਵਰੀ 1897 ਵਿਚ ਸਜ਼ਾ ਸੁਣੀ ਗਈ : ”ਜੱਜ ਨੇ ਇਹ ਫ਼ੈਸਲਾ ਕੀਤਾ ਹੈ…” ਸਾਰਿਆਂ ਨੂੰ ਕਾਲਾਪਾਣੀ ਦੀ ਸਜ਼ਾ ਮਿਲੀ ਸੀ। ਸਾਈਬੇਰੀਆ ਰਵਾਨਾ ਹੋਣ ਤੋਂ ਪਹਿਲਾਂ ਫ਼ੋਟੋਗ੍ਰਾਫ਼ਰ ਦੀ ਦੁਕਾਨ ਵਿਚ ਗਏ, ਤਾਂ ਜੋ ਯਾਦਗਾਰ ਵਜੋਂ ਫ਼ੋਟੋ ਖਿਚਵਾ ਸਕਣ। ਕੀ ਪਤਾ ਫਿਰ ਕਦੇ ਮਿਲਣਾ ਹੋ ਸਕੇਗਾ ਜਾਂ ਨਹੀਂਂ! ਉਦੋਂ ਉਹ ਸਾਰੇ ਦੇ ਸਾਰੇ ਨੌਜਵਾਨ ਸਨ। ਪਰ ਜਿੱਤ ਤੱਕ ਪਹੁੰਚਣਾ ਕੁਝ ਦੇ ਹੀ ਹਿੱਸੇ ਵਿਚ ਆਉਣਾ ਸੀ। ਇਹ ਰਸਤਾ ਬੜਾ ਲੰਬਾ ਤੇ ਔਖਾ ਸਿੱਧ ਹੋਇਆ।
ਦੂਰ ਦੁਰਾਡੇ ਸ਼ੂਸ਼ੇਨਸਕੋਏ ਅਤੇ ਪਰਵਾਸ ਦੇ ਅਸਹਿ ਵਰ੍ਹੇ ਲੈਨਿਨ ਦੀ ਉਡੀਕ ਕਰ ਰਹੇ ਸਨ। ਪਰਦੇਸ ਵਿਚ ਭਟਕਣਾਂ ਦੇ ਲੰਬੇ ਵਰ੍ਹਿਆਂ ਵਿਚ ਲੈਨਿਨ ਨੂੰ ਮਿਊਨਿਖ, ਲੰਡਨ, ਜਨੇਵਾ, ਸਟਾਕਹੋਮ, ਪੈਰਿਸ, ਕ੍ਰਾਕਕੋਵ, ਬਰਨ, ਜਿਊਰਿਖ ਵਰੈਗਾ, ਵਗੈਰਾ ਪਤਾ ਨਹੀਂ ਕਿੰਨੀਆਂ ਥਾਵਾਂ ਬਦਲਣੀਆਂ ਪਈਆਂ। ਪੈਰਿਸ ਤੋਂ ਉਹ ਭੈਣ ਨੂੰ ਖ਼ਤ ਲਿਖ ਰਹੇ ਸਨ ਕਿ ਅਣਜਾਣੇ ਹੀ ਇਹ ਸ਼ਬਦ ਵੀ ਲਿਖ ਬੈਠੇ: ”ਪਰਵਾਸੀਆਂ ਦੀ ਹਾਲਤ ਇੱਥੇ ਬਹੁਤ ਹੀ ਬੁਰੀ ਹੈ।” ਲਿਖ ਸਾਥੀਆਂ ਬਾਰੇ ਰਹੇ ਸਨ, ਪਰ ਪਰਵਾਸੀ ਜੀਵਨ ਦੀਆਂ ਔਖੜ੍ਹਾ ਖ਼ੁਦ ਵੀ ਉਨ੍ਹਾਂ ਵਾਂਗ ਹੀ ਭੁਗਤ ਰਹੇ ਸਨ।
ਉਂਜ ਉਲੀਆਨੋਵ ਜੋੜੇ ਦੀਆਂ ਜ਼ਰੂਰਤਾਂ ਏਨੀਆਂ ਘੱਟ ਸਨ ਕਿ ਖ਼ੁਦ ਵਿੱਤੀ ਦੁਸ਼ਵਾਰੀਆਂ ਦੀਆਂ ਧਾਰਨਾਵਾਂ ਵੀ ਉਨ੍ਹਾਂ ਦੀਆਂ ਨਜ਼ਰਾਂ ਵਿਚ ਕਾਫ਼ੀ ਆਪਣੀਆਂ ਬਣ ਜਾਂਦੀਆਂ ਸਨ। ਲੈਨਿਨ ਲਈ ਕਿਸੇ ਵੀ ਨਗਰ ਵਿਚ ਰਹਿਣ-ਸਹਿਣ ਦੀਆਂ ਸਥਿਤੀਆਂ ਚੰਗੀਆਂ ਜਾਂ ਬੁਰੀਆਂ ਹੋਣ ਦਾ ਮਾਪਦੰਡ ਇਹ ਸੀ ਕਿ ਉਥੋਂ ਦੀ ਲਾਇਬਰੇਰੀ ਕਿਵੇਂ ਦੀ ਹੈ। ਆਪਣੇ ਰਿਸ਼ਤੇਦਾਰਾਂ ਨੂੰ ਉਨ੍ਹਾਂ ਨੇ ਲਿਖਿਆ ਕਿ ਕ੍ਰਾਕੋਵ ਦੀ ਲਾਇਬਰੇਰੀ ਉਵੇਂ ਹੀ ”ਖ਼ਰਾਬ ਤੇ ਬਹੁਤ ਤਰਸਯੋਗ” ਹੈ, ਜਿਵੇਂ ਪੈਰਿਸ ਦੀ ਕੌਮੀ ਲਾਇਬਰੇਰੀ, ਜਿਸ ਵਿਚ ”ਬੜੀ ਬਦਇੰਤਜ਼ਾਮੀ’ ਹੈ। ਉਨ੍ਹਾਂ ਨੇ ਲਿਖਿਆ ਕਿ ”ਸਾਨੂੰ ਜਨੇਵਾ ਜ਼ਿਆਦਾ ਯਾਦ ਆਉਂਦਾ ਸੀ, ਜਿੱਥੇ ਕੰਮ ਕਰਨ ਦੀਆਂ ਜ਼ਿਆਦਾ ਸਹੂਲਤਾਂ ਸਨ।” ਜਿਊਰਿਖ ਬਾਰੇ ਉਨ੍ਹਾਂ ਦਾ ਲਿਖਣਾ ਸੀ ਕਿ ”ਮੈਨੂੰ ਅਤੇ ਨਾਦੇਜ਼ਦਾ ਨੂੰ ਜਿਊਰਿਖ ਬਹੁਤ ਪਸੰਦ ਆਇਆ ਹੈ, ਇਥੇ ਚੰਗੀਆਂ ਲਾਇਬਰੇਰੀਆਂ ਹਨ।” ਸਭ ਤੋਂ ਔਖਾ ਤਾਂ ਰੂਸ ਨਾਲੋਂ ਕੱਟੇ ਹੋਣ ਦਾ ਅਹਿਸਾਸ ਸੀ। ਫਿਰ ਪਾਰਟੀ ਦੇ ਅੰਦਰੂਨੀ ਮਤਭੇਦ ਤੇ ਉਨ੍ਹਾਂ ਲੋਕਾਂ ਨਾਲ ਸਬੰਧਾਂ ‘ਚ ਵਿਗਾੜ ਵੀ ਮਨ ਨੂੰ ਬਹੁਤ ਤਕਲੀਫ਼ ਪਹੁੰਚਾਉਂਦੇ ਸਨ, ਜਿਨ੍ਹਾਂ ਨੂੰ ਕੱਲ੍ਹ ਤੱਕ ਹੀ ਆਪਣਾ ਮੰਨਿਆ ਜਾਂਦਾ ਸੀ ਤੇ ਅੱਜ ਵੀ ਜਿਨ੍ਹਾਂ ਵਲੋਂ ਉਦਾਸੀਨ ਨਹੀਂ ਹੋਇਆ ਜਾ ਸਕਦਾ। ਪਰਵਾਸ ਦੇ ਦਿਨ ਵਾਪਸੀ ਦੀ ਉਮੀਦ ਕਰਦੇ, ਇਨਕਲਾਬ ਵਿਚ ਵਿਸ਼ਵਾਸ ਰੱਖਦੇ, ਉਸ ਬਾਰੇ ਸੋਚਦੇ ਅਤੇ ਉਸ ਲਈ ਕੰਮ ਕਰਦੇ ਹੋਏ ਲੰਘਦੇ ਸਨ। 1905 ਦੀ ਪਹਿਲੀ ਰੂਸੀ ਕਰਾਂਤੀ ਦੀ ਹਾਰ ਮਗਰੋਂ ਜਦੋਂ ਫਿਰ ਵਿਦੇਸ਼ ਵਿਚ ਪਨਾਹ ਲੈਣੀ ਪਈ, ਤਾਂ ਇਕ ਮੌਕੇ ‘ਤੇ ਲੈਨਿਨ ਦੇ ਮੂੰਹੋਂ ਅਜਾਈਂ ਹੀ ਨਿਕਲ ਗਿਆ : ”ਮੈਨੂੰ ਲਗਦਾ ਹੈ ਕਿ ਜਿਵੇਂ ਮੈਂ ਇੱਥੇ ਤਾਬੂਤ ਵਿਚ ਪੈਣ ਲਈ ਹੀ ਆਇਆ ਹਾਂ।” ਪਰ ਉਨ੍ਹੀਂ ਦਿਨੀਂ ਉਨ੍ਹਾਂ ਨੇ ਇਹ ਵੀ ਲਿਖਿਆ : ”ਥੋੜ੍ਹਾ ਇੰਤਜ਼ਾਰ ਕਰੋ, 1905 ਫੇਰ ਆਏਗਾ। ਮਜ਼ਦੂਰ ਘਟਨਾਵਾਂ ਨੂੰ ਇੰਜ ਹੀ ਦੇਖ ਰਹੇ ਹਨ। ਉਨ੍ਹਾਂ ਲਈ ਸੰਘਰਸ਼ ਦੇ ਇਸ ਸਾਲ ਨੇ ਇਸ ਦੀ ਮਿਸਾਲ ਪੇਸ਼ ਕੀਤੀ ਹੈ ਕਿ ਕੀ ਕਰਨਾ ਚਾਹੀਦਾ ਹੈ।”
ਪਰਦੇਸ ਵਿਚ ਆਪਣੀ ਭਟਕਣਾ ਦੇ ਬਿਲਕੁਲ ਅੰਤ ਵਿਚ ਉਨ੍ਹਾਂ ਨੇ ਇਕ ਖ਼ਤ ਵਿਚ ਲਿਖਿਆ : ”ਤਾਂ ਇਵੇਂ ਦੀ ਰਹੀ ਹੈ ਮੇਰੀ ਤਕਦੀਰ। ਸਿਆਸੀ ਬੇਵਕੂਫ਼ੀਆਂ, ਖੋਖਲਾਪਣ, ਮੌਕਾਪ੍ਰਸਤੀ ਆਦਿ ਵਿਰੁੱਧ ਇਕ ਤੋਂ ਬਾਅਦ ਇਕ ਜੁਝਾਰੂ ਮੁਹਿੰਮ। 1893 ਤੋਂ ਇਵੇਂ ਹੀ ਚੱਲਿਆ ਆ ਰਿਹਾ ਹੈ। ਅਤੇ ਇਸ ਕਾਰਨ ਖੋਖਲੇ ਲੋਕਾਂ ਦੀ ਨਫ਼ਰਤ ਦਾ ਸ਼ਿਕਾਰ ਵੀ ਬਣਦਾ ਰਿਹਾ ਹਾਂ। ਪਰ ਮੈਂ ਫਿਰ ਵੀ ਆਪਣੀ ਇਸ ਤਕਦੀਰ ਨੂੰ ਬਦਲ ਕੇ ਖੋਖਲੇ ਲੋਕਾਂ ਨਾਲ ‘ਸੁਲਹ’ ਨਹੀਂ ਕਰਨਾ ਚਾਹਾਂਗਾ।”
ਕੀ ਪਤਾ, ਲੈਨਿਨ ਦੀ ਜਿਊਰਿਖ, 1916 ਵਾਲੀ ਫ਼ੋਟੋ ਉਦੋਂ ਹੀ ਖਿੱਚੀ ਗਈ ਹੋਵੇ। ਪਰ ਉਸ ਸਮੇਂ ਕੌਣ ਜਾਣਦਾ ਸੀ ਕਿ ਇਹ ਲੈਨਿਨ ਦੀ ਵਿਦੇਸ਼ ਵਿਚ ਖਿੱਚੀ ਗਈ ਆਖ਼ਰੀ ਤਸਵੀਰ ਹੋਵੇਗੀ! ਕੌਣ ਸੋਚ ਸਕਦਾ ਸੀ ਕਿ ਬਹੁਤ ਜਲਦੀ ਹੀ ਇਸ ਤਸਵੀਰ ਦੀ ਸਟਾਕਹੋਮ ਦੇ ‘ਪੋਲਿਟਿਕੇਨ’ ਅਖ਼ਬਾਰ ਨੂੰ ਜ਼ਰੂਰਤ ਪਏਗੀ, ਉਸ ਨੂੰ ਰੂਸੀ ਇਨਕਲਾਬੀ ਵਾਤਸਲਾਵ ਵੋਰੋਵਸਕੀ ਦੇ ਲੈਨਿਨ ਬਾਰੇ ਲੇਖ ਨਾਲ ਛਾਪਿਆ ਜਾਵੇਗਾ ਤੇ ਲੈਨਿਨ ਰੂਸ ਚਲੇ ਜਾਣਗੇ।
ਹੁਣ ਜ਼ਰਾ ਉਸ ਆਦਮੀ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਜੋ ਲਗਭਗ 15 ਵਰ੍ਹਿਆਂ ਦੇ ਪਰਵਾਸ ਮਗਰੋਂ ਦੇਸ਼ ਪਰਤ ਰਿਹਾ ਹੋਵੇ। ਉਹ ਜ਼ਾਰਸ਼ਾਹੀ ਦਾ ਤਖ਼ਤਾ ਪਲਟਣ ਵਾਲੀ ਫ਼ਰਵਰੀ ਕਰਾਂਤੀ ਦੀ ਜੈ-ਜੈਕਾਰ ਦੇ ਗੀਤ ਨਹੀਂ ਸੁਣ ਸਕਿਆ ਸੀ ਤੇ ਚਿੱਠਿਆਂ ਅਤੇ ਅਖ਼ਬਾਰਾਂ ਰਾਹੀਂ ਹੀ ਸਾਰੀਆਂ ਸੂਚਨਾਵਾਂ ਲੈਣ ਲਈ ਮਜਬੂਰ ਸੀ, ਜੋ ਬਹੁਤ ਸੰਖੇਪ ਤੇ ਬਹੁਤ ਆਪਾ-ਵਿਰੋਧੀ ਸਨ। ਪਰ ਅਪ੍ਰੈਲ ਦੀ ਰਾਤ, ਚਲਦੀ ਰੇਲਗੱਡੀ ਵਿਚ ਉਹ ਪ੍ਰਤੱਖਦਰਸ਼ੀ ਵਰਗੀ ਸ਼ੁੱਧਤਾ ਨਾਲ ਲਿਖ ਰਿਹਾ ਸੀ- ਜੋ ਹੋਇਆ ਸੀ, ਉਸ ਬਾਰੇ ਨਹੀਂ, ਬਲਕਿ ਅਗਲੇ ਛੇ ਮਹੀਨਿਆਂ ਵਿਚ ਰੂਸ ਵਿਚ ਜੋ ਹੋਵੇਗਾ, ਜੋ ਵਾਪਰੇਗਾ, ਉਸ ਬਾਰੇ। ਉਹ ਪ੍ਰਸਿੱਧ ਅਪ੍ਰੈਲ ਥੀਸਜ਼ ਲਿਖ ਰਿਹਾ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਵਰਤਮਾਨ ਪਲ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਇਨਕਲਾਬ ਦੇ ਪਹਿਲੇ ਪੜਾਅ ਤੋਂ, ਜਿਸ ਨੇ ਸੱਤਾ ਬੁਰਜੁਆਜ਼ੀ ਨੂੰ ਸੌਂਪੀ ਸੀ, ਉਸ ਦੇ ਦੂਸਰੇ ਪੜਾਅ ਵਿਚ ਦਾਖ਼ ਹੋਇਆ ਜਾ ਰਿਹਾ ਹੈ, ਜਿਸ ਤਹਿਤ ਸੱਤਾ ਪਰੋਲੇਤਾਰਾਂ ਤੇ ਗ਼ਰੀਬ ਕਿਸਾਨਾਂ ਨੂੰ ਸੌਂਪਣੀ ਹੋਵੇਗੀ। ਲੈਨਿਨ ਨੂੰ ਪੂਰਨ ਵਿਸ਼ਵਾਸ ਸੀ ਕਿ ਸਭ ਕੁਝ ਠੀਕ ਅਜਿਹਾ ਹੀ ਹੋਵੇਗਾ, ਭਾਵੇਂ ਇਸ ਢੰਗ ਨਾਲ ਸੋਚਣ ਵਾਲੇ ਹਾਲੇ ਘੱਟ-ਗਿਣਤੀ ਵਿਚ ਹੀ ਕਿਉਂ ਨਾ ਹੋਣ।
ਪੇਤਰੋਗਰਾਦ ਵਿਚ ਫ਼ਿਨਲੈਂਡ ਸਟੇਸ਼ਨ ਦੇ ਪਲੇਟਫ਼ਾਰਮ ‘ਤੇ ਸਲਾਮੀ ਗਾਰਦ ਖੜ੍ਹੀ ਸੀ, ਬਾਹਰ ਮੈਦਾਨ ਵਿਚ ਸਵਾਗਤ ਲਈ ਹਜ਼ਾਰਾਂ ਮਜ਼ਦੂਰ, ਫ਼ੌਜੀ ਤੇ ਜਹਾਜ਼ੀ ਜਮ੍ਹਾ ਸਨ। ਅਗਲੇ ਦਿਨ ‘ਪ੍ਰਾਵਦਾ’ ਨੇ ਲਿਖਿਆ, ”ਸੜਕ ‘ਤੇ ਬਖ਼ਤਰਬੰਦ ਕਾਰ ‘ਤੇ ਖੜ੍ਹੇ ਹੋ ਕੇ ਸਾਥੀ ਲੈਨਿਨ ਨੇ ਇਨਕਲਾਬੀ ਰੂਸੀ ਸਰਵਹਾਰਾ ਤੇ ਇਨਕਲਾਬੀ ਰੂਸੀ ਫ਼ੌਜ ਦਾ ਸਵਾਗਤ ਕੂਬਲਿਆ”। ਰੂਸ ਪਹੁੰਚ ਕੇ ਲੈਨਿਨ ਨੇ ਪਹਿਲਾ ਕੰਮ ਇਹ ਕੀਤਾ ਕਿ ਪਾਰਟੀ ਅੱਗੇ ਸਪਸ਼ਟ ਤੇ ਤੈਅਸ਼ੁਦਾ ਕੰਮ ਰੱਖੇ। ਪਾਰਟੀ ਨੇ ਉਨ੍ਹਾਂ ਨੂੰ ਪੂਰਾ ਕੀਤਾ ਤੇ ਸੱਤਾ ਵਿਚ ਆਈ।
ਉਨ੍ਹਾਂ ਦੀ ਜੀਵਨ ਤੇ ਸੰਘਰਸ਼ ਦੀ ਸਾਥੀ ਨਾਦੇਜ਼ਦਾ ਕਰੂਪਸਕਾਇਆ ਲਿਖਦੀ ਹੈ,
”ਲੈਨਿਨ ਜੇਕਰ ਸਰਵਹਾਰਾ ਇਨਕਲਾਬੀਆਂ ਦੇ ਯੁੱਗ ਦੀ ਥਾਂ ਕਿਸੇ ਹੋਰ ਯੁੱਗ ਵਿਚ ਹੋਏ ਹੁੰਦੇ ਤਾਂ ਹੋਰ ਕੁਝ ਹੀ ਬਣੇ ਹੁੰਦੇ”।

ਵਿਦਰੋਹ
ਸਰਘੀ ਵੇਲਾ ਸੀ। ਝੀਲ ਦਾ ਸ਼ਾਂਤ, ਕੋਈ ਹਲਚਲ ਨਾ ਕਰਦਾ ਹੋਇਆ ਭੂਰਾ ਵਿਸਤਾਰ ਇਉਂ ਫੈਲਿਆ ਪਿਆ ਸੀ, ਜਿਵੇਂ ਕੋਈ ਚਾਦਰ ਤਣੀ ਹੋਵੇ-ਠੀਕ ਉਵੇਂ ਹੀ, ਜਿਵੇਂ ਇਸ ਤਰ੍ਹਾਂ ਦੀ ਫ਼ੋਟੋ ਲੈਂਦੇ ਹੋਏ ਪਿਛੇ ਤਾਣੀ ਜਾਂਦੀ ਹੈ। ਫ਼ੋਟੋ ਪਛਾਣਪੱਤਰ ਲਈ ਸੀ ਤੇ ਪਛਾਣਪੱਤਰ ‘ਤੇ ਲਿਖਿਆ ਸੀ : ”ਸੇਸਤਰੋਰੇਤਸਕੀ ਅਸਲਾ ਕਾਰਖ਼ਾਨਾ। ਇਸ ਦੇ ਧਾਰਕ ਕੋਨਸਤਾਨਤੀਨ ਪੇਤਰੋਵਿਚ ਇਵਾਨੋਵ ਨੂੰ 1 ਜਨਵਰੀ 1918 ਤੱਕ ਕਾਰਖ਼ਾਨੇ ਦੇ ਬਾਰੂਦਘਰ ਵਿਚ ਦਾਖ਼ਲੇ ਦੀ ਆਗਿਆ ਹੈ।” 1 ਜਨਵਰੀ, 1918! ਉਦੋਂ ਭਲਾ ਕੌਣ ਸੋਚ ਸਕਦਾ ਸੀ ਕਿ ਪਛਾਣਪੱਤਰ ਦਾ ਧਾਰਕ ਇਸ ਤਾਰੀਕ ਤੱਕ ਕੀ ਬਣ ਜਾਵੇਗਾ…
1905 ਦੇ ਇਨਕਲਾਬ ਸਮੇਂ ਲੈਨਿਨ ਜਦੋਂ ਰੂਸ ਪਰਤੇ ਸਨ, ਤਾਂ ਕਾਨੂੰਨੀ ਤੌਰ ‘ਤੇ ਸਿਰਫ਼ ਦੋ ਦਿਨ ਰਹਿ ਸਕੇ ਸਨ। 1917 ਦੇ ਫ਼ਰਵਰੀ ਇਨਕਲਾਬ ਤੋਂ ਬਾਅਦ ਦੇਸ਼ ਪਰਤੇ, ਤਾਂ ਖੁੱਲ੍ਹੇਆਮ ਤਿੰਨ ਮਹੀਨੇ ਰਹਿ ਸਕੇ, ਜਿਸਤੋਂ ਬਾਅਦ ਭੂਮੀਗਤ ਹੋ ਜਾਣਾ ਪਿਆ ਤੇ ਪਹਿਲਾਂ ਪੇਤਰੋਗਰਾਦ ਦੇ ਬਾਹਰ ਰਜ਼ਲੀਵ ਝੀਲ ਦੇ ਕਿਨਾਰੇ ‘ਤੇ, ਫਿਰ ਹੇਲਿਸੰਗਫ਼ੋਰਸ ਤੇ ਫ਼ਿਰ ਵੀਬੋਰਗ ਵਿਚ ਲੁਕ ਕੇ ਰਹੇ। ਸਿਆਲ ਵਿਚ ਪੇਤਰੋਗਰਾਦ ਪਰਤੇ, ਤਾਂ ਸੇਦਰੋਬੋਲਸਕਾਇਆ ਸੜਕ ਦੇ ਇਕ ਫਲੈਟ ਨੂੰ ਆਪਣਾ ਗੁਪਤ ਅੱਡ ਬਣਾਇਆ ਤੇ ਜੀ-ਜਾਨ ਨਾਲ ਵਿਦਰੋਹ ਦੀਆਂ ਤਿਆਰੀਆਂ ਵਿਚ ਜੁਟ ਗਏ।
ਜਦੋਂ ਪੁਰਾਣੀ ਦੁਨੀਆ ਦਾ ਆਖ਼ਰੀ ਦਿਨ, ਭਾਵ ਮੰਗਲਵਾਰ 24 ਅਕਤੂਬਰ (6 ਨਵੰਬਰ), 1917 ਆਇਆ, ਤਾਂ ਸਾਥੀਆਂ ਵਲੋਂ ਕੁਝ ਹੋਰ ਠਹਿਰਣ,  ਰੁਕਣ ਦੇ ਤਰਲਿਆਂ ਦੇ ਬਾਵਜੂਦ ਸਮੋਲਨੀ ਵਿਚ ਚਲੇ ਗਏ, ਜੋ ਅਕਤੂਬਰ ਦੇ ਦਿਨਾਂ ਵਿਚ ਇਨਕਲਾਬੀ ਸ਼ਕਤੀਆਂ ਦਾ ਮੁੱਖ ਦਫ਼ਤਰ ਬਣਿਆ ਹੋਇਆ ਸੀ। ਸੇਦਰੋਬੋਲਸਕਾਇਆ ਸੜਕ ਵਾਲੇ ਫ਼ਲੈਟ ਵਿਚ ਆਪਣੇ ਪਿੱਛੇ ਉਹ ਜੋ ਪਰਚੀ ਛੱਡ ਗਏ, ਉਸ ‘ਤੇ ਲਿਖਿਆ ਸੀ : ”ਜਿੱਥੇ ਜਾਣ ਤੋਂ ਤੁਸੀਂ ਮੈਨੂੰ ਰੋਕ ਰਹੇ ਸੀ, ਉਥੇ ਚਲਾ ਗਿਆ ਹਾਂ-ਇਲੀਚ।” ਉਸ ਸ਼ਾਮ ਸੜਕ ਕਿਨਾਰੇ ਚਲਦਿਆਂ,  ਗਸ਼ਤੀ ਦਸਤਿਆਂ ਤੋਂ ਨਜ਼ਰ ਬਚਾਉਂਦਿਆਂ ਤੇ ਲੀਤੇਈਨੀ ਪੁਲ ਪਾਰ ਕਰਦੇ ਹੋਏ ਲੈਨਿਨ ਕਿਸ ਬਾਰੇ ਸੋਚ ਰਹੇ ਸਨ? ਅਗਲੀਆਂ ਕਾਰਵਾਈਆਂ ਬਾਰੇ? ਪਾਰਟੀ ਦੀ ਕੇਂਦਰੀ ਕਮੇਟੀ ਦੇ ਨਾਂ ਲਿਖੇ ਪੱਤਰ ਦੀ ਸਿਆਹੀ ਹੁਣੇ-ਹੁਣੇ ਸੁੱਕੀ ਸੀ : ”ਮੈਂ ਇਹ ਸਤਰਾਂ 24 ਤਾਰੀਕ ਦੀ ਸ਼ਾਮ ਨੂੰ ਲਿਖ ਰਿਹਾ ਹਾਂ…ਇਤਿਹਾਸ ਉਨ੍ਹਾਂ ਇਨਕਲਾਬੀਆਂ ਵਲੋਂ ਦੇਰ ਕੀਤੇ ਜਾਣ ਨੂੰ ਮੁਆਫ਼ ਨਹੀਂ ਕਰੇਗਾ,ਜੋ ਅੱਜ ਜਿੱਤ ਸਕਦੇ ਸਨ (ਤੇ ਲਾਜ਼ਮੀ ਹੀ ਜਿੱਤਣਗੇ ਵੀ), ਜਦਕਿ ਕੱਲ੍ਹ ਬਹੁਤ ਕੁਝ ਗਵਾਉਣ  ਦਾ ਖ਼ਤਰਾ ਚੁੱਕਣਾ ਪਵੇਗਾ।”
ਸਮੋਲਨੀ ਪਹੁੰਚ ਕੇ ਤੇ ਵਿਦਰੋਹ ਦੀ ਕਮਾਂਡ ਆਪਣੇ ਹੱਥਾਂ ਵਿਚ ਲੈ ਕੇ ਲੈਨਿਨ ਪੂਰੀ ਤਰ੍ਹਾਂ ਨਾਲ ਉਸ ਵਿਚ ਹੀ ਗਵਾਚ ਗਏ।  ”ਅਸੀਂ ਹਰ ਸਮੇਂ ਸਮੋਲਨੀ ਵਿਚ, ਉਸ ਦੀ ਪਹਿਲੀ ਮੰਜ਼ਿਲ ਦੇ ਇਕ ਛੋਟੇ ਜਿਹੇ ਕਮਰੇ ਵਿਚ ਸੀ” ਵਿਦਰੋਹ ਦੇ ਇਕ ਸਰਗਰਮ ਸਾਥੀ,  ਗ਼ ਲੋਮੋਵ-ਓਪਪੋਕੋਵ, ਨੇ ਇਸ ਰਾਤ ਨੂੰ ਯਾਦ ਕਰਦਿਆਂ ਲਿਖਿਆ, ”ਕੁਰਸੀਆਂ ਪੂਰੀਆਂ ਨਹੀਂ ਪੈ ਰਹੀਆਂ ਸਨ, ਇਸ ਲਈ ਕੇਂਦਰੀ ਕਮੇਟੀ ਦੇ ਕੁਝ ਮੈਂਬਰ ਫ਼ਰਸ਼ ‘ਤੇ ਪਲਾਥੀਆਂ ਮਾਰ ਕੇ ਬੈਠੇ ਸਨ। ਸਾਰੇ ਜਿਵੇਂ ਕਿ ਉਡੀਕ ਕਰ ਰਹੇ ਸਨ, ਜਿਵੇਂ ਕਿ ਹਾਲੇ ਕੁਝ ਹੋਰ ਵਾਪਰਨਾ ਸੀ ਤੇ ਉਸ ਤੋਂ ਬਾਅਦ ਅਸਲੀ ਵਿਦਰੋਹ ਸ਼ੁਰੂ ਹੋਣਾ ਸੀ।…ਉਸੇ ਵੇਲੇ ਦਰਵਾਜ਼ੇ ‘ਤੇ ਲੈਨਿਨ ਪ੍ਰਗਟ ਹੋਏ। ਉਹ ਪਹਿਲਾਂ ਵਾਂਗ ਹੀ ਨਕਲੀ ਜਿਹੇ ਵਾਲ ਲਗਾ ਕੇ ਆਏ ਸਨ। ਉਨ੍ਹਾਂ ਨੂੰ ਪਛਾਣ ਸਕਣਾ ਮੁਸ਼ਕਲ ਸੀ। ਤੁਰੰਤ ਕੁਝ ਮਿੰਟਾਂ ਵਿਚ ਹੀ ਵਾਤਾਵਰਣ ਬਦਲ ਗਿਆ। ਲੈਨਿਨ ਉਤਸ਼ਾਹਤ ਸਨ। ਉਹ ਸਾਡੇ ਢਿੱਲੇਪਣ ‘ਤੇ ਨਾਰਾਜ਼ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਸਾਰੀਆਂ ਇਮਾਰਤਾਂ, ਸਾਰੇ ਸਰਕਾਰੀ ਵਿਭਾਗਾਂ ‘ਤੇ ਕਬਜ਼ਾ ਕਰਨ ਦੇ ਹੁਕਮ ਤੁਰੰਤ ਭੇਜ ਦਿੱਤੇ ਜਾਣ…”
ਨਗਰ ਬਾਗੀਆਂ ਦੇ ਹੱਥਾਂ ਵਿਚ ਆ ਗਿਆ ਸੀ। ਸਵੇਰ ਤੱਕ ਮਹਿਲ ਪੁਲ ‘ਤੇ ਕਬਜ਼ਾ ਕਰ ਲਿਆ ਗਿਆ। ਤੇ ਹੁਣ ਸਿਆਲ ਮਹਿਲ (ਜਿੱਥੇ ਪਲਟੀ ਗਈ ਸਰਕਾਰ ਦੇ ਲੋਕ ਬੈਠੇ ਸਨ) ਬਿਲਕੁਲ ਹੀ ਸਾਹਮਣੇ ਖੜ੍ਹਾ ਸੀ। ਲੈਨਿਨ ਨੇ ਫਿਰ ਕਾਹਲੀ ਪਾਈ : ਇਨਕਲਾਬ ਹੋ ਚੁੱਕਾ ਹੈ, ਪਰ ਸਿਆਲ ਮਹਿਲ ‘ਤੇ ਹਾਲੇ ਤੱਕ ਕਬਜ਼ਾ ਨਹੀਂ ਕੀਤਾ ਗਿਆ ਹੈ, ਸਰਕਾਰ ਪਲਟੀ ਜਾ ਚੁੱਕੀ ਹੈ, ਪਰ ਮੰਤਰੀ ਲੋਕ ਸਿਆਲ ਮਹਿਲ ਵਿਚ ਹਾਲੇ ਵੀ ਮੀਟਿੰਗ ਕਰ ਰਹੇ ਹਨ। ਪੇਤਰੋਗਰਾਦ ਫ਼ੌਜੀ-ਇਨਕਲਾਬੀ ਕਮੇਟੀ ਦੇ ਉਸ ਵੇਲੇ ਦੇ ਮੁਖੀ ਨæ ਪੋਦੱਵੋਇਸਕੀ ਆਪਣੀਆਂ ਯਾਦਾਂ ਵਿਚ ਲਿਖਦੇ ਹਨ : ”11 ਵਜੇ ਸਵੇਰ ਤੋਂ ਲੈ ਕੇ 11 ਵਜੇ ਰਾਤ ਤੱਕ ਲੈਨਿਨ ਸਾਡੇ ਸਾਰਿਆਂ ‘ਤੇ ਪਰਚੀਆਂ ਦੀ ਸ਼ਬਦੀ ਵਾਛੜ ਕਰਦੇ ਰਹੇ। ਉਹ ਲਿਖਦੇ ਰਹੇ ਸਨ ਕਿ ਅਸੀਂ ਸਾਰੀਆਂ ਯੋਜਨਾਵਾਂ ‘ਤੇ ਪਾਣੀ ਫੇਰ ਰਹੇ ਹਾਂ, ਕਾਂਗਰਸ ਸ਼ੁਰੂ ਹੋ ਰਹੀ ਹੈ ਤੇ ਅਸੀਂ ਸਿਆਲ ਮਹਿਲ ‘ਤੇ ਹਾਲੇ ਤੱਕ ਕਬਜ਼ਾ ਨਹੀਂ ਕਰ ਸਕੇ…”
ਆਖ਼ਰਕਾਰ ਸਿਆਲ ਮਹਿਲ ‘ਤੇ ਵੀ ਕਬਜ਼ਾ ਹੋ ਗਿਆ। ਪੋਦੱਵੋਇਸਕੀ, ਲੈਨਿਨ ਨੂੰ ਸਿਆਲ ਮਹਿਲ ‘ਤੇ ਧਾਵੇ ਬਾਰੇ ਦੱਸਣ ਲਈ ਰਸਤੇ ਵਿਚ ਢੁਕਵੇਂ ਸ਼ਬਦਾਂ ਬਾਰੇ ਸੋਚਦੇ ਹੋਏ ਦੌੜੇ-ਦੌੜੇ ਸਮੋਲਨੀ ਪਹੁੰਚੇ। ”ਮੈਂ ਇਹ ਅੰਦਾਜ਼ਾ ਲਗਾ ਕੇ ਮਨ ਹੀ ਮਨ ਖ਼ੁਸ਼ ਹੋ ਰਿਹਾ ਸੀ ਕਿ ਲੈਨਿਨ ਕਿੰਨੀ ਖ਼ੁਸ਼ੀ ਨਾਲ ਮੈਨੂੰ ਸੁਣਨਗੇ। ਪਰ ਜਦੋਂ ਮੈਂ ਲਗਭਗ ਹਫ਼ਦਾ ਹੋਇਆ ਲੈਨਿਨ ਦੇ ਕਮਰੇ ਵਿਚ ਪਹੁੰਚਿਆ, ਤਾਂ ਉਹ ਬਹੁਤ ਹੀ ਧਿਆਨਮਗਨ ਸਨ।” ਲੈਨਿਨ ਸੋਵੀਅਤ ਸਰਕਾਰ ਦੀਆਂ ਪਹਿਲੀਆਂ ਤਰਜੀਹਾਂ ਦਾ ਮਸੌਦਾ ਲਿਖਣ ਵਿਚ ਰੁੱਝੇ ਸਨ ਤੇ ਪੋਦੱਵੋਇਸਕੀ ਨੂੰ ਖ਼ਾਮੋਸ਼ੀ ਨਾਲ ਸੁਣ ਕੇ ਫਿਰ ਕਾਪੀ ਦੇ ਪੰਨਿਆਂ ‘ਤੇ ਝੁਕ ਗਏ। ਸਿਆਲ ਮਹਿਲ ‘ਤੇ ਅਧਿਕਾਰ ਹੋ ਗਿਆ, ਭਾਵ ਇਕ ਅਧਿਆਏ ਹੁਣ ਖ਼ਤਮ ਹੋ ਗਿਆ ਹੈ।  ”ਰੂਸ ਵਿਚ ਹੁਣ ਸਾਨੂੰ ਪਰੋਲੇਤਾਰੀ ਸਮਾਜਵਾਦੀ ਰਾਜ ਦੀ ਉਸਾਰੀ ਵਿਚ ਜੁਟਣਾ ਹੋਵੇਗਾ।” ਅਸਾਧਾਰਨ ਸਥਿਤੀਆਂ ਵਿਚ ਇਹ ਗੱਲ ਵਿਸ਼ੇਸ਼ ਸਪਸ਼ਟਤਾ ਨਾਲ ਪ੍ਰਗਟ ਹੋਈ, ਜੋ ਲੈਨਿਨ ਦੇ ਰੋਜ਼ਮੱਰਾ ਦੇ ਜੀਵਨ ਦਾ ਇਕ ਮਾਪਦੰਡ, ਇਕ ਨਿਯਮ ਸੀ ਤੇ ਜੋ ਹਰ ਇਨਕਲਾਬੀ ਲਈ ਜ਼ਰੂਰੀ ਹੋ ਸਕਦੀ ਹੈ। ਇਹ ਨਿਯਮ ਸੀ : ਕਦੇ ਇਸ ਬਹਾਨੇ ਕਲਾਈਮੈਕਸ-ਪਲ ਦੀ ਥਕਾਊ ਤੇ ਪੀੜਾਦਾਇਕ ਉਡੀਕ ਨਾ ਕਰਨ ਦਿਓ ਕਿ ਸਾਰੀ ਸ਼ਕਤੀ, ਸਾਰਾ ਜੋਸ਼ ਉਸ ਲਈ ਹੀ ਸਮੇਟ ਕੇ ਰੱਖਿਆ ਹੋਵੇ। ਜ਼ਰੂਰੀ ਇਹ ਹੈ ਕਿ ਅੱਜ ਹੀ ਪੂਰੀ ਸ਼ਕਤੀ ਲਗਾ ਕੇ ਕੰਮ ਕੀਤਾ ਜਾਵੇ ਤੇ ਜੇਕਰ ਸੰਕਲਪ, ਦ੍ਰਿੜਤਾ ਤੇ ਊਰਜਾ ਦੀ ਕਮੀ ਨਹੀਂ  ਹੈ, ਤਾਂ ਜੀਵਨ ਦੇ ਹਰ ਪਲ ਨੂੰ ਹੀ ਕਲਾਈਮੈਕਸ-ਪਲ ਬਣਾ ਦਿੱਤਾ ਜਾਵੇ।  

ਲੈਨਿਨ ਦਾ ਕਮਰਾ
ਜਦੋਂ ਤੱਕ ਸੰਵਿਧਾਨ ਸਭਾ ਨਹੀਂ ਸੱਦੀ ਜਾਂਦੀ, ਦੇਸ਼ ਦਾ ਸ਼ਾਸਨ ਚਲਾਉਣ ਲਈ ਅਸਥਾਈ ਮਜ਼ਦੂਰ ਤੇ ਕਿਸਾਨ ਸਰਕਾਰ ਦੀ ਉਸਾਰੀ ਕੀਤੀ ਜਾਵੇ, ਜੋ ਲੋਕ ਕੁਮੀਸਾਰਾਂ ਦੀ ਪ੍ਰੀਸ਼ਦ ਅਖੜ੍ਹਾਏਗੀ।…ਪ੍ਰੀਸ਼ਦ ਦੇ ਮੁਖੀ ਵਲਾਦੀਮੀਰ ਉਲੀਆਨੋਵ (ਲੈਨਿਨ) ਹੋਣਗੇ”। ਸੋਵੀਅਤਾਂ ਦੀ ਦੂਸਰੀ ਕਾਂਗਰਸ ਨੇ ਫ਼ੈਸਲਾ ਕੀਤਾ ਅਤੇ ਇਸ ਦੇ ਨਾਲ ਹੀ ਉਸ ਨੇ ਪਹਿਲੀਆਂ ਹਦਾਇਤਾਂ ਵੀ ਜਾਰੀ ਕੀਤੀਆਂ, ਜੋ ਅਮਨ ਤੇ ਜ਼ਮੀਨ ਦੇ ਸਵਾਲਾਂ ਨਾਲ ਸਬੰਧ ਰੱਖਦੀਆਂ ਸਨ।
ਸੋਵੀਅਤ ਸਰਕਾਰ ਦੇ ਮੁਖੀ ਦੇ ਦਫ਼ਤਰ ਲਈ ਸਮੋਲਨੀ ਦੀ ਤੀਸਰੀ ਮੰਜ਼ਿਲ ‘ਤੇ, ਉਸ ਦੇ ਦੱਖਣੀ ਹਿੱਸੇ ਵਿਚ 67 ਨੰਬਰ ਕਮਰਾ ਚੁਣਿਆ ਗਿਆ। ਉਸ ਦੇ ਦਰਵਾਜ਼ੇ ‘ਤੇ ਟੰਗੀ ਤਖ਼ਤੀ ਨੂੰ, ਜਿਸ ‘ਤੇ ‘ਅਧਿਆਪਕਾ-ਕਮਰਾ’ ਲਿਖਿਆ ਹੋਇਆ ਸੀ ਤੇ ਜੋ ਉਦੋਂ ਦੀ ਯਾਦ ਦਿਵਾਉਂਦੀ ਸੀ, ਜਦੋਂ ਇਸ ਇਮਾਰਤ ਵਿਚ ਸਾਰੇ ਵਰਗਾਂ ਦੀਆਂ ਕੁੜੀਆਂ ਦਾ ਸਕੂਲ ਹੋਇਆ ਕਰਦਾ ਸੀ, ਹਟਾਇਆ ਨਹੀਂ ਗਿਆ ਅਤੇ ਅੱਜ ਵੀ ਉਸ ਨੂੰ ਉਥੇ ਦੇਖਿਆ ਜਾ ਸਕਦਾ ਹੈ।
ਕਮਰੇ ਵਿਚ ਬਹੁਤ ਵੱਡੀ ਲਿਖਣ ਦੀ ਮੇਜ਼ ਲਿਆ ਕੇ ਰੱਖੀ ਗਈ, ਜਿਸ ਦਾ ਇਕ ਕੋਨਾ ਬਾਰੀ ਵੱਲ ਸੀ ਤੇ ਦੂਸਰਾ ਕਮਰੇ ਦੇ ਵਿਚਾਲੇ ਖੜ੍ਹੀ ਕੀਤੀ ਗਈ ਲੱਕੜ ਦੀ ਦੀਵਾਰ ਵੱਲ। ਲੈਨਿਨ ਜਦੋਂ ਮੇਜ਼ ਪਿੱਛੇ ਕੁਰਸੀ ‘ਤੇ ਬੈਠਦੇ, ਤਾਂ ਉਨ੍ਹਾਂ ਦਾ ਮੂੰਹ ਲੱਕੜ ਦੀ ਦੀਵਾਰ ਵੱਲ ਹੁੰਦਾ। ਦਰਵਾਜ਼ਾ ਨਾਲ ਹੀ ਸੀ ਤੇ ਕਮਰੇ ਵਿਚ ਆਉਣ ਵਾਲੇ ਨੂੰ ਦੇਖਣ ਲਈ ਉਨ੍ਹਾਂ ਨੂੰ ਸਿਰ ਘਮਾਉਣਾ ਪੈਂਦਾ ਸੀ। ਉਨ੍ਹਾਂ ਨੇ ਮੇਜ਼ ਕੁਰਸੀ ਨੂੰ ਇਵੇਂ ਕਿਉਂ ਰਖੜ੍ਹਾਇਆ ਸੀ? ਸ਼ਾਇਦ ਪੁਰਾਣੀ ਆਦਤ ਕਾਰਨ। ਇਹ ਉਨ੍ਹਾਂ ਦਾ ਪਹਿਲਾ ਦਫ਼ਤਰੀ-ਕਮਰਾ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਮੇਜ਼-ਕੁਰਸੀ ਦੀ ਜ਼ਰੂਰਤ ਕਿਤਾਬਾਂ-ਕਾਗ਼ਜ਼ ਰੱਖਣ ਅਤੇ ਬੈਠ ਕੇ ਪੜ੍ਹਨ-ਲਿਖਣ ਲਈ ਹੀ ਪਈ ਸੀ, ਨਾ ਕਿ ਅਗਵਾਈ ਕਰਨ ਲਈ, ਮੇਜ਼ ਦੇ ਦੂਜੇ ਪਾਸਿਓਂ ਮੁਲਾਕਾਤੀਆਂ ਨੂੰ ਮਿਲਣ ਤੇ ਗੱਲਾਂ ਕਰਨ ਲਈ। ਅੱਜ ਜਦੋਂ ਅਸੀਂ ਇਸ ਕਮਰੇ ਨੂੰ ਦੇਖਦੇ ਹਾਂ, ਤਾਂ ਹਰ ਸਮੇਂ ਲਗਦਾ ਹੈ ਕਿ ਜਿਵੇਂ ਇੱਥੇ ਕਿਸੇ ਚੀਜ਼, ਲੈਨਿਨ ਤੋਂ ਕਦੇ ਵੱਖ ਨਾ ਹੋਣ ਵਾਲੀ, ਉਨ੍ਹਾਂ ਨਾਲ ਹਮੇਸ਼ਾ ਜੁੜੀਆਂ ਚੀਜ਼ਾਂ ਦੀ ਕਮੀ ਹੈ। ਅਤੇ ਸਚਮੁੱਚ ਕਮਰੇ ਵਿਚ ਕਿਤਾਬਾਂ ਨਹੀਂ ਹਨ, ਕਿਤਾਬਾਂ ਦੀਆਂ ਅਲਮਾਰੀਆਂ ਤੇ ਖਾਨੇ ਨਹੀਂ ਹਨ। ਇਨਕਲਾਬ ਦਾ ਪਹਿਲਾ ਦਿਨ ਸ਼ਾਇਦ ਲੈਨਿਨ ਦੇ ਜੀਵਨ ਦਾ ਇਕੋ-ਇਕ ਅਜਿਹਾ ਦਿਨ ਸੀ ਜਦੋਂ ਉਨ੍ਹਾਂ ਨੂੰ ਕਿਤਾਬਾਂ ਲਈ ਇਕ ਮਿੰਟ ਵੀ ਫ਼ੁਰਸਤ ਨਹੀਂ ਸੀ ਮਿਲੀ। ਨਾਦੇਜ਼ਦਾ ਕਰੁਪਸਕਾਇਆ ਲਿਖਦੀ ਹੈ ਕਿ ਉਨ੍ਹੀਂ ਦਿਨੀਂ ਲੈਨਿਨ ਨੂੰ ਸਾਰੇ ਕੰਮ, ਇੱਥੋਂ ਤੱਕ ਕਿ ਮਾਮੂਲੀ ਤੋਂ ਮਾਮੂਲੀ  ਕੰਮ ਵੀ ਖ਼ੁਦ ਕਰਨੇ ਪਏ ਸਨ। ਨਵਾਂ ਰਾਜ ਬਣਾਇਆ ਜਾ ਰਿਹਾ ਸੀ, ਸ਼ਾਸਨ ਦੀ ਨਵੀਂ ਮਸ਼ੀਨਰੀ ਕਾਇਮ ਕੀਤੀ ਜਾ ਰਹੀ ਸੀ। ‘ਰੂਸੀ ਸੋਸ਼ਲ ਡੈਮੋਕਰੇਟ ਲੇਬਰ ਪਾਰਟੀ (ਬੋ.) ਦੀ ਕੇਂਦਰੀ ਕਮੇਟੀ ਦੇ ਬੁਲੇਟਿਨ ਦੇ ਅੰਕ 1 (29 ਅਕਤੂਬਰ, 1917) ਵਿਚ ਸੂਚਿਤ ਕੀਤਾ ਗਿਆ ਸੀ ਕਿ  ”…ਨਿਮਨ ਬੁਰਜੁਆਜ਼ੀ ਅਤੇ ਸਰਕਾਰੀ ਕਰਮਚਾਰੀ, ਫ਼ੌਜੀ-ਇਨਕਲਾਬੀ ਕਮੇਟੀ ਅਤੇ ਕਾਮਿਆਂ ਦੇ ਕੰਮ ਵਿਚ ਅੜਿੱਕੇ ਡਾਹ ਰਹੇ ਹਨ, ਉਨ੍ਹਾਂ ਦਾ ਬਾਈਕਾਟ ਕਰ ਰਹੇ ਹਨ। ਨਤੀਜੇ ਵਜੋਂ ਸ਼ਾਸਨ ਦਾ ਤਕਨੀਕੀ ਤੰਤਰ ਸਚਮੁੱਚ ਸਾਡੇ ਕੰਟਰੋਲ ਵਿਚ ਨਹੀਂ ਹੈ। ਇਸੇ ਤਰ੍ਹਾਂ ਤਾਰ ਵਿਭਾਗ ਵਾਲੇ ਵੀ ਸਾਡੇ ਕੰਮ ਵਿਚ ਰੁਕਾਵਟਾਂ ਖੜ੍ਹੀਆਂ ਕਰ ਰਹੇ ਹਨ ਤੇ ਸਾਡੇ ਤਾਰ ਨਹੀਂ ਭੇਜ ਰਹੇ ਹਨ…” ਬੁਲੇਟਿਨ ਵੀ ਹੱਥਾਂ ਨਾਲ ਲਿਖਿਆ ਹੋਇਆ ਸੀ, ਕਿਉਂਕਿ ਟਾਈਪਿਸਟਾਂ ਨੇ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਹਥਿਆਰਬੰਦ ਬਗਾਵਤ ਹਾਲੇ ਜਾਰੀ ਸੀ, ਪਰ ਅਗਲੀਆਂ ਕਾਰਵਾਈਆਂ ਕਰਨ ਦਾ ਵਕਤ ਆ ਗਿਆ ਸੀ। ਸਰਕਾਰ ਦੀ ਪਹਿਲੀ ਹੀ ਮੀਟਿੰਗ ਵਿਚ ਲੈਨਿਨ ਨੇ ਮਜ਼ਦੂਰ ਕੰਟਰੋਲ ਕਾਨੂੰਨ ਦਾ ਖਰੜਾ ਪੇਸ਼ ਕੀਤਾ। ਪ੍ਰਬੰਧਕਾਂ ਨੂੰ ਹੁਣ ਮਜ਼ਦੂਰ ਦੇ ਮਾਤਹਿਤ ਬਣਾ ਦਿੱਤਾ ਗਿਆ ਸੀ। ਸਮੋਲਨੀ ਵਿਚ ਕਿਸਾਨਾਂ ਦਾ ਆਉਣਾ-ਜਾਣਾ ਲੱਗਾ ਹੋਇਆ ਸੀ। ਉਹ ਜਾਣਨਾ ਚਾਹੁੰਦੇ ਸਨ ਕਿ ਕੀ ਉਹ ਜ਼ਿੰਮੀਦਾਰਾਂ ਦੀਆਂ ਜ਼ਮੀਨਾਂ ਲੈ ਸਕਦੇ ਹਨ।
ਲੈਨਿਨ ਨੇ ‘ਕਿਸਾਨਾਂ ਦੇ ਸਵਾਲਾਂ ਦਾ ਉੱਤਰ’ ਲਿਖਿਆ। ਉਨ੍ਹੀਂ ਦਿਨੀਂ ਸਮੋਲਨੀ ਵਿਚ ਜੋ ਵੀ ਕਿਸਾਨ ਆਇਆ, ਉਹ ਜਾਂਦਾ ਹੋਇਆ ਆਪਣੇ ਨਾਲ ਟਾਈਪ ਕੀਤੇ ਹੋਏ ਅਤੇ ਮੋਹਰ ਲੱਗੇ ਹੋਏ ਇਸ ਸਰਕਾਰੀ ਦਸਤਾਵੇਜ਼ ਦੀ ਕਾਪੀ ਲੈ ਗਿਆ। ਜ਼ਮੀਨ ਹੁਣ ਕਿਸਾਨਾਂ ਦੀ ਸੀ। ‘ਅਮਨ ਹਦਾਇਤਾਂ’ ਜਾਰੀ ਹੋ ਚੁੱਕੀਆਂ ਸਨ। ਪਰ ਫ਼ੌਜ ਪਹਿਲਾਂ ਵਾਂਗ ਹੀ ਮੌਜੂਦ ਸੀ। ਕੀ ਛੇਤੀ ਹੀ ਜਰਮਨੀ ਨਾਲ ਅਮਨ ਸੰਧੀ ਕੀਤੀ ਜਾ ਸਕੇਗੀ? ਲੈਨਿਨ ਨੇ ਇਨਕਲਾਬੀ ਫ਼ੌਜ ਦੇ ਸਾਰੇ ਫ਼ੌਜੀਆਂ ਅਤੇ ਇਨਕਲਾਬੀ ਬੇੜੇ ਦੇ ਸਾਰੇ ਜਲ ਸੈਨਿਕਾਂ ਨੂੰ ਰੇਡੀਓ ‘ਤੇ ਸੰਬੋਧਨ ਕੀਤਾ : ”ਮੋਰਚਿਆਂ ‘ਤੇ ਤੈਨਾਤ ਸਾਰੀਆਂ ਰੈਜਮੈਂਟਾਂ…ਦੁਸ਼ਮਣ ਨਾਲ ਯੁੱਧ-ਵਿਰਾਮ ਬਾਰੇ ਵਾਰਤਾ ਚਲਾਉਣ ਲਈ ਤੁਰੰਤ ਆਪਣੇ ਪ੍ਰਤੀਨਿਧ ਚੁਣਨ। ਲੋਕ ਕੁਮੀਸਾਰਾਂ ਦੀ ਪ੍ਰੀਸ਼ਦ ਤੁਹਾਨੂੰ ਇਹ ਅਧਿਕਾਰ ਦਿੰਦੀ ਹੈ।”
ਹੁਣ ਜ਼ਰਾ ਸੋਚੋ ਤੇ ਹਿਸਾਬ ਲਗਾ ਕੇ ਦੇਖੋ ਕਿ ਸੋਵੀਅਤ ਸੱਤਾ ਦੇ ਪਹਿਲੇ ਹੀ ਦਿਨਾਂ ਵਿਚ ਕਿੰਨੇ ਹਜ਼ਾਰ ਜਾਂ ਲੱਖ ਲੋਕਾਂ ਨੂੰ ਰਾਜ ਦੇ ਕੰਮ-ਕਾਜ ਵਿਚ ਹਿੱਸਾ ਲੈਣ ਲਈ ਹੱਲਾਸ਼ੇਰੀ ਦਿੱਤੀ ਗਈ ਸੀ।
ਅਕਤੂਬਰ ਇਨਕਲਾਬ ਮਗਰੋਂ ਆਪਣੇ ਪਹਿਲੇ ਇੰਟਰਵਿਊ ਵਿਚ, ਜੋ ਸਵੀਡਿਸ ਅਖ਼ਬਾਰ ਦੇ ਪੱਤਰਕਾਰ ਨੂੰ ਦਿੱਤਾ ਗਿਆ ਸੀ, ਲੈਨਿਨ ਨੇ ਆਪਣੀ ਸਿਹਤ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਕਿਹਾ ਕਿ ਕੰਮ ਦੇ ਵਾਧੂ ਬੋਝ ਦੇ ਬਾਵਜੂਦ ਉਹ ਆਪਣੇ ਆਪ ਨੂੰ ਖ਼ੂਬ ਭਲਾ-ਚੰਗਾ ਮਹਿਸੂਸ ਕਰ ਰਹੇ ਹਨ। ਸਿਰਫ਼ ਸੌਣ ਲਈ ਵਕਤ ਬਹੁਤ ਘੱਟ ਬਚਦਾ ਹੈ : ”ਮੇਰੀ ਇਕ ਹੀ ਇੱਛਾ ਰਹਿੰਦੀ ਹੈ ਕਿ ਭਾਵੇਂ ਅੱਧਾ ਘੰਟਾ ਹੀ ਸਹੀ, ਥੋੜ੍ਹਾ ਆਰਾਮ ਕਰ ਲਵਾਂ।”
ਲੈਨਿਨ ਹਦਾਇਤਾਂ ਦੇ ਖਰੜੇ ਲਿਖਦੇ ਸਨ, ਅਧਿਕਾਰ ਪੱਤਰਾਂ ‘ਤੇ ਹਸਤਾਖ਼ਰ ਕਰਦੇ ਸਨ, ਅੰਕੜਿਆਂ ਵਾਲੀਆਂ ਰਿਪੋਰਟਾਂ ਦੇ ਫਾਰਮ ਖ਼ੁਦ ਬਣਾਉਂਦੇ ਸਨ ਤੇ ਖ਼ੁਦ ਹੀ ਸਾਰੀਆਂ ਸਾਰਣੀਆਂ ਨੂੰ ਭਰਦੇ ਵੀ ਸਨ।
ਉਹ ਮੀਟਿੰਗਾਂ ਦੀ ਅਗਵਾਈ ਕਰਦੇ ਸਨ, ਮੀਟਿੰਗਾਂ, ਰੈਲੀਆਂ ਵਿਚ ਭਾਸ਼ਣ ਦਿੰਦੇ ਸਨ, ਮੁਲਾਕਾਤੀਆਂ ਨੂੰ ਮਿਲਦੇ ਸਨ। ਅੱਜ ਜਦੋਂ ਅਸੀਂ ਉਨ੍ਹਾਂ ਦਿਨਾਂ ਬਾਰੇ ਸੋਚਦੇ ਹਾਂ, ਤਾਂ ਹਰ ਸਮੇਂ ਇਕ ਚੀਜ਼ ਨੂੰ ਦੂਸਰੀ ਚੀਜ਼ ਤੋਂ ਵੱਖ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਜਿਵੇਂ, ਮਿਸਾਲ ਵਜੋਂ, ਸਰਕਾਰ ਦੀ ਉਸਾਰੀ ਨੂੰ ਪੇਤਰੋਗਰਾਦ ‘ਤੇ ਇਨਕਲਾਬੀ ਫ਼ੌਜਾਂ ਦੀ ਚੜ੍ਹਾਈ ਤੋਂ, ਜਨਤਕ ਕੌਂਸਲ ਦੀਆਂ ਪਹਿਲੀਆਂ ਮੀਟਿੰਗਾਂ ਨੂੰ ਯੁੰਕਰਾਂ ਦੇ ਵਿਦਰੋਹ ਤੇ ਸਰਕਾਰੀ ਮੁਲਾਜਮਾਂ ਦੀ ਭਰਾ-ਮਾਰ ਤੋਂ।
”ਹੈਰਾਨੀ ਨਹੀਂ”ਨਾਦੇਜ਼ਦਾ ਕਰੁਪਸਕਾਇਆ ਨੇ ਲਿਖਿਆ, ” ਦੇਰ ਰਾਤ ਸਮੋਲਨੀ ਦੇ ਕਮਰੇ ਵਿਚ ਲੱਕੜੀ ਦੀ ਵੰਡ ਕਰਦੀ ਦੀਵਾਰ ਦੇ ਇਸ ਪਾਰ ਆ ਕੇ ਵੀ, ਜਿੱਥੇ ਅਸੀਂ ਸੌਂਦੇ ਸੀ ਤੇ ਰਹਿੰਦੇ ਸੀ, ਲੈਨਿਨ ਸੌ ਨਹੀਂ ਸਨ ਪਾਉਂਦੇ। ਉਹ ਫਿਰ ਉਠ ਕੇ ਕਿਸੇ ਨੂੰ ਟੈਲੀਫ਼ੋਨ ਕਰਨ, ਕੋਈ ਫ਼ੌਰੀ ਹਦਾਇਤ ਦੇਣ ਚਲੇ ਜਾਂਦੇ। ਅਤੇ ਜਦੋਂ ਆਖ਼ਰਕਾਰ ਸੌ ਵੀ ਜਾਂਦੇ, ਤਾਂ ਵੀ ਨੀਂਦ ਵਿਚ ਕੰਮ ਬਾਰੇ ਬੁੜਬੜਾਉਂਦੇ ਰਹਿੰਦੇ…”

ਪਹਿਲੀ ਸੋਵੀਅਤ ਸਰਕਾਰ
ਜਿਵੇਂ ਕਿ ਉਸ ਜ਼ਮਾਨੇ ਦੀਆਂ ਘਟਨਾਵਾਂ ਨੂੰ ਅੱਖੀਂ ਦੇਖਣ ਵਾਲੇ ਦੱਸਦੇ ਹਨ, ਹਾਲੇ ਗੋਲੀਆਂ ਚੱਲ ਹੀ ਰਹੀਆਂ ਸਨ ਕਿ ਪਹਿਲੀ ਸੋਵੀਅਤ ਸਰਕਾਰ ਬਣਾ ਦਿੱਤੀ ਗਈ।
ਪਹਿਲੀਆਂ ਨਿਯੁਕਤੀਆਂ ਨੂੰ ਯਾਦ ਕਰਦੇ ਹੋਏ ਅਨਾਤੋਲੀ ਲੁਨਾਚਸਰਕੀ ਲਿਖਦੇ ਹਨ : ”ਇਹ (ਪਹਿਲੀ ਸੋਵੀਅਤ ਸਰਕਾਰ ਦੀ ਉਸਾਰੀ) ਸਮੋਲਨੀ ਦੇ ਛੋਟੇ ਜਿਹੇ ਕਮਰੇ ਵਿਚ ਹੋਈ ਸੀ, ਜਿੱਥੇ ਕੁਰਸੀਆਂ ‘ਤੇ ਓਵਰਕੋਟ ਤੇ ਟੋਪੀਆਂ ਬਿਖਰੀਆਂ ਪਈਆਂ ਸਨ ਤੇ ਸਾਰੇ ਥੋੜ੍ਹੀ ਜਿਹੀ ਰੌਸ਼ਨੀ ਵਾਲੇ ਮੇਜ਼ ਦੇ ਆਲੇ-ਦੁਆਲੇ ਘੇਰਾ ਪਾਈ ਖੜ੍ਹੇ ਸਨ। ਅਸੀਂ ਨਵੇਂ ਰੂਸ ਦੇ ਆਗੂਆਂ ਨੂੰ ਚੁਣ ਰਹੇ ਸੀ। ਮੈਨੂੰ ਲੱਗਾ ਕਿ ਚੋਣ ਬਿਨਾਂ ਸੋਚੇ-ਸਮਝੇ ਕੀਤੀ ਜਾ ਰਹੀ ਹੈ। ਮੈਨੂੰ ਡਰ ਸੀ ਕਿ ਜੋ ਲੋਕ ਚੁਣੇ ਜਾ ਰਹੇ ਹਨ, ਉਹ ਖ਼ੁਦ ਨੂੰ ਸੌਂਪੀਆਂ ਜਾ ਰਹੀਆਂ ਵਿਰਾਟ ਜ਼ਿੰਮੇਵਾਰੀਆਂ ਨੂੰ ਪੂਰਾ ਨਹੀਂ ਕਰ ਸਕਣਗੇ। ਮੈਂ ਇਨ੍ਹਾਂ ਲੋਕਾਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਤੇ ਮੈਨੂੰ ਉਹ ਹਾਲੇ ਅਜਿਹੇ ਕੰਮਾਂ ਲਈ ਤਿਆਰ ਨਹੀਂ ਲਗਦੇ ਸਨ। ਲੈਨਿਨ ਨੇ ਖਿੱਝ ਕੇ ਮੇਰੇ ਇਤਰਾਜ਼ਾਂ ਨੂੰ ਅਣਸੁਣਿਆਂ ਕਰ ਦਿੱਤਾ, ਪਰ ਫਿਰ ਮੁਸਕਰਾਉਂਦੇ ਹੋਏ ਬੋਲੇ :
”ਬਾਅਦ ਦੀ ਬਾਅਦ ਵਿਚ ਦੇਖੀ ਜਾਵੇਗੀ, ਪਰ ਹਾਲੇ ਤਾਂ ਸਾਰੇ ਅਹੁਦਿਆਂ ‘ਤੇ ਜ਼ਿੰਮੇਵਾਰ ਲੋਕਾਂ ਦੀ ਜ਼ਰੂਰਤ ਹੈ। ਜੇਕਰ ਅਯੋਗ ਨਿਕਲਣਗੇ, ਤਾਂ ਬਾਅਦ ਵਿਚ ਬਦਲ ਸਕਦੇ ਹਾਂ।”
ਅਜਿਹਾ ਸੋਚਣ ਵਾਲੇ ਇਕੱਲੇ ਲੁਨਾਚਸਰਕੀ ਹੀ ਨਹੀਂ ਸਨ। ਮੀਟਿੰਗ ਵਿਚ ਮੌਜੂਦ ਕਈ ਹੋਰਨਾਂ ਲੋਕਾਂ ਦਾ ਵੀ ਅਜਿਹਾ ਹੀ ਵਿਚਾਰ ਸੀ।
”ਸਾਡੀ ਸਥਿਤੀ ਬਹੁਤ ਹੀ ਜ਼ਿਆਦਾ ਗੁੰਝਲਦਾਰ ਸੀ।” ਪਹਿਲੀਆਂ ਨਿਯੁਕਤੀਆਂ ਬਾਰੇ ਗ਼ ਲੋਮੋਵ-ਓਪੋਕੋਵ ਯਾਦ ਕਰਦੇ ਹਨ- “ਸਾਡੇ ਦਰਮਿਆਨ ਬਹੁਤ ਸਾਰੇ ਸ਼ਾਨਦਾਰ ਤੇ ਯੋਗ ਕੰਮ ਕਰਨ ਵਾਲੇ ਸਨ। ਸਾਡੇ ਦਰਮਿਆਨ ਬਹੁਤ ਸਾਰੇ ਸਮਰਪਤ ਇਨਕਲਾਬੀ ਸਨ, ਜੋ ਰੂਸ ਦਾ ਚੱਪਾ-ਚੱਪਾ ਜਾਣਦੇ ਸਨ ਤੇ ਪੈਰਾਂ ਵਿਚ ਬੇੜੀਆਂ ਪਾਈ ਪੀਟਰਸਬਰਗ, ਵਾਰਸਾ ਤੇ ਮਾਸਕੋ ਤੋਂ ਯਾਕੂਤੀਆ ਤੇ ਵੇਰਖੋਯਾਨਸਕ ਤੱਕ ਦਾ ਸਾਰਾ ਔਖਾ ਰਾਹ ਤੈਅ ਕਰ ਚੁੱਕੇ ਸਨ। ਪਰ ਅਸੀਂ ਸਾਰਿਆਂ ਨੇ ਹਾਲੇ ਰਾਜ ਚਲਾਉਣਾ ਸਿੱਖਣਾ ਸੀ। ਸਾਡੇ ਵਿਚੋਂ ਹਰ ਕੋਈ ਰੂਸ ਦੀਆਂ ਲਗਭਗ ਸਾਰੀਆਂ ਜੇਲ੍ਹਾਂ ਦੇ ਨਾਂ ਗਿਣਵਾ ਸਕਦਾ ਸੀ ਤੇ ਉਨ੍ਹਾਂ ਵਿਚਲੇ ਕਾਇਦੇ-ਕਾਨੂੰਨਾਂ ਦਾ ਵਿਸਤਾਰ ਨਾਲ ਵਰਣਨ ਕਰ ਸਕਦਾ ਸੀ। ਅਸੀਂ ਜਾਣਦੇ ਸੀ ਕਿ ਕਿੱਥੇ ਕੁੱਟਿਆ ਜਾਂਦਾ ਹੈ, ਕਿਵੇਂ ਕੁੱਟਿਆ ਜਾਂਦਾ ਹੈ, ਕਿੱਥੇ ਤੇ ਕਿਵੇਂ ਕਾਲਕੋਠੜੀ ਵਿਚ ਬੰਦ ਕੀਤਾ ਜਾਂਦਾ ਹੈ, ਪਰ ਸਾਨੂੰ ਰਾਜ ਦਾ ਸ਼ਾਸਨ ਚਲਾਉਣਾ ਨਹੀਂ ਆਉਂਦਾ ਸੀ…”
ਕੱਲ੍ਹ ਦੇ ਜੋ ਭੂਮੀਗਤ ਇਨਕਲਾਬੀ ਕਾਰਕੁੰਨ ਸਨ, ਉਹ ਹੀ ਹੁਣ ਲੋਕ-ਕੁਮੀਸਾਰ, ਭਾਵ ਮੰਤਰੀ, ਵਿਸ਼ੇਸ਼ ਪ੍ਰਤੀਨਿਧ ਅਤੇ ਅਸਾਧਾਰਨ ਕੁਮੀਸਾਰ ਬਣੇ। ਕੁਮੀਸਾਰਾਂ ਨੇ ਸਮੋਲਨੀ ਵਿਚ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ। ਸ਼ੁਰੂ ਵਿਚ ਦਫ਼ਤਰ ਲਈ ਸੋਫ਼ਾ ਜਾਂ ਦੋ ਕੁਰਸੀਆਂ ਹੀ ਕਾਫ਼ੀ ਸਨ। ਉਨ੍ਹਾਂ ‘ਤੇ ਹੀ ਬੈਠ ਕੇ ਪਹਿਲਾਂ ਮਸਲੇ ਹੱਲ ਕੀਤੇ ਗਏ ਤੇ ਪਹਿਲੇ ਦਸਤਾਵੇਜ਼ ਲਿਖੇ ਗਏ। ਫਿਰ ਸਟਾਫ਼ ਵੀ ਲੱਭ ਲਿਆ ਗਿਆ ਤੇ ਬਾਕਾਇਦਾ ਦਫ਼ਤਰ ਵੀ ਬਣਾ ਲਏ ਗਏ।
ਸੋਵੀਅਤ ਸਰਕਾਰ ਦੇ ਇਨ੍ਹਾਂ ਮੰਤਰੀਆਂ ਦੇ ਕੰਮ ਬਾਰੇ ਰਾਵਾਂ ਵੀ ਬਹੁਤ ਵੱਖ-ਵੱਖ ਸਨ। ਉਦਾਹਰਣ ਵਜੋਂ, ਅਮਰੀਕੀ ਅਖ਼ਬਾਰ ‘ਨਿਊਯਾਰਕ ਟਾਈਮਜ਼’ ਨੇ ਉਨ੍ਹੀਂ ਦਿਨੀਂ ਲਿਖਿਆ ਕਿ ਉਹ ਗੱਦੀ ‘ਤੇ ਦੇਰ ਤੱਕ ਨਹੀਂ ਬੈਠੇ ਰਹਿ ਸਕਦੇ, ਕਿਉਂਕਿ ਇਹ ਬਹੁਤ ਹੀ ਘੱਟ ਜਾਣਨ ਵਾਲੇ ਤੇ ਘੱਟ ਦਿਮਾਗ਼ ਵਾਲੇ ਲੋਕ ਹਨ। ਉਹ ਸਿਆਸਤ ਵਿਚ ਬੱਚੇ ਹਨ ਤੇ ਜਾਣਦੇ ਵੀ ਨਹੀਂ ਕਿ ਕਿਨ੍ਹਾਂ ਵੱਡੀਆਂ ਸ਼ਕਤੀਆਂ ਨਾਲ ਉਹ ਖੇਡ ਰਹੇ ਹਨ। ਪਰ ਇਕ ਅੱਖੀਂ ਦੇਖਣ ਵਾਲੇ ਦਾ -ਉਹ ਵੀ ਅਮਰੀਕੀ ਸੀ, ਹਾਲਾਂਕਿ ਉਹ ਸਮੁੰਦਰ ਪਾਰ ਤੋਂ ਨਹੀਂ, ਬਲਕਿ ਇਨਕਲਾਬ ਰੂਸ ਵਿਚ ਬੈਠ ਕੇ ਲਿਖ ਰਿਹਾ ਸੀ-ਇਹ ਕਹਿਣਾ ਸੀ : ”ਪਹਿਲੀ ਲੋਕ-ਕੁਮੀਸਾਰ ਪ੍ਰੀਸ਼ਦ ਦੇ ਮੈਂਬਰਾਂ ਨੇ ਜਿੰਨੀਆਂ ਪੁਸਤਕਾਂ ਲਿਖੀਆਂ ਹਨ ਤੇ ਜਿੰਨੀਆਂ ਭਾਸ਼ਾਵਾਂ ਉਹ ਜਾਣਦੇ ਹਨ, ਜੇਕਰ ਉਨ੍ਹਾਂ ਦੀ ਸੰਖਿਆ ਨੂੰ ਮਾਪਦੰਡ ਬਣਾਇਆ ਜਾਵੇ, ਤਾਂ ਸਭਿਆਚਾਰ ਤੇ ਸਿੱਖਿਆ ਦੇ ਮਾਮਲੇ ਵਿਚ ਉਨ੍ਹਾਂ ਦਾ ਪੱਧਰ ਵਿਸ਼ਵ ਦੇ ਕਿਸੇ ਵੀ ਮੰਤਰੀ ਮੰਡਲ ਨਾਲੋਂ ਉੱਚਾ ਹੈ।” ਇਹ ਬਿਆਨ ਅਮਰੀਕੀ ਰੈੱਡ ਕਰਾਸ ਮਿਸ਼ਨ ਦੇ ਮੁਖੀ ਕਰਨਲ ਰਾਇਮੰਡ ਰਾੱਬਿਨਸ ਦਾ ਹੈ। ਸਰਕਾਰ ਦੀਆਂ ਪਹਿਲੀਆਂ ਮੀਟਿੰਗਾਂ ਸਮੋਲਨੀ ਵਿਚ ਹੋਈਆਂ, ਫਿਰ ਮਾਸਕੋ ਦੇ ਰਾਜਧਾਨੀ ਬਣ ਜਾਣ ਤੋਂ ਬਾਅਦ ਕਰੈਮਲਿਨ ਵਿਚ ਹੋਣ ਲੱਗੀਆਂ।
ਲੈਨਿਨ ਦੇ ਇਕ ਸਾਥੀ, ਨæ ਸੇਮਾਸ਼ਕੋ ਨੇ ਲਿਖਿਆ ਹੈ- ”ਲੈਨਿਨ ਮੀਟਿੰਗ ਦਾ ਸੰਚਾਲਨ ਜਿਸ ਢੰਗ ਨਾਲ ਕਰਦੇ ਸਨ, ਉਹ ਸਾਰਿਆਂ ਲਈ ਮਿਸਾਲ ਬਣ ਸਕਦਾ ਹੈ।” ਠੀਕ ਤੈਅ ਸਮੇਂ ‘ਤੇ ਲੈਨਿਨ ਆਪਣੇ ਪਿਛੇ ਦਾ ਦਰਵਾਜ਼ਾ ਬੰਦ ਕਰਦੇ ਹੋਏ ਲੋਕ-ਕੁਮੀਸਾਰ ਪ੍ਰੀਸ਼ਦ ਦੇ ਮੀਟਿੰਗ-ਕਮਰੇ ਵਿਚ ਦਾਖ਼ਲ ਹੁੰਦੇ ਤੇ ਲੰਬੇ, ਹਰੇ ਊਨੀ ਮੇਜ਼ਪੋਸ਼ ਨਾਲ ਢਕੇ ਮੇਜ਼ ਦੇ ਸਿਰੇ ‘ਤੇ ਰੱਖੀ ਬੈਂਤ ਦੀ ਕੁਰਸੀ ‘ਤੇ ਬੈਠ ਜਾਂਦੇ। ਫਿਰ ਸਰਸਰੀ ਨਜ਼ਰ ਦੌੜਾ ਕੇ ਦੇਖਦੇ ਕਿ ਸਾਰੇ ਲੋਕ-ਕੁਮੀਸਾਰ ਮੌਜੂਦ ਹਨ ਕਿ ਨਹੀਂ। ਸ਼ੁਰੂ ਵਿਚ ਤਾਂ ਦੇਰ ਨਾਲ ਆਉਣ ਵਾਲਿਆਂ ‘ਤੇ ਜੁਰਮਾਨਾ ਤੱਕ ਕੀਤਾ ਜਾਂਦਾ ਸੀ- ਅੱਧੇ ਘੰਟੇ ਦੀ ਦੇਰੀ ਲਈ ਪੰਜ ਰੂਬਲ ਤੇ ਉਸ ਤੋਂ ਜ਼ਿਆਦਾ ਲਈ ਦਸ ਰੂਬਲ। ਮੀਟਿੰਗ ਇਸ ਦੀ ਜਾਂਚ ਨਾਲ ਹੁੰਦੀ ਸੀ ਕਿ ਪਹਿਲਾਂ ਦੇ ਫ਼ੈਸਲਿਆਂ ‘ਤੇ ਕਿਵੇਂ ਅਮਲ ਕੀਤਾ ਜਾ ਰਿਹਾ ਹੈ। ਲੈਨਿਨ ਪੂਰੀ ਏਕਾਗਰਤਾ ਨਾਲ ਸੁਣਦੇ ਸਨ ਤੇ ਇਸ ਦੀ ਦੂਸਰੇ ਮੌਜੂਦ ਲੋਕਾਂ ਤੋਂ ਵੀ ਉਮੀਦ ਕਰਦੇ ਸਨ। ਨਿਰਦੇਸ਼ ਸੀ ਕਿ ਪ੍ਰੀਸ਼ਦ ਦੀਆਂ ਮੀਟਿੰਗਾਂ ਦੌਰਾਨ ਪਰਚੀਆਂ ਦਿੱਤੀਆਂ ਜਾਣ। ਗੱਲ ਕਰਨਾ ਬਿਲਕੁਲ ਮਨ੍ਹਾ ਹੈ।
ਲੈਨਿਨ ਖ਼ੁਦ ਵੀ ਹਮੇਸ਼ਾ ਪਰਚੀਆਂ ਲਿਖਦੇ ਸਨ। ਇਸ ਦੇ ਨਾਲ  ਹੀ ਉਹ ਕਾਰਜ ਸੂਚੀ ‘ਤੇ ਟਿੱਪਣੀਆਂ (‘ਮੁਲਤਵੀ’ ਵਗੈਰਾ) ਵੀ ਲਿਖਦੇ ਜਾਂਦੇ। ਉਹ ਬੁਲਾਰਿਆਂ ਦੇ ਨਾਂ ਦਰਜ ਕਰਦੇ ਅਤੇ ਕਦੇ-ਕਦੇ ਉਨ੍ਹਾਂ ਦੇ ਕਹੇ ਹੋਏ ਮਹੱਤਵਪੂਰਨ ਫ਼ਿਕਰੇ ਵੀ ਲਿਖ ਦਿੰਦੇ। ਮੀਟਿੰਗਾਂ ਵਿਚ ਹੀ ਉਹ ਪ੍ਰਸਤਾਵਾਂ ਦੇ ਮਸੌਦਿਆਂ ਦਾ ਸੰਪਾਦਨ ਵੀ ਕਰ ਲੈਂਦੇ ਤੇ ਫਿਰ ਉਨ੍ਹਾਂ ‘ਤੇ ਲਿਖਦੇ : ”ਮਨਜ਼ੂਰ। ਵਲਾæ ਉਲੀਆਨੋਵ (ਲੈਨਿਨ)।” ਫ਼ੈਸਲਿਆਂ ਦੀ ਭਾਸ਼ਾ ਉਹ ਖ਼ੁਦ ਤੈਅ ਕਰਦੇ, ਉਨ੍ਹਾਂ ਨੂੰ ਬੋਲ-ਬੋਲ ਕੇ ਸਕੱਤਰ ਨੂੰ ਲਿਖੜ੍ਹਾਉਂਦੇ ਤੇ ਨਾਲ ਹੀ ਪੁਛਦੇ ਜਾਂਦੇ : ”ਲਿਖ ਲਿਆ?” ਵਿਚਾਰ-ਅਧੀਨ ਸਵਾਲਾਂ ‘ਤੇ ਬਹਿਸ ਵਿਚ ਉਨ੍ਹਾਂ ਦੀ ਸ਼ਮੂਲੀਅਤ ਫ਼ਿਕਰਿਆਂ ਜਾਂ ਟਿੱਪਣੀਆਂ ਵਜੋਂ,  ਜਾਂ ਫਿਰ ਜਿਵੇਂ ਜ਼ਿਆਦਾਤਰ ਮਾਮਲਿਆਂ ਵਿਚ ਹੁੰਦਾ ਸੀ, ਦੋ-ਦੋ, ਛੇ-ਛੇ, ਦਸ-ਦਸ ਵਾਰ ਬਾਕਾਇਦਾ ਬੋਲਣ ਵਜੋਂ ਹੁੰਦੀ ਸੀ। ਲੁਨਾਚਾਸਰਕੀ ਲਿਖਦੇ ਹਨ : ”ਲੋਕ-ਕੁਮੀਸਾਰ ਪ੍ਰੀਸ਼ਦ ਦੀਆਂ ਮੀਟਿੰਗਾਂ ਵਿਚ ਇਕ ਤਰ੍ਹਾਂ ਦਾ ਸੰਘਣਾ ਮਾਹੌਲ ਬਣਿਆ ਰਹਿੰਦਾ ਸੀ। ਇਕ ਮਿੰਟ ਅੰਦਰ ਏਨੇ ਵੱਧ ਤੱਥ, ਵਿਚਾਰ ਤੇ ਫ਼ੈਸਲੇ ਸਮਾ ਜਾਂਦੇ ਸਨ ਕਿ ਲਗਦਾ ਸੀ ਕਿ ਖ਼ੁਦ ਸਮਾਂ ਪਹਿਲਾਂ ਨਾਲੋਂ ਵੱਧ ਸੰਘਣਾ ਬਣ ਗਿਆ ਹੈ।”

ਸੋਵੀਅਤ ਉਤਸਵ
1918 ਦੇ ਬਸੰਤ ਵਿਚ ਅਮਰੀਕੀ ਕਰਨਲ ਰਾਇਮੰਡ ਰਾੱਬਿਨਸ, ਲੈਨਿਨ  ਨੂੰ ਮਿਲਣ ਆਏ। ਕਰਨਲ ਦਾ ਸੋਚਣਾ ਸੀ ਕਿ ਉਹ ਪਹਿਲੀ ਮਈ ਦੇ ਸਮਾਰੋਹਾਂ ਦੇ ਸਬੰਧ ਵਿਚ ਲੈਨਿਨ ਨੂੰ ਕੰਮ ਦੀ ਸਲਾਹ ਦੇ ਸਕਦੇ ਹਨ।
”ਮੇਰੇ ਖ਼ਿਆਲ ਨਾਲ ਬਿਹਤਰ ਹੋਵੇਗਾ ਕਿ ਤੁਸੀਂ ਪਰੇਡ ਤੇ ਜਲੂਸ ਨਾ ਕੱਢੋ,” ਉਨ੍ਹਾਂ ਨੇ ਲੈਨਿਨ ਨੂੰ ਕਿਹਾ। ”ਇਸ ‘ਤੇ ਬਹੁਤ ਖ਼ਰਚ ਆਏਗਾ, ਜਦਕਿ ਰੂਸ ਗ਼ਰੀਬੀ ਤੇ ਭੁੱਖ ਨਾਲ ਤੜਪ ਰਿਹਾ ਹੈ…”
”ਬਹੁਤ ਵਰ੍ਹਿਆਂ ਤੱਕ ਪਹਿਲੀ ਮਈ ਦੇ ਦਿਨ ਅਸੀਂ ਹਮੇਸ਼ਾ ਭੱਵਿਖੀ ਇਨਕਲਾਬ ਦੇ ਨਾਂ ‘ਤੇ ਜਲੂਸ, ਪ੍ਰਦਰਸ਼ਨ ਕੱਢਦੇ ਸੀ। ਹੁਣ ਸੋਵੀਅਤ ਜਨਤੰਤਰ ਪਹਿਲੀ ਵਾਰ ਪਹਿਲੀ ਮਈ ਉਸ ਕਰਾਂਤੀ ਦੇ ਨਾਂ ‘ਤੇ ਮਨਾਏਗਾ, ਜੋ ਸੰਪਨ ਹੋ ਚੁੱਕੀ ਹੈ। ਨਹੀਂ, ਅਸੀਂ ਪਹਿਲੀ ਮਈ ਜ਼ਰੂਰ ਮਨਾਵਾਂਗੇ ਤੇ ਜਲੂਸ ਜ਼ਰੂਰ ਕੱਢਾਂਗੇ। ਹੋ ਸਕਦਾ ਹੈ ਕਿ ਸਾਡੇ ਵਿਚੋਂ ਬਹੁਤ ਸਾਰੇ ਨੰਗੇ ਪੈਰ ਹੋਣ, ਪਰ ਫਿਰ ਵੀ ਅਸੀਂ ਮਾਰਚ ਜ਼ਰੂਰ ਕਰਾਂਗੇ” ਲੈਨਿਨ ਨੇ ਮਹਿਮਾਨ ਨੂੰ ਦ੍ਰਿੜਤਾ ਨਾਲ ਜਵਾਬ ਦਿੱਤਾ। ਸਚਮੁੱਚ ਜਲੂਸ ਵਿਚ ਮਾਰਚ ਕਰਨ ਵਾਲਿਆਂ ਵਿਚ ਬਹੁਤ ਸਾਰੇ ਨੰਗੇ ਪੈਰ ਸਨ। ਫਿਰ ਵੀ ਇਹ ਪਹਿਲਾ ਸੋਵੀਅਤ ਉਤਸਵ ਅਸਾਧਾਰਨ ਸੀ। ਇਹ ਖ਼ੁਸ਼ੀਆਂ ਭਰਿਆ ਸੀ ਤੇ ਨਾਲ ਕੁਝ ਪੀੜ ਵੀ ਸ਼ਾਮਲ ਸੀ। ਇਹ ਉਨ੍ਹਾਂ ਦਾ ਉਤਸਵ ਸੀ, ਜਿਨ੍ਹਾਂ ਨੇ ਜਿੱਤ ਹਾਸਲ ਕੀਤੀ ਸੀ ਅਤੇ ਇਹ ਉਨ੍ਹਾਂ ਦਾ ਵੀ ਉਤਸਵ ਸੀ, ਜੋ ਜਿੱਤ ਦਾ ਦੀਦਾਰ ਕਰਨ ਲਈ ਜਿਉਂਦੇ ਨਹੀਂ ਸਨ ਰਹੇ।
ਪਹਿਲੀ ਮਈ ਦੇ ਸਬੰਧ ਵਿਚ ਲੋਕ-ਕੁਮੀਸਾਰ ਪ੍ਰੀਸ਼ਦ ਨੇ ‘ਜਨਤੰਤਰ ਦੇ ਸਮਾਰਕਾਂ ਬਾਰੇ’ ਨਾਂ ਹੇਠ ਬਿਆਨ ਜਾਰੀ ਕੀਤਾ, ਜਿਸ ਦਾ ਉਦੇਸ਼ ਉਨ੍ਹਾਂ ਮੂਰਤੀਆਂ ਅਤੇ ਸਮਾਰਕਾਂ ਨੂੰ ਹਟਾਉਣਾ ਸੀ, ਜੋ ਜ਼ਾਰਾਂ ਤੇ ਉਨ੍ਹਾਂ ਦੇ ਚਾਕਰਾਂ ਦੇ ਸਨਮਾਨ ਵਿਚ ਸਥਾਪਤ ਕੀਤੀਆਂ ਗਈਆਂ ਸਨ ਤੇ ਜੋ ਨਾ ਕੋਈ ਇਤਿਹਾਸਕ ਮੁੱਲ ਰੱਖਦੀਆਂ ਸਨ, ਨਾ ਕੋਈ ਕਲਾਤਮਕ ਮੁੱਲ ਹੀ। ਇਸ ਬਿਆਨ ਵਿਚ ਰੂਸੀ ਸਮਾਜਵਾਦੀ ਇਨਕਲਾਬ ਦੀਆਂ ਯਾਦਗਾਰਾਂ ਦੀਆਂ ਯੋਜਨਾਵਾਂ ਬਣਾਉਣ ਦੀ ਗੱਲ ‘ਤੇ ਵੀ ਜ਼ੋਰ ਦਿੱਤਾ ਗਿਆ ਸੀ। ਬਿਆਨ ਦੀ ਬੁਨਿਆਦ ਵਿਚ ਲੈਨਿਨ ਦਾ ਯਾਦਗਾਰਾਂ ਰਾਹੀਂ ਪ੍ਰਚਾਰ ਨਾਲ ਸਬੰਧਤ ਉਹ ਵਿਚਾਰ ਸੀ, ਜੋ ਉਨ੍ਹਾਂ ਨੇ 4 ਅਪ੍ਰੈਲ 1918 ਨੂੰ ਲੁਨਾਚਾਸਰਕੀ ਨਾਲ ਗੱਲਬਾਤ ਦੌਰਾਨ ਜ਼ਾਹਰ ਕੀਤਾ ਸੀ।
ਲੁਨਾਚਾਸਰਕੀ ਅਨੁਸਾਰ ਲੈਨਿਨ ਨੇ ਇਹ ਕਿਹਾ ਸੀ :
”ਬਹੁਤ ਸਮੇਂ ਤੋਂ ਮੇਰੇ ਦਿਮਾਗ਼ ਵਿਚ ਇਕ ਵਿਚਾਰ ਚੱਕਰ ਕੱਟ ਰਿਹਾ ਹੈ। ਇਸ ਸਮੇਂ ਮੈਂ ਉਸ ਨੂੰ ਤੁਹਾਡੇ ਅੱਗੇ ਰੱਖ ਰਿਹਾ ਹਾਂ। ਤੁਹਾਨੂੰ ਯਾਦ ਹੋਵੇਗਾ ਕਿ ਕੰਪਾਨੇਲੱਲਾ ਆਪਣੀ ‘ਸੌਰ ਨਗਰੀ’ ਵਿਚ ਕਹਿੰਦਾ ਹੈ ਕਿ ਉਸ ਦੀ ਕਲਪਨਾ ਦੇ ਸਮਾਜਵਾਦੀ ਨਗਰ ਵਿਚ ਦੀਵਾਰਾਂ ‘ਤੇ ਅਜਿਹੇ ਚਿੱਤਰ ਬਣੇ ਹਨ, ਜੋ ਨੌਜਵਾਨਾਂ ਲਈ ਕੁਦਰਤੀ ਵਿਗਿਆਨ ਅਤੇ ਇਤਿਹਾਸ ਦੇ ਦ੍ਰਿਸ਼ ਪਾਠਾਂ ਦਾ ਕੰਮ ਕਰਦੇ ਹਨ ਤੇ ਨਾਗਰਿਕ ਭਾਵਨਾ ਜਗਾਉਂਦੇ ਹਨ, ਦੂਸਰੇ ਸ਼ਬਦਾਂ ਵਿਚ ਜੋ ਨੌਜਵਾਨ ਪੀੜ੍ਹੀ ਦੀ ਸਿੱਖਿਆ ਅਤੇ ਪਾਲਣ ਵਿਚ ਹਿੱਸਾ ਲੈਂਦੇ ਹਨ। ਮੈਨੂੰ ਲਗਦਾ ਹੈ ਕਿ ਇਹ ਬਚਕਾਨੀ ਕਲਪਨਾ ਨਹੀਂ ਹੈ ਤੇ ਕੁਝ ਬਦਲਾਅ ਕਰਕੇ ਅਸੀਂ ਵੀ ਉਸ ਨੂੰ ਅਪਨਾ ਸਕਦੇ ਹਾਂ ਤੇ ਤੁਰੰਤ ਹੀ ਸਾਕਾਰ ਵੀ ਬਣਾ ਸਕਦੇ ਹਾਂ।
”ਮੈਂ ਜਿਸ ਬਾਰੇ ਸੋਚ ਰਿਹਾ ਹਾਂ, ਉਸ ਨੂੰ ਮੈਂ ਯਾਦਗਾਰਾਂ ਰਾਹੀਂ ਪ੍ਰਚਾਰ ਦਾ ਨਾਂ ਦੇਣਾ ਚਾਹਾਂਗਾ…
ਸਮਾਜਵਾਦ ਦੇ ਉਨ੍ਹਾਂ ਪਿਛੋਖੜ੍ਹਾ ਜਾਂ ਸਿਧਾਂਤਕਾਰਾਂ ਅਤੇ ਸੰਘਰਸ਼ੀ ਯੋਧਿਆਂ ਦੀ ਅਤੇ ਇਸੇ ਤਰ੍ਹਾਂ ਦਾਰਸ਼ਨਿਕ ਚਿੰਤਨ, ਵਿਗਿਆਨ ਤੇ ਕਲਾ, ਆਦਿ ਦੇ ਉਨ੍ਹਾਂ ਮਹਾਂਰਥੀਆਂ ਦੀ ਵੀ ਸੂਚੀ ਬਣਾ ਲੈਣੀ ਚਾਹੀਦੀ ਹੈ, ਜਿਨ੍ਹਾਂ ਦਾ ਸਮਾਜਵਾਦ ਨਾਲ ਸਿੱਧਾ ਵਾਸਤਾ ਭਾਵੇਂ ਨਾ ਵੀ ਰਿਹਾ ਹੋਵੇ, ਪਰ ਜੋ ਸਭਿਆਚਾਰ ਦੇ ਅਸਲ ਨਾਇਕ ਸਨ…”
ਲੈਨਿਨ ਅਨੁਸਾਰ ਉਸ ਸਮੇਂ ਦੀ ਉਡੀਕ ਕੀਤੇ ਬਿਨਾਂ ਕਿ ਜਦੋਂ ਹਰ ਕਿਸੇ ਦਾ ਪੇਟ ਭਰਿਆ ਹੋਵੇਗਾ ਅਤੇ ਹਰ ਕੋਈ ਖ਼ੁਸ਼ਹਾਲ ਹੋਵੇਗਾ, ਸਾਰੇ ਮਹਾਨ ਇਨਕਲਾਬੀਆਂ ਨੂੰ ਤੁਰੰਤ ਅਤੇ ਹੁਣੇ, ਜਦੋਂ ਜਿੱਤ ਦੀ ਪਹਿਲੀ ਪੌੜੀ ‘ਤੇ ਪੈਰ ਰੱਖਿਆ ਹੀ ਗਿਆ ਸੀ, ਸ਼ਰਧਾਂਜਲੀ ਦੇਣਾ ਬੇਹੱਦ ਮਹੱਤਵਪੂਰਨ ਤੇ ਜ਼ਰੂਰੀ ਸੀ।
ਬਿਆਨ ਨੂੰ ਅਮਲੀ ਰੂਪ ਦੇਣ ਲਈ ਵਿਸ਼ੇਸ਼ ਕਮਿਸ਼ਨ ਬਣਾਇਆ ਗਿਆ। ਸਤੰਬਰ 1918 ਵਿਚ ਲੁਨਾਚਾਸਰਕੀ ਨੇ ਲੋਕ-ਕੁਮੀਸਾਰ ਪ੍ਰੀਸ਼ਦ ਦੀ ਮੀਟਿੰਗ ਵਿਚ ਉਸ ਦੇ ਕੰਮ ਦੀ ਰਿਪੋਰਟ ਪੇਸ਼ ਕੀਤੀ। ਠੀਕ ਉਨ੍ਹਾਂ ਦਿਨਾਂ ਵਿਚ ਹੀ, ਜੋ ਮਾਨਵਜਾਤੀ ਨੂੰ ਆਪਣੇ ਸਪਸ਼ਟ ਤੇ ਦੋ-ਟੁਕ ਫ਼ੈਸਲਿਆਂ ਨਾਲ ਹਾਲੇ ਬਹੁਤ ਦੇਰ ਤੱਕ ਹੈਰਾਨ ਕਰਦੇ ਰਹਿਣਗੇ, ਮਾਸਕੋ ਕਰੈਮਲਿਨ ਕੋਲ ਅਲੈਗਜ਼ਾਂਦਰੋਵਸਕੀ ਪਾਰਕ ਵਿਚ ਲੱਗੇ ਖੰਭੇ ‘ਤੇ, ਜੋ ਪਹਿਲੇ ਰੋਮਾਨੋਵ ਵੰਸ਼ ਦੇ ਜ਼ਾਰਾਂ ਦੇ ਨਾਵਾਂ ਨਾਲ ਸਜਿਆ ਹੋਇਆ ਸੀ, ਅਜਿਹੇ ਇਨਕਲਾਬੀ ਵਿਚਾਰਕਾਂ ਦੇ ਨਾਂ ਪ੍ਰਗਟ ਹੋਏ, ਜਿਵੇਂ ਮਾਰਕਸ, ਏਂਗਲਜ਼, ਲੀਬਕਨੇਖਤ, ਝਰੇਸ, ਚੇਰਨੀਸ਼ੇਵਸਕੀ, ਬਕੂਨਿਨ, ਪਲੇਖ਼ਾਨੋਵ, ਲਾਸਾਲ, ਪਰੂਦੋਂ ਤੇ ਮੇਲਯੇ। ਇਨਕਲਾਬੀਆਂ ਦੀਆਂ ਕਈ ਮੂਰਤੀਆਂ ਵੀ ਸਥਾਪਤ ਕੀਤੀਆਂ ਗਈਆਂ ਅਤੇ ਉਨ੍ਹਾਂ ਦੇ ਉਦਘਾਟਨ ਸਮਾਰੋਹ ਪਹਿਲੇ ਸੋਵੀਅਤ ਉਤਸਵ ਬਣੇ, ਜਿਨ੍ਹਾਂ ਵਿਚ ਹਜ਼ਾਰਾਂ ਲੋਕ ਹਿੱਸਾ ਲੈਂਦੇ ਸਨ। ਲੈਨਿਨ ਉਨ੍ਹਾਂ ਵਿਚ ਮੁੱਖ ਮਹਿਮਾਨ ਜਾਂ ਬੁਲਾਰੇ ਹੁੰਦੇ ਸਨ।
ਅਕਤੂਬਰ ਇਨਕਲਾਬ ਦੀ ਪਹਿਲੀ ਵਰ੍ਹੇਗੰਢ ਮੌਕੇ ਕਰੈਮਲਿਨ ਦੀ ਦੀਵਾਰ ‘ਤੇ ਸਮਾਰਕ ਫ਼ਲਕ (ਪੈਨਲ) ਦਾ ਉਦਘਾਟਨ ਕੀਤਾ ਗਿਆ। ਇਸ ਫ਼ਲਕ ‘ਤੇ ਖੰਭਾਂ ਵਾਲੀ ਜੇਤੂ ਦੇਵੀ ਬਣੀ ਹੋਈ ਹੈ, ਜੋ ਹੱਥਾਂ ਵਿਚ ਗੂੜ੍ਹੇ ਲਾਲ ਰੰਗ ਦਾ ਝੰਡਾ ਤੇ ਹਰੀ ਟਾਹਣੀ ਲਈ ਖੜ੍ਹੀ ਹੈ। ਉਸ ਦੇ ਪਿਛੇ ਸੂਰਜ ਉਦੈ ਹੋ ਰਿਹਾ ਹੈ ਤੇ ਕਿਰਨਾਂ ‘ਤੇ ਲਿਖਿਆ ਹੋਇਆ ਹੈ : ”ਅਕਤੂਬਰ-1917-ਇਨਕਲਾਬੀ। ਸ਼ਾਂਤੀ ਤੇ ਲੋਕ-ਕਲਿਆਣ ਲਈ ਸੰਘਰਸ਼ ਵਿਚ ਵੀਰਗਤੀ ਪ੍ਰਾਪਤ ਯੋਧਿਆਂ ਦੀ ਯਾਦ ਵਿਚ।” ਲੈਨਿਨ ਨੇ ਫ਼ਲਕ ਦਾ ਉਦਘਾਟਨ ਕੀਤਾ ਤੇ ਆਪਣੇ ਭਾਸ਼ਣ ਵਿਚ ਕਿਹਾ:
”ਮਾਨਵਜਾਤੀ ਦੇ ਇਨਕਲਾਬੀ ਨੇਤਾਵਾਂ ਨੇ ਜਿਸ ਸਭ ਤੋਂ ਵੱਡੇ ਸਨਮਾਨ ਦਾ ਸੁਪਨਾ ਦੇਖਿਆ ਸੀ, ਉਹ ਸਨਮਾਨ ਉਨ੍ਹਾਂ ਨੂੰ ਮਿਲ ਗਿਆ ਹੈ। ਉਹ ਸਨਮਾਨ ਇਹ ਹੈ ਕਿ ਲੜਾਈ ਵਿਚ ਬਹਾਦੁਰੀ ਨਾਲ ਲੜਦੇ ਹੋਏ, ਵੀਰਗਤੀ ਪ੍ਰਾਪਤ ਸਾਥੀਆਂ ਦੀਆਂ ਮ੍ਰਿਤਕ ਦੇਹਾਂ ਨੂੰ ਸਿਜਦੇ ਕਰਦੇ ਹਜ਼ਾਰਾਂ-ਲੱਖਾਂ ਨਵੇਂ ਯੋਧੇ ਲੰਘੇ ਹਨ।”
ਯਾਦਗਾਰਾਂ ਰਾਹੀਂ ਪ੍ਰਚਾਰ ਨਾਲ ਸਬੰਧਤ ਲੈਨਿਨ ਦੇ ਪ੍ਰਸਤਾਵਾਂ, ਜਿਨ੍ਹਾਂ ਨੂੰ ਸੋਵੀਅਤ ਰਾਜ ਨੇ ਕਾਨੂੰਨ ਦਾ ਰੂਪ ਦਿੱਤਾ, ਅਤੇ ਉਨ੍ਹਾਂ ਪ੍ਰਸਤਾਵਾਂ ‘ਤੇ ਅਮਲ ਨਾਲ ਸਬੰਧਤ ਸਾਰੀਆਂ ਕਾਰਵਾਈਆਂ ਨੂੰ ਅਸੀਂ ਉਸ ਯੁੱਗ ਦੀਆਂ ਯਾਦਗਾਰਾਂ ਰਾਹੀਂ ਪ੍ਰਚਾਰ ਦੀ ਯੋਜਨਾ ਕਹਿੰਦੇ ਹਾਂ।
ਇਹ ਲੈਨਿਨ ਦਾ ਬੇਹੱਦ ਸ਼ਾਨਦਾਰ ਅਤੇ ਮਹੱਤਵਪੂਰਨ ਸੁਝਾਅ ਸੀ। ਪਰ ਉਹ ਨਾਲ ਹੀ ਲੈਨਿਨ ਦੀ ਨੈਤਕਿਤਾ ਦੀ ਧਾਰਨਾ ਅਤੇ ਇਨਕਲਾਬੀਆਂ ਦੀਆਂ ਸਾਰੀਆਂ ਪੀੜ੍ਹੀਆਂ ਪ੍ਰਤੀ ਕਰਤੱਵ ਦੀ ਉਨ੍ਹਾਂ ਦੀ ਪ੍ਰਬਲ ਭਾਵਨਾ ‘ਤੇ ਵੀ ਰੌਸ਼ਨੀ ਪਾਉਂਦਾ ਹੈ।

ਲੈਨਿਨ ਦੀ ਇਕਾਗਰਤਾ
ਲੈਨਿਨ ਕਰੈਮਲਿਨ ਵਿਚ ਆਪਣੇ ਕਮਰੇ ਵਿਚ ਪਹਿਲੀ  ਵਾਰ 10 ਮਾਰਚ, 1918 ਨੂੰ ਆਏ ਸਨ। ਸਾਨੂੰ ਨਹੀਂ ਪਤਾ ਕਿ ਇਹ ਦਿਨ ਸੀ ਜਾਂ ਸ਼ਾਮ, ਕਦੋਂ ਦੀ ਗੱਲ ਸੀ, ਕਿਹੜੇ ਕਾਗ਼ਜ਼ਾਤ ਉਹ ਆਪਣੇ ਨਾਲ ਲਿਆਏ ਸਨ ਤੇ ਸਭ ਤੋਂ ਪਹਿਲਾਂ ਕਿਸ ਨੂੰ ਉਹ ਇੱਥੇ ਮਿਲੇ ਸਨ। ਪਰ ਏਨਾ ਸਾਨੂੰ ਜ਼ਰੂਰ ਪਤਾ ਹੈ ਕਿ ਉਹ ਤੁਰੰਤ ਹੀ ਕੰਮ ਵਿਚ ਜੁਟ ਗਏ ਸਨ।
ਉਸ ਸਮੇਂ ਕਰੈਮਲਿਨ ਦਾ ਜੋ ਕਮਾਂਡੈਂਟ ਸੀ, ਉਹ ਦਸਦਾ ਹੈ ਕਿ ਸ਼ਾਨੋ-ਸ਼ੌਕਤ ਪ੍ਰਤੀ ਲੈਨਿਨ ਦੀ ਨਫ਼ਰਤ ਨੂੰ ਦੇਖਦਿਆਂ ਕਮਰੇ ਲਈ ਸਾਦਾ ਫ਼ਰਨੀਚਰ ਲੱਭਣ ਦੀ ਕੋਸ਼ਿਸ਼ ਕੀਤੀ ਗਈ ਸੀ।
ਲੈਨਿਨ ਦੀ ਨਿੱਜੀ ਮੰਗ ਬਾਰੇ ਸਿਰਫ਼ ਇਕ ਹੀ ਪ੍ਰਮਾਣ ਬਚਿਆ ਰਹਿ ਸਕਿਆ ਹੈ। ਇਹ ਇਕ ਪਰਚੀ ਹੈ, ਜਿਸ ਵਿਚ ਉਨ੍ਹਾਂ ਨੇ ਲੋਕ-ਕੁਮੀਸਾਰ ਪ੍ਰੀਸ਼ਦ ਦੇ ਮੁਖੀ ਦੀ ਕੰਮ ਕਰਨ ਦੀ ਮੇਜ਼ ‘ਤੇ ਟੈਲੀਫ਼ੋਨ ਦੀ ਵਿਵਸਥਾ ਜਲਦੀ ਤੋਂ ਜਲਦੀ ਕਰਨ ‘ਤੇ ਜ਼ੋਰ ਦਿੱਤਾ ਸੀ। ਉਦੋਂ ਤੱਕ ਉਨ੍ਹਾਂ ਨੂੰ ਹਰ ਵਾਰ ਉੱਠ ਕੇ ਦੀਵਾਰ ਤੱਕ ਜਾਣਾ ਪੈਂਦਾ ਸੀ, ਜਿੱਥੇ ਟੈਲੀਫ਼ੋਨ ਟੰਗਿਆ ਸੀ।
ਲੈਨਿਨ ਨੇ ਆਪਣੇ ਕਰੈਮਲਿਨ ਵਾਲੇ ਕਮਰੇ ਵਿਚ ਲਗਭਗ ਪੰਜ ਸਾਲ ਕੰਮ ਕੀਤਾ। ਏਨੇ ਲੰਬੇ ਸਮੇਂ ਤੱਕ ਉਨ੍ਹਾਂ ਨੇ ਹੋਰ ਕਿਤੇ ਕੰਮ ਨਹੀਂ ਕੀਤਾ ਸੀ। ਉਨ੍ਹਾਂ ਨੂੰ ਆਪਣਾ ਇਹ ਕਮਰਾ ਪਸੰਦ ਸੀ। ਇਥੋਂ ਦੀ ਸ਼ਾਂਤੀ ਵਿਚ ਉਹ ਦੇਰ ਰਾਤ ਤੱਕ ਇਕਾਗਰ ਚਿੱਤ ਹੋ ਕੇ ਪੜ੍ਹ-ਲਿਖ ਸਕਦੇ ਸਨ।
ਕਮਰੇ ਵਿਚ ਅੱਜ ਵੀ ਸਭ ਕੁਝ ਬਿਲਕੁਲ ਉਵੇਂ ਹੀ ਰੱਖਿਆ ਗਿਆ ਹੈ, ਜਿਵੇਂ ਲੈਨਿਨ ਦੇ ਦਿਨਾਂ ਵਿਚ ਸੀ। ਇਥੋਂ ਤੱਕ ਕਿ ਲੈਂਪ ਵਿਚ ਲੱਗਾ ਬਲੱਬ ਵੀ ਸੋਲ੍ਹਾਂ ਵਾਟ ਦਾ ਹੈ। ਉਸ ਨੂੰ ਵਿਸ਼ੇਸ਼ ਆਰਡਰ ‘ਤੇ ਬਣਵਾਉਣਾ ਪਿਆ, ਕਿਉਂਕਿ ਅਜਿਹੇ ਬਲੱਬ ਹੁਣ ਨਹੀਂ ਬਣਦੇ। ਉਦੋਂ ਦੀ ਸਿਰਫ਼ ਇਕ ਹੀ ਚੀਜ਼ ਅੱਜ ਇਥੇ ਨਹੀਂ ਹੈ। ਤੇ ਉਹ ਹੈ ਇਕਾਗਰਤਾ, ਲੈਨਿਨ ਦੀ ਇਕਾਗਰਰਤਾ, ਜਿਸ ਨੂੰ ਲੈਨਿਨ ਆਪਣੇ ਨਾਲ ਲਿਆਏ ਸਨ ਤੇ ਉਨ੍ਹਾਂ ਦੇ ਨਾਲ ਹੀ ਚਲੀ ਵੀ ਗਈ। ਇਸ ਇਕਾਗਰਰਤਾ ਦਾ ਇਕ ਪ੍ਰਮਾਣ ਦੇਖੋ। ”ਵਿੱਤ ਮੰਤਰਾਲੇ ਦੇ ਕਿਤਬਚੇ ਅੰਕ 1, 1869, ਵਿਚ ਅੰਕੜਿਆਂ ਦੇ ਖਾਨਿਆਂ ‘ਤੇ ਨਜ਼ਰ ਮਾਰਦਿਆਂ ਇਕ ਪੰਨੇ ‘ਤੇ ਲੈਨਿਨ ਨੇ ਇਹ ਟਿੱਪਣੀ ਲਿਖੀ ਸੀ : ”ਇੱਥੇ ਕੁਲ ਜੋੜ ਵਿਚ ਗ਼ਲਤੀ ਇਸ ਲਈ ਹੋਈ ਹੈ ਕਿ ਕਾਕੇਸ਼ਿਯਾਪਾਰ ਪ੍ਰਦੇਸ਼ ਅਤੇ ਸਾਈਬੇਰੀਆ ਦੇ ਅੰਕੜੇ ਦੋ ਵਾਰ ਗਿਣੇ ਗਏ ਹਨ।”
ਲੈਨਿਨ ਦੇ ਸਮਕਾਲੀਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਖਿੱਚੇ ਹੋਏ ਪਰਦਿਆਂ ਤੋਂ ਬੜੀ ਚਿੜ੍ਹ ਸੀ। ਕਮਰੇ ਦੀਆਂ ਖਿੜਕੀਆਂ ਦੇ ਪਰਦੇ ਜੇਕਰ ਖਿੱਚੇ ਹੋਏ ਹੁੰਦੇ, ਤਾਂ ਉਨ੍ਹਾਂ ਨੂੰ ਲਗਦਾ ਸੀ ਕਿ ਉਹ ਜਿਵੇਂ ਬਾਹਰੀ ਦੁਨੀਆ ਨਾਲੋਂ ਅਲੱਗ-ਥਲੱਗ ਹੋ ਗਏ ਹਨ। ਅਤੇ ਇਸ ਨੂੰ ਉਹ ਸਹਿਣ ਨਹੀਂ ਕਰਦੇ ਸਨ। ਅੱਜ ਜਦੋਂ ਅਸੀਂ ਲੈਨਿਨ ਦੇ ਕਰੈਮਲਿਨ-ਕਮਰੇ ਵਿਚ ਦਾਖ਼ਲ ਹੁੰਦੇ ਹਾਂ, ਤਾਂ ਚਾਹੁੰਦੇ ਹਾਂ ਕਿ ਲੈਨਿਨ ਨੂੰ ਦੇਖੀਏ, ਸੁਣੀਏ ਤੇ ਜੀਵਨ ਦੇ ਹਰ ਤੱਥ, ਹਰ ਘਟਨਾ ‘ਤੇ ਉਨ੍ਹਾਂ ਦੀ ਤੱਤਕਾਲੀਨ ਤੇ ਪ੍ਰਤੱਖ ਪ੍ਰਤੀਕਿਰਿਆ ਦੇ ਗਵਾਹ ਬਣੀਏ।
… ਕਲਪਨਾ ਕਰੋ ਕਿ ਰਾਤ ਦਾ ਸਮਾਂ ਹੈ। ਲੋਕ-ਕੁਮੀਸਾਰ ਪ੍ਰੀਸ਼ਦ ਦੇ ਮੁੱਖ ਦਫ਼ਤਰ ਦੇ ਵਿਹੜੇ ਬਹੁਤ ਪਹਿਲਾਂ ਸੁੰਨਸਾਨ ਹੋ ਚੁੱਕੇ ਹਨ। ਲੈਨਿਨ ਦੇ ਕਮਰੇ ਵਿਚ ਹਰੇ ਸ਼ੇਡ ਵਾਲਾ ਲੈਂਪ ਹਾਲੇ ਵੀ ਬਲ ਰਿਹਾ ਹੈ। ਪੀਲਾ ਪ੍ਰਕਾਸ਼ ਮੇਜ਼ ਅਤੇ ਕਾਗ਼ਜ਼ਾਂ ‘ਤੇ ਪੈ ਰਿਹਾ ਹੈ। ਅਜਿਹੇ ਵਿਚ ਤੁਸੀਂ ਸ਼ਾਇਦ ਚਿੰਤਨ, ਸਿਰਜਣ ਤੇ ਇਕਾਗਰਤਾ ਦੇ ਉਸ ਅਣਕਿਆਸੇ ਤਣਾਅ ਨੂੰ ਮਹਿਸੂਸ ਕਰ ਸਕੋਂ, ਜੋ ਇੱਥੇ ਉਨ੍ਹੀਂ ਦਿਨੀਂ ਛਾਇਆ ਰਹਿੰਦਾ ਸੀ।

ਚਿੰਤਨ

ਲੈਨਿਨ ਦੇ ਕਰੈਮਲਿਨ-ਕਮਰੇ ਦੀਆਂ ਕਿਤਾਬਾਂ ਦੀਆਂ ਅਲਮਾਰੀਆਂ ਵਿਚ ਦੋ ਹਜ਼ਾਰ ਕਿਤਾਬਾਂ ਹਨ, ਜਿਨ੍ਹਾਂ ਨੂੰ ਉਨ੍ਹਾਂ ਨੇ ਖ਼ੁਦ ਆਰਡਰ ਦੇ ਕੇ ਮੰਗਵਾਇਆ ਸੀ। ਇਸ ਤੋਂ ਇਲਾਵਾ ਇਕ ਵੱਖਰੇ ਕਮਰੇ ਵਿਚ ਸਾਢੇ ਛੇ ਹਜ਼ਾਰ ਕਿਤਾਬਾਂ, ਅਖ਼ਬਾਰਾਂ-ਰਸਾਲੇ ਹੋਰ ਹਨ। ਆਪਣੇ ਜੀਵਨ ਦੇ ਪੰਜਵੇਂ ਦਹਾਕੇ ਦੇ ਅੰਤ ਵਿਚ ਹੀ ਅਤੇ ਇੱਥੇ ਕਰੈਮਲਿਨ ਵਿਚ ਹੀ ਉਹ ਪਹਿਲੀ ਵਾਰ ਆਪਣੀ ਲਾਇਬਰੇਰੀ ਬਣਾ ਸਕੇ ਸਨ ਤੇ ਪਹਿਲੀ ਵਾਰ ਉਨ੍ਹਾਂ ਨੂੰ ਇਹ ਸੰਭਾਵਨਾ ਮਿਲੀ ਸੀ ਕਿ ਆਪਣੇ ਕੰਮ ਲਈ ਉਨ੍ਹਾਂ ਨੂੰ ਜਿਸ ਵੀ ਪ੍ਰਕਾਸ਼ਨ ਦੀ ਜ਼ਰੂਰਤ ਪਏ, ਉਹ ਨਾਲ ਹੀ ਹੋਵੇ ਤੇ ਉਹ ਉਸ ਦੇ ਲੋੜੀਂਦੇ ਪੈਰ੍ਹਾਗ੍ਰਾਫ਼ ਨੂੰ ਨੋਟ ਕਰ ਸਕਣ ਅਤੇ ਹਾਸ਼ੀਏ ‘ਤੇ ਰਾਏ ਜਾਂ ਟਿੱਪਣੀ ਲਿਖ ਸਕਣ। ਦੂਸਰੇ ਸ਼ਬਦਾਂ ਵਿਚ, ਪਹਿਲੀ ਵਾਰ ਉਨ੍ਹਾਂ ਨੂੰ ਬਹੁਤ ਸਾਰੇ ਨੋਟ ਲੈਣ ਅਤੇ ਲਾਇਬਰੇਰੀਆਂ ਵਿਚ ਜਾਣ ਦੀ ਲੋੜ ਤੋਂ ਛੁਟਕਾਰਾ ਮਿਲ ਗਿਆ ਸੀ।
ਲੈਨਿਨ ਦੇ ਕਮਰੇ ਦੀਆਂ ਅਲਮਾਰੀਆਂ ਵਿਚ ਉਨ੍ਹਾਂ ਲੋਕਾਂ ਦੀਆਂ ਰਚਨਾਵਾਂ ਹਨ, ਜਿਨ੍ਹਾਂ ਦੇ ਵਿਚਾਰਾਂ ਨੂੰ ਉਹ ਸਮਝਦੇ ਸਨ, ਜਿਨ੍ਹਾਂ ਦੇ ਮਤ ਨਾਲ ਉਹ ਸਹਿਮਤ ਸਨ ਤੇ ਜਿਨ੍ਹਾਂ ਦੇ ਸੰਘਰਸ਼ ਨੂੰ ਉਨ੍ਹਾਂ ਨੇ ਜਾਰੀ ਰੱਖਿਆ ਸੀ। ਇਹ ਮਾਰਕਸ ਤੇ ਏਂਗਲਸ ਦੀਆਂ ਰਚਨਾਵਾਂ ਹਨ। ਇਹ ਉਨ੍ਹਾਂ ਥੋੜ੍ਹੀਆਂ ਜਿਹੀਆਂ ਕਿਤਾਬਾਂ ਵਿਚੋਂ ਹਨ, ਜਿਨ੍ਹਾਂ ਨੂੰ ਲੈਨਿਨ ਨੇ ਹਮੇਸ਼ਾ ਆਪਣੇ ਨਾਲ ਰੱਖਿਆ ਸੀ ਅਤੇ ਜਿਨ੍ਹਾਂ ਨੇ ਪਰਵਾਸ ਦੀਆਂ ਲੰਬੀਆਂ ਵਾਟਾਂ ਵਿਚ ਸਦਾ ਉਨ੍ਹਾਂ ਦਾ ਸਾਥ ਦਿੱਤਾ ਸੀ। ਉਹ ਰੂਸੀ ਤੇ ਜਰਮਨ ਵਿਚ ਹਨ। ਉਨ੍ਹਾਂ ਨੂੰ ਪਤਾ ਨਹੀਂ ਕਿੰਨੀ ਵਾਰ ਪੜ੍ਹਿਆ ਗਿਆ ਹੋਵੇਗਾ। ਟਿੱਪਣੀਆਂ ਤੇ ਰੇਖਾਂਕਿਤ (ਅੰਡਰ ਲਾਈਨ) ਕੀਤੀਆਂ ਗਈਆਂ ਸਤਰਾਂ ਨਾਲ ਉਹ ਭਰੀਆਂ ਪਈਆਂ ਹਨ।
ਲੈਨਿਨ ਦੇ ਕਮਰੇ ਦੀਆਂ ਅਲਮਾਰੀਆਂ ਵਿਚ ਰੂਸੀ ਇਨਕਲਾਬੀ ਵਿਚਾਰਕਾਂ ਰਾਦੀਸ਼ਚੇਵ, ਚੇਰਨੀਸ਼ੇਵਸਕੀ ਅਤੇ ਹਰਜ਼ੇਨ ਦੀਆਂ ਰਚਨਾਵਾਂ ਅਤੇ ਪੇਰੋਵਸਕਾਇਆ, ਝੇਲਯਾਬੋਵ ਅਤੇ ਖ਼ਾਲਤੂਰਿਨ ਵਰਗੇ ਰੂਸੀ ਇਨਕਲਾਬੀਆਂ ਬਾਰੇ ਲਿਖੀਆਂ ਹੋਈਆਂ ਕਿਤਾਬਾਂ ਵੀ ਹਨ।
ਹਰਜ਼ੇਨ ਨੇ ਲਿਖਿਆ ਸੀ :
”ਪੁਸਤਕ ਇਕ ਪੀੜ੍ਹੀ ਦੀ ਆਪਣੇ ਬਾਅਦ ਆਉਣ ਵਾਲੀ ਪੀੜ੍ਹੀ ਲਈ ਆਤਮਿਕ ਵਸੀਅਤ ਹੁੰਦੀ ਹੈ, ਜੀਵਨ ਵਿਚ ਪਹਿਲਾ ਕਦਮ ਚੁੱਕ ਰਹੇ ਨੌਜਵਾਨ ਲਈ ਮੌਤ ਦੇ ਦਰਵਾਜ਼ੇ ‘ਤੇ ਖੜ੍ਹੇ ਬਜ਼ੁਰਗ ਦੀ ਸਲਾਹ ਹੁੰਦੀ ਹੈ, ਡਿਊਟੀ ਪੂਰੀ ਕਰਕੇ ਜਾ ਰਹੇ ਸੰਤਰੀ ਦਾ ਡਿਊਟੀ ‘ਤੇ ਆ ਰਹੇ ਸੰਤਰੀ ਨੂੰ ਆਦੇਸ਼ ਹੁੰਦੀ ਹੈ। ਪੁਸਤਕ ਭਵਿੱਖ ਦਾ ਪ੍ਰੋਗਰਾਮ ਹੁੰਦੀ ਹੈ।”
ਲਾਇਬਰੇਰੀ ਵਿਚ ਹਜ਼ਾਰਾਂ ਕਿਤਾਬਾਂ ਜਮ੍ਹਾ ਹੋ ਚੁੱਕੀਆਂ ਸਨ, ਪਰ ਉਨ੍ਹਾਂ ਦੀ ਦੇਖਭਾਲ ਕਰਨ ਵਾਲੀ ਨੂੰ ਲੈਨਿਨ ਤੋਂ ਨਿਤ ਦਿਨ ਨਵੀਆਂ ਸੂਚੀਆਂ, ਨਵੀਆਂ ਬੇਨਤੀਆਂ ਮਿਲਦੀਆਂ ਰਹਿੰਦੀਆਂ ਸਨ :
”ਕ੍ਰਿਪਾ ਕਰਕੇ ਮੇਰੇ ਵਾਸਤੇ ਜਰਮਨ ਵਿਚ ਛਪੀ ਇਹ ਕਿਤਾਬ ਮੰਗਵਾ ਦਿਓ : ‘ਓਟੋ ਬਾਵੇਰ : ਸੋਵੀਅਤ ਰੂਸ ਵਿਚ ਆਰਥਕ ਨੀਤੀ ਦੀ ਨਵੀਂ ਦਿਸ਼ਾ।”
”ਕੀ ਚੈੱਕ ਨਹੀਂ ਕੀਤਾ ਜਾ ਸਕਦਾ? ਮੈਨੂੰ ‘ਟਾਲਸਟਾਏ ਦੀ ਡਾਇਰੀ’ ਨਹੀਂ, ਸਗੋਂ ਟਾਲਸਟਾਏ ਦੇ ਬਾਰੇ ‘ਚ ਨਝੀਵਿਨ ਦੀਆਂ ਯਾਦਾਂ ਚਾਹੀਦੀਆਂ ਹਨ, ਜੋ ਜਰਮਨ ਵਿਚ ਠੋਲਸਟੋਸਿ ਧeਨਕੱਿਰਦਗਿਕeਟਿeਨ ਵਿਚ ਨਿਕਲੀਆਂ ਹਨ।”
ਲੈਨਿਨ ਲਈ ਸਵੈ-ਅਧਿਐਨ ਵਿਗਿਆਨਕ ਕੰਮ ਸੀ, ਇਕ ਤਰ੍ਹਾਂ ਦਾ ਸਿਰਜਣ ਸੀ, ਸਿਆਸਤਦਾਨ ਦੀ ਲੋੜ ਸੀ ਤੇ ਇਕ ਵਿਅਕਤੀ ਦੇ ਨਾਤੇ ਆਪਣੀ ਵੀ ਬੇਹੱਦ ਲੋੜ ਸੀ। ਜਦੋਂ ਉਹ ਬਹੁਤ ਥੱਕੇ ਹੋਏ ਹੁੰਦੇ ਤੇ ਨੀਂਦ ਕਿਸੇ ਤਰ੍ਹਾਂ ਨਾ ਆਉਂਦੀ, ਤਾਂ ਹੱਥ ਵਧਾ ਕੇ ਅਲਮਾਰੀ ‘ਚੋਂ ਦੇਸਤੋਵਸਕੀ ਦਾ ਕੋਈ ਨਾਵਲ ਜਾਂ ਤਿਊਤਚੇਵ ਦਾ ਕੋਈ ਕਾਵਿ-ਸੰਗ੍ਰਹਿ ਕੱਢ ਲਿਆਉਂਦੇ। ਆਪਣੀਆਂ ਪਸੰਦੀਦਾ ਕਿਤਾਬਾਂ ਉਹ ਲਿਖਣ ਵਾਲੀ ਮੇਜ਼ ਦੇ ਨਾਲ ਵਾਲੀ ਅਲਮਾਰੀ ਵਿਚ ਹੀ ਰੱਖਦੇ ਸਨ। ਜਦੋਂ ਅਸੀਂ ਉਨ੍ਹਾਂ ਕਿਤਾਬਾਂ ਦੀਆਂ ਜਿਲਦਾਂ ‘ਤੇ ਨਜ਼ਰ ਮਾਰਦੇ ਹਾਂ, ਤਾਂ ਉਨ੍ਹਾਂ ‘ਤੇ ਪੁਸ਼ਕਿਨ, ਗੋਗੋਲ, ਲੇਮਰੋਤੋਵ, ਤੁਰਗੇਨੇਵ, ਗੋਂਚਾਰੋਵ, ਨੇਕਰਾਸੋਵ, ਸਲਤੀਕੋਵ-ਸ਼ਚੇਦਰਿਨ, ਟਾਲਸਟਾਏ,  ਚੈਖ਼ੋਵ, ਆਦਿ ਦੇ ਨਾਂ ਛਪੇ ਦੇਖਦੇ ਹਾਂ। ਇਹ ਸਾਰੇ ਰੂਸ ਦੇ ਮਹਾਨ ਸਾਹਿਤਕਾਰ, ਸੁਪਨਸਾਜ਼, ਦਾਰਸ਼ਨਿਕ, ਸੱਚੇ ਤੇ ਵਿਦਰੋਹੀ ਸਨ। ਪਰ ਇਨ੍ਹਾਂ ਵਿਚੋਂ ਕੌਣ ਉਸ ਰਾਹ ਦੀ ਕਲਪਨਾ ਕਰ ਸਕਦਾ ਸੀ, ਜਿਸ ‘ਚੋਂ ਰੂਸ, ਉਸ ਦੀ ਜਨਤਾ ਤੇ ਨਾਲ ਹੀ ਇਨ੍ਹਾਂ ਲੋਕਾਂ ਦੀਆਂ ਰਚਨਾਵਾਂ ਨੇ ਲੰਘਣਾ ਸੀ, ਜਿਨ੍ਹਾਂ ਨੂੰ ਲੈਨਿਨ ਦੇ ਕਮਰੇ ਦੀਆਂ ਅਲਮਾਰੀਆਂ ਵਿਚ ਥਾਂ ਮਿਲੀ? ਲੈਨਿਨ ਦੀ ਸੰਪਰੂਨ ਗ੍ਰੰਥਾਵਲੀ ਦੀ ਸਾਹਿਤਕ ਸੂਚੀ ਵਿਚੋਂ 16 ਹਜ਼ਾਰ ਪ੍ਰਕਾਸ਼ਨਾਂ-ਕਿਤਾਬਾਂ, ਲੇਖਾਂ, ਰਸਾਲਿਆਂ ਤੇ ਦਸਤਾਵੇਜ਼ਾਂ ਦੇ ਨਾਂ ਮਿਲਦੇ ਹਨ, ਜਿਨ੍ਹਾਂ ਦਾ ਲੈਨਿਨ ਦੀਆਂ ਰਚਨਾਵਾਂ ਵਿਚ ਜ਼ਿਕਰ ਹੋਇਆ ਹੈ। ਇਸ ਵਿਚ ਇਹ ਵੀ ਜੋੜਿਆ ਜਾਣਾ ਚਾਹੀਦਾ ਹੈ ਕਿ ਉਹ ਵਿਸ਼ਵ ਦੀਆਂ 20 ਭਾਸ਼ਾਵਾਂ ਵਿਚ ਹਨ।
ਅੰਗਰੇਜ਼ ਵਿਗਿਆਨੀ ਜਾੱਨ ਬਰਨਾਲ ਨੇ ਲਿਖਿਆ ਹੈ : ”ਆਪਣੇ ਚਿੰਤਨ ਦੇ ਬੌਧਿਕ ਪ੍ਰਭਾਵ ਅਤੇ ਆਪਣੇ ਦ੍ਰਿਸ਼ਟੀਕੋਣ ਦੀ ਵਿਆਪਕਤਾ ਦੇ ਲਿਹਾਜ਼ ਨਾਲ ਲੈਨਿਨ ਆਪਣੇ ਯੁੱਗ ਦੇ ਸਭ ਤੋਂ ਵੱਡੇ ਵਿਦਵਾਨ ਸਨ।” ਅਤੇ ਅਕਤੂਬਰ ਇਨਕਾਬ ਦੇ ਪ੍ਰਤੱਖਦਰਸ਼ੀ, ਅਮਰੀਕੀ ਪੱਤਰਕਾਰ, ਜਾੱਨ ਰੀਡ, ਇਹ ਲਿਖਦੇ ਹਨ : ਲੈਨਿਨ ”ਅਸਾਧਾਰਨ ਜਨ-ਨੇਤਾ, ਆਪਣੀ ਸੂਝ/ਚਿੰਤਨ ਦੀ ਬਦੌਲਤ ਨੇਤਾ” ਸਨ।
ਕਾਬਲੀਅਤ ਤੇ ਸਮਾਂ। ਜ਼ਰਾ ਸੋਚੋ ਤਾਂ ਸਹੀ ਕਿ ਮਨੁੱਖ ਦੀਆਂ ਸਮਰਥਾਵਾਂ ਬਾਰੇ ਸਾਡੀ ਧਾਰਨਾ ਪਿਛਲੀ ਅੱਧੀ ਸ਼ਤਾਬਦੀ ਵਿਚ ਕਿੰਨੀ ਬਦਲ ਗਈ ਹੈ! ਸਾਰੇ ਸੰਭਵ ਤੇ ਅਸੰਭਵ ਕੀਰਤੀਮਾਨ ਕਦੋਂ ਦੇ ਅਤੇ ਕਿੰਨੀ ਵਾਰ ਤੋੜੇ ਜਾ ਚੁੱਕੇ ਹਨ। ਮਨੁੱਖ ਨੂੰ ਉਪਲਬਧ ਸੂਚਨਾਵਾਂ ਦਾ ਦਾਇਰਾ ਹੈਰਾਨੀਜਨਕ ਤੇਜ਼ੀ ਨਾਲ ਫ਼ੈਲਦਾ ਜਾ ਰਿਹਾ ਹੈ। ਸਾਡੇ ਬੱਚੇ ਲਗਾਤਾਰ ਵਧਦੇ ਆਤਮਵਿਸ਼ਵਾਸ ਨਾਲ ਅਤੇ ਜੋ ਅਹਿਮ ਗੱਲ ਹੈ, ਪਹਿਲਾਂ ਤੋਂ ਵੀ ਘੱਟ ਉਮਰ ਵਿਚ ਵਿਗਿਆਨ ਅਤੇ ਤਕਨੀਕ, ਸਾਹਿਤ ਅਤੇ ਕਲਾ ਜਗਤ ਵਿਚ ਮੱਲ੍ਹਾਂ ਮਾਰ ਰਹੇ ਹਨ। ਪਰ ਕਾਬਲੀਅਤ, ਸੂਝ, ਪੜ੍ਹੇ ਗਏ ਸਾਹਿਤ ਪ੍ਰਤੀ ਚਿੰਤਨ ਅਤੇ ਗਿਆਨ ਭੰਡਾਰ ਦੇ ਮਾਮਲੇ ਵਿਚ, ਅੱਜ ਵੀ ਕੋਈ ਲੈਨਿਨ ਦੀ ਬਰਾਬਰੀ ਨਹੀਂ ਕਰ ਸਕਿਆ।

ਵਰ੍ਹਦੀਆਂ ਗੋਲੀਆਂ ਵਿਚਕਾਰ
”1918 ਦੀਆਂ ਗਰਮੀਆਂ ਵਿਚ ਔਖੜ੍ਹਾ ਬਹੁਤ ਹੀ ਵੱਧ ਗਈਆਂ ਸਨ,” ਨਾਦੇਜ਼ਦਾ ਕਰੁਪਸਕਾਇਆ ਯਾਦ ਕਰਦੀ ਹੈ। ”ਲੈਨਿਨ ਨੂੰ ਨਾ ਲਿਖਣ ਲਈ ਵਕਤ ਮਿਲਦਾ ਸੀ, ਨਾ ਸੌਣ ਲਈ। ਉਨ੍ਹਾਂ ਦੀ ਇਕ ਫ਼ੋਟੋ ਹੈ, ਜੋ ਅਗਸਤ ਦੇ ਅੰਤ ਵਿਚ,  ਉਨ੍ਹਾਂ ਦੇ ਜ਼ਖ਼ਮੀ ਹੋਣ ਤੋਂ ਕੁਝ ਹੀ ਪਹਿਲਾਂ ਖਿੱਚੀ ਗਈ ਸੀ। ਉਹ ਸੋਚ ਵਿਚ ਡੁੱਬੇ ਖੜ੍ਹੇ ਹਨ ਤੇ ਇੰਜ ਲਗਦਾ ਹੈ ਕਿ ਜਿਵੇਂ ਹੁਣੇ-ਹੁਣੇ ਗੰਭੀਰ ਬਿਮਾਰੀ ਤੋਂ ਬਾਅਦ ਉੱਠੇ ਹੋਣ।” ਜਿਉਂ ਹੀ ਕੁਝ ਖ਼ਾਲੀ ਪਲ ਮਿਲੇ, ਲੈਨਿਨ ਜਰਮਨ ਕਮਿਊਨਿਸਟ ਕਲਾਰਾ ਜ਼ੈਟਕਿਨ ਨੂੰ ਪੱਤਰ ਲਿਖਣ ਬੈਠ ਗਏ : ”ਅੱਜ ਕੱਲ੍ਹ ਅਸੀਂ ਇਨਕਲਾਬ ਤੋਂ ਬਾਅਦ ਸ਼ਾਇਦ ਸਭ ਤੋਂ ਔਖੇ ਦੌਰ ਵਿਚੋਂ ਲੰਘ ਰਹੇ ਹਾਂ। ਵਰਗ ਸੰਘਰਸ਼ ਅਤੇ ਗ੍ਰਹਿਯੁੱਧ ਨੇ ਅਵਾਮ ਨੂੰ ਧੁਰ ਅੰਦਰ ਤੱਕ ਪ੍ਰਭਾਵਤ ਕੀਤਾ ਹੈ। ਪਿੰਡਾਂ ਵਿਚ ਹਰ ਕਿਤੇ ਲੋਕ ਵੰਡੇ ਗਏ ਹਨ। ਜੋ ਗ਼ਰੀਬ ਹਨ, ਉਹ ਸਾਡੇ ਵੱਲ ਹਨ, ਤੇ ਜੋ ਅਮੀਰ ਹਨ, ਉਹ ਸਾਡੇ ਦੁਸ਼ਮਣ ਬਣ ਗਏ ਹਨ। ਆਂਤਾਂਤ ਨੇ ਚੇਕੋਸਲੋਵਾਕ ਕੋਰ ਨੂੰ ਖ਼ਰੀਦ ਲਿਆ ਹੈ। ਇਨਕਲਾਬ ਵਿਰੋਧੀ ਬਗਾਵਤ ਦੀ ਅੱਗ ਭੜਕ ਰਹੀ ਹੈ। ਸਾਰੀ ਬੁਰਜੁਆਜ਼ੀ ਸਾਡਾ ਤਖ਼ਤਾ ਪਲਟ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਗਾ ਰਹੀ ਹੈ।”
ਦਹਿਸ਼ਤੀ ਕਾਰਵਾਈਆਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਸਨ। ਪੇਤਰੋਗਰਾਦ ਵਿਚ ਉਲਟ ਇਨਕਲਾਬੀ ਅਤੇ ਅੰਦਰੂਨੀ ਵਿਰੋਧ ਅਸਾਧਾਰਨ ਕਮਿਸ਼ਨ ਦੇ ਮੁਖੀ ਉਰੀਤਸਕੀ ਦੀ ਹੱਤਿਆ ਕਰ ਦਿੱਤੀ ਗਈ ਸੀ। 30 ਅਗਸਤ ਨੂੰ ਲੈਨਿਨ ਕਈ ਰੈਲੀਆਂ ਵਿਚ ਭਾਸ਼ਣ ਕਰਨ ਵਾਲੇ ਸਨ। ਉਨ੍ਹਾਂ ਨੂੰ ਉਨ੍ਹਾਂ ਵਿਚ ਨਾ ਜਾਣ ਅਤੇ ਬਿਨਾਂ ਮਤਲਬ ਜ਼ੋਖ਼ਮ ਨਾ ਲੈਣ ਦੀ ਅਪੀਲ ਕੀਤੀ ਗਈ। ਪਰ ਉਹ ਨਾ ਮੰਨੇ ਤੇ ਗਏ। ਕਈ ਰੈਲੀਆਂ ਵਿਚ ਭਾਸ਼ਣ ਕੀਤਾ। ਇਕ ਕਾਰਖ਼ਾਨੇ ਵਿਚ ਵੀ ਮਜ਼ਦੂਰਾਂ ਸਾਹਮਣੇ ਬੋਲੇ। ਭਾਸ਼ਣ ਮਗਰੋਂ ਜਦੋਂ ਬਾਹਰ ਆਏ, ਤਾਂ ਤਾੜ-ਤਾੜ-ਤਾੜ ਤਿੰਨ ਗੋਲੀਆਂ ਚੱਲੀਆਂ। ”ਸਾਥੀਓ, ਸ਼ਾਂਤ ਰਹੋ!….ਸੰਗਠਤ ਰਹੋ!” ਲੈਨਿਨ ਸਿਰਫ਼ ਏਨਾ ਹੀ ਕਹਿ ਸਕੇ। ਉਨ੍ਹਾਂ ਨੂੰ ਤੁਰੰਤ ਕਾਰ ਵਿਚ ਬਿਠਾਇਆ ਗਿਆ। ਕਾਫ਼ੀ ਖ਼ੂਨ ਵਹਿ ਜਾਣ ਕਾਰਨ ਉਹ ਕਮਜ਼ੋਰ ਪੈਂਦੇ ਜਾ ਰਹੇ ਸਨ, ਪਰ ਰਸਤੇ ਵਿਚ ਹਸਪਤਾਲ ਜਾਣ ਲਈ ਰਾਜ਼ੀ ਨਾ ਹੋਏ। ਕਾਰ ਕਰੈਮਲਿਨ ਵਿਚ ਲੋਕ-ਕੁਮੀਸਾਰ ਪ੍ਰੀਸ਼ਦ ਦੀ ਇਮਾਰਤ ਸਾਹਮਣੇ ਰੁਕੀ। ”ਅਸੀਂ ਤੁਹਾਨੂੰ ਚੁੱਕ ਕੇ ਲੈ ਚਲਦੇ ਹਾਂ।” ”ਨਹੀਂ, ਮੈਂ ਖ਼ੁਦ ਚੱਲ ਲਵਾਂਗਾ…ਸਿਰਫ਼ ਕੋਟ ਉਤਾਰ ਦਿਓ। ਚੱਲਣਾ ਸੌਖਾ ਹੋ ਜਾਵੇਗਾ।”
ਭੈਣ ਮਰੀਆ ਦੌੜੀ ਦੌੜੀ ਪੌੜੀਆਂ ਉਤਰੀ, ਤਾਂ ਲੈਨਿਨ ਨੇ ਉਸ ਨੂੰ ਹੌਸਲਾ ਦਿੱਤਾ : ”ਘਬਰਾਓ ਨਾ। ਮੈਨੂੰ ਕੁਝ ਨਹੀਂਂ ਹੋਇਆ ਹੈ। ਸਿਰਫ਼ ਬਾਂਹ ਥੋੜ੍ਹੀ ਜਿਹੀ ਛਿੱਲੀ ਗਈ ਹੈ।” ਫਿਰ ਲੁਨਾਚਾਸਰਕੀ ਨੂੰ, ਜੋ ਕਰੂਪਸਕਾਇਆ ਅਨੁਸਾਰ ਡਰੀਆਂ-ਸਹਿਮੀਆਂ ਨਜ਼ਰਾਂ ਨਾਲ ਦੇਖ ਰਹੇ ਸਨ, ਕਿਹਾ : ”ਇੰਜ ਕਿਵੇਂ ਦੇਖ ਰਹੇ ਹੋ?” ਜਾਂਚ ਅਤੇ ਆਪੋ-ਵਿਚੀਂ ਸਲਾਹ-ਮਸ਼ਵਰਾ ਕਰ ਲੈਣ ਤੋਂ ਬਾਅਦ ਡਾਕਟਰਾਂ ਦਾ ਐਲਾਨ ਸੀ : ”ਜੀਵਨ ਤੇ ਮੌਤ ਵਿਚਾਲੇ ਬਸ ਜ਼ਰਾ ਜਿੰਨਾ ਫ਼ਾਸਲਾ ਰਹਿ ਗਿਆ ਹੈ।”
ਜ਼ਖ਼ਮੀ ਹੋਣ ਤੋਂ ਬਾਅਦ ਪਹਿਲਾ ਦਿਨ, ਦੂਸਰਾ ਦਿਨ, ਪੰਜਵਾਂ ਦਿਨ…”ਅੱਜ ਸਾਨੂੰ ਸਾਰਿਆਂ ਨੂੰ ਉਮੀਦ ਬੱਝੀ ਹੈ,” ਲੈਨਿਨ ਦੇ ਜ਼ਖ਼ਮੀ ਹੋਣ ਦੇ ਦੂਸਰੇ ਦਿਨ ਪੇਤਰੋਗਰਾਦ ਤੋਂ ਘਬਰਾਏ ਹੋਏ ਪੁਛਣ ਵਾਲਿਆਂ ਨੂੰ ਲੈਨਿਨ ਦੇ ਸਾਥੀ ਯਾਕੋਵ ਸਵੇਰਦਲੋਵ ਜਵਾਬ ਦੇ ਰਹੇ ਸਨ। 6ਵੇਂ ਦਿਨ ਡਾਕਟਰਾਂ ਦੀ ਗੈਰ-ਮੌਜੂਦਗੀ ਦਾ ਲਾਭ ਲੈ ਕੇ ਲੈਨਿਨ ਖੜ੍ਹੇ ਹੋਏ ਤੇ ਵਿਹੜੇ ਵਿਚ ਚੱਕਰ ਲਗਾ ਆਏ। ”ਇਸ ਨਾਲ ਬੁਖ਼ਾਰ ਤਾਂ ਚੜ੍ਹ ਗਿਆ, ਪਰ ਲੈਨਿਨ ਖ਼ੁਦ ਨੂੰ ਜੇਤੂ ਵੀ ਮਹਿਸੂਸ ਕਰ ਰਹੇ ਹਨ।” ਅਗਲੇ ਦਿਨ ਹੀ, ਉਸੇ ਕਮਰੇ ਵਿਚ ਕੰਮ ਵੀ ਕਰਨ ਲੱਗ ਗਏ।
ਲੈਨਿਨ ਆਪਣੀ ਹੱਤਿਆ ਦੇ ਯਤਨ ਮਗਰੋਂ ਵੀ ਏਨੇ ਸ਼ਾਂਤ-ਸਗੋਂ ਕਹੀਏ, ਤਾਂ ਕੁਝ ਜ਼ਿਆਦਾ ਹੀ ਸ਼ਾਂਤ-ਕਿਵੇਂ ਰਹਿ ਸਕੇ? ਅਜਿਹੀ ਵਾਰਦਾਤ ਇਕ ਸਾਲ, ਇਕ ਮਹੀਨਾ, ਇਕ ਦਿਨ ਜਾਂ ਇਕ ਘੰਟਾ ਪਹਿਲਾਂ ਵੀ ਵਾਪਰ ਸਕਦੀ ਸੀ। ਪਰ ਇਸ ਸਾਰੇ ਦੌਰ ਵਿਚ ਲੈਨਿਨ ਆਮ ਢੰਗ ਨਾਲ ਰਹਿੰਦੇ ਅਤੇ ਕੰਮ ਕਰਦੇ ਰਹੇ ਤੇ ਆਪਣੇ ਲਈ ਸਥਾਈ ਖ਼ਤਰੇ ਤੋਂ ਡਰਨਾ ਉਨ੍ਹਾਂ ਨੇ ਉਚਿਤ ਨਹੀਂ ਸਮਝਿਆ। ਲੈਨਿਨ ਨੂੰ ਜਦੋਂ ਦੂਸਰੀ ਵਾਰ ਦੇਸ਼ ਛੱਡਣਾ ਪਿਆ ਸੀ, ਤਾਂ ਰਸਤਾ ਫ਼ਿਨਲੈਂਡ ਦੀ ਖਾੜੀ ਦੇ ਜੰਮੇ ਹੋਏ ਪਾਣੀ ਉਪਰੋਂ ਲੰਘਦਾ ਸੀ। ਬਰਫ਼ ਕੱਚੀ ਸੀ ਤੇ ਇਕ ਥਾਂ ‘ਤੇ ਉਹ ਪੈਰਾਂ ਦੇ ਦਬਾਅ ਨਾਲ ਟੁੱਟ ਗਈ। ਕਾਲਾ ਪਾਣੀ ਉਪਰ ਫੁੱਟ ਪਿਆ। ਲੈਨਿਨ ਨੂੰ ਉਸ ਸਮੇਂ ਬੱਸ ਏਨਾ ਹੀ ਸੁਝਿਆ : ”ਉਫ਼, ਕਿਵੇਂ ਬੇਵਕੂਫ਼ੀ ਭਰੇ ਢੰਗ ਨਾਲ ਮਰਨਾ ਪੈ ਰਿਹਾ ਹੈ!”
ਅਕਤੂਬਰ ਇਨਕਲਾਬ ਤੋਂ ਪਹਿਲਾਂ ਉਹ ਪੁਲੀਸ ਦੇ ਜਾਸੂਸਾਂ ਤੋਂ ਲੁਕਣ ਲਈ ਮਜਬੂਰ ਸਨ। ਉਨ੍ਹੀਂ ਦਿਨੀਂ ਉਨ੍ਹਾਂ ਨੇ ਲਿਖਿਆ ਸੀ : ”ਤੁਹਾਡੇ ਅਤੇ ਮੇਰੇ ਦਰਮਿਆਨ : ਜੇਕਰ ਮੈਂ ਮਾਰਿਆ ਜਾਂਦਾ ਹਾਂ, ਤਾਂ ਤੁਹਾਨੂੰ ਬੇਨਤੀ ਹੈ ਕਿ ਮੇਰੀ ਕਿਤਾਬ ‘ਮਾਰਕਸਵਾਦ ਤੇ ਰਾਜ’ ਨੂੰ ਛਪਵਾ ਦੇਣਾ (ਖਰੜਾ ਸਟਾਕਹੋਮ ਵਿਚ ਰਹਿ ਗਿਆ ਹੈ)। ਨੀਲੇ ਰੰਗ ਦੀ ਪੱਕੀ ਜਿਲਦ ਹੈ…ਸ਼ਰਤ ਇਹ ਹੈ ਕਿ ਇਹ ਸਭ ਪੂਰੀ ਤਰ੍ਹਾਂ ਸਾਡੇ ਦਰਮਿਆਨ ਹੀ ਰਹੇ!”
1918 ਦੀ ਪਹਿਲੀ ਜਨਵਰੀ ਨੂੰ ਉਹ ਇਕ ਰੈਲੀ ਮਗਰੋਂ ਸਮੋਲਨੀ ਪਰਤ ਰਹੇ ਸਨ। ਕਾਰ ਵਿਚ ਉਨ੍ਹਾਂ ਨਾਲ ਭੈਣ ਮਰੀਆ ਉਲੀਆਨੋਵਾ ਅਤੇ ਸਵਿਸ ਸੋਸ਼-ਡੈਮੋਕਰੇਟ ਫਰਿਤਜ਼ ਪਲਾਟੇਟਨ ਵੀ ਬੈਠੇ ਸਨ। ਰਸਤੇ ਵਿਚ ਸਾਜ਼ਿਸ਼ਕਾਰਾਂ ਨੇ ਕਾਰ ‘ਤੇ ਗੋਲੀਆਂ ਚਲਾਈਆਂ। ਪਲਾਟੇਟਨ ਨੇ ਤੁਰੰਤ ਲੈਨਿਨ ਦਾ ਸਿਰ ਹੇਠ ਝੁਕਾ ਦਿੱਤਾ, ਇਕ ਗੋਲੀ ਪਲਾਟੇਟਨ ਦਾ ਹੱਥ ਛਿਲਦੀ ਹੋਈ ਨਿਕਲ ਗਈ। ਜ਼ਖ਼ਮੀ ਹੋਣ ਦੇ 18 ਦਿਨ ਬਾਅਦ ਲੈਨਿਨ ਨੇ ਲੋਕ ਕੁਮੀਸਾਰ ਪ੍ਰੀਸ਼ਦ ਦੀ ਮੀਟਿੰਗ ਵਿਚ ਹਿੱਸਾ ਲਿਆ। ਕਰੈਮਲਿਨ ਦੇ ਵਿਹੜੇ ਵਿਚ ਘੁੰਮਣ ਨਿਕਲੇ, ਤਾਂ ਕੈਮਰਾਮੈਨ ਉਨ੍ਹਾਂ ਦੀ ਉਡੀਕ ਕਰ ਰਹੇ ਸਨ। 19 ਸਤੰਬਰ ਨੂੰ ‘ਇਜ਼ਵੇਸਤੀਆ’ ਅਖ਼ਬਾਰ ਨੇ ਲੈਨਿਨ ਦੀ ਸਿਹਤ ਬਾਰੇ ਇਹ ਬੁਲੇਟਿਨ ਛਾਪਿਆ : ”ਤਾਪਮਾਨ ਆਮ ਵਾਂਗ ਹੈ। ਨਬਜ਼ ਠੀਕ ਹੈ…” ਅੱਗੇ ਖ਼ੁਦ ਲੈਨਿਨ ਦੀ ਲਿਖੀ ਹੋਈ ਇਹ ਟਿੱਪਣੀ ਸੀ : ”ਇਸ ਬੁਲੇਟਿਨ ਨੂੰ ਪੜ੍ਹਨ ਅਤੇ ਮੇਰੇ ਚੰਗੇ ਮਿਜਾਜ਼ ਬਾਰੇ ਜਾਣ ਲੈਣ ਮਗਰੋਂ ਲੋਕ ਡਾਕਟਰਾਂ ਨੂੰ ਫ਼ੋਨ ਕਰਕੇ ਅਤੇ ਸਵਾਲ ਪੁੱਛ ਕੇ ਬਿਨਾਂ ਮਤਲਬ ਪ੍ਰੇਸ਼ਾਨ ਨਾ ਕਰਨ-ਇਹ ਮੇਰੀ ਸਨਿਮਰ ਬੇਨਤੀ ਹੈ।”

ਮੁਲਾਕਾਤੀਆਂ ਨਾਲ ਗੱਲਾਂ
1920 ਦੀਆਂ ਸਰਦੀਆਂ ਵਿਚ ਅੰਗਰੇਜ਼ ਲੇਖਕ ਐਚæਜੀæ ਵੇਲਸ ਸੋਵੀਅਤ ਰੂਸ ਦੀ ਯਾਤਰਾ ‘ਤੇ ਆਏ। ਮਾਸਕੋ ਵਿਚ ਉਹ ਲੈਨਿਨ ਨੂੰ ਮਿਲੇ ਤੇ ਉਨ੍ਹਾਂ ਤੋਂ ਉਨ੍ਹਾਂ ਨੇ ਰੂਸ ਦੇ ਬਿਜਲੀਕਰਨ ਦੀ ਯੋਜਨਾ ਬਾਰੇ ਸੁਣਿਆ। ਵਿਸ਼ਵ ਪ੍ਰਸਿੱਧ ਸਾਹਿਤਕਾਰ ਨੂੰ ਯਕੀਨ ਨਾ ਹੋਇਆ ਕਿ ਇਹ ਯੋਜਨਾ ਸਚਮੁੱਚ ਕਦੇ ਸਾਕਾਰ ਹੋ ਸਕਦੀ ਹੈ, ਤੇ ਉਸ  ਨੇ ਲੈਨਿਨ ਨੂੰ ”ਕਰੈਮਲਿਨ ਦੇ ਸੁਪਨਸਾਜ਼” ਦੀ ਸੰਗਿਆ ਦਿੱਤੀ। ਪਰ ਨਾਲ ਹੀ ਇਹ ਵੀ ਲਿਖਿਆ : ”ਮੇਰੇ ਸਾਹਮਣੇ ਕਿਹੋ ਜਿਹਾ ਵੀ ਜਾਦੂਈ ਆਈਨਾ ਕਿਉਂ ਨਾ ਹੋਵੇ, ਮੈਂ ਇਸ ਭਵਿੱਖ ਦੇ ਰੂਸ ਨੂੰ ਨਹੀਂ ਦੇਖ ਸਕਦਾ, ਪਰ ਕਰੈਮਲਿਨ ਵਿਚ ਬੈਠੇ ਛੋਟੇ ਜਿਹੇ ਕੱਦ ਵਾਲੇ ਆਦਮੀ ਵਿਚ ਇਹ ਕਾਬਲੀਅਤ ਹੈ। ਉਹ ਸਾਫ਼-ਸਾਫ਼ ਦੇਖਦਾ ਹੈ ਕਿ ਕਿਵੇਂ ਪੁਰਾਣੀਆਂ, ਟੁੱਟੀਆਂ ਰੇਲ ਗੱਡੀਆਂ ਦੀ ਥਾਂ ਨਵੀਂਆਂ, ਬਿਜਲੀ ਵਾਲੀਆਂ ਰੇਲ ਗੱਡੀਆਂ ਲੈ ਰਹੀਆਂ ਹਨ, ਕਿਵੇਂ ਸਾਰੇ ਦੇਸ਼ ਵਿਚ ਨਵੇਂ ਪੱਕੇ ਮਾਰਗਾਂ ਦਾ ਜਾਲ ਵਿਛ ਰਿਹਾ ਹੈ ਤੇ ਕਿਵੇਂ ਨਵ-ਉਸਰਿਆ, ਖੁਸ਼ਹਾਲ ਤੇ ਉਦਯੋਗਿਕ ਕਮਿਊਨਿਸਟ ਰਾਸ਼ਟਰ ਤਰੱਕੀ ਕਰ ਰਿਹਾ ਹੈ। ਮੇਰੇ ਨਾਲ ਗੱਲਬਾਤ ਦੌਰਾਨ ਇਸ ਆਦਮੀ ਨੇ ਆਪਣੀ ਕਲਪਨਾ ਦੇ ਯਥਾਰਥ ‘ਤੇ ਆਧਾਰਤ ਹੋਣ ਦਾ ਮੈਨੂੰ ਲਗਭਗ ਪੂਰੀ ਤਰ੍ਹਾਂ ਕਾਇਲ ਬਣਾ ਦਿੱਤਾ।”
ਲੈਨਿਨ ਨਾਲ ਗੱਲਾਂ ਕਰਨਾ ਸਚਮੁੱਚ ਬੇਹੱਦ ਦਿਲਚਸਪ ਸੀ। ਇਸ ਦੇ ਬਹੁਤ ਸਾਰੇ ਸਬੂਤ ਮੌਜੂਦ ਹਨ। ਮਜ਼ਦੂਰ ਅਤੇ ਫ਼ੌਜੀ, ਕਿਸਾਨ ਤੇ ਵਿਗਿਆਨੀ, ਪਾਰਟੀ ਅਤੇ ਸੋਵੀਅਤਾਂ ਦੇ ਵਰਕਰ ਅਤੇ ਪੱਤਰਕਾਰ – ਲੈਨਿਨ ਦੇ  ਮੁਲਾਕਾਤੀ ਕਮਰੇ ਵਿਚ ਕੌਣ ਨਹੀਂ ਆਇਆ ਸੀ! ਬਾਅਦ ਵਿਚ ਉਨ੍ਹਾਂ ਵਿਚੋਂ ਬਹੁਤਿਆਂ ਨੇ ਲੈਨਿਨ ਦੀ ਨਿਮਰਤਾ,  ਹਲੀਮੀ ਤੇ ਹਰ ਕਿਸੇ ਦੀ ਪ੍ਰਾਰਥਨਾ-ਬੇਨਤੀ ਸੁਣਨ ਦੀ ਉਤਸੁਕਤਾ ਕਰਕੇ ਉਨ੍ਹਾਂ ‘ਤੇ ਛੱਡੀ ਗਈ ਅਮਿਟ ਛਾਪ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀæææਅਤੇ ਹੁਣ ਅਸੀਂ ਇਸ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਕਿ ਖ਼ੁਦ ਲੈਨਿਨ ਇਨ੍ਹਾਂ ਮੁਲਾਕਾਤਾਂ ਬਾਰੇ ਕੀ ਸੋਚਦੇ ਸਨ। ਲੈਨਿਨ ਕਿਸੇ ਵੀ ਤਰ੍ਹਾਂ ਦੇ ਲੋਕਾਂ ਨਾਲ ਗੱਲ ਕਰਨ ਤੋਂ ਕਤਰਾਉਂਦੇ ਨਹੀਂ ਸਨ। ਕੀ ਅਜਿਹੇ ਲੋਕਾਂ ਨਾਲ ਗੱਲਬਾਤ ਲੈਨਿਨ ਲਈ ਸਚਮੁੱਚ ਦਿਲਚਸਪ ਅਤੇ ਆਨੰਦਮਈ ਹੋ ਸਕਦੀ ਸੀ?
ਇਕ ਵਾਰ ਨੀਭਨੀ ਨੋਵਗੋਰੋਦ ਗੁਬੇਰਨਿਆ ਤੋਂ ਮ. ਸਨਾਯੇਵ ਨਾਂ ਦਾ ਇਕ ਪਾਰਟੀ ਤੇ ਸੋਵੀਅਤ ਵਰਕਰ ਮਾਸਕੋ ਆਇਆ।  ਲੈਨਿਨ ਨੇ ਉਸ ਨਾਲ ਗੱਲਾਂ ਕੀਤੀਆਂ ਤੇ ਫਿਰ ਇਸ ਪਰਚੀ ਨਾਲ ‘ਪ੍ਰਾਬਦਾ’ ਦੇ ਦਫ਼ਤਰ ਵਿਚ ਭੇਜਿਆ :…”ਸੇਗਾਰਚੋਵੋ ਓਯੇਜ਼ਦ ਦੀ ਪਾਰਟੀ ਕਮੇਟੀ ਦੇ ਮੁਖੀ (ਅਤੇ ਸੋਵੀਅਤ ਦੀ ਕਾਰਜਕਾਰਨੀ ਦੇ ਮੈਂਬਰ) ਪਿੰਡਾਂ ਵਿਚ ਅਤੇ ਗ਼ਰੀਬਾਂ ਦੀਆਂ ਕਮੇਟੀਆਂ ਵਿਚ ਵਰਗ ਸੰਘਰਸ਼ ਬਾਰੇ ਬੜੀਆਂ ਦਿਲਚਸਪ ਗੱਲਾਂ ਦੱਸ  ਰਹੇ ਹਨ। ਇਸ ਲਈ ਜ਼ਰੂਰੀ ਹੈ ਕਿ ਅਖ਼ਬਾਰ ਵਿਚ ਠੀਕ ਅਜਿਹੀ ਹੀ ਤਥਾਤਮਕ ਸਮੱਗਰੀ ਛਪੇ (ਨਹੀਂ ਤਾਂ ਬਹੁਤ ਹੀ ਜ਼ਿਆਦਾ ‘ਸਾਧਾਰਨ’ ਢੰਗ ਦੀਆਂ ਗੱਲਾਂ ਹੀ ਪੜ੍ਹਨ ਨੂੰ ਮਿਲਦੀਆਂ ਹਨ।) ਇਹ ਸਾਥੀ ਜੋ ਵੀ ਦੱਸੇ, ਲਿਖ ਲਓ ਤੇ ਛਾਪ ਦਿਓ।”
ਅਮਰੀਕੀ ਪੱਤਰਕਾਰ ਏਲਬਰਟ ਰੀਸ ਵਿਲੀਅਮਜ਼ ਨੇ ਲੈਨਿਨ ਦੇ ਕਰੈਮਲਿਨ-ਕਮਰੇ ਨੂੰ ”ਵਿਸ਼ਵ ਦਾ ਸਭ ਤੋਂ ਵਧੀਆ ਮੁਲਾਕਾਤੀ-ਕਮਰਾ” ਕਿਹਾ ਸੀ। ਰੀਜ਼ ਵਿਲੀਅਮਜ਼ ਇਹ ਵੀ ਦੱਸਦੇ ਹਨ ਕਿ ਕਿਵੇਂ ਇਕ ਵਾਰ ਜਦੋਂ ਲੈਨਿਨ ਤਾਂਬੋਵ ਗੁਬੇਰਨਿਆ ਤੋਂ ਆਏ ਹੋਏ ਇਕ ਕਿਸਾਨ ਨਾਲ ਗੱਲਾਂ ਕਰ ਰਹੇ ਸਨ, ਤਾਂ ਉਨ੍ਹਾਂ ਨੇ ਖ਼ੁਦ ਹੀ ਆਪਣੇ ਬਣਾਏ ਹੋਏ ਨਿਯਮ ਦੀ ਉਲੰਘਣਾਂ ਕਰਦਿਆਂ, ਜੋ ਕਿ ਲਗਭਗ ਗੈਰ-ਕਾਲਪਨਿਕ ਸੀ,  ਮੁਲਾਕਾਤ ਨੂੰ ਮਿੱਥੇ ਸਮੇਂ ਤੋਂ ਕਿਤੇ ਜ਼ਿਆਦਾ ਖਿੱਚੇ ਜਾਣ ਦਿੱਤਾ। ਰੀਜ਼ ਵਿਲੀਅਮਜ਼ ਲਿਖਦੇ ਹਨ : ”ਲੈਨਿਨ ਨੇ ਉਚ ਸਿੱਖਿਆ ਹਾਸਲ ਕੀਤੀ ਸੀ, ਉਹ ਅਨੇਕ ਰਚਨਾਵਾਂ ਦੇ ਲੇਖਕ ਸਨ ਤੇ ਪਰਵਾਸ ਦੌਰਾਨ ਅਨੇਕ ਮੁਲਕਾਂ ਨੂੰ ਦੇਖ ਚੁੱਕੇ ਸਨ। ਇਸ ਕਾਰਨ ਨਿਸਚਤ ਹੀ ਸਿਧਾਂਤਕ ਤੌਰ ‘ਤੇ ਤਾਂਬੋਵ ਦੇ ਕਿਸਾਨ ਨਾਲੋਂ ਕਿਤੇ ਵੱਧ ਜਾਣਦੇ ਸਨ। ਪਰ ਦੂਸਰੇ ਪਾਸੇ, ਕਿਸਾਨ ਸਖ਼ਤ ਕਿਰਤ ਅਤੇ ਜੀਵਨ ਦੇ ਸਕੂਲ ‘ਚੋਂ ਲੰਘਿਆ ਸੀ ਤੇ ਲੈਨਿਨ ਨੂੰ ਆਪਣੇ ਔਖੇ ਵਿਹਾਰਕ ਤਜ਼ਰਬਿਆਂ ਬਾਰੇ ਦੱਸ ਸਕਦਾ ਸੀ। ਇਹ ਕਿਸਾਨ ਲੋਕ ਗਿਆਨ ਦੀ ਪ੍ਰਤੱਖ ਮੂਰਤ ਸੀ। ਇਸ ਸਭ ਕੁਝ ਵਿਚ ਹੀ ਲੈਨਿਨ ਦੀ ਡੂੰਘੀ ਦਿਲਚਸਪੀ ਸੀ। ਦੂਸਰੇ ਸਾਰੇ ਅਸਲ ਵਿਚ ਮਹਾਨ ਲੋਕਾਂ ਵਾਂਗ ਲੈਨਿਨ ਜਾਣਦੇ ਸਨ ਕਿ ਕੋਰੇ ਅਨਪੜ੍ਹ ਆਦਮੀ ਤੋਂ ਵੀ ਕੁਝ ਨਾ ਕੁਝ ਸਿੱਖਿਆ ਹੀ ਜਾ ਸਕਦਾ ਹੈ।”
ਆਮ ਲੋਕਾਂ ਨਾਲ ਮੁਲਾਕਾਤਾਂ ਲੈਨਿਨ ਦੀ ਸਹਿਜ ਜ਼ਰੂਰਤ ਸੀ-ਓਨੀ ਹੀ ਸਹਿਜ, ਜਿੰਨੀ ਕਿ,  ਮਿਸਾਲ ਵਜੋਂ, ਸਾਡੇ ਲਈ ਕਿਤਾਬ ਖੋਲ੍ਹਣ ਦੀ ਜ਼ਰੂਰਤ, ਤਾਂ ਕਿ ਆਪਣੀ ਦਿਲਚਸਪੀ ਦੇ ਸਵਾਲ ਬਾਰੇ ਹੋਰ ਵਧੇਰੇ ਜਾਣ ਸਕੀਏ। ਲੈਨਿਨ ਅਜਿਹੀਆਂ ਮੁਲਾਕਾਤਾਂ ਦੇ ਮੌਕੇ ਕਦੇ ਹੱਥੋਂ ਖੁੰਜਣ ਨਹੀਂ ਸਨ ਦਿੰਦੇ। ਉਨ੍ਹਾਂ ਨੇ ਲਿਖਿਆ : ”…ਮੈਂ ਕਰੈਮਲਿਨ ਦੇ ਕਮਾਂਡੈਂਟ ਨੂੰ ਕਈ ਵਾਰ ਕਹਿ ਚੁੱਕਾ ਹਾਂ ਅਤੇ ਹੁਣ ਫੇਰ ਦੁਹਰਾ ਰਿਹਾ ਹਾਂ ਕਿ ਅਜਿਹਾ ਇੰਤਜ਼ਾਮ ਕੀਤਾ ਜਾਵੇ, ਜਿਸ ਤਹਿਤ ਮੈਨੂੰ ਮਿਲਣ ਆਉਣ ਵਾਲਾ ਆਦਮੀ ਆਗਿਆ-ਪੱਤਰ ਨਾ ਹੋਣ ‘ਤੇ ਵੀ ਬਿਨਾਂ ਕਿਸੇ ਰੋਕ-ਟੋਕ ਦੇ ਕਰੈਮਲਿਨ ਦੇ ਫਾਟਕ ਤੋਂ ਜਾਂ ਲੋਕ ਕੁਮੀਸਾਰ ਪ੍ਰੀਸ਼ਦ ਦੇ ਭਵਨ ਦੇ ਦਰਵਾਜ਼ੇ ਤੋਂ ਮੇਰੇ ਦਫ਼ਤਰ ਨੂੰ ਜਾਂ ਤੀਸਰੀ ਮੰਜ਼ਿਲ ਦੇ ਟੈਲੀਫ਼ੋਨ ਸਵਿਚਬੋਰਡ ਦੇ ਆਪਰੇਟਰ ਨੂੰ ਫ਼ੋਨ ਕਰ ਸਕੇ। ”
ਜੀਵਨ ਦੇ ਆਖ਼ਰੀ ਦਿਨਾਂ ਵਿਚ, ਜਦੋਂ ਉਹ ਗੰਭੀਰ ਬਿਮਾਰ ਸਨ, ਉਨ੍ਹਾਂ ਨੇ ਆਪਣੇ ਸਹਾਇਕਾਂ ਨੂੰ ਉਨ੍ਹਾਂ ਵਿਚਾਲੇ ਕੰਮ ਦੀ ਵੰਡ ਬਾਰੇ ਪੱਤਰ ਲਿਖੜ੍ਹਾਇਆ। ਉਸ ਵਿਚ ਉਨ੍ਹਾਂ ਨੇ ਆਪਣੇ ਅਤੇ ਉਨ੍ਹਾਂ ਵਿਚਾਲੇ ਮਤਭੇਦਾਂ ਦਾ ਵੀ ਜ਼ਿਕਰ ਕੀਤਾ। ਇਹ ਮਤਭੇਦ ਕਿਉਂ ਸਨ? ਸਭ ਤੋਂ ਪਹਿਲਾਂ ਤਾਂ ਇਹ ਕਿ ਲੈਨਿਨ ਉਨ੍ਹਾਂ ਲਈ ਮੁਲਾਕਾਤੀਆਂ ਨਾਲ  ਮਿਲਣ ਲਈ ਕੀਤੇ ਗਏ ਇੰਤਜ਼ਾਮਾਂ ਨਾਲ ਸਹਿਮਤ ਨਹੀਂ ਸਨ। ਇੰਤਜ਼ਾਮ ਇਹ ਸੀ ਕਿ ਲੋਕ ਕੁਮੀਸਾਰ ਪ੍ਰੀਸ਼ਦ ਦੇ ਮੁਖੀ ਨਾਲ ਨਿੱਜੀ ਮੁਲਾਕਾਤ ਲਈ ਮੁਲਾਕਾਤੀਆਂ ਨੂੰ ਪਹਿਲਾਂ ਉਨ੍ਹਾਂ ਦੇ ਸਹਾਇਕ ਜਾਂ ਪਾਰਟੀ ਦੀ ਕੇਂਦਰੀ ਕਮੇਟੀ ਦੇ ਸਕੱਤਰਾਂ ਵਲੋਂ ਛਾਂਟ ਲਿਆ ਜਾਂਦਾ ਸੀ। ਪਰ ਲੈਨਿਨ ਇਸ ਦੇ ਪੂਰੀ ਤਰ੍ਹਾਂ ਵਿਰੁੱਧ ਸਨ ਤੇ ਚਾਹੁੰਦੇ ਸਨ ਕਿ ਮੁਲਾਕਾਤਾਂ ਦੇ ਮਾਮਲੇ ਵਿਚ ਪੂਰਨ ਆਜ਼ਾਦੀ ਹੋਵੇ,  ਕੋਈ ਪਾਬੰਦੀ ਨਾ ਹੋਵੇ ਤੇ ਹੋ ਸਕੇ ਤਾਂ ਉਨ੍ਹਾਂ ਨੂੰ ਵਧਾਇਆ ਹੀ ਜਾਵੇ।


ਸਹਿਜਤਾ
ਜਦੋਂ ਵੀ ਅਸੀਂ ਲੈਨਿਨ ਦੇ ਲਿਖੇ ਹੋਏ ਪੱਤਰ, ਤਾਰ ਤੇ ਟਿੱਪਣੀਆਂ ਪੜ੍ਹਦੇ ਹਾਂ ਅਤੇ ਉਨ੍ਹਾਂ ਵਿਚ ਉਨ੍ਹਾਂ ਵਲੋਂ ਅਕਸਰ ਇਸਤੇਮਾਲ ਕੀਤੇ ਜਾਣ ਵਾਲੇ ਸ਼ਬਦ ਤੇ ਮੁਹਾਵਰੇ ਦੇਖਦੇ ਹਾਂ, ਤਾਂ ਸਪਸ਼ਟ ਹੋ ਜਾਂਦਾ ਹੈ ਕਿ ਬਹੁਤ ਕੁਝ ਉਹ ਕਾਗ਼ਜ਼ ਤੋਂ ਕਲਮ ਹਟਾਏ ਬਿਨਾਂ, ਇਕ ਸਹਿਜ ਜਿਹੀ ਗੱਲ ਵਾਂਗ ਲਿਖਦੇ ਸਨ। ਮਿਸਾਲ ਵਜੋਂ ਇਕ ਵਾਰ ਕਿਸਾਨਾਂ ਦੀ ਹਾਲਤ ਦੇ ਸਵਾਲ ‘ਤੇ ਵਿਚਾਰ ਚੱਲ ਰਿਹਾ ਸੀ। ਲੈਨਿਨ ਨੇ ”ਕਿਸਾਨਾਂ ਤੇ ਕਿਸਾਨੀ ਨਾਲ ਸਬੰਧਤ ਮਹੱਤਵਪੂਰਨ ਮਸਲਿਆਂ ‘ਤੇ ਵਿਚਾਰ ਲਈ” ਬੇਕੇਤੋਵੋ ਪਿੰਡ ਦੇ ਦੋ ਕਿਸਾਨਾਂ- ਸ਼ਾਪੋਸ਼ਿਨਕੋਵ ਤੇ ਕੋਂਦਰੋਵ- ਨੂੰ ਮਾਸਕੋ ਆਉਣ ਦਾ ਸੱਦਾ ਦਿੱਤਾ। ਇਸ ਸਬੰਧ ਵਿਚ 1 ਮਾਰਚ, 1921 ਨੂੰ ਉਫ਼ਾ ਗੁਬੇਰਨਿਆ ਦੀ ਸੋਵੀਅਤ ਦੀ ਕਾਰਜਕਾਰਨੀ ਦੇ ਮੁਖੀ ਨੂੰ ਤਾਰ ਭੇਜਿਆ ਗਿਆ: ”ਜੇਕਰ ਆਉਣ ਲਈ ਸਹਿਮਤ ਹੋਣ,  ਤਾਂ ਤੁਰੰਤ ਪਾਰਟੀ ਕਾਂਗਰਸ ਲਈ ਆ ਰਹੇ ਪ੍ਰਤੀਨਿਧੀਆਂ ਦੇ ਡੱਬੇ ਵਿਚ ਉਨ੍ਹਾਂ ਦੀ ਯਾਤਰਾ ਦਾ ਪ੍ਰਬੰਧ ਕਰ ਦਿਓ, ਉਨ੍ਹਾਂ ਨੂੰ ਰਸਤੇ ਲਈ ਜ਼ਰੂਰੀ ਖਾਣ-ਪੀਣ ਦੀਆਂ ਅਤੇ ਦੂਸਰੀਆਂ ਚੀਜ਼ਾਂ ਦੇ ਦਿਓ ਤੇ ਹਰ ਤਰ੍ਹਾਂ ਉਨ੍ਹਾਂ ਦਾ ਖ਼ਿਆਲ ਰੱਖਿਆ ਜਾਵੇ।” ਲੈਨਿਨ ਨੇ ਕਿਸਾਨਾਂ ਨੂੰ ਗੱਲਬਾਤ ਲਈ ਬੁਲਾਇਆ ਨਹੀਂ, ਸੱਦਾ ਭੇਜਿਆ ਸੀ ਤੇ ਨਾਲ ਹੀ ਖ਼ਿਆਲ ਰੱਖਿਆ ਸੀ ਕਿ ਬੇਕੇਤੋਵੋ ਪਿੰਡ ਤੋਂ (ਲੈਨਿਨ ਨੇ ਖ਼ੁਦ ਗੁਬੇਰਨਿਆ ਕਾਰਜਕਾਰਨੀ ਦੇ ਮੁਖੀ ਨੂੰ ਦੱਸਿਆ ਕਿ ਇਹ ਪਿੰਡ ਕਿੱਥੇ ਹੈ : ”ਓਰੇਨਬੁਰਗ ਮਾਰਗ ‘ਤੇ ਉਫ਼ਾ ਤੋਂ 36 ਵਸਰਟ ਦੂਰ”) ਮਾਸਕੋ ਤੱਕ ਸਫ਼ਰ ਵਿਚ ਉਨ੍ਹਾਂ ਨੂੰ ਕੋਈ ਮੁਸ਼ਕਲ ਨਾ ਹੋਵੇ। ਪਰ ਖ਼ਾਸ ਤੌਰ ‘ਤੇ ਧਿਆਨ ਦੇਣ ਵਾਲੇ ਤਾਂ ਤਾਰ ਦੇ ਸ਼ੁਰੂ ਦੇ ਸ਼ਬਦ ਹਨ  : ”ਜੇਕਰ ਆਉਣ ਲਈ ਸਹਿਮਤ ਹੋਣ…”  ਦੂਸਰੇ ਸ਼ਬਦਾਂ ਵਿਚ, ਜੇਕਰ ਕਿਸਾਨਾਂ ਨੂੰ ਲੋਕ ਕੁਮੀਸਾਰ ਪ੍ਰੀਸ਼ਦ ਦੇ ਮੁਖੀ ਉਲੀਆਨੋਵ (ਲੈਨਿਨ) ਨਾਲ ਮਿਲਣ ਵਿਚ ਕੋਈ ਇਤਰਾਜ਼ ਨਹੀਂ ਹੈ ਤੇ ਜੇਕਰ ਉਨ੍ਹਾਂ ਲਈ ਸੰਭਵ ਹੈ ਤੇ ਇਸ ਲਈ ਉਨ੍ਹਾਂ ਕੋਲ ਸਮਾਂ ਹੈ…   ਇਤਰਾਜ਼ ਹੋਣ, ਸਮਾਂ ਨਾ ਮਿਲ ਸਕਣ, ਆਦਿ ਦਾ ਸ਼ਾਇਦ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ। ਪਰ ਲੈਨਿਨ ਨੇ ਫਿਰ ਵੀ ਇਹ ਸ਼ਬਦ ਲਿਖੇ ਤੇ ਬਹੁਤਾ ਕਰਕੇ ਕਾਗ਼ਜ਼ ਤੋਂ ਕਲਮ ਹਟਾਏ ਬਿਨਾਂ ਹੀ। ਉਹ ਸਰਕਾਰੀ ਅਧਿਕਾਰੀਆਂ ਨੂੰ ਨਹੀਂ ਬੁਲਾ ਰਹੇ ਸਨ, ਨਾ ਹੀ ਵਿਚਾਰਕਾਂ ਨੂੰ ਸੱਦਾ ਦੇ ਰਹੇ ਸਨ, ਅਜਿਹੇ ਲੋਕਾਂ ਨੂੰ ਆਉਣ ਦੀ ਅਪੀਲ ਕਰ ਰਹੇ ਸਨ, ਜੋ ਸਿਰਫ਼ ਸਦਭਾਵਨਾ ਅਤੇ ਸਵੈ-ਇੱਛਾ ਨਾਲ ਹੀ ਉਨ੍ਹਾਂ ਦੀ ਮਦਦ ਕਰ ਸਕਦੇ ਸਨ। ਇਹ ਕੰਮ-ਕਾਜੀ ਸ਼ੈਲੀ, ਇਹ ਲੋਕਾਂ ਦੀ ਚਿੰਤਾ ਕਰਨ ਦੀ ਆਦਤ ਉਨ੍ਹਾਂ ਨੇ ਦੂਸਰਿਆਂ ਨੂੰ ਅਤੇ ਸਭ ਤੋਂ ਪਹਿਲਾਂ ਆਪਣੇ ਨਾਲ ਕੰਮ ਕਰਨ ਵਾਲਿਆਂ ਨੂੰ ਵੀ ਸਿਖਾਉਣ ਦੀ ਕੋਸ਼ਿਸ਼ ਕੀਤੀ।
ਲੈਨਿਨ ਦੇ ਸਮਕਾਲੀਨ ਦਸਦੇ ਹਨ ਕਿ ਉਹ ਕਿੰਨੇ ਸਿੱਧੇ, ਸਰਲ ਤੇ ਇਮਾਨਦਾਰ ਸਨ। ਪਰ ਇਸ ਦਾ ਇਹ ਮਤਲਬ ਨਹੀਂ ਕਿ ਉਹ ਹਮੇਸ਼ਾ ਹੀ ਅਸਾਧਾਰਨ ਤੌਰ ‘ਤੇ ਸ਼ਿਸ਼ਟ ਤੇ ਨਿਮਰ ਬਣੇ ਰਹਿੰਦੇ ਸਨ।
ਜਦੋਂ ਵੀ ਕੋਈ ਕੰਮ ਲਾਪ੍ਰਵਾਹੀ ਨਾਲ, ਜਿਲ੍ਹਤਾ ਨਾਲ ਕੀਤਾ ਜਾਂਦਾ ਸੀ, ਉਹ ਗੁੱਸੇ ਹੋ ਜਾਂਦੇ ਸਨ ਤੇ ਇਸ ਨੂੰ ਉਹ ਕਿਸੇ ਨਾ ਕਿਸੇ ਤਰ੍ਹਾਂ ਪ੍ਰਗਟ ਵੀ ਕਰ ਦਿੰਦੇ ਸਨ। ਮਿਸਾਲ ਵਜੋਂ, ਉਨ੍ਹਾਂ ਦਾ ਲਿਖਿਆ ਹੋਇਆ ਇਹ ਨੋਟ ਪੜ੍ਹੋ : ”ਕੱਲ ਮੈਂ ਦੇਖਿਆ ਕਿ ਮੈਂ ਫ਼ੋਤੀਯੇਵਾ ਨੂੰ ਜੋ ਫ਼ੌਰੀ ਦਸਤਾਵੇਜ਼ ਦਿੱਤਾ ਸੀ…ਉਸ ਨੂੰ ‘ਸਾਧਾਰਨ’, ਭਾਵ ਬੇਵਕੂਫ਼ੀ ਭਰੇ ਤਰੀਕੇ ਨਾਲ ਭੇਜਿਆ ਗਿਆ ਤੇ ਉਹ ਕਈ ਘੰਟੇ ਦੇਰੀ ਨਾਲ ਪਹੁੰਚਿਆ। ਜੇਕਰ ਮੈਂ ਦੂਸਰੀ ਵਾਰ ਵੀ ਦਖ਼ਲ ਨਾ ਦਿੰਦਾ, ਤਾਂ ਇਹ ਦੇਰੀ ਸ਼ਾਇਦ ਕਈ ਦਿਨ ਦੀ ਹੁੰਦੀ।”
ਲੋਕ ਕੁਮੀਸਾਰ ਪ੍ਰੀਸ਼ਦ ਦੀਆਂ ਮੀਟਿੰਗਾਂ ਵਿਚ ਲੈਨਿਨ ਕਦੇ-ਕਦੇ ਕਿਵੇਂ ਬੁਖ਼ਲਾ ਜਾਂਦੇ ਸਨ, ਇਸ ਬਾਰੇ ਦਸਦੇ ਹੋਏ ਲੁਨਾਚਾਸਰਕੀ ਕਹਿੰਦੇ ਹਨ : ”ਪਰ ਕੋਈ ਵੀ ਕਦੇ ਲੈਨਿਨ ਦੀ ‘ਝਿੜਕ’ ਦਾ ਬੁਰਾ ਨਹੀਂ ਮਨਾਉਂਦਾ ਸੀ। ਸੋਚਿਆ ਵੀ ਨਹੀਂ ਜਾ ਸਕਦਾ….ਕਿ ਕੋਈ ਕਮਿਊਨਿਸਟ ਜਾਂ ਸੋਵੀਅਤ ਆਦਮੀ ਲੈਨਿਨ ਨਾਲ ‘ਨਾਰਾਜ਼’ ਹੋਵੇਗਾ।”
ਫਿਰ ਵੀ ਕੁਝ ਲੋਕ ਨਾਰਾਜ਼ ਹੋ ਹੀ ਜਾਂਦੇ ਸਨ। ਪਰ ਕੋਈ ਆਦਮੀ ਲੈਨਿਨ ਦੀ ਕਿਸੇ ਟਿੱਪਣੀ ‘ਤੇ ਅਸਲ ਵਿਚ ਕੀ ਪ੍ਰਤੀਕਿਰਿਆ ਦਿਖਾਉਂਦਾ ਹੈ, ਇਸੇ ਤੋਂ ਇਹ ਗੱਲ ਸਾਹਮਣੇ ਆਉਂਦੀ ਸੀ ਕਿ ਉਸ ਆਦਮੀ ਦੀ ਨਜ਼ਰ ਵਿਚ ਵੱਡਾ ਕੀ ਹੈ- ਆਦਮੀ ਜਾਂ ਕੰਮ? ਬੁਰਾ ਉਹ ਮਨਾਉਂਦਾ ਸੀ, ਨਾਰਾਜ਼ ਉਹ ਹੁੰਦਾ ਸੀ, ਜੋ ਆਪਣੇ ਤੋਂ ਉਪਰ ਨਹੀਂ ਉਠਦਾ ਸੀ ਅਤੇ ਕੰਮ ਦੇ ਹਿਤਾਂ ਨੂੰ ਸਭ ਤੋਂ ਉਪਰ ਨਹੀਂ ਰੱਖ ਸਕਦਾ ਸੀ।
ਆਦਮੀ ਦੀ ਸਹਿਜਤਾ, ਬਣਾਵਟ ਸਭ ਤੋਂ ਪਹਿਲਾਂ ਆਲੇ-ਦੁਆਲੇ ਦੇ ਲੋਕਾਂ ਨੂੰ ਉਸ ਦੇ ਵਿਹਾਰ ਤੇ ਸਬੰਧਾਂ ਤੋਂ ਜ਼ਾਹਰ ਹੁੰਦੀ ਹੈ। ਅਜਿਹਾ ਗੁਣ ਉਸ ਨੇਤਾ ਜਾਂ ਅਧਿਕਾਰੀ ਵਿਚ ਸਭ ਤੋਂ ਸਪਸ਼ਟ ਤੌਰ ‘ਤੇ ਪ੍ਰਗਟ ਹੁੰਦਾ ਹੈ, ਜਿਸ ਲਈ ਲੋਕਾਂ ਨਾਲ ਮੇਲ-ਜੋਲ ਉਸ ਦੀ ਸਰਗਰਮੀ ਦੀ ਬੁਨਿਆਦ ਹੁੰਦਾ ਹੈ।
ਲੋਕਾਂ ਨਾਲ ਸਬੰਧਾਂ ਵਿਚ ਲੈਨਿਨ ਬੇਹੱਦ ਸਹਿਜ ਸਨ। ਪਰ ਇਸ ਬਾਰੇ ਸਭ ਤੋਂ ਚੰਗਾ ਸ਼ਾਇਦ ਗੋਰਕੀ ਨੇ ਕਿਹਾ ਸੀ, ਭਾਵ ਇਹ ਕਿ ਲੈਨਿਨ ”ਸੱਚ ਵਰਗੇ ਸਿੱਧੇ-ਸਰਲ” ਸਨ।

ਲੋਕ ਤਕਲੀਫ਼ਾਂ ਦੇ ਅੰਗ-ਸੰਗ
ਆਪਣੇ ਜੀਵਨ ਵਿਚ ਲੈਨਿਨ ਨੇ ਬਹੁਤ ਕੁਝ ਦੇਖਿਆ, ਬਹੁਤ ਕੁਝ ਭੁਗਤਿਆ ਤੇ ਬਹੁਤ ਸਾਰੇ ਪਿਆਰੇ ਲੋਕ ਗਵਾਏ। ਕਿੰਨੇ ਹੀ ਸਾਥੀ ਜੇਲ੍ਹਾਂ, ਜਲਾਵਤਨੀਆਂ ਤੇ ਪਰਵਾਸ ਦੀਆਂ ਤਕਲੀਫਾਂ ਨਾ ਝੱਲ ਸਕੇ। ਕਿੰਨਿਆਂ ਨੂੰ ਗ੍ਰਹਿ ਯੁੱਧ, ਭੁੱਖਮਰੀ ਤੇ ਮਹਾਂਮਾਰੀਆਂ ਨੇ ਮੌਤ ਦੇ ਮੂੰਹ ਵਿਚ ਧੱਕ ਦਿੱਤਾ। ਅਜਿਹੀਆਂ ਅਕਾਲ ਮੌਤਾਂ ਦਾ ਸ਼ਿਕਾਰ ਹੋਣ ਵਾਲਿਆਂ ਵਿਚੋਂ ਯਾਕੋਵ ਸਵੇਰਦਲੋਵ ਸਨ। ਅਜਿਹੀ ਹੀ ਬੇਵਕਤੀ ਮੌਤ ਵੱਡੀ ਭੈਣ ਆੱਨਾ ਦੇ ਪਤੀ ਮਾਰਕ ਯੇਲੀਜ਼ਾਰੋਵ ਦੀ ਹੋਈ। ਉਨ੍ਹਾਂ ਨਾਲ ਲੈਨਿਨ ਦੀ ਅੱਲ੍ਹੜ ਉਮਰ ਤੋਂ ਹੀ ਗੂੜ੍ਹੀ ਦੋਸਤੀ ਸੀ। ਟਾਈਫ਼ਸ ਦਾ ਰੋਗ ਉਲੀਆਨੋਵ ਪਰਿਵਾਰ ਦੀ ਦੋਸਤ ਇਨੇਸਸਾ ਆਰਮੰਦ ਲਈ ਜਾਨਲੇਵਾ ਸਿੱਧ ਹੋਇਆ।
ਲੈਨਿਨ ਲੋਕਾਂ ਨੂੰ ਸੱਚੇ ਮਨੋਂ ਪਿਆਰ ਕਰਦੇ ਸਨ ਤੇ ਉਨ੍ਹਾਂ ਦੀ ਮੌਤ ਉਨ੍ਹਾਂ ਲਈ ਬਹੁਤ ਵੱਡਾ ਜ਼ਖ਼ਮ ਹੁੰਦੀ ਸੀ। ਦੱਸਦੇ ਹਨ ਕਿ ਲੈਨਿਨ ਪ੍ਰਤਿਭਾਸ਼ਾਲੀ ਲੋਕਾਂ ‘ਤੇ ਤਾਂ ਜਿਵੇਂ ਫ਼ਿਦਾ ਹੀ ਹੋ ਜਾਂਦੇ ਸਨ। ਆਪਣੇ ਆਲੇ-ਦੁਆਲੇ ਦੇ ਲੋਕਾਂ ਦਾ ਧਿਆਨ ਰੱਖਣ, ਉਨ੍ਹਾਂ ਦੀ ਚਿੰਤਾ ਕਰਨ ਦੀ ਲੈਨਿਨ ਦੀ ਆਦਤ ਤਾਂ ਮਸ਼ਹੂਰ ਸੀ। ਗੋਰਕੀ ਨੇ ਲੈਨਿਨ ਬਾਰੇ ਕਿਹਾ ਸੀ : ”ਮੇਰੇ ਨਾਲ ਉਨ੍ਹਾਂ ਦਾ ਵਿਹਾਰ ਵੱਡੇ ਅਧਿਆਪਕ, ਦਿਆਨਤਦਾਰ ਅਤੇ ਨੇੜਲੇ ਦੋਸਤ ਵਰਗਾ ਸੀ।” ਇਹੀ ਬਹੁਤ ਸਾਰੇ ਦੂਸਰੇ ਲੋਕ ਵੀ ਕਹਿ ਸਕਦੇ ਸਨ।
ਲੈਨਿਨ ਸਾਥੀਆਂ ਦੀਆਂ ਬੇਨਤੀਆਂ ਨੂੰ ਖ਼ੁਸ਼ੀ ਨਾਲ ਪ੍ਰਵਾਨ ਕਰਦੇ ਸਨ। ਬੇਸ਼ੱਕ ਉਹ ਪਹਿਲਾਂ ਇਹ ਤੈਅ ਕਰਦੇ ਕਿ ਮਦਦ ਦੀ ਕੀ ਸਚਮੁੱਚ ਲੋੜ ਹੈ ਤੇ ਜੇਕਰ ਹੈ ਤਾਂ ਕਿਵੇਂ ਕੀਤੀ ਜਾਵੇ। ਫਿਰ ਤੁਰੰਤ ਸਬੰਧਤ ਵਿਭਾਗ, ਅਧਿਕਾਰੀ ਜਾਂ ਵਿਅਕਤੀ ਨੂੰ ਪਰਚੀ ਲਿਖ ਦਿੰਦੇ। ਜਦੋਂ ਵੀ ਉਨ੍ਹਾਂ ਪਰਚੀਆਂ ਵਿਚ ਕਿਸੇ ਦੀ ਮਦਦ ਕਰਨ ਦੀ ਗੱਲ ਕਹੀ ਹੁੰਦੀ ਸੀ, ਤਾਂ ਉਨ੍ਹਾਂ ਵਿਚ ”ਕ੍ਰਿਪਾ”, ”ਤੁਹਾਡੀ ਬੜੀ ਕ੍ਰਿਪਾ ਹੋਵੇਗੀ” ”ਤੁਹਾਡਾ ਧੰਨਵਾਦੀ ਹੋਵਾਂਗਾ” ਵਰਗੇ ਸ਼ਬਦ ਜ਼ਰੂਰੀ ਹੁੰਦੇ ਸਨ।
”ਦੁਸ਼ਮਣ ਦੀਆਂ ਗੋਲੀਆਂ ਨਾਲ ਸ਼ਹੀਦ ਹੋਏ ਸਾਥੀ ਤੇ ਕਰਮਚਾਰੀ ਦੀ ਵਿਧਵਾ ਸਾਥੀ ਕੋਲੇਸਨਿਕੋਵਾ ਨੂੰ ਦੂਸਰੇ ਸੋਵੀਅਤ ਸਦਨ ਦੇ ਜਿਸ ਕਮਰੇ (ਨੰ. 549) ਵਿਚ ਉਹ ਰਹਿੰਦੀ ਹੈ, ਜੋ ਬਹੁਤ ਹੀ ਛੋਟਾ ਤੇ ਬੇਹੱਦ ਸਿੱਲ੍ਹ ਭਰਿਆ ਹੈ, ਉਸ ਦੀ ਬਜਾਏ ਜੇਕਰ ਕੋਈ ਹੋਰ ਸੁੱਕਾ ਕਮਰਾ ਦਿੱਤਾ ਜਾਵੇ, ਤਾਂ ਤੁਹਾਡੀ ਬੜੀ ਕ੍ਰਿਪਾ ਹੋਵੇਗੀ। ਕੋਲੇਸਨਿਕੋਵਾ ਦੇ ਦੋ ਬੱਚੇ ਹਨ ਤੇ ਉਨ੍ਹਾਂ ਵਿਚੋਂ ਇਕ ਮਲੇਰੀਏ ਦਾ ਰੋਗੀ ਹੈ।”
”ਜਲਾਵਤਨੀ ਵੇਲੇ ਮੇਰੇ ਨਾਲ ਸਾਈਬੇਰੀਆ ਵਿਚ ਰਹਿ ਚੁੱਕੇ ਅਤੇ ਇਨੋਕੇਂਤਿਯੇਵੋ ਡਿਪੂ ਦੇ ਰੇਲ ਮਜ਼ਦੂਰ ਇਵਾਨ ਲੁਕੀਚ ਪ੍ਰੋਮੀਨਸਕੀ ਨੂੰ ਜਿਸ ਤਰ੍ਹਾਂ ਦੀ ਵੀ ਮਦਦ ਦੀ ਲੋੜ ਹੈ, ਕ੍ਰਿਪਾ ਕਰਕੇ ਕਰ ਦਿਓ…ਇਸ ਤੋਂ ਇਲਾਵਾ ਤਾਰ ਰਾਹੀਂ ਮੇਰੀ ਦੁਆਵਾਂ ਪਹੁੰਚਾ ਦੇਣਾ। ਇਕ ਹੋਰ ਬੇਨਤੀ ਇਹ ਹੈ ਕਿ ਉਨ੍ਹਾਂ ਦਾ ਤਬਾਦਲਾ ਤਲਤਾਈ ਰੇਲਵੇ ਵਿਚ ਕਿਸੇ ਬਿਹਤਰ ਥਾਂ ‘ਤੇ ਕਰ ਦੇਣਾ। ਉਹ ਬਹੁਤ ਬਜ਼ੁਰਗ ਹਨ। ਕ੍ਰਿਪਾ ਤਾਰ ਰਾਹੀਂ ਸੂਚਿਤ ਕਰਨਾ ਕਿ ਕੀ-ਕੀ ਕੀਤਾ ਗਿਆ ਹੈ।”
ਇਕ ਪਰਚੀ ਵਿਚ ਉਨ੍ਹਾਂ ਨੇ ਅ. ਤਸਯੂਰੂਪਾ ਦੀ ਮਦਦ ਕਰਨ ਦੀ ਅਪੀਲ ਕੀਤੀ ਸੀ। ਤਸਯੂਰੂਪਾ ਖ਼ੁਰਾਕ ਸਬੰਧੀ ਮਾਮਲਿਆਂ ਦੇ ਲੋਕ-ਕੁਮੀਸਾਰ ਸਨ, ਪਰ ਖ਼ੁਦ ਕੁਪੋਸ਼ਣ ਦਾ ਸ਼ਿਕਾਰ ਬਣੇ ਹੋਏ ਸਨ, ਜਿਸ ਕਾਰਨ ਉਹ ਕਦੇ-ਕਦੇ ਬੇਹੋਸ਼ ਵੀ ਹੋ ਜਾਂਦੇ ਸਨ। ਲੈਨਿਨ ਨੇ ਲਿਖਿਆ : ”ਤਸਯੂਰੂਪਾ ਨੂੰ 2000 ਰੂਬਲ ਮਿਲਦੇ ਹਨ….ਪਰਿਵਾਰ ਵਿਚ 7 ਆਦਮੀ ਹਨ। ਖਾਣੇ ‘ਤੇ ਪ੍ਰਤੀ  ਵਿਅਕਤੀ 12 ਰੂਬਲ ਖ਼ਰਚ ਆਉਂਦਾ ਹੈ। ਇਸ ਤਰ੍ਹਾਂ ਮਾਸਿਕ ਜ਼ਰੂਰਤ ਹੋਵੇਗੀ 84*30= 2520 ਰੂਬਲ ਦੀ। ”ਪਰ ਪੇਟ ਭਰ ਖਾਣਾ ਕਿਸੇ ਨੂੰ ਨਹੀਂ ਮਿਲ ਰਿਹਾ। ਤਸਯੂਰੂਪਾ ਪਰਿਵਾਰ ਨੂੰ 4 ਆਦਮੀਆਂ ਦਾ ਖਾਣਾ ਮਿਲਦਾ ਹੈ, ਜੋ ਘੱਟ ਹੈ। ਬੱਚੇ ਜਵਾਨ ਹਨ ਤੇ ਉਨ੍ਹਾਂ ਨੂੰ ਵੱਡਿਆਂ ਨਾਲੋਂ ਜ਼ਿਆਦਾ ਖਾਣੇ ਦੀ ਜ਼ਰੂਰਤ ਹੈ।”
”ਕ੍ਰਿਪਾ ਰਾਜ ਯੋਜਨਾ ਕਮਿਸ਼ਨ ਦੇ ਮੁਖੀ ਕਰਝਿਝਾਨੋਵਸਕੀ ਲਈ ਕ੍ਰਾਸਿਨ ਦੇ ਨਾਲ ਰੀਗਾ ਜਾਣਾ ਜ਼ਰੂਰੀ ਬਣਾ ਦਿਓ, ਤਾਂ ਕਿ ਉਹ ਇਕ ਮਹੀਨਾ ਸੈਨੇਟੋਰੀਅਮ ਵਿਚ ਜਾਂ ਕਿਸੇ ਪ੍ਰਾਈਵੇਟ ਮਕਾਨ ਵਿਚ ਰਹਿ ਕੇ ਇਲਾਜ ਕਰਵਾ ਸਕਣ ਤੇ ਆਰਾਮ ਕਰ ਸਕਣ।”
…ਇਕ ਵਾਰ ਲੈਨਿਨ ਨੇ ਕਿਹਾ ਸੀ : ”ਲੋਕ ਜੋ ਕੰਮ ਕਰ ਰਹੇ ਹਨ, ਜੇਕਰ ਤੁਸੀਂ ਉਸ ਕੰਮ ਨੂੰ ਨਹੀਂ ਸਮਝਦੇ, ਤਾਂ ਲੋਕਾਂ ਨੂੰ ਵੀ ਨਹੀਂ ਸਮਝ ਸਕਦੇ। ਜ਼ਿਆਦਾ ਤੋਂ ਜ਼ਿਆਦਾ ਤੁਸੀਂ ਉਨ੍ਹਾਂ ਨੂੰ ਸਤਹੀ ਤੌਰ ‘ਤੇ ਹੀ ਸਮਝ ਸਕੋਗੇ।” ਲੈਨਿਨ ਦੇ ਇਹ ਸ਼ਬਦ ਕਾਫ਼ੀ ਹੱਦ ਤੱਕ ਸਪਸ਼ਟ ਕਰ ਦਿੰਦੇ ਹਨ ਕਿ ਉਹ ਲੋਕਾਂ ਨਾਲ ਆਪਣੇ ਸਬੰਧ ਕਿਸ ਬੁਨਿਆਦ ‘ਤੇ ਬਣਾਉਂਦੇ ਸਨ। ਜੇਕਰ ਲੋਕਾਂ ਨਾਲ ਸਬੰਧ ਉਨ੍ਹਾਂ ਦੇ ਕੰਮ ਦੇ ਸਾਰ ਅਤੇ ਮਹੱਤਵ ਦੀ ਸਮਝ ਦੇ ਆਧਾਰ ‘ਤੇ ਬਣਾਏ ਜਾਂਦੇ ਹਨ, ਤਾਂ ਇਹ ਕੰਮ-ਕਾਜੀ ਸਬੰਧਾਂ ਵਿਚ ਸਪਸ਼ਟਤਾ ਲਿਆਉਂਦੇ ਹਨ ਤੇ ਅਧਿਕਾਰੀਆਂ ਨੂੰ ਗੁੱਸੇ, ਸ਼ੱਕ, ਮੰਦੀ ਭਾਵਨਾ ਵਰਗੀਆਂ ਉਨ੍ਹਾਂ ਚੀਜ਼ਾਂ ਤੋਂ ਮੁਕਤ ਕਰ ਦਿੰਦਾ ਹੈ, ਜੋ ਕਦੇ-ਕਦੇ ਸਾਡੇ ਜੀਵਨ ਨੂੰ ਬਹੁਤ ਕੁਸੈਲਾ ਬਣਾ ਦਿੰਦੀਆਂ ਹਨ। ਪਰ ਕੀ ਲੋਕਾਂ ਦੇ ਮੁਲਾਂਕਣ ਦੇ ਸਵਾਲ ‘ਤੇ ਅਜਿਹਾ ਬੇਹੱਦ ਕੰਮਕਾਜੀ ਰਵੱਈਆ ਹੋਣ ਦਾ ਇਹ ਅਰਥ ਤਾਂ ਨਹੀਂ ਕਿ ਲੈਨਿਨ ਦੀਆਂ ਨਜ਼ਰਾਂ ਵਿਚ ਸਾਥੀਆਂ ਦੇ ਨਿੱਜੀ ਗੁਣਾਂ ਤੇ ਨੈਤਿਕ ਵਿਸ਼ੇਸ਼ਤਾਵਾਂ ਦਾ ਕੋਈ ਮਹੱਤਵ ਨਹੀਂ ਸੀ? ਨਹੀਂ।
…ਲੈਨਿਨ ਨੂੰ ਬਹੁਤ ਕੁਝ ਦੇਖਣਾ-ਭੁਗਤਣਾ ਪਿਆ। ਸਥਿਤੀਆਂ ਅਤੇ ਸੰਘਰਸ਼ ਨੇ ਉਨ੍ਹਾਂ ਨੂੰ ਕਠੋਰ, ਬੇਰਹਿਮ ਬਣਨ ਲਈ ਮਜਬੂਰ ਕੀਤਾ। ਆਪਣੀ ਸੁਭਾਵਕ ਨੇਕੀ, ਦਯਾਲਤਾ ਨੂੰ ਦਬਾ ਕੇ ਉਹ ਅਜਿਹੇ ਬਣੇ ਵੀ ਸਨ। ਇਕ ਵਾਰ ਗੋਰਕੀ ਨਾਲ ਗੱਲਬਾਤ ਦੌਰਾਨ ਸੋਰਮੋਵੋ ਦਾ ਇਕ ਮਜ਼ਦੂਰ, ਜੋ ਦਿਲ ਤੋਂ ਬੜਾ ਕੋਮਲ ਸੀ, ਚੇਕਾ (ਅਸਾਧਾਰਨ ਕਮਿਸ਼ਨ) ਵਿਚ ਕੰਮ ਕਰਨ ਲਈ ਕਠੋਰ-ਦਿਲ ਹੋਣ ਦੀ ਲਾਜ਼ਮੀਅਤ ‘ਤੇ ਬੁਖ਼ਲਾ ਰਿਹਾ ਸੀ। ਫਿਰ ਕੁਝ ਪਲ ਚੁੱਪ ਰਹਿ ਕੇ ਉਸ ਨੇ ਅੱਗੇ ਕਿਹਾ : ”ਪਰ ਇਹ ਯਾਦ ਕਰਦੇ ਹੀ ਕਿ ਲੈਨਿਨ ਨੂੰ ਵੀ ਜ਼ਾਹਰਾ ਤੌਰ ‘ਤੇ ਆਪਣੀਆਂ ਭਾਵਨਾਵਾਂ ਦਬਾ ਕੇ ਰੱਖਣੀਆਂ ਪੈਂਦੀਆਂ ਹਨ, ਤਾਂ ਮੈਨੂੰ ਆਪਣੀ ਕਮਜ਼ੋਰੀ ‘ਤੇ ਸ਼ਰਮ ਆ ਜਾਂਦੀ ਹੈ।”
ਲੋਕ ਜੋ ਕੰਮ ਕਰ ਰਹੇ ਹਨ, ਜੇਕਰ ਤੁਸੀਂ ਉਸ ਕੰਮ ਨੂੰ ਨਹੀਂ ਸਮਝਦੇ, ਤਾਂ ਲੋਕਾਂ ਨੂੰ ਵੀ ਨਹੀਂ ਸਮਝ ਸਕਦੇ। ਜ਼ਿਆਦਾ ਤੋਂ ਜ਼ਿਆਦਾ ਤੁਸੀਂ ਉਨ੍ਹਾਂ ਨੂੰ ਸਤਹੀ ਤੌਰ ‘ਤੇ ਹੀ ਸਮਝ ਸਕੋਗੇ…।

ਲੈਨਿਨ, ਨਾਦੇਜ਼ਦਾ ਤੇ ਸਾਦਗੀ
ਇਸ ਪਰਿਵਾਰ ਵਿਚ ਸਾਰੇ ਬਹੁਤ ਕੰਮ ਕਰਦੇ ਸਨ। ਕਰੁਪਸਕਾਇਆ ਸਵੇਰੇ-ਸਵੇਰੇ ਉਠ ਕੇ ਘਰ ਦੇ ਕੰਮਕਾਜ ਸਮੇਟਦੀ ਤੇ ਫਿਰ ਦਿਨ ਭਰ ਸਿੱਖਿਆ ਸਬੰਧੀ ਮਾਮਲਿਆਂ ਦੀ ਲੋਕ-ਕੁਮੀਸਰਾ ਵਿਚ ਕੰਮ ਕਰਦੀ। ਲੈਨਿਨ ਨੂੰ ਰਾਤ ਵੇਲੇ ਕੰਮ ਕਰਨਾ ਜ਼ਿਆਦਾ ਪਸੰਦ ਸੀ। ਉਹ ਇਕ-ਦੋ ਪੰਨੇ ਲਿਖਦੇ, ਫਿਰ ਦੇਰ ਤੱਕ ਸੋਚਾਂ ਵਿਚ ਡੁੱਬ ਜਾਂਦੇ, ਉਠਦੇ ਤੇ ਕਮਰੇ ਵਿਚ ਤੇਜ਼ੀ ਨਾਲ ਚਹਿਲਕਦਮੀ ਕਰਨ ਲਗਦੇ।
ਕਰੁਪਸਕਾਇਆ ਦੇ ਕਮਰੇ ਵਿਚ ਲਿਖਣ ਦੀ ਮੇਜ਼ ‘ਤੇ ਲੈਨਿਨ ਦੀ ਫ਼ੋਟੋ ਰੱਖੀ ਹੈ, ਜੋ ਉਨ੍ਹਾਂ ਨੂੰ ਬਹੁਤ ਪਿਆਰੀ ਸੀ। ਉਸ ਵਿਚ ਲੈਨਿਨ ਨੇ ਕਾਲੀ ਭੇਡ ਦੀ ਖਲ਼ ਵਾਲੀ ਟੋਪੀ ਪਾਈ ਹੋਈ ਹੈ ਤੇ ਅੱਖਾਂ ਥੋੜ੍ਹੀਆਂ ਜਿਹੀਆਂ ਬੰਦ ਹਨ।
ਅਜਿਹੀ ਹੀ ਫ਼ੋਟੋ-ਪਰ ਕੁਝ ਵੱਡੀ- ਲੈਨਿਨ ਦੇ ਪਲੰਘ ਨਾਲ ਵਾਲੀ ਕੰਧ ਉਪਰ ਟੰਗੀ ਹੋਈ ਹੈ। ਸਿਰਫ਼ ਉਸ ਵਿਚ ਦੋਵੇਂ ਪਤੀ-ਪਤਨੀ ਨਾਲ-ਨਾਲ  ਹਨ। ਇਹ ਦੋਵੇਂ ਫ਼ੋਟੋਆਂ ਇਕ ਵੱਡੀ ਫ਼ੋਟੋ ਦਾ ਹਿੱਸਾ ਸਨ, ਜੋ ਕਾਸ਼ਿਨਾਂ ਵਿਚ ਉਥੇ ਬਿਜਲੀਘਰ ਦੇ ਉਦਘਾਟਨ ਦੇ ਦਿਨ ਖਿੱਚੀ ਗਈ ਸੀ। ਇਹ ਇਨਕਲਾਬ ਮਗਰੋਂ ਉਨ੍ਹਾਂ ਗਿਣੇ-ਚੁਣੇ ਦਿਨਾਂ ਵਿਚੋਂ ਇਕ ਸੀ, ਜਦੋਂ ਸਵੇਰ ਤੋਂ ਦੇਰ ਰਾਤ ਤੱਕ ਦੋਹਾਂ ਨੂੰ ਇਕੱਠੇ ਰਹਿਣ ਦਾ ਮੌਕਾ ਮਿਲਿਆ ਸੀ। ਸਵੇਰੇ-ਸਵੇਰੇ ਹੀ ਉਹ ਕਾਰ ਰਾਹੀਂ ਵੋਲੋਕੋਲਾਮਸਕ ਉਯੇਜ਼ਦ ਦੇ ਕਾਸ਼ਿਨਾਂ ਪਿੰਡ ਵਿਚ ਪਹੁੰਚੇ ਸਨ। ਉਥੇ ਉਹ ਦੇਰ ਤੱਕ ਪਿੰਡ ਦੀਆਂ ਗਲੀਆਂ ਵਿਚ ਘੁੰਮਦੇ ਰਹੇ, ਕਿਸਾਨਾਂ ਨਾਲ ਖਾਣਾ ਖਾਧਾ, ਗੱਲਾਂ ਕੀਤੀਆਂ ਅਤੇ ਫਿਰ ਉਯੇਜ਼ਦ ਦੇ ਫ਼ੋਟੋਗ੍ਰਾਫ਼ਰ ਦੀ ਬੇਨਤੀ ‘ਤੇ ਕਿਸਾਨਾਂ ਵਿਚ ਬੈਠ ਕੇ ਫ਼ੋਟੋ ਖਿਚਵਾਈ। ਉਸ ਵਿਚ ਜਿਨ੍ਹਾਂ ਲੋਕਾਂ ਦੇ ਚਿਹਰੇ ਹਨ, ਉਹ ਆਪਣੇ ਆਪ ਵਿਚ ਇਕ ਯੁੱਗ ਦੇ ਪ੍ਰਤੀਕ ਸਨ ਤੇ ਉਨ੍ਹਾਂ ਵਿਚੋਂ ਹਰੇਕ ਦਾ ਬਾਅਦ ਦਾ ਜੀਵਨ ਦੇਸ਼ ਦੇ ਇਤਿਹਾਸ ਦਾ ਪ੍ਰਤੀਬਿੰਬ ਬਣਿਆ….ਜੇਕਰ ਉਲੀਆਨੋਵ ਜੋੜੇ ਨੂੰ ਕਾਸ਼ਿਨਾਂ ਵਿਚ ਖਿੱਚੀ ਹੋਈ ਫ਼ੋਟੋ ਏਨੀ ਪਸੰਦ ਆਈ, ਤਾਂ ਇਸ ਦਾ ਮਤਲਬ ਹੈ ਕਿ ਇਹ ਯਾਤਰਾ ਉਨ੍ਹਾਂ ਲਈ ਮਿੱਠੀ ਯਾਦ ਛੱਡ ਗਈ ਸੀ। ਲੈਨਿਨ ਜਦੋਂ ਸ਼ੂਸ਼ੇਨਸਕੋਏ ਵਿਚ ਜਲਾਵਤਨੀ ਕੱਟ ਰਹੇ ਸਨ, ਤਾਂ ਉਨ੍ਹਾਂ ਦੇ ਪਿਛੇ-ਪਿਛੇ ਕਰੁਪਸਕਾਇਆ ਵੀ ਉਥੇ ਪਹੁੰਚ ਗਈ ਸੀ। ਬਾਅਦ ਵਿਚ ਇਕੱਠਿਆਂ ਹੀ ਉਨ੍ਹਾਂ ਨੇ ਪਰਵਾਸ ਦੇ ਵਰ੍ਹੇ ਵੀ ਗੁਜ਼ਾਰੇ। ਅੱਗੇ ਚੱਲ ਕੇ ਕਰੁਪਸਕਾਇਆ ਨੇ ਲਿਖਿਆ : ”ਕਿਹਾ ਜਾਂਦਾ ਹੈ ਕਿ ਸਾਨੂੰ ਬਹੁਤ ਔਖੇ ਦਿਨ ਕੱਟਣੇ ਪਏ। ਇਹ ਸਹੀ ਨਹੀਂ ਹੈ। ਜਦੋਂ ਰੋਟੀ ਖ਼ਰੀਦਣ ਲਈ ਘਰ ਵਿਚ ਇਕ ਵੀ ਪੈਸਾ ਨਹੀਂ ਹੁੰਦਾ, ਅਜਿਹੀ ਕਮੀ ਅਸੀਂ ਨਹੀਂ ਦੇਖੀ। ਪਰ ਪਰਵਾਸ ਵਿਚ ਸਾਰੇ ਸਾਥੀ ਇਵੇਂ ਨਹੀਂ ਰਹਿੰਦੇ ਸਨ। ਕੁਝ ਨੂੰ ਤਾਂ ਦੋ-ਦੋ ਸਾਲ ਤੱਕ ਬਿਨਾਂ ਕਿਸੇ  ਰੁਜ਼ਗਾਰ ਤੇ ਕਮਾਈ ਦੇ ਰਹਿਣਾ ਪੈਂਦਾ ਸੀ ਤੇ ਉਹ ਰੂਸ ਤੋਂ ਵੀ ਪੈਸੇ ਨਹੀਂ ਲੈਂਦੇ ਸਨ ਤੇ ਸਚਮੁੱਚ ਭੁੱਖਮਰੀ ਦਾ ਜੀਵਨ ਬਿਤਾਉਣ ਲਈ ਮਜਬੂਰ ਸਨ। ਸਾਡੇ ਨਾਲ ਅਜਿਹਾ ਕੁਝ ਨਹੀਂ ਹੋਇਆ। ਇਹ ਸੱਚ ਹੈ ਕਿ ਅਸੀਂ ਸਾਦਗੀ ਨਾਲ ਰਹਿੰਦੇ ਸੀ। ਪਰ ਕੀ ਜੀਵਨ ਦਾ ਸੁੱਖ ਇਸ ਵਿਚ ਹੈ ਕਿ ਐਸ਼ੋ-ਆਰਾਮ ਨਾਲ ਰਿਹਾ ਜਾਵੇ?”
ਇਨ੍ਹਾਂ ਸ਼ਬਦਾਂ ਵਿਚ ਆਪਣੇ ਜੀਵਨ ਦੀ ਉਨ੍ਹਾਂ ਇਨਕਲਾਬੀ ਸਾਥੀਆਂ ਦੇ ਜੀਵਨ ਦੇ ਨਾਲ ਸਾਫ਼-ਸਾਫ਼ ਤੁਲਨਾ ਕੀਤੀ ਗਈ ਹੈ, ਜਿਨ੍ਹਾਂ ਨੇ ਆਪਣਾ ਰਾਹ ਹਮੇਸ਼ਾ-ਹਮੇਸ਼ਾ ਲਈ ਚੁਣ ਲਿeਾ ਸੀ।
ਉਲੀਆਨੋਵ ਜੋੜਾ ਉਦੋਂ ਵੀ ”ਸਾਦਗੀ ਨਾਲ ਰਹਿੰਦਾ ਸੀ”, ਜਦੋਂ ਲੈਨਿਨ ਸਰਕਾਰ ਦੇ ਮੁਖੀ ਬਣੇ ਅਤੇ ਖ਼ੁਦ ਕਰੁਪਸਕਾਇਆ ਸਿੱਖਿਆ ਸਬੰਧੀ ਮਾਮਲਿਆਂ ਦੀ ਉਪ ਲੋਕ-ਕੁਮੀਸਾਰ। ਉਲੀਆਨੋਵੋਂ ਦੇ ਕਰੈਮਲਿਨ ਵਾਲੇ ਫ਼ਲੈਟ ਵਿਚ ਜੋ ਇਕ ਵਾਰ ਵੀ ਆਇਆ, ਉਸ ਨੇ ਅੱਗੇ ਚੱਲ ਕੇ ਯਾਦ ਕੀਤਾ, ਦੂਸਰਿਆਂ ਨੂੰ ਦੱਸਿਆ ਅਤੇ ਲਿਖਿਆ ਕਿ ਕਿਵੇਂ ਉਸ ਵਿਚ ਘਰ-ਗ੍ਰਹਿਸਥੀ ਦੀਆਂ ਸਾਰੀਆਂ ਚੀਜ਼ਾਂ ਬਹੁਤ ਮਾਮੂਲੀ ਸਨ, ਕਿਵੇਂ ਸ਼ਾਮ ਦੇ  ਖਾਣੇ ਵਿਚ ਸਿਰਫ਼ ਕਾਲੀ ਰੋਟੀ ਤੇ ਪਨੀਰ ਦੇ ਕੁਝ ਟੁਕੜੇ ਹੀ ਹੁੰਦੇ ਸਨ, ਕਿਵੇਂ ਪਿਆਰੇ ਮਹਿਮਾਨ ਲਈ ਜਿਵੇਂ-ਕਿਵੇਂ ਥੋੜ੍ਹੇ ਜਿਹਾ ਮੁਰੱਬੇ ਦਾ ਇੰਤਜ਼ਾਮ ਕਰ ਦਿੱਤਾ ਜਾਂਦਾ ਸੀ ਤੇ ਕਿਵੇਂ ਲੈਨਿਨ ਦੇ ਨੁਸਖ਼ੇ ਅਨੁਸਾਰ ਸੈਂਡਵਿਚ ਬਣਾਇਆ ਜਾਂਦਾ ਸੀ, ਜੋ ਬੜਾ ਸਵਾਦੀ ਹੁੰਦਾ ਸੀ : ਹੇਠਾਂ ਕਾਲੀ ਰੋਟੀ ਦੀ ਸਲਾਈਸ, ਉਸ ‘ਤੇ ਥੋੜ੍ਹਾ ਜਿਹਾ ਮੁਰੱਬਾ ਤੇ ਉਸ ਦੇ ਉਪਰ ਪਨੀਰ ਦੀ ਪਤਲੀ ਜਿਹੀ ਕਾਤਰ। ਇਸੇ ਤਰ੍ਹਾਂ ਇਹ ਭੁੱਲਣਾ ਵੀ ਅਸੰਭਵ ਸੀ ਕਿ ਮਹਿਮਾਨ ਭਾਵੇਂ ਇਕ ਹੀ ਹੋਵੇ, ਚਾਹ ਦੇ ਚਮਚ ਫਿਰ ਵੀ ਪੂਰੇ ਨਹੀਂ ਪੈਂਦੇ ਸਨ। ਤਸ਼ਤਰੀਆਂ, ਪਿਆਲੇ ਕੋਈ ਵਧੀਆ ਖੜ੍ਹਾਲਟੀ ਦੇ ਨਹੀਂ ਸਨ, ਮਠਿਆਈਆਂ, ਆਚਾਰ, ਵਗੈਰਾ ਕੁਝ ਨਹੀਂ ਹੁੰਦੇ ਸਨ, ਪਰ ਹਰ ਵਾਰ ਜਦੋਂ ਵੀ ਖਾਣਾ ਖਾਣ ਬੈਠਦੇ ਸਨ, ਮੇਜ਼ ‘ਤੇ ਸਾਫ਼ ਮੇਜ਼ਪੋਸ਼ ਵਿਛਿਆ ਹੁੰਦਾ ਸੀ ਤੇ ਧੋਤੇ, ਕਲਫ਼ ਕੀਤੇ ਨੈਪਕਿਨ ਵੀ ਰੱਖੇ ਹੁੰਦੇ ਸਨ।
…ਲਿਖਣ ਦੀ ਮੇਜ਼ ‘ਤੇ ਵੀ ਲੈਨਿਨ ਦੀ ਫ਼ੋਟੋ ਰੱਖੀ ਹੋਈ ਹੈ। ਲੈਨਿਨ ਦੀ ਮੌਤ ਤੋਂ ਬਾਅਦ ਨਾਦੇਜ਼ਦਾ ਕਰੁਪਸਕਾਇਆ ਇਸ ਕਮਰੇ ਵਿਚ 15 ਵਰ੍ਹੇ ਰਹੀ। ਉਹ ਸਵੇਰੇ ਪੰਜ ਵਜੇ ਉਠ ਜਾਂਦੀ ਸੀ ਤੇ ਕੰਮ ਸ਼ੁਰੂ ਕਰ ਦਿੰਦੀ ਸੀ  : ਉਹ ਲੈਨਿਨ ਬਾਰੇ, ਪਾਰਟੀ ਬਾਰੇ ਆਪਣੀਆਂ ਯਾਦਾਂ ਲਿਖਦੀ, ਕਮਿਊਨਿਸਟ ਪਾਲਨ ਅਤੇ ਲੋਕ ਸਿੱਖਿਆ ਬਾਰੇ ਲੇਖ ਤਿਆਰ ਕਰਦੀ, ਰਸਾਲਿਆਂ ਦਾ ਸੰਪਦਾਨ ਕਰਦੀ ਤੇ ਖ਼ਤਾਂ ਦੇ ਜਵਾਬ ਦਿੰਦੀ।
ਕਿਤਾਬਾਂ ਦੀ ਅਲਮਾਰੀ ਵਿਚ ਲਾਲ ਜਿਲਦ ਵਾਲੀਆਂ 30 ਵੱਡ ਆਕਾਰੀ ਕਿਤਾਬਾਂ ਰੱਖੀਆਂ ਹਨ। ਇਹ ਲੈਨਿਨ ਦੀਆਂ ਰਚਨਾਵਾਂ ਦਾ ਤੀਸਰਾ ਐਡੀਸ਼ਨ ਹੈ। ਪਹਿਲਾ ਐਡੀਸ਼ਨ 1926 ਵਿਚ ਨਿਕਲਿਆ ਸੀ। ਨਾਦੇਜ਼ਦਾ ਕਰੁਪਸਕਾਇਆ ਨੇ ਉਸ ਨੂੰ ਖੋਲ੍ਹਿਆ, ਸਤਰਾਂ ‘ਤੇ ਨਜ਼ਰ ਮਾਰੀ ਤੇ ਮਹਿਸੂਸ ਕੀਤਾ ਕਿ ਉਹ ਜਿਉਂਦੇ ਲੈਨਿਨ ਦੀ ਫ਼ੋਟੋ ਨਾਲੋਂ ਵੀ ਵਧੇਰੇ ਯਾਦ ਦਿਵਾਉਂਦੀਆਂ ਹਨ। ”ਕਦੇ-ਕਦੇ ਹੁਣ ਬਹੁਤ ਵਰ੍ਹੇ ਬਾਅਦ ਵੀ ਲੈਨਿਨ ਦੇ ਲੇਖਾਂ ਨੂੰ ਫੇਰ ਤੋਂ ਪੜ੍ਹਦਿਆਂ ਉਹ ਲਹਿਜ਼ਾ ਸੁਣਾਈ ਦਿੰਦਾ ਹੈ, ਜਿਸ ਵਿਚ ਲੈਨਿਨ ਨੇ ਬਾਅਦ ਵਿਚ ਆਪਣੇ ਕਿਸੇ ਲੇਖ ਵਿਚ ਸ਼ਾਮਲ ਕੀਤੇ ਗਏ ਵਾਕ ਨੂੰ ਗੱਲਬਾਤ ਦੌਰਾਨ ਕਿਹਾ ਸੀ…”
ਇਕ ਤੋਂ ਬਾਅਦ ਦੂਸਰਾ ਐਡੀਸ਼ਨ ਨਿਕਲਦਾ ਜਾ ਰਿਹਾ ਸੀ ਤੇ ਕਰੁਪਸਕਾਇਆ ਲਈ ਆਪਣੀਆਂ ਯਾਦਾਂ ਲਿਖਣ ਵਿਚ ਉਹ ਬੜੇ ਲਾਹੇਵੰਦ ਸਿੱਧ ਹੋ ਰਹੇ ਸਨ। ਨਤੀਜੇ ਵਜੋਂ ਹਰ ਐਡੀਸ਼ਨ ਵਿਚ ਨਿਸ਼ਾਨ ਲਾਈਆਂ ਹੋਈਆਂ ਥਾਵਾਂ ਅਤੇ ਪੁਸਤਕ-ਚਿੰਨ੍ਹਾਂ ਦੀ ਸੰਖਿਆ ਵਧਦੀ ਹੀ ਗਈ। ਐਡੀਸ਼ਨ ਦੀ ਸਿੱਧੀ ਕਤਾਰ ਦੇ ਉਪਰ ਝੰਡੀਆਂ ਜਿਵੇਂ ਉਹ ਅੱਜ ਵੀ ਉਵੇਂ ਹੀ ਖੜ੍ਹੀਆਂ ਹਨ। ਇੱਛਾ ਹੁੰਦੀ ਹੈ ਕਿ ਇਸ ਕਮਰੇ ਵਿਚ ਦੇਰ ਤੱਕ ਰੁਕਿਆ ਜਾਵੇ, ਜਿੱਥੇ-ਜਿੱਥੇ ਪੁਸਤਕ-ਚਿੰਨ੍ਹ ਰੱਖੇ ਹਨ, ਪੈਂਸਿਲ ਨਾਲ ਨਿਸ਼ਾਨ ਲੱਗੇ ਹਨ ਜਾਂ ਹਾਸ਼ੀਏ ‘ਤੇ ਕੁਝ ਲਿਖਿਆ ਹੈ, ਉਥੇ-ਉਥੇ ਇਨ੍ਹਾਂ ਪੰਨਿਆਂ ਨੂੰ ਖੋਲ੍ਹ ਕੇ ਪੜ੍ਹਿਆ ਜਾਵੇ ਤੇ ਕਰੁਪਸਕਾਇਆ ਦੀ ਵਿਚਾਰ-ਲੜੀ ਦੀ ਟੋਹ ਲਈ ਜਾਵੇ। ਪਰ ਡਰ ਲਗਦਾ ਹੈ ਤੇ ਸ਼ਾਇਦ ਇਹ ਠੀਕ ਵੀ ਨਹੀਂ ਹੈ, ਕਿਉਂਕਿ ਇਨ੍ਹਾਂ ਪੁਸਤਕ-ਚਿੰਨ੍ਹਾਂ ਅਤੇ ਟਿੱਪਣੀਆਂ ਪਿਛੇ ਉਹ ਗੱਲਬਾਤ ਲੁਕੀ ਹੋਈ ਹੈ, ਜੋ ਕਰੁਪਸਕਾਇਆ ਆਪਣੇ ਜੀਵਨ ਦੇ ਆਖ਼ਰੀ ਦਿਨਾਂ ਤੱਕ ਲੈਨਿਨ ਨਾਲ ਕਰਦੀ ਰਹੀ ਸੀæææਪਰ ਹੋ ਸਕਦਾ ਹੈ ਕਿ ਇਹ ਨਿੱਜੀ ਗੱਲਬਾਤ ਦੀ ਬਜਾਏ ਸਿਆਸੀ ਗੱਲਬਾਤ ਵਧੇਰੇ ਰਹੀ ਹੋਵੇ? ਬਿਲਕੁਲ ਸੰਭਵ ਹੈ। ਪਰ ਉਦੋਂ ਉਨ੍ਹਾਂ ਲਈ ਉਸ ਸੰਘਰਸ਼ ਤੇ ਉਨ੍ਹਾਂ ਉਮੀਦਾਂ ਨਾਲੋਂ ਵੱਧ ਨਿੱਜੀ ਹੋਰ ਕੀ ਹੋ ਸਕਦਾ ਸੀ, ਜਿਨ੍ਹਾਂ ਲਈ ਉਨ੍ਹਾਂ ਨੇ ਆਪਣਾ ਜੀਵਨ ਹੀ ਸਮਰਪਤ ਕਰ ਦਿੱਤਾ ਸੀ!

ਮਿਸਾਲੀ ਊਰਜਾ
ਮੈਕਸਿਮ ਗੋਰਕੀ ਨੇ ਲੈਨਿਨ ਦਾ ਰੇਖਾ ਚਿੱਤਰ ਇਵੇਂ ਖਿੱਚਿਆ ਹੈ : ”ਕਦੇ-ਕਦੇ ਲਗਦਾ ਸੀ ਕਿ ਉਨ੍ਹਾਂ ਦੀ ਬੇਮਿਸਾਲ ਊਰਜਾ ਅੱਖਾਂ ਰਾਹੀਂ ਚਿੰਗਾਰੀਆਂ ਬਣ ਕੇ ਵਰ੍ਹ ਰਹੀ ਹੈ ਤੇ ਉਸ ਨਾਲ ਲਬਰੇਜ਼ ਸ਼ਬਦ ਵਾਯੂਮੰਡਲ ਵਿਚ ਚਮਕ ਰਹੇ ਹਨ।” ਇਸ ਅੰਦਰੂਨੀ ਊਰਜਾ, ਤੇਜ਼, ਵਿਸਫ਼ੋਟਕ ਸ਼ਕਤੀ ਦਾ, ਜੋ ਇਕ ਵਿਅਕਤੀ ਨੂੰ ਵੀ ਅਤੇ ਹਜ਼ਾਰਾਂ ਲੋਕਾਂ ਦੀ ਇਕੱਤਰਤਾ ਨੂੰ ਵੀ ਮੰਤਰ-ਮੁਗਧ ਕਰ ਸਕਦਾ ਸੀ, ਸਰੋਤ ਕੀ ਲੈਨਿਨ ਦੇ ਸੁਭਾਅ ਦੀਆਂ ਪਰਸਪਰ ਵਿਰੋਧੀ ਵਿਸ਼ੇਸ਼ਤਾਵਾਂ ਦਾ ਪੂਰਨ ਅਤੇ ਹੈਰਾਨੀਜਨਕ ਪੁਨਰ ਮਿਲਾਪ ਤਾਂ ਨਹੀਂ ਸੀ? ਉਨ੍ਹਾਂ ਨੂੰ ਸ਼ੋਸ਼ਣ ਨਾਲ ਅੰਤਾਂ ਦੀ ਨਫ਼ਰਤ ਸੀ। ਉਨ੍ਹਾਂ ਦਾ ਰੋਜ਼ਮੱਰਾ ਦਾ ਜੀਵਨ ਬਹੁਤ ਸਿੱਧਾ-ਸਾਦਾ ਸੀ, ਪਰ ਦੂਸਰੇ ਪਾਸੇ, ਉਹ ਸਮਾਜਕ ਜੀਵਨ ਬਦਲਣ ਦੇ ਸੁਪਨੇ ਦੇਖਣਾ, ਕਲਪਨਾ ਦੀਆਂ ਉਡਾਣਾਂ ਭਰਨਾ ਵੀ ਜਾਣਦੇ ਸਨ। ਜੋ ਲੋਕ ਉਨ੍ਹਾਂ ਨਾਲ ਸਨ, ਜਿਨ੍ਹਾਂ ਨਾਲ ਉਹ ਕੰਮ ਕਰਦੇ ਸਨ, ਉਨ੍ਹਾਂ ਦਾ ਹਰ ਤਰ੍ਹਾਂ ਦਾ ਖ਼ਿਆਲ ਰੱਖਣਾ ਉਨ੍ਹਾਂ ਦਾ ਸੁਭਾਅ ਸੀ, ਪਰ ਇਸੇ ਸੁਭਾਅ ਦਾ ਦੂਸਰਾ ਪਹਿਲੂ ਆਪਣੇ ਵਿਚਾਰਕ ਵਿਰੋਧੀਆਂ ਨਾਲ ਅਟੱਲ ਸੰਘਰਸ਼ ਕਰਦੇ ਰਹਿਣਾ ਵੀ ਸੀ। ਉਹ ਮਿਹਨਤ ਕਰਦੇ ਥੱਕਦੇ ਨਹੀਂ ਸਨ, ਪਰ ਉਹ ਸਰਗਰਮੀ ਨਾਲ ਆਰਾਮ ਕਰਨਾ ਅਤੇ ਸ਼ਕਤੀ ਨੂੰ ਤੇਜ਼ੀ ਨਾਲ ਬਹਾਲ ਕਰਨਾ ਵੀ ਜਾਣਦੇ ਸਨ। ਇਹ ਤੁਲਨਾਵਾਂ ਅੱਗੇ ਵੀ ਜਾਰੀ ਰੱਖੀਆਂ ਜਾ ਸਕਦੀਆਂ ਹਨ। ਲੈਨਿਨ ਦੇ ਸੁਭਾਅ ਦੀਆਂ ਵਿਸ਼ੇਸ਼ਤਾਵਾਂ ਜਿਵੇਂ ਕਿ ਇਕ-ਦੂਜੀ ਨਾਲ ਟਕਰਾਉਂਦੇ ਅਤੇ ਮਿਲਦੇ ਹੋਏ ਇਕ ਅਣਵੰਡੀ ਅਤੇ ਸਦਾ ਊਰਜਾ ਨਾਲ ਲਬਰੇਜ਼ ਸੁਮੇਲ ਦੀ ਉਸਾਰੀ ਕਰਦੀਆਂ ਸਨ…
ਲੈਨਿਨ ਨੇ ਆਰਾਮ ਕਰਨਾ ਹੁੰਦਾ ਸੀ (ਹਾਲਾਂਕਿ ਇਸ ਲਈ ਮੌਕਾ ਕਦੇ-ਕਦਾਈਂ ਹੀ ਮਿਲਦਾ ਸੀ), ਤਾਂ ਇਸ ਨੂੰ ਵੀ ਉਹ ਬੜੀ ਗੰਭੀਰਤਾ ਨਾਲ ਲੈਂਦੇ ਸਨ। 1922 ਵਿਚ ਉਨ੍ਹਾਂ ਨੇ ਲੰਬੇ ਆਰਾਮ ਬਾਰੇ ਸੋਚਿਆ ਅਤੇ ‘ਕਾਕੇਸ਼ਿਆ ਗਾਈਡ’ ਬਿਨਾਂ ਥੱਕਿਆਂ ਪੜ੍ਹ ਲਈ। ਪਹਿਲੀ ਵਾਰ ਜਦੋਂ ਗੋਰਕੀ ਪਿੰਡ ਜਾ ਰਹੇ ਸਨ, ਤਾਂ ਸਾਰੇ ਰਸਤੇ ਦਾ ਵੇਰਵਾ ਵਿਸਥਾਰ ਵਿਚ ਲਿਖ ਦਿੱਤਾ।
…ਰੂਸੀ ਕੁਦਰਤ ਜਿਵੇਂ ਕਿ ਮਨ ਮੋਹ ਲੈਣ ਵਾਲੇ ਟਿੱਲੇ, ਵਾਦੀਆਂ ਅਤੇ ਮੈਦਾਨਾਂ ਵਿਚਾਲੇ ਖੜ੍ਹੇ ਦਰਖ਼ਤਾਂ ਦੇ ਝੁੰਡ, ਅਗਲੇ ਹਿੱਸੇ ਵਿਚ ਖੰਭਿਆਂ ਦੀ ਕਤਾਰ ਅਤੇ ਨਾਲ ਹੀ ਦੋ ਉਪ-ਭਵਨਾਂ ਵਾਲੀਆਂ ਇਹ ਇਮਾਰਤਾਂ ਹੁਣ ਹਮੇਸ਼ਾ ਲੈਨਿਨ ਦੇ ਨਾਲ ਹੀ ਜੁੜੀਆਂ ਰਹਿਣਗੀਆਂ। ਗੋਰਕੀ ਦਾ ਛਾਂ-ਦਾਰ ਬਗ਼ੀਚਾ ਇਸ ਲਈ ਦੂਰ-ਦੂਰ ਤੱਕ ਜਾਣਿਆ ਜਾਂਦਾ ਹੈ ਕਿ ਉਸ ਦੀਆਂ ਪਗਡੰਡੀਆਂ ਦੇ ਕਿਨਾਰੇ ਖੁੰਭਾਂ ਉਗਦੀਆਂ ਸਨ, ਜਿਨ੍ਹਾਂ ਨੂੰ ਲੈਨਿਨ ਇਕੱਠੇ ਕਰਦੇ ਸਨ। ਅਤੇ ਇਹ ਦੋਵੇਂ ਪਾਸਿਆਂ ਤੋਂ ਦਰਖ਼ਤਾਂ ਦੀ ਕਤਾਰ ਨਾਲ ਘਿਰੀ ਪਗਡੰਡੀ ਬਾਕੀਆਂ ਨਾਲੋਂ ਵੱਖਰੀ ਇਸ ਲਈ ਹੈ ਕਿ ਸ਼ਿਕਾਰ ਲਈ ਜਾਂਦੇ ਹੋਏ ਲੈਨਿਨ ਇਥੋਂ ਦੀ ਲੰਘਿਆ ਕਰਦੇ ਸਨ। ਇੱਥੇ ਉਹ ਰੂਸੀ ਖੇਡ ਗੋਰੋਦੁਕੀ ਖੇਡਿਆ ਕਰਦੇ ਸਨ। ਇੱਥੇ ਜਦੋਂ ਕੋਈ ਜਾਣੂ ਮਿਲਦਾ, ਤਾਂ ਪੁਛਦੇ ਸਨ : ”ਪੜ੍ਹਿਆ! ਸਾਡੀ ਫ਼ੌਜ ਸਫ਼ੇਦ ਗਾਰਡਾਂ ਦੀ ਕਿਵੇਂ ਧੁਲਾਈ ਕਰ ਰਹੀ ਹੈ? ਨਹੀਂ ਪੜ੍ਹਿਆ? ਕੋਈ ਗੱਲ ਨਹੀਂ, ਥੋੜ੍ਹਾ ਠਹਿਰੋ, ਮੈਂ ਹੁਣੇ ਤੁਹਾਨੂੰ ਅਖ਼ਬਾਰ ਲਿਆ ਕੇ ਦਿੰਦਾ ਹਾਂ।” ਇਸ ਟੈਰੇਸ ਤੋਂ ਉਨ੍ਹਾਂ ਨੂੰ ਦੂਰਬੀਨ ਨਾਲ ਦੇਖਣਾ ਪਸੰਦ ਸੀ। ਇੱਥੇ ਜਦੋਂ ਕਦੇ ਉਹ ਕਿਸੇ ਗੱਲ ਨੂੰ ਲੈ ਕੇ ਉਤੇਜਿਤ ਹੁੰਦੇ ਅਤੇ ਨੀਂਦ ਨਾ ਆਉਂਦੀ, ਤਾਂ ਰਾਤ ਨੂੰ ਦੇਰ ਤੱਕ ਟਹਿਲਦੇ ਰਹਿੰਦੇ, ਕਦੇ ਰੁਕ ਜਾਂਦੇ, ਪਰ ਫਿਰ ਤੇਜ਼ ਕਦਮੀਂ ਚੱਲ ਪੈਂਦੇ। ਬਹੁਤ ਪੀੜ੍ਹੀਆਂ ਲਈ ਅਤੇ ਇਤਿਹਾਸ ਲਈ ਵੀ ਗੋਰਕੀ ਹਮੇਸ਼ਾ ਲਈ ਗੋਰਕੀ-ਲੇਨਿਨਸਕੀਏ ਬਣ ਗਿਆ ਹੈ।
ਜੇਕਰ ਸਾਰੇ ਦਿਨਾਂ ਅਤੇ ਹਫ਼ਤਿਆਂ ਨੂੰ ਜੋੜਿਆ ਜਾਵੇ, ਤਾਂ ਲੈਨਿਨ ਕੁੱਲ ਮਿਲਾ ਕੇ ਕੋਈ 3 ਵਰ੍ਹੇ ਗੋਰਕੀ ਵਿਚ ਰਹੇ। ਇੱਥੇ ਉਹ ਉਦੋਂ ਆਉਂਦੇ ਸਨ, ਜਦੋਂ ਕੰਮ ਕਰਨ ਲਈ ਸਰੀਰ ਵਿਚ ਜ਼ਰਾ ਵੀ ਤਾਕਤ ਨਹੀਂ ਸੀ ਰਹਿੰਦੀ, ਜਿਸ ਨੂੰ ਕਦੇ-ਕਦੇ ਉਨ੍ਹਾਂ ਨੂੰ ਸਵੀਕਾਰ ਕਰਨਾ ਹੀ ਪੈਂਦਾ ਸੀ : ”ਅੱਜ ਰਵਾਨਾ ਹੋ ਰਿਹਾ ਹਾਂ। ਪਿਛਲੇ ਦਿਨੀਂ ਕੰਮ ਦਾ ਬੋਝ ਘੱਟ ਕਰਨ ਅਤੇ ਆਰਾਮ ਲਈ ਸਮਾਂ ਵਧਾਉਣ ਦੇ ਬਾਵਜੂਦ ਕੰਬਖ਼ਤ ਅਨਿੰਦਰੇ ਨੇ ਜ਼ਿਆਦਾ ਹੀ ਪ੍ਰੇਸ਼ਾਨ ਕਰ ਦਿੱਤਾ ਹੈ।” ਪੂਰੇ ਅਰਥਾਂ ਵਿਚ ਆਰਾਮ ਕਦੇ ਨਹੀਂ ਹੁੰਦਾ ਸੀ। 1920 ਦੀਆਂ ਸਰਦੀਆਂ ਵਿਚ ਉਹ ਗੋਰਕੀ ਵਿਚ 17 ਦਿਨ ਰਹੇ, ਜਿਸ ਦੌਰਾਨ ਘੱਟੋ-ਘੱਟ 6 ਵਾਰ ਮਾਸਕੋ ਜਾਣਾ ਪਿਆ-ਕਦੇ ਪੋਲਿਟ ਬਿਊਰੋ, ਤੇ ਕਦੇ ਲੋਕ ਕੁਮੀਸਾਰ ਪ੍ਰੀਸ਼ਦ ਦੀਆਂ ਮੀਟਿੰਗਾਂ ਵਿਚ ਹਿੱਸਾ ਲੈਣ ਲਈ। 1922 ਦੀਆਂ ਗਰਮੀਆਂ ਵਿਚ ਜਦੋਂ ਉਹ ਕਾਫ਼ੀ ਬਿਮਾਰ ਸਨ, ਜਿਉਂ ਹੀ ਡਾਕਟਰਾਂ ਨੇ ਉਨ੍ਹਾਂ ਨੂੰ ਪੜ੍ਹਨ ਦੀ ਆਗਿਆ ਦਿੱਤੀ, ਡੇਢ ਮਹੀਨੇ ਵਿਚ ਉਨ੍ਹਾਂ ਨੇ ਹਜ਼ਾਰ ਤੋਂ ਵੱਧ ਕਿਤਾਬਾਂ ਗੋਰਕੀ ਵਿਚ ਮੰਗਵਾਈਆਂ…ਉਂਜ ਵੀ, ਉਨ੍ਹਾਂ ਨੇ ਕਦੇ ਬਿਲਕੁਲ ਬੇਫ਼ਿਕਰੇ ਹੋ ਕੇ ਆਰਾਮ ਕੀਤਾ ਵੀ ਸੀ? ਕਰੁਪਸਕਾਇਆ ਯਾਦ ਕਰਦੀ ਹੈ ਕਿ ਅਜਿਹਾ ਬਹੁਤ ਵਾਰ ਹੋਇਆ, ਜਦੋਂ ਕਿਸੇ ਅਚਾਨਕ ਕਹੀ ਗੱਲ ਨੇ ਦਿਖਾ ਦਿੱਤਾ ਕਿ ਘੁੰਮਦੇ-ਟਹਿਲਦੇ ਹੋਏ ਵੀ ਲੈਨਿਨ ਇਕਾਗਰ ਹੋ ਕੇ ਕਿਸੇ ਚੀਜ਼ ਬਾਰੇ ਸੋਚ ਰਹੇ ਸਨ। ਸ਼ਾਇਦ ਇਸ ਲਈ ਲੈਨਿਨ ਨੂੰ ਸਰੀਰਕ ਤੌਰ ‘ਤੇ ਇੰਜ ਥੱਕ ਜਾਣਾ ਪਸੰਦ ਸੀ ਕਿ ਸਰੀਰਕ ਥਕਾਣ ਕੁਝ ਹੱਦ ਤੱਕ ਦਿਮਾਗ਼ੀ ਤਣਾਅ ਨੂੰ ਘੱਟ ਕਰ ਸਕਦੀ ਸੀ।
ਜਦੋਂ ਸਚਮੁੱਚ ਖ਼ਾਲੀ ਪਲ ਮਿਲਦੇ, ਤਾਂ ਲੈਨਿਨ ਪੂਰੇ ਸ਼ੌਕ ਅਤੇ ਉਤਸਾਹ ਨਾਲ ਆਰਾਮ ਕਰਦੇ। ਉਹ ਖੁੰਭਾਂ ਇਕੱਠੀਆਂ ਕਰਦੇ, ਸ਼ਿਕਾਰ ਕਰਨ ਜਾਂਦੇ, ਘਾਹ ਕੱਟਦੇ, ਟੋਕਰੀਆਂ ਬੁਣਦੇ, ਨਾਲ ਵਹਿੰਦੀ ਪਾਖ਼ਰਾ ਨਦੀ ਵਿਚ ਨਹਾਉਂਦੇ-ਉਨ੍ਹਾਂ ਦਾ ਬਚਪਨ ਤੇ ਜਵਾਨੀ ਵੋਲਗਾ ਤੱਟ ‘ਤੇ ਗੁਜ਼ਰੇ ਸਨ, ਇਸ ਲਈ ਉਹ ਏਨਾ ਤੇਜ਼ ਤੈਰਦੇ ਸਨ ਕਿ ਕੋਈ ਉਨ੍ਹਾਂ ਦੀ ਬਰਾਬਰੀ ਨਹੀਂ ਕਰ ਸਕਦਾ ਸੀ- ਅਤੇ ਸਰਦੀਆਂ ਵਿਚ ਸਕੀਇੰਗ ਲਈ ਨਿਕਲਦੇ।
ਉਨ੍ਹਾਂ ਲਈ ਆਰਾਮ ਦਾ ਸਭ ਤੋਂ ਚੰਗਾ ਜ਼ਰੀਆ ਬੱਚਿਆਂ ਵਿਚਾਲੇ ਸਮਾਂ ਗੁਜ਼ਾਰਨਾ ਸੀ। ਇੱਥੇ ਗੋਰਕੀ ਵਿਚ ਹੀ ਉਨ੍ਹਾਂ ਨੂੰ ਬੱਚਿਆਂ ਮਿਲਣ, ਉਨ੍ਹਾਂ ਨਾਲ ਫੋਟੋ ਖਿਚਵਾਉਣ, ਉਨ੍ਹਾਂ ਨਾਲ ਗੱਲਾਂ ਕਰਨ ਅਤੇ ਖੇਡਣ ਆਦਿ ਦਾ ਮੌਕਾ ਮਿਲਦਾ ਸੀ। ਆਖ਼ਰੀ ਸਰਦੀਆਂ ਵਿਚ ਉਲੀਆਨੋਵ ਜੋੜੇ ਨੇ ਗੋਰਕੀ ਦੇ ਬੱਚਿਆਂ ਲਈ ਨਵੇਂ ਸਾਲ ਦੇ ਮੌਕੇ ‘ਤੇ ਸਮਾਰੋਹ ਕੀਤਾ। ਲੈਨਿਨ ਆਰਾਮ ਕੁਰਸੀ ਵਿਚ ਬੈਠੇ ਸਨ, ਚਾਬੀ ਵਾਲੇ ਖਿਡੌਣੇ ਚੱਲ ਰਹੇ ਸਨ ਤੇ ਖਿੜਖਿੜ੍ਹਾ ਕੇ ਹੱਸ ਰਹੇ ਸਨ।
ਇਕ ਦਿਨ ਗੋਰਕੀ ਵਿਚ ਬੱਚਿਆਂ ਨਾਲ ਖੇਡਦੇ ਹੋਏ ਲੈਨਿਨ ਨੇ ਕਿਹਾ : ”ਇਨ੍ਹਾਂ ਦਾ ਜੀਵਨ ਸਾਡੇ ਨਾਲੋਂ ਬਿਹਤਰ ਹੋਵੇਗਾ। ਅਸੀਂ ਜੋ ਭੋਗਿਆ ਹੈ, ਉਸ ਵਿਚੋਂ ਬਹੁਤ ਕੁਝ ਇਨ੍ਹਾਂ ਨੂੰ ਨਹੀਂ ਭੋਗਣਾ ਪਏਗਾ। ਇਨ੍ਹਾਂ ਦਾ ਜੀਵਨ ਘੱਟ ਕਠੋਰ ਹੋਵੇਗਾ।”
ਅਤੇ ਫਿਰ ਦੂਰ ਟਿੱਲਿਆਂ ‘ਤੇ ਨਜ਼ਰਾਂ ਟਿਕਾਉਂਦੇ ਤੇ ਵਿਚਾਰਾਂ ਵਿਚ ਗਵਾਚਦੇ ਹੋਏ ਉਨ੍ਹਾਂ ਨੇ ਜੋੜਿਆ : ”ਫਿਰ ਵੀ ਮੈਨੂੰ ਇਨ੍ਹਾਂ ਨਾਲ ਈਰਖ਼ਾ ਨਹੀਂ ਹੈ। ਸਾਡੀ ਪੀੜ੍ਹੀ ਨੇ ਜੋ ਕੰਮ ਕਰ ਦਿਖਾਇਆ ਹੈ, ਉਹ ਆਪਣੇ ਇਤਿਹਾਸਕ ਮਹੱਤਵ ਦੀ ਦ੍ਰਿਸ਼ਟੀ ਤੋਂ ਬੇਮਿਸਾਲ ਹੈ। ਹਾਲਾਤ ਕਾਰਨ ਸਾਡੇ ਜੀਵਨ ਵਿਚ ਜੋ ਕਠੋਰਤਾ ਆ ਗਈ ਹੈ, ਉਸ ਨੂੰ ਲੋਕ ਸਮਝਣਗੇ ਅਤੇ ਉਚਿਤ ਠਹਿਰਾਉਣਗੇ।”

ਜਨਮ ਦਿਨ ਤੇ ਸਿਆਸੀ ਨਿਮਰਤਾ
ਲੈਨਿਨ ਆਪਣਾ ਜਨਮ ਦਿਨ ਨਹੀਂ ਮਨਾਉਂਦੇ ਸਨ। ਇਸ ਲਈ ਹਾਲਾਤ ਅਤੇ ਸਾਧਨ ਨਹੀਂ ਸਨ, ਇਸ ਲਈ ਇਸ ਦੀ ਆਦਤ ਵੀ ਨਹੀਂ ਪਈ। ਇਕੱਲਾ ਅਜਿਹਾ 1920 ਦਾ ਵਰ੍ਹਾ ਸੀ, ਜਦੋਂ ਲੈਨਿਨ ਨੇ ਆਪਣੇ ਜੀਵਨ ਦੇ 50 ਵਰ੍ਹੇ ਪੂਰੇ ਕੀਤੇ। ਉਸ ਵਰ੍ਹੇ ਉਨ੍ਹਾਂ ਦੇ ਜਨਮ ਦਿਨ ‘ਤੇ ‘ਇਜ਼ਵੇਸਤਿਆ’ ਅਖ਼ਬਾਰ ਨੇ ਆਪਣੇ ਪਹਿਲੇ ਪੰਨੇ ‘ਤੇ ਵੱਡੀਆਂ ਵੱਡੀਆਂ ਸੁਰਖ਼ੀਆਂ ਛਾਪੀਆਂ : ”ਪੰਜਾਹ ਵਰ੍ਹੇ ਪਹਿਲਾਂ, 1870 ਵਿਚ, ਪੈਰਿਸ ਕਮਿਊਨ ਤੋਂ ਇਕ ਵਰ੍ਹੇ ਪਹਿਲਾਂ, ਕਮਿਊਨਾਰਾਂ ਦੇ ਪਵਿੱਤਰ ਖ਼ੂਨ ਦਾ ਬਦਲਾ ਲੈਣ ਵਾਲੇ ਮਹਾਨ ਆਦਮੀ ਲੈਨਿਨ ਦਾ ਜਨਮ ਹੋਇਆ ਸੀ।” ਅਖ਼ਬਾਰ ਨੂੰ ਖੂਬ ਸਜਾਇਆ-ਫਬਾਇਆ ਗਿਆ ਸੀ। ਲੈਨਿਨ ਨੇ ਉਸ ਨੂੰ ਸ਼ਾਇਦ ਸਵੇਰੇ ਆਪਣੇ ਕਮਰੇ ਵਿਚ ਪੜ੍ਹਿਆ।
ਜਨਮਦਿਨਾਂ ਮੌਕੇ ਪਿਛਲ ਝਾਤ ਮਾਰੀ ਜਾਂਦੀ ਹੈ। ਪਰ ਕੀ ਇਸ ਲਈ ਲੈਨਿਨ ਕੋਲ ਵਕਤ ਸੀ? ਲੋਕ ਕੁਮੀਸਾਰ ਪ੍ਰੀਸ਼ਦ ਦੇ ਮੁਖੀ ਦਾ ਕੰਮ ਦਾ ਦਿਨ ਸ਼ੁਰੂ ਹੋ ਚੁੱਕਾ ਸੀ ਤੇ ਬਿਨਾਂ ਰੁਕੇ ਚੱਲ ਰਿਹਾ ਸੀ। ਜਿਵੇਂ ਕਿ ਕਨਵੇਅਰ ਕੰਮ ਕਰ ਰਿਹਾ ਹੋਵੇ, ਰਿਪੋਰਟਾਂ, ਤਾਰਾਂ, ਪੱਤਰਾਂ, ਮਸੌਦਿਆਂ ਆਦਿ ਦਾ ਤਾਂਤਾ ਲੱਗਾ ਹੋਇਆ ਸੀ ਅਤੇ ਹਰ ਕਿਸੇ ‘ਤੇ ਧਿਆਨ ਦੇਣ, ਫ਼ੈਸਲਾ ਲੈਣ, ਆਗਿਆ ਜਾਂ ਹਦਾਇਤਾਂ ਲਿਖਣ ਦੀ ਜ਼ਰੂਰਤ ਸੀ।
ਮੁਲਾਕਾਤੀ-ਕਮਰੇ ਵਿਚ ਤੁਰਕੀਸਤਾਨ ਮੋਰਚੇ ਦੇ ਪ੍ਰਤੀਨਿਧ ਉਡੀਕ ਕਰ ਰਹੇ ਸਨ। ਇਹ ਵੀ ਕੀ ਜਨਮ ਦਿਨ ਦੇ ਸਬੰਧ ਵਿਚ ਆਏ ਹਨ? ਅਨਾਜ ਨਾਲ ਭਰੀਆਂ ਰੇਲ ਗੱਡੀਆਂ ਲਿਆਏ ਹਨ? ਠੀਕ ਹੈ, ਤਾਂ ਆਉਣ ਦਿਓ…ਪਰ ਇਹ ਵੀ ਕਿਹੋ ਜਿਹੀ ਖ਼ਬਰ ਹੈ : ਜਿਸ ਰੇਲ ਗੱਡੀ ਨੂੰ ਲਾਲ ਸੈਨਾ ਦੇ ਸਿਪਾਹੀ ਏਨੀ ਔਖ ਨਾਲ ਲਿਆਏ ਹਨ, ਉਸ ‘ਤੇ ਖ਼ੁਰਾਕ ਮੰਤਰਾਲੇ ਦੇ ਏਜੰਟਾਂ ਨੇ ਕਬਜ਼ਾ ਕਰ ਲਿਆ ਹੈ! ”ਨਹੀਂ, ਆਪਣਾ ਇੰਤਜ਼ਾਮ ਖ਼ੁਦ ਕਰੋ, ਦੂਸਰੇ ਦੀ ਚੀਜ਼ ‘ਤੇ ਹੱਥ ਨਾ ਰੱਖੋ। ਲਾਲ ਸੈਨਿਕਾਂ ਨੇ ਤੋਹਫ਼ਾ ਮੈਨੂੰ ਦਿੱਤਾ ਹੈ ਅਤੇ ਮੈਂ ਉਸ ਨੂੰ ਸਾਡੇ ਕੇਂਦਰਾਂ ਦੇ ਭੁੱਖੇ ਬੱਚਿਆਂ ਨੂੰ ਵੰਡਣਾ ਚਾਹੁੰਦਾ ਹਾਂ, ਜੋ ਖ਼ਾਸ ਤੌਰ ‘ਤੇ ਤਕਲੀਫ਼ ਸਹਿ ਰਹੇ ਹਨ….”
ਜਲਦੀ ਹੀ ਦਿਨ ਲੰਘ ਗਿਆ। ਸ਼ਾਮ 6 ਵਜੇ ਲੈਨਿਨ ਨੇ ਕਿਰਤ ਪ੍ਰੀਸ਼ਦ ਦੇ ਅਜਲਾਸ ਦੀ ਪ੍ਰਧਾਨਗੀ ਕੀਤੀ। ਉਹ ਖ਼ਤਮ ਹੋਇਆ, ਤਾਂ ਲੋਕ ਕੁਮੀਸਾਰ ਪ੍ਰੀਸ਼ਦ ਦੀ ਮੀਟਿੰਗ ਸ਼ੁਰੂ ਹੋ ਗਈ। ਇਸ ਦੌਰਾਨ ਬਹੁਤ ਵਾਰ ਯਾਦ ਦਿਵਾਇਆ ਜਾ ਚੁੱਕਾ ਸੀ ਕਿ ਮਾਸਕੋ ਦੀ ਪਾਰਟੀ ਕਮੇਟੀ ਵਲੋਂ ਉਨ੍ਹਾਂ ਦੀ 50ਵੀਂ ਵਰ੍ਹੇਗੰਢ ਮੌਕੇ ਕਮਿਊਨਿਸਟ ਸਮਾਰੋਹ ਵਿਚ ਉਨ੍ਹਾਂ ਦੀ ਉਡੀਕ ਕੀਤੀ ਜਾ ਰਹੀ ਹੈ। ਲੈਨਿਨ ਨੇ ਮਨ੍ਹਾ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਆਪਣੇ ਬਾਰੇ ਕੋਈ ਭਾਸ਼ਣ ਨਹੀਂ ਸੁਣਨਾ ਚਾਹੁੰਦੇ। ਪਰ ਪ੍ਰਬੰਧਕ ਫਿਰ ਵੀ ਜ਼ਿੱਦ ਕਰੀ ਜਾ ਰਹੇ ਸਨ। ਹਾਲ ਖ਼ਚਾਖਚ ਭਰਿਆ ਹੋਇਆ ਸੀ। ਸਮਾਰੋਹ ਸ਼ੁਰੂ ਹੋ ਚੁੱਕਾ ਸੀ। ਪਰ ਲੈਨਿਨ ਹਾਲੇ ਤੱਕ ਨਹੀਂ ਪਹੁੰਚੇ। ਗੋਰਕੀ ਮੰਚ ‘ਤੇ ਆਏ ਅਤੇ ਲੈਨਿਨ ਬਾਰੇ ਬੋਲਣ ਲੱਗੇ : ”ਮੈਂ ਸੋਚਦਾ ਹਾਂ ਕਿ ਅਸੀਂ ਉਨ੍ਹਾਂ ਬਾਰੇ ਕਿੰਨੀਆਂ ਵੀ ਚੰਗੀਆਂ ਗੱਲਾਂ ਕਿਉਂ ਨਾ ਕਹੀਏ, ਉਨ੍ਹਾਂ ਦੇ ਕੰਮ ਦਾ, ਉਨ੍ਹਾਂ ਦੀ ਸ਼ਕਤੀ ਦਾ, ਉਨ੍ਹਾਂ ਦੀ ਵਿਦਵਤਾ ਦਾ ਸਾਡੇ ਲਈ ਹੀ ਨਹੀਂ, ਸਗੋਂ ਸਾਰੀ ਮਾਨਵਜਾਤੀ ਲਈ ਜੋ ਗੰਭੀਰ ਮਹੱਤਵ ਹੈ, ਅਸੀਂ ਉਸ ਦਾ ਵਰਣਨ ਨਹੀਂ ਕਰ ਸਕਦੇ…ਲੈਨਿਨ ਸਿਆਸਤ ਵਿਚ ਮਹਾਨ ਹਨ, ਪਰ ਨਾਲ ਹੀ ਉਹ ਅਸਲ ਵਿਚ, ਇਸ ਦੁਨੀਆ ਦੇ ਸਾਧਾਰਨ ਆਦਮੀ ਵੀ ਹਨ…” ਕਈ ਦੂਸਰੇ ਵਕਤਾ ਵੀ ਬੋਲ ਚੁੱਕੇ ਸਨ, ਪਰ ਲੈਨਿਨ ਤਾਂ ਵੀ ਨਾ ਪਹੁੰਚੇ।
ਉਹ ਅੱਧਾ ਸਮਾਂ ਲੰਘ ਜਾਣ ਮਗਰੋਂ ਆਏ। ਸਮਾਰੋਹ ਦੇ ਅੰਤ ਵਿਚ ਆਪਣੇ ਪਸੰਦੀਦਾ ਸੰਗੀਤਕਾਰਾਂ ਦਾ ਪ੍ਰੋਗਰਾਮ ਸੁਣਨ ਲਈ ਉਨ੍ਹਾਂ ਨੂੰ ਆਖ਼ਰ ਰਾਜ਼ੀ ਕਰ ਹੀ ਲਿਆ ਗਿਆ। ਜਿਉਂ ਹੀ ਉਹੇ ਹਾਲ ਵਿਚ ਦਾਖ਼ਲ ਹੋਏ, ਤਾੜੀਆਂ ਵੱਜਣੀਆਂ ਸ਼ੁਰੂ ਹੋ ਗਈਆਂ ਅਤੇ ਲੈਨਿਨ ਨੂੰ ਨਾ ਚਾਹੁੰਦਿਆਂ ਵੀ ਕੁਝ ਸ਼ਬਦ ਕਹਿਣ ਹੀ ਪਏ।
”ਸੁਭਾਵਕ ਹੀ ਹੈ ਕਿ ਸਭ ਤੋਂ ਪਹਿਲਾਂ ਮੈਂ ਤੁਹਾਡਾ ਲੋਕਾਂ ਦਾ ਦੋ ਚੀਜ਼ਾਂ ਲਈ ਸ਼ੁਕਰੀਆ ਅਦਾ ਕਰਾਂ। ਪਹਿਲਾਂ ਤਾਂ ਅੱਜ ਮੈਨੂੰ ਭੇਜੇ ਗਏ ਵਧਾਈ ਦੇ ਸੁਨੇਹਿਆਂ ਲਈ ਅਤੇ ਦੂਸਰਾ, ਜੋ ਪਹਿਲੇ ਨਾਲੋਂ ਵੀ ਮਹੱਤਵਪੂਰਨ ਹੈ, ਇਸ ਲਈ ਕਿ ਮੈਨੂੰ ਆਪਣੀ ਪ੍ਰਸੰਸਾ ਵਿਚ ਦਿੱਤੇ ਗਏ ਭਾਸ਼ਣਾਂ ਨੂੰ ਸੁਣਨ ਤੋਂ ਛੁਟਕਾਰਾ ਦਿੱਤਾ। ਮੈਂ ਸੋਚਦਾ ਹਾਂ ਕਿ ਸ਼ਾਇਦ ਇਸ ਤਰ੍ਹਾਂ ਅਸੀਂ ਬੇਸ਼ੱਕ ਤੁਰੰਤ ਨਹੀਂ, ਬਲਕਿ ਹੌਲੀ ਹੌਲੀ ਜਨਮ ਦਿਨ ਮਨਾਉਣ ਦੇ ਅੱਜ ਤੱਕ ਦੇ ਤਰੀਕਿਆਂ ਨਾਲੋਂ ਬਿਹਤਰ ਤਰੀਕਾ ਲੱਭ ਲਵਾਂਗੇ…” ਉਨ੍ਹਾਂ ਨੇ ਆਪਣੇ ਬਾਰੇ ਬੋਲਣਾ ਸ਼ੁਰੂ ਕੀਤਾ ਹੀ ਸੀ ਕਿ ਸਹਿਜੇ ਹੀ ਵਿਸ਼ਾ ਤਬਦੀਲ ਕਰ ਦਿੱਤਾ : ”ਹੁਣ ਮੈਂ ਕੁਝ ਸ਼ਬਦ ਬੋਲਸ਼ਵਿਕ ਪਾਰਟੀ ਦੀ ਅੱਜ ਦੀ ਸਥਿਤੀ ਬਾਰੇ ਕਹਾਂਗਾ।” ਦੂਸਰੇ ਵਿਸ਼ੇ ‘ਤੇ ਆਉਣ ਲਈ ਉਨ੍ਹਾਂ ਨੇ ਕੋਈ ਭੂਮਿਕਾ ਬੰਨ੍ਹਣੀ ਉਚਿਤ ਨਾ ਸਮਝੀ ਅਤੇ ਸਿਰਫ਼ ”ਹੁਣ” ਸ਼ਬਦ ਨਾਲ ਹੀ ਕੰਮ ਚਲਾ ਲਿਆ।
ਉਸ ਸ਼ਾਮ ਲੈਨਿਨ ਨੇ ਕਿਹਾ ਕਿ ਰੂਸੀ ਇਨਕਲਾਬ ਤੋਂ ਵੱਡੀਆਂ-ਵੱਡੀਆਂ ਉਮੀਦਾਂ ਲਾਈਆਂ ਗਈਆਂ ਸਨ। ਇਨਕਲਾਬ ਹੁਣ ਹੋ ਚੁੱਕਾ ਹੈ, ਜਿੱਤ ਹਾਸਲ ਕੀਤੀ ਜਾ ਚੁੱਕੀ ਹੈ,  ਪਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜਿਨ੍ਹਾਂ ਸਥਿਤੀਆਂ ਵਿਚ ਇਹ ਜਿੱਤ ਹੋਈ,  ਉਨ੍ਹਾਂ ਕਾਰਨਾਂ ਕਰਕੇ ਬੋਲਸ਼ਵਿਕ ਉਨ੍ਹਾਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਦਾ ਕੰਮ ਬਾਕਾਇਦਾ ਤੌਰ ‘ਤੇ ਸ਼ੁਰੂ ਨਹੀਂ ਕਰ ਸਕੇ ਹਨ, ਜਿਨ੍ਹਾਂ ਖ਼ਾਤਰ ਸਮਾਜਵਾਦੀ ਸੱਤਾ ਸਥਾਪਤ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਇਸ ਸਾਰੇ ਨੂੰ ਸਮਝੇ ਬਿਨਾਂ, ”ਬੜੀ ਖ਼ਤਰਨਾਕ ਸਥਿਤੀ ਵਿਚ ਪਿਆ ਜਾ ਸਕਦਾ ਹੈ ਅਤੇ ਇਹ ਉਸ ਆਦਮੀ ਦੀ ਸਥਿਤੀ ਹੈ, ਜਿਸ ਨੂੰ ਆਪਣੇ ‘ਤੇ ਹੰਕਾਰ ਹੁੰਦਾ ਹੈ। ਇਹ ਸਥਿਤੀ ਕਾਫ਼ੀ ਬੇਵਕੂਫ਼ੀ ਭਰੀ, ਸ਼ਰਮਨਾਕ ਅਤੇ ਹਾਸੋ-ਹੀਣੀ ਹੈ…ਉਸ ਖ਼ਤਰੇ ਨੂੰ…ਸਾਰੇ ਬੋਲਸ਼ਿਵਕਾਂ ਵਲੋਂ ਵੱਖ-ਵੱਖ ਤੌਰ ‘ਤੇ ਵੀ ਅਤੇ ਇਕ ਸਿਆਸੀ ਪਾਰਟੀ ਵਜੋਂ ਵੀ ਪੂਰੀ ਤਰ੍ਹਾਂ ਧਿਆਨ ਵਿਚ ਰੱਖਿਆ ਜਾਣਾ ਚਾਹੀਦਾ ਹੈ…” ਇਸ ਤਰ੍ਹਾਂ ਵਿਸ਼ਾ ਬਦਲਣਾ ਉਸ ਆਦਮੀ ਲਈ ਸਹਿਜ, ਸੁਭਾਵਕ ਸੀ,  ਜਿਸ ਵਿਚ ਸਿਆਸੀ ਨਿਮਰਤਾ ਅਤੇ ਸਿਆਸੀ ਸੰਜਮ, ਇਹ ਦੋਵੇਂ ਹੀ ਗੁਣ ਬਰਾਬਰ ਮਾਤਰਾ ਵਿਚ ਹੁੰਦੇ ਸਨ।
ਬਾਅਦ ਵਿਚ ਪ੍ਰੋਗਰਾਮ ਹੋਇਆ। ਲੈਨਿਨ ਸੰਗੀਤਕਾਰਾਂ ਵੱਲ ਅਤੇ ਹਾਲ ਵੱਲ ਅੱਧੀ ਪਿੱਠ ਕਰਕੇ ਬੈਠੇ ਸਨ। ਸ਼ ਵਿਨੋਗ੍ਰਾਦੁਸਕਾਇਆ, ਜਿਨ੍ਹਾਂ ਨੇ ਲੈਨਿਨ ਨੂੰ ਉਨ੍ਹਾਂ ਪਲਾਂ ਦੌਰਾਨ ਦੇਖਿਆ ਸੀ, ਲਿਖਦੀ ਹੈ : ”ਲੈਨਿਨ ਦੀਆਂ ਅੱਖਾਂ ਵਿਚ ਅਜਿਹੀ ਵਿਚਾਰਮਗਨਤਾ ਅਤੇ ਇਕਾਗਰਤਾ ਸੀ ਕਿ ਜਿਵੇਂ ਉਹ ਕਿਸੇ ਮਹੱਤਵਪੂਰਨ ਮਸਲੇ ‘ਤੇ ਸੋਚ ਰਹੇ ਹੋਣ। ਬਾਅਦ ਵਿਚ ਉਹ ਤਣ ਜਿਹੀਆਂ ਗਈਆਂ। ਲੱਗਿਆ ਕਿ ਲੈਨਿਨ ਕੁਝ ਧਿਆਨ ਨਾਲ ਸੁਣ ਰਹੇ ਹਨ, ਵਾਇਲਨਾਂ ਅਤੇ ਪਿਆਨੋ ਦੀ ਗੱਲਬਾਤ ਦੇ ਕਿਸੇ ਨੂੰ ਨਾ ਸਮਝ ਵਿਚ ਨਾ ਆਉਣ ਵਾਲੇ ਜਾਂ ਸੁਣਾਈ ਨਾ ਦੇਣ ਵਾਲੇ ਅੰਸ਼ਾਂ ਨੂੰ ਸਮਝਣ ਜਾਂ ਸੁਣਨ ਦੀ ਕੋਸ਼ਿਸ਼ ਕਰ ਰਹੇ ਹਨ। ਆਖ਼ਰ ਉਨ੍ਹਾਂ ਨੇ ਹੱਥਾਂ ਨੂੰ ਇਕ-ਦੂਜੇ ਤੋਂ ਵੱਖ ਕੀਤਾ ਅਤੇ ਢਿੱਲਾ ਛੱਡ ਦਿੱਤਾ। ਉਨ੍ਹਾਂ ਦੇ ਚਿਹਰੇ ‘ਤੇ ਸ਼ਾਂਤੀ ਪੱਸਰ ਗਈ,  ਕਠੋਰਤਾ  ਦਾ ਭਾਵ ਖ਼ਤਮ ਹੋ ਗਿਆ ਅਤੇ ਕੋਮਲਤਾ ਝਲਕ ਆਈ…”
ਇਹ ਦਿਨ ਇਸ ਤਰ੍ਹਾਂ ਸਮਾਪਤ  ਹੋਇਆ।  

ਇਨਕਲਾਬੀ ਨੈਤਿਕਤਾ
ਦਸੰਬਰ 1917 ਵਿਚ ਫਰਾਂਸੀਸੀ ਸਮਾਜਵਾਦੀ ਅਤੇ ਸੰਸਦ-ਮੈਂਬਰ ਸ਼ਾਰਲ ਧੂਮਾ ਪੇਤਰੋਗਰਾਦ ਆਏ ਅਤੇ ਆਪਣੀ ਪੁਰਾਣੀ ਜਾਣ-ਪਛਾਣ ਦਾ ਹਵਾਲਾ ਦਿੰਦੇ ਹੋਏ ਲੈਨਿਨ ਨੂੰ ਪੱਤਰ ਭੇਜ ਕੇ ਉਨ੍ਹਾਂ ਨਾਲ ਮੁਲਾਕਾਤ ਦਾ ਸਮਾਂ ਮੰਗਿਆ।
ਲੈਨਿਨ ਨੇ ਆਪਣੇ ਉੱਤਰ ਵਿਚ ਲਿਖਿਆ : ”ਮੈਨੂੰ ਅਤੇ ਮੇਰੀ ਪਤਨੀ ਨੂੰ ਉਨ੍ਹਾਂ ਦਿਨਾਂ ਨੂੰ ਚੇਤੇ ਕਰਕੇ ਬੜੀ ਖ਼ੁਸ਼ੀ ਹੁੰਦੀ ਹੈ, ਜਦੋਂ ਸਾਡੀ ਪੈਰਿਸ ਵਿਚ ਤੁਹਾਡੇ ਨਾਲ ਜਾਣ-ਪਛਾਣ ਹੋਈ ਸੀ…” ਪਰ ਲੈਨਿਨ ਨੂੰ ਇਕ ਹੋਰ ਗੱਲ ਵੀ ਚੇਤੇ ਸੀ। ਉਹ ਇਹ ਕਿ ਸ਼ਾਰਲ ਧੂਮਾ ਨੇ ਸਾਮਾਜਵਾਦੀ ਯੁੱਧ ਦੇ ਸ਼ੁਰੂ ਵਿਚ ਕਿਵੇਂ ਆਪਣੇ ਕੱਟੜ ਅੰਧਰਾਸ਼ਟਰਵਾਦੀ ਹੋਣ ਦਾ ਪਰੀਚੈ ਦਿੱਤਾ ਸੀ। ਇਸ ਲਈ ਲੈਨਿਨ ਨੇ ਅੱਗੇ ਲਿਖਿਆ : ”ਮੈਨੂੰ ਬਹੁਤ ਅਫ਼ਸੋਸ ਹੈ ਕਿ ਗੰਭੀਰ ਸਿਆਸੀ ਮਤਭੇਦਾਂ ਕਾਰਨ ਸਾਡੇ ਵਿਚਾਲੇ ਨਿੱਜੀ ਸਬੰਧ ਨਹੀਂ ਬਣ ਸਕੇ…
”ਕਹਿਣ ਦੀ ਲੋੜ ਨਹੀਂ ਕਿ ਮੈਂ ਇਹ ਖ਼ਤ ਤੁਹਾਨੂੰ ਸਰਕਾਰ ਦੇ ਮੈਂਬਰ ਦੀ ਹੈਸੀਅਤ ਨਾਲ ਨਹੀਂ, ਬਲਕਿ ਇਕ ਨਿੱਜੀ ਵਿਅਕਤੀ ਦੀ ਹੈਸੀਅਤ ਨਾਲ ਲਿਖ ਰਿਹਾ ਹਾਂ।”
ਲੈਨਿਨ ਨੇ ਖ਼ਤ ਦੇ ਨਿੱਜੀ ਰੂਪ ‘ਤੇ ਜ਼ੋਰ ਦਿੱਤਾ, ਪਰ ਅਜਿਹਾ ਕਰਦੇ ਹੋਏ ਉਹ ਉਵੇਂ ਹੀ ਬਣੇ ਰਹੇ, ਜਿਵੇਂ ਹਮੇਸ਼ਾ ਹੋਰ ਕੰਮਾਂ ਵਿਚ ਸਨ। ਅਜਿਹਾ ਖ਼ਤ ਲਿਖਣਾ ਉਨ੍ਹਾਂ ਲਈ ਸੁਭਾਵਕ ਹੀ ਸੀ, ਕਿਉਂਕਿ ਸਮਾਜਵਾਦੀ ਇਨਕਲਾਬ ਨੂੰ ਸਮਰਪਤ ਉਨ੍ਹਾਂ ਦੇ ਸਾਰੇ ਜੀਵਨ ਵਾਂਗ ਉਹ ਵੀ ਉਨ੍ਹਾਂ ਦੇ ਵਿਚਾਰਾਂ ਨਾਲ ਮੇਲ ਖਾਂਦਾ ਸੀ। ਵਾæ ਵੋਰੋਵਸਕੀ ਨੇ ਲਿਖਿਆ ਹੈ : ”ਉਨ੍ਹਾਂ ਲਈ ਸਾਂਝੇ ਅਤੇ ਨਿੱਜੀ ਵਿਚ ਅੰਤਰ ਨਹੀਂ ਹੈ, ਉਨ੍ਹਾਂ ਲਈ ਜਨਤਕ ਅਤੇ ਵਿਅਕਤੀਗਤ ਜੀਵਨਾਂ ਵਿਚ ਭੇਦ ਨਹੀਂ ਹੈ। ਇਸ ਲਿਹਾਜ਼ ਨਾਲ ਵੀ ਉਹ ਜਿਵੇਂ ਇਕ ਹੀ ਚਟਾਨ ਵਿਚੋਂ ਘੜੇ ਗਏ ਹਨ….ਇੱਥੇ ਅੰਦਰੂਨੀ ਵਿਰੋਧਾਂ, ਤ੍ਰਾਸਦੀਆਂ ਅਤੇ ਸਮਝੌਤਿਆਂ, ਭਾਵ ਮੱਧਵਰਗ ਦੀ ਉਸ ਵਿਰਾਸਤ ਲਈ ਕੋਈ ਥਾਂ ਨਹੀਂ ਹੈ, ਜਿਸ ਨੇ ਪਤਾ ਨਹੀਂ ਕਿੰਨੇ ਇਨਕਲਾਬੀ ਬੁੱਧੀਜੀਵੀਆਂ ਨੂੰ ਤਬਾਹ ਕੀਤਾ ਹੈ।”
ਲੈਨਿਨ ਦੀ ਨਿਮਰਤਾ ਬਾਰੇ ਬਹੁਤ ਲਿਖਿਆ ਗਿਆ ਹੈ। ਸਰਕਾਰ ਦਾ ਮੁਖੀ ਹੋਣ ‘ਤੇ ਵੀ ਸੰਤਰੀ ਨੂੰ ਆਪਣਾ ਪਛਾਣ ਪੱਤਰ ਦਿਖਾਉਣ ਤੋਂ ਉਨ੍ਹਾਂ ਨੇ ਕਦੇ ਨਾਂਹ-ਨੁੱਕਰ ਨਹੀਂ ਕੀਤੀ। ਇਕ ਵਾਰ ਤਾਂ ਉਨ੍ਹਾਂ ਨੇ ”ਲੈਨਿਨ” ਦੀ ਤਨਖ਼ਾਹ ਹੋਰਾਂ ਨਾਲ ਵਿਚਾਰ-ਵਟਾਂਦਰਾ ਕੀਤੇ ਬਿਨਾਂ ਖ਼ੁਦ ਹੀ ਵਧਾ ਦੇਣ ਲਈ ਦੋਸ਼ੀ ਆਦਮੀਆਂ ਦੀ ਲਾਹ-ਪਾਹ ਵੀ ਕੀਤੀ। ਅਸੀਂ ਇਸ  ਵਰਤਾਰੇ ਨੂੰ ਆਦਤਨ ਨਿਮਰਤਾ ਕਹਿੰਦੇ ਹਾਂ। ਪਰ ਕੀ ਇਹ ਨਿਮਰਤਾ ਹੈ? ਬਿਹਤਰ ਹੋਵੇਗਾ ਕਿ ਅਸੀਂ ਇਸ ਨੂੰ ਨਿਯਮਾਂ ਦਾ ਸਖ਼ਤੀ ਨਾਲ ਪਾਲਨ ਕਰਨ ਦੀ ਮੰਗ ਅਤੇ ਇਸ ਦ੍ਰਿੜ ਵਿਸ਼ਵਾਸ ਦਾ ਨਾਂ ਦੇਈਏ ਕਿ ਕਾਨੂੰਨ ਉਦੋਂ ਤੱਕ ਕਾਨੂੰਨ ਰਹਿੰਦਾ ਹੈ, ਜਦੋਂ ਤੱਕ ਉਸ ਦਾ ਪਾਲਨ ਸਾਰਿਆਂ ਲਈ ਜ਼ਰੂਰੀ ਹੁੰਦਾ ਹੈ। ਲੈਨਿਨ ਆਪਣੇ ਵਲੋਂ ਬਣਾਈ ਪਾਰਟੀ ਦੇ ਨੈਤਿਕ ਸਿਧਾਂਤਾਂ ‘ਤੇ ਬੜਾ ਜ਼ੋਰ ਦਿੰਦੇ ਸਨ : ਕਮਿਊਨਿਸਟ ਲਈ ਅਜਿਹਾ ਕੋਈ ਅਹੁਦਾ ਨਹੀਂ ਹੋ ਸਕਦਾ ਕਿ ਜਿਸ ਵਿਚ ਸਭ ਲਈ ਬਣਾਏ ਗਏ ਨਿਯਮ ਉਸ ਲਈ ਜ਼ਰੂਰੀ ਨਾ ਰਹਿ ਜਾਣ।
ਕਮਿਊਨਿਸਟ ਲੈਨਿਨ ਦੀ ਨਿਮਰਤਾ ਉਸ ਸਿਆਸੀ ਲਾਈਨ ਦਾ ਪ੍ਰਗਟਾਵਾ ਹੈ, ਜਿਸ ‘ਤੇ ਉਹ ਸਦਾ ਚੱਲਦੇ ਰਹੇ। ਇਸ ਲਾਈਨ ਦੇ ਕੁਝ ਨੁਕਤੇ ਇਹ ਸਨ-ਰਾਜ ਅਤੇ ਪਾਰਟੀ ਦੇ ਫੈਸਲਿਆਂ ਨੂੰ ਲਾਗੂ ਕਰਨ ਦੀ ਲਾਜ਼ਮੀਅਤ-ਸਾਰਿਆਂ ਲਈ ਬਰਾਬਰ ਅਤੇ ਜ਼ਰੂਰੀ ਲਾਜ਼ਮੀਅਤ; ਸਾਰੇ ਫ਼ੈਸਲੇ ਹਮੇਸ਼ਾ ਅਤੇ ਸਮੂਹਕ ਤੌਰ ‘ਤੇ ਲੈਣਾ, ਕਿਉਂਕਿ ਜਿਵੇਂ ਕਿ ਲੈਨਿਨ ਨੇ ਕਿਹਾ, ਸਮੂਹਕ ਵਿਚਾਰ-ਵਟਾਂਦਰੇ ਤੋਂ ਬਿਨਾਂ ਵੋਟਿੰਗ ਕਰਵਾਉਣਾ ਅਸਭਿਅਤਾ, ਘਟੀਆਪਣ ਅਤੇ ਹਾਨੀਕਾਰਕ ਹੈ। ਦੂਸਰੇ ਦੇ ਵਿਚਾਰ ਦਾ ਅਨਾਦਰ ਅਤੇ ਉਸ ਪ੍ਰਤੀ ਪਹਿਲਾਂ ਤੋਂ ਬਣਾਈ ਧਾਰਨਾ ਮੁਤਾਬਕ ਰਵੱਈਆ ਕਿਵੇਂ ਵੀ ਵਾਜਬ ਨਹੀਂ, ਭਾਵੇਂ ਉਹ ਤੁਹਾਡੇ ਮਤ ਨਾਲ ਮੇਲ ਨਾ ਵੀ ਖਾਂਦਾ ਹੋਵੇ। ਲੈਨਿਨ ਨੇ ਕਿਹਾ ਸੀ ਕਿ ”ਦੂਸਰੇ ਢੰਗ ਨਾਲ ਸੋਚਣ ਵਾਲਿਆਂ ਜਾਂ ਕੰਮ ਨੂੰ ਦੂਸਰੇ ਢੰਗ ਨਾਲ ਕਰਨ ਵਾਲਿਆਂ ਨੂੰ ‘ਚਾਲਬਾਜ਼’ ਜਾਂ ‘ਵਿਰੋਧੀ’ ਨਹੀਂ ਮੰਨਣਾ ਚਾਹੀਦਾ, ਸਗੋਂ ਆਜ਼ਾਦ ਲੋਕਾਂ ਦੀ ਕਦਰ ਕਰਨੀ ਚਾਹੀਦੀ ਹੈ।”
ਲੈਨਿਨ ਮਾਣ-ਸਨਮਾਨ ਨੂੰ ਬੜਾ ਮਹੱਤਵ ਦਿੰਦੇ ਸਨ ਅਤੇ ਇਸ ਬਾਰੇ ਆਪਣੇ ਵਿਚਾਰ ਨੂੰ ਉਨ੍ਹਾਂ ਨੇ ਸਾਫ਼-ਸਾਫ਼ ਪ੍ਰੀਭਾਸ਼ਤ ਵੀ ਕੀਤਾ। ਉਨ੍ਹਾਂ ਨੇ ਲਿਖਿਆ ਕਿ ਇਨਕਲਾਬ ਵਰਗੇ ਤਿੱਖੇ ਸੰਘਰਸ਼ ਦੌਰਾਨ ਹਾਸਲ ਕੀਤੀ ਗਈ ਸ਼ਾਨਦਾਰ : ਬਿਨਾਂ ਵਿਵਾਦ ਨੈਤਿਕ ਸ਼ਾਨ ਦਾ, ਕਿਸੇ ਅਮੂਰਤ ਨੈਤਿਕਤਾ ਨਾਲ ਨਹੀਂ, ਸਗੋਂ ਇਨਕਲਾਬੀ ਯੋਧਿਆਂ ਦੀ ਨੈਤਿਕਤਾ, ਇਨਕਲਾਬੀ ਜਨ-ਸਾਧਾਰਨ ਦੀਆਂ ਕਤਾਰਾਂ ਦੀ ਨੈਤਿਕਤਾ ਨਾਲ ਆਪਣੀ ਸ਼ਕਤੀ ਗ੍ਰਹਿਣ ਕਰਨ ਵਾਲੇ ਮਾਣ-ਸਨਮਾਨ ਦਾ ਬਹੁਤ ਵੱਡਾ ਹੱਥ ਹੈ।”
ਇਹ ਸ਼ਬਦ ਪੂਰੀ ਤਰ੍ਹਾਂ ਕਮਿਊਨਿਸਟ ਲੈਨਿਨ ਦੇ ਨੈਤਿਕ ਮਾਣ-ਸਨਮਾਨ ‘ਤੇ ਵੀ ਲਾਗੂ ਹੁੰਦੇ ਹਨ। ਅਜਿਹਾ ਮਾਣ-ਸਨਮਾਨ ਮਹਿਜ਼ ਭਾਸ਼ਣ ਦੇ ਕੇ ਜਾਂ ਕਿਸੇ ਉੱਚੇ ਅਹੁਦੇ ‘ਤੇ ਬੈਠ ਕੇ ਨਹੀਂ ਹਾਸਲ ਕੀਤਾ ਜਾ ਸਕਦਾ। ਅਜਿਹੇ ਮਾਣ-ਸਨਮਾਨ ਦੀ ਵਿਹਾਰ ਵਿਚ ਲਗਾਤਾਰ ਪ੍ਰੀਖਿਆ ਹੁੰਦੀ ਰਹਿੰਦੀ ਹੈ ਅਤੇ ਇਸ ਲਈ ਉਸ ਦੇ ਹਿੱਸੇਦਾਰ ਉਹ ਹੀ ਬਣਦੇ ਹਨ, ਜਿਨ੍ਹਾਂ ਦੇ ਵਿਚਾਰਾਂ ਨੂੰ ਕਮਿਊਨਿਸਟ ਦੇ ਆਦਰਸ਼ਾਂ ਤੋਂ ਕਿਸੇ ਵੀ ਤਰ੍ਹਾਂ ਵੱਖ ਨਹੀਂ ਕੀਤਾ ਜਾ ਸਕਦਾ।

Leave a Reply

Your email address will not be published. Required fields are marked *