ਬੱਚਿਆਂ ਦੀਆਂ ਮਾਨਸਿਕ ਤੇ ਸਰੀਰਿਕ ਸਮੱਸਿਆਵਾਂ
ਪ੍ਰੋ. ਦਰਸ਼ਨ ਕੁਮਾਰ
ਜਿਉਂ ਜਿਉਂ ਬੱਚੇ ਵੱਡੇ ਹੁੰਦੇ ਹਨ, ਤਿਉਂ ਤਿਉਂ ਉਨ੍ਹਾਂ ਵਿੱਚ ਸਰੀਰਕ ਅਤੇ ਮਾਨਸਿਕ ਤਬਦੀਲੀਆਂ ਆਉਂਦੀਆਂ ਹਨ। ਇਨ੍ਹਾਂ ਤਬਦੀਲੀਆਂ ਕਾਰਨ ਬੱਚੇ ਦੇ ਵਰਤਾਅ, ਬੋਲਣ-ਚੱਲਣ ਤੇ ਸੋਚਣ ਦੇ ਢੰਗ ਅਤੇ ਮਾਪਿਆਂ ਤੇ ਸਮਾਜ ਪ੍ਰਤੀ ਉਨ੍ਹਾਂ ਦਾ ਵਤੀਰਾ ਬਦਲਦਾ ਰਹਿੰਦਾ ਹੈ। ਇਸ ਲਈ ਬੱਚਿਆਂ ਦਾ ਪਾਲਣ-ਪੋਸ਼ਣ ਸਹੀ ਢੰਗ ਨਾਲ ਕਰਨ ਲਈ ਬੱਚਿਆਂ ਵਿੱਚ ਸਮੇਂ-ਸਮੇਂ ‘ਤੇ ਆਉਣ ਵਾਲੀਆਂ ਤਬਦੀਲੀਆਂ ਨੂੰ ਸਮਝਣਾ ਜ਼ਰੂਰੀ ਹੈ।
ਪਹਿਲੀ ਸਟੇਜ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਬੱਚਾ ਲਗਪਗ ਤਿੰਨ ਸਾਲ ਦਾ ਹੁੰਦਾ ਹੈ। ਪਹਿਲੀ ਵਾਰ ਘਰੋਂ ਬਾਹਰ ਪਲੇਅ-ਵੇਅ ਜਾਂ ਪ੍ਰੀ-ਨਰਸਰੀ ਲਈ ਕਦਮ ਰੱਖਦਾ ਹੈ। ਬੱਚਾ ਪਹਿਲੀ ਵਾਰ ਘਰੋਂ ਬਾਹਰ ਕਦਮ ਰੱਖਦਾ ਹੈ ਅਤੇ ਉਸ ਨੂੰ ਪਤਾ ਲੱਗਦਾ ਹੈ ਕਿ ਮਾਂ ਤੇ ਪਰਿਵਾਰ ਤੋਂ ਇਲਾਵਾ ਵੀ ਕੋਈ ਹੋਰ ਦੁਨੀਆਂ ਹੈ। ਪਹਿਲੀ ਵਾਰ ਉਹ ਅਧਿਆਪਕ ਨੂੰ ਮਿਲਦਾ ਹੈ। ਉਹ ਦੋਸਤ ਬਣਾਉਣੇ ਸ਼ੁਰੂ ਕਰਦਾ ਹੈ। ਉਹ ਘਰ ਤੋਂ ਬਾਹਰ ਆਪਣੇ ਦੋਸਤਾਂ-ਮਿੱਤਰਾਂ ਨਾਲ ਖੇਡਣਾ ਤੇ ਲੜਨਾ-ਝਗੜਨਾ ਸ਼ੁਰੂ ਕਰਦਾ ਹੈ। ਉਸ ਲਈ ਇਹ ਦੁਨੀਆਂ ਬਿਲਕੁੱਲ ਨਵੀਂ ਹੁੰਦੀ ਹੈ। ਜਦੋਂ ਬੱਚਾ ਘਰ ਆਉਂਦਾ ਹੈ ਤਾਂ ਉਹ ਆਪਣੀ ਨਵੀਂ ਦੁਨੀਆਂ ਬਾਰੇ ਮਾਪਿਆਂ ਨੂੰ ਸਭ ਕੁਝ ਦੱਸਣਾ ਚਾਹੁੰਦਾ ਹੈ। ਇਸ ਪੜਾਅ ‘ਤੇ ਇਹ ਜ਼ਰੂਰੀ ਹੈ ਕਿ ਉਸ ਦੀ ਹਰ ਛੋਟੀ ਤੋਂ ਛੋਟੀ ਗੱਲ ਵਿੱਚ ਹਿੱਸੇਦਾਰ ਬਣਿਆ ਜਾਵੇ ਤੇ ਹਰ ਗੱਲ ਨੂੰ ਦਿਲਚਸਪੀ ਨਾਲ ਸੁਣਿਆ ਜਾਵੇ। ਜਦੋਂ ਬੱਚਾ ਛੇ ਕੁ ਸਾਲ ਦਾ ਹੋ ਜਾਂਦਾ ਹੈ ਤਾਂ ਉਸ ਲਈ ਇਹ ਨਵੀਂ ਦੁਨੀਆਂ, ਨਵੀਂ ਨਹੀਂ ਰਹਿੰਦੀ। ਹੁਣ ਉਹ ਇਸ ਦੁਨੀਆਂ ਬਾਰੇ ਹੋਰ ਦੱਸਣਾ ਸ਼ੁਰੂ ਕਰ ਦਿੰਦਾ ਹੈ ਜਿਵੇਂ ਕਿ ਮੇਰੇ ਦੋਸਤ ਦਾ ਨਾਂ ਕੀ ਹੈ, ਉਹ ਕਿੱਥੇ ਰਹਿੰਦਾ ਹੈ ਜਾਂ ਅੱਜ ਅਧਿਆਪਕ ਦਾ ਜਨਮ ਦਿਨ ਸੀ ਆਦਿ।
ਦੂਜਾ ਪੜਾਅ ਉਦੋਂ ਸ਼ੁਰੂ ਹੁੰਦਾ ਹੈ ਜਦੋਂ ਬੱਚਾ ਸੱਤ-ਅੱਠ ਸਾਲ ਦਾ ਹੋ ਜਾਂਦਾ ਹੈ। ਹੁਣ ਉਹ ਆਪਣੇ ਆਲੇ-ਦੁਆਲੇ ਬਾਰੇ ਸਵਾਲ ਕਰਨੇ ਸ਼ੁਰੂ ਕਰ ਦਿੰਦਾ ਹੈ ਜਿਵੇਂ ਕਿ ਤੁਸੀਂ ਰੋਜ਼ ਕਿੱਥੇ ਜਾਂਦੇ ਹੋ, ਅਸਮਾਨ ਨੀਲਾ ਕਿਉਂ ਹੈ ਜਾਂ ਸੂਰਜ ਕਿੱਥੋਂ ਆਉਂਦਾ ਹੈ ਆਦਿ। ਉਹ ਨਵੀਂਆਂ ਚੀਜ਼ਾਂ ਬਾਰੇ ਜਾਨਣ ਦਾ ਉਤਸਕ ਹੁੰਦਾ ਹੈ। ਇਸ ਸਟੇਜ ‘ਤੇ ਜ਼ਰੂਰੀ ਹੈ ਕਿ ਮਾਪੇ ਉਸ ਦੇ ਹਰ ਸਵਾਲ ਦਾ ਉੱਤਰ ਦੇਣ। ਜਦੋਂ ਮਾਪਿਆਂ ਕੋਲ ਬੱਚੇ ਲਈ ਸਮਾਂ ਨਹੀਂ ਹੁੰਦਾ ਤਾਂ ਬੱਚੇ ਸਵਾਲ ਪੁੱਛਣੇ ਬੰਦ ਕਰ ਦਿੰਦੇ ਹਨ ਜਾਂ ਫਿਰ ਉਹ ਘਰ ਦੇ ਨੌਕਰਾਂ ਤੇ ਦੋਸਤ-ਮਿੱਤਰਾਂ ਤੋਂ ਪੁੱਛਣਾ ਸ਼ੁਰੂ ਕਰ ਦਿੰਦੇ ਹਨ। ਉਹ ਬੱਚੇ ਦੀ ਜਗਿਆਸਾ ਨੂੰ ਪੂਰੀ ਨਹੀਂ ਕਰ ਸਕਦੇ। ਇਸ ਨਾਲ ਬੱਚੇ ਅੰਤਰਮੁਖੀ ਬਣ ਜਾਂਦੇ ਹਨ। ਇਸ ਸਟੇਜ ‘ਤੇ ਬੱਚਾ ਮਾਪਿਆਂ ਦੀ ਗੱਲ ਮੰਨਣ ਤੋਂ ਇਨਕਾਰ ਕਰਨਾ ਸ਼ੁਰੂ ਕਰ ਦਿੰਦਾ ਹੈ।
ਜਿਉਂ ਹੀ ਬੱਚਾ 13-14 ਸਾਲ ਦੀ ਉਮਰ ਵਿੱਚ ਪੈਰ ਰੱਖਦਾ ਹੈ ਤਾਂ ਉਹ ਸਮਝਣ ਲੱਗ ਜਾਂਦਾ ਹੈ ਕਿ ਹੁਣ ਉਹ ਵੱਡਾ ਹੋ ਗਿਆ ਹੈ ਤੇ ਆਪਣੇ ਫ਼ੈਸਲੇ ਆਪ ਕਰ ਸਕਦਾ ਹੈ। ਇਸ ਸਟੇਜ ‘ਤੇ ਬੱਚਾ ਮਾਪਿਆਂ ਨੂੰ ਤਰਜੀਹ ਨਾ ਦੇ ਕੇ ਦੋਸਤਾਂ-ਮਿੱਤਰਾਂ ਤੋਂ ਰਾਏ ਲੈਣੀ ਤੇ ਉਨ੍ਹਾਂ ਦੀ ਗੱਲ ਮੰਨਣੀ ਸ਼ੁਰੂ ਕਰ ਦਿੰਦਾ ਹੈ। ਮਾਪਿਆਂ ਨਾਲ ਵਿਆਹ ਸ਼ਾਦੀ ‘ਤੇ ਜਾਣ ਦੀ ਥਾਂ ਉਸ ਨੂੰ ਆਪਣੇ ਦੋਸਤਾਂ-ਮਿੱਤਰਾਂ ਨਾਲ ਹੱਸਣਾ ਖੇਡਣਾ ਤੇ ਪਾਰਟੀ ਕਰਨਾ ਜ਼ਅਿਾਦਾ ਚੰਗਾ ਲਗਦਾ ਹੈ।
ਇਸ ਉਮਰ ਵਿੱਚ ਸਰੀਰ ਵਿੱਚ ਤਬਦੀਲੀਆਂ ਕਾਰਨ ਉਹ ਬਹੁਤ ਸਾਰੀਆਂ ਗੱਲਾਂ ਆਪਣੇ ਮਾਪਿਆਂ ਤੋਂ ਛੁਪਾਉਣਾ ਸ਼ੁਰੂ ਕਰ ਦਿੰਦਾ ਹੈ। ਇਹ ਸਭ ਨੂੰ ‘ਪੀਅਰ ਪ੍ਰੈਸ਼ਰ’ ਕਿਹਾ ਜਾਂਦਾ ਹੈ। ਇਸ ਉਮਰ ਵਿੱਚ ਬੱਚੇ ਦੀ ਪਹਿਰਾਵੇ, ਵਾਲਾਂ ਦੇ ਸਟਾਈਲ, ਫੈਸ਼ਨਏਬਲ ਤੇ ਬਰੈਂਡਿਡ ਕੱਪੜਿਆਂ ਪ੍ਰਤੀ ਦਿਲਚਸਪੀ ਵਧ ਜਾਂਦੀ ਹੈ। ਇਸ ਉਮਰ ਵਿੱਚ ਇੱਕ ਹੋਰ ਤਬਦੀਲੀ ਇਹ ਆਉਂਦੀ ਹੈ ਕਿ ਹੁਣ ਉਸ ਨੂੰ ਇੱਜ਼ਤ-ਬੇਇਜ਼ਤੀ ਮਹਿਸੂਸ ਹੋਣ ਲੱਗ ਜਾਂਦੀ ਹੈ। ਛੋਟੀ-ਛੋਟੀ ਗੱਲ ‘ਤੇ ਬੇਇਜ਼ਤੀ ਮਹਿਸੂਸ ਕਰਨਾ, ਮੋਬਾਈਲ ‘ਤੇ ਲਗਾਤਾਰ ਚੈਟਿੰਗ ਕਰਦੇ ਰਹਿਣਾ, ਸ਼ੀਸ਼ੇ ਅੱਗੇ ਬੈਠੇ ਰਹਿਣਾ ਆਦਿ ਇਸ ਉਮਰ ਦੇ ਲੱਛਣ ਹਨ।
ਜਿਉਂ ਹੀ ਬੱਚਾ ਇਸ ਉਮਰ ਵਿੱਚ ਦਾਖ਼ਲ ਹੁੰਦਾ ਹੈ ਤਾਂ ਮਾਪੇ ਸਮਝਣ ਲੱਗ ਪੈਂਦੇ ਹਨ ਕਿ ਬੱਚਾ ਉਨ੍ਹਾਂ ਤੋਂ ਬਾਹਰ ਹੋ ਗਿਆ ਹੈ, ਪਰ ਮਾਪਿਆਂ ਨੂੰ ਇਹ ਸਮਝਣਾ ਜ਼ਰੂਰੀ ਹੈ ਕਿ ਇਹ ਤਬਦੀਲੀਆਂ ਉਸ ਦੇ ਵਿਕਾਸ ਦਾ ਹਿੱਸਾ ਹਨ। ਇਸ ਸਟੇਜ ‘ਤੇ ਮਾਪਿਆਂ ਨੂੰ ਇਹ ਸਮਝਣਾ ਜ਼ਰੂਰੀ ਬਣ ਜਾਂਦਾ ਹੈ ਕਿ ਬੱਚਾ ਹੁਣ ਸੱਚਮੁੱਚ ਹੀ ਵੱਡਾ ਹੋ ਗਿਆ ਹੈ। ਇਸ ਲਈ ਉਸ ਨੂੰ ਪਹਿਲਾਂ ਦੀ ਤਰ੍ਹਾਂ ਹੁਕਮ ਦੇਣ ਦੀ ਬਜਾਏ ਉਸ ਨੂੰ ਰਾਏ ਦੇਣੀ ਸ਼ੁਰੂ ਕਰ ਦੇਣੀ ਚਾਹੀਂਦੀ ਹੈ। ਇਸ ਸਟੇਜ ‘ਤੇ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਮਾਪੇ ਬੱਚੇ ਦੇ ਦੋਸਤ ਬਣਨ, ਬੱਚੇ ਨਾਲ ਇੰਨੀ ਨੇੜਤਾ ਪੈਦਾ ਕਰਨ ਤਾਂ ਜੋ ਬੱਚਾ ਹਰ ਗੱਲ ਉਨ੍ਹਾਂ ਨਾਲ ਬੇਝਿਜਕ ਸਾਂਝੀ ਕਰ ਸਕੇ। ਇਸ ਸਟੇਜ ‘ਤੇ ਬੱਚੇ ਬਹੁਤ ਸਾਰੀਆਂ ਗੱਲਾਂ ਜਾਨਣ ਦੇ ਉਤਸੁਕ ਹੁੰਦੇ ਹਨ ਜੋ ਉਨ੍ਹਾਂ ਲਈ ਨਵੀਆਂ ਹਨ। ਮਾਪਿਆਂ ਨੂੰ ਚਾਹੀਦਾ ਹੈ ਕਿ ਬੱਚੇ ਇਨ੍ਹਾਂ ਉਤਸੁਕਤਾਵਾਂ ਨੂੰ ਸੁਭਾਵਿਕ ਲੈਣ ਅਤੇ ਉਨ੍ਹਾਂ ਬਾਰੇ ਇਸ ਤਰ੍ਹਾਂ ਜਾਣਕਾਰੀ ਦੇਣ ਜਿਸ ਤਰ੍ਹਾਂ ਇਹ ਜ਼ਿੰਦਗੀ ਦਾ ਸੁਭਾਵਿਕ ਹਿੱਸਾ ਹਨ। ਇਸ ਸਟੇਜ ‘ਤੇ ਜਦੋਂ ਮਾਪਿਆਂ ਕੋਲੇ ਬੱਚੇ ਲਈ ਸਮਾਂ ਨਹੀਂ ਹੁੰਦਾ ਤਾਂ ਬੱਚਾ ਆਪਣੇ ਦੋਸਤਾਂ-ਮਿੱਤਰਾਂ ਤੋਂ ਜਾਣਕਾਰੀ ਇਕੱਠੀ ਕਰਦਾ ਹੈ ਜੋ ਖ਼ੁਦ ਵੀ ਉਸ ਜਿੰਨੇ ਹੀ ਅਨਜਾਣ ਹੁੰਦੇ ਹਨ। ਇਸ ਨਾਲ ਬੱਚੇ ਦੇ ਭਟਕਣ ਅਤੇ ਕੁਰਾਹੇ ਪੈਣ ਦੀ ਸੰਭਾਵਨਾ ਬਣੀ ਰਹਿੰਦੀ ਹੈ।