ਨੌਜਵਾਨ ਸੋਚ: ਕਬੱਡੀ ਖੇਡੀਏ ਜਾਂ ਕ੍ਰਿਕਟ?

ਕਬੱਡੀ ਬਣਦੇ ਹੱਕਾਂ ਤੋਂ ਵਾਂਝੀ

ਲੋਕ ਖੇਡਾਂ ਭਾਵੇਂ ਬਹੁਤ ਸਾਰੀਆਂ ਹਨ, ਪਰ ਪੰਜਾਬੀਆਂ ਦੀ ਮੁੱਖ ਖੇਡ ਕਬੱਡੀ ਹੀ ਹੈ ਜੋ ਅੱਜ ਦੇ ਸਮੇਂ ਵਿਦੇਸ਼ੀ ਖੇਡ ਕ੍ਰਿਕਟ ਦੇ ਸਾਹਮਣੇ ਫਿੱਕੀ ਪੈ ਰਹੀ ਹੈ। ਅੱਜ-ਕੱਲ੍ਹ ਦੇ ਬੱਚੇ ਅਤੇ ਨੌਜਵਾਨ ਕਬੱਡੀ ਦੀ ਬਜਾਏ ਕ੍ਰਿਕਟ ਖੇਡਣਾ ਜ਼ਅਿਾਦਾ ਪਸੰਦ ਕਰਦੇ ਹਨ। ਕਬੱਡੀ ਜ਼ੋਰ ਤੇ ਫੁਰਤੀ ਦੀ ਖੇਡ ਹੈ ਤੇ ਅੱਜ ਦੇ ਸਮੇਂ ਵਿੱਚ ਨਾ ਖ਼ੁਰਾਕਾਂ ਵਿੱਚ ਉਹ ਦਮ ਰਿਹਾ ਤੇ ਨਾ ਨੌਜਵਾਨਾਂ ਵਿੱਚ। ਦੂਜੇ ਪਾਸੇ ਕ੍ਰਿਕਟ ਦੀ ਗੱਲ ਕਰੀਏ ਤਾਂ ਉਸ ਨੂੰ ਪੈਸੇ ਪੱਖੋਂ ਵੀ ਵੱਧ ਅਹਿਮੀਅਤ ਦਿੱਤੀ ਜਾਂਦੀ ਹੈ, ਜਦੋਂਕਿ ਕਬੱਡੀ ਪੈਸੇ ਦੀ ਦੌੜ ਵਿੱਚ ਕ੍ਰਿਕਟ ਤੋਂ ਪਿੱਛੇ ਹੈ। ਭਾਵੇਂ ਅੱਜ ਦੇ ਸਮੇਂ ਕਬੱਡੀ ਦੇਸ਼ਾਂ-ਵਿਦੇਸ਼ਾਂ ਵਿੱਚ ਵੀ ਖੇਡੀ ਜਾਣ ਲੱਗੀ ਹੈ ਪਰ ਅਜੇ ਵੀ ਕਬੱਡੀ ਆਪਣੇ ਬਣਦੇ ਹੱਕ ਤੋਂ ਵਾਂਝੀ ਹੈ।

ਧਲਵਿੰਦਰ ਸਿੰਘ ਸੰਧੂ, ਜੰਡੋਲੀ (ਰਾਜਪੁਰਾ)

 

ਕਬੱਡੀ ਖਿਡਾਰੀ ਵੀ ਬਣਨ ਬਰਾਂਡ ਅੰਬੈਸਡਰ

ਪੰਜਾਬੀਆਂ ਦੀ ਮਾਂ ਖੇਡ ਕਬੱਡੀ ਹੈ, ਨਾ ਕਿ ਕ੍ਰਿਕਟ। ਹੁਣ ਕਬੱਡੀ ਵਿਸ਼ਵ ਭਰ ‘ਚ ਪ੍ਰਸਿੱਧ ਹੈ। ਮੁੰਡਿਆਂ ਦੇ ਨਾਲ ਨਾਲ ਕੁੜੀਆਂ ਵੀ ਇਸ ਖੇਡ ਵਿੱਚ ਬਰਾਬਰ ਦਾ ਹਿੱਸਾ ਪਾ ਰਹੀਆਂ ਹਨ ਪਰ ਜਿੰਨਾ ਪ੍ਰਚਾਰ ਕ੍ਰਿਕਟ ਦਾ ਕੀਤਾ ਜਾਂਦਾ ਹੈ, ਉਨ੍ਹਾਂ ਕਬੱਡੀ ਦਾ ਨਹੀਂ। ਕਬੱਡੀ ਸਰੀਰ ਨੂੰ ਤੰਦਰੁਸਤ ਤੇ ਅਨੁਸ਼ਾਸਨ ਵਿੱਚ ਰੱਖਦੀ ਹੈ ਤੇ ਘੱਟ ਖ਼ਰਚੇ ਵਾਲੀ ਖੇਡ ਹੈ, ਜਦੋਂਕਿ ਕ੍ਰਿਕਟ ਖੇਡਣ ਲਈ ਮਹਿੰਗਾ ਸਾਮਾਨ ਖ਼ਰੀਦਣਾ ਪੈਂਦਾ ਹੈ। ਸਰਕਾਰ ਕਬੱਡੀ ਦੇ ਖਿਡਾਰੀਆਂ ਨੂੰ ਵੀ ਵਧੀਆ ਸਰਕਾਰੀ ਨੌਕਰੀਆਂ ਦੇਵੇ ਤੇ ਉਨ੍ਹਾਂ ਨੂੰ ਵੀ ਬਰਾਂਡ ਅੰਬੈਡਸਰ ਬਣਾਇਆ ਜਾਵੇ ਤਾਂ ਜੋ ਖਿਡਾਰੀਆਂ ਵਿੱਚ ਹੀਣ ਭਾਵਨਾ ਪੈਦਾ ਨਾ ਹੋਵੇ।

ਗੋਬਿੰਦ ਰਾਮ, ਪਿੰਡ ਲਹਿਰੀ, ਬਠਿੰਡਾ

 

ਖੇਡਾਂ ਦੋਵੇਂ ਹੀ ਚੰਗੀਆਂ

ਕਬੱਡੀ ਜਾਂ ਕ੍ਰਿਕਟ ਖੇਡਾਂ ਦੋਵੇਂ ਮਾੜੀਆਂ ਨਹੀਂ ਹਨ। ਕਬੱਡੀ ਲੋਕ ਖੇਡ ਹੈ ਅਤੇ ਇਸ ਨੂੰ ਖੇਡਣ ਦੇ ਸਾਧਨ ਖ਼ਰੀਦਣ ਦੀ ਲੋੜ ਨਹੀਂ ਹੈ, ਜਦੋਂਕਿ ਕ੍ਰਿਕਟ ਦਾ ਸਾਮਾਨ ਮਹਿੰਗਾ ਹੁੰਦਾ ਹੈ ਪਰ ਸਰਕਾਰ ਨੂੰ ਦੋਵਾਂ ਖੇਡਾਂ ਨੂੰ ਹੀ ਉਤਸ਼ਾਹਿਤ ਕਰਨਾ ਚਾਹੀਦਾ ਹੈ। ਕਬੱਡੀ ਲਈ ਵੀ ਸਰਕਾਰ ਨੂੰ ਸਿਰਫ਼ ਕ੍ਰਿਕਟ ਵਾਂਗ ਚੰਗੇ ਇਨਾਮ ਐਲਾਨਣੇ ਚਾਹੀਦੇ ਹਨ। ਕ੍ਰਿਕਟ ਲਈ ਮੁਫ਼ਤ ਕਿੱਟਾਂ ਵੰਡਣੀਆਂ ਚਾਹੀਦੀਆਂ ਹਨ। ਇਸ ਲਈ ਦੋਵੇਂ ਖੇਡਾਂ ਦੀ ਆਪਣੀ ਆਾਪਣੀ ਜਗ੍ਹਾ ਹੈ ਤੇ ਸਰਕਾਰ ਨੂੰ ਦੋਹਾਂ ਨੂੰ ਬਰਾਬਰ ਰੱਖ ਕੇ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਨੌਜਵਾਨ ਆਪਣੀ ਰੁਚੀ ਅਨੁਸਾਰ ਖੇਡ ਸਕਣ ਤੇ ਉਨ੍ਹਾਂ ਨੂੰ ਵਿੱਤੀ ਤੌਰ ਉੱਤੇ ਕੋਈ ਦਿੱਕਤ ਨਾ ਆਵੇ।

ਕਮਲਜੀਤ ਸਿੰਘ (ਜਮਾਤ ਬਾਰ੍ਹਵੀਂ)

ਸਰਕਾਰੀ ਸੀ.ਸੈ. ਸਕੂਲ ਸ਼ੇਰਪੁਰ, (ਸੰਗਰੂਰ)

 

ਕਬੱਡੀ ਨਾਲ ਹੈ ਸ਼ਾਨ

ਜਿਸ ਤਰ੍ਹਾਂ ਆਪਣੀ ਮਾਂ ਨੂੰ ਛੱਡ ਕੇ ਮਤਰੇਈ ਗੋਦ ਵਿੱਚ ਸਕੂਨ ਨਹੀਂ ਮਿਲਦਾ, ਉਵੇਂ ਹੀ ਆਪਣੀ ਮਾਂ-ਖੇਡ ਕਬੱਡੀ ਨੂੰ ਵਿਸਾਰ ਕੇ ਕ੍ਰਿਕਟ ਖੇਡਣ ਨਾਲ ਸ਼ਾਨ ਨਹੀਂ ਵਧ ਸਕਦੀ। ਦੂਜੇ ਪਾਸੇ ਕ੍ਰਿਕਟ ਵਿੱਚ ਸਿਰਫ਼ ਪੈਸਾ ਹੈ ਪਰ ਨੈਤਿਕਤਾ ਕਬੱਡੀ ਵਿੱਚ ਹੀ ਹੈ। ਅੱਜ ਕਬੱਡੀ ਪਿੰਡਾਂ ਦੀਆਂ ਗਲੀਆਂ ਤੋਂ ਕੌਮਾਂਤਰੀ ਸਟੇਡੀਅਮਾਂ ਤੱਕ ਪਹੁੰਚ ਚੁੱਕੀ ਹੈ। ਵਿਰਾਸਤ ‘ਚੋਂ ਮਿਲੀ ਇਸ ਖੇਡ ਨੇ ਸਾਨੂੰ ਦੁਨੀਆਂ ਵਿੱਚ ਵਿਸ਼ੇਸ਼ ਥਾਂ ਦਿਵਾਈ ਹੈ। ਇਸ ਲਈ ਨੌਜਵਾਨਾਂ ਨੂੰ ਕਬੱਡੀ ਨਾਲ ਮੋਹ ਵਧਾਉਣ ਦੀ ਲੋੜ ਹੈ।

ਰੂਹੀ ਸਿੰਘ, ਮਾਤਾ ਸਾਹਿਬ ਕੌਰ ਗਰਲਜ਼ ਕਾਲਜ, ਤਲਵੰਡੀ ਸਾਬੋ (ਬਠਿੰਡਾ)

 

ਇਕ ਦੂਜੇ ਦਾ ਬਦਲ ਨਹੀਂ ਕ੍ਰਿਕਟ ਤੇ ਕਬੱਡੀ

ਪਦਾਰਥਵਾਦੀ ਸੋਚ ਨੂੰ ਲਾਂਭੇ ਰੱਖ ਕੇ ਦੇਖਿਆ ਜਾਵੇ ਤਾਂ ਖੇਡ ਕੋਈ ਵੀ ਖੇਡੀ ਜਾਵੇ, ਮਾੜੀ ਨਹੀਂ ਹੈ। ਜੇਕਰ ਨਿਰ੍ਹਾ ਸ਼ੋਹਰਤ ਅਤੇ ਪੈਸੇ ਲਈ ਹੀ ਖੇਡਣਾ ਹੈ ਤਾਂ ਬਿਨਾਂ ਸ਼ੱਕ ਇਸ ਵੇਲੇ ਕ੍ਰਿਕਟ ਪਹਿਲੇ ਨੰਬਰ ‘ਤੇ ਹੈ। ਬਾਕੀ ਖੇਡ ਦੀ ਚੋਣ ਸਰੀਰਕ ਵਿਸ਼ੇਸ਼ਤਾਵਾਂ, ਸਹੂਲਤਾਂ ਅਤੇ ਆਸ-ਪਾਸ ਦੇ ਖੇਡ ਮਾਹੌਲ ਦੇ ਆਧਾਰ ‘ਤੇ ਹੋਣੀ ਚਾਹੀਦੀ ਹੈ। ਕਬੱਡੀ ਅਤੇ ਕ੍ਰਿਕਟ ਇੱਕ-ਦੂਜੇ ਦਾ ਬਦਲ ਨਹੀਂ ਹਨ। ਜ਼ਰੂਰੀ ਨਹੀਂ ਹੈ ਕਿ ਕਬੱਡੀ ਦਾ ਵਧੀਆ ਖਿਡਾਰੀ, ਕ੍ਰਿਕਟ ਵੀ ਵਧੀਆ ਖੇਡੇ ਜਾਂ ਕ੍ਰਿਕਟ ਦਾ ਵਧੀਆ ਖਿਡਾਰੀ ਕਬੱਡੀ ਦਾ ਵਧੀਆ ਖਿਡਾਰੀ ਬਣ ਸਕੇ। ਹਰ ਕੋਈ ਖੇਡ ਦੀ ਚੋਣ ਵਿਅਕਤੀਗਤ ਪੱਧਰ ‘ਤੇ ਹੀ ਕਰਦਾ ਹੈ।

ਨਵਜੀਤ ਮੋਹਲਾਂ, ਸਰਾਭਾ ਨਗਰ, ਮਲੋਟ (ਮੁਕਤਸਰ)

Leave a Reply

Your email address will not be published. Required fields are marked *