ਪੁਰਸ਼ਾਂ ਮਗਰੋਂ ਮਹਿਲਾਵਾਂ ਵੀ ਬਣੀਆਂ ਏਸ਼ਿਆਈ ਚੈਂਪੀਅਨ

ਸਿੰਗਾਪੁਰ (ਨਦਬ): ਦੀਪਿਕਾ ਠਾਕੁਰ ਵੱਲੋਂ ਆਖਰੀ ਮਿੰਟਾਂ ਵਿੱਚ ਕੀਤੇ ਫ਼ੈਸਲਾਕੁਨ ਗੋਲ ਦੀ ਬਦੌਲਤ ਭਾਰਤੀ ਮਹਿਲਾ ਹਾਕੀ ਟੀਮ ਨੇ ਅੱਜ ਇਥੇ ਰੋਮਾਂਚਕ ਖਿਤਾਬੀ ਮੁਕਾਬਲੇ ਵਿੱਚ ਚੀਨ ਨੂੰ 2-1 ਨਾਲ ਹਰਾ ਕੇ ਪਹਿਲੀ ਵਾਰ ਮਹਿਲਾ ਏਸ਼ੀਆ ਚੈਂਪੀਅਨਜ਼ ਟਰਾਫ਼ੀ ਆਪਣੇ ਨਾਂ ਕਰ ਲਈ। ਇਸ ਜਿੱਤ ਨਾਲ ਭਾਰਤ ਨੇ ਬੀਤੇ ਦਿਨ ਚੀਨ ਹੱਥੋਂ ਆਖਰੀ ਲੀਗ ਮੁਕਾਬਲੇ ਵਿੱਚ ਮਿਲੀ ਹਾਰ ਦਾ ਹਿਸਾਬ ਵੀ ਲੈ ਲਿਆ। ਮਹਿਲਾ ਟੀਮ ਤੋਂ ਪਹਿਲਾਂ ਪੁਰਸ਼ ਟੀਮ ਨੇ ਕੁਆਂਟਨ ਵਿੱਚ ਪਾਕਿਸਤਾਨ ਨੂੰ ਹਰਾ ਕੇ ਖਤਿਾਬੀ ਜਿੱਤ ਦਰਜ ਕੀਤੀ ਸੀ। ਭਾਰਤ ਵੱਲੋਂ ਦੀਪ ਗ੍ਰੇਸ ਇੱਕਾ ਨੇ 13ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ‘ਤੇ ਗੋਲ ਕੀਤਾ ਜਦਕਿ ਦੀਪਿਕਾ ਨੇ 60ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਫੈਸਲਾਕੁਨ ਗੋਲ ਵਿੱਚ ਬਦਲ ਕੇ ਟੀਮ ਨੂੰ ਯਾਦਗਾਰ ਜਿੱਤ ਦਿਵਾਈ। ਚੀਨ ਵੱਲੋਂ ਜ਼ੌਂਗ ਮੇਂਗਲਿੰਗ ਨੇ ਇਕੋ-ਇਕ ਗੋਲ 44ਵੇਂ ਮਿੰਟ ਵਿੱਚ ਕੀਤਾ। ਭਾਰਤ ਇਸ ਤੋਂ ਪਹਿਲਾਂ 2013 ਵਿੱਚ ਮਹਿਲਾ ਏਸ਼ਿਆਈ ਚੈਂਪੀਅਨਜ਼ ਟਰਾਫ਼ੀ ਵਿੱਚ ਜਪਾਨ ਤੋਂ ਬਾਅਦ ਉਪ ਜੇਤੂ ਰਿਹਾ ਜਦਕਿ 2010 ਵਿੱਚ ਪਲੇਠੇ ਟੂਰਨਾਮੈਂਟ ਵਿੱਚ ਤੀਜੀ ਥਾਵੇਂ ਸਬਰ ਕਰਨਾ ਪਿਆ ਸੀ।