ਜੇ.ਐਨ.ਯੂ. ਵਿਦਿਆਰਥੀ ਸ਼ਰਜੀਲ ਇਮਾਮ ਨੇ ਸੁਪਰੀਮ ਕੋਰਟ ‘ ਦਿੱਤਾ ਅਰਣਬ ਗੋਸਵਾਮੀ ਕੇਸ ਦਾ ਹਵਾਲਾ, ਦਿੱਲੀ ਪੁਲੀਸ ਨੂੰ ਨੋਟਿਸ

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਭੜਕਾਊ ਭਾਸ਼ਣ ਮਾਮਲੇ ਵਿਚ ਦੇਸ਼ ਧਰੋਹ ਤੇ ਹੋਰ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸ਼ਰਜੀਲ ਇਮਾਮ ਦੀ ਪਟੀਸ਼ਨ ‘ਤੇ ਦਿੱਲੀ ਪੁਲੀਸ ਤੋਂ ਸ਼ੁੱਕਰਵਾਰ ਨੂੰ ਜਵਾਬ ਤਲਬ ਕੀਤਾ ਹੈ। ਸ਼ਰਜੀਲ ਇਮਾਮ ਨੇ ਸੁਪਰੀਮ ਕੋਰਟ ਵਿਚ ਰਿਪਬਲਿਕ ਟੀ.ਵੀ. ਦੇ ਐਡੀਟਰ ਇਨ ਚੀਫ਼ ਅਰਣਬ ਗੋਸਵਾਮੀ ਕੇਸ ਦਾ ਹਵਾਲਾ ਦਿੱਤਾ। ਉਸ ਨੇ ਦਲੀਲ ਦਿੱਤੀ ਕਿ ਅਰਣਬ ਕੇਸ ਵਾਂਗ ਉਸ ਖ਼ਿਲਾਫ਼ ਵੀ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਇਕ ਹੀ ਤਰ੍ਹਾਂ ਦੀਆਂ ਪੰਜ ਐਫ.ਆਈ.ਆਰ ਦਰਜ ਕੀਤੀਆਂ ਗਈਆਂ ਹਨ। ਸਾਰੇ ਮਾਮਲਿਆਂ ਦੀ ਜਾਂਚ ਇਕ ਹੀ ਏਜੰਸੀ ਤੋਂ ਕਰਵਾਏ ਜਾਣ ਦੀ ਅਦਾਲਤ ਨੂੰ ਅਪੀਲ ਕੀਤੀ ਹੈ।
ਜਸਟਿਸ ਅਸ਼ੋਕ ਭੂਸ਼ਣ ਤੇ ਜਸਟਿਸ ਸੰਜੀਵ ਖੰਨਾ ਦੇ ਬੈਂਚ ਨੇ ਸ਼ਰਜੀਲ ਵਲੋਂ ਪੇਸ਼ ਸੀਨੀਅਰ ਵਕੀਲ ਸਿਧਾਰਥ ਦਵੇ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਦਿੱਲੀ ਪੁਲੀਸ ਨੂੰ ਨੋਟਿਸ ਜਾਰੀ ਕੀਤਾ ਅਤੇ ਮਾਮਲੇ ਦੀ ਸੁਣਵਾਈ 10 ਦਿਨ ਬਾਅਦ ਕਰਨ ਦਾ ਫ਼ੈਸਲਾ ਲਿਆ।
ਸੁਣਵਾਈ ਦੌਰਾਨ ਦਵੇ ਨੇ ਦਲੀਲ ਦਿੱਤੀ ਕਿ ਉਨ੍ਹਾਂ ਦੇ ਕਲਾਇੰਟ ਖ਼ਿਲਾਫ਼ ਵੱਖ ਵੱਖ ਸੂਬਿਆਂ ਵਿਚ ਦਰਜ ਸਾਰੀਆਂ ਪੰਜ ਸ਼ਿਕਾਇਤਾਂ ਉਨ੍ਹਾਂ ਦੇ ਇਕ ਹੀ ਭਾਸ਼ਣ ‘ਤੇ ਆਧਾਰਤ ਹਨ। ਦਵੇ ਨੇ ਅਜਿਹੇ ਹੀ ਇਕ ਹੀ ਤਰ੍ਹਾਂ ਦੇ ਕਈ ਮਾਮਲੇ ਦਰਜ ਕੀਤੇ ਜਾਣ ਖ਼ਿਲਾਫ਼ ਰਿਪਬਲਿਕ ਟੀ.ਵੀ. ਦੇ ਐਡੀਟਰ ਇਨ ਚੀਫ ਅਰਣਬ ਗੋਸਵਾਮੀ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ ਦਾ ਜ਼ਿਕਰ ਵੀ ਕੀਤਾ ਪਰ ਜਸਟਿਸ ਭੂਸ਼ਣ ਨੇ ਕਿਹਾ ਕਿ ਜੇਕਰ ਪੁਲੀਸ ਨੂੰ ਕੁਝ ਭਿਆਨਕ ਅਪਰਾਧ ਬਾਰੇ ਪਤਾ ਚਲਦਾ ਹੈ ਤਾਂ ਐਫ.ਆਈ.ਆਰ ਦਰਜ ਕਰਨ ਵਿਚ ਕੋਈ ਬੁਰਾਈ ਨਹੀਂ ਹੈ।
ਜ਼ਿਕਰਯੋਗ ਹੈ ਕਿ ਦਿੱਲੀ ਦੇ ਸ਼ਾਹੀਨ ਬਾਗ ਵਿਚ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਵਿਰੋਧੀ ਪ੍ਰਦਰਸ਼ਨ ਦੇ ਪ੍ਰਬੰਧਕਾਂ ਵਿਚੋਂ ਇਕ ਸ਼ਰਜੀਲ ‘ਤੇ ਦੇਸ਼ ਧਰੋਹ ਦੇ ਦੋਸ਼ ਲੱਗੇ ਹਨ, ਜਿਨ੍ਹਾਂ ਵਿਚ ਧਾਰਾ 124 ਤੇ 153 ਏ ਤੋਂ ਇਲਾਵਾ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਦੀ ਧਾਰਾ 13 ਵੀ ਜੋੜੀ ਗਈ ਹੈ। ਸ਼ਰਜੀਲ ਫ਼ਿਲਹਾਲ ਜੇਲ੍ਹ ਵਿਚ ਬੰਦ ਹੈ।
ਪਿਛਲੇ ਸਾਲ 13 ਦਸੰਬਰ ਤੇ 15 ਦਸੰਭਰ ਨੂੰ ਜਾਮੀਆ ਹਿੰਸਾ ਵਿਚ ਸ਼ਾਮਲ ਹੋਣ ਲਈ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਸ਼ਰਜੀਲ ਇਮਾਮ ਖ਼ਿਲਾਫ਼ ਵੱਖ ਵੱਖ ਸੂਬਿਆਂ ਵਿਚ 5 ਐਫ.ਆਈ.ਆਰਜ਼ ਦਰਜ ਕੀਤੀਆਂ ਗਈਆਂ ਹਨ।

Leave a Reply

Your email address will not be published. Required fields are marked *