ਨਹੀਂਂ ਰਹੇ ਮਸ਼ਹੂਰ ਫੁਟਬਾਲਰ ਚੁੰਨੀ ਗੋਸਵਾਮੀ

ਕੋਲਕਾਤਾ : ਮਸ਼ਹੂਰ ਫੁਟਬਾਲਰ ਰਹੇ ਚੁੰਨੀ ਗੋਸਵਾਮੀ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 82 ਵਰ੍ਹਿਆਂ ਦੇ ਸਨ। ਉਨ੍ਹਾਂ ਨੇ ਕੋਲਕਾਤਾ ਦੇ ਹਸਪਤਾਲ ਵਿਚ ਆਖ਼ਰੀ ਸਾਹ ਲਿਆ। ਉਨ੍ਹਾਂ ਦੇ ਪਰਿਵਾਰ ਵਿਚ ਪਤਨੀ ਤੇ ਬੇਟਾ ਹਨ।
ਗੋਸਵਾਮੀ 1962 ਏਸ਼ਿਆਈ ਖੇਡਾਂ ਵਿਚ ਸੋਨ ਤਗਮਾ ਜਿੱਤਣ ਵਾਲੀ ਟੀਮ ਦੇ ਕਪਤਾਨ ਸਨ। ਉਨ੍ਹਾਂ ਦੀ ਅਗਵਾਈ ਵਿਚ 1964 ਦੇ ਏਸ਼ੀਆ ਕੱਪ ਵਿਚ ਭਾਰਤ ਉਪ ਜੇਤੂ ਰਿਹਾ ਸੀ। ਉਨ੍ਹਾਂ ਨੇ ਬੰਗਾਲ ਲਈ ਪਹਿਲੀ ਸ਼੍ਰੇਣੀ ਕ੍ਰਿਕਟ ਵੀ ਖੇਡੀ ਸੀ। ਪਰਿਵਾਰਕ ਸੂਤਰਾਂ ਅਨੁਸਾਰ ‘ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਤੇ ਹਸਪਤਾਲ ਵਿਚ ਕਰੀਬ ਸ਼ਾਮ ਪੰਜ ਵਜੇ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਉਹ ਡਾਇਬੀਟੀਜ਼, ਪ੍ਰੋਸਟਰੇਟ ਵਰਗੀਆਂ ਬਿਮਾਰੀਆਂ ਨਾਲ ਜੂਝ ਰਹੇ ਸਨ। ਗੋਸਵਾਮੀ ਨੇ ਭਾਰਤ ਲਈ ਬਤੌਰ ਫੁਟਬਾਲਰ 1956 ਤੋਂ 1964 ਤੱਕ 50 ਮੈਚ ਖੇਡੇ।
ਉਧਰ ਕ੍ਰਿਕਟਰ ਵਜੋਂ ਉਨ੍ਹਾਂ ਨੇ 1962 ਤੇ 1973 ਦੌਰਾਨ 46 ਪਹਿਲੀ ਸ਼੍ਰੇਣੀ ਮੈਚਾਂ ਵਿਚ ਬੰਗਾਲ ਦੀ ਅਗਵਾਈ ਕੀਤੀ। ਚੁੰਨੀ ਗੋਸਵਾਮੀ ਦੀ ਅਗਵਾਈ ਵਿਚ ਬੰਗਾਲ ਨੇ 1971-72 ਦੇ ਰਣਜੀ ਟਰਾਫੀ ਦੇ ਫਾਈਨਲ ਵਿਚ ਥਾਂ ਬਣਾਈ ਸੀ। ਹਾਲਾਂਕਿ ਫਾਈਨਲ ਵਿਚ ਮੁੰਬਈ ਨੇ ਬੰਗਾਲ ਨੂੰ 246 ਦੌੜਾਂ ਨਾਲ ਹਰਾਇਆ ਸੀ।