ਮਹਾਰਾਸ਼ਟਰ ਤੋਂ ਸਾਈਕਲ ਲੈ ਕੇ ਉਤਰ ਪ੍ਰਦੇਸ਼ ਲਈ ਨਿਕਲਿਆ ਮਜ਼ਦੂਰ, 350 ਕਿਲੋਮੀਟਰ ਚੱਲ ਕੇ ਹੋਈ ਮੌਤ

ਬਰਵਾਨੀ : ਭਾਰਤ ਵਿਚ ਕਰੋਨਾ ਵਾਇਰਸ ਤੋਂ ਬਚਾਅ ਦੇ ਚਲਦਿਆਂ ਲੌਕਡਾਊਨ ਲਾਇਆ ਗਿਆ ਹੈ। 4 ਮਈ ਤੋਂ ਇਸ ਦਾ ਤੀਸਰਾ ਪੜਾਅ ਸ਼ੁਰੂ ਹੋਵੇਗਾ, ਜੋ ਕਿ ਦੋ ਹਫ਼ਤੇ ਦਾ ਹੈ। ਇਸ ਦੌਰਾਨ ਆਪਣੇ ਅੰਤਰਰਾਜੀ ਮਜ਼ਦੂਰਾਂ ਦੇ ਸਾਈਕਲ ਜਾਂ ਪੈਦਲ ਹੀ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਘਰ ਪਰਤਣ ਦੇ ਕਈ ਕਿੱਸੇ ਸੁਣੇ ਹੋਣਗੇ ਪਰ ਬੀਤੇ ਦਿਨ ਮੱਧ ਪ੍ਰਦੇਸ਼ ਦੇ ਬਰਵਾਨੀ ਵਿਚ ਘਰ ਪਰਤਣ ਦੇ ਇਛੁੱਕ ਅਜਿਹੇ ਹੀ ਮਜ਼ਦੂਰ ਦੀ ਮੌਤ ਹੋ ਗਈ। ਮ੍ਰਿਤਕ ਦਾ ਨਾਂ ਤਬਰਕ ਅੰਸਾਰੀ ਸੀ। ਉਹ ਉਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ ਤੇ ਮਹਾਰਾਸ਼ਟਰ ਦੇ ਭਿਵੰਡੀ ਵਿਚ ਨੌਕਰੀ ਕਰਦਾ ਸੀ। ਦੋ ਦਿਨ ਪਹਿਲਾਂ ਉਸ ਨੇ ਮਹਾਰਾਸ਼ਟਰ ਤੋਂ 10 ਹੋਰ ਮਜ਼ਦੂਰਾਂ ਨਾਲ ਸਾਈਕਲ ‘ਤੇ ਘਰ ਪਰਤਣ ਦਾ ਫ਼ੈਸਲਾ ਕੀਤਾ ਸੀ।
ਉਸ ਦੇ ਗਰੁੱਪ ਦੇ ਰਮੇਸ਼ ਕੁਮਾਰ ਗੋਂਡ ਦਸਦੇ ਹਨ ਕਿ ਭਿਵੰਡੀ ਵਿਚ ਪਾਵਰ-ਲੂਮ ਯੂਨਿਟ ਵਿਚ ਸਾਰਿਆਂ ਦੀ ਹੀ ਨੌਕਰੀ ਚਲੀ ਗਈ। ਉਨ੍ਹਾਂ ਕੋਲ ਘਰ ਵਾਪਸ ਆਉਣ ਤੋਂ ਸਿਵਾਏ ਕੋਈ ਚਾਰਾ ਨਹੀਂ ਸੀ। ਉਨ੍ਹਾਂ ਕਿਹਾ, ”ਸਾਡੇ ਕੋਲ ਨਾ ਪੈਸੇ ਸਨ ਤੇ ਨਾ ਹੀ ਖਾਣਾ ਸੀ, ਤਾਂ ਅਸੀਂ ਤੈਅ ਕੀਤਾ ਕਿ ਅਸੀਂ ਸਾਈਕਲ ਰਾਹੀਂ ਮਹਾਰਾਜਗੰਜ (ਉਤਰ ਪ੍ਰਦੇਸ਼) ਜਾਵਾਂਗੇ। ਜਦੋਂ ਅਸੀਂ 350 ਕਿਲੋਮੀਟਰ ਚਲ ਚੁੱਕੇ ਸਨ ਤਾਂ ਤਬਰਕ ਦੀ ਤਬੀਅਤ ਵਿਗੜ ਗਈ।”
ਪੁਲੀਸ ਦਾ ਕਹਿਣਾ ਹੈ ਕਿ ਜ਼ਿਆਦਾ ਥਕਾਵਟ, ਡਿਹਾਈਡਰੇਸ਼ਨ ਤੇ ਹੀਟ-ਸਟਰੋਕ ਮੌਤ ਦਾ ਕਾਰਨ ਹੋ ਸਕਦਾ ਹੈ। ਮੌਤ ਦਾ ਅਸਲੀ ਕਾਰਨ ਤਾਂ ਪੋਸਟਮਾਰਟਮ ਦੀ ਰਿਪੋਰਟ ਤੋਂ ਹੀ ਸਾਫ਼ ਹੋ ਸਕੇਗਾ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਇਸ ਤਰ੍ਹਾਂ ਦੇ ਦੋ ਮਾਮਲੇ ਸਾਹਮਣੇ ਆਏ ਹਨ। ਮੱਧ ਪ੍ਰਦੇਸ਼ ਦਾ ਬਰਵਾਨੀ ਮਹਾਰਾਸ਼ਟਰ ਦੀ ਸਰਹੱਦ ਨਾਲ ਲਗਦਾ ਹੈ।