fbpx Nawidunia - Kul Sansar Ek Parivar

ਸੰਸਾਰੀਕਰਨ, ਸੱਤਾ ਅਤੇ ਸਾਹਿਤਕਾਰ

ਡਾ. ਭੀਮ ਇੰਦਰ ਸਿੰਘ

 

ਸਾਹਿਤਕਾਰ ਦੀ ਲਿਖਤ ਵਿੱਚ ਸਿਆਸਤ ਦਾ ਰੂਪਾਂਤਰਣ ਹੁੰਦਾ ਰਹਿੰਦਾ ਹੈ ਕਿਉਂਕਿ ਸਿਆਸਤ ਕੁਝ ਕੁ ਪਾਰਟੀਆਂ ਜਾਂ ਨੇਤਾਵਾਂ ਦੀ ਖੇਡ ਨਹੀਂ ਬਲਕਿ ਇਹ ਇਕ ਵਿਆਪਕ ਜੀਵਨ-ਵਰਤਾਰਾ ਹੈ। ਸਿਆਸਤ ਸਮਾਜ ਦੀ ਆਰਥਿਕ ਨੀਂਹ ਦੇ ਮੂਲ ਵਿਰੋਧਾਂ ਅਤੇ ਇਨ੍ਹਾਂ ਵਿਰੋਧਾਂ ਨਾਲ ਸਬੰਧ ਰੱਖਣ ਵਾਲੇ ਸੰਘਰਸ਼ਾਂ ਦਾ ਹੀ ਪ੍ਰਗਟਾਵਾ ਹੁੰਦੀ ਹੈ। ਸਿਆਸਤ ਨੂੰ ਇਸ ਨੁਕਤੇ ਤੋਂ ਬਹੁਤ ਘੱਟ ਸਮਝਿਆ ਗਿਆ ਹੈ। ਆਮ ਲੋਕਾਂ ਤੱਕ ਸਿਆਸਤ ਦੇ ਅਰਥ ਸਿਰਫ ਕੁਰਸੀ-ਯੁੱਧ ਤੱਕ ਸੀਮਤ ਕਰ ਦਿੱਤੇ ਗਏ ਹਨ। ਸਾਹਿਤਕਾਰ ਦਾ ਕਾਰਜ ਆਪਣੇ ਪਾਠਕਾਂ ਨੂੰ ਸਿਆਸਤ ਦੇ ਅਸਲੀ ਅਰਥਾਂ ਤੋਂ ਜਾਣੂ ਕਰਵਾਉਣਾ ਹੁੰਦਾ ਹੈ। ਮੌਜੂਦਾ ਸਿਆਸਤ ਦੇਸ਼ ਦੇ ਕਰੋੜਾਂ ਲੋਕਾਂ ਦਾ ਦਵੰਦ ਤੇ ਭਵਿੱਖ ਹੈ, ਇਸੇ ਲਈ ਸਿਆਸਤ ਨੂੰ ਮਨੁੱਖੀ ਜੀਵਨ ਦਾ ਧੁਰਾ ਵੀ ਕਿਹਾ ਜਾਂਦਾ ਹੈ।

ਸਾਹਿਤਕਾਰ ਜਿੱਥੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਿਆਸੀ ਪ੍ਰਸਥਿਤੀਆਂ ਤੋਂ ਪ੍ਰਭਾਵ ਗ੍ਰਹਿਣ ਕਰਦਾ ਹੈ, ਉੱਥੇ ਉਹ ਇਨ੍ਹਾਂ ਪ੍ਰਸਿਥੀਆਂ ਨੂੰ ਪ੍ਰਭਾਵਿਤ ਕਰਨ ਦੀ ਸ਼ਕਤੀ ਵੀ ਰੱਖਦਾ ਹੈ। ਉਹ ਸਿਆਸੀ ਪ੍ਰਸਥਿਤੀਆਂ ਤੋਂ ਅਨੁਭਵ ਪ੍ਰਾਪਤ ਕਰਕੇ ਆਪਣੀ ਰਚਨਾ ਵਿਚ ਪੇਸ਼ ਕਰਦਾ ਹੈ। ਇਸ ਤਰ੍ਹਾਂ ਸਿੱਧੇ ਜਾਂ ਅਸਿੱਧੇ ਤੌਰ ‘ਤੇ ਉਸ ਦੀ ਰਚਨਾ ਵਿਚ ਸਿਆਸੀ ਤੱਤਾਂ ਦਾ ਪ੍ਰਵੇਸ਼ ਹੋ ਜਾਂਦਾ ਹੈ। ਸੱਤਾ ਸਮਾਜ ਦੀ ਹੋਂਦ, ਬਣਤਰ, ਵਿਕਾਸ, ਦਵੰਦ, ਚੰਗੀ-ਮਾੜੀ ਦਿਸ਼ਾ ਅਤੇ ਦਸ਼ਾ ਨੂੰ ਪ੍ਰਭਾਵਿਤ ਕਰਨ ਵਿਚ ਮੱਹਤਵਪੂਰਨ ਰੋਲ ਅਦਾ ਕਰਦੀ ਹੈ। ਅਜੋਕੇ ਦੌਰ ਵਿਚ ਸਾਹਿਤਕਾਰ ਦਾ ਪ੍ਰਮੁੱਖ ਫਰਜ਼ ਬਣ ਜਾਂਦਾ ਹੈ ਕਿ ਉਹ ਉਨ੍ਹਾਂ ਜਮਾਤਾਂ ਦਾ ਸਾਥ ਦੇਵੇ ਜਿਹੜੀਆਂ ਅਮਾਨਵੀ, ਪਿਛਾਂਹਖਿੱਚੂ ਤੇ ਭ੍ਰਿਸ਼ਟ ਰਾਜਸੱਤਾ ਨੂੰ ਬਦਲ ਕੇ ਮਨੁੱਖ ਹਿਤੈਸ਼ੀ ਰਾਜਸੱਤਾ ਸਥਾਪਤ ਕਰਨਾ ਚਾਹੁੰਦੀਆਂ ਹਨ। ਅੱਜ ਸਾਡੇ ਸਮਿਆਂ ਦੀ ਪ੍ਰਮੁੱਖ ਲੋੜ ਹੈ ਕਿ ਅਜਿਹਾ ਸਾਹਿਤ ਰਚਿਆ ਜਾਵੇ ਜੋ ਮੌਜੂਦਾ ਰਾਜਸੱਤਾ ਵੱਲੋਂ ਆਮ ਲੋਕਾਂ ਦਾ ਸ਼ੋਸ਼ਣ,ઠ ਜਬਰ, ਹਿੰਸਾ, ਟਕਰਾਓ ਤੇ ਸੰਘਰਸ਼ਾਂ ਦਾ ਭਾਵਨਾਤਮਕ ਤੇ ਸਾਹਿਤਕ ਪ੍ਰਗਟਾਵਾ ਕਰਨ ਵਾਲਾ ਹੋਵੇ। ਪਰ ਸਾਹਿਤ ਸਿਆਸੀ ਵਿਸ਼ਿਆਂ, ਸਿਆਸੀ ਸੰਘਰਸ਼ਾਂ ਜਾਂ ਸਿਆਸੀ ਘਟਨਾਵਾਂ ਬਾਰੇ ਲਿਖਿਆ ਹੋਣ ਕਰਕੇ ਹੀ ਸਾਹਿਤ ਨਹੀਂ ਬਣ ਜਾਂਦਾ ਸਗੋਂ ਉਸ ਨੂੰ ਸਿਆਸੀ ਚੇਤਨਾ ਜਾਂ ਸਿਆਸੀ ਅਨੁਭਵ ਦੀ ਕਲਾਤਮਿਕ ਪੇਸ਼ਕਾਰੀ ਹੀ ਸਾਹਿਤ ਬਣਾਉਂਦੇ ਹਨ। ਸਾਹਿਤਕਾਰ ਨੂੰ ਆਪਣੀ ਰਚਨਾ ਵਿਚ ਸਿਆਸੀ ਵਿਚਾਰ ਪੇਸ਼ ਕਰਨ ਸਮੇਂ ਉਸ ਦੀ ਮੌਲਿਕਤਾ ਅਤੇ ਕਲਾਤਮਿਕਤਾ ਦਾ ਖ਼ਾਸ ਧਿਆਨ ਰੱਖਣਾ ਹੁੰਦਾ ਹੈ। ਪਾਠਕ ਉਸ ਰਚਨਾ ਨੂੰ ਵੀ ਰੱਦ ਕਰ ਸਕਦੇ ਹਨ ਜੋ ਉਨ੍ਹਾਂ ਨੂੰ ਸਿਆਸੀ ਸੂਝ ਤਾਂ ਦੇਵੋ ਪਰ ਉਨ੍ਹਾਂ ਦੇ ਸੁਹਜ ਦੀ ਤ੍ਰਿਪਤੀ ਨਾ ਕਰੇ। ਸੱਤਾ, ਸੰਘਰਸ਼ ਅਤੇ ਸਾਹਿਤ ਦਾ ਮਨੁੱਖੀ ਇਤਿਹਾਸ ਨਾਲ ਗਹਿਰਾ ਸਬੰਧ ਰਿਹਾ ਹੈ। ਇਤਿਹਾਸ ਦੇ ਆਰੰਭਕ ਦੌਰ ਵਿਚ ਹੀ ਸਿਆਸਤ, ਸੱਤਾ ਪ੍ਰਾਪਤੀ ਲਈ ਸੰਘਰਸ਼ੀਲ ਰਹੀ ਹੈ। ਸਾਹਿਤ ਇਸ ਸੰਘਰਸ਼ ਵਿਚ ਆਪਣਾ ਅਹਿਮ ਰੋਲ ਅਦਾ ਕਰਦਾ ਆਇਆ ਹੈ। ਸਿਆਸਤ ਅਤੇ ਸਾਹਿਤ ਵਿਚ ਨਵਾਂ ਸਮਾਜ ਸਿਰਜਣ ਵਾਲੇ ਸੰਘਰਸ਼ੀਲ ਲੋਕਾਂ ਨੂੰ ਪ੍ਰਭਾਵਿਤ ਕਰਨ ਦੀ ਬੇਹੱਦ ਸਮਰੱਥਾ ਹੁੰਦੀ ਹੈ। ਭਾਰਤ ਦੀਆਂ ਵੱਖ-ਵੱਖ ਜਾਤਾਂ ਤੇ ਜਮਾਤਾਂ ਸੱਤਾ ‘ਤੇ ਕਾਬਜ਼ ਹੋਣ ਲਈ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਸੰਘਰਸ਼ ਕਰਦੀਆਂ ਰਹੀਆਂ ਹਨ। ਵੇਦ, ਪੁਰਾਣ, ਮਿਥਿਹਾਸਕ ਕਥਾਵਾਂ, ਰਾਮਾਇਣ, ਮਹਾਂਭਾਰਤ, ਮਨੂ ਸਿਮਰਤੀ, ਚਾਣਕਿਆ ਨੀਤੀ ਆਦਿ ਸਾਨੂੰ ਆਪਣੇ ਸਮੇਂ ਦੀ ਸਿਆਸਤ ਬਾਰੇ ਭਰਪੂਰ ਜਾਣਕਾਰੀ ਦੇਣ ਵਾਲਾ ਸਾਹਿਤ ਹੈ। ਇਹ ਸਾਹਿਤ ਆਪਣੇ ਸੁਹਜ-ਬੌਧਿਕ ਪ੍ਰਕਾਰਜਾਂ ਰਾਹੀਂ ਸਿਆਸਤ ਨੂੰ ਪ੍ਰਤੀਬਿੰਬਤ ਕਰਦਾ ਆਇਆ ਹੈ। ਮੱਧ-ਕਾਲ ਵਿਚ ਚੱਲੀ ਭਗਤੀ-ਲਹਿਰ ਅਤੇ ਸਿੱਖ-ਇਨਕਲਾਬ ਦੌਰਾਨ ਲਿਖਿਆ ਗਿਆ ਸਾਹਿਤ ਤਤਕਾਲੀਨ ਸਿਆਸਤ, ਸੱਤਾ ਅਤੇ ਸੰਘਰਸ਼ ਦਾ ਬਹੁਤ ਹੀ ਮਾਰਮਿਕ ਤਰੀਕੇ ਨਾਲ ਵਰਣਨ ਕਰਦਾ ਹੈ। ਸਰਮਾਏਦਾਰੀ ਅਰਥ-ਵਿਵਸਥਾ ਤਕ ਪਹੁੰਚਦਿਆਂ ਸੱਤਾ, ਸੰਘਰਸ਼ ਅਤੇ ਸਾਹਿਤ ਵਿਚ ਪ੍ਰਮੁੱਖ ਤਬਦੀਲੀਆਂ ਵਾਪਰੀਆਂ। ਸਿੱਟੇ ਵਜੋਂ ਸਿਆਸਤ ਦੀ ਸਰਬ-ਵਿਆਪਕਤਾ ਮਨੁੱਖੀ ਜ਼ਿੰਦਗੀ ਦੀ ਵਿਹਾਰਕ ਇਕਾਈ ਵਜੋਂ ਉਜਾਗਰ ਹੋਈ। ਅੱਜ ਦੇ ਦੌਰ ਵਿਚ ਆਮ ਲੋਕ ਤੇਜ਼ੀ ਨਾਲ ਸਿਆਸੀ ਤੋਰ ‘ਤੇ ਚੇਤਨ ਹੋ ਰਹੇ ਹਨ। ਅਸਲ ਵਿਚ ਸਿਆਸਤ ਅੱਜ ਇਕ ਸਰਬ-ਵਿਆਪਕ ਕਿਰਿਆ ਬਣ ਗਈ ਹੈ। ਅੱਜ ਮਨੁੱਖੀ ਜ਼ਿੰਦਗੀ ਦਾ ਕੋਈ ਵੀ ਅਜਿਹਾ ਖੇਤਰ ਨਹੀਂ ਹੈ ਜੋ ਸਿੱਧੇ ਜਾਂ ਅਸਿੱਧੇ ਤੌਰ ‘ਤੇ ਸੱਤਾ, ਸੰਘਰਸ਼ ਜਾਂ ਸਾਹਿਤ ਨਾਲ ਨਾ ਜੁੜਿਆ ਹੋਵੇ। ਸੱਤਾ, ਮਨੁੱਖੀ ਜ਼ਿੰਦਗੀ ਦੇ ਹਰ ਖੇਤਰ ਵਿਚ ਪ੍ਰਵੇਸ਼ ਕਰ ਚੁੱਕੀ ਹੈ। ਇਹੋ ਕਾਰਨ ਹੈ ਕਿ ਅੱਜ ਸਿਆਸਤ ਦਾ ਅਰਥ ਪਹਿਲਾਂ ਨਾਲੋਂ ਹੋਰ ਵੀ ਪੇਚੀਦਾ ਤੇ ਗੁੰਝਲਦਾਰ ਹੋ ਗਿਆ ਹੈ।

ਸੰਸਾਰੀਕਰਨ ਦੇ ਅਜੋਕੇ ਦੋਰ ਵਿਚ ਸੱਤਾ, ਸੰਘਰਸ਼ ਤੇ ਸਾਹਿਤ ਦੇ ਅਰਥ ਤੇ ਸਰੂਪ ਵੀ ਬਦਲ ਰਹੇ ਹਨ। ਸਿਆਸਤ ਵਿੱਚੋਂ ਨੈਤਿਕਤਾ ਦਾ ਸੰਬੰਧ ਲਗਪਗ ਮਨਫ਼ੀ ਹੋ ਚੁੱਕਾ ਹੈ। ਸਿਆਸਤ ਇਕ ਵਸਤੂ ਦੀ ਤਰ੍ਹਾਂ ਖਰੀਦਣ ਤੇ ਵੇਚਣ ਵਾਲੀ ਚੀਜ਼ ਬਣ ਰਹੀ ਹੈ। ਭ੍ਰਿਸ਼ਟਾਚਾਰ ਦੀ ਸਿਆਸਤ ਅਤੇ ਸਿਆਸਤ ਦਾ ਭ੍ਰਿਸ਼ਟਾਚਾਰ ਅੱਜ ਆਮ ਵਰਤਾਰਾ ਬਣ ਚੁੱਕਾ ਹੈ। ਸਾਡੇ ਮੁਲਕ ਵਿਚ ਕਾਰਪੋਰੇਟ ਪੂੰਜੀਵਾਦ ਦੁਆਰਾ ਸੱਤਾ ‘ਤੇ ਕੀਤੇ ਜਾ ਰਹੇ ਕਬਜ਼ੇ ਕਾਰਨ ਅਜੋਕੀ ਸਿਆਸਤ ਨੂੰ ਸਮਝਣਾ ਇਕ ਗੰਭੀਰ ਮਸਲਾ ਬਣ ਗਿਆ ਹੈ। ਅਜੋਕੀ ਸਿਆਸਤ ਵਿਚ ਰੂਪ ਤੇ ਤੱਤ ਦੇ ਪੱਖ ਤੋਂ ਅਨੇਕ ਤਬਦੀਲੀਆਂ ਵਾਪਰੀਆਂ ਹਨ। ਇਹਨਾਂ ਤਬਦੀਲੀਆਂ ਵਿਚ ਸੂਚਨਾ-ਤਕਨੀਕ ਵਿਚ ਆਈ ਕ੍ਰਾਂਤੀ, ਖੁਲੀ-ਮੰਡੀ, ਸੰਸਾਰੀਕਰਨઠ ਦੀਆਂ ਨੀਤੀਆਂ, ਸ਼ੇਅਰ ਮਾਰਕਿਟ ਆਦਿ ਦੀ ਮੁੱਖ ਭੂਮਿਕਾ ਹੈ। ਸਿੱਟੇ ਵਜੋਂ ਰਾਜ ਹੁਣ ਸੱਤਾ ਦਾ ਇੱਕੋ ਇੱਕ ਕੇਂਦਰ ਨਹੀਂ ਰਿਹਾ। ਹੁਣ ਸੱਤਾ ਨੂੰ ਕਾਰਪੋਰੇਟ ਦਾ ਪ੍ਰਭਾਵ ਸਿੱਧੇ ਜਾਂ ਅਸਿਧੇ ਤੌਰ ‘ਤੇ ਸਹਿਣ ਕਰਨਾ ਪੈਂਦਾ ਹੈ। ਇਸ ਦੇ ਬਾਵਜੂਦ ਅੱਜ ਵੀ ਸੱਤਾ ਆਮ ਲੋਕਾਂ ਦੀ ਜ਼ਿੰਦਗੀ ਨਾਲ ਗਹਿਰਾ ਸੰਬੰਧ ਰੱਖਦੀ ਹੈ।

ਸਿਆਸੀ ਕੂਟਨੀਤੀਆਂ ਕਾਰਨ ਪੰਜਾਬ ਆਪਣੇ ਇਤਿਹਾਸ ਦੇ ਕਿਸੇ ਵੀ ਸਮੇਂ ਨਾਲੋਂ ਵੱਧ ਖ਼ਤਰਨਾਕ ਦੌਰ ਵਿਚੋਂ ਗੁਜ਼ਰ ਰਿਹਾ ਹੈ। ਪੰਜਾਬ ਦੀਆਂ ਕਾਂਗਰਸ ਤੇ ਅਕਾਲੀ- ਭਾਜਪਾ ਸਰਕਾਰਾਂ ਨੇ ਪੂਰੇ ਜ਼ੋਰ-ਸ਼ੋਰ ਨਾਲ ਇਥੇ ਸੰਸਾਰੀਕਰਨઠ ਦੀਆਂ ਨੀਤੀਆਂ ਨੂੰ ਲਾਗੂ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਇਨ੍ਹਾਂ ਸਰਕਾਰਾਂ ਨੇ ਕੇਂਦਰ ਸਰਕਾਰ ਦੀਆਂ ਛੋਟੀਆਂ ਭਾਈਵਾਲ ਸਰਕਾਰਾਂ ਦੇ ਤੌਰ ‘ਤੇ ਆਪਣਾ ਰੋਲ ਅਦਾ ਕੀਤਾ ਹੈ। ਪੰਜਾਬ ਦੀਆਂ ਹਾਕਮ ਧਿਰਾ ਨੇ ਇਕ-ਦੂਜੇ ਤੋਂ ਅਗਾਂਹ ਵਧ ਕੇ ਬਹੁਕੌਮੀ ਤੇ ਕੌਮੀ ਕਾਰਪੋਰੇਸ਼ਨਾਂ ਨੂੰ ਇਥੇ ਸਥਾਪਤ ਕੀਤਾ ਹੈ ਅਤੇ ਵੱਡੇ ਪੱਧਰ ‘ਤੇ ਕਮਿਸ਼ਨ ਖਾਧਾ ਹੈ। ਪੰਜਾਬ ਵਿਚ ਹਰ ਪੱਧਰ ‘ਤੇ ਫੈਲ ਰਿਹਾ ਭ੍ਰਿਸ਼ਟਾਚਾਰ ਇਥੋਂ ਦੀ ਨਵ-ਸਮਾਰਾਜੀ ਆਰਥਿਕਤਾ ਦੇ ਰੋਗੀ ਹੋਣ ਦੀ ਅਲਾਮਤ ਹੈ। ਜਿਉਂ-ਜਿਉਂ ਆਰਥਿਕ ਸੰਕਟ ਵਧਦਾ ਜਾਂਦਾ ਹੈ, ਤਿਉਂ-ਤਿਉਂ ਭ੍ਰਿਸ਼ਟਾਚਾਰ ਦਾ ਤਾਣਾ-ਬਾਣਾ ਸੰਘਣਾ ਹੁੰਦਾ ਜਾ ਰਿਹਾ ਹੈ। ਭ੍ਰਿਸ਼ਟਾਚਾਰ ਦੇ ਇਸ ਮਾਹੌਲ ਵਿਚ ਅਮੀਰ ਵਿਧਾਇਕਾਂ, ਪੰਚਾਂ-ਸਰਪੰਚਾਂ, ਨੌਕਰਸ਼ਾਹਾਂ, ਮਾਫ਼ੀਆ ਗਰੁੱਪਾਂ ਆਦਿ ਦੀ ਭਾਈਵਾਲੀ ਵਾਲੀ ਸਿਆਸਤ ਵਧ-ਫੁੱਲ ਰਹੀ ਹੈ। ਅਜੋਕੀ ਸੱਤਾ ਤੇ ਸਿਆਸਤ ਦਾ ਹੱਲ ਲੋਕ-ਚੇਤਨਾ ਰਾਹੀਂ ਉਭਰੇ ਲੋਕ-ਸੰਘਰਸ਼ਾਂ ਦੁਆਰਾ ਹੀ ਕੀਤਾ ਜਾ ਸਕਦਾ ਹੈ। ਪੰਜਾਬੀ ਸਾਹਿਤਕਾਰਾਂ ਨੇ ਸੰਸਾਰੀਕਰਨ ਦੀ ਸਿਆਸਤ ਵਜੋਂ ਪੈਦਾ ਹੋਈਆਂ ਕਠੋਰ-ਪ੍ਰਸਥਿਤੀਆਂ ਨੂੰ ਬਾਖ਼ੂਬੀ ਚਿਤਰਿਆ ਹੈ। ਪੰਜਾਬੀ ਸਾਹਿਤਕਾਰਾਂ ਨੇ ਸੰਸਾਰੀਕਰਨઠ ਦੀ ਉਸ ਸਿਆਸਤ ਨੂੰ ਪਛਾਣਨ ਦੀ ਕੋਸ਼ਿਸ਼ ਵੀ ਕੀਤੀ ਹੈ ਜਿਸ ਕਾਰਨ ਮੱਧਵਰਗ ਬਾਜ਼ਾਰਵਾਦ ਜਾਂ ਖਪਤਵਾਦ ਅਤੇ ਹੋਰ ਮਾਨਸਿਕ-ਸਰੀਰਕ ਉਲਝਣਾਂ ਵਿਚ ਫਸਦਾ ਜਾ ਰਿਹਾ ਹੈ। ਭਾਵੇਂ ਸੰਸਾਰੀਕਰਨઠ ਦੀ ਸਿਆਸਤ ਨੂੰ ਸੰਪੂਰਨ ਰੂਪ ਵਿਚ ਪੇਸ਼ ਕਰਨ ਵਾਲੀ ਕੋਈ ਕਲਾਸਿਕ ਰਚਨਾ ਪੰਜਾਬੀ ਵਿਚ ਨਹੀਂ ਆਈ ਅਤੇઠ ਪੰਜਾਬੀ ਸਾਹਿਤਕਾਰੀ ਦਾ ਇੱਕ ਹਿੱਸਾ ਨੰਗੇਜਵਾਦ, ਜਾਤੀਵਾਦ, ਖਪਤਵਾਦ ਵਿਚ ਫਸ ਕੇ ਇਨਾਮਾਂઠ ਤੇ ਸਨਮਾਨਾਂ ਤੇ ਅਵਾਰਡਾਂ ਦੇ ਚੱਕਰਵਿਊ ਵਿਚ ਉਲਝ ਕੇ ਰਹਿ ਗਿਆ ਹੈ। ਇਸ ਦੇ ਬਾਵਜੂਦઠ ਪੰਜਾਬੀ ਸਾਹਿਤ ਦੇ ਪ੍ਰਗਤੀਸ਼ੀਲ ਹਿੱਸੇ ਨੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝਦਿਆਂ ਖੂਬਸੂਰਤ ਸਾਹਿਤਕ ਰਚਨਾਵਾਂ ਦੀ ਸਿਰਜਣਾ ਕੀਤੀ ਹੈ।

 

Share this post

Leave a Reply

Your email address will not be published. Required fields are marked *