ਗੁਲਾਮ ਰੱਖਣ ਵਾਲਿਆਂ ਖ਼ਿਲਾਫ਼ ਨਵੀਂ ਜੰਗ ਜ਼ਰੂਰ ਸ਼ੁਰੂ ਹੋਵੇਗੀ : ਕਾਰਲ ਮਾਰਕਸ

ਸਰਬ ਸਮਿਆਂ ਦੀ ਮਹਾਨ ਸਖ਼ਸ਼ੀਅਤ ਕਾਰਲ ਮਾਰਕਸ ਦੇ 5 ਮਈ ਨੂੰ ਜਨਮ ਦਿਨ ਨੂੰ ਮੁੱਖ ਰੱਖਦਿਆਂ ‘ਹੁਣ’ ਨੇ ਆਪਣੇ 21ਵੇਂ ਅੰਕ ਦਾ ‘ਗੱਲਾਂ’ ਕਾਲਮ ਇਸ ਯੁੱਗ ਪੁਰਸ਼ ਨੂੰ ਸਮਰਪਤ ਕੀਤਾ ਸੀ। ਮਾਰਕਸ ਨਾਲ ਵੱਖ-ਵੱਖ ਵੇਲਿਆਂ ‘ਚ ਦੋ ਪੱਤਰਕਾਰਾਂ ਵਲੋਂ ਕੀਤੀਆਂ ਗੱਲਾਂ ਦੇ ਮਹੱਤਵਪੂਰਨ ਅੰਸ਼ਾਂ ਤੋਂ ਇਲਾਵਾ ਦਿਲਚਸਪ ਖ਼ਿਆਲੀ ਮੁਲਾਕਾਤ ਦੇ ਵੀ ਕੁੱਝ ਅੰਸ਼ ਕੈਨੇਡੀਅਨ ਅਖ਼ਬਾਰ ‘ਨਵੀਂ ਦੁਨੀਆ’ ਵਿਚ ਛਾਪੇ ਜਾ ਰਹੇ ਹਨ।
‘ਹੁਣ’ ਤੋਂ ਧੰਨਵਾਦ ਸਹਿਤ
ਯੁੱਗ ਪੁਰਸ਼ : ਕਾਰਲ ਮਾਰਕਸ
ਏਂਜਲਜ਼ ਨੇ ਕਾਰਲ ਮਾਰਕਸ ਦੇ ਜਨਾਜ਼ੇ ਵਿਚ ਸ਼ਾਮਲ ਮਾਤਮੀ ਇਕੱਠ ਨੂੰ ਸੰਬੋਧਤ ਹੁੰਦਿਆਂ ਕਿਹਾ ਸੀ, ‘ਮਨੁੱਖਤਾ ਕੋਲੋਂ ਇਕ ਦਿਮਾਗ ਖੁੱਸ ਗਿਆ ਹੈ ਅਤੇ ਇਹ ਸਾਡੇ ਸਮਿਆਂ ਦਾ ਸਭ ਤੋਂ ਮਹਾਨ ਦਿਮਾਗ ਸੀ।’ ਏਂਜਲਜ਼ ਦਾ ਇਹ ਕਥਨ ਕਾਰਲ ਮਾਰਕਸ ਦੀ ਅਦਭੁਤ ਵਿਅਕਤੀਗਤ ਪ੍ਰਤਿਭਾ ਦਾ ਬੜਾ ਯੋਗ ਮੁਲੰਕਣ ਪੇਸ਼ ਕਰਦਾ ਹੈ ਤਾਂ ਦੂਜੇ ਪਾਸੇ ਪ੍ਰਸਿੱਧ ਅਸਤਿਤਵ-ਵਾਦੀ ਚਿੰਤਕ ਤੇ ਸਾਹਿਤਕਾਰ ਯਾਂ ਪਾਲ ਸਾਰਤਰ ਮਾਰਕਸਵਾਦ ਨੂੰ ਆਧੁਨਿਕ ਯੁੱਗ ਦੇ ਇਕ ਮੁਕੰਮਲ ਸਿਧਾਂਤ ਵਜੋਂ ਮਾਨਤਾ ਦਿੰਦਾ ਹੈ। ਸਾਰਤਰ ਦਾ ਕਹਿਣਾ ਹੈ ਕਿ ਕਿਸੇ ਯੁੱਗ ਦੀਆਂ ਵਿਚਾਰਧਾਰਾਵਾਂ ਤਾਂ ਅਨੇਕਾ ਹੋ ਸਕਦੀਆਂ ਹਨ, ਪਰ ਫਿਲਾਸਫੀ ਇਕ ਹੀ ਹੁੰਦੀ ਹੈ, ਸਾਡੇ (ਆਧੁਨਿਕ) ਯੁੱਗ ਦੀ ਫਿਲਾਸਫੀ ਮਾਰਕਸਵਾਦ ਹੈ। ਮਾਰਕਸਵਾਦ ਦੇ ਵਿਸ਼ਾਲ ਸਾਗਰ ਵਿਚ ਬਾਕੀ ਦੇ ਸਿਧਾਂਤ ਕੇਵਲ ਟਾਪੂਆਂ ਦੇ ਸਮਾਨ ਹਨ। ਇਸ ਤਰ੍ਹਾਂ ਯਾਂ ਪਾਲ ਸਾਰਤਰ ਚਿੰਤਨ ਦੇ ਇਤਿਹਾਸ ਵਿਚ ਮਾਰਕਸ ਦੇ ਯੋਗਦਾਨ ਅਰਥਾਤ ਮਾਰਕਸਵਾਦ ਨੂੰ ਇਕ ਅਤਿਅੰਤ ਗੌਰਵਸ਼ੀਲ ਸਥਾਨ ਦਿੰਦਾ ਹੈ। ਹੀਗਲ ਤੋਂ ਪ੍ਰਭਾਵਤ ਮਾਰਕਸ ਨੇ ਅਪਣਾ ਮਾਰਗ ‘ਮਨੁੱਖਤਾ ਦੀ ਭਲਾਈ’ ਕਰਨਾ ਚੁਣਿਆ। ਦਵੰਦਵਾਦੀ ਭੌਤਿਕਵਾਦ ਦੇ ਚਿੰਤਨ ਨੂੰ ਵਿਕਸਤ ਕਰਦਿਆਂ ਉਸ ਨੇ ਗਿਆਨ ਦੀ ਲਗਪਗ ਹਰ ਸ਼ਾਖਾ ਦੀ ਗਹਿਰੀ ਤੇ ਵਿਸਤ੍ਰਿਤ ਪੁਣ-ਛਾਣ ਕੀਤੀ। ਅਪਣੇ ਵਿਸ਼ਾਲ ਅਧਿਐਨ ਵਿਚੋਂ ਉਸ ਨੇ ਸਮਾਜ ਸ਼ਾਸਤਰ, ਅਰਥ ਸ਼ਾਸਤਰ ਤੇ ਦਰਸ਼ਨ ਦੇ ਵੱਡੇ ਸਿਧਾਂਤ ਵਿਕਸਤ ਕੀਤੇ। ਮਹਾਨ ਗ੍ਰੰਥ ‘ਪੂੰਜੀ’ ਦੀ ਰਚਨਾ ਕੀਤੀ, ਜਿਸ ਨੂੰ ਕਿਰਤੀ ਵਰਗ ਦੀ ਬਾਈਬਲ ਦਾ ਦਰਜਾ ਪ੍ਰਾਪਤ ਹੋਇਆ। ਜੀਵਨ ਦੇ ਹਰ ਪਹਿਲੂ ਨੂੰ ਬਾਰੀਕੀ ਨਾਲ ਵਾਚਦਿਆਂ ਹੋਇਆਂ ਵੀ ਮਾਰਕਸ ਨੇ ਕਿਹਾ ਕਿ ਵਿਦਵਾਨਾਂ ਦੁਆਰਾ ਜੀਵਨ ਦੀਆਂ ਅਨੇਕਾਂ ਵਿਆਖਿਆਵਾਂ ਹੋਈਆਂ ਹਨ, ਜਦ ਕਿ ਲੋੜ ਇਸ ਨੂੰ ਬਦਲਣ ਦੀ ਹੈ। ਮਾਰਕਸ ਦੇ ਸਮੇਂ ਯੂਰਪ ਵਿਚ ਤੇਜ਼ੀ ਨਾਲ ਉਦਯੋਗਿਕ ਵਿਕਾਸ ਹੋ ਰਿਹਾ ਸੀ, ਫਲਸਰੂਪ ਵਿਸ਼ਾਲ ਪੈਮਾਨੇ ‘ਤੇ ਮਜ਼ਦੂਰ ਵਰਗ ਪੈਦਾ ਹੋ ਰਿਹਾ ਸੀ। ਉਤਪਾਦਨ ਦੇ ਨਵੇਂ ਸਬੰਧ ਹੋਂਦ ਵਿਚ ਆ ਰਹੇ ਸਨ ਤੇ ਪੂੰਜੀਵਾਦ ਧੜੱਲੇ ਨਾਲ ਅੱਗੇ ਵਧ ਰਿਹਾ ਸੀ। ਕਿਰਤ ਦੀ ਲੁੱਟ ਸਿਖ਼ਰ ‘ਤੇ ਸੀ ਤੇ ਕਿਰਤੀ ਵਰਗ ਦੁੱਖ-ਭੁੱਖ ਨਾਲ ਕਰਾਹ ਰਿਹਾ ਸੀ। ਮਾਰਕਸ ਨੇ ਇਸੇ ਕਿਰਤੀ ਵਰਗ ਦੀ ਦ੍ਰਿਸ਼ਟੀ ਤੋਂ ਸਮਾਜ ਨੂੰ ਬਦਲਣ ਦਾ ਵਿਗਿਆਨਕ ਸੰਕਲਪ ਦੁਨੀਆ ਅੱਗੇ ਰੱਖਿਆ। ਛੇਤੀ ਹੀ ਉਸ ਦੀ ਵਿਚਾਰਧਾਰਾ ਮਜ਼ਦੂਰਾਂ ਵਿਚ ਫੈਲਣੀ ਆਰੰਭ ਹੋ ਗਈ, ਵਿਚਾਰਧਾਰਾ ਜ਼ੋਰ ਪਕੜ ਗਈ ਤਾਂ ਇਸ ਨੇ ਨਾ ਕੇਵਲ ਉਦਯੋਗਕ ਪੱਖੋਂ ਵਿਕਸਤ ਯੂਰਪ ਵਿਚ ਸਗੋਂ ਸਮੁੱਚੇ ਵਿਸ਼ਵ ਵਿਚ ਤਰਥੱਲੀ ਮਚਾ ਦਿੱਤੀ। ‘ਦੁਨੀਆ ਭਰ ਦੇ ਮਜ਼ਦੂਰੋ ਇਕ ਹੋ ਜਾਓ’ ਤੇ ‘ਇਨਕਲਾਬ ਜ਼ਿੰਦਾਬਾਦ’ ਦਾ ਨਾਅਰਾ ਵਿਸ਼ਵ ਦੇ ਕੋਨੇ-ਕੋਨੇ ਵਿਚ ਗੁੰਜਣ ਲੱਗਾ। ਸਮਾਜਵਾਦ ਦੇ ਸੁਪਨੇ ਸਾਕਾਰ ਵੀ ਹੋਣ ਲੱਗ ਪਏ। ਆਰਥਕ ਬਰਾਬਰੀ ਅਤੇ ਵਰਗ ਰਹਿਤ ਸਮਾਜ ਸਿਰਜਣ ਦਾ ਵਿਗਿਆਨਕ ਸਿਧਾਂਤ ਘੜਨ ਵਾਲੇ ਕਾਰਲ ਮਾਰਕਸ ਦਾ ਜੀਵਨ ਘਟਨਾਵਾਂ ਭਰਪੂਰ ਅਤੇ ਬੇਹੱਦ ਸੰਘਰਸ਼ਮਈ ਰਿਹਾ।
ਲੰਡਨ – 3 ਜੁਲਾਈ, 1871
ਨਿਊ ਯਾਰਕ ਵਰਲਡ ਅਖ਼ਬਾਰ ਦਾ ਰਿਪੋਰਟਰ ਆਰ. ਲੈਂਡੋਰ ਕਾਰਲ ਮਾਰਕਸ ਨੂੰ ਲੱਭਦਾ ਫਿਰਦਾ ਹੈ। ਉਹਨੇ ਉਹਦੇ ਨਾਲ ਗੱਲਾਂ ਕਰਨੀਆਂ ਹਨ। ਅੱਗੋਂ ਕੀ ਹੋਇਆ ਅਖਬਾਰ ਨੂੰ ਲਿਖੀ ਉਹਦੀ ਰਿਪੋਰਟ ਦੀ ਜ਼ਬਾਨੀ ਸੁਣੋ।
ਤੁਸੀਂ ਮੈਨੂੰ ਇੰਟਰਨੈਸ਼ਨਲ ਬਾਰੇ ਜਾਨਣ ਨੂੰ ਕਿਹਾ ਹੈ ਤੇ ਮੈਂ ਇਸੇ ਕੰਮ ਲੱਗਾ ਰਿਹਾ ਹਾਂ। ਔਖਾ ਕੰਮ ਸੀ ਕਿਉਂਕਿ ਲੰਡਨ ਇਹਦਾ ਹੈਡਕੁਆਰਟਰ ਤਾਂ ਹੈ ਪਰ ਅੰਗਰੇਜ਼ ਲੋਕ ਡਰੂ ਹਨ ਤੇ ਇਹੋ ਜਹੀਆਂ ਜਥੇਬੰਦੀਆਂ ਨੂੰ ਇਵੇਂ ਹੀ ਸੁੰਘ ਲੈਂਦੇ ਹਨ ਜਿਵੇਂ ਬਾਦਸ਼ਾਹ ਜ਼ੇਮਜ਼ ਨੇ ਬਾਰੂਦ ਨਾਲ ਪਾਰਲੀਮੈਂਟ ਉਡਾਉਣ ਵਾਲੇ ਪਲਾਟ ਨੂੰ ਸੁੰਘ ਲਿਆ ਸੀ। ਸਮਾਜ ਦੀ ਚੇਤਨਤਾ ਕੁਦਰਤੀ ਤੌਰ ‘ਤੇ ਏਥੇ ਦੇ ਲੋਕਾਂ ਦੀ ਸ਼ੱਕੀ ਤਬੀਅਤ ਕਰਕੇ ਵੀ ਵਧ ਗਈ ਹੈ। ਏਸ ਸੰਸਥਾ ਵਾਲਿਆਂ ਨੇ ਕੋਈ ਭੇਤ ਰੱਖਣਾ ਹੋਵੇ ਤਾਂ ਇਹਦੇ ਆਗੂ ਹਨ ਹੀ ਇਸ ਤਰ੍ਹਾਂ ਦੇ ਜੋ ਇਸ ਕੰਮ ਵਿਚ ਮਾਹਰ ਹਨ।
ਮੈਂ ਇਸ ਸੰਸਥਾ ਦੇ ਦੋ ਮੋਢੀ ਮੈਂਬਰਾਂ ਨੂੰ ਮਿਲਿਆ ਹਾਂ, ਉਨ੍ਹਾਂ ਵਿਚੋਂ ਇੱਕ ਨਾਲ ਖੁਲ੍ਹੀਆਂ ਗੱਲਾਂ ਕੀਤੀਆਂ ਹਨ ਤੇ ਇਥੇ ਮੈਂ ਉਨ੍ਹਾਂ ਦਾ ਸਾਰੰਸ਼ ਦੇਣਾ ਚਾਹੁੰਦਾ ਹਾਂ। ਮੈਂ ਇਸ ਗੱਲੋਂ ਅਪਣੀ ਤਸੱਲੀ ਕਰ ਲਈ ਹੈ ਕਿ ਇਹ ਸੰਸਥਾ ਖਰੇ ਕੰਮ ਕਰਨ ਵਾਲੇ ਬੰਦਿਆਂ ਦੀ ਹੈ ਪਰ ਇਨ੍ਹਾਂ ਦਾ ਰਾਹ ਕਿਸੇ ਹੋਰ ਜਮਾਤ ਦਾ ਸਮਾਜੀ ਅਤੇ ਸਿਆਸੀ ਸਿਧਾਂਤ ਦਰਸਾਉਂਦਾ ਹੈ। ਕੌਂਸਲ ਦੇ ਇਕ ਉੱਘੇ ਮੈਂਬਰ ਨੂੰ ਜਦੋਂ ਮੈਂ ਮਿਲਿਆ ਤਾਂ ਮੁਲਾਕਾਤ ਦੇ ਦੌਰਾਨ ਹੀ ਉਹ ਅਪਣੇ ਮੇਜ਼ ਤੋਂ ਗੁਆਂਢੋਂ ਅਪਣੇ ਮਾਲਕਾਂ ਤੋਂ ਆਈ ਕੋਈ ਸ਼ਿਕਾਇਤ ਸੁਨਣ ਲਈ ਉਠ ਖਲੋਂਦਾ ਸੀ। ਇਸੇ ਆਦਮੀ ਨੂੰ ਮੈਂ ਕਈ ਵਾਰ ਪਬਲਿਕ ਵਿਚ ਧੂੰਆਂਧਾਰ ਭਾਸ਼ਣ ਦਿੰਦਿਆਂ ਸੁਣਿਆ, ਜੋ ਮਾਲਕਾਂ ਲਈ ਨਫ਼ਰਤ ਨਾਲ ਭਰੇ ਹੁੰਦੇ ਸਨ। ਮੈਨੂੰ ਉਨ੍ਹਾਂ ਭਾਸ਼ਣਾਂ ਦੀ ਹੁਣ ਸਮਝ ਆਈ ਜਦੋਂ ਉਹਨੂੰ ਵਾਰ-ਵਾਰ ਉਠਦਿਆਂ ਦੇਖਿਆ। ਉਹਨੂੰ ਪਤਾ ਹੀ ਹੋਣਾ ਹੈ ਕਿ ਉਹਦੇ ਕੋਲ ਚੰਗੀ ਭਲੀ ਸਰਕਾਰ ਚਲਾਉਣ ਜਿੰਨਾ ਦਿਮਾਗ਼ ਹੈ ਪਰ ਇਥੇ ਉਹ ਕਿਹੋ ਜਹੇ ਮਸ਼ੀਨੀ ਕਿੱਤੇ ਵਿਚ ਫਸਿਆ ਹੋਇਆ ਸੀ। ਉਹ ਮਾਣਮੱਤਾ ਅਤੇ ਕੋਮਲ-ਭਾਵੀ ਮਨੁੱਖ ਸੀ ਪਰ ਉਹਨੂੰ ਦਿਤੇ ਹੋਏ ਹੁਕਮਾਂ ਅਗੇ ਇਉਂ ਝੁਕਣਾ ਪੈਂਦਾ ਸੀ ਜਿਵੇਂ ਕਿਸੇ ਕੁੱਤੇ ਨੂੰ ਅਪਣੇ ਸ਼ਿਕਾਰੀ ਮਾਲਕ ਅੱਗੇ। ਇਸ ਆਦਮੀ ਕੋਲੋਂ ਮੈਨੂੰ ਸੰਸਥਾ ਦੀ ਮਜ਼ਦੂਰੀ ਤੇ ਸਰਮਾਏ ਬਾਰੇ ਸੋਚ ਦੀ ਸਮਝ ਲੱਗੀ ਕਿ ਕਿਵੇਂ ਕੋਈ ਧਨ ਪੈਦਾ ਕਰਦਾ ਹੈ ਤੇ ਦੂਜਾ ਇਹਨੂੰ ਮੌਜ ਨਾਲ ਵਰਤਦਾ ਹੈ। ਇਹ ਸੀ ਉਹ ਹੱਥ ਜਿਸਨੇ ਸਮਾਂ ਆਉਣ ‘ਤੇ ਮਾਰੋ ਮਾਰ ਕਰਨੀ ਸੀ ਪਰ ਇਹਦੀ ਅਗਵਾਈ ਕੌਣ ਕਰੇਗਾ? ਖ਼ਿਆਲ ਹੈ ਮੈਂ ਉਹ ਵੀ ਦੇਖ ਲਿਆ, ਡਾ. ਕਾਰਲ ਮਾਰਕਸ ਨਾਲ ਗੱਲਾਂ ਕਰਕੇ।
ਡਾæ ਮਾਰਕਸ ਨੇ ਜਰਮਨੀ ਤੋਂ ਫਲਸਫੇ ਦੀ ਡਿਗਰੀ ਕੀਤੀ ਹੈ। ਉਹਦੇ ਕੋਲ ਜਰਮਨੀ ਦਾ ਵਿਸ਼ਾਲ ਗਿਆਨ ਹੈ, ਜੋ ਉਸਨੇ ਆਮ ਜੀਵਨ ਨੂੰ ਘੋਖ ਕੇ ਤੇ ਨਾਲ ਹੀ ਕਿਤਾਬਾਂ ਪੜ੍ਹ ਕੇ ਪ੍ਰਾਪਤ ਕੀਤਾ ਹੈ। ਮੈਨੂੰ ਲਗਦਾ ਹੈ ਕਿ ਉਹਨੇ ਆਪ ਕਦੇ ਹੱਥੀਂ ਮਜ਼ਦੂਰਾਂ ਵਾਲਾ ਕੰਮ ਨਹੀਂ ਕੀਤਾ। ਉਹਦੀ ਸ਼ਕਲ ਤੇ ਆਲਾ ਦੁਆਲਾ ਕਿਸੇ ਖਾਂਦੇ ਪੀਂਦੇ ਮਿਡਲ ਕਲਾਸ ਦੇ ਬੰਦੇ ਵਾਲਾ ਹੀ ਹੈ।
ਮੁਲਾਕਾਤ ਵਾਲੀ ਰਾਤ ਜਿਸ ਸਵਾਗਤੀ ਕਮਰੇ ਵਿਚੋਂ ਮੈਨੂੰ ਲੰਘਾਇਆ ਗਿਆ ਉਹ ਕਿਸੇ ਉਸ ਆੜ੍ਹਤੀਏ ਦੀ ਵਧੀਆ ਰਿਹਾਇਸ਼ਗਾਹ ਹੋ ਸਕਦੀ ਸੀ ਜਿਹੜਾ ਕਾਮਯਾਬੀ ਦੀਆਂ ਕੁਝ ਪੌੜੀਆਂ ਚੜ੍ਹ ਗਿਆ ਹੋਵੇ ਤੇ ਹੁਣ ਕਰੋੜਪਤੀ ਬਨਣ ਜਾ ਰਿਹਾ ਹੋਵੇ। ਇਹ ਆਰਾਮਦੇਹ ਸੀ, ਕਿਸੇ ਪੈਸੇ ਧੇਲੇ ਵਾਲੇ ਦਾ ਘਰ ਪਰ ਇਹਦੇ ਵਿਚ ਇਹਦੇ ਮਾਲਕ ਦੀ ਨਿਸ਼ਾਨੀ ਵਾਲੀ ਕੋਈ ਸ਼ੈਅ ਨਹੀਂ ਸੀ। ਹਾਂ ਮੇਜ਼ ‘ਤੇ ਜੜੀਆਂ ਰਾਈਨ ਦਰਿਆ ਦੀਆਂ ਤਸਵੀਰਾਂ ਤੋਂ ਇਹਦੇ ‘ਤੇ ਬੈਠਣ ਵਾਲੇ ਦੀ ਕੌਮੀਅਤ ਦਾ ਪਤਾ ਲਗਦਾ ਸੀ। ਮੈਂ ਨਾਲ ਦੇ ਮੇਜ਼ ‘ਤੇ ਪਏ ਗੁਲਦਸਤੇ ਵਲ ਧਿਆਨ ਨਾਲ ਦੇਖਿਆ, ਕਿਤੇ ਬੰਬ ਹੀ ਨਾ ਹੋਵੇ। ਸੁੰਘਿਆ, ਕਿਤੇ ਪਟਰੌਲ ਦਾ ਮੁਸ਼ਕ ਨਾ ਹੋਵੇ ਪਰ ਗੁਲਾਬ ਦੀ ਸੁਗੰਧ ਆਈ। ਮੈਂ ਅੱਖ ਬਚਾ ਕੇ ਕੁਰਸੀ ‘ਤੇ ਬੈਠ ਗਿਆ ਤੇ ਉਡੀਕ ਕਰਨ ਲੱਗਾ, ਦੇਖੀਏ ਕੀ ਹੁੰਦਾ ਹੈ ।
ਏਨੇ ਨੂੰ ਉਹ ਕਮਰੇ ਵਿਚ ਦਾਖ਼ਲ ਹੋਇਆ। ਦੁਆ ਸਲਾਮ ਹੋਈ। ਅਸੀਂ ਆਹਮੋ ਸਾਹਮਣੇ ਬੈਠੇ ਸਾਂ। ਹਾਂ, ਹੁਣ ਮੈਂ ਇਨਕਲਾਬ ਨੂੰ ਰੂਪ ਦੇਣ ਵਾਲੇ ਦੇ ਰੂ-ਬ-ਬਰੂ ਸਾਂ, ਇੰਟਰਨੈਸ਼ਨਲ ਦੇ ਅਸਲੀ ਮੋਢੀ ਤੇ ਇਹਦੇ ਰਾਹ ਦਿਸੇਰੇ ਦੇ ਐਨ ਨੇੜੇ। ਓਸ ਮਨੁੱਖ ਦੇ ਸਾਹਮਣੇ ਜਿਸ ਨੇ ਪੂੰਜੀ ਵਾਲਿਆਂ ਨੂੰ ਕਿਹਾ ਸੀ ਕਿ ਤੁਹਾਡੇ ਮਹੱਲ ਮਜ਼ਦੂਰਾਂ ਦੀ ਮਿਹਨਤ ‘ਤੇ ਉਸਰੇ ਹੋਏ ਹਨ, ਹੁਣ ਕਦੇ ਵੀ ਢਹਿ ਜਾਣਗੇ, ਤੇ ਜੋ ਪੈਰਸ ਕਮਿਊਨ ਦਾ ਵਕੀਲ ਸੀ।
ਤੁਹਾਨੂੰ ਸੁਕਰਾਤ ਦੇ ਬੁੱਤ ਦਾ ਚੇਤਾ ਹੈ? ਉਹ ਫਲਸਫੀ ਜਿਹੜਾ ਸਮੇਂ ਦੇ ਹਾਕਮਾਂ ਅੱਗੇ ਝੁਕਣ ਦੀ ਬਜਾਏ ਜ਼ਹਿਰ ਦਾ ਪਿਆਲਾ ਪੀ ਕੇ ਮਰ ਗਿਆ ਸੀ। ਤਗੜੇ ਸਰੀਰ ਤੇ ਚੌੜੇ ਮੱਥੇ ਵਾਲਾ। ਅਪਣੇ ਮਨ ਵਿਚ ਉਹਦੀ ਸ਼ਕਲ ਲਿਆਓ, ਉਹਦੀ ਦਾੜ੍ਹੀ ਕਾਲੀ ਕਰ ਦਿਓ। ਕਿਤੇ ਕਿਤੇ ਬੱਗਾ ਬੁਰਸ਼ ਮਾਰ ਲਓ। ਏਸ ਸਿਰ ਨੂੰ ਮਧਰੇ ਕੱਦ ਦੇ ਦਰਮਿਆਨੇ ਸਰੀਰ ‘ਤੇ ਲਾ ਦਿਉ। ਬੱਸ ਡਾਕਟਰ ਤੁਹਾਡੇ ਸਾਹਮਣੇ ਹੈ। ਸਿਰ ਦਾ ਉਪਰਲਾ ਪਾਸਾ ਢਕ ਦਿਓ ਤਾਂ ਲੱਗੇਗਾ ਤੁਸੀਂ ਕਿਸੇ ਜਮਾਂਦਰੂ ਧਾਰਮਕ ਵਿਅਕਤੀ ਦੇ ਸੰਗ ਹੋ। ਨਕਸ਼ਾਂ ਨੂੰ ਸਾਫ ਕਰਕੇ ਭੂਰੇ ਰੰਗ ਨੂੰ ਉਭਾਰੋ ਤਾਂ ਉਹ ਮਨੁੱਖ ਉਘੜ ਆਏਗਾ, ਸੁਪਨੇਸਾਜ਼ ਜੋ ਸੋਚਦਾ ਹੈ ਤੇ ਸੋਚਵਾਨ ਜੋ ਸੁਪਨੇ ਲੈਂਦਾ ਹੈ ।
ਮੈਂ ਸਿੱਧੀ ਗੱਲ ਤੋਰ ਲਈ। ਕਿਹਾ- “ਦੁਨੀਆ ਨੂੰ ਤੁਹਾਡੀ ਸੰਸਥਾ ਬਾਰੇ ਬਹੁਤੀ ਜਾਣਕਾਰੀ ਨਹੀਂ। ਕਈ ਇਹਨੂੰ ਬਹੁਤ ਘਿਰਣਾ ਕਰਦੇ ਹਨ ਪਰ ਉਹ ਸਾਫ ਸਾਫ ਕਹਿ ਨਹੀਂ ਸਕਦੇ ਕਿ ਨਫ਼ਰਤ ਕਿਸ ਚੀਜ਼ ਨਾਲ ਹੈ। ਜਿਨ੍ਹਾਂ ਨੇ ਜ਼ਰਾ ਡੂੰਘਾ ਸੋਚਿਆ ਹੈ, ਉਹ ਕਹਿੰਦੇ ਹਨ ਕਿ ਉਨ੍ਹਾਂ ਦੇ ਮਨ ਵਿਚ ਇਕ ਪਾਸੇ ਈਮਾਨਦਾਰ ਮਜ਼ਦੂਰ ਦਾ ਚਿਹਰਾ ਬਣਦਾ ਹੈ ਤੇ ਦੂਜੇ ਪਾਸੇ ਕਿਸੇ ਸਾਜ਼ਸ਼ੀ ਦਾ ਰੂਪ। ਕੀ ਤੁਸੀਂ ਏਸ ਰਹੱਸ ਤੋਂ ਪਰਦਾ ਚੁਕੋਗੇ?”
ਪ੍ਰੋਫੈਸਰ ਥੋੜ੍ਹਾ ਹੱਸਿਆ। ਏਸ ਖ਼ਿਆਲ ਨਾਲ ਜ਼ਰਾ ਖੁਸ਼ ਹੋਇਆ ਕਿ ਅਸੀਂ ਉਹਦੇ ਤੋਂ ਏਨਾ ਡਰਦੇ ਹਾਂ। ਬੋਲਿਆ- “ਰਹੱਸ ਤਾਂ ਕੋਈ ਨਹੀਂ ਜਿਹਨੂੰ ਸਾਫ ਕਰਨ ਦੀ ਲੋੜ ਹੋਵੇ। ਸਿਰਫ ਉਨ੍ਹਾ ਲੋਕਾਂ ਦੀ ਮਨੁੱਖੀ ਮੂਰਖ਼ਤਾ ਦਾ ਪਰਦਾ ਹੈ ਜਿਹੜੇ ਇਸ ਗੱਲ ਨੂੰ ਵੀ ਅੱਖੋਂ ਉਹਲੇ ਕਰਦੇ ਹਨ ਕਿ ਸਾਡੀ ਸੰਸਥਾ ਪਬਲਿਕ ਸੰਸਥਾ ਹੈ। ਇਹਦੇ ਕੰਮ ਦੀਆਂ ਪੂਰੀਆਂ ਰਿਪੋਰਟਾਂ ਵੀ ਛਪਦੀਆਂ ਹਨ, ਜੇ ਕਿਸੇ ਨੇ ਪੜ੍ਹਨੀਆਂ ਹੋਣ। ਇਕ ਪੈਨੀ ਖਰਚ ਕੇ ਤੁਸੀਂ ਸਾਡੇ ਬਣਾਏ ਨਿਯਮ ਖਰੀਦ ਸਕਦੇ ਹੋ। ਹੋਰ ਇਕ ਸ਼ਲਿੰਗ ਲਾ ਕੇ ਤੁਸੀਂ ਕਿਤਾਬਚੇ ਖਰੀਦ ਲਓ ਤਾਂ ਤੁਹਾਨੂੰ ਓਨਾ ਹੀ ਪਤਾ ਲਗ ਜਾਏਗਾ ਜਿੰਨਾ ਸਾਨੂੰ ਹੈ।”
ਲੈਂਡੋਰ- ਹਾਂ, ਠੀਕ, ਸ਼ਾਇਦ। ਪਰ ਫੇਰ ਵੀ ਕੋਈ ਗੱਲ ਤਾਂ ਉਹਲੇ ‘ਚ ਲੁਕੀ ਰਹਿ ਹੀ ਜਾਏਗੀ। ਖੁੱਲ੍ਹੀ ਗੱਲ ਕਰੀਏ। ਬਾਹਰੋਂ ਦੇਖਿਆਂ ਤੁਹਾਡੇ ਖ਼ਿਆਲਾਂ ਨੂੰ ਆਮ ਹੀ ਘਟਾ ਕੇ ਦੇਖਣ ਦੇ ਰੁਝਾਨ ਪਿਛੇ ਬਹੁਤੇ ਲੋਕਾਂ ਦੀ ਬੇਸਮਝੀ ਤੋਂ ਬਿਨਾਂ ਕੁਝ ਹੋਰ ਵੀ ਤਾਂ ਲੁਕਿਆ ਹੋਇਆ ਹੋਵੇਗਾ। ਤੁਹਾਡੇ ਦਸ ਦੇਣ ਦੇ ਬਾਵਜੂਦ ਮੈਂ ਫੇਰ ਪੁੱਛਣਾ ਚਾਹੁੰਦਾ ਹਾਂ ਕਿ ਇਹ ਇੰਟਰਨੈਸ਼ਨਲ ਸੰਸਥਾ ਆਖਰ ਹੈ ਕੀ?
ਡਾ.ਮਾਰਕਸ- ਤੁਹਾਨੂੰ ਸਿਰਫ ਉਨ੍ਹਾਂ ਵਿਅਕਤੀਆਂ ‘ਤੇ ਹੀ ਝਾਤ ਮਾਰ ਲੈਣੀ ਚਾਹੀਦੀ ਹੈ, ਜਿਨ੍ਹਾਂ ਦੀ ਇਹ ਬਣੀ ਹੋਈ ਹੈ- ਕਾਮੇ।
ਲੈਂਡੋਰ- ਹਾਂ, ਪਰ ਜ਼ਰੂਰੀ ਨਹੀਂ ਕਿ ਕੋਈ ਸਿਪਾਹੀ ਪੂਰਾ ਸੂਰਾ ਉਸ ਹਕੂਮਤ ਵਰਗਾ ਹੋਵੇ, ਜਿਹਦੀ ਉਹ ਨੌਕਰੀ ਕਰਦਾ ਹੈ। ਮੈਂ ਤੁਹਾਡੇ ਕੁਝ ਮੈਂਬਰਾਂ ਨੂੰ ਜਾਣਦਾ ਹਾਂ ਤੇ ਯਕੀਨ ਕਰ ਸਕਦਾ ਹਾਂ ਕਿ ਉਹ ਸਾਜ਼ਸ਼ੀ ਬੰਦੇ ਨਹੀਂ। ਫੇਰ ਹਜ਼ਾਰਾਂ ਬੰਦਿਆਂ ਵਿਚ ਵੰਡਿਆ ਹੋਇਆ ਭੇਤ, ਭੇਤ ਵੀ ਨਹੀਂ ਰਹਿੰਦਾ। ਪਰ ਜੇ ਇਹ ਸਾਰੇ ਕਿਸੇ ਲੁਕਵੇਂ, ਵੱਡੇ ਹੱਥ ਦੀ ਕਠਪੁਤਲੀ ਹੋਣ।
ਡਾ. ਮਾਰਕਸ- ਕੋਈ ਚੀਜ਼ ਸਾਬਤ ਕਰਨ ਵਾਲੀ ਤਾਂ ਹੈ ਈ ਨਹੀਂ।
ਲੈਂਡੋਰ- ਪੈਰਿਸ ਵਿਚ ਹੋਈ ਪਿਛਲੀ ਬਗ਼ਾਵਤ ?
ਡਾ. ਮਾਰਕਸ- ਪਹਿਲਾਂ ਤਾਂ ਮੈਂ ਏਸ ਗੱਲ ਦੀ ਮੰਗ ਕਰਦਾ ਹਾਂ ਕਿ ਕੀ ਸਬੂਤ ਹੈ ਕਿ ਇਹ ਸਾਜ਼ਿਸ਼ ਸੀ। ਕੀ ਜੋ ਕੁਝ ਹੋਇਆ ਉਹ ਮੌਕੇ ਦੇ ਹਕੀਕੀ ਹਾਲਾਤ ਕਾਰਨ ਨਹੀਂ ਹੋਇਆ? ਜੇ ਸਾਜ਼ਿਸ਼ ਵੀ ਸੀ ਤਾਂ ਕੋਈ ਇਹ ਸਾਬਤ ਕਰੇ ਕਿ ਇਸ ਵਿਚ ਇੰਟਰਨੈਸ਼ਨਲ ਸੰਸਥਾ ਦਾ ਹੱਥ ਕਿਵੇਂ ਸੀ।
ਲੈਂਡੋਰ- ਇਹਦੇ ਵਿਚ ਤੁਹਾਡੀ ਸੰਸਥਾ ਦੇ ਮੈਂਬਰਾਂ ਦਾ ਵੱਡੀ ਗਿਣਤੀ ਵਿਚ ਸ਼ਾਮਲ ਹੋਣਾਂ ?
ਡਾ. ਮਾਰਕਸ- ਫੇਰ ਇਹ ਫਰੀਮੇਸਨਜ਼ ਦੀ ਸਾਜ਼ਿਸ਼ ਵੀ ਸੀ ਕਿਉਂਕਿ ਇਹਦੇ ਵਿਚ ਉਨ੍ਹਾਂ ਦੀ ਗਿਣਤੀ ਵੀ ਘੱਟ ਨਹੀਂ ਸੀ। ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਜੇ ਪੋਪ ਇਹਦੀ ਸਾਰੀ ਜ਼ੁੰਮੇਵਾਰੀ ਹੀ ਉਨ੍ਹਾਂ ਦੇ ਸਿਰ ਪਾ ਦੇਵੇ। ਪਰ ਇਕ ਹੋਰ ਵਿਆਖਿਆ ਵੀ ਹੈ। ਪੈਰਿਸ ਦੀ ਬਗ਼ਾਵਤ ਪੈਰਿਸ ਦੇ ਕਾਮਿਆਂ ਵਲੋਂ ਹੋਈ ਸੀ। ਲਾਜ਼ਮੀ ਹੈ ਕਿ ਇਨ੍ਹਾਂ ਵਿਚੋਂ ਸਭ ਤੋਂ ਸਿਆਣੇ ਕਾਮੇ ਹੀ ਇਹਦੇ ਲੀਡਰ ਹੋਣਗੇ ਤੇ ਸਿਆਣੇ ਕਾਮੇ ਹੀ ਸਾਡੀ ਸੰਸਥਾ ਦੇ ਮੈਂਬਰ ਵੀ ਹਨ। ਪਰ ਸੰਸਥਾ ਉਨ੍ਹਾਂ ਦੇ ਕੀਤੇ ਐਕਸ਼ਨ ਦੀ ਸਿੱਧੀ ਜ਼ੁੰਮੇਵਾਰ ਕਿਵੇਂ ਹੋਈ?
ਲੈਂਡੋਰ- ਪਰ ਦੁਨੀਆ ਨੂੰ ਇਹ ਹੋਰ ਤਰ੍ਹਾਂ ਲੱਗੇਗਾ। ਗੱਲਾਂ ਲੰਡਨ ਤੋਂ ਖੁਫ਼ੀਆ ਹਦਾਇਤਾਂ ਦੀਆਂ ਹੁੰਦੀਆਂ ਹਨ ਤੇ ਪੈਸੇ ਦੀਆਂ ਵੀ। ਕੀ ਇਹ ਭਰੋਸਾ ਦਿੱਤਾ ਜਾ ਸਕਦਾ ਹੈ ਕਿ ਸੰਸਥਾ ਦੇ ਖੁੱਲ੍ਹੇ ਆਮ ਹੋਣ ਦੇ ਪਰਦੇ ਵਿਚ ਕੋਈ ਲੁਕ-ਲੁਕਾ ਤਾਂ ਨਹੀਂ?
ਡਾ.ਮਾਰਕਸ- ਕਿਹੜੀ ਸੰਸਥਾ ਹੈ ਜੋ ਅਪਣਾ ਕੰਮ ਜਨਤਕ ਤੇ ਪ੍ਰਾਈਵੇਟ ਦੋਵਾਂ ਢੰਗਾਂ ਨਾਲ ਨਹੀਂ ਕਰਦੀ। ਲੰਡਨ ਤੋ ਮਿਲੀਆਂ ਖੁਫ਼ੀਆ ਹਿਦਾਇਤਾਂ ਦੀ ਗੱਲ ਕਰੀਏ ਤਾਂ ਜੋ ਲੋਕ ਕੇਂਦਰ ਵਲੋਂ ਹੁਕਮਨਾਮੇ ਭੇਜ ਕੇ ਮੈਂਬਰਾਂ ‘ਤੇ ਥੋਪਣ ਦੀ ਕਲਪਨਾ ਕਰਦੇ ਹਨ , ਉਨ੍ਹਾਂ ਨੂੰ ਏਸ ਦੀ ਖਸਲਤ ਦਾ ਹੀ ਪਤਾ ਨਹੀਂ। ਇੰਟਰਨੈਸ਼ਨਲ ਤਾਂ ਕਿਸੇ ਕੇਂਦਰੀਕਰਣ ਦੀ ਥਾਂ ਮੈਂਬਰਾਂ ਦੇ ਅਪਣੇ ਸਥਾਨਕ ਹਾਲਾਤ ‘ਤੇ ਵਧੇਰੇ ਜ਼ੋਰ ਦਿੰਦੀ ਹੈ। ਅਸਲ ਵਿਚ ਇਹ ਸੰਸਥਾ ਕੋਈ ਕਾਮਿਆਂ ਦੀ ਸਰਕਾਰ ਨਹੀਂ ਸਗੋਂ ਨਿੱਕੀਆਂ ਨਿੱਕੀਆਂ ਸਥਾਨਕ ਇਕਾਈਆਂ ਦਾ ਇਕੱਠ ਹੈ।
ਲੈਂਡੋਰ- ਪਰ ਇਹ ਇਕਾਈਆਂ ਕਾਹਦੇ ਲਈ?
ਡਾ. ਮਾਰਕਸ- ਸਿਆਸੀ ਤਾਕਤ ਹਥਿਆ ਕੇ ਕਾਮਿਆਂ ਦੀ ਬੰਦ-ਖਲਾਸੀ ਲਈ। ਸਿਆਸੀ ਤਾਕਤ ਨਾਲ ਹੀ ਸਾਰੇ ਮਸਲੇ ਹੱਲ ਹੁੰਦੇ ਹਨ। ਇਹ ਜ਼ਰੂਰੀ ਹੈ ਕਿ ਸਾਡੇ ਨਿਸ਼ਾਨੇ ਦਾ ਘੇਰਾ ਏਨਾ ਚੌੜਾ ਹੋਵੇ ਜਿਸ ਵਿਚ ਕਾਮਾ ਜਮਾਤ ਦੀ ਹਰ ਤਰ੍ਹਾਂ ਦੀ ਸਰਗਰਮੀ ਆ ਜਾਵੇ। ਜੇ ਉਨ੍ਹਾਂ ਸਾਰਿਆਂ ‘ਤੇ ਇਕੋ ਕਿਸਮ ਦਾ ਰੰਗ ਚਾੜ੍ਹ ਦਈਏ ਤਾਂ ਉਹ ਸਿਰਫ ਖਾਸ ਕਿਸਮ ਦੀ ਕਾਮਿਆਂ ਦੀ ਕੌਮ ਦੇ ਦਾਸ ਹੋ ਜਾਣਗੇ। ਸਵਾਲ ਇਹ ਹੈ ਕਿ ਜਨ-ਸਾਧਕਰਨ ਦੇ ਹਿਤ ਲਈ ਸਾਰਿਆਂ ਨੂੰ ਕਿਵੇਂ ਇਕੱਠਾ ਕੀਤਾ ਜਾਵੇ। ਇਸੇ ਲਈ ਸੰਸਥਾ ਦਾ ਨਾਂ ਇੰਟਰਨੈਸ਼ਨਲ ਹੈ। ਸੰਸਥਾ ਸਿਆਸੀ ਧਾਰਾ ਲਈ ਕੋਈ ਹੁਕਮ ਨਹੀਂ ਚਾੜ੍ਹਦੀ, ਇਹ ਸਿਰਫ਼ ਅਪਣੇ ਨਿਸ਼ਾਨਿਆਂ ਲਈ ਵਾਅਦਾ ਚਾਹੁੰਦੀ ਹੈ। ਇਹ ਸੰਸਾਰ ਭਰ ਵਿਚ ਬਣੀਆਂ ਕਾਮਿਆਂ ਦੀਆਂ ਜਥੇਬੰਦੀਆਂ ਦਾ ਜਾਲ ਹੈ। ਦੁਨੀਆ ਦੇ ਹਰ ਹਿੱਸੇ ਵਿਚ ਕੋਈ ਖਾਸ ਕਿਸਮ ਦੀ ਸਮਸਿਆ ਉਭਰਦੀ ਹੈ ਤੇ ਉਥੇ ਦੇ ਕਾਮੇ ਅਪਣੇ ਢੰਗ ਨਾਲ ਉਹਦਾ ਹੱਲ ਕਰਦੇ ਹਨ। ਨੀਊਕਾਸਲ ਤੇ ਬਾਰਸੀਲੋਨਾ ਜਾਂ ਲੰਡਨ ਤੇ ਬਰਲਿਨ ਦੇ ਕਾਮਿਆਂ ਦੀਆਂ ਸਮੱਸਿਆਵਾਂ ਤੇ ਉਨ੍ਹਾਂ ਦੇ ਹੱਲ ਬਿਲਕੁਲ ਇਕੋ ਜਿਹੇ ਨਹੀਂ ਹੋ ਸਕਦੇ। ਮਿਸਾਲ ਲਈ ਇੰਗਲੈਂਡ ਵਿਚ ਕਾਮੇ ਅਪਣੀ ਤਾਕਤ ਦਾ ਖੁੱਲ੍ਹਾ ਵਿਖਾਵਾ ਕਰ ਸਕਦੇ ਹਨ। ਪਰ ਜਿਥੇ ਅਮਨ ਅਮਾਨ ਨਾਲ ਕੋਈ ਹੱਲ ਨਿਕਲ ਸਕਦਾ ਹੈ, ਉਥੇ ਬਗ਼ਾਵਤ ਨਿਰਾ ਪਾਗਲ਼ਪਨ ਹੋਵੇਗੀ। ਫਰਾਂਸ ਵਿਚ ਜਬਰ ਦੇ ਬਣੇ ਹੋਏ ਸੈਂਕੜੇ ਕਾਨੂੰਨ ਅਤੇ ਜਮਾਤਾਂ ਅੰਦਰ ਸਖ਼ਤ ਇਖਲਾਕੀ ਟਕਰਾਉ ਦੀ ਹੋਂਦ ਕਰਕੇ ਖਾਨਾ ਜੰਗੀ ਵਰਗੇ ਹਿੰਸਕ ਹੱਲ ਦੀ ਲੋੜ ਵੀ ਪੈ ਸਕਦੀ ਹੈ। ਇਸ ਹੱਲ ਦੀ ਚੋਣ ਸਥਾਨਕ ਕਾਮਿਆਂ ਦੀ ਜਥੇਬੰਦੀ ਨੇ ਕਰਨੀ ਹੈ। ਇੰਟਰਨੈਸ਼ਨਲ ਨੇ ਕੋਈ ਉਪਰੋਂ ਹੁਕਮ ਨਹੀਂ ਚਾੜ੍ਹਨਾ ਤੇ ਕਈ ਵਾਰ ਤਾਂ ਮਸ਼ਵਰਾ ਵੀ ਨਹੀਂ ਦੇਣਾ। ਪਰ ਹਰ ਲਹਿਰ ਨਾਲ ਇਹਦੀ ਹਮਦਰਦੀ ਅਵੱਸ਼ ਹੋਵੇਗੀ ਤੇ ਨਿਯਮਾਂ ਦੇ ਘੇਰੇ ਵਿਚ ਰਹਿ ਕੇ ਯੋਗ ਮਦਦ ਵੀ।
ਲੈਂਡੋਰ- ਮਦਦ ਕਿਸ ਕਿਸਮ ਦੀ ?
ਡਾ. ਮਾਰਕਸ-ਮਿਸਾਲ ਦਿੰਦਾ ਹਾਂ। ਬਗ਼ਾਵਤ ਦਾ ਇਕ ਆਮ ਤਰੀਕਾ ਹੈ ਹੜਤਾਲ। ਪਹਿਲਾਂ ਜਦੋਂ ਕਿਸੇ ਦੇਸ਼ ਵਿਚ ਹੜਤਾਲ ਹੁੰਦੀ ਸੀ, ਇਹ ਦੂਜੇ ਦੇਸ਼ ਵਿਚੋਂ ਕਾਮੇ ਢੋਅ ਕੇ ਫੇਲ੍ਹ ਕਰ ਦਿੱਤੀ ਜਾਂਦੀ ਸੀ। ਇੰਟਰਨੈਸ਼ਨਲ ਨੇ ਇਹ ਬੰਦ ਕਰਵਾਇਆ। ਸੰਸਥਾ ਨੂੰ ਜਿਉਂ ਹੀ ਪਤਾ ਲਗਦਾ ਹੈ, ਇਹ ਲੋੜੀਂਦੀ ਸੂਚਨਾ ਦੂਜੇ ਕਾਮਿਆਂ ਤਾਈਂ ਪਹੁੰਚਾ ਦਿੰਦੀ ਹੈ ਜੋ ਅਪਣਾ ਫਰਜ਼ ਇਕਦਮ ਸਮਝ ਜਾਂਦੇ ਹਨ। ਮਾਲਕਾਂ ਨੂੰ ਹੱਥਾਂ-ਪੈਰਾਂ ਦੀ ਪੈ ਜਾਂਦੀ ਹੈ। ਕਈ ਮਾਮਲਿਆਂ ਵਿਚ ਏਸ ਤੋਂ ਬਿਨਾਂ ਹੋਰ ਕਿਸੇ ਮਦਦ ਦੀ ਲੋੜ ਨਹੀਂ ਪੈਂਦੀ। ਉਨ੍ਹਾਂ ਦੀ ਮਾਇਕ ਸਹਾਇਤਾ ਵੀ ਉਨ੍ਹਾਂ ਦੀ ਸਥਾਨਕ ਕਮੇਟੀ ਨੂੰ ਦਿਤੇ ਚੰਦੇ ਨਾਲ ਹੀ ਹੋ ਜਾਂਦੀ ਹੈ। ਪਰ ਜੇ ਅਜਿਹਾ ਹੋ ਨਾ ਸਕਦਾ ਹੋਵੇ ਅਤੇ ਸੰਸਥਾ ਨੇ ਹੜਤਾਲ ਨੂੰ ਮਾਨਤਾ ਵੀ ਦਿਤੀ ਹੋਵੇ ਤਾਂ ਉਨ੍ਹਾਂ ਦੀਆਂ ਲੋੜਾਂ ਸਾਂਝੇ ਫੰਡ ਵਿਚੋਂ ਪੂਰੀਆਂ ਕੀਤੀਆਂ ਜਾਂਦੀਆਂ ਹਨ। ਇਸ ਤਰੀਕੇ ਨਾਲ ਹੀ ਪਿਛਲੇ ਦਿਨੀਂ ਬਾਰਸੀਲੋਨਾ ਵਿਚਲੇ ਸਿਗਾਰ ਬਣਾਉਣ ਵਾਲੇ ਕਾਮਿਆਂ ਦੀ ਹੜਤਾਲ ਨੂੰ ਕਾਮਯਾਬ ਕੀਤਾ ਗਿਆ ਸੀ।
ਪਰ ਸੰਸਥਾ ਦੀ ਹੜਤਾਲਾਂ ਵਿਚ ਦਿਲਚਸਪੀ ਨਹੀਂ ਭਾਵੇਂ ਕੁਝ ਖਾਸ ਹਾਲਤਾਂ ਵਿਚ ਇਹ ਹੜਤਾਲਾਂ ਦੇ ਹੱਕ ਵਿਚ ਹੈ। ਇਨ੍ਹਾਂ ਵਿਚੋਂ ਕੋਈ ਮਾਲੀ ਲਾਭ ਤਾਂ ਕੀ ਹੋਣਾ ਹੈ ਸਗੋਂ ਘਾਟਾ ਹੀ ਪੈਂਦਾ ਹੈ। ਇਕ ਅੱਧੇ ਸ਼ਬਦ ਵਿਚ ਕਹਿਣਾ ਹੋਵੇ ਤਾਂ ਸੰਸਾਰ ਦੀ ਦੌਲਤ ਵਧ ਰਹੀ ਹੈ ਤੇ ਕਾਮੇ ਗਰੀਬ ਹੋ ਰਹੇ ਹਨ, ਸਹੂਲਤਾਂ ਵਧ ਰਹੀਆਂ ਹਨ ਪਰ ਇਨ੍ਹਾਂ ਦੀ ਹਾਲਤ ਵਿਗੜਦੀ ਜਾਂਦੀ ਹੈ। ਇਸ ਗਰੀਬੀ ਨਾਲ ਉਨ੍ਹਾਂ ਦੇ ਇਖ਼ਲਾਕ ‘ਤੇ ਵੀ ਸੱਟ ਪੈਂਦੀ ਹੈ ਤੇ ਸਮੁੱਚੀ ਹੋਂਦ ‘ਤੇ ਵੀ। ਬਾਹਰੋਂ ਉਨ੍ਹਾਂ ਨੂੰ ਕਿਸੇ ਨੇ ਮਦਦ ਨਹੀਂ ਦੇਣੀ। ਇਸ ਲਈ ਇਹ ਬੇਹੱਦ ਜ਼ਰੂਰੀ ਹੋ ਗਿਆ ਹੈ ਕਿ ਉਹ ਇਹ ਮਸਲਾ ਅਪਣੇ ਹੀ ਹੱਥ ਵਿਚ ਲੈਣ। ਉਨ੍ਹਾਂ ਨੂੰ ਮਾਲਕਾਂ ਅਤੇ ਸਰਮਾਏਦਾਰਾਂ ਨਾਲ ਅਪਣੇ ਸੰਬੰਧਾਂ ਬਾਰੇ ਦੁਬਾਰਾ ਸੋਚਣਾ ਪਵੇਗਾ। ਇਹਦਾ ਮਤਲਬ ਹੈ ਸਮਾਜ ਦਾ ਬਦਲਨਾ। ਕਾਮਿਆਂ ਦੀ ਹਰ ਜਥੇਬੰਦੀ, ਲੇਬਰ ਲੀਗ ਜਾਂ ਕਿਸੇ ਤਰ੍ਹਾਂ ਦੀ ਵੀ ਹੋਰ ਯੂਨੀਅਨ ਦਾ ਇਹੋ ਨਿਸ਼ਾਨਾ ਹੈ। ਇਨ੍ਹਾਂ ਜਥੇਬੰਦੀਆਂ ਵਿਚਕਾਰ ਸੰਪੂਰਨ ਏਕਤਾ ਦਾ ਪੁਲ ਉਸਾਰਨਾ ਇੰਟਰਨੈਸ਼ਨਲ ਦਾ ਕੰਮ ਹੈ। ਹਰ ਥਾਂ ਇਹਦਾ ਪ੍ਰਭਾਵ ਪੈਣਾ ਆਰੰਭ ਹੋ ਗਿਆ ਹੈ। ਸਪੇਨ ਵਿਚ ਦੋ, ਜਰਮਨੀ ਵਿਚ ਤਿੰਨ, ਬੈਲਜੀਅਮ ਵਿਚ ਛੇ, ਸਵਿਟਜ਼ਰਲੈਂਡ ਵਿਚ ਛੇ, ਆਸਟ੍ਰੀਆ ਤੇ ਹਾਲੈਂਡ ਵਿਚ ਤਿੰਨ ਤਿੰਨ ਅਖਬਾਰਾਂ ਨੇ ਇਹਦੇ ਵਿਚਾਰਾਂ ਨੂੰ ਫੈਲਾਉਣਾ ਆਰੰਭ ਦਿੱਤਾ ਹੈ ਤੇ ਹੁਣ ਜਦੋਂ ਮੈਂ ਤੈਨੂੰ ਵੀ ਸਮਝਾ ਦਿਤਾ ਹੈ ਕਿ ਇੰਟਰਨੈਸ਼ਨਲ ਕੀ ਹੈ ਤਾਂ ਤੂੰ ਵੀ ਇਨ੍ਹਾਂ ਬਾਰੇ ਅਪਣਾ ਮਨ ਬਣਾ ਹੀ ਲਿਆ ਹੋਵੇਗਾ।
ਲੈਂਡੋਰ- ਤੇ ਮਾਜ਼ੀਨੀ , ਕੀ ਉਹ ਵੀ ਤੁਹਾਡਾ ਮੈਂਬਰ ਹੈ ?
ਡਾ. ਮਾਰਕਸ-(ਹੱਸਕੇ) ਆਹ, ਨਹੀਂ। ਜੇ ਅਸੀਂ ਉਹਦੇ ਵਿਚਾਰਾਂ ਦੇ ਘੇਰੇ ਤੋਂ ਬਾਹਰ ਨਾ ਨਿਕਲਦੇ ਤਾਂ ਅਸੀਂ ਕਿਤੇ ਵੀ ਪਹੁੰਚਣਾ ਨਹੀਂ ਸੀ।
ਲੈਂਡੋਰ-ਮੈਨੂੰ ਹੈਰਾਨੀ ਹੋਈ ਹੈ। ਮੇਰਾ ਖ਼ਿਆਲ ਸੀ ਉਹਦੇ ਵਿਚਾਰ ਬਹੁਤ ਅਗਾਂਹ ਵਧੂ ਹਨ।
ਡਾ. ਮਾਰਕਸ- ਉਹਦੇ ਕੋਲ ਪੁਰਾਣੇ ਮੱਧ -ਸ਼੍ਰੇਣਿਕ ਗਣਰਾਜ ਦੇ ਖ਼ਿਆਲਾਂ ਤੋਂ ਬਿਨਾਂ ਨਵਾਂ ਕੁਝ ਨਹੀਂ। ਅਸੀਂ ਮੱਧ ਸ੍ਰæੇਣੀ ਦਾ ਕੋਈ ਹਿੱਸਾ ਨਹੀਂ ਚਾਹੁੰਦੇ। ਉਹ ਹੋਰ ਜਰਮਨ ਫਿਲਾਸਫਰਾਂ ਦੀ ਤਰ੍ਹਾਂ ਅਜੋਕੀ ਲਹਿਰ ਤੋਂ ਬਹੁਤ ਪਿਛੇ ਰਹਿ ਗਿਆ ਹੈ। ਜਿਨ੍ਹਾਂ ਨੂੰ ਅਜੇ ਵੀ ਯੂਰਪ ਵਿਚ ਭਵਿਖ ਦੀ ਸਭਿਆਚਾਰਕ ਲੋਕਰਾਜੀ ਦੇ ਮਸੀਹੇ ਕਿਹਾ ਜਾ ਰਿਹਾ ਹੈ, ਸ਼ਾਇਦ ਸੰਨ ਅਠਤਾਲੀ ਤੋਂ ਪਹਿਲਾਂ ਉਹ ਸਨ ਵੀ ਇਵੇਂ ਜਦੋਂ ਅਜੇ ਜਰਮਨੀ ਦੀ ਮੱਧ ਸ਼੍ਰੇਣੀ ਦਾ ਵਿਕਾਸ ਨਹੀਂ ਸੀ ਹੋਇਆ। ਪਰ ਹੁਣ ਤਾਂ ਉਹ ਪਿਛਾਂਹ ਖਿੱਚੂ ਹੋ ਗਏ ਹਨ ਤੇ ਜਨਤਾ ਇਹ ਜਾਣਦੀ ਹੈ।
ਲੈਂਡੋਰ-ਕੁਝ ਲੋਕਾਂ ਨੇ ਸਮਝਿਆ ਹੈ ਤੁਹਾਡੀ ਸੰਸਥਾ ਵਿਚ ਪ੍ਰਤੱਖਵਾਦੀ ਤੱਤ ਭਾਰੂ ਹੈ?
ਡਾæਮਾਰਕਸ-ਨਹੀਂ, ਬਿਲਕੁਲ ਨਹੀਂ। ਸਾਡੇ ਵਿਚ ਪ੍ਰਤੱਖਵਾਦੀ ਹਨ ਤੇ ਹੋਰ ਵੀ ਕਈ ਵਿਚਾਰਾਂ ਦੇ ਲੋਕ ਸਾਡੇ ਲਈ ਕੰਮ ਕਰਦੇ ਹਨ। ਪਰ ਅਸੀਂ ਉਨ੍ਹਾਂ ਦੇ ਪੁਰਾਣੇ ਦੀ ਥਾਂ ਉਹੋ ਜਿਹਾ ਨਵਾਂ ਕਾਇਮ ਕਰਨ ਦੇ ਵਿਚਾਰ ਦੇ ਹੱਕ ਵਿਚ ਨਹੀਂ।
ਲੈਂਡੋਰ-ਮੈਨੂੰ ਲਗਦਾ ਹੈ ਕਿ ਤੁਹਾਡੀ ਸੰਸਥਾ ਦੇ ਲੀਡਰਾਂ ਨੂੰ ਕੇਵਲ ਸੰਸਥਾ ਹੀ ਬਣਾਉਣੀ ਨਹੀਂ ਪਈ ਸਗੋਂ ਇਹਦਾ ਫਲਸਫਾ ਵੀ ਆਪੇ ਹੀ ਘੜਨਾ ਪਿਆ?
ਡਾ. ਮਾਰਕਸ-ਬਿਲਕੁਲ ਠੀਕ। ਅਸੀਂ ਸਮਝਦੇ ਹਾਂ ਕਿ ਸਾਨੂੰ ਕਿਸੇ ਨਹੀਂ ਸੀ ਪੁਛਣਾ ਜੇ ਅਸੀਂ ਸਟੂਅਰਟ ਮਿੱਲ(ਅਮਰੀਕਨ ਫਿਲਾਸਫਰ) ਦੇ ਖ਼ਿਆਲਾਂ ਨੂੰ ਆਧਾਰ ਬਣਾ ਕੇ ਤੁਰਦੇ। ਉਸਨੇ ਸਰਮਾਏ ਤੇ ਕਾਮਿਆਂ ਵਿਚਕਾਰ ਇਕੋ ਕਿਸਮ ਦੇ ਰਿਸ਼ਤੇ ਨੂੰ ਲੱਭਿਆ ਹੈ। ਸਾਨੂੰ ਉਮੀਦ ਹੈ, ਅਸੀਂ ਸਾਬਤ ਕਰ ਸਕਾਂਗੇ ਕਿ ਇਹਦੀਆਂ ਹੋਰ ਕਿਸਮਾਂ ਵੀ ਹਨ।
ਲੈਂਡੋਰ- ਤੇ ਅਮਰੀਕਾ ?
ਡਾ. ਮਾਰਕਸ-ਹਾਲ ਦੀ ਘੜੀ ਸਾਡਾ ਪਹਿਲਾ ਸਰੋਕਾਰ ਯੂਰਪੀ ਦੇਸ਼ਾਂ ਦੇ ਪੁਰਾਣੇ ਸਮਾਜ ਹਨ। ਕਈ ਹਾਲਤਾਂ ਕਰਕੇ ਅਮਰੀਕਾ ਵਿਚ ਅਜੇ ਕਾਮਿਆਂ ਦੀਆਂ ਉਹ ਸਮੱਸਿਆਵਾਂ ਅੱਗੇ ਨਹੀਂ ਆਈਆਂ। ਪਰ ਇਹ ਕਾਰਨ ਤੇਜ਼ੀ ਨਾਲ ਅਲੋਪ ਹੋ ਰਹੇ ਹਨ। ਯੂਰਪ ਵਾਂਗ ਹੀ ਕਾਮਾ ਜਮਾਤ ਦੇ ਤੇਜ਼ੀ ਨਾਲ ਹੋ ਰਹੇ ਵਾਧੇ ਨਾਲ ਅਤੇ ਸਮਾਜ ਨਾਲ ਉਨ੍ਹਾਂ ਦੇ ਪੈ ਰਹੇ ਪਾੜੇ ਕਾਰਨ ਉਨ੍ਹਾਂ ਦਾ ਮਸਲਾ ਵੀ ਸਾਹਮਣੇ ਆਵੇਗਾ।
ਲੈਂਡੋਰ- ਲਗਦਾ ਹੈ ਇੰਗਲੈਂਡ ਵਿਚ ਜੋ ਵੀ ਹੋਵੇਗਾ ਉਹ ਖੂਨ ਖਰਾਬੇ ਤੋਂ ਬਿਨਾਂ ਹੀ ਹੋ ਜਾਵੇਗਾ। ਇਥੇ ਦਾ ਸਿਸਟਮ, ਪ੍ਰੈਸ ਤੇ ਹੋਰ ਤਾਣਾ ਬਾਣਾ ਇਸ ਤਰ੍ਹਾਂ ਦਾ ਹੈ ਕਿ ਕੀ ਇਥੇ ਦੀ ਘੱਟ ਗਿਣਤੀ ਨੂੰ ਪ੍ਰਚਾਰ ਨਾਲ ਹੀ ਬਹੁਗਿਣਤੀ ਵਿਚ ਬਦਲਿਆ ਜਾ ਸਕਦਾ ਹੈ?
ਡਾ. ਮਾਰਕਸ-ਮੈਨੂੰ ਤੁਹਾਡੇ ਜਿੰਨੀ ਉਮੀਦ ਨਹੀਂ। ਇੰਗਲੈਂਡ ਦੀ ਮੱਧ ਸ਼੍ਰੇਣੀ ਨੇ ਸਦਾ ਹੀ ਬਹੁਸੰਮਤੀ ਦਾ ਫੈਸਲਾ ਖਿੜੇ ਮੱਥੇ ਮੰਨਿਆ ਹੈ, ਜਿੰਨਾ ਚਿਰ ਵੋਟਰਾਂ ‘ਤੇ ਉਨ੍ਹਾਂ ਦੀ ਪਕੜ ਕਾਇਮ ਰਹੀ। ਪਰ ਯਕੀਨ ਕਰੀਂ ਜਦੋਂ ਹੀ ਇਸ ਸ਼੍ਰੇਣੀ ਨੂੰ ਪਤਾ ਲਗਾ ਕਿ ਵੋਟਾਂ ਉਨ੍ਹਾਂ ਦੇ ਮੂਲ ਵਿਚਾਰਾਂ ਵਿਰੁੱਧ ਪਈਆਂ ਹਨ ਤਾਂ ਗੁਲਾਮ ਰੱਖਣ ਵਾਲਿਆਂ ਵਿਰੁੱਧ ਨਵੀਂ ਜੰਗ ਜ਼ਰੂਰ ਸ਼ੁਰੂ ਹੋ ਜਾਵੇਗੀ।
— ਇਸ ਅਨੋਖੇ ਬੰਦੇ ਨਾਲ ਜਿਹੜੀ ਮੇਰੀ ਗੱਲ ਬਾਤ ਹੋਈ ਉਹਦੇ ਮੋਟੇ ਨੁਕਤੇ ਮੈਂ ਤੁਹਾਨੂੰ ਦੱਸ ਚੁੱਕਾ ਹਾਂ। ਸਿੱਟੇ ਤੁਸੀਂ ਆਪ ਕੱਢ ਲਓ। ਕਮਿਊਨ ਨਾਲ ਇਹਦੀ ਮਿਲੀਭੁਗਤ ਬਾਰੇ ਭਾਵੇਂ ਕੁਝ ਵੀ ਕਿਹਾ ਜਾਵੇ ਪਰ ਇਹ ਗੱਲ ਯਕੀਨੀ ਹੈ ਕਿ ਯੂਰਪ ਦੇ ਸਭਿਅਕ ਸਮਾਜ ਵਿਚਕਾਰ ਇਕ ਨਵੀਂ ਤਾਕਤ ਆ ਬਿਰਾਜੀ ਹੈ, ਜਿਸ ਨਾਲ ਇਸਨੂੰ ਚੰਗਾ ਜਾਂ ਮਾੜਾ ਟਾਕਰਾ ਕਰਨਾ ਹੀ ਪਵੇਗਾ।