ਧਰਮ ਇਕ ਖ਼ਿਆਲ ਹੈ…/ ਅੰਗਰੇਜ਼ੀ ਤੋਂ ਉਲੱਥਾ – ਅਵਤਾਰ ਜੰਡਿਆਲਵੀ

ਦਸੰਬਰ 18,1878
ਲੰਡਨ ਦਾ ਸਿਆਲ। ਹਫ਼ਤੇ ਕੁ ਤੱਕ ਕ੍ਰਿਸਮਸ ਆ ਜਾਣੀ ਹੈ। ਦੁਕਾਨਾਂ ਤੋਹਫ਼ੇ ਖਰੀਦਣ ਵਾਲਿਆਂ ਨਾਲ ਭਰੀਆਂ ਪਈਆਂ ਹਨ। ਸ਼ਿਕਾਗੋ ਟ੍ਰਿਬਿਊਨ  ਦੇ ਪਤੱਰਕਾਰ ਦਾ ਜੁੰਮਾ ਲਗਾ ਹੈ, ਕਾਰਲ ਮਾਰਕਸ ਨੂੰ ਮਿਲੋ। ਕਿਹੋ ਜਹੀਆਂ ਗੱਲਾਂ ਕਰਦਾ ਹੈ? ਪੱਤਰਕਾਰ ਦੀ ਰਿਪੋਰਟ 5 ਜਨਵਰੀ 1879 ਦੇ ਪਰਚੇ ਵਿਚ ਛਪਦੀ ਹੈ-
ਲੰਡਨ ਦੇ ਉਤਰ ਪੱਛਮੀ ਇਲਾਕੇ ਦੀ ਇਕ ਸੜਕ ਹੈ ਹੇਵਰਸਟੌਕ ਹਿੱਲ। ਇਹਦੇ ਇਕ ਬੰਗਲੇ ਵਿਚ ਰਹਿੰਦਾ ਹੈ ਕਾਰਲ ਮਾਰਕਸ, ਅਜੋਕੇ ਸੋਸ਼ਲਿਜ਼ਮ ਦਾ ਥੰਮ। ਇਨਕਲਾਬੀ ਖ਼ਿਆਲਾਂ ਕਰਕੇ 1844 ਵਿਚ ਉਹਦੇ ਦੇਸ਼ ਜਰਮਨੀ ਨੇ ਉਹਨੂੰ ਦੇਸ਼ ਨਿਕਾਲਾ ਦੇ ਦਿੱਤਾ। 1848 ਵਿਚ ਉਹ ਦੇਸ਼ ਗਿਆ ਤਾਂ ਕੁਝ ਮਹੀਨੇ ਵਿਚ ਹੀ ਫੇਰ ਜਲਾਵਤਨ। ਉਸਨੇ ਪੈਰਿਸ ਵਿਚ ਰਹਿਣਾ ਸ਼ੁਰੂ ਕੀਤਾ ਪਰ ਸਿਆਸੀ ਖ਼ਿਆਲਾਂ ਕਰਕੇ 1849 ਵਿਚ ਉਥੋਂ ਵੀ ਕੱਢ ਦਿੱਤਾ ਗਿਆ। ਉਦੋਂ ਤੋਂ ਇਹਦਾ ਹੈਡ ਕੁਆਰਟਰ ਲੰਡਨ ਹੈ। ਇਹਦੇ ਵਿਚਾਰਾਂ ਨੇ ਸਦਾ ਹੀ ਇਸ ਲਈ ਮੁਸ਼ਕਲ ਪੈਦਾ ਕੀਤੀ ਹੈ। ਘਰ ਦੇਖ ਕੇ ਵੀ ਪਤਾ ਲਗਦਾ ਹੈ ਕਿ ਇਸੇ ਕਰਕੇ ਇਹਦੇ ਜੀਵਨ ਵਿਚ ਖੁਸ਼ਹਾਲੀ ਨਹੀਂ ਆਈ। ਦੇਸ਼ ਨਿਕਾਲੇ ਤੋਂ ਬਾਅਦ ਵੀ ਉਹਨੇ ਅਪਣੇ ਵਿਚਾਰਾਂ ਦਾ ਸਰਗਰਮੀ ਨਾਲ ਪਰਚਾਰ ਕੀਤਾ ਹੈ ਤੇ ਅਸੀਂ ਭਾਵੇਂ ਉਸਨੂੰ ਕਿੰਨਾ ਵੀ ਨਿੰਦੀਏ ਪਰ ਉਸਦੀ ਇਜ਼ਤ ਵਧੀ ਹੀ ਹੈ।
ਮੈਂ ਉਹਦੇ ਕੋਲ ਦੋ ਤਿੰਨ ਵਾਰ ਗਿਆ ਹਾਂ ਤੇ ਹਰ ਵਾਰੀ ਉਹ ਅਪਣੀ ਲਾਇਬ੍ਰੇਰੀ ਵਿਚ ਹੀ ਮਿਲਿਆ। ਉਹਦੇ ਇਕ ਹੱਥ ਕੋਈ ਕਿਤਾਬ ਤੇ ਦੂਜੇ ਵਿਚ ਸਿਗਰਟ ਹੁੰਦੀ ਸੀ। ਉਹਦੀ ਉਮਰ ਕੋਈ ਸੱਤਰਾਂ ਦੀ ਲਗਦੀ ਹੈ (ਮਾਰਕਸ ਉਦੋਂ ਸੱਠਾਂ ਦਾ ਸੀ)। ਉਹਦਾ ਸਰੀਰ ਚੰਗਾ ਗੱਠਿਆ ਹੋਇਆ ਹੈ। ਉਹਦਾ ਚਿਹਰਾ ਦਾਨਸ਼ਮੰਦਾਂ ਵਾਲਾ ਲਗਦਾ ਹੈ ਤੇ ਨਕਸ਼ ਮਿਹਨਤੀ ਯਹੂਦੀ ਵਾਲੇ ਹਨ। ਉਹਦੇ ਵਾਲ ਤੇ ਦਾੜ੍ਹੀ ਲੰਮੇ ਬੱਗੇ ਰੰਗ ਦੇ ਹਨ। ਅੱਖਾਂ ਵਿਚ ਚਮਕ ਤੇ ਭਰਵੱਟੇ ਸੰਘਣੇ। ਓਪਰਿਆਂ ਨਾਲ ਉਹ ਬੜੀ ਸਾਵਧਾਨੀ ਵਰਤਦਾ ਹੈ। ਬਾਹਰੋਂ ਆਏ ਆਮ ਤੌਰ ‘ਤੇ ਉਹਨੂੰ ਮਿਲ ਸਕਦੇ ਹਨ ਪਰ ਉਹਦੇ ਅਪਣੇ ਦੇਸ਼ ਤੋਂ ਆਉਣ ਵਾਲਿਆਂ ਲਈ ਸਖ਼ਤੀ ਹੈ, ਜਿੰਨਾ ਚਿਰ ਉਹ ਕੋਈ ਸਿਆਣ ਦਾ ਖ਼ਤ ਪੱਤਰ ਨਹੀਂ ਲਿਆਉਂਦੇ।
ਜਿਉਂ ਹੀ ਤੁਸੀਂ ਲਾਇਬ੍ਰੇਰੀ ਵਿਚ ਚਲੇ ਗਏ ਤੇ ਉਹਨੇ ਅਪਣੀ ਇਕ ਅੱਖ ਨੂੰ ਐਨਕ ਦਾ ਸ਼ੀਸ਼ਾ ਲਾ ਲਿਆ ਤਾਂ ਫੇਰ ਕੋਈ ਤਣਾਉ ਨਹੀਂ ਰਹਿੰਦਾ। ਫੇਰ ਤੁਸੀਂ ਸੰਸਾਰ ਭਰ ਦੀਆਂ ਖੁਲ੍ਹੀਆਂ ਗੱਲਾਂ ਕਰ ਸਕਦੇ ਹੋ। ਉਹਦੀ ਗੱਲ ਬਾਤ ਵੀ ਇਕੋ ਵਿਸ਼ੇ ਦੁਆਲੇ ਨਹੀਂ ਘੁੰਮਦੀ ਸਗੋਂ ਉਹਦੀ ਲਾਇਬ੍ਰੇਰੀ ਵਿਚ ਪਈਆਂ ਵੰਨ-ਸੁਵੰਨੀਆਂ ਕਿਤਾਬਾਂ ਵਾਂਗ ਹੀ ਵਿਸ਼ਾਲਤਾ ਦੀਆਂ ਹੱਦਾਂ ਨੂੰ ਛੂਹੰਦੀ ਹੈ। ਮਾੜੀ ਜਿਹੀ ਝਾਤੀ ਮਾਰ ਕੇ ਮੈਂ ਦੇਖਿਆ, ਉਹਦੀਆਂ ਸ਼ੈਲਫਾਂ ‘ਤੇ ਸ਼ੇਕਸਪੀਅਰ, ਡਿਕਨਜ਼, ਥੈਕਰੇ, ਮੋਲੀਅਰ, ਬੇਕਨ, ਗੇਟੇ, ਵੋਲਟੇਅਰ, ਪੇਨ ਵਰਗੇ ਲੇਖਕਾਂ ਦੇ ਲਿਖੇ ਅੰਗਰੇਜ਼ੀ, ਫਰਾਂਸੀਸੀ, ਜਰਮਨ, ਸਪੈਨਿਸ਼ ਬੋਲੀ ਦੇ ਐਡੀਸ਼ਨ ਨਜ਼ਰੀ ਆਏ। ਗੱਲਾਂ ਬਾਤਾਂ ਵਿਚ ਮੈਨੂੰ ਪਤਾ ਲੱਗਾ ਕਿ ਉਹਨੇ ਪਿਛਲੇ ਵੀਹਾਂ ਕੁ ਸਾਲਾਂ ਵਿਚ ਉਭਰੇ ਅਮਰੀਕਨ ਸਵਾਲਾਂ ਨੂੰ ਖੂਬ ਘੋਖਿਆ ਹੈ। ਇਨ੍ਹਾਂ ਬਾਰੇ ਉਹਦੀ ਜਾਣਕਾਰੀ ਅਤੇ ਜਿਸ ਢੰਗ ਨਾਲ ਉਹਨੇ ਸਾਡੀਆ ਸਟੇਟਾਂ ਅਤੇ ਸਮੁੱਚੇ ਰਾਸ਼ਟਰ ਦਾ ਠੀਕ ਵਿਸ਼ਲੇਸ਼ਣ ਕੀਤਾ, ਉਸ ਤੋਂ ਲਗਦਾ ਹੈ, ਉਹਦੇ ਕੁਝ ਅਪਣੇ ਅੰਦਰਲੇ ਸਰੋਤ ਹਨ। ਪਰ ਉਹਦੀ ਇਹ ਜਾਣਕਾਰੀ ਸਿਰਫ਼ ਅਮਰੀਕਾ ਬਾਰੇ ਹੀ ਨਹੀਂ ਸਗੋਂ ਸਭ ਯੂਰਪੀ ਦੇਸ਼ਾਂ ਬਾਰੇ ਵੀ ਇਵੇਂ ਹੀ ਹੈ। ਜਦੋਂ ਉਹ ਸਮਾਜਵਾਦ ਬਾਰੇ ਗੱਲਾਂ ਕਰਦਾ ਹੈ ਤਾਂ ਇਉਂ ਨਹੀਂ ਲਗਦਾ ਕਿ ਖ਼ਿਆਲੀ ਪਲਾਓ ਬਣਾ ਰਿਹਾ ਹੋਵੇ ਪਰ ਉਹ ਮਨੁੱਖ ਜਾਤ ਦੇ ਭਲੇ ਲਈ ਏਨਾ ਯਕੀਨ ਰਖਦਾ ਹੈ ਕਿ ਉਹਦੇ ਸਿਧਾਂਤ ਜੇ ਇਸ ਸਦੀ ਵਿਚ ਨਹੀਂ ਤਾਂ ਅਗਲੀ ਸਦੀ ਵਿਚ ਜ਼ਰੂਰ ਸੱਚੇ ਸਾਬਤ ਹੋ ਜਾਣਗੇ। ਅਮਰੀਕਾ ਵਿਚ ਸ਼ਾਇਦ ਲੋਕ ਉਸਨੂੰ ‘ਕੈਪੀਟਲ’ ਦੇ ਲੇਖਕ ਕਰਕੇ ਹੀ ਜਾਣਦੇ ਹਨ ਤੇ ਇੰਟਰਨੈਸ਼ਨਲ ਸੰਸਥਾ ਦੇ ਮੋਢੀ ਕਰਕੇ। ਪਰ ਜਿਹੜੀਆਂ ਗੱਲਾਂ ਮੈਂ ਉਹਦੇ ਨਾਲ ਕੀਤੀਆਂ ਉਨ੍ਹਾਂ ਵਿਚ ਉਹ ਹੋਰ ਕਈ ਮਸਲਿਆਂ ਉਤੇ ਵੀ ਚਾਨਣਾ ਪਾਉਂਦਾ ਹੈ। ਸਵਾਲਾਂ-ਜੁਆਬਾਂ ਦਾ ਸਿਲਸਿਲਾ ਕੁਝ ਇਓਂ ਸ਼ੁਰੂ ਹੋਇਆ।

? ਕੀ ਸਮਾਜਵਦੀਆਂ ਦੀ ਲਹਿਰ ਦਾ ਮੁੱਖ ਮਕਸਦ ਮਿਹਨਤ ਦੇ ਸਾਧਨਾਂ ਨੂੰ ਸਮਾਜ ਦੀ ਕੁੱਲ ਜਾਇਦਾਦ ਵਿਚ ਬਦਲਣਾ ਹੈ?
ਮਾਰਕਸ: ਹਾਂ, ਹਾਂ, ਬਿਲਕੁੱਲ। ਮੈਂ ਕਹਿੰਦਾ ਹਾਂ ਕਿ ਲਹਿਰ ਦੇ ਇਹੀ ਨਤੀਜੇ ਸਾਹਮਣੇ ਆਉਣਗੇ। ਪਰ ਇਹ ਕੋਈ ਸੌਖਾ ਕੰਮ ਨਹੀਂ ਹੈ। ਇਹਦੇ ਲਈ ਸਮਾਂ, ਸਿੱਖਿਆ ਤੇ ਬੇਹਤਰ ਸਮਾਜਕ ਸੰਸਥਾਵਾਂ ਦੀ ਲੋੜ ਪਏਗੀ।

?: ਕੀ ਤੁਹਾਡਾ ਸੰਘਰਸ਼ ਮਹਿਜ਼ ਜਰਮਨੀ ਵਰਗੇ ਮੁਲਕਾਂ ਲਈ ਹੈ?
ਮਾਰਕਸ: ਹੂੰਅ! ਜੇ ਤੁਸੀਂ ਸਾਡੇ ਸਿਧਾਂਤਾਂ ਨੂੰ ਨਿਰਾ ਅੱਖਰੀ ਗਿਆਨ ਵਾਂਗ ਪੜ੍ਹੋਗੇ ਤਾਂ ਤੁਹਾਡੇ ਪੱਲੇ ਕੁਝ ਨਹੀਂ ਪੈਣਾ। ਹਰ ਸੰਘਰਸ਼ ਦੀ ਸਥਿਤੀ ਇਕੋ ਜਿਹੀ ਨਹੀਂ ਹੁੰਦੀ। ਜਰਮਨੀ ਤੋਂ ਬਾਹਰ ਇਸ ਦਾ ਮਹੱਤਵ ਹੋਰ ਹੋ ਸਕਦਾ ਹੈ। ਸਪੇਨ, ਰੂਸ, ਇੰਗਲੈਂਡ ਤੇ ਅਮਰੀਕਾ ਦੇ ਮਜ਼ਦੂਰਾਂ ਦੀਆਂ ਅਪਣੀਆਂ ਮੁਸ਼ਕਲਾਂ ਹਨ ਤੇ ਇਨ੍ਹਾਂ ਮੁਤਾਬਕ ਹੀ ਜਥੇਬੰਦੀਆਂ ਬਣੀਆਂ ਹੋਈਆਂ ਹਨ। ਪਰ ਇਨ੍ਹਾਂ ਦਾ ਮਕਸਦ ਇਕ ਹੈ, ਜੋ ਅਸੀਂ ਹਾਸਲ ਕਰਨਾ ਚਾਹੁੰਦੇ ਹਾਂ।

? : ਇਹ ਮਕਸਦ ਕੀ ਮਜ਼ਦੂਰ ਜਮਾਤ ਦੀ ਪ੍ਰਭੂਸੱਤਾ ਕਾਇਮ ਕਰਨਾ ਹੈ?
ਮਾਰਕਸ : ਬਿਲਕੁਲ ਨਹੀਂ! ਸਾਡਾ ਮਕਸਦ ਮਜ਼ਦੂਰ ਜਮਾਤ ਦੀ ਮੁਕਤੀ ਤੋਂ ਹੈ।

? : ਕੀ ਯੂਰਪ ਦੇ ਸਮਾਜਵਾਦੀ ਅਮਰੀਕੀ ਮਜ਼ਦੂਰ ਲਹਿਰ ਨੂੰ ਮਹੱਤਵ ਦਿੰਦੇ ਹਨ?
ਮਾਰਕਸ : ਹਾਂ! ਮੰਨਿਆ ਜਾਂਦਾ ਹੈ ਕਿ ਇਥੇ ਲਹਿਰ ਵਿਦੇਸ਼ੀਆਂ ਦੀ ਦੇਣ ਹੈ। ਕਰੀਬ 50 ਸਾਲ ਪਹਿਲਾਂ ਇੰਗਲੈਂਡ ਲਹਿਰ ਬਾਰੇ ਵੀ ਇਹੋ ਕਿਹਾ ਜਾਂਦਾ ਸੀ। ਇਹ ਸਮਾਂ ਸਮਾਜਵਾਦ ਦੀ ਚਰਚਾ ਸ਼ੁਰੂ ਹੋਣ ਤੋਂ ਪਹਿਲਾਂ ਦਾ ਹੈ। ਅਮਰੀਕਾ ਵਿਚ 1857 ਤੋਂ ਬਾਅਦ ਮਜ਼ਦੂਰ ਸੰਘ ਦੀਆਂ ਸਰਗਰਮੀਆਂ ਤੇਜ਼ ਹੋਣ ਲੱਗੀਆਂ। ਅਪਣੇ ਹੱਕਾਂ ਦੀ ਸੋਝੀ ਤੇ ਏਕਤਾ ਕਾਰਨ ਹੀ ਕੌਮੀ ਮਜ਼ਦੂਰ ਸੰਘ ਹੋਂਦ ਵਿਚ ਆਇਆ। ਪਰ ਜ਼ਰਾ ਗੌਰ ਕਰੋ ਤਾਂ ਪਤਾ ਚੱਲੇਗਾ ਕਿ ਅਮਰੀਕਾ ਵਿਚ ਸਮਾਜਵਾਦੀ ਆਉਣ ਪਿਛੇ ਵੀ ਵਿਦੇਸ਼ੀਆਂ ਦਾ ਹੱਥ ਨਹੀਂ ਸੀ। ਇਹ ਪੂੰਜੀ ਦੇ ਕੇਂਦਰੀਕਰਨ ਅਤੇ ਮਜ਼ਦੂਰ-ਮਾਲਕ ਵਿਚਾਲੇ ਬਦਲੇ ਸਬੰਧਾਂ ਕਾਰਨ ਹੀ ਸੰਭਵ ਹੋ ਸਕਿਆ।

? : ਤੁਹਾਡੇ ਸਮਾਜਵਾਦ ਨੇ ਹੁਣ ਤੱਕ ਕੀਤਾ ਕੀ ਹੈ?
ਮਾਰਕਸ : ਦੋ ਗੱਲਾਂ ਵਾਪਰੀਆਂ ਨੇ। ਸਮਾਜਵਾਦੀਆਂ ਨੇ ਕੁਲ ਦੁਨੀਆ ਨੂੰ ਸੰਘਰਸ਼ ਦੀ ਚਿਣਗ ਦਿੱਤੀ। ਮਜ਼ਦੂਰਾਂ ਨੂੰ ਸਮਝ ਪਈ ਕਿ ਏਕੇ ਕਾਰਨ ਹੀ ਉਹ ਅਪਣੇ ਹੱਕ ਲੈ ਸਕਦੇ ਹਨ। ਅਜਿਹਾ ਹੋਣਾ ਵੀ ਚਾਹੀਦਾ ਸੀ ਕਿਉਂਕਿ ਇਕ ਫੈਕਟਰੀ ਜਾਂ ਕਿਸੇ ਮੁਲਕ ਦੇ ਮਜ਼ਦੂਰ, ਜੋ ਅਪਣਾ ਸੰਘਰਸ਼ ਖ਼ਤਮ ਕਰਨ ਵਿਚ ਕਾਮਯਾਬ ਹੋ ਜਾਂਦੇ ਸਨ, ਉਨ੍ਹਾਂ ਨੂੰ ਜਦੋਂ ਏਸ ਦੀ ਸਮਝ ਪਈ ਤਾਂ ਉਨ੍ਹਾਂ ‘ਦੁਨੀਆਂ ਭਰ ਦੇ ਮਜ਼ਦੂਰਾਂ ਦੇ ਇਕ ਹੋ ਜਾਣ’ ਵਿਚ ਬੇਹਤਰੀ ਸਮਝੀ। ਸਮਾਜਵਾਦ ਨੇ ਹੀ ਮਜ਼ਦੂਰ ਲਹਿਰ ਦਾ ਖਾਸਾ ਤੇ ਉਦੇਸ਼ ਦੱਸਣ ਦਾ ਕੰਮ ਕੀਤਾ ਹੈ।

? : ਤੁਹਾਡਾ ਭਾਵ ਮੌਜੂਦਾ ਪ੍ਰਬੰਧ ਨੂੰ ਉਖਾੜ ਸੁਟਣਾ ਹੈ?
ਮਾਰਕਸ : ਮੌਜੂਦਾ ਪ੍ਰਬੰਧ ਵਿਚ ਪੂੰਜੀਵਾਦੀਆਂ ਕੋਲ ਪੂੰਜੀ ਤੇ ਜ਼ਮੀਨ ਹੈ, ਦੂਜੇ ਪਾਸੇ ਮਜ਼ਦੂਰਾਂ ਕੋਲ ਮੰਡੀ ਦੇ ਰੂਪ ਵਿਚ ਵੇਚਣ ਲਈ ਸਿਰਫ਼ ਕਿਰਤ ਸ਼ਕਤੀ ਹੀ ਹੈ। ਸਾਡਾ ਮਕਸਦ ਇਸ ਢਾਂਚੇ ਨੂੰ ਤੋੜ ਕੇ ਅਪਣਾ ਪ੍ਰਬੰਧ ਕਾਇਮ ਕਰਨਾ ਹੈ। ਹਰ ਥਾਂ ਸਮਾਜ ਜਮਾਤਾਂ ਵਿਚ ਵੰਡਿਆ ਹੋਇਆ ਹੈ। ਪੂੰਜੀਪਤੀਆਂ ਤੇ ਮਜ਼ਦੂਰਾਂ ਵਿਚਾਲੇ ਪਾੜਾ ਵਧ ਰਿਹਾ ਹੈ। ਅਜਿਹੇ ਹਾਲਤਾਂ ਵਿਚ ਇਨਕਲਾਬ ਆਉਣਾ ਲਾਜ਼ਮੀ ਹੋ ਜਾਂਦਾ ਹੈ। ਮਜ਼ਦੂਰ ਸਿਆਸਤਦਾਨਾਂ ‘ਤੇ ਹੁਣ ਹੋਰ ਭਰੋਸਾ ਨਹੀਂ ਕਰ ਸਕਦੇ। ਸਿਆਸਤ ਤਜਾਰਤ ਬਣ ਕੇ ਰਹਿ ਗਈ ਹੈ। ਇਕੱਲੇ ਅਮਰੀਕਾ ਦਾ ਹੀ ਨਹੀਂ, ਯੂਰਪ ਵਿਚ ਵੀ ਇਹੋ ਹਾਲ ਹੈ। ਫਰਕ ਬੱਸ ਏਨਾ ਹੈ ਕਿ ਯੂਰਪੀਆਂ ਦੇ ਮੁਕਾਬਲੇ ਅਮਰੀਕੀ ਜ਼ਿਆਦਾ ਚੌਕਸ ਤੇ ਦ੍ਰਿੜ ਇੱਛਾ ਸ਼ਕਤੀ ਵਾਲੇ ਹਨ। ਉਥੇ ਭੇਤ ਖੁੱਲ੍ਹ ਜਾਂਦਾ ਹੈ।

? : ਕਿਹਾ ਜਾ ਰਿਹਾ ਹੈ ਕਿ ਤੁਸੀਂ ਸਮਾਜਵਾਦ ਦੇ ਕਰਤਾ-ਧਰਤਾ ਹੋ, ਅਪਣੇ ਘਰੋਂ ਹੀ ਜੱਥੇਬੰਦੀਆਂ ਤੇ ਇਨਕਲਾਬਾਂ ਦੀ ਅਗਵਾਈ ਕਰ ਰਹੇ ਹੋ। ਇਸ ਬਾਰੇ ਤੁਹਾਡਾ ਕੀ ਕਹਿਣਾ ਹੈ?
ਮਾਰਕਸ : (ਬੁਲਾਂ ‘ਤੇ ਹਲਕੀ ਜਿਹੀ ਮੁਸਕਾਨ ਲਿਆਉਂਦਿਆਂ) ਮੈਨੂੰ ਪਤਾ ਹੈ। ਪਰ ਇਹ ਨਿਰਾ ਬਕਵਾਸ ਹੈ। ਲੋਕਾਂ ਨੂੰ ਰੂਚਿਤ ਕਰਨ ਤੋਂ ਬਿਨਾਂ ਇਹ ਹੋਰ ਕੁਝ ਨਹੀਂ। ਹੋਦਿਲ ਦੀ ਕੋਸ਼ਿਸ਼ ਤੋਂ ਦੋ ਮਹੀਨੇ ਪਹਿਲਾਂ ਬਿਸਮਾਰਕ ਨੇ ਅਪਣੇ ਇਕ ਪਰਚੇ ਵਿਚ ‘ਨਾਰਥ ਜਰਮਨ ਗਜ਼ਟ’ ਵਿਚ ਮੇਰੇ ਵਿਰੁੱਧ ਇਹ ਭੰਡੀ ਪ੍ਰਚਾਰ ਕੀਤਾ ਸੀ ਕਿ ਮੈਂ ਇਸਾਈਆਂ ਦੀ ਲਹਿਰ ਦੇ ਆਗੂ ਫਾਦਰ ਬੈਂਕ ਨਾਲ ਰਲਿਆ ਹੋਇਆ ਹਾਂ; ਅਸੀਂ ਦੋਹਾਂ ਮਿਲ ਕੇ ਸਮਾਜਵਾਦੀ ਲਹਿਰ ਨੂੰ ਰੂਪ ਦਿਤਾ ਹੈ ਤਾਂ ਕਿ ਉਹ (ਬਿਸਮਾਰਕ) ਇਸਦੇ ਨਾਲ ਕੋਈ ਸਬੰਧ ਨਾ ਰੱਖ ਸਕੇ।
? : ਪਰ ਲੰਡਨ ਤੋਂ ਤੁਹਾਡੀ ਇੰਟਰਨੈਸ਼ਨਲ ਸੰਸਥਾ ਲਹਿਰ ਦੀ ਅਗਵਾਈ ਨਹੀਂ ਕਰਦੀ?
ਮਾਰਕਸ : ਇੰਟਰਨੈਸ਼ਨਲ ਦਾ ਮਹੱਤਵ ਹੁਣ ਪੁਰਾਣਾ ਹੋ ਚੁੱਕਾ ਹੈ ਤੇ ਇਹਦੀ ਹੋਂਦ ਵੀ ਨਹੀਂ ਰਹੀ। ਸਮਾਂ ਸੀ ਜਦੋਂ ਇਹ ਮਹੱਤਤਾ ਰੱਖਦੀ ਸੀ ਤੇ ਅੰਦੋਲਨਾਂ ਦਾ ਮਾਰਗ ਦਰਸ਼ਨ ਕਰਦੀ ਸੀ। ਪਰ ਕੁਝ ਸਾਲਾਂ ਤੋਂ ਸਮਾਜਵਾਦ ਏਨਾ ਵੱਧ-ਫੁਲ ਚੁੱਕਾ ਹੈ ਕਿ ਇੰਟਰਨੈਸ਼ਨਲ ਦੀ ਲੋੜ ਨਹੀਂ ਰਹਿ ਗਈ। ਦੁਨੀਆ ਭਰ ਦੇ ਮੁਲਕਾਂ ਵਿਚ ਅਖ਼ਬਾਰ ਨਿਕਲ ਰਹੇ ਹਨ। ਉਨ੍ਹਾਂ ਵਿਚ ਅਦਾਨ-ਪ੍ਰਦਾਨ ਹੁੰਦਾ ਰਹਿੰਦਾ ਹੈ। ਵੱਖਰੇ-ਵੱਖਰੇ ਮੁਲਕਾਂ ਵਿਚ ਕੰਮ ਕਰਦੀਆਂ ਪਾਰਟੀਆਂ ਲਈ ਆਪਸੀ ਹਾਲਤਾਂ ਬਣਾਉਣ ਦਾ ਇਹ ਜ਼ਰੀਆ ਹਨ। ਮਜ਼ਦੂਰਾਂ ਨੂੰ ਜੱਥੇਬੰਦ ਕਰਨ ਲਈ ਇੰਟਰਨੈਸ਼ਨਲ ਦੀ ਲੋੜ ਮਹਿਸੂਸ ਹੋਈ ਸੀ। ਦੁਨੀਆ ਭਰ ਦੇ ਮਜ਼ਦੂਰਾਂ ਨੂੰ ਇਕ ਹੋਣ ਦਾ ਹੋਕਾ ਦੇਣਾ ਸੀ। ਇਹ ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਕਿ ਦੁਨੀਆ ਭਰ ਦੇ ਮਜ਼ਦੂਰਾਂ ਦੀਆਂ ਸਮੱਸਿਆਵਾਂ ਵੱਖੋ-ਵੱਖਰੀਆਂ ਸਨ ਪਰ ਇਨ੍ਹਾਂ ਦੀ ਲੋੜ ਇਕ ਸੀ-ਮਜ਼ਦੂਰ ਮੁਕਤੀ। ਇਹ ਵੀ ਨਿਰੀ ਬਕਵਾਸ ਹੈ ਕਿ ਲੰਡਨ ਵਿਚ ਬੈਠੇ ਇੰਟਰਨੈਸ਼ਨਲ ਦੇ ਆਗੂ ਸਾਰੀਆਂ ਮਜ਼ਦੂਰ ਲਹਿਰਾਂ ਦੀ ਅਗਵਾਈ ਕਰ ਰਹੇ ਹਨ। ਇਹ ਸੱਚ ਹੈ ਕਿ ਜਦੋਂ ਇਹ ਸੰਸਥਾ ਹੋਂਦ ਵਿਚ ਆਈ ਤਾਂ ਅਸੀਂ ਵਿਦੇਸ਼ੀ ਜੱਥੇਬੰਦੀਆਂ ਨੂੰ ਸਲਾਹ ਜਾਂ ਵਿੱਤ ਦੇ ਰੂਪ ਵਿਚ ਕੋਈ ਮਦਦ ਦਿੰਦੇ ਸੀ। ਅਸੀਂ ਨਿਊਯਾਰਕ ਦੇ ਕੁਝ ਸਮੂਹਾਂ ਨੂੰ ਇੰਟਰਨੈਸ਼ਨਲ ਨਾਲੋਂ ਵੱਖ ਕਰਨ ਲਈ ਵੀ ਮਜਬੂਰ ਹੋਏ ਸੀ। ਇਨ੍ਹਾਂ ਵਿਚੋਂ ਇਕ ਗੁੱਟ ਅਜਿਹਾ ਵੀ ਸੀ, ਜਿਸ ਉਪਰ ਮਦਾਮ ਵੁੱਡਹਾਲ ਦਾ ਪ੍ਰਭਾਵ ਸੀ। ਇਹ 1871 ਦੀ ਗੱਲ ਹੈ। ਅਜਿਹੇ ਕਈ ਅਮਰੀਕੀ ਸਿਆਸਤਦਾਨ ਸਨ, ਜੋ ਲਹਿਰ ਤੋਂ ਲਾਹਾ ਖੱਟਣਾ ਚਾਹੁੰਦੇ ਸਨ। ਅਮਰੀਕੀ ਸਮਾਜਵਾਦੀ ਉਨ੍ਹਾਂ ਨੂੰ ਬੇਹਤਰ ਜਾਣਦੇ ਹਨ।
? :  ਡਾæ ਮਾਰਕਸ, ਕਿਹਾ ਜਾਂਦਾ ਹੈ ਕਿ ਮੌਜੂਦਾ ਪ੍ਰਬੰਧ ਢਹਿ-ਢੇਰੀ ਕਰਨ ਲਈ ਤੁਸੀਂ ਤੇ ਤੁਹਾਡੇ ਪੈਰੋਕਾਰਾਂ ਨੇ ਧਰਮ ਖ਼ਿਲਾਫ਼ ਭੜਕਾ ਭਾਸ਼ਣ ਦਿੱਤੇ?
ਮਾਰਕਸ : (ਭਰਵੱਟੇ ਉਪਰ ਖਿਚਦਿਆਂ) ਸਾਨੂੰ ਪਤਾ ਹੈ ਕਿ ਧਰਮ ਵਿਰੁੱਧ ਹਿੰਸਾਤਮਕ ਕਾਰਵਾਈ ਫਜ਼ੂਲ ਹੈ। ਧਰਮ ਇਕ ਖ਼ਿਆਲ ਹੈ, ਕਲਪਨਾ ਹੈ। ਸਮਾਜਵਾਦ ਦੇ ਵਿਕਾਸ ਦੇ ਨਾਲ-ਨਾਲ .ਧਰਮ ਗੁੰਮ ਹੋ ਜਾਵੇਗਾ। ਧਰਮ ਦਾ ਸਹਿਜੇ ਖ਼ਤਮ ਹੋਣਾ ਸਮਾਜ ਦੇ ਵਿਕਾਸ ਕਾਰਨ ਹੋਣਾ ਚਾਹੀਦਾ ਹੈ। ਸਿੱਖਿਆ ਇਸ ਵਿਚ ਮੋਹਰੀ ਰੋਲ ਅਦਾ ਕਰ ਸਕਦੀ ਹੈ।
? : ਸਮਾਜਵਾਦ ਲਿਆਉਣ ਲਈ ਤੁਸੀਂ ਕਤਲੇਆਮ ਦੀ ਵਕਾਲਤ ਕਰਦੇ ਹੋ?
ਮਾਰਕਸ : ਅੱਜ ਤੱਕ ਕੋਈ ਵੀ ਮਹਾਨ ਲਹਿਰ ਬਿਨਾਂ ਖੂਨ ਖਰਾਬੇ ਦੀ ਸ਼ੁਰੂ ਨਹੀਂ ਹੋਈ। ਅਮਰੀਕਾ ਦੀ ਆਜ਼ਾਦੀ ਲਈ ਖੂਨ ਵਹਾਇਆ ਗਿਆ ਸੀ। ਨੈਪੋਲੀਅਨ ਨੇ ਖੁਨ ਖਰਾਬੇ ਰਾਹੀਂ ਫਰਾਂਸ ਉਪਰ ਕਬਜ਼ਾ ਕੀਤਾ ਤੇ ਉਵੇਂ ਹੀ ਉਹਦਾ ਅੰਤ ਹੋਇਆ। ਇਟਲੀ, ਇੰਗਲੈਂਡ, ਜਰਮਨੀ ਤੇ ਇਥੋਂ ਤਕ ਕਿ ਹਰ ਦੇਸ਼ ਵਿਚ ਇਸ ਗੱਲ ਦੇ ਸਬੂਤ ਮਿਲ ਜਾਣਗੇ। ਕਤਲੋ-ਗਾਰਤ ਸਬੰਧੀ ਗੱਲ ਕਰੀਏ ਤਾਂ ਇਸ ਵਿਚ ਕਈ ਨਵੀਂ ਗੱਲ ਨਹੀਂ ਹੈ। ਓਰਸਿਨੀ ਨੇ ਨੈਪੋਲੀਅਨ ਦੀ ਹੱਤਿਆ ਦੀ ਕੋਸ਼ਿਸ਼ ਕੀਤੀ, ਇਸਾਈਆਂ ਨੇ ਕਤਲ ਕੀਤੇ। ਕਰਾਮਵੈਲ ਦੇ ਜ਼ਮਾਨੇ ‘ਚ ਪਿਊਰੇਟਨੋ ਨੇ ਕਤਲੋ-ਗਾਰਤ ਕੀਤੀ। ਸੱਚ ਤਾਂ ਇਹ ਹੈ ਕਿ ਰਾਜਿਆਂ-ਮਹਾਰਾਜਿਆਂ ਨੇ ਜਿੰਨੀਆਂ ਹੱਤਿਆਵਾਂ ਕੀਤੀਆਂ, ਓਨੀਆਂ ਦੂਸਰਿਆਂ ਨੇ ਨਹੀਂ। ਇਹ ਕਤਲੋ-ਗਾਰਤ ਜਾਂ ਇਸ ਦੀਆਂ ਕੋਸ਼ਿਸ਼ਾਂ ਸਭ ਸਮਾਜਵਾਦ ਆਉਣ ਤੋਂ ਪਹਿਲਾਂ ਦੀਆਂ ਹਨ। ਅੱਜ ਜਦੋਂ ਕਿਸੇ ਵੀ ਰਾਜਸੀ ਜਾਂ ਸਰਕਾਰੀ ਅਫ਼ਸਰ ਦੀ ਹਤਿਆ ਦੀ ਕੋਸ਼ਿਸ਼ ਹੁੰਦੀ ਹੈ ਤਾਂ ਉਹਦਾ ਇਲਜ਼ਾਮ ਸਮਾਜਵਾਦੀਆਂ ‘ਤੇ ਲਾ ਦਿੱਤਾ ਜਾਂਦਾ ਹੈ।


One Reply to “ਧਰਮ ਇਕ ਖ਼ਿਆਲ ਹੈ…/ ਅੰਗਰੇਜ਼ੀ ਤੋਂ ਉਲੱਥਾ – ਅਵਤਾਰ ਜੰਡਿਆਲਵੀ”

  1. ਮਜ਼ਦੂਰ ਜਮਾਤ ਦੀ ਮੁਕਤੀ ਤੋ° ਕੀ ਭਾਵ?
    Please explain
    Thanks

Leave a Reply

Your email address will not be published. Required fields are marked *