ਗਲੇਨ ਡਰੇਗਰ ਦੀ ਮਾਰਕਸ ਨਾਲ ਖ਼ਿਆਲੀ ਮਿਲਣੀ/ ਅੰਗਰੇਜ਼ੀ ਤੋਂ ਉਲੱਥਾ – ਕਮਲ ਦੁਸਾਂਝ

ਇਕ ਅਨੋਖੀ ਮੁਲਾਕਾਤ ਇਹ ਵੀ
ਮਨ ਬਹੁਤ ਬੇਚੈਨ ਹੋ ਰਿਹਾ ਸੀ। ਮੈਂ ਤੇਜ਼ ਕਦਮੀਂ ਟਹਿਲ ਰਿਹਾ ਸੀ। ਧੜਕਣ ਤੇਜ਼ ਹੋ ਗਈ। ਇਹ ਮੈਂ ਕੀ ਸੋਚ ਰਿਹਾ ਸੀ। ਮੁਲਾਕਾਤ! ਅਜਿਹੇ ਸਖ਼ਸ਼ ਨਾਲ ਜੋ ਇਸ ਦੁਨੀਆ ਤੋਂ ਰੁਖ਼ਸਤ ਹੋ ਚੁੱਕਾ ਹੈ। ਹਾਂ! ਇਹ ਸਖ਼ਸ਼ ਕੋਈ ਹੋਰ ਨਹੀਂ ਬਲਕਿ ਕਾਰਲ ਮਾਰਕਸ ਹੈ। ਮੈਂ ਕਾਰਲ ਮਾਰਕਸ ਤੋਂ ਅਪਣੇ ਸਵਾਲਾਂ ਦੇ ਉਤਰ ਚਾਹੁੰਦਾ ਹਾਂ, ਪਰ ਉਹ ਹੁਣ ਇਸ ਦੁਨੀਆ ਵਿਚ ਨਹੀਂ ਹੈ। ਬਹੁਤ ਮੁਸ਼ਕਲ ਸੀ, ਪਰ ਮੈਂ ਅਪਣੀ ਪੂਰੀ ਵਾਹ ਲਾਈ। ਮੈਂ ਖ਼ਿਆਲਾਂ ਵਿਚ ਹੀ ਮਾਰਕਸ ਨੂੰ ਅਪਣੇ ਸਾਹਮਣੇ ਲੈ ਆਂਦਾ। ਉਮੀਦ ਹੈ ਤੁਹਾਨੂੰ ਮੇਰੀ ਕਾਰਲ ਮਾਰਕਸ ਨਾਲ ਇਹ ਮੁਲਾਕਾਤ ਪਸੰਦ ਆਏਗੀ।
ਡਰੇਗਰ : ਮਿਸਟਰ ਮਾਰਕਸ; ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਮੌਤ ਦੀ ਨੀਂਦ ਵਿਚੋਂ ਉਠ ਕੇ ਮੇਰੇ ਸਾਹਮਣੇ ਪ੍ਰਗਟ ਹੋਏ। ਇੰਝ ਕਰਨਾ ਕੋਈ ਸੌਖਾ ਨਹੀਂ ਸੀ।
ਮਾਰਕਸ : ਹਾਂ, ਇਹ ਸੌਖਾ ਨਹੀਂ ਹੈ – ਮੈਂ ਸਮਝਦਾ ਹਾਂ ਕਿ ਇਕ ਵਾਰ ਫੇਰ ਮਰਨਾ ਕਿਸੇ ਪਿਕਨਿਕ ‘ਤੇ ਜਾਣ ਵਾਂਗ ਹੋਵੇਗਾ।
ਡਰੇਗਰ : ਜ਼ਾਹਰ ਹੈ, ਵਾਪਸ ਆਉਣ ਲਈ ਤੁਸੀਂ ਅਮਰੀਕਾ ਨੂੰ ਨਹੀਂ ਚੁਣਿਆ ਹੋਵੇਗਾ ਪਰ ਫੇਰ ਵੀ ਤੁਹਾਡਾ ਸਵਾਗਤ ਹੈ।
ਮਾਰਕਸ : ਮੈਨੂੰ ਸੱਦਣ ਲਈ ਤੁਹਾਡਾ ਧੰਨਵਾਦ, ਪਰ ਦੁਬਾਰਾ ਅਜਿਹਾ ਨਾ ਕਰਨਾ। ਤੁਸੀਂ ਮਾਰਕਸਵਾਦੀ ਹੋ?
ਡਰੇਗਰ : ਨਹੀਂ … ਨਹੀਂ, ਮੈਂ ਅਧਿਆਪਕ ਹਾਂ। ਮੈਂ ਹੈਰਾਨ ਹਾਂ ਕਿ ਕਿਸੇ ਇਕ ਦੇ ਸਿਆਸੀ ਵਿਚਾਰਾਂ ਦੀ ਪ੍ਰਵਾਹ ਕਿਤੇ ਬਿਨਾਂ ਹਰ ਕੋਈ ਤੁਹਾਡਾ ਦੇਣਦਾਰ ਹੈ। 19ਵੀਂ ਸਦੀ ਦੌਰਾਨ ਮਾਲਕਾਂ ਵੱਲੋਂ ਮਜ਼ਦੂਰਾਂ ‘ਤੇ ਕੀਤੇ ਜਾਂਦੇ ਜ਼ੁਲਮਾਂ ਪ੍ਰਤੀ ਤੁਹਾਡੀ ਫਿਕਰਮੰਦੀ ਤੇ ਉਨ੍ਹਾਂ ਲਈ ਕੀਤਾ ਸੰਘਰਸ਼ ਬਹੁਤਾ ਹੀ ਸ਼ਲਾਘਾਯੋਗ ਕਦਮ ਹੈ। ਮੈਂ ਤੁਹਾਡੀ ਕਿਤਾਬ ‘ਕੈਪੀਟਲ’ ਦੇ ਚੈਪਟਰ 10 ਵੱਲ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਹਾਂ। ਹੋਰਨਾਂ ਪੱਖਾਂ ਦੇ ਨਾਲ-ਨਾਲ ਇਹ ਲੋਕਾਂ ਨੂੰ ਕਮਿਊਨਿਸਟ ਬਣਨ ਲਈ ਸਹਿਮਤ ਹੋਣ ਵਿਚ ਮਦਦ ਕਰਦਾ ਹੈ। ਕੀ ਤੁਸੀਂ ਇਸ ਨੂੰ ‘ਦੀ ਵਰਕਿੰਗ ਡੇਅ ਐਂਡ ਨਾਈਟ’ (ਦਿਨ-ਰਾਤ ਕੰਮ ਕਰਨਾ) ਕਹਿੰਦੇ ਹੋ।
ਮਾਰਕਸ : ਬਿਲਕੁਲ ਸਹੀ। ਤੁਸੀਂ ਇਸ ਵਿਚ ਇੰਨੀ ਦਿਲਚਸਪੀ ਕਿਉਂ ਲੈ ਰਹੇ ਹੋ?
ਡਰੇਗਰ : ਮੇਰੇ ਵਿਦਿਆਰਥੀ ‘ਐਨੀਮਲ ਫਾਰਮ’ ਪੜ੍ਹ ਰਹੇ ਹਨ ਤੇ ਮੈਂ ਸਮਝਦਾ ਹਾਂ ਕਿ ਤੁਹਾਡਾ ਇਹ ਚੈਪਟਰ ਉਨ੍ਹਾਂ ਨੂੰ ਇਹ ਸਮਝਣ ਵਿਚ ਮਦਦ ਕਰੇਗਾ ਕਿ ਕਿਉਂ ਲੋਕ ਸਮਾਜਵਾਦ ਚਾਹੁੰਦੇ ਹਨ ਅਤੇ ਕਿਉਂ ਬਹੁਤੇ ਲੋਕ, ਖਾਸ ਤੌਰ ‘ਤੇ ਕਾਮੇ ਜਾਂ ਜਿਵੇਂ ਕਿ ਤੁਸੀਂ ਉਨ੍ਹਾਂ ਨੂੰ ਪ੍ਰੋਲੇਤਾਰੀ ਸੱਦਦੇ ਹੋ; ਬੁਨਿਆਦੀ ਤਬਦੀਲੀ ਚਾਹੁੰਦੇ ਹਨ, ਉਹ ਵੀ ਜਲਦੀ-ਜਲਦੀ।
ਮਾਰਕਸ : ਉਹ, ਅੱਛਾ-ਮੈਂ ਇਸ ‘ਫਾਰਮ’ ਬਾਰੇ ਕਦੇ ਸੁਣਿਆ ਨਹੀਂ ਸੀ। ਚਲੋ, ਖ਼ੈਰ ਮੁਢ ਤੋਂ ਸ਼ੁਰੂ ਕਰਦੇ ਹਾਂ। ਜਦੋਂ ਕੋਈ ਕੰਮ ਦੇ ਘੰਟਿਆਂ ਬਾਰੇ ਸੋਚਦਾ ਹੈ ਤਾਂ ਜ਼ਾਹਿਰ ਹੈ ਕਾਮਿਆਂ ਲਈ ਕੋਈ ਸੀਮਾ ਨਿਸ਼ਚਿਤ ਹੋਣੀ ਚਾਹੀਦੀ ਹੈ। ਆਖ਼ਰ ਸਾਰਿਆਂ ਨੇ ਹੀ ਖਾਣਾ-ਪੀਣਾ, ਸੌਣਾ ਹੁੰਦਾ ਹੈ।
ਡਰੇਗਰ : ਪੀਜ਼ਾ?
ਮਾਰਕਸ : ਮੈਂ ਸੁਣਿਆ ਸੀ, ਤੁਹਾਨੂੰ ਪੀਜ਼ਾ ਪਸੰਦ ਹੈ?
ਡਰੇਗਰ : ਹਾਂ … ਪਸੰਦ ਹੈ।
ਮਾਰਕਸ : ਚਲੋ ਖ਼ੈਰ, ਮੈਂ ਕਿਥੇ ਸੀ? ਉਹ ਹਾਂ, ਅੱਗੇ ਆਉਂਦੀ ਹੈ ਨੈਤਿਕਤਾ : ਕਾਮਿਆਂ ਕੋਲ ਬੌਧਿਕਤਾ, ਵਿਦਿਅਕ ਤੇ ਹੋਰ ਸਮਾਜਕ ਕੰਮ ਧੰਦਿਆਂ ਲਈ ਸਮਾਂ ਹੋਣਾ ਚਾਹੀਦਾ ਹੈ। ਕੈਪੀਟਲ ਤੇ ਕਾਮੇ ਵਿਚਾਲੇ ਸਭ ਤੋਂ ਅਹਿਮ ਸੰਘਰਸ਼ ਇਹੀ ਹੈ ਕਿ ਕੰਮ ਦਾ ਸਮਾਂ ਕਿੰਨਾ ਹੋਣਾ ਚਾਹੀਦਾ ਹੈ।
ਡਰੇਗਰ : ‘ਕੈਪੀਟਲ’ ਤੋਂ ਤੁਹਾਡਾ ਮਤਲਬ ਮਾਲਕ?
ਮਾਰਕਸ : ਹਾਂ! ਉਦੋਂ ਜਦੋਂ ਮੈਂ ਇਹ ਲਿਖਿਆ ਸੀ ਤਾਂ ਕੰਮ ਦਾ ਸਮਾਂ 12 ਤੋਂ 18 ਘੰਟੇ ਸੀ। ਵਾਲਪੇਪਰ ਮਾਲਕ ਅਪਣੇ ਕਾਮਿਆਂ ਤੋਂ ਸਵੇਰੇ 6 ਵਜੇ ਤੋਂ ਲੈ ਕੇ ਰਾਤ ਦਸ ਵਜੇ ਤੱਕ ਕੰਮ ਕਰਾਉਂਦੇ ਸਨ ਤੇ ਕਈ ਵਾਰ ਇਸ ਤੋਂ ਵੀ ਜ਼ਿਆਦਾ ਸਮਾਂ ਕੰਮ ਲੈਂਦੇ ਸਨ। ਅਜਿਹੀਆਂ ਫੈਕਟਰੀਆਂ ਵਿਚ ਬੱਚੇ ਤੇ ਜਵਾਨ ਹਫ਼ਤਾ ਭਰ ਔਸਤਨ 80 ਘੰਟੇ ਕੰਮ ਕਰਦੇ ਸਨ।
ਡਰੇਗਰ : 80?
ਮਾਰਕਸ : ਹਾਂ, 80! ਤੇਰ੍ਹਾਂ ਵਰ੍ਹਿਆਂ ਦੇ ਇਕ ਲੜਕੇ ਜੇæ ਲਾਈਟਬੋਰਨ ਨੇ ਦੱਸਿਆ, ‘ਅਸੀਂ ਪਿਛਲੀ ਸਰਦੀ ਰਾਤ 9 ਵਜੇ ਤੱਕ ਕੰਮ ਕੀਤਾ ਤੇ ਇਸ ਤੋਂ ਪਹਿਲਾਂ 10 ਵਜੇ ਤੱਕ ਕੰਮ ਕੀਤਾ। ਪਿਛਲੀ ਸਰਦੀ ਰੋਜ਼ ਰਾਤ ਨੂੰ ਮੇਰੇ ਪੈਰ ਠੰਢ ਨਾਲ ਸੁੱਜ ਜਾਂਦੇ ਸਨ ਤੇ ਬਹੁਤ ਦੁਖਦੇ ਸਨ।’
ਡਰੇਗਰ : ਇਹ ਕਿੰਨਾ ਅਸੰਭਵ ਜਿਹਾ ਲੱਗਦਾ ਹੈ ਕਿ ਲੋਕਾਂ ਨਾਲ ਇਸ ਤਰ੍ਹਾਂ ਦਾ ਵਿਹਾਰ ਹੁੰਦਾ ਸੀ। ਉਹ ਕਿਵੇਂ ਜਿਉਂਦੇ ਰਹੇ?
ਮਾਰਕਸ : ਬਹੁਤ ਤਕਲੀਫਦੇਹ ਸੀ ਉਨ੍ਹਾਂ ਦਾ ਜੀਵਨ। ਡਾ. ਜੇ.ਟੀ ਆਰਲਜ ਨੇ ਲਿਖਿਆ ਸੀ, ‘ਉਹ ਬਹੁਤ ਹੀ ਦੁੱਖਾਂ-ਤਕਲੀਫਾਂ ਵਿਚ ਵੱਡੇ ਹੁੰਦੇ ਸਨ। ਛਾਤੀ ਵਿਚ ਲਗਾਤਾਰ ਦਰਦ ਰਹਿੰਦਾ ਸੀ; ਉਹ ਜਲਦੀ ਹੀ ਬੁੱਢੇ ਹੋ ਜਾਂਦੇ ਸਨ ਤੇ ਜ਼ਾਹਰ ਹੈ, ਉਨ੍ਹਾਂ ਦੀ ਜ਼ਿੰਦਗੀ ਬਹੁਤ ਥੋੜ੍ਹੀ ਹੁੰਦੀ ਸੀ… ‘
ਡਰੇਗਰ : ਬਹੁਤ ਹੌਲਨਾਕ ਸੀ ਇਹ ਸਭ ਕੁਝ।
ਮਾਰਕਸ : ਹੌਲਨਾਕ ਤੋਂ ਵੀ ਕਿਤੇ ਜ਼ਿਆਦਾ। ਦਾਂਤੇ ਇਸ ਸਭ ਕੁਝ ਬਾਰੇ ਕਦੇ ਸੋਚ ਨਹੀਂ ਸੀ ਸਕਦਾ। ਇਸੇ ਇੰਸਟੀਚਿਊਟ ਤੋਂ ਇਕ ਡਾਕਟਰ ਚਾਰਲਸ ਪਾਰਸਨਸ ਨੇ ਲਿਖਿਆ ਸੀ ਕਿ ਕਾਰਖਾਨੇਦਾਰਾਂ ਦੀ ਵੱਡੀ ਸਫ਼ਲਤਾ ਪਿੱਛੇ ਕਾਮਿਆਂ ਦਾ ਸਰੀਰਕ ਵਿਗਾੜ, ਬਿਮਾਰੀਆਂ ਤੇ ਉਨ੍ਹਾਂ ਦੀ ਜਲਦੀ ਮੌਤ ਹੁੰਦੀ ਸੀ… ਇਨ੍ਹਾਂ ਕਾਮਿਆਂ ਦੀ ਤਕਲੀਫ਼ਦੇਹ ਮਿਹਨਤ ਨਾਲ ਸਫ਼ਲਤਾ ਦੀਆਂ ਉਸਾਰੀਆਂ ਹੁੰਦੀਆਂ ਸਨ।’ ਇਸ ਸਮੇਂ ਦੌਰਾਨ ਮੌਤ ਦੇ ਮੂੰਹ ਵਿਚ ਗਏ ਬਹੁਤੇ ਕਾਮਿਆਂ ਦੀ ਉਮਰ ਮਹਿਜ਼ ਔਸਤਨ 40 ਹੀ ਸੀ। ਉਨ੍ਹਾਂ ‘ਤੇ ਨਾ ਸਿਰਫ਼ ਕੰਮ ਦਾ ਵਾਧੂ ਭਾਰ ਹੁੰਦਾ ਸੀ ਬਲਕਿ ਖਾਣਾ ਵੀ ਢੰਗ ਸਿਰ ਦਾ ਨਸੀਬ ਨਹੀਂ ਸੀ ਹੁੰਦਾ। ਲੰਡਨ ਵਿਚ ਕਾਮਿਆਂ ਨੂੰ ਜੋ ਬਰੈਡ ਮਿਲਦੀ ਸੀ, ਉਸ ਵਿਚ ਫਟਕੜੀ, ਮਿੱਟੀ, ਮਰੇ ਹੋਏ ਕੀੜੇ-ਮਕੌੜੇ, ਹੋਰ ਪਤਾ ਨਹੀਂ ਕਿੰਨਾ ਕੁਝ ਗੰਦ-ਮੰਦ। ਇਹ ਹੈ ਤੁਹਾਡਾ ਪੂੰਜੀਵਾਦ।
ਡਰੇਗਰ : ਪੂਰੇ ਅਦਬ ਨਾਲ ਮੈਂ ਇਸ ਨੂੰ ਗ਼ੈਰ-ਜ਼ਿੰਮੇਵਾਰ ਪੂੰਜੀਵਾਦ ਕਹਾਂਗਾ।
ਮਾਰਕਸ : ਸਾਰਾ ਪੂੰਜੀਵਾਦ ਗ਼ੈਰ-ਜ਼ਿੰਮੇਵਾਰ ਹੈ।
ਡਰੇਗਰ : ਖ਼ੈਰ ਛੱਡੋ, ਮੈਂ ਕੋਈ ਬਹਿਸ ਨਹੀਂ ਕਰਨਾ ਚਾਹੁੰਦਾ। ਸਾਨੂੰ ਅਸਹਿਮਤ ਤੋਂ ਸਹਿਮਤ ਹੋਣਾ ਪਏਗਾ। ਕੀ ਮੌਤ ਤੇ ਵਾਧੂ ਕੰਮ ਵਿਚਾਲੇ ਕੋਈ ਰਾਬਤਾ ਸੀ?
ਮਾਰਕਸ : ਕੁਝ ਹਾਲਤਾਂ ਵਿਚ ਇਸ ਤੱਥ ਦਾ ਸਭ ਤੋਂ ਵੱਡਾ ਯੋਗਦਾਨ ਸੀ। ਇਕ ਮਹਿਲਾ ਮਿੱਲ ਮਜ਼ਦੂਰ, ਜਿਸ ਦੀ 20 ਵਰ੍ਹਿਆਂ ਦੀ ਉਮਰ ਵਿਚ ਹੀ ਮੌਤ ਹੋ ਗਈ ਸੀ, ਦਿਨ ਵਿਚ ਔਸਤਨ 16 ਘੰਟੇ ਕੰਮ ਕਰਦੀ ਸੀ ਤੇ ਕਈ ਵਾਰ ਬਿਨਾਂ ਆਰਾਮ ਕੀਤਿਆਂ ਲਗਾਤਾਰ 30 ਘੰਟੇ ਕੰਮ ਕਰਦੀ ਸੀ। ਉਹ ਅਪਣਾ ਕੰਮ ਜਾਰੀ ਰੱਖਣ ਲਈ ਸ਼ੈਰੀ (ਸਪੇਨ ਦੀ ਸਫੇਦ ਵਾਈਨ), ਪੋਰਟ (ਪੁਰਤਗਾਲ ਦੀ ਲਾਲ ਗੂੜ੍ਹੀ ਸ਼ਰਾਬ) ਜਾਂ ਕਾਫ਼ੀ ਪੀਂਦੀ ਸੀ। ਉਸ ਦੀ ਮੌਤ ‘ਤੇ ਡਾਕਟਰ ਨੇ ਲਿਖਿਆ ਸੀ, ‘ਮੈਰੀ ਐਨੀ, ਖਚਾਖਚ ਭਰੇ ਕਮਰੇ ਵਿਚ ਕਈ-ਕਈ ਘੰਟੇ ਲਗਾਤਾਰ ਕੰਮ ਕਰਦੀ ਸੀ। ਜਿਥੇ ਉਹ ਸੌਂਦੀ ਸੀ, ਬਹੁਤ ਹੀ ਛੋਟਾ ਕਮਰਾ ਸੀ, ਜਿਸ ਵਿਚ ਕੋਈ ਰੌਸ਼ਨਦਾਰ ਤੱਕ ਨਹੀਂ ਸੀ, ਇਸੇ ਕਾਰਨ ਉਸ ਦੀ ਛੋਟੀ ਉਮਰੇ ਮੌਤ ਹੋ ਗਈ।’
ਡਰੇਗਰ : ਮਾਲਕਾਂ ਨੇ ਕਦੇ ਮਹਿਸੂਸ ਨਹੀਂ ਕੀਤਾ ਕਿ ਉਹ ਕੀ ਕਰ ਰਹੇ ਸਨ?
ਮਾਰਕਸ : 1833, 1844 ਤੇ 1847 ਵਿਚ ਫੈਕਟਰੀ ਐਕਟ ਬਣੇ ਸਨ। ਇਹ ਯਾਦ ਰੱਖਣਾ ਚਾਹੀਦਾ ਹੈ ਕਿ ਕੰਮ ਦਾ ਸਮਾਂ ਸਿਰਫ਼ ਔਰਤਾਂ ਤੇ ਬੱਚਿਆਂ ਲਈ ਸੀਮਤ ਕੀਤਾ ਗਿਆ ਸੀ, ਪਰ 18 ਸਾਲ ਤੋਂ ਉਪਰ ਉਮਰ ਦੇ ਆਦਮੀਆਂ ਲਈ ਨਹੀਂ। ਉਨ੍ਹਾਂ ਲਈ ਕੰਮ ਦਾ ਸਮਾਂ ਸਵੇਰੇ 5:30 ਵਜੇ ਤੋਂ ਰਾਤ 8:30 ਵਜੇ ਸੀਮਤ ਕੀਤਾ ਗਿਆ। ਆਦਮੀ ਦੇਰ ਤੱਕ ਕੰਮ ਕਰ ਸਕਦੇ ਹਨ। ਕਈ ਮਾਮਲਿਆਂ ਵਿਚ ਥੱਕੇ ਹੋਏ ਬੰਦਿਆਂ ਦੀ ਥਾਂ ਤਾਜ਼ਾ ਦਮ ਵਾਲੇ ਬੰਦਿਆਂ ਨੂੰ ਵਰਤਣ ਦੀ ਪ੍ਰਣਾਲੀ ਅਪਣਾਈ ਗਈ ਤਾਂ ਜੋ ਕਾਨੂੰਨ ਦੇ ਦਾਇਰੇ ਵਿਚ ਰਿਹਾ ਜਾ ਸਕੇ।
ਡਰੇਗਰ : ਉਹ ਕੀ ਸੀ?
ਮਾਰਕਸ : ਮਾਲਕ ਔਰਤਾਂ ਤੇ ਬੱਚਿਆਂ ਨੂੰ ਇਕ ਫੈਕਟਰੀ ਤੋਂ ਦੂਜੀ ਫੈਕਟਰੀ ਜਾਂ ਇਕ ਨੌਕਰੀ ਤੋਂ ਦੂਜੀ ਥਾਂ ਭੇਜ ਦਿੰਦੇ ਸਨ ਤਾਂ ਜੋ ਸਰਕਾਰੀ ਅਧਿਕਾਰੀਆਂ ਕੋਲ ਸਹੀ ਰਿਕਾਰਡ ਰੱਖਣ ਦਾ ਰਾਹ ਹੀ ਨਾ ਹੋਵੇ ਕਿ ਕਿਸ ਨੇ ਕਿੰਨੀ ਦੇਰ ਕੰਮ ਕੀਤਾ ਤੇ ਕੌਣ ਕੰਮ ‘ਤੇ ਸੀ।
ਡਰੇਗਰ : ਕੰਮ ਦਾ ਸਮਾਂ ਕਦੋਂ ਘਟਿਆ?
ਮਾਰਕਸ : ਅਮਰੀਕਾ ਵਿਚ 1866 ਵਿਚ। ਬਾਲਟੀਮੋਰ ਵਿਖੇ ‘ਦੀ ਜਨਰਲ ਕਾਂਗਰਸ ਆਫ਼ ਲੇਬਰ’ ਨੇ ਦਿਨ ਵਿਚ 8 ਘੰਟੇ ਕੰਮ ਕਰਨ ਦਾ ਵਿਚਾਰ ਰੱਖਿਆ ਸੀ। ਪੈਰਿਸ ਵਿਚ 1855 ਵਿਚ ਉਨ੍ਹਾਂ ਨੇ ਕੰਮ ਦਾ ਸਮਾਂ 12 ਘੰਟੇ ਮਿਥਿਆ ਸੀ। ਫੈਕਟਰੀ ਇੰਸਪੈਕਟਰ ਆਰ.ਜੇ. ਸਾਂਡਰਸ ਨੇ ਲਿਖਿਆ ਸੀ, ‘ਸਮਾਜ ਦੀ ਮੁੜ ਉਸਾਰੀ ਵੱਲ ਵਧਾਏ ਹੋਰ ਕਦਮ ਸਫ਼ਲਤਾ ਦੀ ਕਿਸੇ ਆਸ ਨਾਲ ਉਦੋਂ ਤੱਕ ਨਹੀਂ ਚੁੱਕੇ ਜਾ ਸਕਦੇ, ਜਦੋਂ ਤੱਕ ਕੰਮ ਦਾ ਸਮਾਂ ਨਿਸ਼ਚਿਤ ਨਹੀਂ ਹੁੰਦਾ ਅਤੇ ਇਸ ਨੂੰ ਸਖ਼ਤੀ ਨਾਲ ਲਾਗੂ ਨਹੀਂ ਕੀਤਾ ਜਾਂਦਾ। ਇਹ ਹਮੇਸ਼ਾ ਹੀ ਸੰਘਰਸ਼ਸ਼ੀਲ ਸੀ ਤੇ ਇਹ ਹਮੇਸ਼ਾ ਰਹੇਗਾ।
ਡਰੇਗਰ : ਧੰਨਵਾਦ ਮਿਸਟਰ ਮਾਰਕਸ। ਇਤਿਹਾਸ ਦੇ ਇਸ ਯੁੱਗ ਨੂੰ ਤੁਹਾਡਾ ਯੋਗਦਾਨ ਬਹੁਤ ਵੱਡਾ ਹੈ।
ਮਾਰਕਸ : ਚੱਲੋ, ਉਮੀਦ ਕਰਦੇ ਹਾਂ ਕਿ ਦੁਬਾਰਾ ਇਹ ਕੁਝ ਨਾ ਵਾਪਰੇ।
ਨੋਟ : ਬਦਕਿਸਮਤੀ ਨਾਲ ਸੰਸਾਰ ਦੇ ਕਈ ਇਲਾਕਿਆਂ ਵਿਚ ਕੰਮ ਦੀਆਂ ਹਾਲਤਾਂ ਉਸੇ ਤਰ੍ਹਾਂ ਜਾਰੀ ਹਨ। ਬਾਲ ਮਜ਼ਦੂਰੀ, ਕੰਮ ਦਾ ਵਾਧੂ ਸਮਾਂ, ਘੱਟ ਉਜਰਤਾਂ ਅਤੇ ਜਬਰੀ ਕੰਮ ਕਰਾਉਣਾ।