fbpx Nawidunia - Kul Sansar Ek Parivar

ਗਭਰੇਟ ਹੁੰਦੀ ਪੀੜ੍ਹੀ ਤੇ ‘ਸੋ’-ਸ਼ਲ ਮੀਡੀਆ ਦੇ ਖ਼ਤਰੇ/ ਕਮਲ ਦੁਸਾਂਝ

ਵਿਦਿਆ ਵਿਚਾਰੀ ਤਾਂ ਪਰ-ਉਪਕਾਰੀ।
ਇਹ ਮਾਟੋ ਕਿਤੇ-ਕਤਾਈਂ ਸਰਕਾਰੀ ਸਕੂਲਾਂ ਵਿਚ ਹੀ ਨਜ਼ਰ ਆਉਂਦੇ ਹਨ। ਪ੍ਰਾਈਵੇਟ ਸਕੂਲਾਂ ਵਿਚ ਤਾਂ ਬਿਲਕੁਲ ਵੀ ਨਹੀਂ। ਕਿਉਂਕਿ ਵਿਦਿਆ ਹੁਣ ਇਨ੍ਹਾਂ ਸਰਕਾਰੀ ਸਕੂਲਾਂ ਵਿਚ ਨਹੀਂ ਮਿਲਦੀ, ‘ਬਾਜ਼ਾਰ’ ਵਿਚ ਵਿਕਦੀ ਹੈ। ਜਿੰਨੀ ਬੋਲੀ ਲਗਾਉਂਗੇ, ਓਨੀ ਸਸਤੀ-ਮਹਿੰਗੀ ਖ਼ਰੀਦ ਲਓ
ਪਹਿਲਾਂ ਵਿਦਿਆਰਥੀ ਵਿਦਿਅਕ ਯੋਗਤਾ ਹਾਸਲ ਕਰਨ ਲਈ ਸਕੂਲਾਂ ਵੱਲ ਮੂੰਹ ਕਰਦੇ ਸਨ, ਹੁਣ ‘ਬਾਜ਼ਾਰੀ ਸਕੂਲ’ ਤੁਹਾਡੇ ਦਰਾਂ ਤੱਕ ਪਹੁੰਚਦੇ ਹਨ, ਉਹ ਵੀ ਹਰ ਤਰ੍ਹਾਂ ਦੇ ਲਾਲਚ, ਤੋਹਫ਼ਿਆਂ ਨਾਲ। ਜਿਨ੍ਹਾਂ ਸਕੂਲਾਂ ਨੇ ਪੈਸੇ ਦੇ ਦਮ ‘ਤੇ ਆਪਣੇ ਨਾਂ ਬਣਾ ਲਏ, ਉਥੇ ਮਾਪਿਆਂ ਦੀ ਜੇਬ ਦੀ ਬੋਲੀ ਲਗਦੀ ਹੈ। ਜਿੰਨੇ ਤੁਹਾਡੀ ਜੇਬ ਵਿਚ ਪੈਸੇ ਹੋਣਗੇ, ਆਪਣੇ ਬੱਚਿਆਂ ਨੂੰ ਓਨਾ ਪੜ੍ਹਾਉਣ ਦੀ ਹੈਸੀਅਤ ਜਾਂ ਕਹਿ ਲਓ ਔਕਾਤ ਸਮਝੀ ਜਾਵੇਗੀ।
ਇਥੇ ਦਾਖ਼ਲੇ ਲਈ ਮਾਪਿਆਂ ਵਿਚ ਅੰਨ੍ਹੀ ਦੌੜ ਲਗਦੀ ਹੈ। ਆਮ ਰਾਏ ਰੱਖੀ ਜਾਂਦੀ ਹੈ ਕਿ ਜਿੰਨਾ ਮਹਿੰਗਾ ਤੇ ਰਸੂਖ਼ਦਾਰ ਸਕੂਲ ਹੋਵੇਗਾ, ਬੱਚਿਆਂ ਦਾ ਵਿਦਿਅਕ ਪੱਧਰ ਓਨਾ ਹੀ ਉੱਚਾ ਹੋਵੇਗਾ ਤੇ ਉਨ੍ਹਾਂ ਦੇ ਬੱਚੇ ਹਰ ਖੇਤਰ ਦੇ ਧਨੀ ਹੋਣਗੇ।
ਕੀ ਸੱਚ-ਮੁਚ ਇਹ ਸਕੂਲ ਆਦਰਸ਼ ਵਿਦਿਆਰਥੀ ਪੈਦਾ ਕਰ ਰਹੇ ਹਨ?
ਮੌਜੂਦਾ ਮਾਹੌਲ ਵਿਚ ਤਾਂ ਹਰ ਕੋਈ ਇਸ ਦਾ ਜਵਾਬ ਜਾਣਦਾ ਹੈ ਪਰ ਫੇਰ ਵੀ ਮੁਕਾਬਲੇ ਦੇ ਯੁੱਗ ਵਿਚ ਉਹ ਆਪਣੇ ਬੱਚਿਆਂ ਨੂੰ ‘ਨਾਮਵਰ’ ਨਿੱਜੀ ਸਕੂਲਾਂ ਵਿਚ ਪੜ੍ਹਾਉਣ ਦੀ ਦੌੜ ‘ਚੋਂ ਬਾਹਰ ਨਹੀਂ ਹੋਣਾ ਚਾਹੁੰਦਾ। ਕਿਉਂਕਿ ਸਰਕਾਰੀ ਸਕੂਲਾਂ ‘ਚ ਵਿਦਿਆ ਦਾ ਮਿਆਰ ਜਾਣ-ਬੁਝ ਕੇ ਖ਼ਤਮ ਕੀਤਾ ਜਾ ਰਿਹਾ ਹੈ।
ਦਿੱਲੀ ਦਾ ਅਜਿਹਾ ਹੀ ਇਕ ਸਕੂਲ ਅੱਜ ਆਪਣੀ ‘ਉੱਚ ਵਿਦਿਅਕ ਮੁਹਾਰਤ’ ਕਰਕੇ ਨਹੀਂ, ਸਗੋਂ ਵਿਦਿਆਰਥੀਆਂ ਦੇ ਅਭੱਦਰ ਵਿਹਾਰ ਕਾਰਨ ਚਰਚਾ ਵਿਚ ਹੈ। ਇਥੋਂ ਦੇ 11ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ‘ਇੰਸਟਾਗਰਾਮ’ ‘ਤੇ ਆਪਣੀਆਂ ਸਹਿਪਾਠਣਾਂ ਖ਼ਿਲਾਫ਼ ਅਸ਼ਲੀਲ ਟਿੱਪਣੀਆਂ ਕਰਕੇ ਸਮਾਜ ਲਈ ਗੰਭੀਰ ਚਿੰਤਾ ਖੜ੍ਹੀ ਕਰ ਦਿੱਤੀ ਹੈ।
ਇਨ੍ਹਾਂ ਵਿਦਿਆਰਥੀਆਂ ਨੇ ‘ਬਾਇਜ਼ ਲੌਕਰ ਰੂਮ’ ਚੈਟ ਨਾਂ ਦਾ ਗਰੁੱਪ ਬਣਾਇਆ ਸੀ। ਇਸ ਗਰੁੱਪ ਵਿਚ ਉਹ ਆਪਣੇ ਨਾਲ ਪੜ੍ਹਦੀਆਂ ਕੁੜੀਆਂ ਦੀਆਂ ਤਸਵੀਰਾਂ ‘ਤੇ ਨਾ ਸਿਰਫ਼ ਅਸ਼ਲੀਲ ਟਿੱਪਣੀਆਂ ਕਰਦੇ ਸਨ, ਬਲਕਿ ਬਲਾਤਕਾਰ ਕਰਨ ਤੱਕ ਦੀਆਂ ਯੋਜਨਾਵਾਂ ਘੜ ਰਹੇ ਸਨ।
ਫ਼ਿਲਹਾਲ ਦਿੱਲੀ ਪੁਲੀਸ ਦੇ ਸਾਈਬਰ ਸੈੱਲ ਨੇ ਇਕ ਵਿਦਿਆਰਥੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਬਾਕੀਆਂ ਦੀ ਵੀ ਪਛਾਣ ਕਰ ਲਈ ਹੈ। ਕਿਉਂਕਿ ਇਹ ਮਾਮਲਾ ਕਾਨੂੰਨੀ ਦਾਇਰੇ ਵਿਚ ਆਉਂਦਾ ਹੈ, ਸੋ ਨਾਬਾਲਗ ਬੱਚਿਆਂ ‘ਤੇ ਜੁਵੇਨਾਇਲ ਐਕਟ ਤਹਿਤ ਤੇ ਬਾਲਗ ਵਿਦਿਆਰਥੀਆਂ ‘ਤੇ ਆਮ ਮਾਮਲਾ ਹੋਣਾ ਤੈਅ ਹੈ। ਪਰ ਕਿਉਂਕਿ ਇਸ ਨਾਮੀ ਸਕੂਲ ਵਿਚ ‘ਵੱਡੇ ਘਰਾਂ’ ਦੇ ਬੱਚੇ ਹਨ, ਤਾਂ ਜ਼ਾਹਰਾ ਤੌਰ ‘ਤੇ ਇਹ ਮਾਮਲਾ ਕੁੱਝ ਦਿਨਾਂ ਨੂੰ ਰਫ਼ਾ-ਦਫ਼ਾ ਹੋ ਜਾਵੇਗਾ।
ਸਵਾਲ ਹੈ-
ਕੀ ਸਖ਼ਤ ਜਾਂ ਮਾਮੂਲੀ ਸਜਾਵਾਂ ਦੇਣ ਨਾਲ ਸਭ ਠੀਕ ਹੋ ਜਾਵੇਗਾ?
ਸ਼ਾਇਦ ਨਹੀਂ, ਕਿਉਂਕਿ ਇਹ ਅਤਿ-ਸੰਵੇਦਨਸ਼ੀਲ ਮਾਮਲਾ ਹੈ। ਇਹ ਸਮੱਸਿਆ ਹੁਣ ਸਿਰਫ਼ ਗ਼ਰੀਬੀ, ਅਨਪੜ੍ਹਤਾ ਜਾਂ ਬੇਰੁਜ਼ਗਾਰੀ ਨਾਲ ਨਹੀਂ ਜੁੜੀ। ਇਹ ਸਾਡੇ-ਤੁਹਾਡੇ ਬੱਚਿਆਂ ਦੇ ਦਿਮਾਗ਼ਾਂ ਨੂੰ ‘ਸ਼ੈਤਾਨ’ ਬਣਾ ਕੇ ਜ਼ਿੰਦਗੀ ਦੇ ਅਸਲ ਅਰਥਾਂ ਤੋਂ ਪਰ੍ਹੇ ਲਿਜਾਣ ਦੀਆਂ ਚਾਲਾਂ ਹਨ। ਉਨ੍ਹਾਂ ਦੇ ਦਿਮਾਗ਼ਾਂ ਨੂੰ ਖੁੰਢੇ ਕਰਕੇ ਸਵਾਲ ਕਰਨ ਤੋਂ ਅਸਮਰਥ ਬਣਾਇਆ ਜਾ ਰਿਹਾ ਹੈ। ਇਹਦੇ ਪਿਛੇ ਸੰਸਾਰ ਵਪਾਰ ਪੂੰਜੀ ਕੰਮ ਕਰ ਰਹੀ ਹੈ। ਇਨ੍ਹਾਂ ਦਾ ਸਭ ਤੋਂ ਪਹਿਲਾ ਮਕਸਦ ਵਿਦਿਆਰਥੀਆਂ ਦੀ ਸੋਝੀ ਨੂੰ ਕੁਚਲਣਾ ਹੈ ਤਾਂ ਜੋ ਉਹ ‘ਸੰਸਾਰ ਪੂੰਜੀਪਤੀਆਂ’ ਦੀਆਂ ਹੱਥ-ਠੋਕਾ ਹਕੂਮਤਾਂ ਨੂੰ ਸਵਾਲ ਨਾ ਕਰ ਸਕਣ।
ਨਵੀਂ ਪੀੜ੍ਹੀ ਦੇ ਦਿਮਾਗ਼ਾਂ ਨੂੰ ‘ਜਾਮ’ ਕਰਨ ਲਈ ਨਿਤ ਨਵੀਆਂ ਤਕਨੀਕਾਂ ਇਜਾਦ ਹੋ ਰਹੀਆਂ ਹਨ। ਸ਼ਾਤਰ ਦਿਮਾਗ਼ਾਂ ਦਾ ਵੱਡਾ ਕੁਨਬਾ ਮੰਡੀ ਵਿਚ ਦਿਮਾਗ਼ਾਂ ਨੂੰ ਆਪਣੇ ਵਸ ਵਿਚ ਕਰਨ ਵਾਲੇ ਔਜਾਰਾਂ ਨਾਲ ਲੈਸ ਬੈਠਾ ਹੈ।
ਸੋਸ਼ਲ ਮੀਡੀਆ ਨਸ਼ਿਆਂ ਤੇ ਮਾਰੂ ਹਥਿਆਰਾਂ ਵਾਂਗ ਹੀ ਕੰਮ ਕਰ ਰਿਹਾ ਹੈ।
ਅੱਜ ਜੋ ਘਟਨਾ ਵਾਪਰੀ ਹੈ, ਉਹ ਦਿੱਲੀ ਦੇ ਕਿਸੇ ਇਕ ਸਕੂਲ ਦੀ ਨਹੀਂ। ਹਰ ਥਾਂ ਵਾਪਰ ਰਹੀ ਹੈ। ਮਾਪੇ ਆਪਣੀ ਲੋੜ ਮੁਤਾਬਕ ਹੀ ਇਨ੍ਹਾਂ ਤਕਨੀਕਾਂ ਨੂੰ ਵਰਤਣ ਦੀ ਜੁਗਤ ਸਿੱਖਦੇ ਹਨ। ਉਨ੍ਹਾਂ ਲਈ ਵਟਸਐਪ, ਫੇਸਬੁੱਕ ਨੂੰ ਚਲਾਉਣਾ ਹੀ ਵੱਡਾ ਕਾਰਜ ਹੈ।
ਸ਼ਾਇਦ ਹੀ ਕਿਸੇ ਨੇ ਨੋਟ ਕੀਤਾ ਹੋਵੇ ਕਿ ਵਟਸਐਪ, ਫੇਸਬੁੱਕ ‘ਤੇ ਨਵੀਂ ਪੜ੍ਹੀ-ਲਿਖੀ  ਪੀੜ੍ਹੀ ਅਚਾਨਕ ‘ਗਾਇਬ’ ਕਿਉਂ ਹੁੰਦੀ ਜਾ ਰਹੀ ਹੈ। ਉਹਦਾ ਵੱਡਾ ਕਾਰਨ, ਉਨ੍ਹਾਂ ਦੇ ਮਾਪੇ ਵੀ ਇਨ੍ਹਾਂ ਦੀ ਵਰਤੋਂ ਕਰਨ ਲੱਗ ਪਏ ਹਨ। ਇਸ ਲਈ ‘ਇੰਸਟਾਗਰਾਮ’ ਉਨ੍ਹਾਂ ਨੂੰ ‘ਨਿੱਜੀ’ ਲਗਦਾ ਹੈ। ਉਥੇ ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ ‘ਫਾਲੋ’ ਨਹੀਂ ਕਰਦੇ। ‘ਸੋ’-ਸ਼ਲ ਮੀਡੀਆ ਉਨ੍ਹਾਂ ਨੂੰ ਪਰਿਵਾਰ, ਸਮਾਜ ਤੋਂ ਦੂਰ ‘ਨਿੱਜਤਾ’ ਵੱਲ ਲੈ ਕੇ ਜਾ ਰਿਹਾ ਹੈ। ‘ਗ਼ਲਤ’-‘ਸਹੀ’ ਵਿਚਾਲੇ ਫ਼ਰਕ ਕਰਨ ਦੀ ਉਨ੍ਹਾਂ ਨੂੰ ਸਮਝ ਨਹੀਂ। ਉਹ ਉਹੀ ਕਰ ਰਹੇ ਹਨ, ਜੋ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨੂੰ ਪਰੋਸਿਆ ਜਾ ਰਿਹਾ ਹੈ।
ਜਦੋਂ ਅੱਜ ਸਾਡੀਆਂ ਬੁਨਿਆਦੀ ਲੋੜਾਂ ਤੋਂ ਸਰਕਾਰਾਂ ਨੇ ਪੂਰੀ ਤਰ੍ਹਾਂ ਹੱਥ ਖਿੱਚ ਲਏ ਹਨ ਤਾਂ ਉਹ ਹਰ ਬੰਦੇ ਦੇ ਹੱਥ ਮੋਬਾਈਲ, ਇੰਟਰਨੈੱਟ ਵਰਗੀਆਂ ਸੇਵਾਵਾਂ ਦੇ ਕੇ ਆਪਣੀਆਂ ਮਨ-ਮਰਜ਼ੀਆਂ ਕਰ ਰਹੀਆਂ ਹਨ।
ਅੱਜ ਪਰਿਵਾਰ, ਬੱਚਿਆਂ ਨਾਲ ਦੋਸਤਾਨਾ ਰਿਸ਼ਤਾ ਮਜ਼ਬੂਤ ਕਰਨ ਦੇ ਨਾਲ ਨਾਲ ਹਕੂਮਤੀ ਚਾਲਾਂ ‘ਤੇ ਵੀ ਨਜ਼ਰ ਰੱਖਣ ਦੀ ਲੋੜ ਜ਼ਰੂਰੀ ਬਣ ਗਈ ਹੈ।

Share this post

Leave a Reply

Your email address will not be published. Required fields are marked *