fbpx Nawidunia - Kul Sansar Ek Parivar

ਸਿੱਖ ਕਤਲੇਆਮ ਬਾਰੇ ਬਣੀ ਪਹਿਲੀ ਫ਼ਿਲਮ ’31 ਅਕਤੂਬਰ’

ਇਤਿਹਾਸ ਹਮੇਸ਼ਾ ਕੋਈ ਬਹੁਤ ਦੂਰ ਦੀ ਚੀਜ਼ ਨਹੀਂ ਹੁੰਦੀ। ਉਹ ਕੁੱਝ ਅਜਿਹਾ ਨਹੀਂ ਹੁੰਦਾ ਜੋ ਅੱਖਾਂ ਤੋਂ ਪਰੇ ਹੋ ਗਿਆ ਹੋਵੇ। ਅਕਸਰ ਇਤਿਹਾਸ ਬਹੁਤ ਨੇੜਿਉਂ ਵੀ ਹੁੰਦਾ ਹੈ। ਐਨੇ ਨੇੜੇ ਕਿ ਜਦੋਂ ਯਾਦ ਆਉਂਦਾ ਹੈ, ਤਕਲੀਫ਼ ਨਾਲ ਭਰ ਦਿੰਦਾ ਹੈ। ਉਸ ਦੀ ਛਾਪ ਠੰਢ ਦੇ ਮੌਸਮ ‘ਚ ਉੱਭਰ ਆਉਣ ਵਾਲੇ ਪੁਰਾਣੇ ਦਰਦ ਵਰਗੀ ਹੁੰਦੀ ਹੈ। ਅਪਣੀ ਪਹਿਲੀ ਫ਼ਿਲਮ ਧੱਗ (ਧੁੱਖਦੀ ਅੱਗ, 2012, ਮਰਾਠੀ) ਲਈ ਰਾਸ਼ਟਰੀ ਪੁਰਸਕਾਰ ਹਾਸਲ ਕਰਨ ਵਾਲੇ ਨਿਰਦੇਸ਼ਕ ਸ਼ਿਵਾਜੀ ਲੋਟਨ ਪਾਟਿਲ ਦੀ ਫ਼ਿਲਮ ’31 ਅਕਤੂਬਰ’ ਸਾਨੂੰ ਕੁੱਝ ਇਸੇ ਅੰਦਾਜ਼ ‘ਚ ਇਤਿਹਾਸ ਤੋਂ ਰੂ-ਬ-ਰੂ ਕਰਵਾਉਂਦੀ ਹੈ।

ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਮਗਰੋਂ ਹੋਏ ਸਿੱਖ ਵਿਰੋਧੀ ਦੰਗਿਆਂ ਦੀ ਤਸਵੀਰ ਪੇਸ਼ ਕਰਦੀ ਇਹ ਫ਼ਿਲਮ ਸੈਂਸਰ ਦੀ ਜ਼ਰੂਰੀ ਕੱਟ-ਵੱਢ ਮਗਰੋਂ ਸਾਹਮਣੇ ਹੈ। ਕੁੱਝ ਖ਼ਾਸ ਲੋਕਾਂ ਦੀਆਂ ਸੰਵੇਦਨਾਵਾਂ ਨੂੰ ਢਾਹ ਨਾ ਲੱਗੇ ਇਸ ਲਈ ਫ਼ਿਲਮ ‘ਚੋਂ ਕਤਲ ਮਗਰੋਂ ਹੋਈ ਹਿੰਸਾ ‘ਚ ਸਿਆਸੀ ਅਗਵਾਈ ਦੀ ਭੜਕਾਊ ਭੂਮਿਕਾ ਨੂੰ ਰਫ਼ਾ-ਦਫ਼ਾ ਕਰ ਦਿਤਾ ਗਿਆ ਹੈ। ਇਸ ਲਈ ਤਸਵੀਰ ਇਹ ਹੈ ਕਿ ਜੋ ਕਤਲੇਆਮ ਹੋਇਆ ਉਸ ਲਈ ਜ਼ਿੰਮੇਵਾਰ ਸਿਰਫ਼ ਸਮਾਜ ਦੇ ਰਸਤਿਉਂ ਭਟਕੇ ਲੋਕ ਸਨ।

ਫ਼ਿਲਮ ਸਾਧਾਰਨ ਸਿੱਖ ਪਤੀ-ਪਤਨੀ ਦੀ ਕਹਾਣੀ ਹੈ। ਜਿਨ੍ਹਾਂ ਦੇ ਛੋਟੇ-ਛੋਟੇ ਬੱਚੇ ਹਨ। ਦਿੱਲੀ ਸਰਕਾਰ ਦੇ ਬਿਜਲੀ ਵਿਭਾਗ ‘ਚ ਕੰਮ ਕਰਦੇ ਸਿੱਧੇ-ਸਰਲ, ਦੂਜਿਆਂ ਦੀ ਮਦਦ ਨੂੰ ਸਦਾ ਤਤਪਰ ਸਰਦਾਰਜੀ (ਵੀਰ ਦਾਸ) ਪ੍ਰਤੀ ਉਨ੍ਹਾਂ ਦੇ ਕਰੀਬੀਆਂ ਦੀਆਂ ਨਜ਼ਰਾਂ ਅਚਾਨਕ ਬਦਲ ਜਾਂਦੀਆਂ ਹਨ, ਜਦੋਂ ਇੰਦਰਾ ਗਾਂਧੀ ਦੇ ਕਤਲ ਦੀ ਖ਼ਬਰ ਆਉਂਦੀ ਹੈ। ਉਨ੍ਹਾਂ ਰਿਸ਼ਤੇਦਾਰਾਂ ਦਾ ਵੀ ਜੀਵਨ ਇੱਥੇ ਦਿਸਦਾ ਹੈ, ਜੋ ਗੁਰਦਵਾਰੇ ‘ਚ ਸੇਵਾਵਾਂ ਦੇ ਰਹੇ ਹਨ। ਸਮਾਂ ਕਰਵਟ ਬਦਲਦਾ ਹੈ ਅਤੇ ਸਾਰੇ ਇਕ-ਇਕ ਕਰ ਕੇ ਦੰਗਾਈਆਂ ਦੇ ਸ਼ਿਕਾਰ ਹੋ ਜਾਂਦੇ ਹਨ। ਪਰ ਇਸ ਹਿੰਸਕ ਸਮੇਂ ‘ਚ ਉਨ੍ਹਾਂ ਦੇ ਕੁੱਝ ਹਿੰਦੂ ਮਿੱਤਰ ਉੱਭਰਦੇ ਹਨ ਜੋ ਸਰਦਾਰਜੀ ਅਤੇ ਉਸ ਦੇ ਪਰਿਵਾਰ ਨੂੰ ਅਪਣੀ ਜਾਨ ਜ਼ੋਖ਼ਮ ‘ਚ ਪਾ ਕੇ ਬਚਾਉਂਦੇ ਹਨ। ਉਨ੍ਹਾਂ ਨੂੰ ਦੰਗਾ ਪੀੜਤ ਇਲਾਕੇ ਤੋਂ ਬਾਹਰ ਕੱਢਦੇ ਹਨ। ਫ਼ਿਲਮ ‘ਚ ਪੁਲਿਸ ਦਾ ਇਸ ਮਾਹੌਲ ‘ਚ ਅੱਖਾਂ ਬੰਦ ਕਰ ਕੇ ਰਹਿਣਾ ਅਤੇ ਕਿਤੇ-ਕਿਤੇ ਦੰਗਾਈਆਂ ਦੇ ਹੱਕ ‘ਚ ਅਤੇ ਸਿੱਖਾਂ ਵਿਰੁਧ ਹੋਣਾ ਵੀ ਵਿਖਾਇਆ ਗਿਆ ਹੈ। ਪਰ ਉਹ ਕਹਾਣੀ ਵਾਂਗ ਜ਼ਿਆਦਾ ਆਉਂਦਾ ਹੈ; ਹਕੀਕਤ ਵਰਗਾ ਘੱਟ।

ਫ਼ਿਲਮ ‘ਚ ਪੰਜਾਬ ਦੇ ਤਤਕਾਲੀ ਹਾਲਾਤ ਦਾ ਜ਼ਿਕਰ ਹੈ ਪਰ ਹਲਕੇ ਸੰਦਰਭ ‘ਚ । ਨਿਰਦੇਸ਼ਕ ਨੇ ਜਿੰਨਾ ਸੰਭਵ ਹੋਇਆ ਓਨੀ ਸੱਚਾਈ ਨਾਲ ਹਾਲਾਤ ਬਿਆਨ ਕੀਤੇ ਹਨ। 31 ਅਕਤੂਬਰ, 1984 ਦੇ ਦ੍ਰਿਸ਼ ਭਰੋਸੇਯੋਗਤਾ ਨਾਲ ਰਚੇ ਗਏ ਹਨ ਅਤੇ ਅਸਰ ਰਖਦੇ ਹਨ। ਵੀਰ ਦਾਸ ਅਤੇ ਸੋਹਾ ਅਪਣੇ ਕਿਰਦਾਰਾਂ ਨੂੰ ਜਿਊਂਦੇ ਦਿਸਦੇ ਹਨ। ਫ਼ਿਲਮ ਸਵਾਲ ਕਰਦੀ ਹੈ ਕਿ ਜਿਨ੍ਹਾਂ ਨੇ ਇਸ ਬਿਪਤਾ ਨੂੰ ਭੁਗਤਿਆ, ਉਨ੍ਹਾਂ ਨੂੰ 30 ਸਾਲਾਂ ਤੋਂ ਵੀ ਜ਼ਿਆਦਾ ਸਮਾਂ ਲੰਘਣ ਮਗਰੋਂ ਕੀ ਨਿਆਂ ਮਿਲਿਆ? ਦੋਸ਼ੀਆਂ ਨੂੰ ਸਜ਼ਾਵਾਂ ਮਿਲੀਆਂ? ਅਜਿਹਾ ਨਹੀਂ ਹੋਇਆ। ਆਖ਼ਰ ਗੱਲ ਇਹੀ ਕਿ ਤੂਫ਼ਾਨ ਸੀ, ਲੰਘ ਗਿਆ।

ਬੱਚੇ ਅਪਣੀਆਂ ਥਾਵਾਂ ‘ਤੇ ਜੀਵਨ ਦੀ ਰਾਹ ‘ਚ ਅੱਗੇ ਵਧ ਗਏ। ਹੁਣ ਕਿਉਂ ਪੀਲੈ ਪੈ ਚੁੱਕੇ ਕਾਗਜ਼ਾਂ ‘ਚ ਦਰਜ ਬਿਆਨਾਂ, ਤਸਵੀਰਾਂ ਅਤੇ ਜ਼ਖ਼ਮਾਂ ਨੂੰ ਛਾਤੀ ਨਾਲ ਲਾ ਕੇ ਰਖਿਆ ਜਾਵੇ? ਪਰ ਕੀ ਇਹ ਸੱਭ ਭੁੱਲ ਜਾਣਾ ਐਨਾ ਆਸਾਨ ਹੈ? ਸ਼ਾਇਦ ਅਜਿਹੀਆਂ ਦਹਿਲਾਉਂਦੀਆਂ ਯਾਦਾਂ ਲਈ ਹੀ ਸ਼ਾਇਰ ਨਿਦਾ ਫ਼ਾਜ਼ਲੀ ਨੇ ਲਿਖਿਆ ਸੀ : ਬੇਨਾਮ ਸਾ ਯੇ ਦਰਦ ਠਹਿਰ ਕਿਉਂ ਨਹੀਂ ਜਾਤਾ/ਜੋ ਬੀਤ ਗਿਆ ਹੈ ਵੋ ਗੁਜ਼ਰ ਕਿਉਂ ਨਹੀਂ ਜਾਦਾ। ਇਸ ਸਾਲ ਫ਼ਰਵਰੀ ‘ਚ ਸਾਡੇ ਤੋਂ ਵਿਦਾ ਲੈਣ ਵਾਲੇ ਨਿਦਾ ਦਾ ਜਨਮਦਿਨ ਇਸੇ ਮਹੀਨੇ ਦੀ 12 ਤਰੀਕ ਨੂੰ ਲੰਘਿਆ ਹੈ।

ਦੇਸ਼ ਅੰਦਰ ਐਮਰਜੈਂਸੀ ਅਤੇ ਦੂਜੇ ਘਟਨਾਕ੍ਰਮਾਂ ਬਾਰੇ ਕਈ ਫ਼ਿਲਮਾਂ ਬਣ ਚੁੱਕੀਆਂ ਹਨ ਪਰ 1984 ਦੇ ਸਿੱਖ ਵਿਰੋਧੀ ਦੰਗਿਆਂ ‘ਤੇ ਬਣੀ ਇਹ ਪਹਿਲੀ ਫ਼ਿਲਮ ਹੈ। ਇਸ ਲਈ ਇਸ ਫ਼ਿਲਮ ਨੂੰ ਇਕ ਵਾਰ ਵੇਖਿਆ ਜਾ ਸਕਦਾ ਹੈ। ਹਾਲਾਂਕਿ ਪਟਕਥਾ ਥੋੜ੍ਹੀ ਦਮਦਾਰ ਹੁੰਦੀ ਤਾਂ ਫ਼ਿਲਮ ਹੋਰ ਬਿਹਤਰ ਹੋ ਸਕਦੀ ਸੀ। ਇਹ ਫ਼ਿਲਮ ਕਈ ਫ਼ਿਲਮ ਮੇਲਿਆਂ ‘ਚ ਸੁਰਖੀਆਂ ਬਟੋਰ ਚੁੱਕੀ ਹੈ।

 

Share this post

Leave a Reply

Your email address will not be published. Required fields are marked *