fbpx Nawidunia - Kul Sansar Ek Parivar

ਨਾਬਰੀ ਦੀ ਆਵਾਜ਼ ਬਰਾਸਤਾ ਮੇਰਾ ਕੀ ਕਸੂਰ ! /ਇੰਦਰਜੀਤ ਚੁਗਾਵਾਂ

ਤੂਫ਼ਾਨ ਮੱਚਿਆ ਪਿਐ ਯਾਰੋ ! ਇੱਕ ਗੀਤ ‘ਚ ਏਨਾ ਮਾਦਾ ਕਿ ਹਾਹਾਕਾਰ ਮਚ ਜਾਵੇ ?ਤੇ ਗੀਤ ਵੀ ਕਿਹੜਾ ਕਿ ਮੇਰਾ ਕੀ ਕਸੂਰ ! ਕਸੂਰ ਲੱਭਣ ਲਈ ਸਿਰਦਰਦੀ ਤਾਂ ਲੈਣੀ ਹੀ ਪਊ ! ਫੇਰ ਈ ਗੁਨਾਹਗਾਰ ਦਾ ਪਤਾ ਲੱਗੂ ! ਗੀਤ ਸ਼ੁਰੂ ਹੁੰਦੈ ਇੱਕ ਸੁਆਲ ਨਾਲ ਤੇ ਸੁਆਲ ਵੀ ਅਜਿਹਾ ਕਿ ਝੁਣਝੁਣੀ ਛੇੜਦੈ ! ਕਮਾਲ ਹੋ ਗਈ ਏਹ ਤਾਂ ! ਲੱਭਣ ਤਾਂ ਲੱਗੇ ਸੀ ਕਸੂਰਵਾਰ ਤੇ ਛਿੜ ਗਈ ਝੁਣਝੁਣੀ !  ਬੱਲੇ ਓਏ ਬਾਵਾ !  ਬੱਲੇ ਓਏ ਬੀਰ ਸਿੰਹਾਂ !  ਗੁਨਾਹ ਤਾਂ ਕੋਈ ਕੀਤਾ ਹੋਣੈਂ ਮਿੱਤਰੋ ! ਐਂਵੇ ਤਾਂ ਨਹੀਂ ਬਨੇਰਿਆਂ ਤੇ ਬੈਠੇ ਤਮਾਸ਼ਬੀਨ ? ਚਲੋ, ਹੁਣ ਆਪਾਂ ਦੇਖਣੈਂ ਕਿ ਇਹ ਤਮਾਸ਼ਾ ਐ ਜਾਂ ਬਗ਼ਾਵਤ ? ਬੀਰ-ਬਾਵਾ ਦੀ ਜੋੜੀ ਨੇ ਕਿਹਾ ਕੀ ਐ, ਆਓ ਜ਼ਰਾ ਗਹੁ ਨਾਲ ਵਿਚਾਰੀਏ !  ਵਿਚਾਰਨ ਲਈ ਕਿਹੈ ਭਾਈ, ਸੁਣਨ ਲਈ ਨਹੀਂ ! ਇਹ ਕਿਉਂ ਕਿਹਾ ? ਕਿਉਂਕਿ ਬਾਣੀ ਦਾ ਪਾਠ ਨਿੱਤ ਸੁਣਦੇ ਓ ਤੁਸੀਂ ਪਰ ਵਿਚਾਰਦੇ ਉੱਕਾ ਨਹੀਂ ! ਜੇ ਵਿਚਾਰਦੇ ਹੁੰਦੇ, ਵਿਚਾਰ ਕੇ ਜ਼ਮੀਨ ‘ਤੇ ਉਤਾਰਦੇ ਹੁੰਦੇ ਤਾਂ ਇਨ੍ਹਾਂ ਮੁੰਡਿਆਂ ਨੂੰ ਕੀ ਪੁੱਛਣ ਦੀ ਲੋੜ ਸੀ ਕਿ ਮੇਰਾ ਕੀ ਕਸੂਰ ਆ ! ਕੀ ਕਹਿ ਰਹੀ ਐ ਬੀਰ-ਬਾਵਾ ਦੀ ਜੋੜੀ; “🎻🪕 ਕੈਸੀ ਤੇਰੀ ਮੱਤ ਲੋਕਾ, ਕੈਸੀ ਤੇਰੀ ਬੁੱਧ ਆ 🪕ਭੁੱਖਿਆਂ ਲਈ ਮੁੱਕੀਆਂ ਤੇ ਪੱਥਰਾਂ ਨੂੰ ਦੁੱਧ ਆ🪕ਜੇ ਮੈਂ ਸੱਚ ਬਹੁਤਾ ਬੋਲਿਆ ਤਾਂ ਮਚ ਜਾਣਾ ਯੁੱਧ ਆ🪕ਗ਼ਰੀਬੜੇ ਦੀ ਛੋਹ ਮਾੜੀ ਗਊ ਦਾ ਮੂਤ ਸ਼ੁੱਧ ਆ 🪕ਚਲੋ ਮੰਨਿਆਂ ਬਈ ਤਕੜਾ ਏਂ ਤੇਰਾ ਆਪਣਾ ਗਰੂਰ ਆ🪕ਜੇ ਮੈਂ ਮਾੜੇ ਘਰ ਜੰਮਿਆਂ ਤਾਂ ਮੇਰਾ ਕੀ ਕਸੂਰ ਆ ! 🪕ਗਾਤਰੇ ਜਨੇਊ ਤੇ ਕਰਾਸ ਗਲ਼ ਪਾ ਲਏ 🪕ਵਿਚਾਰ ਅਪਣਾਏ ਨਾ ਤੇ ਬਾਣੇ ਅਪਣਾ ਲਏ 🪕ਚੌਧਰਾਂ ਦੇ ਭੁੱਖਿਆਂ ਅਸੂਲ ਸਾਰੇ ਖਾ ਲਏ …….!”🎻🪕ਮਾੜਾ ਕੀ ਐ ਇਸ ਗੀਤ ‘ਚ ? ਸਾਡੇ ਬਾਬੇ ਨਾਮਦੇਵ, ਭਗਤ ਕਬੀਰ , ਸਾਡੇ ਰਹਿਬਰ ਬਾਬਾ ਰਵਿਦਾਸ ਨੇ ਵੀ ਤਾਂ ਇਹੋ ਕੁੱਝ ਕਿਹਾ ਸੀ। ਇਹ ਆਵਾਜ਼ ਤਾਂ ਸਦੀਆਂ ਤੋਂ ਉੱਠ ਰਹੀ ਐ ! ਜੇ ਇੱਕ ਪਸ਼ੂ ਦੇ ਮੂਤਰ ਦਾ ਸੇਵਨ ਕੀਤਾ ਜਾ ਸਕਦੈ, ਜੇ ਉਸ ਪਸ਼ੂ ਦੀ ਪੂਜਾ ਕੀਤੀ ਜਾ ਸਕਦੀ ਐ ਤਾਂ ਇੱਕ ਖ਼ਾਸ ਵਰਗ ਦੇ ਲੋਕਾਂ ਦੀ ਛੋਹ ਮਾਤਰ ਨਾਲ ਤੁਸੀਂ ਅਪਵਿੱਤਰ ਕਿਵੇਂ ਹੋ ਸਕਦੇ ਓ ? ਉਹ ਵੀ ਉਨ੍ਹਾਂ ਦੀ ਛੋਹ ਨਾਲ ਜੋ ‘ਮਾਂ’ ਕਹੀ ਜਾਂਦਾ ਗਾਂ ਦੀ ਦੇਖ-ਭਾਲ਼ ਕਰਦੇ ਹਨ।  ਉਨ੍ਹਾਂ ਦੇ ਹੱਥਾਂ ਦਾ ਚੋਇਆ ਹੋਇਆ ਦੁੱਧ ਤਾਂ ਤੁਸੀਂ ਮਜ਼ੇ ਨਾਲ ਪੀ ਜਾਂਦੇ ਓ ! ਜੇ ਇਹ ਵਧੀਕੀ ਸਮਾਜ ‘ਚ ਨਹੀਂ ਹੈ ਤਾਂ ਗਾਇਕ-ਗੀਤਕਾਰ ਦੋਵੇਂ ਦੋਸ਼ੀ ਹਨ । ਦੂਸਰੀ ਗੱਲ, ਇਹ ਗੀਤ ਕਿਸੇ ਵੀ ਧਰਮ ਦੇ ਵਿਰੁੱਧ ਹੈ ਈ ਨਹੀਂ ! ਇਹ ਤਾਂ ਗਾਤਰਾ, ਜਨੇਊ ਤੇ ਕਰਾਸ ਪਾਈ ਫਿਰਦੇ ਬਹੁਰੂਪੀਆਂ ‘ਤੇ ਵਾਰ ਕਰਦੈ। ਇਹ ਗੀਤ ਤਾਂ ਬਾਣੇ ਦੀ ਥਾਂ ਬਾਣੀ ਦੀ ਗੱਲ ਕਰਦੈ ! ਕਿਵੇਂ ਇਨਕਾਰ ਕਰੋਗੇ ਕਿ ਮੰਦਰਾਂ, ਗੁਰਦੁਆਰਿਆਂ, ਚਰਚਾਂ , ਮਸੀਤਾਂ ‘ਤੇ ਛਲ-ਕਪਟ ਦਾ ਰਾਜ ਨਹੀਂ ਹੈ ? ਜੇ ਅਜਿਹਾ ਨਾ ਹੁੰਦਾ ਤਾਂ ਆਸਾਰਾਮ, ਸਿਰਸੇ ਵਾਲੇ ਗੁਰਮੀਤ ਵਰਗੇ ਜੇਲ੍ਹ ਦੀ ਹਵਾ ਨਾ ਖਾ ਰਹੇ ਹੁੰਦੇ । ਧੀ ਮਾਰਨ ਦੇ ਦੋਸ਼ ਹੇਠ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਨੂੰ ਸੀਖਾਂ ਨਾ ਦੇਖਣੀਆਂ ਪੈਂਦੀਆਂ ! ਕੋਈ ਵੀ ਦੇਸ਼ ਸਿਰਫ ਭਾਵਨਾਵਾਂ ਆਸਰੇ ਨਹੀਂ ਚਲ ਸਕਦਾ, ਉਸ ਨੂੰ ਚਲਾਉਣ ਲਈ ਇੱਕ ਸੰਵਿਧਾਨ ਹੁੰਦੈ। ਸਾਡੇ ਦੇਸ਼ ਦਾ ਵੀ ਇੱਕ ਸੰਵਿਧਾਨ ਹੈ ਤੇ ਇਹ ਸੰਵਿਧਾਨ ਬੋਲਣ-ਲਿਖਣ ਦੀ ਆਜ਼ਾਦੀ ਦਾ ਹੱਕ ਆਪਣੇ ਹਰ ਨਾਗਰਿਕ ਨੂੰ ਦਿੰਦੈ। ਬੀਰ-ਬਾਵਾ ਨੇ ਸਮਾਜ ਵਿਚਲੇ ਕੋਹੜ ਵੱਲ ਉਂਗਲ ਕੀਤੀ ਹੈ ਤੇ ਅਜਿਹਾ ਕਰਨਾ ਕੋਈ ਗੁਨਾਹ ਨਹੀਂ ਹੈ। ਬਿਮਾਰੀ ਦੇ ਇਲਾਜ ਲਈ ਉਸ ਦੀ ਸ਼ਨਾਖ਼ਤ ਤਾਂ ਬਹੁਤ ਜ਼ਰੂਰੀ ਐ । ਏਨੀ ਕੁ ਗੱਲ ਨਾਲ ਭਾਵਨਾਵਾਂ ਨੂੰ ਸੱਟ ਲੱਗ ਗਈ ?  ਜੇ ਭਾਵਨਾਵਾਂ ਏਨੀਆਂ ਈ ਕਮਜ਼ੋਰ ਹਨ ਤਾਂ ਉਨ੍ਹਾਂ ਨੂੰ ਹੁਣ ਤੱਕ ਤਾਂ ਮਰ-ਮੁੱਕ ਜਾਣਾ ਚਾਹੀਦਾ ਸੀ ਕਿਉਂਕਿ ਦੇਸ਼ ‘ਤੇ ਰਾਜ ਕਰ ਰਹੀ ਪਾਰਟੀ, ਭਾਰਤੀ ਜਨਤਾ ਪਾਰਟੀ ਦੇ ਆਗੂ ਸੰਗੀਤ ਸੋਮ ਦੀ ਕੰਪਨੀ ਬੀਫ ਐਕਸਪੋਰਟ ਕਰਨ ਵਾਲ਼ੀਆਂ ਕੰਪਨੀਆਂ ਦੀ ਮੋਹਰਲੀ ਕਤਾਰ ‘ਚ ਸ਼ਾਮਲ ਹੈ। ਇਨ੍ਹਾਂ ਭਾਵਨਾਵਾਂ ਨੇ ਆਪਣੇ ਆਗੂ ਦੇ ਕਾਰੋਬਾਰ ਨੂੰ ਸ਼ਾਇਦ ਨੱਕ ‘ਤੇ ਰੁਮਾਲ ਰੱਖਕੇ ਬਰਦਾਸ਼ਤ ਕਰ ਲਿਐ !  ਭਾਵਨਾਵਾਂ ਦੇ ਵਪਾਰੀ ਏਨੇ ਸ਼ਾਤਿਰ ਹਨ ਕਿ ਇੱਕ ਮੁਕੱਦਮਾ ਕਰਕੇ ਹਿੰਦੂ ਧਰਮ ਦਾ ਠੇਕੇਦਾਰ ਬਣਦਾ ਹੈ ਤੇ ਦੂਸਰਾ ਆਪਣੀ ਝੰਡੀ ਉੱਚੀ ਕਰਨ ਲਈ ਬਾਵਾ ਦਾ ਮੂੰਹ ਕਾਲਾ ਕਰਨ ਵਾਲੇ ਨੂੰ ਇੱਕ ਲੱਖ ਰੁਪਈਏ ਦੇ ਇਨਾਮ ਦਾ ਐਲਾਨ ਕਰਦਾ ਹੈ। ਪਹਿਲੀ ਗੱਲ ਇਹ ਕਿ ਇਹ ਆਗੂ ਇਨਾਮ ਦਾ ਐਲਾਨ ਈ ਕਿਓਂ ਕਰੇ ? ਜੇ ਇਹ ‘ਨੇਕ ਕੰਮ’ ਕਰਕੇ ਉਸ ਦੀਆਂ ਜ਼ਖ਼ਮੀ ਭਾਵਨਾਵਾਂ ਨੂੰ ਠੰਡ ਪੈਂਦੀ ਐ ਤਾਂ ਉਹ ਆਪਣੇ ਹੱਥੀਂ ਕਿਉਂ ਨਹੀਂ ਕਰ ਲੈਂਦਾ ? ਦੂਸਰਿਆਂ ਦੇ ਪੁੱਤਾਂ ਨੂੰ ਕਿਓਂ ਉਕਸਾਵੇ ਦੇ ਰਿਹੈ ? ਦੂਸਰੀ ਗੱਲ ਇਹ ਕਿ ਕੋਈ ਕਾਨੂੰਨ ਦਾ ਰਾਜ ਹੈ ਵੀ ਕਿ ਨਹੀਂ ? ਅਜਿਹੀਆਂ ਭੜਕਾਹਟਾਂ ਪੈਦਾ ਕਰਨ ਵਾਲੇ ਵਿਰੁੱਧ ਪੰਜਾਬ ਸਰਕਾਰ ਕੇਸ ਕਿਓਂ ਨਹੀਂ ਦਰਜ ਕਰਦੀ ? ਜੇ ਪੰਜਾਬ ਸਰਕਾਰ ਇਹ ਫਰਜ਼ ਨਹੀਂ ਨਿਭਾਉਂਦੀ ਤਾਂ ਸੂਬੇ ਦੀ ਹਾਈ ਕੋਰਟ ਇਸ ਭੜਕਾਹਟ ਦਾ ਖ਼ੁਦ ਨੋਟਿਸ ਲੈ ਕੇ ਕਿਓਂ ਨਹੀਂ ਮੁਕੱਦਮਾ ਚਲਾਉਂਦੀ ? ਵੈਸੇ ਇਨ੍ਹਾਂ ਭਗਵੇਂ ਸਿਪਾਹ ਸਿਲਾਰਾਂ ਨੂੰ ਇੱਕ ਹੋਰ ਸ਼ਖ਼ਸ ਦਾ ਮੂੰਹ ਵੀ ਲੱਗੇ ਹੱਥ ਕਾਲਾ ਕਰ ਈ ਦੇਣਾ ਚਾਹੀਦੈ। ਉਹ ਸ਼ਖ਼ਸ ਹੈ ਪਾਰੇਸ਼ ਰਾਵਲ, ਅਹਿਮਦਾਬਾਦ ਤੋਂ ਭਾਰਤੀ ਜਨਤਾ ਪਾਰਟੀ ਦਾ ਲੋਕ ਸਭਾ ਮੈਂਬਰ। ਪਾਰੇਸ਼ ਰਾਵਲ ਇੱਕ ਕਮਾਲ ਦਾ ਅਦਾਕਾਰ ਹੈ। ਉਸ ਦੀ ਫ਼ਿਲਮ ‘ਓ ਮਾਈ ਗਾਡ’ ਦੇਖਣ ਵਾਲੀ ਹੈ। ਉਸ ਦਾ ਇੱਕ ਡਾਇਲਾਗ ਹੈ,”ਜਹਾਂ ਧਰਮ ਹੈ ਵਹਾਂ ਸੱਤਿਆ ਕੇ ਲੀਏ ਜਗ੍ਹਾ ਨਹੀਂ ਹੈ ਔਰ ਜਹਾਂ ਸੱਤਿਆ ਹੈ ਵਹਾਂ ਧਰਮ ਕੀ ਜ਼ਰੂਰਤ ਹੀ ਨਹੀਂ ਹੈ।” ਇਸੇ ਫ਼ਿਲਮ ‘ਚ ਹੀ ਪਾਰੇਸ਼ ਰਾਵਲ ਕਹਿੰਦਾ ਹੈ,” ਮੰਦਰ ਮੇਂ ਆਨੇ ਵਾਲਾ ਏਕ ਏਕ ਸ਼ਖ਼ਸ ਵੋ ਪੱਥਰ ਪੇ ਦੂਧ ਡਾਲਨੇ ਕੀ ਬਜਾਇ ਕਿਸੀ ਗਰੀਬ ਕੇ ਪੇਟ ਮੇਂ ਡਾਲੇ ਤੋ ਸਬ ਸੇ ਬੜਾ ਪੁੰਨਿਆ ਮਿਲੇਗਾ।” ਇਹ ਡਾਇਲਾਗ ਤਾਂ ਇਸ ਗਾਣੇ ਨਾਲ਼ੋਂ ਵੀ ਜ਼ਿਆਦਾ ਤਿੱਖੇ ਹਨ। ਪਰ ਨਹੀਂ, ਹੁਣ ਕਿਉਂਕਿ ਪਾਰੇਸ਼ ਰਾਵਲ ਉਨ੍ਹਾਂ ਦਾ ਆਪਣਾ ਹੋ ਗਿਐ, ਉਹ ਅਜਿਹਾ ਨਹੀਂ ਕਰਨਗੇ। ਕਿਹਾ ਜਾ ਰਿਹੈ ਕਿ ਬਾਵਾ ਨੇ ਮੁਆਫ਼ੀ ਮੰਗ ਲਈ ਐ ! ਇਹ ਮੁਆਫ਼ੀ ਉਨ੍ਹਾਂ ਲਈ ਖ਼ਬਰ ਹੋ ਸਕਦੀ ਹੈ ਜਿੰਨ੍ਹਾਂ ਦਾ ਕੰਮ ਸਿਰਫ ਅੱਖਾਂ ਮੀਟ ਕੇ ਕੱਛਾਂ ਵਜਾਉਣਾ ਹੁੰਦੈ, ਇਹ ਮੁਆਫ਼ੀ ਉਨ੍ਹਾਂ ਨੂੰ ਆਨੰਦ ਦੇ ਸਕਦੀ ਹੈ ਜੋ ਵਿਆਹਾਂ ‘ਚ ਡੀਜੇ ‘ਤੇ ਚਲ ਰਹੇ “ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ, ਤੇਰੇ ‘ਚੋਂ ਤੇਰਾ ਯਾਰ ਬੋਲਦਾ” ਗਾਣੇ ਦੀ ਧੁਨ ‘ਤੇ ਆਪਣੀ ਹੀ ਧੀ-ਭੈਣ ਵੱਲ ਇਸ਼ਾਰੇ ਕਰ ਕਰਕੇ ਨੱਚ ਸਕਦੇ ਹਨ ਪਰ ਹਨੇਰਿਆਂ ਨੂੰ ਵੰਗਾਰ ਸਕਣ ਦਾ ਹੌਸਲਾ ਰੱਖਣ ਵਾਲ਼ਿਆਂ ਨੂੰ ਇਸੇ ਗੱਲ ਦਾ ਫ਼ਖ਼ਰ ਐ ਕਿ ਉਨ੍ਹਾਂ ਦੇ ਖਿਆਲਾਂ ਦੀ ਰੌਸ਼ਨੀ ਲਈ ਉਨ੍ਹਾਂ ਨੂੰ ਇੱਕ ਅਜਿਹਾ ਗੀਤ ਮਿਲ ਗਿਆ ਹੈ ਜਿਸ ਨੇ ਮਜ਼੍ਹਬੀ ਜਨੂੰਨੀਆਂ ‘ਚ ਤਰਥੱਲੀ ਮਚਾ ਕੇ ਰੱਖ ਦਿੱਤੀ ਹੈ ਤੇ ਬੀਰ-ਬਾਵਾ ਦੀ ਜੋੜੀ ਇਸ ਲਈ ਵਧਾਈ ਦੀ ਹੱਕਦਾਰ ਐ । ਸਮਾਂ ਮੰਗ ਕਰਦੈ ਕਿ ਇਸ ਜੋੜੀ ਦੇ ਸਮਰਥਨ ‘ਚ ਖੁੱਲ੍ਹਕੇ ਮੈਦਾਨ ‘ਚ ਆਇਆ ਜਾਵੇ ।ਤੁਹਾਡੀਆਂ ਅੱਖਾਂ ਸਾਹਮਣੇ ਜੇ ਕਿਸੇ ਨਿਮਾਣੇ-ਨਿਤਾਣੇ ਨਾਲ ਵਧੀਕੀ ਹੋ ਰਹੀ ਹੋਵੇ ਤਾਂ ਤੁਸੀਂ ਉਸ ਵਕਤ ਚੁੱਪ ਵੱਟ ਲਓ ਤੇ ਬਾਅਦ ‘ਚ ਉਸ ਵਧੀਕੀ ਵਰਗੇ ਗੁਨਾਹਾਂ, ਜ਼ੁਲਮਾਂ ਬਾਰੇ ਪਰ੍ਹਿਆ ‘ਚ ਜਾਂ ਸਟੇਜਾਂ ਤੋਂ ਪ੍ਰਵਚਨ ਸੁਣਾਓ ਤਾਂ ਤੁਹਾਡੇ ਤੋਂ ਵੱਡਾ ਅਪਰਾਧੀ ਕੋਈ ਹੋ ਈ ਨਹੀਂ ਸਕਦਾ ! ਤੁਹਾਡੇ ਸਾਹਮਣੇ ਸੱਚ ਦੀ ਆਵਾਜ਼ ਦਾ ਗਲ਼ਾ ਘੁੱਟਿਆ ਜਾ ਰਿਹਾ ਹੋਵੇ ਤੇ ਤੁਸੀਂ ਚੁੱਪ ਰਹੋ ਤਾਂ ਤੁਸੀਂ ਵੀ ਕਾਤਲਾਂ ਦੀ ਕਤਾਰ ‘ਚ ਈ ਖੜੇ ਕੀਤੇ ਜਾਓਗੇ ।ਜ਼ਰਾ ਕੁ ਅੰਦਰ ਝਾਤੀ ਮਾਰੋਗੇ ਤਾਂ ਤੁਹਾਡੇ ਅੰਦਰਲਾ ਈ ਤੁਹਾਨੂੰ ਲਾਹਣਤਾਂ ਪਾਵੇਗਾ ਕਿ ਜੇ ਤੂੰ ਉਸ ਵਕਤ ਜ਼ੁਬਾਨ ਖੋਲ੍ਹ ਲੈਂਦਾ, ਜੇ ਤੂੰ ਨਿਮਾਣੇ-ਨਿਤਾਣੇ ਦੇ ਹੱਕ ਵਿੱਚ ਹਾਅ ਦਾ ਨਾਅਰਾ ਸਮੇਂ ਸਿਰ ਮਾਰਿਆ ਹੁੰਦਾ ਤਾਂ ਜ਼ੁਲਮਾਂ ਦੀ ਲੜੀ ਨਹੀਂ ਸੀ ਲੱਗਣੀ ! ਜ਼ਰਾ ਅੰਦਰ ਝਾਤ ਮਾਰ ਕੇ ਸੋਚਣਾ ਕਿ ਜੇ ‘ਕੰਮੀ-ਕਮੀਣ’ ਵਰਗੇ ਨਫ਼ਰਤੀ ਲਫ਼ਜ਼ ਅੱਜ ਵੀ ਕੰਨੀ ਪੈ ਜਾਂਦੇ  ਹਨ ਤਾਂ ਗੁਨਾਹਗਾਰ ਕੌਣ ਐਂ ? ਹਾਂ, ਅਸੀਂ ਹਾਂ ਗੁਨਾਹਗਾਰ! ਕੋਈ ਸ਼ੱਕ ਨਹੀਂ ਕਿਉਂਕਿ ਅਸੀਂ ਵੇਲੇ ਸਿਰ ਬੋਲੇ ਈ ਨਹੀਂ ! ਜ਼ਰਾ ਵਿਚਾਰਿਓ ਤਾਂ ਸਹੀ ਕਿ ਸਾਡੀ ਆਪਣੀ ਹੀ ਚੁੱਪ ਨੇ ਸਾਡਾ ਕਿੰਨਾ ਨੁਕਸਾਨ ਕਰਕੇ ਰੱਖ ਦਿੱਤੈ। ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਦੇ ਨਾਂਅ ਹੇਠ ਜ਼ੁਬਾਨਬੰਦੀ ਦਾ ਹਥਿਆਰ ਏਸੇ ਚੁੱਪ ਦਾ ਹੀ ਨਤੀਜਾ ਹੈ। ਭਾਰਤੀ ਦੰਡਾਵਲੀ ਦੀ ਧਾਰਾ 295-ਏ ਬਰਤਾਨਵੀ ਸਾਮਰਾਜ ਦੀ ਗੁਲਾਮੀ ਵੇਲੇ ਦੀ ਦੇਣ ਹੈ। ਉਦੋਂ ਇਸ ਦਾ ਮਕਸਦ ਕੌਮੀ ਮੁਕਤੀ ਲਹਿਰ ਨੂੰ ਕਮਜ਼ੋਰ ਕਰਨ ਲਈ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਅਧੀਨ ਫਿਰਕੂ ਵੰਡ ਨੂੰ ਪੱਕਾ ਕਰਨਾ ਸੀ। ਆਜ਼ਾਦੀ ਤੋਂ ਬਾਅਦ ਚਾਹੀਦਾ ਤਾਂ ਇਹ ਸੀ ਕਿ ਇਸ ਕਾਨੂੰਨ ਨੂੰ ਰੱਦ ਕੀਤਾ ਜਾਂਦਾ ਪਰ ਸਾਡੇ ਆਪਣੇ ਹੁਕਮਰਾਨਾਂ ਨੇ ਇਸ ਨੂੰ ਹੋਰ ਵੀ ਸਖ਼ਤ ਕਰ ਦਿੱਤਾ। ਦੇਸ਼ ਦੀ ਵੰਡ ਤੋਂ ਪਹਿਲਾਂ ਇਸ ਕਾਨੂੰਨ ਅਧੀਨ ਸਜ਼ਾ ਇੱਕ ਸਾਲ ਦੀ ਕੈਦ ਸੀ ਜੋ ਬਾਅਦ ‘ਚ ਵਧਾ ਕੇ ਦੋ ਸਾਲ ਕਰ ਦਿੱਤੀ ਗਈ। ਮਾਮਲਾ ਇੱਥੇ ਹੀ ਨਹੀਂ ਰੁਕਿਆ, ਅਕਾਲੀ-ਕਾਂਗਰਸੀ ਹਾਕਮਾਂ ਨੇ ਕੁੱਝ ਖ਼ਾਸ ਹਾਲਾਤ ‘ਚ ਇਹ ਸਜ਼ਾ ਵਧਾ ਕੇ 10 ਸਾਲ ਕਰ ਦਿੱਤੀ ਹੋਈ ਐ। ਕਾਰਨ; ਕਿਉਂਕਿ ਅਸੀਂ ਚੁੱਪ ਰਹੇ ! ਸਾਡੀ ਚੁੱਪ ਹੀ ਹੈ ਕਿ ਉਹ ਸਾਨੂੰ ਕਦੇ ਗ੍ਰੰਥ ਸਾਹਿਬ ਦੀ ਬੇਹੁਰਮਤੀ ਦੇ ਨਾਂਅ ‘ਤੇ , ਕਦੇ ਗੁਟਕੇ ਦੀ ਸਹੁੰ ਦਾ ਆਡੰਬਰ ਰਚ ਕੇ ਗੁੰਮਰਾਹ ਕਰ ਜਾਂਦੇ ਹਨ।ਇਹ ਸਾਰੀ ਖੇਡ ਬਹੁਤ ਈ ਖ਼ਤਰਨਾਕ ਹੈ, ਜਿਸ ਦੀ ਸਾਨੂੰ ਆਮ ਲੋਕਾਂ ਨੂੰ ਛੇਤੀ ਕੀਤਿਆਂ ਸਮਝ ਈ ਨਹੀਂ ਪੈਂਦੀ। ਬਰਤਾਨਵੀ ਹੁਕਮਰਾਨਾਂ ਦਾ ਮਕਸਦ ਜੇ ਕੌਮੀ ਮੁਕਤੀ ਲਹਿਰ ਨੂੰ ਕਮਜ਼ੋਰ ਕਰਨਾ ਸੀ ਤਾਂ ‘ਸਾਡੇ ਆਪਣਿਆਂ’ ਦਾ ਮਕਸਦ ਉਨ੍ਹਾਂ ਦੀਆਂ ਜੜ੍ਹਾਂ ਨੂੰ ਖੋਖਲਾ ਕਰਨ ਵਾਲੇ ਤਰਕਸ਼ੀਲ, ਫ਼ਿਰਕਾ ਰਹਿਤ ਸੁਚੱਜੇ ਸਮਾਜਿਕ ਵਿਹਾਰ ਨੂੰ ਉੱਭਰਨੋਂ ਰੋਕਣਾ ਅਤੇ ਮੌਜੂਦਾ ਪ੍ਰਬੰਧ ਨੂੰ ਮਜ਼ਬੂਤੀ ਬਖ਼ਸ਼ਣ ਵਾਲੇ ਪਾਖੰਡੀ, ਢੋਂਗੀ ਬਾਬਿਆਂ-ਡੇਰਿਆਂ ਵੱਲੋਂ ਲੋਕਾਂ ਨੂੰ ਮਾਨਸਿਕ ਗੁਲਾਮ ਬਣਾਕੇ ਉਨ੍ਹਾਂ ਦੀ ਕੀਤੀ ਜਾਂਦੀ ਲੁੱਟ ਖ਼ਿਲਾਫ਼ ਬੋਲਣ ਦੀ ਜੁਰਅਤ ਰੱਖਣ ਵਾਲ਼ਿਆਂ ਦੀ ਜ਼ੁਬਾਨਬੰਦੀ ਐ। ਭੁੱਲੇ ਤਾਂ ਸ਼ਾਇਦ ਨਹੀਂ ਹੋਵੋਗੇ, ਫਿਰ ਵੀ ਯਾਦ ਕਰਵਾਉਣਾ ਬਣਦੈ ਕਿ ਇਸ ਹਥਿਆਰ ਦੀ ਵਰਤੋਂ ਉੱਘੇ ਕਵੀ ਸੁਰਜੀਤ ਗੱਗ, ਨਾਮਵਰ ਲੇਖਕ ਬਲਦੇਵ ਸਿੰਘ ਸੜਕਨਾਮਾ ਖ਼ਿਲਾਫ਼ ਹਾਲ ਹੀ ‘ਚ ਹੋ ਚੁੱਕੀ ਐ। ਤਰਕਸ਼ੀਲ ਆਗੂ ਮੇਘ ਰਾਜ ਮਿੱਤਰ, ਅਮਿੱਤ ਮਿੱਤਰ, ਵਰਿੰਦਰ ਦੀਵਾਨਾ ਵੀ ਇਸ ਦੇ ਸ਼ਿਕਾਰਾਂ ਦੀ ਕਤਾਰ ਵਿੱਚ ਹਨ।ਕਿਹਾ ਜਾਂਦੈ ਕਿ ਸੰਗੀਤ ਰੂਹ ਨੂੰ ਸਕੂਨ ਦਿੰਦੈ ।ਜ਼ਿਆਦਾਤਰ ਗੀਤ ਅਜਿਹੇ ਹੀ ਹੁੰਦੇ ਹਨ ਜੋ ਪਲ ਭਰ ਦਾ ਆਨੰਦ ਦਿੰਦੇ ਹਨ ਤੇ ਫਿਰ ਵਿੱਸਰ ਜਾਂਦੇ ਹਨ । ਵਿਰਲੇ ਈ ਹੁੰਦੇ ਹਨ ਜੋ ਲੰਮਾ ਸਮਾਂ ਤੁਹਾਡੇ ਜ਼ਿਹਨ ‘ਤੇ ਛਾਏ ਰਹਿੰਦੇ ਹਨ , ਤੁਹਾਡਾ ਸਕੂਨ ਖੋਹ ਲੈਂਦੇ ਹਨ, ਤੁਹਾਨੂੰ ਪਰੇਸ਼ਾਨ ਕਰ ਦਿੰਦੇ ਹਨ। ਇਹ ਉਹ ਗੀਤ ਹੁੰਦੇ ਹਨ , ਜਿਨ੍ਹਾਂ ‘ਚ ਕੋਈ ਵਿਚਾਰ ਹੁੰਦਾ ਹੈ ਤੇ ਵਿਚਾਰ ਕਦੇ ਛੇਤੀ ਕੀਤੇ ਦਮ ਨਹੀਂ ਤੋੜਦਾ ! ਇਹ ਗੀਤ ਵੀ ਅਜਿਹਾ ਹੀ ਹੈ। ਇਹ ਵੀ ਉਨ੍ਹਾਂ ਕਿਰਤਾਂ ਵਿੱਚ ਜਾ ਸ਼ਾਮਲ ਹੋਇਐ ਜਿਨ੍ਹਾਂ ਦੀ ਲੋਅ ਓਨੀ ਦੇਰ ਕਾਇਮ ਰਹੇਗੀ ਜਿੰਨੀ ਦੇਰ ਗੈਰ-ਬਰਾਬਰੀ ਦੀ ਦਲਦਲ ਦਾ ਖ਼ਾਤਮਾ ਕਰਕੇ ‘ਬੇਗਮਪੁਰੇ ਦੀ ਸਿਰਜਣਾ’ ਨਹੀਂ ਹੋ ਜਾਂਦੀ !ਮਾੜੇ ਗੀਤਾਂ, ਗਾਇਕਾਂ ਦੀ ਭੰਡੀ ਤਾਂ ਬਹੁਤ ਹੁੰਦੀ ਐ ਪਰ ਉਸ ਦੇ ਬਰਾਬਰ ਈ ਚੰਗੇ ਗੀਤਕਾਰਾਂ-ਗਾਇਕਾਂ ਨੂੰ ਹੱਲਾਸ਼ੇਰੀ ਦੇਣਾ ਬੇਹੱਦ ਜ਼ਰੂਰੀ ਹੋ ਜਾਂਦੈ ! ਆਓ, ਪੂਰਾ ਪੰਜਾਬ ਇੱਕਮੁੱਠ ਹੋਕੇ ਬੀਰ-ਬਾਵਾ ਦੀ ਜੋੜੀ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੋਈਏ ! ਅਜਿਹੇ ਗੀਤ ਮੁਕੱਦਮਿਆਂ- ਮੁਆਫੀਆਂ ਤੋਂ ਉੱਪਰ ਉੱਠ ਜਾਂਦੇ ਹਨ ! ਇਨ੍ਹਾਂ ਗੀਤਾਂ ਨੇ ਤਾਂ ਨਾਬਰੀ ਦੀ ਆਵਾਜ਼ ਨੂੰ ਜਰਜਰ ਹੋ ਚੁੱਕੇ ਇਸ ਨਿਜ਼ਾਮ ਲਈ ਕੰਨਪਾੜਵੀਂ ਦਹਾੜ ਵਿੱਚ ਬਦਲਣਾ ਹੈ! ਇਨ੍ਹਾਂ ਗੀਤਾਂ ਨੇ ਤਾਂ ਹਵਾਵਾਂ ‘ਚ ਬਾਗ਼ੀਆਨਾ ਮਹਿਕ ਘੋਲਣੀ ਹੈ ਤੇ ਹਵਾਵਾਂ ਦੀ ਬਗ਼ਾਵਤ ਨੂੰ ਕੋਈ ਰੋਕ ਸਕਿਐ ਭਲਾ ? ਇਹ ਗੀਤ ਤਾਂ ਅੱਥਰੇ ਫੁੱਲ ਹਨ, ਜਿਨ੍ਹਾਂ ਦੀ ਖੁਸ਼ਬੂ ਕਿਸੇ ਵੀ ਸੀਮਾ, ਕਿਸੇ ਵੀ ਬੰਦਿਸ਼ ਤੋਂ ਨਾਬਰ ਹੋ ਜਾਂਦੀ ਐ ਤੇ ਉਹ ਖੁਸ਼ਬੂ ਵੀ ਕੀ ਹੋਈ ਜੋ ਕਿਸੇ ਦੀ ਗੁਲਾਮ ਹੋ ਜਾਵੇ ? ਇਹ ਸਦੀਆਂ ਤੋਂ ਦੱਬੇ ਕੁਚਲੇ ਜਾ ਰਹੇ ਲੋਕਾਂ ਦੀ ਪਰ੍ਹਿਆ ‘ਚੋਂ ਉੱਠਿਆ ਸੁਆਲ ਹੈ ਤੇ ਪਰ੍ਹਿਆ ‘ਚੋਂ ਉੱਠਿਆ ਸੁਆਲ ਕਦੇ ਖਤਮ ਨਹੀਂ ਹੁੰਦਾ, ਉਹ ਤਾਂ ਜੁਆਬ ਹਾਸਲ ਕਰਕੇ ਈ ਦਮ ਲੈਂਦੈ ! ਆਓ ਮਾੜੇ ਨੂੰ ਮਾੜਾ ਕਹੀਏ ਤੇ ਚੰਗਾ ਕuਰਨ ਵਾਲ਼ਿਆਂ ਨੂੰ ਇਕੱਲਾ ਨਾ ਛੱਡੀਏ ! ਆਓ ਇੱਕ ਆਵਾਜ਼ ‘ਚ ਆਖੀਏ,” ਬਾਵਾ-ਬੀਰ ਸਿੰਹਾਂ, ਘਬਰਾਉਣਾ ਨਹੀਂ ਸ਼ੇਰੋ !! ਅਸੀਂ “ਰਾਜੇ ਸ਼ੀਂਹ ਮੁਕੱਦਮ ਕੁੱਤੇ” ਕਹਿਣ ਦਾ ਮਾਦਾ ਰੱਖਣ ਵਾਲੇ ਬਾਬੇ ਦੀ ਔਲਾਦ , ਤੁਹਾਡੇ ਨਾਲ ਹਾਂ ! … ਤੇ ਇਹ ਆਵਾਜ਼ ਓਨੀ ਦੇਰ ਬੰਦ ਨਹੀਂ ਹੋਣੀ ਚਾਹੀਦੀ ਜਿੰਨੀ ਦੇਰ ਤੱਕ ਜ਼ੁਬਾਨਬੰਦੀ ਵਾਲਾ ਇਹ ਕਾਨੂੰਨ (ਆਈ ਪੀ ਸੀ ਦੀ ਧਾਰਾ 295-ਏ), ਇਹ ਹਥਿਆਰ ਨਸ਼ਟ ਨਹੀਂ ਹੁੰਦਾ ! 

001-559-779-9805, ranapamm@gmail.com

Share this post

Leave a Reply

Your email address will not be published. Required fields are marked *