fbpx Nawidunia - Kul Sansar Ek Parivar

ਔਰਤਾਂ ਨੂੰ ਇੱਕ ਵਸਤ ਬਣਾ ਕੇ ਪੇਸ਼ ਕਰ ਰਿਹਾ ਸਿਨੇਮਾ

ਸਿਨੇਮਾ ਅੱਜ ਕਲਾ ਦਾ ਸਭ ਤੋਂ ਵੱਧ ਪ੍ਰਭਾਵੀ ਤੇ ਸਭ ਤੋਂ ਵੱਧ ਵਿਆਪਕ ਪਹੁੰਚ ਵਾਲ਼ਾ ਮਾਧਿਅਮ ਹੈ। ਅਜਿਹੇ ਸਮਾਜ ‘ਚ ਜਿੱਥੇ ਜਾਇਦਾਦ ਮਾਲਕਾਂ ਤੇ ਉਜਰਤੀ ਕਾਮਿਆਂ ਦੀ ਜਮਾਤ ਦਾ ਟਕਰਾਅ ਚੱਲ ਰਿਹਾ ਹੈ ਉੱਥੇ ਸਿਨੇਮਾ ਵੀ ਇਸ ਟੱਕਰ ਤੋਂ ਮੁਕਤ ਨਹੀਂ ਹੁੰਦਾ। ਸਿਨੇਮਾ ਰਾਹੀਂ ਪੇਸ਼ ਕੀਤੇ ਜਾ ਰਹੇ ਵਿਚਾਰ ਦੋਵਾਂ ਵਿੱਚ ਇੱਕ ਜਮਾਤ ਦੇ ਹੱਕ ਵਿੱਚ ਭੁਗਤਦੇ ਹਨ। ਕਿਸੇ ਵੀ ਸਮਾਜ ‘ਚ ਭਾਰੂ ਵਿਚਾਰ ਸਿਆਸੀ-ਆਰਥਿਕ ਸਾਧਨਾਂ ਉੱਪਰ ਕਾਬਜ ਜਮਾਤ ਦੇ ਹੁੰਦੇ ਹਨ, ਇਸ ਲਈ ਅੱਜ ਸਿਨੇਮਾ ਵਿੱਚ ਭਾਰੂ ਵਿਚਾਰ ਵੀ ਸਰਮਾਏਦਾਰ ਜਮਾਤ ਦੇ ਵਿਚਾਰ ਹਨ। ਸਿਨੇਮਾ ਅੱਜ ਆਮ ਰਾਇ ਬਣਾਉਣ ਦਾ ਇੱਕ ਵੱਡਾ ਹਥਿਆਰ ਬਣ ਚੁੱਕਾ ਹੈ। ਸਿਨੇਮਾ ਰਾਹੀਂ ਲੋਕਾਂ ਦੇ ਅਚੇਤ ਮਨਾਂ ‘ਚ ਪਰਤ-ਦਰ-ਪਰਤ ਕਰਕੇ ਇੰਨੀ ਬਾਰੀਕੀ ਨਾਲ਼ ਮੌਜੂਦਾ ਢਾਂਚੇ ਪੱਖੀ ਵਿਚਾਰ ਦਾਖਲ ਕੀਤੇ ਜਾਂਦੇ ਹਨ ਕਿ ਸਿਨੇਮਾ ਦਾ ਲੁਤਫ ਲੈਂਦੇ ਲੋਕਾਂ ਨੂੰ ਮਹਿਸੂਸ ਵੀ ਨਹੀਂ ਹੁੰਦਾ। ਮੌਜੂਦਾ ਸਿਨੇਮਾ ਦੀਆਂ ਬਹੁਤੀਆਂ ਫਿਲਮਾਂ ਅਜਿਹੀਆ ਹੁੰਦੀਆਂ ਹਨ ਜਿਹਨਾਂ ਨੂੰ ਦੇਖਣ ਵੇਲ਼ੇ ਦਰਸ਼ਕ ਇੱਕ ਤਰ੍ਹਾਂ ਨਾਲ਼ ਆਪਣਾ ਦਿਮਾਗ ਘਰੇ ਰੱਖ ਆਉਂਦਾ ਹੈ। ਅਜਿਹੀਆਂ ਫਿਲਮਾਂ ਮਨੋਰੰਜਨ ਦੇ ਨਾਲ਼-ਨਾਲ਼ ਉਹਨਾਂ ਦਾ ਅਲੋਚਨਾਤਮਕ ਚਿੰਤਨ ਵਿਕਸਤ ਕਰਨ ਦੀ ਥਾਂ ਉਹਨਾਂ ਦੀ ਚੇਤਨਾ ਨੂੰ ਖੁੰਢਾ ਕਰਦੀਆਂ ਹਨ, ਉਹਨਾਂ ਨੂੰ ਗੈਰ-ਗੰਭੀਰ ਤੇ ਸੰਵੇਦਨਹੀਣ ਬਣਾਉਂਦੀਆਂ ਹਨ। ਕੁੱਝ ਫਿਲਮਾਂ ਉਹ ਵੀ ਬਣਦੀਆਂ ਹਨ ਜਿਹਨਾਂ ਨੂੰ ਸਮਾਜ ਦਾ ਸੋਚਣ-ਵਿਚਾਰਨ ਵਾਲ਼ਾ ਤਬਕਾ ਦੇਖਦਾ ਹੈ, ਇਹ ਫਿਲਮਾਂ ਆਪਣੇ ਤਰੀਕੇ ਨਾਲ਼ ਇੱਕ ਜਮਾਤ ਦੇ ਵਿਚਾਰਾਂ ਨੂੰ ਲੋਕਾਂ ਦੀ ਚੇਤਨਾ ਦਾ ਹਿੱਸਾ ਬਣਾਉਂਦੀਆਂ ਹਨ। ਜ਼ਿਆਦਾਤਰ ਫਿਲਮਾਂ ਸਮਾਜ ‘ਚ ਮੌਜੂਦ ਸਰਮਾਏਦਾਰਾ ਵਿਚਾਰਧਾਰਾ ਅਤੇ ਸਮਾਜ ਦੇ ਕਈ ਤੁਅੱਸਬਾਂ ਦੀ ਪੇਸ਼ਕਾਰੀ ਕਰਦੀਆਂ ਹਨ ਤੇ ਇਸ ਪੇਸ਼ਕਾਰੀ ਦੇ ਨਾਲ਼ ਉਹਨਾਂ ਨੂੰ ਲੋਕਾਂ ਦੇ ਮਨਾਂ ‘ਚ ਹੋਰ ਪੱਕਿਆਂ ਵੀ ਕਰਦੀਆਂ ਹਨ। ਸਿਨੇਮਾ ਵਿੱਚ ਔਰਤਾਂ ਦੀ ਪੇਸ਼ਕਾਰੀ ਵੀ ਕੁੱਝ ਇਸੇ ਵੰਨਗੀ ਦੀ ਹੀ ਹੈ।

ਫਿਲਮਾਂ ਉੱਪਰ ਪਿਛਲੇ ਕੁੱਝ ਸਾਲਾਂ ਤੋਂ ਖੋਜ ਕਰ ਰਹੀ ਇੱਕ ਸੰਸਥਾ ਨੇ 2015 ਦੀਆਂ ਸੰਸਾਰ ਦੀਆਂ ਸਿਖਰਲੀਆਂ 100 ਫਿਲਮਾਂ ਸਬੰਧੀ ਕੁੱਝ ਅੰਕੜੇ ਜਾਰੀ ਕੀਤੇ ਹਨ। ਇਹ ਸਿਖਰਲੀਆਂ 100 ਫਿਲਮਾਂ ਪੱਛਮੀ ਸਿਨੇਮਾ ਦੀਆਂ ਹੀ ਫਿਲਮਾਂ ਹਨ। ਇਹ ਅੰਕੜੇ ਸਿਨੇਮਾ ਵਿੱਚ ਹੁੰਦੇ ਲਿੰਗ ਤੇ ਨਸਲ ਅਧਾਰਤ ਵਿਤਕਰੇ ਦੀ ਇੱਕ ਝਲਕ ਪੇਸ਼ ਕਰਦੇ ਹਨ। ਇਸ ਖੋਜ ਮੁਤਾਬਕ ਇਹਨਾਂ 100 ਫਿਲਮਾਂ ਵਿੱਚੋਂ 4,370 ਅਜਿਹੇ ਪਾਤਰ ਸਨ ਜੋ ਕੁੱਝ ਬੋਲਦੇ ਸਨ ਤੇ ਜਿਹਨਾਂ ਨੂੰ ਕੋਈ ਨਾਮ ਦਿੱਤਾ ਗਿਆ ਹੈ, ਇਹਨਾਂ ਪਾਤਰਾਂ ਵਿੱਚੋਂ 68.6 ਫੀਸਦੀ ਮਰਦ ਸਨ ਤੇ 31.4 ਫੀਸਦੀ ਔਰਤਾਂ। 92.5 ਫੀਸਦੀ ਫਿਲਮਾਂ ਦਾ ਨਿਰਦੇਸ਼ਨ ਮਰਦਾਂ ਵੱਲੋਂ ਕੀਤਾ ਗਿਆ ਸੀ ਤੇ ਸਿਰਫ 7.5 ਫੀਸਦੀ ਫਿਲਮਾਂ ਦਾ ਨਿਰਦੇਸ਼ਨ ਔਰਤਾਂ ਵੱਲੋਂ ਕੀਤਾ ਗਿਆ ਸੀ। ਔਰਤ-ਮਰਦ ਦੀ ਕਥਿਤ ਬਰਾਬਰੀ ਵਾਲ਼ੇ ਮੰਨੇ ਜਾਂਦੇ ਪੱਛਮੀ ਸਮਾਜ ਦੇ ਇਹ ਅੰਕੜੇ ਵਿਕਸਤ ਸਮਾਜਾਂ ‘ਚ ਔਰਤਾਂ ਦੀ ਦੋਇਮ ਦਰਜ਼ੇ ਦੀ ਹਾਲਤ ਪੇਸ਼ ਕਰਦੇ ਹਨ।

ਇੰਨਾ ਹੀ ਨਹੀਂ ਸਗੋਂ ਇਹਨਾਂ ਫਿਲਮਾਂ ਵਿੱਚ ਔਰਤਾਂ ਦੀ ਜਿਸ ਰੂਪ ‘ਚ ਪੇਸ਼ਕਾਰੀ ਕੀਤੀ ਜਾਂਦੀ ਹੈ ਉਸ ਸਬੰਧੀ ਵੀ ਇਸ ਖੋਜ ਦੇ ਅੰਕੜੇ ਧਿਆਨਯੋਗ ਹਨ। ਇਸ ਖੋਜ ਮੁਤਾਬਕ ਇਹਨਾਂ 100 ਫਿਲਮਾਂ ਵਿੱਚ ਮੌਜੂਦ ਔਰਤਾਂ ਵਿੱਚੋਂ 31.2 ਫੀਸਦੀ ਔਰਤਾਂ ਨੂੰ ਨੰਗਿਆਂ, ਕੱਪੜੇ ਲਾਹੁੰਦਿਆਂ ਤੇ ਮਰਦਾਂ ਨੂੰ ਰਿਝਾਉਂਦੇ ਦਿਖਾਇਆ ਗਿਆ ਹੈ ਜਦਕਿ ਸਿਰਫ 7.7 ਫੀਸਦੀ ਮਰਦਾਂ ਦੀ ਭੂਮਿਕਾ ਅਜਿਹੀ ਹੈ। ਮਤਲਬ ਔਰਤਾਂ ਦਾ ਲਗਭਗ ਤੀਜਾ ਹਿੱਸਾ ਕਾਮੁਕਤਾ ਤੱਕ ਸੀਮਤ ਕਰ ਦਿੱਤਾ ਗਿਆ ਹੈ। ਹਾਲੀਵੁੱਡ ਦੀਆਂ ਫਿਲਮਾਂ ‘ਚ ਔਰਤਾਂ ਦੀ ਇਹ ਪੇਸ਼ਕਾਰੀ ਭਾਰੂ ਰੁਝਾਨ ਹੈ। ਜਿਆਦਾਤਰ ਫਿਲਮਾਂ ‘ਚ ਨਾ ਸਿਰਫ ਔਰਤਾਂ ਦੀ ਭੂਮਿਕਾ ਨੂੰ ਮਰਦਾਂ ਨੂੰ ਖੁਸ਼ ਕਰਨ, ਉਹਨਾਂ ਨੂੰ ਪਿਆਰ ਕਰਨ ਤੱਕ ਸੀਮਤ ਕਰ ਦਿੱਤਾ ਜਾਂਦਾ ਹੈ ਸਗੋਂ ਇਹ ਆਮ ਰੂਪ ‘ਚ ਵੀ ਇਹ ਅਕਸ ਸਿਰਜਦੀਆਂ ਹਨ ਕਿ ਔਰਤਾਂ ਸਿਰਫ ਭੋਗਣ, ਖੇਡਣ ਲਈ ਹੀ ਹੁੰਦੀਆਂ ਹਨ। ਫਿਲਮਾਂ ‘ਚ ਔਰਤਾਂ ਦਾ ਇਹ ਅਕਸ ਨਾ ਸਿਰਫ ਵਿਕਸਤ ਮੰਨੇ ਜਾਂਦੇ ਸਮਾਜਾਂ ਦੀ ਔਰਤਾਂ ਪ੍ਰਤੀ ਸੋਚ ਨੂੰ ਉਜਾਗਰ ਕਰਦਾ ਹੈ ਸਗੋਂ ਇਸ ਅਕਸ ਨੂੰ ਹੋਰ ਜੋਰ-ਸ਼ੋਰ ਨਾਲ਼ ਸਮਾਜ ‘ਚ ਸਥਾਪਤ ਕਰਦਾ ਹੈ। ਇਹਨਾਂ ਫਿਲਮਾਂ ਰਾਹੀਂ ਬਚਪਨ ਤੋਂ ਹੀ ਬੱਚਿਆਂ ਦੇ ਮਨਾਂ ਵਿੱਚ ਔਰਤ ਦਾ ਬਿੰਬ ਇੱਕ ਕਾਮੁਕ ਅਨੰਦ ਵਾਲ਼ੀ ਵਸਤ ਦੇ ਰੂਪ ਵਿੱਚ ਬਣਨਾ ਸ਼ੁਰੂ ਹੋ ਜਾਂਦਾ ਹੈ। ਔਰਤਾਂ ਦੇ ਇਸੇ ਅਕਸ ਕਾਰਨ ਅੱਜ ਪੋਰਨ ਸੱਨਅਤ ਦਾ ਆਮ ਫਿਲਮਾਂ ਨਾਲ਼ੋਂ ਵੱਧ ਦਾ ਕਾਰੋਬਾਰ ਹੈ ਤੇ ਇਸੇ ਕਾਰਨ ਔਰਤਾਂ ਵਿਰੁੱਧ ਜੁਰਮ ਤੇ ਔਰਤ-ਮਰਦ ਸਬੰਧਾਂ ‘ਚ ਪਤਨਸ਼ੀਲਤਾ ਤੇਜੀ ਨਾਲ਼ ਵਧੀ ਰਹੀ ਹੈ।

ਸਭ ਫਿਲਮਾਂ ਵਿੱਚ ਹੀ ਔਰਤਾਂ ਇਸੇ ਇੱਕੋ-ਇੱਕ ਰੂਪ ਵਿੱਚ ਪੇਸ਼ ਨਹੀਂ ਹੁੰਦੀਆਂ। ਅਨੇਕਾਂ ਫਿਲਮਾਂ ਵਿੱਚ ਉਹਨਾਂ ਨੂੰ ਇੱਕ ਆਮ ਨਾਗਿਰਕ ਜਾਂ ਇੱਕ ਮਹੱਤਵਪੂਰਨ ਕਿਰਦਾਰ ਦੇ ਰੂਪ ਵਿੱਚ ਵੀ ਪੇਸ਼ ਕੀਤਾ ਜਾਂਦਾ ਹੈ, ਪਰ ਅਜਿਹੀਆਂ ਫਿਲਮਾਂ ਦੀ ਗਿਣਤੀ ਘੱਟ ਹੈ ਤੇ ਔਰਤਾਂ ਨੂੰ ਇੱਕ ਵਸਤ ਬਣਾ ਕੇ ਪੇਸ਼ ਕਰਨ ਦਾ ਰੁਝਾਨ ਹੀ ਵਧੇਰੇ ਭਾਰੂ ਹੈ। ਇਹ ਰੁਝਾਨ ਹਾਲੀਵੁੱਡ ‘ਚ ਹੀ ਨਹੀਂ ਸਗੋਂ ਸੰਸਾਰ ਭਰ ਦੀਆਂ ਫਿਲਮਾਂ ‘ਚ ਵੇਖਣ ਨੂੰ ਮਿਲ ਰਿਹਾ ਹੈ। ਬਾਲੀਵੁੱਡ ‘ਚ ਵੀ ਔਰਤਾਂ ਦੀ ਇਸ ਰੂਪ ‘ਚ ਪੇਸ਼ਕਾਰੀ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਆਈਟਮ ਗੀਤ, ਔਰਤਾਂ ਦੇ ਜਿਸਮ ਦੀ ਨੁਮਾਇਸ਼ ਤੇ ਅਸ਼ਲੀਲ ਦ੍ਰਿਸ਼ ਪੇਸ਼ ਕਰਨੇ ਅੱਜ ਫਿਲਮਾਂ ਰਾਹੀਂ ਵੱਧ ਤੋਂ ਵੱਧ ਕਮਾਈ ਕਰਨ ਦਾ ਨੁਸਖਾ ਬਣ ਚੁੱਕੇ ਹਨ। ਭਾਰਤ ‘ਚ ਅਜਿਹੀਆਂ ਫਿਲਮਾਂ ਵੀ ਬਣਦੀਆਂ ਹਨ ਜਿਹਨਾਂ ‘ਚ ਔਰਤਾਂ ਨੂੰ ਤਰਸ ਦੀਆਂ ਪਾਤਰ ਤੇ ਨਿਤਾਣੀਆਂ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਤੇ ਉਹਨਾਂ ਦੀ ਬਿਹਤਰੀ ਮਰਦਾਂ ਦੇ ਸਹਾਰੇ ‘ਤੇ ਟਿਕੀ ਹੁੰਦੀ ਹੈ। ਇਹ ਫਿਲਮਾਂ ਦੂਜੇ ਸਿਰੇ ਜਾ ਕੇ ਔਰਤਾਂ ਨੂੰ ਗੁਲਾਮੀ ‘ਚ ਜਕੜੀ ਵਿਖਾਉਂਦੀਆਂ ਹਨ। ਔਰਤਾਂ ਦੀ ਇੱਕ ਤੀਜੇ ਰੂਪ ਦੀ ਪੇਸ਼ਕਾਰੀ ਵੀ ਹੈ ਜਿਸ ‘ਚ ਔਰਤਾਂ ਨੂੰ ਪਵਿੱਤਰ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਤੇ ਇਸ ਤਰ੍ਹਾਂ ਉਸ ਉੱਪਰ ਕਈ ਤਰ੍ਹਾਂ ਦੀਆਂ ਪਾਬੰਦੀਆਂ ਮੜ੍ਹ ਦਿੱਤੀਆਂ ਜਾਂਦੀਆਂ ਹਨ। ਇਸ ਨਾਲ਼ ਸੰਸਕਾਰੀ, ਘਰੇਲੂ ਤੇ ਭਾਰਤੀ ਔਰਤ ਦਾ ਬਿੰਬ ਘੜਿਆ ਜਾਂਦਾ ਹੈ। ਜੋ ਔਰਤ ਇਸ ਅਕਸ ਉੱਪਰ ਖਰੀ ਉੱਤਰਦੀ ਹੈ ਉਹ ਸਤਿਕਾਰ ਦੀ ਪਾਤਰ ਹੈ ਤੇ ਜੋ ਪਛਾਣ ਦੇ ਇਸ ਖੋਲ ਨੂੰ ਤੋੜ ਕੇ ਨਿੱਕਲਣਾ ਚਾਹੁੰਦੀ ਹੈ ਉਹ ਆਪਣੀ ਬਰਬਾਦੀ, ਬੇਪਤੀ ਲਈ ਖੁਦ ਜ਼ਿੰਮੇਵਾਰ ਹੈ। ਮਤਲਬ ਭਾਰਤੀ ਫਿਲਮਾਂ ਵਿੱਚ ਪੱਛਮੀ ਤਰਜ਼ ‘ਤੇ ਔਰਤਾਂ ਨੂੰ ਵਸਤ ਬਣਾ ਕੇ ਪੇਸ਼ ਕਰਨ ਦੇ ਨਾਲ਼-ਨਾਲ਼ ਉਹਨਾਂ ਨੂੰ ਜਗੀਰੂ ਬੰਧਨਾਂ ‘ਚ ਬੰਨ੍ਹ ਕੇ ਵੀ ਪੇਸ਼ ਕੀਤਾ ਜਾਂਦਾ ਹੈ ਜਿੱਥੇ ਉਸਦਾ ਕੰਮ ਘਰ-ਬਾਰ ਸਾਂਭਣਾ, ਬੱਚੇ ਪਾਲਣਾ ਤੇ ਮਰਦ ਦੀ ਸੇਵਾ ਕਰਨਾ ਹੁੰਦਾ ਹੈ। ਇੱਕ ਅਜ਼ਾਦ ਤੇ ਬਰਾਬਰੀ ਦਾ ਦਰਜ਼ਾ ਰੱਖਣ ਵਾਲ਼ੇ ਮਨੁੱਖ ਵਜੋਂ ਉਸਦੀ ਇੱਥੇ ਵੀ ਕੋਈ ਹੈਸੀਅਤ ਨਹੀਂ ਹੁੰਦੀ।

ਇਸ ਤਰ੍ਹਾਂ ਸਿਨੇਮਾ ਵਿੱਚ ਔਰਤਾਂ ਨੂੰ ਉਸ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ ਜਿਸ ਰੂਪ ਵਿੱਚ ਸਰਮਾਏਦਾਰਾ ਢਾਂਚਾ ਉਸਨੂੰ ਵੇਖਦਾ ਹੈ। ਮੌਜੂਦਾ ਢਾਂਚੇ ਲਈ ਔਰਤ ਇੱਕ ਭੋਗਣ ਦੀ ਵਸਤ ਹੈ ਤੇ ਉਸਦਾ ਜਿਸਮ ਨੁਮਾਇਸ਼ ਲਾਉਣ ਦੀ ਚੀਜ਼ ਹੈ ਜਿਸਨੂੰ ਮੰਡੀ ‘ਚ ਕਈ ਤਰ੍ਹਾਂ ਦਾ ਮਾਲ ਵੇਚਣ ਲਈ ਵਰਤਿਆ ਵੀ ਜਾ ਸਕਦਾ ਹੈ। ਅਜਿਹੀ ਔਰਤ ਦੀ ਤਾਂ ਮਨੁੱਖ ਵਜੋਂ ਕੋਈ ਹੋਂਦ ਹੀ ਨਹੀਂ ਹੈ ਸਗੋਂ ਜੋ ਜਿਹਨਾਂ ਮਰਦਾਂ ਦੇ ਮਨਾਂ ‘ਚ ਔਰਤ ਦਾ ਇਹੋ ਬਿੰਬ ਉੱਤਰਦਾ ਹੈ ਉਹ ਵੀ ਮਨੁੱਖ ਹੋਣ ਦੀ ਸੰਵੇਦਨਾ ਗਵਾ ਚੁੱਕੇ ਪਸ਼ੂ ਬਣ ਚੁੱਕੇ ਹਨ। ਮੌਜੂਦਾ ਸਮਾਜ ‘ਚ ਔਰਤ ਨੂੰ ਇੱਕ ਮਨੁੱਖ ਦਾ ਦਰਜ਼ਾ ਦਿਵਾਉਣ ਲਈ ਉਹਨਾਂ ਸਮਾਜਿਕ ਸਬੰਧਾਂ ਨੂੰ ਤੋੜਨਾ ਜਰੂਰੀ ਹੈ ਜਿਸਦੇ ਕੇਂਦਰ ‘ਚ ਮੁਨਾਫਾ ਤੇ ਇਸ ਨਾਲ਼ ਜੁੜੀ ਹਰ ਤਰ੍ਹਾਂ ਦੀ ਵਹਿਸ਼ੀ ਹਵਸ ਹੈ। ਇਸ ਸਮਾਜਿਕ ਢਾਂਚੇ ਨੂੰ ਬਦਲਣ ਦੇ ਨਾਲ਼-ਨਾਲ਼ ਸਿਨੇਮਾ ਤੇ ਕਲਾ ਤੇ ਸਾਹਿਤ ਦੇ ਹੋਰਨਾਂ ਮਾਧਿਅਮਾਂ ‘ਚ ਵੀ ਔਰਤਾਂ ਦੀ ਇਸ ਤਰ੍ਹਾਂ ਦੀ ਪੇਸ਼ਕਾਰੀ ਖਿਲਾਫ ਢੁਕਵੇਂ ਰੂਪ ‘ਚ ਲਹਿਰ ਚਲਾਈ ਜਾਣੀ ਚਾਹੀਦੀ ਹੈ ਤੇ ਇਹਨਾਂ ਖੇਤਰਾਂ ‘ਚ ਮਜਦੂਰ ਜਮਾਤ ਦੇ ਨਜ਼ਰੀਏ ਵਾਲ਼ੇ ਸਾਹਿਤ, ਕਲਾ ਤੇ ਸਿਨੇਮਾ ਨੂੰ ਲੋਕਾਂ ‘ਚ ਲਿਜਾਇਆ ਜਾਣਾ ਚਾਹੀਦਾ ਹੈ ਜਿਹਨਾਂ ‘ਚ ਔਰਤਾਂ ਤੇ ਮਰਦ ਅਜ਼ਾਦੀ, ਬਰਾਬਰੀ ਦੇ ਨਾਲ਼ ਸਭ ਮਨੁੱਖੀ ਭਾਵਨਾਵਾਂ ਨਾਲ਼ ਲਬਰੇਜ਼ ਮਨੁੱਖਾਂ ਦੇ ਰੂਪ ‘ਚ ਸਾਹਮਣੇ ਆਉਂਦੇ ਹਨ। ਮਤਲਬ ਸਮਾਜਿਕ ਸਬੰਧਾਂ ਖਿਲਾਫ ਲੜਾਈ ਦੇ ਨਾਲ਼-ਨਾਲ਼ ਆਪਣੀ ਪੂਰੀ ਆਤਮਕ ਦੌਲਤ ਨਾਲ਼ ਮਨੁੱਖ ਹੋਣਾ ਕੀ ਹੁੰਦਾ ਹੈ, ਇਹ ਵੀ ਲੋਕਾਂ ਨੂੰ ਸਿਖਾਇਆ ਜਾਣਾ ਚਾਹੀਦਾ ਹੈ।

ਰੌਸ਼ਨ

 

Share this post

Leave a Reply

Your email address will not be published. Required fields are marked *